Back ArrowLogo
Info
Profile

  1. ਤਥਾ

ਜਾਏ ਮੰਜਿਉਂ ਉਠ ਕੇ ਕਿਵੇਂ ਤਿਲਕੇ, ਹੱਡ ਪੈਰ ਹਿਲਾਇਕੇ ਚੁਸਤ ਹੋਵੇ ।

ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ, ਕਿਵੇਂ ਹੀਰ ਵਹੁਟੀ ਤੰਦਰੁਸਤ ਹੋਵੇ ।

ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ, ਧੀਉ ਨੂੰਹ ਬੂਹੇ ਉੱਤੇ ਸੁਸਤ ਹੋਵੇ ।

ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ, ਸਹਿਤੀ ਜਿਹੀਆਂ ਦੀ ਜੈਂਨੂੰ ਪੁਸ਼ਤ ਹੋਵੇ ।

 

(ਤਿਲਕੇ=ਹਿੱਲੇ, ਪੁਸ਼ਤ=ਮਦਦ)

 

  1. ਹੀਰ

ਹੀਰ ਆਖਿਆ ਬੈਠ ਕੇ ਉਮਰ ਸਾਰੀ, ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ ।

ਮਤਾਂ ਬਾਗ਼ ਗਿਆਂ ਮੇਰਾ ਜੀਊ ਖੁਲ੍ਹੇ, ਅੰਤ ਇਹ ਭੀ ਪਾੜਣਾ ਪਾੜਨੀ ਹਾਂ ।

ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ, ਕੁੱਝ ਕਿਸੇ ਦਾ ਨਹੀਂ ਵਿਗਾੜਨੀ ਹਾਂ ।

ਵਾਰਿਸ ਸ਼ਾਹ ਮੀਆਂ ਤਕਦੀਰ ਆਖੇ, ਵੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ ।

 

(ਪਾੜਣਾ ਪਾੜਦੀ ਹਾਂ=ਇਹ ਔਖਾ ਕੰਮ ਕਰਕੇ ਵੇਖਦੀ ਹਾਂ)

 

  1. ਸਹਿਤੀ ਦੀ ਸਹੇਲੀਆਂ ਦੇ ਨਾਲ ਸਲਾਹ

ਅੜੀਉ ਆਉ ਖਾਂ ਬੈਠ ਕੇ ਗਲ ਗਿਣੀਏ, ਸੱਦ ਘੱਲੀਏ ਸਭ ਸਹੇਲੀਆਂ ਨੇ ।

ਕਈ ਕਵਾਰੀਆਂ ਕਈ ਵਿਆਹੀਆਂ ਨੇ, ਚੰਨ ਜਹੇ ਸਰੀਰ ਮਥੇਲੀਆਂ ਨੇ ।

ਰਜੂਅ ਆਣ ਹੋਈਆਂ ਸਭੇ ਪਾਸ ਸਹਿਤੀ, ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨੇ ।

ਜਿਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ, ਮੁੰਗ ਚਨੇ ਕਵਾਰੀਆਂ ਖੇਲੀਆਂ ਨੇ ।

ਵਿੱਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ, ਦਵਾਲੇ ਬੈਠੀਆਂ ਅਰਥ ਮਹੇਲੀਆਂ ਨੇ ।

ਵਾਰਿਸ ਸ਼ਾਹ ਸ਼ਿੰਗਾਰ ਮਹਾਵਤਾਂ ਨੇ, ਸਿਵੇਂ ਹਥਣੀਆਂ ਕਿਲੇ ਨੂੰ ਪੇਲੀਆਂ ਨੇ ।

 

(ਗਲ ਗਿਣੀਏ=ਗਲ ਸੋਚੀਏ, ਰਜੂਅ ਆਣ ਹੋਈਆਂ=ਹਦਾਇਤ ਲਈ ਆ ਗਈਆਂ, ਅਰਥ ਮਹੇਲੀਆਂ=ਵਾਇਦੇ ਕਰਦੀਆਂ, ਮਹਾਵਤ=ਹਾਥੀ ਚਲਾਉਣ ਵਾਲਾ)

 

  1. ਸਹਿਤੀ

ਵਖ਼ਤ ਫਜਰ ਦੇ ਉਠ ਸਹੇਲੀਉ ਨੀ, ਤੁਸੀਂ ਆਪਦੇ ਆਹਰ ਹੀ ਆਵਣਾ ਜੇ ।

ਮਾਂ ਬਾਪ ਨੂੰ ਖ਼ਬਰ ਨਾ ਕਰੋ ਕੋਈ, ਭਲਕੇ ਬਾਗ਼ ਨੂੰ ਪਾਸਣਾ ਲਾਵਣਾ ਜੇ ।

ਵਹੁਟੀ ਹੀਰ ਨੂੰ ਬਾਗ਼ ਲੈ ਚਲਣਾ ਹੈ, ਜ਼ਰਾ ਏਸ ਦਾ ਜੀਊ ਵਲਾਵਣਾ ਜੇ ।

ਲਾਵਣ ਫੇਰਨੀ ਵਿੱਚ ਕਪਾਹ ਭੈਣਾਂ, ਕਿਸੇ ਪੁਰਸ਼ ਨੂੰ ਨਹੀਂ ਵਿਖਾਵਣਾ ਜੇ ।

ਰਾਹ ਜਾਂਦੀਆਂ ਪੁਛੇ ਲੋਕ ਅੜੀਉ, ਕੋਈ ਇਫ਼ਤਰਾ ਚਾ ਬਣਾਵਣਾ ਜੇ ।

ਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ, ਭਲਕੇ ਖੂਹ ਨੂੰ ਰੰਗ ਲਗਾਵਣਾ ਜੇ ।

ਵੜੋ ਵਟ ਲੰਗੋਟੜੇ ਵਿੱਚ ਪੈਲੀ, ਬੰਨਾ ਵਟ ਸਭ ਪੁੱਟ ਵਖਾਵਣਾ ਜੇ ।

ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ, ਤੇ ਮੰਡਾਸਿਆਂ ਰੰਗ ਸੁਹਾਵਣਾ ਜੇ ।

ਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ, ਰਾਹ ਜਾਂਦਿਆਂ ਦੇ ਸਾਂਗ ਲਾਵਣਾ ਜੇ ।

ਮੰਜਿਉਂ ਉਠਦੀਆਂ ਸਭ ਨੇ ਆ ਜਾਣਾ, ਇੱਕ ਦੂਈ ਨੂੰ ਸੱਦ ਲਿਆਵਣਾ ਜੇ ।

ਵਾਰਿਸ ਸ਼ਾਹ ਮੀਆਂ ਇਹੋ ਅਰਥ ਹੋਇਆ, ਸਭਨਾ ਅਜੂ ਦੇ ਫਲੇ ਨੂੰ ਆਵਣਾ ਜੇ ।

 

(ਫਜਰ=ਸਵੇਰ, ਆਪਣੇ ਆਹਰ=ਆਪਣੇ ਆਪ, ਪਾਸਨਾ=ਨਚਣਾ, ਲਾਵਣ ਫੇਰਨੀ=ਨਚਣਾ, ਇਫਤਰਾ=ਮਨ ਘੜਤ ਬਹਾਨਾ, ਸੰਮੀ = ਢੋਲ ਅਤੇ ਸੰਮੀ ਦਾ ਡਰਾਮਾ, ਪੰਭੀ=ਛੜੱਪੇ ਮਾਰ ਕੇ ਨੱਚਣਾ, ਮੰਡਾਸਾ=ਸਿਰ ਨੂੰ ਕੱਪੜੇ ਨਾਲ ਲਪੇਟ ਲੈਣ, ਅਰਥ = ਫੈਸਲਾ, ਵਾਅਦਾ)

 

  1. ਸਹਿਤੀ ਅਤੇ ਹੋਰ ਔਰਤਾਂ

ਮਤਿਆਂ ਵਿੱਚ ਉਮਾਹ ਦੀ ਰਾਤ ਗੁਜ਼ਰੀ, ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇ ।

ਗਿਰਧੇ ਪਾਉਂਦੀਆਂ ਘੁੰਬਰਾਂ ਮਾਰਦੀਆਂ ਸਨ, ਜਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੇ ।

ਨਖਰੀਲੀਆ ਇੱਕ ਨਕ ਤੋੜਣਾਂ ਸਨ, ਹਿਕ ਭੋਲੀਆਂ ਸਿਧੀਆ ਸਾਦੀਆਂ ਨੇ ।

ਇੱਕ ਨੇਕ ਬਖ਼ਤਾਂ ਇੱਕ ਬੇਜ਼ਬਾਨਾਂ, ਹਿਕ ਨਚਨੀਆਂ ਤੇ ਮਾਲਜ਼ਾਦੀਆਂ ਨੇ ।

 

(ਉਮਾਹ=ਮਸਿਆ ਦੀ ਰਾਤ, ਉਦਮਾਦ=ਚਾਹ, ਉਮੰਗ, ਗਿਰਧੇ=ਗਿੱਧੇ, ਵਾਦੀਆਂ= ਆਦਤਾਂ, ਨਕ ਤੋੜਣ=ਨਕ ਮੂੰਹ ਚੜ੍ਹਾ ਕੇ ਨਖਰੇ ਕਰਨ ਵਾਲੀਆਂ, ਨੇਕ ਬਖ਼ਤ=ਚੰਗੀ ਕਿਸਮਤ ਵਾਲੀ,ਭਲੀ ਮਾਣਸ)

 

  1. ਸਾਰੀਆਂ ਨੂੰ ਸੁਨੇਹਾ

ਗੰਢ ਫਿਰੀ ਰਾਤੀਂ ਵਿੱਚ ਖੇੜਿਆਂ ਦੇ, ਘਰੋਂ ਘਰੀ ਵਿਚਾਰ ਵਿਚਾਰਿਉ ਨੇ ।

ਭਲਕੇ ਖੂਹ ਤੇ ਜਾਇਕੇ ਕਰਾਂ ਕੁਸ਼ਤੀ ਇੱਕ ਦੂਸਰੀ ਨੂੰ ਖੁੰਮ ਮਾਰਿਉ ਨੇ ।

ਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ, ਸਭ ਕੰਮ ਤੇ ਕਾਜ ਵਿਸਾਰਿਉ ਨੇ ।

ਬਾਜ਼ੀ ਦਿਤਿਆ ਨੇ ਪੇਵਾਂ ਬੁੱਢਿਆਂ ਨੂੰ, ਲਬਾ ਮਾਂਵਾਂ ਦੇ ਮੂੰਹਾਂ ਤੇ ਮਾਰਿਉ ਨੇ ।

ਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ, ਬਿਨਾ ਆਤਸ਼ੋਂ ਫ਼ਨ ਪੰਘਾਰਿਉ ਨੇ ।

ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ, ਸਭੋ ਕਪੜਾ ਚਿਥੜਾ ਝਾੜਿਉ ਨੇ ।

ਸਭਾ ਭੰਨ ਭੰਡਾਰ ਉਜਾੜ ਛੋਪਾਂ, ਸਣੇ ਪੂਣੀਆਂ ਪਿੜੀ ਨੂੰ ਸਾੜਿਉ ਨੇ ।

ਤੰਗ ਖਿਚ ਸਵਾਰ ਤਿਆਰ ਹੋਏ, ਕੜਿਆਲੜੇ ਘੋੜੀਆਂ ਚਾੜ੍ਹਿਉ ਨੇ ।

ਰਾਤੀਂ ਲਾ ਮਹਿੰਦੀ ਦਿੰਹ ਘਤ ਸੁਰਮਾ, ਗੁੰਦ ਚੁੰਡੀਆਂ ਕੁੰਭ ਸ਼ਿੰਗਾਰਿਉ ਨੇ ।

ਤੇੜ ਲੁੰਗੀਆਂ ਬਹੁਕਰਾਂ ਦੇਣ ਪਿੱਛੋਂ, ਸੁਥਣ ਚੂੜੀਆ ਪਾਂਉਚੇ ਚਾੜ੍ਹਿਉ ਨੇ ।

ਕੱਜਲ ਪੂਛਲਿਆਲੜੇ ਵਿਆਹੀਆਂ ਦੇ, ਹੋਠੀਂ ਸੁਰਖ਼ ਦੰਦਾਸੜੇ ਚਾੜ੍ਹਿਉ ਨੇ ।

ਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ, ਬਿੰਦੀਆਂ ਪਾਇਕੇ ਰੂਪ ਸ਼ਿੰਗਾਰਿਉ ਨੇ ।

ਗੱਲ੍ਹਾਂ ਫ਼ੋਡੀਆ ਤੇ ਬਣੇ ਖਾਲ ਦਾਣੇ, ਰੜੇ ਹੁਸਨ ਨੂੰ ਚਾਇ ਉਘਾੜਿਉ ਨੇ ।

ਛਾਤੀਆਂ ਖੋਲ੍ਹ ਕੇ ਹੁਸਨ ਦੇ ਕੱਢ ਲਾਟੂ ਵਾਰਿਸ ਸ਼ਾਹ ਨੂੰ ਚਾਇ ਉਜਾੜਿਉ ਨੇ ।

 

(ਗੰਢ ਫੇਰੀ=ਖ਼ਬਰ ਕੀਤੀ, ਖੁੰਮ ਮਾਰਿਉ=ਥਾਪੀ ਮਾਰੀ, ਛਨਾਲ ਬਾਜ਼= ਬਦਕਾਰ, ਲਬਾ=ਥੱਪੜ, ਬਾਜ਼ੀ ਦਿਤੀ=ਚਲਾਕੀ ਕੀਤੀ, ਫੈਲਸੂਫੀਆਂ=ਅਕਲ ਵਾਲੀਆਂ ਹੁਸ਼ਿਆਰੀਆਂ, ਆਤਿਸ਼=ਅੱਗ, ਫ਼ਨ=ਫ਼ਰੇਬ, ਗਿਲਤੀ ਮਾਰਨਾ= ਚਾਦਰ ਨਾਲ ਸਿਰ ਢਕ ਕੇ ਉਹਨੂੰ ਆਪਣੇ ਦੁਆਲੇ ਏਦਾਂ ਲਪੇਟ ਲੈਣਾ ਕਿ ਖੁਲ੍ਹੇ ਨਾ, ਗਰਦਨ ਦੇ ਪਿੱਛੇ ਦੋਵਾਂ ਸਿਰਿਆਂ ਨੂੰ ਇਸ ਤਰ੍ਹਾਂ ਬੰਨ੍ਹ ਲੈਣਾ ਕਿ ਗਿਲਤੀ ਖੁਲ੍ਹੇ ਨਾ, ਪਿੜੀ=ਇਕੱਠੀਆਂ ਹੋ ਕੇ ਕੱਤਣਾ, ਕੁੰਭ=ਹਾਥੀ ਦਾ ਮੱਥਾ, ਬਹੁਕਰ ਦੇਣ=ਲੁੰਙੀਆਂ ਏਨੀਆਂ ਲੰਮੀਆਂ ਸਨ ਕਿ ਉਹ ਧਰਤੀ ਤੇ ਘਿਰਸਦੀਆਂ ਧਰਤੀ ਸਾਫ਼ ਕਰਦੀਆਂ ਜਾਂਦੀਆਂ ਸਨ)

82 / 96
Previous
Next