ਖੇੜਿਆਂ ਆਖਿਆ ਸੈਦੇ ਨੂੰ ਘਲ ਦੀਚੈ, ਜਿਹੜਾ ਡਿੱਗੇ ਫ਼ਕੀਰ ਦੇ ਜਾ ਪੈਰੀਂ ।
ਸਾਡੀ ਕਰੀਂ ਵਾਹਰ ਨਾਮ ਰਬ ਤੇ, ਕੋਈ ਫ਼ਜ਼ਲ ਦਾ ਪਲੂੜਾ ਚਾ ਫੇਰੀਂ ।
ਸਾਰਾ ਖੋਲ੍ਹ ਕੇ ਹਾਲ ਅਹਿਵਾਲ ਆਖੀਂ, ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂ ।
ਚਲੋ ਵਾਸਤੇ ਰਬ ਦੇ ਨਾਲ ਮੇਰੇ, ਕਦਮ ਘਤਿਆਂ ਫ਼ਕਰ ਦੇ ਹੋਣ ਖ਼ੈਰੀਂ ।
ਦਮ ਲਾਇਕੇ ਸਿਆਲ ਵਿਆਹ ਲਿਆਂਦੀ, ਜੰਜ ਜੋੜ ਕੇ ਗਏ ਸਾਂ ਵਿੱਚ ਡੇਰੀਂ ।
ਬੈਠ ਕੋੜਮੇ ਗਲ ਪਕਾ ਛੱਡੀ, ਸੈਦਾ ਘੱਲੀਏ ਰਲਣ ਜਾ ਐਰ ਗੈਰੀਂ ।
ਜੀਕੂੰ ਜਾਣਸੇਂ ਤਿਵੇਂ ਲਿਆ ਜੋਗੀ, ਕਰ ਮਿੰਨਤਾਂ ਲਾਵਣਾ ਹੱਥ ਪੈਰੀਂ ।
ਵਾਰਿਸ ਸ਼ਾਹ ਮੀਆਂ ਤੇਰਾ ਇਲਮ ਹੋਇਆ, ਮਸ਼ਹੂਰ ਵਿੱਚ ਜਿੰਨ ਤੇ ਇਨਸ ਤੈਰੀਂ ।
(ਦੈਰ=ਮੰਦਰ,ਬੁਤ ਖ਼ਾਨਾ, ਜਿੰਨ ਤੇ ਇਨਸ ਤੈਰੀਂ=ਆਦਮੀ ਅਤੇ ਪਰੇਤਾਂ ਆਦਿ ਵਿੱਚ)
ਅਜੂ ਆਖਿਆ ਸੈਦਿਆ ਜਾਹ ਭਾਈ, ਇਹ ਵਹੁਟੀਆਂ ਬਹੁਤ ਪਿਆਰੀਆਂ ਜੀ ।
ਜਾ ਬੰਨ੍ਹ ਕੇ ਹੱਥ ਸਲਾਮ ਕਰਨਾ, ਤੁਸਾਂ ਤਾਰੀਆਂ ਖ਼ਲਕਤਾਂ ਸਾਰੀਆਂ ਜੀ ।
ਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ, ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ ।
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ, ਖੋਲ੍ਹ ਕਹੇਂ ਹਕੀਕਤਾਂ ਸਾਰੀਆਂ ਜੀ ।
ਆਖੀਂ ਵਾਸਤੇ ਰਬ ਦੇ ਚਲੋ ਜੋਗੀ, ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀ ।
ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ, ਜਾ ਲਿਆ ਵਿਲਾਇਕੇ ਵਾਰੀਆਂ ਜੀ ।
ਵਾਰਿਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ, ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ ।
(ਜ਼ਾਰੀਆਂ=ਬੇਨਤੀਆਂ)
ਸੈਦਾ ਵੱਟ ਬੁੱਕਲ ਬੱਧੀ ਪਚਾਰਿੱਕੀ, ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ ।
ਵਾਹੋ ਵਾਹ ਚਲਿਆ ਖੁਰੀਂ ਬੰਨ੍ਹ ਖੇੜਾ, ਵਾਂਗ ਕਾਟਕੂ ਮਾਲ ਤੇ ਸਰਕਿਆ ਈ ।
ਕਾਲੇ ਬਾਗ਼ ਵਿੱਚ ਜੋਗੀ ਥੇ ਜਾ ਵੜਿਆ, ਜੋਗੀ ਵੇਖ ਕੇ ਜਟ ਨੂੰ ਦੜਕਿਆ ਈ ।
ਖੜਾ ਹੋ ਮਾਹੀ ਮੁੰਡਿਆ ਕਹਾਂ ਆਵੇਂ, ਮਾਰ ਫਾਹੁੜਾ ਸ਼ੋਰ ਕਰ ਭੜਕਿਆ ਈ ।
ਸੈਦਾ ਸੰਗ ਕੇ ਥਰ ਥਰ ਖੜਾ ਕੰਬੇ, ਉਸ ਦਾ ਅੰਦਰੋਂ ਕਾਲਜਾ ਧੜਕਿਆ ਈ ।
ਓਥੋਂ ਖੜੀ ਕਰ ਬਾਂਹ ਪੁਕਾਰਦਾ ਈ, ਏਹਾ ਖ਼ਤਰੇ ਦਾ ਮਾਰਿਆ ਯਰਕਿਆ ਈ ।
ਚੱਲੀਂ ਵਾਸਤੇ ਰਬ ਦੇ ਜੋਗੀਆ ਵੇ, ਖ਼ਾਰ ਵਿੱਚ ਕਲੇਜੇ ਦੇ ਰੜਕਿਆ ਈ ।
ਜੋਗੀ ਪੁੱਛਦਾ 'ਬਣੀ ਹੈ ਕੌਣ ਤੈਨੂੰ, ਏਸ ਹਾਲ ਆਂਇਉ ਜੱਟਾ' ਬੜ੍ਹਕਿਆ ਈ ।
ਜਟੀ ਵੜੀ ਕਪਾਹ ਵਿੱਚ ਬੰਨ੍ਹ ਝੋਲੀ, ਕਾਲਾ ਨਾਗ ਅਜ਼ਗ਼ੈਬ ਥੀਂ ਕੜਕਿਆ ਈ ।
ਵਾਰਿਸ ਸ਼ਾਹ ਜੋਂ ਚੋਟੀਆਂ ਕਢ ਆਏ, ਅਤੇ ਸੱਪ ਸਰੋਟਿਓਂ ਲੜਕਿਆ ਈ ।
(ਵੱਟ ਬੁੱਕਲ=ਬੁੱਕਲ ਮਾਰ ਕੇ, ਪਚਾਰਿੱਕੀ=ਚਾਦਰ ਨੂੰ ਰੇਬ ਕਰਕੇ ਜਾਂ ਸਾਫ਼ੇ ਜਾਂ ਪਰਨੇ ਨੂੰ ਸੱਜੀ ਕੂਹਣੀ ਦੇ ਥੱਲੇ ਅਤੇ ਸੱਜੇ ਮੋਢੇ ਦੇ ਉਪਰੋਂ ਲਿਆ ਕੇ ਟੰਗਣ ਜਾਂ ਬੰਨ੍ਹਣ ਦਾ ਢੰਗ, ਜੁੱਤੀ ਚਾੜ੍ਹ=ਜੁੱਤੀ ਪਾ ਕੇ, ਕਾਟਕੂ=ਧਾੜਵੀ, ਬੜ੍ਹਕਿਆ= ਗਰਜਿਆ, ਯਰਕਿਆ=ਡਰ ਗਿਆ)
ਤਕਦੀਰ ਨੂੰ ਮੋੜਨਾ ਭਾਲਦਾ ਏਂ, ਸੱਪ ਨਾਲ ਤਕਦੀਰ ਦੇ ਡੰਗਦੇ ਨੇ ।
ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ, ਦੀਦਵਾਨ ਕਜ਼ਾ ਦੇ ਰੰਗ ਦੇ ਨੇ ।
ਜਿਹੜੇ ਛੱਡ ਜਹਾਨ ਉਜਾੜ ਵਸਣ, ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇ ।
ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ, ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇ ।
ਅਸਾਂ ਚਾਇ ਕੁਰਾਨ ਤੇ ਤਰਕ ਕੀਤੀ, ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ ।
ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏਂ, ਰਾਗ ਨਿਕਲਣ ਰੰਗ ਬਰੰਗ ਦੇ ਨੇ ।
ਜਵਾਨ ਮੇਰ ਮਹਿਰੀ ਬੜੇ ਰੰਗ ਹੋਤੇ, ਖ਼ੁਸ਼ੀ ਹੋਤੇ ਹੈਂ ਰੂਹ ਮਲੰਗ ਦੇ ਨੇ ।
ਵਾਰਿਸ ਸ਼ਾਹ ਮੁਨਾਇਕੇ ਸੀਸ ਦਾੜ੍ਹੀ, ਹੋ ਰਹੇ ਜਿਉਂ ਸੰਗਤੀ ਗੰਗ ਦੇ ਨੇ ।
(ਦੀਦਵਾਨ=ਦਰਸ਼ਨ ਕਰਨ ਵਾਲੇ, ਸੰਗਤੀ=ਦਰਸ਼ਨ ਕਰਨ ਵਾਲੇ,ਯਾਤਰੀ, ਗੰਗਾ=ਗੰਗਾ)
ਹੱਥ ਬੰਨ੍ਹ ਨੀਵੀਂ ਧੌਣ ਘਾਹ ਮੂੰਹ ਵਿੱਚ, ਕਢ ਦੰਦੀਆਂ ਮਿੰਨਤਾਂ ਘਾਲਿਆ ਵੋ ।
ਤੇਰੇ ਚਲਿਆਂ ਹੁੰਦੀ ਹੈ ਹੀਰ ਚੰਗੀ, ਧਰੋਹੀ ਰਬ ਦੀ ਮੁੰਦਰਾਂ ਵਾਲਿਆ ਵੋ ।
ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ, ਲੁੜ੍ਹ ਗਏ ਹਾਂ ਫਾਕੜਾ ਜਾਲਿਆ ਵੋ ।
ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ, ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ ।
ਚੰਗੀ ਹੋਏ ਨਾਹੀਂ ਜੱਟੀ ਨਾਗ ਡੰਗੀ, ਤੇਰੇ ਚੱਲਿਆਂ ਖ਼ੈਰ ਰਵਾਲਿਆ ਵੋ ।
ਜੋਗੀ ਵਾਸਤੇ ਰਬ ਦੇ ਤਾਰ ਸਾਨੂੰ, ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋ ।
ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ, ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋ ।
ਤੇਰੀ ਜੱਟੀ ਦਾ ਕੀ ਇਲਾਜ ਕਰਨਾ, ਅਸਾਂ ਆਪਣਾ ਕੋੜਮਾ ਗਾਲਿਆ ਵੋ ।
ਵਾਰਿਸ ਸ਼ਾਹ ਰਜ਼ਾ ਤਕਦੀਰ ਵੇਲਾ, ਪੀਰਾਂ ਔਲੀਆਵਾਂ ਨਾਹੀਂ ਟਾਲਿਆ ਵੋ ।
(ਫਾਕੜਾ=ਫਾਕਾ)
ਚੁਪ ਹੋ ਜੋਗੀ ਸਹਿਜ ਨਾਲ ਬੋਲੇ, ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰ ।
ਅਸੀਂ ਛੱਡ ਜਹਾਨ ਫ਼ਕੀਰ ਹੋਏ, ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰ ।
ਯਾਦ ਰਬ ਦੀ ਛੱਡ ਕੇ ਕਰਾਂ ਝੇੜੇ, ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰ ।
ਤੇਰੇ ਨਾਲ ਨਾ ਚੱਲਿਆਂ ਨਫ਼ਾ ਕੋਈ, ਮੇਰਾ ਅਮਲ ਨਾ ਫੁਰੇ ਵਿਵਾਹੀਆਂ ਨੂੰ ।
ਰੰਨਾ ਪਾਸ ਫ਼ਕੀਰ ਨੂੰ ਐਬ ਜਾਣਾ, ਜੇਹਾ ਨੱਸਣਾ ਰਣੋਂ ਸਿਪਾਹੀਆਂ ਨੂੰ ।
ਵਾਰਿਸ ਕਢ ਕੁਰਾਨ ਤੇ ਬਹੇਂ ਮਿੰਬਰ, ਕੇਹਾ ਅੱਡਿਉ ਮਕਰ ਦੀਆਂ ਫਾਹੀਆਂ ਨੂੰ ।
(ਕਾਹੀਆਂ=ਤਕਦੀਰ,ਹੋਣੀ, ਰਣੋਂ=ਜੰਗ ਵਿੱਚੋਂ)