ਸੈਦਾ ਆਖਦਾ ਰੋਂਦੜੀ ਪਈ ਡੋਲੀ, ਚੁਪ ਕਰੇ ਨਾਹੀਂ ਹਤਿਆਰੜੀ ਵੋ ।
ਵਡੀ ਜਵਾਨ ਬਾਲਗ਼ ਕੋਈ ਪਰੀ ਸੂਰਤ, ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋ ।
ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ, ਚਾਇ ਘੱਤਦੀ ਚੀਕ ਚਿਹਾੜੜੀ ਵੋ ।
ਹਥ ਲਾਵਣਾ ਪਲੰਘ ਨੂੰ ਮਿਲੇ ਨਾਹੀਂ, ਖ਼ੌਫ਼ ਖ਼ਤਰਿਉਂ ਰਹੇ ਨਿਆਰੜੀ ਵੋ ।
ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ, ਏਸੇ ਬਾਣ ਉਹ ਰਹੇ ਕਵਾਰੜੀ ਵੋ ।
ਨਾਲ ਸੱਸ ਨਿਨਾਣ ਦੇ ਗਲ ਨਾਹੀਂ, ਪਈ ਮਚਦੀ ਨਿਤ ਖ਼ਵਾਰੜੀ ਵੋ ।
ਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ, ਕਾਈ ਲੋਥ ਲਾਗਰ ਹੈ ਭਾਰੜੀ ਵੋ ।
ਐਵੇਂ ਗ਼ਫ਼ਲਤਾਂ ਵਿੱਚ ਬਰਬਾਦ ਕੀਤੀ, ਵਾਰਿਸ ਸ਼ਾਹ ਏਹ ਉਮਰ ਵਿਚਾਰੜੀ ਵੋ ।
(ਲਾਗਰ=ਮਾੜੀ,ਕਮਜ਼ੋਰ)
ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ, ਛੁਰੀ ਓਸ ਦੇ ਵਿੱਚ ਖੁਭਾਈਆ ਸੂ ।
ਖਾ ਕਸਮ ਕੁਰਾਨ ਦੀ ਬੈਠ ਜੱਟਾ, ਕਸਮ ਚੋਰ ਨੂੰ ਚਾਇ ਕਰਾਈਆ ਸੂ ।
ਉਹਦੇ ਨਾਲ ਤੂੰ ਨਾਹੀਂਉ ਅੰਗ ਲਾਇਆ, ਛੁਰੀ ਪੁਟ ਕੇ ਧੌਣ ਰਖਾਈਆ ਸੂ ।
ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ, ਤਾਹੀਂ ਓਸ ਤੋਂ ਕਸਮ ਕਰਾਈਆ ਸੂ ।
ਵਾਰਿਸ ਰਬ ਨੂੰ ਛੱਡ ਕੇ ਪਿਆ ਝੰਜਟ, ਐਵੇਂ ਰਾਇਗਾਂ ਉਮਰ ਗਵਾਈਆ ਸੂ ।
(ਕੀਲ ਕੀਤੀ ਵਿੱਚ ਚੌਂਕੇ=ਚੌਂਕ ਪੂਰਿਆ, ਰਾਇਗਾਂ=ਬਰਬਾਦ)
ਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ, ਸਾਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ ।
ਮਰਾਂ ਹੋਇਕੇ ਏਸ ਜਹਾਨ ਕੋੜ੍ਹਾ, ਸੂਰਤ ਡਿੱਠੀ ਜੇ ਮੈਂ ਹੀਰ ਦੀ ਜੀ ।
ਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ, ਕੋਹਕਾਫ਼ ਤੇ ਧਾਰ ਕਸ਼ਮੀਰ ਦੀ ਜੀ ।
ਲੰਕਾ ਕੋਟ ਪਹਾੜ ਦਾ ਪਾਰ ਦਿੱਸੇ, ਫ਼ਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ ।
ਦੂਰੋਂ ਵੇਖ ਕੇ ਫ਼ਾਤਿਹਾ ਆਖ ਛੱਡਾਂ, ਗੋਰ ਪੀਰ ਪੰਜਾਲ ਦੇ ਪੀਰ ਦੀ ਜੀ ।
ਸਾਨੂੰ ਕਹਿਕਹਾ ਇਹ ਦੀਵਾਰ ਦਿੱਸੇ, ਢੁੱਕਾਂ ਜਾਇ ਤਾਂ ਕਾਲਜਾ ਚੀਰ ਦੀ ਜੀ ।
ਉਸ ਦੀ ਝਾਲ ਨਾ ਅਸਾਂ ਥੋਂ ਜਾਏ ਝੱਲੀ, ਝਾਲ ਕੌਣ ਝੱਲੇ ਛੁੱਟੇ ਤੀਰ ਦੀ ਜੀ ।
ਭੈਂਸ ਮਾਰ ਕੇ ਸਿੰਗ ਨਾ ਦੇ ਢੋਈ, ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀ ।
ਲੋਕ ਆਖਦੇ ਪਰੀ ਹੈ ਹੀਰ ਜੱਟੀ, ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ ।
ਵਾਰਿਸ ਝੂਠ ਨਾ ਬੋਲੀਏ ਜੋਗੀਆਂ ਥੇ, ਖ਼ਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ ।
(ਧੌਲੀ ਧਾਰ=ਬਰਫ਼ ਦਾ ਲੱਦਿਆ ਪਹਾੜ, ਦੂਰ ਠੰਡਾ, ਕੋਹ ਕਾਫ=ਜਿੰਨਾਂ ਪਰੀਆਂ ਦਾ ਦੇਸ, ਕਸ਼ਮੀਰ ਦੀ ਧਾਰ=ਕਸ਼ਮੀਰੀ ਤੇਜ਼ ਨਦੀ, ਫ਼ਾਤਿਹਾ ਆਖ ਛੱਡਾਂ=ਦੂਰੋਂ ਮੱਥਾ ਟੇਕ ਦਿੰਦਾ ਹਾਂ, ਗੋਰ=ਕਬਰ, ਪੀਰ ਪੰਜਾਲ= ਗੁਜਰਾਤ (ਪਾਕਿਸਤਾਨ) ਤੋਂ ਕਸ਼ਮੀਰ ਜਾਂਦੇ ਰਸਤੇ ਵਿੱਚ 1500 ਫੁਟ ਦੀ ਉਚਾਈ ਤੇ ਪੀਰ ਪੰਜਾਲ ਦੀ ਕਬਰ ਹੈ, ਹੌਂਸ=ਲਾਲਚ,ਚਾਹ, ਖ਼ਿਆਨਤ=ਧੋਖਾ,ਹੇਰਾਫੇਰੀ)
ਜੋਗੀ ਰੱਖ ਕੇ ਅਣਖ ਤੇ ਨਾਲ ਗ਼ੈਰਤ, ਕਢ ਅੱਖੀਆਂ ਰੋਹ ਥੀਂ ਫੁੱਟਿਆ ਈ ।
ਏਹ ਹੀਰ ਦਾ ਵਾਰਿਸੀ ਹੋਇ ਬੈਠਾ, ਚਾ ਡੇਰਿਉਂ ਸਵਾਹ ਵਿੱਚ ਸੁੱਟਿਆ ਈ ।
ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ, ਸਾਡਾ ਧਰਮ ਤੇ ਨੇਮ ਸਭ ਪੁੱਟਿਆ ਈ ।
ਲੱਥ ਪੱਥ ਕੇ ਨਾਲ ਨਿਖੁਟਿਆ ਈ, ਕੁਟ ਫਾਟ ਕੇ ਖੇਹ ਵਿੱਚ ਸੁੱਟਿਆ ਈ ।
ਬੁਰਾ ਬੋਲਦਾ ਨੀਰ ਪੱਲਟ ਅਖੀਂ, ਜੇਹਿਆ ਬਾਣੀਆਂ ਸ਼ਹਿਰ ਵਿੱਚ ਲੁੱਟਿਆ ਈ ।
ਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ, ਚੋਰ ਯਾਰ ਵਾਂਗੂੰ ਢਾਹ ਕੁੱਟਿਆ ਈ ।
ਖੜਤਲਾਂ ਤੇ ਫੌਹੜੀਆਂ ਖ਼ੂਬ ਜੜੀਆਂ, ਧੌਣ ਸੇਕਿਆ ਨਾਲ ਨਝੁੱਟਿਆ ਈ ।
ਦੋਵੇਂ ਬੰਨ੍ਹ ਬਾਹਾਂ ਸਿਰੋਂ ਲਾਹ ਪਟਕਾ, ਗੁਨਾਹਗਾਰ ਵਾਂਗੂੰ ਉੱਠ ਜੁੱਟਿਆ ਈ ।
ਸ਼ਾਨਾ ਖੋਹ ਕੇ ਕੁਟ ਚਕਚੂਰ ਕੀਤਾ, ਲਿੰਗ ਭੰਨ ਕੇ ਸੰਘ ਨੂੰ ਘੁੱਟਿਆ ਈ ।
ਵਾਰਿਸ ਸ਼ਾਹ ਖੁਦਾ ਦੇ ਖ਼ੌਫ਼ ਕੋਲੋਂ, ਸਾਡਾ ਰੋਂਦਿਆਂ ਨੀਰ ਨਿਖੁੱਟਿਆ ਈ ।
(ਨੇਮ=ਨਿਯਮ, ਨਝੁੱਟਿਆ=ਵਾਲ ਪੱਟੇ, ਜੁੱਟਿਆ=ਜੂੜਿਆ,ਬੰਨ੍ਹ ਦਿੱਤਾ)
ਖੇੜਾ ਖਾਇਕੇ ਮਾਰ ਤੇ ਭੱਜ ਚਲਿਆ, ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ ।
ਇਹ ਜੋਗੀੜਾ ਨਹੀਂ ਜੇ ਧਾੜ ਕੜਕੇ, ਹਾਲ ਆਪਣਾ ਖੋਲ੍ਹ ਸੁਣਾਂਵਦਾ ਹੈ ।
ਇਹ ਕਾਂਵਰੂੰ ਦੇਸ ਦਾ ਸਿਹਰ ਜਾਣੇ, ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ ।
ਇਹ ਦੇਵ ਉਜਾੜ ਵਿੱਚ ਆਣ ਲੱਥਾ, ਨਾਲ ਕੜਕਿਆਂ ਜਾਨ ਗਵਾਂਵਦਾ ਹੈ ।
ਨਾਲੇ ਪੜ੍ਹੇ ਕੁਰਾਨ ਤੇ ਦੇ ਬਾਂਗਾਂ, ਚੌਂਕੇ ਪਾਂਵਦਾ ਸੰਖ ਵਜਾਂਵਦਾ ਹੈ ।
ਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ, ਪਿੰਡਾ ਖੋਲ੍ਹ੍ਹਕੇ ਫੱਟ ਵਿਖਾਂਵਦਾ ਹੈ ।
(ਕਾਂਵਰੂੰ=ਕਾਮਰੂਪ ਦੇਸ਼ ਜਿਹੜਾ ਆਪਣੇ ਜਾਦੂ ਲਈ ਮਸ਼ਹੂਰ ਹੈ, ਤਹਿ ਬਾਰ ਕੀਤਾ=ਕੁਟ ਕੇ ਸੁਰਮਾ ਬਣਾ ਦਿੱਤਾ)
ਅਜੂ ਆਖਿਆ ਲਉ ਅਨ੍ਹੇਰ ਯਾਰੋ, ਵੇਖੋ ਗ਼ਜ਼ਬ ਫ਼ਕੀਰ ਨੇ ਚਾਇਆ ਜੇ ।
ਮੇਰਾ ਸੋਨੇ ਦਾ ਕੇਵੜਾ ਮਾਰ ਜਿੰਦੋਂ, ਕੰਮ ਕਾਰ ਥੀਂ ਚਾਇ ਗਵਾਇਆ ਜੇ ।
ਫ਼ਕਰ ਮਿਹਰ ਕਰਦੇ ਸਭ ਖ਼ਲਕ ਉੱਤੇ, ਓਸ ਕਹਿਰ ਜਹਾਨ ਤੇ ਚਾਇਆ ਜੇ ।
ਵਾਰਿਸ ਸ਼ਾਹ ਮੀਆਂ ਨਵਾਂ ਸਾਂਗ ਵੇਖੋ, ਦੇਵ ਆਦਮੀ ਹੋਇਕੇ ਆਇਆ ਜੇ ।
ਸਹਿਤੀ ਆਖਿਆ ਬਾਬਲਾ ਜਾਹ ਆਪੇ, ਸੈਦਾ ਆਪ ਨੂੰ ਵੱਡਾ ਸਦਾਂਵਦਾ ਏ ।
ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ, ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏ ।
ਸਾਨ੍ਹੇ ਵਾਂਗਰਾਂ ਸਿਰੀ ਟਪਾਂਵਦਾ ਹੈ, ਅੱਗੋਂ ਆਕੜਾਂ ਪਿਆ ਵਿਖਾਂਵਦਾ ਏ ।
ਜਾਹ ਨਾਲ ਫ਼ਕੀਰ ਦੇ ਕਰੇ ਆਕੜ, ਗ਼ੁੱਸੇ ਗ਼ਜ਼ਬ ਨੂੰ ਪਿਆ ਵਧਾਂਵਦਾ ਏ ।
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ, ਅਜੂ ਘੋੜੇ ਤੇ ਚੜ੍ਹ ਦੁੜਾਂਵਦਾ ਏ ।
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ, ਰਹਿਆ ਸੁਹਣੀ ਢੂੰਡ ਢੂੰਡਾਂਵਦਾ ਏ ।
ਵਾਰਿਸ ਸ਼ਾਹ ਜਵਾਨੀ ਵਿੱਚ ਮਸਤ ਰਹਿਆ, ਵਖ਼ਤ ਗਏ ਤਾਈਂ ਪਛੋਤਾਂਵਦਾ ਏ ।
(ਸਾਨ੍ਹਾ=ਕਿਰਲਾ)