ਜਾ ਬੰਨ੍ਹ ਖੜਾ ਹੱਥ ਪੀਰ ਅੱਗੇ, ਤੁਸੀਂ ਲਾਡਲੇ ਪਰਵਰਦਗਾਰ ਦੇ ਹੋ ।
ਤੁਸੀਂ ਫ਼ਕਰ ਇਲਾਹ ਦੇ ਪੀਰ ਪੂਰੇ, ਵਿੱਚ ਰੇਖ ਦੇ ਮੇਖ ਨੂੰ ਮਾਰਦੇ ਹੋ ।
ਹੋਵੇ ਦੁਆ ਕਬੂਲ ਪਿਆਰਿਆਂ ਦੀ, ਦੀਨ ਦੁਨੀ ਦੇ ਕੰਮ ਸਵਾਰਦੇ ਹੋ ।
ਅੱਠੇ ਪਹਿਰ ਖ਼ੁਦਾ ਦੀ ਯਾਦ ਅੰਦਰ, ਤੁਸੀਂਂ ਨਫ਼ਸ ਸ਼ੈਤਾਨ ਨੂੰ ਮਾਰਦੇ ਹੋ ।
ਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ, ਤੁਸੀਂ ਕੀਲ ਕੇ ਸੱਪ ਨੂੰ ਮਾਰਦੇ ਹੋ ।
ਲੁੜ੍ਹੇ ਜਾਨ ਬੇੜੇ ਅਵਗੁਣਹਾਰਿਆਂ ਦੇ, ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ ।
ਤੇਰੇ ਚੱਲਿਆਂ ਨੂੰਹ ਮੇਰੀ ਜਿਉਂਦੀ ਹੈ, ਲੱਗਾ ਦਾਮਨੇ ਸੋ ਤੁਸੀਂ ਤਾਰਦੇ ਹੋ ।
ਵਾਰਿਸ ਸ਼ਾਹ ਦੇ ਉਜ਼ਰ ਮੁਆਫ਼ ਕਰਨੇ, ਬਖਸ਼ਣਹਾਰ ਬੰਦੇ ਗੁਨਾਹਗਾਰ ਦੇ ਹੋ ।
(ਰੇਖ ਵਿੱਚ ਮੇਖ ਮਾਰਨੀ=ਕਿਸਮਤ ਬਦਲਨਾ,ਹੀਲਾ ਕਰਨਾ, ਅੱਠੇ ਪਹਿਰ= ਦਿਨ ਰਾਤ, ਨਫ਼ਸ=ਮਨ, ਲੁੜ੍ਹੇ=ਰੁੜ੍ਹੇ, ਫ਼ਜ਼ਲ=ਕਿਰਪਾ, ਲੱਗਾ ਦਾਮਨੇ=ਤੇਰਾ ਪੱਲਾ ਫੜਿਆ)
ਛਡ ਦੇਸ ਜਹਾਨ ਉਜਾੜ ਮੱਲੀ, ਅਜੇ ਜੱਟ ਨਾਹੀਂ ਪਿੱਛਾ ਛੱਡਦੇ ਨੇ ।
ਅਸਾਂ ਛੱਡਿਆ ਇਹ ਨਾ ਮੂਲ ਛੱਡਣ, ਕੀੜੇ ਮੁੱਢ ਕਦੀਮ ਦੇ ਹੱਡ ਦੇ ਨੇ ।
ਲੀਹ ਪਈ ਮੇਰੇ ਉੱਤੇ ਝਾੜੀਆਂ ਦੀ, ਪਾਸ ਜਾਣ ਨਾਹੀਂ ਪਿੰਜ ਗੱਡ ਦੇ ਨੇ ।
ਵਾਰਿਸ ਸ਼ਾਹ ਜਹਾਨ ਥੋਂ ਅੱਕ ਪਏ, ਅੱਜ ਕਲ ਫ਼ਕੀਰ ਹੁਣ ਲੱਦਦੇ ਨੇ ।
(ਹੱਡ ਦੇ ਕੀੜੇ=ਲੁਕੇ ਪੱਕੇ ਵੈਰੀ, ਲੀਹ=ਰੀਤ,ਰਸਮ, ਗਡ ਦੀ ਪਿੰਜ= ਗੱਡੇ ਦੀ ਪਿੰਜਣੀ, ਅੱਕ ਪਏ=ਦੁਖੀ ਹੋ ਗਏ, ਲੱਦਦੇ=ਜਾਂਦੇ)
ਚਲੀਂ ਜੋਗੀਆ ਰਬ ਦਾ ਵਾਸਤਾ ਈ, ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ ।
ਜੋ ਕੁੱਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ, ਜਾਨ ਮਾਲ ਪਰਿਵਾਰ ਨੂੰ ਵਾਰਨੇ ਹਾਂ ।
ਪਏ ਕੁਲ ਦੇ ਕੋੜਮੇ ਸਭ ਰੋਂਦੇ, ਅਸੀਂ ਕਾਗ ਤੇ ਮੋਰ ਉਡਾਰਨੇ ਹਾਂ ।
ਹੱਥ ਬੰਨ੍ਹ ਕੇ ਬੇਨਤੀ ਜੋਗੀਆ ਵੋ, ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ ।
ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ, ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਹਾਂ ।
ਵਾਰਿਸ ਸ਼ਾਹ ਵਸਾਹ ਕੀ ਏਸ ਦਮ ਦਾ, ਐਵੇਂ ਰਾਇਗਾਂ ਉਮਰ ਕਿਉ ਹਾਰਨੇ ਹਾਂ ।
(ਕਾਗ ਤੇ ਮੋਰ ਉੜਾਵੰਦੇ=ਰਾਹਾਂ ਤੱਕਦੇ, ਏਸ ਦਮ ਦਾ=ਇਸ ਜ਼ਿੰਦਗੀ ਦਾ, ਰਾਇਗਾਂ=ਫ਼ਜ਼ੂਲ)
ਜੋਗੀ ਚੱਲਿਆ ਰੂਹ ਦੀ ਕਲਾ ਹਲੀ, ਤਿੱਤਰ ਬੋਲਿਆ ਸ਼ਗਨ ਮਨਾਵਣੇ ਨੂੰ ।
ਐਤਵਾਰ ਨਾ ਪੁੱਛਿਆ ਖੇੜਿਆਂ ਨੇ, ਜੋਗੀ ਆਂਦਾ ਨੇ ਸੀਸ ਮੁਨਾਵਣੇ ਨੂੰ ।
ਵੇਖੋ ਅਕਲ ਸ਼ਊਰ ਜੋ ਮਾਰਿਉ ਨੇ, ਤੁਅਮਾ ਬਾਜ਼ ਦੇ ਹੱਥ ਫੜਾਵਣੇ ਨੂੰ ।
ਭੁੱਖਾ ਖੰਡ ਤੇ ਖੀਰ ਦਾ ਭਇਆ ਰਾਖਾ, ਰੰਡਾ ਘੱਲਿਆ ਸਾਕ ਕਰਾਵਣੇ ਨੂੰ ।
ਸੱਪ ਮਕਰ ਦਾ ਪਰੀ ਦੇ ਪੈਰ ਲੜਿਆ, ਸੁਲੇਮਾਨ ਆਇਆ ਝਾੜਾ ਪਾਵਣੇ ਨੂੰ ।
ਅਨਜਾਣ ਜਹਾਨ ਹਟਾ ਦਿੱਤਾ, ਆਏ ਮਾਂਦਰੀ ਕੀਲ ਕਰਾਵਣੇ ਨੂੰ ।
ਰਾਖਾ ਜੌਆਂ ਦੇ ਢੇਰ ਦਾ ਗਧਾ ਹੋਇਆ, ਅੰਨ੍ਹਾਂ ਘੱਲਿਆ ਹਰਫ਼ ਲਿਖਾਵਣੇ ਨੂੰ ।
ਮਿੰਨਤ ਖਾਸ ਕਰਕੇ ਓਹਨਾਂ ਸਦ ਆਂਦਾ, ਮੀਆਂ ਆਇਆ ਹੈ ਰੰਨ ਖਿਸਕਾਵਣੇ ਨੂੰ ।
ਉਹਨਾਂ ਸੱਪ ਦਾ ਮਾਂਦਰੀ ਢੂੰਡ ਆਂਦਾ, ਸਗੋਂ ਆਇਆ ਹੈ ਸੱਪ ਲੜਾਵਣੇ ਨੂੰ ।
ਵਸਦੇ ਝੁਗੜੇ ਚੌੜ ਕਰਾਵਣੇ ਨੂੰ, ਮੁੱਢੋਂ ਪੁੱਟ ਬੂਟਾ ਲੈਂਦੇ ਜਾਵਣੇ ਨੂੰ ।
ਵਾਰਿਸ ਬੰਦਗੀ ਵਾਸਤੇ ਘੱਲਿਆ ਸੈਂ, ਆ ਜੁੱਟਿਆ ਪਹਿਨਣੇ ਖਾਵਣੇ ਨੂੰ ।
(ਤਿੱਤਰ ਬੋਲਿਆ=ਚੰਗਾ ਸ਼ਗਨ, ਐਤਵਾਰ ਨਾ ਪੁੱਛਿਆ=ਦਿਨ ਨਾ ਵਿਚਾਰਿਆ, ਤੁਅਮਾ=ਤਾਮਾ,ਮਾਸ ਦੀ ਬੁਰਕੀ)
ਭਲਾ ਹੋਇਆ ਭੈਣਾਂ ਹੀਰ ਬਚੀ ਜਾਣੋਂ, ਮੰਨ ਮੰਨੇ ਦਾ ਵੈਦ ਹੁਣ ਆਇਆ ਨੀ ।
ਦੁਖ ਦਰਦ ਗਏ ਸੱਭੇ ਦਿਲ ਵਾਲੇ, ਕਾਮਲ ਵਲੀ ਨੇ ਫੇਰੜਾ ਪਾਇਆ ਨੀ ।
ਜਿਹੜਾ ਛੱਡ ਚੌਧਰਾਈਆਂ ਚਾਕ ਬਣਿਆ, ਵਤ ਓਸ ਨੇ ਜੋਗ ਕਮਾਇਆ ਨੀ ।
ਜੈਂਦੀ ਵੰਝਲੀ ਦੇ ਵਿੱਚ ਲਖ ਮੰਤਰ, ਓਹੋ ਰੱਬ ਨੇ ਵੈਦ ਮਿਲਾਇਆ ਨੀ ।
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ, ਸਾਵਣ ਮਾਹ ਜਿੱਥੇ ਮੀਂਹ ਵਸਾਇਆ ਨੀ ।
ਨਾਲੇ ਸਹਿਤੀ ਦੇ ਹਾਲ ਤੇ ਰਬ ਤਰੁਠਾ, ਜੋਗੀ ਦਿਲਾਂ ਦਾ ਮਾਲਕ ਆਇਆ ਨੀ ।
ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸਲ, ਧੂਆਂ ਏਸ ਚਰੋਕਣਾ ਪਾਇਆ ਨੀ ।
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ, ਇਸਮ ਆਜ਼ਮ ਅਸਰ ਕਰਾਇਆ ਨੀ ।
ਮਹਿਮਾਨ ਜਿਉਂ ਆਂਵਦਾ ਲੈਣ ਵਹੁਟੀ, ਅੱਗੋਂ ਸਾਹੁਰਿਆਂ ਪਲੰਘ ਵਿਛਾਇਆ ਨੀ ।
'ਵੀਰਾ ਰਾਧ' ਵੇਖੋ ਏਥੇ ਕੋਈ ਹੋਸੀ, ਜੱਗ ਧੂੜ ਭੁਲਾਵੜਾ ਪਾਇਆ ਨੀ ।
ਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਣ, ਅੱਲਾਹ ਵਾਲਿਆਂ ਖੇਲ ਰਚਾਇਆ ਨੀ ।
ਖਿਸਕੂ ਸ਼ਾਹ ਹੋਰੀਂ ਅੱਜ ਆਣ ਲੱਥੇ, ਤੰਬੂ ਆਣ ਉਧਾਲੂਆਂ ਲਾਇਆ ਨੀ ।
ਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ, ਅੱਜ ਖੇੜਿਆਂ ਨੇ ਖ਼ੈਰ ਪਾਇਆ ਨੀ ।
ਕੱਖੋਂ ਲਖ ਕਰ ਦਏ ਖ਼ੁਦਾ ਸੱਚਾ, ਦੁਖ ਹੀਰ ਦਾ ਰੱਬ ਗਵਾਇਆ ਨੀ ।
ਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ, ਓਸ ਨੱਡੜੀ ਦਾ ਯਾਰ ਆਇਆ ਨੀ ।
ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ, ਰਬ ਵਿਛੜਿਆਂ ਨਾਲ ਮਿਲਾਇਆ ਨੀ ।
ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ, ਡੇਰਾ ਡੂਮਾਂ ਦੀ ਕੋਠੜੀ ਪਾਇਆ ਨੀ ।
ਰੰਨਾਂ ਮੋਹ ਕੇ ਲੈਣ ਸ਼ਹਿਜ਼ਾਦਿਆਂ ਨੂੰ, ਵੇਖੋ ਇਫਤਰਾ ਕੌਣ ਬਣਾਇਆ ਨੀ ।
ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ, ਪਿੱਛੋਂ ਸਾਂਘਰੂ ਢੋਲ ਵਜਾਇਆ ਨੀ ।
ਭਲਕੇ ਏਥੇ ਨਾ ਹੋਵਸਨ ਦੋ ਕੁੜੀਆਂ, ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀ ।
ਵਾਰਿਸ ਸ਼ਾਹ ਸ਼ੈਤਾਨ ਬਦਨਾਮ ਕਰਸੋ, ਲੂਣ ਥਾਲ ਦੇ ਵਿੱਚ ਪਿਹਾਇਆ ਨੀ ।
(ਮੰਨ ਮੰਨੇ ਦਾ=ਮਨ ਚਾਹੁੰਦਾ,ਆਪਣੀ ਮਰਜ਼ੀ ਦਾ, ਸ਼ਾਖਾਂ=ਟਾਹਣੀਆਂ, ਇਸਮ-ਏ-ਅਜ਼ਮ=ਵੱਡਾ ਨਾਂ, ਰਬ ਦੇ 92 ਸਿਫ਼ਾਤੀ ਨਾਵਾਂ ਵਿੱਚੋਂ ਇੱਕ ਨਾਂ ਹੈ, ਜਿਸ ਦੇ ਕਹਿਣ ਨਾਲ ਸ਼ੈਤਾਨ ਦਾ ਅਸਰ ਜ਼ਾਇਲ ਹੋ ਜਾਂਦਾ ਹੈ, ਭਲਕੇ=ਆਉਣ ਵਾਲੇ ਕੱਲ੍ਹ ਨੂੰ, ਪੁੰਨੀ=ਪੁੱਗੀ, ਲੂਣ ਥਾਲ ਵਿੱਚ ਪਿਹਾਇਆ=ਆਪਣੀ ਬਦਨਾਮੀ ਆਪ ਕੀਤੀ)
ਕੁੜੀਆਂ ਆਖਿਆ ਆਣ ਕੇ ਹੀਰ ਤਾਈਂ, ਅਨੀ ਵਹੁਟੀਏ ਅੱਜ ਵਧਾਈ ਏਂ ਨੀ ।
ਮਿਲੀ ਆਬੇ ਹਿਆਤ ਪਿਆਸਿਆਂ ਨੂੰ, ਹੁੰਣ ਜੋਗੀਆਂ ਦੇ ਵਿੱਚ ਆਈ ਏਂ ਨੀ ।
ਤੈਥੋਂ ਦੋਜ਼ਖ਼ੇ ਦੀ ਆਂਚ ਦੂਰ ਹੋਈ, ਰਬ ਵਿੱਚ ਬਹਿਸ਼ਤ ਦੇ ਪਾਈ ਏਂ ਨੀ ।
ਜੀਊੜੇ ਰਬ ਨੇ ਮੇਲ ਕੇ ਤਾਰੀਏਂ ਤੂੰ, ਮੋਤੀ ਲਾਲ ਦੇ ਨਾਲ ਪੁਰਾਈ ਏਂ ਨੀ ।
ਵਾਰਿਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ,ਅੱਜ ਰੱਬ ਨੇ ਚੌੜ ਕਰਾਈ ਏਂ ਨੀ ।