ਜੋਗੀ ਆਖਿਆ ਫਿਰੇ ਨਾ ਮਰਦ ਔਰਤ, ਪਵੇ ਕਿਸੇ ਦਾ ਨਾ ਪਰਛਾਵਣਾ ਵੋ ।
ਕਰਾਂ ਬੈਠ ਨਿਵੇਕਲਾ ਜਤਨ ਗੋਸ਼ੇ, ਕੋਈ ਨਹੀਂ ਜੇ ਛਿੰਜ ਪਵਾਵਣਾ ਵੋ ।
ਕੰਨ ਸੰਨ ਵਿੱਚ ਵਹੁਟੜੀ ਆਣ ਪਾਵੋ, ਨਹੀਂ ਧੁੰਮ ਤੇ ਸ਼ੋਰ ਕਰਾਵਣਾ ਵੋ ।
ਇੱਕੋ ਆਦਮੀ ਆਵਣਾ ਮਿਲੇ ਸਾਥੇ, ਔਖਾ ਸੱਪ ਦਾ ਰੋਗ ਗਵਾਵਣਾ ਵੋ ।
ਕਵਾਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ, ਨਹੀਂ ਹੋਰ ਕਿਸੇ ਏਥੇ ਆਵਣਾ ਵੋ ।
ਸੱਪ ਨੱਸ ਜਾਏ ਛਲ ਮਾਰ ਜਾਏ, ਖਰਾ ਔਖੜਾ ਛਿਲਾ ਕਮਾਵਣਾ ਵੋ ।
ਲਿਖਿਆ ਸੱਤ ਸੈ ਵਾਰ ਕੁਰਾਨ ਅੰਦਰ, ਨਾਹੀਂ ਛੱਡ ਨਮਾਜ਼ ਪਛਤਾਵਣਾ ਵੋ ।
ਵਾਰਿਸ ਸ਼ਾਹ ਨਿਕੋਈ ਤੇ ਬੰਦਗੀ ਕਰ, ਵਤ ਨਹੀਂ ਜਹਾਨ ਤੇ ਆਵਣਾ ਵੋ ।
(ਨਿਵੇਕਲਾ=ਇੱਕ ਪਾਸੇ, ਗੋਸ਼ੇ=ਖੂੰਜੇ, ਛਿੰਜ=ਰੌਲਾ, ਕੰਨ ਸੰਨ ਵਿੱਚ= ਚੁਪ ਚਾਪ ਹੀ, ਰੱਖ=ਵਹੁਟੀ ਦੀ ਖਾਸ 'ਰੱਖ' ਰੱਖੀ ਜਾਵੇ)
ਸਹਿਤੀ ਕੁੜੀ ਨੂੰ ਸੱਦ ਕੇ ਸੌਂਪਿਉ ਨੇ, ਮੰਜਾ ਵਿੱਚ ਐਵਾਨ ਦੇ ਪਾਇਕੇ ਤੇ ।
ਪਿੰਡੋਂ ਬਾਹਰਾ ਡੂਮਾਂ ਦਾ ਕੋਠੜਾ ਸੀ, ਓਥੇ ਦਿੱਤੀ ਨੇ ਥਾਉਂ ਬਣਾਇਕੇ ਤੇ ।
ਜੋਗੀ ਪਲੰਘ ਦੇ ਪਾਸੇ ਬਹਾਇਉ ਨੇ, ਆ ਬੈਠਾ ਹੈ ਸ਼ਗਨ ਮਨਾਇਕੇ ਤੇ ।
ਨਾਢੂ ਸ਼ਾਹ ਬਣਿਆ ਮਸਤ ਜੋ ਆਸ਼ਕ, ਮਾਸ਼ੂਕ ਨੂੰ ਪਾਸ ਬਹਾਇਕੇ ਤੇ ।
ਖੇੜੇ ਆਪ ਜਾ ਘਰੀਂ ਬੇਫ਼ਿਕਰ ਸੁੱਤੇ, ਤੁਅਮਾ ਬਾਗ਼ ਦੇ ਹੱਥ ਫੜਾਇਕੇ ਤੇ ।
ਸਿਰ ਤੇ ਹੋਵਣੀ ਆਇਕੇ ਕੂਕਦੀ ਹੈ, ਚੁਟਕੀ ਮਾਰ ਕੇ ਹੱਥ ਬੰਨ੍ਹਾਇਕੇ ਤੇ ।
ਉਨ੍ਹਾਂ ਖੇਹ ਸਿਰ ਘੱਤ ਕੇ ਪਿੱਟਣਾ ਹੈ, ਜਿਨ੍ਹਾਂ ਵਿਆਹੀਆਂ ਧੜੀ ਬੰਨ੍ਹਾਇਕੇ ਤੇ ।
ਵਾਰਿਸ ਸ਼ਾਹ ਹੁਣ ਤਿਨ੍ਹਾਂ ਨੇ ਵੈਣ ਕਰਨੇ, ਜਿਨ੍ਹਾਂ ਵਿਆਹਿਉਂ ਘੋੜੀਆਂ ਗਾਇਕੇ ਤੇ ।
(ਐਵਾਨ=ਡਿਊੜ੍ਹੀ, ਚੁਟਕੀ=ਬੰਦੂਕ ਜਾਂ ਪਸਤੌਲ ਦਾ ਉਹ ਭਾਗ ਜਿਹੜਾ ਗੋਲੀ ਦੇ ਪਿੱਛੇ ਲੱਗਦਾ ਹੈ, ਧੜੀ=ਗੁੰਦੇ ਹੋਏ ਵਾਲ, ਵੈਣ ਕਰਨੇ=ਉੱਚੀ ਉੱਚੀ ਰੋਣਾ)
ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ, ਤੁਰ੍ਹਾ ਖਿਜ਼ਰ ਦਾ ਹੱਥ ਲੈ ਬੋਲਿਆ ਈ ।
ਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ, ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈ ।
ਖੰਜਰ ਕੱਢ ਮਖਦੂਮ ਜਹਾਨੀਏ ਦਾ, ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈ ।
ਖੂੰਡੀ ਪੀਰ ਬਹਾਉਦੀਨ ਵਾਲੀ, ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈ ।
ਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ, ਕੰਧ ਢਾਇਕੇ ਰਾਹ ਨੂੰ ਖੋਲ੍ਹਿਆ ਈ ।
ਜਾ ਬੈਠਾ ਹੈਂ ਕਾਸ ਨੂੰ ਉਠ ਜੱਟਾ, ਸਵੀਂ ਨਾਹੀਂ ਤੇਰਾ ਰਾਹ ਖੋਲ੍ਹਿਆ ਈ ।
ਵਾਰਿਸ ਸ਼ਾਹ ਪਛੋਤਾਵਸੇਂ ਬੰਦਗੀ ਨੂੰ, ਇਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ ।
ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ, ਸਹਿਤੀ ਆਣ 'ਹਜ਼ੂਰ ਸਲਾਮ' ਕੀਤਾ ।
ਬੇੜਾ ਲਾ ਬੰਨੇ ਅਸਾਂ ਆਜਜ਼ਾਂ, ਦਾ ਰਬ ਫਜ਼ਲ ਤੇਰੇ ਉੱਤੇ ਆਮ ਕੀਤਾ ।
ਮੇਰਾ ਯਾਰ ਮਿਲਾਵਣਾ ਵਾਸਤਾ ਈ, ਅਸਾਂ ਕੰਮ ਤੇਰਾ ਸਰੰਜਾਮ ਕੀਤਾ ।
ਭਾਬੀ ਹੱਥ ਫੜਾਇਕੇ ਤੋਰ ਦਿੱਤੀ, ਕੰਮ ਖੇੜਿਆਂ ਦਾ ਸਭੋ ਖ਼ਾਮ ਕੀਤਾ ।
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ, ਜੋ ਕੁੱਝ ਅਲੀ ਦੇ ਨਾਲ ਗ਼ੁਲਾਮ ਕੀਤਾ ।
ਜੋ ਕੁੱਝ ਹੋਵਣੀ ਸੀਤਾ ਦੇ ਨਾਲ ਕੀਤੀ, ਅਤੇ ਦਹਿਸਰੇ ਨਾਲ ਜੋ ਰਾਮ ਕੀਤਾ ।
ਵਾਰਿਸ ਸ਼ਾਹ ਜਿਸ ਤੇ ਮਿਹਰਬਾਨ ਹੋਵੇ, ਓਥੇ ਫਜ਼ਲ ਨੇ ਆਣ ਮੁਕਾਮ ਕੀਤਾ ।
(ਸਰੰਜਾਮ=ਪੂਰਾ, ਖ਼ਾਮ ਕਰਨਾ=ਨਾਮੰਜ਼ੂਰ ਕਰਕੇ ਇੱਕ ਪਾਸੇ ਸੁਟ ਦੇਣਾ, ਫ਼ਜ਼ਲ=ਰੱਬ ਦੀ ਮਿਹਰਬਾਨੀ)
ਰਾਂਝੇ ਹੱਥ ਉਠਾਇ ਦੁਆ ਮੰਗੀ, ਰੱਬਾ ਮੇਲਣਾ ਯਾਰ ਗਵਾਰਨੀ ਦਾ ।
ਏਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ ।
ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ, ਰੱਬਾ ਯਾਰ ਮੇਲੀਂ ਏਸ ਯਾਰਨੀ ਦਾ ।
ਫਜ਼ਲ ਰੱਬ ਕੀਤਾ ਯਾਰ ਆ ਮਿਲਿਆ, ਓਸ ਸ਼ਾਹ ਮੁਰਾਦ ਪੁਕਾਰਨੀ ਦਾ ।
(ਹੁਬ=ਪਿਆਰ, ਸ਼ਾਹ ਮੁਰਾਦ=ਸਹਿਤੀ ਦਾ ਆਸ਼ਕ,ਮੁਰਾਦ ਬਲੋਚ)
ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ, ਉੱਤੋਂ ਬੋਲਿਆ ਸਾਈਂ ਸਵਾਰੀਏ ਨੀ ।
ਸ਼ਾਲਾ ਢੁਕ ਆਵੀਂ ਹੁਸ਼ ਢੁਕ ਨੇੜੇ, ਆ ਚੜ੍ਹੀਂ ਕਚਾਵੇ ਤੇ ਡਾਰੀਏ ਨੀ ।
ਮੇਰੀ ਗਈ ਕਤਾਰ ਕੁਰਾਹ ਘੁੱਥੀ, ਕੋਈ ਸਿਹਰ ਕੀਤੋ ਟੂਣੇ ਹਾਰੀਏ ਨੀ ।
ਵਾਈ ਸੂਈ ਦੀ ਪੋਤਰੀ ਇਹ ਡਾਚੀ, ਘਿੰਨ ਝੋਕ ਪਲਾਣੇ ਦੀ ਲਾੜੀਏ ਨੀ ।
ਵਾਰਿਸ ਸ਼ਾਹ ਬਹਿਸ਼ਤ ਦੀ ਮੋਰਨੀ ਤੂੰ, ਇਹ ਫ਼ਰਿਸ਼ਤਿਆਂ ਉੱਠ ਤੇ ਚਾੜ੍ਹੀਏ ਨੀ ।
(ਰਿੰਗੀ=ਅੜਿੰਗੀ, ਹੁਸ਼=ਡਾਚੀ ਨੂੰ ਬਿਠਾਉਣ ਲਈ ਹੁਕਮ ਦਿੱਤਾ, ਵਾਈ ਸੂਈ=ਹਵਾ ਦੀ ਧੀ, ਬਹੁਤ ਤੇਜ਼ ਰਫ਼ਤਾਰ, ਝੋਕ ਘਿਨਣਾ= ਝੂਲੇ ਲੈਣਾ)
ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ, ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ ।
ਰਾਤੋ ਰਾਤ ਗਏ ਲੈ ਬਾਜ਼ ਕੂੰਜਾਂ, ਸਿਰੀਆਂ ਨਾਗਾਂ ਦੀਆਂ ਸ਼ੀਹਾਂ ਲਤਾੜੀਆਂ ਨੇ ।
ਆਪੋ ਧਾਪ ਗਏ ਲੈ ਕੇ ਵਾਹੋ ਦਾਹੀ, ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇ ।
ਫ਼ਜਰ ਹੋਈ ਕਿੜਾਊਆਂ ਗਜ ਘੱਤੇ, ਵੇਖੋ ਖੇੜਿਆਂ ਵਾਹਰਾਂ ਚਾੜ੍ਹੀਆਂ ਨੇ ।
ਜੜ੍ਹਾਂ ਦੀਨ ਈਮਾਨ ਦੀਆਂ ਕੱਟਣੇ ਨੂੰ, ਇਹ ਮਹਿਰੀਆਂ ਤੇਜ਼ ਕੁਹਾੜੀਆਂ ਨੇ ।
ਮੀਆਂ ਜਿਨ੍ਹਾਂ ਬੇਗਾਨੜੀ ਨਾਰ ਰਾਵੀ, ਮਿਲਣ ਦੋਜ਼ਖ਼ੀਂ ਤਾਉ ਚਵਾੜੀਆਂ ਨੇ ।
ਵਾਰਿਸ ਸ਼ਾਹ ਨਾਈਆਂ ਨਾਲ ਜੰਗ ਬੱਧਾ, ਖੇੜਿਆਂ ਕੁਲ ਮਨਾਇਕੇ ਦਾੜ੍ਹੀਆਂ ਨੇ ।
(ਰਵਾਂ ਹੋ ਚੱਲੇ=ਤੁਰ ਪਏ,, ਤਰੰਡੀਆਂ=ਭੇਡਾਂ ਦਾ ਇੱਜੜ, ਗਜ ਘੱਤੇ=ਦੌੜੇ ਜਾਂ ਲੁਕੇ ਹੋਏ ਬੰਦੇ ਨੂੰ ਭਾਲਣ ਲਈ ਲੋਹੇ ਦਾ ਇੱਕ ਗਜ਼ ਵਰਤਿਆ ਜਾਂਦਾ ਸੀ ਜਿਹਦੇ ਨਾਲ ਝਾੜ ਝੀਂਡੇ ਜਾਂ ਪਾਣੀ ਦਾ ਟੋਆ ਫ਼ਰੋਲਿਆ ਜਾਂਦਾ ਸੀ ।ਓਥੇ ਗਜ਼ ਮਾਰ ਕੇ ਵੇਖਿਆ ਜਾਂਦਾ ਸੀ, ਚਵਾੜੀ=ਗਧੇ ਹੱਕਣ ਵਾਲੀ ਲਾਠੀ)