ਇੱਕ ਜਾਣ ਭੰਨੇ ਬਹੁਤ ਨਾਲ ਖ਼ੁਸ਼ੀਆਂ, ਭਲਾ ਹੋਇਆ ਫ਼ਕੀਰਾਂ ਦੀ ਆਸ ਹੋਈ ।
ਇੱਕ ਜਾਣ ਰੋਂਦੇ ਜੂਹ ਖੇੜਿਆਂ ਦੀ, ਅੱਜ ਵੇਖੋ ਤਾਂ ਚੌੜ ਨਖ਼ਾਸ ਹੋਈ ।
ਇੱਕ ਲੈ ਡੰਡੇ ਨੰਗੇ ਜਾਣ ਭੰਨੇ, ਯਾਰੋ ਪਈ ਸੀ ਹੀਰ ਉਦਾਸ ਹੋਈ ।
ਇੱਕ ਚਿੱਤੜ ਵਜਾਂਵਦੇ ਫ਼ਿਰਨ ਭੌਂਦੇ, ਜੋ ਮੁਰਾਦ ਫ਼ਕੀਰਾਂ ਦੀ ਰਾਸ ਹੋਈ ।
ਵਾਰਿਸ ਸ਼ਾਹ ਕੀ ਮੁੰਨਦਿਆਂ ਢਿਲ ਲੱਗੇ, ਜਦੋਂ ਉਸਤਰੇ ਨਾਲ ਪਟਾਸ ਹੋਈ ।
(ਭੰਨੇ=ਦੌੜੇ,ਭੱਜੇ, ਨਖ਼ਾਸ=ਚੌੜ ਹੋਈ,ਪਸ਼ੂਆਂ ਦੀ ਮੰਡੀ ਉੱਜੜ ਗਈ, ਪਟਾਸ=ਉਸਤਰਾ ਤੇਜ਼ ਕਰਨ ਲਈ ਵਰਤਿਆ ਜਾਂਦਾ ਚਮੜੇ ਦਾ ਪਟਾ)
ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ, ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ ।
ਪਕੜ ਤਰਕਸ਼ਾਂ ਅਤੇ ਕਮਾਨ ਦੌੜੇ, ਖੇੜੇ ਨਾਲ ਹਥਿਆਰਾਂ ਦੇ ਮਾਰ ਦਿੱਤੇ ।
ਮਾਰ ਬਰਛੀਆਂ ਆਣ ਬਲੋਚ ਕੜਕੇ, ਤੇਗ਼ਾਂ ਮਾਰ ਕੇ ਵਾਹਰੂ ਝਾੜ ਦਿੱਤੇ ।
ਮਾਰ ਨਾਵਕਾਂ ਮੋਰਚੇ ਭੰਨ ਦਿੱਤੇ, ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ ।
ਵਾਰਿਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ, ਬੱਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ ।
(ਤਰਕਸ਼=ਭੱਥਾ, ਵਾਹਰੂ=ਪਿੱਛੇ ਆਏ ਬੰਦੇ, ਨਾਵਕ=ਤੀਰ, ਲੁਤਫ਼=ਮਿਹਰਬਾਨੀ)
ਦੂਈਆਂ ਵਾਹਰਾਂ ਰਾਂਝੇ ਨੂੰ ਆਣ ਮਿਲੀਆਂ, ਸੁੱਤਾ ਪਿਆ ਉਜਾੜ ਵਿੱਚ ਘੇਰਿਉ ਨੇ ।
ਦੁੰਦ ਮਾਰਦੇ ਬਰਛੀਆਂ ਫੇਰਦੇ ਨੇ, ਘੋੜੇ ਵਿੱਚ ਮੈਦਾਨ ਦੇ ਫੇਰਿਉ ਨੇ ।
ਸਿਰ ਹੀਰ ਦੇ ਪਟ ਤੇ ਰੱਖ ਸੁੱਤਾ, ਸੱਪ ਮਾਲ ਤੋਂ ਆਣ ਕੇ ਛੇੜਿਉ ਨੇ ।
ਹੀਰ ਪਕੜ ਲਈ ਰਾਂਝਾ ਕੈਦ ਕੀਤਾ, ਵੇਖੋ ਜੋਗੀ ਨੂੰ ਚਾ ਖਦੇੜਿਉ ਨੇ ।
ਲਾਹ ਸੇਲ੍ਹੀਆਂ ਬੰਨ੍ਹ ਕੇ ਹੱਥ ਦੋਵੇਂ, ਪਿੰਡਾਂ ਚਾਬਕਾਂ ਨਾਲ ਉਚੇੜਿਉ ਨੇ ।
ਵਾਰਿਸ ਸ਼ਾਹ ਫ਼ਕੀਰ ਅੱਲਾਹ ਦੇ ਨੂੰ, ਮਾਰ ਮਾਰ ਕੇ ਚਾ ਖਦੇੜਿਉ ਨੇ ।
(ਦੁੰਦ ਮਾਰਦੇ=ਲਲਕਾਰੇ ਮਾਰਦੇ, ਚਾਬਕ=ਹੰਟਰ,ਛਾਂਟੇ, ਉਚੇੜਣਾ= ਛਿਲਣਾਂ)
ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ ।
ਨੀਂਦ ਵਲੀ ਤੇ ਗ਼ੌਸ ਤੇ ਕੁਤਬ ਮਾਰੇ, ਨੀਂਦ ਲੁੱਟਿਆ ਰਾਹ ਪੰਧਾਣਿਆਂ ਨੂੰ ।
ਏਸ ਨੀਂਦ ਨੇ ਸ਼ਾਹ ਫ਼ਕੀਰ ਕੀਤੇ, ਰੋ ਬੈਠੇ ਨੇ ਵਖ਼ਤ ਵਿਹਾਣਿਆਂ ਨੂੰ ।
ਨੀਂਦ ਸ਼ੇਰ ਤੇ ਦੇਵ ਇਮਾਮ ਕੁੱਠੇ, ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ ।
ਸੁੱਤੇ ਸੋਈ ਵਿਗੁਤੜੇ ਅਦਹਮ ਵਾਂਗੂੰ, ਗ਼ਾਲਬ ਨੀਂਦ ਹੈ ਦੇਵ-ਰੰਝਾਣਿਆਂ ਨੂੰ ।
ਨੀਂਦ ਹੇਠ ਸੁਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ ।
ਨੀਂਦ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫ਼-ਵਾਣਿਆਂ ਨੂੰ ।
ਨੀਂਦ ਜ਼ਿਬਾ ਕੀਤਾ ਇਸਮਾਈਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ ।
ਨੀਂਦ ਫ਼ਜਰ ਦੀ ਕਜ਼ਾ ਨਮਾਜ਼ ਕਰਦੀ, ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ ।
ਨੀਂਦ ਵੇਖ ਜੋ ਸੱਸੀ ਨੂੰ ਵਖ਼ਤ ਪਾਇਆ, ਫ਼ਿਰੇ ਢੂੰਡਦੀ ਪੈਰੋਂ ਵਾਹਣਿਆਂ ਨੂੰ ।
ਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਖ਼ਤ ਵਿਹਾਣਿਆਂ ਨੂੰ ।
ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਕ ਤੇਰੀ, ਵਾਰਿਸ ਵਲੇਂ ਕਿਉਂ ਐਡ ਵਲਾਣਿਆਂ ਨੂੰ ।
(ਮੁੱਠੇ=ਮਾਰੇ ਗਏ, ਪੰਧਾਣੀ=ਪਾਂਧੀ, ਵਿਗੁਤੇ=ਲੁੱਟੇ ਗਏ, ਵਾਣਾ=ਬਾਣਾ, ਯੂਨਸ= ਆਪ ਵੀ ਇੱਕ ਨਬੀ ਸਨ ।ਨੈਨਵਾ ਦੇ ਲੋਕਾਂ ਦੇ ਸੁਧਾਰ ਲਈ ਰਬ ਵੱਲੋਂ ਭੇਜੇ ਗਏ ਸਨ ।ਲੋਕਾਂ ਨੇ ਪਰਵਾਹ ਨਾ ਕੀਤੀ ।ਆਪ ਇੱਕ ਪਹਾੜੀ ਤੇ ਚਲੇ ਗਏ ਅਤੇ ਲੋਕਾਂ ਨੂੰ ਸਰਾਪ ਦਿੱਤਾ ਕਿ ਉਨ੍ਹਾਂ ਉਪਰ ਇੱਕ ਕਹਿਰ ਟੁੱਟੇਗਾ ।ਲੋਕਾਂ ਰਬ ਅੱਗੇ ਤੌਬਾ ਕੀਤੀ । ਤੂਫਾਨ ਨਾ ਆਇਆ ਪਰ ਜਦ ਇਹ ਨੱਸ ਕੇ ਬੇੜੀ ਵਿੱਚ ਪਾਣੀ ਨੂੰ ਪਾਰ ਕਰਨ ਲੱਗਾ ਤਾਂ ਬੇੜੀ ਪਾਣੀ ਵਿੱਚ ਫਸ ਗਈ ।ਇਹ ਬੇੜੀ ਵਿੱਚੋਂ ਪਾਣੀ ਵਿੱਚ ਡਿਗ ਪਿਆ ਅਤੇ ਇੱਕ ਵੱਡੀ ਮੱਛੀ ਨੇ ਇਹਨੂੰ ਨਿਗਲ ਲਿਆ ।ਮੱਛੀ ਦੇ ਪੇਟ ਅੰਦਰ ਇਹਨੇ ਰੱਬ ਨੂੰ ਯਾਦ ਕੀਤਾ ਅਤੇ ਰੱਬ ਨੇ ਇਹਨੂੰ ਬਚਾਇਆ, ਫ਼ਜਰ ਦੀ ਨਮਾਜ਼ ਅਤੇ ਸ਼ੈਤਾਨ= ਮਸ਼ਹੂਰ ਹੈ ਕਿ ਸ਼ੈਤਾਨ ਫ਼ਜਰ ਦੀ ਨਮਾਜ਼ ਦੀ ਅਜ਼ਾਨ ਬੰਦੇ ਨੂੰ ਸੁਣਨ ਨਹੀਂ ਦਿੰਦਾ । ਇਨਸਾਨ ਨੂੰ ਨੀਂਦ ਆ ਜਾਂਦੀ ਹੈ ਅਤੇ ਸ਼ੈਤਾਨ ਖ਼ੁਸ਼ ਹੁੰਦਾ ਹੈ)
ਹਾਏ ਹਾਏ ਮੁੱਠੀ ਮਤ ਨਾ ਲਈਆ, ਦਿੱਤੀ ਅਕਲ ਹਜ਼ਾਰ ਚਕੇਟਿਆ ਵੇ ।
ਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ, ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ ।
ਜਿਹੜਾ ਛਿੜਿਆ ਵਿੱਚ ਜਹਾਨ ਝੇੜਾ, ਨਹੀਂ ਜਾਵਣਾ ਮੂਲ ਸਮੇਟਿਆ ਵੇ ।
ਰਾਜਾ ਅਦਲੀ ਹੈ ਤਖ਼ਤ ਤੇ ਅਦਲ ਕਰਦਾ, ਖੜੀ ਬਾਂਹ ਕਰ ਕੂਕ ਰੰਝੇਟਿਆ ਵੇ ।
ਬਿਨਾ ਅਮਲ ਦੇ ਨਹੀਂ ਨਜ਼ਾਤ ਤੇਰੀ, ਪਿਆ ਮਾਰੀਏਂ ਕੁਤਬ ਦਿਆ ਬੇਟਿਆ ਵੇ ।
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ, ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇ ।
ਅਸਰ ਸੁਹਬਤਾਂ ਦੇ ਕਰ ਜਾਣ ਗ਼ਲਬਾ, ਜਾ ਰਾਜੇ ਦੇ ਪਾਸ ਜਟੇਟਿਆ ਵੇ ।
ਵਾਰਿਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ, ਜਿੱਥੇ ਕੀਮਿਆਂ ਦੇ ਨਾਲ ਭੇਟਿਆ ਵੇ ।
(ਖੜੀ ਬਾਂਹ ਕਰਕੇ=ਵਾਰਿਸ ਸ਼ਾਹ ਦੇ ਵੇਲੇ ਫ਼ਰਿਆਦੀ ਜੇ ਬਾਂਹ ਖੜੀ ਕਰਕੇ ਫ਼ਰਿਆਦ ਕਰਦਾ ਤਾਂ ਖਿਆਲ ਕੀਤਾ ਜਾਂਦਾ ਸੀ ਉਹਦੀ ਗੱਲ ਵੱਲ ਧਿਆਨ ਦਿੱਤਾ ਜਾਵੇਗਾ, ਚਕੇਟਾ=ਮਾਮੂਲੀ ਨੌਕਰ, ਨਜ਼ਾਤ=ਛੁਟਕਾਰਾ, ਭੇਟਿਆ=ਛੋਹਿਆ)
ਕੂ ਕੂ ਕੀਤਾਇ ਕੂਕ ਰਾਂਝੇ, ਉੱਚਾ ਕੂਕਦਾ ਚਾਂਗਰਾਂ ਧਰਾਸਦਾ ਈ ।
ਬੂ ਬੂ ਮਾਰ ਲਲਕਰਾਂ ਕਰੇ ਧੁੰਮਾਂ, ਰਾਜੇ ਪੁੱਛਿਆ ਸ਼ੋਰ ਵਸਵਾਸ ਦਾ ਈ ।
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ, ਕਰਮ ਰਬ ਦਾ ਫ਼ਿਕਰ ਗਮ ਕਾਸ ਦਾ ਈ ।
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ, ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ ।
ਤੇਰੀ ਧਾਂਕ ਪਈ ਏ ਰੂਮ ਸ਼ਾਮ ਅੰਦਰ, ਬਾਦਸ਼ਾਹ ਡਰੇ ਆਸ ਪਾਸ ਦਾ ਈ ।
ਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ, ਨਾ ਗੁਨਾਹ ਤੇ ਨਾ ਕੋਈ ਵਾਸਤਾ ਈ ।
ਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ, ਵਾਰਿਸ ਸ਼ਾਹ ਏਸ ਜਗ ਵਿੱਚ ਫਾਸਦਾ ਈ ।
(ਕੂ ਕੂ ਕੀਤਾ=ਰੌਲਾ ਪਾਇਆ, ਚਾਂਗਰਾਂ=ਚੀਕਾਂ, ਧਰਾਸਦਾ=ਦੂਜੇ ਦੇ ਦਿਲ ਤੇ ਅਸਰ ਕਰਨਾ, ਧਾਂਕ=ਰੁਅਬ, ਫਾਸਦੀ=ਫਸਦੀ)