Back ArrowLogo
Info
Profile

  1. ਰਾਜੇ ਦਾ ਹੁਕਮ

ਰਾਜੇ ਹੁਕਮ ਕੀਤਾ ਚੜ੍ਹੀ ਫ਼ੌਜ ਬਾਂਕੀ, ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ ।

ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ, ਛਡ ਦਿਉ ਖਾਂ ਛਲ ਦਰੇੜਿਆਂ ਨੂੰ ।

ਰਾਜੇ ਆਖਿਆ ਚੋਰ ਨਾ ਜਾਣ ਪਾਵੇ, ਚਲੋ ਛੱਡ ਦੇਵੋ ਝਗੜਿਆਂ ਝੇੜਿਆਂ ਨੂੰ ।

ਪਕੜ ਵਿੱਚ ਹਜ਼ੂਰ ਦੇ ਲਿਆਉ ਹਾਜ਼ਰ, ਰਾਹਜ਼ਨਾਂ ਤੇ ਖੋਹੜੂ ਬੇੜ੍ਹਿਆਂ ਨੂੰ ।

ਬੰਨ੍ਹ ਖੜਾਂਗੇ ਇੱਕੇ ਤਾਂ ਚਲੋ ਆਪੇ, ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ ।

ਵਾਰਿਸ ਸ਼ਾਹ ਚੰਦ ਸੂਰਜਾਂ ਗ੍ਰਹਿਣ ਲੱਗੇ, ਉਹ ਭੀ ਫੜੇ ਨੇ ਆਪਣੇ ਫੇੜਿਆਂ ਨੂੰ ।

 

(ਦਰੇੜੇ=ਨਾਜਾਇਜ਼ ਦਬਾਉ, ਖੋਹੜੂ=ਖੋਹਣ ਵਾਲੇ, ਫੇੜੇ=ਬੁਰੇ ਵਖ਼ਤ)

 

  1. ਫ਼ੌਜ ਨੇ ਖੇੜਿਆਂ ਨੂੰ ਰਾਜੇ ਦੇ ਪੇਸ਼ ਕੀਤਾ

ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ, ਸੂਰਤ ਬਣੇ ਨੇ ਆਣ ਫ਼ਰਿਆਦੀਆਂ ਦੇ ।

ਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ, ਇਹ ਖੋਹੜੂ ਫੇਰ ਬੇਦਾਦੀਆਂ ਦੇ ।

ਮੈਥੋਂ ਖੋਹ ਫ਼ਕੀਰਨੀ ਉਠ ਨੱਠੇ, ਜਿਵੇਂ ਪੈਸਿਆਂ ਨੂੰ ਡੂਮ ਸ਼ਾਦੀਆਂ ਦੇ ।

ਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਿਬ, ਇਹ ਵੱਡੇ ਦਰਬਾਰ ਨੇ ਆਦੀਆਂ ਦੇ ।

ਚੇਤਾਂ ਦਾੜ੍ਹੀਆਂ ਪਗੜੀਆਂ ਵੇਖ ਭੁੱਲੇਂ, ਸ਼ੈਤਾਨ ਨੇ ਅੰਦਰੋਂ ਵਾਦੀਆਂ ਦੇ ।

ਵਾਰਿਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ, ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ ।

 

(ਬਾਹਰੋਂ ਸੂਹੇ ਤੇ ਸਿਆਹ ਅੰਦਰੋਂ=ਦਿਸਦੇ ਭਲੇ ਮਾਣਸ ਹਨ ਪਰ ਇਨ੍ਹਾਂ ਦੀ ਅਸਲੀਅਤ ਭੈੜੀ ਹੈ)

 

  1. ਰਾਜੇ ਕੋਲ ਖੇੜਿਆਂ ਦੀ ਫ਼ਰਿਆਦ

ਖੇੜਿਆਂ ਜੋੜ ਕੇ ਹੱਥ ਫ਼ਰਿਆਦ ਕੀਤੀ, ਨਹੀਂ ਵਖ਼ਤ ਹੁਣ ਜ਼ੁਲਮ ਕਮਾਵਣੇ ਦਾ ।

ਇਹ ਠਗ ਹੈ ਮਹਿਜ਼ਰੀ ਵੱਡਾ ਘੁੱਠਾ, ਸਿਹਰ ਜਾਣਦਾ ਸਰ੍ਹੋਂ ਜਮਾਵਣੇ ਦਾ ।

ਵਿਹੜੇ ਵੜਦਿਆਂ ਨਢੀਆਂ ਮੋਹ ਲੈਂਦਾ, ਇਸ ਥੇ ਇਲਮ ਜੇ ਰੰਨਾਂ ਵਲਾਵਣੇ ਦਾ ।

ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ, ਉਹ ਵਖ਼ਤ ਸੀ ਮਾਂਦਰੀ ਲਿਆਵਣੇ ਦਾ ।

ਸਹਿਤੀ ਦੱਸਿਆ ਜੋਗੀੜਾ ਬਾਗ਼ ਕਾਲੇ, ਢਬ ਜਾਣਦਾ ਝਾੜਿਆਂ ਪਾਵਣੇ ਦਾ ।

ਮੰਤਰ ਝਾੜਣੇ ਨੂੰ ਅਸਾਂ ਸਦ ਆਂਦਾ, ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾ ।

ਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ, ਫ਼ਕਰ ਵਲੀ ਅੱਲਾਹ ਪਹਿਰਾਵਣੇ ਦਾ ।

ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ, ਇਸ ਥੇ ਵੱਲ ਜੇ ਭੇਖ ਵਟਾਵਣੇ ਦਾ ।

ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ, ਸੂਲੀ ਰਸਮ ਹੈ ਚੋਰ ਚੜ੍ਹਾਵਣੇ ਦਾ ।

ਭਲਾ ਕਰੋ ਤਾਂ ਏਸ ਨੂੰ ਮਾਰ ਸੁੱਟੋ, ਵਕਤ ਆਇਆ ਹੈ ਚੋਰ ਮੁਕਾਵਣੇ ਦਾ ।

ਵਾਰਿਸ ਸ਼ਾਹ ਤੋਂ ਅਮਲ ਹੀ ਪੁੱਛਈਣਗੇ, ਵਖ਼ਤ ਆਵਸੀ ਅਮਲ ਤੁਲਾਵਣੇ ਦਾ ।

 

(ਮਹਿਜ਼ਰੀ=ਝੂਠਾ ਮਕੱਦਮੇ ਬਾਜ਼, ਵਿਲਾਵਣੇ ਦਾ=ਪਿੱਛੇ ਲਾਉਣ ਦਾ, ਪਹਿਰਾਵਣੇ=ਪਹਿਰਾਵੇ,ਲਿਬਾਸ)

 

  1. ਰਾਂਝਾ

ਰਾਂਝੇ ਆਖਿਆ ਸੁਹਣੀ ਰੰਨ ਡਿੱਠੀ, ਮਗਰ ਲਗ ਮੇਰੇ ਆ ਘੇਰਿਆ ਨੇ ।

ਨੱਠਾ ਖ਼ੌਫ਼ ਥੋਂ ਇਹ ਸਨ ਦੇਸ ਵਾਲੇ, ਪਿੱਛੇ ਕਟਕ ਅਜ਼ਗ਼ੈਬ ਦਾ ਛੇੜਿਆ ਨੇ ।

ਪੰਜਾਂ ਪੀਰਾਂ ਦੀ ਇਹ ਮੁਜਾਉਰਨੀ ਏ, ਇਹਨਾਂ ਕਿਧਰੋਂ ਸਾਕ ਸਹੇੜਿਆ ਨੇ ।

ਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ, ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇ ।

ਵੇਖੋ ਵਿੱਚ ਦਰਬਾਰ ਦੇ ਝੂਠ ਬੋਲਣ, ਇਹ ਵੱਡਾ ਹੀ ਫੇੜਣਾ ਫੇੜਿਆ ਨੇ ।

ਮਜਰੂਹ ਸਾਂ ਗ਼ਮਾਂ ਦੇ ਨਾਲ ਭਰਿਆ, ਮੇਰਾ ਅੱਲੜਾ ਘਾਉ ਉਚੇੜਿਆ ਨੇ ।

ਕੋਈ ਰੋਜ਼ ਜਹਾਨ ਤੇ ਵਾਉ ਲੈਣੀ, ਭਲਾ ਹੋਇਆ ਨਾ ਚਾਇ ਨਿਬੇੜਿਆ ਨੇ ।

ਆਪ ਵਾਰਸੀ ਬਣੇ ਏਸ ਵਹੁਟੜੀ ਦੇ, ਮੈਨੂੰ ਮਾਰ ਕੇ ਚਾਇ ਖਦੇੜਿਆ ਨੇ ।

ਰਾਜਾ ਪੁੱਛਦਾ ਕਰਾਂ ਮੈਂ ਕਤਲ ਸਾਰੇ, ਤੇਰੀ ਚੀਜ਼ ਨੂੰ ਜ਼ਰਾ ਜੇ ਛੇੜਿਆ ਨੇ ।

ਸੱਚ ਆਖ ਤੂੰ ਖੁਲ੍ਹ ਕੇ ਕਰਾਂ ਪੁਰਜ਼ੇ, ਕੋਈ ਬੁਰਾ ਇਸ ਨਾਲ ਜੇ ਫੇੜਿਆ ਨੇ ।

ਛਡ ਅਰਲੀਆਂ ਜੋਗ ਭਜਾਇ ਨੱਠੇ, ਪਰ ਖੂਹ ਨੂੰ ਅਜੇ ਨਾ ਗੇੜਿਆ ਨੇ ।

ਵਾਰਿਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ, ਸੁਰੇਮ ਸੁਰਮਚੂ ਨਹੀਂ ਲਿਬੇੜਿਆ ਨੇ ।

 

(ਮਜਾਉਰਨੀ=ਕਿਸੇ ਦਰਗਾਹ ਵਗੈਰਾ ਵਿੱਚ ਝਾੜੂ ਦੇਣ ਵਾਲੀ ਭਗਤਣ, ਮਜਰੂਹ=ਜ਼ਖ਼ਮੀ, ਜੋਗ=ਬਲਦਾਂ ਦੀ ਜੋੜੀ, ਖੂਹ ਨਾ ਗੇੜਿਆ=ਜਿਣਸੀ ਭੋਗ ਜਾਂ ਜਬਰ ਜਨਾਹੀ ਨਹੀਂ ਕੀਤੀ, ਗਿਰਦ=ਆਲੇ ਦੁਆਲੇ)

 

  1. ਜਵਾਬ ਰਾਜੇ ਦਾ

ਰਾਜੇ ਆਖਿਆ ਤੁਸਾਂ ਤਕਸੀਰ ਕੀਤੀ, ਏਹ ਵੱਡਾ ਫ਼ਕੀਰ ਰੰਜਾਣਿਆ ਜੇ ।

ਨਕ ਕੰਨ ਵਢਾਇਕੇ ਦਿਆਂ ਸੂਲੀ, ਐਵੇਂ ਗਈ ਇਹ ਗੱਲ ਨਾ ਜਾਣਿਆ ਜੇ ।

ਰੱਜੇ ਜਟ ਨਾ ਜਾਣਦੇ ਕਿਸੇ ਤਾਈਂ, ਤੁਸੀਂ ਅਪਣੀ ਕਦਰ ਪਛਾਣਿਆ ਜੇ ।

ਰੰਨਾਂ ਖੋਹ ਫ਼ਕੀਰਾਂ ਦੀਆਂ ਰਾਹ ਮਾਰੋ, ਤੰਬੂ ਗਰਬ ਗੁਮਾਨ ਦਾ ਤਾਣਿਆ ਜੇ ।

ਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ, ਸ਼ੈਤਾਨ ਵਾਂਗੂੰ ਜਗ ਰਾਣਿਆ ਜੇ ।

ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ, ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ ।

ਇਹ ਨਿਤ ਹੰਕਾਰ ਨਾ ਮਾਲ ਰਹਿੰਦੇ, ਕਦੀ ਮੌਤ ਤਹਿਕੀਕ ਪਛਾਣਿਆ ਜੇ ।

ਵਾਰਿਸ ਸ਼ਾਹ ਸਰਾਏ ਦੀ ਰਾਤ ਵਾਂਗੂੰ, ਦੁਨੀਆ ਖ਼ਾਬ ਖ਼ਿਆਲ ਕਰ ਜਾਣਿਆ ਜੇ ।

 

(ਰੰਜਾਣਿਆ=ਦੁਖੀ ਕੀਤਾ, ਰੰਜੀਦਾ ਕੀਤਾ, ਰਾਣਿਆ=ਮਿਥਿਆ)

 

  1. ਸ਼ਰ੍ਹਾ ਦੇ ਮਹਿਕਮੇ ਵਿੱਚ ਪੇਸ਼ੀ

ਜਦੋਂ ਸ਼ਰ੍ਹਾ ਦੇ ਆਣ ਕੇ ਰਜੂਹ ਹੋਏ, ਕਾਜ਼ੀ ਆਖਿਆ ਕਰੋ ਬਿਆਨ ਮੀਆਂ ।

ਦਿਉ ਖੋਲ੍ਹ ਸੁਣਾਇ ਕੇ ਬਾਤ ਸਾਰੀ, ਕਰਾਂ ਉਮਰ ਖ਼ਿਤਾਬ ਦਾ ਨਿਆਂ ਮੀਆਂ ।

ਖੇੜੇ ਆਖਿਆ ਹੀਰ ਸੀ ਸਾਕ ਚੰਗਾ, ਘਰ ਚੂਚਕ ਸਿਆਲ ਦੇ ਜਾਣ ਮੀਆਂ ।

ਅਜੂ ਖੇੜੇ ਦੇ ਪੁੱਤਰ ਨੂੰ ਖ਼ੈਰ ਕੀਤਾ, ਹੋਰ ਲਾ ਥੱਕੇ ਲੋਕ ਤਾਣ ਮੀਆਂ ।

ਜੰਞ ਜੋੜ ਕੇ ਅਸਾਂ ਵਿਆਹ ਲਿਆਂਦੀ, ਟਕੇ ਖ਼ਰਚ ਕੀਤੇ ਖ਼ੈਰ ਦਾਨ ਮੀਆਂ ।

ਲੱਖ ਆਦਮਾਂ ਦੇ ਢੁੱਕੀ ਲਖਮੀ ਸੀ, ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂ ।

ਦੋਦ ਰਸਮ ਕੀਤੀ, ਮੁੱਲਾਂ ਸਦ ਆਂਦਾ, ਜਿਸ ਨੂੰ ਹਿਫਜ਼ ਸੀ ਫ਼ਿਕਾ ਕੁਰਾਨ ਮੀਆਂ ।

ਮੁੱਲਾਂ ਸ਼ਾਹਦਾਂ ਨਾਲ ਵਕੀਲ ਕੀਤੇ, ਜਿਵੇਂ ਲਿਖਿਆ ਵਿੱਚ ਕੁਰਾਨ ਮੀਆਂ ।

ਅਸਾਂ ਲਾਇਕੇ ਦੰਮ ਵਿਆਹ ਆਂਦੀ, ਦੇਸ ਮੁਲਕ ਰਹਿਆ ਸਭੋ ਜਾਣ ਮੀਆਂ ।

ਰਾਵਣ ਵਾਂਗ ਲੈ ਚਲਿਆ ਸੀਤਾ ਤਾਈਂ, ਇਹ ਛੋਹਰਾ ਤੇਜ਼ ਜ਼ਬਾਨ ਮੀਆਂ ।

ਵਾਰਿਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ, ਰੱਬਾ ਜ਼ੁਮਲ ਦਾ ਰਹੇ ਈਮਾਨ ਮੀਆਂ ।

 

(ਰਜੂਹ ਹੋਏ=ਸਾਮਣੇ ਹੋਏ,ਪੇਸ਼ੀ ਹੋਈ, ਖ਼ੈਰ ਦਾਨ=ਦਾਨ ਦਿੱਤੇ, ਹਿਫ਼ਜ਼= ਮੂੰਹ ਜ਼ਬਾਨੀ ਯਾਦ, ਸ਼ਾਹਦਾਂ=ਸ਼ਾਹਦ ਦਾ ਬਹੁਵਚਨ,ਗਵਾਹ, ਜ਼ੁਮਲ=ਸਾਰੇ)

90 / 96
Previous
Next