ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ, ਕਿੱਥੋਂ ਦਾਮਨੇ ਨਾਲ ਚਮੋੜਿਆ ਜੇ ।
ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ, ਇਹ ਭੂਤਨਾ ਕਿੱਥੋਂ ਸਹੇੜਿਆ ਜੇ ।
ਸਾਰੇ ਮੁਲਕ ਜੋ ਝਗੜਦਾ ਨਾਲ ਫਿਰਿਆ, ਕਿਸੇ ਹਟਕਿਆ ਨਾਹੀਂ ਹੋੜਿਆ ਜੇ ।
ਵਾਰਿਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ, ਉਹਦਾ ਅਕਰਾ ਰਸਾ ਨਿਚੋੜਿਆ ਜੇ ।
(ਛਾਪਾ=ਕੰਡਿਆਂ ਵਾਲੀ ਡਾਲ,ਢੀਂਗਰ, ਹਟਕਿਆ ਹੋੜਿਆ=ਰੋਕਿਆ, ਅਕਰਾ=ਕੀਮਤੀ)
ਕਿਤੋਂ ਆਇਆ ਕਾਲ ਵਿੱਚ ਭੁੱਖ ਮਰਦਾ, ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ ।
ਲੋਕ ਕਰਨ ਵਿਚਾਰ ਜਵਾਨ ਬੇਟੀ, ਉਹਨੂੰ ਫ਼ਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ ।
ਛੈਲ ਨੱਢੜੀ ਵੇਖ ਕੇ ਮਗਰ ਲੱਗਾ, ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ ।
ਮਹੀਂ ਚਾਰ ਕੇ ਮੱਚਿਆ ਦਾਅਵਿਆਂ ਤੇ, ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ ।
ਮੌਜੂ ਚੌਧਰੀ ਦਾ ਪੁੱਤ ਆਖਦੇ ਸਨ, ਪਿਛਲੱਗ ਹਜ਼ਾਰੇ ਦੀਆਂ ਧੋਲੀਆਂ ਦਾ ।
ਹੱਕ ਕਰੀਂ ਜੋ ਉਮਰ ਖ਼ਿਤਾਬ ਕੀਤਾ, ਹੱਥ ਵੱਢਣਾ ਝੂਠਿਆਂ ਰੋਲੀਆਂ ਦਾ ।
ਨੌਸ਼ੀਰਵਾਂ ਗਧੇ ਦਾ ਅਦਲ ਕੀਤਾ, ਅਤੇ ਕੰਜਰੀ ਅਦਲ ਤੰਬੋਲੀਆਂ ਦਾ ।
ਨਾਦ ਖੱਪਰੀ ਠਗੀ ਦੇ ਬਾਬ ਸਾਰੇ, ਚੇਤਾ ਕਰੀਂ ਧਿਆਨ ਜੇ ਝੋਲੀਆਂ ਦਾ ।
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ, ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ ।
ਕੰਘੀ ਲੋਹੇ ਦੀ ਤਾਇ ਕੇ ਪਟੇ ਵਾਹੇ, ਸਰਦਾਰ ਹੈ ਵੱਡੇ ਕੰਬੋਲੀਆਂ ਦਾ ।
ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ, ਬਣੇ ਮੱਕਿ ਬਾਲਕਾ ਔਲੀਆਂ ਦਾ ।
ਵਾਰਿਸ ਸ਼ਾਹ ਸਭ ਐਬ ਦਾ ਰਬ ਮਹਿਰਮ, ਐਵੇਂ ਸਾਂਗ ਹੈ ਪਗੜੀਆਂ ਪੋਲੀਆਂ ਦਾ ।
(ਹਿਲਿਆ = ਗਿੱਝਾ ਹੋਇਆ, ਡੋਲੀ=ਵਿਆਹ ਦੀ ਡੋਲੀ, ਰੋਲੀ =ਰੋਲ ਮਾਰਨ ਵਾਲਾ, ਫ਼ਰੇਬੀ, ਨੌਸ਼ੀਰਵਾਂ ਆਦਲ = ਨੌਸ਼ੀਰਵਾਂ ਬਾਬਤ ਮਸ਼ਹੂਰ ਹੈ ਕਿ ਆਪਣੇ ਮਹੱਲ ਦੇ ਥੱਲੇ ਇੱਕ ਜ਼ੰਜੀਰ ਲਾਈ ਹੋਈ ਸੀ ।ਫ਼ਰਿਆਦੀ ਜਦੋਂ ਜ਼ੰਜੀਰ ਖਿਚਦਾ ਤਾਂ ਬਾਦਸ਼ਾਹ ਉਸੇ ਵੇਲੇ ਉਹਦੀ ਫ਼ਰਿਆਦ ਸੁਣਨ ਲਈ ਆ ਜਾਂਦਾ ।ਇੱਕ ਦਿਨ ਇੱਕ ਖਰਸ ਖਾਧੇ ਗਧੇ ਨੇ ਰੱਸੀ ਨਾਲ ਸਰੀਰ ਰਗੜਿਆ। ਬਾਦਸ਼ਾਹ ਨੂੰ ਖ਼ਬਰ ਮਿਲ ਗਈ ।ਉਹਨੇ ਆਕੇ ਗਧਾ ਦੇਖਿਆ ਅਤੇ ਉਹਦੇ ਮਾਲਕ ਦਾ ਪਤਾ ਕਰਕੇ ਉਹਨੂੰ ਡਾਂਟਿਆ ਅਤੇ ਗਧੇ ਦੀ ਸੰਭਾਲ ਕਰਨ ਲਈ ਖ਼ਬਰਦਾਰ ਕੀਤਾ, ਕੰਜਰੀ ਅਦਲ=ਰੰਡੀਆਂ ਦੇ ਬਜ਼ਾਰ ਵਿੱਚ ਇੱਕ ਪਾਨ ਵੇਚਣ ਵਾਲੇ ਦੀ ਦੁਕਾਨ ਸੀ । ਉਹ ਇਕੱਲਾ ਹੋਣ ਦੇ ਬਾਵਜੂਦ ਬਹੁਤ ਹਰਮਨ ਪਿਆਰਾ ਸੀ ।ਉਹਨੇ ਇੱਕ ਸਫ਼ਰ ਤੇ ਜਾਣ ਤੋਂ ਪਹਿਲਾਂ ਆਪਣੀ ਉਮਰ ਦੀ ਪੂੰਜੀ ਸੌ (ਸੋਨੇ) ਦੀਆਂ ਅਸ਼ਰਫ਼ੀਆਂ ਇੱਕ ਅਮਾਨਤਾਂ ਰੱਖਣ ਵਾਲੇ ਮਸ਼ਹੂਰ ਆਦਮੀ ਕੋਲ ਰਖ ਦਿੱਤੀਆਂ। ਵਾਪਸੀ ਤੇ ਉਹ ਪੁਰਸ਼ ਬੇਈਮਾਨ ਹੋ ਗਿਆ ਅਤੇ ਅਮਾਨਤ ਦੇਣ ਤੋਂ ਮੁੱਕਰ ਗਿਆ, ਪਾਨ ਵੇਚਣ ਵਾਲਾ ਬਹੁਤ ਦੁਖੀ ਹੋਇਆ। ਉਹਨੂੰ ਉਦਾਸ ਵੇਖ ਕੇ ਕੋਠੇ ਵਾਲੀ ਨੇ ਉਹਨੂੰ ਕਾਰਨ ਪੁੱਛਿਆ ਅਤੇ ਮਾਮਲਾ ਹਲ ਕਰਨ ਦਾ ਵਚਨ ਦਿੱਤਾ, ਉਹਨੇ ਵੀ ਅਮਾਨਤਾਂ ਰੱਖਣ ਵਾਲੇ ਨੂੰ ਕਿਹਾ ਕਿ ਮੈਂ ਬਾਹਰ ਵਾਂਢੇ ਜਾਣਾ ਹੈ ਇਸ ਲਈ ਕੁੱਝ ਮਾਲ ਦੇ ਭਰੇ ਡੱਬੇ ਤੇਰ ਖੋਲ੍ਹ ਰੱਖਣ ਲਈ ਲਿਆਵਾਂਗੀ। ਉਨ੍ਹਾਂ ਵਿੱਚ ਹੀਰੇ ਵੀ ਹਨ। ਉਸ ਕੋਲ ਜਾਣ ਤੋਂ ਪਹਿਲਾਂ ਪਾਨ ਵੇਚਣ ਵਾਲੇ ਨੂੰ ਉਹਦੇ ਕੋਲ ਭੇਜ ਦਿੱਤਾ ।ਉਹਦੇ ਹੁੰਦਿਆਂ ਉਹ ਵੀ ਚਲੀ ਗਈ। ਪਾਨ ਵਾਲੇ ਨੇ ਗੱਲ ਕੀਤੀ ।ਅਮਾਨਤ ਵਾਲੇ ਨੂੰ ਲਾਲਚ ਸੀ ਕਿ ਰੰਡੀ ਦਾ ਮਾਲ ਵਧ ਹੈ ਇਸ ਲਈ ਉਹਨੇ ਪਾਨ ਵੇਚਣ ਵਾਲੇ ਨੂੰ ਕਿਹਾ ਤੂੰ ਗਲਤ ਬਕਸਾ ਖੋਲ੍ਹਿਆ ਸੀ ਆਹ ਤੇਰਾ ਡੱਬਾ ਹਾਜ਼ਰ ਹੈ ਅਤੇ ਉਹਦਾ ਮਾਲ ਸਣੇ ਡੱਬਾ ਮੋੜ ਦਿੱਤਾ । ਉਸੇ ਵੇਲੇ ਪਹਿਲਾਂ ਮਿੱਥੇ ਅਨੁਸਾਰ ਉਹਦੀ (ਰੰਡੀ) ਦੀ ਇੱਕ ਸਹੇਲੀ ਸੁਨੇਹਾ ਲੈ ਕੇ ਆ ਗਈ ਕਿ ਉਹ ਵਾਂਢੇ ਨਾ ਜਾਵੇ, ਓਥੋਂ ਪਤਾ ਆਇਆ ਹੈ ਕਿ ਤੇਰੇ ਰਿਸ਼ਤੇਦਾਰ ਓਥੇ ਨਹੀਂ ਹੋਣਗੇ ਇਸ ਲਈ ਅਗਲੇ ਮਹੀਨੇ ਆਈਂ ।ਇਸ ਤਰ੍ਹਾਂ ਪਾਨ ਵੇਚਣ ਵਾਲੇ ਨੂੰ ਉਹਦਾ ਮਾਲ ਵਾਪਸ ਮਿਲ ਗਿਆ ਅਤੇ ਕੋਠੇ ਵਾਲੀ ਨੇ ਆਪਣਾ ਮਾਲ ਵੀ ਉਹਦੇ ਕੋਲੋ ਨਾ ਰੱਖਿਆ, ਕੰਬੋਲੀ=ਝੂਠਾ, ਪੋਲੀਆਂ ਪਗੜੀਆਂ=ਵੱਡੇ ਵੱਡੇ ਪੱਗੜਾਂ ਵਾਲੇ ਨਿਰਾ ਸਾਂਗ ਹਨ)
ਕਾਜ਼ੀ ਆਖਿਆ ਬੋਲ ਫ਼ਕੀਰ ਮੀਆਂ, ਛੱਡ ਝੂਠ ਦੇ ਦੱਬ ਦਰੇੜਿਆਂ ਨੂੰ ।
ਅਸਲ ਗੱਲ ਸੋ ਆਖ ਦਰਗਾਹ ਅੰਦਰ, ਲਾ ਤਜ਼ੱਕਰ ਝਗੜਿਆਂ ਝੇੜਿਆਂ ਨੂੰ ।
ਸਾਰੇ ਦੇਸ ਵਿੱਚ ਠਿੱਠ ਹੋ ਸਣੇ ਨੱਢੀ, ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ ।
ਪਿੱਛੇ ਮੇਲ ਕੇ ਚੋਇਆ ਰਿੜਕਿਆਈ, ਉਹ ਰੁੰਨਾਂ ਸੀ ਵਖ਼ਤ ਸਹੇੜਿਆਂ ਨੂੰ ।
ਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ, ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰ ।
ਪਹਿਲਾਂ ਸੱਦਿਆ ਆਣ ਕੇ ਦਾਅਵਿਆਂ ਤੇ, ਸਲਾਮ ਹੈ ਵਲ ਛਲਾਂ ਤੇਰਿਆਂ ਨੂੰ ।
ਆਭੂ ਭੁੰਨਦਿਆਂ ਝਾੜ ਕੇ ਚੱਬ ਚੁੱਕੋਂ, ਹੁਣ ਵਹੁਟੜੀ ਦੇਹ ਇਹ ਖੇੜਿਆਂ ਨੂੰ ।
ਆਓ ਵੇਖ ਲੌ ਸੁਣਨ ਗਿਣਨ ਵਾਲਿਉ ਵੇ, ਏਹ ਮਲਾਹ ਜੇ ਡੋਬਦੇ ਬੋੜਿਆਂ ਨੂੰ ।
ਦੁਨੀਆਂਦਾਰ ਨੂੰ ਔਰਤਾਂ ਜ਼ੁਹਦ ਫ਼ੱਕਰਾਂ, ਮੀਆਂ ਛਡ ਦੇ ਸ਼ੁਹਦਿਆਂ ਝੇੜਿਆਂ ਨੂੰ ।
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ, ਬੇਟੀ ਅਪਣੀ ਬਖ਼ਸ਼ ਦੇ ਖੇੜਿਆਂ ਨੂੰ ।
ਨਿਤ ਮਾਲ ਪਰਾਏ ਹਨ ਚੋਰ ਖਾਂਦੇ, ਇਹ ਦੱਸ ਮਸਲੇ ਰਾਹੀਂ ਭੇੜਿਆਂ ਨੂੰ ।
ਛਡ ਜਾ ਹਿਆਉ ਦੇ ਨਾਲ ਜੱਟੀ, ਨਹੀਂ ਜਾਣਸੇਂ ਦੁੱਰਿਆਂ ਮੇਰਿਆਂ ਨੂੰ ।
ਐਬੀ ਕੁਲ ਜਹਾਨ ਦੇ ਪਕੜੀਅਣਗੇ, ਵਾਰਿਸ ਸ਼ਾਹ ਫ਼ਕੀਰ ਦੇ ਫੇੜਿਆਂ ਨੂੰ ।
(ਲਾ ਤਜ਼ੱਕਰ=ਜ਼ਿਕਰ ਨਹੀਂ ਕੀਤਾ ਜਾਂਦਾ, ਆਭੂ=ਕਣਕ ਦੇ ਸਿੱਟਿਆਂ ਨੂੰ ਭੁੰਨਕੇ ਬਣਾਏ ਜਾਂ ਕਣਕ ਤੇ ਮੱਕੀ ਨੂੰ ਉਬਾਲ ਕੇ ਬਣਾਏ ਦਾਣੇ)
ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ, ਮਾਰੋ ਇਹ ਫ਼ਕੀਰ ਦਗ਼ੋਲੀਆ ਜੇ ।
ਵਿੱਚੋਂ ਚੋਰ ਤੇ ਯਾਰ ਤੇ ਲੁੱਚ ਲੁੰਡਾ, ਵੇਖੋ ਬਾਹਰੋਂ ਵਲੀ ਤੇ ਔਲੀਆ ਜੇ ।
ਦਗ਼ਾਦਾਰ ਤੇ ਝਾਗੜੂ ਕਲਾਕਾਰੀ, ਬਣ ਫ਼ਿਰੇ ਮਸ਼ਇਖ਼ ਤੇ ਔਲੀਆ ਜੇ ।
ਵਾਰਿਸ ਦਗ਼ੇ ਤੇ ਆਵੇ ਤਾਂ ਸਫ਼ਾਂ ਗਾਲੇ, ਅਖੀਂ ਮੀਟ ਬਹੇ ਜਾਪੇ ਰੌਲੀਆ ਜੇ ।
(ਦਗ਼ੋਲੀਆ=ਦਗ਼ੇਬਾਜ਼, ਮਸ਼ਾਇਖ=ਬੜੇ ਪੀਰ, ਰੌਲੀਆ=ਰਾਵਲ,ਫ਼ਕੀਰ)