ਹੀਰ ਖੋਹ ਖੇੜੇ ਚਲੇ ਵਾਹੋ ਦਾਹੀ, ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋ ।
ਉਡ ਜਾਏ ਕਿ ਨਿਘਰੇ ਗ਼ਰਕ ਹੋਵੇ, ਵੇਹਲ ਦੇਵਸ ਨਾ ਜ਼ਿਮੀਂ ਅਸਮਾਨ ਯਾਰੋ ।
ਖੇਪ ਮਾਰ ਲਏ ਖੇਤੜੇ ਸੜੇ ਬੋਹਲ, ਹੁੱਕੇ ਅਮਲੀਆਂ ਦੇ ਰੁੜ੍ਹ ਜਾਣ ਯਾਰੋ ।
ਡੋਰਾਂ ਵੇਖ ਕੇ ਮੀਰ ਸ਼ਿਕਾਰ ਰੋਵਣ, ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋ ।
ਉਹਨਾਂ ਹੋਸ਼ ਤੇ ਅਕਲ ਨਾ ਤਾਣ ਰਹਿੰਦਾ, ਸਿਰੀਂ ਜਿਨ੍ਹਾਂ ਦੇ ਪੌਣ ਵਦਾਨ ਯਾਰੋ ।
ਹੀਰ ਲਾਹ ਕੇ ਘੁੰਢ ਹੈਰਾਨ ਹੋਈ, ਸਤੀ ਚਿੱਖਾ ਦੇ ਵਿੱਚ ਮੈਦਾਨ ਯਾਰੋ ।
ਤਿੱਖਾ ਦੀਦੜਾ ਵਾਂਗ ਮਹਾ ਸਤੀ ਦੇ, ਮੱਲ ਖੜੀ ਸੀ ਇਸ਼ਕ ਮੈਦਾਨ ਯਾਰੋ ।
ਵਿੱਚ ਓਢਣੀ ਸਹਿਮ ਦੇ ਨਾਲ ਜੱਟੀ, ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋ ।
ਖੂੰਡੇ ਅਤੇ ਚੌਗਾਨ ਲੈ ਦੇਸ ਨੱਠਾ, ਵੇਖਾਂ ਕਿਹੜੇ ਫੁੰਡ ਲੈ ਜਾਣ ਯਾਰੋ ।
ਚੁਪ ਸੱਲ ਹੋ ਬੋਲਣੋਂ ਰਹੀ ਜੱਟੀ, ਬਿਨਾਂ ਰੂਹ ਦੇ ਜਿਵੇਂ ਇਨਸਾਨ ਯਾਰੋ ।
ਵਾਰਿਸ ਸ਼ਾਹ ਦੋਵੇਂ ਪਰੇਸ਼ਾਨ ਹੋਏ, ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ ।
(ਮੂੰਹ ਗੁੰਝ=ਸੋਚਦਾ, ਦੇਵਸ ਨਾ=ਦਿੰਦੇ ਨਹੀਂ, ਖੇਪ=ਲੱਦਣ ਲਈ ਤਿਆਰ ਬੋਹਲ, ਵਦਾਨ=ਵੱਡਾ ਭਾਰਾ ਹਥੌੜਾ, ਸਤੀ ਚਿਖਾ = ਚਿਖਾ ਵਿੱਚ ਸਤੀ ਹੋਣ ਵਾਲੀ ਔਰਤ ਵਾਂਗੂੰ, ਮਹਾ ਸਤੀ=ਦੁਰਗਾ,ਕਾਲੀ ਦੇਵੀ ਵਾਂਗੂੰ ਗ਼ੁੱਸੇ ਵਿੱਚ, ਕਿਰਬਾਨ=ਕਮਾਨਦਾਨ, ਸੱਲ = ਬੇਹਿਸ)
ਰਾਂਝਾ ਆਖਦਾ ਜਾਹ ਕੀ ਵੇਖਦੀ ਹੈਂ, ਬੁਰਾ ਮੌਤ ਥੀਂ ਏਹ ਵਿਜੋਗ ਹੈ ਨੀ ।
ਪਏ ਧਾੜਵੀ ਲੁਟ ਲੈ ਚੱਲੇ ਮੈਨੂੰ, ਏਹ ਦੁੱਖ ਕੀ ਜਾਣਦਾ ਲੋਗ ਹੈ ਨੀ ।
ਮਿਲੀ ਸੈਦੇ ਨੂੰ ਹੀਰ ਤੇ ਸਵਾਹ ਮੈਨੂੰ, ਤੇਰਾ ਨਾਮ ਦਾ ਅਸਾਂ ਨੂੰ ਟੋਗ ਹੈ ਨੀ ।
ਬੁੱਕਲ ਲੇਫ ਦੀ ਤੇ ਜੱਫੀ ਵਹੁਟੀਆਂ ਦੀ, ਇਹ ਰੁਤ ਸਿਆਲ ਦਾ ਭੋਗ ਹੈ ਨੀ ।
ਸੌਂਕਣ ਰੰਨ ਗਵਾਂਢ ਕੁਪੱਤਿਆਂ ਦਾ, ਭਲੇ ਮਰਦ ਦੇ ਬਾਬ ਦਾ ਰੋਗ ਹੈ ਨੀ ।
ਖ਼ੁਸ਼ੀ ਨਿਤ ਹੋਵਣ ਮਰਦ ਫੁੱਲ ਵਾਂਗੂੰ, ਘਰੀਂ ਜਿਨ੍ਹਾਂ ਦੇ ਨਿੱਤ ਦਾ ਸੋਗ ਹੈ ਨੀ ।
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ ।
ਜਿਹੜਾ ਬਿਨਾਂ ਖ਼ੁਰਾਕ ਦੇ ਕਰੇ ਕੁਸ਼ਤੀ, ਓਸ ਮਰਦ ਨੂੰ ਜਾਣੀਏ ਫੋਗ ਹੈ ਨੀ ।
ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ, ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀ ।
ਜਦੋਂ ਕਦੋਂ ਮਹਿਬੂਬ ਨਾ ਛੱਡਣਾ ਏਂ, ਕਾਲਾ ਨਾਗ ਖ਼ੁਦਾਇ ਦੇ ਜੋਗ ਹੈ ਨੀ ।
ਕਾਉਂ ਕੂੰਜ ਨੂੰ ਮਿਲੀ ਤੇ ਸ਼ੇਰ ਫਾਹਵੀ, ਵਾਰਿਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ ।
(ਟੋਗ=ਹੱਥ ਨਾ ਆਉਣ ਵਾਲਾ ਪੰਛੀ, ਰੇਸ਼ਟਾ=ਝਗੜਾ,ਧੰਦਾ)
ਬਰ ਵਕਤ ਜੇ ਫ਼ਜ਼ਲ ਦਾ ਮੀਂਹ ਵੱਸੇ, ਬੁਰਾ ਕੌਣ ਮਨਾਂਵਦਾ ਵੁੱਠਿਆਂ ਨੂੰ ।
ਲਬ ਯਾਰ ਦੇ ਆਬਿ-ਹਯਾਤ ਬਾਝੋਂ, ਕੌਣ ਜ਼ਿੰਦਗੀ ਬਖ਼ਸ਼ਦਾ ਕੁੱਠਿਆਂ ਨੂੰ ।
ਦੋਵੇਂ ਆਹ ਫ਼ਿਰਾਕ ਦੀ ਮਾਰ ਲਈਏ, ਕਰਾਮਾਤ ਮਨਾਵਸੀ ਰੁੱਠਿਆਂ ਨੂੰ ।
ਮੀਆਂ ਮਾਰ ਕੇ ਆਹ ਤੇ ਸ਼ਹਿਰ ਸਾੜੋ, ਬਾਦਸ਼ਾਹ ਜਾਣੇਂ ਅਸਾਂ ਮੁੱਠਿਆਂ ਨੂੰ ।
ਤੇਰੀ ਮੇਰੀ ਪ੍ਰੀਤ ਗਈ ਲੁੜ੍ਹ ਐਵੇਂ, ਕੌਣ ਮਿਲੈ ਹੈ ਵਾਹਰਾਂ ਛੁੱਟਿਆਂ ਨੂੰ ।
ਬਾਝ ਸੱਜਣਾਂ ਪੀੜ-ਵੰਡਾਵਿਆਂ ਦੇ, ਨਿੱਤ ਕੌਣ ਮਨਾਂਵਦਾ ਰੁੱਠਿਆਂ ਨੂੰ ।
ਬਿਨਾਂ ਤਾਲਿਆ ਨੇਕ ਦੇ ਕੌਣ ਮੋੜੇ, ਵਾਰਿਸ ਸ਼ਾਹ ਦਿਆਂ ਦਿਹਾਂ ਅਪੁੱਠਿਆਂ ਨੂੰ ।
(ਬਰ ਵਕਤ=ਮੌਕੇ ਸਿਰ,ਵੇਲੇ ਸਿਰ, ਫ਼ਜ਼ਲ=ਰਬ ਦੀ ਮਿਹਰ, ਵੁੱਠਿਆਂ= ਵਰ੍ਹਦਿਆਂ, ਲਬ-ਏ-ਯਾਰ=ਯਾਰ ਦੀਆਂ ਬੁੱਲ੍ਹੀਆਂ, ਆਬ-ਏ-ਹਯਾਤ=ਅੰਮ੍ਰਿਤ)
ਹੀਰ ਨਾਲ ਫ਼ਿਰਾਕ ਦੇ ਆਹ ਮਾਰੀ, ਰੱਬਾ ਵੇਖ ਅਸਾਡੀਆਂ ਭਖਣ ਭਾਹੀਂ ।
ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੌਹੀਂ ਰਾਹੀਂ ।
ਇੱਕੇ ਮੇਲ ਰੰਝੇਟੜਾ ਉਮਰ ਜਾਲਾਂ, ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ ।
ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ, ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ ।
(ਭਾਹ=ਅੱਗ, ਉਮਰ ਦੀ ਅਲਖ ਲਾਹੀਂ=ਉਮਰ ਖ਼ਤਮ ਕਰ, ਕਾਦਰਾ=ਰੱਬਾ)
ਰੱਬਾ ਕਹਿਰ ਪਾਈਂ ਕਹਿਰ ਸ਼ਹਿਰ ਉੱਤੇ, ਜਿਹੜਾ ਘੱਤ ਫ਼ਰਊਨ ਡੁਬਾਇਆ ਈ ।
ਜਿਹੜਾ ਨਾਜ਼ਲ ਹੋਇਆ ਜ਼ਕਰੀਏ ਤੇ, ਉਹਨੂੰ ਘੱਤ ਸ਼ਰੀਹ ਚਿਰਵਾਇਆ ਈ ।
ਜਿਹੜਾ ਪਾਇ ਕੇ ਕਹਿਰ ਦੇ ਨਾਲ ਗ਼ੁੱਸੇ, ਵਿੱਚ ਅੱਗ ਖ਼ਲੀਲ ਪਵਾਇਆ ਈ ।
ਜਿਹੜਾ ਪਾਇਕੇ ਕਹਿਰ ਤੇ ਸੁੱਟ ਤਖ਼ਤੋਂ, ਸੁਲੇਮਾਨ ਨੂੰ ਭੱਠ ਝੁਕਾਇਆ ਈ ।
ਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ, ਉਹਨੂੰ ਡੰਭਰੀ ਥੋਂ ਨਿਗਲਾਇਆ ਈ ।
ਜਿਹੜੇ ਕਹਿਰ ਤੇ ਗ਼ਜ਼ਬ ਦੀ ਪਕੜ ਕਾਤੀ, ਇਸਮਾਈਲ ਨੂੰ ਜਿਬ੍ਹਾ ਕਰਾਇਆ ਈ ।
ਜਿਹੜਾ ਘਤਿਉ ਗ਼ਜ਼ਬ ਤੇ ਵੈਰ ਗ਼ੁੱਸਾ, ਯੂਸਫ਼ ਖੂਹ ਵਿਚ ਬੰਦ ਕਰਵਾਇਆ ਈ ।
ਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ, ਇਕਸ ਨਫ਼ਰ ਤੋਂ ਕਤਲ ਕਰਾਇਆ ਈ ।
ਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ, ਇਮਾਮ ਹੁਸੈਨ ਨੂੰ ਚਾਇ ਕੁਹਾਇਆ ਈ ।
ਕੱਕੀ ਫੋਹੜੀ ਤੇਜ਼ ਜ਼ਬਾਨ ਖੋਲ੍ਹੋਂ, ਹਸਨ ਜ਼ਹਿਰ ਦੇ ਨਾਲ ਮਰਵਾਇਆ ਈ ।
ਓਹਾ ਕਹਿਰ ਘੱਤੀਂ ਏਸ ਦੇਸ ਉੱਤੇ, ਜਿਹੜਾ ਇਤਨਿਆਂ ਦੇ ਸਿਰ ਆਇਆ ਈ ।
(ਹਜ਼ਰਤ ਖ਼ਲੀਲ=(ਖ਼ਲੀਲ ਦਾ ਅਰਥ ਹੈ ਸਾਦਕ) ਆਪ ਬੁਤ ਪੂਜਾ ਵਿਰੁੱਧ ਪਰਚਾਰ ਕੀਤਾ ਕਰਦੇ ਸਨ ਅਤੇ ਰਬ ਦੀ ਭਗਤੀ ਕਰਦੇ ਸਨ। ਇੱਕ ਦਿਨ ਜਦੋਂ ਪੂਜਾ ਘਰ ਤੋਂ ਲੋਕ ਬਾਹਰ ਗਏ ਸਨ ਤੇ ਖ਼ਲੀਲ ਨੇ ਸਾਰੇ ਬੁਤ ਭੰਨ ਦਿੱਤੇ ਜਿਸ ਕਰਕੇ ਨਮਰੂਦ ਨੇ ਆਪ ਨੂੰ ਭੜਕਦੀ ਅੱਗ ਵਿੱਚ ਸੁੱਟਣ ਦਾ ਦੰਡ ਦਿੱਤਾ ।ਪਰ ਰਬ ਦੇ ਹੁਕਮ ਨਾਲ ਅੱਗ ਠੰਡੀ ਹੋ ਗਈ, ਡੰਭਰੀ = ਵੱਡੀ ਮੱਛੀ, ਸ਼ਾਹ ਮਰਦਾਂ= ਬਹਾਦਰਾਂ ਦਾ ਬਾਦਸ਼ਾਹ, ਹਜ਼ਰਤ ਅਲੀ, ਉਹਨੂੰ ਇੱਕ ਗੁਲਾਮ ਨੇ ਕਤਲ ਕਰ ਦਿੱਤਾ ਸੀ)
ਰਾਂਝੇ ਹੱਥ ਉਠਾ ਦੁਆ ਮੰਗੀ, ਤੇਰਾ ਨਾਮ ਕਹਾਰ ਜੱਬਾਰ ਸਾਈਂ ।
ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ, ਏਸ ਦੇਸ ਤੇ ਗ਼ੈਬ ਦਾ ਗ਼ਜ਼ਬ ਪਾਈ ।
ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ, ਕਿਵੇਂ ਮੁਝ ਗ਼ਰੀਬ ਥੇ ਦਾਦ ਪਾਈਂ ।
ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ, ਬੰਨੇ ਬੇੜੀਆਂ ਸਾਡੀਆਂ ਚਾ ਲਾਈਂ ।
ਵਾਰਿਸ ਸ਼ਾਹ ਪੀਰਾ ਸੁਣੀ ਕੂਕ ਸਾਡੀ, ਅੱਜੇ ਰਾਜੇ ਦੇ ਸ਼ਹਿਰ ਨੂੰ ਅੱਗ ਲਾਈਂ ।
(ਕਹਾਰ=ਕਹਿਰ ਵਰਤਾਉਣ ਵਾਲਾ, ਜੱਬਾਰ=ਜਬਰ ਕਰਨੇ ਵਾਲਾ,ਜ਼ਾਲਮ, ਨਾਉਂ ਨਿਆਉਂ=ਆਪਣੇ ਨਾਂ ਨਾਲ ਇਨਸਾਫ਼ ਕਰਨ ਲਈ)