ਜਿਵੇਂ ਇੰਦਰ ਤੇ ਕਹਿਰ ਦੀ ਨਜ਼ਰ ਕਰਕੇ, ਮਹਿਖਾਸਰੋਂ ਪੁਰੀ ਲੁਟਵਾਇਆ ਈ ।
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ, ਦੇਵ ਪੁਰੀ ਮੁਖ ਆਸਣ ਲਾਇਆ ਈ ।
ਕਹਿਰ ਕਰੀਂ ਜਿਉਂ ਭਦਰਕਾ ਕੋਹ ਮਾਰੀ, ਰੁੰਡ ਮੁੰਡ ਮੁਖਾ ਉੱਤੇ ਧਾਇਆ ਈ ।
ਰਕਤ ਬੀਜ ਮਹਿਖਾਸਰੋਂ ਲਾ ਸੱਭੇ, ਪਰਚੰਡ ਕਰ ਪਲਕ ਵਿੱਚ ਆਇਆ ਈ ।
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ, ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ ।
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਣ, ਰਾਮ ਚੰਦ ਥੋਂ ਲੰਕ ਲੁਟਵਾਇਆ ਈ ।
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਤੇ, ਚਿਖਾਬੂਹ ਦੇ ਵਿੱਚ ਕਰਵਾਇਆ ਈ ।
ਦਰੋਣਾਂ ਚਾਰਜੋਂ ਲਾਇਕੇ ਭੀਮ ਭੀਖਮ ,ਜਿਹੜਾ ਕੈਰਵਾਂ ਦੇ ਗਲ ਪਾਇਆ ਈ ।
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ, ਨਾਲ ਨਖਾਂ ਦੇ ਢਿਡ ਪੜਵਾਇਆ ਈ ।
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ, ਬੋਦਾ ਕਾਨ੍ਹ ਥੋਂ ਚਾਇ ਪੁਟਾਇਆ ਈ ।
ਘਤ ਕ੍ਰੋਪ ਜੋ ਪਾਇ ਕੁਲਖੇਤਰੇ ਨੂੰ, ਕਈ ਖੂਹਣੀ ਸੈਨਾ ਗਲਵਾਇਆ ਈ ।
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਈ, ਪੱਤ ਨਾਲ ਫਿਰ ਅੰਤ ਬਚਾਇਆ ਈ ।
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ, ਕੁੰਭ ਕਰਨ ਦੇ ਬਾਬ ਬਣਾਇਆ ਈ ।
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ, ਅਤੇ ਤਾੜਕਾ ਪਕੜ ਚਿਰਵਾਇਆ ਈ ।
ਘਤ ਕ੍ਰੋਪ ਸੁਬਾਹੂ ਮਾਰੀਚ ਮਾਰਿਉ, ਮਹਾ ਦੇਵ ਦਾ ਕੁੰਡ ਭਨਵਾਇਆ ਈ ।
ਉਹ ਕ੍ਰੋਪ ਕਰ ਜਿਹੜਾ ਏਨਿਆਂ ਤੇ, ਜੁਗਾ ਜੁਗ ਹੀ ਧੁੰਮ ਕਰਾਇਆ ਈ ।
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ, ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ ।
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ, ਧੁੰਮ ਰਾਜੇ ਦੇ ਪਾਸ ਫ਼ਿਰ ਆਇਆ ਈ ।
ਵਾਰਿਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ, ਚਾਰੋਂ ਤਰਫ਼ ਹੀ ਅੱਗ ਮਚਾਇਆ ਈ ।
(ਕ੍ਰੋਪ=ਗ਼ੁੱਸਾ, ਨਖਾਂ=ਨਹੁੰਆਂ, ਨੋਟ: ਇਸ ਬੰਦ ਵਿੱਚ ਦਿੱਤੇ ਹਵਾਲੇ ਹਿੰਦੂ ਮਿਥਿਹਾਸ ਵਿਚੋਂ ਲਏ ਗਏ ਹਨ)
ਲੱਗੀ ਅੱਗ ਚੌਤਰਫ਼ ਜਾਂ ਸ਼ਹਿਰ ਸਾਰੇ, ਕੀਤਾ ਸਾਫ਼ ਸਭ ਝੁੱਗੀਆਂ ਝਾਹੀਆਂ ਨੂੰ ।
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ, ਖ਼ਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ ।
ਲੋਕਾਂ ਆਖਿਆ ਫ਼ਕਰ ਬਦ-ਦੁਆ ਦਿੱਤੀ, ਰਾਜੇ ਭੇਜਿਆ ਤੁਰਤ ਸਿਪਾਹੀਆਂ ਨੂੰ ।
ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ, ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ ।
ਜਾ ਘੇਰ ਆਂਦੇ ਚਲੋ ਹੋਓ ਹਾਜ਼ਰ, ਖੇੜੇ ਫੜੇ ਨੇ ਵੇਖ ਲੈ ਗਾਹੀਆਂ ਨੂੰ ।
ਵਾਰਿਸ ਸੋਮ ਸਲਵਾਤ ਦੀ ਛੁਰੀ ਕੱਪੇ, ਇਹਨਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ ।
(ਝਾਹੀ=ਕੁੱਲੀ, ਜ਼ਬਤ=ਜ਼ਾਬਤਾ,ਕਾਨੂੰਨ, ਸੋਮ ਸਲਵਾਤ=ਰੋਜ਼ਾ ਨਮਾਜ਼)
ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ, ਕਰੀਂ ਜੋਗੀਆ ਖ਼ੈਰ ਦੁਆ ਮੀਆਂ ।
ਰਾਂਝੇ ਹੱਥ ਉਠਾ ਕੇ ਦੁਆ ਦਿੱਤੀ, ਤੂੰ ਹੈਂ ਜਲ ਜਲਾਲ ਖ਼ੁਦਾ ਮੀਆਂ ।
ਤੇਰੇ ਹੁਕਮ ਤੇ ਮੁਲਕ ਤੇ ਖ਼ੈਰ ਹੋਵੇ, ਤੇਰੀ ਦੂਰ ਹੋ ਕੁੱਲ ਬਲਾ ਮੀਆਂ ।
ਅੰਨ ਧੰਨ ਤੇ ਲਛਮੀ ਹੁਕਮ ਦੌਲਤ, ਨਿਤ ਹੋਵਣੀ ਦੂਣ ਸਵਾ ਮੀਆਂ ।
ਘੋੜੇ ਊਠ ਹਾਥੀ ਦਮ ਤੋਪ ਖ਼ਾਨੇ, ਹਿੰਦ ਸਿੰਧ ਤੇ ਹੁਕਮ ਚਲਾ ਮੀਆਂ ।
ਵਾਰਿਸ ਸ਼ਾਹ ਰਬ ਨਾਲ ਹਿਆ ਰੱਖੇ, ਮੀਟੀ ਮੁਠ ਹੀ ਦੇ ਲੰਘਾ ਮੀਆਂ ।
(ਜਲਜਲਾਲ=ਰੱਬ, ਸਿੰਧ=ਸਮੁੰਦਰ)
ਲੈ ਕੇ ਚਲਿਆ ਆਪਣੇ ਦੇਸ ਤਾਈਂ, ਚਲ ਨੱਢੀਏ ਰੱਬ ਵਧਾਈਏਂ ਨੀ ।
ਚੌਧਰਾਣੀਏ ਤਖ਼ਤ ਹਜ਼ਾਰੇ ਦੀਏ, ਪੰਜਾਂ ਪੀਰਾਂ ਨੇ ਆਣ ਬਹਾਈਏਂ ਨੀ ।
ਕੱਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ, ਅਤੇ ਮੁਲਕ ਪਹਾੜ ਪਹੁੰਚਾਈਏਂ ਨੀ ।
ਹੀਰ ਆਖਿਆ ਇਵੇਂ ਜੇ ਜਾ ਵੜਸਾਂ, ਰੰਨਾ ਆਖਸਣ ਉਧਲੇ ਆਈਏਂ ਨੀ ।
ਪੇਈਏ ਸਹੁਰੇ ਡੋਬ ਕੇ ਗਾਲਿਉ ਨੀ, ਖੋਹ ਕੌਣ ਨਵਾਲੀਆਂ ਆਈਏਂ ਨੀ ।
ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ, ਐਵੇਂ ਬੋਦਲੀ ਹੋਇਕੇ ਆਈਏਂ ਨੀ ।
ਘੱਤ ਜਾਦੂੜਾ ਦੇਵ ਨੇ ਪਰੀ ਠੱਗੀ, ਹੂਰ ਆਦਮੀ ਦੇ ਹੱਥ ਆਈਏਂ ਨੀ ।
ਵਾਰਿਸ ਸ਼ਾਹ ਪਰੇਮ ਦੀ ਜੜੀ ਘੱਤੀ, ਮਸਤਾਨੜੇ ਚਾਕ ਰਹਾਈਏਂ ਨੀ ।
(ਉਧਲ=ਨਿੱਕਲ ਕੇ ਆਈ,ਕੱਢ ਕੇ ਲਿਆਂਦੀ, ਅਕਦ ਨਕਾਹ=ਵਿਆਹ ਦੀ ਰਸਮ, ਬੋਦਲੀ=ਬੋਦਲੇ ਪੀਰ ਦੀ ਫ਼ਕੀਰਨੀ ਭਾਵ ਮੁਰੀਦਨੀ)
ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ, ਹੀਰ ਆਖਿਆਂ ਵੇਖ ਲੈ ਜੂਹ ਮੀਆਂ ।
ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ, ਤਕਦੀਰ ਲਾਹੇ ਵਿੱਚ ਖੂਹ ਮੀਆਂ ।
ਜਦੋਂ ਜੰਞ ਆਈ ਘਰ ਖੇੜਿਆਂ ਦੀ, ਤੂਫ਼ਾਨ ਆਇਆ ਸਿਰ ਨੂਹ ਮੀਆਂ ।
ਇਹ ਥਾਂਉ ਜਿੱਥੇ ਕੈਦੋ ਫਾਂਟਿਆ ਸੀ, ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ ।
(ਲਾਹੇ=ਉਤਾਰੇ, ਧਰੂਹ=ਧੂਹ ਕੇ)
ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ, ਨਢੀ ਹੀਰ ਨੂੰ ਚਾਕ ਲੈ ਆਇਆ ਜੇ ।
ਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ, ਪਾਣੀ ਇੱਕ ਫੂਹੀ ਨਾਹੀਂ ਲਾਇਆ ਜੇ ।
ਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ, ਜਾ ਕੇ ਨੱਢੜੀ ਨੂੰ ਘਰੀਂ ਲਿਆਇਆ ਜੇ ।
ਆਖੋ ਰਾਂਝੇ ਨੂੰ ਜੰਞ ਬਣਾ ਲਿਆਵੇ, ਬਨ੍ਹ ਸਿਹਰੇ ਡੋਲੜੀ ਪਾਇਆ ਜੇ ।
ਜੋ ਕੁੱਝ ਹੈ ਨਸੀਬ ਸੋ ਦਾਜ ਦਾਮਨ, ਸਾਥੋਂ ਤੁਸੀਂ ਭੀ ਚਾ ਲੈਜਾਇਆ ਜੇ ।
ਏਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ, ਓਧਰੋਂ ਖੇੜਿਆਂ ਦਾ ਨਾਈ ਆਇਆ ਜੇ ।
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ, ਕੋਈ ਖ਼ੈਰ ਦੇ ਪੇਚ ਨਾ ਪਾਇਆ ਜੇ ।
ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ, ਮੂੰਹ ਧੀਉ ਦਾ ਨਾ ਵਿਖਾਇਆ ਜੇ ।
ਮੁੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ, ਕੇਹਾ ਦੇਸ ਤੇ ਪੁਛਨਾ ਲਾਇਆ ਜੇ ।
ਸਾਡੀ ਧੀਉ ਦਾ ਖੋਜ ਮੁਕਾਇਆ ਜੇ, ਕੋਈ ਅਸਾਂ ਤੋਂ ਸਾਕ ਦਿਵਾਇਆ ਜੇ ।
ਓਵੇਂ ਮੋੜ ਕੇ ਨਾਈ ਨੂੰ ਟੋਰ ਦਿੱਤਾ, ਮੁੜ ਫੇਰ ਨਾ ਅਸਾਂ ਵੱਲ ਆਇਆ ਜੇ ।
ਵਾਰਿਸ ਤੁਸਾਂ ਥੋਂ ਇਹ ਉਮੀਦ ਆਹੀ, ਡੰਡੇ ਸੁਥਰਿਆਂ ਵਾਂਗ ਵਜਾਇਆ ਜੇ ।
(ਮਾਹੀਆਂ=ਮਾਹੀ ਮੁੰਡਿਆਂ, ਫੂਹੀ=ਪਾਣੀ ਦਾ ਤੁਪਕਾ, ਦਾਜ ਦਾਮਨ=ਦਾਜ, ਪੀਚ=ਖਿਚ,ਗੰਢ, ਸੁਥਰਿਆਂ ਵਾਂਗ ਡੰਡੇ ਵਜਾਉਣਾ = ਬਰਾਮਪੁਰ ਪਿੰਡ ਨਿਵਾਸੀ ਨੰਦੇ ਖ਼ਤਰੀ ਦੇ ਘਰ ਇੱਕ ਬਾਲਕ ਦੰਦਾਂ ਸਮੇਤ ਜਨਮਿਆਂ, ਜਿਸ ਨੂੰ ਜੋਤਸ਼ੀਆਂ ਨੇ ਵਿਘਨਕਾਰੀ ਕਹਿ ਕੇ ਬਾਹਰ ਸੁਟ ਦਿੱਤਾ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਤੋਂ ਪਰਤ ਰਹੇ ਸਨ। ਉਨ੍ਹਾਂ ਨੇ ਬਾਲਕ ਨੂੰ ਵੇਖ ਕੇ ਸੰਭਾਲ ਲਿਆ ਅਤੇ ਬੜੇ ਯਤਨਾਂ ਨਾਲ ਪਾਲਿਆ ਅਤੇ ਇਹਦਾ ਨਾਉਂ 'ਸੁਥਰਾ' ਰੱਖਿਆ, ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਰਿਹਾ । ਸੁਥਰੇ ਸ਼ਾਹ ਦੀਆਂ ਹਾਸਰਸ ਦੀਆਂ ਬਹੁਤ ਕਹਾਣੀਆਂ ਮਸ਼ਹੂਰ ਹਨ।ਦਿੱਲੀ ਦੇ ਹਾਕਮਾਂ ਤੋਂ ਇਸਨੇ ਪੈਸਾ ਹੱਟੀ ਉਗਰਾਹਨ ਦਾ ਹੁਕਮ ਪਰਾਪਤ ਕੀਤਾ ।ਹੁਣ ਸੁਥਰੇ ਸਿੱਖ ਧਰਮ ਭੁਲ ਗਏ ਹਨ ਅਤੇ ਡੰਡੇ ਵਜਾਕੇ ਹੱਟੀਆਂ ਤੋਂ ਮੰਗਕੇ ਖਾਂਦੇ ਹਨ)