ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ, ਰਾਂਝਾ ਨਾਲ ਹੀ ਘਰੀਂ ਮੰਗਾਇਉ ਨੇ ।
ਲਾਹ ਮੁੰਦਰਾਂ ਜਟਾਂ ਮੁਨਾਇ ਸੁੱਟੀਆਂ, ਸਿਰ ਸੋਹਣੀ ਪੱਗ ਬਨ੍ਹਾਇਉ ਨੇ ।
ਘਿਨ ਘੱਤ ਕੇ ਖੰਡ ਤੇ ਦੁੱਧ ਚਾਵਲ, ਅੱਗੇ ਰਖ ਪਲੰਘ ਬਹਾਇਉ ਨੇ ।
ਯਾਕੂਬ ਦੇ ਪਿਆਰੜੇ ਪੁਤ ਵਾਂਗੂੰ, ਕੱਢ ਖੂਹ ਥੀਂ ਤਖ਼ਤ ਬਹਾਇਉ ਨੇ ।
ਜਾ ਭਾਈਆਂ ਦੀ ਜੰਞ ਜੋੜ ਲਿਆਵੀਂ, ਅੰਦਰ ਵਾੜ ਕੇ ਬਹੁਤ ਸਮਝਾਇਉ ਨੇ ।
ਨਾਲ ਦੇਇ ਲਾਗੀ ਖ਼ੁਸ਼ੀ ਹੋ ਸਭਨਾਂ, ਤਰਫ਼ ਘਰਾਂ ਦੇ ਓਸ ਪਹੁੰਚਾਇਉ ਨੇ ।
ਭਾਈਚਾਰੇ ਨੂੰ ਮੇਲ ਬਹਾਇਉ ਨੇ, ਸਭੋ ਹਾਲ ਅਹਿਵਾਲ ਸੁਣਾਇਉ ਨੇ ।
ਵੇਖੋ ਦਗ਼ੇ ਦੇ ਫੰਦ ਲਾਇਉ ਨੇ, ਧੀਉ ਮਾਰਨ ਦਾ ਮਤਾ ਪਕਾਇਉ ਨੇ ।
ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇ, ਵੇਖ ਨਵਾਂ ਪਾਖੰਡ ਰਚਾਇਉ ਨੇ ।
(ਯਾਕੂਬ ਦਾ ਪੁੱਤਰ=ਯੂਸਫ਼, ਫੰਦ=ਜਾਲ)
ਰਾਂਝੇ ਜਾਇ ਕੇ ਘਰੇ ਆਰਾਮ ਕੀਤਾ, ਗੰਢ ਫੇਰੀਆ ਸੂ ਵਿੱਚ ਭਾਈਆਂ ਦੇ ।
ਸਾਰਾ ਕੋੜਮਾ ਆਇਕੇ ਗਿਰਦ ਹੋਇਆ, ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇ ।
ਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ, ਹੀਰ ਲਈ ਹੈ ਨਾਲ ਦੁਆਈਆਂ ਦੇ ।
ਜੰਞ ਜੋੜ ਕੇ ਰਾਂਝੇ ਤਿਆਰ ਕੀਤੀ, ਟਮਕ ਚਾ ਬੱਧੇ ਮਗਰ ਨਾਈਆਂ ਦੇ ।
ਵਾਜੇ ਦੱਖਣੀ ਧਰੱਗਾਂ ਦੇ ਨਾਲ ਵੱਜਣ, ਲਖ ਰੰਗ ਛੈਣੇ ਸਰਨਾਈਆਂ ਦੇ ।
ਵਾਰਿਸ ਸ਼ਾਹ ਵਸਾਹ ਕੀ ਜੀਊਣੇ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ ।
(ਗੰਢ ਫੇਰੀ=ਵਿਆਹ ਦਾ ਸੱਤਾ ਦਿੱਤਾ, ਕੋੜਮਾ=ਖ਼ਾਨਦਾਨ, ਧਰੱਗ=ਢੋਲ, ਸਰਨਾਈਆਂ=ਬੈਗ ਪਾਈਪਾਂ, ਮਸ਼ਕ ਵਰਗੀਆਂ ਬੀਨਾਂ)
ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ, ਭਲੇ ਆਦਮੀ ਗ਼ੈਰਤਾਂ ਪਾਲਦੇ ਨੀ ।
ਯਾਰੋ ਗਲ ਮਸ਼ਹੂਰ ਜਹਾਨ ਉੱਤੇ, ਸਾਨੂੰ ਮੇਹਣੇ ਹੀਰ ਲਿਆਲ ਦੇ ਨੀ ।
ਪੱਤ ਰਹੇਗੀ ਨਾ ਜੇ ਟੋਰ ਦਿੱਤੀ, ਨੱਢੀ ਨਾਲ ਮੁੰਡੇ ਮਹੀਂਵਾਲ ਦੇ ਨੀ ।
ਫਟ ਜੀਭ ਦੇ ਕਾਲਖ ਬੇਟੀਆਂ ਦੀ, ਐਬ ਜੁਆਨੀ ਦੇ ਮੇਹਣੇ ਗਾਲ੍ਹ ਦੇ ਨੀ ।
ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ, ਦਗ਼ਾ ਕਰਨ ਜੋ ਮਹਿਰਮ ਹਾਲ ਦੇ ਨੀ ।
ਕਬਰ ਵਿੱਚ ਦਾਉਸ ਖ਼ਨਜ਼ੀਰ ਹੋਸਣ, ਜਿਹੜੇ ਲਾਡ ਕਰਨ ਧਨ ਮਾਲ ਦੇ ਨੀ ।
ਔਰਤ ਆਪਣੀ ਕੋਲ ਜੇ ਗ਼ੈਰ ਵੇਖਣ, ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਨੀ ।
ਮੂੰਹ ਤਿੰਨ੍ਹਾਂ ਦਾ ਵੇਖਣਾ ਖ਼ੂਕ ਵਾਂਗੂੰ, ਕਤਲ ਕਰਨ ਰਫ਼ੀਕ ਜੋ ਨਾਲ ਦੇ ਨੀ ।
ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਈ, ਅਮਲ ਕਰਨ ਜੋ ਉਹ ਚੰਡਾਲ ਦੇ ਨੀ ।
ਹੋਏ ਚੂਹੜਾ ਤੁਰਕ ਹਰਾਮ ਮੁਸਲਮ, ਮੁਸਲਮਾਨ ਸਭ ਓਸ ਦੇ ਨਾਲ ਦੇ ਨੀ ।
ਦੌਲਤਮੰਦ ਦੇਉਸ ਦੀ ਤਰਕ ਸੁਹਬਤ, ਮਗਰ ਲੱਗੀਏ ਨੇਕ ਕੰਗਾਲ ਦੇ ਨੀ ।
ਕੋਈ ਕਚਕੜਾ ਲਾਲ ਨਾ ਹੋ ਜਾਂਦਾ, ਜੇ ਪਰੋਈਏ ਨਾਲ ਉਹ ਲਾਲ ਦੇ ਨੀ ।
ਜ਼ਹਿਰ ਦੇ ਕੇ ਮਾਰੀਏ ਨੱਢੜੀ ਨੂੰ, ਗੁਨਾਹਗਾਰ ਹੋ ਜਲਜਲਾਲ ਦੇ ਨੀ ।
ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ, ਇਹ ਪੇਖਨੇ ਓਸ ਦੇ ਖ਼ਿਆਲ ਦੇ ਨੀ ।
ਬਦ-ਅਮਲੀਆਂ' ਜਿਨ੍ਹਾਂ ਥੋਂ ਕਰੇਂ ਚੋਰੀ, ਮਹਿਰਮ ਹਾਲ ਤੇਰੇ ਵਾਲ ਵਾਲ ਦੇ ਨੀ ।
ਸਾਨੂੰ ਜੰਨਤੀਂ ਸਾਥ ਰਲਾਉਨਾ ਏਂ, ਅਸਾਂ ਆਸਰੇ ਫਜ਼ਲ ਕਮਾਲ ਦੇ ਨੀ ।
ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੀਅਨਗੇ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੇ ਨੀ ।
(ਗ਼ੈਰਤ=ਅਣਖ, ਮਹੀਂਵਾਲ=ਮਝਾਂ ਚਾਰਨ ਵਾਲਾ, ਖ਼ਨਜ਼ੀਰ=ਸੂਰ, ਖ਼ੂਕ=ਸੂਰ, ਧਨ=ਔਰਤ, ਰਫ਼ੀਕ=ਸਾਥੀ, ਚੰਡਾਲ=ਜ਼ਾਲਮ, ਤਰਕ ਹਰਾਮ=ਹਰਾਮ ਖਾਣਾ ਛਡ ਦੇਣਾ, ਬਦ ਅਮਲੀਆਂ=ਮਾੜੇ ਕੰਮ ਕਰਨ ਵਾਲਿਆਂ)
ਹੀਰ ਜਾਨੇ-ਬਹੱਕ ਤਸਲੀਮ ਹੋਈ, ਸਿਆਲਾਂ ਦਫ਼ਨਾ ਕੇ ਖ਼ਤ ਲਿਖਾਇਆ ਈ ।
ਵਲੀ ਗ਼ੌਸ ਤੇ ਕੁਤਬ ਸਭ ਖ਼ਤਮ ਹੋਏ, ਮੌਤ ਸੱਚ ਹੈ ਰੱਬ ਫ਼ੁਰਮਾਇਆ ਈ ।
'ਕੁਲ ਸ਼ੈਅਨ ਹਾਲਿਕੁਲ ਇੱਲਾ ਵਜ ਹਾ ਹੂ', ਹੁਕਮ ਵਿੱਚ ਕੁਰਾਨ ਦੇ ਆਇਆ ਈ ।
ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ, ਇਹ ਧੁਰੋਂ ਹੀ ਹੁੰਦੜਾ ਆਇਆ ਈ ।
ਅਸਾਂ ਹੋਰ ਉਮੀਦ ਸੀ ਹੋਰ ਹੋਈ, ਖ਼ਾਲੀ ਜਾਏ ਉਮੀਦ ਫ਼ੁਰਮਾਇਆ ਈ ।
ਇਹ ਰਜ਼ਾ ਕਤਈ ਨਾ ਟਲੇ ਹਰਗਿਜ਼, ਲਿਖ ਆਦਮੀ ਤੁਰਤ ਭਜਾਇਆ ਈ ।
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ, ਖ਼ਤ ਰੋਇਕੇ ਹੱਥ ਫੜਾਇਆ ਈ ।
ਇਹ ਰੋਵਣਾ ਖ਼ਬਰ ਕੀ ਲਿਆਇਆ ਏ, ਮੂੰਹ ਕਾਸ ਥੋਂ ਬੁਰਾ ਬਣਾਇਆ ਈ ।
ਮਾਜ਼ੂਲ ਹੋਇਉਂ ਤਖ਼ਤ ਜ਼ਿੰਦਗੀ ਥੋਂ, ਫ਼ਰਮਾਨ ਤਗ਼ੱਈਅਰ ਦਾ ਆਇਆ ਈ ।
ਮੇਰੇ ਮਾਲ ਨੂੰ ਖ਼ੈਰ ਹੈ ਕਾਸਦਾ ਓ, ਆਖ ਕਾਸਨੂੰ ਡੁਸਕਣਾ ਲਾਇਆ ਈ ।
ਤੇਰੇ ਮਾਲ ਨੂੰ ਧਾੜਵੀ ਉਹ ਪਿਆ, ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ ।
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਭਿਜਵਾਇਆ ਈ ।
ਵਾਰਿਸ ਸ਼ਾਹ ਮੀਆਂ ਗੱਲ ਠੀਕ ਜਾਣੀਂ, ਤੈਥੇ ਕੂਚ ਦਾ ਆਦਮੀ ਆਇਆ ਈ ।
(ਜਾਨੇ-ਬਹੱਕ ਤਸਲੀਮ=ਮਰ ਗਈ, ਕੁਲ ਸ਼ੈਅਨ ਹਾਲਿਕੁਲ ਇੱਲਾ ਵਜ ਹਾ ਹੂ= ਹਰ ਸ਼ੈ ਹਲਾਕ ਹੋ ਜਾਏਗੀ ਸਿਵਾ ਉਸ ਦੇ ਜਿਹਦੇ ਵਲ ਰਬ ਦੀ ਤਵੱਜੋ ਹੈ, ਮਾਜ਼ੂਲ ਹੋਇਉਂ ਤਖ਼ਤ=ਗੱਦੀ ਤੋਂ ਲਾਹ ਦਿੱਤਾ, ਤਗ਼ੱਈਅਰ =ਬਦਲੀ, ਡੁਸਕਣਾ =ਰੋਣਾ)
ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ, ਜਾਨ ਗਈ ਸੂ ਹੋ ਹਵਾ ਮੀਆਂ ।
ਦੋਵੇਂ ਦਾਰੇ ਫ਼ਨਾ ਥੀਂ ਗਏ ਸਾਬਤ, ਜਾ ਰੁੱਪੇ ਨੇ ਦਾਰੇ ਬਕਾ ਮੀਆਂ ।
ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਹਾ ਮੀਆਂ ।
ਵਾਰਿਸ ਸ਼ਾਹ ਇਸ ਖ਼ਾਬ ਸਰਾਏ ਅੰਦਰ, ਕਈ ਵਾਜੜੇ ਗਏ ਵਜਾ ਮੀਆਂ ।
(ਦਾਰ-ਏ-ਫ਼ਨਾ=ਮੌਤ ਦਾ ਘਰ,ਇਹ ਦੁਨੀਆਂ, ਦਾਰ-ਏ-ਬਕਾ=ਸਦਾ ਰਹਿਣ ਵਾਲੀ ਦੁਨੀਆਂ,ਅਗਲਾ ਜਹਾਨ ਰਾਹ ਮਜਾਜ਼ = ਇਸ਼ਕ ਮਜਾਜ਼ੀ ਭਾਵ ਦੁਨਿਆਵੀ ਪਿਆਰ ਦੇ ਰਾਹ, ਸਾਬਤ=ਕਾਇਮ,ਪੱਕੇ, ਵਹਾ ਗਏ= ਕਟ ਗਏ)