ਇਹਨਾਂ ਵਿੱਚੋਂ ਜਦੋਂ ਵੀ ਕਿਸੇ ਨੇ ਆਪਣੀਆਂ ਨਿੱਜੀ ਗੱਲਾਂ ਸਾਂਝੀਆਂ ਕੀਤੀਆਂ ਤਾਂ ਹਮੇਸ਼ਾ ਇਹੀ ਕਿਹਾ ਕਿ ਮੇਰਾ ਫਾਇਦਾ ਉਠਾਇਆ ਗਿਆ, ਮੈਨੂੰ ਵਰਤਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੈਨੂੰ ਨਹੀਂ ਯਾਦ ਕਿ ਕਿਸੇ ਔਰਤ ਨੇ ਜਾਂ ਸ਼ਾਇਦ ਇੱਕ ਨੇ ਕਿਹਾ ਹੋਵੇ ਕਿ ਮੈਨੂੰ ਲੋੜ ਸੀ ਤਾਂ ਮੈਂ ਇਹ ਕੀਤਾ ਜਾਂ ਮੈਂ ਕਿਸੇ ਕੋਲ ਚਲੀ ਗਈ। ਇਹ ਗੱਲਾਂ ਜਦੋਂ ਮੇਰੇ ਦਿਮਾਗ਼ ਵਿੱਚ ਤੁਰਦੀਆਂ ਹਨ ਤਾਂ ਉਹ ਗੱਲ ਜੋ ਮੈਨੂੰ ਸਭ ਤੋਂ ਵੱਧ ਤੰਗ ਕਰਦੀ ਹੈ, ਵਾਰ ਵਾਰ ਬੁਰੀ ਤਰ੍ਹਾਂ ਯਾਦ ਆਉਣ ਲੱਗਦੀ ਹੈ। ਵੈਸੇ ਤਾਂ ਉਹ ਗੱਲ ਮੈਨੂੰ ਭੁੱਲਦੀ ਹੀ ਨਹੀਂ ਪਰ ਫੇਰ ਤਕਲੀਫ ਵਧ ਜਾਂਦੀ ਹੈ। ਮੈਂ ਆਪਣੇ ਅੰਦਰ ਅਜੀਬ ਤਰ੍ਹਾਂ ਦਾ ਗੁੱਸਾ ਤੇ ਖਿਝ ਮਹਿਸੂਸ ਕਰਦਾ ਹਾਂ। ਜੋ ਅੱਜ ਤੱਕ ਦੀ ਪੂਰੀ ਲਾਈਫ ਵਿੱਚ ਕਦੇ ਵੀ ਨਹੀਂ ਕੀਤੀ।
ਮੈਂ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਦੱਸੀਆਂ। ਖ਼ਾਸ ਕਰ ਮੇਰੇ ਤੇ ਸਿਫਤੀ ਬਾਰੇ ਉਹ ਗੱਲ ਜਿਹੜੀ ਮੇਰੇ ਗਲੇ 'ਚ ਫਸੀ ਪਈ ਹੈ। ਜਿਸ ਨੂੰ ਨਾ ਮੈਂ ਕਹਿ ਸਕਦਾ ਹਾਂ ਨਾ ਰਹਿ ਸਕਦਾ ਹਾਂ। ਇਹ ਸਭ ਸਾਂਝਾ ਕਰਨਾ ਨੰਗੇ ਹੋਣ ਵਰਗਾ ਹੈ। ਕਿਉਂ ਕਿ ਇਹ ਹੁਣ ਸਿਰਫ਼ ਉਸ ਦਾ ਨਹੀਂ ਰਿਹਾ। ਮੈਂ ਉਸ ਨੂੰ ਏਨੀ ਜ਼ਿਆਦਾ ਆਪਣੀ ਮਹਿਸੂਸ ਕਰਦਾ ਹਾਂ, ਕਿ ਮੈਨੂੰ ਆਪਣੇ ਤੇ ਉਸ ਵਿੱਚ ਕੋਈ ਫ਼ਰਕ ਨਹੀਂ ਲੱਗਦਾ। ਮੈਨੂੰ ਲੱਗਦਾ ਹੈ ਕਿ ਜੇਕਰ ਉਸ ਦੀ ਕੋਈ ਬੁਰਾਈ, ਮੈਂ ਕਰਦਾ ਹਾਂ, ਤਾਂ ਆਪਣੀ ਹੀ ਕਰ ਰਿਹਾ ਹਾਂ ਪਰ ਇਹ ਲਗਾਤਾਰ ਮੈਨੂੰ ਤੰਗ ਕਰ ਰਿਹਾ ਹੈ। ਮੈਨੂੰ ਕਦੇ ਵੀ ਹੁਣ ਤੱਕ, ਕਿਸੇ ਗੱਲ ਨੇ ਇਸ ਤਰ੍ਹਾਂ ਤੰਗ ਨਹੀਂ ਕੀਤਾ। ਜਿਸ ਨੂੰ ਸੋਚ ਕੇ ਮੈਂ ਮਹਿਸੂਸ ਕਰਾਂ ਕਿ ਇਹ ਗੱਲ ਜੇਕਰ ਮੈਂ ਕਿਸੇ ਨੂੰ ਦੱਸ ਦੇਵਾਂ ਤਾਂ ਹਲਕਾ ਹੋ ਜਾਵਾਂਗਾ। ਮੈਂ ਸਾਰੇ ਕੌੜੇ ਜਾਂ ਬੁਰੇ ਸੱਚ ਚੁੱਪ-ਚਾਪ ਆਪਣੇ ਕੋਲ ਲੁਕਾਉਂਦਾ ਆਇਆ ਹਾਂ। ਬਹੁਤੇ ਵਾਰ ਮੈਂ ਫੀਲ ਕਰਦਾ ਹਾਂ, ਮੈਂ ਕੋਈ ਖੂਹ ਹਾਂ। ਲੋਕ ਆਉਂਦੇ ਹਨ, ਮੇਰੀ ਮੌਣ ਤੇ ਖੜ੍ਹਦੇ ਹਨ, ਮੇਰੇ ਵਿੱਚ ਝਾਕਦੇ ਹਨ। ਆਪਣਾ ਚਿਹਰਾ ਇਸ ਖੂਹ ਵਿੱਚ ਲਮਕਾ ਕੇ ਆਪਣੀਆਂ ਤਕਲੀਫ਼ਾਂ ਕਹਿੰਦੇ ਹਨ ਤੇ ਚਲੇ ਜਾਂਦੇ ਹਨ। ਇਸ ਬਾਅਦ ਇਹ ਸਭ ਕਿਹਾ ਹੋਇਆ ਅਲੋਪ ਹੋ ਜਾਂਦਾ ਹੈ ਪਰ ਮੈਨੂੰ ਤੰਗ ਨਹੀਂ ਕਰਦਾ।
ਪਰ ਉਹ ਗੱਲ ਜੋ ਮੈਨੂੰ ਸਭ ਤੋਂ ਵੱਧ ਤੰਗ ਕਰਦੀ ਹੈ। ਕਿਵੇਂ ਕਹਾਂ। ਹਾਂ ਪਰ ਜਦੋਂ ਮੈਂ ਇਹ ਸੋਚਦਾ ਹਾਂ ਕਿ ਕਿਸੇ ਦਿਨ ਇਹ ਹੋ ਜਾਣਾ। ਮੈਂ ਆਤਮਿਕ ਆਦਮੀ ਹਾਂ। ਮੈਨੂੰ ਪਤਾ ਹੈ। ਕੁਦਰਤ ਸਾਡੇ ਸਭ ਦੇ ਕਿੰਨੇ ਹੀ ਔਗੁਣ ਢੱਕ ਕੇ ਰੱਖਦੀ ਹੈ। ਸਾਨੂੰ ਕਿਸੇ ਦਾ ਪਰਦਾ ਨਹੀਂ ਚੱਕਣਾ ਚਾਹੀਦਾ। ਅਸੀਂ ਸਭ ਹੀ ਬੁਰੇ ਹਾਂ ਪਰ ਕਿਸੇ ਦਿਨ ਮੈਨੂੰ ਇਹ ਕਰਨਾ ਪਵੇਗਾ। ਇਹ ਕਿਸੇ ਦੀ ਹੱਤਿਆ ਕਰਨ ਵਾਂਗ ਹੈ, ਤੇ