ਫਿਰ ਆਪਣਾ ਮਹਿਬੂਬ। ਮਹਿਬੂਬ ਸ਼ਬਦ ਲੋਕ ਵਰਤਦੇ ਹਨ। ਉਹਨਾਂ ਨੂੰ ਇਸ ਦਾ ਅਰਥ ਨਹੀਂ ਪਤਾ। ਮੈਨੂੰ ਪਤਾ ਹੈ। ਪ੍ਰਮਾਤਮਾ ਕੋਲ ਤੇ ਮਹਿਬੂਬ ਕੋਲ ਝੂਠ ਬੋਲਣਾ ਇੱਕੋ ਜਿਹੇ ਗੁਨਾਹ ਹਨ। ਪ੍ਰਮਾਤਮਾ ਦੇ ਨਾਮ ਤੇ ਜਾਂ ਪਿਆਰ ਦੇ ਨਾਮ ਤੇ ਕਿਸੇ ਨਾਲ ਫਰੇਬ ਕਰਨਾ ਇੱਕੋ ਜਿਹੇ ਪਾਪ ਹਨ ਪਰ ਪਿਆਰ ਨੂੰ ਲੋਕਾਂ ਨੇ ਮਖੌਲ ਬਣਾਇਆ ਹੋਇਆ। ਦਰਅਸਲ ਮਖ਼ੌਲ ਵੀ ਨਹੀਂ। ਉਹ ਇੱਕ ਵਕਤੀ ਆਕਰਸ਼ਣ ਨੂੰ ਪਿਆਰ ਸਮਝ ਲੈਂਦੇ ਹਨ। ਪਿਆਰ ਆਕਰਸ਼ਣ ਤੋਂ ਅਗਾਂਹ ਦੀ ਗੱਲ ਹੈ। ਉਸ ਤੋਂ ਅੱਗੇ ਮੁਹੱਬਤ ਹੈ। ਫਿਰ ਸਿਦਕ ਹੈ। ਫੇਰ ਇਬਾਦਤ ਹੈ। ਫਿਰ ਜਾ ਕੇ ਇਹ ਇਸ਼ਕ ਬਣਦਾ ਹੈ। ਓਥੇ ਜਾ ਕੇ ਪਿਆਰ ਪ੍ਰਮਾਤਮਾ ਹੁੰਦਾ ਹੈ। ਏਥੇ ਸਭ ਨੇ ਬਿਸਤਰਿਆਂ 'ਚ ਲਿਟਣ ਨੂੰ ਪਿਆਰ ਬਣਾ ਲਿਆ ਹੈ।
ਮੈਂ ਕਦੇ ਨਹੀਂ ਸੋਚਿਆ ਕਿ ਮੈਂ ਉਸ ਦੇ ਕਿਸੇ ਵੀ ਦੁੱਖ ਦਾ ਸਬੱਬ ਬਣਾਂਗਾ ਪਰ ਉਸ ਨੇ ਮੈਨੂੰ ਮਜਬੂਰ ਕੀਤਾ। ਮੈਂ ਤਾਂ ਉਸ ਦਾ ਸੱਚ ਕਹਿਣ ਨੂੰ ਵੀ ਏਨੀ ਵੱਡੀ ਗੱਲ ਸਮਝਦਾ ਹਾਂ, ਕਿ ਮੈਨੂੰ ਲੱਗਦਾ ਹੈ। ਜਦੋਂ ਮੈਂ ਇਹ ਭੇਤ ਕਹਾਂਗਾ, ਤਾਂ ਇਹ ਇਸ ਤਰ੍ਹਾਂ ਹੈ ਕਿ ਕਈ ਆਪਣੇ ਹੀ ਮਹਿਬੂਬ ਦੀ ਖੱਲ ਉਤਾਰ ਰਿਹਾ ਹੋਵੇ। ਇਹ ਕਿੰਨਾ ਔਖਾ ਹੈ ਪਰ ਉਸ ਨੇ ਮੈਨੂੰ ਉਸ ਥਾਂ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਮੇਰੇ ਕੋਲ ਕੋਈ ਰਾਹ ਨਹੀਂ ਹੈ।
ਮੇਰਾ ਇੱਕ ਦੋਸਤ ਹੈ। ਉਸ ਨੇ ਮੈਨੂੰ ਇਹ ਵੀ ਕਿਹਾ ਕਿ ਮੈਂ ਚੁੱਪ ਰਹਾਂ। ਕੁਝ ਨਾ ਕਹਾਂ ਪਰ ਮੈਂ ਉਸ ਨੂੰ ਇਹ ਸਵਾਲ ਪੁੱਛਿਆ ਕਿ ਕੀ ਕਿਸੇ ਨੂੰ ਉਸ ਦੀ ਗਲਤੀ ਸਿਰਫ ਇਸ ਕਰਕੇ ਮੁਆਫ਼ ਕਰ ਦੇਣੀ ਚਾਹੀਦੀ ਹੈ ਕਿ ਉਹ ਇੱਕ ਔਰਤ ਹੈ। ਇਸ ਦਾ ਮਤਲਬ ਔਰਤ ਕੁਝ ਵੀ ਕਰਦੀ ਰਹੇ। ਜਾਂ ਇਹ ਕਹਿ ਲਈਏ ਕਿ ਔਰਤਾਂ ਹਰ ਤਰ੍ਹਾਂ ਦੀ ਘਟੀਆ ਗੱਲ ਕਰਨ ਲਈ ਆਜ਼ਾਦ ਹਨ। ਮੇਰੇ ਇਸ ਸਵਾਲ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ।
ਇਹ ਕਹਿਣ ਬਾਅਦ ਵਿਮਲ ਚੁੱਪ ਕਰ ਗਿਆ ਤੇ ਆਪਣੇ ਹੱਥ ਵੇਖਣ ਲੱਗਿਆ। ਕੁਝ ਦੇਰ ਰੁਕ ਕੇ ਬੋਲਿਆ: ਲੋਕ ਕਹਿੰਦੇ ਨੇ ਮੇਰੇ ਹੱਥ ਬਹੁਤ ਸੋਹਣੇ ਹਨ। ਹੁਣ ਮੈਂ ਅਕਸਰ ਇਹ ਸੋਚਦਾ ਹਾਂ। ਇਹ ਹੱਥ ਜਿਹੜੇ ਰਬਾਬ ਵਜਾਉਂਦੇ ਹਨ। ਇਹ ਸੋਹਣੇ ਹੱਥ ਜਿਨਾਂ ਨੂੰ ਮੇਰੇ ਮਿਲਣ ਵਾਲੇ ਫੜ ਕੇ ਚੁੰਮ ਕੇ ਮੱਥੇ ਨਾਲ ਲਾਉਂਦੇ ਹਨ। ਇਹਨਾਂ ਹੱਥਾਂ ਨਾਲ ਮੈਂ ਉਸ ਔਰਤ ਦੀ ਖੱਲ ਉਤਾਰਾਂਗਾ ? ਜਿਹੜੀ ਨੂੰ ਮੈਂ ਸਭ ਤੋਂ ਵੱਧ ਪਿਆਰ ਕੀਤਾ। ਮੈਂ ਬਹੁਤ ਵਾਰ ਸੋਚਦਾ ਹਾਂ ਕਿ ਜੇ ਮੈਂ ਏਨਾ ਕੁ ਅਵੇਅਰ ਨਾ ਹੁੰਦਾ ਜਿੰਨਾ ਹੁਣ ਹਾਂ। ਮੈਂ ਨਿਸ਼ਚਿਤ ਤੌਰ ਤੇ ਉਸ ਨੂੰ ਮਾਰ ਦਿੰਦਾ