ਥੋੜ੍ਹੇ ਜਿਹੇ ਵਾਲ ਆਪਣੇ ਹੱਥ ਨਾਲ਼ ਪਾਸੇ ਕਰਦੀ ਹੈ, ਤੇ ਫਿਰ ਬੋਲਦੀ ਹੈ:
ਤੈਨੂੰ ਓਹਨੇ ਕਿਹਾ ਸੀ ਨਾ। ਤੈਨੂੰ ਓਹ ਔਰਤ ਨਹੀਂ ਮਿਲੇਗੀ। ਜਿਹੜੀ ਤੂੰ ਲੱਭ ਰਿਹਾਂ। ਤੂੰ ਮੂਰਖ ਹੈਂ। ਤੂੰ ਸੰਤ ਔਰਤ ਲੱਭਦੈਂ। ਉਹ ਵੀ ਪਿਆਰ ਕਰਨ ਲਈ। ਸੰਤ ਆਦਮੀ ਘਰ ਛੱਡ ਜਾਂਦੇ ਹਨ। ਸੰਤ ਆਦਮੀ ਔਰਤਾਂ ਛੱਡ ਜਾਂਦੇ ਹਨ। ਸੰਤ ਔਰਤਾਂ ਦਾ ਤੈਨੂੰ ਪਤੈ ਕੁਝ।
ਮੈਨੂੰ ਕੁਝ ਨਹੀਂ ਪਤਾ
ਮੈਂ ਇੰਨਾ ਹੀ ਜਵਾਬ ਦਿੱਤਾ ਓਸ ਨੇ ਕਿਹਾ। ਚੱਲ ਮੈਂ ਦੱਸਦੀ ਹਾਂ:
ਗੱਲ ਸੁਣ, ਯਕੀਨ ਕਰੇਂਗਾ ? ਮੈਨੂੰ ਪਤਾ ਸੀ ਤੂੰ ਆਏਂਗਾ। ਮੈਂ ਤੈਨੂੰ ਪਿਆਰ ਕਰਦੀ ਹਾਂ। ਤੈਨੂੰ ਪਤਾ ਵੀ ਨਹੀਂ ਹੋਣਾ, ਔਰਤ ਇੱਦਾਂ ਹੀ ਕਰਦੀ ਹੈ। ਪਿਆਰ ਕਰਦੇ ਸਾਰ ਪਹਿਲਾਂ ਚੁੱਪ ਹੋ ਜਾਂਦੀ ਆ। ਆਦਮੀ ਕੀ ਕਰਦਾ ਤੈਨੂੰ ਪਤਾ ਹੋਣਾ... ਹਨਾਂ....?
ਮੈਂ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਫਿਰ ਓਹ ਬੋਲੀ:
ਓਹ ਠੂਲ੍ਹਾ ਪਿਆ ਦਿਸਦਾ....? ਓਸ ਨੇ ਆਪਣੀ ਨੰਗੀ ਬਾਂਹ ਉੱਪਰ ਚੁੱਕੀ ਤੇ ਹੱਥ ਦੀ ਉਂਗਲ ਨਾਲ ਮੰਜੇ ਤੋਂ ਕੁਝ ਦੂਰੀ ਤੇ ਜ਼ਮੀਨ ਤੇ ਪਏ ਮਿੱਟੀ ਦੇ ਭਾਂਡੇ ਵੱਲ ਇਸ਼ਾਰਾ ਕੀਤਾ, ਜਿਹੜਾ ਕਿਸੇ ਕਸੋਰੇ, ਛੰਨੇ, ਜਾਂ ਇੱਦਾਂ ਦੇ ਹੀ ਕਿਸੇ ਭਾਂਡੇ ਵਰਗਾ ਸੀ। ਫਿਰ ਓਹ ਬੋਲੀ :
ਓਸ 'ਚ ਥੋੜ੍ਹੀ ਜਿਹੀ ਲੱਸੀ ਪਈ ਆ। ਕੁੱਤਾ ਹੁਣੇ ਪੀ ਕੇ ਗਿਆ ਲੱਸੀ। ਬਾਕੀ ਜੂਠੀ ਛੱਡ ਗਿਆ। ਏਨਾ ਕਹਿ ਕੇ ਉਹ ਚੁੱਪ ਕਰ ਗਈ। ਮੈਂ ਵੇਖਦਾ ਰਿਹਾ।
ਕੁਝ ਦੇਰ ਬਾਅਦ ਉਹ ਬੋਲੀ। ਕੀ ਕਹਿੰਨਾ ਫਿਰ...?
ਮੈਂ ਕਿਹਾ। ਮੇਰੀ ਮੁਹੱਬਤ ਦਾ ਕੀ ਬਣਿਆ? ਮੈਂ ਕਦੋਂ ਸੁਣਾਂਗਾ। ਉਹ ਸਭ ਜੋ ਮੈਨੂੰ ਸ਼ਾਂਤੀ ਦੇਵੇ। ਉਸ ਨੇ ਕਿਹਾ ਮੁਹੱਬਤ ਦਾ ਕੀ ਬਣਨਾ ਹੁੰਦਾ। ਮਹੱਬਤ ਜੇ ਬੋਲ ਪਵੇ ਤਾਂ ਸਿਰਫ ਕਲੰਕ ਬਣਦੀ ਹੈ। ਜੇ ਚੱਪ ਰਹਿ ਜਾਵੇ ਪ੍ਰਮਾਤਮਾ ਹੋ ਜਾਂਦੀ ਹੈ ਪਰ ਤੂੰ ਸੁਣਨ ਆਇਐਂ। ਤੇਰੀ ਇੱਛਾ ਬੜੀ ਪਵਿੱਤਰ ਹੈ। ਤੇਰੀ ਲੱਭਤ ਵੱਡੀ ਹੈ। ਤੇਰੀ ਕੋਸਿਸ਼ ਸ਼ਬਦਾਂ ਤੋਂ ਪਰ੍ਹੇ ਹੈ। ਤੇਰਾ ਸਿਦਕ ਅਨੋਖਾ ਹੈ। ਤਾਂ ਮੈਂ ਤੈਨੂੰ ਕਿਹਾ। ਮੈਂ ਤੈਨੂੰ ਪਿਆਰ ਕਰਦੀ ਹਾਂ। ਚੱਲ ਹੁਣ.... ਮੁਹੱਬਤ ਪਰਖ ਮੰਗਦੀ ਹੈ ਪਰਖ 'ਚ ਪੂਰਾ ਉੱਤਰ।