ਜਦੋਂ ਮੈਂ ਛੋਟਾ ਸੀ। ਓਦੋਂ ਮੇਰਾ ਬਾਪ ਇੱਕ ਨਿੰਬੂਆਂ ਦੇ ਬਾਗ ਵਿੱਚ ਕੰਮ ਕਰਦਾ ਸੀ। ਬਾਗ ਦਾ ਮਾਲਕ ਹਮੇਸ਼ਾ ਕੁਝ ਨਿੰਬੂ ਮੇਰੇ ਬਾਪ ਨੂੰ ਦੇ ਦਿਆ ਕਰਦਾ ਸੀ। ਮੇਰੀ ਮਾਂ ਵੀ ਕਿਸੇ ਦੇ ਘਰ ਕੰਮ ਕਰਦੀ ਸੀ। ਮੇਰੀ ਮਾਂ ਆਪਣੀ ਕਮਾਈ ਦੇ ਥੋੜ੍ਹੇ ਜਿਹੇ ਪੈਸਿਆਂ ਵਿੱਚੋਂ ਕੁਝ ਪੈਸਿਆਂ ਨਾਲ ਹਰੇਕ ਮਹੀਨੇ ਕੱਚ ਦੇ ਦੋ ਜਾਂ ਤਿੰਨ ਬਰਤਮਾਨ ਖਰੀਦ ਲੈਂਦੀ ਅਤੇ ਜਿਹੜੇ ਨਿੰਬੂ ਮੇਰਾ ਬਾਪ ਘਰ ਲਿਆਉਂਦਾ ਉਹਨਾਂ ਦਾ ਅਚਾਰ ਪਾ ਦਿੰਦੀ। ਕੁਝ ਦਿਨਾਂ ਬਾਅਦ ਇਹ ਆਚਾਰ ਬਣ ਜਾਂਦਾ ਤਾਂ ਅਸੀਂ ਇਸ ਨੂੰ ਵੇਚ ਦਿੰਦੇ। ਇਹ ਅਚਾਰ ਏਨਾ ਸਵਾਦ ਹੁੰਦਾ ਸੀ ਕਿ ਇਹ ਬਣਨ ਤੋਂ ਪਹਿਲਾਂ ਇਸ ਨੂੰ ਖ਼ਰੀਦਣ ਵਾਲੇ ਤਿਆਰ ਰਹਿੰਦੇ ਸਨ। ਬਸ ਏਦਾਂ ਹੀ ਜ਼ਿੰਦਗੀ ਚੱਲ ਰਹੀ ਸੀ।
ਮੈਂ ਕਰੀਬਨ ਪੰਦਰਾਂ ਸੋਲ੍ਹਾਂ ਸਾਲ ਦਾ ਸੀ ਜਦੋਂ ਮੇਰੇ ਬਾਪ ਦੀ ਮੌਤ ਹੋ ਗਈ। ਫਿਰ ਮੈਂ ਬਾਗ ਵਿੱਚ ਉਸ ਦੀ ਥਾਂ ਤੇ ਕੰਮ ਕਰਨ ਜਾਣ ਲੱਗਿਆ। ਬਾਕੀ ਸਭ ਉਸੇ ਤਰ੍ਹਾਂ ਚੱਲਦਾ ਰਿਹਾ। ਇਸ ਤੋਂ ਕਰੀਬਨ ਪੰਜ ਕੁ ਸਾਲ ਬਾਅਦ ਮੇਰੀ ਮਾਂ ਵੀ ਚੱਲ ਵਸੀ। ਇਸ ਸਮੇਂ ਦੇ ਵਿੱਚ ਮੈਂ ਇਕੱਲਾ ਰਹਿ ਗਿਆ ਸੀ, ਕਿਉਂ ਕਿ ਮੇਰੇ ਤੋਂ ਛੋਟਾ ਜੋ ਮੇਰਾ ਭਰਾ ਸੀ। ਉਹ ਮੇਰੇ ਮਾਮੇ ਨੇ ਗੋਦ ਲੈ ਲਿਆ ਸੀ ਜੋ ਵਿਦੇਸ਼ ਵਿੱਚ ਰਹਿੰਦਾ ਹੈ। ਉਹਨਾਂ ਨਾਲ ਸਾਡਾ ਕਾਫ਼ੀ ਸਮੇਂ ਤੋਂ ਕੋਈ ਜ਼ਿਆਦਾ ਰਾਬਤਾ ਨਹੀਂ ਸੀ। ਮਾਂ ਦੀ ਮੌਤ ਤੋਂ ਬਾਅਦ ਮੈਂ ਬਹੁਤ ਉਦਾਸ ਹੋ ਗਿਆ ਤੇ ਪੂਰਾ ਦਿਨ ਆਪਣੇ ਘਰ ਦੇ ਸਾਹਮਣੇ ਇੱਕ ਬਗੀਚੇ ਵਿੱਚ ਇਕੱਲਾ ਬੈਠਾ ਰਹਿੰਦਾ।
ਬਗੀਚੇ ਵਿੱਚ ਇੱਕ ਝੂਲਾ ਸੀ। ਮੈਂ ਓਥੇ ਬੈਠਾ ਰਹਿੰਦਾ। ਮੈਂ ਕਾਫ਼ੀ ਦਿਨ ਕੰਮ ਤੇ ਨਹੀਂ ਗਿਆ। ਸਭ ਜਾਣ ਪਛਾਣ ਵਾਲੇ ਆ ਕੇ ਚਲੇ ਗਏ ਸਨ। ਮੇਰੀ ਇੱਕ ਬੁੱਢੀ ਮਾਸੀ ਸੀ। ਉਹ ਵੀ ਇਕੱਲੀ ਸੀ। ਉਹ ਸਾਡੇ ਘਰ ਤੋਂ ਕਾਫ਼ੀ ਦੂਰੀ ਤੇ ਰਹਿੰਦੀ ਸੀ। ਮੇਰਾ ਖਿਆਲ ਰੱਖਣ ਦੀ ਗੱਲ ਉਸ ਦੇ ਮਨ 'ਚ ਆਈ। ਮੈਨੂੰ ਵੀ ਇਸ ਟਾਈਮ ਕਿਸੇ ਦੀ ਲੋੜ ਸੀ। ਫਿਰ ਮਾਸੀ ਮੇਰੇ ਕੋਲ ਰਹਿਣ ਲੱਗੀ। ਉਸ ਨੇ ਮੈਨੂੰ ਸਮਝਾਇਆ ਤੇ ਹੌਂਸਲਾ ਰੱਖਣ ਲਈ ਕਿਹਾ। ਮੈਂ ਫੇਰ ਕੰਮ ਤੇ ਜਾਣ ਲੱਗਿਆ। ਬੁੱਢੀ ਮਾਸੀ ਮੁਸ਼ਕਲ ਨਾਲ ਤੁਰਦੀ ਸੀ। ਉਸ ਦੇ ਗੋਡਿਆਂ ’ਚ ਹਮੇਸ਼ਾ ਦਰਦ ਰਹਿੰਦਾ ਪਰ ਉਹ ਫਿਰ ਵੀ ਸਾਰਾ ਦਿਨ ਹੌਲੀ ਹੌਲੀ ਕੰਮ ਕਰਦੀ ਰਹਿੰਦੀ ਸੀ ਤੇ ਘਰ ਦਾ ਸਾਰਾ ਕੰਮ ਕਰਦੀ। ਮੇਰੇ ਲਈ ਸੁਆਦ ਖਾਣਾ ਬਣਾਉਂਦੀ ਸੀ। ਹੌਲੀ ਹੌਲੀ ਮੈਂ ਆਪਣਾ ਦੁੱਖ ਭੁੱਲ ਗਿਆ।