ਮੁੱਢਲੇ ਸ਼ਬਦ
ਕਿਸੇ ਵੀ ਧਰਮ-ਸੰਸਥਾ ਦੀ ਆਪਣੀਆਂ ਸਮਕਾਲੀ ਧਰਮ-ਸੰਸਥਾਵਾਂ ਨਾਲ ਅੰਤਰ- ਕਿਰਿਆ ਇਕ ਸਹਿਜ ਅਮਲ ਹੈ। ਇਹ ਅਮਲ ਹੀ ਧਾਰਮਿਕ ਬਹੁ-ਏਕਤਾਵਾਦ ਅਤੇ ਸਹਿ-ਹੋਂਦ ਦਾ ਆਧਾਰ ਬਣਦਾ ਹੈ। ਪਰੰਤੂ ਜਦੋਂ ਕਿਸੇ ਧਰਮ-ਸੰਸਥਾ ਵੱਲੋਂ ਕਿਸੇ ਜੀਵਿਤ ਧਰਮ-ਸੰਸਥਾ ਦੀ ਹੋਂਦ ਪ੍ਰਤਿ ਚੁਣੌਤੀ ਪੈਦਾ ਹੋਵੇ ਤਾਂ ਉਸ ਵੱਲੋਂ ਆਪਣੀ ਵਿਲੱਖਣ ਹੋਂਦ ਪ੍ਰਤਿ ਜਾਗਰੂਕ ਹੋਣਾ ਵੀ ਸਹਿਜ ਪ੍ਰਤਿਕਰਮ ਹੈ। ਕਈ ਵੇਰ ਅਜਿਹੇ ਅੰਤਰ-ਵਿਰੋਧੀ ਸੰਬਾਦ ਕਿਸੇ ਧਰਮ ਦੀ ਕਲਾਸਿਕ ਵਿਆਖਿਆ ਵੀ ਹੋ ਨਿਬੜਦੇ ਹਨ। ਉਨੀਵੀਂ ਸਦੀ ਦੇ ਅੰਤਲੇ ਦਹਾਕੇ ਦੇ ਧਾਰਮਿਕ ਖਿੱਚੋਤਾਣ ਅਤੇ ਆਪੋ-ਧਾਪੀ ਵਾਲੇ ਮਾਹੌਲ ਵਿਚਲੇ ਤਿੱਖੇ ਸੰਬਾਦ ਵਿਚੋਂ ਹੀ ਭਾਈ ਕਾਨ੍ਹ ਸਿੰਘ ਕ੍ਰਿਤ ਹਮ ਹਿੰਦੂ ਨਹੀਂ ਵਰਗੀ ਅਹਿਮ ਰਚਨਾ ਦਾ ਵੀ ਜਨਮ ਹੋਇਆ।
ਜਦੋਂ ਵੀ ਕਦੇ ਸਿੱਖ-ਵਿਦਵਤਾ ਦਾ ਜ਼ਿਕਰ ਹੋਵੇ ਤਾਂ ਭਾਈ ਕਾਨ੍ਹ ਸਿੰਘ ਜੀ ਦਾ ਨਾਂ ਮੁੱਢ ਵਿਚ ਆਉਂਦਾ ਹੈ । ਭਾਈ ਸਾਹਿਬ ਸਿੱਖ-ਜਗਤ ਦੇ ਪ੍ਰਬੁੱਧ ਵਿਦਵਾਨ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖ ਸਾਹਿਤ ਦੀ ਤਾਤਵਿਕ ਵਿਆਖਿਆ ਪ੍ਰਤਿ ਅਰਪਿਤ ਕੀਤੀ। ਸਿੱਖ ਧਰਮ ਦੇ ਮੂਲ ਸੰਕਲਪਾਂ ਪ੍ਰਤਿ ਪੀਡੀ ਪਕੜ ਹੋਣ ਕਰਕੇ ਆਪ ਹਮੇਸ਼ਾ ਵਿਸ਼ਲੇਸ਼ਣੀ ਬਿਰਤੀ ਧਾਰਨ ਕਰਨ ਦੇ ਬਾਵਜੂਦ ਅਸਲ ਰਸਤਿਓਂ ਖੁੰਝੇ ਨਹੀਂ।
ਭਾਈ ਸਾਹਿਬ ਰਚਿਤ ਹੱਥਲੀ ਪੁਸਤਕ, ਸਿੱਖ ਧਰਮ ਦੀ ਦੂਸਰੇ ਸਥਾਨਕ ਧਰਮਾਂ ਦੇ ਪ੍ਰਸੰਗ ਵਿਚ ਤਾਤਵਿਕ ਵਿਆਖਿਆ ਹੈ। ਇਸ ਪੁਸਤਕ ਦਾ ਮੁਹਾਵਰਾ ਬਹੁਤ ਨਰਮ ਤੇ ਬਾ-ਦਲੀਲ ਹੈ। ਬੜੇ ਨਾਜ਼ੁਕ ਵਿਸ਼ੇ ਸੰਬੰਧੀ ਲਿਖਣ ਦੇ ਬਾਵਜੂਦ ਰਚਨਾਕਾਰ ਕਿਤੇ ਵੀ ਸਮਕਾਲੀ ਧਰਮਾਂ ਸੰਬੰਧੀ ਹੀਣਿਤ-ਭਾਵ ਵਾਲੀਆਂ ਟਿੱਪਣੀਆਂ ਨਹੀਂ ਦਿੰਦਾ ਬਲਕਿ ਲੇਖਕ 'ਸਭਸ ਨਾਲ ਪੂਰਨ ਪਿਆਰ ਕਰਨ ਅਰ ਹਰ ਵੇਲੇ ਸਭ ਦਾ ਹਿਤ ਚਾਹੁਣ' ਦਾ ਹੀ ਉਪਦੇਸ਼ ਦਿੰਦਾ ਹੈ। ਸਮੁੱਚੇ ਰੂਪ ਵਿਚ ਇਹ ਰਚਨਾ ਮੂਲ ਧਰਮ-ਗ੍ਰੰਥਾਂ ਉਪਰ ਹੀ ਆਧਾਰਿਤ ਹੈ ਅਤੇ ਤੁਲਨਾਤਮਕ ਧਰਮ-ਅਧਿਐਨ ਦੀ ਇਕ ਪ੍ਰਮਾਣਿਕ ਰਚਨਾ ਹੈ। ਇਹ ਪੁਸਤਕ ਆਪਣੇ ਧਰਮ ਦੀ ਗੌਰਵਤਾ ਦ੍ਰਿੜਾਣ ਦੇ ਨਾਲ ਨਾਲ ਧਾਰਮਿਕ ਸਹਿ-ਹੋਂਦ ਨੂੰ ਵੀ ਉਤਸ਼ਾਹਿਤ ਕਰਦੀ ਹੈ।
ਸਿੱਖ ਧਰਮ ਦੀ ਵਿਲੱਖਣ ਹਸਤੀ ਪ੍ਰਤਿ ਅਨੇਕਾਂ ਚੁਣੌਤੀਆਂ ਦਾ ਸੰਤਾਪ ਸਿੱਖ-ਜਗਤ ਅੱਜ ਵੀ ਭੋਗ ਰਿਹਾ ਹੈ, ਭਾਵੇਂ ਕਿ ਸੰਦਰਭ ਬਦਲ ਗਿਆ ਹੈ। ਇਹ ਪੁਸਤਕ ਚੂੰਕਿ ਸਿੱਖ ਧਰਮ ਦੀ ਦਾਰਸ਼ਨਿਕ ਗੌਰਵਤਾ ਨੂੰ ਦ੍ਰਿੜਾਉਣ ਦੇ ਨਾਲ ਹੀ ਸਿੱਖ ਧਰਮ ਨੂੰ ਹਰ ਸਤਰ ਤੇ ਵਿਲੱਖਣ ਹਸਤੀ ਵਜੋਂ ਵੀ ਸੁਚੱਜੇ ਢੰਗ ਨਾਲ ਨਿਰੂਪਿਤ ਕਰਦੀ ਹੈ, ਇਸ ਲਈ ਇਸ
ਪੁਸਤਕ ਦੀ ਸਾਰਥਕਤਾ ਅਜੋਕੇ ਸਮੇਂ ਦੀ ਵੀ ਇਕ ਅਹਿਮ ਲੋੜ ਹੈ। ਇਸੇ ਕਰਕੇ ਪਿਛਲੇ ਦੋ ਦਹਾਕਿਆਂ ਵਿਚ ਹੀ ਕਈ ਸੰਸਥਾਵਾਂ ਵਲੋਂ ਇਸ ਪੁਸਤਕ ਦੇ ਕਈ ਸੰਸਕਰਣ ਛਪ ਚੁੱਕੇ ਹਨ।
ਇਹ ਪੁਸਤਕ ਮੂਲ ਰੂਪ ਵਿਚ ੧੮੯੮ ਈ: ਵਿਚ ਛਪੀ ਸੀ। ਹੱਥਲੇ ਸੰਸਕਰਣ ਦੀ ਤਿਆਰੀ ਸਮੇਂ ੧੯੧੭ ਈ: ਵਿਚ ਪੰਚ ਖ਼ਾਲਸਾ ਦੀਵਾਨ ਵੱਲੋਂ ਪ੍ਰਕਾਸ਼ਤ ਛੇਵੀਂ ਐਡੀਸ਼ਨ ਨਾਲ ਪੁਸਤਕ ਦੇ ਪਾਠ ਦਾ ਮਿਲਾਨ ਕਰ ਕੇ ਲੋੜੀਂਦੀਆਂ ਸੋਧਾਂ ਕੀਤੀਆਂ ਗਈਆਂ ਹਨ। ਪੁਸਤਕ ਨੂੰ ਵਧੇਰੇ ਉਪਯੋਗੀ ਬਣਾਣ ਲਈ ਇਸ ਵਿਚ ਸ਼ਾਮਲ ਤੁਕਾਂ ਦੇ ਲੋੜੀਂਦੇ ਹਵਾਲੇ ਵੀ ਅੰਕਿਤ ਕੀਤੇ ਗਏ ਹਨ ਤੇ ਮੁੱਢ ਵਿਚ ਅੱਖਰ ਕ੍ਰਮ ਅਨੁਸਾਰ ਵਿਸ਼ੈ-ਸੂਚੀ ਵੀ ਸ਼ਾਮਲ ਕੀਤੀ ਗਈ ਹੈ। ਹੱਥਲੇ ਸੰਸਕਰਣ ਦੀ ਤਿਆਰੀ ਸਮੇਂ ਭਾਈ ਮੋਹਨ ਸਿੰਘ ਵੱਲੋਂ ਕਾਫ਼ੀ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ।
੨੫ ਫ਼ਰਵਰੀ, ੧੯੯੨ -ਪ੍ਰਕਾਸ਼ਕ
ੴ ਸਤਿਗੁਰਪ੍ਰਸਾਦਿ॥
ਕਰਤਾ ਵੱਲੋਂ ਜ਼ਰੂਰੀ ਬੇਨਤੀ
ਪਯਾਰੇ ਪਾਠਕ ਜੀ! ਹਮ ਹਿੰਦੂ ਨਹੀਂ ਪੁਸਤਕ ਪੜ੍ਹ ਕੇ ਆਪ ਨੂੰ ਕੇਵਲ ਇਹ ਜਾਣਨਾ ਯੋਗ ਹੈ ਕਿ ਸਿੱਖ ਧਰਮ, ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ, ਅਰ ਸਿੱਖ ਕੌਮ, ਹੋਰ ਕੌਮ ਦੀ ਤਰ੍ਹਾਂ ਇਕ ਜੁਦੀ ਕੌਮ ਹੈ, ਪਰ ਇਹ ਕਦੇ ਖ਼ਿਆਲ ਨਹੀਂ ਹੋਣਾ ਚਾਹੀਏ ਕਿ ਆਪ ਹਿੰਦੂ ਜਾਂ ਹੋਰ ਧਰਮੀਆਂ ਨਾਲ ਵਿਰੋਧ ਕਰੋਂ ਅਰ ਉਨ੍ਹਾਂ ਦੇ ਧਰਮਾਂ ਉੱਪਰ ਕੁਤਰਕ ਕਰੋਂ, ਅਥਵਾ ਦੇਸ਼-ਭਾਈਆਂ ਨੂੰ ਆਪਣਾ ਅੰਗ ਨਾ ਮੰਨ ਕੇ ਜਨਮ-ਭੂਮੀ ਤੋਂ ਸਰਾਪ ਲਓ, ਸਗੋਂ ਆਪ ਨੂੰ ਉਚਿਤ ਹੈ ਕਿ ਸਤਿਗੁਰਾਂ ਦੇ ਇਨ੍ਹਾਂ ਬਚਨਾਂ ਪਰ ਭਰੋਸਾ ਔਰ ਅਮਲ ਕਰਦੇ ਹੋਏ ਕਿ :
ਏਕੁ ਪਿਤਾ ਏਕਸ ਕੇ ਹਮ ਬਾਰਿਕ….॥ (ਸੋਰਠਿ ਮ: ੫, ਪੰਨਾ ੬੧੧)
ਔਰ
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ (ਧਨਾਸਰੀ ਮ: ੫, ਪੰਨਾ ੬੭੧)
ਸਭਸ ਨਾਲ ਪੂਰਨ ਪਿਆਰ ਕਰੋਂ, ਅਰ ਹਰ ਵੇਲੇ ਸਭ ਦਾ ਹਿਤ ਚਾਹੋਂ।
ਜਿਸ ਦੇਸ਼ ਦੇ ਆਦਮੀ ਵਿਦਿਆ ਦੇ ਤੱਤ ਔਰ ਦੀਰਘ ਵਿਚਾਰ ਤੋਂ ਖ਼ਾਲੀ ਰਹਿ ਕੇ ਧਰਮ, ਨੀਤੀ ਔਰ ਸਮਾਜ ਆਦਿਕ ਦੇ ਮੁਆਮਲਿਆਂ ਦੀ ਖਿਚੜੀ ਬਣ ਕੇ ਪਰਸਪਰ ਈਰਖਾ, ਦਵੈਤ ਨਾਲ ਸੜਦੇ ਔਰ ਲੜਦੇ ਹਨ, ਉਹ ਲੋਕ ਪ੍ਰਲੋਕ ਦਾ ਸੁਖ ਖੋ ਬੈਠਦੇ ਹਨ। ਔਰ ਪਰਮ ਪਿਤਾ ਵਾਹਿਗੁਰੂ ਦੇ ਪੁੱਤਰ ਕਹਾਉਣ ਦੇ ਅਧਿਕਾਰ ਤੋਂ ਹੀ ਨਹੀਂ, ਬਲਕਿ ਮਨੁੱਖ ਪਦਵੀ ਤੋਂ ਵੀ ਪਤਿਤ ਹੋ ਜਾਂਦੇ ਹਨ ਅਰ ਵਿਦਵਾਨ ਤਥਾ ਪ੍ਰਤਾਪੀ ਕੌਮਾਂ ਤੋਂ ਗਿਲਾਨੀ ਨਾਲ ਵੇਖੇ ਜਾਂਦੇ ਹਨ । ਇਸ ਤੋਂ ਉਲਟ, ਜੋ ਭਿੰਨ ਭਿੰਨ ਧਰਮੀ ਹੋਣ ਪਰ ਭੀ ਇਕ ਨੇਸ਼ਨ (Nation) ਵਾਂਗ ਮਿਲ ਕੇ ਰਹਿੰਦੇ ਹਨ ਅਰ ਇਕ ਦੀ ਹਾਨੀ ਲਾਭ ਨੂੰ ਦੇਸ਼ ਦੀ ਹਾਨੀ ਲਾਭ ਮੰਨਦੇ ਹਨ, ਉਹ ਸਭ ਸੁਖਾਂ ਦੇ ਪਾਤਰ ਹੁੰਦੇ ਹਨ ਅਰ ਸਭ੍ਯ ਕੌਮਾਂ ਤੋਂ ਸਨਮਾਨ ਪਾਉਂਦੇ ਹਨ।
ਭਾਰਤ ਸੇਵਕ ਕਾਨ੍ਹ ਸਿੰਘ
ੴ ਵਾਹਿਗੁਰੂ ਜੀ ਕੀ ਫ਼ਤਹ ॥
ਭੂਮਿਕਾ
ਪਯਾਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ ਨੂੰ ਦੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫੇਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ"? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ ਹੀ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ ? ਇਸ ਸ਼ੰਕਾ ਦੇ ਉੱਤਰ ਵਿਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚਲਦੇ ਹਨ ਔਰ ਖਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖਿਆ, ਇਹ ਗ੍ਰੰਥ ਉਨ੍ਹਾਂ ਭਾਈਆਂ ਨੂੰ ਉਪਦੇਸ਼ ਦੇਣ ਲਈ ਹੈ, ਜਿਨ੍ਹਾਂ ਪੁਰ ਅੱਗੇ ਲਿਖਿਆ ਇਤਿਹਾਸਕ ਦ੍ਰਿਸ਼ਟਾਂਤ ਘਟਦਾ ਹੈ, ਜਿਸ ਦਾ ਸੰਖੇਪ ਇਉਂ ਹੈ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਗਧੇ ਨੂੰ ਸ਼ੇਰ ਦੀ ਖੱਲ ਪਹਿਨਾ ਕੇ ਜੰਗਲ ਵਿਚ ਛੱਡ ਦਿੱਤਾ । ਸਾਰੇ ਆਦਮੀ ਅਤੇ ਪਸ਼ੂ ਉਸ ਨੂੰ ਸ਼ੇਰ ਸਮਝ ਕੇ ਇਤਨਾ ਡਰਨ ਕਿ ਕੋਈ ਉਸ ਦੇ ਪਾਸ ਨਾ ਜਾਵੇ, ਔਰ ਉਹ ਗੁਣ ਚੱਕਣ ਦੇ ਦੁੱਖ ਤੋਂ ਛੁਟਕਾਰਾ ਪਾ ਕੇ, ਮਨ-ਭਾਉਂਦੀਆਂ ਖੇਤੀਆਂ ਖਾ ਕੇ ਮੋਟਾ ਡਾਢਾ ਹੋ ਗਿਆ, ਔਰ ਅਨੰਦਪੁਰ ਦੇ ਆਸ ਪਾਸ ਫਿਰ ਕੇ ਅਨੰਦ ਵਿਚ ਦਿਨ ਬਿਤਾਉਣ ਲਗਾ, ਪਰ ਇਕ ਦਿਨ ਆਪਣੇ ਸਾਥੀਆਂ ਦੀ ਮਨੋਹਰ ਧੁਨੀ (ਹੀਂਙਣ) ਸੁਣ ਕੇ ਕੁੰਭਿਆਰ ਦੇ ਘਰ ਨੂੰ ਉੱਠ ਨੱਠਾ, ਔਰ ਖੁਰਲੀ ਪਰ ਜਾ ਖੜੋਤਾ । ਕੁੰਭਿਆਰ ਨੇ ਉਸ ਨੂੰ ਆਪਣਾ ਗਧਾ ਪਛਾਣ ਕੇ ਸ਼ੇਰ ਦੀ ਖੱਲ ਉਤੋਂ ਉਤਾਰ ਦਿੱਤੀ ਅਤੇ ਗੂੰਣ ਲੱਦ ਕੇ ਸੋਟੇ ਨਾਲ ਅੱਗੇ ਕਰ ਲਇਆ।
ਇਸ ਦ੍ਰਿਸ਼ਟਾਂਤ ਤੋਂ ਕਲਗੀਧਰ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿਤਾ ਕਿ, "ਹੇ ਮੇਰੇ ਸਪੁੱਤਰੋ ! ਮੈਂ ਤੁਹਾਨੂੰ ਇਸ ਗਧੇ ਦੀ ਤਰ੍ਹਾਂ ਕੇਵਲ ਚਿੰਨ੍ਹ-ਮਾਤ੍ਰ ਸ਼ੇਰ ਨਹੀਂ ਬਣਾਇਆ, ਸਗੋਂ ਗੁਣਧਾਰੀ, ਸਰਬ ਗੁਣ ਭਰਪੂਰ, ਜਾਤਿ ਪਾਤਿ ਦੇ ਬੰਧਨਾਂ ਤੋਂ ਮੁਕਤ, ਆਪਣੀ ਸੰਤਾਨ ਬਣਾ ਕੇ ਸ੍ਰੀ ਸਾਹਿਬ ਕੌਰ ਦੀ ਗੋਦੀ ਪਾਇਆ ਹੈ, ਹੁਣ ਤੁਸੀਂ ਅਗਿਆਨ ਦੇ ਵੱਸ ਹੋ ਕੇ ਇਸ ਗਧੇ ਦੀ ਤਰ੍ਹਾਂ ਪੁਰਾਣੀ ਜਾਤਿ ਪਾਤਿ ਵਿਚ ਨਾ ਜਾ ਵੜਨਾ। ਜੇ ਮੇਰੇ ਉਪਦੇਸ਼ ਨੂੰ ਭੁਲਾ ਕੇ ਪਵਿੱਤਰ ਖਾਲਸਾ ਧਰਮ ਤਿਆਗ ਕੇ ਉਨ੍ਹਾਂ ਜਾਤਾਂ ਵਿਚ ਹੀ ਜਾ ਵੜੋਗੇ, ਜਿਨ੍ਹਾਂ ਤੋਂ ਮੈਂ ਤੁਹਾਨੂੰ ਕੱਢਿਆ
ਹੈ, ਤਾਂ ਇਸ ਗਧੇ ਜੇਹੀ ਦਸ਼ਾ ਹੋਊ, ਔਰ ਤੁਸਾਡੀ ਧਰਮ ਨੇਸ਼ਠਾ ਅਤੇ ਸੂਰਵੀਰਤਾ ਸਭ ਜਾਂਦੀ ਰਹੂ।”੧
ਸਤਿਗੁਰੂ ਦੇ ਇਸ ਉਪਦੇਸ਼ ਤੋਂ ਬੇਮੁੱਖ ਹੁਣ ਸਾਡੇ ਵਿਚ ਬਹੁਤ ਭਾਈ ਐਸੇ ਹਨ, ਜੋ ਆਪਣੇ ਆਪ ਨੂੰ ਸਿੰਘ ਹੋ ਕੇ ਭੀ ਹਿੰਦੂ ਧਰਮੀ ਮੰਨਦੇ ਹਨ, ਔਰ ਗੁਰਬਾਣੀ ਅਨੁਸਾਰ ਚੱਲਣੇ ਅਤੇ ਸਿਖ ਧਰਮ ਨੂੰ ਹਿੰਦੂ ਧਰਮ ਤੋਂ ਜੁਦਾ ਅਰ ਸ਼੍ਰੋਮਣੀ ਮੰਨਣ ਅਤੇ ਕਹਿਣ ਵਿਚ ਹਾਨੀ ਜਾਣਦੇ ਹਨ। ਜਿਸਦਾ ਕਾਰਣ ਇਹ ਹੈ ਕਿ ਉਨ੍ਹਾਂ ਨੇ ਆਪਣੇ ਧਰਮ ਪੁਸਤਕਾਂ ਦਾ ਵਿਚਾਰ ਨਹੀਂ ਕੀਤਾ, ਔਰ ਨਾ ਪੁਰਾਣੇ ਇਤਿਹਾਸ ਦੇਖੇ ਹਨ, ਕੇਵਲ ਅਨਮਤਾਂ ਦੀਆਂ ਪੋਥੀਆਂ ਔਰ ਸਵਾਰਥੀ ਪ੍ਰਪੰਚੀਆਂ ਦੀ ਸਿੱਖਿਆ ਸੁਣਨ ਵਿਚ ਉਮਰ ਬਿਤਾਈ ਹੈ। ਪਰ ਸ਼ੋਕ ਹੈ ਐਸੇ ਭਾਈਆਂ ਉਪਰ ਜੋ ਪਰਮ ਪੂਜਨੀਕ ਪਿਤਾ ਦੇ ਉਪਕਾਰਾਂ ਨੂੰ ਭੁਲਾ ਕੇ (ਜਿਸ ਨੇ ਨੀਚੋਂ ਊਚ ਕੀਤਾ, ਕੰਗਾਲੋਂ ਰਾਜੇ ਬਣਾਏ, ਗਿੱਦੜੋਂ ਸ਼ੇਰ ਔਰ ਚਿੜੀਆਂ ਤੋਂ ਬਾਜ ਸਜਾਏ) ਗੁਰਮਤਿ ਵਿਰੋਧੀਆਂ ਦੇ ਪਿੱਛੇ ਲੱਗ ਕੇ, ਪਾਖੰਡ ਜਾਲ ਵਿਚ ਫਸ ਕੇ ਆਪਣਾ ਮਨੁੱਖ ਜਨਮ ਹਾਰਦੇ ਹੋਏ ਖਾਲਸਾ ਧਰਮ ਤੋਂ ਪਤਿਤ ਹੋ ਰਹੇ ਹਨ।
ਕੇਵਲ ਹਿੰਦੂ ਧਰਮ ਤੋਂ ਹੀ ਖਾਲਸੇ ਦੀ ਭਿੰਨਤਾ ਇਸ ਪੁਸਤਕ ਵਿਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ, ਪਰ ਅਗਿਆਨ ਕਰਕੇ ਖਾਲਸੇ ਨੂੰ ਹਿੰਦੂ ਅਥਵਾ ਹਿੰਦੂਆਂ ਦਾ ਹੀ ਇਕ ਫ਼ਿਰਕਾ ਖ਼ਿਆਲ ਕਰਦੇ ਹਨ।
ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਗ੍ਰੰਥ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਅਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ :
'ਹਮ ਹਿੰਦੂ ਨਹੀਂ'।
੧ ਜੇਠ, ਸਾਲ ਨਾ: ੪੨੯
____________
੧. ਤਬਿ ਸਤਿਗੁਰ ਸਭਿਹੂੰਨਿ ਸੁਨਾਯੋ। 'ਇਹੁ ਦ੍ਰਿਸ਼ਟਾਂਤ ਤੁਮਹਿਂ ਦਿਖਰਾਯੋ ॥੧੪॥
ਜਾਤਿ ਪਾਤਿ ਮਹਿ ਰਾਸਭ ਜੈਸੇ। ਬਸੀ ਕੁਲਾਲ ਲਾਜ ਮਹਿ ਤੈਸੇ।
ਤਿਸ ਤੇ ਸਤਿਗੁਰ ਲਏ ਨਿਕਾਸ। ਬਖਸ਼ੇ ਸਕਲ ਪਦਾਰਥ ਪਾਸ॥੧੫॥
ਸ੍ਰੀ ਅਸਿਧੁਜ ਕੋ ਦੇ ਕਰਿ ਬਾਣਾ। ਸਭਿ ਤੇ ਊਚੇ ਕਰੇ ਸੁ ਤਾਣਾ ।.....
ਪੁਨ ਕੁਲਾਲ ਕੇ ਪ੍ਰਵਿਸ਼ਯੋ ਜਾਈ। ਲਾਦ ਗੁਣ ਕੋ ਲਸ਼ਟ ਲਗਾਈ।
ਤਿਮ ਹੁਇ ਸਿੰਘ, ਜਾਤਿ ਮੈਂ ਪਰੈ। ਤਜਹਿ ਸ਼ਸਤ੍ਰ, ਭੈ ਕੋਇ ਨ ਧਰੈ ॥੧੮॥......
ਯਾਂ ਤੇ ਸ਼੍ਰੀ ਅਕਾਲ ਕੋ ਬਾਨਾ। ਦੇ, ਮੈਂ ਕੀਨੇ ਸਿੰਘ ਸਮਾਨਾ।
ਇਸ ਕੇ ਧਰੇ ਸਦਾ ਸੁਖ ਹੋਈ। ਤਯਾਗੇ, ਦੋਨਹੁਂ ਲੋਕ ਨ ਢੋਈ ॥੨੦॥
(ਗੁਰ ਪ੍ਰਤਾਪ ਸੂਰਯ, ਰੁਤ ੩, ਅੰਸੂ ੨੨)
ਪੰਜਵੀਂ ਐਡੀਸ਼ਨ ਦੀ ਭੂਮਿਕਾ
ਹਮ ਹਿੰਦੂ ਨਹੀਂ ਪੁਸਤਕ ਦੇ ਛਪਣ ਪਰ ਅਗ੍ਯਾਨੀ ਸਿੱਖਾਂ, ਔਰ ਸ੍ਵਾਰਥੀ ਹਿੰਦੂ ਭਾਈਆਂ ਨੇ ਬੜਾ ਰੌਲਾ ਮਚਾਯਾ, ਔਰ ਉਪੱਦ੍ਰਵ ਕੀਤੇ। ਇਕ ਦੋ ਸ਼ਰਾਰਤੀਆਂ ਨੇ ਆਪਣੇ ਆਪ ਨੂੰ ਖੁਫ਼ੀਆ ਪੁਲਿਸ ਦਾ ਅਫ਼ਸਰ ਪ੍ਰਸਿੱਧ ਕਰਕੇ ਗੁਰਪੁਰ ਨਿਵਾਸੀ ਮਹਾਰਾਜਾ ਸਾਹਿਬ ਨਾਭਾ ਪਾਸ ਇਸ ਮਜ਼ਮੂਨ ਦੀ ਚਿੱਠੀ ਭੇਜ ਕੇ ਆਪਣਾ ਮਨੋਰਥ ਸਿੱਧ ਕੀਤਾ :
ਹਮ ਹਿੰਦੂ ਨਹੀਂ ਕਿਤਾਬ ਜੋ ਕਿ ਗੁਮਨਾਮ ਹੈ, ਔਰ ਸਿੱਖ ਵ ਹਿੰਦੁਓਂ ਮੇਂ ਫ਼ਸਾਦ ਡਾਲਨੇ ਵਾਲੀ ਹੈ, ਉਸ ਕੀ ਤਹਕੀਕਾਤ ਕੇ ਲੀਏ ਗਵਰਨਮੈਂਟ ਨੇ ਮੁਝੇ ਮੁਕੱਰਰ ਕੀਆ ਹੈ, ਔਰ ਗਵਰਨਮੈਂਟ ਕੋ ਇਸ ਕਾ ਬਹੁਤ ਖ਼ਯਾਲ ਹੋ ਰਹਾ ਹੈ, ਮੁਸੰਨਿਫ਼ ਕਾ ਪਤਾ ਲਗਨੇ ਪਰ ਸਰਕਾਰ ਸਖ਼ਤ ਸਜ਼ਾ ਦੇਗੀ। ਮੈਨੇ ਸਾਰੇ ਪੰਜਾਬ ਕਾ ਦੌਰਾ ਕੀਆ ਹੈ ਔਰ ਖੁਫ਼ੀਆ ਤਹਕੀਕਾਤ ਸੇ ਮੁਸੰਨਿਫ਼ ਕਾ ਪਤਾ ਲਗਾ ਲੀਆ ਹੈ ਮੈਂ ਨਾਮ ਭੀ ਜ਼ਾਹਰ ਕਰ ਦੇਤਾ ਹੂੰ-ਇਸ ਕਿਤਾਬ ਕੇ ਬਨਾਨੇ ਵਾਲਾ ਕਾਨ੍ਹ ਸਿੰਘ ਹੈ। ਬਿਹਤਰ ਹੋਗਾ ਅਗੁਰ ਮੇਰੀ ਰਿਪੋਟ ਗਵਰਨਮੈਂਟ ਮੇਂ ਪਹੁੰਚਨੇ ਸੇ ਪਹਿਲੇ ਮੁਸੰਨਿਫ਼ ਕੋ ਰਿਆਸਤ ਸੇ ਸਜ਼ਾ ਤਜਵੀਜ਼ ਕੀ ਜਾਯ ।......
ਕਈ ਪ੍ਰੇਮੀਆਂ ਨੇ ਇਹ ਪ੍ਰਗਟ ਕੀਤਾ ਕਿ ਹਮ ਹਿੰਦੂ ਨਹੀਂ ਰਸਾਲਾ ਕਾਨੂੰਨ ਵਿਰੁੱਧ ਦਿਲ ਦੁਖਾਉਣ ਵਾਲੇ ਲੇਖਾਂ ਨਾਲ ਭਰਪੂਰ ਹੈ, ਜਿਸ ਪਰ ਹੇਠ ਲਿਖੀ ਐਚ. ਏ. ਬੀ. ਰੈਗੀਟਨ ਸਾਹਿਬ ਦੀ ਕਾਨੂੰਨੀ ਰਾਏ ਲੈਣੀ ਪਈ:
“ਮੈਂ, ਹਮ ਹਿੰਦੂ ਨਹੀਂ ਰਸਾਲੇ ਦਾ ਅੰਗਰੇਜ਼ੀ ਤਰਜਮਾ ਪੜ੍ਹਿਆ । ਏਹ ਰਸਾਲਾ ਇਕ ਸਿਰੇ ਤੋਂ ਦੂਜੇ ਸਿਰੇ ਤਾਈਂ ਮਜ਼ਹਬੀ ਹੈ, ਔਰ ਇਸ ਤਰੀਕੇ ਨਾਲ ਲਿਖਿਆ ਗਯਾ ਹੈ ਕਿ ਕਿਸੀ ਤਰ੍ਹਾਂ ਭੀ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ, ਇਸ ਵਿਚ ਹਿੰਦੂ ਧਰਮ ਦਾ ਜ਼ਿਕਰ ਅਜੇਹੇ ਢੰਗ ਨਾਲ ਕੀਤਾ ਗਯਾ ਹੈ ਕਿ ਥੋੜੀ ਜੇਹੀ ਭੀ ਬਿਅਦਬੀ ਨਹੀਂ ਪਾਈ ਜਾਂਦੀ। ਮੈਂ ਨਹੀਂ ਸਮਝਦਾ ਕਿ ਕੋਈ ਕਿਸ ਤਰ੍ਹਾਂ ਆਖ ਸਕਦਾ ਹੈ ਕਿ ਰਸਾਲਾ ਬਣਾਉਣ ਵਾਲੇ ਦੇ ਖ਼ਯਾਲਾਤ ਕਿਸੇ ਦਾ ਦਿਲ ਦੁਖਾਉਣ ਵਾਲੇ ਹਨ। ਮੈਂ ਆਪਣੀ ਰਾਯ ਇਸ ਰਸਾਲੇ ਬਾਬਤ ਪ੍ਰਗਟ ਕਰਦਾ ਹਾਂ ਕਿ ਕਿਸੀ ਤਰ੍ਹਾਂ ਦਾ ਕੋਈ ਕਾਨੂੰਨੀ ਇਤਰਾਜ਼ ਇਸ ਕਿਤਾਬ ਬਾਬਤ ਨਹੀਂ ਕਹਿਆ ਜਾ ਸਕਦਾ ।"
___________
੧. ਏਹ ਚਿੱਠੀ ਵਾਸਤਵ ਵਿਚ ਗੁਮਨਾਮ ਸੀ।
੨. ਏਹ ਕਿਤਾਬ ਗੁਮਨਾਮ ਨਹੀਂ ਸੀ, ਕਿਯੋਂਕਿ ਇਸ ਪਰ ਪ੍ਰੈਸ ਅਤੇ ਮੈਨੇਜਰ ਦਾ ਨਾਉਂ ਸਾਫ਼ ਸੀ, ਅਰ ਮੇਰਾ ਭੀ ਸੰਕੇਤਕ ਨਾਉਂ (ਐਚ. ਬੀ.) ਲਿਖਿਆ ਹੋਇਆ ਸੀ। ਇਸ ਤੋਂ ਛੁਟ ੩੦ ਜੂਨ, ੧੮੯੯ ਦੇ ਪੰਜਾਬ ਗੈਜ਼ਟ ਵਿਚ ਦਰਜ ਹੋ ਚੁੱਕੀ ਸੀ। ਔਰ ਉਸੀ ਸਾਲ ੪੪੭ ਨੰਬਰ ਪਰ ਰਜਿਸਟਰੀ ਹੋਈ ਸੀ।
ਦੋ ਚਾਰ ਹਿੰਦੂ ਸੱਜਣਾਂ ਨੇ ਅੰਗਰੇਜ਼ੀ ਸਾਖੀ ਔਰ ਛੱਕੇ ਆਦਿਕ ਦੇ ਪ੍ਰਮਾਣ ਦੇ ਕੇ ਇਸ ਰਸਾਲੇ ਦਾ ਖੰਡਨ ਲਿਖਿਆ, ਜਿਨ੍ਹਾਂ ਸਭਨਾਂ ਦਾ ਤੀਜੀ ਐਡੀਸ਼ਨ ਵਿਚ ਖੰਡਨ ਕੀਤਾ ਗਿਆ ਹੈ।
ਗੁਰਮਤ ਸੁਧਾਕਰ ਦੀ ਭੂਮਿਕਾ ਵਿਚ ਏਹ ਗੱਲ ਸਾਫ਼ ਦੱਸੀ ਗਈ ਹੈ ਕਿ ਸਾਖੀ, ਇਤਿਹਾਸ ਆਦਿਕ ਉਹੀ ਪੁਸਤਕ ਪ੍ਰਵਾਨ ਹਨ, ਜੋ ਗੁਰਬਾਣੀ ਦੇ ਵਿਰੁੱਧ ਨਾ ਹੋਣ। ਜਿਸ ਪੁਸਤਕ ਵਿਚ ਜੋ ਲੇਖ ਗੁਰਮਤ ਅਨੁਸਾਰ ਹੈ, ਉਹ ਮੰਨਣੇ ਲਾਇਕ ਹੈ ਔਰ ਜੋ ਲੇਖ ਗੁਰਮਤ ਵਿਰੁੱਧ ਹੈ ਉਹ ਤ੍ਯਾਗਣੇ ਯੋਗ ਹੈ। ਪਰ ਏਥੇ ਭੀ ਸੰਖੇਪ ਨਾਲ ਪਾਠਕਾਂ ਨੂੰ ਦੋ ਚਾਰ ਉਦਾਹਰਣ ਦੇ ਕੇ ਸਮਝਾਉਨੇ ਹਾਂ :
(੧) ਸਿੰਘ ਸੂਰਯੋਦਯ ਵਿਚ ਲਿਖਿਆ ਹੈ ਕਿ ਗੁਰੂ ਦਾ ਸਿੱਖ :
ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ॥ (ਜਾਪੁ ਸਾਹਿਬ, ੧੮੪)
ਇਹ ਮੰਤ੍ਰ ਪੜ੍ਹਕੇ ਚੰਦ੍ਰਮਾ ਔਰ ਸੂਰਯ ਨੂੰ ਮੱਥਾ ਟੇਕੇ। ਪਹਿਲਾਂ ਤਾਂ ਇਨ੍ਹਾਂ "ਜਾਪੁ” ਦੀਆਂ ਤੁਕਾਂ ਦਾ ਅਰਥ ਇਹ ਹੈ ਕਿ ਜੋ ਵਾਹਿਗੁਰੂ ਚੰਦ੍ਰਮਾ ਅਤੇ ਸੂਰਜ ਦਾ ਭੀ ਪ੍ਰਕਾਸ਼ਕ ਹੈ ਉਸ ਨੂੰ ਨਮਸਕਾਰ ਹੈ। ਦੂਜੇ, ਗੁਰਮਤ ਵਿਚ ਚੰਦ੍ਰਮਾ ਔਰ ਸੂਰਯ ਦੇ ਪੂਜਨ ਦਾ ਨਿਸ਼ੇਧ ਹੈ, ਯਥਾ:
ਪਰਮਤੱਤ ਕੋ ਜਿਨ ਨ ਪਛਾਨਾ ॥
ਤਿਨ ਕਰਿ ਈਸਰ ਤਿਨ ਕਹੁ ਮਾਨਾ ॥
ਕੇਤੇ ਸੂਰ ਚੰਦ ਕਹੁ ਮਾਨੈ ॥
ਅਗਨਹੋਤ੍ਰ ਕਈ ਪਵਨ ਪ੍ਰਮਾਨੈ ॥੧੦॥ (ਬਚਿਤ੍ਰ ਨਾਟਕ, ਅਧਿਆ ੬)
ਕੋਈ ਪੂਜੈ ਚੰਦੁ ਸੂਰੁ, ਕੋਈ ਧਰਤਿ ਅਕਾਸੁ ਮਨਾਵੈ ।....
ਫੋਕਟ ਧਰਮੀ ਭਰਮਿ ਭੁਲਾਵੈ ॥੧੮॥ (ਭਾਈ ਗੁਰਦਾਸ, ਵਾਰ ੧)
ਈਂ ਦੋ ਆਲਮ ਜ਼ੱਰਾਇ ਅਜ਼ ਨੀਰੇ ਉਸਤ।
ਮਿਹਰੋ ਮਾਹ ਮਸ਼ ਅਲ-ਕਸ਼ੇ ਮਜ਼ਦੂਰ ਉਸਤ । (ਭਾਈ ਨੰਦ ਲਾਲ)
(੨) ਔਰ ਲਿਖਿਆ ਹੈ: “ਅੰਮ੍ਰਿਤ ਛਕ ਕੇ ਵਰਣ ਔਰ ਜਾਤੀ ਕੀ ਰੀਤਿ ਨਾ ਤ੍ਯਾਗੇ।”
__________
੧. ਏਹ ਸਾਖੀ (ਜਿਸ ਦਾ ਸਰਦਾਰ ਸਰ ਅਤਰ ਸਿੰਘ ਜੀ ਰਈਸ ਭਦੌੜ ਨੇ ਅੰਗਰੇਜ਼ੀ ਤਰਜਮਾ ਕਰਵਾਯਾ ਹੈ) ਉਸ ਜ਼ਮਾਨੇ ਵਿਚ ਲਿਖੀ ਗਈ ਹੈ, ਜਦ ਗਵਰਨਮੈਂਟ ਨੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਦਿੱਤਾ ਹੈ ਜੇਹਾ ਕਿ ਉਸ ਸਾਖੀ ਤੋਂ ਸਾਬਤ ਹੁੰਦਾ ਹੈ :
ਮੁਲਕ ਬੇਚ ਕਰ ਜਾਂਹਿ ਫਿਰੰਗੀ॥ ਗਾਜੇਂਗੇ ਤਬ ਮੋਰ ਭੁਜੰਗੀ ॥
ਔਰ ਇਸ ਵਿਚ ਬਾਬੇ ਬੰਦੇ ਦਾ ਸਰਹਿੰਦ ਲੁਟਣ ਦਾ ਹਾਲ ਭੀ ਲਿਖਿਆ ਹੈ, ਜਿਸ ਤੋਂ ਸਿੱਧ ਹੈ ਕਿ ਇਹ ਸਾਖੀ ਭਾਈ ਗੁਰਬਖ਼ਸ਼ ਸਿੰਘ ਜੀ ਨੇ ਨਹੀਂ ਲਿਖਾਈ। ਸਾਖੀ ਦਾ ਕਰਤਾ ਉਪੱਦ੍ਰਵੀ ਅਤੇ ਮਲਵਈ ਸਿੱਖਾਂ ਦਾ ਵਿਰੋਧੀ ਜਾਪਦਾ ਹੈ, ਕਿਉਂਕਿ ਇਸ ਸਾਖੀ ਵਿਚ ਲਿਖਦਾ ਹੈ :
ਝੂਠਾ ਮਾਲਵਾ ਦੇਸ਼, ਕੁੜੀਆਂ ਪਿੱਛੇ ਪਲਿਆ।
ਗੁਰੂ ਸਾਹਿਬ, ਜੋ ਸਭ ਦੇਸ਼ਾਂ ਨੂੰ ਇਕੋ ਜੇਹਾ ਪਯਾਰ ਕਰਦੇ ਸੇ, ਔਰ ਆਪਣੇ ਪੁੱਤ੍ਰਾਂ ਵਿਚ ਕਦੇ ਭੀ ਫੁੱਟ ਨਹੀਂ ਦੇਖਣੀ ਚਾਹੁੰਦੇ ਸੇ, ਅਰ ਮਾਝੇ ਮਾਲਵੇ ਆਦਿਕ ਦੇਸ਼ ਭੇਦ ਕੌਮ ਦੇ ਨਾਸ਼ ਦਾ ਕਾਰਣ ਜਾਣਦੇ ਸੇ, ਕੀ ਓਹ ਏਹ ਬਚਨ ਉਚਾਰ ਸਕਦੇ ਸਨ ?
ਭਾਵੇਂ ਗੁਰਮਤ ਇਸ ਤੋਂ ਪਰਮ ਵਿਰੁਧ ਹੈ।
(ਦੇਖੋ; ਇਸੇ ਪੁਸਤਕ 'ਹਮ ਹਿੰਦੂ ਨਹੀਂ" ਦਾ ਅੰਗ ਦੋ)
(੩) ਗੁਰੁ ਬਿਲਾਸ ਵਿਚ ਲਿਖਿਆ ਹੈ ਕਿ ਦੁਖਿਤ ਪ੍ਰਿਥਵੀ ਗਊ ਬਣ ਕੇ, ਬ੍ਰਹਮਾ ਨੂੰ ਨਾਲ ਲੈ ਕੇ ਅਕਾਲ ਪੁਰਖ ਪਾਸ ਗਈ, ਉਸ ਦੀ ਬੇਨਤੀ ਪਰ ਅਕਾਲ ਨੇ ਛੇਵੇਂ ਗੁਰੂ ਦਾ ਰੂਪ ਧਾਰਿਆ, ਔਰ ਜਨਮ ਸਮਯ ਗੁਰੂ ਹਰਿ ਗੋਬਿੰਦ ਜੀ ਚਤੁਰਭੁਜ ਸੇ।
ਪਹਿਲੇ ਤਾਂ ਇਸ ਕਥਾ ਲਿਖਣ ਵਾਲੇ ਨੇ ਗੁਰਮਤ ਵਿਰੁਧ ਅਕਾਲ ਨੂੰ ਜਨਮ ਮਰਨ ਵਾਲਾ ਔਰ ਚੌਬਾਹੂ ਸਾਬਤ ਕੀਤਾ। ਦੂਜੇ, ਪੰਜਾਂ ਸਤਿਗੁਰਾਂ ਦੀ ਨਿੰਦਾ ਕੀਤੀ ਕਿਉਂਕਿ ਉਨ੍ਹਾਂ ਦੇ ਉਪਦੇਸ਼ਾਂ ਕਰਕੇ ਪ੍ਰਿਥਵੀ ਦਾ ਭਾਰ ਦੂਰ ਨਹੀਂ ਹੋਯਾ ਸੀ।
(੪) ਏਸੇ ਪੋਥੀ ਵਿਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਰ ਸਿਆਪਾ ਹੋਯਾ ਔਰ ਗੁਰੂ ਸਾਹਿਬ ਬਹੁਤ ਰੋਏ। ਭਾਵੇਂ ਗੁਰੂ ਦੇ ਮਤ ਵਿਚ ਐਸੇ ਕਰਮ ਬਹੁਤ ਹੀ ਨਿੰਦਤ ਕਥਨ ਕੀਤੇ ਹਨ, ਯਥਾ:
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥ (ਸਿਰੀ ਰਾਗੁ ਮ: ੧, ਪੰਨਾ ੧੫)
ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ॥
ਤੁਮ ਰੋਵਹੁਗੇ ਓਸ ਨੋ, ਤੁਮ੍ ਕਉ ਕਉਣੁ ਰੋਈ ॥੩॥
ਧੰਧਾ ਪਿਟਿਹੁ ਭਾਈਹੋ, ਤੁਮ੍ ਕੂੜੁ ਕਮਾਵਹੁ ॥
ਓਹੁ ਨ ਸੁਣਈ ਕਤ ਹੀ, ਤੁਮ੍ ਲੋਕ ਸੁਣਾਵਹੁ ॥੪॥ (ਆਸਾ ਮ: ੧, ਪੰਨਾ ੪੧੮)
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ (ਵਡਹੰਸੁ ਮ: ੧, ਪੰਨਾ ੫੭੯)
ਜੋ ਹਮ ਕੋ ਰੋਵੈਗਾ ਕੋਈ। ਈਤ ਊਤ ਤਾਂਕੋ ਦੁਖ ਹੋਈ।
ਕੀਰਤਨ ਕਥਾ ਸੁ ਗਾਵਹੁ ਬਾਨੀ। ਇਹੈ ਮੋਰ ਸਿਖਯਾ ਸੁਨਿ ਹੋ ਕਾਨੀ ॥੫੮॥ (ਗੁਰ ਬਿਲਾਸ ਪਾ: ੧੦, ਕ੍ਰਿਤ ਸੁਖਾ ਸਿੰਘ, ਅਧਿਆ ੨੯)
ਤਜੈਂ ਸ਼ੋਕ ਸਭ ਅਨਦ ਬਢਾਇ ।
ਨਹਿ ਪੀਟਹਿਂ ਤ੍ਰਿਯ ਮਿਲ ਸਮੁਦਾਇ ।
ਪਢੈ ਸ਼ਬਦ ਕੀਰਤਨ ਕੋ ਕਰੈਂ ।
ਸੁਨੈ ਬੈਠ ਵੈਰਾਗੁ ਸੁ ਧਰੈਂ । (ਗੁਰ ਪ੍ਰਤਾਪ ਸੂਰਯ)
ਐਸੇ ਹੀ ਬਿਨਾ ਬਿਚਾਰੇ ਜੋ ਹੋਰ ਲੇਖ ਅਗ੍ਯਾਨੀਆਂ ਨੇ ਪੁਸਤਕਾਂ ਵਿਚ ਲਿਖੇ ਉਹ ਆਦਰਯੋਗ ਨਹੀਂ, ਯਥਾ:
(ੳ) ਗੁਰੂ ਨਾਨਕ ਸਾਹਿਬ "ਕੀੜਨਗਰ” ਵਿਚ ਗਏ, ਉਥੇ ਕੀੜਿਆਂ ਦਾ ਹੀ ਰਾਜ ਸੀ, ਉਨ੍ਹਾਂ ਪਰਥਾਇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ:
ਕੀੜਾ ਥਾਪਿ ਦੇਇ ਪਾਤਿਸਾਹੀ, ਲਸਕਰ ਕਰੇ ਸੁਆਹ ॥ (ਸਲੋਕ ਮ: ੧ ਵਾਰ ਮਾਝ, ਪੰਨਾ ੧੪੪)
(ਅ) ਗੁਰੂ ਜੀ ਤੋਂ ਸਿੱਖਾਂ ਨੇ ਕੁੰਭ ਮੇਲੇ ਦਾ ਮਹਾਤਮ ਪੁੱਛਿਆ, ਤਾਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ :
ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ ॥ (ਵਾਰ ਆਸਾ ਮ: ੧, ਪੰਨਾ ੪੬੯)
(ੲ) ਗੁਰੂ ਸਾਹਿਬ ਨੇ ਆਸਾ ਦੇਸ਼ ਵਿਚ ਸ਼ੇਖ ਫਰੀਦ ਨਾਲ ਮੁਲਾਕਾਤ ਕੀਤੀ, ਔਰ ਆਸਾ ਰਾਗ ਵਿਚ ਬਾਣੀ ਉਚਾਰੀ, ਔਰ ਧਨਾਸਰੀ ਦੇਸ਼ ਵਿਚ ਧਨਾਸਰੀ ਰਾਗ ਉਚਾਰਨ ਕੀਤਾ।
(ਸ) ਛੇਵੇਂ ਗੁਰੂ, ਭੂਤ ਔਰ ਭੂਤਨੀਆਂ ਭੇਜ ਕੇ ਦੇਸ਼ ਦੇਸ਼ਾਂਤਰਾਂ ਤੋਂ ਖ਼ਬਰ ਮੰਗਵਾਯਾ ਕਰਦੇ ਸੇ।
(ਹ) ਦਸਵੇਂ ਗੁਰੂ ਸਾਹਿਬ ਕ੍ਰਿਸ਼ਨ ਦੀ ਤਰ੍ਹਾਂ ਪਾਣੀ ਭਰਨ ਆਈਆਂ ਇਸਤ੍ਰੀਆਂ ਦੇ ਘੜੇ ਭੰਨ ਦਿੰਦੇ ਸੇ, ਔਰ ਗਵਾਂਢੀਆਂ ਦਾ ਮੱਖਣ ਚੁਰਾ ਕੇ ਖਾ ਜਾਂਦੇ ਸੇ ।
(ਕ) ਸਈਯਦਾਂ ਦੀ ਉਤਪਤੀ ਪਾਂਡਵਾਂ ਵੇਲੇ ਹੋਈ, ਔਰ ਮੁਗ਼ਲ ਬ੍ਰਾਹਮਣਾਂ ਦੀ ਉਲਾਦ ਹਨ।
ਇਤਿਆਦਿਕ ਬਹੁਤ ਲੇਖ ਹਨ, ਜਿਨ੍ਹਾਂ ਦੇ ਏਥੇ ਲਿਖਣ ਕਰਕੇ ਵਿਸਥਾਰ ਹੁੰਦਾ ਹੈ। ਕਬੀਰ ਜੀ ਔਰ ਭਾਈ ਮਨੀ ਸਿੰਘ ਜੀ ਦੇ ਕਥਨ ਅਨੁਸਾਰ ਗੁਰਮੁਖਾਂ ਨੂੰ ਚਾਹੀਏ ਕਿ ਮੱਖਣ ਨੂੰ ਗ੍ਰਹਿਣ ਕਰਕੇ ਛਾਛ ਦਾ ਤਿਆਗ ਕਰ ਦੇਣ।"
ਸਿਧਾਂਤ ਏਹ ਹੈ ਕਿ ਜੋ ਪ੍ਰਮਾਣ ਗੁਰਬਾਣੀ ਸੰਮਤ ਹੈ, ਉਹੀ ਮੰਨਣ ਯੋਗ ਹੈ, ਔਰ ਜੋ ਵਿਰੁੱਧ ਹੈ, ਉਸ ਦਾ ਸਰਬਥਾ ਤਿਆਗ ਹੈ।
ਜੋ ਲੋਕ ਅਪ੍ਰਮਾਣ ਪ੍ਰਮਾਣਾਂ ਨਾਲ ਸਿੱਖਾਂ ਨੂੰ ਹਿੰਦੂ ਸਿੱਧ ਕਰਨ ਦਾ ਯਤਨ ਕਰਦੇ ਹਨ, ਉਹ ਆਪਣੀ ਮਿਹਨਤ ਹੀ ਨਹੀਂ ਗਵਾਉਂਦੇ, ਸਗੋਂ ਆਪਣੀ ਅਗਿਆਨਤਾ ਅਥਵਾ ਸਵਾਰਥ ਭਰੀ ਕੁਟਿਲਤਾ ਪ੍ਰਸਿੱਧ ਕਰਕੇ ਹਾਸੀ ਅਤੇ ਘ੍ਰਿਣਾ ਦੇ ਯੋਗ ਹੁੰਦੇ ਹਨ।
ਇਸ ਪੁਸਤਕ ਅਥਵਾ ਸਵਾਲ ਪਰ ਜੋ ਪੰਥ ਦੀ ਸੰਮਤੀ ਹੈ, ਏਥੇ ਉਸ ਦਾ ਪ੍ਰਗਟ ਕਰ ਦੇਣਾ ਭੀ ਜ਼ਰੂਰੀ ਹੈ, ਜਿਸ ਤੋਂ ਸਭ ਨੂੰ ਪ੍ਰਤੀਤ ਹੋ ਜਾਵੇ ਕਿ ਕੌਮ ਦੇ ਮੁਖੀਏ ਪ੍ਰੇਮੀਆਂ ਦੀ ਇਸ ਵਿਸ਼ੇ ਤੇ ਕੀ ਰਾਏ ਹੈ :
____________
੧. ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥ (ਸਲੋਕ ਕਬੀਰ, ਪੰਨਾ ੧੩੬੫)
"ਵੇਦ ਆਦਿਕਾਂ ਦਾ ਵਿਅਰਥ ਵਾਕ ਤਿਆਗਣਾ, ਸਾਰ ਵਾਲਾ ਵਾਕ ਬਾਲਕ ਦਾ ਭੀ ਮੰਨਣਾ।” (ਰਤਨਮਾਲ)
ਨੰ: ੧, ਚਿੱਠੀ ਹਜ਼ੂਰ ਸਾਹਿਬ (ਅਬਚਲ ਨਗਰ) ਦੀ
“ੴ ਵਾਹਿਗੁਰੂ ਜੀ ਕੀ ਫਤੇ॥
ਦੋਹਰਾ ॥ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੁ ਅਵਤਾਰ ॥
ਜਗਮਗ ਜੋਤਿ ਬਿਰਾਜਈ ਅਬਚਲ ਨਗਰ ਅਪਾਰ ॥
ਸਰਬ ਗੁਣ ਨਿਧਾਨ ਪ੍ਰੇਮੀ ਪਿਆਰੇ ਸਿੰਘ ਸਾਹਿਬ ਕਾਹਨ ਸਿੰਘ ਜੀ ਕੋ, ਹੋਰ ਸਰਬੱਤ ਖਾਲਸੇ ਜੀ ਕੋ ਲਿਖਤੁਮ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਸੇ ਪੁਜਾਰੀ ਮਾਨ ਸਿੰਘ ਨੇ, ਪੁਜਾਰੀ ਨਰਾਇਣ ਸਿੰਘ ਨੇ ਹੋਰ ਸਰਬੱਤ ਨੇ ਵਾਹਿਗੁਰੂ ਜੀ ਕੀ ਫਤੇ ਬੋਲੀ ਹੈ, ਬੋਲਾਵਣੀ ਜੀ॥ ਆਪ ਕੀ ਸੁੱਖ ਸਤਿਗੁਰੂ ਪਾਸੋਂ ਚਾਹਤੇ ਹੈਂ ਜੀ॥ ਆਪ ਨੇ ਜੋ "ਹਮ ਹਿੰਦੂ ਨਹੀਂ” ਪੁਸਤਕ ਰਵਾਨਾ ਕੀਆ, ਸੋ ਪਹੁੰਚਾ। ਬੇਸ਼ੱਕ, ਮਹਾਰਾਜ ਦਸਵੇਂ ਬਾਦਸ਼ਾਹ ਜੀ ਨੇ ਖਾਲਸਾ ਪੰਥ ਤੀਸਰਾ, ਹਿੰਦੂ ਮੁਸਲਮਾਨ ਸੇ ਅਲਹਿਦਾ ਰਚ ਕਰ ਜਾਰੀ ਕੀਆ ਹੈ॥ ਔਰ ਤਮਾਮ ਪੰਥ ਕੋ ਚਾਹੀਏ ਕਿ ਦਸਵੇਂ ਬਾਦਸ਼ਾਹ ਕੇ ਉੱਪਰ ਹੀ ਭਰੋਸਾ ਰੱਖੇ॥ ਸਿਵਾਇ ਉਨਕੇ ਔਰ ਕਿਸੀ ਕੋ ਮਦਦਗਾਰ ਨਾ ਸਮਝੇ ॥ ਖਾਲਸਾ ਪੰਥ ਸੂਰਜ ਕੇ ਸਮਾਨ ਪ੍ਰਕਾਸ਼ ਹੋ ਰਹਾ ਹੈ, ਕੁਰੀਤੀਏ ਅਗਰ ਸੂਰਜ ਕੇ ਤੇਜ ਕੋ ਰੋਕਨਾ ਚਾਹੇਂ, ਤੋ ਰੋਕ ਨਹੀਂ ਸਕਤੇ, ਵੋਹ ਹਮੇਸ਼ਾਂ ਪ੍ਰਕਾਸ਼ ਰੂਪ ਹੀ ਰਹੇਗਾ॥
ਮਿਤੀ ਚੇਤ ਸੁਦੀ ੭, ਸੰਮਤ ੧੯੫੫”
ਨੰ: ੨, ਹੁਕਮਨਾਮਾ ਤਖ਼ਤ ਕੇਸਗੜ੍ਹ ਸਾਹਿਬ ਦਾ
ਮੁਹਰ
“ੴ ਸਤਿਗੁਰਪ੍ਰਸਾਦਿ॥
ਭਾਈ ਕਾਨ੍ਹ ਸਿੰਘ ਜੀ, ਵਾਹਿਗੁਰੂ ਜੀ ਕੀ ਫਤੇ ਹੈ॥ ਤਖਤ ਕੇਸਗੜ੍ਹ ਸਾਹਿਬ ਕੀ ਰਾਏ ਹੈ ਕਿ ਖਾਲਸਾ ਹਿੰਦੂ ਔਰ ਮੁਸਲਮਾਨੋਂ ਸੇ ਤੀਸਰਾ ਮਜ਼ਬ ਗੁਰੂ ਸਾਹਿਬ ਨੇ ਬਣਾਇਆ ਹੈ, ਜਿਸ ਕਾ ਪ੍ਰਮਾਣ ਸ੍ਰੀ ਗੁਰੂ ਸਾਹਿਬ ਕੀ ਬਾਣੀ ਸੇ ਔਰ ਗੁਰਬਿਲਾਸ ਪੰਥ ਪ੍ਰਕਾਸ਼ ਆਦਿਕ ਪੁਸਤਕੋਂ ਸੇ ਮਿਲਤਾ ਹੈ।
ਤਾਰੀਖ ਵੈਸਾਖ ੬, ਸਾਲ ਨਾਨਕਸ਼ਾਹੀ ੪੩੦॥
ਓਅੰਕਾਰ ਕੇ ਸਮੇਤ ਸਤਰਾਂ ਨੌ ਹੈਂ॥”
ਨੰ: ੩, ਹੁਕਮਨਾਮਾ ਦਮਦਮੇ ਸਾਹਿਬ ਦਾ
ਮੁਹਰ ਮੁਹਰ
"ੴ ਸਤਿਗੁਰਪ੍ਰਸਾਦਿ ॥
ਸ੍ਰੀ ਸਤਿਗੁਰੂ ਜੀ ਕੇ ਪਿਆਰੇ, ਸ੍ਰੀ ਸਤਿਗੁਰੂ ਜੀ ਕੇ ਸਵਾਰੇ, ਸ੍ਰੀ ਸਤਿਗੁਰੂ ਜੀ ਕੇ ਸਾਜੇ, ਸ੍ਰੀ ਸਤਿਗੁਰੂ ਜੀ ਕੇ ਨਿਵਾਜੇ, ਪਰਉਪਕਾਰੀ, ਸਨਮੁਖ ਦਰਬਾਰੀ, ਗੁਰੂ ਬਾਣੀ ਕੇ ਹਿਤਕਾਰੀ, ਨਿਰਮਲ ਬੁੱਧ, ਬਚਨ ਕੇ ਸੁੱਧ ਗੁਰ ਸਿੰਘ ਕੇ ਪਿਆਰੇ ਸ੍ਰੀ ਸਰਬ ਉਪਮਾ ਜੋਗ ਸਿੰਘ ਸਾਹਿਬ ਕਾਨ ਸਿੰਘ ਜੀ ਕੋ ਲਿਖਤੋਂ ਦਰਬਾਰ ਦਮਦਮੇ ਸਾਹਿਬ ਸੇ ਸਰਬ ਮਹੰਤੋਂ ਕੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੋਲੀ ਹੈ, ਬੁਲਾਵਣੀ ਜੀ । ਔਰ, 'ਹਮ ਹਿੰਦੂ ਨਹੀਂ' ਪੁਸਤਕ ਖਾਲਸੇ ਕੇ ਦੀਵਾਨ ਮੇਂ ਪੜ੍ਹਿਆ ਗਇਆ, ਔਰ ਸਰਬ ਖਾਲਸੇ ਨੇ ਇਸ ਨੂੰ ਪਸਿੰਦ ਕੀਤਾ। ਏਸ ਪੁਸਤਕ ਤੋਂ ਉਨ੍ਹਾਂ ਨੂੰ ਬਹੁਤ ਲਾਭ ਹੋਵੇਗਾ, ਜੋ ਗੁਰਾਂ ਦੇ ਉਪਦੇਸ਼ਾਂ ਤੋਂ ਭੁੱਲ ਕੇ ਆਪਣੇ ਆਪ ਨੂੰ ਹਿੰਦੂ ਸਮਝਦੇ ਹਨ। ਹਿੰਦੂ ਮੁਸਲਮਾਨ ਤੇ ਨਿਆਰਾ ਪੰਥ ਖਾਲਸਾ ਹੈ, ਸਰਬ ਗੁਰਮਤ ਗ੍ਰੰਥੋਂ ਦਵਾਰਾ ਪ੍ਰਸਿੱਧ ਹੈ।
ਬੈਸਾਖ ਦਿਨ ੨੫, ਸਾਲ ਨਾਨਕ ਸ਼ਾਹੀ ੪੩੦॥
ਦਸਤਖਤ ਦੀਵਾਨ ਸਿੰਘ ॥ ਚੇਤ ਸਿੰਘ ॥ ਪ੍ਰੇਮ ਸਿੰਘ ॥ ਸੁੰਦਰ ਸਿੰਘ ॥ ਨਰਾਯਣ ਸਿੰਘ॥ ਜੈ ਸਿੰਘ ਮਹੰਤ ॥ ਉੱਤਮ ਸਿੰਘ॥ ਚੰਦਾ ਸਿੰਘ ॥”,
ਨੰ: ੪, ਹੁਕਮਨਾਮਾ ਮੁਕਤਸਰ ਜੀ ਦਾ
ਮੁਹਰ
ਮੁਹਰ ਗੁ: ਤੰਬੂ ਸਾਹਿਬ
“ੴ ਸਤਿਗੁਰਪ੍ਰਸਾਦਿ॥
ਸ੍ਰੀ ਸਰਬ ਉਪਮਾ ਲਾਇਕ ਭਾਈ ਕਾਨ ਸਿੰਘ ਜੀ ਜੋਗ ਸ੍ਰੀ ਮੁਕਤਸਰ ਸਾਹਿਬ ਗੁਰਦਵਾਰਾ ਬਡਾ ਦਰਬਾਰ ਸਾਹਿਬ ਵ ਤੰਬੂ ਸਾਹਿਬ ਤੋਂ ਸਰਬੱਤ ਖਾਲਸੇ ਜੀ ਕੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੋਲੀ ਹੈ, ਬੁਲਾਵਣੀ ਜੀ॥ ਤਖਤ ਸਾਹਿਬ ਦੀ ਰਾਇ ਹੈ ਕਿ ਗੁਰੂ
ਸਾਹਿਬ ਨੇ ਹਿੰਦੂ ਔਰ ਮੁਸਲਮਾਨਾਂ ਤੋਂ ਅਲਗ ਤੀਸਰਾ ਪੰਥ ਖਾਲਸਾ ਸਜਾਇਆ ਹੈ, ਜਿਸ ਦਾ ਪ੍ਰਮਾਣ ਗੁਰੂ ਸਾਹਿਬ ਦੀ ਬਾਣੀ ਔਰ ਗੁਰ ਬਿਲਾਸ ਆਦਿਕ ਪੁਸਤਕਾਂ ਵਿਚ ਬਿਸਥਾਰ ਨਾਲ ਹੈ।
ਬੈਸਾਖ ਸੰਗਰਾਂਦੋਂ ੨੭, ਸਾਲ ਨਾਨਕ ਸ਼ਾਹੀ ੪੩੦॥
ਦਸਖਤ ਮੈਹਿਣ ਸਿੰਘ ॥ ਰਣ ਸਿੰਘ॥ ਹਰਦਿੱਤ ਸਿੰਘ ॥ ਲਹਿਣਾ ਸਿੰਘ ॥ ਦਾਨ ਸਿੰਘ ॥ ਪ੍ਰਦੁਮਨ ਸਿੰਘ ॥ ਮਤਾਬ ਸਿੰਘ ॥ ਜੋਧ ਸਿੰਘ ॥ ਭਾਈ ਭਗਤ ਸਿੰਘ॥ ਭਾਈ ਗੁਰਬਖ਼ਸ਼ ਸਿੰਘ ॥”
ਨੰ: ੫, ਚਿੱਠੀ ਚੀਫ ਸਕੱਤ੍ਰ ਖਾਲਸਾ ਦੀਵਾਨ ਲਾਹੌਰ ਦੀ
“ਨੰਬਰ ੧੧੫, ਤਾਰੀਖ ੪ ਮਈ, ਸੰਨ ੧੮੯੯
ੴ ਸ੍ਰੀ ਯੁਤ ਭਾਈ ਕਾਹਨ ਸਿੰਘ ਜੀ, ਸ੍ਰੀ ਵਾਹਿਗੁਰੂ ਜੀ ਕੀ ਫਤੇ॥ ਆਪ ਦੀ ਪਤ੍ਰਕਾ "ਹਮ ਹਿੰਦੂ ਨਹੀਂ” ਪੁਸਤਕ ਸਹਿਤ ਪਹੁੰਚੀ ਅਤੇ ਦੀਵਾਨ ਦੀ ਕਮੇਟੀ ਵਿਚ ਪੇਸ਼ ਕੀਤੀ ਗਈ ਅਤੇ ਆਪ ਦਾ ਪੁਸਤਕ ਪੜ੍ਹਿਆ ਗਇਆ। ਆਪ ਏਹ ਦਰਿਆਫ਼ਤ ਕਰਦੇ ਹੋ ਕਿ ਖਾਲਸਾ ਦੀਵਾਨ ਦੀ ਰਾਏ ਵਿਚ ਇਸ ਗ੍ਰੰਥ ਵਿਚ ਕੋਈ ਬਾਤ ਖਾਲਸਾ ਧਰਮ ਵਿਰੁਧ ਤਾਂ ਨਹੀਂ ਲਿਖੀ ਗਈ ? ਜਿਸ ਦੇ ਉੱਤਰ ਵਿਚ ਮੈਨੂੰ ਉਕਤ ਕਮੇਟੀ ਵਲੋਂ ਏਹ ਹਦਾਇਤ ਹੋਈ ਹੈ ਕਿ ਮੈਂ ਆਪ ਨੂੰ ਇਤਲਾਹ ਦਿਆਂ ਕਿ ਕਮੇਟੀ ਦੀ ਰਾਏ ਵਿਚ ਇਸ ਗ੍ਰੰਥ ਵਿਚ ਕੋਈ ਲੇਖ ਖਾਲਸਾ ਧਰਮ ਵਿਰੁੱਧ ਨਹੀਂ, ਕਿੰਤੂ ਸਭ ਲੇਖ ਖਾਲਸਾ ਧਰਮ ਅਨੁਕੂਲ ਹੈਨ। ਕਮੇਟੀ ਨੇ ਇਸ ਗ੍ਰੰਥ ਨੂੰ ਬਹੁਤ ਵਿਚਾਰ ਨਾਲ ਦੇਖਿਆ ਹੈ, ਇਸ ਗ੍ਰੰਥ ਵਿਚ ਇਹ ਉਤਮਤਾ ਦੇਖੀ ਗਈ ਹੈ ਕਿ ਬਾਤ ਬਾਤ ਪਰ ਸ੍ਰੀ ਮੁਖਵਾਕ ਪ੍ਰਮਾਣ ਦਿਖਾਏ ਗਏ ਹਨ। ਖਾਲਸਾ ਪੰਥ ਕੇ ਰਚਨੇ ਕਾ ਜੋ ਮੁੱਖ ਸਿਧਾਂਤ ਗੁਰੂ ਸਾਹਿਬਾਨ ਕਾ ਥਾ ਕਿ ਖਾਲਸਾ ਧਰਮ ਅਰ ਖਾਲਸਾ ਪੰਥ ਸਭ ਧਰਮੋਂ ਅਰ ਪੰਥੋਂ ਸੇ ਭਿੰਨ ਹੈ ਅਰ ਸਰੇਸ਼ਟ ਹੈ, ਸੋ ਭਲੀ ਪ੍ਰਕਾਰ ਉਤਮ ਰੀਤੀ ਸੇ ਆਪ ਨੇ ਖੋਲ੍ਹ ਕਰ ਲਿਖ ਦੀਆ ਹੈ।
ਆਪ ਦਾ ਸ਼ੁਭ-ਚਿੰਤਕ,
ਨਿੱਕਾ ਸਿੰਘ, ਜਾਇੰਟ ਚੀਫ ਸਕੱਤ੍ਰ, ਖਾਲਸਾ ਦੀਵਾਨ॥”
ਨੰ: ੬
ਗੁਰਪੁਰ ਨਿਵਾਸੀ ਮਹਾਰਾਜਾ ਸਾਹਿਬ ਨਾਭਾ ਨੇ ਸ੍ਰੀ ਅੰਮ੍ਰਿਤਸਰ ਜੀ ਦੇ ਖਾਲਸੇ ਦੀ ਇਸ ਰਸਾਲੇ ਪਰ ਸੰਮਤੀ ਮੰਗੀ, ਜਿਸ ਪਰ ਸਭ ਸ਼ਿਰੋਮਣੀ ਸਿੰਘਾਂ ਨੇ ੧੬ ਵਿਸਾਖ, ਸਾਲ ੧੯੫੬ ਬਿ: ਨੂੰ ਅੱਗੇ ਲਿਖਿਆ ਲੇਖ ਮਹਾਰਾਜਾ ਦੇ ਪੇਸ਼ ਕੀਤਾ :
"ੴ ਸਤਿਗੁਰਪ੍ਰਸਾਦਿ ॥
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ॥ ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਅਸੀਂ ਅਕਾਲ ਪੁਰਖ ਪਰਮੇਸ਼੍ਵਰ ਦਾ ਮਨੋਂ ਤਨੋਂ ਧੰਨਵਾਦ ਕਰਦੇ ਹਾਂ, ਜਿਸ ਨੇ ਆਪਣੀ
ਪਰਮ ਕ੍ਰਿਪਾਲਤਾ ਨਾਲ ਸਾਨੂੰ ਮਨੁੱਖ ਜਨਮ ਅਰ ਆਪਣਾ ਨਿਜ ਧਰਮ, "ਖਾਲਸਾ ਧਰਮ" ਅਰ ਤੀਰਥ-ਰਾਜ ਪਰਮ ਪਵਿੱਤ੍ਰ ਨਗਰ ਸ੍ਰੀ ਅੰਮ੍ਰਿਤਸਰ ਜੀ ਵਿਚ ਨਿਵਾਸ ਦਿੱਤਾ, ਪੁਨ: ਅਸੀਂ ਉਸ ਦੀ ਹੋਰ ਭੀ ਕ੍ਰਿਪਾਲਤਾ ਏਹ ਸਮਝਦੇ ਹਾਂ ਜੋ ਉਸ ਨੇ ਸਾਨੂੰ ਨਿਆਏਕਾਰੀ ਨਿਰਪੱਖ ਸਰਕਾਰ ਕੇ ਰਾਜ ਮੇਂ ਜੀਵਨ ਦਿੱਤਾ ਜਿਸ ਕਰਕੇ ਅਸੀਂ ਸਵਤੰਤਰ ਸ੍ਵੈ-ਧਰਮ ਦੀ ਚਰਚਾ ਕਰ ਸਕਦੇ ਹਾਂ ਅਰ ਪੰਥ ਮੇਂ ਸਰਬ ਪ੍ਰਕਾਰ ਕਰਕੇ ਪ੍ਰਧਾਨ, ਸਭ ਕੇ ਮਾਨ੍ਯ, ਅਤਿ ਵਿਦਵਾਨ, ਧਰਮ ਕਾਰਜਾਂ ਮੇਂ ਜਿਨ੍ਹਾਂ ਕਾ ਧਿਆਨ, ਬਡੇ ਕਦਰ ਦਾਨ, ਕ੍ਰਿਤ, ਗੁਣ, ਗੁਣ ਗ੍ਰਾਹਕ ਨਿਰਪੱਖ ਅਰ ਨਿਆਏਕਾਰੀ, ਨਿਜ ਇਸ਼ਟ ਮੇਂ ਨੇਸ਼ਠਾਵਾਨ, ਗੁਰੂ ਭਗਤਿ ਮੇਂ ਅਨੁਰਕਤ ਆਪ ਜੈਸੇ ਮਹਾਰਾਜੇ ਦਿੱਤੇ । ਅਸੀਂ ਖ਼ੁਸ਼ਾਮਦ ਕਰਕੇ ਨਹੀਂ, ਸੱਚ ਸੱਚ ਕਹਿੰਦੇ ਹਾਂ ਕਿ ਜੋ ਪੰਥ ਹਿਤੈਸ਼ੀ ਵਿਦਵਾਨ ਗੁਰਮੁਖ ਸਿੱਖ ਹਨ, ਸੋ ਹਜ਼ੂਰ ਦਾ ਸਿਰ ਪਰ ਹੋਣਾ ਗਨੀਮਤ ਸਮਝਦੇ ਹਨ, ਕਿਉਂਕਿ ਜਦ ਤੋੜੀ ਪੁਰਸ਼ ਦੇ ਸਿਰ ਪਰ ਕੁਲ ਕਾ, ਰਾਜਾ ਕਾ, ਗੁਰੂ ਕਾ ਅਤੇ ਪਰਮੇਸ਼ਵਰ ਕਾ ਭੈ ਰਹਿੰਦਾ ਹੈ, ਤਦ ਤੋੜੀ ਹੀ ਉਹ ਮਰਯਾਦਾ ਮੇਂ ਚਲਦਾ ਹੈ, ਜੋ ਸਰਬਥਾ ਸੁਖਦਾਇਕ ਹੁੰਦੀ ਹੈ।
ਸ੍ਰੀ ਮਹਾਰਾਜਾ ਨੇ ਸ੍ਰੀ ਮੁਖ ਤੇ ਆਗਿਆ ਕੀਤੀ ਹੈ "ਹਮ ਹਿੰਦੂ ਨਹੀਂ” ਨਾਮੇ ਪੁਸਤਕ ਪਰ ਅਸੀਂ ਰਾਇ ਦੇਈਏ, ਇਸ ਦੇ ਉੱਤਰ ਵਾਸਤੇ ਕਦਾਚਿਤ ਕੁਛ ਸਮਾਂ ਮਿਲ ਜਾਂਦਾ ਤਾਂ ਇਕ ਸੁੰਦਰ ਪੁਸਤਕ ਤਿਆਰ ਹੋ ਸਕਦਾ, ਸ਼ੀਘਰਤਾ ਨਾਲ ਉੱਤਰ ਦੇਣੇ ਮੇਂ ਅਵਸ਼੍ਯ ਕੁਛ ਨਾ ਕੁਛ ਕਠਿਨਾਈ ਪੈਂਦੀ ਹੈ, ਅਰ ਧਰਮ ਚਰਚਾ ਦੇ ਪ੍ਰਸ਼ਨਾਂ ਦੇ ਉੱਤਰ ਪੱਖਪਾਤ ਤੇ ਰਹਿਤ, ਯਥਾਵਤ ਹੋਣੇ ਉਚਿਤ ਹਨ, ਇਸ ਕਾਰਨ ਅਸੀਂ ਏਹ ਚੰਗਾ ਸਮਝਦੇ ਹਾਂ, ਜੋ ਪਰਜਾ ਦਾ ਧਰਮ ਹੈ ਕਿ ਰਾਜਾ ਦੇ ਸਨਮੁਖ ਸੱਚ ਸੱਚ ਕਹਿ ਦੇਵੇ ਅਰ ਸੱਚੀਆਂ ਸੱਚੀਆਂ ਗਵਾਹੀਆਂ ਪੇਸ਼ ਕਰੇ, ਅਰ ਨਿਆਏ ਕਰਨਾ ਰਾਜਾ ਦਾ ਧਰਮ ਹੁੰਦਾ ਹੈ, ਸੋ ਰਾਜਾ ਉਨ੍ਹਾਂ ਵਾਦੀ ਪ੍ਰਤਿਵਾਦੀ, ਅਰਥਾਤ ਮੁਦੱਈ ਮੁੱਦਾਲਾ ਅਰ ਗਵਾਹਾਂ ਦੇ ਕਥਨ ਪਰ ਵਿਚਾਰ ਕਰਕੇ ਫ਼ੈਸਲਾ ਕਰ ਦਿੰਦਾ ਹੈ। ਅਸੀਂ ਆਪਣੀ ਬੁੱਧੀ ਅਨੁਸਾਰ ਬਾਣੀਆਂ ਦੇ ਪ੍ਰਮਾਣ ਸ੍ਰੀ ਮਹਾਰਾਜ ਦੇ ਦ੍ਰਿਸ਼ਟੀ ਗੋਚਰ ਕਰਦੇ ਹਾਂ ਜਿਨ੍ਹਾਂ ਨਾਲ ਬਿਨਾਂ ਪੱਖਪਾਤ ਦੇ ਸਿੱਧ ਹੁੰਦਾ ਹੈ ਕਿ ਖਾਲਸਾ ਪੰਥ ਹਿੰਦੂ ਮੁਸਲਮਾਨ ਸੇ ਭਿੰਨ, ਤੀਸਰਾ ਹੈ।
ਪ੍ਰਮਾਣ ਇਹ ਹੈਨ :
(ੳ) ਨਾ ਹਮ ਹਿੰਦੂ, ਨ ਮੁਸਲਮਾਨ ॥ (ਭੈਰਉ ਮ: ੫, ਪੰਨਾ ੧੧੩੬)
(ਅ) ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥
ਨਾਰਦਿ ਕਹਿਆ ਸਿ ਪੂਜ ਕਰਾਂਹੀ ॥ (ਵਾਰ ਬਿਹਾਗੜਾ, ਮ: ੧, ਪੰਨਾ ੫੫੬)
(ੲ) ਹਮਰਾ ਝਗਰਾ ਰਹਾ ਨ ਕੋਊ॥
ਪੰਡਿਤ ਮੁਲਾਂ ਛਾਡੇ ਦੋਊ ॥......
ਪੰਡਿਤ ਮੁਲਾਂ ਜੋ ਲਿਖਿ ਦੀਆ ॥
ਛਾਡਿ ਚਲੇ ਹਮ ਕਛੂ ਨ ਲੀਆ ॥ (ਭੈਰਉ ਕਬੀਰ, ਪੰਨਾ ੧੧੫੯)
(ਸ) ਹਿੰਦੂ ਅੰਨ੍ਹਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥ (ਗੋਂਡ ਨਾਮਦੇਵ, ਪੰਨਾ ੮੭੫)
(ਹ) ਅਲਹੁ ਏਕੁ ਮਸੀਤਿ ਬਸਤੁ ਹੈ,
ਅਵਰੁ ਮੁਲਖੁ ਕਿਸੁ ਕੇਰਾ ॥
ਹਿੰਦੂ ਮੂਰਤਿ ਨਾਮੁ ਨਿਵਾਸੀ,
ਦੁਹ ਮਹਿ ਤਤੁ ਨ ਹੇਰਾ ॥ (ਪ੍ਰਭਾਤੀ ਕਬੀਰ, ਪੰਨਾ ੧੩੪੯)
(ਕ) ਕਬੀਰ, ਬਾਮਨੁ ਗੁਰੂ ਹੈ ਜਗਤ ਕਾ,
ਭਗਤਨ ਕਾ ਗੁਰੁ ਨਾਹਿ ॥
ਅਰਝਿ ਉਰਝਿ ਕੈ ਪਚਿ ਮੂਆ,
ਚਾਰਉ ਬੇਦਹੁ ਮਾਹਿ ॥ (ਸਲੋਕ ਕਬੀਰ, ਪੰਨਾ ੧੩੭੭)
(ਖ) ਚਾਰਿ ਵਰਨ ਚਾਰਿ ਮਜਹਬਾ, ਜਗ ਵਿਚਿ ਹਿੰਦੂ ਮੁਸਲਮਾਣੇ ।
ਖੁਦੀ ਬਖੀਲਿ ਤਕਬਰੀ, ਖਿੰਚੋਤਾਣ ਕਰੇਨਿ ਧਿਙਾਣੇ ।
ਗੰਗ ਬਨਾਰਸਿ ਹਿੰਦੂਆਂ, ਮੱਕਾ ਕਾਬਾ ਮੁਸਲਮਾਣੇ ।
ਸੁੰਨਤਿ ਮੁਸਲਮਾਣ ਦੀ, ਤਿਲਕ ਜੰਞ ਹਿੰਦੂ ਲੋਭਾਣੇ ।
ਰਾਮ ਰਹੀਮ ਕਹਾਇਦੇ, ਇਕ ਨਾਮੁ ਦੁਇ ਰਾਹ ਭੁਲਾਣੇ।
ਬੇਦ ਕਤੇਬ ਭੁਲਾਇਕੈ, ਮੋਹੇ ਲਾਲਚ ਦੁਨੀ ਸੈਤਾਣੇ ।
ਸਚੁ ਕਿਨਾਰੇ ਰਹਿ ਗਇਆ, ਖਹਿ ਮਰਦੇ ਬਾਹਮਣ ਮਉਲਾਣੇ ।
ਸਿਰੋ ਨ ਮਿਟੇ ਆਵਣ ਜਾਣੇ ॥੨੧॥ (ਭਾਈ ਗੁਰਦਾਸ, ਵਾਰ ੧)
(ਗ) ਪੁਛਨਿ ਫੋਲਿ ਕਿਤਾਬ ਨੋ, ਹਿੰਦੁ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆਂ, ਸੁਭਿ ਅਮਲਾ ਬਾਝਹੁ ਦੋਨੋ ਰੋਈ।
ਹਿੰਦੂ ਮੁਸਲਮਾਨ ਦੁਇ, ਦਰਗਹ ਅੰਦਰਿ ਲਹਨਿ ਨ ਢੋਈ।....॥੩੩॥ (ਭਾਈ ਗੁਰਦਾਸ, ਵਾਰ ੧)
(ਘ) ਰੋਜ਼ੇ ਜੁਮਅਹ ਮੋਮਨਾਨੇ ਬਾਕ ਬਾਜ਼।
ਗਿਰਦਮੇ ਆਯੰਦ ਅਜ਼ ਬਹਿਰੇ ਨਮਾਜ਼ ॥੨੦॥
ਹਮਚੂਨਾ ਦਰ ਮਜ਼ਹਬੇ ਈਂ ਸਾਧਸੰਗ।
ਕਜ਼ ਮੁਹੱਬਤ ਬਾ ਖ਼ੁਦਾ ਦਾਰੰਦ ਰੰਗ ॥੨੧॥
ਗਿਰਦ ਮੇਂ ਆਯੰਦ ਦਰ ਮਾਹੇ ਦੁਬਾਰ ।
ਬਹਿਰੇ ਜ਼ਿਕਰੇ ਖਾਸ਼ਾਏ ਪਰਵਰਦਿਗਾਰ ॥੨੨॥ (ਜ਼ਿੰਦਗੀਨਾਮਾ ਭਾਈ ਨੰਦ ਲਾਲ)
(ਙ) ਮਹਾਦੇਵ ਅਚੁੱਤ ਕਹਵਾਯੋ ॥
ਬਿਸਨ ਆਪ ਹੀ ਕੋ ਠਹਰਾਯੋ ॥
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥
ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥.....
ਤਬ ਜੇ ਜੇ ਰਿਖਰਾਜ ਬਨਾਏ ॥
ਤਿਨ ਆਪਨ ਪੁਨਿ ਸਿਮ੍ਰਿਤਿ ਚਲਾਏ ॥੧੭॥....
ਜਿਨ ਮਨੁ ਹਰਿ ਚਰਨਨ ਠਹਰਾਯੋ ॥
ਸੋ ਸਿੰਮ੍ਰਿਤਨ ਕੇ ਰਾਹ ਨ ਆਯੋ ॥੧੮॥
ਬ੍ਰਹਮਾ ਚਾਰ ਹੀ ਬੇਦ ਬਨਾਏ ॥
ਸਰਬ ਲੋਕ ਤਿਹ ਕਰਮ ਚਲਾਏ ॥
ਜਿਨ ਕੀ ਲਿਵ ਹਰਿ ਚਰਨਨ ਲਾਗੀ ॥
ਤੇ ਬੇਦਨ ਤੇ ਭਏ ਤਿਆਗੀ ॥੧੯॥....
ਮਹਾਦੀਨ ਤਬਿ ਪ੍ਰਭ ਉਪਰਾਜਾ ।
ਅਰਬ ਦੇਸ ਕੋ ਕੀਨੋ ਰਾਜਾ ॥੨੬॥
ਤਿਨ ਭੀ ਏਕੁ ਪੰਥ ਉਪਰਾਜਾ ॥
ਲਿੰਗਬਿਨਾ ਕੀਨੇ ਸਭ ਰਾਜਾ॥
ਸਭ ਤੇ ਅਪਨਾ ਨਾਮੁ ਜਪਾਯੋ ॥
ਸਤਿਨਾਮੁ ਕਾਹੂ ਨ ਦ੍ਰਿੜਾਯੋ ॥੨੭॥......
ਮੈਂ ਅਪਨਾ ਸੁਤ ਤੋਹਿ ਨਿਵਾਜਾ ॥
ਪੰਥੁ ਪ੍ਰਚੁਰ ਕਰਬੇ ਕਹੁ ਸਾਜਾ ॥
ਜਾਹਿ ਤਹਾਂ ਤੈ ਧਰਮੁ ਚਲਾਇ ॥
ਕਬੁਧਿ ਕਰਨ ਤੇ ਲੋਕ ਹਟਾਇ ॥੨੯॥....
ਕਹਿਯੋ ਪ੍ਰਭੂ ਸੁ ਭਾਖਿਹੌ ॥ ਕਿਸੁ ਨ ਕਾਨ ਰਾਖਿਹੌ ॥.....੩੪॥
ਪਖਾਣ ਪੂਜਹੌ ਨਹੀ॥ ਨ ਭੇਖ ਭੀਜਹੌ ਕਹੀ॥...੩੫॥
ਜਟਾ ਨ ਸੀਸ ਧਾਰਿਹੌ ॥ ਨ ਮੁੰਦ੍ਰਕਾ ਸਧਾਰਿਹੋ ॥
ਨ ਕਾਨ ਕਾਹੂ ਕੀ ਧਰੋ ॥ ਕਹਿਯੋ ਪ੍ਰਭੂ ਸੁ ਮੈ ਕਰੋ ॥੩੬॥....
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ ॥੪੨॥
ਜੇ ਜੇ ਭਏ ਪਹਿਲ ਅਵਤਾਰਾ ॥
ਆਪੁ ਆਪੁ ਤਿਨ ਜਾਪੁ ਉਚਾਰਾ ॥੪੪॥ (ਬਚਿਤ੍ਰ ਨਾਟਕ, ਅਧਿ. ੬)
(ਚ) ਏ ਦੋਊ ਮੋਹ ਬਾਦ ਮੋ ਪਚੇ ॥
ਇਨ ਤੇ ਨਾਥ ਨਿਰਾਲੇ ਬਚੇ ॥………..॥੧੯॥
ਇਕ ਤਸਬੀ ਇਕ ਮਾਲਾ ਧਰਹੀ ॥
ਏਕ ਕੁਰਾਨ ਪੁਰਾਨ ਉਚਰਹੀ ॥...॥੨੦॥ (ਚੌਬੀਸ ਅਵਤਾਰ)
(ਛ) ਵਾਹਿਗੁਰੂ ਜੀ ਕਾ ਭਯੋ ਖਾਲਸਾ ਸੁ ਨੀਕਾ ਅਤਿ,
ਵਾਹਿਗੁਰੂ ਜੀ ਕੀ ਮਿਲਿ ਫਤੇ ਸੋ ਬੁਲਾਈ ਹੈ।
ਪੀਰ ਪਾਤਿਸ਼ਾਹ ਕਰਾਮਾਤੀ ਜੇ ਅਪਰ ਪੰਥ,
___________
੧. ਮੁਹੰਮਦ । ੨. ਸੁੰਨਤ । ੩. ਮੁਹੰਮਦ ਰਸੂਲ ਅੱਲਾ । ੪. ਖਾਲਸਾ ਪੰਥ ।
ਹਿੰਦੂ ਕਿ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ।
ਤੀਸਰਾ ਮਜਬ ਜਗ ਦੇਖਿਕੇ ਅਜਬ ਮਹਾਂ,
ਬੈਰੀ ਕੇ ਗਜਬ ਪਰਯੋ ਛੀਨੈ ਠਕੁਰਾਈ ਹੈ।
ਧਰਮ ਸਥਾਪਬੇ ਕੋ, ਪਾਪਨ ਕੇ ਖਾਪਬੇ ਕੋ,
ਗੁਰੂ ਜਪੁ ਜਾਪਬੇ ਕੋ ਨਈ ਰੀਤਿ ਯੌ ਚਲਾਈ ਹੈ ॥੪੪॥ (ਗੁਰ ਪ੍ਰਤਾਪ ਸੂਰਯ, ਰੁਤ ੩, ਅੰਸੂ ੧੯)
(ਜ) ਮੈ ਨ ਗਨੇਸਹਿ ਪ੍ਰਿਥਮ ਮਨਾਊਂ ॥
ਕਿਸਨ ਬਿਸਨ ਕਬਹੂੰ ਨਹ ਧਿਆਊਂ ॥
ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥
ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥
ਮਹਾਂਕਾਲ ਰਖਵਾਰ ਹਮਾਰੋ ॥
ਮਹਾਂਲੋਹ ਮੈਂ ਕਿੰਕਰ ਥਾਰੋ॥ (ਕ੍ਰਿਸ਼ਨਾਵਤਾਰ)
(ਝ) ਲੋਗ ਬੇਦ ਗ੍ਯਾਨ ਉਪਦੇਸ਼ ਹੈ ਪਤਿਬਤਾ ਕੌ,
ਮਨ ਬਚ ਕ੍ਰਮ ਸ੍ਵਾਮੀ ਸੇਵਾ ਅਧਿਕਾਰ ਹੈ।
ਨਾਮ ਇਸਨਾਨ ਦਾਨ ਸੰਜਮ ਨ ਜਾਪ ਤਾਪ,
ਤੀਰਥ ਬਰਤ ਪੂਜਾ ਨੇਮ ਨਤਕਾਰ।
ਹੋਮ ਜੱਗ ਭੋਗ ਨਈਵੇਦ ਨਹੀ ਦੇਖੀ ਦੇਵ,
ਰਾਗ ਨਾਦ ਬਾਦ ਨ ਸੰਬਾਦ ਆਨਦਾਰ ਹੈ।
ਤੈਸੇ ਗੁਰੁ ਸਿੱਖਨ ਮੈ ਟੇਕ ਹੀ ਪ੍ਰਧਾਨ,
ਆਨ ਗ੍ਯਾਨ ਧ੍ਯਾਨ ਸਿਮਰਨ ਬਿਭਚਾਰ ਹੈ ॥੪੮੨॥ (ਕਬਿੱਤ ਭਾਈ ਗੁਰਦਾਸ)
(ਞ) ਪਾਇ ਗਹੇ ਜਬ ਤੇ ਤੁਮਰੇ,
ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥
ਰਾਮ ਰਹੀਮ ਪੁਰਾਨ ਕੁਰਾਨ,
ਅਨੇਕ ਕਹੈਂ ਮਤ ਏਕ ਨ ਮਾਨਯੋ॥
ਸਿੰਮ੍ਰਿਤ ਸਾਸਤ੍ਰ ਬੇਦ ਸਭੈ,
ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥
ਸ੍ਰੀ ਅਸਿਪਾਨ, ਕ੍ਰਿਪਾ ਤੁਮਰੀ ਕਰਿ,
ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥ (ਰਾਮਾਵਤਾਰ)
(ਟ) ਅੰਨ੍ਯ ਮਤ ਤੇ ਗੁਰਮਤਿ ਦਾ ਨਿਰਣਾ:
(੧) ਮੰਤ੍ਰ: ਹਿੰਦੂਆਂ ਦਾ ਗਾਯਤ੍ਰੀ, ਮੁਸਲਮਾਨਾਂ ਦਾ ਕਲਮਾ, ਸਿੱਖਾਂ ਦਾ ਜਪੁਜੀ ਵਾ ਪਹਿਲੀ ਪੌੜੀ।
(੨) ਮੰਗਲਾਚਰਨ: ਹਿੰਦੂਆਂ ਦਾ ਓਅੰ, ਸ੍ਰੀ ਗਣੇਸ਼ਾਯ ਨਮਹ ਆਦਿਕ, ਮੁਸਲਮਾਨਾਂ ਦਾ ਬਿਸਮਿੱਲਾ ਆਦਿ, ਸਿੱਖਾਂ ਦਾ ੴ ਸਤਿਗੁਰਪ੍ਰਸਾਦਿ॥
(੩) ਮੁਲਾਕਾਤ ਵੇਲੇ: ਹਿੰਦੂ ਰਾਮ ਰਾਮ, ਨਮਸਤੇ ਆਦਿਕ, ਮੁਸਲਮਾਨ ਸਲਾਮ, ਔਰ ਸਿੱਖ ਵਾਹਿਗੁਰੂ ਜੀ ਕੀ ਫਤਹ ਕਹਿੰਦੇ ਹਨ।
(੪) ਧਰਮ ਦੇ ਪੁਸਤਕ: ਹਿੰਦੂਆਂ ਦੇ ਵੇਦ, ਮੁਸਲਮਾਨਾਂ ਦਾ ਕੁਰਾਨ, ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ।
(੫) ਤੀਰਥ: ਹਿੰਦੂਆਂ ਦੇ ਗੰਗਾ, ਗਯਾ, ਪ੍ਰਯਾਗ ਆਦਿਕ, ਮੁਸਲਮਾਨਾਂ ਦੇ ਮੱਕਾ, ਮਦੀਨਾ, ਸਿੱਖਾਂ ਦੇ ਸ੍ਰੀ ਅੰਮ੍ਰਿਤਸਰ, ਅਬਚਲ ਨਗਰ ਆਦਿਕ ਔਰ ਸਭ ਤੋਂ ਮੁੱਖ ਵਾਹਿਗੁਰੂ ਦਾ ਨਾਮ ।
(੬) ਮੰਦਰ: ਹਿੰਦੂਆਂ ਦੇ ਠਾਕਰਦ੍ਵਾਰੇ, ਸ਼ਿਵਾਲੇ ਆਦੀ, ਮੁਸਲਮਾਨਾਂ ਦੀ ਮਸਜਿਦ, ਸਿੱਖਾਂ ਦੇ ਗੁਰਦ੍ਵਾਰੇ, ਧਰਮਸਾਲਾਂ ।
(੭) ਪੂਜਨ ਦੀ ਦਿਸ਼ਾ: ਹਿੰਦੂਆਂ ਦੇ ਪੂਰਬ, ਮੁਸਲਮਾਨਾਂ ਦੀ ਪਸਚਮ, ਸਿੱਖਾਂ ਵਾਸਤੇ ਚਾਰੋਂ ਦਿਸ਼ਾ ਇਕਸਾਰ ।
(੮) ਸਨਾਨ ਦਾ ਵੇਲਾ: ਹਿੰਦੂਆਂ ਦਾ ਸੂਰਯ ਚੜ੍ਹਨ ਵੇਲੇ, ਮੁਸਲਮਾਨਾਂ ਦਾ ਵਜੂ ਨਿਮਾਜ਼ ਤੋਂ ਪਹਿਲਾਂ, ਸਿੱਖਾਂ ਦਾ ਸਨਾਨ ਅੰਮ੍ਰਿਤ ਵੇਲੇ।
(੯) ਸੰਧ੍ਯਾ: ਹਿੰਦੂਆਂ ਦੀ ਗਾਯਤ੍ਰੀ ਪੜ੍ਹ ਕੇ ਅਤੇ ਤਰਪਨ ਕਰ ਕੇ, ਮੁਸਲਮਾਨਾਂ ਦੀ ਨਿਮਾਜ਼ ਪੜ੍ਹ ਕੇ, ਸਿੱਖਾਂ ਦੀ ਜਪੁ, ਜਾਪੁ, ਰਹਿਰਾਸ ਔਰ ਸੋਹਿਲਾ ਪੜ੍ਹ वे।
(੧੦) ਸੰਸਕਾਰ: ਹਿੰਦੂਆਂ ਦੇ ਜਨੇਊ ਮੁੰਡਨ ਆਦਿਕ, ਮੁਸਲਮਾਨਾਂ ਦੇ ਸੁੰਨਤ, ਸਿੱਖਾਂ ਦੇ ਅੰਮ੍ਰਿਤ ਛਕਣਾ।
(੧੧) ਚਿੰਨ੍ਹ: ਹਿੰਦੂਆਂ ਦਾ ਸਿਖਾ, ਤਿਲਕ, ਮਾਲਾ, ਜਨੇਊ, ਧੋਤੀ, ਮੁਸਲਮਾਨਾਂ ਦਾ ਸ਼ਰਈ ਮੁੱਛਾਂ, ਤੰਬਾ ਆਦੀ, ਸਿੱਖਾਂ ਦਾ ਕੇਸ, ਕ੍ਰਿਪਾਨ, ਕੱਛ ਆਦਿਕ।
(੧੨) ਪੂਜ੍ਯ: ਹਿੰਦੂਆਂ ਦੇ ਬ੍ਰਾਹਮਣ, ਸੰਨਿਆਸੀ, ਮੁਸਲਮਾਨਾਂ ਦੇ ਸਈਯਦ, ਮੌਲਵੀ, ਸਿੱਖਾਂ ਦੇ ਗੁਰੂ ਖਾਲਸਾ ।
(੧੩) ਵੱਡੇ ਦਿਨ: ਹਿੰਦੂਆਂ ਦੇ ਜਨਮ ਅਸ਼ਟਮੀ, ਰਾਮਨੌਮੀ ਆਦਿਕ, ਮੁਸਲਮਾਨਾਂ ਦੇ ਈਦ, ਬਕਰੀਦ ਆਦਿਕ, ਸਿੱਖਾਂ ਦੇ ਗੁਰਪੁਰਬ।
(੧੪) ਭੇਟਾ ਪ੍ਰਸ਼ਾਦਿ: ਹਿੰਦੂਆਂ ਦੇ ਚੂਰਮਾ, ਲੱਡੂ, ਫਲ ਆਦਿਕ, ਮੁਸਲਮਾਨਾਂ ਦੇ ਦੁੰਬੇ ਬੱਕਰੇ ਆਦਿਕ ਦੀ ਕੁਰਬਾਨੀ, ਸਿੱਖਾਂ ਦੇ ਕੜਾਹ ਪ੍ਰਸ਼ਾਦਿ ।
ਲੇਖਕ, ਸਤਗੁਰਾਂ ਦਾ ਦਾਸ:
'ਸ੍ਰੀ ਅੰਮ੍ਰਿਤਸਰ ਜੀ ਦਾ ਖਾਲਸਾ'
(ਦਸਤਖਤ ਸਭ ਮੁਖੀਏ ਸਿੰਘਾਂ ਦੇ)
ਪੰਥ ਭੂਸ਼ਣ ਪ੍ਰਤਿਸ਼ਠਿਤ ਗੁਣੀ ਗਿਆਨੀ ਸੰਤ ਮਹੰਤ ਆਦਿਕਾਂ ਦੀਆਂ ਹੋਰ ਅਨੇਕਾਂ ਚਿੱਠੀਆਂ ਇਸ ਪੁਸਤਕ ਦੀ ਤਾਈਦ ਵਿਚ ਜੋ ਮੇਰੇ ਪਾਸ ਆਈਆਂ ਹੈਨ, ਉਹਨਾਂ ਦਾ ਇਸ ਜਗ੍ਹਾ ਲਿਖਣਾ ਪੁਸਤਕ ਦਾ ਵਿਸਥਾਰ ਕਰਨਾ ਹੈ, ਔਰ ਨਾ ਕੁਛ ਲੋੜ ਜਾਪਦੀ ਹੈ, ਕਿਉਂਕਿ ਏਹ ਪੁਸਤਕ ਉਹਨਾਂ ਨਿਯਮਾਂ ਨੂੰ ਲੈ ਕੇ ਲਿਖਿਆ ਗਿਆ ਹੈ, ਜੋ ਧਰਮ ਦੀ ਨੀਉਂ ਹਨ, ਔਰ ਜਿਨ੍ਹਾਂ ਦੇ ਮੰਨਣੋਂ, ਕਿਸੇ ਸਿਖ ਨੂੰ ਭੀ ਇਨਕਾਰ ਨਹੀਂ ਹੋ ਸਕਦਾ, ਔਰ ਇਸ ਬਾਤ ਨੂੰ ਕਲਗੀਧਰ ਦੇ ਸਪੁਤ੍ਰ ਨਿਰਸੰਦੇਹ ਜਾਣਦੇ ਹਨ ਕਿ :
'ਅਸੀਂ ਹਿੰਦੂ ਨਹੀਂ"
੧ ਵੈਸਾਖ
ਸਾਲ ਨਾ: ੪੫੧ ਪੰਥ ਦਾ ਸੇਵਕ: ਕਾਨ੍ਹ ਸਿੰਘ
ੴ ਸਤਿਗੁਰਪ੍ਰਸਾਦਿ॥
ਦੋਹਰਾ ।
ਸ੍ਰੀ ਗੁਰੁ ਗੋਬਿੰਦ ਸਿੰਘ ਕੇ ਚਰਨ ਕਮਲ ਸਿਰ ਨਾਇ।
ਗੁਰੁ ਸਿੱਖਨ ਕੇ ਹੇਤ ਯਹਿ ਪੁਸਤਕ ਲਿਖੋਂ ਬਨਾਇ ।
ਕਬਿੱਤ
ਮਾਨੈ ਨਾਹਿ ਵੇਦ ਭੇਦ ਸਿਮ੍ਰਤਿ ਪੁਰਾਨਨ ਕੇ,
ਪੂਜਤ ਨ ਭੈਰੋਂ ਭੂਤ ਗਿਰਿਜਾ ਗਣਿਦੁ ਹੈ।
ਤਿਥਿ, ਵਾਰ, ਸ਼ਕੁਨ, ਮੁਹੂਰਤ ਨ ਜਾਨੈ ਕਛੁ,
ਰਾਹੁ, ਕੇਤੁ, ਸ਼ਨੀ, ਸ਼ੁਕ੍ਰ, ਚੰਦ੍ਰਮਾ, ਦਿਨਿੰਦੂ ਹੈ ।
ਜਾਤਿ, ਪਾਤਿ, ਮੰਤ੍ਰ, ਜੰਤ੍ਰ, ਤੰਤ੍ਰ, ਵਤ੍ਰ, ਸ਼੍ਰਾਧ, ਹੋਮ,
ਸੰਧ੍ਯਾ ਸੂਤਕਾਦਿ ਕੋ ਵਿਸ਼੍ਵਾਸੀ ਨਹਿ ਬਿੰਦੂ ਹੈ।
ਦਸਮੇਸ਼ ਕੋ ਸੁਪੁਤ ਖ਼ਾਲਿਸਾ ਹੈ ਭਿੰਨ ਪੰਥ,
ਮਹਾਂ ਹੈ ਅਗ੍ਯਾਨੀ, ਜੋਊ ਯਾਂਕੋ ਕਹੈ‘ਹਿੰਦੂ ਹੈ’।
ਕਬਿੱਤ
ਮਾਨਤ ਹੈ ਏਕ ਕੋ ਅਨਾਦੀ ਔ ਅਨੰਤ ਨਿਤ੍ਯ,
ਤਿਸਹੀ ਤੇ ਜਾਨਤ ਹੈ ਸਰਬ ਪਸਾਰੋ ਹੈ।
ਕ੍ਰਿਤ ਕੀ ਉਪਾਸ਼ਨਾ ਨ ਕਰੈ ਕਰਤਾਰ ਤ੍ਯਾਗ,
ਏਕ ਗੁਰੁ ਗ੍ਰੰਥ ਕੀਓ ਆਪਨੋ ਅਧਾਰੋ ਹੈ।
ਜਾਤਿ ਪਾਤਿ ਭੇਦ ਭ੍ਰਮ ਮਨ ਤੈਂ ਮਿਟਾਯ ਕਰ,
ਸਭ ਸੇ ਸਹੋਦਰ ਸੋ ਕਰਤ ਪਯਾਰੋ ਹੈ।
ਹਿਤਕਾਰੀ ਜਗ ਕੋ, ਪੈ ਜਲ ਮਾਹਿ ਪੰਕਜ ਜਯੋਂ,
ਗੁਰੁਦੇਵ ਨਾਨਕ ਕੋ ਖ਼ਾਲਸਾ ਨਿਆਰੋ ਹੈ।
____________
ਗਣੇਸ਼। ੨. ਸੂਰਯ । ੩. ਥੋੜਾ ਜੇਹਾ ਭੀ । ੪. ਸਾਡੀ ਧਰਮ ਪੁਸਤਕਾਂ ਵਿਚ ਪੰਥ ਪਦ ਕੌਮ ਦੇ ਅਰਥ ਵਿਚ ਆਇਆ ਹੈ: ਦੇਖੋ, ਇਸੇ ਪੁਸਤਕ ਵਿਚ 'ਕੌਮ ਅਤੇ ਪੰਥ ਦਾ ਨਿਰਣਾ'।
ਹਿੰਦੂ ਅਤੇ ਸਿੱਖ ਦੇ ਪ੍ਰਸ਼ਨ ਉੱਤਰ
ਹਿੰਦੂ: ਬਹੁਤੇ ਸਿੱਖਾਂ ਤੋਂ ਸੁਣਿਆ ਜਾਂਦਾ ਹੈ ਕਿ-'ਸਿੱਖ ਹਿੰਦੂ ਨਹੀਂ” ਪਰ ਮੇਰੀ ਸਮਝ ਵਿਚ ਇਹ ਸਿੱਖਾਂ ਦਾ ਅਗਿਆਨ ਹੈ, ਕਿਉਂਕਿ ਸਿੱਖ:
(ੳ) ਹਿੰਦੂਆਂ ਵਿਚੋਂ ਨਿਕਲੇ ਹਨ।
(ਅ) ਹਿੰਦੂਆਂ ਨਾਲ ਖਾਨ ਪਾਨ ਹੈ।
(ੲ) ਹਿੰਦੂਆਂ ਨਾਲ ਸਾਕ ਨਾਤੇ ਹਨ, ਔਰ
(ਸ) ਹਿੰਦੁਸਤਾਨ ਦੇ ਵਸਨੀਕ ਹਨ, ਫੇਰ ਸਿੱਖ 'ਅਹਿੰਦੂ' ਕਿਸ ਤਰ੍ਹਾਂ ਹੋ ਸਕਦੇ ਹਨ?
(ਹ) ਜੇ ਆਪ ਹਿੰਦੂ ਪਦ ਦੇ ਫ਼ਾਰਸੀ ਅਰਥ ਸਮਝ ਕੇ ਹਿੰਦੂ ਕਹਾਉਣੋਂ ਗਿਲਾਨੀ ਕਰਦੇ ਹੋਂ ਤਾਂ ਭੀ ਆਪ ਦੀ ਭੁੱਲ ਹੈ, ਕਿਉਂਕਿ ਹਿੰਦੂ ਪਦ ਸੰਸਕ੍ਰਿਤ ਹੈ) ਔਰ ਇਸ ਦੇ ਅਰਥ ਦੁਸ਼ਟਾਂ ਨੂੰ ਜਿੱਤਣ ਵਾਲਾ ਔਰ ਬਹਾਦਰ ਹਨ। (ਦੇਖੋ, ਰਾਮ ਕੋਸ਼, ਮੇਰੁ ਤੰਤ੍ਰ ਪ੍ਰਕਾਸ਼ ਔਰ ਕਾਲਿਕਾ ਪੁਰਾਣ ()
(ਕ) ਔਰ ਹਿੰਦੂ ਪਦ ਇੰਦੁ ਅਤੇ ਸਿੰਧੁ ਤੋਂ ਬਣਿਆ ਪ੍ਰਤੀਤ ਹੁੰਦਾ ਹੈ।
ਸਿੱਖ : ਇਹ ਗੱਲ ਕਿ-'ਅਸੀਂ ਹਿੰਦੂ ਨਹੀਂ-ਸਿੱਖ ਆਪ ਦੀ ਹੀ ਕ੍ਰਿਪਾ ਕਰਕੇ ਆਖਦੇ ਹਨ, ਅਰ ਵਾਸਤਵ ਵਿਚਾਰ ਕਰੀਏ ਤਾਂ ਮਨਉਕਤਿ ਨਹੀਂ ਆਖਦੇ, ਸਗੋਂ ਸਤਿਗੁਰਾਂ ਦੀ ਆਗਿਆ ਅਨੁਸਾਰ ਕਹਿੰਦੇ ਔਰ ਮੰਨਦੇ ਹਨ, ਯਥਾ :
(੧) ਨਾ ਹਮ ਹਿੰਦੂ ਨ ਮੁਸਲਮਾਨ ॥ (ਭੈਰਉ ਮ: ੫, ਪੰਨਾ ੧੧੩੬)
(੨) ਹੋਰੁ ਫਕੜੁ ਹਿੰਦੂ ਮੁਸਲਮਾਣੈ ॥ (ਵਾਰ ਰਾਮਕਲੀ, ਮ: ੧, ਪੰਨਾ ੯੫੨)
(੩) ਮੁਸਲਮਾਣਾਂ ਹਿੰਦੂਆਂ ਦੁਇ ਰਾਹ ਚਲਾਏ । .....
ਰਾਮ ਰਹੀਮ ਧਿਆਇੰਦੇ ਹਉਮੈ ਗਰਬਾਏ।
ਮੱਕਾ ਗੰਗ ਬਨਾਰਸੀ ਪੂਜ ਜਾਰਤ ਆਏ।
ਰੋਜ਼ੇ ਵਰਤ ਨਮਾਜ਼ ਕਰ ਦੰਡਉਤ ਕਰਾਏ।
ਗੁਰਸਿਖ ਰੋਮ ਨ ਪੁਜਨੀ ਜੋ ਆਪੁ ਗਵਾਏ ॥੯॥....
ਬਹੁ ਸੁੰਨੀ ਸ਼ੀਆ ਰਾਫਜ਼ੀ ਮਜ਼ਹਬ ਮਨਿ ਭਾਣੇ ।.....
ਈਸਾਈ ਮੂਸਾਈਆਂ ਹਉਮੈ ਹੈਰਾਣੇ।
ਹੋਇ ਫਿਰੰਗੀ ਅਰਮਨੀ ਰੂਮੀ ਗਰਬਾਣੇ ।
ਗੁਰਸਿਖ ਰੋਮ ਨ ਪੁਜਨੀ ਗੁਰ ਹਟਿ ਵਿਕਾਣੇ ॥੧੧॥ (ਭਾਈ ਗੁਰਦਾਸ, ਵਾਰ ੩੮)
---------------------
੧. ਚਾਹੇ ਵਿਚਾਰਵਾਨ ਸਿੱਖ ਧਰਮ ਗ੍ਰੰਥਾਂ ਅਨੁਸਾਰ ਸਿੱਖ ਕੌਮ ਨੂੰ ਨਿਰਾਲਾ ਮੰਨਦੇ ਸਨ, ਪਰ 'ਹਮ ਹਿੰਦੂ ਨਹੀਂ" ਕਹਿਣ ਅਰ ਲਿਖਣ ਦੀ ਤਦ ਲੋੜ ਪਈ, ਜਦ ਸਿੱਖਾਂ ਨੇ ਨਿਸ਼ ਕਰ ਲਿਆ ਕਿ ਸਾਡੀ ਹਸਤੀ ਦੇ ਮਿਟਾ ਦੇਣ ਦਾ ਪੂਰਾ ਜਤਨ ਕੀਤਾ ਜਾ ਰਹਿਆ ਹੈ ਅਰ ਅਮਲੀ ਤੌਰ ਤੇ ਵੱਖ ਹੋਏ ਬਿਨਾਂ ਸਾਡਾ ਜੀਵਨ ਨਹੀਂ।
੨. ਆਰਮੇਨੀਆਂ ਦੇ ਨਿਵਾਸੀ।
ਵੇਦ ਕਤੇਬ ਵਖਾਣਦੇ ਸੂਫ਼ੀ ਹਿੰਦੂ ਮੁਸਲਮਾਣਾ ॥
ਕਲਮਾਂ ਸੁੰਨਤ ਸਿਦਕ ਧਰਿ, ਪਾਇ ਜਨੇਊ ਤਿਲਕੁ ਸੁਖਾਣਾ।
ਮਕਾ ਮੁਸਲਮਾਨ ਦਾ, ਗੰਗ ਬਨਾਰਸ ਦਾ ਹਿੰਦੁਵਾਣਾ।
ਰੋਜ਼ੇ ਰਖਿ ਨਿਮਾਜ਼ ਕਰਿ, ਪੂਜਾ ਵਰਤ ਅੰਦਰਿ ਹੈਰਾਣਾ।
ਚਾਰਿ ਚਾਰਿ ਮਜਹਬ ਵਰਨ ਛਿਆ ਘਰਿ ਗੁਰੁ ਉਪਦੇਸੁ ਵਖਾਣਾ ।.....
ਖਿੰਜੋਤਾਣ ਕਰੇਨਿ ਧਿਙਾਣਾ ॥੧੦॥
ਅਮਲੀ' ਖਾਸੇ ਮਜਲਸੀ ਪਿਰਮੁ ਪਿਆਲਾ ਅਲਖੁ ਲਖਾਇਆ।
ਮਾਲਾ ਤਸਬੀ ਤੋੜਿਕੈ ਜਿਉਂ ਸਉ ਤਿਵੈ ਅਠੋਤਰੁ ਲਾਇਆ।
ਮੇਰੁ ਇਮਾਮ ਰਲਾਇਕੈ ਰਾਮੁ ਰਹੀਮੁ ਨ ਨਾਉ ਗਣਾਇਆ।
ਦੁਇ ਮਿਲਿ ਇਕੁ ਵਜੂਦੁ ਹੁਇ ਚਉਪੜ ਸਾਰੀ ਜੋੜਿ ਜੁੜਾਇਆ।
ਗੁਰੂ ਗੋਵਿੰਦ ਖੁਦਾਇ ਪੀਰ, ਗੁਰਸਿਖ ਪੀਰੁ ਮੁਰੀਦੁ ਲਖਾਇਆ।
ਸਚੁ ਸਬਦ ਪਰਗਾਸ ਕਰਿ ਸਬਦ ਸੁਰਤਿ ਸਚੁ ਸਚੁ ਮਿਲਾਇਆ ।
ਸਚਾ ਪਾਤਿਸਾਹੁ ਸਚੁ ਭਾਇਆ ॥੧੧॥ (ਭਾਈ ਗੁਰਦਾਸ, ਵਾਰ ੩੯)
ਭਾਈ ਮਨੀ ਸਿੰਘ ਗ੍ਯਾਨ ਰਤਨਾਵਲੀ ਵਿਚ ਲਿਖਦੇ ਹਨ :
(੪) ਬਾਬੇ ਨੂੰ ਹਾਜੀਆਂ ਨੇ ਪੁਛਿਆ, “ਹੇ ਫ਼ਕੀਰ ! ਤੂੰ ਹਿੰਦੂ ਹੈਂ ਕਿ ਮੁਸਲਮਾਨ ?" ਤਾਂ ਬਾਬਾ ਬੋਲਿਆ, "ਮੈਂ ਹਿੰਦੂ ਮੁਸਲਮਾਨ ਦੁਹਾਂ ਦਾ ਗਵਾਹ ਹਾਂ।”
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਦਾ ਲੱਛਣ ਕਥਨ ਕਰਦੇ ਹਨ :
(੫) ਜਾਗਤ ਜੋਤਿ ਜਪੈ ਨਿਸਬਾਸੁਰ,
ਏਕ ਬਿਨਾ ਮਨ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ,
ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ॥
___________
੧. ਮੰਤਕੀ, ਗਯਾਨੀ।
੨. ਹਨਫੀ, ਸ਼ਾਫਈ, ਮਾਲਕੀ, ਹੰਬਲੀ ।
੩. ਬ੍ਰਾਹਮਣ, ਛਤ੍ਰੀ, ਵੈਸ਼, ਸ਼ੂਦ੍ਰ।
੪. ਸਾਂਖ, ਪਾਤੰਜਲ, ਨਯਾਯ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ।
੫. ਇਸ ਪੌੜੀ ਵਿਚ ਭਾਈ ਗੁਰਦਾਸ ਜੀ ਸਾਫ਼ ਲਿਖਦੇ ਹਨ ਕਿ ਉਪਰ ਲਿਖੇ ਹਿੰਦੂ ਮੁਸਲਮਾਨ ਧਰਮਾਂ ਨੂੰ ਤਿਆਗ ਕੇ ਸਤਿਗੁਰੂ ਦੇ ਸਿੱਖ ਸੱਚ ਦੇ ਖੋਜੀ ਹੋ ਕੇ ਸਤ੍ਯ ਨੂੰ ਪ੍ਰਾਪਤ ਹੁੰਦੇ ਹਨ।
੬. ਅਕਾਲ ਪੁਰਖ : ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਧਨਾਸਰੀ ਮ: ੧, ਪੰਨਾ ੧੩)
੭. ਏਕਾਦਸ਼ੀ ਆਦਿਕ।
੮. ਦਸਵੇਂ ਪਾਤਸ਼ਾਹ ਨੇ ਸਿੱਖਾਂ ਦਾ ਨਿਸਚਾ ਪਰਖਣ ਲਈ ਦਾਦੂ ਜੀ ਦੀ ਸਮਾਧ ਨੂੰ ਤੀਰ ਨਾਲ ਨਮਸਕਾਰ ਕੀਤੀ ਸੀ, ਜਿਸ ਪਰ ਖਾਲਸੇ ਨੇ ਸਤਿਗੁਰਾਂ ਨੂੰ ਤਨਖਾਹ ਲਾਈ। ਜੋ ਅਗਯਾਨੀ ਸਿੱਖ ਦੀਵਾਲੀ ਦੇ ਦਿਨ ਮੜ੍ਹੀਆਂ ਪੂਜਦੇ ਹਨ, ਓਹ ਆਪਣੇ ਧਰਮ ਤੋਂ ਪਤਿਤ ਹਨ।
ਤੀਰਥ ਦਾਨ ਦਯਾ ਤਪੋ ਸੰਜਮ,
ਏਕ ਬਿਨਾ ਨਹਿ ਏਕ ਪਛਾਨੈ ॥
ਪੂਰਨ ਜੋਤਿ ਜਗੈ ਘਟ ਮੈ
ਤਬ ਖਾਲਸਾ ਤਾਂਹਿੰ ਨਖਾਲਸ ਜਾਨੈ ॥੧॥ (३३ ਸਵੈਯੈ)
(੬) ਖਾਲਸਾ ਹਿੰਦੂ ਮੁਸਲਮਾਨ ਤੇ ਨਿਆਰਾ ਰਹੇ। (ਰਹਿਤਨਾਮਾ ਭਾਈ ਚੌਪਾ ਸਿੰਘ)
(੭) ਖਾਲਸਾ ਹਿੰਦੂ ਮੁਸਲਮਾਨ ਕੀ ਕਾਣ ਕੋ ਮੇਟੇ। (ਰਹਿਤਨਾਮਾ ਭਾਈ ਦਯਾ ਸਿੰਘ )
(੮) ਦੋ ਤੇ ਤੀਨ ਪੰਥ ਕਰ ਲੈਹੈਂ ॥੫੫॥......
ਲੈ ਆਯਸ ਗੁਰੁਦੇਵ ਕੀ ਸ੍ਰੀ ਖਾਲਸ ਮਹਾਰਾਜ" ।
ਪ੍ਰਗਟ ਕਯੋ ਜਗ ਖਾਲਸਾ ਹਿੰਦੂ ਤੁਰਕ ਸਿਰਤਾਜ ॥੧੨੨॥
ਝੂਠ ਪੰਥ ਸਭ ਤ੍ਯਾਗ ਕੈ ਏਕ ਪੰਥ ਦ੍ਰਿੜ੍ਹ ਕੀਨ।
ਪਰਮ ਜੋਤਿ ਸ੍ਰੀ ਸਤਿਗੁਰੂ ਕ੍ਯੋਂ ਸ੍ਰੀ ਮੁਖ ਕਹਿ ਦੀ ॥੧੨੩॥ (ਗੁਰ ਬਿਲਾਸ ਪਾ: ੧੦ ਕ੍ਰਿਤ ਸੁਖਾ ਸਿੰਘ ਅਧਿਆ ੧੧)
(੯) ਪੁਨ ਹਿੰਦੂ ਤੁਰਕਨ ਤੇ ਨਯਾਰਾ।
ਰਚੋਂ ਪੰਥ ਯਹਿ ਬਲੀ ਅਪਾਰਾ । (ਪੰਥ ਪ੍ਰਕਾਸ਼)
(੧੦) ਪੂਰਬ ਹਿੰਦੂ ਤੁਰਕ ਹੈਂ ਦੋਇ।
ਅਬ ਤੇ ਤੀਨ ਜਾਨੀਏ ਹੋਇ। (ਗੁਰ ਪ੍ਰਤਾਪ ਸੂਰਯ)
ਇਸੇ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ, ਪੰਥ ਪ੍ਰਕਾਸ਼ ਵਿਚੋਂ ਇਤਿਹਾਸਿਕ ਪ੍ਰਸੰਗ :
(੧੧) ਹਿੰਦੂ ਤੁਰਕਨ ਤੇ ਹੈ ਨ੍ਯਾਰਾ।
ਫਿਰਕਾ ਇਨਕਾ ਅਪਰ ਅਪਾਰਾ।
ਬ੍ਯਾਹ ਨਕਾਹ ਨ ਏਹ ਕਰੈਂ ਹੈਂ।
___________
੧. ਗੰਗਾ ਗਯਾ ਆਦਿਕ।
੨. ਤੁਲਾ, ਛਾਯਾਪਾਤ, ਗ੍ਰਹਿ ਆਦਿਕਾਂ ਦਾ ਦਾਨ।
੩. ਜੈਨੀਆਂ ਦੀ ਤਰ੍ਹਾਂ ਕਿ ਸਾਹ ਨਾਲ ਭੀ ਜੀਵ ਨਾ ਮਰੇ, ਔਰ ਚੁਮਾਸੇ ਵਿਚ ਜੁੱਤੀ ਛੱਡ ਦੇਣੀ ਕਿ ਜਾਨਵਰ ਨਾ ਮਰਨ ।
੪. ਜਲ ਧਾਰਾ, ਪੰਚ ਅਗਨੀ ਆਦਿਕ।
੫. ਅਗਯਾਨਤਾ ਨਾਲ ਕੋਈ ਨਿਯਮ ਕਰ ਲੈਣਾ, ਜਿਸ ਤੋਂ ਸਿਵਾਯ ਕਲੇਸ਼ ਦੇ ਕੋਈ ਪਰਮਾਰਥ ਦਾ ਲਾਭ ਨਾ ਹੋਵੇ ਅਰ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਇੰਦਰੀਆਂ ਤੋਂ ਯੋਗ ਸੇਵਾ ਨਾ ਲੈਣੀ।
੬. ਸ਼ੁੱਧ, ਨਿਰੋਲ ।
੭. ਭਾਈ ਸਾਹਿਬ ਦਸਵੇਂ ਸਤਿਗੁਰਾਂ ਦੇ ਖਿਲਾਵੇ ਸੇ।
੮. ਪੰਜਾਂ ਪਿਆਰਿਆਂ ਵਿਚੋਂ ਮੁਖੀਏ।
੯. ਹਿੰਦੂ, ਮੁਸਲਮਾਨ ਤੇ ਤੀਸਰਾ ਖਾਲਸਾ ਪੰਥ।
੧੦. ਵਾਹਿਗੁਰੂ ਦੀ।
੧੧. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਵਾਮੀ।
੧੨. ਏਹ ਜ਼ਿਕਰ ਨਾਦਰਸ਼ਾਹ ਨਾਲ ਲਾਹੌਰ ਦੇ ਸੂਬੇ ਖਾਨ ਬਹਾਦੁਰ ਨੇ ਕੀਤਾ।
ਭੁਗਤ ਅਨੰਦ 'ਆਨੰਦੁ' ਪੜੈ ਹੈਂ।
ਸਿੰਘ ਸਿੰਘਣੀ ਜੋ ਮਰ ਜੈਹੈਂ।
ਬਾਂਟਤ ਹਲੁਵਾ ਤੁਰਤ ਬਨੈ ਹੈਂ।
ਕਿਰਿਆ ਕਰਮ ਕਰਾਵਤ ਨਾਹੀਂ।
ਹੱਡੀ ਪਾਂਯ ਨ ਗੰਗਾ ਮਾਹੀ।
ਕਰਤ ਦਸਹਿਰਾ ਗ੍ਰੰਥ ਪੜ੍ਹਾਵਤ ।
ਅਸਨ ਬਸਨ ਗ੍ਰੀਬਨ ਕੋ ਦ੍ਯਾਵਤ।
ਕੰਠੀ ਜੰਞੁ ਤਿਲਕ ਨ ਧਰਹੈਂ ।
ਬੁੱਤ ਪਰਸਤੀ ਕਦੇ ਨ ਕਰਹੈਂ।
ਏਕ ਰੱਬ ਕੀ ਕਰਤ ਬੰਦਗੀ ।
ਰਖਤ ਨ ਔਰਨ ਕੀ ਮੁਛੰਦਗੀ।
ਵੇਦ ਪੁਰਾਨ ਕਤੇਬ ਕੁਰਾਨ ।
ਪੜ੍ਹਤ ਸੁਨਤ, ਨਹਿ ਮਾਨਤ ਕਾਨ।
ਗੁਰੁ ਨਾਨਕ ਜੋ ਕਥੀ ਕਲਾਮ ।
ਤਾਂ ਪਰ ਰਖਤ ਇਨਾਮ ਤਮਾਮ ।..
ਇਕ ਹੀ ਬਰਤਨ ਮੇ ਸਭ ਕਾਹੂੰ ।
ਆਬਹਯਾਤ' ਪਿਲਾਵਤ ਤਾਹੂੰ ।
ਖਾਣਾ ਭੀ ਇਕਠੇ ਸਭ ਖੈ ਹੈਂ।
ਸਕੇ ਬੀਰ ਆਪਸ ਮੇਂ ਵੈ ਹੈਂ।
ਜਾਤਿ ਗੋਤ ਕੁਲ ਕਿਰਿਆ ਨਾਮ।
ਕਰਮ ਧਰਮ ਪਿਤ ਮਾਤਾ ਕਾਮ।
ਪਿਛਲੇ ਸੋ ਤਜ ਦੇਤ ਤਮਾਮ ।.....
ਬਲਕਿ ਜੁ ਦੀਨ ਹਮਾਰੇ ਆਵੈ ।
ਮੌਕਾ ਪਾ, ਫਿਰ ਇਨ ਮੈਂ ਜਾਵੈ।
ਤਿਸ ਕੋ ਭੀ ਇਹ ਸੁਧਾ ਛਕਾਇ ।
ਲੇਤ ਮਜ਼ਬ ਮੇ ਤੁਰਤ ਮਿਲਾਇ ।
________
੧. ਅੰਮ੍ਰਿਤ।
੨. ਦੇਖੋ, ਭਾਈ ਗੁਰਦਾਸ ਜੀ ਇਸ ਮਿਲਾਪ ਵਿਸ਼ਯ ਬਾਰੇ ਕੀ ਲਿਖਦੇ ਹਨ :
ਦੁਹ ਮਿਲਿ ਜੰਮੇ ਦੁਇ ਜਣੇ, ਦੁਇ ਜਣਿਆਂ ਦੁਇ ਰਾਹ ਚਲਾਏ।
ਹਿੰਦੂ ਆਖਨਿ ਰਾਮ ਰਾਮ, ਮੁਸਲਮਾਣਾ ਨਾਉ ਖੁਦਾਏ।
ਹਿੰਦੂ ਪੂਰਬਿ ਸਉਹਿਆਂ, ਪੱਛਮ ਮੁਸਲਮਾਣ ਨਿਵਾਏ।
ਗੰਗ ਬਨਾਰਸਿ ਹਿੰਦੂਆਂ, ਮਕਾ ਮੁਸਲਮਾਣੁ ਮਨਾਏ।
ਵੇਦ ਕਤੇਬਾ ਚਾਰਿ ਚਾਰਿ, ਚਾਰ ਵਰਨ ਚਾਰਿ ਮਜ਼ਹਬ ਚਲਾਏ।
ਪੰਜ ਤਤ ਦੋਵੈ ਜਣੇ, ਪਉਣ ਪਾਣੀ ਬੈਸੰਤਰੁ ਛਾਏ।
ਇਕ ਥਾਉ ਦੁਇ ਨਾਉ ਧਰਾਏ ॥੨॥....
ਵੁਣੈ ਜੁਲਾਹਾ ਤੰਦੁ ਗੰਢਿ, ਇਕੁ ਸੂਤੁ ਬਹੁ ਤਾਣਾ ਵਾਣਾ।
ਦਰਜੀ ਪਾੜਿ ਵਿਗਾੜਦਾ, ਪਾਟਾ ਮੁਲ ਨ ਲਹੈ ਵਿਕਾਣਾ।
ਤੱਤ ਖਾਲਸਾ' ਗੁਰੂ ਕਾ ਜਾਹਰ ।
ਕਹਿਤ ਚੁਰਾਸੀ ਤੇ ਹੈ ਬਾਹਰ।
ਹਿੰਦੂ ਅੰਨ੍ਹੇ ਤੁਰਕੂ ਕਾਣੇ।
ਸਿੰਘ ਗੁਰੂ ਕੇ ਸਭ ਤੋਂ ਸਜਾਣੇ।
ਮੁਸਲਮਾਨ ਹਿੰਦੁਨ ਤੈ ਨ੍ਯਾਰੀ।
ਰੀਤ ਇਨ੍ਹੋਂ ਮੇਂ ਹੈ ਭਲਿ ਸਾਰੀ।
ਪ੍ਰੇਮ ਪੀੜ ਗ੍ਰਹਿ ਪੀੜ ਨ ਮਾਨਤ।
ਮੜ੍ਹੀ ਮਸਾਣੀ ਕੋ ਨ ਪਛਾਨਤ ।
ਗੰਗਾਦਿਕ ਤੀਰਥ ਨਹਿ ਜਾਵੈਂ।
ਸੂਤਕ ਪਾਤਕ ਨਾਹਿ ਮਨਾਵੈਂ ।
ਜੰਞੁ ਤਿਲਕ ਨ ਛਾਪਾ ਧਾਰੈਂ ।
ਸ਼ਰਾ ਹਿੰਦੂਆਂ ਕੀ ਨਹਿ ਪਾਰੈਂ ।
ਬੋਦੀ ਧੋਤੀ ਤੁਲਸੀ ਮਾਲੈਂ ।
ਹੋਮ ਸ਼ਰਾਧ ਨ ਖ੍ਯਾਹ ਸੰਭਾਲੈਂ।
ਮਾਨਤ ਹੈਂ ਨਿਜ ਮਜ਼ਬ ਚੰਗੇਰਾ ।
'ਹਿੰਦੂ' ਕਹੇ ਤੇ ਖਿਝਤ ਵਧੇਰਾ।
ਰੀਤਿ ਹਿੰਦੂਆਂ ਵਾਰੀ ਜੇਤੀ ।
ਤਜ ਰਾਖੀ ਇਨ ਸਭ ਬਿਧ ਤੇਤੀ।
ਬਨੇ ਰਹਿਤ ਸਭ ਸਕੇ ਬਰਾਦਰ ।
ਇਕ ਕੋ ਦੂਸਰ ਦੇਵਤ ਆਦਰ ।
ਹੈ ਇਨ ਮੇ ਇਤਫਾਕ ਮਹਾਨ ।
ਸਿੱਖ, ਸਿੱਖ ਪੈ ਵਾਰਤ ਪ੍ਰਾਨ ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਜਦ ਪੁਸ਼ਕਰ ਪਰ ਪਹੁੰਚੇ ਤਾਂ ਉਥੋਂ ਦੇ ਲੋਕਾਂ ਨਾਲ ਜੋ ਪ੍ਰਸ਼ਨ ਉੱਤਰ ਹੋਇਆ, ਉਹ ਸੂਰਜ ਪ੍ਰਕਾਸ਼ ਵਿਚ ਇਸ ਤਰ੍ਹਾਂ ਹੈ :
___________
ਕਤਰਣਿ ਕਤਰੈ ਕਤਰਣੀ, ਹੋਇ ਦੁਮੂਹੀ ਚੜਦੀ ਸਾਣਾ।
ਸੂਈ ਸੀਵੈ ਜੋੜਿ ਕੈ, ਵਿਛੁੜਿਆਂ ਕਰਿ ਮੇਲਿ ਮਿਲਾਣਾ।
ਸਾਹਿਬੁ ਇਕੋ ਰਾਹਿ ਦੁਇ, ਜਗ ਵਿਚਿ ਹਿੰਦੂ ਮੁਸਲਮਾਣਾ।
ਗੁਰਸਿਖੀ ਪਰਧਾਨੁ ਹੈ ਪੀਰ ਮੁਰੀਦੀ ਹੈ ਪਰਵਾਣਾ।
ਦੁਖੀ ਦੁਬਾਜਰਿਆ ਹੈਰਾਣਾ ॥੪॥ (ਭਾਈ ਗੁਰਦਾਸ, ਵਾਰ ੩੩)
੧. ਇਤਿਹਾਸ ਤੋਂ ਅਗਿਆਤ ਆਦਮੀ 'ਤੱਤ ਖਾਲਸੇ' ਨੂੰ ਇਕ ਨਵਾਂ ਫ਼ਿਰਕਾ ਸਮਝ ਬੈਠੇ ਹਨ। (ਦੇਖੋ, ਗੁਰਮਤ ਸੁਧਾਕਰ, ਪੰਨਾ ੨੬੯)
੨. ਪਿਤਰ ਦੇ ਮਰਨ ਦਾ ਦਿਨ । ਅਸੂ ਦੇ ਅੰਧੇਰੇ ਪੱਖ ਨੂੰ ਪਿਤਰ ਪੱਖ ਅਥਵਾ ਸਾਧ ਆਖਦੇ ਹਨ, ਅਰ ਜੋ ਸਾਧ ਖ਼ਾਸ ਕਰਕੇ ਪਿਤਰ ਦੇ ਮਰਨੇ ਦੀ ਤਿਥੀ ਵਿਚ ਕੀਤਾ ਜਾਵੇ, ਭਾਵੇਂ ਓਹ ਕਿਸੇ ਮਹੀਨੇ ਹੋਵੇ, ਉਸ ਦਾ ਨਾਉਂ 'ਖਯਾਹੀ ਸਾਧ' ਹੈ।
੩. ਇਸ ਗੁਣ ਤੋਂ ਬਿਨਾਂ ਚਾਹੇ ਕਰੋੜਾਂ ਦੀ ਗਿਣਤੀ ਭੀ ਹੋਵੇ, ਪਰ ਮਹਾਂ ਨਿਰਬਲ ਹਨ ।
(੧੨) ਬਿੱਪ੍ਰ ਬਨਕ ਤੇ ਆਦਿਕ ਜਾਲ ।
ਚਲਿ ਆਏ ਚੇਤਨਾ ਦਿਜ ਨਾਲ ।
ਕਰਿ ਕਰਿ ਨਮੋ ਪ੍ਰਵਾਰਿਤ ਬੈਸੇ।
ਕੌਨ ਜਾਤਿ ? ਬੂਝਤਿ ਭੇ ਐਸੇ ॥੪੨॥
'ਸੰਗ ਆਪ ਕੇ ਕੇਸਨ ਧਾਰੀ।
ਕ੍ਯਾ ਇਨ ਕੀ ਦਿਹੁ ਜਾਤਿ ਉਚਾਰੀ।
ਬੁਝਤਿ ਹੈਂ ਲਖਿ ਬੇਸ ਨਵੀਨਾ।
ਹਿੰਦੂ ਤੁਰਕ ਇਮ ਕਿਨਹੁ ਨ ਕੀਨਾ ॥੪੩॥
ਸੁਨਿ ਕਰਿ ਗੁਰੁ ਫੁਰਮਾਵਨਿ ਕੀਆ।
ਜੋ ਖਾਲਸਾ ਜਗ ਮਹਿ ਤੀਆ।
ਹਿੰਦੂ ਤੁਰਕ ਦੁਹਿਨ ਤੇ ਯਾਰੋ।
ਸ੍ਰੀ ਅਕਾਲ ਕੇ ਦਾਸ ਬਿਚਾਰੋ ॥੪੪॥ (ਗੁਰ ਪ੍ਰਤਾਪ ਸੂਰਯ, ਐਨ ੧ ਅੰਸੂ ੩੫)
ਬਾਦਸ਼ਾਹ ਬਹਾਦਰ ਸ਼ਾਹ ਨਾਲ ਜਦੋਂ ਕਲਗੀਧਰ ਸਵਾਮੀ ਦੀ ਮੁਲਾਕਾਤ ਹੋਈ ਤਾਂ ਇਸ ਤਰ੍ਹਾਂ ਬਚਨ ਬਿਲਾਸ ਹੋਏ :
(੧੩) “ਰਾਹ ਦੋਇ, ਕੋ ਤੁਮਕੋ ਭਾਯੋ ?
ਕਿਸ ਮਗ ਕੋ ਇਤਕਾਦ ਰਖੰਤੇ ?
ਹਿੰਦੂ ਕਿ ਤੁਰਕ ਯਥਾ ਬਰਤੰਤੇ” ? ॥੭॥
ਸੁਨਿ ਸਾਹਿਬ ਸ੍ਰੀ ਮੁਖ ਫੁਰਮਾਏ ।
"ਹਿੰਦੂ ਤੁਰਕ ਚਲਤ ਜਿਸ ਭਾਏ।
ਖੈਰਖਾਹ ਹਮ ਦੋਨਹੁਂ ਕੇਰ।
ਦੇ ਉਪਦੇਸ਼ ਯਥਾ ਹਿਤ ਹੇਰਿ ॥੮॥ (ਗੁਰ ਪ੍ਰਤਾਪ ਸੂਰਯ, ਐਨ ੧ ਅੰਸੂ ੫੦)
ਰੋਜ਼ਾ ਬਾਂਗ ਨਮਾਜ਼ ਸੁਜਾਨ ।
ਮੁਸਲਮਾਨ ਇਨ ਕਰਹਿ ਪ੍ਰਮਾਨ ।
ਤ੍ਰੈ ਸੰਧ੍ਯਾ ਕਰਨੀ ਧਰ ਪ੍ਰੀਤਿ ।
ਦੇਵਲ ਪਾਹਨ ਪੂਜਨ ਰੀਤਿ।
ਇਤ੍ਯਾਦਿਕ ਹਿੰਦੁਨ ਪਰਵਾਨ ।
ਹਮ ਦੋਨੋਂ ਕੋ ਜਾਨਿ ਸਮਾਨ।
ਤ੍ਯਾਗਨ ਕਰੇ ਭਾਵ ਲਖਿ ਬੀਜਾ।
ਉਤਪਤ ਕਰਯੋ ਖਾਲਸਾ ਤੀਜਾ।
ਬਾਦ ਪੱਖ ਕੋ ਸਕਲ ਬਿਨਾਸਾ।
ਧਰੀ ਅਕਾਲ ਪੁਰਖ ਕੀ ਆਸਾ। (ਗੁਰ ਪ੍ਰਤਾਪ ਸੂਰਯ)
________
੧. ਪੁਸ਼ਕਰ ਵਿਚ ਚੈਤੰਨ ਪੰਡਿਤ ਮੁਖੀਆ ਸੀ।
੨. ਤੀਜਾ।
੩. ਇਹ ਬਹਾਦਰ ਸ਼ਾਹ ਦਾ ਪ੍ਰਸ਼ਨ ਹੈ।
ਕੇਵਲ ਖੰਡਾ ਅੰਮ੍ਰਿਤਧਾਰੀ ਸਿੰਘ ਹੀ ਹਿੰਦੂ ਆਦਿਕਾਂ ਤੋਂ ਅਲੱਗ ਨਹੀਂ ਹੋਏ, ਬਲਕਿ ਸਹਿਜਧਾਰੀ ਸਿੱਖਾਂ ਦੇ ਪ੍ਰਸੰਗ ਦੱਸਦੇ ਹਨ ਕਿ ਉਹ ਆਦਿ ਤੋਂ ਹੀ ਅੰਨ੍ਯਮਤ ਰੀਤੀਆਂ ਦੇ ਤਿਆਗੀ ਹੋ ਕੇ ਗੁਰਮਤ ਨਾਲ ਪ੍ਰੇਮ ਕਰਦੇ ਰਹੇ ਹਨ।
ਇਸ ਵਿਸ਼ੇ ਦੇਖੋ, ਭਾਈ ਗੁਰਦਾਸ ਜੀ ਦੀ ਗਿਆਰਵੀਂ ਵਾਰ ਦਾ ਟੀਕਾ ਭਗਤ ਰਤਨਾਵਲੀ ਭਾਈ ਮਨੀ ਸਿੰਘ ਜੀ ਕ੍ਰਿਤ :
(੧੪) ਭਾਈ ਢੇਸੀ ਤੇ ਭਾਈ ਜੋਧ ਜਾਤ ਦੇ ਸੰਗਰ ਬ੍ਰਾਹਮਣ ਗੁਰੂ ਅਰਜਨ ਜੀ ਦੀ ਸ਼ਰਨਿ ਆਏ ਤੇ ਉਨ੍ਹਾਂ ਅਰਦਾਸ ਕੀਤੀ, “ਜੀ ਸੱਚੇ ਬਾਦਸ਼ਾਹ ! ਅਸਾਨੂੰ ਪੰਡਿਤ ਲੋਗ ਪੰਗਤਿ ਵਿਚ ਬਹਿਣ ਨਹੀਂ ਦਿੰਦੇ, ਜੋ ਤੁਸੀਂ ਬ੍ਰਾਹਮਣ ਜਗਤ ਗੁਰੂ ਹੋਇਕੇ ਖੱਤ੍ਰੀ ਦੇ ਸਿੱਖ ਹੋਏ ਹੋ. ਵੇਦਾਂ ਦੀ ਬ੍ਰਹਮ ਬਾਣੀ ਤਿਆਗ ਕੇ ਭਾਖਾ ਬਾਣੀ ਗੁਰੂ ਕੇ ਸ਼ਬਦ ਗਾਂਵਦੇ ਹੋ, ਜਨਮ ਅਸ਼ਟਮੀ, ਸ਼ਿਵਰਾਤ੍ਰੀ ਤੇ ਏਕਾਦਸ਼ੀ ਤਿਆਗ ਕੇ ਸਿੱਖਾਂ ਦਾ ਉਚਿਸ਼ਟ ਅੰਨ ਭੋਜਨ ਕਰਦੇ ਹੋ ਤੇ ਗਾਇਤ੍ਰੀ ਤਰਪਣ ਸੰਧਿਆ ਪਿੰਡ ਪੱਤਲ ਜਨਮ ਮਰਨ ਦੀ ਕਿਰਿਆ ਤਿਆਗ ਕੇ ਅਰਦਾਸ ਤੇ ਕੜਾਹੁ ਮ੍ਰਿਤਕ ਤੇ ਖਾਂਵਦੇ ਹੋ। ਅਸੀਂ ਤੇਰੀ ਸ਼ਰਨ ਆਇ ਹਾਂ, ਅਸਾਡਾ ਤੁਸਾਂ ਉਧਾਰ ਕੀਤਾ ਹੈ, ਜੋ ਬ੍ਰਾਹਮਣ ਦਾ ਅਭਿਮਾਨ ਅਸਾਂ ਦਾ ਦੂਰ ਹੋਇਆ ਹੈ, ਤੇ ਮਹਾਰਾਜ ਦਾ ਨਾਮ ਅਸਾਨੂੰ ਪ੍ਰਾਪਤ ਹੋਇਆ ਹੈ ।"
ਇਸੇ ਪ੍ਰਸੰਗ ਦੀ ਪੁਸ਼ਟੀ ਵਿਚ ਭਗਤ ਰਤਨਾਵਲੀ ਦਾ ਹੋਰ ਪ੍ਰਸੰਗ :
(੧੫) ਸਿੱਖਾਂ ਅਰਦਾਸ ਕੀਤੀ, “ਜੀ ਸੱਚੇ ਬਾਦਸ਼ਾਹ ! ਕਸ਼ਮੀਰ ਵਿਚ ਜੋ ਪੰਡਤ ਹੁੰਦੇ ਹੈਨਿ, ਸੋ ਗੁਰੂ ਕੀ ਬਾਣੀ ਸਿੱਖਾਂ ਨੂੰ ਪੜ੍ਹਨ ਨਹੀਂ ਦੇਂਦੇ, ਕਹਿੰਦੇ ਹੈਨਿ 'ਜੋ ਸੰਸਕ੍ਰਿਤ ਦੇਵ ਬਾਣੀ ਹੈ ਤੇ ਭਾਖਾ ਮਨੁੱਖ ਬਾਣੀ ਹੈ, ਤੇ ਤੁਸਾਂ ਨਿੱਤ ਨਮਿੱਤ ਕਰਮ ਛੱਡ ਦਿਤੇ ਹੈਨਿ, ਅਸੀਂ ਤੁਸਾਡੇ ਨਾਲ ਵਰਤਣ ਨਹੀਂ ਕਰਦੇ । ' ਤਾਂ ਮਾਧੋ ਸੋਢੀ ਨੂੰ ਆਗਿਆ ਹੋਈ ਜੋ ਤੇਰੇ ਬਚਨਾਂ ਵਿਚ ਮੈਂ ਬਲ ਪਾਇਆ ਹੈ ਜਾਇ ਕੈ ਕਸ਼ਮੀਰ ਵਿਚ ਗੁਰੁ ਸਿੱਖੀ ਦੀ ਰੀਤਿ ਚਲਾ।”
(੧੬) ਅੰਮ੍ਰਿਤ ਛਕਾਉਣ ਵੇਲੇ ਜੋ ਉਪਦੇਸ਼ ਦਿਤਾ ਜਾਂਦਾ ਹੈ, ਉਸ ਨੂੰ ਵਿਚਾਰ ਕੇ ਭੀ ਆਪ ਦੇਖ ਸਕਦੇ ਹੋ ਕਿ ਖਾਲਸਾ ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ, ਯਥਾ:
________________
੧. ਸਹਿਜਧਾਰੀ ਦਾ ਅਰਥ ਹੈ ਸਨੇ ਸਨੇ ਖਾਲਸਾ ਰਹਿਤ ਨੂੰ ਧਾਰਨ ਵਾਲਾ। ਇਹ ਪਦ ਖੰਡੇ ਦੇ ਅੰਮ੍ਰਿਤ ਤੋਂ ਪਹਿਲਾਂ ਵਰਤਣ ਵਿਚ ਨਹੀਂ ਆਉਂਦਾ ਸੀ । ਸ੍ਰੀ ਕਲਗੀਧਰ ਦੇ ਹਜ਼ੂਰ ਜਿਨ੍ਹਾਂ ਸਿਖਾਂ ਨੇ ਸਨੇ ਸਨੇ ਪੂਹਨ ਰਹਿਤ ਧਾਰਨ ਦਾ ਬਚਨ ਦਿਤਾ ਅਰ ਜਿਨ੍ਹਾਂ ਨੇ ਖਾਲਸਾ ਰਹਿਤ ਕਠਿਨ ਜਾਣ ਕੇ ਸੁਗਮ (ਸਹਿਜ) ਰਹਿਤ ਸਿੱਖੀ ਦੀ ਧਾਰਨੀ ਕਰੀ, ਉਹ ਸਹਿਜਧਾਰੀ ਸਿੱਖ ਬੁਲਾਏ ਜਾਣ ਲੱਗ ਪਏ। ਸਹਿਜਧਾਰੀ ਸ਼੍ਰੇਣੀ ਵਿਚ ਸਿੱਖ ਧਰਮ ਦੇ ਜਗਿਆਸੂ ਸੰਸਾਰ ਦੇ ਮਨੁੱਖ ਮਾਤਰ ਗਿਣੇ ਜਾਂਦੇ ਹਨ, ਕਿਸੇ ਖ਼ਾਸ ਜਾਤੀ ਦੇ ਜੀਵਾਂ ਦਾ ਨਾਉਂ ਸਹਿਜਧਾਰੀ ਨਹੀਂ ਹੈ।
੨. ਸਿੱਖ ਧਰਮ ਅਨੁਸਾਰ ਕੋਈ ਜਾਤਿ ਨਹੀਂ, ਇਹ ਕੇਵਲ ਪੰਡਤਾਂ ਦੀ ਹੀ ਕਲਪਨਾ ਹੈ।
੩. ਇਸ ਉਪਦੇਸ਼ ਵਿਚ ਬਹੁਤ ਐਸੇ ਨਿਯਮ ਹਨ, ਜਿਨ੍ਹਾਂ ਨੂੰ ਸੰਸਾਰ ਮਾਤਰ ਦੇ ਅਨੇਕ ਧਰਮੀ ਮੰਨਦੇ ਹਨ, ਅਰ ਜਿਨ੍ਹਾਂ ਨੂੰ ਅਸੀਂ ਸਾਧਾਰਣ ਧਰਮ ਦੇ ਨਿਯਮ ਆਖ ਸਕਦੇ ਹਾਂ, ਪਰ ਜੋ ਨਿਯਮ ਖ਼ਾਸ ਕਰਕੇ ਖਾਲਸਾ ਧਰਮ ਨਾਲ ਹੀ ਸੰਬੰਧ ਰਖਦੇ ਹਨ, ਉਹਨਾਂ ਨੂੰ ਵਿਚਾਰ ਕੇ ਆਪ ਨਿਸ਼ਚਾ ਕਰ ਸਕਦੇ ਹੋ ਕਿ ਖਾਲਸਾ ਧਰਮ ਭਿੰਨ ਹੈ।
ਵਿਧਿ ਵਾਕਯ
(੧) ਅੱਜ ਤੁਹਾਡਾ ਜਨਮ ਸਤਿਗੁਰੂ ਦੇ ਘਰ ਹੋਇਆ ਹੈ, ਪਿਛਲੀ ਜਾਤਿ ਪਾਤਿ, ਵਰਣ, ਗੋਤ ਔਰ ਮਜ਼ਹਬ ਆਦਿਕ ਸਭ ਮਿਟ ਗਏ ਹਨ, ਏਸ ਵਾਸਤੇ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਔਰ ਮਾਤਾ ਸਾਹਿਬ ਕੌਰ ਮੰਨ ਕੇ ਜਨਮ ਪਟਨੇ ਦਾ ਔਰ ਵਾਸੀ ਅਨੰਦ- ਪੁਰ ਦੀ ਜਾਣਨੀ ।
(੨) ਅੰਮ੍ਰਿਤ ਵੇਲੇ ਨਿਤ ਸਨਾਨ ਕਰਨਾ, ਔਰ ਕ੍ਰਿਆ ਅਤੀ ਸ੍ਵਛ ਰੱਖਣੀ।
(੩) ਜਪੁ, ਜਾਪੁ, ਸਵਯੇ, ਚੌਪਈ, ਅਨੰਦੁ, ਰਹਿਰਾਸ ਔਰ ਸੋਹਿਲੇ ਦਾ ਨੇਮ ਔਰ ਪ੍ਰੇਮ ਸਾਥ ਪਾਠ ਕਰਨਾ।
(੪) ਕੇਸ, ਕ੍ਰਿਪਾਨ (ਤਲਵਾਰ), ਕੱਛ, ਕੰਘਾ ਔਰ ਕੜਾ ਇਹਨਾਂ ਪੰਜ ਕੱਕਿਆਂ ਦੀ ਰਹਿਤ ਰਖਣੀ ।
(੫) ਸਤਿਗੁਰੂ ਦੇ ਪੁੱਤ੍ਰ ਹੋਣ ਕਰਕੇ ਆਪ ਸਭ ਸਕੇ ਭਾਈ ਹੋ । ਏਸ ਲਈ ਖਾਨ, .. ਪਾਨ, ਬਰਤਨ ਬਿਵਹਾਰ ਆਦਿਕ ਦਾ ਬਰਤਾਉ ਆਪਸ ਵਿਚ ਭਾਈਆਂ ਜੇਹਾ ਕਰਨਾ ।
(੬) ਦਸ ਸਤਿਗੁਰਾਂ ਨੂੰ ਇਕ ਰੂਪ ਜਾਣਨਾ, ਔਰ ਉਨ੍ਹਾਂ ਦਾ ਉਪਦੇਸ਼ ਰੂਪ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਔਰ ਖਾਲਸੇ ਨੂੰ ਗੁਰੂ ਦਾ ਸਰੂਪ ਜਾਣ ਕੇ ਮਨੋਂ ਤਨੋਂ ਸੇਵਾ ਕਰਨੀ ਔਰ ਆਗਿਆ ਪਾਲਣੀ।
(੭) ਧਰਮ ਕਿਰਤ ਕਰ ਕੇ ਨਿਰਬਾਹ ਕਰਨਾ।
(੮) ਆਪਣੀ ਕਮਾਈ ਵਿਚੋਂ ਦਸੌਂਧ (ਦਸਵਾਂ ਹਿੱਸਾ) ਗੁਰੂ ਅਰਥ ਕੱਢ ਕੇ ਪੰਥ ਦੀ ਉੱਨਤੀ ਵਾਸਤੇ ਪੰਥ ਦੀ ਸੇਵਾ ਵਿਚ ਅਰਪਨ ਕਰਨਾ।
(੯) ਪੰਥ ਦੇ ਕੰਮ ਨੂੰ ਆਪਣਾ ਕੰਮ ਜਾਣ ਕੇ ਤਨ, ਮਨ ਔਰ ਧਨ ਕਰਕੇ ਸਿਰੇ ਚੜ੍ਹਾਉਣ ਦਾ ਯਤਨ ਕਰਨਾ।
(੧੦) ਪਰਉਪਕਾਰ ਨੂੰ ਮਨੁੱਖ ਦੇਹ ਔਰ ਸਿੱਖ ਧਰਮ ਦਾ ਪਰਮ ਕਰਤੱਵ ਸਮਝਣਾ।
(੧੧) ਵਿਦਿਆ ਦਾ ਅਭਿਆਸ ਕਰਨਾ, ਖ਼ਾਸ ਕਰਕੇ ਗੁਰਮੁਖੀ ਔਰ ਖਾਲਸਾ ਧਰਮ ਪੁਸਤਕਾਂ ਦੇ ਪੂਰੇ ਗਿਆਤਾ ਹੋਣਾ ਔਰ ਸ਼ਸਤ੍ਰ-ਵਿਦਿਆ ਵ ਘੋੜੇ ਦੀ ਸਵਾਰੀ ਦੇ ਪੂਰੇ ਅਭਿਆਸੀ ਬਣਨਾ।
(੧੨) ਮਨ ਨੀਵਾਂ, ਮਤਿ ਉੱਚੀ ਰੱਖਣੀ।
___________
੧. ਏਸ ਉਪਦੇਸ਼ ਦਾ ਭਾਵ ਇਹ ਹੈ ਕਿ ਅੱਜ ਤੋਂ ਤੁਸੀਂ ਗੁਰੂ-ਬੰਸੀ ਬਣੇ ਹੋ। ਇਸ ਤੋਂ ਇਹ ਨਹੀਂ ਸਮਝਣਾ ਚਾਹੀਦਾ ਕਿ ਵਿਵਹਾਰਕ ਲਿਖਤ ਪੜ੍ਹਤ ਵਿਚ ਆਪਣੇ ਜਨਮ ਔਰ ਰਿਹਾਇਸ਼ ਦੇ ਪਿੰਡ ਦਾ ਨਾਉਂ ਛੱਡ ਕੇ ਪਟਨੇ ਔਰ ਅਨੰਦਪੁਰ ਦਾ ਨਾਉਂ ਵਰਤਣਾ ਚਾਹੀਏ।
ਇਸ ਵਿਚ ਸੰਸਾ ਨਹੀਂ ਕਿ ਖਾਲਸੇ ਦਾ ਜਨਮ ਕੇਸਗੜ੍ਹ ਹੋਇਆ ਹੈ, ਪਰ ਅੰਮ੍ਰਿਤ ਛਕਾਉਣ ਸਮੇਂ ਜੋ ਜਨਮ ਪਟਨੇ ਦਾ ਦਸਿਆ ਜਾਂਦਾ ਹੈ, ਉਸ ਤੋਂ ਸਿੱਖਾਂ ਦਾ ਕਲਗੀਧਰ ਨਾਲ ਅਭੇਦ ਹੋਣਾ ਪ੍ਰਗਟ ਹੁੰਦਾ ਹੈ, ਕਿਉਂਕਿ ਦਸਮੇਸ਼ ਦਾ ਜਨਮ ਪਟਨੇ ਦਾ ਸੀ।
(੧੩) ਦਸਤਾਰਾ ਕੌਮੀ ਚਿੰਨ੍ਹ ਤੇ ਕੇਸਾਂ ਦਾ ਰੱਖਕ ਸਮਝ ਕੇ ਸੀਸ ਪਰ ਸਜਾਉਣਾ।
(੧੪) ਗੁਰਮੁਖਾਂ ਦਾ ਸਤਿਸੰਗ ਕਰਨਾ।
(੧੫) ਮਰਣੇ ਪਰਣੇ ਆਦਿਕ ਸਾਰੇ ਸੰਸਕਾਰ ਗੁਰਮਤਿ ਅਨੁਸਾਰ ਕਰਨੇ।
(੧੬) ਗੁਰਮਤਿ ਦੇ ਪ੍ਰਚਾਰ ਦਾ ਪੂਰਾ ਯਤਨ ਕਰਨਾ।
(੧੭) ਗੁਰਪੁਰਬਾਂ ਵਿਚ ਜੋੜ ਮੇਲ ਉਤਸਵ ਔਰ ਕਥਾ ਕੀਰਤਨ ਕਰਨਾ।
(੧੮) ਆਪਣੇ ਮਾਲਕ ਦੇ ਪੱਕੇ ਨਮਕ ਹਲਾਲ ਰਹਿਣਾ।
(੧੯) ਖਾਲਸਾ ਧਰਮ ਦੇ ਨਿਯਮਾਂ ਅਨੁਸਾਰ 'ਜਥੇਬੰਦੀ’ ਦੇ ਗੂੜ੍ਹ ਮੰਤਵ ਦੇ ਲਾਭ ਸਮਝ ਕੇ ਇਕ ਸੂਤ ਵਿਚ ਪਰੋਏ ਰਹਿਣਾ।
(੨੦) ਲੜਕੀਆਂ ਨੂੰ ਅਣਵਿੱਧ ਰੱਖਣਾ ਔਰ ਉਨ੍ਹਾਂ ਨੂੰ ਪੁੱਤਾਂ ਜੇਹਾ ਜਾਣ ਕੇ ਵਿਵਹਾਰਕ ਔਰ ਧਾਰਮਕ ਵਿਦਿਆ ਦੇ ਕੇ ਲਾਇਕ ਬਨਾਉਣਾ।
(੨੧) ਜੇ ਕੋਈ ਕੰਮ ਧਰਮ ਵਿਰੁੱਧ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਤਨਖ਼ਾਹ ਬਖਸ਼ਵਾ ਲੈਣੀ।
ਨਿਸ਼ੇਧ ਵਾਕਯ
(੨੨) ਇਕ ਅਕਾਲ ਤੋਂ ਛੁੱਟ ਹੋਰ ਕਿਸੇ ਦੇਵੀ ਦੇਵਤੇ, ਅਵਤਾਰ ਔਰ ਪੈਗ਼ੰਬਰ ਦੀ ਉਪਾਸਨਾ ਨਹੀਂ ਕਰਨੀ।
(੨੩) ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਧਰਮ ਪੁਸਤਕ ਪਰ ਨਿਸਚਾ ਨਹੀਂ ਰੱਖਣਾ।
(੨੪) ਜੰਤ੍ਰ, ਮੰਤ੍ਰ, ਸ਼ਕੁਨ, ਮਹੂਰਤ, ਗ੍ਰਹਿ, ਰਾਸ਼ੀ, ਸ਼ਾਧ, ਹੋਮ ਔਰ ਤਰਪਣ ਆਦਿਕ ਭਰਮ ਰੂਪ ਕਰਮਾਂ ਪਰ ਸ਼ਰਧਾ ਨਹੀਂ ਕਰਨੀ ।
(੨੫) ਸਿੱਖ ਬਿਨਾਂ ਹੋਰ ਨਾਲ ਸਾਕ ਸੰਬੰਧ ਨਹੀਂ ਕਰਨਾ।
(੨੬) ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਨੜੀਮਾਰ, ਕੁੜੀਮਾਰ ਔਰ ਸਿਰਗੁੰਮਾਂ ਨਾਲ ਵਰਤੋਂ ਵਿਹਾਰ ਨਹੀਂ ਕਰਨਾ।
ਇਹਨਾਂ ਤੋਂ ਛੁਟ ਜੋ ਕੋਈ ਪੰਥ ਵਿਚ ਧੜੇ ਬੰਨ੍ਹ ਕੇ ਵੈਰ ਵਿਰੋਧ ਫੈਲਾਵੇ, ਔਰ ਆਪਣੀ
____________
੧. ਸਿੱਖ ਧਰਮ ਵਿਚ ਲਿਆ ਕੇ ਸੰਬੰਧ ਕਰਨਾ।
੨. ਪੁਰਾਣੇ ਸਮੇਂ ਵਿਚ ਸਿਰ ਮੁੰਨਣਾ ਸਿਰ ਵੱਢਣ ਦੇ ਤੁੱਲ ਮੰਨਿਆ ਜਾਂਦਾ ਸੀ, ਜਿਸ ਦੀ ਤਾਈਦ ਮਹਾਂਭਾਰਤ ਅਰ ਮਨੂਸਿਮ੍ਰਤੀ ਆਦਿਕ ਪੁਸਤਕਾਂ ਤੋਂ ਹੁੰਦੀ ਹੈ। ਗੁਰਮਤਿ ਵਿਚ ਭੀ 'ਸਿਰ ਗੁੰਮ' ਦਾ ਅਰਥ ਸਿਰ ਖੋ ਦੇਣ ਵਾਲਾ ਕੀਤਾ ਗਿਆ ਹੈ, ਅਰਥਾਤ ਸਿਰ ਮੁਨਾਉਣ ਵਾਲਾ ਆਪਣਾ ਸਿਰ ਗੁੰਮ ਕਰ ਬੈਠਦਾ वै।
੩. ਜੋ ਇਨ੍ਹਾਂ ਮੇਲਾਂ ਵਿਚੋਂ ਮਨਮਤ ਤਿਆਗ ਕੇ ਗੁਰਮਤ ਧਾਰਨ ਕਰੇ, ਉਸ ਨਾਲ ਭਾਈਆਂ ਜੇਹਾ ਵਰਤਾਉ ਕਰਨਾ।
ਗੁਰਿਆਈ ਥਾਪ ਕੇ ਦਸ ਸਤਿਗੁਰਾਂ ਦੇ ਆਸ਼ੇ ਤੋਂ ਵਿਰੁੱਧ ਚੱਲੇ, ਉਸ ਨਾਲ ਕਦੇ ਨਹੀਂ ਵਰਤਣਾ।
(੨੭) ਚੋਰੀ, ਯਾਰੀ, ਝੂਠ, ਅਨਿਯਾਯ, ਨਿੰਦਾ, ਛਲ, ਕਪਟ, ਵਿਸ਼੍ਵਾਸਘਾਤ, ਜੂਆ ਆਦਿਕ ਅਵਗੁਣਾਂ ਦਾ ਸਦਾ ਤਿਆਗ ਕਰਨਾ।
(੨੮) ਮਦਿਰਾ ਆਦਿਕ ਸਾਰੇ ਅਮਲ (ਨਸ਼ੇ) ਬੁੱਧੀ ਔਰ ਬਲ ਨਾਸ਼ਕ ਜਾਣ ਕੇ ਤਿਆਗ ਦੇਣੇ।
(੨੯) ਸਿੱਖ ਦਾ ਅੱਧਾ ਨਾਉਂ (ਨਿਰਾਦਰ-ਬੋਧਕ ਹੈ) ਨਹੀਂ ਲੈਣਾ।
(੩੦) ਬਚਨ ਕਰ ਕੇ ਕਦੇ ਨਹੀਂ ਹਾਰਨਾ ।
(੩੧) ਚੰਚਲ ਇਸਤ੍ਰੀਆਂ ਦੇ ਪਹਿਰਨ ਯੋਗ ਕਸੁੰਭੇ ਆਦਿਕ ਰੰਗ ਔਰ ਗਹਿਣੇ ਨਹੀਂ ਪਹਿਰਨੇ, ਸ਼ਸਤ੍ਰਾਂ ਨੂੰ ਆਪਣਾ ਭੂਸ਼ਣ ਸਮਝ ਕੇ ਸਦੈਵ ਧਾਰਨ ਕਰਨਾ।
(੩੨) ਕੁੱਠਾ, ਤਮਾਕੂ, ਮੁੰਡਨ ਅਤੇ ਪਰਇਸਤ੍ਰੀ ਨੂੰ ਧਰਮ ਨਾਸ਼ਕ ਜਾਣ ਕੇ ਸਦਾ ਤਿਆਗ ਕਰਨਾ।
(੩੩) ਕਿਸੇ ਦੇਵੀ ਦੇਵਤਾ ਔਰ ਮੜ੍ਹੀ ਮਠ ਪਰ ਚੜ੍ਹਿਆ ਹੋਇਆ ਪ੍ਰਸ਼ਾਦਿ ਅੰਗੀਕਾਰ ਨਹੀਂ ਕਰਨਾ।
(੩੪) ਕਿਸੀ ਪ੍ਰਕਾਰ ਦੀ ਸੁੱਖਣਾ ਨਹੀਂ ਸੁੱਖਣੀ।
(੩੫) ਬਿਗਾਨਾ ਹੱਕ (ਰਿਸ਼ਵਤ ਆਦਿਕ) ਕਦੇ ਨਹੀਂ ਲੈਣਾ।
(੩੬) ਗੁਰਦੁਆਰਿਆਂ ਤੋਂ ਬਿਨਾਂ ਹੋਰ ਕੋਈ ਆਪਣਾ ਤੀਰਥ ਔਰ ਧਾਮ ਨਹੀਂ ਸਮਝਣਾ ।
(੩੭) ਗੁਰੂ ਨਾਨਕ ਪੰਥੀ ਜਿਤਨੇ ਭੇਖ ਮਾਤ੍ਰ ਔਰ ਗੁਰੂ ਘਰ ਦੇ ਸਿਦਕੀ ਸਿੱਖ ਹੈਨ, ਉਨ੍ਹਾਂ ਨਾਲ ਕਦੇ ਵੈਰ ਵਿਰੋਧ ਈਰਖਾ ਨਹੀਂ ਕਰਨੀ ਔਰ ਕਿਸੇ ਨੂੰ ਹਾਨੀ ਪਹੁੰਚਾਉਣ ਦਾ ਸੰਕਲਪ ਮਨ ਵਿਚ ਨਹੀਂ ਲਿਆਉਣਾ ।
‘ਤੇਰੇ ਭਾਣੇ ਸਰਬੱਤ ਦਾ ਭਲਾ' ਵਾਕ ਅਨੁਸਾਰ ਸਭ ਦਾ ਹਿਤ ਚਾਹੁਣਾ।
(੩੮) ਕਲਫ ਨਹੀਂ ਲਾਉਣੀ, ਚਿੱਟੇ ਕੇਸ ਨਹੀਂ ਚੁਗਣੇ।
(੩੯) ਕੰਨਿਆ ਦਾ ਧਨ ਅੰਗੀਕਾਰ ਨਹੀਂ ਕਰਨਾ।
__________
੧. ਆਪਣੇ ਪਤੀ ਤੋਂ ਬਿਨਾਂ ਜੋ ਕਿਸੀ ਹੋਰ ਨਾਲ ਪ੍ਰੀਤੀ ਕਰਦੀ ਹੈ, ਉਹ ਵਿਭਚਾਰਨੀ ਸਦਾਉਂਦੀ ਹੈ। ਭਾਵ ਇਹ ਹੈ ਕਿ ਪਰ-ਇਸਤ੍ਰੀ ਮਾਤ੍ਰ ਦਾ ਤਿਆਗ ਕਰਨਾ।
੨. ਜੇ ਕੋਈ ਨਿਯਮਾਂ ਤੋਂ ਵਿਰੁੱਧ ਚੱਲਦਾ ਹੋਵੇ ਉਸ ਨੂੰ ਰਸਤੇ ਪਰ ਲਿਆਉਣ ਦਾ ਜਤਨ ਕਰਨਾ, ਪਰ ਵਿਰੋਧ ਕਰ ਕੇ ਨੁਕਸਾਨ ਨਹੀਂ ਪਹੁੰਚਾਉਣਾ, ਕਿਉਂਕਿ ਆਪਣੇ ਅੰਗ ਛੇਦਨ ਕਰ ਕੇ ਕੋਈ ਪੁਰਸ਼ ਉਨਤੀ ਨੂੰ ਨਹੀਂ ਪ੍ਰਾਪਤ ਹੁੰਦਾ ।
(੪੦) ਯਾਚਨਾ ਕਦੇ ਨਹੀਂ ਕਰਨੀ।
(੪੧) ਰਣ ਵਿਚ ਪਿੱਠ ਨਹੀਂ ਦੇਣੀ।
ਭਾਈ ਨੰਦ ਲਾਲ ਸਾਹਿਬ ‘ਤੌਸੀਫ਼ੋਸਨਾ' ਵਿਚ ਗੁਰੂ ਸਾਹਿਬ ਨੂੰ ਸਰਬੋਤਮ ਕਥਨ ਕਰਦੇ ਹੋਏ ਗੁਰਮਤਿ ਨੂੰ ਹਿੰਦੂ, ਮੁਸਲਮਾਨ, ਈਸਾਈ ਆਦਿਕ ਧਰਮਾਂ ਤੋਂ ਭਿੰਨ ਔਰ ਸਰੇਸ਼ਟ ਲਿਖਦੇ ਹਨ, ਯਥਾ:
(੧੭) 'ਬਲੰਦ ਤਰ ਅਜ਼ ਹਨੂਦਾਤ ਵਲ ਤੁਰਕਾਤ, ਵਲ ਕੁਫ਼ਰਾਤ, ਵਲ ਇਸਲਾਮਾਤ, ਵਲ ਤੌਰੇਤਾਤ, ਵਲ ਇੰਜ਼ੀਲਾਤ, ਵਲ ਜ਼ਬੂਰਾਤ, ਵਲ ਫੁਰਕਾਨਾਤ, ਵਲ ਪੀਰਾਤ, ਵਲ ਪੈਗੰਬਰਾਤ ।'
ਇਸ ਦਾ ਤਾਤਪਰਜ ਇਹ ਹੈ ਕਿ-ਹਿੰਦੂ, ਤੁਰਕ, ਨਾਸਤਿਕ, ਇਸਲਾਮ, ਯਹੂਦੀ, ਈਸਾਈ, ਦਾਊਦੀ, ਮੁਸਲਮਾਨ, ਪੀਰ ਔਰ ਪੈਗੰਬਰ ਆਦਿਕਾਂ ਤੋਂ ਗੁਰੂ ਸਾਹਿਬ ਅਤਿਅੰਤ ਉਚੇ ਹੈਨ। ਅਰਥਾਤ ਸਿਖ ਧਰਮ ਸਭ ਧਰਮਾਂ ਤੋਂ ਸ਼੍ਰੋਮਣੀ ਹੈ।
ਪਿਆਰੇ ਹਿੰਦੂ ਭਾਈ! ਇਨ੍ਹਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਤਿਗੁਰੂ ਦੇ ਸਿਖ 'ਹਮ ਹਿੰਦੂ ਨਹੀਂ' ਮਨ-ਉਕਤਿ ਨਹੀਂ ਆਖਦੇ, ਕਿੰਤੂ ਗੁਰਮਤਿ ਔਰ ਗੁਰੂ ਆਗਿਆ ਅਨੁਸਾਰ ਕਹਿੰਦੇ ਔਰ ਮੰਨਦੇ ਹਨ।
(ੳ) ਜੇ ਆਪ ਸਿੱਖਾਂ ਨੂੰ ਹਿੰਦੂਆਂ ਵਿਚੋਂ ਨਿਕਲਣੇ ਕਾਰਨ ਹਿੰਦੂ ਮੰਨਦੇ ਹੋ ਤਾਂ ਈਸਾਈਆਂ ਨੂੰ, ਜੋ ਯਹੂਦੀਆਂ (Jews) ਵਿਚੋਂ ਨਿਕਲੇ ਹਨ, ਮੁਸਲਮਾਨਾਂ ਨੂੰ, ਜੋ ਕੁਰੈਸ਼ੀ ਈਸਾਈ (Colly-Ridiens) ਔਰ ਯਹੂਦੀ ਆਦਿਕਾਂ ਵਿਚੋਂ ਨਿਕਲੇ ਹਨ, ਯਹੂਦੀ ਆਦਿਕ ਕਿਉਂ ਨਹੀਂ ਜਾਣਦੇ ? ਔਰ ਓਹ ਭੀ ਆਪਣੇ ਆਪ ਨੂੰ ਕਿਉਂ ਨਹੀਂ ਮੰਨਦੇ ? ਔਰ ਖ਼ਾਸ ਕਰਕੇ ਜੋ ਹਿੰਦੁਸਤਾਨੀ ਹਿੰਦੂਆਂ ਵਿਚੋਂ ਨਿਕਲ ਕੇ ਈਸਾਈ ਔਰ ਮੁਸਲਮਾਨ ਬਣੇ ਹਨ, ਆਪ ਉਹਨਾਂ ਨੂੰ ਹਿੰਦੂ ਕਿਉਂ ਨਹੀਂ ਆਖਦੇ ?
(ਅ) ਖਾਨ ਪਾਨ ਦੇ ਲਿਹਾਜ਼ ਕਰਕੇ ਜੇ ਸਿੱਖਾਂ ਨੂੰ ਹਿੰਦੂ ਮੰਨਦੇ ਹੋ ਤਾਂ ਯਹੂਦੀ, ਈਸਾਈ, ਮੁਸਲਮਾਨ, ਬੋਧ ਔਰ ਪਾਰਸੀ ਆਦਿਕਾਂ ਦਾ ਭੀ ਖਾਨ ਪਾਨ ਇਕੱਠਾ ਹੁੰਦਾ ਹੈ, ਕਿਆ ਇਤਨੇ ਮਾਤ੍ਰ ਕਰਕੇ ਏਹ ਸਭ ਮਜ਼ਹਬੀ ਰੀਤੀ ਅਨੁਸਾਰ ਇਕ ਕਹੇ ਜਾ ਸਕਦੇ ਹਨ?
ਔਰ ਇਸ ਵਿਸ਼ੈ ਪਰ ਜੋ ਸਾਡੇ ਧਰਮ ਪੁਸਤਕਾਂ ਦੀ ਰਾਏ ਹੈ, ਉਹ ਭੀ ਆਪ ਨੂੰ ਸੁਣਾਉਣੀ ਮੁਨਾਸਬ ਸਮਝਦੇ ਹਾਂ, ਜਿਸ ਤੋਂ ਆਪ ਸਮਝ ਲਓਗੇ ਕਿ ਸਿੱਖਾਂ ਅਤੇ ਹਿੰਦੂਆਂ ਦਾ ਖਾਨ ਪਾਨ ਵਿਚ ਕਿਤਨਾ ਭੇਦ ਹੈ ?
(੧) ਮੋਨੇ ਕਰ ਅਹਾਰ ਨਹਿ ਖਾਨਾ' । (ਗੁਰ ਪ੍ਰਤਾਪ ਸੂਰਯ)
_____________
੧. ਮੁਸਲਮਾਨ ਹੋਰਨਾਂ ਮਜ੍ਹਬਾਂ ਦੇ ਆਦਮੀਆਂ ਨਾਲ ਖਾਣ ਵੇਲੇ ਕੇਵਲ ਸੂਰ ਖਾਣੋਂ ਪਰਹੇਜ਼ ਕਰਦੇ ਹਨ। ੨. ਬੁੱਧ ਮਤ ਵਿਚ ਮਾਸ ਖਾਣਾ ਮਨ੍ਹਾ ਹੈ, ਪਰ ਵਰਤਮਾਨ ਸਮੇਂ ਵਿਚ ਚੀਨੀ ਅਰ ਜਾਪਾਨੀ ਖਾਨ ਪਾਨ ਨੂੰ ਧਾਰਮਕ ਨਿਯਮ ਨਾ ਸਮਝ ਕੇ ਸ੍ਵਤੰਤਰਤਾ ਪੂਰਬਕ ਸਭ ਸਾਥ ਖਾਨ ਪਾਨ ਕਰਦੇ ਹਨ। ੩. ਚਾਹੇ ਸਿੱਖਾਂ ਵਿਚ ਛੂਤ-ਛਾਤ ਦਾ ਵਹਿਮ ਨਹੀਂ, ਪਰ ਪਵਿੱਤਰਤਾ ਦੀ ਭਾਰੀ ਮਹਿਮਾ ਹੈ। ਅਨ੍ਯ ਧਰਮੀਆਂ ਦੇ ਹੱਥੋਂ ਖਾਨ ਪਾਨ ਕਰਨ ਨਾਲ ਪਵਿੱਤਰਤਾ ਵਿਚ ਰਹਿਤ ਅਨੁਸਾਰ ਅਨੇਕ ਵਿਘਨ ਪੈਂਦੇ ਹਨ।
(੨) ਰਸੋਈਆ ਸਿੱਖ ਰਖੇ । (ਰਹਿਤਨਾਮਾ ਭਾਈ ਚੌਪਾ ਸਿੰਘ)
(੩) ਜਾਤਿ ਪਾਤਿ ਕੋ ਭੇਦ ਨ ਕੋਈ।
ਚਾਰ ਵਰਨ ਅਚਵਹਿ ਇਕ ਹੋਈ। (ਗੁਰ ਪ੍ਰਤਾਪ ਸੂਰਯ)
(ੲ) ਜੇ ਹਿੰਦੂਆਂ ਨਾਲ ਸਾਕ ਨਾਤੇ ਹੋਣ ਕਰਕੇ ਸਿੱਖਾਂ ਨੂੰ ਹਿੰਦੂ ਆਖਦੇ ਹੋ, ਤਾਂ ਯਹੂਦੀ, ਈਸਾਈ, ਬੋਧ (ਜਾਪਾਨੀ ਔਰ ਚੀਨੀ) ਆਦਿਕਾਂ ਦੀਆਂ ਆਪਸ ਵਿਚ ਰਿਸ਼ਤੇਦਾਰੀਆਂ ਹੁੰਦੀਆਂ ਹਨ, ਕਿਆ ਇਹ ਸੰਬੰਧ ਮਾਤ੍ਰ ਕਰਕੇ ਆਪਣੇ ਧਰਮ ਤੋਂ ਪਤਿਤ ਮੰਨੇ ਜਾਂਦੇ ਹਨ?
ਔਰ ਆਪ ਨੂੰ ਤਵਾਰੀਖਾਂ ਤੋਂ ਪਤਾ ਲੱਗਿਆ ਹੋਣਾ ਹੈ ਕਿ ਕਿਸੀ ਵੇਲੇ ਮੁਗ਼ਲੀਆ ਖ਼ਾਨਦਾਨ ਦੇ ਨਾਲ ਹਿੰਦੂਆਂ ਦੇ ਸਾਕ ਨਾਤੇ ਭੀ ਹੁੰਦੇ ਸੇ, ਔਰ ਏਹ ਬਾਤ ਭੀ ਪ੍ਰਸਿੱਧ ਹੈ ਕਿ ਨੌਸ਼ੇਰਵਾਂ ਨੇ ਕ੍ਰਿਸਚਨ ਬਾਦਸ਼ਾਹ ਦੀ ਬੇਟੀ ਮਾਰਿਸ ਨਾਲ ਵਿਆਹ ਕੀਤਾ ਸੀ ਔਰ ਉਸ ਤੋਂ ਪੈਦਾ ਹੋਈ ਬੇਟੀ, ਹਿੰਦੂ ਚੂੜਾਮਣੀ ਰਾਣਾ ਉਦਯਪੁਰ ਨੂੰ ਵਿਆਹੀ ਗਈ ਸੀ, ਔਰ ਬਾਬਿਲ ਦੇ ਬਾਦਸ਼ਾਹ ਸਿਲਯੂਕਸ ਦੀ ਪੁਤ੍ਰੀ' ਦਾ ਰਾਜਾ ਚੰਦ੍ਰ ਗੁਪਤ ਨਾਲ ਵਿਆਹ ਹੋਇਆ ਸੀ । ਔਰ ਹੜਿੰਬਾ, ਉਲੂਪੀ ਆਦਿਕ ਇਸਤ੍ਰੀਆਂ ਜਿਹਨਾਂ ਦਾ ਸੰਬੰਧ ਭਾਰਤ ਦੇ ਸ਼੍ਰੋਮਣੀ ਪੁਰਸ਼ਾਂ ਨਾਲ ਹੋਇਆ ਸੀ, ਹਿੰਦੁਨੀਆਂ ਨਹੀਂ ਸਨ।
ਔਰ ਹਿੰਦੂ ਆਦਿਕਾਂ ਨਾਲ ਸੰਬੰਧ ਕਰਨ ਬਾਬਤ ਜੋ ਸਿੱਖ ਧਰਮ ਦੀ ਸਿੱਖਾਂ ਲਈ ਆਗਿਆ ਹੈ ਉਹ ਭੀ ਏਥੇ ਆਪ ਨੂੰ ਸੁਣਾ ਦਿੰਨੇ ਹਾਂ :
(੧) ਨਾਤਾ ਗੁਰੂ ਕੇ ਸਿੱਖ ਨਾਲ ਕਰੇ। (ਰਹਿਤਨਾਮਾ ਭਾਈ ਚੌਪਾ ਸਿੰਘ)
(੨) ਕੰਨਯਾ ਕੋ ਮਾਰੇ, ਮੋਨੇ ਕੋ ਕੰਨਯਾ ਦੇਵੇ, ਸੋ ਤਨਖਾਹੀਆ ਹੈ ।
ਸਿੱਖ ਕੋ ਸਿੱਖ ਪੁਤ੍ਰੀ ਦਈ, ਸੁਧਾ ਸੁਧਾ ਮਿਲ ਜਾਇ।
ਦਈ ਭਾਦਣੀ ਕੋ ਸੁਤਾ, ਅਹਿ“ ਮੁਖ ਅਮੀ ਚੁਆਇ । (ਰਹਿਤਨਾਮਾ ਭਾਈ ਦੇਸਾ ਸਿੰਘ)
______________
੧. ਇਹ ਸਿਕੰਦਰ ਦੀ ਪੋਤੀ ਸਨ।
੨. ਦੇਖੋ, ਰਾਜਾ ਸ਼ਿਵ ਪ੍ਰਸ਼ਾਦ ਕ੍ਰਿਤ ਭੂਗੋਲ ਹਸਤਾਮਲਕ, ਭਾਗ ੧ ਸਫ਼ਾ ੨੮।
३. ਦੰਡ ਯੋਗ।
੪. ਵੇਦ ਅਨੁਸਾਰ “ਚੂੜਾਕਰਣ” ਸੰਸਾਰਕ ਅਰ ਮ੍ਰਿਤਕ ਕ੍ਰਿਯਾ ਪਰ ਭੱਦਣ ਕਰਾਉਣ ਵਾਲਾ, ਭਾਵ ਅਸਿੱਖ ਤੋਂ ਹੈ। ਗੁਰੂ ਦੇ ਸਹਿਜਧਾਰੀ ਸਿੱਖ ਭੀ ਮ੍ਰਿਤਕ ਕਰਮ ਕਰਨ ਲਈ ਨਾਈ ਅੱਗੇ ਸਿਰ ਝੁਕਾ ਕੇ ਔਰ ਉਸ ਦੇ ਚਰਨ ਕਮਲਾਂ ਦਾ ਧਿਆਨ ਕਰਦੇ ਹੋਏ ਮੁੰਡਨ ਅਰਥ ਨਹੀਂ ਬੈਠਦੇ ਸੇ । (ਇਸ ਵਿਸ਼ਯ ਪਰ ਦੇਖੋ 'ਭਗਤ ਰਤਨਾਵਲੀ')
੫. ਅਸਿੱਖ ਨੂੰ ਪੁਤ੍ਰੀ ਦੇਣੀ ਐਸੀ ਹੈ, ਜੈਸਾ ਸੱਪ ਨੂੰ ਦੁੱਧ (ਅੰਮ੍ਰਿਤ) ਪਿਆਉਣਾ ਹੈ, ਭਾਵ ਇਹ ਹੈ ਕਿ ਇਸ਼ਟ ਇਕ ਨਾ ਹੋਣ ਕਰਕੇ ਪਤੀ ਔਰ ਇਸਤ੍ਰੀ ਦਾ ਪਰਸਪਰ ਪੂਰਨ ਪ੍ਰੇਮ ਨਹੀਂ ਹੁੰਦਾ, ਜੋ ਗ੍ਰਿਹਸਤ ਦੇ ਨਿਰਬਾਹ ਵਿਚ ਮਹਾਂ ਵਿਘਨਕਾਰੀ ਹੈ। ਔਰ ਅਸਿੱਖ, ਸਿੱਖ ਕੰਨਿਆ ਨੂੰ ਭੀ ਧਰਮ ਤੋਂ ਪਤਿਤ ਕਰ ਦਿੰਦਾ ਹੈ। ਇਸ ਵਿਸ਼ਯ ਬਾਬਤ ਬਹੁਤ ਦੁਖਦਾਈ ਪ੍ਰਸੰਗ ਸਾਨੂੰ ਐਸੇ ਮਲੂਮ ਹਨ, ਜਿਨ੍ਹਾਂ ਦੇ ਲਿਖਣ ਤੋਂ ਕਲਮ ਕੰਬਦੀ ਹੈ।
(੩) ਕੰਨਯਾ ਦੇਵੈ ਸਿੱਖ ਕੋ ਲੇਵੈ ਨਹਿਂ ਕੁਛ ਦਾਮ।
ਸੋਈ ਮੇਰਾ ਸਿੱਖ ਹੈ, ਪਹੁੰਚੇ ਗੋ ਮਮ ਧਾਮ ॥੩੧॥ (ਗੁਰ ਪ੍ਰਤਾਪ ਸੂਰਯ, ਰਿਤੁ ੫ ਅੰਸੂ ੩੮)
(੪) "ਕੰਨਯਾ ਜਬ ਵਰ ਪ੍ਰਾਪਤ ਹੋਵੇ ਤਬ ਸੰਯੋਗ ਕਰੇ, ਛੋਟੀ ਬਾਲਕੀ ਕਾ ਸੰਯੋਗ ਨਾ ਕਰੇ, ਔਰ ਸੰਯੋਗ ਐਸੀ ਕੁਲ ਵਿਖੇ ਕਰੇ ਜਿਥੇ ਸਿੱਖੀ ਅਕਾਲ ਪੁਰਖ ਦੀ ਹੋਵੇ ।" (ਪ੍ਰੇਮ ਸੁਮਾਰਗ)
(ਸ) ਜੇ ਹਿੰਦੁਸਤਾਨ ਵਿਚ ਰਹਿਣ ਕਾਰਨ ਸਿੱਖਾਂ ਨੂੰ ਹਿੰਦੂ ਸਮਝਦੇ ਹੋ ਤਾਂ ਈਸਾਈ ਮੁਸਲਮਾਨ ਆਦਿਕਾਂ ਨੂੰ ਭੀ ਆਪ ਹਿੰਦੂ ਜਾਣੋ, ਜੇ ਦੇਸ਼ ਦੇ ਰਹਿਣ ਕਰਕੇ ਉਹ ਹਿੰਦੂ ਹਨ ਤਾਂ ਸਾਨੂੰ ਭੀ 'ਹਿੰਦੂ' ਅਰਥਾਤ 'ਇੰਡੀਅਨ' ਕਹਾਉਣ ਵਿਚ ਕੋਈ ਇਤਰਾਜ਼ ਨਹੀਂ।
(ਹ) ਔਰ ਆਪ ਨੇ ਜੋ ਆਖਿਆ ਹੈ ਕਿ ਹਿੰਦੂ ਪਦ ਦੇ ਅਰਥ ਬਹੁਤ ਉੱਤਮ ਹਨ, ਇਸ ਨੂੰ ਫਾਰਸੀ ਪਦ ਸਮਝ ਕੇ ਗਿਲਾਨੀ ਨਹੀਂ ਕਰਨੀ ਚਾਹੀਏ ਔਰ ਆਪਣੇ ਅਰਥ ਦੀ ਤਾਈਦ ਵਿਚ ਰਾਮਕੋਸ਼, ਮੇਰੁਤੰਤ੍ਰ ਪ੍ਰਕਾਸ਼ ਔਰ ਕਾਲਿਕਾ ਪੁਰਾਣ ਸਾਨੂੰ ਦੇਖਣੇ ਦੱਸੇ ਹੈਨ, ਸੋ ਇਸ ਪਰ ਸਾਡਾ ਏਹ ਕਥਨ ਹੈ ਕਿ ਸਿੱਖ ਧਰਮ ਅਨੁਸਾਰ ਕੋਈ ਭਾਸ਼ਾ, ਦੇਵ ਬਾਣੀ ਅਰ ਮਲੇਛ ਭਾਸ਼ਾ ਨਹੀਂ, ਕੇਵਲ ਵਿਦੇਸ਼ੀ ਬੋਲੀ ਦਾ ਪਦ ਹੋਣ ਕਰਕੇ ਗਿਲਾਨੀ ਯੋਗ ਨਹੀਂ, ਅਰ ਆਪ ਦੇ ਨਿਸ਼ਚੇ ਅਨੁਸਾਰ ਜੇ ਹਿੰਦੂ ਪਦ ਦੇ ਅਰਥ ਉਤਮ ਹਨ ਤਾਂ ਆਪ ਨੂੰ ਮੁਬਾਰਿਕ ਹੋਣ, ਅਸੀਂ ਕਦੇ ਨਹੀਂ ਆਖਦੇ ਕਿ ਹਿੰਦੂ ਬੁਰਾ ਨਾਉਂ ਹੈ, ਕਿਉਂਕਿ ਕਿਸੇ ਦੇ ਮਤ ਦਾ ਚਾਹੇ ਕੇਹਾ ਹੀ ਨਾਉਂ ਹੋਵੇ, ਉਸ ਵਿਚ ਦੁਸਰੇ ਮਤ ਦੇ ਆਦਮੀ ਨੂੰ ਕੋਈ ਤਰਕ ਨਹੀਂ ਕਰਨੀ ਚਾਹੀਦੀ, ਜੈਸੇ ਯੋਗੀਆਂ ਦੇ ਬਾਰਾਂ ਫ਼ਿਰਕਿਆਂ ਵਿਚੋਂ ਇਕ 'ਪਾਗਲ ਪੰਥ' ਹੈ, ਜੇ ਅਸੀਂ ਉਨ੍ਹਾਂ ਨੂੰ ਸਮਝਾਉਣ ਜਾਈਏ ਕਿ ਤੁਸੀਂ ਆਪ ਨੂੰ ਪਾਗਲ ਪੰਥੀ ਨਾ ਕਹਾਉ, ਤਾਂ ਸਾਡੀ ਮੂਰਖਤਾ ਹੈ।
ਅਰ 'ਹਿੰਦੂ' ਨਾਉਂ ਸੰਸਕ੍ਰਿਤ ਹੈ ਜਾਂ ਫਾਰਸੀ, ਇਸ ਗੱਲ ਨੂੰ ਸੰਸਾਰ ਦੇ ਸਾਰੇ ਵਿਦਵਾਨ ਜਾਣਦੇ ਹਨ। ਔਰ ਆਪ ਦੇ ਪ੍ਰਸਿੱਧ ਕਾਂਸ਼ੀ ਨਿਵਾਸੀ ੪੫ ਪੰਡਤਾਂ ਨੇ ਸਾਲ ੧੯੨੦ ਵਿਚ ਬਿਵਸਥਾ ਦਿਤੀ ਹੈ ਕਿ :
"ਹਿੰਦੂ ਯਵਨ-ਸੰਕੇਤ ਪਦ ਹੈ, ਇਸ ਕਾਰਨ ਹਿੰਦੂ ਕਹਾਉਣਾ ਸਰਵਥਾ ਅਨੁਚਿਤ ਹੈ।”
ਔਰ ਅੱਜ ਤਾਈਂ 'ਭਾਰਤੋ ਧਾਰਕ' ਆਦਿਕ ਰਸਾਲਿਆਂ ਵਿਚ ਏਹੀ ਲਿਖਿਆ ਜਾਂਦਾ ਰਹਿਆ ਹੈ ਕਿ, ਹਿੰਦੂ ਨਾਉਂ ਮਲੇਛਾਂ ਦਾ ਰੱਖਿਆ ਹੋਇਆ ਹੈ, ਇਸ ਵਾਸਤੇ ਆਰਯ ਲੋਕਾਂ ਨੂੰ ਕਦੇ ਹਿੰਦੂ ਨਹੀਂ ਕਹਾਉਣਾ ਚਾਹੀਏ, ਔਰ ਨਾ ਆਰਯ ਵਰਤ ਨੂੰ ਹਿੰਦੁਸਤਾਨ ਆਖਣਾ ਲੋੜੀਏ।
ਹਿੰਦੂ ਪਦ ਵੇਦਾਂ, ਖਟ ਸ਼ਾਸਤ੍ਰਾਂ, ਸਿੰਮ੍ਰਤੀਆਂ, ਰਾਮਾਇਣ, ਮਹਾਭਾਰਤ ਆਦਿਕ ਪੁਸਤਕਾਂ ਵਿਚ ਅਸੀਂ ਕਦੇ ਨਹੀਂ ਦੇਖਿਆ। ਅਸਚਰਜ ਦੀ ਗੱਲ ਹੈ ਕਿ ਹੁਣ ਆਪ ਦੇ ਕੋਸ਼ਾਂ ਔਰ ਪੁਰਾਣਾਂ ਵਿਚੋਂ ਪੰਡਿਤ ਜੀ ਦੀ ਕ੍ਰਿਪਾ ਕਰ ਕੇ ਨਿਕਲ ਆਇਆ ਹੈ, ਪਰ
_________
੧. ਇਹ ਗੱਲ ਆਪ ਕੇਵਲ ਹਿੰਦੂ ਮਤ ਵਿਚ ਹੀ ਦੇਖੋਗੇ ਕਿ ਧਰਮ ਮੂਲ ਪੁਸਤਕ ਵਿਚ ਜੋ ਧਰਮ ਦਾ ਨਾਉਂ ਨਹੀਂ ਹੈ ਉਸ ਨੂੰ ਆਪਣੀ ਕੌਮ ਦਾ ਨਾਉਂ ਮੰਨ ਲਿਆ ਹੈ।
ਕੇਹਾ ਚੰਗਾ ਹੁੰਦਾ ਜੇ ਇਹ ਉਦਮ ਇਸ ਚਰਚਾ ਦੇ ਉਠਣ ਤੋਂ ਪਹਿਲਾਂ ਕੀਤਾ ਜਾਂਦਾ। ਵਿਦਵਾਨਾਂ ਨੂੰ ਹੁਣ ਆਪਣਾ ਏਹ ਯਤਨ ਨਿਸਫਲ ਜਾਪਦਾ ਹੈ।
ਸਾਨੂੰ ਇਸ ਵੇਲੇ ਆਪ ਦੇ ਮੂੰਹੋਂ 'ਹਿੰਦੂ' ਪਦ ਸੰਸਕ੍ਰਿਤ ਭਾਸ਼ਾ ਦਾ ਹੋਣਾ ਸੁਣ ਕੇ ਭਾਰਤੇਂਦੂ ਬਾਬੂ ਹਰੀਸ਼ ਚੰਦਰ ਦਾ ਲੇਖ ਯਾਦ ਆਇਆ ਹੈ, ਜਿਸ ਦਾ ਸਾਰ ਇਉਂ ਹੈ :
“ਦੱਖਣਾ ਦੇ ਕੇ ਜੇਹੀ ਬਿਵਸਥਾ ਚਾਹੀਏ, ਪੰਡਿਤ ਜੀ ਤੋਂ ਲੈ ਸਕੀਦੀ ਹੈ । ਔਰ ਜੋ ਬਾਤ ਸ਼ਾਸਤ੍ਰਾਂ ਵਿਚੋਂ ਸਿੱਧ ਕਰਾਉਣੀ ਚਾਹੋ, ਸੋ ਸਿੱਧ ਹੋ ਜਾਂਦੀ ਹੈ।”
ਉਦਾਹਰਣ:
ਪ੍ਰਸ਼ਨ: ਕਯਾ ਪੰਡਿਤ ਜੀ ! ਆਪ ਕ੍ਰਿਸਤਾਨ ਔਰ ਮੁਸਲਮਾਨਾਂ ਨੂੰ ਭੀ ਕਿਸੀ ਪ੍ਰਮਾਣ ਔਰ ਯੁਕਤੀ ਨਾਲ ਹਿੰਦੂ ਸਿੱਧ ਕਰ ਸਕਦੇ ਹੋ ?
ਪੰਡਿਤ ਜੀ ਦਾ ਉੱਤਰ: ਹਾਂ, ਦੱਖਣਾ ਲਿਆਓ, ਹੁਣੇ ਸਿੱਧ ਕਰ ਕੇ ਦਿਖਾ ਦੇਂਦੇ ਹਾਂ।
ਪ੍ਰਸ਼ਨ : ਭਲਾ ਕਿਸ ਤਰ੍ਹਾਂ ?
ਪੰਡਿਤ ਜੀ : ਭਾਈ ! ਕ੍ਰਿਸਤਾਨ ਔਰ ਮੁਸਲਮਾਨ ਤਾਂ ਸ਼ੁੱਧ ਬ੍ਰਾਹਮਣ ਹਨ, ਅਸਲ ਬਾਤ ਇਉਂ ਹੈ ਕਿ ਯਾਦਵਾਂ ਦੇ ਦੋ ਪੁਰੋਹਿਤ ਸੇ, ਇਕ ਨੂੰ ਕ੍ਰਿਸ਼ਨ ਭਗਵਾਨ ਮੰਨਿਆ ਕਰਦੇ ਸੇ। ਇਸ ਕਰਕੇ ਉਸ ਪੁਰੋਹਿਤ ਦਾ ਨਾਉਂ 'ਕ੍ਰਿਸ਼ਨ ਮਾਨ੍ਯ' ਸੀ, ਦੂਜੇ ਨੂੰ ਕ੍ਰਿਸ਼ਨ ਜੀ ਦਾ ਭਾਈ ਮੁਸਲਿ (ਬਲਭਦ੍ਰ) ਮੰਨਿਆ ਕਰਦਾ ਸੀ, ਇਸ ਕਰਕੇ ਉਸ ਦਾ ਨਾਉਂ 'ਮੁਸਲਿ ਮਾਨ੍ਯ' ਸੀ, ਇਹ ਦੋਵੇਂ (ਕ੍ਰਿਸਤਾਨ ਔਰ ਮੁਸਲਮਾਨ) ਮਤ, ਉਨ੍ਹਾਂ ਪੁਰੋਹਿਤਾਂ ਦੀ ਸੰਤਾਨ ਹਨ । ਲੋਕਾਂ ਨੂੰ ਸੰਸਕ੍ਰਿਤ ਦਾ ਸ਼ੁੱਧ ਉਚਾਰਣ ਨਹੀਂ ਆਉਂਦਾ, ਇਸ ਵਾਸਤੇ ਕ੍ਰਿਸ਼ਨ ਮਾਨ੍ਯ ਦੀ ਜਗ੍ਹਾ ਕ੍ਰਿਸਤਾਨ, ਔਰ ਮੁਸਲਿ ਮਾਨ੍ਯ ਦੀ ਜਗ੍ਹਾ ਮੁਸਲਮਾਨ ਆਖਣ ਲਗ ਪਏ। ਲਿਆਓ ਦੱਖਣਾ ! ਤੁਹਾਨੂੰ ਹੁਣੇ ਇਹ ਬਿਵਸਥਾ ਲਿਖ ਕੇ ਦੇਈਏ।
ਪਿਆਰੇ ਹਿੰਦੂ ਭਾਈ! ਸਾਨੂੰ ਆਪ ਦੇ ਹਿੰਦੂ ਪਦ ਦਾ ਸੰਸਕ੍ਰਿਤ ਸਿੱਧ ਹੋਣਾ ਭੀ ਅਜੇਹੀ ਬਿਵਸਥਾ ਦਾ ਹੀ ਫਲ ਜਾਪਦਾ ਹੈ।
(ਕ) ਇੰਦੁ, ਔਰ ਸਿੰਧੁ ਪਦ ਤੋਂ ਹਿੰਦੂ ਪਦ ਬਣਨਾ ਕੇਵਲ ਆਪ ਦੀ ਕਪੋਲ ਕਲਪਨਾ ਹੈ, ਆਪ ਦੇ ਪ੍ਰਾਚੀਨ ਗ੍ਰੰਥਾਂ ਤੋਂ ਸਿੱਧ ਨਹੀਂ ਹੈ । ਜੇ ਹੈ ਤਾਂ ਉਦਾਹਰਣ ਲਈ ਕੋਈ ਪ੍ਰਸੰਗ ਦਸੋ ।
ਹਿੰਦੂ: ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ:
ਹਿੰਦੂ ਸਾਲਾਹੀ ਸਾਲਾਹਨਿ........॥ (ਵਾਰ ਆਸਾ ਮ: ੧, ਪੰਨਾ ੪੬੫)
ਸਿੱਖ : ਹਿੰਦੂ ਸਾਹਿਬ! ਤੁਕ ਦਾ ਅੱਧਾ ਹਿੱਸਾ ਪੜ੍ਹ ਕੇ ਅਗਿਆਨੀ ਸਿੱਖਾਂ ਨੂੰ ਧੋਖਾ ਨਾ ਦਿਓ। ਏਸ ਸ਼ਬਦ ਵਿਚ ਸਤਿਗੁਰਾਂ ਨੇ ਹਿੰਦੂਆਂ ਦੀ ਮਹਿਮਾ ਨਹੀਂ ਆਖੀ, ਧਿਆਨ ਦੇ ਕੇ ਸੁਣੋ! ਗੁਰੂ ਸ਼ਬਦ ਕੀ ਕਹਿੰਦਾ ਹੈ :
________
੧. ਬਲਭਦ੍ਰ ਆਪਣੇ ਹੱਥ ਵਿਚ ਹਲ ਅਤੇ ਮੂਸਲ ਰੱਖਦਾ ਹੁੰਦਾ ਸੀ, ਇਸ ਕਰਕੇ ਉਸ ਨੂੰ 'ਹਲੀ' ਔਰ 'ਮੂਸਲੀ' ਆਖਦੇ ਸੇ।
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥.....
ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥......
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥......
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥...
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ (ਵਾਰ ਆਸਾ ਮ: ੧, ਪੰਨਾ ੪੬੫)
ਸ਼ਬਦ ਦਾ ਭਾਵ ਇਹ ਹੈ ਕਿ ਮੁਸਲਮਾਨ ਆਪਣੀ ਸ਼ਰ੍ਹਾ ਦੀ ਮਹਿਮਾ ਗਾਉਂਦੇ ਹਨ, ਹਿੰਦੂ ਖਟ ਦਰਸ਼ਨ ਅਤੇ ਸੰਖ, ਚੱਕ੍ਰ, ਤ੍ਰਿਸੂਲ ਆਦਿਕ ਧਾਰੀ ਦੇਵਤਿਆਂ ਦੇ ਚਤੁਰਭੁਜੀ, ਪੰਚਮੁਖੀ ਆਦਿਕ ਅਦਭੁਤ ਸਰੂਪਾਂ ਦੀ ਮਹਿਮਾ ਕਹਿੰਦੇ ਹਨ, ਦਾਨੀ ਲੋਕ ਦਾਨ ਦੇ ਕੇ ਹੀ ਤਸੱਲੀ ਹਾਸਲ ਕਰਦੇ ਹਨ, ਚੋਰ ਯਾਰ ਆਦਿਕ ਕੁਕਰਮੀ ਮੰਦ ਕਰਮਾਂ ਵਿਚ ਹੀ ਮਗਨ ਹਨ, ਪਰ ਹੇ ਵਾਹਿਗੁਰੂ ! ਤੇਰੇ ਭਗਤਾਂ ਨੂੰ ਕੇਵਲ ਤੇਰੀ ਮਹਿਮਾ ਦੀ ਹਰ ਵੇਲੇ ਭੁੱਖ (ਚਾਹ) ਹੈ, ਅਰ ਉਨ੍ਹਾਂ ਨੇ ਸਤਿਨਾਮੁ ਨੂੰ ਹੀ ਆਪਣਾ ਆਧਾਰ ਕੀਤਾ ਹੈ। ਮੇਰੇ ਪਿਆਰੇ ਹਿੰਦੂ ਜੀ ! ਇਸ ਸ਼ਬਦ ਵਿਚ ਹਿੰਦੂ ਮਤ ਦੀ ਮਹਿਮਾ ਕਿੱਥੇ ਹੈ ?
ਹਿੰਦੂ : ਦੇਖੋ ! ਗੁਰੂ ਗੋਬਿੰਦ ਸਿੰਘ ਸਾਹਿਬ ਛੱਕੇ ਛੰਦਾਂ ਵਿਚ ਖਾਲਸਾ ਪੰਥ ਨੂੰ ਹਿੰਦੂ ਕਥਨ ਕਰਦੇ ਹਨ, ਯਥਾ:
ਸਗਲ ਜਗਤ ਮੇ ਖਾਲਸਾ ਪੰਥ ਗਾਜੈ॥
ਜਗੈ ਧਰਮ ਹਿੰਦੂ ਸਗਲ ਦੁੰਦ ਭਾਜੈ ॥ (ਉਗ੍ਰਦੰਤੀ ਛਕਾ ੧, ਸਤਰ ੩੯-੪੦)
ਔਰ ਮੇਰੇ ਪ੍ਰੇਮੀ ਖਾਲਸਾ ਜੀ ! ਸਿੱਖ ਮਤ ਹਿੰਦੂਆਂ ਦਾ ਇਕ ਪੰਥ ਹੈ, ਜਿਸ ਤਰ੍ਹਾਂ ਬੈਰਾਗੀ, ਸੰਨਿਆਸੀ ਆਦਿਕ ਹਨ, 'ਕੌਮ' ਨਹੀਂ ਹੈ। ਅਸਲ ਵਿਚ ਆਪ ਕੌਮ ਔਰ ਪੰਥ ਦਾ ਅਰਥ ਸਮਝੇ ਬਿਨਾ ਹੀ ਐਵੇਂ ਰੌਲਾ ਮਚਾ ਰਹੇ ਹੋ। ਕੌਮ ਉਹ ਹੋ ਸਕਦੀ ਹੈ, ਜਿਸ ਦੀ ਗਿਣਤੀ ਬਹੁਤ ਹੋਵੇ। ਆਪ ਕੇਵਲ ਲੱਖਾਂ ਦੀ ਗਿਣਤੀ ਵਿਚ ਹੋ।
ਸਿੱਖ : ਮੇਰੇ ਪਿਆਰੇ ਹਿੰਦੂ ਜੀ ! ਇਹ ਛੰਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਣਾਏ ਹੋਏ ਨਹੀਂ, ਇਹ ਦੁਰਗਾ-ਭਗਤ ਭਾਈ ਸੁੱਖਾ ਸਿੰਘ ਪਟਨਾ ਸਾਹਿਬ ਦੇ ਗ੍ਰੰਥੀ ਦੀ ਰਚਨਾ ਹੈ। ਜੋ ਲੋਕ ਦਸਵੇਂ ਪਾਤਸ਼ਾਹ ਦੀ ਰਚਨਾ ਦੇ ਜਾਣੂ ਹਨ, ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ 'ਹਮਨ’ ਔਰ 'ਤੁਮਨ ਪਦ ਗੁਰੂ ਸਾਹਿਬ ਨੇ ਆਪਣੇ ਕਾਵਯ ਵਿਚ ਕਦੇ ਨਹੀਂ ਬਰਤੇ ਔਰ ਏਹ ਬੋਲੀ ਨਿਰੱਖਰ (ਅਨਪੜ੍ਹ) ਪੂਰਬੀਆਂ ਦੀ ਹੈ।
ਜੇ ਆਪ ਦਾ ਪੱਕਾ ਨਿਸਚਾ ਹੈ ਕਿ ਛੱਕੇ ਛੰਦ ਦਸਵੇਂ ਸਤਿਗੁਰੂ ਦੀ ਹੀ ਰਚਨਾ ਹੈ, ਤਾਂ ਲਓ ਸ਼ਰਧਾ ਨਾਲ ਕੰਨ ਦੇ ਕੇ ਸੁਣੋ, ਛੱਕੇ ਆਪ ਦੇ ਕਹੇ ਛੱਕੇ ਛੁਡਾਉਂਦੇ ਹਨ :
ਮੜ੍ਹੀ ਗੋਰ ਦੇਵਲ ਮਸੀਤਾਂ ਗਿਰਾਯੰ ॥
ਤੁਹੀਂ ਏਕ ਅਕਾਲ ਹਰਿ ਹਰਿ ਜਪਾਯੰ ॥
______________
੧. ਸੁਣੋ ਤੁਮ ਭਵਾਨੀ ਹਮਨ ਕੀ ਪੁਕਾਰੇ॥ (ਉਗ੍ਰਦੰਤੀ ਛਕਾ ੧, ਸਤਰ ੪੩)
ਤੁਮਨ ਦ੍ਵਾਰ ਪਰ ਸੀਸ ਅਪਣਾ ਘਸਾਉਂ॥ (ਉਗ੍ਰਦੰਤੀ ਛਕਾ ੯, ਸਤਰ ੧੮)
੨. ਛੱਕਿਆਂ ਦੇ ਵਿਸ਼ੈ ਦੇਖੋ ਗੁਰਮਤ ਨਿਰਣਯ ਸਾਗਰ ਵਿਚ ਪੰਡਿਤ ਤਾਰਾ ਸਿੰਘ ਜੀ ਦੀ ਰਾਏ।
ਮਿਟੇਂ ਵੇਦ ਸ਼ਾਸਤ੍ਰ ਅਠਾਰਾਂ ਪੁਰਾਨਾ ॥
ਮਿਟੇਂ ਬਾਂਗ ਸਲਵਾਤ ਸੁੰਨਤ ਕੁਰਾਨਾਂ ॥ (ਉਗ੍ਰਦੰਤੀ ਛਕਾ ੫, ਸਤਰ ੧੭-੨੦)
ਸਗਲ ਜਗਤ ਮੇ ਖਾਲਸਾ ਪੰਥ ਗਾਜੈ ॥
ਜਗੈ ਧਰਮ ਹਿੰਦੂ ਸਕਲ ਦੁੰਦ ਭਾਜੈ॥ (ਉਗ੍ਰਦੰਤੀ ਛਕਾ ੧, ਸਤਰ ੩੯-੪੦)
ਹੁਣ ਸਾਨੂੰ ਦਇਆ ਕਰ ਕੇ ਇਹ ਦੱਸੋ, ਕਿ ਦੇਵ ਮੰਦਰ, ਵੇਦ ਸ਼ਾਸਤ੍ਰ ਔਰ ਪੁਰਾਣਾਂ ਦਾ ਮਲੀਆ ਮੇਟ ਕਰ ਕੇ ਉਹ ਕਿਹੜਾ ਹਿੰਦੂ ਧਰਮ ਹੈ, ਜਿਸ ਦੇ ਸੰਸਾਰ ਪਰ ਫੈਲਾਉਣ ਲਈ ਆਪ ਦੇ ਪ੍ਰਮਾਣੀਕ ਛੱਕਿਆਂ ਵਿਚ ਬੇਨਤੀ ਕੀਤੀ ਗਈ ਹੈ ? ਔਰ ਆਪ 'ਦੰਦ' ਪਦ ਦਾ ਅਰਥ ਵੀ ਜਾਣਦੇ ਹੋ ਕਿ ਇਸ ਤੋਂ ਕੀ ਭਾਵ ਹੈ ? ਪ੍ਰੇਮੀ ਜੀ! ਇਸ ਦਾ ਅਰਥ ਹੈ ਕਿ ਹਿੰਦੂ ਮੁਸਲਮਾਨ ਆਦਿਕ ਕੋਈ ਪੰਥ ਭੀ ਸੰਸਾਰ ਪਰ ਖਾਲਸੇ ਨਾਲ ਦੂਜਾ ਨਾ ਰਹੇ, ਕੇਵਲ ਖਾਲਸਾ ਹੀ ਰਹਿ ਜਾਵੇ।
ਔਰ ਆਪ ਨੇ ਜੋ ਆਖਿਆ ਹੈ ਕਿ ਸਿਖ ਪੰਥ ਹੈ, ਕੌਮ ਨਹੀਂ। ਇਸ ਪਰ ਦੇਖੋ! ਆਪ ਦੇ ਹੀ ਪਿਆਰੇ ਛੱਕੇ ਕੀ ਉਚਾਰਦੇ ਹਨ :
ਦੁਹੂੰ ਪੰਥ ਮੇਂ ਕਪਟ ਵਿਯਾ ਚਲਾਨੀ॥
ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ ॥ (ਉਗ੍ਰਦੰਤੀ ਛਕਾਂ ੫, ਸਤਰ ੧੩-੧੪)
ਕਰੋਂ ਖਾਲਸਾ ਪੰਥ ਤੀਸਰ ਪ੍ਰਵੇਸਾ ॥
ਜਗੈਂ ਸਿੰਘ ਜੋਧੈ ਧਰੈ ਨੀਲ ਭੇਸਾ॥ (ਉਗ੍ਰਦੰਤੀ ਛਕਾ ੬, ਸਤਰ ੧੭-੧੮)
ਪ੍ਰੇਮੀ ਜੀ ! ਆਪ ਦੇ ਪ੍ਰਮਾਣ ਮੰਨੇ ਹੋਏ ਛੱਕੇ ਹਿੰਦੂ ਔਰ ਮੁਸਲਮਾਨਾਂ ਨੂੰ ਭੀ 'ਪੰਥ’ ਹੀ ਦਸਦੇ ਹਨ, ਕੌਮ ਨਹੀਂ ਆਖਦੇ। ਦੱਸੋ ਹੁਣ ਅਸੀਂ ਕੀ ਕਰੀਏ ? ਕ੍ਰਿਪਾ ਕਰ ਕੇ ਸਾਨੂੰ ਇਹ ਭੀ ਦੱਸਣਾ ਕਿ ਆਪ ਦੇ ਕੋਸ਼ ਵਿਚ 'ਕੌਮ' ਪਦ, 'ਹਿੰਦੂ' ਪਦ ਦੀ ਤਰ੍ਹਾਂ ਕਿਤੇ ਸੰਸਕ੍ਰਿਤ ਭਾਸ਼ਾ ਦਾ ਤਾਂ ਨਹੀਂ ਹੈ ?
ਅਸੀਂ ਆਪ ਤੋਂ ਇਹ ਭੀ ਮਾਲੂਮ ਕਰਨਾ ਚਾਹੁੰਦੇ ਹਾਂ ਕਿ ਕਿਤਨੀ ਗਿਣਤੀ ਹੋ ਜਾਣ ਪਰ ਕੋਈ ਮਤ ਕੌਮ ਕਹਾਉਣ ਯੋਗ ਹੋ ਜਾਂਦਾ ਹੈ, ਔਰ ਈਸਾਈ, ਮੁਸਲਮਾਨ ਆਦਿਕ ਕਿੰਨੀ ਕਿੰਨੀ ਮਰਦਮ ਸ਼ੁਮਾਰੀ ਹੋਣ ਪਰ ਕੌਮ ਕਹਾਉਣ ਲੱਗੇ ਸੇ ?
ਹਿੰਦੂ : ਆਪ ਦੀਆਂ ਸਾਖੀਆਂ ਵਿਚ ਅਨੇਕ ਪ੍ਰਸੰਗ ਸਿੱਖਾਂ ਨੂੰ ਹਿੰਦੂ ਸਾਬਤ ਕਰਦੇ ਹਨ, ਔਰ ਗੁਰੂ ਤੇਗ ਬਹਾਦੁਰ ਸਾਹਿਬ ਨੇ ਬ੍ਰਾਹਮਣਾਂ ਵਾਸਤੇ ਆਪਣਾ ਸੀਸ ਦੇ ਦਿੱਤਾ, ਇਸ ਤੋਂ ਸਿੱਧ ਹੈ ਕਿ ਸਿੱਖ ਹਿੰਦੂ ਹਨ।
ਸਿੱਖ : ਸਾਖੀਆਂ ਬਾਬਤ ਇਸ ਪੁਸਤਕ ਦੀ ਭੂਮਿਕਾ ਵਿਚ ਵਿਸਥਾਰ ਨਾਲ ਲਿਖਿਆ ਗਿਆ ਹੈ, ਏਥੇ ਦੁਹਰਾਉਣ ਦੀ ਲੋੜ ਨਹੀਂ, ਅਸੀਂ ਉਸੇ ਸਾਖੀ ਔਰ ਪ੍ਰਸੰਗ ਨੂੰ ਪ੍ਰਮਾਣ ਮੰਨਦੇ ਹਾਂ, ਜੋ ਗੁਰਬਾਣੀ ਤੋਂ ਵਿਰੁੱਧ ਨਾ ਹੋਵੇ।
ਔਰ ਦੁਖੀ ਦੀਨ ਦੀ ਰੱਖਿਆ ਕਰਨੀ ਸਿਖ ਧਰਮ ਦਾ ਮੁੱਖ ਨਿਯਮ ਹੈ। ਜੇ ਸ਼ਰਣਾਗਤ ਦੁਖੀਆਂ ਦੀ ਰੱਖਿਆ ਵਾਸਤੇ, ਇਸ ਦੇਸ ਤੋਂ ਅਨਰਥ ਦੂਰ ਕਰਨ ਲਈ, ਪਰਉਪਕਾਰੀ ਸਤਿਗੁਰਾਂ ਨੇ ਸੀਸ ਦੇ ਦਿੱਤਾ, ਤਾਂ ਇਸ ਤੋਂ ਇਹ ਸਿੱਧ ਨਹੀਂ ਹੋ ਸਕਦਾ ਕਿ ਗੁਰੂ ਜੀ
ਹਿੰਦੂ ਸੇ, ਸਗੋਂ ਗੁਰੂ ਤੇਗ ਬਹਾਦੁਰ ਸਾਹਿਬ ਨੇ ਔਰੰਗਜ਼ੇਬ ਨੂੰ ਸਿਆਹ ਮਿਰਚਾਂ ਫੂਕ ਕੇ ਦ੍ਰਿਸ਼ਟਾਂਤ ਦਵਾਰਾ ਦੱਸਿਆ ਕਿ ਤੇਰੀ ਇੱਛਾ ਦੋ ਮਜ਼ਹਬਾਂ ਤੋਂ ਇਕ ਕਰਨ ਦੀ ਹੈ ਪਰ ਅਕਾਲ ਪੁਰਖ ਦੀ ਇੱਛਾ ਹੈ ਕਿ ਦੋਹਾਂ ਤੋਂ ਭਿੰਨ ਇਕ ਤੀਸਰਾ ਮਜ਼ਹਬ 'ਖਾਲਸਾ' ਹੋਵੇਗਾ। ਔਰ ਗੁਰੂ ਸਾਹਿਬ ਨੇ ਕੇਵਲ ਬ੍ਰਾਹਮਣਾਂ ਵਾਸਤੇ ਸੀਸ ਨਹੀਂ ਦਿੱਤਾ, ਸਗੋਂ ਸੰਸਾਰ ਮਾਤਰ ਦੇ ਹਿਤ ਲਈ ਆਪਣਾ ਆਪ ਕੁਰਬਾਨ ਕੀਤਾ ਹੈ, ਜੈਸਾ ਕਿ ਬਚਿੱਤ੍ਰ ਨਾਟਕ ਤੋਂ ਸਿੱਧ ਹੈ, ਯਥਾ:
ਸਾਧਨ ਹੇਤ ਇਤੀ ਜਿਨ ਕਰੀ॥
ਸੀਸ ਦੀਆ ਪਰ ਸੀ ਨ ਉਚਰੀ ॥੧੩॥ (ਬਚਿਤ੍ਰ ਨਾਟਕ, ਅਧਿਆ ੫)
ਆਪ ਕਿਸੇ ਯੁਕਤੀ ਕਰ ਕੇ ਭੀ ਇਹ ਸਿੱਧ ਨਹੀਂ ਕਰ ਸਕਦੇ ਕਿ 'ਸਾਧੁ' ਪਦ ਹਿੰਦੂ ਬੋਧਕ ਹੈ।
ਔਰ ਪਿਆਰੇ ਹਿੰਦੂ ਭਾਈ! ਸਤਿਗੁਰਾਂ ਦਾ ਉਪਦੇਸ਼ ਹੀ ਸਿੱਖਾਂ ਨੂੰ ਇਹ ਹੈ ਕਿ ਦੁਖੀ ਦੀਨ ਅਨਾਥ ਦੀ ਸਹਾਇਤਾ ਕਰੋ, ਇਸੀ ਉਪਦੇਸ਼ ਨੂੰ ਮੰਨ ਕੇ ਸਿੱਖਾਂ ਨੇ ਜੋ ਜੋ ਉਪਕਾਰ ਇਸ ਦੇਸ਼ ਪਰ ਕੀਤੇ ਹਨ ਔਰ ਅਨਿਆਏ ਦੂਰ ਕਰਨ ਲਈ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ਨੂੰ ਤਵਾਰੀਖਾਂ ਦੱਸਦੀਆਂ ਹਨ, ਮੇਰੇ ਕਹਿਣ ਦੀ ਲੋੜ ਨਹੀਂ। ਅਸੀਂ ਆਪ ਨੂੰ ਤੇ ਮੁਸਲਮਾਨ, ਈਸਾਈ ਆਦਿਕਾਂ ਨੂੰ ਭੀ ਆਪਣਾ ਅੰਗ ਹੀ ਸਮਝਦੇ ਹਾਂ ਔਰ ਸਭ ਨਾਲ ਭਾਈਚਾਰੇ ਵਾਲਾ ਵਰਤਾਉ ਕਰਦੇ ਹਾਂ, ਔਰ ਸਦੈਵ ਕਰਨਾ ਚਾਹੁੰਦੇ ਹਾਂ। ਪਰ ਮਜ਼ਹਬ ਦੇ ਖ਼ਿਆਲ ਕਰਕੇ ਅਸੀਂ ਹਿੰਦੂ ਨਹੀਂ ਹੋ ਸਕਦੇ, ਕਿਉਂਕਿ ਸਾਡਾ ਇਸ਼ਟ, ਉਪਾਸ਼ਨਾ ਔਰ ਧਾਰਮਿਕ ਚਿੰਨ੍ਹ ਆਦਿਕ ਆਪਣੀ ਕੌਮ ਦੇ ਨਿਯਮਾਂ ਅਨੁਸਾਰ ਆਪ ਤੋਂ ਅਲੱਗ ਹਨ, ਇਸ ਵਾਸਤੇ ਸਿੱਖ ਕੌਮ, ਹਿੰਦੂ ਈਸਾਈ ਮੁਸਲਮਾਨਾਂ ਦੀ ਤਰ੍ਹਾਂ ਇਕ ਵੱਖਰੀ ਕੌਮ ਹੈ।
ਬ੍ਰਿਥਾ ਚਰਚਾ ਕਰਨ ਨਾਲੋਂ ਅੱਛਾ ਹੈ ਕਿ ਅਸੀਂ ਆਪ ਨੂੰ ਵਿਸਥਾਰ ਨਾਲ ਸਿੱਖ ਧਰਮ ਪੁਸਤਕਾਂ ਦੇ ਹਵਾਲੇ ਦੇ ਕੇ ਦੱਸ ਦੇਈਏ ਕਿ ਆਪ ਦਾ ਔਰ ਸਾਡਾ ਕਿਤਨਾ ਭੇਦ ਹੈ :
(੧) ਵੇਦ ਸਿਮ੍ਰਤੀ ਪੁਰਾਣ
ਆਪ ਵੇਦਾਂ ਨੂੰ ਈਸ਼ਵਰ ਦੇ ਸਵਾਸ, ਨਿਤਯ ਔਰ ਸਿਮ੍ਰਤੀ ਪੁਰਾਣ ਆਦਿਕ ਪੁਸਤਕਾਂ ਨੂੰ ਆਪਣੇ ਧਰਮ ਦਾ ਅਧਾਰ ਮੰਨਦੇ ਹੋ, ਪਰ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਧਰਮ ਪੁਸਤਕ ਜਾਣਦੇ ਹਾਂ, ਔਰ ਉਸ ਦੇ ਆਸ਼ਯ ਅਨੁਸਾਰ ਜੋ ਸਾਖੀਆਂ ਆਦਿਕ ਧਰਮ ਪੁਸਤਕ ਹਨ, ਉਨ੍ਹਾਂ ਨੂੰ ਮੰਨਦੇ ਹਾਂ । ਗੁਰਸਿੱਖਾਂ ਲਈ ਸਤਿਗੁਰਾਂ ਦਾ ਇਹ ਹੁਕਮ ਹੈ :
________________
੧. ਉਸ ਵੇਲੇ ਇਸ ਦੇਸ਼ ਵਿਚ ਪ੍ਰਸਿੱਧ ਕੌਮਾਂ, ਹਿੰਦੂ ਅਤੇ ਮੁਸਲਮਾਨ ਦੋ ਹੀ ਥੀਆਂ, ਜੇ ਈਸਾਈ ਆਦਿਕ ਹੋਰ ਕੌਮਾਂ ਵਿਸ਼ੇਸ਼ ਕਰਕੇ ਹੁੰਦੀਆਂ ਤਾਂ ਖ਼ਾਲਸਾ ਕੌਮ ਨੂੰ ਚੌਥਾ ਅਥਵਾ ਪੰਜਵਾਂ ਆਦਿਕ ਕਥਨ ਕੀਤਾ ਜਾਂਦਾ।
੨. ਗੁਰੁਮਤ ਵਿਚ ਵੇਦ ਪੁਸਤਕ ਨਿੱਤਯ ਨਹੀਂ, ਯਥਾ: ਸਾਸਤ ਸਿੰਮ੍ਰਿਤ ਬਿਨਸਹਿਗੇ ਬੇਦਾ ॥ (ਗਉੜੀ ਮ: ੫, ਪੰਨਾ ੨੩੭)
(ੳ) ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥....
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ (ਰਾਮਕਲੀ ਮ: ੩ ਅਨੰਦੁ, ਪੰਨਾ ੯੨੦)
(ਅ) ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ (ਰਾਮਕਲੀ ਮ: ੩ ਅਨੰਦੁ, ਪੰਨਾ ੯੨੦)
(ੲ) ਸਭਸੈ ਊਪਰਿ ਗੁਰ ਸ਼ਬਦੁ ਬੀਚਾਰੁ ॥
ਹੋਰ ਕਥਨੀ ਬਦਉ ਨ ਸਗਲੀ ਛਾਰੁ ॥ (ਰਾਮਕਲੀ ਅਸਟਪਦੀ ਮ: ੪, ਪੰਨਾ ੯੦੪)
(ਸ) ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥ (ਮਾਰੂ ਮ: ੩, ਪੰਨਾ ੧੦੬੬)
(ਹ) ਗੁਰਬਾਣੀ ਇਸੁ ਜਗ ਮਹਿ ਚਾਨਣੁ.... ॥ (ਸਿਰੀ ਰਾਗੁ ਮ: ੩, ਪੰਨਾ ੬੭)
(ਕ) ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਵਾਰ ਗਉੜੀ ਮ: ੪, ਪੰਨਾ ੩੦੮)
(ਖ) ਭਗਤਿ ਭੰਡਾਰ ਗੁਰਬਾਣੀ ਲਾਲ ॥
ਗਾਵਤ ਸੁਨਤ ਕਮਾਵਤ ਨਿਹਾਲ ॥ (ਆਸਾ ਮ: ੫, ਪੰਨਾ ੩੭੬)
(ਗ) ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ॥
ਬਾਣੀ ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਰਾਮ ॥ (ਆਸਾ ਛੰਤ ਮ: ੪, ਪੰਨਾ ੪੪੨)
(ਘ) ਗੁਰਬਾਣੀ ਗਾਵਹ ਭਾਈ॥
ਓਹ ਸਫਲ ਸਦਾ ਸੁਖਦਾਈ ॥ (ਸੋਰਠਿ ਮ: ੫, ਪੰਨਾ ੬੨੮)
(ਙ) ਭਨਤਿ ਨਾਨਕੁ ਕਰੇ ਵੀਚਾਰੁ ॥
ਸਾਚੀ ਬਾਣੀ ਸਿਉ ਧਰੇ ਪਿਆਰੁ ॥
ਤਾ ਕੋ ਪਾਵੈ ਮੋਖ ਦੁਆਰੁ ॥
ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥ (ਧਨਾਸਰੀ ਮ: ੧, ਪੰਨਾ ੬੬੧)
(ਚ) ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ (ਨਟ ਮ: ੪, ਪੰਨਾ ੯੮੨)
(ਛ) ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ,
ਇਉ ਆਤਮ ਰਾਮੈ ਲੀਨਾ ਹੇ। (ਮਾਰੂ ਮ: ੫, ਪੰਨਾ ੧੦੨੮)
ਪਿਆਰੇ ਹਿੰਦੂ ਭਾਈ! ਵੇਦ ਸ਼ਾਸਤ੍ਰ ਆਦਿਕ ਆਪ ਦੇ ਧਰਮ ਪੁਸਤਕਾਂ ਪਰ ਜੋ ਸਤਿਗੁਰਾਂ ਦੀ ਰਾਏ ਹੈ, ਆਪ ਨੂੰ ਉਹ ਭੀ ਸੁਣਾਉਨੇ ਹਾਂ:
(ਓ) ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥
ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ॥ (ਸੋਰਠਿ ਮ: ੧, ਪੰਨਾ ੬੩੫)
(ਅ) ਪੰਡਿਤ ਮੈਲੁ ਨ ਚੂਕਈ ਜੇ ਵੇਦ ਪੜੈ ਜੁਗ ਚਾਰਿ ॥ (ਵਾਰ ਸੋਰਠਿ ਮ: ੩, ਪੰਨਾ ੬੪੭)
(ੲ) ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥ (ਆਸਾ ਮ: ੫, ਪੰਨਾ ੩੯੭)
(ਸ) ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ ਪੜਿਆ ਮੁਕਤਿ ਨ ਹੋਈ॥ (ਸੂਹੀ ਮ: ੫, ਪੰਨਾ ੭੪੭)
(ਹ) ਬ੍ਰਹਮਾ ਮੂਲੁ ਵੇਦ ਅਭਿਆਸਾ ॥
ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥
ਤ੍ਰੈਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥ (ਗਉੜੀ ਅਸਟਪਦੀ ਮ: ੩, ਪੰਨਾ ੨੩੦)
(ਕ) ਤ੍ਰੈਗੁਣ ਬਾਣੀ ਬੇਦ ਬੀਚਾਰੁ ॥
ਬਿਖਿਆ ਮੈਲੁ ਬਿਖਿਆ ਵਾਪਾਰੁ ॥ (ਮਲਾਰ ਮ: ੩, ਪੰਨਾ ੧੨੬੨)
(ਖ) ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥
ਸਾਂਕਲ ਜੇਵਰੀ ਲੈ ਹੈ ਆਈ॥ (ਗਉੜੀ ਕਬੀਰ, ਪੰਨਾ ੩੨੯)
(ਗ) ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ॥ (ਤਿਲੰਗ ਕਬੀਰ, ਪੰਨਾ ੭੨੭)
(ਘ) ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ, ਤਤੈ ਸਾਰ ਨ ਜਾਣੀ॥ (ਰਾਮਕਲੀ ਮ: ੩ ਅਨੰਦੁ, ਪੰਨਾ ੯੨੦)
(ਙ) ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਤਾਰਾ ॥
ਮਾਇਆ ਮੋਹੁ ਪਸਰਿਆ ਪਾਸਾਰਾ ॥ (ਮਾਰੂ ਮ: ੩, ਪੰਨਾ ੧੦੫੩)
(ਚ) ਪੜੇ ਰੇ ਸਗਲ ਬੇਦ, ਨਹ ਚੂਕੈ ਮਨ ਭੇਦ
ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥ (ਧਨਾਸਰੀ ਮ: ੫, ਪੰਨਾ ੬੮੭)
(ਛ) ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥
ਮਾਇਆ ਕਾਰਣਿ ਪੜਿ ਪੜਿ ਲੂਝਹਿ ॥ (ਮਾਰੂ ਮ: ੩, ਪੰਨਾ ੧੦੫੦)
(ਜ) ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥
ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥ (ਮਲਾਰ ਮ: ੩. ਪੰਨਾ ੧੨੭੬)
(ਝ) ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ ॥
ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ॥ (ਮਲਾਰ ਮ: ੩, ਪੰਨਾ ੧੨੭੭)
(ਞ) ਜਿਨ ਮਨੁ ਹਰਿ ਚਰਨਨ ਠਹਰਾਯੋ॥
ਸੋ ਸਿੰਮ੍ਰਿਤਨ ਕੇ ਰਾਹ ਨ ਆਯੋ ॥੧੮॥
____________
੧. ਸਭ ਤੋਂ । ੨. ਸੰਗਲ । ੩. ਕਪੋਲ ਕਲਪਨਾ।
ਬ੍ਰਹਮਾ ਚਾਰ ਹੀ ਬੇਦ ਬਨਾਏ ॥
ਸਰਬ ਲੋਕ ਤਿਹ ਕਰਮ ਚਲਾਏ ॥
ਜਿਨ ਕੀ ਲਿਵ ਹਰਿ ਚਰਨਨ ਲਾਗੀ॥
ਤੇ ਬੇਦਨ ਤੇ ਭਏ ਤਿਆਗੀ ॥੧੯॥ (ਬਚਿਤ੍ਰ ਨਾਟਕ, ਅਧਿਆ ੬)
(ਟ) ਸਿੰਮ੍ਰਿਤਿ ਸਾਸਤ ਬੇਦ ਸਭੈ
ਬਹੁ ਭੇਦ ਕਹੈ ਹਮ ਏਕ ਨਾ ਜਾਨਯੋ॥...॥੮੬੩॥ (ਰਾਮਾਵਤਾਰ)
(ਠ) ਬੇਦ ਕਤੇਬ ਕੇ ਭੇਦ ਸਭੈ ਤਜਿ
ਕੇਵਲ ਕਾਲ ਕ੍ਰਿਪਾ ਨਿਧਿ ਮਾਨਯੋ ॥੨੩॥ (३३ ਸਵੈਯੇ)
(ਡ) ਸਾਸਤਰ ਸਿੰਮ੍ਰਿਤਿ ਵੇਦ ਲਖ ਮਹਾਂ ਭਾਰਥ ਰਾਮਾਇਣ ਮੇਲੇ ।
ਸਾਰਗੀਤਾ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ ।......
ਗਿਆਨ ਧਿਆਨ ਸਿਮਰਣ ਘਣੇ ਦਰਸਨ ਵਰਨ ਗੁਰੂ ਬਹੁਚੇਲੇ ॥
ਪੂਰਾ ਸਤਿਗੁਰੁ ਗੁਰਾਂ ਗੁਰੁ, ਮੰਤ੍ਰ ਮੂਲ ਗੁਰਬਚਨ ਸੁਹੇਲੇ ॥ .....॥੨੦॥ (ਭਾਈ ਗੁਰਦਾਸ, ਵਾਰ ੧੬)
(ਢ) ਗੁਰ ਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਐਸੋ,
ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ॥
ਪੂਛਤ ਨ ਜੋਤਕ ਔ ਵੇਦ ਤਿਥਿ ਵਾਰ ਕਛੂ,
ਗ੍ਰਿਹਿ ਔ ਨਛਤ੍ਰ ਕੀ ਨ ਸ਼ੰਕਾ ਉਰ ਧਾਰੀ ਹੈ॥...॥੪੪੮॥ (ਕਬਿਤ ਭਾਈ ਗੁਰਦਾਸ)
ਹਿੰਦੂ: ਆਪ ਜਿਨ੍ਹਾਂ ਸ਼ਬਦਾਂ ਦੇ ਹਵਾਲੇ ਦਿੰਦੇ ਹੋ, ਏਹ ਗ੍ਯਾਨ ਕਾਂਡ ਦੇ ਹਨ। ਵੇਦ ਵਿਚ ਕਰਮ, ਉਪਾਸ਼ਨਾ ਔਰ ਗ੍ਯਾਨ ਏਹ ਤਿੰਨ ਕਾਂਡ ਵੱਖੋ ਵੱਖ ਹਨ। ਆਚਾਰਯ ਯੋਗ ਜੈਸਾ ਅਧਿਕਾਰੀ ਦੇਖਦੇ ਹਨ, ਓਹੋ ਜੇਹਾ ਉਪਦੇਸ਼ ਕਰਦੇ ਹਨ, ਇਸ ਵਾਸਤੇ ਇਨ੍ਹਾਂ ਸ਼ਬਦਾਂ ਦਾ ਉਪਦੇਸ਼ ਹਰੇਕ ਵਾਸਤੇ ਨਹੀਂ ਹੈ।
ਸਿੱਖ : ਪਿਆਰੇ ਭਾਈ ! ਸਾਡੇ ਸਤਿਗੁਰਾਂ ਨੇ ਏਹ ਸ਼ਬਦ ਸਭ ਦੇ ਹਿਤ ਲਈ ਯਥਾਰਥ ਉਚਾਰਣ ਕੀਤੇ ਹਨ, ਕਿਸੇ ਖ਼ਾਸ ਕਾਂਡ ਦੇ ਅਧਿਕਾਰੀ ਵਾਸਤੇ ਨਹੀਂ, ਔਰ ਸਿਖ ਮਤ ਵਿਚ ਆਪ ਦੇ ਧਰਮ ਦੀ ਤਰ੍ਹਾਂ ਕਰਮ, ਉਪਾਸ਼ਨਾ ਔਰ ਗਿਆਨ ਕਾਂਡ ਨਹੀਂ। ਅਸੀਂ ਪੰਥ ਦੀ ਸੇਵਾ, ਉਪਕਾਰ, ਨਾਮ, ਦਾਨ, ਇਸ਼ਨਾਨ ਔਰ ਧਰਮ ਕਿਰਤ ਆਦਿਕ ਸ਼ੁਭ ਕਰਮਾਂ ਨੂੰ 'ਕਰਮ ਕਾਂਡ' ਜਾਣਦੇ ਹਾਂ, ਆਪ ਦੀ ਤਰ੍ਹਾਂ ਚਮਚਿਆਂ ਨਾਲ ਪਾਣੀ ਫੱਕਣਾ, ਕੰਨ ਨੱਕ ਨੂੰ ਹੱਥ ਲਾ ਲਾ ਤਾੜੀਆਂ ਮਾਰਨੀਆਂ ਔਰ ਘੀ ਜੇਹੇ ਉੱਤਮ ਪਦਾਰਥ ਨੂੰ ਬਿਰਥਾ ਅੱਗ ਵਿਚ ਫੂਕਣਾ, ਇਤਿਆਦਿਕ ਕਰਮਾਂ ਨੂੰ ਕਰਮ-ਕਾਂਡ ਨਹੀਂ ਮੰਨਦੇ।
ਔਰ ਮਨ ਨੂੰ ਠਹਿਰਾ ਕੇ ਗੁਰਬਾਣੀ ਦਾ ਪਾਠ ਅਰ ਨਾਮ ਅਭਿਆਸ ਕਰਨਾ, ਵਾਹਿਗੁਰੂ ਨੂੰ ਸਰਬ ਵਿਆਪੀ ਮੰਨ ਕੇ ਉਸ ਦੇ ਪ੍ਰੇਮ ਵਿਚ ਨਿਮਗਨ ਹੋਣਾ ਹੀ ਸਿਖ ਧਰਮ ਵਿਚ 'ਉਪਾਸ਼ਨਾ' ਹੈ। ਆਪ ਦੇ ਮਤ ਦੀ ਤਰ੍ਹਾਂ ਕਿਸੇ ਮੂਰਤਿ ਨੂੰ ਅੱਗੇ ਰੱਖ ਕੇ ਘੰਟੇ ਬਜਾਉਣੇ ਔਰ ਭੋਗ ਲਾਉਣੇ ਉਪਾਸਨਾ ਨਹੀਂ ਹੈ।
ਇਸੀ ਤਰ੍ਹਾਂ ਅਕਾਲ ਪੁਰਖ ਔਰ ਆਪਣੇ ਆਪ ਦਾ ਯਥਾਰਥ ਪਹਿਚਾਨਣਾਂ ਸਾਡੇ
ਜਿਸ ਬਾਣੀ ਦਾ ਅੰਮ੍ਰਿਤ ਛਕਣ ਵੇਲੇ ਉਪਦੇਸ਼ ਹੁੰਦਾ ਹੈ ਔਰ ਜੋ ਗੁਰਸਿੱਖਾਂ ਲਈ ਨਿਤ ਪੜ੍ਹਨੀ ਵਿਧਾਨ ਹੈ, ਉਸ ਵਿਚ ਤਿੰਨੇ ਕਾਂਡ ਭਰੇ ਹੋਏ ਹਨ, ਜਿਹਨਾਂ ਨੂੰ ਗੁਰਮਤਿ ਅਨੁਸਾਰ ਸਿਖ ਮੰਨਦੇ ਔਰ ਅਮਲ ਕਰਦੇ ਹਨ।
ਹਿੰਦੂ: ਦੇਖੋ ! ਗੁਰੂ ਗ੍ਰੰਥ ਸਾਹਿਬ ਵਿਚ ਵੇਦ ਸੁਣਨ ਦੀ ਆਗਿਆ ਹੈ।
ਸੁਣਿਐ ਸਾਸਤ ਸਿਮਿਤ੍ਰਿ ਵੇਦ ॥ (ਜਪੁਜੀ ਸਾਹਿਬ, ਪੰਨਾ ੨)
ਸਿੱਖ : ਏਥੇ ਇਹ ਉਪਦੇਸ਼ ਨਹੀਂ ਕਿ ਸਿੱਖ ਸ਼ਾਸਤ੍ਰ ਅਤੇ ਵੇਦਾਂ ਨੂੰ ਆਪਣੇ ਧਰਮ ਪੁਸਤਕ ਮੰਨ ਕੇ ਸੁਣਨ। ਇਸ ਜਗ੍ਹਾ ਸੁਣਨ ਦਾ ਪ੍ਰਕਰਣ ਔਰ ਮਹਾਤਮ ਚੱਲਿਆ ਹੋਇਆ ਹੈ ਕਿ ਸੁਣਨ ਤੋਂ ਹੀ ਸਭ ਕੁਛ ਪ੍ਰਾਪਤ ਹੁੰਦਾ ਹੈ। ਦੇਖੋ! ਗੁਰੂ ਸਾਹਿਬ ਅੱਗੇ ਫ਼ੁਰਮਾਉਂਦੇ ਹਨ :
ਸੁਣਿਐ ਸਰਾ ਗੁਣਾ ਕੇ ਗਾਹ ॥
ਸੁਣਿਐ ਸੇਖ ਪੀਰ ਪਾਤਿਸਾਹ ॥
... ... … …
ਸੁਣਿਐ ਦੂਖ ਪਾਪ ਕਾ ਨਾਸੁ ॥ ... (ਜਪੁਜੀ ਸਾਹਿਬ, ਪੰਨਾ ੩)
ਹਿੰਦੂ : ਗੁਰੂ ਸਾਹਿਬ ਕਹਿੰਦੇ ਹਨ:
ਵੇਦ ਕਹਨਿ ਇਕ ਵਾਤ ॥ (ਜਪੁਜੀ ਸਾਹਿਬ, ਪੰਨਾ ੫)
ਸਿੱਖ : ਪਿਆਰੇ ਹਿੰਦੂ ਭਾਈ! ਅਗਲੀ ਤੁਕ ਕਿਉਂ ਨਹੀਂ ਪੜ੍ਹਦਾ ਕਿ :
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ (ਜਪੁਜੀ ਸਾਹਿਬ, ਪੰਨਾ ੫)
ਹਿੰਦੂ: ਦੇਖੋ! ਗੁਰੂ ਸਾਹਿਬ ਆਖਦੇ ਹਨ :
ਅਹਰਣਿ ਮਤਿ ਵੇਦੁ ਹਥੀਆਰੁ ॥ (ਜਪੁਜੀ ਸਾਹਿਬ, ਪੰਨਾ ੮)
ਸਿੱਖ : ਏਥੇ ਆਪ ਦੇ ਉਹ ਵੇਦ ਪੁਸਤਕ ਨਹੀਂ, ਜਿਨ੍ਹਾਂ ਵਿਚ ਅਗਨੀ ਸੂਰਜ ਅਤੇ ਇੰਦ੍ਰ ਆਦਿਕ ਦੇਵਤਿਆਂ ਦੇ ਗੁਣ ਗਾਏ ਹਨ, ਔਰ ਖਾਣੇ ਦੀ ਉੱਤਮ ਸਾਮੱਗ੍ਰੀ ਨੂੰ ਭਸਮ ਕਰਨ ਵਾਲਾ ਹਵਨ ਵਿਧਾਨ ਕੀਤਾ ਹੈ, ਇਸ ਜਗ੍ਹਾ ਵੇਦ ਪਦ ਦਾ ਅਰਥ ਯਥਾਰਥ ਗਿਆਨ ਹੈ। ਆਪ ਦੀ ਤਸੱਲੀ ਵਾਸਤੇ ਅਸੀਂ ਆਪ ਦੇ ਹੀ ਸ਼ਾਸਤ ਦਾ ਹਵਾਲਾ ਦਿੰਦੇ ਹਾਂ :
"ਵੇਦ ਨਾਮਕ ਪੋਥੀਆਂ ਦੇ ਨਾਉਂ ਵੇਦ ਨਹੀਂ, ਵੇਦ ਦਾ ਅਰਥ ਪਰਮ ਗਿਆਨ ਹੈ, ਜੋ ਗਿਆਨ ਨੂੰ ਪ੍ਰਾਪਤ ਹੋ ਕੇ ਪਰਮ ਪਦ ਲੱਭਦਾ ਹੈ ਉਸੀ ਨੂੰ ਵੇਦ ਗਿਆਤਾ ਆਖੀਦਾ ਹੈ।” (ਬ੍ਰਹਤ ਪਰਾਸਰ ਸੰਹਿਤਾ ਅ: 8)
ਅਥਰਵ ਵੇਦ ਸੰਬੰਧੀ ‘ਮੁੰਡਕ' ਉਪਨਿਸ਼ਦ ਵਿਚ ਲਿਖਿਆ ਹੈ ਕਿ ਇਕ ਪਰਾ (ਮਹਾਂ) ਵਿਦਿਆ ਹੈ, ਦੂਜੀ ਅਪਰਾ (ਸਾਧਾਰਣ) ਵਿਦਿਆ ਹੈ। ਰਿਗ, ਯਜੁਰ, ਸਾਮ ਔਰ ਅਥਰਵ, ਵਿਆਕਰਣ ਜੋਤਿਸ਼ ਆਦਿਕ ਸਭ ਅਪਰਾ ਵਿਦਿਆ ਹੈ ਔਰ ਪਰਾ ਓਹ ਹੈ ਜਿਸ ਕਰਕੇ
ਜਪੁਜੀ ਵਿਚ ਜੋ 'ਵੇਦੁ ਹਥੀਆਰੁ' ਲਿਖਿਆ ਹੈ ਸੋ ਉਸ ਮਹਾਂ ਗਿਆਨ ਦਾ ਨਾਮ ਹੈ, ਜਿਸ ਨੂੰ 'ਪਰਾ ਵਿਦਿਆ' ਆਖਿਆ ਗਿਆ ਹੈ।
ਹਿੰਦੂ : ਦੇਖੋ ! ਜਪੁਜੀ ਵਿਚ ਲਿਖਿਆ ਹੈ :
ਗਾਵਨਿ ਪੰਡਤਿ ਪੜਨਿ ਰਖੀਸਰ ਜੁਗ ਜੁਗ ਵੇਦਾ ਨਾਲੇ ॥ (ਜਪੁਜੀ ਸਾਹਿਬ, ਪੰਨਾ ੬)
ਸਿੱਖ : ਏਹ ਭੀ ਤਾਂ ਲਿਖਿਆ ਹੈ :
ਗਾਵਹਿ ਖਾਣੀ ਚਾਰੇ ॥ (ਜਪੁਜੀ ਸਾਹਿਬ, ਪੰਨਾ ੬)
ਤੁਧੁ ਧਿਆਇਨ੍ਹਿ ਬੇਦ ਕਤੇਬਾ ਸਣ ਖੜੇ ॥ (ਵਾਰ ਗੂਜਰੀ ਮ: ੫, ਪੰਨਾ ੫੧੮)
ਜਿਥੇ ਡੱਡੂ, ਬਿੰਡੇ, ਪਸ਼ੂ, ਪੰਛੀ ਭੀ ਸਾਡੇ ਸਤਿਗੁਰਾਂ ਨੂੰ ਵਾਹਿਗੁਰੂ ਦਾ ਜਾਪ ਕਰਦੇ ਪ੍ਰਤੀਤ ਹੁੰਦੇ ਹਨ, ਓਥੇ ਏਹ ਕਹਿਣਾ, ਕੀ ਆਪ ਦੇ ਮਤ ਦੀ ਪੁਸ਼ਟੀ ਕਰਦਾ ਹੈ ?
ਸਾਡੇ ਸਤਿਗੁਰੂ ਜੀ ਫੁਰਮਾਉਂਦੇ ਹਨ :
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥ (ਮਲਾਰ ਮ: ੪, ਪੰਨਾ ੧੨੬੫)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਆਪਾ ਕਰਦੀਆਂ ਇਸਤ੍ਰੀਆਂ ਨੂੰ ਭੀ ਵਾਹਿਗੁਰੂ ਦਾ ਜਾਪ ਕਰਦੀਆਂ ਦੱਸਿਆ ਹੈ, ਯਥਾ:
ਹੈ ਹੈ ਕਰਿ ਕੈ ਓਹਿ ਕਰੇਨਿ ॥
ਗਲਾ ਪਿਟਨਿ ਸਿਰੁ ਖੋਹੇਨਿ ॥
ਨਾਉ ਲੈਨਿ ਅਰੁ ਕਰਨਿ ਸਮਾਇ ॥
ਨਾਨਕ ਤਿਨ ਬਲਿਹਾਰੈ ਜਾਇ ॥ (ਵਾਰਾਂ ਵਧੀਕ ਮ: ੧, ਪੰਨਾ ੧੪੧੦)
ਅਰ ਜਗਤ ਗੁਰੂ ਨੂੰ ਹਰਟ [ਘਟਿਯੰਤ੍ਰ] ਦੀ ਧੁਨੀ ਭੀ ਕਰਤਾਰ ਦਾ ਜਾਪ ਹੀ ਭਾਸਦੀ ਸੀ । ਦੇਖੋ ਸਲੋਕ ਵਾਰਾਂ ਤੇ ਵਧੀਕ : ਹਰਿਹਟ ਭੀ ਤੂੰ ਤੂੰ ਕਰਹਿ......।।
ਹਿੰਦੂ: ਗ੍ਰੰਥ ਸਾਹਿਬ ਵਿਚ ਲਿਖਿਆ ਹੈ :
ਬੇਦ ਪਾਠ ਮਤਿ ਪਾਪਾ ਖਾਇ ॥ (ਵਾਰ ਸੂਹੀ ਮ: ੧, ਪੰਨਾ ੭੯੧)
ਸਿੱਖ : ਇਸ ਦਾ ਇਹ ਅਰਥ ਹੈ ਕਿ ਗਿਆਨ ਵਿਚਾਰ ਨਾਲ ਪਾਠ ਕੀਤਾ ਹੋਇਆ ਪਾਪਾਂ ਨੂੰ ਇਸ ਤਰ੍ਹਾਂ ਨਾਸ ਕਰ ਦਿੰਦਾ ਹੈ, ਜਿਸ ਤਰ੍ਹਾਂ :
ਦੀਵਾ ਬਲੈ ਅੰਧੇਰਾ ਜਾਇ ॥ (ਵਾਰ ਸੂਹੀ ਮ: ੧, ਪੰਨਾ ੭੯੧)
ਜੋ ਲੋਕ ਅਰਥ ਵਿਚਾਰ ਬਿਨਾਂ ਪਾਠ ਕਰਦੇ ਹਨ, ਉਨ੍ਹਾਂ ਨੂੰ ਲਾਭ ਨਹੀਂ ਪ੍ਰਾਪਤ ਹੁੰਦਾ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਕ ਸਿੱਖ ਨੂੰ ਜੋ ਅਰਥ ਵਿਚਾਰ (ਵੇਦ) ਬਿਨਾਂ
ਅਸ਼ੁੱਧ ਗੁਰਬਾਣੀ ਪੜ੍ਹ ਰਹਿਆ ਸੀ, ਮਾਰ ਪਵਾਈ ਸੀ ।
ਪਿਆਰੇ ਹਿੰਦੂ ਭਾਈ ! ਜੇ ਆਪ ਦਾ ਏਹੀ ਪੱਕਾ ਹਠ ਹੈ ਕਿ ਵੇਦ ਨਾਮਕ ਪੁਸਤਕਾਂ ਦਾ ਪਾਠ ਪਾਪਮਤੀ ਦੂਰ ਕਰ ਦਿੰਦਾ ਹੈ, ਤਾਂ ਆਓ! ਮੂਰਖ, ਦੁਰਾਚਾਰੀਆਂ ਪਾਸ ਵੇਦ ਦੀ ਧੁਨੀ ਕਰੀਏ ਔਰ ਪਰਖੀਏ ਕਿ ਹੁਣ ਉਨ੍ਹਾਂ ਦੀ ਪਾਪਮਤੀ ਬਦਲ ਕੇ ਪੁੰਨਮਤੀ ਹੋਈ ਹੈ ਜਾਂ ਨਹੀਂ, ਔਰ ਆਪ ਨੂੰ ਨਿਰਸੰਦੇਹ ਕਰਨ ਵਾਸਤੇ ਕਿ ਇਸ ਸ਼ਬਦ ਵਿਚ ਵੇਦ ਪਾਠ ਦੀ ਮਹਿਮਾ ਨਹੀਂ, ਇਸੇ ਦੀਆਂ ਅਗਲੀਆਂ ਤੁਕਾਂ ਲਿਖਦੇ ਹਾਂ :
ਬੇਦ ਪਾਠ ਸੰਸਾਰ ਕੀ ਕਾਰ ॥
ਪੜਿ ਪੜਿ ਪੰਡਿਤ ਕਰਹਿ ਬੀਚਾਰ ॥
ਬਿਨੁ ਬੂਝੇ ਸਭ ਹੋਇ ਖੁਆਰ ॥ (ਵਾਰ ਸੂਹੀ ਮ: ੧, ਪੰਨਾ ੭੯੧)
ਹਿੰਦੂ : ਗੁਰੂ ਸਾਹਿਬ ਕਹਿੰਦੇ ਹਨ:
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ,
ਫਿਰਹਿ ਜਿਉ ਬੇਤਾਲਿਆ ॥ (ਰਾਮਕਲੀ ਮ: ੩ ਅਨੰਦੁ, ਪੰਨਾ ੯੧੯)
ਸਿੱਖ : ਇਸ ਦਾ ਅਰਥ ਹੈ ਕਿ ਵੇਦਾਂ ਵਿਚ ਜੇ ਕੋਈ ਉੱਤਮ ਵਸਤੂ ਹੈ, ਤਾਂ ਵਾਹਿਗੁਰੂ ਦਾ (ਕਿਤੇ ਨਾਮ ਮਾਤ੍ਰ) ਨਾਮ ਹੈ, ਸੋ ਉਸ ਨੂੰ ਤਾਂ ਅਗਿਆਨੀ ਲੋਕ ਸੁਣਦੇ ਔਰ ਵਿਚਾਰਦੇ ਨਹੀਂ, ਯੱਗ ਔਰ ਹਵਨ ਆਦਿਕ ਬਿਰਥਾ ਕੰਮਾਂ ਵਿਚ ਬੇਤਾਲਾਂ ਦੀ ਤਰ੍ਹਾਂ ਭਟਕਦੇ ਫਿਰਦੇ ਹਨ। ਗੁਰੂ ਸਾਹਿਬ ਦਾ ਬਚਨ ਹੈ :
ਹਰਿ ਕੇ ਨਾਮ ਹੀਨ ਬੇਤਾਲ ॥ (ਸਾਰਗ ਮ: ੫, ਪੰਨਾ ੧੨੨੨)
ਇਸ ਤੁਕ ਵਿਚ ਗੁਰੂ ਸਾਹਿਬ ਨੇ ਵੇਦਾਂ ਨੂੰ ਉੱਤਮ ਨਹੀਂ ਦੱਸਿਆ, ਵਾਹਿਗੁਰੂ ਦਾ ਨਾਮ ਉੱਤਮ ਕਥਨ ਕੀਤਾ ਹੈ।
ਹਿੰਦੂ : ਗੁਰੂ ਸਾਹਿਬ ਆਖਦੇ ਹਨ:
ਚਾਰਿ ਪੁਕਾਰਹਿ ਨਾ ਤੂ ਮਾਨਹਿ ॥
ਖਟੁ ਭੀ ਏਕਾ ਬਾਤ ਵਖਾਨਹਿ ॥
ਦਸ ਅਸਟੀ ਮਿਲਿ ਏਕੋ ਕਹਿਆ ॥
ਤਾ ਭੀ ਜੋਗੀ ਭੇਦੁ ਨ ਲਹਿਆ ॥ (ਰਾਮਕਲੀ ਮ: ੫, ਪੰਨਾ ੮੮੬)
ਸਿੱਖ: ਜੋਗੀ, ਜੋ ਵੇਦ ਸ਼ਾਸਤਰਾਂ ਦਾ ਵਿਸ਼ਵਾਸੀ ਸੀ, ਉਸ ਨੂੰ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਹੇ ਜੋਗੀ ! ਤੂੰ ਆਪਣੇ ਮਤ ਦੇ ਸ਼ਾਸਤਰਾਂ ਨੂੰ ਪੜ੍ਹ ਸੁਣ ਕੇ ਭੀ ਪ੍ਰਮਾਤਮਾ ਦਾ ਭੇਤ ਨਹੀਂ ਪਾਇਆ, ਐਵੇਂ ਪਾਣੀ ਬਿਲੋਇਆ ਹੈ। ਔਰ ਕੀ ਹਿੰਦੂ ਭਾਈ ਸਾਹਿਬ! ਯੋਗੀ ਨੂੰ ਸਤਿਗੁਰ ਇਉਂ ਆਖਦੇ ਹਨ ਕਿ ਹੇ ਯੋਗੀ! ਦੇਖ ਕੁਰਾਨ ਔਰ ਅੰਜੀਲ ਇਹ ਉਪਦੇਸ਼ ਦੇ ਰਹੇ ਹਨ, ਪਰ ਤੈਂ ਉਨ੍ਹਾਂ ਦੇ ਮਰਮ ਨੂੰ ਨਹੀਂ ਪਾਇਆ ?
________________
੧. ਸੰਪ੍ਰਦਾਈ ਗਿਆਨੀ ਏਸ ਤੁਕ ਦਾ ਅਨਵੈ ਇਸ ਤਰ੍ਹਾਂ ਭੀ ਕਰਦੇ ਹਨ :
“ਨਾਮੁ ਉਤਮੁ ਸੋ ਸੁਣਹਿ ਨਾਹੀ ਵੇਦਾ ਮਹਿ ਬੇਤਾਲਿਆ ਜਿਉ ਫਿਰਹਿ"
ਜਿਸ ਤਰ੍ਹਾਂ ਹਿੰਦੂ ਯੋਗੀ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਇਸੀ ਤਰ੍ਹਾਂ ਮੁਸਲਮਾਨਾਂ ਪ੍ਰਤੀ ਕਥਨ ਕਰਦੇ ਹਨ :
ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥ (ਵਾਰ ਗਉੜੀ ਮ: ੫, ਪੰਨਾ ੩੧੯)
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ (ਵਾਰ ਮਾਝ ਮ: ੧, ਪੰਨਾ ੧੪੧)
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ (ਵਾਰ ਮਾਝ ਮ: ੧, ਪੰਨਾ ੧੪੦)
ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥ (ਮਾਰੂ ਮ: ੫, ਪੰਨਾ ੧੦੮੪)
ਕੀ ਇਨ੍ਹਾਂ ਉਪਦੇਸ਼ਾਂ ਦਾ ਆਪ ਇਹ ਸਿੱਟਾ ਕੱਢੋਗੇ ਕਿ ਗੁਰੂ ਸਾਹਿਬ ਸਿੱਖਾਂ ਨੂੰ ਮੁਹੰਮਦ ਸਾਹਿਬ ਦੀ ਪੈਰਵੀ ਕਰਨ ਦਾ ਹੁਕਮ ਦਿੰਦੇ ਹਨ। ਅਸਲ ਵਿਚ ਆਪ ਉਪਦੇਸ਼ ਦੇ ਢੰਗ ਤੇ ਸਤਿਗੁਰਾਂ ਦੇ ਆਸ਼ੇ ਤੋਂ ਅਗਿਆਨੀ ਹੋ।
ਹਿੰਦੂ: ਗ੍ਰੰਥ ਸਾਹਿਬ ਵਿਚ ਲਿਖਿਆ ਹੈ:
ਵੇਦ ਪੁਰਾਨ ਕਹੋ ਮਤਿ ਝੂਠੇ ਝੂਠਾ ਜੋ ਨਾ ਬਿਚਾਰੈ।
ਸਿੱਖ : ਪਾਠ ਸਹੀ ਇਸ ਤਰ੍ਹਾਂ ਹੈ :
ਬੇਦ ਕਤੇਬ ਕਹਹੁ ਮਤ ਝੂਠੇ..... ॥ (ਪ੍ਰਭਾਤੀ ਕਬੀਰ, ਪੰਨਾ ੧੩੫੦)
ਇਸ ਦਾ ਭਾਵ ਇਹ ਹੈ-ਕਾਂਸ਼ੀ ਵਿਚ ਕਬੀਰ ਜੀ ਪਾਸ ਹਿੰਦੂ ਔਰ ਮੁਸਲਮਾਨ ਇਕ ਦੂਜੇ ਦੀ ਨਿੰਦਾ ਕਰਦੇ ਹੋਏ, ਔਰ ਇਕ ਦੂਜੇ ਦੀਆਂ ਧਰਮ ਪੁਸਤਕਾਂ ਨੂੰ ਗਾਲ੍ਹੀਆਂ ਦਿੰਦੇ ਹੋਏ ਆਏ? ਜਿਸ ਪਰ ਕਬੀਰ ਜੀ ਨੇ ਸ਼ਾਂਤੀ ਕਰਾਉਣ ਲਈ ਉੱਤਮ ਉਪਦੇਸ਼ ਦਿੱਤਾ ਕਿ ਐਵੇਂ ਬਿਨਾਂ ਵਿਚਾਰੇ ਪੱਖਪਾਤ ਨਾਲ ਕ੍ਰੋਧ ਦੇ ਅਧੀਨ ਹੋ ਕੇ ਵੇਦ ਔਰ ਕੁਰਾਨ ਨੂੰ ਝੂਠੇ ਝੂਠੇ ਨਾ ਕਹੋ, ਅਸਲੀਅਤ ਸਮਝ ਕੇ ਜੋ ਕੁਝ ਆਖਣਾ ਹੈ, ਸੋ ਯਥਾਰਥ ਆਖੋ ਅਰ ਸ਼ਾਂਤੀ ਨਾਲ ਧਰਮ ਗ੍ਰੰਥਾਂ ਦੇ ਮਰਮ ਨੂੰ ਸਮਝੋ।
ਆਪ ਨੇ ਕਬੀਰ ਜੀ ਦਾ ਸ਼ਬਦ ਵੇਦਾਂ ਦੀ ਤਾਈਦ ਵਿਚ (ਬਿਨਾਂ ਪ੍ਰਸੰਗ ਸਮਝੇ) ਦਿੱਤਾ ਹੈ, ਅਸੀਂ ਮੁਨਾਸਬ ਜਾਣਦੇ ਹਾਂ ਕਿ ਆਪ ਨੂੰ ਕਬੀਰ ਜੀ ਦੀ ਆਪਣੀ ਰਾਏ ਵੇਦ ਔਰ ਕੁਰਾਨ ਬਾਬਤ ਸੁਣਾਈਏ, ਜੋ ਇਹ ਹੈ :
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ (ਤਿਲੰਗ ਕਬੀਰ, ਪੰਨਾ ੭੨੭)
_____________
੧. ਸ਼ੈਤਾਨ, ਭਾਵ ਕਾਮਾਦਿਕ ਵਿਚਾਰਾਂ ਤੋਂ ਹੈ।
੨. ਚਰਚਾ 'ਬਲੀਦਾਨ' ਔਰ 'ਕੁਰਬਾਨੀ' ਦੇ ਮਸਲੇ ਪਰ ਦੋਹਾਂ ਧਿਰਾਂ ਦੀ ਛਿੜੀ ਹੋਈ ਸੀ।
ਮੇਰੇ ਮਿੱਤਰ ਹਿੰਦੂ ਜੀ ! ਸਾਡੇ ਸਤਿਗੁਰ ਸਾਤਗ੍ਰਾਹੀ ਸਭ ਦੇ ਪਿਆਰੇ ਸੇ, ਉਹ ਕਿਸੇ ਦੀ ਨਿੰਦਾ° ਔਰ ਉਸਤਤਿ ਨਹੀਂ ਕਰਦੇ ਸੇ, ਜੋ ਯਥਾਰਥ ਦੇਖਦੇ ਸੇ ਸੋ ਆਖਦੇ ਸੇ । ਉਹ ਵੇਦ ਕੁਰਾਨ ਆਦਿ ਪੁਸਤਕਾਂ ਨੂੰ ਇਕ ਦ੍ਰਿਸ਼ਟੀ ਨਾਲ ਦੇਖਦੇ ਸੇ, ਉਹ ਸੰਸਕ੍ਰਿਤ ਨੂੰ ਦੇਵਬਾਣੀ ਔਰ ਅਰਬੀ ਫ਼ਾਰਸੀ ਨੂੰ ‘ਮਲੇਛ ਭਾਸ਼ਾ’ ਨਹੀਂ ਸਮਝਦੇ ਸੇ, ਜੇਹਾ ਕਿ ਉਨ੍ਹਾਂ ਦੀ ਬਾਣੀ ਤੋਂ ਸਿੱਧ ਹੈ :
ਅਲਹ ਅਲਖ ਅਪਾਰ ॥
ਖੁਦਿ ਖੁਦਾਇ ਵਡ ਬੇਸੁਮਾਰ ॥
ਓਨਮੋ ਭਗਵੰਤ ਗੁਸਾਈ ॥
ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥.....
ਮਿਹਰਵਾਨ ਮਉਲਾ ਤੁਹੀ ਏਕ ॥
ਪੀਰ ਪੈਕਾਂਬਰ ਸੇਖ ॥......
ਕਹੁ ਨਾਨਕ ਗੁਰਿ ਖੋਏ ਭਰਮ ॥
ਏਕੋ ਅਲਹੁ ਪਾਰਬ੍ਰਹਮ ॥ (ਰਾਮਕਲੀ ਮ: ੫, ਪੰਨਾ ੮੯੬)
ਹਿੰਦੂ: ਹੋਰ ਗੱਲਾਂ ਜਾਣ ਦਿਓ, ਦੇਖੋ! ਗੁਰੂ ਸਾਹਿਬ ਦੇ ਬਜ਼ੁਰਗ ਵੇਦ ਪੜ੍ਹਨ ਕਰ ਕੇ ਹੀ 'ਵੇਦੀ' ਕਹਾਏ, ਜੇਹਾ ਕਿ ਬਚਿੱਤ੍ਰ ਨਾਟਕ ਵਿਚ ਲਿਖਿਆ ਹੈ :
ਜਿਨੈ ਬੇਦ ਪਠਿਓ ਸੁ ਬੇਦੀ ਕਹਾਏ ॥
ਤਿਨੈ ਧਰਮ ਕੇ ਕਰਮ ਨੀਕੇ ਚਲਾਏ ॥॥੧॥ (ਬਚਿਤ੍ਰ ਨਾਟਕ, ਅਧਿਆ ੪)
ਹੁਣ ਆਪ ਵੇਦਾਂ ਤੋਂ ਕਿੱਥੇ ਭੱਜ ਸਕਦੇ ਹੋ ?
ਸਿੱਖ : ਪਯਾਰੇ ਭਾਈ ! ਅਸੀਂ ਏਹ ਕਿਤੇ ਨਹੀਂ ਆਖਿਆ ਕਿ ਵੇਦ ਪੜ੍ਹਨ ਵਾਲਾ ਪਾਪੀ ਹੁੰਦਾ ਹੈ, ਜਾਂ ਵੇਦ ਦਾ ਪੜ੍ਹਨਾ ਬੁਰਾ ਹੈ, ਪਰ ਸਿੱਖਾਂ ਲਈ ਵੇਦ, ਧਰਮ ਪੁਸਤਕ ਨਹੀਂ ਹਨ। ਜਿਸ ਤਰ੍ਹਾਂ ਪੈਗ਼ੰਬਰ ਈਸਾ ਔਰ ਮੁਹੰਮਦ ਸਾਹਿਬ ਦੇ ਬਜ਼ੁਰਗਾਂ ਨੇ ਤੌਰੇਤ ਔਰ ਜ਼ੰਬੂਰ ਨੂੰ ਪ੍ਰੇਮ ਨਾਲ ਪੜ੍ਹਿਆ ਔਰ ਪਰਮਾਤਮਾ ਦੀ ਆਗਿਆ ਮੰਨ ਕੇ ਉਨ੍ਹਾਂ ਦਾ ਸਤਕਾਰ ਕੀਤਾ, ਪਰ ਹੁਣ ਈਸਾਈ ਔਰ ਮੁਸਲਮਾਨਾਂ ਦੀਆਂ ਪਵਿਤ੍ਰ ਪੁਸਤਕਾਂ ਅੰਜੀਲ ਔਰ ਕੁਰਾਨ ਹਨ।
ਇਸੀ ਤਰ੍ਹਾਂ ਚਾਹੇ ਗੁਰੂ ਨਾਨਕ ਸਾਹਿਬ ਦੇ ਬਜ਼ੁਰਗਾਂ ਨੇ ਵੇਦ ਪੜ੍ਹੇ ਔਰ ਵੇਦ ਅਨੁਸਾਰ ਆਚਰਨ ਕੀਤਾ, ਪਰ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਧਰਮ ਪੁਸਤਕ ਔਰ ਸਿੱਖ ਧਰਮ ਹੀ ਮੁਕਤੀ ਦਾਤਾ ਹੈ, ਵੇਦ ਅਥਵਾ ਹੋਰ ਕੋਈ ਧਰਮ ਗ੍ਰੰਥ ਨਹੀਂ ਹੈ।
___________
੧. ਗੁਣਾਂ ਨੂੰ ਦੋਸ਼ ਦੱਸਣਾ ਨਿੰਦਾ ਹੈ।
੨. ਔਰ ਅਵਗੁਣ ਨੂੰ ਗੁਣ ਪ੍ਰਗਟ ਕਰਨਾ ਉਸਤਤਿ ਹੈ।
੩. ਹਿੰਦੂ ਸ਼ਾਸਤ੍ਰਾਂ ਦੀ, ਮਲੇਛ ਭਾਸ਼ਾ ਬਾਬਤ ਏਹ ਰਾਏ ਹੈ :
"ਮਲੇਛ ਭਾਸ਼ਾ ਨਾ ਬੋਲੇ।” (ਬ੍ਰਿਹਤ ਪਰਾਸਰ ਸੰਹਿਤਾ ਅ: 8)
"ਮਲੇਛ ਭਾਸ਼ਾ ਕਦੇ ਨਾ ਸਿਖੇ।" (ਵਸ਼ਿਸ਼ਟ ਸੰਹਿਤਾ ਅ: ੬)
"ਮਲੇਛ ਔਰ ਚੰਡਾਲ ਨਾਲ ਗੱਲ ਨਾ ਕਰੇ।” (ਵਿਸ਼ਨੂੰ ਸਿੰਮ੍ਰਤੀ ਅ: ੬੪)
੪. ਕੁਰਾਨ ਵਿਚ ਤੌਰੇਤ, ਜ਼ੰਬੂਰ ਔਰ ਅੰਜੀਲ ਨੂੰ ਅਸਮਾਨੀ ਕਿਤਾਬ ਮੰਨਿਆ ਹੈ, ਪਰ ਮੁਸਲਮਾਨਾਂ ਦੇ ਧਰਮ ਦਾ ਅਧਾਰ ਔਰ ਪੂਰੀ ਸ਼ਰਧਾ-ਯੋਗਯ ਕੇਵਲ ਕੁਰਾਨ ਹੀ ਹੈ।
(੨) ਜਾਤੀ ਵਰਣ
ਆਪ ਜਾਤੀ ਵਰਣ ਦੇ ਭਾਰੇ ਸ਼ਰਧਾਲੂ ਹੋ, ਬਲਕਿ ਜਾਤੀ ਵਿਸ਼ੈ ਵਿਚ ਆਪ ਨੇ ਵਾਹਿਗੁਰੂ ਦੀ ਪਰਜਾ ਪਰ ਬਡਾ ਅਨਿਆ ਕੀਤਾ ਹੈ, ਜੋ ਅਸੀਂ ਆਪ ਨੂੰ ਆਪ ਦੇ ਹੀ ਪੁਸਤਕਾਂ ਦੇ ਹਵਾਲੇ ਦੇ ਕੇ ਦੱਸਦੇ ਹਾਂ। ਦੇਖੋ! ਬ੍ਰਾਹਮਣ ਬਾਬਤ ਆਪ ਦੇ ਪੁਸਤਕ ਕੀ ਆਖਦੇ ਹਨ :
"ਜਗਤ ਵਿਚ ਜਿਤਨਾ ਧਨ ਹੈ, ਸਭ ਬ੍ਰਾਹਮਣ ਦਾ ਹੈ । ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਣ ਕਰਕੇ ਸਭ ਕੁਛ ਗ੍ਰਹਿਣ ਕਰਨੇ ਯੋਗ ਬ੍ਰਾਹਮਣ ਹੈ । ਬ੍ਰਾਹਮਣ ਜੋ ਦੂਸਰੇ ਦਾ ਅੰਨ ਖਾਂਦਾ ਹੈ, ਕਪੜਾ ਪਹਿਰਦਾ ਹੈ, ਜਾਂ ਕਿਸੇ ਦੀਆਂ ਚੀਜ਼ਾਂ ਹੋਰਨਾਂ ਨੂੰ ਦੇ ਦੇਂਦਾ ਹੈ, ਇਸ ਤੋਂ ਏਹ ਨਾਂ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਵਰਤਦਾ ਹੈ । ਨਹੀਂ, ਏਹ ਜੋ ਕੁਛ ਸੰਸਾਰ ਵਿਚ ਹੈ, ਸਭ ਬ੍ਰਾਹਮਣ ਦਾ ਹੀ ਹੈ।”
(ਮਨੂ ਸਿਮ੍ਰਤੀ ਅ: १, ਸ਼: १००-१०१)
"ਜੇ ਰਾਜੇ ਨੂੰ ਦੱਬਿਆ ਹੋਇਆ ਖ਼ਜ਼ਾਨਾ ਮਿਲ ਜਾਵੇ, ਤਾਂ ਉਸ ਵਿਚੋਂ ਅੱਧਾ ਆਪ ਰਖੇ ਔਰ ਅੱਧਾ ਬ੍ਰਾਹਮਣ ਨੂੰ ਦੇ ਦੇਵੇ ।"
(ਮਨੂ ਅ: ੬ ਸ਼: ३੯)
“ਮੂਰਖ ਹੋਵੇ ਭਾਵੇਂ ਪੜ੍ਹਿਆ ਹੋਵੇ, ਬ੍ਰਾਹਮਣ ਵੱਡਾ ਦੇਵਤਾ ਹੈ, ਜਿਸ ਤਰ੍ਹਾਂ ਮੰਤ੍ਰਾਂ ਨਾਲ ਸੰਸਕਾਰ ਕੀਤਾ ਹੋਯਾ, ਚਾਹੇ ਬਿਨਾਂ ਮੰਤ੍ਰਾਂ ਹੀ ਅਗਨੀ ਦੇਵਤਾ ਹੈ।”
(ਮਨੂ ਅ: ੯ ਸ਼: ੩੪੭)
“ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸ ਨੂੰ ਸਜ਼ਾ ਨਾ ਦੇਵੇ, ਕਯੋਂ ਕਿ ਰਾਜੇ ਦੀ ਹੀ ਨਾਲਾਯਕੀ ਕਰਕੇ ਬ੍ਰਾਹਮਣ ਭੁੱਖਾ ਹੋ ਕੇ ਚੋਰੀ ਕਰਦਾ ਹੈ।”
(ਮਨੂ ਅ: ੭੭ ਸ਼: २२)
“ਬ੍ਰਾਹਮਣ ਬਦ-ਚਲਨ ਭੀ ਪੂਜਣ-ਯੋਗ ਹੈ, ਸ਼ੂਦ੍ਰ ਜਿਤੇਂਦ੍ਰੀ ਭੀ ਪੂਜਣ-ਲਾਇਕ ਨਹੀਂ, ਕੌਣ ਖੱਟਰ ਗਊ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਚੋਂਦਾ ਹੈ ?” (ਪਰਾਸਰ ਸੰਹਿਤਾ ਅ: ੬)
“ਖੇਤੀ ਕਰਨ ਵਾਲਾ ਬ੍ਰਾਹਮਣ ਜਿਤਨੀ ਜ਼ਮੀਨ ਚਾਹੇ ਬਾਹ ਲਵੇ ਔਰ ਕਿਸੇ ਨੂੰ ਮੁਆਮਲਾ ਮਸੂਲ ਕੁਛ ਨਾ ਦੇਵੇ, ਕਿਉਂਕਿ ਸਭ ਚੀਜ਼ ਦਾ ਮਾਲਕ ਬ੍ਰਾਹਮਣ ਹੀ ਹੈ।” (ਬ੍ਰਿਹਤ ਪਰਾਸਰ ਸੰਹਿਤਾ ਅ: ੩)
"ਬ੍ਰਾਹਮਣ ਵੇਦ ਵਿਰੁੱਧ ਕਰਮ ਕਰਨ ਕਰਕੇ ਭੀ ਦੋਸ਼ੀ ਨਹੀਂ ਹੁੰਦਾ, ਜਿਸ ਤਰ੍ਹਾਂ ਅਗਨੀ
___________
੧. ਸਿੱਖਾਂ ਵਿਚ ਭੀ ਗਿਆਨੀ, ਗ੍ਰੰਥੀ, ਸਿਪਾਹੀ, ਜ਼ਿਮੀਂਦਾਰ, ਵਪਾਰੀ ਔਰ ਲਾਂਗਰੀ ਆਦਿਕ ਅਧਿਕਾਰ ਔਰ ਦਰਜੇ ਹਨ, ਪਰ ਇਹ ਨਹੀਂ ਕਿ ਜਨਮ ਤੋਂ ਹੀ ਵਰਣ ਮੰਨੇ ਜਾਣ, ਔਰ ਮਰਨ ਪ੍ਰਯੰਤ ਇਕ ਅਧਿਕਾਰ ਵਿਚ ਹੀ ਆਦਮੀ ਆਪਣੀ ਸਾਰੀ ਅਵਸਥਾ ਬਤੀਤ ਕਰੇ । ਖਾਲਸਾ ਪੰਥ ਵਿਚ ਜੋ ਗਿਆਨੀ ਹੈ, ਓਹੀ ਦੂਜੇ ਵੇਲੇ ਸੰਗਤਾਂ ਦੇ ਜੋੜੇ ਝਾੜਨ ਵਾਲਾ ਸੇਵਕ ਹੈ, ਔਰ ਓਹੀ ਸ਼ਸਤ੍ਰਧਾਰੀ ਹੋ ਕੇ ਯੋਧਾ ਹੈ, ਇਸੀ • ਤਰ੍ਹਾਂ ਜੋ ਸਿੱਖ ਸੰਗਤ ਦੇ ਜੂਠੇ ਭਾਂਡੇ ਮਾਂਜਦਾ ਹੈ, ਓਹੀ ਦੂਜੇ ਵੇਲੇ ਕਥਾ ਕਰ ਕੇ ਸੰਗਤ ਨੂੰ ਉਪਦੇਸ਼ ਦਿੰਦਾ ਹੈ, ਇਤਯਾਦੀ।
ਹਿਦੂ ਮਤ ਵਿਚ ਮਾਂ ਬਾਪ ਤੋਂ ਜਾਤੀ ਮੰਨੀ ਗਈ ਹੈ। (ਇਸ ਵਿਸ਼ਯ ਦੇਖੋ : ਮਨੂੰ ਸਿਮ੍ਰਿਤੀ ਦਾ ਅਧਯਾਯ ੧੦, ਸਲੋਕ ੫)
( ੨. ਜਾਤੀ ਅਭਿਮਾਨ ਦੀ ਏਹ ਸਿੱਖਿਆ ਮਿਲਣ ਕਰਕੇ ਤੁਲਸੀਦਾਸ ਜੇਹੇ ਭਗਤਾਂ ਨੇ ਭੀ ਆਪਣੇ ਪੁਸਤਕਾਂ ਨੂੰ ਅਯੋਗ ਲੇਖ ਲਿਖ ਕੇ ਕਲੰਕਿਤ ਕਰ ਦਿੱਤਾ ਹੈ, ਯਥਾ :
ਸੇਈਐ ਵਿਪ੍ਰ ਗਯਾਨ ਗੁਣ ਹੀਨਾ, ਸੂਦ੍ਰ ਨ ਸੇਈਐ ਗਯਾਨ ਪ੍ਰਬੀਨਾ।
ਸਭ ਪਦਾਰਥਾਂ ਨੂੰ ਭਸਮ ਕਰਦੀ ਹੋਈ ਔਰ ਇਸਤ੍ਰੀ ਯਾਰ ਨਾਲ ਭੋਗ ਕਰ ਕੇ ਭੀ ਦੂਸ਼ਿਤ ਨਹੀਂ ਹੁੰਦੀ ।੧” (ਬ੍ਰਿਹਤ ਪਰਾਸਰ ਸੰਹਿਤਾ ਅ: ੨, ਔਰ ਦੇਖੋ ਅਤ੍ਰਿ ਸੰਹਿਤਾ)
ਹੁਣ ਬ੍ਰਾਹਮਣ ਦੇ ਮੁਕਾਬਲੇ ਵਿਚ ਸ਼ੂਦ੍ਰ ਦੀ ਦੁਰਦਸ਼ਾ ਦੇਖੋ:
“ਸ਼ੂਦਰ ਦੇ ਰਾਜ ਵਿਚ ਨਹੀਂ ਵਸਣਾ ਚਾਹੀਏ ।” (ਮਨੂ ਅ: ४ ਸ਼: ੬२)
“ਸ਼ੂਦਰ ਨੂੰ ਮਤ ਨਾ ਦੇਵੇ, ਹੋਮ ਤੋਂ ਬਚਿਆ ਹੋਇਆ ਅੰਨ ਨਾ ਦੇਵੇ, ਔਰ ਸ਼ੂਦਰ ਨੂੰ ਧਰਮ ਦਾ ਉਪਦੇਸ਼ ਨਾ ਕਰੇ ।” (ਮਨੂ ਅ: ४ ਸ਼: १०)
“ਪੈਰਾਂ ਤੋਂ ਜੰਮਿਆ ਹੋਇਆ ਸ਼ੂਦਰ ਜੇ ਬ੍ਰਾਹਮਣ, ਛਤ੍ਰੀ, ਵੈਸ਼ ਨੂੰ ਕਠੋਰ ਬਾਣੀ ਬੋਲੇ ਤਾਂ ਰਾਜਾ ਉਸ ਦੀ ਜੀਭ ਕਟਵਾ ਦੇਵੇ।" (ਮਨੂ ਅ: ੯ ਸ਼: २੭०)
“ਜੇ ਸ਼ੂਦਰ ਦ੍ਰਿਜਾਤੀਆਂ ਨੂੰ ਨਾਉਂ ਲੈ ਕੇ ਸਖ਼ਤੀ ਨਾਲ ਬੁਲਾਵੇ, ਤਾਂ ਉਸ ਦੇ ਮੂੰਹ ਵਿਚ ਦਸ ਉਂਗਲ ਲੰਮਾ ਲੋਹੇ ਦਾ ਕਿੱਲਾ ਅੱਗ ਵਰਗਾ ਲਾਲ ਕਰ ਕੇ ਠੋਕ ਦੇਵੇ । ਜੋ ਸ਼ੂਦਰ ਅਭਿਮਾਨ ਕਰ ਕੇ ਬ੍ਰਾਹਮਣ ਨੂੰ ਧਰਮ ਦਾ ਉਪਦੇਸ਼ ਕਰੇ, ਤਾਂ ਰਾਜਾ ਉਸ ਦੇ ਮੂੰਹ ਔਰ ਕੰਨਾਂ ਵਿਚ ਤੱਤਾ ਤੇਲ ਪਵਾ ਦੇਵੇ ।” (ਮਨੂ ਅ: ੯ ਸ਼: २੭१-੭२)
“ਸ਼ੂਦਰ ਆਪਣੇ ਜਿਸ ਜਿਸ ਅੰਗ ਨਾਲ ਦ੍ਰਿਜਾਤੀਆਂ ਨੂੰ ਤਾੜਨਾ ਕਰੇ, ਉਸ ਦਾ ਓਹੀ ਓਹੀ ਅੰਗ ਕਟਵਾ ਦੇਣਾ ਚਾਹੀਏ ।" (ਮਨੂ ਅ: ੯ ਸ਼: ੭੯)
“ਸਾਮਰਥ ਹੋ ਕੇ ਭੀ ਸ਼ੂਦਰ ਧਨ ਜਮ੍ਹਾ ਨਾ ਕਰੇ, ਕਿਉਂਕਿ ਸ਼ੂਦਰ ਧਨੀ ਹੋ ਕੇ ਬ੍ਰਾਹਮਣਾਂ ਨੂੰ ਦੁੱਖ ਦੇਣ ਲੱਗ ਜਾਂਦਾ ਹੈ।”
(ਮਨੂ ਅ: રૂ૦ ਸ਼: २२੯)
“ਸ਼ੂਦਰ ਦਾ ਅੰਨ ਲਹੂ ਦੇ ਬਰਾਬਰ ਹੈ, ਔਰ ਜੇ ਸ਼ੂਦਰ ਦਾ ਅੰਨ ਪੇਟ ਵਿਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਊ ਉਹ ਸ਼ੂਦਰ ਹੀ ਸਮਝੀ ਜਾਊ। (ਲਘੂ ਅਤ੍ਰਿ ਸੰਹਿਤਾ ਅ: ੫)
"ਜੋ ਸ਼ੂਦਰ ਜਪ ਹੋਮ ਕਰੇ, ਰਾਜਾ ਉਸ ਨੂੰ ਮਰਵਾ ਦੇਵੇ।” (ਅਤ੍ਰਿ ਸੰਹਿਤਾ)
ਏਸੇ ਤਾਲੀਮ ਦਾ ਅਸਰ ਸ੍ਰੀ ਰਾਮ ਚੰਦਰ ਜੀ ਦੇ ਚਿੱਤ ਪਰ ਐਸਾ ਹੋਇਆ ਕਿ ਇਕ ਤਪ ਕਰਦੇ ਹੋਏ ਸ਼ੂਦਰ ਨੂੰ ਮਾਰ ਦਿੱਤਾ, ਜਿਸ ਦਾ ਪ੍ਰਸੰਗ ਇਸ ਤਰ੍ਹਾਂ ਹੈ :
___________
੧. ਬ੍ਰਾਹਮਣ ਨੂੰ ਨਿਰਦੋਸ਼ ਸਿੱਧ ਕਰਨ ਲਈ ਦ੍ਰਿਸ਼ਟਾਂਤ ਵਿਚ ਜੋ ਅਖਲਾਕੀ ਤਾਲੀਮ ਦਿੱਤੀ ਹੈ, ਇਸ ਵਿਚ ਸਭਿਅਤਾ ਦਾ ਭੋਗ ਹੀ ਪਾ ਦਿੱਤਾ ਹੈ । ਏਸ ਲੇਖ ਨੂੰ ਪੜ੍ਹ ਕੇ ਇਸਤ੍ਰੀਆਂ ਦਾ ਪਵਿੱਤਰ ਰਹਿਣਾ ਕਠਿਨ ਹੈ।
੨. ਏਸ ਤੋਂ ਸਿੱਧ ਹੁੰਦਾ ਹੈ ਕਿ ਹਰੇਕ ਰਾਜਾ ਨੂੰ ਹਿੰਦੂ ਮਤ ਵਿਚ ਛਤ੍ਰੀ ਨਹੀਂ ਮੰਨਿਆ ਗਿਆ, ਕੇਵਲ ਜਨਮ ਤੋਂ ਜੋ ਛਤ੍ਰੀ ਹਨ, ਓਹੀ ਛਤ੍ਰੀ ਪਦ ਦੇ ਅਧਿਕਾਰੀ ਹਨ। ਵਾਹਿਗੁਰੂ ਦਾ ਧੰਨਵਾਦ ਹੈ ਕਿ ਲੋਕ ਮਨੂੰ ਜੀ ਦੇ ਇਸ ਬਚਨ ਪਰ ਸ਼ਰਧਾ ਨਹੀਂ ਰਖਦੇ, ਜੇ ਕਿਤੇ ਏਸ ਆਗਿਆ ਦਾ ਪਾਲਨ ਕਰਦੇ ਤਾਂ ਅਨੇਕ ਦੇਸ਼ ਉਜੜ ਜਾਂਦੇ ਔਰ ਕਈ ਥਾਂ ਇਤਨੇ ਆਬਾਦ ਹੁੰਦੇ ਕਿ ਰਹਿਣ ਬਹਿਣ ਨੂੰ ਜਗ੍ਹਾ ਨਾ ਲੱਭਦੀ।
੩. ਅਸਚਰਜ ਦੀ ਬਾਤ ਹੈ ਕਿ ਸ਼ੂਦ ਦੇ ਅੰਨ ਦਾ ਅਜੇਹਾ ਨਿਸ਼ੇਧ ਸੁਣ ਕੇ ਭੀ ਬ੍ਰਾਹਮਣ ਦਬਾਦਬ ਭੋਗ ਲਾਈ ਜਾਂਦੇ ਹਨ ਔਰ ਏਸ ਉਪਦੇਸ਼ ਸੁਣਨ ਤੋਂ ਬੋਲੇ ਹੋ ਰਹੇ ਹਨ। ਹੇ ਸ਼ੂਦਰੋ ! ਆਪ ਹੀ ਕ੍ਰਿਪਾ ਕਰ ਕੇ ਅੰਨ ਦੇਣਾ ਬੰਦ ਕਰੋ, ਜਿਸ ਤੋਂ ਬ੍ਰਾਹਮਣਾਂ ਦਾ ਭਲਾ ਹੋਵੇ, ਔਰ ਉਨ੍ਹਾਂ ਦੀ ਸੰਤਾਨ ਬ੍ਰਾਹਮਣ ਜਾਤੀ ਤੋਂ ਪਤਿਤ ਹੋ ਕੇ ਸ਼ੂਦਰ ਹੋਣੋਂ ਬਚੇ।
ਇਕ ਬ੍ਰਾਹਮਣ ਦਾ ਮੁੰਡਾ ਏਸ ਵਾਸਤੇ ਮਰ ਗਿਆ ਕਿ ਸ਼ੂਦਰ ਬਣ ਵਿਚ ਤਪ ਕਰ ਰਹਿਆ ਸੀ, ਰਾਮ ਚੰਦਰ ਜੀ ਨੇ ਬਣ ਵਿਚ ਪਹੁੰਚ ਕੇ ਉਸ ਤਪੀਏ ਸ਼ੂਦਰ ਨੂੰ ਪੁਛਿਆ, “ਤੂੰ ਕੌਣ ਹੈਂ ?” ਉਸ ਨੇ ਆਖਿਆ, “ਹੇ ਰਾਮ ! ਮੈਂ ਸ਼ੰਬੂਕ ਨਾਮਕ ਸ਼ੂਦਰ ਹਾਂ ਔਰ ਸੁਰਗ ਦੀ ਇੱਛਾ ਕਰ ਕੇ ਤਪ ਕਰ ਰਹਿਆ ਹਾਂ ।” ਇਤਨੀ ਸੁਣਦੇ ਹੀ ਰਾਮ ਚੰਦਰ ਜੀ ਨੇ ਮਿਆਨੋਂ ਤਲਵਾਰ ਧੂਹ ਕੇ ਸ਼ੰਬੂਕ ਦਾ ਸਿਰ ਵੱਢ ਸੁੱਟਿਆ, ਇਸ ਪਰ ਅਕਾਸ਼ ਵਿਚ ਸਾਰੇ ਦੇਵਤੇ ਆ ਜਮ੍ਹਾਂ ਹੋਏ ਔਰ ਰਾਮ ਚੰਦਰ ਜੀ ਪਰ ਫੁੱਲ ਬਰਸਾ ਕੇ ਕਹਿਣ ਲਗੇ, “ਹੇ ਰਾਮ ! ਤੂੰ ਧੰਨ ਹੈਂ, ਤੂੰ ਧੰਨ ਹੈਂ, ਤੈਂ ਇਹ ਦੇਵਤਿਆਂ ਦਾ ਭਾਰੀ ਕੰਮ ਕੀਤਾ ਹੈ ਔਰ ਵੱਡਾ ਪੁੰਨ ਖੱਟਿਆ ਹੈ। ਕਿ ਸੁਰਗ ਵਿਚ ਆਉਣ ਦੀ ਇੱਛਾ ਵਾਲੇ ਸ਼ੂਦਰ ਨੂੰ ਵੱਢਿਆ ਹੈ, ਹੁਣ ਜੋ ਤੇਰੀ ਇੱਛਾ ਹੈ ਸਾਥੋਂ ਵਰ ਮੰਗ ।”
ਰਾਮ ਚੰਦਰ ਜੀ ਨੇ ਆਖਿਆ, “ਹੇ ਦੇਵਤਿਓ ! ਜੇ ਤੁਸੀਂ ਪ੍ਰਸੰਨ ਹੋ ਤਾਂ ਏਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉਠੇ।” ਦੇਵਤਿਆਂ ਨੇ ਕਹਿਆ, “ਜੇ ਰਾਮ ! ਓਹ ਤਾਂ ਉਦੋਂ ਹੀ ਜਿਊਂਦਾ ਹੋ ਗਿਆ ਹੈ, ਜਦੋਂ ਤੁਸੀਂ ਸ਼ੂਦਰ ਦਾ ਸਿਰ ਵੱਢਿਆ ਹੈ।” (ਬਾਲਮੀਕਿ ਰਾਮਾਇਣ ਉੱਤਰ ਕਾਂਡ ਅ: ੭੬)
"ਜੇ ਸ਼ੂਦ੍ਰ ਪੰਚ ਗਵ੍ਯ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ।” (ਵਿਸ਼ਨੂੰ ਸਿਮਰਤੀ ਅ: ੫੪)
“ਸ਼ੂਦ ਦਾ ਅੰਨ ਖਾ ਕੇ ਬ੍ਰਾਹਮਣ ਸੱਤ ਜਨਮ ਕੁੱਤਾ ਹੁੰਦਾ ਹੈ, ਨੌਂ ਜਨਮ ਸੂਰ ਬਣਦਾ ਹੈ, 66 ਅੱਠ ਜਨਮ ਗਿਰਝ ਹੁੰਦਾ ਹੈ।” (ਬ੍ਰਿਧ ਅਤਿ ਸੰਹਿਤਾ ਅ: ੫)
"ਜੇ ਸ਼ੂਦ ਦਾ ਅੰਨ ਪੇਟ ਵਿਚ ਹੋਵੇ ਔਰ ਉਸ ਵੇਲੇ ਬ੍ਰਾਹਮਣ ਮਰ ਜਾਵੇ, ਤਾਂ ਪਿੰਡ ਦਾ ਸੂਰ ਜਾਂ ਕੁੱਤਾ ਬਣਦਾ ਹੈ।” (ਆਪਸਤੰਬ ਸਿਮਰਤੀ ਅ: ੮)
"ਕਪਿਲਾ ਗਊ ਦਾ ਦੁੱਧ ਪੀਣ ਕਰਕੇ ਔਰ ਵੇਦ ਦਾ ਅੱਖਰ ਵਿਚਾਰਣ ਸੂਦ ਨੂੰ ਜ਼ਰੂਰ ਨਰਕ ਹੁੰਦਾ ਹੈ ।” (ਪਰਾਸਰ ਸੰਹਿਤਾ ਅ: ੨)
“ਸ਼ੂਦ ਨੂੰ ਅਕਲ ਨਾ ਸਿਖਾਵੇ, ਧਰਮ ਦਾ ਉਪਦੇਸ਼ ਨਾ ਕਰੇ, ਔਰ ਬ੍ਰਤ ਆਦਿਕ ਨਾ ਦੱਸੇ । ਜੋ ਸ਼ੂਦ ਨੂੰ ਇਹ ਗੱਲਾਂ ਸਿਖਾਉਂਦਾ ਹੈ, ਉਹ ਸ਼ੂਦ੍ਰ ਸਮੇਤ ਅਨ੍ਹੇਰ ਘੁੱਪ ਨਰਕ ਵਿਚ ਜਾ ਪੈਂਦਾ है।" (ਵਸਿਸ਼ਟ ਸੰਹਿਤਾ ਅ: ੧੮)
______________
੧. ਲਓ ! ਆਪ ਨੂੰ ਪੰਚ ਗਵ੍ਯ ਦਾ ਨੁਸਖਾ ਦਸੀਏ, ਜੋ ਸਾਰੀਆਂ ਅਸ਼ੁੱਧੀਆਂ ਪਰ ਜਾਦੂ ਦਾ ਅਸਰ ਰਖਦਾ ਹੈ : “ਗੋਬਰ ਇਕ ਮਾਸਾ, ਗੋਮੂਤ੍ਰ ਦੋ ਮਾਸੇ, ਘੀ ਚਾਰ ਮਾਸੇ, ਦੁੱਧ ਅਤੇ ਦਹੀਂ ਅੱਠ ਅੱਠ ਮਾਸੇ, ਇਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਨਾਲ ਪੰਚ ਗਵ੍ਯ ਬਣਦਾ ਹੈ।” (ਅਤ੍ਰਿ ਸੰਹਿਤਾ)
ਜੇ ਖੂਹ ਦਾ ਪਾਣੀ ਅਸ਼ੁੱਧ ਹੋ ਜਾਵੇ ਤਦ ਭੀ ਏਹੋ ਅਸ਼ੁਧੀ ਸਫ਼ਾਈ ਲਈ ਵਰਤਣੀ ਦੱਸੀ ਹੈ। ਅਭੱਖਛ ਵਸਤੂ ਖਾ ਪੀ ਕੇ ਸ਼ੁੱਧ ਹੋਣ ਲਈ ਭੀ ਏਹੋ ਮਹਾਨ ਚਮਤਕਾਰੀ ਰਸਾਯਨ ਹੈ।
੨. ਇਸ ਦੇ ਮੁਕਾਬਲੇ ਵਿਚ ਦੇਖੋ ਗੁਰਬਾਣੀ ਕੀ ਆਖਦੀ ਹੈ:
ਉਪਦੇਸ ਚਹੁ ਵਰਨਾ ਕਉ ਸਾਝਾ॥ ਔਰ
ਉਧਰੈ ਸਿਮਰਿ ਚੰਡਾਲ ॥ ਔਰ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
“ਸ਼ੁਦ ਨੂੰ ਖਾਣ ਲਈ ਅੰਨ ਭਾਂਡੇ ਵਿਚ ਨਹੀਂ ਕਿੰਤੁ ਜ਼ਮੀਨ ਪਰ ਦੇਣਾ ਚਾਹੀਯੇ ਕਿਯੋਂਕਿ ਸ਼ੂਦ ਅਤੇ ਕੁੱਤਾ ਦੋਵੇਂ ਸਮਾਨ ਹੈਨ।” (ਆਪਸਤੰਬ ਸਿਮਰਤੀ ਅ: ੯ ਸ਼: ੩੪)
ਹਿੰਦੂ : ਆਪ ਹਿੰਦੂ ਮਤ ਅਨੁਸਾਰ ਸਿੱਖ ਧਰਮ ਵਿਚ ਵਰਣਾਂ ਦੀ ਵੰਡ ਨਹੀਂ ਮੰਨਦੇ, ਪਰ ਗੁਰੂ ਨਾਨਕ ਸਾਹਿਬ ਵਰਣ ਮਰਯਾਦਾ ਦੇ ਦੂਰ ਹੋਣ ਪਰ ਸ਼ੋਕ ਕਰਦੇ ਹਨ, ਔਰ ਮਲੇਛ ਭਾਸ਼ਾ ਦਾ ਭੀ ਨਿਸ਼ੇਧ ਦੱਸਦੇ ਹਨ, ਯਥਾ:
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥ (ਧਨਾਸਰੀ ਮ: ੧, ਪੰਨਾ ੬੬੩)
ਸਿੱਖ : ਪਿਆਰੇ ਹਿੰਦੂ ਜੀ ! ਇਹ ਸ਼ਬਦ ਵਿਚ ਗੁਰੂ ਸਾਹਿਬ ਦਾ ਇਹ ਭਾਵ ਹੈ ਕਿ ਛੱਤ੍ਰੀ ਜੋ ਸੂਰਬੀਰ ਤੇ ਪਰਜਾ ਦੇ ਰੱਛਕ ਸੇ, ਉਹ ਆਪਣੇ ਧਰਮ ਸ਼ਾਸਤ੍ਰਾਂ ਦੇ ਵਿਰੁੱਧ, ਲਾਲਚ ਔਰ ਡਰ ਦੇ ਵੱਸ ਹੋ ਕੇ ਵੇਦ ਸ਼ਾਸਤ ਦੀ ਥਾਂ ਕੁਰਾਨ ਪੜ੍ਹਨ ਲੱਗ ਪਏ ਹਨ, ਔਰ ਆਪਣੀ ਮੰਨੀ ਹੋਈ ਦੇਵਭਾਸ਼ਾ ਦਾ ਨਿਰਾਦਰ ਕਰ ਕੇ ਅਰਬੀ ਫ਼ਾਰਸੀ ਦੀ ਸ਼ਰਨ ਲੈਂਦੇ ਹਨ। ਔਰ ਸਾਰੀ ਸ੍ਰਿਸ਼ਟਿ (ਅਰਥਾਤ ਹਿੰਦੁਸਤਾਨ ਦੀ ਪਰਜਾ) ਇਕ ਵਰਣ (ਅਰਥਾਤ ਮੁਸਲਮਾਨ) ਹੋ ਗਈ ਹੈ, ਔਰ ਧਰਮ ਦੀ ਰੀਤਿ ਮੁੱਢੋਂ ਹੀ ਜਾਂਦੀ ਰਹੀ ਹੈ। ਸਿੱਧਾਂਤ ਗੁਰੂ ਸਾਹਿਬ ਦਾ ਇਹ ਹੈ ਕਿ ਜਿਸ ਦੇਸ਼ ਦੇ ਲੋਕ ਇਖਲਾਕ ਤੋਂ ਡਿੱਗ ਕੇ ਖੁਸ਼ਾਮਦ, ਡਰ ਔਰ ਲਾਲਚ ਪਿੱਛੇ ਆਪਣਾ ਧਰਮ ਹਾਰ ਦਿੰਦੇ ਹਨ, ਉਹ ਮਹਾਂ ਅਧਰਮੀ ਔਰ ਕਮੀਨੇ ਸਮਝੇ ਜਾਂਦੇ ਹਨ।
ਜੇ ਗੁਰੂ ਨਾਨਕ ਸਾਹਿਬ ਆਪ ਦੀ ਮੰਨੀ ਮਲੇਛ ਭਾਸ਼ਾ ਦੇ ਵਿਰੁੱਧ ਹੁੰਦੇ ਤਾਂ :
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ (ਤਿਲੰਗ ਮ: ੧, ਪੰਨਾ ੭੨੧)
ਇਤਿਆਦਿਕ ਸ਼ਬਦ ਨਾ ਉਚਾਰਦੇ, ਔਰ ਜੇ ਆਪ ਦੀ ਮੰਨੀ ਹੋਈ ਵਰਣ ਮਰਯਾਦਾ ਦੇ ਵਿਸ਼ਵਾਸੀ ਹੁੰਦੇ ਤਾਂ ਸਿਖ ਧਰਮ ਵਿਚ :
_______________
੧. ਜੇ ਕੋਈ ਹਿੰਦੂ ਆਖੇ ਕਿ ਤੁਸੀਂ ਹਿੰਦੁਸਤਾਨ ਕਿਉਂ ਆਖਦੇ ਹੋ ਕਿਉਂਕਿ ਤੁਸੀਂ ਹਿੰਦੂ ਨਹੀਂ ਹੋ, ਤਾਂ ਇਸ ਦਾ ਉੱਤਰ ਏਹ ਹੈ ਕਿ ਜੋ ਦੇਸ਼ ਦਾ ਨਾਉਂ ਮੁਸਲਮਾਨਾਂ ਨੇ ਰੱਖ ਦਿੱਤਾ ਔਰ ਸਾਰੇ ਪ੍ਰਸਿੱਧ ਹੋ ਗਿਆ ਔਰ ਜਿਸ ਨੂੰ ਹਿੰਦੂਆਂ ਨੇ ਆਦਰ ਨਾਲ ਮੰਨ ਲਿਆ, ਉਸ ਦੇ ਵਿਰੁੱਧ ਹੁਣ ਹੋਰ ਨਾਉਂ ਕਲਪਣਾ ਅਗਿਆਨ ਹੈ। ਔਰ ਦੇਸ਼ ਦੇ ਨਾਉਂ ਨਾਲ ਧਰਮ ਦਾ ਕੋਈ ਸੰਬੰਧ ਨਹੀਂ। ਜੇ ਅਸੀਂ ਏਹ ਆਖੀਏ ਕਿ ਅਸੀਂ ਅਫ਼ਗਾਨਿਸਤਾਨ ਵਿਚ ਰਹਿ ਕੇ ਭੀ ਅਫ਼ਗਾਨਿਸਤਾਨ ਨਹੀਂ ਕਹਾਂਗੇ ਕਿਉਂਕਿ ਅਸੀਂ ਅਫ਼ਗਾਨ ਨਹੀਂ ਹਾਂ, ਤਾਂ ਸਾਡੀ ਮੂਰਖਤਾ ਹੈ। ਐਸੇ ਹੀ ਕਾਫ਼ਰਸਤਾਨ ਵਿਚ ਰਹਿਣ ਕਰਕੇ ਕੋਈ ਕਾਫਰ ਨਹੀਂ ਹੋ ਸਕਦਾ।
੨. ਇਕ ਪਰਪੰਚੀ ਸਿੱਖ ਨੇ ਸਾਖੀ ਵਿਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਹੁਕਮ ਦੇਂਦੇ ਹਨ ਕਿ ਮੇਰਾ ਸਿੱਖ ਫ਼ਾਰਸੀ ਨਾ ਪੜ੍ਹੇ। ਪਰ ਉਸ ਨੇ ਏਹ ਨਹੀਂ ਸੋਚਿਆ ਕਿ "ਜ਼ਫ਼ਰਨਾਮਹ" ਦੇ ਕਰਤਾ ਔਰ ਭਾਈ ਨੰਦ ਲਾਲ ਜੀ ਦੀ ਫ਼ਾਰਸੀ ਕਵਿਤਾ ਨੂੰ ਸਨਮਾਨ ਦੇਣ ਵਾਲੇ ਕਲਗੀਧਰ ਸ੍ਵਾਮੀ, ਜੇ ਅਰਬੀ ਫ਼ਾਰਸੀ ਨੂੰ ਮਲੇਛ ਭਾਸ਼ਾ ਮੰਨਦੇ ਤਾਂ 'ਖ਼ਾਲਸਾ, ਫ਼ਤਹ, ਦੇਗ, ਤੇਗ ਔਰ ਦਸਤਾਰ' ਆਦਿਕ ਪਦ ਕਦੇ ਨਾ ਵਰਤਦੇ। ਅਜੇਹੇ ਪ੍ਰਸੰਗ ਸਾਖੀਆਂ ਵਿਚ ਦਰਜ ਹੋਣ ਦਾ ਕਾਰਣ ਏਹ ਹੈ ਕਿ ਜਦ ਪੰਜਾਬ ਵਿਚ ਸਿੱਖਾਂ ਦਾ ਰਾਜ ਪ੍ਰਤਾਪ ਹੋਇਆ ਉਸ ਵੇਲੇ ਅਨਮਤੀਆਂ ਨੇ ਸਿੱਖਾਂ ਨੂੰ ਬੁੱਧੂ ਰੱਖਣ ਵਾਸਤੇ
....ਚਾਰਿ ਵਰਨ ਇਕ ਵਰਨੁ ਕਰਾਇਆ ॥....॥੨੩॥ (ਭਾਈ ਗੁਰਦਾਸ, ਵਾਰ ੧)
ਦਾ ਅਮਲ ਨਾ ਕਰਦੇ।
ਮੇਰੇ ਪ੍ਰੇਮੀ ਹਿੰਦੂ ਭਾਈ! ਗੁਰੂ ਸਾਹਿਬ ਕਿਸੇ ਜਾਤੀ ਵਰਣ ਦੇ ਪੱਖਪਾਤੀ ਨਹੀਂ ਸਨ, ਉਹ ਸਭ ਸੰਸਾਰ ਦੇ ਜੀਵਾਂ ਨੂੰ :
ਏਕੁ ਪਿਤਾ ਏਕਸ ਕੇ ਹਮ ਬਾਰਿਕ ॥ (ਸੋਰਠਿ ਮ: ੫, ਪੰਨਾ ੬੧੧)
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ (ਗਉੜੀ ਸੁਖਮਨੀ ਮ: ੫, ਪੰਨਾ ੨੬੮)
ਜਾਣਦੇ ਸਨ।
ਲਓ ! ਤੁਹਾਨੂੰ ਜਾਤੀ ਦੇ ਵਿਸ਼ੇ ਉਤੇ ਸਤਿਗੁਰਾਂ ਦੇ ਪਵਿੱਤਰ ਬਚਨ ਸੁਣਾਈਏ:
ਫਕੜ ਜਾਤੀ ਫਕੜੁ ਨਾਉ ॥
ਸਭਨਾ ਜੀਆ ਇਕਾ ਛਾਉ ॥ (ਵਾਰ ਸਿਰੀ ਰਾਗੁ ਮ: ੧, ਪੰਨਾ ੮੩)
ਜਾਣਹੁ ਜੋਤਿ ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ॥ (ਆਸਾ ਮ: ੧, ਪੰਨਾ ੩੪੯)
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੋਈ ਕੇਇ ॥ (ਵਾਰ ਆਸਾ ਮ: ੧, ਪੰਨਾ ੪੬੯)
ਜਾਤਿ ਜਨਮੁ ਨਹ ਪੂਛੀਐ, ਸਚਘਰੁ ਲੇਹੁ ਬਤਾਇ ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ (ਪ੍ਰਭਾਤੀ ਮ: ੧, ਪੰਨਾ ੧੩੩੦)
ਨਾਮਾ ਛੀਬਾ ਕਬੀਰੁ ਜੁਲਾਹਾ ਪੂਰੇ ਗੁਰ ਤੇ ਗਤਿ ਪਾਈ ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥ (ਸਿਰੀ ਰਾਗੁ ਮ: ੩, ਪੰਨਾ ੬੭)
___________
ਔਰ ਸਾਰੇ ਕੰਮ ਸਦੈਵ ਆਪਣੇ ਹੱਥ ਰੱਖਣ ਲਈ ਗੁਰੂ ਸਾਹਿਬ ਦੇ ਏਹੋ ਜੇਹੇ ਬਚਨ ਪ੍ਰਗਟ ਕੀਤੇ, ਔਰ ਸਿੱਖਾਂ, ਨੂੰ ਏਹ ਭੀ ਸਮਝਾਇਆ ਕਿ ਪੜ੍ਹਨਾ ਤਾਂ ਮੁਨਸ਼ੀ ਮਜ਼ਦੂਰਾਂ ਦਾ ਕੰਮ ਹੈ, ਆਪ ਦਾ ਕੰਮ ਸਾਡੇ ਪਰ ਹਕੂਮਤ ਕਰਨਾ ਹੈ। ਅਸੀਂ ਆਪ ਦੇ ਨੌਕਰ ਲਿਖ਼ਣ ਪੜ੍ਹਨ ਨੂੰ ਥੋੜੇ ਹਾਂ ? ਆਪ ਜੋ ਹੁਕਮ ਕਰੋ, ਉਸ ਦੀ ਤਾਮੀਲ ਕਰਨ ਨੂੰ ਹਰ ਵੇਲੇ ਤਿਆਰ ਹਾਂ। ਇਸ ਉਪਦੇਸ਼ ਦਾ ਪੰਜਾਬ ਵਿਚ ਅਜੇਹਾ ਅਸਰ ਫੈਲਿਆ ਕਿ ਸਿੱਖ ਸਰਦਾਰਾਂ ਦੇ ਬੇਟੇ ਸਭ ਨਿਰੱਖਰ ਰਹਿ ਗਏ ਔਰ ਰਾਜ ਦਾ ਪ੍ਰਬੰਧ ਉਨ੍ਹਾਂ ਦੇ ਹੱਥ ਚਲਿਆ ਗਿਆ, ਜੋ ਸਿੱਖ ਧਰਮ ਨੂੰ ਪੰਜਾਬ ਵਿਚ ਦੇਖਣਾ ਨਹੀਂ ਚਾਹੁੰਦੇ ਸਨ। ਔਰ ਇਨ੍ਹਾਂ ਚਾਲਾਕ ਆਦਮੀਆਂ ਨੇ ਕੇਵਲ ਨੀਤੀ ਪ੍ਰਬੰਧ ਹੀ ਆਪਣੇ ਹੱਥ ਨਹੀਂ ਲਿਆ, ਸਗੋਂ ਸਿੱਖਾਂ ਦੇ ਧਾਰਮਿਕ ਨਿਯਮਾਂ ਵਿਚ ਵੀ ਅਜੇਹੀ ਗੜਬੜ ਕੀਤੀ ਕਿ ਅੱਜ ਤੋੜੀ ਪੂਰਾ ਸੁਧਾਰ ਨਹੀਂ ਹੋ ਸਕਿਆ।
੧. ਅਗਯਾਨ ਦੀ ਕਲਪਣਾ, ਮੂਰਖਤਾ ਦਾ ਢਕਵੰਜ।
੨. ਪਨਾਹ, ਆਸਰਾ।
੩. ਵਾਹਿਗੁਰੂ ਦਾ ਹੀ ਪ੍ਰਕਾਸ਼ ਹਰ ਜਗ੍ਹਾ ਜਾਣੋਂ ਔਰ ਆਦਮੀ ਦੀ ਜੋ ਬੁੱਧੀ ਔਰ ਚਮਤਕਾਰੀ ਵਿਦਿਆ ਹੈ, ਉਸ ਦੀ ਕਦਰ ਕਰੋ, ਜਾਤੀ ਦੇ ਖ਼ਿਆਲ ਮਗਰ ਲੱਗ ਕੇ ਗੁਣਾਂ ਦੇ ਵਿਰੋਧੀ ਨਾ ਬਣੋ।
੪. ਸਤਿਸੰਗ ।
ਆਗੈ ਜਾਤਿ ਰੂਪੁ ਨ ਜਾਇ ॥
ਤੇਹਾ ਹੋਵੈ ਜੇਹੇ ਕਰਮ ਕਮਾਇ ॥ (ਆਸਾ ਮ: ੩, ਪੰਨਾ ੩੬੩)
ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥ (ਵਾਰ ਮਾਰੂ ਮ: ੩, ਪੰਨਾ ੧੦੯੪)
ਹਮਰੀ ਜਾਤਿ' ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰੁ ਕੇ ॥ (ਸੂਹੀ ਮ: ੪, ਪੰਨਾ ੭੩੧)
ਖਸਮੁ ਵਿਸਾਰਹਿ ਤੇ ਕਮਜਾਤਿ ॥
ਨਾਨਕ ਨਾਵੈ ਬਾਝੁ ਸਨਾਤਿ॥ (ਆਸਾ ਮ: ੧, ਪੰਨਾ ੧੦)
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ॥ (ਆਸਾ ਮ: ੩, ਪੰਨਾ ੪੨੬)
ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥
ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥ (ਗੂਜਰੀ ਮ: ੫, ਪੰਨਾ ੪੯੮)
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥......
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥
ਘਟਿ ਵਧਿ ਕੋ ਕਰੈ ਬੀਚਾਰਾ ॥ (ਭੈਰਉ ਮ: ੩, ਪੰਨਾ ੧੧੨੭)
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ।
“ਬਾਮਨ” ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥
ਜੌ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ॥
ਤਉ ਆਨਬਾਟ ਕਾਹੇ ਨਹੀ ਆਇਆ ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ (ਗਉੜੀ ਕਬੀਰ, ਪੰਨਾ ੩੨੪)
ਹਿੰਦੂ ਤੁਰਕ ਕੋਊ ਰਾਫਜੀ ਇਮਾਮਸਾਫੀ“
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥...॥੧੫॥੮੫॥......
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ
ਖਾਕ ਬਾਦ ਆਤਸ਼ ਔ ਆਬ ਕੋ ਰਲਾਉ ਹੈ॥...॥੧੬॥੮੬॥ (ਅਕਾਲ ਉਸਤਤਿ)
______________
੧. ਜਾਤੀ ਦੇ ਨਾਲ ਜਦ "ਪਾਤਿ” (ਪੰਕਤਿ) ਸ਼ਬਦ ਆਉਂਦਾ ਹੈ, ਤਾਂ ਗੋਤ ਦਾ ਬੋਧਕ ਹੁੰਦਾ ਹੈ।
੨. ਖੋਟੇ, ਨੀਚ, ਨਿਕੰਮੇ।
੩. ਮੁਖ ਆਦਿਕ ਤੋਂ ਕਿਉਂ ਨਹੀਂ ਜੰਮਿਆ ?
੪. ਸ਼ੀਆ, ਮੁਸਲਮਾਨਾਂ ਦਾ ਇਕ ਫਿਰਕਾ ।
੫. ਇਮਾਮ ਸ਼ਾਫ਼ੀ ਦਾ ਪੈਰੋ, ਭਾਵ ਸੁੰਨੀ।
ਘਿਅ ਭਾਂਡਾ ਨ ਵੀਚਾਰੀਐ ਭਗਤਾ ਜਾਤਿ ਸਨਾਤਿ ਨ ਕਾਈ ॥......॥੫॥ (ਭਾਈ ਗੁਰਦਾਸ, ਵਾਰ ੨੫)
ਬਰਨ ਜਾਤਿ ਕੋ ਦੂਰ ਧਰ ਐਸੋ ਸਿੱਖ ਸੁ ਲੱਖ ॥ (ਗੁਰ ਪਰਤਾਪ ਸੂਰਯ ਰੁਤ ੫ ਅੰਸੂ ੨੫)
ਜਾਤ ਬਰਣ ਕੀ ਕਾਨ ਤਜਿ ਮਿਲਹਿ ਖਾਲਸੇ ਸੰਗ ॥
ਗੁਰਬਾਣੀ ਸੋਂ ਪ੍ਰੇਮ ਕਰਿ ਮਨ ਰੂਪ ਗੂੜਾ ਰੰਗੁ ॥੧੩॥ (ਗੁਰ ਪ੍ਰਤਾਪ ਸੂਰਜ ਰਿਤੁ ੫ ਅੰਸੂ ੨੫)
ਪਯਾਰੇ ਹਿੰਦੂ ਭਾਈ ਸਾਹਿਬ! ਸਾਡੇ ਸਤਿਗੁਰਾਂ ਨੇ ਜਨਮ ਤੋਂ ਜਾਤੀ ਨਾ ਮੰਨ ਕੇ ਸਭ ਵਰਣਾਂ ਨੂੰ ਇਕ ਕਰ ਦਿੱਤਾ ਹੈ, ਦੇਖੋ ਪ੍ਰਮਾਣ :
... ਚਾਰਿ ਵਰਨ ਇਕ ਵਰਨੁ ਕਰਾਇਆ।.....॥੨੩॥ (ਭਾਈ ਗੁਰਦਾਸ, ਵਾਰ ੧)
ਚਾਰਿ ਵਰਨ ਇਕ ਵਰਨ ਕਰਿ, ਵਰਨ ਅਵਰਨ ਤਮੋਲ ਗੁਲਾਲੇ ।
ਅਸਟ ਧਾਤੁ ਇਕੁ ਧਾਤੁ ਕਰਿ ਵੇਦ ਕਤੇਬ ਨ ਭੇਦੁ ਵਿਚਾਲੇ ।..॥੭॥ (ਭਾਈ ਗੁਰਦਾਸ, ਵਾਰ ੧੧)
ਚਾਰਿ ਵਰਨ ਚਾਰਿ ਮਜਹਬਾ ਚਰਣ ਕਵਲ ਸਰਣਾਗਤਿ ਆਇਆ।
ਪਾਰਸਿ ਪਰਸਿ ਅਪਰਸ ਜਗਿ ਅਸਟਧਾਤੁ ਇਕੁ ਧਾਤੁ ਕਰਾਇਆ । .....
ਹੁਕਮਿ ਰਜਾਈ ਚਲਣਾ ਗੁਰਮੁਖਿ ਗਾਡੀ ਰਾਹੁ ਚਲਾਇਆ।॥੧੭॥ (ਭਾਈ ਗੁਰਦਾਸ, ਵਾਰ ੧੨)
ਚਾਰਿ ਵਰਨ ਇਕ ਵਰਨ ਹੋਇ ਗੁਰਸਿਖ ਵੜੀਅਨਿ ਸਨਮੁਖ ਗੋਤੇ।......
ਸਾਧ ਸੰਗਤਿ ਮਿਲਿ ਦਾਦੇ ਪੋਤੇ ॥੫॥ (ਭਾਈ ਗੁਰਦਾਸ, ਵਾਰ ੨੯)
ਗੰਗ ਬਨਾਰਸ ਹਿੰਦੂਆਂ ਮੁਸਲਮਾਣਾਂ ਮਕਾ ਕਾਬਾ।
ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗ ਰਬਾਬਾ।.....
ਚਾਰਿ ਵਰਨ ਇਕ ਵਰਨ ਹੋਇ ਸਾਧਿ ਸੰਗਤਿ ਮਿਲਿ ਹੋਇ ਤਰਾਬਾ।
ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ..॥੪॥ (ਭਾਈ ਗੁਰਦਾਸ, ਵਾਰ ੨੪)
_______________
੧. ਗੁਰੂ ਸਾਹਿਬ ਨੇ ਚਾਰ ਵਰਣਾਂ ਨੂੰ ਇਕ ਕਰ ਕੇ ਨਵਾਂ ਸਿੱਖ ਧਰਮ ਵਾਹਿਗੁਰੂ ਦਾ ਲਾਲ ਕਿਸ ਤਰ੍ਹਾਂ ਬਣਾ ਦਿੱਤਾ ? ਇਸ ਪਰ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦੇਂਦੇ ਹਨ ਕਿ ਜਿਸ ਤਰ੍ਹਾਂ ਪਾਨ, ਚੂਨਾ, ਕੱਥ, ਸੁਪਾਰੀ ਇਨ੍ਹਾਂ ਨੂੰ ਇਕੱਠਾ ਕਰਨ ਨਾਲ ਸੁਰਖ਼ ਰੰਗ ਪ੍ਰਗਟ ਹੋ ਜਾਂਦਾ ਹੈ । ਗੁਰੂ ਸਾਹਿਬ ਨੇ ਕੇਵਲ ਚਾਰ ਵਰਣ ਹੀ ਇਕ ਨਹੀਂ ਕੀਤੇ, ਸਗੋਂ ਅਸ਼ਟ ਧਾਤੂ (ਚਾਰ ਮਜ਼ਹਬ ਅਤੇ ਚਾਰ ਵਰਣ) ਅਭੇਦ ਕਰ ਦਿਤੇ ਔਰ ਉਨ੍ਹਾਂ ਵਿਚ ਭੇਦ ਕਰਨ ਵਾਲੇ ਜੋ ਵੇਦ ਔਰ ਕੁਰਾਨ ਆਦਿਕ ਪੁਸਤਕ ਸਨ, ਉਨ੍ਹਾਂ ਨੂੰ ਕਿਨਾਰੇ ਕਰ ਕੇ ਗੁਰਬਾਣੀ ਦ੍ਵਾਰਾ ਏਹ ਨਿਸ਼ਚਾ ਕਰਵਾ ਦਿੱਤਾ ਕਿ :
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪ੍ਰਭਾਤੀ ਕਬੀਰ, ਪੰਨਾ ੧੩੪੯)
੨. ਸਤਿਗੁਰੂ ਦੇ ਸਿੱਖ ਗੁਰੂ ਦੀ ਸੰਗਤਿ ਕਰਕੇ ਸਤਿਗੁਰੂ ਦਾ ਰੂਪ ਬਣ ਜਾਂਦੇ ਹਨ। ਹਿੰਦੂ ਮਤ ਦੀ ਤਰ੍ਹਾਂ ਬ੍ਰਾਹਮਣ, ਛਤ੍ਰੀ, ਵੈਸ਼ (ਤ੍ਰਿਵਰਣ) ਦੀ ਜਨਮ ਤੋਂ ਮੰਨੀ ਹੋਈ ਖ਼ਰਾਬੀ ਨਹੀਂ ਰਹਿੰਦੀ।
ਇਸੀ ਵਿਸ਼ੈ ਆਪ ਨੂੰ ਇਕ ਇਤਿਹਾਸਿਕ ਪ੍ਰਸੰਗ ਸੁਣਾਉਂਦੇ ਹਾਂ । ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਅਗਿਆਨੀ ਲੋਕ ਸਿੱਖਾਂ ਵਿਚ ਜਾਤੀ ਵਰਣ ਆਦਿਕ ਭੇਦ ਦੂਰ ਹੋਇਆ ਦੇਖ ਕੇ ਬਾਦਸ਼ਾਹ ਅਕਬਰ ਪਾਸ ਸ਼ਕਾਇਤੀ ਹੋਏ ਸੇ। ਇਸ ਦਾ ਜ਼ਿਕਰ ਗੁਰੂ ਪ੍ਰਤਾਪ ਸੂਰਯ ਦੀ ਪਹਿਲੀ ਰਾਸ ਦੇ ਤ੍ਰਿਤਾਲੀਵੇਂ ਅੰਸੂ ਵਿਚ ਇਸ ਤਰ੍ਹਾਂ ਹੈ :
ਪੰਥ ਨਵੀਨ ਪ੍ਰਕਾਸ਼ਨ ਕਰੋ।
ਭੇਦ ਬਰਨ ਜਾਤੀ ਪਰਹਯੋ ॥੨੮॥
ਚਤੁਰ ਬਰਨ ਇਕ ਦੇਗ਼ ਅਹਾਰਾ॥
ਇਕ ਸਮ ਸੇਵਹਿ ਧਰਿ ਉਰ ਪਯਾਰਾ।
ਸੁਨਿ ਖੱਤ੍ਰੀ ਦ੍ਰਿਜ ਗਨ ਅੱਗ੍ਯਾਨੀ।
ਪਰਮ ਅਭਗਤ ਜਾਤਿ ਅਭਿਮਾਨੀ ।....
ਇਕ ਦਿਨ ਮਿਲਿ ਸਭਿ ਮਸਲਤ ਕਰੀ।
ਇਹ ਤੋ ਰੀਤਿ ਬੁਰੀ ਜਗ ਪਰੀ।
ਅਬਿ ਦ੍ਰਿਜ ਕੋ ਨਹਿਂ ਮਾਨਹਿ ਕੋਇ।
ਖੱਤ੍ਰੀ ਧਰਮ ਨਸ਼ਟ ਸਭਿ ਹੋਇ ॥੩੧॥
ਚਤੁਰ ਬਰਨ ਕੋ ਇਕ ਮਤ ਕਰਯੋ।
ਭ੍ਰਿਸ਼ਟ ਹੋਇ ਜਗ ਧਰਮ ਪ੍ਰਹਰਯੋ ।
ਇਕ ਥਲ ਭੋਜਨ ਸਭਿ ਕੋ ਖਈ।
ਸੰਕਰਿ ਬਰਨ ਪ੍ਰਜਾ ਅਬਿ ਭਈ ॥੩੨॥
ਦੇਵ ਪਿਤਰ ਕੀ ਮਨਤਾ ਛੋਰੀ।
ਸਭ ਮਿਰਯਾਦ ਜਗਤ ਕੀ ਤੋਰੀ।
ਲਵਪੁਰਿ ਗਏ ਫਿਰਾਂਦੀ ਸਾਰੇ ।
ਢਿਗ ਅਕਬਰ ਕੇ, ਜਾਇ ਪੁਕਾਰੇ ॥੩੪॥....
ਗੋਇੰਦਵਾਲ ਅਮਰ ਗੁਰੂ ਹੋਵਾ
ਭੇਦ ਬਰਨ ਚਾਰਹੁ ਕਾ ਖੋਵਾ ॥੩੫॥
ਰਾਮ ਗਾਇਤ੍ਰੀ ਮੰਤ੍ਰ ਨ ਜਪੈ।
____________
੧. ਸਹਿਜਧਾਰੀ ਸਿੱਖਾਂ ਨੂੰ ਜੋ ਸਾਨੂੰ ਪਰਮ ਪਿਆਰੇ ਔਰ ਸਾਡਾ ਅੰਗ ਹਨ, ਅਜੇਹੇ ਪ੍ਰਸੰਗ ਪੜ੍ਹ ਕੇ ਨਿਸ਼ਚਾ ਕਰਨਾ ਲੋੜੀਏ ਕਿ ਸਤਿਗੁਰੂ ਦੇ ਸਿੱਖ ਮੁੱਢ ਤੋਂ ਹੀ ਨਿਰੋਲ (ਨਿਰਮਲ-ਖ਼ਾਲਿਸ) ਰਹੇ ਹਨ।
੨. ਕਈ ਅਨਯਮਤੀ ਆਖਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਦਸ਼ਾਹ ਅਕਬਰ ਦੀ ਸਭਾ ਵਿਚ ਗਾਇਤ੍ਰੀ ਦਾ ਪਾਠ ਕੀਤਾ, ਏਸ ਕਰਕੇ ਗੁਰੂ ਸਾਹਿਬ ਗਾਇਤ੍ਰੀ ਭਗਤ ਸਨ। ਪਰ ਉਹ ਏਹ ਨਹੀਂ ਸੋਚਦੇ ਕਿ ਜੇ ਗੁਰੂ ਜੀ ਗਾਇਤ੍ਰੀ ਨੂੰ ਹਿੰਦੂਆਂ ਦੀ ਤਰ੍ਹਾਂ ਗੁਰਮੰਤ੍ਰ ਮੰਨਦੇ ਤਾਂ ਕਦੇ ਅਕਬਰ ਦੇ ਸਾਹਮਣੇ ਉਚਾਰਣ ਨਾ ਕਰਦੇ ਔਰ ਆਪਣੇ ਸਿੱਖਾਂ ਵਿਚ ਜ਼ਰੂਰ ਗਾਇਤ੍ਰੀ ਦਾ ਪ੍ਰਚਾਰ ਕਰਦੇ ।
ਕੇਵਲ ਗਾਇਤ੍ਰੀ ਅਥਵਾ ਵੇਦਾਂ ਦਾ ਗਿਆਤਾ ਹੋਣ ਕਰਕੇ ਕੋਈ ਪੁਰਸ਼ ਹਿੰਦੂ ਨਹੀਂ ਹੋ ਸਕਦਾ, ਜਦ ਤੋੜੀ ਉਹ ਇਨ੍ਹਾਂ ਦਾ ਸ਼ਰਧਾਲੂ ਨਾ ਹੋਵੇ।
ਇਸੀ ਤਰ੍ਹਾਂ ਜੇ ਕੋਈ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਏਹ ਤੁਕ :
ਦਿਤੀ ਬਾਂਗਿ ਨਿਵਾਜਿ ਕਰਿ ਸੁਨਿ ਸਮਾਨਿ ਹੋਆ ਜਹਾਨਾ।....॥੩੫॥
ਪੜ੍ਹ ਕੇ ਆਖੇ ਕਿ ਗੁਰੂ ਨਾਨਕ ਸਾਹਿਬ ਮੁਸਲਮਾਨ ਸਨ, ਤਾਂ ਉਸ ਦੀ ਮੂਰਖਤਾ ਹੈ।
ਵਾਹਿਗੁਰੂ ਕੀ ਥਾਪਨ ਥਪੈ।……..
ਸ਼੍ਰਤਿ ਸਿੰਮ੍ਰਤਿ ਕੇ ਰਾਹੁ ਨ ਚਾਲੇ।
ਮਨ ਕੋ ਮਤਿ ਕਰਿ ਭਏ ਨਿਰਾਲੇ ।"
ਦ੍ਰਿਜਾਂ ਦਾ ਮੁੱਖ ਸੰਸਕਾਰ ਜਨੇਊ ਧਾਰਨਾ ਹੈ, ਸੋ ਉਸ ਬਾਬਤ ਸਤਿਗੁਰੂ ਦੇ ਏਹ ਬਚਨ ਹਨ :
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣ ਥਿਆ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥
ਵੇਤਗਾ ਆਪੇ ਵਤੈ॥ ਵਟਿ ਧਾਗੇ ਅਵਰਾ ਘਤੈ ॥
ਲੈ ਭਾੜਿ ਕਰੇ ਵੀਆਹੁ ॥ ਕਢਿ ਕਾਗਲੁ ਦਸੇ ਰਾਹੁ ॥
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥
ਮਨਿ ਅੰਧਾ, ਨਾਉ ਸੁਜਾਣੁ ॥ (ਵਾਰ ਆਸਾ ਮ: ੧)
ਪਹਾੜੀ ਰਾਜਿਆਂ ਨੂੰ ਦਸਵੇਂ ਗੁਰੂ ਸਾਹਿਬ ਨੇ ਸਿੰਘ ਸਜਣ ਲਈ ਏਹ ਉਪਦੇਸ਼ ਦਿੱਤਾ :
ਝੂਠੇ ਜੰਞੂ ਜਤਨ ਤਿਆਗੋ ।
ਖੜਗ ਧਾਰ ਅਸਿਜੁਧ ਪਗ ਲਾਗੋ ।……. ।॥१०२॥....
ਬਿਖ੍ਯਾ ਕਿਰਿਆ ਭੱਦਣ ਤ੍ਯਾਗੋ।
ਜਟਾਜੂਟਾਂ ਰਹਿਬੋ ਅਨੁਰਾਗੋ।......॥੧੦੮॥
__________
੧. ਕੀਤੋਸੁ ਅਪਣਾ ਪੰਥ ਨਿਰਾਲਾ..॥੩੧॥ (ਭਾਈ ਗੁਰਦਾਸ, ਵਾਰ ੧)
੨. ਜਦ ਸਤਿਗੁਰਾਂ ਨੂੰ ਪੁਰੋਹਿਤ ਜਨੇਊ ਪਹਿਰਾਉਣ ਲੱਗਾ, ਤਦ ਗੁਰੂ ਨਾਨਕ ਦੇਵ ਸ੍ਵਾਮੀ ਨੇ ਏਹ ਸ਼ਬਦ ਉਚਾਰਿਆ ਹੈ।
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪ੍ਰਯੰਤ ਕਿਸੇ ਸਤਿਗੁਰੂ ਨੇ ਜਨੇਊ ਨਹੀਂ ਪਹਿਰਿਆ। ਕਿਤਨੇ ਕੁ ਸਿੱਖਾਂ ਨੇ ਕੁਸੰਗਤਿ ਦੇ ਕਾਰਣ ਗੁਰਬਾਣੀ ਦਾ ਭਾਵ ਸਮਝੇ ਬਿਨਾ ਅਨੇਕ ਝੂਠੀਆਂ ਸਾਖੀਆਂ ਬਣਾ ਕੱਢੀਆਂ ਹਨ, ਜੋ ਗੁਰੂ ਆਸ਼ੇ ਤੋਂ ਵਿਰੁੱਧ ਹੋਣ ਕਰਕੇ ਮੰਨਣ ਯੋਗ ਨਹੀਂ ਹਨ।
੩. ਏਹ ਸ਼ਰਤੀਆ ਕਲਮਾ ਹੈ, ਜਿਸ ਦਾ ਅਰਥ ਏਹ ਹੈ ਕਿ ਜੇ ਤੇਰੇ ਪਾਸ ਅਜੇਹਾ ਜਨੇਊ ਹੈ ਤਾਂ ਪਾ ਦੇ, ਨਹੀਂ ਤਾਂ ਸੂਤ ਦਾ ਜਨੇਊ ਅਸੀਂ ਨਹੀਂ ਪਹਿਰਣਾ ।
੪. ਚਾਰ ਕੌਡੀਆਂ ਨੂੰ।
੫. ਭਾੜਾ ਲੈ ਕੇ :
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ॥ (ਆਸਾ ਮ: ੪, ਪੰਨਾ ੪੩੫)
੬. ਤਿਥਿ ਪਤ੍ਰਾ, ਪੰਚਾਂਗ ਪਤ੍ਰ।
੭. ਪ੍ਰਪੰਚ, ਪਾਖੰਡ ।
੮. ਅਮੁੰਡਿਤ। ਸਿੱਖਾਂ ਵਿਚ ਏਹ ਸੰਕੇਤਕ ਪਦ ਹੋ ਗਿਆ ਹੈ।
ਇਸ ਦੇ ਉੱਤਰ ਵਿਚ ਰਾਜਿਆਂ ਨੇ ਆਖਿਆ :
ਇਹ ਤੋ ਰਹਿਤ ਕਠਿਨ, ਨਹਿੰ ਹੋਈ।
ਚਾਰ ਵਰਣ ਸੋਂ ਕਰਹਿੰ ਰਸੋਈ ॥੧੨੯॥....
ਬੇਦ ਲੋਕ ਮਤ ਸਰਬ ਤਿਆਗੀ ।
ਸ੍ਰੀ ਅਸਿਧੁਜ ਕੇ ਹੈਂ ਅਨੁਰਾਗੀ ॥੧੩੨॥....
ਦ੍ਰਿਜ ਖਤ੍ਰੀ ਪੂਤਾਨ ਕੇ ਜੰਝੂ ਧਰਮ ਤੁਰਾਇ।
ਲੈ ਭੋਜਨ ਇਕ ਠਾਂ ਕੀਓ ਬੂਡੀ ਬਾਤ ਬਨਾਇ ॥੧੩੯॥......
ਪੂਜਾ ਮੰਤ੍ਰ ਕ੍ਰਿਯਾ ਸੁਭ ਕਰਮਾ ।
ਇਹ ਹਮ ਤੇ ਛੂਟਤ ਨਹਿ ਧਰਮਾ।
ਪਿਤ੍ਰਿਦੰਡ ਦੇਵਨ ਕੇ ਕਾਮਾ।
ਕਤ ਛੂਟਤ ਹਮ ਸੇ ਅਭਿਰਾਮਾ ? ॥੧੫੦॥ (ਗੁਰੂ ਬਿਲਾਸ ਪਾ: ੧੦ ਕ੍ਰਿਤ ਸੁਖਾ ਸਿੰਘ ਅਧਿਆ ੧੧)
“ਗੁਰੂ ਕਾ ਸਿੰਘ ਜੰਝੂ ਟਿੱਕੇ ਦੀ ਕਾਣ ਨਾ ਕਰੇ ।” (ਰਹਿਤਨਾਮਾ ਭਾ: ਚੌਪਾ ਸਿੰਘ)
"ਜਨੇਊ ਪਾਇਕੇ ਵਿਵਾਹ ਸ਼ਾਧ ਪਿੰਡ ਆਦਿਕ ਨਾ ਕਰੇ। ਸਭ ਜੁਗਤ ਗੁਰੂ ਕੀ ਮਰਯਾਦਾ ਅਰਦਾਸ ਸੇ ਕਰੇ ।” (ਰ: ਭਾਈ ਦਯਾ ਸਿੰਘ)
ਹਿੰਦੂ : ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਲਿਖਿਆ ਹੈ ਕਿ :
ਗੁਰੂ ਨਾਨਕ ਸਾਹਿਬ ਲਾਲੋ ਤਰਖਾਣ ਦੇ ਘਰ ਗਏ, ਤਾਂ ਲਾਲੋ ਨੇ ਉਨ੍ਹਾਂ ਦੇ ਗਲ ਜਨੇਊ ਦੇਖ ਕੇ ਆਖਿਆ, “ਮਹਾਰਾਜ ! ਮੈਂ ਚੌਂਕਾ ਪਾ ਦਿੰਨਾ ਹਾਂ, ਆਪ ਆਪਣੇ ਹੱਥੀਂ ਪ੍ਰਸ਼ਾਦ ਬਣਾ ਲਓ, ਮੈਂ ਸ਼ੂਦਰ ਹੋਣ ਕਰਕੇ ਆਪ ਲਈ ਪ੍ਰਸ਼ਾਦ ਨਹੀਂ ਪਕਾ ਸਕਦਾ।" ਇਹ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, “ਭਾਈ ਲਾਲੋ ! ਸਾਰੀ ਜ਼ਮੀਨ ਹੀ ਚਉਂਕਾ ਹੈ, ਪ੍ਰਸ਼ਾਦ ਤਿਆਰ ਕਰ ਕੇ ਲੈ ਆ, ਕੁਛ ਭਰਮ ਨਾ ਕਰ।”
ਏਸ ਪ੍ਰਸੰਗ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਗਲ ਜਨੇਊ ਸੀ ।
ਸਿੱਖ : ਪਿਆਰੇ ਭਾਈ ! ਪਹਿਲਾਂ ਤਾਂ ਗੁਰਾਂ ਦੇ ਗਲ ਜਨੇਊ ਦਾ ਹੋਣਾ ਗੁਰਬਾਣੀ ਦੇ ਵਿਰੁੱਧ ਹੈ, ਭਲਾ ਜੇ ਤੇਰੇ ਆਖੇ ਏਸ ਪ੍ਰਮਾਣ ਤੋਂ ਜਨੇਊ ਦਾ ਹੋਣਾ ਸੱਚ ਮੰਨ ਲਈਏ, ਤਾਂ ਏਸ ਤੋਂ ਜਨੇਊ ਇਕ ਪ੍ਰਕਾਰ ਦਾ ਠੱਠਾ ਮਖੌਲ ਸਿੱਧ ਹੁੰਦਾ ਹੈ, ਔਰ ਜਾਤੀ ਵਰਣ ਦੀ ਰੀਤੀ ਪਰ ਚੌਂਕਾ ਪੈਂਦਾ ਹੈ। ਕਿਆ ਆਪ ਦੇ ਮਤ ਵਿਚ ਜਨੇਊ ਪਹਿਨ ਕੇ, ਬਿਨਾਂ ਚੌਂਕਾ ਪਾਏ ਔਰ ਸ਼ੂਦਰ ਦਾ ਪੱਕਿਆ ਅੰਨ ਖਾਣ, ਵਿਧਾਨ ਹੈ ? ਔਰ ਜੇ ਇਸ ਤਰ੍ਹਾਂ ਦੇ ਜਨੇਊ ਨਾਲ ਗੁਰੂ ਨਾਨਕ ਦੇਵ ਹਿੰਦੂ ਹੋ ਸਕਦੇ ਹਨ, ਤਾਂ ਭਾਈ ਗੁਰਦਾਸ ਜੀ ਦੀ ਪਹਿਲੀ
______________
੧. ਭਾਈ ਦਯਾ ਸਿੰਘ ਜੀ ਨੂੰ ਏਹ ਲਿਖਣ ਦੀ ਤਾਂ ਲੋੜ ਪਈ ਕਿ ਹਿੰਦੂ ਲੋਕ ਸਿੱਖਾਂ ਨੂੰ ਦੇਵ ਔਰ ਪਿਤ੍ਰ ਕਰਮ ਲਈ ਪ੍ਰੇਰਦੇ ਰਹਿੰਦੇ ਸਨ, ਔਰ ਕਈ ਅਗਿਆਨੀ ਜੋ ਧੱਕੇ ਚੜ੍ਹ ਜਾਂਦੇ, ਉਨ੍ਹਾਂ ਦੇ ਜਨੇਊ ਪਾ ਕੇ ਔਰ ਸਿੱਖੀ ਦੇ ਚਿੰਨ੍ਹ ਉਤਾਰ ਕੇ ਸ਼ਾਧ ਆਦਿਕ ਕਰਮ ਕਰਵਾਉਂਦੇ ਸਨ । ਜੇਹਾ ਕਿ ਹੁਣ ਭੀ ਕਈ ਇਕ ਨਾਉਂ ਧਰੀਕ ਸਿੱਖਾਂ ਨਾਲ ਵਰਤਾਉ ਹੁੰਦਾ ਹੈ, ਖ਼ਾਸ ਕਰ ਕੇ ਗਯਾ ਆਦਿਕ ਤੀਰਥਾਂ ਉੱਪਰ।
ਵਾਰ ਦੀ ਇਸ ਬਾਣੀ ਅਨੁਸਾਰ :
ਬਾਬਾ ਫਿਰ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ ॥.....॥੩੨॥
ਮੁਸਲਮਾਨ ਹੋਣਗੇ ?
ਹਿੰਦੂ : ਗੁਰੂ ਗ੍ਰੰਥ ਸਾਹਿਬ ਦੇ ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜਨੇਊ ਰਖਦੇ ਸਨ :
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ ॥ (ਆਸਾ ਮ: ੧, ਪੰਨਾ ੩੫੮)
ਸਿੱਖ : ਪਿਆਰੇ ਸੱਜਣ ਜੀ ! ਏਸ ਸ਼ਬਦ ਤੋਂ ਜਨੇਊ ਸਿੱਧ ਨਹੀਂ ਹੁੰਦਾ, ਸਗੋਂ ਜਨੇਊ ਦੀ ਮਹਿਮਾ ਘਟਦੀ ਹੈ, ਆਪ ਸਾਰਾ ਸ਼ਬਦ ਧਿਆਨ ਦੇ ਕੇ ਸੁਣੋ :
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ॥
ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥
ਤਉ ਕਾਰਣਿ ਸਾਹਿਬਾ ਰੰਗ ਰਤੇ ॥
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥
ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥
ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ ॥
ਤੂੰ ਸਾਹਿਬੁ ਹਉ ਸਾਂਗੀ ਤੇਰਾ, ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥ (ਆਸਾ ਮ: ੧, ਪੰਨਾ ੩੫੮)
ਇਸ ਸ਼ਬਦ ਵਿਚ ਭਗਵਾ ਪਹਿਰਣਾ, ਦਿਗੰਬਰ ਹੋਣਾ, ਮ੍ਰਿਗਛਾਲਾ ਪਰ ਬੈਠ ਕੇ ਜਾਪ ਕਰਨਾ, ਖੱਪਰ ਲੈ ਕੇ ਮੰਗਦੇ ਫਿਰਨਾ, ਦੰਭੀ, ਸੰਨਿਆਸੀ ਬਣਨਾ, ਚਰਮ ਪੋਸ਼ ਹੋਣਾ, ਬੋਦੀ ਜਨੇਊ ਔਰ ਧੋਤੀ ਦਾ ਰੱਖਣਾ, ਇਤਿਆਦਿਕ ਸਭ ਭੇਖਾਂ ਨੂੰ ਸ੍ਵਾਂਗ ਕਥਨ ਕੀਤਾ ਹੈ । ਔਰ ਅੰਤ ਨੂੰ ਆਪਣਾ ਏਹ ਸਿਧਾਂਤ ਪ੍ਰਗਟ ਕਰਿਆ ਹੈ ਕਿ ਆਦਮੀ ਦੀ ਕੋਈ ਜਾਤੀ ਨਹੀਂ, ਕੇਵਲ ਅਗਿਆਨ ਦੀ ਕਲਪਨਾ ਹੈ।
ਹਿੰਦੂ : ਦੇਖੋ ਬਚਿੱਤ੍ਰ ਨਾਟਕ ਦੇ ਇਸ ਬਚਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਨੇਊ ਪਹਿਰਣਾ ਸਿੱਧ ਹੁੰਦਾ ਹੈ :
ਤਿਲਕ ਜੰਵੂ ਰਾਖਾ ਪ੍ਰਭੁ ਤਾਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥੧੩॥ (ਬਚਿਤ੍ਰ ਨਾਟਕ ਅਧਿਆ ੫)
ਸਿੱਖ : ਵਿਆਕਰਣਵੇਤਾ ਹਿੰਦੂ ਭਾਈ! ਇਸ ਦਾ ਏਹ ਅਰਥ ਹੈ ਕਿ ਕਸ਼ਮੀਰੀ ਬ੍ਰਾਹਮਣ ਜੋ ਜਨੇਊ ਉਤਰਨ ਦੇ ਭੈ ਕਰਕੇ ਸਤਿਗੁਰ ਦੀ ਸ਼ਰਨ ਆਏ ਸਨ, ਉਨ੍ਹਾਂ ਦਾ
(ਤਾਕਾ) ਤਿਲਕ ਔਰ ਜਨੇਊ ਸਵਾਮੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਦਿੱਤਾ ।'
ਜਨੇਊ ਦੀ ਮਹਿਮਾ ਖੰਡੇ ਦੇ ਅੰਮ੍ਰਿਤ ਤੋਂ ਹੀ ਨਹੀਂ ਘਟੀ, ਬਲਕਿ ਪਹਿਲੇ ਸਹਿਜਧਾਰੀ ਸਿਖ ਭੀ ਇਸ ਦੀ ਕੁਛ ਕਦਰ ਨਹੀਂ ਕਰਦੇ ਸਨ, ਔਰ ਜਨੇਊ ਨੂੰ ਮਾਮੂਲੀ ਡੋਰੇ ਤੋਂ ਵੱਧ ਕੇ ਹੋਰ ਕੁਛ ਨਹੀਂ ਜਾਣਦੇ ਸਨ । ਇਸ ਦੀ ਪੁਸ਼ਟੀ ਵਾਸਤੇ ਦੇਖੋ ਦਬਿਸਤਾਨ ਮਜ਼ਾਹਬ ਦਾ ਪ੍ਰਸੰਗ :
“ਸਾਦਾ ਨਾਮਕ ਗੁਰੂ ਦਾ ਸਿਖ ਜੋ ਪੂਰਾ ਸਿਦਕੀ ਸੀ, ਇਕ ਵਾਰ ਮੇਰੇ ਨਾਲ ਕਾਬਲ ਤੋਂ ਪੰਜਾਬ ਤਾਈਂ ਆਇਆ, ਰਸਤੇ ਵਿਚ ਅਚਾਨਕ ਮੇਰੀ ਪੋਸਤੀਨ ਦੀ ਤਣੀ ਟੁੱਟ ਗਈ, ਸਾਦੇ ਨੇ ਝੱਟ ਆਪਣਾ ਜਨੇਊ ਲਾਹ ਕੇ ਪੋਸਤੀਨ ਨੂੰ ਬੰਨ੍ਹ ਦਿੱਤਾ । ਮੈਂ ਉਸ ਨੂੰ ਆਖਿਆ ਕਿ ਤੈਂ ਏਹ ਕੀ ਕੀਤਾ ? ਸਾਦੇ ਨੇ ਉੱਤਰ ਦਿੱਤਾ ਕਿ ਜਨੇਊ ਗਲ ਵਿਚ ਰੱਖਣ ਦਾ ਏਹੀ ਲਾਭ ਹੈ ਕਿ ਵੇਲੇ ਸਿਰ ਡੋਰਾ ਕੰਮ ਆਏ, ਜੇ ਮੈਂ ਆਪਣੇ ਸੱਜਣ ਦਾ ਕੰਮ ਏਸ ਨਾਲ ਨਾ ਸਵਾਰਾਂ ਤਾਂ ਮੈਨੂੰ ਜਨੇਊ ਰੱਖਣ ਤੋਂ ਕੀ ਫਾਇਦਾ ਹੈ ?" (ਤਾਲੀਮ ੨, ਨਜ਼ਰ ੨੪)
ਆਪ ਜਾਤੀ ਅਭਿਮਾਨੀ ਬ੍ਰਾਹਮਣਾਂ ਨੂੰ ਪੂਜਯ ਮੰਨਦੇ ਔਰ ਦਾਨ ਦਿੰਦੇ ਹੋ, ਪਰ ਸਾਡੇ ਸਤਿਗੁਰਾਂ ਨੇ ਗੁਰਸਿਖਾਂ ਨੂੰ ਦਾਨ ਸਨਮਾਨ ਦਾ ਅਧਿਕਾਰੀ ਠਹਿਰਾਇਆ ਹੈ, ਯਥਾ:
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥ ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥ (ਗਉੜੀ ਮ: ੪, ਪੰਨਾ ੧੬੪)
______________
੧. ਇਸ ਉਪਕਾਰ ਦਾ ਬਦਲਾ ਹੁਣ ਕ੍ਰਿਤ ਹਿੰਦੂਆਂ ਵਲੋਂ ਏਹ ਹੋ ਰਹਿਆ ਹੈ ਕਿ ਜਿਥੋਂ ਤੋੜੀ ਹੋ ਸਕਦਾ ਹੈ, ਸਿੱਖਾਂ ਦੇ ਕੇਸ ਆਦਿਕ ਚਿੰਨ੍ਹ ਮਿਟਾਉਣ ਵਿਚ ਪੂਰਾ ਯਤਨ ਕੀਤਾ ਜਾਂਦਾ ਹੈ। ਕਈ ਅਗਿਆਨੀ ਧਰਮ ਤੋਂ ਪਤਿਤ ਸਿੱਖ, ਜੋ ਬ੍ਰਾਹਮਣਾਂ ਦੇ ਧੱਕੇ ਚੜ੍ਹ ਜਾਂਦੇ ਹਨ, ਉਨ੍ਹਾਂ ਨੂੰ ਪੰਡਿਤ ਜੀ ਦੀ ਆਗਿਆ ਹੁੰਦੀ ਹੈ ਕਿ ਕੱਛ ਔਰ ਕੜਾ ਲਾਹ ਕੇ ਸੰਕਲਪ ਕਰਵਾਓ।
ਜੇ ਵਿਚਾਰ ਨਾਲ ਦੇਖਿਆ ਜਾਵੇ ਤਾਂ ਜੋ ਸਲੂਕ ਔਰੰਗਜ਼ੇਬ ਵਲੋਂ ਜਨੇਊ ਟਿੱਕੇ ਉਤਾਰਣ ਦਾ ਹਿੰਦੂਆਂ ਨਾਲ ਹੁੰਦਾ ਸੀ, ਏਸ ਵੇਲੇ ਓਹੀ ਸਲੂਕ ਸ੍ਵਾਰਥੀ ਹਿੰਦੂਆਂ ਦੀ ਤਰਫੋਂ ਸਿੱਖਾਂ ਨਾਲ ਹੋ ਰਹਿਆ ਹੈ, ਉਹ ਆਪਣਾ ਮੁਖ ਕਰਤੱਵ ਏਹ ਜਾਣਦੇ ਹਨ ਕਿ ਜਿਥੋਂ ਤੋੜੀ ਹੋ ਸਕੇ, ਸਿੱਖਾਂ ਦੇ ਚਿੰਨ੍ਹ ਦੂਰ ਕੀਤੇ ਜਾਣ ਔਰ ਆਪਣੇ ਨਾਲ ਮਿਲਾ ਕੇ ਸਿੱਖ ਨਾਮ ਮਿਟਾ ਦਿੱਤਾ ਜਾਵੇ। ਇਸੇ ਉਦੇਸ਼ ਨੂੰ ਮਨ ਵਿਚ ਰੱਖ ਕੇ 'ਹਮ ਹਿੰਦੂ ਨਹੀਂ" ਦਾ ਵਿਰੋਧ ਕੀਤਾ ਜਾ ਰਿਹਾ ਹੈ।
੨. ਇਸ ਕਿਤਾਬ ਦਾ ਕਰਤਾ ਮੁਹਸਨਫ਼ਾਨੀ ਈਰਾਨ ਨਿਵਾਸੀ ਸੀ, ਔਰ ਉਸ ਨੇ ਹਿੰਦੁਸਤਾਨ ਵਿਚ ਫਿਰ ਕੇ ਸਭ ਮਤਾਂ ਦਾ ਹਾਲ ਲਿਖਿਆ ਹੈ। ਮੁਹਸਨਫ਼ਾਨੀ ਨੇ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਹਰਿ ਰਾਇ ਸਾਹਿਬ ਔਰ ਬਾਬਾ ਗੁਰਦਿੱਤਾ ਜੀ ਦਾ ਦਰਸ਼ਨ ਕੀਤਾ ਔਰ ਸਤਿਗੁਰਾਂ ਦੇ ਦੀਵਾਨਾਂ ਵਿਚ ਹਾਜ਼ਰ ਹੁੰਦਾ ਰਹਿਆ। ਉਸ ਦੇ ਲੇਖ ਤੋਂ ਏਹ ਭੀ ਪ੍ਰਗਟ ਹੁੰਦਾ ਹੈ ਕਿ ਛੇਵੇਂ ਸਤਿਗੁਰਾਂ ਨਾਲ ਉਸ ਦਾ ਪਤ੍ਰ ਵਿਵਹਾਰ ਸੀ।
੩. ਗੁਰਮਤ ਵਿਚ ਤੁਲਾ ਦਾਨ, ਛਾਯਾ ਪਾਤ੍ਰ ਆਦਿਕ ਦਾਨ ਵਿਧਾਨ ਨਹੀਂ। ਜੋ ਸਿੱਖ ਹਿੰਦੂਆਂ ਦੇ ਦਾਨ ਦੀ ਨਕਲ ਕਰ ਕੇ ਸਿੱਖਾਂ ਨੂੰ ਦਿੰਦੇ ਹਨ, ਉਹ ਦੋਵੇਂ ਹੀ (ਲੈਣ ਔਰ ਦੇਣ ਵਾਲੇ) ਖਾਲਸਾ ਧਰਮ ਤੋਂ ਪਤਿਤ ਹਨ। ਗੁਰਸਿੱਖਾਂ ਨੂੰ ਸਿੱਖਾਂ ਦਾ ਦੇਣਾ ਐਸਾ ਹੈ, ਜੈਸੇ ਆਪਣੇ ਭਾਈਆਂ ਨੂੰ ਸਹਾਇਤਾ ਦੇਣੀ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਦਾਨ ਕਰਨ ਦਾ ਏਹ ਤਰੀਕਾ ਦੱਸਿਆ ਹੈ ਕਿ ਆਪਣੀ ਕਮਾਈ ਵਿਚੋਂ ਦਸਵਾਂ ਹਿੱਸਾ ਧਰਮ ਦੇ ਕੰਮਾਂ ਲਈ ਕੱਢੋ, ਔਰ ਉਸ ਨੂੰ ਪੰਜਾਂ ਪਿਆਰਿਆਂ ਦੀ ਸੰਮਤੀ ਨਾਲ ਕੌਮ ਦੀ ਸੇਵਾ ਲਈ ਖ਼ਰਚ ਕਰੋ। ਜੋ ਸਿੱਖ, ਬ੍ਰਾਹਮਣਾਂ ਦੀ ਨਕਲ ਕਰ ਕੇ ਦਾਨ ਕਰਦੇ ਹਨ, ਉਹ ਗੁਰਮਤਿ ਤੋਂ ਅਗਿਆਤ ਹਨ।
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ
ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ (ਵਾਰ ਗਉੜੀ ਮ: ੪, ਪੰਨਾ ੩੭੧)
ਸੇਵ ਕਰੀ ਇਨ ਹੀ ਕੀ ਭਾਵਤ
ਅਉਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨ ਹੀ ਕੋ ਭਲੋ
ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥
ਆਗੈ ਫਲੈ ਇਨ ਹੀ ਕੋ ਦਯੋ
ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
ਮੋ ਗ੍ਰਹਿ ਮੈ ਤਨ ਤੇ ਮਨ ਤੇ
ਸਿਰ ਲਉ ਧਨ ਹੈ ਸਭ ਹੀ ਇਨਹੀ ਕੋ ॥੩॥ (ਕੇਸੋ ਪ੍ਰਬੋਧ ਪਾ: ੧੦)
ਹਿੰਦੂ : ਏਹ ਤਾਂ ਗੁਰੂ ਸਾਹਿਬ ਨੇ ਬ੍ਰਾਹਮਣਾਂ ਦੀ ਮਹਿਮਾ ਵਿਚ ਸਵਈਏ ਉਚਾਰੇ ਹਨ ਔਰ ਬ੍ਰਾਹਮਣਾਂ ਨੂੰ ਦਾਨ ਦੇਣ ਦਾ ਹੁਕਮ ਦਿੱਤਾ ਹੈ, ਆਪ ਇਸ ਦੇ ਅਰਥ ਸਿੱਖਾਂ ਵਾਸਤੇ ਕਿਸ ਤਰ੍ਹਾਂ ਲਾਉਂਦੇ ਹੋ ?
ਸਿੱਖ : ਪਿਆਰੇ ਹਿੰਦੂ ਜੀ ! ਇਨ੍ਹਾਂ ਸਵੈਯਾਂ ਵਿਚ ਗੁਰੂ ਸਾਹਿਬ ਬ੍ਰਾਹਮਣ ਨੂੰ ਸੰਬੋਧਨ ਕਰ ਕੇ ਆਖਦੇ ਹਨ :
ਜੋ ਕਿਛੁ ਲੇਖ ਲਿਖਿਓ ਬਿਧਨਾ
ਸੋਈ ਪਾਯਤੁ ਮਿਸ੍ਰ ਜੂ ਸ਼ੋਕ ਨਿਵਾਰੋ ॥ ॥੧॥ (ਕੇਸੋ ਪ੍ਰਬੋਧ ਪਾ: ੧੦)
ਇਸ ਗੁਫ਼ਤਗੂ ਵਿਚ ਗੁਰੂ ਸਾਹਿਬ ਉੱਤਮ ਪੁਰਸ਼ ਹਨ, ਮਿਸ੍ਰ ਜੀ ਦੁਤਿਯ ਪੁਰਸ਼ ਹੈ (ਜਿਸ ਨਾਲ ਗੱਲ ਬਾਤ ਹੋ ਰਹੀ ਹੈ) ਔਰ ਖਾਲਸਾ ਤ੍ਰਿਤੀਯ (ਅੰਨ੍ਯ) ਪੁਰਸ਼ ਹੈ। ਇਸ ਵਾਸਤੇ 'ਇਨ ਹੂੰ' ਪਦ ਬ੍ਰਾਹਮਣਾਂ ਲਈ ਨਹੀਂ ਆ ਸਕਦਾ। ਇਸ ਵਿਆਕਰਣ ਸਬੰਧੀ ਚਰਚਾ ਨੂੰ ਜਾਣ ਦਿਓ, ਅਸੀਂ ਆਪ ਨੂੰ ਅੰਤ ਦੇ ਦੋਹਰੇ ਤੋਂ ਹੀ ਅੱਛੀ ਤਰ੍ਹਾਂ ਸਮਝਾ ਦੇਂਦੇ ਹਾਂ ਕਿ ਇਹ ਸਵਈਏ ਖਾਲਸੇ ਦੀ ਮਹਿਮਾ ਵਿਚ ਹਨ, ਯਥਾ:
ਚਟੁਪਟਾਇ ਚਿਤ ਮੈ ਜਰਿਓ ਤ੍ਰਿਣ ਜਿਉਂ ਕ੍ਰੋਧਤ ਹੋਇ ॥
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰਜੂ ਰੋਇ ॥੪॥ (ਕੇਸੋ ਪ੍ਰਬੋਧ ਪਾ: ੧੦)
ਅਰਥਾਤ ਗੁਰੂ ਸਾਹਿਬ ਨੇ ਨਿਤ ਵਾਸਤੇ ਜੋ ਨਵਾਂ ਰਸਤਾ ਚਲਾ ਦਿੱਤਾ ਕਿ ਬ੍ਰਾਹਮਣਾਂ ਨੂੰ ਦਾਨ ਨਾ ਦਿੱਤਾ ਜਾਵੇ ਔਰ ਗੁਰਸਿੱਖਾਂ ਨੂੰ ਹੀ ਪੂਰਣ ਅਧਿਕਾਰੀ ਸਮਝਿਆ ਜਾਵੇ, ਇਸ ਪਰ ਮਿਸ੍ਰ ਨੂੰ ਬਡੀ ਚਟਪਟੀ ਲੱਗੀ ਔਰ ਰੋ ਪਿਆ। ਆਪ ਹੀ ਵਿਚਾਰ ਕੇ ਦੱਸੋ, ਕਿ ਜੇ ਬ੍ਰਾਹਮਣਾਂ ਦੇ ਹੱਕ ਵਿਚ ਸਤਿਗੁਰਾਂ ਦਾ ਹੁਕਮ ਹੁੰਦਾ ਤਾਂ ਮਿਸ ਰੋਂਦਾ, ਜਾਂ ਹਸਦਾ ? ਔਰ ਦੇਖੋ ! ਸਾਡੇ ਅਰਥ ਦੀ ਤਾਈਦ ਵਿਚ ਭਾਈ ਮਨੀ ਸਿੰਘ ਜੀ ਸ੍ਰੀ ਕਲਗੀਧਰ ਦੇ
________________
੧. ਰਿਆਸਤ ਜੀਂਦ ਵਿਚ ਇਕ ਦਸਮ ਗ੍ਰੰਥ ਹੈ, ਉਸ ਵਿਚ ਇਕ ਏਹ ਦੋਹਿਰਾ ਭੀ ਹੈ, ਜੋ ਹੋਰਨਾਂ ਬੀੜਾਂ ਵਿਚ ਨਹੀਂ ਦੇਖਿਆ ਗਿਆ :
ਆਸ ਨ ਕਰ ਤੂੰ ਬ੍ਰਾਹਮਣਾ, ਨਾ ਪਰਸੋ ਪਗ ਜਾਇ॥
ਪ੍ਰਭੂ ਤਯਾਗ ਦੂਜੇ ਲਗੇ ਕੁੰਭਿ ਨਰਕ ਮੇਂ ਪਾਇ॥
ਹਜ਼ੂਰੀਏ ਕੀ ਆਖਦੇ ਹਨ:
“ਬ੍ਰਾਹਮਣ ਵੇਦ ਪਾਠ ਤੇ ਦੇਹ ਅਭਿਮਾਨੀ ਕਰਮਕਾਂਡੀ ਸੇ, ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਵਡਿਆਈ ਤੇ ਗੁਰਿਆਈ ਬਖਸ਼ੀ, ਤਾਂ ਬ੍ਰਾਹਮਣਾਂ" ਰੋਇ ਦਿਤਾ।” (ਭਗਤ ਰਤਨਾਵਲੀ)
ਹਿੰਦੂ : ਆਪ ਬ੍ਰਾਹਮਣਾਂ ਬਾਬਤ ਏਹ ਆਖਦੇ ਹੋ, ਪਰ ਸੁਖਮਨੀ ਵਿਚ ਬ੍ਰਾਹਮਣਾਂ ਨੂੰ ਨਮਸਕਾਰ ਕਰਨੀ ਲਿਖੀ ਹੈ, ਯਥਾ:
ਸੋ ਪੰਡਿਤੁ ਜੋ ਮਨੁ ਪਰਬੋਧੈ ॥
ਰਾਮ ਨਾਮੁ ਆਤਮ ਮਹਿ ਸੋਧੈ।.....
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲੁ ॥
ਸੂਖਮ ਮਹਿ ਜਾਨੈ ਅਸਥੂਲੁ ॥
ਚਹੁ ਵਰਨਾ ਕਉ ਦੇ ਉਪਦੇਸੁ ॥
ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥ (ਗਉੜੀ ਸੁਖਮਨੀ ਮ: ੫, ਪੰਨਾ ੨੭੪)
ਸਿੱਖ : ਪਿਆਰੇ ਹਿੰਦੂ ਜੀ ! ਗੁਰੂ ਸਾਹਿਬ ਜਾਤੀ ਨੂੰ ਮੁੱਖ ਨਾ ਰੱਖ ਕੇ ਗੁਣ ਨੂੰ ਪ੍ਰਧਾਨ ਮੰਨਦੇ ਹੋਏ ਪੰਡਿਤ ਦੇ ਲੱਛਣ ਦੱਸਦੇ ਹਨ ਕਿ ਜੇ ਕੋਈ ਇਨ੍ਹਾਂ ਲੱਛਣਾਂ ਨੂੰ ਧਾਰਨ ਕਰਦਾ ਹੈ ਓਸ ਨੂੰ ਪੰਡਿਤ ਸਮਝੋ, ਔਰ ਜਨੇਊ ਟਿੱਕੇ ਦੇ ਧੋਖੇ ਵਿਚ ਫਸ ਕੇ ਜਾਤੀ-ਅਭਿਮਾਨੀ ਬ੍ਰਾਹਮਣਾਂ ਨੂੰ ਪੰਡਿਤ ਨਾ ਮੰਨੋ'।
ਦੇਖੋ ! ਇਸ ਸ਼ਬਦ ਵਿਚ ਕੈਸਾ ਉੱਤਮ ਉਪਦੇਸ਼ ਹੈ ਕਿ 'ਪੰਡਿਤ' ਓਹ ਹੈ ਜੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਪਦੇਸ਼ ਦੇਂਦਾ ਹੈ, ਔਰ ਸਰਬ ਵਿਆਪੀ ਵਾਹਿਗੁਰੂ (ਰਾਮ)
________________
੧. ਪੁਸਤਕ ਸਰਬ ਲੋਹ ਅਥਵਾ ਲੋਹ ਪ੍ਰਕਾਸ਼ ਦੇ ਪੰਨਾ ੬੬੭-੬੯ ਵਿਚ ਭੀ ਏਸ ਅਰਥ ਦੀ ਪੁਸ਼ਟੀ ਹੈ, ਯਥਾ:
ਖਾਲਸਾ ਮੇਰੋ ਰੂਪ ਹੈ ਖਾਸ ॥
ਖਾਲਸੇ ਮਹਿ ਹੌ ਕਰੋ ਨਿਵਾਸ॥ ॥੧॥...
ਹੌ ਖਾਲਸੇ ਕੋ ਖਾਲਸਾ ਮੇਰੋ ॥
ਓਤ ਪੋਤਿ ਸਾਗਰ ਬੂੰਦੇਰੋ ॥੧੦॥.....
ਸੇਵਾ ਖਾਲਸੇ ਕੀ ਸਫਲ ਪੂਜਾ ਸਤ੍ਰਨ ਅਰਘਪਾਦ ॥
ਦਾਨ ਮਾਨ ਸਨਮਾਨ ਕਰ ਖੋੜਸ ਬਿਧਿ ਕੋ ਸ੍ਵਾਦ ॥੫॥
ਆਨ ਦੇਵ ਨਹਿ ਸਫਲ ਕਛੁ ਈਤ ਉਤ ਪਰਲੋਕ ॥
ਨਿਹਫਲ ਸੇਵਾ ਤਿਸ ਬਿਨਾ ਕਬੀ ਹਰਖ ਕਬਿ ਸ਼ੋਕ ॥੬॥
ਭਾਈ ਨੰਦ ਲਾਲ ਜੀ ਖਾਲਸੇ ਦੀ ਮਹਿਮਾ ਕਥਨ ਕਰਦੇ ਹਨ :
ਹਮ ਫ਼ਲਕ ਬੰਦਹ ਸੰਗਤਾਨਸ਼ ਰਾ।
ਹਮ ਮਲਕ ਬੰਦਹ ਸੰਗਤਾਨਸ਼ ਰਾ ॥੧॥ (ਤੌਸੀਫੋਸਨਾ ਭਾਈ ਨੰਦ ਲਾਲ)
੨. ਗੁਰੂ ਅਮਰਦਾਸ ਸਾਹਿਬ ਭੀ ਪੰਡਿਤ ਦੇ ਲੱਛਣ ਕਥਨ ਕਰਦੇ ਹਨ :
ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥......
ਸਤਿਗੁਰ ਕੀ ਓਹੁ ਦੀਖਿਆ ਲੇਇ॥
ਸਤਿਗੁਰ ਆਗੈ ਸੀਸੁ ਧਰੇਇ ॥....
ਸਭਨਾਂ ਮਹਿ ਏਕੋ ਏਕੁ ਵਖਾਣੈ ॥
ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥ (ਮਲਾਰ ਮ: ੩, ਪੰਨਾ ੧੨੬੧)
ਨਾਮ ਦੇ ਭਾਵ ਅਰਥ ਨੂੰ ਮਨ ਵਿਚ ਵਿਚਾਰਦਾ ਹੈ, ਔਰ ਵੇਦ ਪੁਰਾਨ ਸਿਮ੍ਰਤੀ ਆਦਿਕਾਂ ਦੀ ਅਸਲੀਅਤ ਨੂੰ ਸਮਝਦਾ ਹੈ, ਔਰ ਸਾਰੇ ਪ੍ਰਪੰਚ ਨੂੰ ਉਸ ਵਾਹਿਗੁਰੂ ਤੋਂ ਹੋਇਆ ਮੰਨਦਾ ਹੈ, (ਇਹ ਨਹੀਂ ਕਿ ਕਈ ਅਨਾਦੀ ਪਦਾਰਥ ਮੰਨ ਕੇ ਪ੍ਰਮਾਤਮਾ ਦੇ ਅਦੁਤਿਯ ਹੋਣ ਦਾ ਵਿਰੋਧੀ ਬਣਦਾ ਹੈ) ਔਰ ਚਹੁੰ ਵਰਨਾਂ ਨੂੰ ਇਕ ਪਿਤਾ ਦੇ ਪੁੱਤ੍ਰ ਮੰਨ ਕੇ ਭਾਈਆਂ ਦੀ ਤਰ੍ਹਾਂ ਪਿਆਰ ਕਰਦਾ ਔਰ ਸੱਚਾ ਉਪਦੇਸ਼ ਦੇਂਦਾ ਹੈ, (ਇਹ ਨਹੀਂ ਕਿ ਸ਼ੂਦਰ ਨੂੰ ਧਰਮ ਦਾ ਉਪਦੇਸ਼ ਹੀ ਨਹੀਂ ਕਰਨਾ ਔਰ ਓਸ ਨੂੰ ਅਕਾਲ ਦੀ ਗੱਲ ਹੀ ਨਹੀਂ ਸਿਖਾਉਣੀ ਜਿਹਾ ਕਿ ਮਨੂੰ ਔਰ ਵਿਸ਼ਿਸ਼ਟ ਆਪਣੀਆਂ ਸਿਮ੍ਰਤੀਆਂ ਵਿਚ ਲਿਖਦੇ ਹਨ) ਸ੍ਰੀ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਇਨ੍ਹਾਂ ਗੁਣਾਂ ਵਾਲਾ ਜੋ ਕੋਈ ਪੁਰਸ਼ ਹੈ ਓਹੋ ਪੰਡਿਤ ਹੈ ਔਰ ਓਹ ਨਮਸਕਾਰ ਯੋਗ ਹੈ ।
ਆਪ ਜਿਨ੍ਹਾਂ ਜਾਤੀ ਅਭਿਮਾਨੀਆਂ ਨੂੰ ਪੰਡਿਤ ਸੱਦਦੇ ਹੋ, ਉਹਨਾਂ ਬਾਬਤ ਗੁਰੂ ਸਾਹਿਬ ਇਹ ਕਥਨ ਕਰਦੇ ਹਨ :
ਲੋਭੀ ਅਨਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨਾ ਪਾਰੁ ॥੩॥
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥ (ਸਿਰੀ ਰਾਗੁ ਮ: ੩, ਪੰਨਾ ੩੦)
ਮਨਮੁਖ ਪੜਹਿ ਪੰਡਿਤ ਕਹਾਵਹਿ ॥
ਦੂਜੈ ਭਾਇ ਮਹਾ ਦੁਖੁ ਪਾਵਹਿ ॥.....
ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥
ਵਾਦੁ ਵਖਾਣਹਿ ਮੋਹੇ ਮਾਇਆ ॥ (ਮਾਝ ਮ: ੩, ਪੰਨਾ ੧੨੮)
ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕੈ ਵਾਪਾਰਿ ॥
ਅੰਤਰਿ ਤ੍ਰਿਸਨਾ ਭੁਖ ਹੈ, ਮੂਰਖ ਭੁਖਿਆ ਮੁਏ ਗਵਾਰ ॥ (ਵਾਰ ਸੋਰਠਿ ਮ: ੩, ਪੰਨਾ ੬੪੭)
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਅਨਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ (ਸਿਰੀ ਰਾਗੁ ਮ: ੧, ਪੰਨਾ ੫੬)
ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜਾ ਮੋਠ ਜਿਨੇਹਾ ॥
ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥
ਕੁੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥
ਸਚੁ ਕਹੈ ਤਾ ਛੋਹੋ“ ਆਵੈ ਅੰਤਰਿ ਬਹੁਤਾ ਰੋਹਾ ॥
_____________
੧. ਹੋਰ ਨੂੰ ਅਰਥਾਤ ਵਾਹਿਗੁਰੂ ਤੋਂ ਵਿਮੁਖ ਹੋ ਕੇ ਤੇਤੀ ਕੋਟਿ ਦੇਵਤਿਆਂ ਨੂੰ।
੨. ਪ੍ਰਤਿਪਾਲਕ ।
੩. ਕੁੜਕੁੜੂ, ਜੋ ਰਿੱਝਣ ਵਿਚ ਨਹੀਂ ਆਉਂਦਾ:
ਜੈਸੇ ਪਾਹਨੁ ਜਲ ਮਹਿ ਰਾਖਿਓ, ਭੇਦੈ ਨਾਹਿ ਤਿਹ ਪਾਨੀ ॥
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥ (ਬਿਲਾਵਲੁ ਮ: ੯, ਪੰਨਾ ੮੩੧)
੪. ਮਨ ਇਸਥਿਤ ਨਹੀਂ, ਇਸ ਵਾਸਤੇ ਲਾਲਚ ਦੇ ਅਧੀਨ ਭੱਜਿਆ ਫਿਰਦਾ ਹੈ।
੫. ਕ੍ਰੋਧ, ਜੋਸ਼।
ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ॥
ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥
ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ
ਤਾਂ ਉਘੜਿ ਆਇਆ ਲੋਹਾ ॥ (ਵਾਰ ਰਾਮਕਲੀ ਮ: ੫, ਪੰਨਾ ੯੬੦)
(੩) ਅਵਤਾਰ ੧
ਆਪ ਅਵਤਾਰਾਂ ਨੂੰ ਈਸ਼ਵਰ ਦਾ ਰੂਪ ਮੰਨਦੇ ਔਰ ਉਨ੍ਹਾਂ ਦੀ ਉਪਾਸ਼ਨਾ ਕਰਦੇ ਹੋ, ਪਰ ਸਿੱਖ ਧਰਮ ਵਿਚ ਇਹ ਕਥਨ ਕੀਤਾ ਗਿਆ ਹੈ :
ਅਵਤਾਰ ਨ ਜਾਨਹਿ ਅੰਤੁ ॥
ਪਰਮੇਸਰੁ ਪਾਰਬ੍ਰਹਮ ਬੇਅੰਤੁ ॥ (ਰਾਮਕਲੀ ਮ: ੫, ਪੰਨਾ ੮੯੫)
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥ (ਭੈਰਉ ਮ: ੫, ਪੰਨਾ ੧੧੩੬)
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥ (ਆਸਾ ਮ: ੩, ਪੰਨਾ ੪੨੩)
ਕੋਟ ਬਿਸਨ ਅਵਤਾਰ ਸੰਕਰ ਜਟਾਧਾਰ ॥
ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥ (ਆਸਾ ਛੰਤ ਮ: ੫, ਪੰਨਾ ੪੫੫)
ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥
ਤਿਨ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥ (ਸੂਹੀ ਮ: ੫, ਪੰਨਾ 747)
ਬਿਨ ਕਰਤਾਰ ਨ ਕਿਰਤਮ ਮਾਨੋ॥
ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ॥ (ਸ਼ਬਦ ਹਜਾਰੇ ਪਾ: ੧੦)
ਤਾਤ ਮਾਤ ਨ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ ॥
ਕਉਨ ਕਾਜ ਕਹਾਂਹਿੰਗੇ ਤੇ ਆਨ ਦੇਵਕਿ ਨੰਦ ॥ (ਸ਼ਬਦ ਹਜਾਰੇ ਪਾ: ੧੦)
______________
੧. ਸਿੱਖ ਧਰਮ ਵਿਚ ਕਿਸੇ ਅਵਤਾਰ ਪੈਗੰਬਰ ਆਦਿਕ ਦੀ ਨਿੰਦਾ ਨਹੀਂ ਹੈ, ਔਰ ਨਾ ਕਿਸੇ ਉਪਕਾਰੀ ਔਰ ਸ੍ਰੇਸ਼ਟ ਪੁਰਸ਼ ਦੀ ਕਿਸੀ ਪ੍ਰਕਾਰ ਨਿਊਨਤਾ ਦੱਸੀ ਗਈ ਹੈ, ਕੇਵਲ ਏਹ ਉਪਦੇਸ਼ ਹੈ ਕਿ ਵਾਹਿਗੁਰੂ ਜਨਮ ਮਰਨ ਤੋਂ ਰਹਿਤ ਹੈ ਔਰ ਉਪਾਸ਼ਨਾ ਯੋਗ ਹੈ। ਅਵਤਾਰ ਆਦਿਕ ਸਭ ਉਸ ਦੇ ਆਗਿਆਕਾਰੀ ਬੰਦੇ ਹਨ।
੨. ਹੇ ਦਯਾਲੂ !
੩. ਮੱਛ, ਕੱਛ, ਵੈਰਾਹ, ਨਰਸਿੰਘ, ਬਾਵਨ, ਬੁੱਧ, ਪਰਸੁ ਰਾਮ, ਰਾਮ ਚੰਦਰ, ਕ੍ਰਿਸ਼ਨ ਅਤੇ ਕਲਕੀ।
੪. ਭਾਈ ਨੰਦ ਲਾਲ ਜੀ 'ਤੌਸੀਫੋਸਨਾ' ਵਿਚ ਲਿਖਦੇ ਹਨ :
ਮਰ ਊ ਰਾ ਨ ਮਾਦਰਨ ਊ ਰਾ ਪਿਦਰ ।
ਨਾ ਊ ਰਾ ਬਿਰਾਦਰ ਨ ਊ ਰਾ ਪਿਸਰ।
ਸੋ ਕਿਮ ਮਾਨਸ ਰੂਪ ਕਹਾਏ ॥
ਸਿਧ ਸਮਾਧਿ ਸਾਧ ਕਰ ਹਾਰੇ ਰੋਹੂੰ ਨ ਦੇਖਨ ਪਾਏ ॥ (ਸ਼ਬਦ ਹਜਾਰੇ ਪਾ: ੧੦)
ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਾਮ ਕਹੈ ਹੈ॥ (ਸ਼ਬਦ ਹਜਾਰੇ ਪਾ: ੧੦)
ਕਾਹੂ ਨੇ ਰਾਮ ਕਯੋ ਕ੍ਰਿਸ਼ਨਾ ਕਹੁ
ਕਾਹੂ ਮਨੈ ਅਵਤਾਰਨ ਮਾਯੋ ॥
ਫੋਕਟ ਧਰਮ ਬਿਸਾਰ ਸਭੈ
ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥.......
ਕਾਹੇ ਕੋ ਏਸ ਮਹੇਸਹਿ ਭਾਖਤ
ਕਾਹੇ ਦਿਜੇ ਕੋ ਏਸ ਬਖਾਨਯੋ ॥
ਹੈ ਨ ਰਲ੍ਹੇਸ ਜਦੇਸ ਰਮਾਪਤਿ
ਤੈ ਜਿਨ ਕੌ ਬਿਸ਼ਨਾਥ ਪਛਾਯੋ ॥੧੪॥.......
ਅੰਤ ਮਰੇ ਪਛੁਤਾਇ ਪ੍ਰਿਥੀ ਪਰ
ਜੇ ਜਗ ਮੈ ਅਵਤਾਰ ਕਹਾਏ ॥
ਰੇ ਮਨ ਲੈਲ“ ਇਕੇਲ ਹੀ ਕਾਲ ਕੇ
ਲਾਗਤ ਕਾਹੇ ਨ ਪਾਯਨ ਧਾਏ ॥੨੨॥ (३३ ਸਵਯੇ ਪਾ: १०)
ਦਸ ਅਵਤਾਰ ਅਕਾਰੁ ਕਰਿ, ਏਕੰਕਾਰ ਨ ਅਲਖੁ ਲਖਾਇਆ ॥੧੪॥ (ਭਾਈ ਗੁਰਦਾਸ, ਵਾਰ ੧੬)
ਹਿੰਦੂ : ਜੇ ਆਪ ਦੇ ਮਤ ਵਿਚ ਅਵਤਾਰਾਂ ਨੂੰ ਈਸ਼ਵਰ ਰੂਪ ਨਹੀਂ ਮੰਨਿਆ ਔਰ ਉਨ੍ਹਾਂ ਦੀ ਉਪਾਸ਼ਨਾ ਵਿਧਾਨ ਨਹੀਂ, ਤਾਂ ਦਸਮ ਗ੍ਰੰਥ ਵਿਚ ਇਹ ਕਿਉਂ ਲਿਖਿਆ ਹੈ :
ਮਥਰਾ ਮੰਡਲ ਕੇ ਬਿਖੈ ਜਨਮ ਧਰਿਓ ਹਰਿਰਾਇ ॥੩॥....
ਜੇ ਨਰ ਸ਼੍ਯਾਮ ਜੂ ਕੇ ਪਰਸੈਂ ਪਗ,
ਤੇ ਨਰ ਫੇਰ ਨ ਦੇਹ ਧਰੈਂਗੇ ॥੨੪੮੩॥ (ਕ੍ਰਿਸ਼ਨਾ ਅਵਤਾਰ)
ਐਸੇ ਹੀ ਹੋਰ ਪ੍ਰਸੰਗ ਬਹੁਤ ਹਨ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਦਸਵੇਂ ਗੁਰੂ ਅਵਤਾਰਾਂ ਨੂੰ ਮੰਨਦੇ ਸਨ
ਸਿੱਖ: ਇਤਿਹਾਸ ਔਰ ਪੁਰਾਣਾਂ ਦੀ ਕਥਾ ਦਾ ਜੋ ਤਰਜੁਮਾ ਅਥਵਾ ਖੁਲਾਸਾ ਹੋਵੇ ਉਸ ਨੂੰ ਆਪ ਇਹ ਨਹੀਂ ਆਖ ਸਕਦੇ ਕਿ ਏਹ ਦਸਵੇਂ ਸਤਿਗੁਰੂ ਦਾ ਸਿੱਖਾਂ ਨੂੰ ਉਪਦੇਸ਼ ਹੈ, ਧਰਮ ਉਪਦੇਸ਼ਮਈ ਬਾਣੀ ਗੁਰੂ ਸਾਹਿਬ ਦੀ ਜਾਪੁ ਔਰ ਸਵਈਏ ਆਦਿਕ ਭਿੰਨ ਭਿੰਨ ਹੈ, ਜਿਸ ਵਿਚ ਕੇਵਲ ਅਕਾਲ ਦੀ ਮਹਿਮਾ ਹੈ, ਔਰ ਅਵਤਾਰ ਆਦਿਕਾਂ ਨੂੰ ਉਸ ਦਾ ਦਾਸ ਕਥਨ ਕੀਤਾ ਹੈ।
_____________
੧. ਬ੍ਰਹਮਾ। ੨. ਰਾਮ ਚੰਦ੍ਰ । ੩. ਕ੍ਰਿਸ਼ਨ । ੪. ਵਿਸ਼ਨੂੰ । ੫. ਚੰਚਲ ।
੬. ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ॥
ਅਵਰ ਵਾਸਨਾ ਨਾਹਿ ਪ੍ਰਭੂ ਧਰਮ ਯੁੱਧ ਕੇ ਚਾਇ॥੨੪੯੧॥ (ਕ੍ਰਿਸ਼ਨਾ ਅਵਤਾਰ)
ਹਿੰਦੂ: ਗੁਰੂ ਗ੍ਰੰਥ ਸਾਹਿਬ ਵਿਚ ਮਾਰੂ ਰਾਗ ਵਿਖੇ ਇਕ ਅਸਤੋਤ੍ਰ ਹੈ, ਜਿਸ ਵਿਚ ਸਭ ਅਵਤਾਰਾਂ ਦੇ ਨਾਮ ਆਰਾਧਨ ਕਰਨੇ ਦੱਸੇ ਹਨ, ਯਥਾ:
ਮਧੁਸੂਦਨ ਦਾਮੋਦਰ ਸੁਆਮੀ॥
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥
ਮੋਹਨ ਮਾਧਵ ਕ੍ਰਿਸ ਮੁਰਾਰੇ ॥
ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ...
ਧਰਣੀਧਰ ਈਸ ਨਰਸਿੰਘ ਨਾਰਾਇਣ ॥
ਦਾੜਾ ਅਗੇ ਪ੍ਰਿਥਮਿ ਧਰਾਇਣ ॥
ਬਾਵਨ ਰੂਪੁ ਕੀਆ ਤੁਧੁ ਕਰਤੇ।। (ਮਾਰੂ ਸੋਲਹੇ ਮ: ੫, ਪੰਨਾ ੧੦੮੨)
ਸਿੱਖ : ਪਿਆਰੇ ਹਿੰਦੂ ਭਾਈ ! ਗੁਰੂ ਅਰਜਨ ਸਾਹਿਬ ਨੇ ਇਸੇ ਸ਼ਬਦ ਦੇ ਅੰਤ ਵਿਚ (ਜਿਸ ਨੂੰ ਆਪ ਅਵਤਾਰਾਂ ਦਾ ਸਤੋਤ੍ਰ ਦੱਸਦੇ ਹੋ) ਆਪਣਾ ਮਤ ਪ੍ਰਗਟ ਕਰ ਦਿੱਤਾ ਹੈ ਕਿ :
ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਸਤਿਨਾਮੁ ਤੇਰਾ ਪਰਾ ਪੂਰਬਲਾ ॥ (ਮਾਰੂ ਸੋਲਹੇ ਮ: ੫, ਪੰਨਾ ੧੦੮੩)
ਮਹਾਰਾਜ ਕਥਨ ਕਰਦੇ ਹਨ ਕਿ ਹੇ ਅਕਾਲ ! ਉੱਪਰ ਲਿਖੇ ਤੇਰੇ (ਕਿਰਤਮ) ਅਨੰਤ ਨਾਮ ਕਲਪ ਕੇ ਲੋਕ ਆਪਣੀ ਬੁੱਧੀ ਔਰ ਨਿਸ਼ਚੈ ਅਨੁਸਾਰ ਕਥਨ ਕਰਦੇ ਹਨ, ਪਰ ਇਹ ਤੇਰੇ ਅਸਲ ਨਾਮ ਨਹੀਂ, ਤੇਰਾ ਆਦਿ ਔਰ ਸ਼੍ਰੋਮਣੀ ਨਾਮ "ਸ" ਹੈ, ਜਿਸ ਦਾ ਅਰਥ ਹੈ ਕਿ ਸਰਬ ਕਾਲਾਂ ਵਿਚ ਇਕ-ਰਸ ਹੋਣ ਵਾਲਾ, ਜਿਸ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਕਰਦੇ ਹਨ :
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ (ਜਪੁਜੀ ਸਾਹਿਬ, ਪੰਨਾ ੧)
ਗੁਰਬਾਣੀ ਵਿਚ ਅਨੇਕ ਨਾਮ ਅਜੇਹੇ ਭੀ ਹੈਨ ਜੋ ਖ਼ਾਸ ਖ਼ਾਸ ਅਵਤਾਰ ਔਰ ਦੇਵਤਿਆਂ ਨਾਲ ਸੰਬੰਧ ਰਖਦੇ ਹਨ, ਪਰ ਓਹੀ ਨਾਮ ਅਨੇਕ ਸਥਾਨਾਂ ਵਿਚ ਗੁਰੂ ਸਾਹਿਬ ਨੇ ਵਾਹਿਗੁਰੂ ਅਰਥ ਵਿਚ ਵਰਤੇ ਹਨ, ਇਸੀ ਬਾਤ ਨੂੰ ਯਥਾਰਥ ਸਮਝੇ ਬਿਨਾ ਬਹੁਤ ਲੋਕ ਧੋਖੇ ਵਿਚ ਪੈ ਜਾਂਦੇ ਹਨ ਔਰ ਗੁਰਬਾਣੀ ਦੇ ਤੱਤ ਤੋਂ ਖ਼ਾਲੀ ਰਹਿੰਦੇ ਹਨ।
ਦੇਖੋ ! ਇਨ੍ਹਾਂ ਸ਼ਬਦਾਂ ਵਿਚ ਰਾਮ ਆਦਿਕ ਨਾਮ ਦੇਹਧਾਰੀਆਂ ਦੇ ਹਨ :
੧. ਏਸੇ ਤਰ੍ਹਾਂ ਮੁਸਲਮਾਨਾਂ ਦਾ "ਅੱਲਾ" ਨਾਮ ਪੁਰਾਣੇ ਸਮੇਂ ਵਿਚ ਇਕ ਖ਼ਾਸ ਮੂਰਤੀ ਦਾ ਸੀ, ਔਰ ਕੁਰਾਨ ਵਿਚ ਕੇਵਲ ਅਕਾਲ ਦਾ ਬੋਧਕ ਹੈ। ਔਰ ਅੰਗਰੇਜ਼ੀ ਦਾ "ਗਾਡ" (God) ਸ਼ਬਦ ਟਿਊਟਿਨ (Teutons) ਲੋਕ ਦੇਵਤਿਆਂ ਦੇ ਅਰਥ ਵਿਚ ਵਰਤਦੇ ਸਨ, ਜਦ ਟਿਊਟਨਾਂ ਨੇ ਈਸਾਈ ਮਤ ਅੰਗੀਕਾਰ ਕੀਤਾ ਤਾਂ "ਗਾਡ” ਪਦ ਦਾ ਅਰਥ ਪ੍ਰਮੇਸ਼ਰ ਹੋਇਆ ਹੈ। ਐਸ ਹੀ "ਜਹੋਵਾ" (Jehovah) ਪਦ, ਜਿਸ ਨੂੰ ਯਹੂਦੀ ਲੋਕ ਕੇਵਲ ਪ੍ਰਮਾਤਮਾ ਦਾ ਬੋਧਕ ਮੰਨਦੇ ਹਨ, ਪੁਰਾਣੇ ਸਮੇਂ ਵਿਚ ਅਸੀਰੀਆ (Assyria) ਦੇ ਖ਼ਾਸ ਦੇਵਤਾ ਦਾ ਅਰਥ ਰਖਦਾ ਸੀ। ਇਸ ਤਰ੍ਹਾਂ ਅਨੰਤ ਨਾਮ ਅਨੇਕ ਮਤਾਂ ਵਿਚ ਹਨ।
੨. ਨਾਮ ਦੇ ਵਿਸ਼ੇ ਉਤੇ ਦੇਖੋ ਗੁਰਮਤ ਪ੍ਰਭਾਕਰ ਦੀ ਦੂਜੀ ਐਡੀਸ਼ਨ ਦਾ ਪੰਨਾ ੪੭੧।
...ਹੋਰਿ ਕੇਤੇ ਰਾਮ ਰਵਾਲ ॥ (ਵਾਰ ਆਸਾ ਮ: ੧, ਪੰਨਾ ੪੬੪)
ਰਾਮੁ ਗਇਓ ਰਾਵਨੁ ਗਇਓ ॥ (ਸਲੋਕ ਮ: ੯, ਪੰਨਾ ੧੪੨੯)
....ਕੇਤੇ ਕਾਨ ਮਹੇਸ ॥ (ਜਪੁਜੀ ਸਾਹਿਬ, ਪੰਨਾ ੭)
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ॥ (ਸੂਹੀ ਮ: ੪, ਪੰਨਾ ੭੩੫)
ਪਾਰ ਨ ਪਾਇ ਸਕੈ, ਪਦਮਾਪਤਿ ॥ (ਤ੍ਰ ਪ੍ਰਸਾਦਿ ਸਵਯੇ, ਅਕਾਲ ਉਸਤਤਿ)-
ਔਰ ਇਨ੍ਹਾਂ ਸ਼ਬਦਾਂ ਵਿਚ ਅਕਾਲ ਬੋਧਕ ਨਾਮ ਹਨ :
ਰਮਤ ਰਾਮੁ ਸਭ ਰਹਿਓ ਸਮਾਇ॥ (ਗੋਂਡ ਮ: ੫, ਪੰਨਾ ੮੬੫)
....ਟੇਕ ਏਕ ਰਘੁਨਾਥ ॥ (ਸਲੋਕ ਮ: ੯, ਪੰਨਾ ੧੪੨੯)
... ਸਿਮਰਿਓ ਨਾਹਿ ਕਨਾਈ ॥ (ਮਾਰੂ ਮ: ੯, ਪੰਨਾ ੧੦੦੮)
ਹਰਿ ਜਪੀਐ ਸਾਰੰਗਪਾਣੀ ਹੇ ॥ (ਮਾਰੂ ਮ: ੪, ਪੰਨਾ ੧੦੭੦)
ਬਿਸਨ ਕੀ ਮਾਇਆ ਤੇ ਹੋਇ ਭਿੰਨ ॥ (ਗਉੜੀ ਸੁਖਮਨੀ ਮ: ੫, ਪੰਨਾ ੨੭੪)
....ਪਤਿ ਸਿਉ ਕਿਨ ਸ੍ਰੀ ਪਦਮਾਪਤਿ ਪਾਏ ॥੩॥੨੪੫॥ (ਤ੍ਰ ਪ੍ਰਸਾਦਿ ਸਵਯੇ ਅਕਾਲ ਉਸਤਤਿ)
ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ ॥੮॥੨੮॥ (ਸੁਧਾ ਸਵਯੇ, ਅਕਾਲ ਉਸਤਤਿ)
(੪) ਦੇਵੀ ਦੇਵਤਾ
ਆਪ ਦੇਵੀ ਔਰ ਦੇਵਤਿਆਂ ਨੂੰ ਵਰਦਾਇਕ ਮੰਨ ਕੇ ਉਨ੍ਹਾਂ ਦੀ ਉਪਾਸ਼ਨਾ ਕਰਦੇ ਹੋ, ਔਰ ਉਨ੍ਹਾਂ ਦੇ ਇਤਨੇ ਭੇਦ ਕਲਪੇ ਹੋਏ ਹਨ ਕਿ ਕੋਈ ਵਿਦਵਾਨ ਹਿੰਦੂ ਭੀ ਪੂਰੀ ਗਿਣਤੀ ਕਰ ਕੇ ਨਹੀਂ ਦੱਸ ਸਕਦਾ ਕਿ ਇਤਨੇ ਦੇਵੀ ਦੇਵਤਾ ਹਨ, ਪਰ ਸਿੱਖ ਧਰਮ ਦੀ, ਦੇਵੀ ਦੇਵਤਾ ਆਦਿਕ ਦੇ ਵਿਸ਼ੇ ਵਿਚ ਇਹ ਰਾਏ ਹੈ :
ਮਾਇਆ ਮੋਹੇ ਦੇਵੀ ਸਭਿ ਦੇਵਾ॥ (ਗਉੜੀ ਮ: ੧, ਪੰਨਾ ੨੨੭)
ਭਰਮੇ ਸੁਰਿ ਨਰ ਦੇਵੀ ਦੇਵਾ॥ (ਗਉੜੀ ਮ: ੫, ਪੰਨਾ ੨੫੮)
ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥
ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥ (ਆਸਾ ਮ: ੫, ਪੰਨਾ ੩੯੪)
______________
੧. ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥ (ਸਲੋਕ ਕਬੀਰ, ਪੰਨਾ ੧੩੭੪)
੨. ਅਕਾਲ ਪੁਰਖ ਦੇ ਅਰਥਾਂ ਤੋਂ ਛੁੱਟ ਇਕ ਜਗਾ 'ਸਾਰਿੰਗਪਾਣੀ' ਔਰ 'ਮੁਰਾਰੀ' ਨਾਮ ਗੁਰੂ ਰਾਮਦਾਸ ਜੀ ਦੇ ਬੋਧਕ ਹਨ, ਦੇਖੋ! ਗੁਰੂ ਅਰਜਨ ਸਾਹਿਬ ਜੀ ਦੀ ਲਾਹੌਰੋਂ ਲਿਖੀ ਪਤ੍ਰਕਾ :
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥
ਚਿਰੁ ਹੋਆ ਦੇਖੇ ਸਾਰਿੰਗਪਾਣੀ ॥ ਔਰ .....
ਮੇਰੇ ਸਜਣ ਮੀਤ ਮੁਰਾਰੇ ਜੀਉ॥ (ਮਾਝ ਮ: ੫, ਪੰਨਾ ੯੬)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥
ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥ (ਵਡਹੰਸੁ ਮ: ੩, ਪੰਨਾ ੫੫੯)
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ (ਸੋਰਠਿ ਮ: ੧, ਪੰਨਾ ੬੩੭)
ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਰੋਗੀ, ਵਿਚਿ ਹਉਮੈ ਕਾਰ ਕਮਾਈ॥
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ", ਹਰਿ ਗੁਰਮੁਖਿ ਸੋਝੀ ਪਾਈ॥ (ਸੂਹੀ ਮ: ੪, ਪੰਨਾ ੭੩੫)
ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਭੁਲੇ, ਹਉਮੈ ਮੋਹੁ ਵਧਾਇਆ॥ (ਵਾਰ ਬਿਲਾਵਲ ਮ: ੩, ਪੰਨਾ ੮੫੨)
ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥
ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥ (ਆਸਾ ਛੰਤ ਮ: ੫, ਪੰਨਾ ੪੫੫)
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥
ਮਾਨੈ ਹੁਕਮੁ ਸੇਹੇ ਦਰਿ ਸਾਚੈ ਆਕੀ ਮਰਹਿ ਅਫਾਰੀ ॥ (ਮਾਰੂ ਮ: ੧, ਪੰਨਾ ੯੯੨)
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
ਅਵਰੁ ਨ ਦੀਸੈ ਏਕੋ ਸੋਈ ॥ (ਮਾਰੂ ਸੋਲਹੇ ਮ: ੧, ਪੰਨਾ ੧੦੩੫)
ਬ੍ਰਹਮਾ ਬਿਸਨੁ ਰੁਦ੍ਰ ਤਿਸ ਕੀ ਸੇਵਾ॥
ਅੰਤੁ ਨ ਪਾਵਹਿ ਅਲਖ ਅਭੇਵਾ ॥ (ਮਾਰੂ ਮ: ੩, ਪੰਨਾ ੧੦੫੩)
ਕੋਟਿ ਸੂਰ ਜਾ ਕੈ ਪਰਗਾਸ ॥
ਕੋਟ ਮਹਾਦੇਵ ਅਰੁ ਕਬਿਲਾਸ ॥
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥
ਬ੍ਰਹਮਾ ਕੋਟਿ ਬੇਦ ਉਚਰੈ ॥੧॥
ਜਉ ਜਾਚਉ ਤਉ ਕੇਵਲ ਰਾਮ ॥
ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥ (ਭੈਰਉ ਕਬੀਰ, ਪੰਨਾ ੧੧੬੨)
ਮਹਿਮਾ ਨ ਜਾਨਹਿ ਬੇਦ ॥
ਬ੍ਰਹਮੇ ਨਹੀ ਜਾਨਹਿ ਭੇਦ ॥
ਸੰਕਰਾ ਨਹੀ ਜਾਨਹਿ ਭੇਵ ॥
ਖੋਜਨ ਹਾਰੇ ਦੇਵ ॥
____________
੧. ਵੇਚਾਰੇ
੨ ਮੈਂ ਹੀ ਪ੍ਰਮੇਸ਼ਰ ਹਾਂ, ਇਹ ਮੰਨਣ ਵਾਲੇ ਅਭਿਮਾਨੀ ।
੩. ਕੈਲਾਸ਼।
ਦੇਵੀਆ ਨਹੀ ਜਾਨੈ ਮਰਮ ॥
ਸਭ ਊਪਰਿ ਅਲਖ ਪਾਰਬ੍ਰਹਮ ॥ (ਰਾਮਕਲੀ ਮ: ੫, ਪੰਨਾ ੮੯੪)
ਈਸਰੁ ਬ੍ਰਹਮਾ ਦੇਵੀ ਦੇਵਾ॥
ਇੰਦ੍ਰ ਤਪੇ ਮੁਨਿ ਤੇਰੀ ਸੇਵਾ॥ (ਮਾਰੂ ਮ: ੧, ਪੰਨਾ ੧੦੩੪)
ਕਬੀਰ ਹਰਿ ਕਾ ਸਿਮਰਨ ਛਾਡਿ ਕੈ ਅਹੋਈ ਰਾਖੈ ਨਾਰਿ ॥
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥ (ਸਲੋਕ ਕਬੀਰ, ਪੰਨਾ ੧੩੭੦)
ਬ੍ਰਹਮ ਮਹੇਸਰ ਬਿਸ਼ਨ ਸਚੀਪਤਿ,
ਅੰਤ ਫਸੇ ਜਮ ਫਾਸਿ ਪਰੈਂਗੇ ॥
ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ,
ਤੇ ਨਰ ਫੇਰ ਨ ਦੇਹ ਧਰੈਂਗੇ ॥੮॥੨੮॥....
ਜਿਹ ਕੋਟਿ ਇੰਦ੍ਰ ਨਿਪਾਰ ॥
ਕਈ ਬ੍ਰਹਮ ਬਿਸਨ ਬਿਚਾਰ ॥
ਕਈ ਰਾਮ ਕ੍ਰਿਸਨ ਰਸੂਲ ॥
ਬਿਨੁ ਭਗਤਿ ਕੋ ਨ ਕਬੂਲ ॥੮॥੩੮॥ (ਅਕਾਲ ਉਸਤਤਿ)
ਕੋਊ ਦਿਜੇਸ ਕੋ ਮਾਨਤ ਹੈ
ਅਰ ਕੋਊ ਮਹੇਸ ਕੋ ਏਸ ਬਤੈ ਹੈ॥
ਕੋਊ ਕਹੈ ਬਿਸਨੋ ਬਿਸਨਾਇਕ
ਜਾਹਿ ਭਜੇ ਅਘ ਓਘ ਕਟੈ ਹੈ॥
ਬਾਰ ਹਜਾਰ ਬਿਚਾਰ, ਅਤੇ ਜੜ੍ਹ
ਅੰਤ ਸਮੈ ਸਭ ਹੀ ਤਜ ਜੈ ਹੈ ॥
ਤਾਹੀ ਕੋ ਧ੍ਯਾਨ ਪ੍ਰਮਾਨ ਹੀਏ,
ਜੋਊ ਥਾ, ਅਬ ਹੈ, ਅਰ ਆਗਊ ਹੈ ਹੈ ॥੧੫॥
ਕੋਟਿਕ ਇੰਦ੍ਰ ਕਰੇ ਜਿਹ ਕੇ
ਕਈ ਕੋਟਿ ਉਪਿੰਦ੍ਰ ਬਨਾਇ ਖਪਾਯੋ ॥
ਦਾਨਵ ਦੇਵ ਫਨਿੰਦ ਧਰਾਧਰ
ਪੱਛ ਪਸੂ ਨਹਿ ਜਾਤ ਗਿਨਾਯੋ ॥
____________
੧. ਅੱਸੂ ਦੇ ਨਿਰਾਤਿਆਂ ਵਿਚ ਦੈਵੀ ਦੀ ਮਿੱਟੀ ਦੀ ਮੂਰਤੀ ਬਣਾ ਕੇ ਇਸਤ੍ਰੀਆਂ ਕੰਧਾਂ ਪਰ ਲਾਉਂਦੀਆਂ ਔਰ ਪੂਜਦੀਆਂ ਹਨ, (ਜਿਸ ਦਾ ਪ੍ਰਸਿੱਧ ਨਾਉਂ 'ਸਾਂਝੀ' ਹੈ) ਫੇਰ ਕੱਤਕ ਵਦੀ ੮ ਦਾ ਬ੍ਰਤ ਰੱਖ ਕੇ ਪੂਜਨ ਸਮਾਪਤ ਕਰਦੀਆਂ ਹਨ। ਔਰ ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰ ਦਿੰਦੀਆਂ ਹਨ। 'ਅਹੋਈ' ਦਾ ਮੇਲਾ ਮਥੁਰਾ ਦੇ ਜ਼ਿਲ੍ਹੇ ਵਿਚ ਰਾਧਾ ਕੁੰਡ ਪਰ ਕੱਤਕ ਵਦੀ ੮ ਨੂੰ ਬੜਾ ਭਾਰੀ ਹੁੰਦਾ ਹੈ ।
੨. ਇੰਦ੍ਰ ।
੩. ਅਕਾਲ ਪੁਰਖ।
੪. ਵਾਮਨ ।
ਆਜ ਲਗੇ ਤਪ ਸਾਧਤ ਹੈਂ
ਸਿਵ ਊ ਬ੍ਰਹਮਾ ਕਛੁ ਪਾਰ ਨਾ ਪਾਯੋ ॥
ਬੇਦ ਕਤੇਬ ਨ ਭੇਦ ਲਯੋ ਜਿੰਹ ਸੋਊ ਗੁਰੂ ਗੁਰੁ ਮੋਹਿ ਬਤਾਯੋ ॥੧੬॥ (३३ ਸਵਯੇ ਪਾ: १०)
ਲਖ ਲਖ ਬ੍ਰਹਮੇ ਵੇਦ ਪੜਿ ਇਕਸ ਅਖਰ ਭੇਦੁ ਨ ਜਾਤਾ।
ਜੋਗ ਧਿਆਨ ਮਹੇਸ ਲਖ ਰੂਪ ਨ ਰੇਖ ਨ ਭੇਖ ਪਛਾਤਾ।
ਲਖ ਅਵਤਾਰ ਅਕਾਰ ਕਰਿ ਤਿਲੁ ਵੀਚਾਰੁ ਨ ਬਿਸਨੁ ਪਛਾਤਾ।.....
ਦਾਤਿ ਲੁਭਾਇ ਵਿਸਾਰਨਿ ਦਾਤਾ ॥੧੩॥ (ਭਾਈ ਗੁਰਦਾਸ, ਵਾਰ ੧੮)
“ਗੁਰੂ ਕਾ ਸਿੱਖ ਮਟ, ਬੁਤ, ਤੀਰਥ, ਦੇਵੀ, ਦੇਵਤਾ, ਬਰਤ, ਪੂਜਾ, ਮੰਤ੍ਰ ਜੰਤ੍ਰ, ਪੀਰ, ਬ੍ਰਹਮਣ, ਤਰਪਣ, ਗਾਇਤ੍ਰੀ, ਕਿਤੇ ਵਲ ਚਿੱਤ ਦੇਵੈ ਨਹੀਂ”। (ਰਹਿਤਨਾਮਾ ਭਾਈ ਦਯਾ ਸਿੰਘ)
ਸਿੱਖ ਧਰਮ ਵਿਚ ਕੇਵਲ ਵਾਹਿਗੁਰੂ ਹੀ ਇਸ਼ਟ ਹੈ ਔਰ ਉਸੇ ਦੀ ਉਪਾਸ਼ਨਾ ਦਾ ਉਪਦੇਸ਼ ਹੈ :
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ (ਜਪੁਜੀ ਸਾਹਿਬ, ਪੰਨਾ ੧)
ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤ ॥
ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ॥ (ਜਾਪੁ ਸਾਹਿਬ)
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ
ਅਵਰੀ ਕਉ ਚਿਤੁ ਲਾਇ ॥
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥ (ਵਾਰ ਗੂਜਰੀ ਮ: ੩, ਪੰਨਾ ੫੦੯)
ਦੁਬਿਧਾ ਨਾ ਪੜਉ ਹਰਿ ਬਿਨੁ ਹੋਰੁ ਨ ਪੂਜਉ
ਮੜੈ ਮਸਾਣਿ ਨ ਜਾਈ॥ (ਸੋਰਠਿ ਮ: ੧, ਪੰਨਾ ੬੩੪)
_______________
੧. ਮੇਰੇ ਗੁਰੂ ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਦਸਿਆ ਹੈ ਕਿ ਅਕਾਲ ਹੀ ਸਭ ਦਾ ਗੁਰੂ ਹੈ।
੨. ਵਿਨਾਸ਼ੀ।
ਏਕੋ ਜਪਿ ਏਕੋ ਸਾਲਾਹਿ ॥
ਏਕੁ ਸਿਮਰਿ ਏਕੋ ਮਨ ਆਹਿ ॥
ਏਕਸ ਕੇ ਗੁਨ ਗਾਉ ਅਨੰਤ ॥
ਮਨਿ ਤਨਿ ਜਾਪਿ ਏਕ ਭਗਵੰਤ ॥
ਏਕੋ ਏਕੁ ਏਕੁ ਹਰਿ ਆਪਿ ॥
ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ ॥
ਅਨਿਕ ਬਿਸਥਾਰ ਏਕ ਤੇ ਭਏ ॥
ਏਕੁ ਅਰਾਧਿ ਪਰਾਛਤ ਗਏ ॥
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ॥
ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥੮॥੧੯॥ (ਗਉੜੀ ਸੁਖਮਨੀ ਮ: ੫, ਪੰਨਾ ੨੮੯)
ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥
ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥੧॥
ਹਰਿ ਬਿਸਰਤ ਤੇ ਦੁਖਿ ਦੁਖਿ ਮਰਤੇ ॥
ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥੧॥ ਰਹਾਉ ॥
ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰਾਂ ਤੇ॥
ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥੨॥
ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥
ਨਾਨਕ ਸਰਨਿ ਚਰਨ ਕਮਲਨ ਕੀ ਤੁਮ੍ ਨ ਡਾਰਹੁ ਪ੍ਰਭ ਕਰਤੇ ॥ (ਮਲਾਰ ਮ: ੫, ਪੰਨਾ ੧੨੬੭)
ਬ੍ਰਹਮਾਦਿਕ ਸਿਵ ਛੰਦ ਮੁਨੀਸੁਰ
ਰਸਕਿ ਰਸਕਿ ਠਾਕੁਰ ਗੁਨ ਗਾਵਤ ॥
ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ
ਧਰਣਿ ਗਗਨ ਆਵਤ ਫੁਨਿ ਧਾਵਤ ॥
ਸਿਧ ਮਨੁਖੁ ਦੇਵ ਅਰੁ ਦਾਨਵ
ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥
ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ
ਹਰਿ ਜਨ ਤਾ ਕੈ ਦਰਸਿ ਸਮਾਵਤ ॥
ਤਿਸਹਿ ਤਿਆਗਿ ਆਨ ਕਉ ਜਾਚਹਿ
ਮੁਖੁ ਦੰਤ ਰਸਨ ਸਗਲ ਘਸਿ ਜਾਵਤ ॥
ਰੇ ਮਨ ਮੂੜ ਸਿਮਰਿ ਸੁਖਦਾਤਾ
ਨਾਨਕ ਦਾਸ ਤੁਝਹਿ ਸਮਝਾਵਤ ॥੭॥ (ਸਵੈਯੇ ਸ੍ਰੀ ਮੁਖਵਾਕ ਮ: ੫, ਪੰਨਾ ੧੩੮੮)
_____________
੧. ਪੰਜ ਪੀਰੀਏ, ਨਹੀਂ-ਨਹੀਂ ਬੇਅੰਤ ਪੀਰੀਏ (ਆਤਮ-ਘਾਤੀ, ਮੂੜ, ਮੁਗਧ, ਖਲ ਔਰ ਖਰ) ਭੌਂਦੂ ਸਿੱਖਾਂ ਨੂੰ ਏਸ ਸ਼ਬਦ ਦਾ ਨਿਤਯ ਪੰਜ ਵਾਰ ਪਾਠ ਕਰਨਾ ਚਾਹੀਏ।
੨. ਵੇਦ (ਛੰਦ) ਰਚਣ ਵਾਲੇ ਮੁਨੀ । ਵੇਦ ਅਨੇਕ ਰਿਸ਼ੀਆਂ ਕਰਕੇ ਬਹੁਤ ਸਮੇਂ ਵਿਚ ਰਚੇ ਗਏ ਹਨ।
ਇਕ ਬਿਨ ਦੂਸਰ ਸੋ ਨ ਚਿਨਾਰ ॥
ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥ (ਸ਼ਬਦ ਹਜਾਰੇ ਪਾ: ੧੦)
ਇਕ ਮਨਿ ਇਕੁ ਅਰਾਧਣਾ ਦੁਬਿਧਾ ਦੂਜਾ ਭਾਉ ਮਿਟਾਇਆ।॥੪॥ (ਭਾਈ ਗੁਰਦਾਸ, ਵਾਰ ੧੧)
ਗੁਰਮੁਖਿ ਸੁਖ ਫਲੁ ਸਾਧ ਸੰਗੁ ਪਰਮਹੰਸ ਗੁਰ ਸਿਖ ਸੋਹੰਦੇ ।
ਇਕ ਮਨਿ ਇਕੁ ਧਿਆਇਦੇ ਦੂਜੈ ਭਾਇ ਨ ਜਾਇ ਫਿਰੰਦੇ॥੮॥ (ਭਾਈ ਗੁਰਦਾਸ, ਵਾਰ ੧੬)
ਭਾਈ ਨੰਦ ਲਾਲ ਸਾਹਿਬ ਲਿਖਦੇ ਹਨ :
ਦਰ ਮਜ਼ਹਬੇ ਮਾ ਗ਼ੈਰਪਰਸਤੀ ਨ ਕੁਨੰਦ ।
ਸਰ ਤਾ ਬਕਦਮ ਬਹੋਸ਼ ਓ ਮਸਤੀ ਨ ਕੁਨੰਦ ।
ਸਰ ਤਾ ਬਕਦਮ ਬਹੋਸ਼ ਓ ਮਸਤੀ ਨ ਕੁਨੰਦ ॥੮॥ (ਰੁਬਾਈਆਂ, ਭਾਈ ਨੰਦ ਲਾਲ)
ਜਲੂਸ ਆਰਾਯ ਤਵੱਹੁਦ ਦਰ ਕਸਰਤ ।
ਨਿਜ਼ਾਮ ਇਕਤਰਾਯ ਤਅੱਲਕ ਦਰ ਵਹਿਦਤ ।੧ (ਤੌਸੀਫੋਸਨਾ)
ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਅਨ੍ਯ ਦੀ ਉਪਾਸਨਾ ਦਾ ਉਪਦੇਸ਼ ਦਿੰਦੇ ਹੋਏ ਦੇਵੀ ਦੇਵਤਾ ਦੇ ਪੂਜਣ ਦਾ ਨਿਸ਼ੇਧ ਕਰਦੇ ਹਨ :
ਜੈਸੇ ਪਤਿਬਤਾ ਪਰ ਪੁਰਖੈ ਨ ਦੇਯੋ ਚਾਹੈ
ਪੂਰਨ ਪਤਿਬਤਾ ਕੋ ਪਤਿ ਹੀ ਮੇਂ ਧ੍ਯਾਨ ਹੈ।
ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ
ਆਸ ਘਨ ਬੂੰਦ ਪ੍ਰਿਯਾ ਪ੍ਰਿਯਾ ਗੁਨ ਗਾਨ ਹੈ।
ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ
ਮਨ ਬਚ ਕ੍ਰਮ ਹਿਮਕਰ ਪ੍ਰਿਯਾ ਪ੍ਰਾਨ ਹੈ।
ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ ਪੈ
ਸਹਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ ॥੪੬੬॥
ਦੋਇ ਦਰਪਨ ਦੇਖੈ ਏਕ ਸੈ ਅਨੇਕ ਰੂਪ
ਦੋਇ ਨਾਂਵ ਪਾਂਵ ਧਰੈ ਪਹੁੰਚੇ ਨ ਪਾਰ ਹੈ।
ਦੋਇ ਦਿਸਾ ਗਹੈ ਗਹਾਇ ਮੈਂ ਹਾਥ ਪਊਂ ਟੂਟੇ
ਦੁਰਾਹੇ ਦੁਚਿਤ ਹੋਇ ਭੂਲ ਪਗ ਧਾਰ ਹੈ।
_______________
੧. ਇਸ ਦਾ ਅਰਥ ਇਹ ਹੈ ਕਿ ਗੁਰੂ ਸਾਹਿਬ ਅਨੇਕਤਾ ਵਿਚ ਏਕਤਾ ਦੇ ਪ੍ਰਕਾਸ਼ਕ ਔਰ ਅਦ੍ਰਿਤਿਯਤਾ ਵਿਚ ਸੰਬੰਧ ਜੋੜਨ ਦਾ ਪ੍ਰਬੰਧ ਕਰਨ ਵਾਲੇ ਹਨ।
੨. ਥੋੜਾ ਜੇਹਾ ਭੀ।
੩. ਚੰਦ੍ਰਮਾ।
ਦੋਇ ਭੂਪ ਤਾਂਕੇ ਗਾਉ ਪਰਜਾ ਨ ਸੁਖੀ ਹੋਤਿ
ਦੋਇ ਪੁਰਖਨ ਕੀ ਨ ਕੁਲਬਧੂ ਨਾਰਿ ਹੈ।
ਗੁਰਸਿੱਖ ਹੋਇ ਆਨ ਦੇਵ ਸੇਵ ਟੇ ਗਹੈ
ਸਹੈ ਜਮਡੰਡੁ ਧ੍ਰਿਗ ਜੀਵਨ ਸੰਸਾਰ ਹੈ ॥੪੬੭॥ (ਕਬਿੱਤ ਭਾਈ ਗੁਰਦਾਸ)
ਪਿਆਰੇ ਹਿੰਦੂ ਜੀ! ਆਪ ਦੀ ਔਰ ਸਾਡੀ ਉਪਾਸ਼ਨਾ ਔਰ ਪੂਜਾ ਦਾ ਤਰੀਕਾ ਭੀ ਇਕ ਨਹੀਂ ਹੈ, ਆਪ ਪੂਜਦੇ ਹੋ ਚੰਦਨ, ਕੁੰਗੂ, ਆਰਤੀ ਆਦਿਕ ਸਾਮੱਗ੍ਰੀ ਨਾਲ, ਪਰ ਸਾਡੇ ਧਰਮ ਵਿਚ ਪੂਜਨ ਦਾ ਏਹ ਪ੍ਰਕਾਰ ਹੈ :
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ॥
ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥
ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥ (ਗੂਜਰੀ ਮ: ੧, ਪੰਨਾ ੪੮੯)
ਦੂਜੇ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥
ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥ (ਵਾਰ ਸਿਰੀ ਰਾਗੁ ਮ: ੩, ਪੰਨਾ ੮੮)
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ ਬਿਧਿ ਸਾਹਿਬੁ ਰਵਤੁ ਰਹੈ ॥ (ਸੂਹੀ ਮ: ੧, ਪੰਨਾ ੭੨੮)
ਅਚੁਤ ਪੂਜਾ ਜੋਗ ਗੋਪਾਲ ॥
ਮਨੁ ਤਨੁ ਅਰਪਿ ਰਖਉ ਹਰਿ ਆਗੈ
ਸਰਬ ਜੀਆ ਕਾ ਹੈ ਪ੍ਰਤਿਪਾਲ ॥ (ਬਿਲਾਵਲੁ ਮ: ੫, ਪੰਨਾ ੮੨੪)
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥
ਸੰਤਹੁ ਗੁਰਮੁਖਿ ਪੂਰਾ ਪਾਈ ॥
ਨਾਮੋ ਪੂਜ ਕਰਾਈ ॥੧॥ ਰਹਾਉ ॥
ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥ (ਰਾਮਕਲੀ ਮ: ੩, ਪੰਨਾ ੯੧੦)
ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੇ ॥
ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ ॥ (ਮਲਾਰ ਮ: ੪, ਪੰਨਾ ੧੨੬੪)
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ ॥
__________________
੧. ਆਸਰਾ।
੨. ਡੱਬਾ, ਠਾਕੁਰ ਦਾ ਸਿੰਘਾਸਣ।
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ
ਸਹਸ ਮੂਰਤਿ ਨਨਾ ਏਕ ਤੋਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ
ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਹਰਿ ਚਰਣ ਕਮਲੁ ਮਕਰੰਦ ਲੋਭਿਤ ਮਨੋ
ਅਨਦਿਨੋ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ
ਹੋਇ ਜਾ ਤੇ ਤੇਰੈ ਨਾਮਿ ਵਾਸਾ॥ (ਧਨਾਸਰੀ ਮ: ੧, ਪੰਨਾ ੬੬੩)
ਹਿੰਦੂ : ਆਪ ਦੇਵੀ ਦੇਵਤਿਆਂ ਦੇ ਪੂਜਨ ਦਾ ਗੁਰਮਤ ਵਿਚ ਨਿਸ਼ੇਧ ਆਖਦੇ ਹੋ, ਪਰ ਦਸਵੇਂ ਗੁਰੂ ਜੀ ਨੇ ਖ਼ੁਦ ਦੇਵੀ ਪੂਜੀ ਹੈ, ਜੇਹਾ ਕਿ ਬਚਿਤ੍ਰ ਨਾਟਕ ਦੇ ਇਸ ਬਚਨ ਤੋਂ:
ਮਹਾਕਾਲ ਕਾਲਿਕਾ ਅਰਾਧੀ ॥੨॥ (ਬਚਿਤ੍ਰ ਨਾਟਕ ਅਧਿਆ ੬)
ਪ੍ਰਤੀਤ ਹੁੰਦਾ ਹੈ ਅਰ ਉਨ੍ਹਾਂ ਨੇ ਦੁਰਗਾ ਦੀ ਮਹਿਮਾ ਵਿਚ 'ਚੰਡੀ ਚਰਿਤ੍ਰ' ਲਿਖਿਆ ਹੈ ਔਰ ਉਸ ਦੇ ਪਾਠ ਦਾ ਮਹਾਤਮ ਦੱਸਿਆ ਹੈ, ਯਥਾ:
ਜਾਹਿ ਨਮਿਤ ਪੜ੍ਹੇ ਸੁਨਹੈ ਨਰ,
ਸੋ ਨਿਸਚੈ ਕਰਿ ਤਾਹਿ ਦਈ ਹੈ ॥੨੩੨॥ (ਚੰਡੀ ਚਰਿਤ੍ਰ ਉਕਤਿ ਪਾ: ੧੦)
ਫੇਰ ਨ ਜੂਨੀ ਆਇਆ ਜਿਨ ਏਹ ਗਾਇਆ ॥੫੫॥ (ਵਾਰ ਚੰਡੀ ਪਾ: ੧੦)
ਸਿੱਖ : ਪਿਆਰੇ ਹਿੰਦੂ ਭਾਈ ! ਗੁਰੂ ਸਾਹਿਬ ਨੇ ਅਕਾਲ ਨੂੰ ਤ੍ਰਿਲਿੰਗ ਰੂਪ ਵਰਣਨ ਕੀਤਾ ਹੈ, ਯਥਾ:
ਨਮੋ ਪਰਮ ਗਿਆਤਾ॥ ਨਮੋ ਲੋਕ ਮਾਤਾ ॥੫੨॥ (ਜਾਪੁ ਸਾਹਿਬ)
ਇਸ ਥਾਂ 'ਕਾਲਿਕਾ' ਪਦ ਦਾ ਅਰਥ ਅਕਾਲ ਤੋਂ ਭਿੰਨ ਕੋਈ ਦੇਵੀ ਨਹੀਂ ਹੈ। ਜੇ ਦੇਵੀ
ਦੀ ਉਪਾਸਨਾ ਹੁੰਦੀ ਤਦ ਅਗੇ “ਦੈ ਤੇ ਏਕ ਰੂਪ ਹੈ ਗਯੋ” ਦੀ ਥਾਂ "ਤ੍ਰੈ ਤੇ ਏਕ ਰੂਪ
_____________
੨. ਸਾਡੇ ਸਿੱਖ ਭਾਈ ਇਸ ਸ਼ਬਦ ਦਾ ਪਾਠ ਕਰਦੇ ਹੋਏ ਹੱਥ ਵਿਚ ਦੀਵੇ ਲੈ ਕੇ ਘੁਮਾਉਂਦੇ ਹਨ। ਇਸ ਦੇ ਅਰਥ ਦਾ ਜ਼ਰਾ ਵਿਚਾਰ ਭੀ ਨਹੀਂ ਕਰਦੇ, ਦੂਸਰੇ ਲੋਕਾਂ ਵਾਸਤੇ ਏਹ ਕਿਤਨੇ ਹਾਸੇ ਦੀ ਗੱਲ ਹੈ ਕਿ ਸਿਖ ਮੂੰਹੋਂ ਆਰਤੀ ਦਾ ਖੰਡਨ ਪੜ੍ਹਦੇ ਹਨ ਔਰ ਹੱਥਾਂ ਨਾਲ ਉਸ ਦੇ ਵਿਰੁੱਧ ਦੀਵਿਆਂ ਦੀ ਆਰਤੀ ਕਰਦੇ ਹਨ। (ਇਸ ਵਿਸ਼ੈ ਉਤੇ ਦੇਖੋ ਗੁਰਮਤ ਸੁਧਾਕਰ ਦੀ ਦੂਜੀ ਐਡੀਸ਼ਨ ਦਾ ਪੰਨਾ ੨੦੧)
ਸ੍ਵੈ ਗਯੋ" ਪਾਠ ਹੁੰਦਾ ਅਰ "ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ” ਦੀ ਥਾਂ "ਅਕਾਲ ਅਰ ਕਾਲਿਕਾ ਬਾਚ" ਹੁੰਦਾ। ਆਪ ਨੂੰ ਨਿਰਸੰਦੇਹ ਕਰਨ ਲਈ ਅਸੀਂ ਪ੍ਰਬਲ ਪੰਜ ਯੁਕਤੀਆਂ ਨਾਲ ਦੇਵੀ ਦੇ ਪੂਜਨ ਦਾ ਖੰਡਨ ਦਿਖਾਉਂਦੇ ਹਾਂ :
(ੳ) ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿਤਾ ਹੈ, ਕਿ:
ਬਿਨੁ ਕਰਤਾਰ ਨ ਕਿਰਤਮ ਮਾਨੋ ॥ (ਸ਼ਬਦ ਹਜਾਰੇ ਪਾ: ੧੦)
ਅਰਥਾਤ, ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ (ਕਰਨ ਵਾਲੇ) ਦੀ ਉਪਾਸਨਾ ਕਰੋ। ਔਰ ਚੰਡੀ ਦੀ ਵਾਰ ਵਿਚ ਜ਼ਿਕਰ ਹੈ :
ਤੈਂ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸੁ ਕਰਾਇਆ ॥.. ॥੨॥ (ਵਾਰ ਚੰਡੀ ਪਾ: ੧੦)
ਇਸ ਤੋਂ ਸਿੱਧ ਹੈ ਕਿ ਦੁਰਗਾ ਸਾਜਣ ਵਾਲਾ ਕਰਤਾਰ ਹੋਰ ਹੈ ਔਰ ਦੁਰਗਾ ਉਸ ਦੀ ਰਚੀ ਹੋਈ ਹੈ। ਕੀ ਇਹ ਹੋ ਸਕਦਾ ਹੈ ਕਿ ਗੁਰੂ ਜੀ ਸਿੱਖਾਂ ਨੂੰ ਉਪਦੇਸ਼ ਕੁਛ ਦੇਣ ਔਰ ਆਪ ਉਸ ਦੇ ਵਿਰੁੱਧ ਅਮਲ ਕੁਛ ਹੋਰ ਕਰਨ ? ਅਰਥਾਤ ਸਿੱਖਾਂ ਨੂੰ ਕਰਤਾਰ ਪੂਜਣਾ ਦੱਸਣ ਤੇ ਆਪ ਕਰੀ ਹੋਈ ਵਸਤੂ ਦੇ ਉਪਾਸ਼ਕ ਬਣਨ ?
(ਅ) ਗੁਰੂ ਸਾਹਿਬ ਪ੍ਰਤੱਗਿਆ ਕਰਦੇ ਹਨ :
ਤੁਮਹਿ ਛਾਡਿ ਕੋਈ ਅਵਰ ਨ ਧਿਆਉਂ॥
ਜੋ ਬਰ ਚਾਹੋਂ ਸੁ ਤੁਮ ਤੇ ਪਾਊਂ ॥ (ਚੌਪਈ ਪਾ: ੧੦)
ਇਕ ਬਿਨ ਦੂਸਰ ਸੋ ਨ ਚਿਨਾਰ ॥ (ਸ਼ਬਦ ਹਜਾਰੇ ਪਾ: ੧੦)
ਭਜੋ ਸੁ ਏਕ ਨਾਮਯੰ ॥ ਜੁ ਕਾਮ ਸਰਬ ਠਾਮਯੰ ॥੩੭॥
ਨ ਧ੍ਯਾਨ ਆਨ ਕੋ ਧਰੋਂ ॥ ਨ ਨਾਮ ਆਨ ਉੱਚਰੋਂ ॥॥੩੮॥ (ਬਚਿਤ੍ਰ ਨਾਟਕ ਅਧਿਆ ੬)
ਕੀ ਐਸਾ ਹੋ ਸਕਦਾ ਹੈ ਕਿ ਗੁਰੂ ਸਾਹਿਬ ਆਪਣੀ ਪ੍ਰਤੱਗਿਆ ਦੇ ਵਿਰੁੱਧ ਦੇਵੀ ਪੂਜਨ ਕਰਨ ?
(ੲ) ਗ੍ਰੰਥ ਕਰਤਾ ਜਿਸ ਦੇਵਤਾ ਨੂੰ ਪੂਜਦਾ ਹੈ, ਆਪਣੀ ਰਚਨਾ ਦੇ ਆਦਿ ਵਿਚ ਆਪਣੇ ਪੂਜ ਦੇਵਤਾ ਦਾ ਨਾਉਂ ਲੈ ਕੇ ਮੰਗਲ ਕਰਦਾ ਹੈ, ਬਲਕਿ ਵਿਦਵਾਨ ਲੋਕ ਗ੍ਰੰਥ ਦਾ ਮੰਗਲਾਚਰਣ ਦੇਖ ਕੇ ਹੀ ਕਵੀ ਦਾ ਇਸ਼ਟ ਸਮਝ ਲੈਂਦੇ ਹਨ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ :
ੴ ਸਤਿਗੁਰ ਪ੍ਰਸਾਦਿ ॥ ੴ ਵਾਹਿਗੁਰੂ ਜੀ ਕੀ ਫ਼ਤਹ ॥
ਏਹੀ ਮੰਗਲਾਚਰਣ ਸ੍ਰੀ ਮੁਖਵਾਕ ਬਾਣੀ ਦੇ ਆਦਿ ਰੱਖਿਆ ਹੈ, ਫੇਰ ਕਿਸ ਤਰ੍ਹਾਂ ਖ਼ਿਆਲ ਕੀਤਾ ਜਾ ਸਕਦਾ ਹੈ, ਕਿ ਦਸਮ ਗੁਰੂ ਜੀ ਦੇਵੀ ਭਗਤ ਸਨ?
(ਸ) ਸਿੱਖਾਂ ਵਿਚ ਦਸ ਸਤਿਗੁਰੂ ਇਕ ਰੂਪ ਮੰਨੇ ਗਏ ਹਨ, ਜੋ ਆਸ਼ਾ ਗੁਰੂ ਨਾਨਕ ਦੇਵ ਦਾ ਹੈ, ਓਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਹ ਬਚਨ ਹਨ :
ਭਰਮੇ ਸੁਰਿ ਨਰ ਦੇਵੀ ਦੇਵਾ॥ (ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੮)
ਦੇਵੀਆ ਨਹੀ ਜਾਨੈ ਮਰਮ ॥ (ਰਾਮਕਲੀ ਮ: ੫, ਪੰਨਾ ੮੯੪)
ਮਹਾ ਮਾਈ ਕੀ ਪੂਜਾ ਕਰੈ ॥
ਨਰ ਸੈ ਨਾਰੀ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ ॥
ਮੁਕਤਿ ਕੀ ਬਰੀਆ ਕਹਾ ਛਪਾਨੀ ॥ (ਗੋਂਡ ਨਾਮਦੇਵ, ਪੰਨਾ ੮੭੪)
ਔਰ ਫੇਰ, ਖ਼ੁਦ ਕਲਗੀਧਰ "ਅਕਾਲ ਉਸਤਤਿ" ਵਿਚ ਲਿਖਦੇ ਹਨ :
ਚਰਨ ਸਰਨ ਜਿਹ ਬਸਤ ਭਵਾਨੀ ॥...॥੫॥
ਅਰਥਾਤ ਦੇਵੀ ਅਕਾਲ ਦੇ ਚਰਨਾਂ ਦੀ ਦਾਸੀ ਹੈ, ਔਰ ਇਸ ਪਰ ਸਤਿਗੁਰਾਂ ਦਾ ਬਚਨ ਹੈ, ਕਿ:
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥ (ਭੈਰਉ ਮ: ੫, ਪੰਨਾ ੧੧੩੮)
ਔਰ ਜਿਸ ਦੇਵੀ ਨੂੰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਝਾੜੂ ਬਰਦਾਰ ਮੰਨਿਆ, ਤਦ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਸੀ ਗੁਰਗੱਦੀ ਦੇ ਮਾਲਿਕ ਆਪਣੇ ਬਜ਼ੁਰਗਾਂ ਦੇ ਆਸ਼ੇ ਤੋਂ ਵਿਰੁੱਧ ਔਰ ਆਪਣੇ ਲੇਖ ਦੇ ਵਿਰੁੱਧ ਦੇਵੀ ਦੀ ਉਪਾਸ਼ਨਾ ਕਰਦੇ ?
(ਹ) ਭਾਈ ਮਨੀ ਸਿੰਘ ਜੀ ਨੇ ਦਸਵੇਂ ਗੁਰੂ ਸਾਹਿਬ ਤੋਂ ਅੰਮ੍ਰਿਤ ਛਕਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹੇ, ਉਹ ਭਾਈ ਸਾਹਿਬ 'ਗਿਆਨ ਰਤਨਾਵਲੀ' ਦੇ ਆਦਿ ਵਿਚ ਏਹ ਮੰਗਲਾਚਰਨ ਕਰਦੇ ਹਨ :
"ਨਾਮ ਸਭ ਦੇਵਾਂ ਦਾ ਦੇਵ ਹੈ, ਕੋਈ ਦੇਵੀ ਨੂੰ ਮਨਾਂਵਦਾ ਹੈ, ਕੋਈ ਸ਼ਿਵਾਂ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ, ਗੁਰੂ ਕੇ ਸਿੱਖ ਸਤਿਨਾਮੁ ਨੂੰ ਅਰਾਧਦੇ ਹੈਨ, ਜਿਸ ਕਰਕੇ ਸਭ ਵਿਘਨ ਨਾਸ ਹੁੰਦੇ ਹਨ, ਤਾਂ ਤੇ ਸਤਿਨਾਮੁ ਦਾ ਮੰਗਲਾਚਾਰ ਆਦਿ ਰੱਖਿਆ ਹੈ।”
ਜੇ ਦਸਵੇਂ ਸਤਿਗੁਰੂ ਦਾ ਇਸ਼ਟ ਦੇਵੀ ਹੁੰਦੀ, ਤਾਂ ਕੀ ਭਾਈ ਮਨੀ ਸਿੰਘ ਜੀ ਆਪਣੇ ਗੁਰੂ ਦੀ ਪੂਜ੍ਯ ਦੇਵੀ ਬਾਬਤ ਐਸਾ ਲਿਖ ਸਕਦੇ ਸਨ? ਔਰ ਪਿਆਰੇ ਹਿੰਦੂ ਜੀ! ਆਪ ਨੇ ਜੋ ਦੇਵੀ ਦੇ ਮਹਾਤਮ ਬਾਬਤ ਆਖਿਆ ਹੈ ਸੋ ਉਹ ਦਸਵੇਂ ਸਤਿਗੁਰੂ ਦਾ ਉਪਦੇਸ਼ ਨਹੀਂ, ਉਹ ਮਾਰਕੰਡੇ ਪੁਰਾਣ ਵਿਚੋਂ “ਦੁਰਗਾ ਸਪਤਸ਼ਤੀ" ਦਾ ਤਰਜਮਾ ਹੈ, ਜੇਹਾ ਕਿ ਚੰਡੀ ਚਰਿਤ੍ਰ ਵਿਚੋਂ ਹੀ ਸਿੱਧ ਹੁੰਦਾ ਹੈ:
ਸਤ ਸੈ ਕੀ ਕਥਾ ਯਹਿ ਪੂਰੀ ਭਈ ਹੈ ॥॥੨੩੨॥ (ਚੰਡੀ ਚਰਿਤ੍ਰ ਉਕਤਿ)
ਬਲਕਿ ਅਸਲ ਸੰਸਕ੍ਰਿਤ ਪੁਸਤਕ ਵਿਚ ਬਹੁਤ ਹੀ ਵਿਸਥਾਰ ਨਾਲ ਮਹਾਤਮ ਲਿਖਿਆ ਹੈ, ਜਿਸ ਦਾ ਸੰਖੇਪ ਇਹ ਹੈ:
“ਦੇਵੀ ਕਹਿੰਦੀ ਹੈ ਜੋ ਮੇਰੀ ਇਸ ਉਸਤਤਿ ਨੂੰ ਸੁਣਦਾ ਹੈ ਔਰ ਨਿਤ ਪੜ੍ਹਦਾ ਹੈ, ਉਸ ਦੇ ਸਭ ਦੁਖ, ਪਾਪ, ਦਰਿਦ੍ਰ ਆਦਿਕ ਨਾਸ ਹੋ ਜਾਂਦੇ ਹਨ, ਦੁਸ਼ਮਨ, ਚੋਰ, ਰਾਜਾ, ਸ਼ਸਤ੍ਰ
ਔਰ ਅਗਨੀ, ਇਨ੍ਹਾਂ ਸਭਨਾਂ ਦਾ ਡਰ ਜਾਂਦਾ ਰਹਿੰਦਾ ਹੈ, ਯੁੱਧ ਵਿਚ ਪੁਰਸ਼ਾਰਥ ਵਧਦਾ ਹੈ, ਵੈਰੀ ਮਰ ਜਾਂਦੇ ਹਨ, ਮੁਕਤੀ ਮਿਲਦੀ ਹੈ, ਕੁਲ ਦਾ ਵਾਧਾ ਹੁੰਦਾ ਹੈ, ਗ੍ਰਹਾਂ ਦੀ ਪੀੜਾ ਨਹੀਂ ਰਹਿੰਦੀ, ਰਾਖਸ਼, ਭੂਤ, ਪ੍ਰੇਤ ਔਰ ਪਿਸ਼ਾਚਾਂ ਦਾ ਨਾਸ ਹੋ ਜਾਂਦਾ ਹੈ, ਅੱਗ, ਚੋਰ, ਵੈਰੀ, ਸ਼ੇਰ, ਜੰਗਲੀ ਹਾਥੀ ਇਨ੍ਹਾਂ ਤੋਂ ਘਿਰਿਆ ਹੋਇਆ ਛੁਟਕਾਰਾ ਪਾਉਂਦਾ ਹੈ, ਰਾਜੇ ਤੋਂ ਜੇ ਮਾਰਨ ਦਾ ਹੁਕਮ ਹੋ ਜਾਵੇ ਅਥਵਾ ਕੈਦ ਹੋਵੇ, ਸਮੁੰਦਰ ਵਿਚ ਤੂਫਾਨ ਆ ਜਾਵੇ, ਇਨ੍ਹਾਂ ਸਭ ਦੁੱਖਾਂ ਤੋਂ ਬਚ ਜਾਂਦਾ ਹੈ ।” (ਇਤਿਆਦਿਕ)। (ਦੁਰਗਾ ਸਪਤਸ਼ਤੀ ਅ: ੧੨ ਸਲੋਕ ੧-੨੯)
ਇਸੇ ਦਾ ਸੰਖੇਪ ਹੈ :
ਜਾਹਿ ਨਮਿਤ ਪੜ੍ਹੇ ਸੁਨਹੈ ਨਰ ॥੪॥ (ਚੰਡੀ ਚਰਿਤ੍ਰ ਉਕਤਿ ੨੩੨)
ਔਰ : ਫੇਰ ਨ ਜੂਨੀ ਆਇਆ॥੫੫॥ (ਵਾਰ ਚੰਡੀ ਪਾ: ੧੦)
ਹਿੰਦੂ : ਸਿੱਖਾਂ ਦਾ ਨਿੱਤ ਅਰਦਾਸ ਵੇਲੇ ਇਹ ਪੜ੍ਹਨਾ ਕਿ :
ਪ੍ਰਿਥਮ ਭਗੌਤੀ ਸਿਮਰ ਕੈ.... ॥ (ਵਾਰ ਚੰਡੀ ਪਾ: ੧੦)
ਸਾਫ਼ ਸਿੱਧ ਕਰਦਾ ਹੈ ਕਿ ਖਾਲਸਾ ਧਰਮ ਵਿਚ ਦੇਵੀ ਉਪਾਸ਼ਨਾ ਹੈ। ਅਸਲ ਵਿਚ "ਭਗੌਤੀ” ਪਦ ਸੰਸਕ੍ਰਿਤ “ਭਗਵਤੀ” ਹੈ, ਜਿਸ ਦਾ ਅਰਥ ਦੇਵੀ ਹੈ। ਗੁਰੂ ਗੋਬਿੰਦ ਸਿੰਘ ਜੀ ਫ਼ਾਰਸੀ ਅੱਖਰਾਂ ਵਿਚ ਆਪਣੀ ਕਵਿਤਾ ਲਿਖਿਆ ਕਰਦੇ ਸੇ, ਸੋ ਭਗਵਤੀ ਔਰ ਭਗੌਤੀ ਇਕੋ ਪੜ੍ਹਿਆ ਜਾਂਦਾ ਹੈ। ਗੁਰਮੁਖੀ ਲਿਖਾਰੀਆਂ ਨੇ ਅਸਲ ਸ਼ੁੱਧ ਪਾਠ ਸਮਝੇ ਬਿਨਾਂ ਭਗਵਤੀ ਦੀ ਥਾਂ ਭਗੌਤੀ ਲਿਖ ਦਿੱਤਾ ਹੈ।
ਸਿੱਖ : ਭਗੌਤੀ ਪਦ ਪਰ ਗੁਰਮਤਿ ਸੁਧਾਕਰ ਵਿਚ ਚਰਚਾ ਕੀਤੀ ਗਈ ਹੈ, ਆਪ ਉਸ ਨੂੰ ਦੇਖ ਕੇ ਸੰਸਾ ਮਿਟਾ ਸਕਦੇ ਹੋ, ਪਰ ਅਸੀਂ ਆਪ ਨੂੰ ਦੋ ਚਾਰ ਪ੍ਰਸ਼ਨ ਕਰਦੇ ਹਾਂ ਜਿਨ੍ਹਾਂ ਤੋਂ ਆਪ ਦੀ ਤਸੱਲੀ ਹੋ ਜਾਏਗੀ।
(ੳ) ਚੰਡੀ ਦੀ ਵਾਰ ਵਿੱਚ ਪਾਠ ਹੈ :
ਲਈ ਭਗੌਤੀ ਦੁਰਗ ਸ਼ਾਹ ਵਰਜਾਗਨ ਭਾਰੀ ॥
ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ ॥..॥੫੩॥ (ਵਾਰ ਚੰਡੀ ਪਾ: ੧੦)
ਕੀ ਇਸ ਦਾ ਭਾਵ ਇਹ ਹੈ ਕਿ ਦੁਰਗਾ ਨੇ ਭਗਵਤੀ (ਦੇਵੀ) ਫੜ ਕੇ ਰਾਜੇ ਸੁੰਭ ਦੇ ਸਿਰ ਵਿਚ ਮਾਰੀ, ਜਿਸ ਨੇ ਉਸ ਦਾ ਲਹੂ ਚੱਖਿਆ ?
(ਅ) ਕੀ ਗੁਰੂ ਅਰਜਨ ਸਾਹਿਬ ਭੀ ਫ਼ਾਰਸੀ ਅੱਖਰਾਂ ਵਿਚ ਸ਼ਬਦ ਲਿਖਿਆ ਕਰਦੇ ਸੇ, ਜਿਨ੍ਹਾਂ ਦੀ ਨਕਲ ਕਰਨ ਵੇਲੇ ਭਾਈ ਗੁਰਦਾਸ ਜੀ ਧੋਖਾ ਖਾ ਗਏ? ਦੇਖੋ ! ਸੁਖਮਨੀ ਦਾ ਪਾਠ :
ਭਗਉਤੀ ਭਗਵੰਤ ਭਗਤਿ ਕਾ ਰੰਗੁ ॥
ਸਗਲ ਤਿਆਗੈ ਦੁਸਟ ਕਾ ਸੰਗੁ ॥....
_____________
੧. ਦੇਖੋ ਦੂਜੀ ਐਡੀਸ਼ਨ ਦਾ ਪੰਨਾ ੪੪ ਤੋਂ ੪੭
ਸਾਧਸੰਗਿ ਪਾਪਾ ਮਲੁ ਖੋਵੈ ॥
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥....
ਹਰਿ ਕੇ ਚਰਨ ਹਿਰਦੈ ਬਸਾਵੈ ॥
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥ (ਗਉੜੀ ਸੁਖਮਨੀ ਮ: ੫, ਪੰਨਾ ੨੭੪)
ਕਿਉਂ ਸਾਹਿਬ! ਇਹ ਭਗੌਤੀ ਹੈ ਜਾਂ ਭਗਵਤੀ ? ਔਰ ਇਸਤ੍ਰੀ ਲਿੰਗ ਹੈ ਜਾਂ ਪੁਲਿੰਗ ?
(ੲ) ਭਗੌਤੀ ਸਤੋਤ੍ਰ ਔਰ ਭਾਈ ਗੁਰਦਾਸ ਜੀ ਦੀ ਬਾਣੀ ਵਿਚ ਲਿਖਿਆ ਹੈ :
ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ॥ (ਭਗਉਤੀ ਸਤੋਤ੍ਰ ਸਤਰ ੧)
....ਨਾਉ ਭਗੌਤੀ ਲੋਹੁ ਘੜਾਯਾ ।..... ॥੨੬॥ (ਭਾਈ ਗੁਰਦਾਸ, ਵਾਰ ੨੫)
ਕੀ ਭਗਵਤੀ (ਦੇਵੀ) ਨੂੰ ਸਾਣ ਪਰ ਬਾਢ ਚੜ੍ਹਾਇਆ ਜਾਂਦਾ ਹੈ ? ਔਰ ਕੀ ਉਹ ਲੋਹੇ ਦੀ ਘੜੀ ਹੋਈ ਹੈ ? ਮੇਰੇ ਪ੍ਰੇਮੀ ਹਿੰਦੂ ਜੀ! 'ਦਬਿਸਤਾਨਿ ਮਜ਼ਾਹਬ' ਦੇ ਕਰਤਾ ਨੇ ਇਕ ਅੱਖੀਂ ਦੇਖਿਆ ਪ੍ਰਸੰਗ ਦੇਵੀ ਦਾ ਲਿਖਿਆ ਹੈ, ਜਿਸ ਤੋਂ ਗੁਰਸਿੱਖਾਂ ਵਿਚ ਦੇਵੀ ਦੇ ਸਨਮਾਨ ਦੀ ਅਸਲੀਅਤ ਪ੍ਰਗਟ ਹੁੰਦੀ ਹੈ, ਧਿਆਨ ਦੇ ਕੇ ਸੁਣੀਏ:
“ਗੁਰੂ ਹਰਿਗੋਬਿੰਦ ਜੀ ਕੀਰਤਪੁਰ ਪਹੁੰਚੇ, ਜੋ ਰਾਜਾ ਤਾਰਾ ਚੰਦ ਦੀ ਰਾਜਧਾਨੀ ਵਿਚ ਸੀ, ਉਥੋਂ ਦੇ ਲੋਕ ਮੂਰਤੀ ਪੂਜਕ ਸਨ । ਪਹਾੜ ਦੇ ਸਿਰ ਪਰ ਇਕ ਨੈਣਾਂ ਦੇਵੀ ਦਾ ਮੰਦਰ ਸੀ, ਜਿਸ ਨੂੰ ਪੂਜਣ ਲਈ ਆਸ ਪਾਸ ਦੇ ਲੋਕ ਆਇਆ ਕਰਦੇ ਸਨ । ਇਕ ਭੈਰੋਂ ਨਾਮੀ ਗੁਰੂ ਦੇ ਸਿੱਖ ਨੇ ਮੰਦਰ ਵਿਚ ਪਹੁੰਚ ਕੇ ਨੈਣਾਂ ਦੇਵੀ ਦਾ ਨੱਕ ਤੋੜ ਸੁੱਟਿਆ । ਇਸ ਗੱਲ ਦੀ ਚਰਚਾ ਸਾਰੇ ਫੈਲ ਗਈ, ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਪਾਸ ਪਹੁੰਚ ਕੇ ਸਿੱਖ ਦੀ ਸ਼ਕਾਇਤ ਕੀਤੀ। ਗੁਰੂ ਸਾਹਿਬ ਨੇ ਭੈਰੋਂ ਸਿੱਖ ਨੂੰ ਰਾਜਿਆਂ ਦੇ ਸਾਹਮਣੇ ਬੁਲਾ ਕੇ ਪੁੱਛਿਆ, ਤਾਂ ਉਸ ਨੇ ਆਖਿਆ ਕਿ ਦੇਵੀ ਤੋਂ ਪੁੱਛਣਾ ਚਾਹੀਦਾ ਹੈ ਕਿ ਓਸ ਦਾ ਨੱਕ ਕਿਸ ਨੇ ਤੋੜਿਆ ਹੈ ? ਇਸ ਪਰ ਰਾਜਿਆਂ ਨੇ ਭੈਰੋਂ ਨੂੰ ਆਖਿਆ ਕਿ ਹੇ ਮੂਰਖ ! ਕਦੇ ਦੇਵੀ ਭੀ ਗੱਲਾਂ ਕਰ ਸਕਦੀ ਹੈ ? ਭੈਰੋਂ ਨੇ ਹੱਸ ਕੇ ਜਵਾਬ ਦਿੱਤਾ ਕਿ ਜੋ ਦੇਵੀ ਬੋਲ ਨਹੀਂ ਸਕਦੀ ਔਰ ਆਪਣੇ ਅੰਗਾਂ ਨੂੰ ਨਹੀਂ ਬਚਾ ਸਕਦੀ, ਤੁਸੀਂ ਓਸ ਤੋਂ ਨੇਕੀ ਦੀ ਕੀ ਉਮੈਦ ਰਖਦੇ ਹੋ ? ਇਸ ਗੱਲ ਨੂੰ ਸੁਣ ਕੇ ਰਾਜੇ ਚੁੱਪ ਹੋ ਗਏ ।”
ਇਸ ਚੱਲੇ ਹੋਏ ਦੇਵੀ ਦੇ ਪ੍ਰਸੰਗ ਵਿਚ ਮੁਨਾਸਬ ਮਲੂਮ ਹੁੰਦਾ ਹੈ ਕਿ ਅਸੀਂ ਆਪਣੇ ਸਿੱਖ ਭਾਈਆਂ ਨਾਲ ਭੀ ਦੋ ਗੱਲਾਂ ਦੇਵੀ ਬਾਬਤ ਕਰੀਏ :
ਪਿਆਰੇ ਗੁਰੂ ਨਾਨਕ ਪੰਥੀਓ! ਸਭ ਤੋਂ ਪਹਿਲਾਂ ਆਪ ਇਹ ਵਿਚਾਰੋ ਕਿ ਦੇਵੀ ਕੌਣ ਹੋਈ ਹੈ ਔਰ ਉਸ ਨੇ ਸੰਸਾਰ ਦਾ ਕੀ ਉਪਕਾਰ ਕੀਤਾ ਹੈ ? ਪੁਰਾਣਾਂ ਤੋਂ ਤਾਂ ਏਹੀ ਪਤਾ ਲੱਗਦਾ ਹੈ ਕਿ ਉਹ ਹਿਮਾਲਿਆ ਦੀ ਬੇਟੀ ਸੀ ਅਰ ਸ਼ਿਵਜੀ ਨੂੰ ਵਿਆਹੀ ਗਈ ਸੀ, ਇਸੀ ਵਾਸਤੇ ਉਸ ਦੇ ਨਾਉਂ ਪਾਰਬਤੀ, ਗਿਰਿਜਾ ਔਰ ਸ਼ਿਵਾ ਆਦਿ ਹਨ। ਉਸ ਨੇ ਦੇਵਤਿਆਂ ਦੀ ਹਿਮਾਇਤ ਵਿਚ ਦੈਂਤਾਂ ਨਾਲ ਯੁੱਧ ਕੀਤਾ ਔਰ ਇੰਦਰ ਨੂੰ ਕਈ ਵੇਰ
______________
੧. ਗੁਰੂ ਸਾਹਿਬ ਨੇ ਸਿੱਖ ਦੇ ਇਸ ਕਰਮ ਨੂੰ ਸਭਿਅਤਾ ਦਾ ਨਹੀਂ ਸਮਝਿਆ। ਪਰ ਇਸ ਪ੍ਰਸੰਗ ਤੋਂ ਸਿੱਖਾਂ ਵਿਚ ਮੂਰਤੀ ਪੂਜਾ ਸੰਬੰਧੀ ਖ਼ਿਆਲ ਪ੍ਰਗਟ ਹੋ ਜਾਂਦਾ ਹੈ।
ਰਾਜ-ਗੱਦੀ ਮੁੜ ਦਿਵਾ ਦਿੱਤੀ, ਔਰ ਇੰਦਰ ਉਹ ਦੇਵਤਾ ਹੈ ਜੋ ਸਾਰਾ ਦਿਨ ਅਪਸਰਾ ਦਾ ਨਾਚ ਔਰ ਤਮਾਸ਼ਾ ਦੇਖਦਾ ਹੋਇਆ ਐਸ਼ ਆਰਾਮ ਵਿਚ ਸਮਾਂ ਬਿਤਾਉਂਦਾ ਹੈ, ਔਰ ਪੁਰਾਣਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਰਿਸ਼ੀ ਐਸਾ ਨਹੀਂ ਜਿਸ ਦੇ ਭਜਨ ਔਰ ਤਪ ਵਿਚ ਵਿਘਨ ਪਾਉਣ ਵਾਸਤੇ ਇੰਦਰ ਨੇ ਲੁੱਚੀਆਂ ਤੀਵੀਆਂ ਨਾ ਭੇਜੀਆਂ ਹੋਣ, ਔਰ ਉਹ ਖ਼ੁਦ ਰਿਸ਼ੀਆਂ ਦੀਆਂ ਇਸਤ੍ਰੀਆਂ ਨਾਲ ਵਿਭਚਾਰ ਕਰਦਾ ਰਿਹਾ ਹੈ, ਜੇਹਾ ਕਿ ਅਹਿਲਿਆ ਦੀ ਕਥਾ ਹੈ। ਐਸੇ ਵਿਭਚਾਰੀ ਔਰ ਕੁਕਰਮੀ ਦੀ ਸਹਾਇਤਾ ਕਰ ਕੇ ਦੇਵੀ ਨੇ ਜਗਤ ਨੂੰ ਕੀ ਸੁਖ ਦਿੱਤਾ ? ਅਰ ਇੰਦਰ ਨੇ ਰਾਜ ਲੈ ਕੇ ਸੰਸਾਰ ਦਾ ਕਿਹੜਾ ਸੁਧਾਰ ਕੀਤਾ ?
ਨੈਣਾਂ ਦੇਵੀ, ਜਵਾਲਾ ਮੁਖੀ ਆਦਿਕ ਜੋ ਅਸਥਾਨ ਹਨ, ਇਨ੍ਹਾਂ ਦਾ ਪ੍ਰਸੰਗ ਇਉਂ ਹੈ ਕਿ ਦੱਛ ਦੇ ਯੱਗ ਵਿਚ ਉਸ ਦੀ ਬੇਟੀ "ਸਤੀ" ਬਿਨਾ ਬੁਲਾਏ ਚਲੀ ਗਈ ਔਰ ਉਸ ਨੇ ਯੱਗ ਵਿਚ ਆਪਣੇ ਪਤੀ ਸ਼ਿਵ ਦਾ ਹਿੱਸਾ ਕੱਢਿਆ ਹੋਇਆ ਨਾ ਦੇਖ ਕੇ ਕ੍ਰੋਧ ਵਿਚ ਆ ਕੇ ਹਵਨ ਕੁੰਡ ਵਿਚ ਛਾਲ ਮਾਰੀ। ਖ਼ਬਰ ਹੋਣ ਤੋਂ ਬੀਰਭਦਰ ਅਥਵਾ ਸ਼ਿਵ ਜੀ ਨੇ ਆ ਕੇ ਦਗਧ ਹੁੰਦੀ ਸਤੀ ਨੂੰ ਤ੍ਰਿਸ਼ੂਲ ਪਰ ਜ਼ੋਰ ਨਾਲ ਝਟਕਾ ਮਾਰ ਕੇ ਚੁੱਕਿਆ, ਉਸ ਵੇਲੇ ਸਤੀ ਦੇ ਅੰਗ ਬਿਖਰ ਕੇ ਜਿਥੇ ਜਿਥੇ ਡਿਗੇ, ਓਹੀ ਓਹੀ ਪੂਜ੍ਯ ਅਸਥਾਨ ਬਣ ਗਏ। ਜਿਥੇ ਅੱਖਾਂ ਡਿੱਗੀਆਂ, ਓਥੇ ਨੈਣਾਂ ਦੇਵੀ, ਜਿਥੇ ਜੀਭ ਡਿੱਗੀ ਓਥੇ ਜਵਾਲਾ ਮੁਖੀ। ਏਸੇ ਤਰ੍ਹਾਂ ਹੋਰ ਅੰਗਾਂ ਤੋਂ ਅਨੇਕਾਂ ਹੀ ਅਸਥਾਨ ਬਣੇ।
ਇਨ੍ਹਾਂ ਪ੍ਰਸੰਗਾਂ ਤੋਂ ਜੇ ਇਹ ਉਪਦੇਸ਼ ਲਿਆ ਜਾਵੇ ਕਿ ਇਸਤ੍ਰੀਆਂ ਨੂੰ ਭੀ ਯੁੱਧ ਵਿਦਿਆ ਵਿਚ ਨਿਪੁੰਨ ਹੋਣਾ ਲੋੜੀਏ ਔਰ ਆਪਣੇ ਪਤੀ ਦਾ ਸਨਮਾਨ ਪ੍ਰਾਣਾਂ ਤੋਂ ਵੀ ਵਧ ਕੇ ਕਰਨਾ ਚਾਹੀਏ, ਤਾਂ ਬੇਸ਼ਕ ਚੰਗਾ ਹੈ, ਪਰ ਇਸ ਤੋਂ ਛੁੱਟ ਹੋਰ ਕੋਈ ਲਾਭਦਾਇਕ ਗੱਲ ਨਹੀਂ।
ਕਈ ਮੰਤਕੀ ਇਹ ਆਖਦੇ ਹਨ ਕਿ ਅਸੀਂ ਹਿਮਾਲਿਆ ਦੀ ਬੇਟੀ ਅਥਵਾ ਅਸ਼ਟਭੁਜੀ ਆਦਿਕ ਸਰੂਪ ਵਾਲੀ ਦੇਵੀ ਨੂੰ ਨਹੀਂ ਪੂਜਦੇ, ਅਸੀਂ ਤਾਂ ਅਕਾਲ ਪੁਰਖ ਦੀ ਜੋ ਸ਼ਕਤੀ ਹੈ, ਉਸ ਨੂੰ ਮੰਨਦੇ ਹਾਂ। ਉਨ੍ਹਾਂ ਪ੍ਰਤੀ ਅਸੀਂ ਇਹ ਸ਼ੰਕਾ ਕਰਦੇ ਹਾਂ ਕਿ ਅਕਾਲ ਪੁਰਖ ਦੀ ਸ਼ਕਤੀ ਉਸ ਤੋਂ ਭਿੰਨ ਹੈ ਜਾਂ ਅਭਿੰਨ ? ਜੜ੍ਹ ਹੈ ਅਥਵਾ ਚੇਤੰਨ? ਔਰ ਅਨਿੱਤ ਹੈ ਜਾਂ ਨਿੱਤ ? 'ਜੇ ਦੇਵੀ ਅਕਾਲ ਤੋਂ ਭਿੰਨ, ਚੇਤੰਨ ਔਰ ਨਿੱਤ ਤੁਸੀਂ ਮੰਨਦੇ ਹੋ ਔਰ ਉਸ ਨੂੰ ਪੂਜਦੇ ਹੋ, ਤਾਂ ਨਿਸਚਾ ਕਰੋ ਕਿ ਗੁਰੂ ਸਾਹਿਬ ਨੇ ਜੋ ਓਅੰਕਾਰ ਦੇ ਆਦਿ ਵਿਚ ਏਕਾ ਲਾਇਆ ਹੈ। ਤੁਸੀਂ ਉਸ ਉਪਰ ਹੜਤਾਲ ਫੇਰਨ ਦੇ ਫਿਕਰ ਵਿਚ ਹੋ ਔਰ ਸਿੱਖੀ ਤੋਂ ਪਤਿਤ ਹੋ, ਔਰ ਜੇ ਦੇਵੀ ਅਕਾਲ ਪੁਰਸ਼ ਤੋਂ ਭਿੰਨ ਨਹੀਂ, ਕੇਵਲ ਉਸ ਦੀ ਸ਼ਕਤੀ ਮਾਤ੍ਰ ਦਾ ਨਾਉਂ ਹੈ, ਤਾਂ ਉਸ ਦਾ "ਦੇਵੀ" ਨਾਮ ਲੈ ਕੇ ਭਿੰਨ ਪੂਜਣਾ ਭੀ ਮਹਾਂ-ਅਗਿਆਨ ਔਰ ਮੂਰਖਤਾ ਹੈ।
ਜੇ ਦੇਵੀ ਕੋਈ ਜੜ੍ਹ ਔਰ ਅਨਿੱਤ ਪਦਾਰਥ ਹੈ, ਤਾਂ ਭੀ ਉਸ ਦੀ ਪੂਜਾ ਸਿੱਖ ਧਰਮ ਅਨੁਸਾਰ ਨਹੀਂ ਬਣਦੀ। ਸਿੱਧਾਂਤ ਇਹ ਹੈ ਕਿ ਕਿਸੀ ਤਰ੍ਹਾਂ ਭੀ ਦੇਵੀ ਦੀ ਪੂਜਾ ਸਿੱਖ ਧਰਮ ਵਿਚ ਯੋਗ ਸਿੱਧ ਨਹੀਂ ਹੋ ਸਕਦੀ।
ਪਿਆਰੇ ਸਿੱਖ ਭਾਈਓ ! ਸਾਡੇ ਧਰਮ ਵਿਚ ਹੀ ਬੀਬੀ ਨਾਨਕੀ, ਬੀਬੀ ਅਮਰੋ,
ਬੀਬੀ ਭਾਨੀ, ਬੀਬੀ ਵੀਰੋ, ਮਾਤਾ ਸਾਹਿਬ ਕੌਰ ਔਰ ਮਾਈ ਭਾਗੋ ਜੇਹੀਆਂ ਪਵਿਤ੍ਰ ਦੇਵੀਆਂ ਹਨ। ਆਪ ਉਨ੍ਹਾਂ ਦੇ ਜੀਵਨ ਚਰਿਤ੍ਰਾਂ ਨੂੰ ਪੜ੍ਹੋ ਔਰ ਉਨ੍ਹਾਂ ਦੇ ਉਪਕਾਰਾਂ ਨੂੰ ਯਾਦ ਕਰ ਕੇ ਉਨ੍ਹਾਂ ਦੇ ਪੂਰਨਿਆਂ ਪਰ ਤੁਰੋ ਔਰ ਆਪਣੀਆਂ ਪੁਤ੍ਰੀਆਂ ਨੂੰ ਉਨ੍ਹਾਂ ਜੇਹੇ ਗੁਣ ਧਾਰਨ ਕਰਨ ਦੀ ਸਿਖਿਆ ਦਿਓ, ਜਿਸ ਤੋਂ ਆਪ ਦਾ ਮਾਨੁਸ਼ ਜਨਮ ਸਫਲ ਹੋਵੇ ਔਰ ਆਪ ਕਲਗੀਧਰ ਪੂਜ ਪਿਤਾ ਦੇ ਸਪੁੱਤ੍ਰ ਕਹਾਉਣ ਦੇ ਅਧਿਕਾਰੀ ਬਣੋ, ਅਰ ਦੇਸ਼ ਸੁਧਾਰਕਾਂ ਵਿਚ ਗਿਣੇ ਜਾਓ।
ਇਨ੍ਹਾਂ ਦੇਵੀਆਂ ਤੋਂ ਭਿੰਨ ਇਕ ਹੋਰ ਦੇਵੀ ਹੈ ਜੋ ਕਲਗੀਧਰ ਸਵਾਮੀ ਨੇ ਆਪ ਨੂੰ ਬਖ਼ਸ਼ੀ ਹੈ। ਔਰ ਜਿਸ ਬਿਨਾ ਆਪ ਉਤਨੇ ਹੀ ਪਤਿਤ ਹੋ, ਜਿਤਨਾ ਜਨੇਊ ਬਿਨਾ ਹਿੰਦੂ ਦ੍ਰਿਜ ਹੈ। ਔਰ ਉਸੇ ਦੇਵੀ ਦੇ ਤੁਫੈਲ ਤੁਸੀਂ ਇਸ ਦੇਸ ਤੋਂ ਅਨਿਆਇ ਦੂਰ ਕੀਤਾ ਸੀ ਔਰ ਹੁਣ ਭੀ ਫ਼ੌਜਾਂ ਵਿਚ ਮਾਣ ਪਾ ਕੇ ਸਿੱਖ ਕੌਮ ਦਾ ਭੂਸ਼ਣ ਬਣ ਰਹੇ ਹੋ। ਉਹ ਦੇਵੀ ਇਹ ਹੈ:
ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ ॥
ਕਰੇ ਏਕ ਤੇ ਦੈ ਸੁਭਟ ਹਾਥ ਸੋਹੀ॥ (ਭਗਉਤੀ ਸਤੋਤ੍ਰ ਸਤਰ ੧-੨)
ਜੋਊ ਨ ਤੇ ਬੀਰ ਤੋ ਕੋ ਸੜੱਕੈ॥
ਪ੍ਰਲੈ ਕਾਲ ਕੇ ਸਿੰਧ ਬੱਕੈ ਕੜੱਕੈ ॥
ਧਸੈ ਖੇਤ ਮੈਂ ਹਾਥ ਲੈ ਤੋਹਿ ਸੂਰੇ ॥
ਭਿਰੇ ਸਾਮੁਹੈ ਸਿੱਧ ਸਾਵੰਤ ਸੂਰੇ ॥ (ਭਗਉਤੀ ਸਤੋਤ੍ਰ ਸਤਰ ੨੧-੨੪)
ਪਿਆਰੇ ਭਾਈਓ ! ਇਨ੍ਹਾਂ ਪਵਿਤ੍ਰ ਦੇਵੀਆਂ ਤੋਂ ਵਿਮੁਖ ਹੋ ਕੇ ਜਿਤਨਾ ਧਨ ਆਪ ਨੇ ਅੱਜ ਤੋੜੀ ਲਹੂ ਪੀਣੀਆਂ ਕਲਪਿਤ ਦੇਵੀਆਂ ਨੂੰ ਅਰਪਿਆ ਹੈ, ਜੇ ਕਿਤੇ ਉਤਨਾ ਆਪਣੀਆਂ ਸਪੁਤ੍ਰੀਆਂ ਦੇ ਸੁਧਾਰ ਵਾਸਤੇ ਖ਼ਰਚ ਕਰਦੇ ਤਾਂ ਅੱਜ ਘਰ ਘਰ ਦੇਵੀਆਂ ਨਜ਼ਰ ਪੈਂਦੀਆਂ, ਅਰ ਸਿਖ ਕੌਮ ਦਾ ਨਾਮ ਦੇਸ਼-ਦੇਸ਼ਾਂਤਰਾਂ ਵਿਚ ਸੂਰਜ ਦੀ ਤਰ੍ਹਾਂ ਪ੍ਰਕਾਸ਼ਤ ਹੁੰਦਾ ਅਤੇ ਆਉਣ ਵਾਲੀ ਸੰਤਾਨ ਆਪ ਦੇ ਗੁਣ ਗਾਉਂਦੀ ਹੋਈ ਕ੍ਰਿਤ ਅਰ ਕ੍ਰਿਤਾਰਥ ਹੁੰਦੀ ।
ਅਜੇ ਭੀ ਸਮਾਂ ਹੈ ਜੇ ਆਪ ਆਪਣੀ ਕੌਮ ਤਥਾ ਦੇਸ਼ ਦੀ ਉੱਨਤੀ ਚਾਹੁੰਦੇ ਹੋ, ਤਦ ਉੱਤਮ ਵਿਦਿਆਲੇ ਖੋਲ੍ਹ ਕੇ (ਜਿਨ੍ਹਾਂ ਵਿਚ ਕੌਮੀ ਜੀਵਨ ਉਤਪੰਨ ਕੀਤਾ ਜਾਵੇ) ਧਰਮਵਾਨ, ਬਲਵਾਨ ਅਰ ਪ੍ਰਤਾਪਵਾਨ ਦੇਵੀਆਂ ਉਤਪੰਨ ਕਰੋ, ਜਿਸ ਤੋਂ ਆਪ ਦੀ ਦੈਵੀ ਸੰਤਾਨ, ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਆਸਰੇ ਘੋਰ ਕਲਿਕਾਲ ਨੂੰ ਸਤਿਜੁਗ ਵਿਚ ਪਲਟ ਦੇਵੇ।
(੫) ਮੂਰਤੀ ਪੂਜਾ
ਪਿਆਰੇ ਹਿੰਦੂ ਭਾਈ! ਆਪ ਦੇ ਮੱਤ ਵਿਚ ਮੂਰਤੀ ਪੂਜਾ ਪ੍ਰਧਾਨ ਹੈ, ਪਰ ਸਿੱਖ ਧਰਮ ਵਿਚ ਇਸ ਦਾ ਨਿਸ਼ੇਧ ਕੀਤਾ ਗਿਆ ਹੈ : ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥
ਨਾਰਦਿ ਕਹਿਆ ਸਿ ਪੂਜ ਕਰਾਂਹੀ॥
ਅੰਧੇ ਗੁੰਗੇ ਅੰਧ ਅੰਧਾਰੁ ॥
ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰੁ ॥ (ਵਾਰ ਬਿਹਾਗੜਾ ਮ: ੧, ਪੰਨਾ ੫੫੬)
ਘਰ ਮਹਿ ਠਾਕੁਰੁ ਨਦਰਿ ਨ ਆਵੈ ॥
ਗਲ ਮਹਿ ਪਾਹਣੁ ਲੈ ਲਟਕਾਵੈ ॥੧॥
ਭਰਮੇ ਭੂਲਾ ਸਾਕਤੁ ਫਿਰਤਾ॥
ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥
ਜਿਸੁ ਪਾਹਣ ਕਉ ਠਾਕੁਰੁ ਕਹਤਾ ॥
ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥
ਗੁਨਹਗਾਰ ਲੂਣ ਹਰਾਮੀ ॥
ਪਾਹਣ ਨਾਵ ਨ ਪਾਰਗਿਰਾਮੀ ॥੩॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥
ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥ (ਸੂਹੀ ਮ: ੫, ਪੰਨਾ ੭੩੯)
ਜੋ ਪਾਥਰ ਕਉ ਕਹਤੇ ਦੇਵ ॥
ਤਾ ਕੀ ਬਿਰਥਾ ਹੋਵੈ ਸੇਵ ॥
ਜੋ ਪਾਥਰ ਕੀ ਪਾਂਈ ਪਾਇ ॥
ਤਿਸ ਕੀ ਘਾਲ ਅਜਾਂਈ ਜਾਇ ॥੧॥
ਠਾਕੁਰੁ ਹਮਰਾ ਸਦ ਬੋਲੰਤਾ ॥
ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥....
ਨ ਪਾਥਰੁ ਬੋਲੈ ਨਾ ਕਿਛੁ ਦੇਇ॥
ਫੋਕਟ ਕਰਮ ਨਿਹਫਲ ਹੈ ਸੇਵ ॥੨॥ (ਭੈਰਉ ਮ: ੫, ਪੰਨਾ ੧੧੬੦)
ਘਰਿ ਨਾਰਾਇਣੁ ਸਭਾ ਨਾਲਿ ॥
ਪੂਜ ਕਰੇ ਰਖੈ ਨਾਵਾਲਿ ॥
ਕੁੰਗੂ ਚੰਨਣੁ ਫੂਲ ਚੜਾਏ ॥
ਪੈਰੀ ਪੈ ਪੈ ਬਹੁਤੁ ਮਨਾਏ ॥
ਮਾਣੂਆ ਮੰਗਿ ਮੰਗਿ ਪੈਨ੍ਹੈ ਖਾਇ॥
ਅੰਧੀ ਕੰਮੀ ਅੰਧ ਸਜਾਇ॥ (ਵਾਰ ਸਾਰੰਗ ਮ: ੧, ਪੰਨਾ ੧੨੪੦)
ਕਹਾਂ ਭਇਓ ਜੋ ਅਤਿ ਹਿਤ ਚਿਤ ਕਰ
ਬਹੁਬਿਧਿ ਸਿਲਾ ਪੁਜਾਈ ॥
ਪਾਨ ਥਕਯੋ ਪਾਹਨ ਕਹ ਪਰਸਤ
ਕਛੁ ਕਰ ਸਿੱਧਿ ਨ ਆਈ ॥੧॥
ਅੱਛਤ ਧੂਪ ਦੀਪ ਅਰਪਤ ਹੈ
ਪਾਹਨ ਕਛੂ ਨ ਖੈਹੈ ॥
ਤਾਮੈ ਕਹਾਂ ਸਿੱਧਿ ਹੈ, ਰੇ ਜੜ੍ਹ
ਤੋਹਿ ਕਛੂ ਬਰ ਦੈਹੈ ॥੨॥
ਜੋ ਜੀਅ ਹੋਤ ਦੇਤ ਕਛੁ ਤੁਹਿ
ਕਰ ਮਨ ਬਚ ਕਰਮ ਬਿਚਾਰਿ ॥
ਕੇਵਲ ਏਕ ਸਰਣਿ ਸੁਆਮੀ ਬਿਨ
ਯੌ ਨਹਿ ਕਤਹਿ ਉਧਾਰ ॥੩॥ (ਸ਼ਬਦ ਹਜਾਰੇ ਪਾ: ੧੦
ਕਾਹੂੰ ਲੈ ਪਾਹਨ ਪੂਜ ਧਰਯੋ ਸਿਰ
ਕਾਹੂੰ ਲੈ ਲਿੰਗ ਗਰੇ ਲਟਕਾਇਓ ॥
ਕਾਹੂ ਲਖਿਓ ਹਰਿ ਅਵਾਚੀ ' ਦਿਸਾ ਮਹਿ
ਕਾਹੂੰ ਪਛਾਹ ਕੋ ਸੀਸੁ ਨਿਵਾਇਓ ॥
ਕੋਊ ਬੁਤਾਨ ਕੋ ਪੂਜਤ ਹੈ ਪਸੁ
ਕੋਊ ਮ੍ਰਿਤਾਨ ਕੋ ਪੂਜਨ ਧਾਇਓ ॥
ਕੂਰ ਕ੍ਰਿਆ ਉਰਝਿਓ ਸਭ ਹੀ ਜਗ
ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥ (ਸੁਧਾ ਸਵਯੇ ਅਕਾਲ ਉਸਤਤਿ)
ਤਾਂਹਿੰ ਪਛਾਨਤ ਹੈ ਨ ਮਹਾਂ ਪਸੁ
ਜਾਂ ਕੋ ਪ੍ਰਤਾਪ ਤਿਹੂੰ ਪੁਰ ਮਾਹੀਂ ॥
ਪੂਜਤ ਹੈਂ ਪ੍ਰਮੇਸ੍ਵਰ ਕੈ
ਜਿਹ ਕੈ ਪਰਸੈ ਪਰਲੋਕ ਪਰਾਹੀਂ३ ॥
ਪਾਪ ਕਰੋ ਪਰਮਾਰਥ ਕੈ
ਜਿਹ ਪਾਪਨ ਤੇ ਅਤਿ ਪਾਪ ਲਜਾਹੀਂ ॥
ਪਾਇ ਪਰੋ ਪਰਮੇਸੁਰ ਕੇ ਜੜ੍ਹ
ਪਾਹਨ ਮੈ ਪਰਮੇਸਰ ਨਾਹੀਂ ॥੯੯॥ (ਬਚਿਤ੍ਰ ਨਾਟਕ ਅਧਿਆ ੧)
ਕਾਹੇ ਕੋ ਪੂਜਤ ਪਾਹਨ ਕੋ
ਕਛੁ ਪਾਹਨ ਮੈਂ ਪਰਮੇਸਰ ਨਾਹੀ॥
ਤਾਂਹੀ ਕੋ ਪੂਜ ਪ੍ਰਭੂ ਕਰ ਕੈ
ਜਿਹ ਪੂਜਤ ਹੀ ਅਘ ਓਘ ਮਿਟਾਹੀ ॥
ਆਧਿ ਬਿਆਧਿ ਕੇ ਬੰਧਨ ਜੇਤਕ
ਨਾਮ ਕੇ ਲੇਤ ਸਭੈ ਛੁਟ ਜਾਹੀ॥
ਤਾਂਹੀ ਕੋ ਧਿਆਨ ਪ੍ਰਮਾਨ ਸਦਾ
ਇਨ ਫੋਕਟ ਧਰਮ ਕਰੇ ਫਲ ਨਾਹੀ ॥੧੯॥
___________
੧. ਪੂਰਬ ।
२. ਪੱਛਮ
੩. ਤੂੰ ਉਸ ਜੜ੍ਹ ਪੱਥਰ ਨੂੰ ਪ੍ਰਮੇਸ਼ਵਰ ਮੰਨ ਕੇ ਪੂਜਦਾ ਹੈਂ, ਜਿਸ ਦੇ ਪੂਜਣ ਕਰਕੇ ਤੇਰਾ ਪ੍ਰਲੋਕ ਵਿਗੜ ਜਾਂਦਾ ਹੈ।
੪. ਧਰਮ ਰੂਪ ਸਮਝ ਕੇ ਪਾਪ ਕਰਦੇ ਹੋ, ਜਿਨ੍ਹਾਂ ਪਾਪਾਂ ਅੱਗੇ ਮਹਾਂ ਪਾਪ ਭੀ ਸ਼ਰਮਿੰਦੇ ਹੁੰਦੇ ਹਨ।
ਫੋਕਟ ਭਰਮ ਭਯੋ ਫਲਹੀਨ
ਜੁ ਪੂਜ ਸਿਲਾ ਜੁਗ ਕੋਟ ਗਵਾਈ॥
ਸਿੱਧਿ ਕਹਾਂ ਸਿਲ ਕੇ ਪਰਸੇ
ਬਲ ਬ੍ਰਿਧ ਘਟੀ ਨਵ ਨਿਧਿ ਨ ਪਾਈ॥
ਆਜ ਹੀ ਆਜ ਸਮੋ ਜੁ ਬਿਤਿਓ
ਨਹਿ ਕਾਜ ਸਰ੍ਯੋ ਕਛੁ ਲਾਜ ਨ ਆਈ॥
ਸ੍ਰੀ ਭਗਵੰਤ ਭਜਿਓ ਨ ਅਰੇ ਜੜ
ਐਸੇ ਹੀ ਐਸ ਸੁ ਬੈਸ ਗਵਾਈ ॥੨੦॥ (੩੩ ਸਵੈਯੇ ਪਾ: ੧੦)
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਹਾੜੀ ਰਾਜਿਆਂ ਨਾਲ ਵਿਰੋਧ ਦਾ ਕਾਰਨ ਜ਼ਫ਼ਰਨਾਮਹ ਵਿਚ ਦੱਸਦੇ ਹਨ :
ਮਨਮ ਕੁਸ਼ਤਨਮ ਕੋਹੀਯਾਂ ਬੁਤ ਪਰਸਤ ॥
ਕਿ ਓ ਬੁਤ ਪਰਸਤੰਦੁ ਮਨ ਬੁਤ ਸ਼ਿਕਸਤ ॥੯੫॥੧ (ਜ਼ਫ਼ਰਨਾਮਹ ਹਕਾਯਤ ੧, ਪਾ: ੧੦)
ਦਬਿਸਤਾਨਿ ਮਜ਼ਾਹਬ ਵਿਚ ਲਿਖਿਆ ਹੈ :
“ਨਾਨਕ ਪੰਥੀ ਜੋ ਗੁਰੂ ਦੇ ਸਿੱਖ ਹੈਨ, ਓਹ ਬੁੱਤ ਔਰ ਬੁੱਤਖਾਨਿਆਂ ਪਰ ਨਿਸ਼ਚਾ ਨਹੀਂ ਰਖਦੇ ।”
ਸਭ ਤੋਂ ਵਧ ਕੇ ਸਿੱਖਾਂ ਪਾਸ ਬੁੱਤਪ੍ਰਸਤ ਨਾ ਹੋਣ ਦਾ ਇਤਿਹਾਸਿਕ ਸਬੂਤ ਏਹ ਹੈ ਕਿ ਦਸਾਂ ਸਤਿਗੁਰਾਂ ਵਿਚੋਂ ਕਿਸੇ ਨੇ ਵੀ ਕੋਈ ਐਸਾ ਮੰਦਿਰ ਨਹੀਂ ਬਣਵਾਇਆ, ਜਿਸ ਵਿਚ ਮੂਰਤੀ ਸਥਾਪਨ ਕਰੀ ਗਈ ਹੋਵੇ।
ਹਿੰਦੂ : ਆਪ ਨੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਸਿੱਧ ਕੀਤਾ ਹੈ ਕਿ ਸਿੱਖ ਧਰਮ ਵਿਚ ਮੂਰਤੀ ਪੂਜਾ ਨਹੀਂ। ਪਰ ਕੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ, ਮੂਰਤੀ ਪੂਜਾ ਨਹੀਂ ? ਆਪ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਸਰੂਪ ਜਾਣਦੇ ਹੋ, ਅਰ ਕਟੋਰੇ ਵਿਚ ਕੜਾਹ ਪ੍ਰਸ਼ਾਦਿ ਰਖ ਕੇ ਭੋਗ ਲਵਾਉਂਦੇ ਹੋ।
ਸਿੱਖ : ਗੁਰੂ ਗ੍ਰੰਥ ਸਾਹਿਬ ਨੂੰ ਅਕਾਲੀ ਹੁਕਮ ਮੰਨ ਕੇ ਸਿੱਖ ਸਨਮਾਨ ਕਰਦੇ ਹਨ, ਜਿਸ ਤੋਂ ਪ੍ਰਮਾਰਥਕ ਅਰ ਵਿਵਹਾਰਿਕ ਸੱਚੇ ਉਪਦੇਸ਼ ਮਿਲਦੇ ਹਨ, ਮੂਰਤੀ ਪੂਜਕਾਂ ਵਾਂਗ ਪੂਜਨ ਨਹੀਂ ਕਰਦੇ। ਕਟੋਰੇ ਵਿਚ ਕੜਾਹ ਪ੍ਰਸ਼ਾਦਿ ਗ੍ਰੰਥੀ ਵਾਸਤੇ ਰਖਿਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਾਉਣ ਲਈ ਨਹੀਂ।
ਸੰਸਾਰ ਵਿਚ ਜਿਸ ਤਰ੍ਹਾਂ “ਸ਼ਾਹੀ ਫੁਰਮਾਨ” ਨੂੰ ਤਾਜ਼ੀਮ ਦਿਤੀ ਜਾਂਦੀ ਹੈ, ਸਿਰ
____________
੧. ਮੈਂ ਉਪਦ੍ਰਵੀ ਪਹਾੜੀਆਂ ਦੇ ਮਾਰਨ ਵਾਲਾ ਹਾਂ ਕਿਉਂਕਿ ਉਹ ਮੂਰਤੀ ਪੂਜਕ ਹਨ ਅਤੇ ਮੈਂ ਮੂਰਤੀ ਭੰਜਕ ਹਾਂ।
ਇਤਿਹਾਸ ਲਿਖਣ ਵਾਲਿਆਂ ਨੇ, ਹਾਥੀ, ਤੰਬੂ ਆਦਿਕ ਸਾਮਾਨ ਨਾ ਦੇਣ ਕਰਕੇ ਸਤਿਗੁਰਾਂ ਦਾ ਪਹਾੜੀ ਰਾਜਿਆਂ ਨਾਲ ਜੋ ਵਿਰੋਧ ਲਿਖਿਆ ਹੈ, ਸੋ ਗੌਣ ਕਾਰਣ ਹੈ। ਮੁੱਖ ਵਿਰੋਧ ਦਾ ਕਾਰਣ ਖਾਲਸਾ ਧਰਮ ਦੀ ਸਿਖਿਆ ਸੀ, ਜੋ ਮੂਰਤੀ ਪੂਜਕ ਮਤ ਦੇ ਵਿਰੁੱਧ ਸੀ।
ਮੱਥੇ ਤੇ ਰੱਖ ਕੇ ਸਿਰ ਝੁਕਾਇਆ ਜਾਂਦਾ ਹੈ, ਉਹੀ ਬਾਤ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਹੈ, ਕਿਉਂਕਿ ਉਹ ਪਰਮ ਪਿਤਾ ਸ਼ਹਿਨਸ਼ਾਹ ਦਾ ਫੁਰਮਾਨ ਹੈ। ਜੇ ਕਿਸੇ ਪ੍ਰੇਮੀ ਨੇ ਯਥਾਰਥ ਸਮਝੇ ਬਿਨਾਂ ਹਿੰਦੂ ਪੁਜਾਰੀਆਂ ਦੀ ਨਕਲ ਕੀਤੀ ਹੈ, ਤਦ ਉਸ ਦਾ ਦੋਸ਼ ਸਿਖ ਨਿਯਮਾਂ ਉਪਰ ਨਹੀਂ ਆ ਸਕਦਾ।
ਹਿੰਦੂ : ਗੁਰੂ ਗ੍ਰੰਥ ਸਾਹਿਬ ਵਿਚ ਧੰਨੇ ਨੂੰ ਪੱਥਰ ਵਿਚੋਂ ਪ੍ਰਮੇਸ਼ਵਰ ਮਿਲਣਾ ਲਿਖਿਆ ਹੈ, ਅਰ ਨਾਮਦੇਵ ਦਾ ਮੂਰਤੀ ਪੂਜਨ ਤੋਂ ਈਸ਼ਵਰ ਦਾ ਪਾਉਣਾ ਪ੍ਰਸਿੱਧ ਹੈ । ਭਾਈ ਗੁਰਦਾਸ ਜੀ ਨੇ ਭੀ ਧੰਨੇ ਅਰ ਨਾਮਦੇਵ ਦੀ ਕਥਾ ਵਾਰਾਂ ਵਿਚ ਲਿਖੀ ਹੈ, ਜਿਸ ਤੋਂ ਮੂਰਤੀ ਪੂਜਾ ਪ੍ਰਸਿੱਧ ਹੁੰਦੀ ਹੈ।
ਸਿੱਖ : ਗੁਰੂ ਗ੍ਰੰਥ ਸਾਹਿਬ ਵਿਚ :
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥ (ਆਸਾ ਧੰਨਾ, ਪੰਨਾ ੪੮੮)
ਤੋਂ ਛੁਟ ਹੋਰ ਕੋਈ ਧੰਨੇ ਦਾ ਪ੍ਰਸੰਗ ਨਹੀਂ, ਅਰ ਨਾ ਪੱਥਰ ਪੂਜਣ ਦਾ ਜ਼ਿਕਰ ਹੈ। ਭਗਤ ਮਾਲ ਵਿਚ (ਜੋ ਪ੍ਰੇਮੀ ਹਿੰਦੂਆਂ ਦੀ ਰਚਨਾ ਹੈ) ਜ਼ਰੂਰ ਮੂਰਤੀ ਪੂਜਾ ਦੇ ਪ੍ਰਸੰਗ ਹਨ, ਜਿਨ੍ਹਾਂ ਦਾ ਸੰਖੇਪ ਭਾਈ ਗੁਰਦਾਸ ਜੀ ਨੇ ਸਿੱਖਾਂ ਦੇ ਗਿਆਨ ਲਈ ਲਿਖਿਆ ਹੈ। ਪਰ ਇਹ ਪ੍ਰਸੰਗ ਨਾ ਸਿੱਖਾਂ ਨੇ ਰਚੇ ਹਨ ਅਰ ਨਾ ਉਹ ਅਨੁਵਾਦ ਕਰਨ ਨਾਲ ਇਨ੍ਹਾਂ ਦੇ ਜ਼ਿੰਮੇਵਾਰ ਹਨ।
ਇਸ ਵਿਚ ਸੰਸਾ ਨਹੀਂ ਕਿ ਨਾਮਦੇਵ ਆਦਿਕ ਕਈ ਭਗਤ ਪਹਿਲਾਂ ਮੂਰਤੀ ਪੂਜਕ ਸਨ, ਪਰ ਜਦ ਉਨ੍ਹਾਂ ਨੂੰ ਪੂਰਨ ਗੁਰੂ ਤੋਂ ਸੱਤ ਗਿਆਨ ਪ੍ਰਾਪਤ ਹੋਇਆ, ਤਦ ਪ੍ਰਮਾਤਮਾ ਨੂੰ ਸਰਵ-ਵਿਆਪੀ ਮੰਨ ਕੇ ਮੂਰਤੀ ਪੂਜਾ ਦੇ ਪੂਰਨ ਤਿਆਗੀ ਹੋ ਗਏ, ਜਿਹਾ ਕਿ ਉਨ੍ਹਾਂ ਦੇ ਬਚਨਾਂ ਤੋਂ ਪ੍ਰਗਟ ਹੈ, ਯਥਾ:
ਸਤਿਗੁਰੁ ਮਿਲੈ ਤ ਸਹਸਾ ਜਾਈ॥
ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥
ਏਕੈ ਪਾਥਰ ਕੀਜੈ ਭਾਉ ॥
ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ॥
ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ (ਗੂਜਰੀ ਨਾਮਦੇਵ, ਪੰਨਾ ੫੨੫)
ਜਹਾ ਜਾਈਐ ਤਹ ਜਲ ਪਖਾਨ ॥
ਤੂ ਪੂਰਿ ਰਹਿਓ ਹੈ ਸਭ ਸਮਾਨ ॥.....
ਸਤਿਗੁਰ ਮੈ ਬਲਿਹਾਰੀ ਤੋਰ ॥
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ (ਬਸੰਤ ਰਾਮਾਨੰਦ, ਪੰਨਾ ੧੧੯੫)
ਜੇ ਕੋਈ ਚਾਲਾਕ ਆਦਮੀ, ਸੱਤ ਦਾ ਵਿਰੋਧੀ, ਗੁਰੂ ਸ਼ਰਨ ਆਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦਾ ਦੇਵੀ ਪੂਜਨ ਅਰ ਗੁਰੂ ਰਾਮਦਾਸ ਸਾਹਿਬ ਦਾ ਗੰਗਾ ਪੂਜਨ ਦੱਸ ਕੇ, ਇਹ ਸਿੱਧ ਕਰੇ ਕਿ ਸਿੱਖ ਧਰਮ ਵਿਚ ਦੁਰਗਾ ਅਤੇ ਗੰਗਾ ਪੂਜਨ ਵਿਧਾਨ ਹੈ, ਤਦ ਕਿਤਨਾ ਅਨਿਆਂ ਅਰ ਅਯੋਗ ਹੈ!
ਇਸੇ ਤਰ੍ਹਾਂ ਪ੍ਰੇਮੀ ਹਿੰਦੂ ਜੀ ! ਆਪ ਨਾਮਦੇਵ ਆਦਿਕ ਭਗਤਾਂ ਦੀ ਕਥਾ ਦਾ ਸਿਧਾਂਤ ਸਮਝ ਲਓ।
(੬) ਸੰਧਿਆ-ਤਰਪਣ
ਆਪ ਗਾਯਤੀ ਆਦਿਕ ਦੇਵਤਿਆਂ ਦੀ ਮਹਿਮਾ ਔਰ ਉਸਤਤਿ ਦੇ ਮੰਤ੍ਰ ਪੜ੍ਹ ਕੇ ਔਰ ਅੰਨ੍ਯਾਸ ਕਰ ਕੇ ਸੰਧਯਾ ਕਰਦੇ ਹੋ ਔਰ ਤਰਪਣ ਕਰ ਕੇ ਦੇਵਤਾ ਪਿਤਰ ਆਦਿਕਾਂ ਨੂੰ ਪਾਣੀ ਦੇਂਦੇ ਹੋ, ਪਰ ਸਿਖ ਧਰਮ ਵਿਚ ਅਜੇਹੀ ਸੰਧਿਆ ਵਰਜਿਤ ਹੈ, ਕੇਵਲ ਵਾਹਿਗੁਰੂ ਦਾ ਆਰਾਧਨ ਔਰ ਗੁਰਬਾਣੀ ਦਵਾਰਾ ਉਸ ਸਰਬ ਸ਼ਕਤੀਮਾਨ ਦਾ ਸਿਮਰਣ ਕਰਨਾ ਵਿਧਾਨ ਹੈ, ਯਥਾ:
ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥
ਹਰਿ ਸਿਉ ਪ੍ਰੀਤਿ ਉਪਜੈ ਮਾਇਆ ਮੋਹੁ ਜਲਾਵੈ ॥
ਗੁਰ ਪਰਸਾਦੀ ਦੁਬਿਧਾ ਮਰੈ,
ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥
ਨਾਨਕ ਸੰਧਿਆ ਕਰੈ ਮਨਮੁਖੀ
ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥ (ਵਾਰ ਬਿਹਾਗੜਾ ਮ: ੩, ਪੰਨਾ ੫੫੩)
ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ॥ (ਸੋਰਠਿ ਮ: ੩, ਪੰਨਾ ੬੦੩)
ਗੁਰੁ ਸਿੱਖਾਂ ਲਈ ਜੋ ਨਿਤ ਕਰਮ ਹੈ ਸੋ ਭਾਈ ਗੁਰਦਾਸ ਜੀ ਕਥਨ ਕਰਦੇ ਹਨ :
ਅੰਮ੍ਰਿਤ ਵੇਲੈ ਨਾਵਣਾ, ਗੁਰਮੁਖਿ ਜਪੁ ਗੁਰੁ ਮੰਤ੍ਰੁ ਜਪਾਇਆ।
ਰਾਤਿ ਆਰਤੀ ਸੋਹਿਲਾ, ਮਾਇਆ ਵਿਚਿ ਉਦਾਸੁ ਰਹਾਇਆ।....॥੪॥ (ਭਾਈ ਗੁਰਦਾਸ, ਵਾਰ ੨੬)
______________
੧. ਤਤ ਸਵਿਤੁ : ਵਰੇਣਯੰ ਭਰਗੋ ਦੇਵਸਯ ਧੀ ਮਹਿ, ਧਿਯੋ ਯੋਨ: ਪ੍ਰਚੋਦਯਾਤ। ਹਿੰਦੂਆਂ ਦੇ ਧਰਮ ਦਾ ਮੂਲ ਆਧਾਰ ਏਹ ਗਾਇਤ੍ਰੀ ਮੰਤ੍ਰ ਹੈ। ਏਸ ਮੰਤ੍ਰ ਦੇ ਆਦਿ ਵਿਚ ਹਿੰਦੂ ਰਿਸ਼ੀਆਂ ਨੇ “ਓਅੰ ਭੂ: ਭੁਵ: ਸ੍ਰ:" ਏਨਾ ਵਾਧੂ ਪਾਠ ਪਿਛੋਂ ਹੋਰ ਲਾ ਦਿੱਤਾ ਹੈ।
ਗਾਇਤ੍ਰੀ ਦਾ ਅਰਥ ਏਹ ਹੈ:
"ਜੋ ਸੂਰਜ ਦੇਵਤਾ ਸਭ ਨੂੰ ਜਿਵਾਉਂਦਾ ਹੈ, ਦੁਖਾਂ ਤੋਂ ਛੁਡਾਉਂਦਾ ਹੈ, ਪ੍ਰਕਾਸ਼ ਰੂਪ ਹੈ, ਬੇਨਤੀ ਕਰਨ ਯੋਗ ਹੈ, ਪਾਪ ਨਾਸ਼ਕ ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧਿਆਨ ਕਰਦੇ ਹਾਂ ।" ਅੱਜ ਕੱਲ੍ਹ ਦੇ ਕਈ ਵਿਦਵਾਨ ਹਿੰਦੂਆਂ ਨੇ ਗਾਇਤ੍ਰੀ ਦੇ ਅਰਥ ਪ੍ਰਮੇਸ਼ਰ ਵਲ ਭੀ ਲਾਏ ਹਨ, ਪਰ ਅਸਲ ਅਰਥ ਸੂਰਜ ਦੀ ਮਹਿਮਾ ਵਿਚ ਹਨ। ਏਹ ਗਾਇਤ੍ਰੀ ਮੰਤ੍ਰ ਵਿਸ੍ਵਾਮਿਤ੍ਰ ਦਾ ਬਣਾਇਆ ਹੋਇਆ ਹੈ।
੨. ਰਿਦਾ, ਸਿਰ, ਬਾਹਾਂ, ਨੇਤ੍ਰ ਆਦਿਕ ਅੰਗਾਂ ਨੂੰ ਛੁਹ ਕੇ ਮੰਤ੍ਰ ਪੜ੍ਹਨਾ, ਚੁਟਕੀਆਂ ਔਰ ਤਾੜੀਆਂ ਵਜਾਉਣੀਆਂ।
੩. ਇਸ ਬਾਤ ਦੇ ਸਮਝੇ ਬਿਨਾਂ ਕਿ ਜੋ ਸਭ ਦਾ ਆਧਾਰ ਔਰ ਮੂਲ ਰੂਪ ਵਾਹਿਗੁਰੂ ਹੈ, ਉਸ ਨੂੰ ਛੱਡ ਕੇ ਅਸੀਂ ਕਿਉਂ ਉਸ ਦੇ ਕੀਤੇ ਹੋਏ ਸੂਰਜ ਔਰ ਚੰਦ੍ਰਮਾ ਆਦਿਕ ਦੇ ਪਿਛੇ ਭਟਕਦੇ ਹਾਂ, ਔਰ ਜੀਊਂਦੇ ਬਜ਼ੁਰਗਾਂ ਦੀ ਸੇਵਾ ਤਿਆਗ ਕੇ ਕਿਉਂ ਬ੍ਰਿਥਾ ਤਰਪਣ ਦਾ ਪਾਣੀ ਦੇਵਤਿਆਂ ਅਤੇ ਪਿਤਰਾਂ ਨੂੰ ਪੁਚਾਉਣ ਦਾ ਯਤਨ ਕਰਦੇ ਹਾਂ।
ਭਾਈ ਦਯਾ ਸਿੰਘ ਜੀ ਆਪਣੇ ਰਹਿਤਨਾਮੇ ਵਿਚ ਲਿਖਦੇ ਹਨ :
"ਗੁਰੂ ਕਾ ਸਿੱਖ ਤਰਪਣ ਗਾਯਤ੍ਰੀ ਵਲ ਚਿਤ ਨ ਦੇਵੇ ।”
(੭) ਸੂਤਕ ਪਾਤਕ
ਆਪ ਸੂਤਕ ਪਾਤਕ ਦੇ ਵੱਡੇ ਵਿਸ਼ਵਾਸੀ ਹੋ, ਏਥੋਂ ਤਾਈਂ ਕਿ ਪਰਦੇਸ ਵਿਚ ਭੀ ਸੂਤਕ ਜਾ ਚਿੰਮੜਦਾ ਹੈ, ਯਥਾ:
"ਜਿਥੇ ਆਪਣੇ ਸੰਬੰਧੀ ਦਾ ਮਰਨਾ ਅਥਵਾ ਪੁਤ੍ਰ ਦਾ ਜਨਮ ਸੁਣੇ, ਉਸੇ ਵੇਲੇ ਕਪੜਿਆਂ ਸਮੇਤ ਪਾਣੀ ਵਿਚ ਗੋਤਾ ਮਾਰੇ ।'”੧ (ਲਘੂ ਅਤ੍ਰਿ ਸੰਹਿਤਾ ਅ: ੫)
ਪਰ ਸਤਿਗੁਰਾਂ ਨੇ ਏਸ ਭਰਮ ਰੂਪੀ ਭੂਤ ਨੂੰ ਸਿੱਖਾਂ ਵਿਚੋਂ ਕੱਢ ਦਿੱਤਾ ਹੈ, ਦੇਖੋ! ਪ੍ਰਮਾਣ ਲਈ ਗੁਰਵਾਕ :
ਜੇਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥
ਮ: ੧ ॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥
ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ ॥੨॥
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
ਨਾਨਕ ਜਿਨ੍ਹੀ ਗੁਰਮਖਿ ਬੁਝਿਆ ਤਿਨਾ ਸੂਤਕੁ ਨਾਹਿ ॥ (ਵਾਰ ਆਸਾ ਮ: ੧, ਪੰਨਾ ੪੭੨)
ਮਨ ਕਾ ਸੂਤਕੁ ਦੂਜਾ ਭਾਉ ॥
ਭਰਮੇ ਭੂਲੇ ਆਵਉ ਜਾਉ ॥੧॥
________________
੧. ਅੱਜ ਕੱਲ੍ਹ ਦੇ ਪੜ੍ਹੇ ਲਿਖੇ ਹਿੰਦੂ ਭਾਈ ਆਖਿਆ ਕਰਦੇ ਹਨ ਕਿ ਸੂਤਕ ਪਾਤਕ ਦਾ ਮਸਲਾ ਸਿਹਤ ਦੇ ਕਾਇਦੇ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ, ਪਰ ਉਨ੍ਹਾਂ ਦਾ ਇਹ ਕਹਿਣਾ ਸਹੀ ਨਹੀਂ ਕਿ ਸੂਤਕ ਦੇ ਮੰਨਣ ਵਿਚ ਖ਼ਾਸ ਭਰਮ ਔਰ ਅਵਿਦਿਆ ਦਾ ਸੰਬੰਧ ਹੈ, ਕਿਉਂਕਿ ਜਿਸ ਆਦਮੀ ਨੂੰ ਪ੍ਰਸੂਤਾ ਇਸਤ੍ਰੀ ਦੀ ਮੈਲ ਨਹੀਂ ਲੱਗੀ ਔਰ ਮੁਰਦੇ ਨੂੰ ਨਹੀਂ ਛੁਹਿਆ, ਉਹ ਕੇਵਲ ਕੰਨਾਂ ਤੋਂ ਸੁਣਨ ਕਰਕੇ ਹੀ ਪ੍ਰਦੇਸ ਬੈਠਾ ਇਤਨਾ ਅਸ਼ੁੱਧ ਹੋ ਗਿਆ ਕਿ ਕਪੜਿਆਂ ਸਣੇ ਪਾਣੀ ਵਿਚ ਗੋਤੇ ਮਾਰਦਾ ਹੈ, ਇਸ ਨੂੰ ਵਹਿਮ ਤੋਂ ਛੁੱਟ ਅਸੀਂ ਹੋਰ ਕੀ ਆਖ ਸਕਦੇ ਹਾਂ ?
੨. ਚੁਗਲੀ।
ਮਨਮੁਖਿ ਸੂਤਕੁ ਕਬਹਿ ਨ ਜਾਇ ॥
ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥
ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥
ਮਰਿ ਮਰਿ ਜੰਮੈ ਵਾਰੋ ਵਾਰ ॥੨॥
ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥
ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥
ਸੂਤਕਿ ਕਰਮ ਨ ਪੂਜਾ ਹੋਇ ॥
ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥
ਸਤਿਗੁਰੁ ਸੇਵਿਐ ਸੂਤਕੁ ਜਾਇ ॥
ਮਰੈ ਨ ਜਨਮੈ ਕਾਲੁ ਨ ਖਾਇ ॥੫॥ (ਗਉੜੀ ਮ: ੫, ਪੰਨਾ ੨੨੯)
ਜਲਿ ਹੈ ਸੂਤਕੁ ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ' ਬਿਗੋਈ ॥੧॥
ਕਹੁ ਰੇ ਪੰਡੀਆ ਕਉਨ ਪਵੀਤਾ ॥
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ॥
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ॥੨॥
ਫਾਸਨ ਕੀ ਬਿਧਿ ਸਭੁ ਕੋਊ ਜਾਨੈ, ਛੂਟਨ ਕੀ ਇਕੁ ਕੋਈ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥ (ਗਉੜੀ ਕਬੀਰ, ਪੰਨਾ ੩੩੧)
(੮) ਚੌਂਕਾ ਕਾਰ
ਆਪ ਚੌਂਕਾ ਕਾਰ ਆਦਿਕ ਦੀ ਬੜੀ ਪਾਬੰਦੀ ਰਖਦੇ ਹੋ, ਵਸਤਾਂ ਸਣੇ ਭੋਜਨ ਖਾਣਾ ਬੁਰਾ ਸਮਝਦੇ ਹੋ, ਛੂਤ ਛਾਤ ਦਾ ਹੱਦੋਂ ਵਧ ਕੇ ਭਰਮ ਕਰਦੇ ਹੋ, ਜੇਹਾ ਕਿ ਆਪ ਦੇ ਧਰਮ ਪੁਸਤਕਾਂ ਤੋਂ ਸਿੱਧ ਹੈ :
“ਦੇਵਤੇ ਚੌਂਕੇ ਅਤੇ ਕਾਰ ਦੇ ਹੀ ਆਸਰੇ ਜੀਉਂਦੇ ਹਨ, ਜੇ ਗੋਹੇ ਦਾ ਚੌਂਕਾ ਪਾ ਕੇ ਕਾਰ ਨਾ ਕੱਢੀ ਜਾਵੇ ਤਾਂ ਰਾਖਸ਼ ਅੰਨ ਦਾ ਰਸ ਲੈ ਜਾਂਦੇ ਹਨ। (ਲਘੂ ਅਤ੍ਰਿ ਸੰਹਿਤਾ ਅ: ੫)
“ਉਮਰ ਵਧਾਉਣੀ ਹੋਵੇ ਤਾਂ ਪੂਰਬ ਵੱਲ ਮੂੰਹ ਕਰ ਕੇ, ਯਸ ਵਾਸਤੇ ਦੱਖਣ, ਧਨ ਦੀ ਪ੍ਰਾਪਤੀ
_______________
੧. ਪਰਜਾ, ਦੁਨੀਆਂ ।
੨. ਸਿੱਖਾਂ ਵਿਚ ਭੀ ਪਵਿੱਤ੍ਰਤਾ ਦਾ ਖ਼ਿਆਲ ਪੂਰਾ ਹੈ, ਸਗੋਂ ਸ੍ਵਛਤਾ ਸਿੱਖ ਮਤ ਵਿਚ ਸਭ ਤੋਂ ਵਿਸ਼ੇਸ਼ ਹੈ, ਪਰ ਵਹਿਮੀ ਖ਼ਿਆਲਾਤ ਨਹੀਂ ਹਨ।
੩. ਜੇ ਇਹ ਗੱਲ ਸੱਚ ਹੋਵੇ ਤਾਂ ਹਿੰਦੂਆਂ ਤੋਂ ਬਿਨਾਂ ਹੋਰ ਸਾਰੀਆਂ ਕੌਮਾਂ ਦੇ ਲੋਕ ਥੋੜੇ ਦਿਨਾਂ ਵਿਚ ਭੁੱਖ ਦੇ ਮਾਰੇ ਮਰ ਜਾਣ, ਔਰ ਖਾਧੇ ਹੋਏ ਅੰਨ ਦਾ ਕੁਝ ਭੀ ਆਧਾਰ ਨਾ ਹੋਵੇ, ਕਿਉਂਕਿ ਚੌਂਕੇ ਨਾ ਦੇਣ ਕਰਕੇ ਅੰਨ ਦਾ ਰਸ ਰਾਖਸ਼ ਲੈ ਜਾਂਦੇ ਹਨ, ਔਰ ਪਿਛੇ ਕੇਵਲ ਫੋਗ ਰਹਿ ਜਾਂਦਾ ਹੈ।
ਵਾਸਤੇ ਪੱਛਮ, ਔਰ ਸੱਚ ਦੀ ਪ੍ਰਾਪਤੀ ਵਾਸਤੇ ਉੱਤਰ ਵੱਲ ਮੂੰਹ ਕਰ ਕੇ ਭੋਜਨ ਕਰਨਾ ਚਾਹੀਏ।" (ਮਨੂ, ਅ: २ ਸ : ५२)
"ਜੋ ਕਪੜੇ ਨਾਲ ਸਿਰ ਢੱਕ ਕੇ, ਦੱਖਣ ਵੱਲ ਮੂੰਹ ਕਰ ਕੇ ਔਰ ਜੁੱਤੀ ਪਹਿਰਕੇ ਰੋਟੀ ਖਾਂਦਾ ਹੈ, ਓਸ ਦੇ ਭੋਜਨ ਨੂੰ ਰਾਖਸ਼ ਖਾ ਜਾਂਦੇ ਹਨ।” (ਮਨੂ, ਅ: રૂ ਸ: ૨)
"ਭੋਜਨ ਕਰਨ ਵੇਲੇ ਪੈਰ ਗਿੱਲੇ ਹੋਣੇ ਲੋੜੀਏ, ਵਸਤ੍ਰ ਨਾਲ ਪੂੰਝ ਕੇ ਖੁਸ਼ਕ ਕਰ ਲੈਣੇ ਮਹਾਂ ਪਾਪ ਹੈ।” (ਲਘੂ ਅਤ੍ਰਿ ਸੰਹਿਤਾ ਅ: ੫)
“ਖੱਬੇ ਹੱਥ ਨਾਲ ਖਾਣਾ ਸ਼ਰਾਬ ਪੀਣੇ ਤੁਲ ਹੈ।” (ਬ੍ਰਿਧ ਅਤ੍ਰਿ ਸੰਹਿਤਾ ਅ: ੫)
"ਜੇ ਲੋਹੇ ਦੇ ਭਾਂਡੇ ਵਿਚ ਅੰਨ ਦਿਤਾ ਜਾਵੇ, ਤਾਂ ਅੰਨ ਵਿਸ਼ਟਾ ਤੁੱਲ ਹੁੰਦਾ ਹੈ ਔਰ ਖਾਣਾ ਨਰਕ ਨੂੰ ਜਾਂਦਾ ਹੈ।” (ਅਤ੍ਰਿ ਸੰਹਿਤਾ)
"ਜੇ ਬ੍ਰਾਹਮਣ ਦਰਖਤ ਪਰ ਚੜ੍ਹਿਆ ਹੋਇਆ ਫਲ ਖਾਂਦਾ ਹੋਵੇ ਔਰ ਦਰਖਤ ਦੀ ਜੜ੍ਹ ਨੂੰ ਚੰਡਾਲ ਛੁਹ ਦੇਵੇ, ਤਾਂ ਬ੍ਰਾਹਮਣ ਨੂੰ ਸ਼ੁੱਧੀ ਲਈ ਪ੍ਰਾਸ਼ਚਿਤ ਕਰਨਾ ਚਾਹੀਏ।” (ਲਘੂ ਅਤ੍ਰਿ ਸੰਹਿਤਾ ਅ: ੫)
“ਲਸਨ, ਗਾਜਰ, ਗੱਠਾ, ਖੁੰਬ ਔਰ ਰੇਹ (ਖਾਦ) ਪਾ ਕੇ ਪੈਦਾ ਕੀਤਾ ਸਾਗ ਨਾ ਖਾਵੇ, ਦੇਵਤਾ ਨੂੰ ਚੜ੍ਹਾਏ ਬਿਨਾਂ ਮਾਸ ਨਾ ਖਾਵੇ, ਜੇ ਮਾਸ ਖਾਣਾ ਹੋਵੇ ਤਾਂ ਪਾਠੀਨ ਔਰ ਰੋਹੂ ਮੱਛੀ ਦਾ ਖਾਵੇ, ਹੋਰ ਮੱਛੀ ਨਾ ਖਾਵੇ । ਸੇਹ, ਗੋਹ, ਕੱਛੂ, ਸਹਾ ਔਰ ਊਂਟ ਬਿਨਾ ਸ਼ੰਕਾ ਖਾਵੇ ।" (ਇਤਿਆਦੀ) (ਮਨੂ, ਅ:५ ਸ:५-४१)
ਗੁਰਮਤਿ ਵਿਚ ਚੌਂਕੇ ਔਰ ਕਾਰ ਸੰਬੰਧੀ ਇਹ ਬਚਨ ਹਨ :
ਦੇ ਕੈ ਚਉਕਾ ਕਢੀ ਕਾਰ ॥
ਉਪਰਿ ਆਇ ਬੈਠੇ ਕੂੜਿਆਰ ॥
ਮਤੁ ਭਿਟੈ ਵੇ ਮਤੁ ਭਿਟੈ ॥
ਇਹੁ ਅੰਨੁ ਅਸਾਡਾ ਫਿਟੈ ॥
ਤਨਿ ਫਿਟੈ ਫੇੜ ਕਰੇਨਿ ॥
ਮਨਿ ਜੂਠੈ ਚੁਲੀ ਭਰੇਨਿ ॥
ਕਹੁ ਨਾਨਕ ਸਚੁ ਧਿਆਈਐ ॥
ਸੁਚਿ ਹੋਵੈ ਤਾ ਸਚੁ ਪਾਈਐ ॥ (ਵਾਰ ਆਸਾ ਮ: ੧, ਪੰਨਾ ੪੭੨)
ਝੂਠੇ ਚਉਕੇ ਨਾਨਕਾ ਸਚਾ“ ਏਕੋ ਸੋਇ ॥ (ਵਾਰ ਮਾਰੂ ਮ: ੩, ਪੰਨਾ ੧੦੯੦)
______________
੧. ਇਸ ਗੁਪਤ ਭੇਦ ਦੇ ਜਾਣੂ ਹੋਣ ਪਰ ਭੀ ਹਿੰਦੂ ਥੋੜੀ ਉਮਰ ਵਾਲੇ ਅਰ ਨਿਰਧਨ ਦੇਖੇ ਜਾਂਦੇ ਹਨ।
2. ਸਾਡੇ ਮਤ ਵਿਚ ਸਰਬ ਲੋਹ ਸਭ ਧਾਤਾਂ ਤੋਂ ਉੱਤਮ ਧਾਤ ਹੈ, ਜਿਸ ਵਿਚ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ।
੩. ਜੇ ਮਨ ਵਿਚ ਸੱਚ ਹੋਵੇ, ਤਦ ਪਵਿੱਤ੍ਰਤਾ ਪ੍ਰਾਪਤ ਹੁੰਦੀ ਹੈ। ਇਸ ਬਿਨਾਂ ਸਭ ਜੂਠ ਹੈ।
੪. ਜੂਠੇ ।
੫. ਸੁੱਚਾ।
ਕੁਬੁਧਿ ਡੂਮਣੀ ਕੁਦਇਆ ਕਸਾਇਣਿ
ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥
ਸਚੁ ਸੰਜਮੁ ਕਰਣੀ ਕਾਰਾਂ, ਨਾਵਣੁ ਨਾਉ ਜਪੇਹੀ ॥
ਨਾਨਕ ਆਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ॥ (ਵਾਰ ਸਿਰੀ ਰਾਗੁ ਮ: ੧, ਪੰਨਾ ੯੧)
ਬਿਨੁ ਨਾਵੈ ਸੂਤਕੁ ਜਗਿ ਛੋਤਿ ॥ (ਆਸਾ ਮ: ੧, ਪੰਨਾ ੪੧੩)
ਕਹੁ ਪੰਡਿਤ ਸੂਚਾ ਕਵਨੁ ਠਾਉ ॥
ਜਹਾਂ ਬੈਸਿ ਹਉ ਭੋਜਨ ਖਾਉ ॥੧॥ ਰਹਾਉ ॥.....
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥ (ਬਸੰਤੁ ਕਬੀਰ, ਪੰਨਾ ੧੧੯੫)
“ਲੰਗਰ ਮੇਂ ਨਾ ਗੋਹਾ ਬਾਲੇ ਨਾ ਗੋਹੇ ਕਾ ਚੌਂਕਾ ਦੇਵੇ ।" (ਰਹਿਤਨਾਮਾ ਭਾਈ ਚੌਪਾ ਸਿੰਘ)
ਚਤੁਰ ਬਰਨ ਇਕ ਦੇਰਾ ਅਹਾਰਾ।
ਇਕ ਸਮ ਸੇਵਹਿ ਧਰਿ ਉਰ ਪਯਾਰਾ॥੨੯॥ (ਗੁਰ ਪਰਤਾਪ ਸੂਰਯ, ਰਾਸਿ ੧ ਅੰਸੂ ੪੩)
“ਪ੍ਰਸਾਦਿ ਜਬ ਤਯਾਰ ਹੋਇ, ਏਕ ਜਗਹ ਅੱਛੀ ਬਨਾਇਕੈ ਸ਼ਤਰੰਜੀ ਕੰਬਲ ਲੋਈ ਕਿਛ ਹੋਰ ਕਪੜਾ ਹੋਵੈ, ਬਿਛਾਏ, ਤਿਸ ਪਰ ਬੈਠ ਕੇ ਕੱਪੜਿਆਂ ਨਾਲ ਛਕੇ, ਚਉਂਕੇ ਕਾ ਭਰਮ ਨਾ ਕਰੇ, “ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ" ਉਸ ਵਖਤ ਧ੍ਯਾਨ ਪਰਮ ਗੁਰੂ ਕਾ ਕਰੈ । ਜੋ ਕੋਈ ਉਸ ਵੇਲੇ ਤਲਬਦਾਰ" ਆਵੈ ਤਾਂ ਉਸ ਨੂੰ ਆਦਰ ਨਾਲ ਖੁਲਾਵੈ, ਖੁਸ਼ੀ ਲੇਵੈ । ਖਟਕਰਮੀ ਜੋ ਕਹਿਤੇ ਹੈਂ ਕਿ ਅਮੁਕਾ ਅੰਨ ਖਾਈਏ, ਅਮੁਕਾ ਨਾ ਖਾਈਏ, ਸੋ ਸਭ ਭਰਮ ਹੈ। ਅੰਨ ਸਭ ਪਵਿਤ੍ਰ ਹੈ, ਇਕ ਏਹ ਖਾਣੇ ਵਾਲਾ ਅਪਵਿਤ੍ਰ ਹੈ। ਜੋ ਆਪਣੀ ਦੇਹੀ ਮਾਫਕ ਹੋਵੇ ਸੋ ਖਾਏ, ਪਰ ਗੁਰੂ ਤੋਂ ਵਿਮੁਖ ਔਰ ਹੰਕਾਰੀ ਦਾ ਅੰਨ ਨਾ ਖਾਏ ।” (ਪ੍ਰੇਮ ਸੁਮਾਰਗ)
ਦਬਿਸਤਾਨਿ ਮਜ਼ਾਹਬ ਵਿਚ ਲਿਖਿਆ ਹੈ :
_______________
੧. ਉੱਤਮ (ਪਵਿੱਤ੍ਰ) ਉਹ ਆਦਮੀ ਹਨ ਜੋ ਲੋਕਾਂ ਨੂੰ ਪਾਪਾਂ ਦਾ ਉਪਦੇਸ਼ ਨਹੀਂ ਦਿੰਦੇ । ਜੋ ਠੱਗੀ ਦਾ ਉਪਦੇਸ਼ ਦੇ ਕੇ ਲੁੱਟਣ ਦੀ ਕਰਦੇ ਹਨ, ਉਹ ਮਹਾਂ ਅਪਵਿਤ੍ਰ ਹਨ।
੨. ਛੂਤ ਛਾਤ। ਸਿੱਖਾਂ ਵਿਚ ਅਪਵਿੱਤ੍ਰਤਾ ਦੀ ਛੂਤ ਹੈ, ਕਿਸੇ ਜਾਤੀ ਦੀ ਛੂਤ ਨਹੀਂ।
੩. ਇਸ ਤੋਂ ਇਹ ਨਹੀਂ ਸਮਝਣਾ ਕਿ ਗ੍ਰਹਿਸਥੀ ਲੋਕ ਪਾਥੀਆਂ ਦਾ ਭੀ ਤਿਆਗ ਕਰ ਦੇਣ, ਸਿਧਾਂਤ ਇਹ ਹੈ ਕਿ ਧਾਰਮਿਕ ਰੀਤੀਆਂ ਲਈ ਜੋ ਮਹਾਂ ਪ੍ਰਸ਼ਾਦ (ਕੜਾਹ ਪ੍ਰਸ਼ਾਦ) ਤਿਆਰ ਕੀਤਾ ਜਾਵੇ, ਉਸ ਸਮੇਂ ਲੰਗਰ ਵਿਚ ਗੋਬਰ ਦਾ ਪੂਰਣ ਤਿਆਗ ਚਾਹੀਏ।
੪. ਵਾਹਿਗੁਰੂ।
੫. ਪ੍ਰਸ਼ਾਦ ਦੀ ਲੋੜ ਵਾਲਾ।
“ਸਿੱਖਾਂ ਵਿਚ ਹਿੰਦੂਆਂ ਜੇਹਾ ਖਾਣ ਪੀਣ ਦਾ ਬੰਧਨ ਨਹੀਂ, ਇਕ ਵਾਰ ਪ੍ਰਤਾਪ ਮਲ ਗਿਆਨੀ' ਨੇ ਇਕ ਹਿੰਦੂ ਮੁੰਡੇ ਨੂੰ ਮੁਸਲਮਾਨ ਹੁੰਦਾ ਵੇਖ ਕੇ ਆਖਿਆ ਸੀ ਕਿ ਜੇ ਤੂੰ ਖਾਣ ਪੀਣ ਦੇ ਬੰਧਨ ਤੋਂ ਦੁਖੀ ਹੋ ਕੇ ਮੁਸਲਮਾਨ ਬਣਦਾ ਹੈਂ ਤਾਂ ਗੁਰੂ ਦਾ ਸਿੱਖ ਕਿਉਂ ਨਹੀਂ ਬਣ ਜਾਂਦਾ ?”
ਗੁਰੂ ਸਾਹਿਬ ਨੇ ਇਕ ਸੂਤ੍ਰ ਵਿਚ ਹੀ ਖਾਣ ਪੀਣ ਦਾ ਝਗੜਾ ਮੁਕਾ ਦਿੱਤਾ ਹੈ, ਯਥਾ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ (ਸਿਰੀ ਰਾਗੁ ਮ: ੧, ਪੰਨਾ ੧੬)
ਅਰਥਾਤ, ਉਹ ਖਾਣਾ ਨਾ ਖਾਓ ਜਿਸ ਨਾਲ ਸਰੀਰ ਨੂੰ ਪੀੜਾ ਹੋਵੇ ਅਤੇ ਮਨ ਵਿਕਾਰਾਂ ਵਿਚ ਪ੍ਰਵਿਰਤੇ।
(੯) ਬ੍ਰਤ
ਆਪ ਦੇ ਮਤ ਵਿਚ ਏਕਾਦਸ਼ੀ, ਜਨਮ ਅਸ਼ਟਮੀ ਆਦਿਕ ਅਨੇਕ ਬ੍ਰਤ ਰੱਖਣੇ ਵਿਧਾਨ ਹਨ, ਪਰ ਸਿੱਖ ਧਰਮ ਦੀ ਇਨ੍ਹਾਂ ਕਰਮਾਂ ਬਾਬਤ ਇਹ ਆਗਿਆ ਹੈ :
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥
ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ ॥ (ਰਾਮਕਲੀ ਮ: ੧, ਪੰਨਾ ੯੦੫)
ਮਨਿ ਸੰਤੋਖੁ ਸਰਬ ਜੀਅ ਦਇਆ ॥
ਇਨ ਬਿਧਿ ਬਰਤੁ ਸੰਪੂਰਨੁ ਭਇਆ ॥ (ਗਉੜੀ ਥਿਤੀ ਮ: ੫, ਪੰਨਾ ੨੯੯)
ਵਰਤ ਨ ਰਹਉ ਨ ਮਹ ਰਮਦਾਨਾ ॥
ਤਿਸੁ ਸੇਵੀ ਜੋ ਰਖੈ ਨਿਦਾਨਾ ॥ (ਭੈਰਉ ਮ: ੫, ਪੰਨਾ ੧੧੩੬)
ਨਉਮੀ ਨੇਮੁ ਸਚੁ ਜੇ ਕਰੈ॥
ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥
ਦਸਮੀ ਦਸੇ ਦੁਆਰ ਜੇ ਠਾਕੈ
ਏਕਾਦਸੀ ਏਕੁ ਕਰਿ ਜਾਣੈ ॥
ਦੁਆਦਸੀ ਪੰਚ ਵਸਗਤਿ ਕਰਿ ਰਾਖੈ
ਤਉ ਨਾਨਕ ਮਨੁ ਮਾਨੈ ॥
ਐਸਾ ਵਰਤੁ ਰਹੀਜੈ ਪਾਡੇ
ਹੋਰ ਬਹੁਤੁ ਸਿਖ ਕਿਆ ਦੀਜੈ ॥ (ਵਾਰ ਸਾਰੰਗ ਮ: ੩, ਪੰਨਾ ੧੨੪੫)
________________
੧. ਇਹ ਵਾਸਤਵ ਵਿਚ ਗਿਆਨੀ ਨਹੀਂ ਸੀ, ਅੱਜ ਕੱਲ੍ਹ ਦੇ ਗੁਲਾਬਦਾਸੀਆਂ ਜੇਹੇ ਖ਼ਿਆਲਾਤ ਰੱਖਣ ਵਾਲਾ ਸੀ । ਅਸੀਂ ਉਸ ਦੇ ਕਥਨ ਦਾ ਕੇਵਲ ਸਿਧਾਂਤ ਗ੍ਰਹਿਣ ਕੀਤਾ ਹੈ ਕਿ ਉਸ ਵੇਲੇ ਸਿੱਖਾਂ ਦੇ ਖਾਨ ਪਾਨ ਬਾਬਤ ਪਬਲਿਕ ਦਾ ਕੀ ਖ਼ਿਆਲ ਸੀ।
੨. ਨਾਂ, ਰਮਜ਼ਾਨ ਦਾ ਮਹੀਨਾ (ਰੋਜ਼ੇ)।
ਛੋਡਹਿ ਅੰਨੁ ਕਰਹਿ ਪਾਖੰਡ ॥
ਨਾ ਸੋਹਾਗਨਿ ਨਾ ਓਹਿ ਰੰਡ॥
ਜਗ ਮਹਿ ਬਕਤੇ ਦੂਧਾਧਾਰੀ ॥
ਗੁਪਤੀ ਖਾਵਹਿ ਵਟਿਕਾ ਸਾਰੀ ॥੩॥
ਅੰਨੈ ਬਿਨਾ ਨ ਹੋਇ ਸੁਕਾਲੁ ॥
ਤਜਿਐ ਅੰਨਿ ਨ ਮਿਲੈ ਗੁਪਾਲੁ ॥ (ਗੋਂਡ ਕਬੀਰ, ਪੰਨਾ ੮੭੩)
ਸਗਲੀ ਥੀਤਿ ਪਾਸਿ ਡਾਰਿ ਰਾਖੀ॥
ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥
ਭਰਮਿ ਭੂਲੇ ਨਰ ਕਰਤ ਕਚਰਾਇਣ ॥
ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥
ਕਰਿ ਪੰਜੀਰੁ ਖਵਾਇਓ ਚੋਰ ॥
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥
ਸਗਲ ਪਰਾਧ ਦੇਹਿ ਲੋਰੋਨੀ ॥
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥
ਜਨਮਿ ਨ ਮਰੈ ਨ ਆਵੈ ਨ ਜਾਇ॥
ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥ (ਭੈਰਉ ਮ: ੫, ਪੰਨਾ ੧੧੩੬)
ਆਦਿਤ ਔ ਸੋਮ ਭੌਮ ਬੁਧਹੂ ਬ੍ਰਹਸਪਤਿ
ਸੁਕਰ ਸਨੀਚਰ ਸਾਤੋ ਵਾਰ ਬਾਂਟ ਲੀਨ ਹੈ।
ਥਿੱਤ ਪੱਖ ਮਾਸ ਰੁੱਤ ਲੋਗਨ ਮੇਂ ਲੋਗਾਚਾਰ
ਏਕ ਏਕੰਕਾਰ ਕੋ ਨ ਕੋਊ ਦਿਨ ਦੀਨ ਹੈ।
ਜਨਮ ਅਸ਼ਟਮੀ ਰਾਮਨੌਮੀ ਏਕਾਦਸੀ ਭਈ
ਦੁਆਦਸੀ ਚਤੁਰਦਸੀ ਜਨਮ ਏ ਕੀਨ ਹੈ।
ਪਰਜਾ ਉਪਾਰਜਨਾ ਕੋ ਨ ਕੋਊ ਪਾਵੈ ਦਿਨ
ਅਜੋਨੀ ਜਨਮ ਦਿਨ ਕਹੋ ਕੈਸੇ ਚੀਨ ਹੈ ॥੪੮੪॥
ਜਾਂ ਕੋ ਨਾਮ ਹੈ ਅਜੋਨੀ ਕੈਸੇ ਕੈ ਜਨਮ ਲੇਤ
ਕਹਾ ਜਾਨ ਬ੍ਰਤ ਜਨਮਾ ਅਸ਼ਟਮੀ ਕੋ ਕੀਨੋ ਹੈ।
ਜਾਂ ਕੋ ਜਗਜੀਵਨ ਅਕਾਲ ਅਬਿਨਾਸੀ ਨਾਮ
ਕੈਸੋ ਕੈ ਬਧਿਕ ਮਾਰਯੋ ਅਪਜਸ ਲੀਨੋ ਹੈ।
ਨਿਰਮਲ ਨਿਦੋਖ ਮੋਖ ਪਦ ਜਾਕੇ ਨਾਮ ਹੋਤ
ਗੋਪੀਨਾਥ ਕੈਸੇ ਹੋਇ ਬਿਰਹਿ ਦੁਖ ਦੀਨੋ ਹੈ।
ਪਾਹਨ ਕੀ ਪ੍ਰਿਤਮਾ ਕੋ ਅੰਧ ਕੰਧ ਹੈ ਪੁਜਾਰੀ
ਅੰਤਰ ਅਗਯਾਨ ਮਤਿ ਗਿਆਨਗੁਰ ਹੀਨੋ ਹੈ॥੪੮੫॥ (ਕਬਿੱਤ ਭਾਈ ਗੁਰਦਾਸ)
_______________
੧. ਪਰਜਾ ਉਤਪੰਨ ਕਰਨ ਵਾਲਾ, ਕਰਤਾਰ।
ਪੂਜਾ ਵਰਤ ਉਪਾਰਣੇ ਵਰ ਸਰਾਪ ਸਿਵ ਸਕਤਿ ਲਵੇਰੇ ।
ਸਾਧ ਸੰਗਤਿ ਗੁਰ ਸਬਦ ਵਿਣੁ ਥਾਉ ਨ ਪਾਇਨਿ ਭਲੇ ਭਲੇਰੇ ।...॥੭॥ (ਭਾਈ ਗੁਰਦਾਸ, ਵਾਰ ੫)
“ਗੁਰੂ ਕਾ ਸਿੱਖ ਏਕਾਦਸ਼ੀ ਆਦਿਕ ਬਰਤ ਨਾ ਰੱਖੇ।” (ਰਹਿਤਨਾਮਾ ਭਾਈ ਦਯਾ ਸਿੰਘ)
"ਸਿੱਖ ਇਹ ਬਰਤ ਰੱਖੋ-ਅੱਖੀਆਂ ਕਰ ਪਰਇਸਤ੍ਰੀ ਨਾ ਦੇਖੇ, ਜਿਹਵਾ ਕਰ ਮਿਥਯਾ ਨਾ ਬੋਲੇ, ਪੈਰਾਂ ਕਰ ਬੁਰੇ ਕਰਮ ਨੂੰ ਨ ਧਾਏ।” (ਪ੍ਰੇਮ ਸੁਮਾਰਗ)
ਬ੍ਰਤ ਦੇ ਸੰਬੰਧ ਵਿਚ ਇਕ ਸਿੱਖ ਦੀ ਕਥਾ:
ਜਨਮ ਅਸ਼ਟਮੀ' ਕੋ ਦਿਨ ਆਵਾ।
ਨਗਰ ਸਗਰ ਨਰ ਬਰਤ ਰਖਾਵਾ ॥੨੧॥
ਨਿਪ ਕੀ ਆਗ੍ਯਾ ਪੁਰਿ ਮਹਿ ਹੋਈ।
“ਠਾਕਰ ਬਰਤ ਰਖਹਿ ਸਭਿ ਕੋਈ।
ਪ੍ਰਾਤ ਭਈ ਤੇ ਸਭਿ ਚਲਿ ਜਾਵਹੁ।
ਸਾਲਗਰਾਮ ਦਰਸ ਕੋ ਪਾਵਹੁ ॥੨੨॥
ਚਰਣਾਂਮ੍ਰਿਤ ਤੇ ਬਰਤ ਉਪਾਰਹੁ ।
ਕ੍ਰਿਸ਼ਨ ਕ੍ਰਿਸ਼ਨ-ਮੁਖ ਨਾਮ ਸੰਭਾਰਹੁ ।....
ਯਥਾ ਯੋਗ ਕੀਨਸਿ ਨਰ ਸਭਿਹੂੰ ।
ਗੁਰੁ ਕੇ ਸਿੱਖ ਨ ਮਾਨੀ ਤਬਿਹੂੰ ।
ਨਹਿ ਬ੍ਰਤ ਕੀਨ, ਨ ਮੰਦਰ ਗਯੋ।
ਨਹਿਂ ਚਰਣਾਂਮ੍ਰਿਤ ਧਾਰਨ ਕਯੋ ॥੨੫॥....
ਨਿਕਟਿ ਜਿ ਨਰ ਪਿਖਿ ਕਰਿ ਤਿਸ ਚਾਲੀ।
ਬੂਯੋ, “ਬਰਤ ਨ ਕੀਨਸਿ ਕਾਲੀ ?
ਆਜ ਨ ਗਮਨ੍ਨੋ ਠਾਕੁਰਦ੍ਵਾਰੇ ?
ਨਹਿ ਚਰਣਾਮ੍ਰਿਤ ਲੀਨ ਸਕਾਰੇ ?" ॥੨੭॥
ਸੁਨ ਸਭਿ ਤੇ ਭਾਈ ਕੱਲ੍ਯਾਨਾ।
ਮਧੁਰ ਬਾਕ ਤਿਨ ਸੰਗ ਬਖਾਨਾ।
“ਪੁਰਖ ਜਾਗਤੋ ਠਾਕੁਰ ਮੇਰੋ ।
ਜੋ ਬੋਲੈ ਸੁਖ ਦੇਤਿ ਘਨੇਰੋ ॥੨੮॥
ਪਾਹਨ ਜੜ੍ਹ ਕੀ ਸੇਵਾ ਬਾਦਿ।
ਖਾਇ ਨ ਬੋਲਹਿ ਨਹਿ ਅਹਿਲਾਦਿ ।
ਤੁਮ ਕਬਿ ਕਬਿ ਬ੍ਰਤ ਧਾਰਨ ਕਰੋ।
______________
੧. ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਭਾਈ ਕਲਿਆਨਾ ਇਕ ਵਾਰ ਰਿਆਸਤ ਮੰਡੀ ਵਿਚ ਗਿਆ ਹੋਇਆ ਸੀ, ਓਥੇ ਉਸ ਨੂੰ ਕ੍ਰਿਸ਼ਨ ਜਨਮ ਅਸ਼ਟਮੀ (ਭਾਦੋਂ ਵਦੀ ੮) ਦਾ ਦਿਨ ਆ ਗਿਆ।
੨. ਸਤਿਗੁਰੁ ਜਾਗਤਾ ਹੈ ਦੇਉ॥ (ਆਸਾ ਕਬੀਰ, ਪੰਨਾ ੪੭੯)
ਮਹਾਂ ਬਿਕਾਰਨ ਨਹਿੰ ਪਰਹਰੋ ॥੨੯॥
ਹਮਰੇ ਗੁਰੂ ਕੇ ਸਿੱਖ ਹੈਂ ਜੇਈ।
ਅਲਪ ਅਹਾਰ ਬਰਤਿ ਨਿਤ ਸੇਈ।
ਕਾਮ ਕ੍ਰੋਧ ਕੋ ਸੰਜਮੁ ਸਦਾ।
ਪ੍ਰਭੁ ਸਿਮਰਨ ਮੈਂ ਲਾਗਯੋ ਰਿਦਾ” ॥੩੦॥
ਇਤ੍ਯਾਦਿਕ ਸੁਨਿ ਕੈ ਨਰ ਸਾਰੇ।
ਹਸਹਿ ਪਰਸਪਰ ਤਰਕ ਉਚਾਰੇਂ ।.....
ਬਿਦਤ ਬਾਤ ਪੁਰਿ ਮੈਂ ਭਈ ਸਾਰੇ ।
ਮਹਿਪਾਲਕ ਢਿਗ ਜਾਇ ਉਚਾਰੇ ॥੩੨॥
"ਏਕ ਬਿਦੇਸੀ ਨਰ ਪੁਰਿ ਆਯੋ।
ਹਿੰਦੁ ਜਨਮ ਉਰ ਧਰਮ ਨ ਭਾਯੋ ।
ਸਾਲਗਰਾਮਹਿਂ ਤਰਕ ਕਰੰਤਾ।
ਕਹਿ-ਪਾਥਰ, ਬ੍ਰਤ ਨਹੀਂ ਧਰੰਤਾ”- ॥੩੩॥.....
ਇਤ੍ਯਾਦਿਕ ਨਿਪ ਸੁਨ ਕੈ ਕ੍ਰੋਧਾ।
ਕਯੋ, “ਬੁਲਾਵਹੁ, ਕ੍ਯਾ ਤਿਸ ਬੋਧਾ?”।....
ਇਕ ਨਰ ਆਇ ਹਕਾਰਯੋ ਤਾਂਹੀ।
ਲੇਕਰਿ ਸੰਗ ਗਯੋ ਨ੍ਰਿਪ ਪਾਹੀ ।.....
ਪਿਖਿ ਮਹਿਪਾਲਕ ਰਿਸ ਕਰਿ ਕਹੈ।
“ਭੋ ਨਰ ! ਕੌਨ ਦੇਸ਼ ਤੂੰ ਰਹੈ ?
ਕਿਸ ਗੁਰ ਨੇ ਤੋ ਕਹੁ ਉਪਦੇਸ਼ਾ ?
ਕੌਨ ਧਰਮ ਕੋ ਧਾਯੋ ਬੇਸਾ ?” ॥੩੭॥
ਸੁਨਿ ਕੈ ਤਬਿ ਕਲ੍ਯਾਨਾ ਭਾਈ।
ਕਹੀ ਗਾਥ ਨਿਪ ਕੇ ਅਗੁਵਾਈ :
“ਸ੍ਰੀ ਨਾਨਕ ਜਗ ਬਿਦਤਿ ਬਿਸਾਲਾ ।
ਤਿਨ ਗਾਦੀ ਊਪਰ ਇਸ ਕਾਲਾ ॥੩੮॥
ਸ੍ਰੀ ਗੁਰ ਅਰਜਨ ਪੂਰਨ ਅਹੈਂ।
ਤਿਨ ਕੇ ਸਿਖ ਹਮੁ ਬਾਂਛਤਿ ਲਹੈਂ ।
ਦੁਹਿ ਲੋਕਨ ਸੁਖੁ ਦੇ ਉਪਦੇਸ਼ ।
ਤਿਨ ਕੀ ਬਾਨੀ ਪਠਹਿ ਹਮੇਸ਼ ॥੩੯॥
ਯਾਂਤੇ ਹਮ ਪਾਹਨ ਨਹਿ ਮਾਨਹਿ ।
ਦੇਖਹਿ ਸੁਨਹਿ, ਨ ਖਾਇ ਬਖਾਨਹਿ ।
ਕ੍ਯਾ ਪ੍ਰਸੰਨ ਹੁਇ ਤਿਸ ਨੇ ਦੇਨਾ ?
ਤਾਂਕੀ ਸੇਵ ਕਰੇ ਕ੍ਯਾ ਲੇਨਾ ? ॥੪॥
ਜੋ ਸਭਿ ਜੀਵਨ ਕੋ ਹੈ ਜੀਵ।
______________
੧. ਉਸ ਦਾ ਜਨਮ ਹਿੰਦੂ ਦੇ ਘਰ ਦਾ ਜਾਪਦਾ ਹੈ, ਪਰ ਉਸ ਨੂੰ ਹਿੰਦੂ ਧਰਮ ਨਹੀਂ ਭਾਉਂਦਾ।
ਜਿਸ ਅਲੰਬ ਚੇਤਨਤਾ ਥੀਵ ।
ਸਗਰੇ ਜਗ ਕੋ ਜੋ ਨਿਤ ਦਾਤਾ।
ਸੋ ਤੁਮਨੇ ਪਾਹਨ ਕਰਿ ਜਾਤਾ ॥੪੧॥
ਜਿਮ ਅਵਨੀ ਸਭਿ ਕੋ ਸੁਲਤਾਨ।
ਤਿਸ ਕੋ ਮੂਢ ਕਰਹਿ ਸਨਮਾਨ।
ਘਾਸ ਡਸਾਇ ਬਸਾਵਨਿ ਕੀਆ।
"ਆਵਹੁ ਇਹਾਂ ਬੈਠੀਅਹਿ ਮੀਆਂ !” ॥੪੨॥
ਤਿਮ ਤੁਮਰੋ ਮਤਿ ਕਰਹੁ ਵਿਚਾਰਨ।
ਪ੍ਰਭੁ ਕੋ ਪਾਹਨ ਕਰਹੁ ਉਚਾਰਨ ।
ਰਯੋ ਜੁ ਰਮ ਜਲ ਥਲ ਮਹਿ ਰਾਮ।
ਇਤ ਉਤ ਦੁਹਿ ਲੋਕਨ ਵਿੱਸ੍ਰਾਮ ॥੪੩॥
ਸਰਬ ਚਰਾਚਰ ਮਹਿਂ ਰਹਿ ਬ੍ਯਾਪੇ।
ਤੀਨਹੁਂ ਕਾਲ ਬਿਖੇ ਥਿਰ ਆਪੇ।
ਤੀਨ ਲੋਕ ਪਤਿ ਮਹਿਦ ਮਹਾਂਨਾ ।
ਅਪਰ ਨ ਪੱਯਤਿ ਜਾਸੁ ਸਮਾਨਾ ॥੪੪॥
ਲਘੁ ਪਾਹਨ ਮਹਿ ਕਲਪਹੁ ਸੋਈ ।
ਪ੍ਰਭੁ ਪ੍ਰਸੰਨ ਤੁਮ ਪਹਿ ਕਿਮ ਹੋਈ ?
ਜਾਗਤਿ ਪੁਰਖੁ ਸੁ ਗੁਰੂ ਹਮਾਰੋ ।
ਸਦਾ ਸਹਾਯਕ ਤਾਂਹਿ ਬਿਚਾਰੋ” ॥੪੫॥ (ਗੁਰ ਪ੍ਰਤਾਪ ਸੂਰਯ, ਰਾਸਿ ੨ ਅੰਸੂ ੩੦)
(੧੦) ਮਹੂਰਤ ਤਿਥਿ ਵਾਰ ਸਗਨ
ਆਪ ਮਹੂਰਤ ਸਗਨ ਤਿਥਿ ਔਰ ਵਾਰ ਆਦਿਕਾਂ ਦੇ ਵਿਸ੍ਵਾਸੀ ਹੋ ਕੇ ਕਈ ਪ੍ਰਕਾਰ ਦਾ ਚੰਗਾ ਮੰਦਾ ਫਲ ਮੰਨਦੇ ਹੋ, ਪਰ ਸਿੱਖ ਧਰਮ ਵਿਚ ਇਨ੍ਹਾਂ ਭਰਮਾਂ ਦਾ ਤਿਆਗ ਹੈ :
ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥ (ਸਿਰੀ ਰਾਗੁ ਮ: ੫, ਪੰਨਾ ੪੮)
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ (ਆਸਾ ਮ: ੫, ਪੰਨਾ ੪੦੧)
ਪ੍ਰਭੂ ਹਮਾਰੈ ਸਾਸਤ੍ਰ ਸਉਣਾ ॥
ਸੂਖ ਸਹਜ ਆਨੰਦ ਗ੍ਰਿਹ ਭਉਣਾ ॥ (ਭੈਰਉ ਮ: ੫, ਪੰਨਾ ੧੧੩੭)
ਨਾਮੁ ਹਮਾਰੈ ਸਉਣ ਸੰਜੋਗ ॥ (ਭੈਰਉ ਮ: ੫, ਪੰਨਾ ੧੧੪੫)
______________
੧. ਤੂੰ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥ (ਬਿਲਾਵਲੁ ਮ: ੧, ਪੰਨਾ ੭੯੫)
੨. ਜੋਤਿਸ਼ ਦੇ ਗ੍ਰੰਥ ਇਨ੍ਹਾਂ ਵਹਿਮਾਂ ਨਾਲ ਭਰੇ ਪਏ ਹਨ, ਜੇ ਕੋਈ ਉਨ੍ਹਾਂ ਅਨੁਸਾਰ ਆਪਣੇ ਵਿਵਹਾਰ ਕਰਨਾ ਚਾਹੇ ਤਾਂ ਇਕ ਦਿਨ ਭੀ ਸੁਖ ਨਾਲ ਸੰਸਾਰ ਪਰ ਜੀਵਨ ਨਹੀਂ ਬਿਤਾ ਸਕਦਾ। ਇਤਿਹਾਸ ਦੱਸ ਰਹੇ ਹਨ ਕਿ ਕਈ ਅਜੇਹੇ ਜੰਗ ਜੋ ਹਿੰਦੂ ਅਰ ਮੁਸਲਮਾਨਾਂ ਦੀ ਕਿਸਮਤ ਦਾ ਫੈਸਲਾ ਕਰਨ ਵਾਲੇ ਸਨ, ਇਨ੍ਹਾਂ ਮਹੂਰਤਾਂ ਨੇ ਹੀ ਮੁਸਲਮਾਨਾਂ ਨੂੰ ਜਿਤਾਏ, ਔਰ ਮਹੂਰਤੀਏ ਹੱਥ ਮਲਦੇ ਰਹਿ ਗਏ।
੩. ਸ਼ਕੁਨ ਸ਼ਾਸਤ੍ਰ । ੪. ਗ੍ਰਹਿ ਚੱਕਰ। ੫. ਲਗਨ।
ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥
ਹਉਮੈ ਮੇਰਾ ਭਰਮੈ ਸੰਸਾਰੁ ॥
ਮਨਮੁਖੁ ਅੰਧਾ ਦੂਜੈ ਭਾਇ ॥
ਜਮ ਦਰਿ ਬਾਧਾ ਚੋਟਾ ਖਾਇ ॥
ਗੁਰ ਪਰਸਾਦੀ ਸਦਾ ਸੁਖੁ ਪਾਏ॥
ਸਚੁ ਕਰਣੀ ਸਾਚਿ ਲਿਵ ਲਾਏ ॥੮॥ (ਬਿਲਾਵਲੁ ਮ: ੩ ਵਾਰ ਸਤ, ਪੰਨਾ ੮੪੧)
ਥਿਤੀ ਵਾਰ ਸਭਿ ਸਬਦਿ ਸੁਹਾਏ ॥
ਸਤਿਗੁਰੁ ਸੇਵੇ ਤਾ ਫਲੁ ਪਾਏ ॥
ਥਿਤੀ ਵਾਰ ਸਭਿ ਆਵਹਿ ਜਾਹਿ ॥
ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥
ਥਿਤੀ ਵਾਰ ਤਾ ਜਾ ਸਚਿ ਰਾਤੇ ॥
ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥
ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥
ਏਕੁ ਨ ਚੇਤਹਿ ਦੂਜੈ ਲੋਭਾਹਿ ॥....
ਐਥੈ ਸੁਖੁ ਨ ਆਗੈ ਹੋਇ॥ ਮਨਮੁਖ ਮੁਏ ਅਪਣਾ ਜਨਮੁ ਖੋਇ ॥
ਸਤਿਗੁਰੁ ਸੇਵੇ ਭਰਮੁ ਚੁਕਾਏ ॥
ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥
ਆਪੇ ਪੂਰਾ ਕਰੇ ਸੁ ਹੋਇ ॥
ਏਹਿ ਥਿਤੀ ਵਾਰ ਦੂਜਾ ਦੋਇ ॥
ਸਤਿਗੁਰ ਬਾਝਹੁ ਅੰਧੁ ਗੁਬਾਰੁ ॥
ਥਿਤੀ ਵਾਰ ਸੇਵਹਿ ਮੁਗਧ ਗਵਾਰ ॥
ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥
ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥ (ਬਿਲਾਵਲੁ ਮ: ੩, ਪੰਨਾ ੮੪੨)
ਸਉਣ, ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸਿ ਵੀਚਾਰਾ।
ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰ ਪਸਾਰਾ ।
ਗਦਹੁ ਕੁਤੇ, ਬਿਲੀਆ, ਇਲ ਮਲਾਲੀ ਗਿਦੜ ਛਾਰਾ।
________________
੧. ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਜੋ ਲੋਕ ਕਹਿੰਦੇ ਹਨ ਕਿ ਇਸ ਤਿਥੀ ਵਿਚ ਮਰੇ ਤੋਂ ਮੁਕਤੀ ਹੁੰਦੀ ਹੈ ਔਰ ਇਸ ਤਿਥੀ ਵਿਚ ਅਪਗਤੀ, ਉਹ ਅਗਿਆਨੀ ਹਨ। ਜੋ ਵਾਹਿਗੁਰੂ ਤੋਂ ਵਿਮੁਖ ਹਨ, ਉਹੀ ਅਪਗਤੀ ਨੂੰ ਪ੍ਰਾਪਤ ਹੁੰਦੇ ਹਨ।
੨. ਅੰਨਮਤੀਆਂ ਨੇ ਏਥੋਂ ਤਾਈਂ ਦਲੇਰੀ ਕੀਤੀ ਹੈ ਕਿ ਤਿਥਿ ਵਾਰ ਦੇ ਫਲ ਨੂੰ ਖੰਡਨ ਕਰਨ ਵਾਲੇ ਗੁਰੂ ਅਮਰਦਾਸ ਜੀ ਦਾ ਹੀ ਨਾਉਂ ਲੈ ਕੇ “ਗੁਰੂ ਅਮਰ ਦਾਸ ਭਲੇ ਕਾ ਬੋਲਣਾ" ਪੋਥੀ ਲਿਖ ਮਾਰੀ ਹੈ, ਔਰ ਗੁਰਸਿੱਖਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਪੂਰਾ ਯਤਨ ਕੀਤਾ ਹੈ । ਉਨ੍ਹਾਂ ਸਿੱਖਾਂ ਨੂੰ ਭੀ ਬੁਧਿ ਦੇ ਵੈਰੀ ਆਖਣਾ ਲੋੜੀਏ ਜੋ ਗੁਰੂ ਗ੍ਰੰਥ ਸਾਹਿਬ ਵਿਚ ਤੀਜੇ ਸਤਿਗੁਰੂ ਦੇ ਇਹ ਬਚਨ ਪੜ੍ਹ ਕੇ ਫੇਰ ਪ੍ਰਪੰਚੀਆਂ ਦੀ ਬਣਾਈ ਹੋਈ ਪੋਥੀ ਪਰ ਭਰੋਸਾ ਕਰਦੇ ਹਨ।
ਨਾਰਿ ਪੁਰਖੁ ਪਾਣੀ ਅਗਨਿ, ਛਿਕ ਪਦ ਹਿਡਕੀ ਵਰਤਾਰਾ।
ਥਿਤਿ ਵਾਰ ਭਦ੍ਰਾ ਭਰਮ, ਦਿਸਾ ਸੂਲ ਸਹਸਾ ਸੈਸਾਰਾ ।
ਵਲ ਛਲ ਕਰਿ ਵਿਸਵਾਸ ਲਖ, ਬਹੁ ਚੁਖੀ ਕਿਉ ਰਵੈ ਭਤਾਰਾ।
ਗੁਰਮੁਖਿ ਸੁਖ ਫਲ ਪਾਰਿ ਉਤਾਰਾ ॥੮॥ (ਭਾਈ ਗੁਰਦਾਸ, ਵਾਰ ੫)
ਸਜਾ ਖਬਾ ਸਉਣੁ ਨ ਮੰਨਿ ਵਸਾਇਆ।
ਨਾਰਿ ਪੁਰਖ ਨੋ ਵੇਖਿ, ਨ ਪੈਰੁ ਹਟਾਇਆ।
ਭਾਖ ਸੁਭਾਖ ਵੀਚਾਰਿ, ਨ ਛਿਕ ਮਨਾਇਆ ।
ਦੇਵੀ ਦੇਵ ਨ ਸੇਵ, ਨ ਪੂਜ ਕਰਾਇਆ।
ਭੰਭਲਭੂਸੇ ਖਾਇ, ਨ ਮਨੁ ਭਰਮਾਇਆ।
ਗੁਰਸਿਖ ਸਚਾ ਖੇਤੁ, ਬੀਜ ਫਲਾਇਆ ॥੮॥ (ਭਾਈ ਗੁਰਦਾਸ, ਵਾਰ ੨੦)
ਬੈਸਨੋ ਅਨੰਨ ਬ੍ਰਹਮੰਨ ਸਾਲਗ੍ਰਾਮ ਸੇਵਾ
ਗੀਤਾ ਭਗਵਤ ਸ੍ਰੋਤਾ ਏਕਾਕੀ ਕਹਾਵਈ ।
ਤੀਰਥ ਧਰਮ ਦੇਵਜਾਤ੍ਰਾ ਕੋ ਪੰਡਿਤ ਪੂਛ
ਕਰਤ ਗਵਨ ਸੋ ਮੁਹੂਰਤ ਸੋਧਾਵਈ ।
ਬਾਹਰ ਨਿਕਸ ਗਰਧਬ ਸ੍ਵਾਨ ਸਗਨ ਕੈ
ਸੰਕਾ ਉਪਰਾਜਤ ਬਹੁਰ ਘਰ ਆਵਈ।
ਪਤਿਤ ਗਹਿ ਰਹਿ ਸਕਤ ਨ ਏਕ ਟੇਕ
ਦੁਬਿਧਾ ਅਛਤ ਨ ਪਰਮਪਦ ਪਾਵਈ ॥੪੪੭॥
ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ
ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ।
ਪੂਛਤ ਨ ਜੋਤਕ ਔ ਬੇਦ ਤਿਥਿ ਵਾਰ ਕਛੁ
ਗ੍ਰਹਿ ਔ ਨਛਤ੍ਰ ਕੀ ਨ ਸ਼ੰਕਾ ਉਰ ਧਾਰੀ ਹੈ।
ਜਾਨਤ ਨ ਸਗਨ ਲਗਨ ਆਨ ਦੇਵ ਸੇਵ
ਸ਼ਬਦ ਸੁਰਤ ਲਿਵ ਨੇਹ ਨਿਰੰਕਾਰੀ ਹੈ।
ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਿਪਾਲਕ ਹੈ
ਜੀਵਨ ਮੁਕਤਿ ਗਤ ਬ੍ਰਹਮ ਬੀਚਾਰੀ ਹੈ ॥੪੪੮॥
ਗੁਰਮੁਖ ਮਾਰਗ ਮੈਂ ਮਨਮੁਖਿ ਥਕਤ ਹੈ
ਲਗਨ ਸਗਨ ਮਾਨੈ, ਕੈਸੇ ਮਨ ਮਾਨੀਐ ॥੨੬੪॥ (ਕਬਿੱਤ ਭਾਈ ਗੁਰਦਾਸ)
ਸਿਖ ਅਨ੍ਯ ਪੰਡਿਤ ! ਦਿਖ ਐਸੇ।
ਗ੍ਰਹਿ ਤਿਥਿ ਵਾਰ ਨ ਮਾਨਹਿ ਕੈਸੇ ॥੧੩੮॥
_____________
੧. ਅਨ੍ਯ, ਇਕ ਤੋਂ ਬਿਨਾਂ ਦੂਜੇ ਨੂੰ ਨਾ ਜਾਣਨ ਵਾਲਾ।
੨. ਗੁਰੂ ਸਾਹਿਬ ਨੇ ਫੁਰਮਾਇਆ ਕਿ, ਹੇ ਪੰਡਿਤ ਦੇਖ! ਗੁਰੂ ਦੇ ਸਿੱਖ ਕੇਹੇ ਅਨੰਨਯ ਹਨ।
ਏਕ ਭਰੋਸਾ ਪ੍ਰਭੁ ਕਾ ਪਾਏ।
ਤ੍ਯਾਗ ਲਗਨ ਅਰਦਾਸ ਕਰਾਏ। ॥੧੪੦॥ (ਗੁਰ ਬਿਲਾਸ ਪਾ: ੬, ਅਧਿਆ ੬)
ਭਾਈ ਨੰਦ ਲਾਲ ਸਾਹਿਬ ਤੌਸੀਫ਼ੋਸਨਾ ਵਿਚ ਲਿਖਦੇ ਹਨ ਕਿ ਜਗਤ ਸੁਧਾਰਕ ਗੁਰੂ ਨਾਨਕ ਦੇਵ ਅਵਿਦਿਆ ਭਰਮ ਔਰ ਵਹਿਮਾਂ ਦੇ ਵਿਰੋਧੀ ਹਨ, ਯਥਾ:
ਜ਼ਿੱਦੁਲ ਗ਼ਰੀਕਨੁਲ ਬਹਾਰਿਲ ਰਸੂਮਾਤ ਵਲ ਆਦਾਤ ।
ਮੁਅੱਫ਼ਿਖਲ ਸ਼ਿਨਾਵਰੂਨੁਲ ਸ਼ਿਵਾਤਿਲ ਖਯੂਲ ਵਲ ਵਾਹਿਮਾਤ।
ਅਰਥਾਤ-ਜੋ ਲੋਕ ਭਰਮ ਸੰਬੰਧੀ ਰਿਵਾਜ ਔਰ ਰਸਮਾਂ ਦੇ ਸਮੁੰਦਰ ਵਿਚ ਡੁਬੇ ਹੋਏ ਹਨ, ਗੁਰੂ ਸਾਹਿਬ ਉਹਨਾਂ ਦੇ ਵਿਰੁਧ ਹਨ ਔਰ ਜੋ ਵਹਿਮੀ ਖਿਆਲਾਂ ਦੇ ਸਮੁੰਦਰ ਤੋਂ ਤਰ ਕੇ ਪਾਰ ਹੋਣ ਵਾਲੇ ਹਨ, ਉਨ੍ਹਾਂ ਦੇ ਅਨੁਸਾਰੀ ਹਨ।
(੧੧) ਪ੍ਰੇਤਕ੍ਰਿਯਾ ਸ਼ਾਧ ਤੀਰਥ
ਆਪ ਪ੍ਰੇਤਕ੍ਰਿਯਾ ਦ੍ਵਾਰਾ ਗਯਾ ਆਦਿਕ ਤੀਰਥਾਂ ਪਰ ਪਿੰਡ ਦਾਨ ਦੇਣ ਕਰ ਕੇ ਜੀਵ ਦੀ ਗਤੀ ਮੰਨਦੇ ਹੋ, ਔਰ ਪਿੱਤਰਾਂ ਨੂੰ ਤ੍ਰਿਪਤ ਕਰਨ ਲਈ ਸ਼ਾਧ ਕਰਾਉਂਦੇ ਹੋ, ਔਰ ਇਸ ਵਿਸ਼ਯ ਆਪ ਦੇ ਧਰਮ ਪੁਸਤਕ ਦਾ ਏਹ ਕਥਨ ਹੈ :
“ਸ਼ਾਧਾਂ ਦੇ ਦਿਨਾਂ ਵਿਚ ਪਿਤਰਪੁਰੀ ਖਾਲੀ ਹੋ ਜਾਂਦੀ ਹੈ, ਸਾਰੇ ਪਿਤਰ ਸ਼ਾਧ ਦਾ ਅੰਨ ਖਾਣ ਲਈ ਮਾਤ ਲੋਕ ਵਿਚ ਭੱਜ ਕੇ ਆ ਜਾਂਦੇ ਹਨ, ਜੇ ਉਹਨਾਂ ਨੂੰ ਨਾ ਖਵਾਇਆ ਜਾਵੇ ਤਾਂ ਸਰਾਪ ਦੇ ਕੇ ਚਲੇ ਜਾਂਦੇ ਹਨ। ਸ਼ੁੱਧ ਕਰਾਉਣ ਜੇਹਾ ਹੋਰ ਕੋਈ ਪੁੰਨ ਨਹੀਂ। ਸੁਮੇਰੁ ਪਰਬਤ ਜਿੰਨੇ ਭਾਰੀ ਪਾਪ ਕੀਤੇ ਹੋਏ ਸ਼ਾਧ ਕਰਨ ਕਰਕੇ ਤੁਰਤ ਨਾਸ ਹੋ ਜਾਂਦੇ ਹਨ । ਸ਼ੁੱਧ ਕਰਕੇ ਹੀ ਆਦਮੀ ਸ੍ਵਰਗ ਨੂੰ ਪ੍ਰਾਪਤ ਹੁੰਦਾ ਹੈ।” (ਅਤ੍ਰਿ ਸੰਹਿਤਾ)
“ਸ਼ਾਧ ਕਰਨ ਤੋਂ ਪਹਿਲਾਂ ਅੱਗ ਵਿਚ ਹੋਮ ਕਰੇ, ਜੇ ਅੱਗ ਨਾ ਹੋਵੇ ਤਾਂ ਬ੍ਰਾਹਮਣ ਦੇ ਹੱਥ
_______________
੧. ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥ (ਵਾਰ ਮਾਰੂ ਮ: ੨, ਪੰਨਾ ੧੦੯੩)
ਸਿੱਖ ਧਰਮ ਵਿਚ ਸਭ ਕਾਰਜਾਂ ਦੇ ਅਰੰਭ ਵਿਚ ਵਾਹਿਗੁਰੂ ਅੱਗੇ ਅਰਦਾਸ (ਬੇਨਤੀ) ਕਰਨੀ ਹੀ ਵਿਧਾਨ ਹੈ, ਹੋਰ ਕੋਈ ਮਹੁਰਤ ਔਰ ਲਗਨ ਸ਼ਗਨ ਦਾ ਵਿਚਾਰ ਨਹੀਂ ਹੈ।
੨. ਹਿੰਦੂ ਮਤ ਵਿਚ ਇਹ ਮੰਨਿਆ ਗਿਆ ਹੈ ਕਿ ਪ੍ਰੇਤ ਕ੍ਰਿਆ ਕਰਵਾਏ ਬਿਨਾਂ ਪ੍ਰਾਣੀ ਦੀ ਗਤੀ ਨਹੀਂ ਹੁੰਦੀ, ਚਾਹੇ ਆਪਣੀ ਜ਼ਿੰਦਗੀ ਵਿਚ ਜੀਵ ਅਨੇਕ ਸ਼ੁਭ ਕਰਮ ਕਰੇ ਪਰ ਉਸ ਦੇ ਮਰੇ ਪਿਛੋਂ ਜੇ ਸੰਬੰਧੀਆਂ ਦਵਾਰਾ ਪ੍ਰੇਤ ਕਿਰਿਆ ਨਾ ਹੋਵੇ ਤਾਂ ਪ੍ਰਾਣੀ ਦੀ ਦੁਰਗਤ ਹੁੰਦੀ ਹੈ।” (ਗਰੁੜ ਪੁਰਾਣ ਅ: ੭ ਸ਼: ੧੧-੪੧)
ਏਸੇ ਬਾਤ ਨੂੰ ਮੁਖ ਰਖ ਕੇ ਮਨੂ, ਪੁਤ੍ਰ ਦਾ ਅਰਥ ਇਸ ਤਰ੍ਹਾਂ ਕਰਦਾ ਹੈ :
ਪੂੰ ਨਾਮ ਨਰਮ ਤੋਂ ਜੋ ਪਿਤਾ ਨੂੰ ਬਚਾਵੇ, ਉਸ ਨੂੰ ਪੁਤ੍ਰ ਕਹੀਦਾ ਹੈ।” ਮਨੂ ਅ: ੯ ਸ਼: ੧੩8)
ਮਨੂ ਜੀ ਹੋਰ ਉਚਰਦੇ ਹਨ : “ਪੁਤ੍ਰ ਕਰਕੇ ਪਿਤਾ ਸਵਰਗ ਨੂੰ ਪ੍ਰਾਪਤ ਹੁੰਦਾ ਹੈ, ਪੋਤਾ ਹੋਣ ਕਰਕੇ ਦੇਰ ਤਾਈਂ ਸਵਰਗ ਵਿਚ ਰਹਿੰਦਾ ਹੈ, ਔਰ ਪੜੋਤਾ ਜੰਮੇ ਤੋਂ ਸੂਰਯ ਲੋਕ ਵਿਚ ਜਾ ਪਹੁੰਚਦਾ ਹੈ।" (ਮਨੂ ਅ: ੯ ਸ਼: ੧੩੭)
ਪਰ ਹੋਮ ਕਰੇ, ਕਿਉਂਕਿ ਬ੍ਰਾਹਮਣ ਅਤੇ ਅਗਨੀ ਇਕੋ ਰੂਪ ਹਨ"।” ਮਨੂ ਅ: ४ ਸ਼: २१२)
“ਸ਼ਾਧ ਵਿਚ ਜੇ ਪਿਤਰਾਂ ਵਾਸਤੇ ਤਿਲ, ਚਾਉਲ, ਜੌਂ, ਮਾਂਹ ਔਰ ਸਾਗ ਤਰਕਾਰੀ ਦਿੱਤੀ ਜਾਵੇ, ਤਾਂ ਪਿਤਰ ਇਕ ਮਹੀਨਾ ਰੱਜੇ ਰਹਿੰਦੇ ਹਨ, ਮੱਛੀ ਦੇ ਮਾਸ ਨਾਲ ਦੋ ਮਹੀਨੇ, ਹਰਣ ਦੇ ਮਾਸ ਨਾਲ ਤਿੰਨ ਮਹੀਨੇ, ਮੀਢੇ ਦੇ ਮਾਸ ਨਾਲ ਚਾਰ ਮਹੀਨੇ, ਪੰਛੀਆਂ ਦੇ ਮਾਸ ਕਰਕੇ ਪੰਜ ਮਹੀਨੇ, ਬੱਕਰੇ ਦੇ ਮਾਸ ਨਾਲ ਛੀ ਮਹੀਨੇ, ਚਿੱਤਲ ਦੇ ਮਾਸ ਕਰਕੇ ਸੱਤ ਮਹੀਨੇ, ਚਿੰਕਾਰੇ ਦੇ ਮਾਸ ਨਾਲ ਅੱਠ ਮਹੀਨੇ, ਲਾਲ ਮ੍ਰਿਗ ਦੇ ਮਾਸ ਕਰਕੇ ਨੌਂ ਮਹੀਨੇ, ਝੋਟੇ ਅਤੇ ਸੂਰ ਦੇ ਮਾਸ ਨਾਲ ਦਸ ਮਹੀਨੇ, ਕੱਛੂ ਔਰ ਸਹੇ ਦਾ ਮਾਸ ਦੇਣ ਕਰਕੇ ਪਿਤਰ ਗਿਆਰਾਂ ਮਹੀਨੇ ਰੱਜੇ ਰਹਿੰਦੇ ਹਨ।" (ਇਤਿਆਦਿ) (ਮਨੂ ਅ: ३ ਸ਼: ੨੬੭-੨੭੦ ਔਰ ਵਿਸ਼ਨੂੰ ਸਿਮ੍ਰਤੀ ਅ: ੮੦)
"ਜਿਸ ਬ੍ਰਾਹਮਣ ਦੇ ਵੈਸ਼ਨਵ ਮਤ ਦਾ ਤਿਲਕ ਨਾ ਹੋਵੇ, ਜੇ ਉਸ ਨੂੰ ਸ਼ਾਧ ਵਿਚ ਭੋਜਨ ਦਿਤਾ ਜਾਵੇ, ਤਾਂ ਸ਼ਾਧ ਕਰਾਉਣ ਵਾਲੇ ਦੇ ਪਿਤਰ ਨਿਰਸੰਦੇਹ ਵਿਸ਼ਟਾ ਔਰ ਮੂਤ ਖਾਂਦੇ ਪੀਂਦੇ ਹਨ।” (ਵ੍ਰਿਧ ਹਾਰੀਤ ਸੰਹਿਤਾ ਅ: ੨)
ਗੁਰਮਤਿ ਵਿਚ ਉੱਪਰ ਲਿਖੇ ਭਰਮਾਂ ਤੋਂ ਵਿਰੁਧ ਗੁਰੂ ਸਾਹਿਬ ਨੇ ਸਤ ਉਪਦੇਸ਼ ਇਸ ਪ੍ਰਕਾਰ ਕਥਨ ਕੀਤਾ ਹੈ :
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
ਲੋਕਾ ਮਤ ਕੋ ਫਕੜਿ ਪਾਇ ॥
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥
______________
੧. ਮਨੂ ਜੀ ਨੇ ਇਹ ਗੱਲ ਨਹੀਂ ਦੱਸੀ ਕਿ ਜੇ ਅੱਗ ਨਾ ਹੋਵੇ ਤਾਂ ਬ੍ਰਾਹਮਣ ਦੇ ਹੱਥ ਪਰ ਤਵਾ ਰੱਖ ਕੇ ਰੋਟੀ ਪਕਾ ਲਵੇ।
ਇਕ ਵਿਦਵਾਨ ਮਨੂ ਦੇ ਇਸ ਲੇਖ ਦਾ ਇਹ ਭਾਵ ਕੱਢਦਾ ਹੈ ਕਿ ਭਾਰਤ-ਵਰਸ਼ ਦਾ ਰਾਜ ਪ੍ਰਤਾਪ ਔਰ ਵਿਦਿਆ ਬਲ ਆਦਿਕ ਸੁਹਾ ਸੁਹਾ ਕਹਿ ਕੇ ਸੁਆਹ ਕਰਨ ਲਈ ਜ਼ਰੂਰ ਜਾਤੀ ਅਭਿਮਾਨੀ ਬ੍ਰਾਹਮਣ ਅਤੇ ਅੱਗ ਇਕ ਰੂਪ ਹਨ।
੨. ਸ੍ਰੀ ਗੁਰੂ ਨਾਨਕ ਸਾਹਿਬ ਲੋਕਾਂ ਦਾ ਉਧਾਰ ਕਰਦੇ ਹੋਏ ਜਦੋਂ ਗਯਾ ਤੀਰਥ ਪਰ ਗਏ ਹਨ, ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੈ। ਇਹ ਪ੍ਰਸੰਗ ਜਨਮ ਸਾਖੀ ਵਿਚ ਇਸ ਤਰ੍ਹਾਂ ਹੈ:
"ਗਯਾ ਦੇ ਪੰਡਤਾਂ ਕਹਿਆ, ਤੁਸੀਂ ਭੀ ਆਪਣੇ ਪਿਤਰਾਂ ਦਾ ਉਧਾਰ ਕਰੋ, ਤਾਂ ਬਾਬੇ ਨੇ ਕਹਿਆ, ਅਸਾਂ ਆਪਣੇ ਪਿਤਰਾਂ ਦਾ ਤੇ ਆਪਣਾ ਤੇ ਆਪਣੇ ਜਗਿਆਸੂਆਂ ਦਾ ਤੇ ਉਨ੍ਹਾਂ ਦੇ ਪਿਤਰਾਂ ਦਾ ਉਧਾਰ ਕਰ ਛਡਿਆ ਹੈ, ਐਸੀ ਕਿਰਿਆ ਕਰਮ, ਦੀਵਾ, ਪਿੰਡ, ਪਤਲ ਕੀਤੀ ਹੈ ਜੋ ਅਗਿਆਨ ਦਾ ਅੰਧੇਰਾ ਦੂਰ ਕਰ ਛਡਿਆ ਹੈ, ਤਾਂ ਗੁਰੂ ਬਾਬਾ ਜੀ ਨੇ ਰਾਗ ਆਸਾ ਵਿਚ ਸ਼ਬਦ ਕਹਿਆ ।"
੩. ਹੇ ਲੋਕੋ, ਅਗਿਆਨ ਦੇ ਕਰਮ ਜੋ ਪਖੰਡ ਜਾਲ ਹਨ, ਉਨ੍ਹਾਂ ਵਿਚ ਪੈ ਕੇ ਭੰਡੀ ਨਾ ਪਾਓ।
ਇਕ ਲੋਕੀਂ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥ (ਆਸਾ ਮ: ੧, ਪੰਨਾ ੩੫੮)
ਆਇਆ ਗਇਆ ਮੁਇਆ ਨਾਉ ॥
ਪਿਛੈ ਪਤਲਿ ਸਦਿਹੁ ਕਾਵ ॥
ਨਾਨਕ ਮਨਮੁਖਿ ਅੰਧੁ ਪਿਆਰੁ ॥
ਬਾਝ ਗੁਰੂ ਡੁਬਾ ਸੰਸਾਰੁ ॥ (ਵਾਰ ਮਾਝ ਮ: ੧, ਪੰਨਾ ੧੩੮)
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥ (ਵਾਰ ਆਸਾ ਮ: ੧, ਪੰਨਾ ੪੭੨)
ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥
ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥ (ਵਾਰ ਬਿਹਾਗੜਾ ਮ: ੩, ਪੰਨਾ ੫੫੬)
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥.....
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥ (ਗਉੜੀ ਕਬੀਰ, ਪੰਨਾ ੩੩੨)
ਇਹੁ ਮਨੁ ਮੈਲਾ ਇਕੁ ਨ ਧਿਆਏ ॥
ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ
ਹੋਰੁ ਵਧੇਰੈ ਹਉਮੈ ਮਲੁ ਲਾਵਣਿਆ॥ (ਮਾਝ ਮ: ੩, ਪੰਨਾ ੧੧੬)
ਤੀਰਥ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥ (ਵਾਰ ਮਾਝ ਮ: ੪, ਪੰਨਾ ੧੪੦)
ਤੀਰਥ ਨਾਇ ਨ ਉਤਰਸਿ ਮੈਲੁ ॥
ਕਰਮ ਧਰਮ ਸਭਿ ਹਉਮੈ ਫੈਲੁ ॥ (ਰਾਮਕਲੀ ਮ: ੫, ਪੰਨਾ ੮੯੦)
ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥ (ਮਾਲੀ ਗਉੜਾ ਮ: ੪, ਪੰਨਾ ੯੮੬)
____________
੧. ਇਕ ਪਿੰਡ ਦੇਵਤਿਆਂ ਵਾਸਤੇ ਦੇਣਾ ਆਖਿਆ ਜਾਂਦਾ ਹੈ, ਦੂਜਾ ਪਿਤਰਾਂ ਨੂੰ ਦਿੱਤਾ ਜਾਂਦਾ ਹੈ, ਪਰ ਮਿਲਦਾ ਦੋਹਾਂ ਨੂੰ ਨਹੀਂ, ਬ੍ਰਾਹਮਣ ਆਪ ਹੀ ਵੱਟ ਕੇ ਸਭ ਸਾਮੱਗ੍ਰੀ ਖਾ ਪੀ ਜਾਂਦਾ ਹੈ।
੨. ਜੌਂ ਦੇ ਆਟੇ ਆਦਿ ਦਾ ਪਿੰਨਾ ਜੋ ਪਿਤਰਾਂ ਨਮਿਤ ਦਿੱਤਾ ਜਾਦਾ ਹੈ।
੩. ਮਾਤਾ ਪਿਤਾ ਔਰ ਬਜ਼ੁਰਗਾਂ ਦਾ ਸੇਵਨ ਔਰ ਸਨਮਾਨ ਕਰਨਾ ਸਿੱਖ ਧਰਮ ਵਿਚ ਸ਼ਾਧ ਹੈ, ਮਰਿਆਂ ਨੂੰ ਪਹੁੰਚਾਉਣਾ ਅਗਿਆਨ ਹੈ। ਜੋ ਸਿੱਖ ਹਿੰਦੂਆਂ ਦੀ ਨਕਲ ਕਰ ਕੇ ਸ਼ਾਧ ਕਰਦੇ ਹਨ ਔਰ ਉਸ ਨੂੰ ਗੁਰ-ਰੀਤੀ ਅਨੁਸਾਰ ਸ਼ਾਧ ਕਰਨਾ ਦਸਦੇ ਹਨ, ਉਹ ਅਗਿਆਨੀ ਹਨ।
੪. ਹਉਮੈ ਦੇ ਕਰਮ (ਫੇਅਲ)।
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥
ਤੀਰਥੁ ਸਬਦੁ ਬੀਚਾਰੁ ਅੰਤਰਿ ਗਿਆਨੁ ਹੈ॥... (ਧਨਾਸਰੀ ਮ: ੧, ਪੰਨਾ ੬੮੭)
ਗੁਰ ਦਰੀਆਉ ਸਦਾ ਜਲੁ ਨਿਰਮਲੁ
ਮਿਲਿਆ ਦੁਰਮਤਿ ਮੈਲੁ ਹਰੈ ॥
ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ॥ (ਪ੍ਰਭਾਤੀ ਮ: ੧, ਪੰਨਾ ੧੩੨੯)
ਅਨੇਕ ਤੀਰਥ ਜੇ ਜਤਨ ਕਰੈ
ਤਾ ਅੰਤਰ ਕੀ ਹਉਮੈ ਕਦੇ ਨ ਜਾਇ॥ (ਗੂਜਰੀ ਮ: ੩, ਪੰਨਾ ੪੯੦)
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥
ਇਹੁ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥ (ਵਡਹੰਸੁ ਮ: ੩, ਪੰਨਾ ੫੫੮)
ਸਚਾ ਤੀਰਥੁ ਜਿਤੁ ਸਤ ਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ ॥ (ਸੂਹੀ ਮ: ੩, ਪੰਨਾ ੭੫੩)
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥ (ਆਸਾ ਕਬੀਰ, ਪੰਨਾ ੪੮੪)
ਗੰਗ ਬਨਾਰਸ ਹਿੰਦੂਆਂ ਮੁਸਲਮਾਣਾ ਮਕਾ ਕਾਬਾ।
ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ।....॥੪॥ (ਭਾਈ ਗੁਰਦਾਸ, ਵਾਰ ੨੪)
ਸੁਰਸਰੀ ਸੁਰਸਤੀ ਜਮਨਾ ਔ ਗੋਦਾਵਰੀ
ਗਯਾ ਪ੍ਰਾਗ ਸੇਤੁ ਕੁਰਖੇਤ ਮਾਨਸਰ ਹੈ।
ਕਾਂਸ਼ੀ ਕਾਂਤੀ ਦ੍ਵਾਰਾਵਤੀ ਮਾਯਾ ਮਥੁਰਾ ਅਜੁਧਯਾ
ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ।
ਨਰਬਦਾ ਬਿਧਿ ਬਨ ਦੇਵਸਥਲ ਕਬੀਲਾਸ
ਨੀਲ ਮੰਦ੍ਰਾਚਲ ਸੁਮੇਰੁ ਗਿਰਵਰ ਹੈ।
ਤੀਰਥ ਅਰਥ ਸਤ ਧਰਮ ਦਯਾ ਸੰਤੋਖ
ਸ੍ਰੀ ਗੁਰੁ ਚਰਨ ਰਜ ਤੁਲ ਨ ਸਗਰ ਹੈ ॥੪੧੬॥ (ਕਬਿੱਤ ਭਾਈ ਗੁਰਦਾਸ)
ਭਾਈ ਨੰਦ ਲਾਲ ਸਾਹਿਬ ਕਥਨ ਕਰਦੇ ਹਨ :
_______________
੧. ਗੁਰ ਦਰੀਆਉ ਦਾ ਅਰਥ ਸਮਝੇ ਬਿਨਾਂ ਕਈ ਸਿੱਖ ਖੂਹ ਵਿਚ ਕਿਰਮ ਪੈਦਾ ਕਰਨ ਲਈ ਔਰ ਥੰਧਿਆਈ ਨਾਲ ਲੋਕਾਂ ਨੂੰ ਖੰਘ ਦਾ ਰੋਗ ਚਿਮੇੜਨ ਵਾਸਤੇ ਕੜਾਹ ਪ੍ਰਸ਼ਾਦ ਲੈ ਕੇ ਨੱਠਦੇ ਹਨ। ਹੇ ਵਾਹਿਗੁਰੂ! ਸੁਮਤਿ ਬਖਸ਼ੋ ਕਿ ਇਨ੍ਹਾਂ ਦੀਆਂ ਅਜੇਹੀਆਂ ਭੈੜੀਆਂ ਵਾਦੀਆਂ ਹਟ ਜਾਣ, ਅਰ ਗੁਰ ਸ਼ਬਦਾਂ ਦਾ ਯਥਾਰਥ ਅਰਥ ਸਮਝ ਕੇ ਅਵਿਦਿਆ ਬੰਧਨਾਂ ਤੋਂ ਛੁਟਕਾਰਾ ਪਾਉਣ।
੨. ਗੁਰ ਸਿੱਖਾਂ ਲਈ “ਹਰਿ ਕੀਰਤਨ” ਐਸਾ ਹੈ ਜੈਸਾ ਹਿੰਦੂਆਂ ਔਰ ਮੁਸਲਮਾਨਾਂ ਨੂੰ ਗੰਗਾ ਔਰ ਕਾਬਾ ਹੈ।
ਤਹਿਰੇ ਗੰਗ ਅਜ਼ ਗ਼ੁਬਾਰੇ ਪਾਏ ਸ਼ਾਂ।
ਸਸਤੋ ਹਸ਼ਤ ਅਜ਼ ਨਮੇ ਹਵਾਏ ਸ਼ਾਂ ॥੭॥ (ਤੌਸੀਫ਼ੋਸਨਾ ਭਾਈ ਨੰਦ ਲਾਲ)
ਅਰਥਾਤ-ਗੰਗਾ ਦੀ ਪਵਿੱਤ੍ਰਤਾ ਉਨ੍ਹਾਂ ਦੇ ਚਰਨਾਂ ਦੀ ਬਰਕਤ ਕਰਕੇ ਹੈ ਔਰ ਅਠਾਹਠ ਤੀਰਥ ਉਨ੍ਹਾਂ ਦੇ ਬੱਦਲ ਦੀ ਇਕ ਬੂੰਦ ਹਨ।
ਹਿੰਦੂ : ਜੇ ਆਪ ਦੇ ਮਤ ਵਿਚ ਸ਼ਾਧ ਨਹੀਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਦਾ ਅੱਠੇ ਨੂੰ ਸ਼ਾਧ ਕਰਕੇ ਅੱਸੂ ਵਦੀ ੧੦ ਨੂੰ ਕਿਉਂ ਸਰੀਰ ਛੱਡਿਆ ?
ਔਰ ਜੇ ਆਪ ਦੇ ਮਤ ਵਿਚ ਕਿਰਿਆ ਕਰਮ ਪਿੰਡ ਦਾਨ ਆਦਿਕ ਵਿਧਾਨ ਨਹੀਂ ਤਾਂ ਗੁਰੂ ਅਮਰਦਾਸ ਜੀ ਨੇ ਸੱਦ ਵਿਚ ਇਹ ਕਿਉਂ ਆਖਿਆ ਹੈ:
ਅੰਤੇ ਸਤਿਗੁਰੁ ਬੋਲਿਆ
ਮੈ ਪਿਛੇ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
ਕੇਸੋ ਗੋਪਾਲ ਪੰਡਿਤ ਸਦਿਅਹੁ
ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ
ਬੇਬਾਣੁ ਹਰਿ ਰੰਗੁ ਗੁਰ ਭਾਵਏ ॥
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥ (ਰਾਮਕਲੀ ਸਦੁ, ਪੰਨਾ ੯੨੩)
ਔਰ ਗੁਰੂ ਸਾਹਿਬਾਨ ਤੀਰਥਾਂ ਉਤੇ ਆਪ ਕਿਉਂ ਜਾਂਦੇ ਰਹੇ ਹਨ ?
ਸਿੱਖ : ਪਿਆਰੇ ਹਿੰਦੂ ਭਾਈ! ਗੁਰੂ ਨਾਨਕ ਦੇਵ ਅੱਸੂ ਸੁਦੀ ੧੦ ਨੂੰ ਜੋਤੀ-ਜੋਤ ਸਮਾਏ ਹਨ, ਜੇਹਾ ਕਿ ਪ੍ਰਾਚੀਨ ਸਾਖੀਆਂ ਵਿਚ ਲਿਖਿਆ ਹੈ, ਔਰ ਭਾਈ ਮਨੀ ਸਿੰਘ ਜੀ ਭੀ ਗਿਆਨ ਰਤਨਾਵਲੀ ਵਿਚ ਅੱਸੂ ਸੁਦੀ ਦਸ ਨੂੰ ਲਿਖਦੇ ਹਨ। ਔਰ ਸਾਰੇ ਗੁਰਦੁਆਰਿਆਂ ਵਿਚ ਚਾਨਣੀ ਦਸਮੀ ਦਾ ਹੀ ਗੁਰਪੁਰਬ ਮਨਾਇਆ ਜਾਂਦਾ ਹੈ। ਸ਼ਾਧ ਮਹਾਤਮ ਪ੍ਰਗਟ ਕਰਨ ਵਾਲੇ ਪ੍ਰਪੰਚੀਆਂ ਨੇ ਕਈ ਸਾਖੀਆਂ ਵਿਚ ਸ਼ਾਧਾਂ ਦੀ ਦਸਮੀ ਲਿਖ ਦਿਤੀ ਹੈ।
ਆਪ ਇਤਨਾ ਹੀ ਵਿਚਾਰੋ ਕਿ ਜੇ ਗੁਰੂ ਨਾਨਕ ਦੇਵ ਆਪਣੇ ਪਵਿੱਤ੍ਰ ਸ਼ਬਦਾਂ ਵਿਚ ਸ਼ਾਧ ਆਦਿਕ ਕਰਮਾਂ ਦਾ ਖੰਡਨ ਕਰਦੇ ਰਹੇ ਹਨ, ਜੇਹਾ ਕਿ ਆਪ ਨੂੰ ਹੁਣੇ ਹੀ ਸੁਣਾਇਆ ਗਿਆ ਹੈ, ਔਰ ਗਯਾ ਪਰ ਪਿੰਡ ਦਾਨ ਆਦਿਕ ਦੇਣ ਤੋਂ ਇਨਕਾਰੀ ਹਨ, ਕੀ ਉਹ ਕਦੇ ਸ਼ਾਧ ਕਰ ਸਕਦੇ ਹਨ ?
________________
੧. ਸਭ ਤੋਂ ਪੁਰਾਣੀ ਸਾਖੀ, ਜੋ ਸਿੰਘ ਸਭਾ ਲਾਹੌਰ ਦੀ ਦਰਖਾਸਤ ਪਰ ਗਵਰਨਮੈਂਟ ਪੰਜਾਬ ਨੇ ਵਲਾਇਤ ਦੇ ਪੁਸਤਕਾਲਯ ਵਿਚੋਂ ਮੰਗਵਾ ਕੇ ਛਪਵਾਈ ਹੈ, ਔਰ ਜੋ ਮੈਕਾਲਿਫ ਸਾਹਿਬ ਨੇ ਇਕ ਪ੍ਰਾਚੀਨ ਸਾਖੀ ਹਾਫ਼ਜ਼ਾਬਾਦ ਤੋਂ ਲੈ ਕੇ ਛਾਪੀ ਹੈ, ਔਰ ਭਾਈ ਮਨੀ ਸਿੰਘ ਜੀ ਦੀ ਸਾਖੀ, ਇਨ੍ਹਾਂ ਵਿਚ ਇਹ ਸ਼ਾਧ ਵਾਲਾ ਪ੍ਰਸੰਗ ਹੀ ਨਹੀਂ ਹੈ। ਐਸੇ ਪ੍ਰਸੰਗ ਸਾਖੀਆਂ ਵਿਚ ਓਦੋਂ ਦਰਜ ਹੋਏ ਹਨ ਜਦ ਸਿੱਖ ਬਾਰਾਂ ਮਿਸਲਾਂ ਬਣਾ ਕੇ ਆਪਣੇ ਨਿਯਮਾਂ ਤੋਂ ਭੁੱਲ ਕੇ ਰਾਜ ਦੇ ਅਨੰਦ ਵਿਚ ਪੈ ਗਏ ਔਰ ਅੰਨਯਮਤੀਆਂ ਨੇ ਸਿੱਖਾਂ ਦੇ ਧਾਰਮਕ ਔਰ ਵਿਵਹਾਰਕ ਸਾਰੇ ਕੰਮ ਆਪਣੇ ਹੱਥ ਲੈ ਲਏ, ਅਰ ਮਨ ਭਾਉਂਦੇ ਪੁਸਤਕ ਰਚ ਕੇ ਨਿਯਮਾਂ ਵਿਚ ਗੜਬੜ ਕਰ ਦਿਤੀ।
ਇਸ ਥਾਂ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਰਾਧ ਦੇ ਸੰਬੰਧ ਵਿਚ ਇਕ ਪ੍ਰਸੰਗ ਸੁਣਾਉਣਾ ਯੋਗ ਸਮਝਦੇ ਹਾਂ :
ਸਰਬ ਸੌਜ ਕਾਲੂ ਅਨਵਾਈ।
ਰੀਤਿ ਸ਼ੁੱਧ ਕਰਨੇ ਬਨਵਾਈ।...॥੩੬॥
ਪੰਡਿਤ ਇਕ ਬੁਲਾਇ ਤਿਹ ਕਾਲਾ ।
ਬੈਠਯੋ ਕਰਨ ਸ਼ਰਾਧ ਬਿਸਾਲਾ ।
ਤਬ ਚਲਿ ਸਹਿਜ ਸੁਭਾਇਕ ਆਏ।
ਜੇ ਬੇਦੀ ਕੁਲ ਭਾਨੁ ਸੁਹਾਏ ॥੩੭॥....
"ਪਰਚੇ ਕੌਨ ਕਾਜ ਮਹਿਂ ਤਾਤਾ ?
ਭੀਰ ਅਜਰ ਕਹੀਏ ਬਿਰਤਾਂਤਾ ॥੩੮॥"
ਸੁਨਿ ਕਰਿ ਕਾਲੁ ਬਚਨ ਉਚਾਰੇ ।
"ਪਿਤਰਨ ਕੇਰ ਸ਼ਰਾਧ ਹਮਾਰੇ । ॥੩੯॥”
"ਹੇ ਪਿਤ ! ਸੱਤਿ ਬਚਨ ਤੁਮ ਮਾਨਹੁ ।
ਪੁੰਨਵਾਨ ਅਤਿਸ਼ੈ ਨਿਜ ਜਾਨਹੁ ।
ਪਿਤਰ ਗਏ ਤੁਮਰੇ ਅਸ ਠੌਰੀ।
ਭੂਖ ਰੁ ਪ੍ਯਾਸ ਜਹਾਂ ਨਹਿਂ ਥੋਰੀ ॥੪੦॥....
ਜਿਨ ਕੇ ਮਨ ਅਭਿਲਾਖਾ ਨਾਂਹੀ।
ਕਰੈ ਝਾਧ ਸੰਤਤਿ ਕਿਉਂ ਤਾਂਹੀ।.....॥੪੨॥ (ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਅਧਿਆ ੬)
ਇਸ ਤੋਂ ਆਪ ਦੇਖ ਸਕਦੇ ਹੋ ਕਿ ਜੇ ਸਤਿਗੁਰੂ ਆਪਣੇ ਪਿਤਾ ਨੂੰ ਸ਼ਰਾਧ ਬਾਬਤ ਐਸਾ ਉਪਦੇਸ਼ ਦਿੰਦੇ ਹਨ, ਕੀ ਉਹ ਪਿਤਾ ਦਾ ਸ਼ਰਾਧ ਕਰਨ ਬੈਠੇ ?
ਦੂਜੀ ਸ਼ੰਕਾ ਜੋ ਆਪ ਨੇ 'ਸੱਦ' ਬਾਬਤ ਕਹੀ ਹੈ, ਸੋ ਉਸ ਦਾ ਉੱਤਰ ਇਹ ਹੈ ਕਿ ਆਪ "ਸੱਦ ਪ੍ਰਮਾਰਥ” ਪੜ੍ਹੋ ਉਸ ਤੋਂ ਸਾਰਾ ਭਰਮ ਦੂਰ ਹੋ ਜਾਊਗਾ, ਪਰ ਏਥੇ ਭੀ ਅਸੀਂ ਆਪ ਨੂੰ ਸੰਖੇਪ ਨਾਲ ਉੱਤਰ ਦਿੰਦੇ ਹਾਂ :
ਗੁਰੂ ਅਮਰਦਾਸ ਸਾਹਿਬ ਨੇ ਕਿਸੇ ਖ਼ਾਸ ਕੇਸ਼ੋ ਪੰਡਿਤ ਦੇ ਬੁਲਾਉਣ ਦੀ ਆਗਿਆ ਨਹੀਂ ਦਿੱਤੀ, ਇਹ ਪਦ ਗੁਰੂ ਨਾਨਕ ਸਾਹਿਬ ਦੇ ਕਥਨ ਕੀਤੇ ਹੋਏ ਸ਼ਬਦ ਦੀ ਹੀ ਵਿਆਖਿਆ ਔਰ ਉਸੀ ਦੇ ਅਨੁਸਾਰ ਹੈ, ਯਥਾ :
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ (ਆਸਾ ਮ: ੧, ਪੰਨਾ ੩੫੮)
ਦੋਹਾਂ ਅਸਥਾਨਾਂ ਵਿਚ ਕੇਸ਼ੋ ਪਦ ਪ੍ਰਮਾਤਮਾ ਦਾ ਬੋਧਕ ਹੈ।
ਸੱਦ ਦਾ ਅਰਥ ਇਸ ਤਰ੍ਹਾਂ ਹੈ :
ਅੰਤ ਸਮੇਂ ਗੁਰੂ ਸਾਹਿਬ ਨੇ ਹੁਕਮ ਦਿਤਾ ਕਿ ਮੇਰੇ ਚਲਾਣੇ ਪਰ ਨਿਰਬਾਣ (ਨਿੱਤ, ਇਕ ਰਸ, ਅਚਲ) ਕਰਤੇ ਦਾ ਕੀਰਤਨ ਕਰਨਾ।
ਭਾਵ ਇਹ ਹੈ ਕਿ ਦੇਹਧਾਰੀ ਦੇਵਤਿਆਂ' ਦੇ ਕਹਾਣੀਆਂ ਕਿੱਸੇ ਔਰ ਗਰੁੜ ਪੁਰਾਣ ਦੇ ਭੈਦਾਇਕ ਪ੍ਰਸੰਗ ਨਾ ਸੁਣਨੇ ਸੁਣਾਉਣੇ ।
ਔਰ ਮੇਰੇ ਵਾਸਤੇ ਪ੍ਰਮਾਤਮਾ ਦਾ ਆਰਾਧਨ ਹੀ ਪੰਡਿਤ ਬੁਲਾਉਣਾ, ਭਾਵ ਇਹ ਕਿ ਬਜਾਏ ਕਿਸੀ ਪੰਡਿਤ ਬੁਲਾਉਣ ਦੇ ਸ੍ਰਿਸ਼ਟੀ ਪਾਲਕ (ਗੋਪਾਲ) ਦਾ ਕੀਰਤਨ ਕਰਾਣਾ, ਔਰ "ਹਰਿ ਕਥਾ" ਹੀ ਮੇਰੇ ਵਾਸਤੇ ਪੁਰਾਣ ਪੜ੍ਹਨਾ ।
ਵਾਹਿਗੁਰੂ ਦੀ ਕਥਾ ਹੀ ਪੜ੍ਹਨੀ ਸੁਣਨੀ ਔਰ ਮੈਨੂੰ (ਗੁਰੂ ਨੂੰ) ਬਿਬਾਨ ਕੱਢਣਾ, ਪਿੰਡ ਪਤਲ ਕਿਰਿਆ ਦੀਵਾ ਕਰਨਾ ਔਰ ਗੰਗਾ ਵਿਚ ਅਸਥੀਆਂ ਦਾ ਪ੍ਰਵਾਹੁਣਾ, ਇਨ੍ਹਾਂ ਸਭ ਕਰਮਾਂ ਦੀ ਥਾਂ ਵਾਹਿਗੁਰੂ ਦਾ ਪ੍ਰੇਮ (ਹਰਿ ਰੰਗ) ਹੀ ਭਾਉਂਦਾ ਹੈ, ਭਾਵ ਇਹ ਹੈ ਕਿ ਪ੍ਰਮਾਤਮਾ ਦਾ ਪ੍ਰੇਮ ਹੀ ਪ੍ਰਾਣੀ ਦੀ ਸਦਗਤੀ ਕਰਨ ਦਾ ਸਾਧਨ ਹੈ, ਬਾਕੀ ਹੋਰ ਪਾਖੰਡ ਕਰਮ ਕੇਵਲ ਇੰਦ੍ਰ ਜਾਲ ਹੈ।
ਜੇ ਇਸ ਸੱਦ ਦੇ ਪਦ ਦਾ ਅਰਥ ਹਿੰਦੂਆਂ ਦੀ ਇਛਾ ਅਨੁਸਾਰ ਮੰਨ ਲਈਏ ਤਾਂ ਇਹ ਸ਼ੰਕਾਂ ਹੁੰਦੀਆਂ ਹਨ:
(ੳ) ਗੁਰੂ ਅਮਰਦਾਸ ਸਾਹਿਬ ਆਪਣੀ ਪਵਿਤ੍ਰ ਬਾਣੀ ਵਿਚ ਕਥਨ ਕਰਦੇ ਹਨ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥..
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ (ਰਾਮਕਲੀ ਮ: ੩ ਅਨੰਦੁ, ਪੰਨਾ ੯੨੦)
ਔਰ ਏਸੇ ਸੱਦ ਵਿਚ ਲਿਖਿਆ ਹੈ :
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥ (ਰਾਮਕਲੀ ਸਦੁ, ਪੰਨਾ ੯੨੩)
ਫਿਰ ਕਿਸ ਤਰ੍ਹਾਂ ਕਿਸੇ ਪੁਰਾਣ ਦੇ ਪੜ੍ਹਨ ਦੀ (ਜੋ ਗੁਰਬਾਣੀ ਨਹੀਂ) ਗੁਰੂ ਸਾਹਿਬ ਆਗਿਆ ਦਿੰਦੇ ?
(ਅ) ਦੇਹ ਅਭਿਮਾਨੀ ਪੰਡਿਤਾਂ ਔਰ ਭਰਮ ਰੂਪ ਕਰਮਾਂ ਬਾਬਤ ਗੁਰੂ ਅਮਰਦਾਸ ਜੀ ਦੀ ਇਹ ਰਾਏ ਹੈ :
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥
____________
੧. ਗਰੁੜ ਆਦਿਕ ਪੁਰਾਣਾਂ ਵਿਚ ਕੇਵਲ ਦੇਵਤੇ ਔਰ ਯਮਪੁਰੀ ਆਦਿਕ ਦਾ ਵਰਣਨ ਹੈ।
੨. ਹਾਹੈ ਹਰਿ ਕਥਾ ਬੁਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ॥ (ਆਸਾ ਮ: ੩ ਪਟੀ, ਪੰਨਾ ੪੩੫)
ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥
ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥ (ਗਉੜੀ ਮ: ੩, ਪੰਨਾ ੨੩੧)
ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥
ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥ (ਵਾਰ ਸਿਰੀਰਾਗੁ ਮ: ੩, ਪੰਨਾ ੮੬)
ਮਨਮੁਖਿ ਪੜਹਿ ਪੰਡਿਤ ਕਹਾਵਹਿ ॥
ਦੂਜੈ ਭਾਇ ਮਹਾ ਦੁਖੁ ਪਾਵਹਿ ॥ (ਮਾਝ ਮ: ੩, ਪੰਨਾ ੧੨੮)
ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥
ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥
ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥੪॥
ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥ (ਗਉੜੀ ਮ: ੩, ਪੰਨਾ ੨੩੧)
ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥੧੮॥
ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਰਹਿ ਕਿਸੁ ਭਾਈ ॥ (ਰਾਮਕਲੀ ਮ: ੩, ਪੰਨਾ ੯੦੯)
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥
ਮ: ੩ ॥ ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥ (ਵਾਰ ਸੋਰਠਿ ਮ: ੩, ਪੰਨਾ ੬੪੮)
ਕਲਿਜੁਗ ਮਹਿ ਬਹੁ ਕਰਮ ਕਮਾਹਿ ॥
ਨਾ ਰੁਤਿ ਨ ਕਰਮ ਥਾਇ ਪਾਹਿ ॥ (ਭੈਰਉ ਮ: ੩, ਪੰਨਾ ੧੨੨੯)
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹੀ ਉਪਰਿ ਚੋਰ ॥ (ਵਾਰ ਸਾਰੰਗ ਮ: ੩, ਪੰਨਾ ੧੨੪੭)
ਇਨ੍ਹਾਂ ਬਚਨਾਂ ਦੇ ਉਚਾਰਣ ਵਾਲੇ ਗੁਰੂ ਅਮਰਦਾਸ ਜੀ ਕਿਸ ਤਰ੍ਹਾਂ ਕਿਸੇ ਜਾਤੀ ਅਭਿਮਾਨੀ ਪੰਡਿਤ ਨੂੰ ਬੁਲਾਉਣ ਲਈ ਹੁਕਮ ਦਿੰਦੇ ?
(ੲ) ਸੱਦ ਵਿਚ ਲਿਖਿਆ ਹੈ :
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥.....
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥ (ਰਾਮਕਲੀ ਸਦੁ, ਪੰਨਾ ੯੨੩)
ਕਿਆ ਹਰਿ ਪ੍ਰਭੂ ਪਾਸ ਅੰਨ੍ਹੇਰਾ ਰਹਿੰਦਾ ਹੈ, ਜਿਥੇ ਦੀਵੇ ਦੀ ਲੋੜ ਪਈ ?
ਔਰ ਕਿਆ ਓਥੇ ਲੰਗਰ ਭੀ ਮਸਤ ਹੈ ਜੋ ਜੌਂ ਦੇ ਆਟੇ ਦੇ ਪਿੰਨਾਂ ਪਰ ਗੁਜ਼ਾਰਾ ਕਰਨ ਦੀ ਜ਼ਰੂਰਤ ਮਲੂਮ ਹੋਈ ?
ਜੇ ਕੋਈ ਇਹ ਆਖੇ ਕਿ ਮਹਾਤਮਾ ਲੋਕ ਸੰਸਾਰ ਦੀ ਮਰਯਾਦਾ ਕਾਇਮ ਰਖਣ ਵਾਸਤੇ ਕਰਮ ਕਰਦੇ ਹਨ, ਤਾਂ ਇਹ ਗੱਲ ਭੀ ਏਥੇ ਨਹੀਂ ਬਣਦੀ, ਕਿਉਂਕਿ ਗੁਰੂ ਨਾਨਕ ਦੇਵ ਦੇ ਸਿੰਘਾਸਣ ਪਰ ਬਿਰਾਜਣ ਵਾਲੇ, ਉਸੀ ਸਤਿਗੁਰੂ ਦੀ ਜੋਤ ਗੁਰੂ ਅਮਰਦਾਸ ਜੀ ਗੁਰਸਿੱਖੀ ਦੀ ਮਰਯਾਦਾਂ ਪ੍ਰਚੱਲਤ ਕਰਨ ਵਾਲੇ ਸਨ, ਨਾ ਕਿ ਪਾਖੰਡ ਜਾਲ ਨੂੰ ਆਪਣੇ ਮਤ ਵਿਚ ਤਰੱਕੀ ਦੇਣ ਵਾਲੇ ਸਨ । ਇਸ ਦੇ ਸਬੂਤ ਲਈ ਦੇਖੋ ਉਹ ਪ੍ਰਸੰਗ ਜੋ ਅਸੀਂ ਪਿਛੇ ਲਿਖ ਆਏ ਹਾਂ, ਹਿੰਦੂ ਰੀਤੀਆਂ ਦੂਰ ਕਰ ਕੇ ਗੁਰੂ ਅਮਰਦਾਸ ਸਾਹਿਬ ਪਰ ਬਾਦਸ਼ਾਹ ਅਕਬਰ ਪਾਸ ਹਿੰਦੂ ਫਰਿਆਦੀ ਗਏ ਸਨ।
ਔਰ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਪਰ ਹਿੰਦੂ ਰੀਤੀ ਨਹੀਂ ਹੋਈ। ਇਸ ਦਾ ਪ੍ਰਤੱਖ ਸਬੂਤ ਹੁਣ ਦੇਖ ਲਓ ਕਿ ਭੱਲੇ ਸਾਹਿਬਜ਼ਾਦੇ ਪ੍ਰਾਣੀ ਦੇ ਮਰਨ ਪਰ ਮ੍ਰਿਤਕ ਕਿਰਿਆ ਦਾ ਮੂਲ ਰੂਪ ਦੀਵਾ ਨਹੀਂ ਕਰਦੇ, ਜਿਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਆਪਣੀ ਸੰਤਾਨ ਨੂੰ ਖਾਸ ਹੁਕਮ ਦੇ ਗਏ ਕਿ ਕੋਈ ਹਿੰਦੂ ਰੀਤੀ ਸਾਡੇ ਪਿਛੋਂ ਨਹੀਂ ਕਰਨੀ, ਜੇਹਾ ਕਿ ਸੱਦ ਤੋਂ ਸਾਬਤ ਹੈ।
(ਸ) ਜੋ ਇਹ ਸਿੱਧ ਕਰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਗਰੁੜ ਪੁਰਾਣ ਸੁਣਨੇ ਔਰ ਪ੍ਰੇਤ ਕਿਰਿਆ ਕਰਨ ਦੀ ਆਗਿਆ ਦਿਤੀ ਹੈ, ਕਿਆ ਉਹ ਦੂਜੇ ਢੰਗ ਨਾਲ ਇਹ ਸਾਬਤ ਨਹੀਂ ਕਰਦੇ ਕਿ ਗੁਰੂ ਸਾਹਿਬ ਕਹਿੰਦੇ ਕੁਛ ਸਨ ਤੇ ਕਮਾਉਂਦੇ ਕੁਛ ਹੋਰ ਸਨ ਔਰ ਗੁਰੂ ਜੀ ਪ੍ਰੇਤ ਬਣ ਕੇ ਧਰਮ ਰਾਜ ਦੀ ਪੁਰੀ ਯਮਦੂਤਾਂ ਦੇ ਬੱਧੇ ਹੋਏ ਗਏ? ਕਿਉਂਕਿ ਪਿੰਡ ਪਤਲ ਕਿਰਿਆ ਦੀਵਾ ਆਦਿਕ ਸਾਮਾਨ ਦਾ ਬ੍ਰਾਹਮਣਾਂ ਦੀ ਮਾਰਫਤ ਯਮ-ਮਾਰਗ ਵਿਚ ਹੀ ਪਹੁੰਚਣਾ ਦਸਿਆ ਗਿਆ ਹੈ, 'ਸੱਚਖੰਡ' ਦੀ ਏਜੰਸੀ ਇਨ੍ਹਾਂ ਦੇ ਸਪੁਰਦ ਨਹੀਂ।
ਔਰ ਸਤਿਗੁਰਾਂ ਦੇ ਤੀਰਥਾਂ ਪਰ ਜਾਣ ਬਾਬਤ ਜੋ ਆਪ ਨੇ ਪ੍ਰਸ਼ਨ ਕੀਤਾ ਹੈ, ਉਸ ਦਾ ਇਹ ਉੱਤਰ ਹੈ ਕਿ ਸਤਿਗੁਰੂ ਤੀਰਥਾਂ ਤੋਂ ਗਤੀ ਹਾਸਲ ਕਰਨ ਨਹੀਂ ਗਏ, ਓਥੇ ਜਾ ਕੇ ਅਗਿਆਨੀਆਂ ਦੇ ਭਰਮ ਦੂਰ ਕੀਤੇ ਹਨ। ਉਹ ਸੰਸਾਰ ਦੇ ਸੱਚੇ ਹਿਤੂ ਇਸੇ ਯਤਨ ਵਿਚ ਲਗੇ ਹੋਏ ਸਨ ਕਿ ਕਿਸੀ ਤਰ੍ਹਾਂ ਲੋਕਾਂ ਦਾ ਅਗਿਆਨ ਦੂਰ ਹੋਵੇ, ਜੇਹਾ ਕਿ ਭਾਈ ਗੁਰਦਾਸ ਜੀ ਕਥਨ ਕਰਦੇ ਹਨ :
ਬਾਬਾ ਆਇਆ ਤੀਰਥੈ ਤੀਰਥ ਪੁਰਬ ਸਭੇ ਫਿਰਿ ਦੇਖੈ।
ਪੂਰਬ ਧਰਮ ਬਹੁ ਕਰਮ ਕਰਿ ਭਾਉ ਭਗਤ ਬਿਨੁ ਕਿਤੇ ਨ ਲੇਖੈ।॥੨੫॥ (ਭਾਈ ਗੁਰਦਾਸ, ਵਾਰ ੧)
ਔਰ
ਜਲਤੀ ਸਭਿ ਪ੍ਰਿਥਵੀ ਦਿਸ ਆਈ।.....
ਚੜਿਆ ਸੋਧਣਿ ਧਰਤਿ ਲੁਕਾਈ ॥੨੪॥ (ਭਾਈ ਗੁਰਦਾਸ, ਵਾਰ ੧)
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਤੀਰਥਾਂ ਪਰ ਜਾਣ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਵਿਚ ਇਹ ਲਿਖਿਆ ਹੈ :
ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ (ਤੁਖਾਰੀ ਮ: ੪, ਪੰਨਾ ੧੧੧੬)
ਔਰ ਆਪ ਇਸ ਪਰ ਭੀ ਵਿਚਾਰ ਕਰੋ ਕਿ ਤੀਰਥਾਂ ਪਰ ਜਾ ਕੇ ਸਤਿਗੁਰਾਂ ਨੇ ਕੀ ਕਰਮ ਕੀਤਾ, ਕੀ ਓਥੇ ਹਿੰਦੂ ਰੀਤੀ ਅਨੁਸਾਰ ਪੂਜਨ ਵਿਧੀ ਕੀਤੀ, ਜਾਂ ਆਪਣਾ ਪਵਿਤ੍ਰ ਉਪਦੇਸ਼ ਦੇ ਕੇ ਯਾਤ੍ਰੀਆਂ ਦੇ ਭਰਮ ਕੱਢਣ ਦਾ ਉਪਾਉ ਕੀਤਾ? ਦੇਖੋ, ਗੰਗਾ ਉੱਪਰ ਗੁਰੂ ਸਾਹਿਬ ਹਿੰਦੂਆਂ ਨੂੰ ਪੂਰਬ ਦੀ ਤਰਫ ਸੂਰਜ ਔਰ ਪਿੱਤਰਾਂ ਨੂੰ ਪਾਣੀ ਦੇਂਦੇ ਦੇਖ ਕੇ ਪੱਛਮ ਵੱਲ ਪਾਣੀ ਦੇਣ ਲੱਗੇ, ਪੁਛਣ ਤੇ ਉੱਤਰ ਦਿੱਤਾ ਕਿ ਮੈਂ ਆਪਣੀ ਖੇਤੀ ਨੂੰ ਪਾਣੀ ਦਿੰਨਾ ਹਾਂ । ਜਦੋਂ ਹਿੰਦੂਆਂ ਨੇ ਆਖਿਆ ਕਿ ਇਤਨੀ ਦੂਰ ਆਪ ਦੇ ਖੇਤਾਂ ਨੂੰ ਪਾਣੀ ਕਿਸ ਤਰ੍ਹਾਂ ਪਹੁੰਚੇਗਾ ? ਤਾਂ ਗੁਰੂ ਸਾਹਿਬ ਨੇ ਫੁਰਮਾਇਆ ਕਿ ਤੁਹਾਡਾ ਪਾਣੀ ਸੂਰਜ ਔਰ ਪਿਤਰਾਂ ਨੂੰ ਅਕਾਸ਼ ਵਿਚ ਕਿਸ ਤਰ੍ਹਾਂ ਬਹੁਤ ਦੂਰ ਪਹੁੰਚੇਗਾ ?
ਔਰ ਕੁਰਛੇਤ੍ਰ ਪਰ ਗ੍ਰਹਿਣ ਵਿਚ ਪ੍ਰਸ਼ਾਦਿ ਪਕਾਉਣ ਲਗ ਪਏ, ਜਿਸ ਤੋਂ ਗ੍ਰਹਿਣ ਵਿਚ ਖਾਣ ਪੀਣ ਦਾ ਭਰਮ ਹਟਾਇਆ।
ਜਗੰਨਾਥ ਜਾ ਕੇ ਆਰਤੀ ਵੇਲੇ ਖੜੇ ਨਹੀਂ ਹੋਏ ਔਰ ਦੀਵਿਆਂ ਦੀ ਆਰਤੀ ਦਾ ਖੰਡਨ ਕਰ ਕੇ ਸੱਚੀ ਆਰਤੀ ਦਾ ਉਪਦੇਸ਼ ਦਿੱਤਾ।
ਮੱਕੇ ਪਹੁੰਚ ਕੇ ਕਾਬੇ ਦੀ ਤਰਫ਼ ਪੈਰ ਕਰ ਕੇ ਸੌਂ ਗਏ, ਮੁਜਾਵਰਾਂ ਦੇ ਇਤਰਾਜ਼ ਪਰ ਉੱਤਰ ਦਿੱਤਾ ਕਿ ਜਿਸ ਪਾਸੇ ਤੁਹਾਨੂੰ ਖ਼ੁਦਾ ਦਾ ਘਰ ਨਜ਼ਰ ਨਹੀਂ ਆਉਂਦਾ, ਓਸ ਪਾਸੇ ਮੇਰੇ ਪੈਰ ਕਰ ਦਿਓ, ਔਰ ਮੈਂ ਕੋਈ ਐਸੀ ਦਿਸ਼ਾ ਨਹੀਂ ਦੇਖਦਾ ਜਿੱਧਰ ਮੇਰੇ ਮਾਲਿਕ ਦਾ ਘਰ ਨਹੀਂ। ਇਸ ਤੋਂ ਕਰਤਾਰ ਨੂੰ ਇਕ ਦੇਸ਼ੀ ਮੰਨਣਾ ਅਰ ਇਕ ਤਰਫ਼ ਹੀ ਮੂੰਹ ਕਰ ਕੇ ਨਮਾਜ਼ ਪੜ੍ਹਨੀ ਅਗਿਆਨ ਦੱਸਿਆ। ਇਤਿਆਦਿਕ ਹੋਰ ਪ੍ਰਸੰਗ ਬਹੁਤ ਹਨ। ਭਾਵ ਸਭ ਦਾ ਇਹ ਹੈ ਕਿ ਗੁਰੂ ਸਾਹਿਬ ਦੇਸ਼ ਦੇਸ਼ਾਂਤਰ ਦੇ ਤੀਰਥਾਂ ਪਰ ਜਗਤ ਦੇ ਸੁਧਾਰ ਵਾਸਤੇ ਵਿਚਰੇ ਹਨ।
(੧੨) ਮੰਤ੍ਰ ਯੰਤ੍ਰ ਗ੍ਰਹਿ
ਹਿੰਦੂ ਮਤ ਵਿਚ ਮੰਤ੍ਰ ਯੰਤ੍ਰ ਗ੍ਰਹਿ ਪੂਜਾ ਆਦਿਕ ਕਰਮਾਂ ਤੋਂ ਅਨੇਕ ਪ੍ਰਕਾਰ ਦੀ ਕਾਰਯ ਸਿਧੀ ਮੰਨੀ ਗਈ ਹੈ, ਯਥਾ:
“ਮੰਤ੍ਰਾਂ ਦੇ ਬਲ ਕਰਕੇ ਰਿਧੀ ਸਿਧੀ ਮਿਲ ਸਕਦੀ ਹੈ, ਸ਼ਤਰੂਆਂ ਦਾ ਨਾਸ਼ ਹੋ ਜਾਂਦਾ ਹੈ,
ਦੇਵਤੇ ਵਸ ਹੁੰਦੇ ਹਨ, ਮੰਤ੍ਰ ਜੰਤ੍ਰ ਤੰਤ੍ਰ ਦ੍ਵਾਰਾ ਮਨ ਬਾਂਛਿਤ ਫਲ ਮਿਲ ਸਕਦੇ ਹਨ।” (ਮੰਤ੍ਰ ਮਹੋਦਧੀ ਔਰ ਮਹਾਂ ਨਿਰਬਾਣ ਤੰਤ੍ਰ)
"ਜੋ ਗ੍ਰਹਾਂ ਦੀ ਰੋਜ਼ ਪੂਜਾ ਕਰਦਾ ਹੈ ਉਸ ਨੂੰ ਕੋਈ ਰੋਗ ਨਹੀਂ ਹੁੰਦਾ, ਧਨ ਬਹੁਤ ਮਿਲਦਾ ਹੈ, ਸੌ ਇਸਤ੍ਰੀਆਂ ਭੋਗਣ ਵਾਲਾ ਹੁੰਦਾ ਹੈ, ਔਰ ਉਮਰ ਬਹੁਤ ਲੰਮੀ ਹੋ ਜਾਂਦੀ ਹੈ।” (ਬ੍ਰਿਹਤ ਪਰਾਸਿਰ ਸੰਹਿਤਾ ਅ: ੯)
_____________
੧. ਸਤਿਗੁਰੂ ਦੇ ਸੱਚੇ ਸਿੱਖ, ਮੰਤ੍ਰ (ਮਸ਼ਵਰਾ, ਸਲਾਹ) ਯੰਤ੍ਰ (ਕਲ ਮਸ਼ੀਨ) ਤੰਤ੍ਰ (ਪਦਾਰਥਾਂ ਦੇ ਮਿਲਾਪ ਨਾਲ ਇਕ ਸ਼ਕਤੀ ਉਤਪੰਨ ਕਰਨੀ) ਇਨ੍ਹਾਂ ਅਰਥਾਂ ਵਿਚ ਵਰਤਦੇ ਹਨ। ਮੰਤ੍ਰ-ਸ਼ਾਸਤ੍ਰਾਂ ਦੇ ਮੰਨੇ ਹੋਏ ਇੰਦਰ ਜਾਲ ਵਿਚ ਫਸ ਕੇ ਸੁਖ ਸੰਪਦਾ ਦਾ ਨਾਸ ਨਹੀਂ ਕਰਦੇ।
੨. ਇਖ਼ਲਾਕ ਦੇ ਵਿਗਾੜਨ ਵਾਸਤੇ ਇਨ੍ਹਾਂ ਉਪਦੇਸ਼ਾਂ ਤੋਂ ਵਧ ਕੇ ਹੋਰ ਕੋਈ ਨਹੀਂ ਹੋ ਸਕਦਾ।
ਗੁਰਮਤਿ ਵਿਚ ਇਹ ਪਾਖੰਡ ਜਾਲ ਨਿਸਫਲ ਕਥਨ ਕੀਤਾ ਗਿਆ ਹੈ, ਯਥਾ:
ਤਤੁ ਮੰਤੁ ਪਾਖੰਡੁ ਨ ਜਾਣਾ, ਰਾਮ ਰਿਦੈ ਮਨ ਮਾਨਿਆ ॥ (ਸੂਹੀ ਮ: १, ਪੰਨਾ: ੭੬੬)
ਮਨਮੁਖਿ ਭਰਮਿ ਭਵੈ ਬੇਬਾਣਿ ॥
ਵੇਮਾਰਗਿ ਮੂਸੈ ਮੰਤ੍ਰੁ ਮਸਾਣਿ ॥
ਸਬਦੁ ਨ ਚੀਨੈ ਲਵੈ ਕੁਬਾਣਿ ॥
ਨਾਨਕ ਸਾਚਿ ਰਤੇ ਸੁਖੁ ਜਾਣਿ ॥ (ਰਾਮਕਲੀ ਸਿਧ ਗੋਸਟਿ, ਪੰਨਾ ੯੪੧)
ਨਾਨਕ ਉਧਰੇ ਨਾਮ ਪੁਨਹਚਾਰ" ॥
ਅਵਰਿ ਕਰਮ ਲੋਕਹ ਪਤੀਆਰ ॥ (ਭੈਰਉ ਮ: ੫, ਪੰਨਾ ੧੧੪੨)
ਸਤੁ ਸੰਤੋਖੁ ਦਇਆ ਧਰਮੁ ਸੁਚਿ, ਸੰਤਨ ਤੇ ਇਹੁ ਮੰਤੁ ਲਈ॥ (ਬਿਲਾਵਲੁ ਮ: ੫, ਪੰਨਾ ੮੨੨)
ਯੰਤ੍ਰ ਮੰਤ੍ਰ ਆਦਿਕ ਵਹਿਮਾਂ ਬਾਬਤ ਭਾਈ ਗੁਰਦਾਸ ਜੀ ਲਿਖਦੇ ਹਨ :
ਰਿਧਿ ਸਿਧਿ ਨਿਧਿ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ ।
ਵੀਰਾਰਾਧਣ ਜੋਗਣੀ ਮੜ੍ਹੀ ਮਸਾਣ ਵਿਡਾਣ ਘਨੇਰੇ ।.....
ਸਾਧ ਸੰਗਤਿ ਗੁਰ ਸਬਦ ਵਿਣੁ ਥਾਉ ਨ ਪਾਇਨਿ ਭਲੇ ਭਲੇਰੇ।
ਕੂੜ ਇਕ ਗੰਢੀ ਸਉ ਫੇਰੇ ॥੭॥ (ਭਾਈ ਗੁਰਦਾਸ, ਵਾਰ ੫)
ਦੇਵੀ ਦੇਵ ਨ ਸ਼ੈਵਕਾਂ ਤੰਤ ਨ ਮੰਤ ਨ ਫੁਰਨ ਵਿਚਾਰੇ ।....
ਗੁਰਮੁਖਿ ਪੰਥ ਸੁਹਾਵੜਾ ਧੰਨੁ ਗੁਰੂ ਧੰਨ ਗੁਰੂ ਪਿਆਰੇ ।...॥੬॥ (ਭਾਈ ਗੁਰਦਾਸ, ਵਾਰ ੪੦)
ਤੰਤ੍ਰ ਮੰਤ੍ਰ ਪਾਖੰਡ ਕਰਿ ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ ।...
ਫੋਕਟਿ ਧਰਮੀ ਭਰਮਿ ਭੁਲਾਵੈ ॥੧੮॥ (ਭਾਈ ਗੁਰਦਾਸ, ਵਾਰ ੧)
ਤੰਤ ਮੰਤ ਰਾਸਾਇਣਾ, ਕਰਾਮਾਤਿ ਕਾਲਖਿ ਲਪਟਾਏ ।.....
ਕਲਿਜੁਗਿ ਅੰਦਰਿ ਭਰਮਿ ਭੁਲਾਏ ॥੧੯॥ (ਭਾਈ ਗੁਰਦਾਸ, ਵਾਰ ੧)
ਧ੍ਰਿਗੁ ਜਿਹਬਾ ਗੁਰ ਸਬਦ ਵਿਣੁ ਹੋਰ ਮੰਤ੍ਰ ਸਿਮਰਣੀ।....॥੧੦॥ (ਭਾਈ ਗੁਰਦਾਸ, ਵਾਰ ੨੭)
ਤੰਤ ਮੰਤ ਪਾਖੰਡ ਲਖ ਬਾਜੀਗਰ ਬਾਜਾਰੀ ਨੰਗੇ ।.....
ਗੁਰ ਸਿਖੁ ਦੂਜੈ ਭਾਵਹੁ ਸੰਗੈ ॥੨॥ (ਭਾਈ ਗੁਰਦਾਸ, ਵਾਰ ੨੮)
ਸਤਿਗੁਰ ਸ਼ਬਦ ਸੁਰਤਿ ਲਿਵ ਮੂਲ ਮੰਤ੍ਰ
ਆਨ ਤੰਤ੍ਰ ਮੰਤ੍ਰ ਕੀ ਨ ਸਿੱਖਨ ਪ੍ਰਤੀਤ ਹੈ। ੧੮੩॥ (ਕਬਿੱਤ ਭਾਈ ਗੁਰਦਾਸ)
_____________
੧. ਮੰਤਰਾਂ ਦੀ ਸਿੱਧੀ ਵਾਸਤੇ ਦੇਵਤਾ ਦਾ ਪੂਜਣ ਕਰਨਾ, ਪੁਰਸ਼ਚਰਣ।
੨. ਅੰਗਾਂ ਦਾ ਫ਼ਰਕਣਾ।
ਦਬਿਸਤਾਨਿ ਮਜ਼ਾਹਬ ਵਿਚ ਲਿਖਿਆ ਹੈ :
“ਸਿੱਖ ਹਿੰਦੂਆਂ ਦੇ ਮੰਤ੍ਰ ਨਹੀਂ ਪੜ੍ਹਦੇ ਔਰ ਸੰਸਕ੍ਰਿਤ ਜ਼ਬਾਨ ਨਾਲ, ਜਿਸ ਨੂੰ ਬ੍ਰਾਹਮਣ ਦੇਵਤਿਆਂ ਦੀ ਬੋਲੀ ਆਖਦੇ ਹਨ, ਕੁਛ ਸਰੋਕਾਰ ਨਹੀਂ ਰਖਦੇ ।”
ਗ੍ਰਹਿ ਔਰ ਨਛਤ੍ਰਾਂ ਸੰਬੰਧੀ ਸਿੱਖ ਧਰਮ ਦੀ ਰਾਏ :
ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥
ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥ (ਆਸਾ ਮ: ੫, ਪੰਨਾ ੪੦੦)
ਭਾਈ ਨੰਦ ਲਾਲ ਸਾਹਿਬ ਤੌਸੀਫ਼ੈਸਨਾ ਵਿਚ ਲਿਖਦੇ ਹਨ ਕਿ ਅਕਾਲ ਪੁਰਖ ਨੇ ਸਤਿਗੁਰਾਂ ਨੂੰ ਭਰਮ ਔਰ ਦੁਵਿਧਾ ਦੇ ਦੂਰ ਕਰਨ ਲਈ ਸੰਸਾਰ ਪਰ ਏਹ ਆਗਿਆ ਦੇ ਕੇ ਭੇਜਿਆ :
ਰਾਹੇ ਜ਼ਿਕਰਮ ਬ ਆਲਮੇ ਬਿਨਮਾ।
ਬਾਹਮਹ ਸ਼ੌ ਜ਼ਿ ਵਕਫ਼ੇ ਮਨ ਗੋਯਾ ॥੨੬॥
ਗਿਰਦਿ ਆਲਮ ਬਆ ਓ ਹਾਦੀ ਸ਼ੌ ।
ਕਿ ਜਹਾਂ ਗੈਰਿ ਮਨ ਨਾ ਯਚਜ਼ਦ ਜੌ ॥੩੦॥
ਸ਼ੁਦਹ ਗੁਮਰਾਹ ਆਲਮੇ ਬੇ ਮਨ।
ਸਾਹਿਰਾਂ ਗਸਤਾ ਅੰਦ ਜਾਦੂਏ ਮਨ ॥੩੪॥
ਮੁਰਦਗਾਂ ਰਾ ਕੁਨੰਦ ਜ਼ਿੰਦਹ ਹਮੀ।
ਜ਼ਿੰਦਗਾਂ ਰਾ ਬਜਾਂ ਕੁਸੁੰਦਹ ਹਮੀ ॥੩੫॥
ਆਤਸ਼ ਰਾ ਕੁਨੰਦ ਆਬੇ ਵਸ।
ਬਰ ਸਰੇ ਆਬ ਬਰਜ਼ਜ਼ਨੰਦ ਆਤਸ਼ ॥੩੬॥
ਹਰਚਿ ਖੂਹੰਦ ਮੀ ਕੁਨੰਦ ਹਮਾਂ ।
ਜੁਮਲਹ ਜਾਦੂ ਫਨ ਅੰਦ ਬਰ ਸਾਮਾਂ ॥੩੭॥
ਰਾਹੇ ਸ਼ਾਂ ਰਾ ਨਮਾ ਬਸੂਏ ਮਨ ।
ਕਿ ਪਜ਼ੀਰੰਦ ਗੁਫ਼ਤਗੂਏ ਮਨ ॥੩੮॥ ਗ਼ੈਰ ਜ਼ਿਕਰਮ ਬਜਾਦੂਏ ਨ ਰਵੰਦ।
ਜੁਜ਼ ਦਰੇ ਮਨ ਬਜਾਨਬੇ ਨ ਰਵੰਦ ॥੩੯॥....
ਅੰਜੁਮਨ ਮੀ ਕੁਨੰਦ ਅਜ਼ ਅੰਜਮ ।
ਬਰ ਸ਼ੁਮਾਰੰਦ ਰੋਜ਼ ਸ਼ਾਦੀ ਵ ਗ਼ਮ ॥੪੩॥
ਬਰ ਨਗਾਰੰਦ ਨਹਿਸ ਓ ਸਾਅਦ ਸਆਦ ਹਮੀ।
ਬਾਜ਼ ਗੋਇੰਦ ਕਬਲੋ ਬਾਅਦ ਹਮੀ ॥੪੪॥......
ਰਾਮ ਨੁਮਾ ਜੁਮਲਹ ਰਾ ਸੂਇ ਫ਼ਿਕਰਮ ।
ਕਿ ਨਾ ਦਾਰਦ ਦੋਸਤ ਜੁਜ਼ ਜ਼ਿਕਰਮ ॥੪੬॥....
_____________
੧. ਇਹ ਭਾਵ ਨਹੀਂ ਕਿ ਸੰਸਕ੍ਰਿਤ ਨੂੰ ਵਿਦਿਆ ਸਮਝ ਕੇ ਨਹੀਂ ਪੜ੍ਹਦੇ, ਤਾਤਪਰਯ ਇਹ ਹੈ ਕਿ ਦੇਵਤਿਆਂ ਦੀ ਜ਼ਬਾਨ ਅਰ ਈਸ਼ਵਰ ਦੇ ਸਵਾਸ ਨੂੰ ਮੰਨ ਕੇ ਸ਼ਰਧਾ ਨਹੀਂ ਕਰਦੇ।
ਮਨ ਤੁਰਾ ਆਫ਼ਰੀਦਮ ਅਜ਼ ਪਏ ਆਂ।
ਕਿ ਸ਼ਵੀ ਰਾਹਨੁਮਾ ਬ ਜੁਮਲਹ ਜਹਾਂ ॥੪੮॥
ਕੁਬਿ ਗੇਰ ਅਸ਼ ਜ਼ਮੀਰ ਸ਼ਾ ਬਿਜ਼ਦਾਇ ।
ਹਮਗਿਨਾਂ ਰਾ ਤੂ ਰਾਹੇ ਰਾਸਤ ਨੁਮਾਇ ॥੪੯॥ (ਤੌਸੀਫ਼ੋਸਨਾ ਭਾਈ ਨੰਦ ਲਾਲ)
ਇਸ ਦਾ ਭਾਵ ਇਹ ਹੈ ਕਿ :
ਗੁਰੂ ਨਾਨਕ ਸਾਹਿਬ ਨੂੰ ਵਾਹਿਗੁਰੂ ਨੇ ਹੁਕਮ ਦਿਤਾ ਕਿ ਤੂੰ ਸੰਸਾਰ ਵਿਚ ਮੇਰੇ ਸਿਮਰਨ ਦਾ ਰਸਤਾ ਲੋਕਾਂ ਨੂੰ ਦਿਖਾ ਔਰ ਮੇਰਾ ਕੀਰਤਨ ਸਭ ਨੂੰ ਸੁਣਾ।
ਤੂੰ ਸਾਰੀ ਦੁਨੀਆਂ ਨੂੰ ਰਸਤਾ ਦਿਖਾਉਣ ਵਾਲਾ ਹੈਂ।
ਔਰ ਸਭ ਨੂੰ ਨਿਸ਼ਚਾ ਕਰਾ ਕਿ ਇਹ ਤੁੱਛ ਸੰਸਾਰ ਮੈਥੋਂ ਬਿਨਾਂ ਇਕ ਜੌਂ ਦੇ ਬਰਾਬਰ ਭੀ ਕੀਮਤ ਨਹੀਂ ਰਖਦਾ।
ਮੈਨੂੰ ਭੁੱਲ ਕੇ ਸੰਸਾਰ ਗੁਮਰਾਹ ਹੋ ਗਿਆ ਹੈ, ਔਰ ਮੇਰੇ ਜਾਦੂਗਰ (ਅਹਿਲੇ ਕਮਾਲ-ਪੂਰਣ ਪੁਰਖ) ਪਾਖੰਡੀ ਬਣ ਬੈਠੇ ਹਨ, ਜੇਕਰ ਉਹ ਮੁਰਦਿਆਂ ਨੂੰ ਜਿਵਾ ਦੇਣ ਅਤੇ ਜਿਉਂਦਿਆਂ ਨੂੰ ਮਾਰ ਦੇਣ ਦੀ ਸਮਰੱਥਾ ਰੱਖਣ ਅਤੇ ਅਣਹੋਣੀ ਨੂੰ ਹੋਣੀ ਕਰ ਦਿਖਾਉਣ ਔਰ ਕੁਦਰਤ ਦੀ ਰਚਨਾ ਨੂੰ ਭੀ ਪਲਟਾ ਦੇ ਦੇਣ, ਤਾਂ ਭੀ ਉਹ ਆਤਮਦਰਸ਼ੀ ਔਰ ਪਵਿਤ੍ਰਾਤਮਾ ਨਹੀਂ ਕਹੇ ਜਾ ਸਕਦੇ, ਸਗੋਂ ਅਜੇਹੇ ਲੋਕ ਕੇਵਲ ਚੇਟਕੀ ਔਰ ਪਾਖੰਡੀ ਕਹੇ ਜਾਂਦੇ ਹਨ।
ਤੂੰ ਉਨ੍ਹਾਂ ਨੂੰ ਮੇਰੀ ਤਰਫ਼ ਦਾ ਰਾਹ ਦਿਖਾ, ਜਿਸ ਕਰਕੇ ਉਹ ਮੇਰੇ ਹੁਕਮਾਂ ਨੂੰ ਸੁਣ ਕੇ ਧਾਰਣ ਕਰਨ ਔਰ ਮੇਰੇ ਨਾਮ ਨੂੰ ਛੱਡ ਕੇ ਹੋਰ ਕਿਸੇ ਦੇ ਫਰੇਬ ਵਿਚ ਨਾ ਆਉਣ, ਔਰ ਮੇਰੇ ਦਰਵਾਜ਼ੇ ਨੂੰ ਛੱਡ ਕੇ ਹੋਰ ਕਿਸੇ ਵੱਲ ਨਾ ਜਾਣ।
ਪਾਖੰਡੀ ਲੋਕ ਨਛਤ੍ਰ ਔਰ ਗ੍ਰਹਾਂ ਦੀਆਂ ਕੁੰਡਲੀਆਂ ਬਣਾਉਂਦੇ ਹਨ ਔਰ ਦਿਨਾਂ ਦੇ ਭਲੇ ਬੁਰੇ ਫਲ ਮੰਨ ਕੇ ਉਨ੍ਹਾਂ ਤੋਂ ਸੁਖ ਦੁਖ ਦਾ ਹੋਣਾ ਸਮਝਦੇ ਹਨ।
ਸ਼ੁਭ ਔਰ ਅਸ਼ੁਭ ਗ੍ਰਹਾਂ ਦੇ ਫਲ ਲਿਖਦੇ ਹਨ ਔਰ ਅਗਲੇ ਪਿਛਲੇ ਸਮੇਂ ਦਾ ਹਾਲ ਬਿਆਨ ਕਰਦੇ ਹਨ।
ਐਸੇ ਭਰਮੀਆਂ ਨੂੰ ਮੇਰੇ ਧਿਆਨ ਵਲ ਲਿਆ ਤਾਂ ਕਿ ਮੇਰੇ ਨਾਮ ਤੋਂ ਛੁੱਟ ਹੋਰ ਕਿਸੇ ਨੂੰ ਉਹ ਆਪਣਾ ਮਿਤ੍ਰ ਨਾ ਬਣਾਉਣ। ਮੈਂ ਤੈਨੂੰ ਇਸੇ ਲਈ ਪੈਦਾ ਕੀਤਾ ਹੈ ਕਿ ਤੂੰ ਸੰਸਾਰ ਵਿਚ ਸਭ ਦਾ ਰਹਨੁਮਾ ਹੋਵੇਂ ।
ਤੂੰ, ਮੈਥੋਂ ਬਿਨਾਂ ਦੂਜੇ ਦੀ ਮੁਹੱਬਤ ਉਨ੍ਹਾਂ ਦੇ ਦਿਲਾਂ ਤੋਂ ਦੂਰ ਕਰ, ਔਰ ਸਭ ਨੂੰ ਸੱਚੇ ਰਸਤੇ ਪਰ ਲਿਆ।
ਭਾਈ ਗੁਰਦਾਸ ਜੀ ਏਸੇ ਪ੍ਰਸੰਗ ਪਰ ਕਥਨ ਕਰਦੇ ਹਨ :
____________
੧. ਜਾਦੂਗਰ ਦਾ ਅਸਲ ਅਰਥ ਅਹਿਲੇ ਕਮਾਲ ਹੈ, ਪਰ ਹੁਣ ਚੇਟਕੀ ਦੇ ਅਰਥ ਵਿਚ ਵਰਤਿਆ ਜਾਂਦਾ ਹੈ।
ਗੁਰੁ ਸਿਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ
ਪਤਿਬਤ ਏਕ ਟੇਕ ਦੁਵਿਧਾ ਨਿਵਾਰੀ ਹੈ।
ਪੂਛਤ ਨ ਜੋਤਕ ਔ ਵੇਦ ਤਿਥਿ ਵਾਰ ਕਛੁ
ਗ੍ਰਹ ਔ ਨਛਤ੍ਰ ਕੀ ਨ ਸ਼ੰਕਾ ਉਰ ਧਾਰੀ ਹੈ।.....॥੪੪੮॥ (ਕਬਿੱਤ ਭਾਈ ਗੁਰਦਾਸ)
(੧੩) ਯੱਗ ਹੋਮ
ਮੇਰੇ ਪ੍ਰੇਮੀ ਹਿੰਦੂ ਭਾਈ! ਆਪ ਦੇ ਮਤ ਵਿਚ ਯੱਗ ਔਰ ਹੋਮ ਦੀ ਅਪਾਰ ਮਹਿਮਾ ਹੈ, ਔਰ ਯੱਗ ਦ੍ਵਾਰਾ ਸਭ ਕਾਰਜਾਂ ਦੀ ਸਿਧੀ ਮੰਨੀ ਗਈ ਹੈ, ਯਥਾ:
“ਯੱਗ ਸਭ ਫਲਾਂ ਦੇ ਦੇਣ ਵਾਲਾ ਹੈ, ਯੱਗ ਕਰਕੇ ਹੀ ਦੇਵਤੇ ਜੀਉਂਦੇ ਹਨ, ਜੋ ਪਸ਼ੂ ਯੱਗ ਵਿਚ ਮਾਰਿਆ ਜਾਂਦਾ ਹੈ, ਉਹ ਮਾਰਨ ਵਾਲੇ ਸਮੇਤ ਸ੍ਵਰਗ ਨੂੰ ਪ੍ਰਾਪਤ ਹੁੰਦਾ ਹੈ ।’’ (ਵਿਸ਼ਨੂ ਸਿਮ੍ਰਤੀ ਅ: ੫੧)
“ਬ੍ਰਹਮਾ ਜੀ ਨੇ ਪਸ਼ੂ ਯੱਗ ਵਾਸਤੇ ਹੀ ਬਣਾਏ ਹਨ, ਯੱਗ ਵਿਚ ਪਸ਼ੂ ਮਾਰਨ ਕਰਕੇ ਸਾਰੇ ਸੰਸਾਰ ਦਾ ਭਲਾ ਹੁੰਦਾ ਹੈ, ਏਸ ਲਈ ਹਿੰਸਾ ਦਾ ਕੋਈ ਦੋਸ਼ ਨਹੀਂ। ਯੱਗ ਵਾਸਤੇ ਧਾਨ, ਜੌਂ, ਦਰਖ਼ਤ, ਪਸ਼ੂ, ਪੰਛੀ ਔਰ ਕੱਛੂ ਆਦਿਕ ਜੋ ਨਾਸ਼ ਹੁੰਦੇ ਹਨ, ਉਹ ਸਭ ਉੱਤਮ ਯੋਨੀਆਂ ਨੂੰ ਪ੍ਰਾਪਤ ਹੁੰਦੇ ਹਨ, ਜੋ ਯੱਗ ਔਰ ਪ੍ਰਾਧ ਵਿਚ ਬਲੀਦਾਨ ਕੀਤੇ ਹੋਏ ਮਾਸ ਨੂੰ ਨਹੀਂ ਖਾਂਦਾ, ਉਹ ਮਰ ਕੇ ਇੱਕੀ ਜਨਮ ਤਾਈਂ ਸੂਰ ਬਣਦਾ ਹੈ।” (ਮਨੂ ਅ: ੫ ਸ਼: ੩੫, ੩੯ , ੪૦)
ਹਿੰਦੂ ਮਤ ਦੇ ਯੱਗ, ਪਰਉਪਕਾਰ ਨੂੰ ਮੁੱਖ ਰੱਖ ਕੇ ਨਹੀਂ ਹੋਇਆ ਕਰਦੇ ਸੇ, ਬਲਕਿ ਉਨ੍ਹਾਂ ਵਿਚ ਬੜੀ ਸ੍ਵਾਰਥਪੂਰਤਾ ਸੀ, ਯਥਾ:
“ਬ੍ਰਾਹਮਣ ਨੂੰ ਜਿਸ ਯੱਗ ਵਿਚ ਥੋੜ੍ਹੀ ਦੱਛਣਾ ਮਿਲੇ, ਉਹ ਨਾ ਕਰੇ ।” (ਮਨੂੰ ਅ: ੧੧ ਸ਼: ੩੯)
“ਥੋੜ੍ਹੀ ਦਖਸ਼ਣਾ ਵਾਲੇ ਯੱਗ ਨੇਤ੍ਰ ਆਦਿਕ ਇੰਦ੍ਰੀਆਂ, ਯਸ, ਸ੍ਵਰਗ, ਉਮਰ, ਮਰੇ ਹੋਏ ਦੀ ਕੀਰਤੀ, ਔਲਾਦ ਔਰ ਪਸ਼ੂ ਆਦਿਕਾਂ ਨੂੰ ਨਾਸ ਕਰ ਦਿੰਦੇ ਹਨ, ਏਸ ਲਈ ਥੋੜ੍ਹੀ ਦਖਛਣਾ
______________
੧. ਯਜੁਰ ਵੇਦ ਸਾਰਾ ਯੱਗਾਂ ਦੀ ਮਹਿਮਾ ਔਰ ਵਿਧੀਆਂ ਨਾਲ ਭਰਿਆ ਹੋਇਆ ਹੈ। ਵੇਦਾਂ ਦੇ ਸਮੇਂ ਯੱਗ ਤੋਂ ਵਧ ਕੇ ਹੋਰ ਕੋਈ ਉਤਮ ਕਰਮ ਨਹੀਂ ਸੀ, ਔਰ ਯੱਗ ਜੀਵਾਂ ਦੀਆਂ ਕੁਰਬਾਨੀਆਂ ਨਾਲ ਹੋਇਆ ਕਰਦੇ ਸਨ, ਔਰ ਲੋਕਾਂ ਦਾ ਏਥੋਂ ਤਾਈਂ ਭਰੋਸਾ ਸੀ ਕਿ ਯੱਗ ਦਵਾਰਾ ਹੀ ਇੰਦਰ ਆਦਿਕ ਪਦਵੀਆਂ ਮਿਲਦੀਆਂ ਹਨ। ਹਿੰਦੂਆਂ ਦਾ ਨਿਸ਼ਚਾ ਹੈ ਕਿ ਰਾਖਸ਼ਾਂ ਦਾ ਰਾਜ ਪ੍ਰਤਾਪ ਤਦ ਨਾਸ ਹੋਇਆ ਸੀ, ਜਦ ਵਿਸ਼ਨੂੰ ਨੇ ਬੁੱਧ ਅਵਤਾਰ ਧਾਰ ਕੇ ਯੱਗਾਂ ਦੀ ਨਿੰਦਾ ਕੀਤੀ ਔਰ ਅਹਿੰਸਾ ਧਰਮ ਦ੍ਰਿੜਾਇਆ। ਪੁਰਾਣਾਂ ਵਿਚ ਐਸੇ ਪ੍ਰਸੰਗ ਭੀ ਹਨ ਕਿ ਇੰਦਰ ਨੇ ਲੋਕਾਂ ਨੂੰ ਯੱਗ ਕਰਦੇ ਦੇਖ ਕੇ ਇਸ ਲਈ ਵਿਘਨ ਕੀਤੇ ਕਿ ਮਤੇ ਇਹ ਲੋਕ ਯੱਗ ਪੂਰਨ ਹੋਣ ਕਰਕੇ ਮੇਰੀ ਪਦਵੀ ਲੈ ਲੈਣ।
ਇਸ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ ਸਾਡੇ ਲਾਇਕ ਭਾਈ ਦੀ ਰਚਨਾ "ਵੇਦ ਪੜਤਾਲ” ਅਰ ਖ਼ਾਸ ਕਰਕੇ "ਵੈਦਕ ਕੁਰਬਾਨੀਆਂ" ਜਿਸ ਤੋਂ ਆਪ ਪੂਰਣ ਨਿਰਸੰਦੇਹ ਹੋ ਜਾਉਗੇ।
ਵਾਲਾ ਯੱਗ ਨਾ ਕਰੇ ।” (ਮਨੂ ਅ: ੧੧ ਸ਼: ੪0)
ਹੁਣ ਹੋਮ ਦੀ ਮਹਿਮਾ ਸੁਣੋ :
“ਅੱਗ ਵਿਚ ਜੋ ਆਹੂਤੀ ਪਾਈ ਜਾਂਦੀ ਹੈ ਉਹ ਸੂਰਜ ਨੂੰ ਪਹੁੰਚਦੀ ਹੈ, ਔਰ ਉਸ ਆਹੂਤੀ ਦਾ ਰਸ ਸੂਰਜ ਵਿਚੋਂ ਬਰਖਾ ਹੋ ਕੇ ਟਪਕਦਾ ਹੈ, ਜਿਸ ਤੋਂ ਅੰਨ ਪੈਦਾ ਹੁੰਦੇ ਹਨ ਔਰ ਪ੍ਰਜਾ ਵਧਦੀ ਹੈ।” (ਮਨੂ ਅ: રૂ ਸ਼: ੭੬)
ਯੱਗ ਔਰ ਹੋਮ ਬਾਬਤ ਸਿੱਖ ਧਰਮ ਵਿਚ ਸਤਿਗੁਰਾਂ ਦੀ ਇਹ ਆਗਿਆ ਹੈ :
ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥
ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥...
ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥
ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥ (ਗਉੜੀ ਮ: ੫, ਪੰਨਾ ੨੧੪)
____________
੧. ਹੇ ਕ੍ਰਿਪਾ ਦੇ ਸਮੁੰਦਰ ਮੰਨੂੰ ਜੀ ! ਬਹੁਤੀ ਦੱਖਣਾ ਵਾਲੇ ਯੱਗ ਕਰਦੇ ਹੋਏ ਹਿੰਦੁਸਤਾਨੀ ਸਭ ਕੁਛ ਖੋ ਕੇ ਦਰਿਦ੍ਰੀ ਔਰ ਨਿਰਧਨ ਹੋ ਗਏ ਹਨ, ਸਾਨੂੰ ਆਪ ਦੇ ਅਦਭੁਤ ਉਪਦੇਸ਼ ਦਾ ਕੁਛ ਪਤਾ ਨਹੀਂ ਲਗਦਾ।
੨. ਵੇਦਾਂ ਦੀ ਵੱਡੀ ਤਾਲੀਮ ਹੋਮ ਹੈ। ਜ਼ਮਾਨੇ ਦੀ ਚਾਲ ਨੂੰ ਵੇਖ ਕੇ ਅਰਥਾਂ ਨੂੰ ਉਲਟਾਉਣ ਵਾਲੇ ਸਾਧੂ ਦਯਾ ਨੰਦ ਜੀ ਭੀ ਆਪਣੀ ਬੁੱਧੀ ਦੇ ਬਲ ਨਾਲ ਵੇਦਾਂ ਵਿਚੋਂ ਹੋਮ ਨੂੰ ਨਹੀਂ ਕੱਢ ਸਕੇ, ਔਰ ਮਸਲਾ ਇਹ ਘੜਿਆ ਕਿ ਹੋਮ ਨਾਲ ਹਵਾ ਸਾਫ਼ ਹੁੰਦੀ ਹੈ। ਇਸ ਵਿਚ ਸੰਸਾ ਨਹੀਂ ਕਿ ਜੇ ਗੁੱਗਲ, ਮੁਸ਼ਕ ਕਾਫੂਰ ਔਰ ਚੰਦਨ ਜੇਹੇ ਪਦਾਰਥ ਜਲਾਏ ਜਾਣ ਤਾਂ ਜ਼ਰੂਰ ਹਵਾ ਸਾਫ਼ ਹੁੰਦੀ ਹੈ, ਪਰ ਹਿੰਦੂ ਮਤ ਵਿਚ ਜੋ ਹਵਨ ਦੀ ਸਾਮੱਗਰੀ ਦੱਸੀ ਹੈ, ਉਸ ਨਾਲ ਨਹੀਂ। ਗੁੱਗਲ ਆਦਿਕ ਦਾ ਜਲਾਉਣਾ ਤਦ ਠੀਕ ਹੈ, ਜੇ ਘਰ ਦੇ ਸਾਰੇ ਕਮਰਿਆਂ ਵਿਚ ਧੂਪ ਦਿਤੀ ਜਾਵੇ, ਨਾ ਕਿ ਨਦੀ ਦੇ ਕਿਨਾਰੇ ਲੱਕੜਾਂ ਫੂਕ ਕੇ ਔਰ ਧੂੰਏਂ ਨਾਲ ਅੱਖਾਂ ਦਾ ਸਤਿਆਨਾਸ ਕਰ ਕੇ।
ਸਾਧੂ ਦਯਾ ਨੰਦ ਜੀ ਦੇ ਹੋਮ ਵਿਸ਼ੈ ਬਾਬਤ ਮਨੋਹਰ ਬਚਨ ਸੁਣੋ:
"ਜੰਗਲ ਵਿਚ ਨਦੀ ਦੇ ਕਿਨਾਰੇ ਸਵੇਰੇ ਔਰ ਆਪਣੇ ਇਕ ਬਰਤਨ ਵਿਚ ਜੋ ਸੋਲਾਂ ਉਂਗਲ ਚੌੜਾ ਔਰ ਇਤਨਾ ਹੀ ਡੂੰਘਾ ਹੋਵੇ, ਲੱਕੜਾਂ ਬਾਲ ਕੇ ਹਵਨ ਕਰੇ। ਮੰਤਰ ਪੜ੍ਹ ਕੇ ਆਹੂਤੀਆਂ ਦੇਵੇ। ਹਵਨ ਕਰ ਕੇ ਪਵਨ ਸ਼ੁੱਧ ਹੁੰਦੀ ਹੈ, ਹੋਮ ਨਾ ਕਰਨ ਕਰਕੇ ਇਸ ਲਈ ਪਾਪ ਹੁੰਦਾ ਹੈ ਕਿ ਪੁਰਸ਼ ਤੋਂ ਦੁਰਗੰਧ ਪੈਦਾ ਹੋ ਕੇ ਹਵਾ ਅਸ਼ੁੱਧ ਹੁੰਦੀ ਹੈ, ਜਿਸ ਤੋਂ ਬੀਮਾਰੀਆਂ ਫੈਲਦੀਆਂ ਹਨ। ਜੇ ਪੁਰਾਣੇ ਸਮੇਂ ਦੀ ਤਰ੍ਹਾਂ ਹੁਣ ਹੋਮ ਹੋਵੇ ਤਾਂ ਹਿੰਦੁਸਤਾਨ ਦੇ ਸਾਰੇ ਰੋਗ ਚਲੇ ਜਾਣ। ਖਾਣ ਨਾਲੋਂ ਹੋਮ ਵਿਚ ਘੀ ਜ਼ਿਆਦਾ ਵਰਤਣਾ ਚਾਹੀਏ। ਹਰੇਕ ਆਦਮੀ ਘਟ ਤੋਂ ਘਟ ਛੀ ਛੀ ਮਾਸੇ ਘੀ ਦੀਆਂ ਸੋਲਾਂ ਆਹੂਤੀਆਂ ਨਿੱਤ ਦੇਵੇ।" (ਸਤਯਾਰਥ ਪ੍ਰਕਾਸ਼ ਅ: ੩)
ਹੁਣ ਆਪ ਇਸ ਪਰ ਵਿਚਾਰ ਕਰੋ ਕਿ ਜੇ ਹਵਾ ਸ਼ੁੱਧ ਕਰਨੀ ਹੈ ਤਾਂ ਹਵਨ ਘਰ ਵਿਚ ਕਿਉਂ ਨਹੀਂ ਕੀਤਾ ਜਾਂਦਾ, ਜੰਗਲ ਦੀ ਹਵਾ ਤਾਂ ਪਹਿਲਾਂ ਹੀ ਸਾਫ਼ ਹੈ, ਔਰ ਹਵਨ ਪਾਤ੍ਰ ਦੇ ਖ਼ਾਸ ਮਾਪ ਦੀ ਕੀ ਲੋੜ ਹੈ ? ਔਰ ਕਿਆ ਮੰਤ੍ਰਾਂ ਨਾਲ ਹਵਾ ਪਰ ਜ਼ਿਆਦਾ ਅਸਰ ਹੁੰਦਾ ਹੈ, ਔਰ ਬਿਨਾਂ ਮੰਤਰਾਂ ਹਵਾ ਘਟ ਸਾਫ਼ ਹੁੰਦੀ ਹੈ ? ਜਿਨ੍ਹਾਂ ਦੇਸ਼ਾਂ ਵਿਚ ਹੋਮ ਨਹੀਂ ਹੁੰਦਾ, ਉਨ੍ਹਾਂ ਨਾਲ ਹੋਮੀਆਂ ਦੀ ਸਿਹਤ ਦਾ ਮੁਕਾਬਲਾ ਕਰ ਕੇ ਦੇਖੋ, ਜਿਸ ਤੋਂ ਇਸ ਅਨੋਖੇ ਮੰਤਕ ਦੀ ਆਪ ਨੂੰ ਕਦਰ ਮਲੂਮ ਹੋਵੇ, ਜੇ ਘਰ ਦਾ ਇਕ ਆਦਮੀ ਉੱਗਣ ਔਰ ਆਥਣ ਅੱਠ ਅੱਠ ਪੈਸਾ ਭਰ ਘੀ ਫੂਕੇ ਤਾਂ ਟੱਬਰ ਦੇ ਦਸ ਆਦਮੀਆਂ ਨੂੰ ੧੬੦ ਤੋਲੇ ਘੀ ਨਿੱਤ ਹਵਨ ਵਾਸਤੇ ਲੋੜੀਏ ਔਰ ਖਾਣ ਲਈ ਇਸ ਤੋਂ ਵੱਖਰਾ ਰਹਿਆ। ਪੰਡਿਤ ਦਯਾ ਨੰਦ ਜੀ ਨੇ ਹੋਮ ਵਿਧੀ ਨਾਲ ਜੋ ਹਿੰਦੁਸਤਾਨ ਦਾ ਭਲਾ ਸੋਚਿਆ ਹੈ, ਸਾਥੋਂ ਇਸ ਦੀ ਹਜ਼ਾਰ ਰਸਨਾ ਕਰਕੇ ਭੀ ਵਡਿਆਈ ਨਹੀਂ ਕੀਤੀ ਜਾਂਦੀ, ਖ਼ਾਸ ਕਰ ਕੇ ਵਰਤਮਾਨ ਕਾਲ ਵਿਖੇ ਜਦ ਕਿ ਘੀ ਅੱਠ ਛਟਾਂਕ ਵੀ ਨਹੀਂ ਮਿਲਦਾ।
ਹੋਮ ਜਗ ਜਪ ਤਪ ਸਭਿ ਸੰਜਮ,
ਤਟਿ ਤੀਰਥਿ ਨਹੀ ਪਾਇਆ ॥
ਮਿਟਿਆ ਆਪੁ ਪਏ ਸਰਣਾਈ,
ਗੁਰਮੁਖਿ ਨਾਨਕ ਜਗਤੁ ਤਰਾਇਆ ॥ (ਭੈਰਉ ਮ: ੫, ਪੰਨਾ ੧੧੩੯)
ਹੋਮ ਜਗ ਸਭਿ ਤੀਰਥਾ ਪੜਿ ਪੰਡਿਤ ਥਕੇ ਪੁਰਾਣ ॥
ਬਿਖੁ ਮਾਇਆ ਮੋਹੁ ਨ ਮਿਟਈ, ਵਿਚਿ ਹਉਮੈ ਆਵਣੁ ਜਾਣੁ ॥
ਸਤਿਗੁਰ ਮਿਲਿਐ ਮਲੁ ਉਤਰੀ, ਹਰਿ ਜਪਿਆ ਪੁਰਖੁ ਸੁਜਾਣੁ ॥
ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥ (ਵਾਰਾਂ ਤੇ ਵਧੀਕ ਮ: ੩, ਪੰਨਾ ੧੪੧੭)
ਜਗ ਭੋਗ ਨਈ ਵੇਦ ਲਖ ਗੁਰਮੁਖਿ ਮੁਖਿ ਇਕੁ ਦਾਣਾ ਪਾਇਆ ।.....॥੧੩॥ (ਭਾਈ ਗੁਰਦਾਸ, ਵਾਰ ੭)
ਲਖ ਜਪ ਤਪ ਲਖ ਸੰਜਮਾ ਹੋਮ ਜੱਗ ਲਖ ਵਰਤ ਕਰੰਦੇ ।....
ਗੁਰਸਿੱਖੀ ਸੁਖੁ ਤਿਲੁ ਨ ਲਹੰਦੇ ॥੧੮॥ (ਭਾਈ ਗੁਰਦਾਸ, ਵਾਰ ੨੮)
ਹੋਮ ਜਗ ਤਪ ਘਣੇ ਕਰਿ ਕਰਿ ਕਰਮ ਧਰਮ ਦੁਖ ਰੋਈ।
ਵਸਿ ਨ ਆਵੈ ਧਾਵਦਾ ਅਨ ਖੰਡ ਪਾਖੰਡ ਵਿਗੋਈ ॥੧੭॥ (ਭਾਈ ਗੁਰਦਾਸ, ਵਾਰ ੨੯)
"ਜੱਗ ਹੋਮ ਕਲਿਜੁਗ ਕੇ ਇਹ ਹੈਨ ਕਿ ਗੁਰਭਾਈਆਂ ਸਿੱਖਾਂ ਕਉ ਅੰਮ੍ਰਿਤ ਪ੍ਰਸਾਦ ਖੁਲਾਵਣਾ, ਅਰ ਆਪ ਕੋ ਨੀਚ ਸਦਾਵਣਾ।" (ਭਾਈ ਮਨੀ ਸਿੰਘ ਜੀ,ਗ੍ਯਾਨ ਰਤਨਾਵਲੀ)
ਦੇਖੋ ! ਇਸੇ ਵਿਸ਼ੈ ਪਰ ਇਤਿਹਾਸਕ ਪ੍ਰਸੰਗ :
ਪੈੜਾ ਚੰਡਾਲੀਆ ਤੇ ਜੇਠਾ ਸੇਠੀ ਗੁਰੂ ਅਰਜਨ ਜੀ ਦੀ ਸਰਣ ਗਏ। ਜੋ ਤੁਸਾਡੇ ਬਚਨ ਕਰਕੇ ਅਸੀਂ ਕਿਰਤ ਕਰਕੇ ਪ੍ਰਸਾਦੁ ਸਿਖਾਂ ਨਾਲ ਵਰਤਾਇ ਛਕਦੇ ਹਾਂ ਪਰ ਅਸਾਂ ਨੂੰ ਬ੍ਰਾਹਮਣ ਕਹਿੰਦੇ ਹੈਨਿ ਜੋ ਪਹਿਲੇ ਚੱਕੀ ਪੀਸਣ ਵਿਚ ਜੀ ਹਿੰਸਾ ਹੁੰਦੀ ਹੈ ਤੇ ਬਹੁੜੋ ਵਿਚ ਉੱਖਲੀ ਦੇ ਕੁੱਟਣ ਕਰਕੇ, ਚੁੱਲ੍ਹੇ ਦੇ ਤਪਾਣ ਕਰਕੇ, ਝਾੜੂ ਫੇਰਨ ਕਰਕੇ, ਔਰ ਆਟੇ ਦੇ ਛਾਨਣ ਕਰਕੇ ਜੀਉ ਹਿੰਸਾ ਹੁੰਦੀ ਹੈ। ਅੱਗੋਂ ਦੇ ਅਸੀਂ ਦੇਵਤਿਆਂ ਨਮਿੱਤ ਹੋਮ ਆਹੂਤੀਆਂ ਅਗਨਿ ਵਿਚ ਡਾਲਦੇ ਹਾਂ ਪਿਛੋਂ ਪ੍ਰਸਾਦ ਖਾਂਦੇ ਹਾਂ, ਤੇ ਤੁਸੀਂ ਆਹੂਤੀਆਂ ਨਹੀਂ ਕਰਦੇ, ਤੁਸਾਡਾ ਪ੍ਰਸਾਦਿ ਕਯੋਂ ਕਰ ਪਵਿਤ ਹੁੰਦਾ ਹੈ ?
ਗੁਰੂ ਅਰਜਨ ਸਾਹਿਬ ਦਾ ਬਚਨੁ ਹੋਇਆ, “ਤੁਸੀਂ ਪ੍ਰਿਥਮੇ ਗਰੀਬਾਂ, ਸਿੱਖਾਂ ਨੂੰ ਪ੍ਰਸਾਦ ਛਕਾਵੋਗੇ ਤੇ ਆਪ ਭੀ ਅਰਦਾਸ ਕਰ ਕੇ ਵਾਹਿਗੁਰੂ ਕਾ ਨਾਮੁ ਲੈ ਕੇ ਮੁਖ ਪਾਵਹੁਗੇ ਤਾਂ ਵਾਹਿਗੁਰੂ ਤੁਸਾਡੇ ਪਰ ਪ੍ਰਸੰਨ ਹੋਵੇਗਾ ਤੇ ਸਭ ਵਿਘਨ ਨਾਸ ਹੁੰਦੇ ਹੈਨ।”
(ਭਾਈ ਮਨੀ ਸਿੰਘ ਜੀ, ਭਗਤ ਰਤਨਾਵਲੀ)
____________
੧. ਵਰਣ ਆਸ਼ਰਮਾਂ ਦਾ ਹਿੰਦੂ ਮਤ ਅਨੁਸਾਰ ਕਰਮ।
੨. ਧਰਮ ਦੀ ਕਮਾਈ ਦਾ ਸਵੱਛਤਾ ਨਾਲ ਬਣਾਇਆ ਹੋਇਆ ਉੱਤਮ ਭੋਜਨ।
(੧੪) ਸੰਸਕਾਰ ਔਰ ਚਿੰਨ੍ਹ
ਪਿਆਰੇ ਹਿੰਦੂ ਭਾਈ ਸਾਹਿਬ ! ਉੱਪਰ ਤੇਰ੍ਹਾਂ ਅੰਗਾਂ ਵਿਚ ਕਹੇ ਹੋਏ ਧਾਰਮਿਕ ਨਿਯਮਾਂ ਤੋਂ ਭਿੰਨ ਆਪ ਦੇ ਔਰ ਸਾਡੇ ਸੰਸਕਾਰ ਆਪਸ ਵਿਚ ਦਿਨ ਰਾਤ ਦਾ ਭੇਦ ਰਖਦੇ ਹਨ। ਔਰ ਸਿਖ ਧਰਮ ਦੇ ਚਿੰਨ੍ਹ ਆਪ ਨਾਲੋਂ ਜੁਦੇ ਹੀ ਨਹੀਂ ਸਗੋਂ ਵਿਰੁਧ ਹਨ। ਔਰ ਅਸੀਂ ਆਪਣੇ ਚਾਰ ਸੰਸਕਾਰ ਅਰਥਾਤ:
੧. ਜਨਮ, ੨. ਅੰਮ੍ਰਿਤ, ੩. ਅਨੰਦ, ੪. ਚਲਾਣਾ,
'ਗੁਰ ਮਰਯਾਦਾ' ਅਨੁਸਾਰ ਕਰਦੇ ਹਾਂ, ਜਿਸ ਵਿਚ ਹਿੰਦੂ ਮਤ ਦਾ ਜ਼ਰਾ ਭੀ ਦਖ਼ਲ ਨਹੀਂ। ਹੁਣ ਆਪ ਇਨ੍ਹਾਂ ਸਭਨਾਂ ਬਾਤਾਂ ਪਰ ਵਿਚਾਰ ਕਰ ਕੇ ਦੇਖ ਸਕਦੇ ਹੋ ਕਿ ਸਾਡਾ 'ਹਮ ਹਿੰਦੂ ਨਹੀਂ" ਕਹਿਣਾ ਠੀਕ ਹੈ ਜਾਂ ਨਹੀਂ।
ਹਿੰਦੂ : ਤੁਸੀਂ ਆਪਣੇ ਸੰਸਕਾਰ ਧਿੰਗੋਜ਼ੋਰੀ ਅਲੱਗ ਬਣਾ ਲਏ ਹਨ। ਗੁਰੂ ਸਾਹਿਬ ਦਾ ਕਿਤੇ ਹੁਕਮ ਨਹੀਂ ਕਿ ਸਿੱਖ ਹਿੰਦੂ ਸ਼ਾਸਤਰਾਂ ਅਨੁਸਾਰ ਸੰਸਕਾਰ ਨਾ ਕਰਨ, ਔਰ ਆਪਣੀ ਵੱਖਰੀ ‘ਗੁਰ ਮਰਯਾਦਾ' ਥਾਪ ਲੈਣ । ਔਰ ਜੋ ਤੁਸੀਂ ਵਿਆਹ ਪਰ ਛੰਤ, ਘੋੜੀਆਂ, ਲਾਵਾਂ ਆਦਿਕ ਪੜ੍ਹਦੇ ਹੋ, ਉਨ੍ਹਾਂ ਵਿਚ ਕੇਵਲ ਪ੍ਰਮਾਰਥ ਦੀਆਂ ਗੱਲਾਂ ਹਨ, ਉਹ ਵਿਵਹਾਰ ਵਾਸਤੇ ਨਹੀਂ।
ਸਿੱਖ : ਇਹ ਆਪ ਦਾ ਅਗਿਆਨ ਹੈ, ਸਿੱਖ ਜੋ ਕੁਛ ਕਰਦੇ ਹਨ, ਸੋ ਸਤਿਗੁਰਾਂ ਦੇ ਹੁਕਮ ਅਨੁਸਾਰ ਕਰਦੇ ਹਨ, ਮਨਉਕਤਿ ਜ਼ਰਾ ਭੀ ਨਹੀਂ ਕਰਦੇ। ਅਸੀਂ ਆਪ ਨੂੰ ਚਾਰੇ ਸੰਸਕਾਰਾਂ ਬਾਬਤ ਸਤਿਗੁਰਾਂ ਦਾ ਹੁਕਮ ਦਿਖਾਉਂਦੇ ਹਾਂ :
(ੳ) ਗੁਰੂ ਅਮਰਦਾਸ ਸਾਹਿਬ ਨੇ ਆਪਣੇ ਪੋਤੇ ਦੇ ਜਨਮ ਪਰ 'ਅਨੰਦੁ' ਬਾਣੀ ਉਚਾਰਨ ਕੀਤੀ ਔਰ ਸਿੱਖਾਂ ਨੂੰ ਹੁਕਮ ਦਿੱਤਾ ਕਿ ਸੰਤਾਨ ਦੇ ਜਨਮ ਵੇਲੇ ਇਸ ਬਾਣੀ ਦਾ ਪਾਠ ਹੋਵੇ, ਜਿਸ ਦੇ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਪਰ ਗੁਰੂ ਅਰਜਨ ਸਾਹਿਬ ਨੇ ਗੁਰ ਮਰਯਾਦਾ ਕੀਤੀ, ਜੋ ਇਸ ਸ਼ਬਦ ਤੋਂ ਸਿੱਧ ਹੈ :
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥
ਮਿਟਿਆ ਸੋਗੁ ਮਹਾ ਅਨੰਦੁ ਥੀਆ ॥
ਗੁਰਬਾਣੀ ਸਖੀ ਅਨੰਦੁ ਗਾਵੈ ॥
ਸਾਚੇ ਸਾਹਿਬ ਕੈ ਮਨਿ ਭਾਵੈ ॥੨॥
ਵਧੀ ਵੇਲਿ ਬਹੁ ਪੀੜੀ ਚਾਲੀ ॥
ਧਰਮ ਕਲਾ ਹਰਿ ਬੰਧਿ ਬਹਾਲੀ ॥ (ਆਸਾ ਮ: ੫, ਪੰਨਾ ੩੯੬)
ਔਰ ਆਪ ਦੇ ਮਤ ਵਿਚ ਜੋ ਸ਼ੁੱਧੀ ਲਈ ਗੋਮੂਤ੍ਰ ਔਰ ਪੰਚਗਵਯ ਦਿੱਤਾ ਜਾਂਦਾ ਹੈ, ਉਸ ਦਾ ਸਨਮਾਨ ਇਤਨੇ ਤੋਂ ਹੀ ਦੇਖ ਸਕਦੇ ਹੋ ਕਿ ਜਿਸ ਲੰਗਰ ਵਿਚ ਗੋਹੇ ਦਾ ਚੌਂਕਾ ਦਿੱਤਾ ਜਾਵੇ, ਉਥੇ ਮਹਾਂ ਪ੍ਰਸਾਦਿ (ਕੜਾਹ ਪ੍ਰਸਾਦਿ) ਤਿਆਰ ਨਹੀਂ ਕੀਤਾ ਜਾਂਦਾ,
_____________
੧. ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦਿ ਦਾ ਨਾਉਂ “ਮਹਾਂ ਪ੍ਰਸ਼ਾਦਿ” ਲਿਖਿਆ ਹੈ, ਦੇਖੋ ਵਾਰ ੨੦, ਪਉੜੀ ੧੦।
ਔਰ ਇਹ ਰੀਤਿ ਅੱਜ ਦੀ ਨਹੀਂ ਸਤਿਗੁਰਾਂ ਦੇ ਵੇਲੇ ਤੋਂ ਚਲੀ ਆਈ ਹੈ। (ਇਸ ਦੀ ਪੁਸ਼ਟੀ ਲਈ ਦੇਖੋ ਅੱਠ ਅੰਕ ਵਿਚ ਪ੍ਰਮਾਣ)
(ਅ) ਪਹਿਲੇ ਨੌਂ ਸਤਿਗੁਰਾਂ ਦੇ ਵੇਲੇ 'ਚਰਨਾਮ੍ਰਿਤ' ਦਿਤਾ ਜਾਂਦਾ ਸੀ (ਜੋ ਆਪ ਦੇ ਜਨੇਊ ਪਾਉਣ ਦੇ ਸੰਸਕਾਰ ਦੇ ਮੁਕਾਬਲੇ ਵਿਚ ਹੈ), ਇਹ ਸੰਸਕਾਰ ਆਪ ਦੇ ਮਤ ਤੋਂ ਇਸ ਵਾਸਤੇ ਵਿਰੁੱਧ ਹੈ ਕਿ ਚਾਰੇ ਵਰਣ ਇਕੱਠੇ ਸਤਿਗੁਰਾਂ ਦਾ ਚਰਨਾਮ੍ਰਿਤ ਪੀਂਦੇ ਸੇ। ਜਿਸ ਪਰ ਭਾਈ ਗੁਰਦਾਸ ਜੀ ਦਾ ਬਚਨ ਹੈ :
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ ।.....
ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ।॥੨੩॥ (ਭਾਈ ਗੁਰਦਾਸ, ਵਾਰ ੧)
ਅਸੀਂ ਸਤਿਗੁਰਾਂ ਦੀ ਕੋਈ ਜਾਤੀ ਨਹੀਂ ਮੰਨਦੇ ਪਰ ਆਪ ਦੇ ਖ਼ਿਆਲ ਅਨੁਸਾਰ ਗੁਰੂ ਸਾਹਿਬ ਛੱਤ੍ਰੀ ਸੇ, ਛੱਤ੍ਰੀ ਦਾ ਚਰਨਾਮ੍ਰਿਤ, ਆਪ ਦੇ ਧਰਮ ਸ਼ਾਸਤ੍ਰਾਂ ਅਨੁਸਾਰ ਬ੍ਰਾਹਮਣ ਕਦੇ ਭੀ ਨਹੀਂ ਸੀ ਪੀ ਸਕਦਾ ਔਰ ਚਰਨਾਮ੍ਰਿਤ ਦਾ ਪਹਿਲਾਂ ਪ੍ਰਵਿਰਤ ਕਰਨਾ ਹੀ ਇਸ ਲਈ ਸੀ ਕਿ ਜਾਤੀ ਅਭਿਮਾਨ ਦੀ ਜੜ੍ਹ ਪੁੱਟ ਦਿੱਤੀ ਜਾਵੇ ਫੇਰ ਏਸੇ ਚਰਨਾਮ੍ਰਿਤ ਸੰਸਕਾਰ ਨੂੰ ਦਸਮੇਂ ਪਾਤਸ਼ਾਹ ਨੇ 'ਖੰਡੇ ਦੇ ਅੰਮ੍ਰਿਤ' ਵਿਚ ਬਦਲ ਦਿੱਤਾ ਔਰ ਅੰਮ੍ਰਿਤ ਛਕਾਉਣ ਵੇਲੇ ਜੋ ਕਲਗੀਧਰ ਨੇ ਉਪਦੇਸ਼ ਦਿਤਾ ਹੈ, ਉਸ ਤੋਂ ਸਾਫ ਪਾਇਆ ਜਾਂਦਾ ਹੈ ਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ।
(ੲ) ਅਨੰਦਾ ਦੀ ਰੀਤੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਤੋਂ ਪ੍ਰਚੱਲਤ ਹੈ,
_______________
੧ ਇਕ ਚਾਲਾਕ ਹਿੰਦੂ ਪੰਡਿਤ, ਅਗਿਆਨੀ ਸਿੱਖਾਂ ਨੂੰ ਧੋਖਾ ਦੇਣ ਲਈ ਲਿਖਦਾ ਹੈ ਕਿ ਅਨੰਦ ਪੜ੍ਹ ਕੇ ਵਿਆਹ ਨਹੀਂ ਕਰਨਾ ਚਾਹੀਦਾ, ਕਿਉਂਕਿ 'ਅਨੰਦੁ' ਬਾਣੀ ਵਿਚ ਲਿਖਿਆ ਹੈ : ਅਨੰਦੁ ਭਇਆ ਮੇਰੀ ਮਾਏ..... ॥ (ਰਾਮਕਲੀ ਮ: ੩ ਅਨੰਦੁ, ਪੰਨਾ ੯੧੭)
ਇਸ ਪਾਠ ਤੋਂ ਇਸਤ੍ਰੀ ਮਾਂ ਬਣ ਜਾਂਦੀ ਹੈ।
ਅਸੀਂ ਏਸ ਦੇ ਉੱਤਰ ਵਿਚ ਇਹ ਆਖਦੇ ਹਾਂ ਕਿ ਅਨੰਦ ਬਾਣੀ ਵਿਵਾਹ ਪੱਧਤਿ ਵਿਚ ਦੱਸੀ ਹੋਈ ਰੀਤੀ ਦੀ ਤਰ੍ਹਾਂ "ਵਰ ਪਠਨੀਯ ਮੰਤ੍ਰ” ਨਹੀਂ ਹੈ, ਔਰ ਨਾ ਏਥੇ 'ਮਾਏ’ ਪਦ ਦਾ ਅਰਥ 'ਜਨਨੀ' ਹੈ। ਪਰ ਪੰਡਿਤ ਜੀ ਨੂੰ ਹੇਠ ਲਿਖੇ ਬਚਨਾਂ ਪਰ ਜ਼ਰੁਰ ਧਿਆਨ ਦੇਣਾ ਚਾਹੀਏ :
"ਪਹਿਲਾਂ ਸੋਮ, ਗੰਧਰਵ ਔਰ ਅਗਨੀ ਇਹ ਤਿੰਨੇ ਦੇਵਤੇ ਇਸਤ੍ਰੀ ਦੇ ਪਤੀ ਹੁੰਦੇ ਹਨ, ਫੇਰ ਚੌਥੇ ਦਰਜੇ ਮਨੁਸ਼ ਪਤੀ ਬਣਦਾ ਹੈ।”
(ਰਿਗ ਵੇਦ ਮੰਡਲ ੧੦ ਸੂਤਕ ੮੫ ਮੰਤ੍ਰ ੪੦)
ਦੇਵਤਿਆਂ ਦੀ ਭੋਗੀ ਹੋਈ (ਦੇਵ ਇਸਤ੍ਰੀ) ਦੇਵ ਭਗਤਾਂ ਦੀ ਮਾਂ ਹੈ, ਜਾਂ ਕੁਛ ਹੋਰ ?
ਕਈ ਪੰਡਿਤ ਬੁੱਧੂ ਆਦਮੀਆਂ ਨੂੰ ਅਰਥ ਕਰ ਕੇ ਦੱਸਦੇ ਹਨ ਕਿ 'ਪਤੀ' ਪਦ ਦਾ ਅਰਥ ਰੱਖਿਅਕ ਹੈ, ਅਸੀਂ ਇਸ ਪਰ ਇਹ ਆਖਦੇ ਹਾਂ ਕਿ ਜੇਕਰ ਦੇਵਤੇ ਕੇਵਲ ਰੱਖਿਅਕ ਹਨ ਔਰ ਪਤੀ (ਖਸਮ) ਨਹੀਂ, ਤਾਂ ਹੁਣ ਪੁਰਸ਼ ਭੀ ਰੱਖਿਅਕ (ਪਤੀ) ਹੀ ਰਹੇ, ਅਰਥਾਤ ਸਨਮਾਨ ਨਾਲ ਇਸਤ੍ਰੀ ਨੂੰ ਸੰਭਾਲ ਰਖੇ, ਹੋਰ ਕਿਸੀ ਤਰ੍ਹਾਂ ਦਾ ਗ੍ਰਿਹਸਤ ਵਿਵਹਾਰ ਨਾ ਕਰੇ।
ਅਸੀਂ ਇਹ ਭੀ ਪੁਛਦੇ ਹਾਂ ਕਿ ਜੇ ਪਤੀ ਦਾ ਅਰਥ ਖਸਮ ਨਹੀਂ ਤਾਂ ਇਸ ਵਾਕ ਦਾ ਕੀ ਅਰਥ ਹੈ :
“ਪੂਰਬੰ ਸਤ੍ਰਿਯ: ਸੁਰੈ: ਭੁਕਤਾ! ਸੋਮ ਗੰਧਰਵ ਵੰਨ੍ਹਿ ਭਿ:!”
ਔਰ ਮੰਨੂੰ ਜੀ ਇਕ ਹੋਰ ਬਾਤ ਆਖਦੇ ਹਨ, ਉਹ ਭੀ ਸੁਣਨ ਲਾਇਕ ਹੈ :
"ਵੀਰਯ ਰੂਪ ਕਰਕੇ ਪਤੀ ਇਸਤ੍ਰੀ ਦੇ ਗਰਭ ਵਿਚ ਪ੍ਰਵੇਸ਼ ਕਰਦਾ ਹੈ ਔਰ ਪੁਤ੍ਰ ਰੂਪ ਹੋ ਕੇ ਜੰਮਦਾ ਹੈ, ਇਸ ਕਰਕੇ ਇਸਤ੍ਰੀ 'ਜਾਯਾ' (ਮਾਈ) ਕਹਾਉਂਦੀ ਹੈ। (ਅ: ੯ ਸ਼: ੮)
ਔਰ ਸਤਿਗੁਰਾਂ ਨੇ ਛੰਦ, ਘੋੜੀਆਂ, ਲਾਵਾਂ ਆਦਿਕ ਇਸੇ ਵਾਸਤੇ ਰਚੀਆਂ ਹਨ, ਔਰ ਆਪ ਦੀ ਜੋ ਇਹ ਸ਼ੰਕਾ ਹੈ ਕਿ ਇਨ੍ਹਾਂ ਵਿਚ ਕੇਵਲ ਪ੍ਰਮਾਰਥ ਹੈ, ਸੋ ਸਹੀ ਨਹੀਂ। ਗੁਰਬਾਣੀ ਵਿਚ ਪ੍ਰਮਾਰਥ ਔਰ ਬਿਵਹਾਰ (ਭੋਗ, ਮੋਖ) ਦੋਵੇਂ ਹਨ। ਔਰ ਸ਼ਬਦਾਂ ਦੀ ਰਚਨਾ ਦੱਸ ਰਹੀ ਹੈ ਕਿ ਇਹ ਖਾਸ ਕਰ ਕੇ ਅਨੰਦ ਸੰਸਕਾਰ ਵਾਸਤੇ ਰਚੇ ਗਏ ਹਨ, ਯਥਾ:
ਹਮ ਘਰਿ ਸਾਜਨ ਆਏ ॥
ਸਾਚੈ ਮੇਲਿ ਮਿਲਾਏ ॥ (ਸੂਹੀ ਮ: ੧, ਪੰਨਾ ੭੬੪)
ਸਾਹਾ ਗਣਹਿ ਨ ਕਰਹਿ ਬੀਚਾਰੁ ॥ (ਰਾਮਕਲੀ ਮ: ੧, ਪੰਨਾ ੯੦੪)
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ! (ਵਾਰ ਸੂਹੀ ਮ: ੩, ਪੰਨਾ ੭੮੮)
ਹੋਰਿ ਮਨਮੁਖਿ ਦਾਜੁ ਜਿ ਰਖਿ ਦਿਖਾਲਹਿ,
ਸੋ ਕੂੜੁ ਅਹੰਕਾਰੁ ਕਚੁ ਪਾਜੋ ॥ (ਸਿਰੀ ਰਾਗੁ ਮ: ੪, ਪੰਨਾ ੭੯)
ਕਹੁ ਨਾਨਕ ਮੈ ਵਰੁ ਘਰਿ ਪਾਇਆ
ਮੇਰੇ ਲਾਥੇ ਜੀ ਸਗਲ ਵਿਸੂਰੇ ॥ (ਵਡਹੰਸੁ ਮ: ੫, ਪੰਨਾ ੫੭੭)
ਔਰ ਆਨੰਦ ਦੇ ਪ੍ਰਮਾਣ ਲਈ ਦੇਖੋ, ਗੁਰ ਪ੍ਰਤਾਪ ਸੂਰਯ ਦੀ ਤੀਜੀ ਰਾਸਿ ਦੇ ਅਠੱਤੀਵੇਂ ਅਧਿਆਇ ਵਿਚ ਜ਼ਿਕਰ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਕ ਸਿੱਖ ਦੀ ਕੰਨਿਆਂ ਨਾਲ ਕਾਨ੍ਹ ਸਿੰਘ ਦਾ ਆਨੰਦ ਪੜ੍ਹਾਇਆ । ਔਰ ਪੰਜਾਂ ਪਿਆਰਿਆਂ ਵਿਚੋਂ ਸ਼ਿਰੋਮਣੀ ਭਾਈ ਦਯਾ ਸਿੰਘ ਜੀ ਆਪਣੇ ਰਹਿਤਨਾਮੇ ਵਿਚ ਲਿਖਦੇ ਹਨ :
“ਆਨੰਦ ਬਿਨਾ ਬਿਵਾਹ ਨਾ ਕਰੇ ।"
(ਸ) ਚਲਾਣਾ (ਮ੍ਰਿਤਕ ਕ੍ਰਿਆ) ਸੰਸਕਾਰ, ਆਦਿ ਤੋਂ ਹੀ ਸਿੱਖਾਂ ਵਿਚ ਹਿੰਦੂਆਂ ਤੋਂ ਵੱਖਰਾ ਹੈ, ਜਿਸ ਦੇ ਪ੍ਰਮਾਣ ਏਹ ਹਨ :
(੧) ਗੁਰੂ ਨਾਨਕ ਸਾਹਿਬ ਆਗਿਆ ਕਰਦੇ ਹਨ ਕਿ ਪ੍ਰਾਣੀ ਦੇ ਸਸਕਾਰ ਵਲੋਂ ਇਹ ਸ਼ਬਦ ਪੜ੍ਹਨਾ:
______________
ਪੰਡਿਤ ਜੀ ਨੂੰ ਖੋਜ ਕਰਨੀ ਚਾਹੀਦੀ ਹੈ ਕਿ ਇਕ ਪੁੱਤ ਜੰਮੇ ਪਿਛੋਂ ਕਿਤਨੇ ਸ਼ਰਧਾਵਾਨਾਂ ਨੇ 'ਜਾਯਾ’ (ਮਾਈ) ਨੂੰ ਇਸਤ੍ਰੀ ਸਮਝ ਕੇ ਸੰਤਾਨ ਉਤਪੰਨ ਕੀਤੀ ਹੈ, ਅਰ ਕਿਤਨਿਆਂ ਨੇ 'ਜਨਨੀ' ਭਾਵ ਰਖ ਕੇ ਪੂਜਯ ਮੰਨਿਆ ਹੈ।
੧. ਗੁਰਗੱਦੀ ਪਰ ਬਿਰਾਜਣ ਤੋਂ ਪਹਿਲਾਂ ਚਾਹੇ ਸਤਿਗੁਰਾਂ ਦੇ ਸੰਸਕਾਰ ਹਿੰਦੂ ਮਤ ਅਨੁਸਾਰ ਹੁੰਦੇ ਰਹੇ ਹਨ, ਪਰ ਗੁਰੂ ਸ਼ਰਨ ਆਉਣ ਪਿਛੋਂ ਇਕ ਰੀਤੀ ਭੀ ਅਨਯਮਤ ਅਨੁਸਾਰ ਨਹੀਂ ਹੋਈ, ਜਿਸ ਦਾ ਪ੍ਰਮਾਣ ਗੁਰਬਾਣੀ ਤੋਂ ਪੂਰਾ ਮਿਲਦਾ ਹੈ। ਜਿਨ੍ਹਾਂ ਇਤਿਹਾਸਕਾਰਾਂ ਨੇ ਅਗਿਆਨ ਵੱਸ ਹੋ ਕੇ ਪ੍ਰਮਾਦ ਅਥਵਾ ਕੁਸੰਗਤਿ ਕਰ ਕੇ ਆਪਣੀ ਕਾਵਯ ਰਚਨਾ ਦਵਾਰਾ ਗੁਰੂ ਰੀਤੀ ਤੋਂ ਵਿਰੁਧ ਸੰਸਕਾਰਾਂ ਦਾ ਹੋਣਾ ਲਿਖਿਆ ਹੈ, ਉਹ ਮੰਨਣ ਲਾਇਕ ਨਹੀਂ, ਕਿਉਂਕਿ ਗੁਰਬਾਣੀ ਤੋਂ ਵਧ ਕੇ ਸਾਡੇ ਮਤ ਵਿਚ ਕੋਈ ਪੁਸਤਕ ਸ਼ਰਧਾ ਯੋਗ ਨਹੀਂ ।
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ॥....
ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥
ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥.....
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥
ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ (ਵਡਹੰਸੁ ਮ: ੧ ਅਲਾਹਣੀਆ, ਪੰਨਾ ੫੭੮)
(੨) ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਦਾ ਸਸਕਾਰ ਕਰ ਕੇ ਕੜਾਹ ਪ੍ਰਸ਼ਾਦ ਵਰਤਾਇਆ। (ਦੇਖੋ ਜਨਮ ਸਾਖੀ)
(੩) ਭਾਈ ਮਨੀ ਸਿੰਘ ਜੀ ਭਗਤ ਰਤਨਾਵਲੀ ਵਿਚ ਲਿਖਦੇ ਹਨ ਕਿ ਹਿੰਦੂ (ਬ੍ਰਾਹਮਣ ਆਦਿਕ) ਸਿੱਖਾਂ ਪਰ ਇਹ ਤਰਕ ਕਰਦੇ ਹਨ ਕਿ:
“ਤੁਸੀਂ ਮਰਨ ਦੀ ਕ੍ਰਿਆ ਤਿਆਗ ਕੇ ਅਰਦਾਸ ਤੇ ਕੜਾਹ ਮ੍ਰਿਤਕ ਤੇ ਖਾਂਵਦੇ ਹੋ।” (ਪ੍ਰਸੰਗ ਢੇਸੀ ਤੇ ਜੋਧ ਵਿਚੋਂ)
(੪) ਭਾਈ ਚੌਪਾ ਸਿੰਘ ਜੀ ਆਪਣੇ ਰਹਿਤਨਾਮੇ ਵਿਚ ਲਿਖਦੇ ਹਨ:
“ਪ੍ਰਾਣੀ ਕਾ ਸਰੀਰ ਅੰਤ ਹੋਵੇ ਤਾਂ ਕੀਰਤਨ ਕਰਾਵੇ, ਸਾਥ ਪ੍ਰਸਾਦ ਲੇ ਜਾਇ।”
(੫) ਗੁਰੁ ਪ੍ਰਤਾਪ ਸੂਰਯ ਦੀ ਤੀਜੀ ਰੁੱਤ ਦੇ ਪੰਜਾਹਵੇਂ ਅੰਸੂ ਵਿਚ ਲਿਖਿਆ ਹੈ :
ਮਰੇ ਸਿਖ ਤੇ ਕਰੇ ਕੜਾਹ।
ਤਿਸ ਕੁਟੰਬ ਰੁਦਨਹਿ ਬਹੁ ਨਾਂਹ ॥੩੪॥....
ਪਢਹਿਂ ਸ਼ਬਦ ਕਿਰਤਨ ਕੋ ਕਰੈਂ।
ਸੁਨਹਿ ਬੈਠ ਬੈਰਾਗ ਸੁ ਧਰੈ ॥੩੫॥
(੬) ਭਾਈ ਚੌਪਾ ਸਿੰਘ ਜੀ ਲਿਖਦੇ ਹਨ:
"ਗੁਰੂ ਕਾ ਸਿੱਖ ਭੱਦਣ ਨਾ ਕਰਾਵੇ ।"
(੭) ਗੁਰੂ ਸੋਭਾ ਦੇ ਪੰਜਵੇਂ ਧਿਆ ਵਿਚ ਬਚਨ ਹੈ :
ਭੱਦਨ ਤ੍ਯਾਗ ਕਰੋ, ਹੇ ਭਾਈ। ਸਭ ਸਿੱਖਨ ਯਹਿ ਬਾਤ ਸੁਨਾਈ ॥੨੧॥੧੩੭॥....
______________
੧. ਹਿੰਦੂਆਂ ਦੇ ਪਾਤਕ ਦੇ ਮੁਕਾਬਲੇ ਵਿਚ ਸਿੱਖਾਂ ਦਾ ਕੜਾਹ ਪ੍ਰਸ਼ਾਦਿ (ਮਹਾਂ ਪ੍ਰਸ਼ਾਦਿ) ਵਰਤਾਉਣਾ ਸਾਫ਼ ਸਿਧ ਕਰਦਾ ਹੈ ਕਿ ਸਿੱਖ ਰੀਤੀ 'ਅਹਿੰਦੂ' ਹੈ।
੨. ਹਿੰਦੂ ਮਤ ਦੇ ਮ੍ਰਿਤਕ ਸੰਸਕਾਰ ਦਾ ਮੁੱਖ ਅੰਗ ਭੱਦਣ ਹੈ, ਜਿਸ ਦੇ ਕੀਤੇ ਬਿਨਾਂ ਕ੍ਰਿਆ ਦਾ ਅਰੰਭ ਹੀ ਨਹੀਂ ਹੋ ਸਕਦਾ। (ਇਸ ਵਿਸ਼ੈ ਦੇਖੋ "ਸੱਦ ਪ੍ਰਮਾਰਥ” ।)
ਸੰਗਤ ਭੱਦਨ ਮਤ ਕਰੋ, ਛੁਰਾ ਨ ਲਗਾਓ ਸੀਸ।
ਮਾਤ ਪਿਤਾ ਕੋਊ ਮਰੇ ਸਤਗੁਰ ਕਰੀ ਹਦੀਸ ॥੨੪॥੧੪੦॥
ਇਨ੍ਹਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਿਖ ਮਤ ਦੇ ਸੰਸਕਾਰ ਅੱਜ ਕੱਲ੍ਹ ਦੇ ਸਿਖਾਂ ਦੇ ਮਨਕਲਪਤ ਨਹੀਂ, ਬਲਕਿ ਸਤਿਗੁਰਾਂ ਦੇ ਹੁਕਮ ਅਨੁਸਾਰ ਆਦਿ ਕਾਲ ਤੋਂ ਹੁੰਦੇ ਆਏ ਹਨ।
ਹਿੰਦੂ : ਮੰਨਿਆ ਕਿ ਆਪ ਦੇ ਸੰਸਕਾਰ ਸਤਿਗੁਰਾਂ ਦੇ ਹੁਕਮ ਅਨੁਸਾਰ ਹਿੰਦੂ ਮਤ ਤੋਂ ਭਿੰਨ ਹਨ ਪਰ ਕੇਸ, ਕੱਛ ਆਦਿਕ ਜੋ ਆਪ ਦੇ ਚਿੰਨ੍ਹ ਹਨ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਸ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸੇ, ਉਹਨਾਂ ਦੀ ਇਹ ਮਨਸ਼ਾ ਨਹੀਂ ਸੀ ਕਿ ਸਿਖ ਇਹਨਾਂ ਨੂੰ ਸਦੈਵ ਧਾਰਣ ਕਰਨ ਔਰ ਨਾ ਪਹਿਲੇ ਨੌਂ ਸਤਿਗੁਰਾਂ ਨੇ ਕੇਸ ਰਖੇ ਹਨ।
ਸਿੱਖ : ਆਪ ਨੂੰ ਗੁਰੂ ਸਾਹਿਬ ਦੀ ਮਨਸ਼ਾ ਕਿਸ ਤਰ੍ਹਾਂ ਮਾਲੂਮ ਹੋਈ ਕਿ ਉਹ ਅਮਨ ਦੇ ਵੇਲੇ ਕੇਸ, ਕ੍ਰਿਪਾਨ, ਕੱਛ ਆਦਿਕ ਰਖਾਉਣੇ ਨਹੀਂ ਚਾਹੁੰਦੇ ਸਨ? ਇਸ ਵਿਸ਼ੇ ਉਤੇ ਆਪ ਪਾਸ ਕੀ ਪ੍ਰਮਾਣ ਹੈ ? ਜੇ ਆਪ ਦੇ ਕਹਿਣੇ ਅਨੁਸਾਰ ਇਹ ਗੱਲ ਮੰਨ ਲਈਏ ਕਿ ਗੁਰੂ ਸਾਹਿਬ ਨੇ ਇਹ ਚਿੰਨ੍ਹ ਕੇਵਲ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸਨ ਤਦ ਇਹ ਕਿਸ ਤਰ੍ਹਾਂ ਨਿਸਚਾ ਕੀਤਾ ਜਾਵੇ ਕਿ ਹੁਣ ਜੰਗ ਦਾ ਕੋਈ ਮੌਕਾ ਹੀ ਨਹੀਂ ਹੈ ? ਵੇਖੋ ! ਯੂਰਪ ਦੇ ਮਹਾਨ ਜੰਗ ਦਾ ਕਿਸੇ ਨੂੰ ਸ੍ਵਪਨ ਭੀ ਨਹੀਂ ਸੀ ਜੋ ਅਚਾਨਕ ਹੋ ਗਿਆ । ਪਿਆਰੇ ਹਿੰਦੂ ਭਾਈ ! ਹੁਣ ਭੀ ਲੱਖ ਤੋਂ ਵਧੀਕ ਖਾਲਸਾ ਦੇਸ਼ ਅਤੇ ਰਾਜ ਦੀ ਰਖਸ਼ਾ ਵਾਸਤੇ ਫ਼ੌਜੀ ਸੇਵਾ ਕਰ ਰਹਿਆ ਹੈ, ਅਰ ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਸਾਰੇ ਅੰਮ੍ਰਿਤਧਾਰੀ ਯੁਧਵਿਦਿਆ ਦੇ ਗਿਆਤਾ ਕ੍ਰਿਪਾਨਧਾਰੀ ਮਹਾਨ ਯੋਧਾ ਸਿਪਾਹੀ ਹੈਨ ਔਰ ਆਪ ਦਾ ਇਹ ਆਖਣਾ ਅਸਤ੍ਯ ਹੈ ਕਿ ਨੌਂ ਗੁਰੂ ਕੇਸਾਧਾਰੀ ਨਹੀਂ ਹੋਏ, ਸਾਡੇ ਦਸ ਗੁਰੂ ਹੀ ਕੇਸ ਰਖਦੇ ਰਹੇ ਹਨ, ਕਿਸੇ ਨੇ ਭੀ ਮੁੰਡਨ ਨਹੀਂ ਕਰਵਾਇਆ । ਦੇਖੋ! ਗੁਰਬਾਣੀ ਤੋਂ ਕੇਸ ਸਿੱਧ ਹੁੰਦੇ ਹਨ :
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥ (ਸੂਹੀ ਮ: ੫, ਪੰਨਾ ੭੪੫)
ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ॥ (ਸੂਹੀ ਮ: ੫, ਪੰਨਾ ੭੪੯)
ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥ (ਬਿਲਾਵਲੁ ਮ: ੫, ਪੰਨਾ ੮੧੦)
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ॥ (ਗੂਜਰੀ ਮ: ੫, ਪੰਨਾ ੫੦੦)
ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ॥ (ਪ੍ਰਭਾਤੀ ਮ: ੪, ਪੰਨਾ ੧੩੩੫)
_____________
੧. ਚਾਹੇ ਰਾਮ ਚੰਦ੍ਰ, ਕ੍ਰਿਸ਼ਨ ਜੀ ਆਦਿਕ ਅਵਤਾਰਾਂ, ਰਿਖੀ, ਮੁਨੀਆਂ ਔਰ ਪੈਗ਼ੰਬਰਾਂ ਨੇ ਕੇਸ ਰਖੇ ਹਨ, ਔਰ ਪੁਰਾਣੇ ਜ਼ਮਾਨੇ ਵਿਚ ਮੁੰਡਨ ਦੀ ਰੀਤੀ ਨਹੀਂ ਸੀ, ਪਰ ਅਸੀਂ ਵੇਦ ਸ਼ਾਸਤਰਾਂ ਦੇ ਹਵਾਲੇ ਦੇ ਕੇ ਕੇਸਾਂ ਦਾ ਸਿੱਧ ਕਰਨਾ ਕੋਈ ਫਖ਼ਰ ਨਹੀਂ ਸਮਝਦੇ। ਗੁਰਮਤਿ ਦੇ ਪ੍ਰੇਮੀ ਸਭ ਜਾਣਦੇ ਹਨ ਕਿ ਕੇਸ, ਕ੍ਰਿਪਾਨ ਆਦਿਕ ਚਿੰਨ੍ਹਾਂ ਦਾ ਰੱਖਣਾ ਸਤਿਗੁਰਾਂ ਨੇ ਕਿਸ ਲਾਭ ਨੂੰ ਵਿਚਾਰ ਕੇ ਵਿਧਾਨ ਕੀਤਾ ਹੈ।
ਕਿਉਂ ਹਿੰਦੂ ਭਾਈ ਸਾਹਿਬ! ਚੌਰ ਔਰ ਪੱਖੇ ਦਾ ਕੰਮ ਬੋਦੀ ਭੀ ਦੇ ਸਕਦੀ ਹੈ ? ਔਰ ਆਪ ਪਾਸ ਅਜੇਹਾ ਇਕ ਪ੍ਰਮਾਣ ਭੀ ਨਹੀਂ, ਜੋ ਸਾਬਤ ਕਰਦਾ ਹੋਵੇ ਕਿ ਸਤਿਗੁਰਾਂ ਕੇਸ ਨਹੀਂ ਰਖੇ।
ਹਿੰਦੂ : ਆਪ ਨੇ ਜੋ ੧੪ ਪ੍ਰਕਰਣ ਮੈਨੂੰ ਸੁਣਾ ਕੇ ਹਿੰਦੂ ਧਰਮ ਦੇ ਨਿਯਮ ਪ੍ਰਗਟ ਕੀਤੇ ਹਨ, ਇਸ ਤੋਂ ਜਾਪਦਾ ਹੈ ਕਿ ਪ੍ਰੇਮੀ ਜੀ! ਆਪ ਸਾਡੇ ਧਰਮ ਤੋਂ ਪੂਰੇ ਜਾਣੂ ਨਹੀਂ ।
ਹਿੰਦੂ ਧਰਮ ਦੇ ਆਲਮਗੀਰ ਸੱਤ ਅਸੂਲ ਇਹ ਹਨ ਜਿਨ੍ਹਾਂ ਨੂੰ ਸਭ ਵਿਦਵਾਨ ਮੰਨਦੇ ਹਨ, ਅਰ ਇਨ੍ਹਾਂ ਅਸੂਲਾਂ ਨੂੰ ਸਿੱਖ ਭੀ ਆਪਣੇ ਨਿਯਮ ਜਾਣਦੇ ਹਨ, ਇਸ ਕਰਕੇ ਅਸੀਂ ਤੁਸੀਂ ਦੋ ਨਹੀਂ ਹੋ ਸਕਦੇ।
ਸੱਤ ਨਿਯਮ
(੧) ਵੇਦਾਂ ਨੂੰ ਸਤਿ ਔਰ ਹਿੰਦੂ ਧਰਮ ਦਾ ਆਧਾਰ ਮੰਨਣਾ।
(੨) ਆਸਤਕਤਾ ਰੱਖਣੀ, ਅਰਥਾਤ ਜੀਵ ਈਸ਼ਵਰ ਦਾ ਅਨਾਦੀਪਣਾ ਔਰ ਪੁੰਨ ਪਾਪ ਦਾ ਫਲ ਸੁਰਗ ਨਰਕ ਮੰਨਣਾ।
(੩) ਆਵਾਗਵਨ ਮੰਨ ਕੇ ਮੁਕਤੀ ਦੀ ਇਛਾ ਕਰਨੀ।
(੪) ਬਰਣ ਆਸ਼੍ਰਮ ਨੂੰ ਹਿੰਦੂ ਕੌਮ ਦਾ ਭੂਸ਼ਨ ਸਮਝਣਾ।
(੫) ਮੁਰਦਿਆਂ ਨੂੰ ਫੂਕਣਾ।
(੬) ਗਊ ਰੱਖਿਆ ਕਰਨੀ।
(੭) ਛੂਤ ਛਾਤ ਦੇ ਵਿਸ਼ਵਾਸੀ ਹੋਣਾ।
ਸਿੱਖ : ਇਨ੍ਹਾਂ ਸੱਤ ਨਿਯਮਾਂ ਬਾਬਤ ਸਾਡਾ ਸਮੁੱਚਾ ਉੱਤਰ ਇਹ ਹੈ ਕਿ ਕਿਸੇ ਮਤ ਨਾਲ ਇਕ ਦੋ ਨਿਯਮ ਮਿਲ ਜਾਣ ਕਰਕੇ ਏਕਤਾ ਨਹੀਂ ਹੋਇਆ ਕਰਦੀ ਔਰ ਹਰੇਕ ਨਿਯਮ ਬਾਬਤ ਭਿੰਨ ਭਿੰਨ ਨਿਰਣਾ ਇਸ ਤਰ੍ਹਾਂ ਹੈ :
(੧) ਸਿੱਖਾਂ ਦੇ ਧਰਮ ਦਾ ਆਧਾਰ ਵੇਦ ਨਹੀਂ ਹੈ। (ਦੇਖੋ ਇਸ ਪੁਸਤਕ ਦਾ ਅੰਗ ਪਹਿਲਾ)
(੨) ਆਸਤਕਤਾ ਕੇਵਲ ਹਿੰਦੂਆਂ ਵਿਚ ਹੀ ਨਹੀਂ, ਬਲਕਿ ਜੋ ਮਤ ਪ੍ਰਮੇਸ਼ਵਰ ਔਰ ਕਿਸੇ ਖ਼ਾਸ ਪੁਸਤਕ ਦੇ ਮੰਨਣ ਵਾਲੇ ਹਨ, ਉਹ ਸਭ ਆਸਤਕ ਹਨ। ਔਰ ਸਿਖ ਧਰਮ ਵਿਚ ਵਾਹਿਗੁਰੂ ਤੋਂ ਛੁਟ ਹੋਰ ਕੋਈ ਅਨਾਦੀ ਨਹੀਂ। ਔਰ ਪੁੰਨ ਪਾਪ ਦਾ ਫਲ ਸੁਖ ਔਰ ਦੁਖ ਸਾਰੇ ਆਸਤਕ ਲੋਕ ਮੰਨਦੇ ਹਨ।
(੩) ਆਵਾਗਮਨ ਸਿੱਖ ਔਰ ਹਿੰਦੂ ਹੀ ਨਹੀਂ ਮੰਨਦੇ, ਸਗੋਂ ਪ੍ਰਾਚੀਨ ਸਮੇਂ ਵਿਚ ਮਿਸਰ ਔਰ ਯੂਨਾਨ ਨਿਵਾਸੀ ਭੀ ਇਸ ਬਾਤ ਦੇ ਵਿਸ਼ਵਾਸੀ ਸਨ। ਔਰ ਇੰਗਲਿਸਤਾਨ ਦਾ ਡਰੂਇਡ (Druid) ਪਾਦਰੀ, ਤਥਾ ਪੀਥਾਗੋਰਸ (Pythagoras), ਐਮਪੀਡੋਕਲਸ (Empedocles) ਆਦਿਕ ਫ਼ਿਲਾਸਫ਼ਰ ਭੀ ਆਵਾਗਮਨ ਮੰਨਣ ਵਾਲੇ ਹੋਏ ਹਨ।
(੪) ਵਰਣ ਆਸ਼੍ਰਮ ਬਾਬਤ ਦੇਖੋ ਇਸ ਪੁਸਤਕ ਦਾ ਅੰਗ ਦੋ।
(੫) ਮੁਰਦੇ ਫੂਕਣੇ ਅਰੋਗਤਾ ਦਾ ਖ਼ਿਆਲ ਕਰਕੇ ਬਹੁਤ ਉੱਤਮ ਹਨ, ਪਰ ਇਹ ਸਿੱਖ ਧਰਮ ਦਾ ਨਿਯਮ ਨਹੀਂ ਹੈ । ਸ੍ਰੀ ਗੁਰੂ ਅਰਜਨ ਸਾਹਿਬ ਅਤੇ ਮਾਤਾ ਗੰਗਾ ਜੀ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ । ਔਰ ਮੁਰਦੇ ਹਿੰਦੂ ਹੀ ਨਹੀਂ ਫੂਕਦੇ, ਬਲਕਿ ਪੁਰਾਣੇ ਜ਼ਮਾਨੇ ਵਿਚ ਯੂਨਾਨ ਔਰ ਰੂਮ ਵਿਚ ਭੀ ਚਿਤਾ ਬਣਾ ਕੇ ਮੁਰਦੇ ਫੂਕੇ ਜਾਂਦੇ ਸਨ ਔਰ ਇਸ ਵਿਦਿਆ ਦੇ ਸਮੇਂ ਵਿਚ ਬਹੁਤ ਯੂਰਪ ਨਿਵਾਸੀ ਮੁਰਦਿਆਂ ਦਾ ਫੂਕਣਾ ਚੰਗਾ ਸਮਝਣ ਲੱਗੇ ਹਨ। ਔਰ ਹਿੰਦੂਆਂ ਵਿਚ ਭੀ ਯੋਗੀ ਸੰਨਿਆਸੀ ਆਦਿਕ ਅਨੇਕ ਫ਼ਿਰਕੇ ਹਨ ਜੋ ਮੁਰਦਿਆਂ ਨੂੰ ਦੱਬਦੇ ਹਨ, ਔਰ ਅਨੰਤ ਹਿੰਦੂ ਗੰਗਾ ਆਦਿਕ ਨਦੀਆਂ ਵਿਚ ਮੁਰਦੇ ਪ੍ਰਵਾਹੁੰਦੇ ਹਨ। ਐਸੀ ਹਾਲਤ ਵਿਚ ਕੌਣ ਹਿੰਦੂ ਆਖ ਸਕਦਾ ਹੈ ਕਿ ਮੁਰਦੇ ਜਲਾਉਣੇ ਹਿੰਦੂ ਧਰਮ ਦਾ ਨਿਯਮ ਹੈ ?
(੬) ਗਉ ਸਾਡੇ ਦੇਸ਼ ਲਈ ਲਾਭਦਾਈ ਹੈ, ਏਸ ਦੀ ਜਿਤਨੀ ਵੀ ਰੱਖਿਆ ਅਰ ਯੋਗ ਕਦਰ ਕੀਤੀ ਜਾਵੇ, ਸੋ ਥੋੜ੍ਹੀ ਹੈ, ਔਰ ਸਿੱਖ ਇਸ ਨੂੰ ਪ੍ਰਾਣਾਂ ਜਿਹਾ ਪਿਆਰ ਕਰਦੇ ਹਨ, ਪਰ ਗੁਰਮਤਿ ਵਿਚ ਗਊ ਦੀ ਕਦਰ ਔਰ ਬੇਕਦਰੀ ਹਿੰਦੂਆਂ ਜੇਹੀ ਨਹੀਂ; ਅਰਥਾਤ ਨਾ ਗਊ ਦਾ ਗੋਹਾ ਔਰ ਮੂਤ ਖਾਂਦੇ ਪੀਂਦੇ ਹਨ ਔਰ ਨਾ ਗੋਬਰ ਦਾ ਚੌਂਕਾ ਦਿੰਦੇ ਹਨ, ਔਰ ਨਾ ਵੇਦ ਵਿਧੀ ਅਨੁਸਾਰ ਗੋਮੇਧ ਯੱਗ ਕਰਨ ਨੂੰ ਤਿਆਰ ਹਨ, ਔਰ ਨਾ ਪ੍ਰਾਹੁਣਿਆਂ ਨੂੰ 'ਗੋਘਨ' ਨਾਉਂ ਲੈ ਕੇ ਬੁਲਾਉਂਦੇ ਹਨ।
(੭) ਛੂਤ ਛਾਤ ਦਾ ਭਰਮ ਸਿੱਖਾਂ ਵਿਚ ਮੁਢੋਂ ਨਹੀਂ ਹੈ। (ਦੇਖੋ ਇਸ ਪੁਸਤਕ ਦਾ ਅੰਗ ਅੱਠ)
ਪਿਆਰੇ ਹਿੰਦੂ ਜੀ! ਆਪ ਦਾ ਇਨ੍ਹਾਂ ਨਿਯਮਾਂ ਨੂੰ ਆਲਮਗੀਰ ਆਖਣਾ ਕੇਵਲ ਅਗਿਆਨ ਹੈ।
ਜੇ ਵਿਚਾਰ ਕੇ ਦੇਖਿਆ ਜਾਵੇ ਤਾਂ ਹਿੰਦੂ ਧਰਮ ਦਾ ਕੋਈ ਨਿਯਮ ਅਜੇਹਾ ਨਹੀਂ ਜੋ ਅਤੀਵ੍ਯਾਪਤੀ, ਅਪ ਅਰ ਅਸੰਭਵ, ਇਨ੍ਹਾਂ ਤਿੰਨਾਂ ਦੂਸ਼ਣਾਂ ਤੋਂ ਰਹਿਤ ਹੋਵੇ। ਜਿਸ ਤਰ੍ਹਾਂ ਹਿੰਦੂਆਂ ਦੇ ਦੇਵਤੇ ਔਰ ਧਰਮ ਪੁਸਤਕ ਅਨੰਤ ਹਨ, ਇਸੀ ਤਰ੍ਹਾਂ ਧਰਮ ਦੇ ਨਿਯਮ ਭੀ ਬੇਅੰਤ ਹਨ।
ਸ੍ਰੀ ਰਾਮ ਚੰਦਰ, ਵਸ਼ਿਸ਼ਟ, ਵਿਸ੍ਵਾਮਿਤਰ, ਪਰਸੁਰਾਮ, ਕ੍ਰਿਸ਼ਨ, ਯੁਧਿਸ਼ਟਰ ਆਦਿਕ ਕੇਸ ਔਰ ਦਾਹੜੀ ਰੱਖਣ ਵਾਲੇ (ਅਮੁੰਡਿਤ) ਭੀ ਹਿੰਦੂ ਹਨ, ਔਰ ਬੋਦੀ ਤਥਾ ਬੋਦੀ ਰਹਿਤ ਸਾਫ਼ ਚੱਟਮ ਭੀ ਹਿੰਦੂ ਹਨ। ਵੇਦਾਂ ਦੇ ਵਿਸ਼ਵਾਸੀ ਭੀ ਹਿੰਦੂ, ਔਰ ਵੇਦਾਂ ਨੂੰ ਭੰਡ ਨਿਸਾਚਰਾਂ ਦਾ ਰਚਿਆ ਹੋਇਆ ਮੰਨਣ ਵਾਲੇ ਆਚਾਰੀਆਂ ਦੀ ਸੰਪ੍ਰਦਾਇ ਭੀ ਹਿੰਦੂ ਹੈ । ਸਭ ਜੀਵਾਂ ਤੋਂ ਸ਼੍ਰੋਮਣੀ ਜੋ ਮਨੁਸ਼ ਹੈ, ਉਸ ਨੂੰ ਵੱਢ ਕੇ ਯੱਗ ਵਿਚ ਹਵਨ ਕਰਨ ਵਾਲੇ ਭੀ ਹਿੰਦੂ ਹਨ। ਔਰ ਕੀੜੀ ਦੇ ਪੈਰ ਹੇਠ ਦੱਬ ਕੇ ਮਰਨ ਤੋਂ ਡਰਨ ਵਾਲੇ ਭੀ ਹਿੰਦੂ ਹਨ। ਚੂਹੇ, ਕੁੱਤੇ, ਕੰਨਖਜੂਰੇ ਆਦਿਕ ਦੀ ਪੂਜਾ ਕਰਨ ਵਾਲੇ ਭੀ ਹਿੰਦੂ ਹਨ, ਔਰ ਪ੍ਰਮੇਸ਼ਵਰ ਨੂੰ ਸਹੇ ਦੇ
_______________
੧. “ਬ੍ਰਾਹਮਣ ਅਥਵਾ ਛੱਤ੍ਰੀ ਦੇ ਅਭਿਆਗਤ ਹੋਣ ਪਰ ਵੱਡਾ ਬੈਲ ਜਾਂ ਵੱਡਾ ਬੱਕਰਾ ਪਕਾਵੇ ।" (ਵਸ਼ਿਸ਼ਟ ਸਿਮ੍ਰਤੀ ਅ: ੪)
ਸਿੰਗਾਂ ਦੀ ਤਰ੍ਹਾਂ ਅਣਹੋਇਆ ਸਮਝਣ ਵਾਲੇ ਭੀ ਹਿੰਦੂ ਹਨ, ਭਾਵ ਇਹ ਹੈ ਕਿ “ਹਿੰਦੂ ਧਰਮ" ਦੀ ਅਗਾਧ ਕਥਾ ਹੈ, ਜਿਸ ਦੇ ਲਿਖਣ ਲਈ ਸਾਡੀ ਕਲਮ ਅਸਮਰਥ ਹੈ। ਔਰ ਸਭ ਤੋਂ ਵਧ ਕੇ ਅਨੋਖੀ ਗੱਲ ਇਹ ਹੈ ਕਿ ਹਿੰਦੂ ਮਤ ਤੋਂ ਛੁਟ ਆਪ ਸੰਸਾਰ ਦੇ ਕਿਸੇ ਮਤ ਵਿਚ ਇਹ ਨਹੀਂ ਦੇਖੋਗੇ ਕਿ ਉਸ ਦਾ ਧਾਰਮਿਕ ਨਾਉਂ ਉਸ ਦੇ ਧਰਮ ਪੁਸਤਕ ਵਿਚ ਨਾ ਹੋਵੇ ਅਰ ਕਿਸੇ ਅਨ੍ਯ ਧਰਮੀ ਦਾ ਕਲਪਿਆ ਹੋਇਆ ਨਾਉਂ ਅੰਗੀਕਾਰ ਕਰੇ।
ਇਸ ਵਿਸ਼ੈ ਉਤੇ ਇਕ ਮਜ਼ਮੂਨ ੧੬ ਅਪ੍ਰੈਲ ੧੯੧੩ ਦੇ ‘ਸਿਵਲ ਮਿਲਟਰੀ ਗਜ਼ਟ’ ਵਿਚ ਛਪਿਆ ਹੈ, ਜਿਸ ਦਾ ਖੁਲਾਸਾ ਆਪ ਨੂੰ ਸੁਨਾਉਣਾ ਯੋਗ ਹੈ :
"ਇਸ ਗੱਲ ਤੋਂ ਪਹਿਲਾਂ ਕਿ ਹਿੰਦੂਆਂ ਦੀ ਬਾਬਤ ਕੁਛ ਬਿਆਨ ਕੀਤਾ ਜਾਵੇ, ਯੋਗ ਪ੍ਰਤੀਤ ਹੁੰਦਾ ਹੈ ਕਿ ਵਾਹ ਲਗਦੇ ਹਿੰਦੂ ਦਾ ਲੱਛਣ ਕਰੀਏ ਕਿ ਹਿੰਦੂ ਕਿਸ ਨੂੰ ਆਖਦੇ ਹਨ। ਏਹੋ ਇਕ ਐਸਾ ਸ਼ਬਦ ਹੈ ਜਿਸ ਪਰ ਕਈ ਸੂਬਿਆਂ ਅਰ ਰਿਆਸਤਾਂ ਦੇ ਮਨੁੱਖ ਸੰਖਿਆ ਕਰਨ ਵਾਲੇ ਅਫਸਰਾਂ ਨੇ ਬੜੀ ਮਿਹਨਤ ਨਾਲ ਨਿਰਣਾ ਕੀਤਾ ਹੈ, ਪਰ ਸਭ ਦਾ ਆਪੋ ਵਿਚੀ ਵਿਰੋਧ ਹੈ। ਮੁਸਲਮਾਨ, ਈਸਾਈ, ਸਿੱਖ, ਪਾਰਸੀ, ਬੋਧ ਅਰ ਜੈਨੀਆਂ ਦਾ ਲੱਛਣ ਕਰਨਾ ਸੌਖੀ ਗੱਲ ਹੈ, ਪਰ ਜਦ ਹਿੰਦੂਆਂ ਦਾ ਲੱਛਣ ਕਰਨ ਲੱਗੀਏ ਤਦ ਭਾਰੀ ਔਖ ਜਾਪਦਾ ਹੈ, ਗੇਟ ਸਾਹਿਬ (Mr. Gait) ਕਮਿਸ਼ਨਰ ਮਰਦਮ ਸ਼ੁਮਾਰੀ ਨੇ ਲਿਖਿਆ ਹੈ ਕਿ ਹਿੰਦੂ ਉਹ ਹਨ ਜੋ ਵੱਡੇ ਵੱਡੇ ਦੇਵਤਿਆਂ ਨੂੰ ਪੂਜਦੇ ਹਨ, ਹਿੰਦੂ ਮੰਦਰਾਂ ਵਿਚ ਜਾਣ ਅਤੇ ਚੜ੍ਹਾਵਾ ਦੇਣ ਦੇ ਹੱਕਦਾਰ ਹਨ, ਅਰ ਜਿਨ੍ਹਾਂ ਦੇ ਛੁਹਣ ਨਾਲ ਦੂਜੇ ਲੋਕ ਅਪਵਿਤ੍ਰ ਨਹੀਂ ਹੋ ਸਕਦੇ ।
ਕੋਚੀਨ ਦੇ ਸੁਪ੍ਰੈਟੰਡੰਟ ਕਹਿੰਦੇ ਹਨ ਕਿ ਉਪਰ ਲਿਖੇ ਲੱਛਣ ਮਾਲਾਬਾਰ ਦੇ ਆਮ ਹਿੰਦੂਆਂ ਪਰ ਨਹੀਂ ਘਟਦੇ । ਅਰ ਆਪ ਹਿੰਦੂ ਦਾ ਇਹ ਲੱਛਣ ਕਰਦੇ ਹਨ ਕਿ ਹਿੰਦੂ ਉਹ ਹੈ ਜੋ ਜਾਤ ਪਾਤ ਨੂੰ ਮੰਨਦਾ ਹੈ।
ਮੈਸੂਰ ਦੇ ਸੁਪ੍ਰੰਟੰਡੰਟ ਆਖਦੇ ਹਨ ਕਿ ਹਿੰਦੂ ਉਹ ਹੈ ਜੋ ਪ੍ਰਮੇਸ਼ਵਰ ਨੂੰ ਮੰਨਦਾ ਹੈ, ਔਰ ਨਿਸਚਾ ਰਖਦਾ ਹੈ ਕਿ ਇਸ ਜੀਵਨ ਅਥਵਾ ਪਿਛਲੇ ਜਨਮ ਦੇ ਕੀਤੇ ਸ਼ੁਭ ਕਰਮਾਂ ਕਰਕੇ ਉਹ ਕਿਸੇ ਦਿਨ ਐਸੀ ਪਦਵੀ ਪਾਊਗਾ, ਜਿਸ ਦੇ ਤੁੱਲ ਦੁਨੀਆ ਵਿਚ ਕੋਈ ਵਸਤੂ ਨਹੀਂ ।
ਟ੍ਰਾਵਨਕੋਰ ਦੇ ਸੰਪ੍ਰੈਟੰਡੰਟ ਸਾਹਿਬ ਭੀ ਹਿੰਦੂ ਉਸ ਨੂੰ ਆਖਦੇ ਹਨ ਜੋ ਕਰਮਾਂ ਤੇ ਭਰੋਸਾ ਰਖਣ ਵਾਲਾ ਹੈ।
ਬਲੰਟ ਸਾਹਿਬ (Mr. Blunt) ਨੇ ਬਹੁਤ ਨਿਰਣਾ ਕਰ ਕੇ ਇਹ ਸਿੱਟਾ ਕੱਢਿਆ ਹੈ ਕਿ ਹਿੰਦੂ ਉਹ ਹੈ ਜੋ ਇਸ ਭਾਰਤ ਖੰਡ ਦਾ ਅਸਲ ਵਸਨੀਕ ਹੈ, ਅਰ ਜਿਸ ਵਿਚ ਗ਼ੈਰ ਮੁਲਕ ਦੀ ਨਸਲ ਦਾ ਮੇਲ ਨਹੀਂ, ਔਰ ਜੋ ਬ੍ਰਾਹਮਣ ਨੂੰ ਗੁਰੂ ਮੰਨਦਾ ਹੈ, ਅਰ ਗਾਂ ਦੀ ਇੱਜ਼ਤ ਕਰਦਾ ਹੈ, ਘਟ ਤੋਂ ਘਟ ਗਊ ਨੂੰ ਮਾਰਨਾ ਜਾਂ ਦੁਖ ਦੇਣਾ ਪਾਪ ਸਮਝਦਾ ਹੈ ।
ਅੰਤ ਵਿਚ ਬਲੰਟ ਸਾਹਿਬ ਇਹ ਗੱਲ ਭੀ ਲਿਖਦੇ ਹਨ ਕਿ ਇਹ ਲੱਛਣ ਭੀ ਹਿੰਦੂਆਂ ਦਾ ਪੂਰਾ ਨਹੀਂ ਹੈ, ਅਰ ਵਾਸਤਵ ਵਿਚ ਹਿੰਦੂ ਮਜ਼ਹਬ ਦੀ ਕੋਈ ਹੱਦ ਨਹੀਂ ਔਰ ਬੇਹੱਦ ਨੂੰ ਹੱਦ ਵਿਚ ਲਿਆ ਨਹੀਂ ਸਕਦੇ।
ਬਲੰਟ ਸਾਹਿਬ ਦੇ ਇਸ ਉਪਰ ਲਿਖੇ ਲੱਛਣ ਨੂੰ ਹਰੇਕ ਆਦਮੀ ਮੰਨਣ ਲਈ ਤਿਆਰ ਨਹੀਂ
ਬਲਕਿ ਇਹ ਬਿਆਨ ਵੇਦ ਦੇ ਰਚਣ ਵਾਲਿਆਂ ਨੂੰ ਭੀ ਅਸਚਰਜ ਕਰ ਦੇਣ ਵਾਲਾ ਹੈ। ਇਲਾਹਾਬਾਦ ਦੇ ਸੂਬੇ ਵਿਚ ਕਈ ਫਿਰਕੇ ਐਸੇ ਹਨ, ਜੋ ਨਾਸਤਕ ਹਨ, ਮੁਰਦੇ ਦਬਦੇ ਹਨ, ਬ੍ਰਾਹਮਣਾਂ ਦੀ ਇੱਜ਼ਤ ਨਹੀਂ ਕਰਦੇ । ਅਰ ਕਈ ਬ੍ਰਾਹਮਣਾਂ ਨੂੰ ਬੁਲਾਉਂਦੇ ਹਨ ਅਰ ਮੁਰਦੇ ਫੂਕਦੇ ਹਨ, ਕਈ ਦਬਦੇ ਹਨ। ਚਮਾਰ ਗਾਂ ਖਾਂਦੇ ਹਨ ਅਰ ਹਿੰਦੂਆਂ ਵਿਚ ਹੀ ਗਿਣੇ ਜਾਂਦੇ ਹਨ ।
ਸਿਧਾਂਤ ਇਹ ਹੈ ਕਿ ਜੇ ਕੋਈ 'ਹਿੰਦੂ' ਸ਼ਬਦ ਦੀ ਅਸਲੀਅਤ ਸਮਝਣ ਵਾਸਤੇ ਮਰਦਮ ਸ਼ੁਮਾਰੀ ਦੇ ਅਫ਼ਸਰਾਂ ਦੀਆਂ ਰਿਪੋਰਟਾਂ ਤੇ ਨੋਟਾਂ ਨੂੰ ਪੜ੍ਹ ਕੇ ਤਸੱਲੀ ਕਰਨੀ ਚਾਹੇ ਤਦ ਕੁਛ ਨਹੀਂ ਹੋ ਸਕਦੀ। ਉਸ ਦੀ ਹਿੰਦੂਆਂ ਬਾਬਤ ਉਤਨੀ ਹੀ ਜਾਂਚ ਰਹੂ, ਜਿਤਨਾ ਕਿ ਉਸ ਨੂੰ ਕਿਤਾਬਾਂ ਪੜ੍ਹਨ ਤੋਂ ਪਹਿਲਾਂ ਸੀ।”
ਹਿੰਦੂ : ਆਪ ਧਾਰਮਿਕ ਨਿਯਮਾਂ ਔਰ ਰੀਤੀਆਂ ਕਰਕੇ ਚਾਹੇ ਸਾਥੋਂ ਵਖਰੇ ਹੋ, ਪਰ ਨੀਤੀ ਦੇ ਵਿਚਾਰ ਨਾਲ ਅਸੀਂ ਇਕ ਹਾਂ, ਕਿਉਂਕਿ ਸਿੱਖਾਂ ਦਾ ਕੋਈ ਵੱਖਰਾ ਕਾਨੂੰਨ (Sikh Law) ਨਹੀਂ ਕਿੰਤੂ ਹਿੰਦੂ ਕਾਨੂੰਨ (Hindu Law) ਅਨੁਸਾਰ ਹੀ ਸਭ ਫ਼ੈਸਲੇ ਹੁੰਦੇ ਹਨ, ਔਰ ਸਿੱਖਾਂ ਨੂੰ ਹਿੰਦੂ ਲਾਅ ਅਨੁਸਾਰ ਹੀ ਚਲਣਾ ਪੈਂਦਾ ਹੈ, ਇਸ ਵਾਸਤੇ ਹਿੰਦੂਆਂ ਤੋਂ ਅਲੱਗ ਨਹੀਂ ਹੋ ਸਕਦੇ।
ਸਿੱਖ : ਪਿਆਰੇ ਹਿੰਦੂ ਜੀ ! ਆਪ ਦਾ 'ਹਿੰਦੂ ਲਾਅ' (ਜੋ ਧਰਮ ਸ਼ਾਸਤਰ ਅਨੁਸਾਰ ਅਸਲ ਕਾਨੂੰਨ ਹੈ) ਅੱਜ ਕੱਲ੍ਹ ਕਿਤੇ ਭੀ ਨਹੀਂ ਵਰਤਿਆ ਜਾਂਦਾ, ਜੇ ਕਦੇ ਉਹ ਪ੍ਰਚੱਲਤ ਹੁੰਦਾ ਤਾਂ ਬਹੁਤਿਆਂ ਦੇ ਨੱਕ, ਕੰਨ, ਹੱਥ, ਪੈਰ ਕੱਟੇ ਹੋਏ ਦਿਖਾਈ ਦਿੰਦੇ, ਔਰ ਕਿਤਨਿਆਂ ਦੇ ਮੂੰਹ, ਕੰਨਾਂ ਵਿਚ ਤੱਤਾ ਤੇਲ ਔਰ ਸਿੱਕਾ ਪੈਂਦਾ ਨਜ਼ਰ ਆਉਂਦਾ। ਕਾਨੂੰਨ ਹਮੇਸ਼ਾਂ ਸਮੇਂ ਦੇ ਹੇਰ ਫੇਰ ਕਰਕੇ ਰਿਵਾਜ ਔਰ ਰਸਮ ਦੇ ਅਨੁਸਾਰ ਰਾਜਾ ਦੀ ਸੰਮਤੀ ਨਾਲ ਬਦਲਦਾ ਰਹਿੰਦਾ ਹੈ, ਜਿਹਾ ਕਿ ਆਪ ਦਾ ਅੱਜ ਕੱਲ੍ਹ ਹਿੰਦੂ ਕਾਨੂੰਨ ਪ੍ਰਵਿਰਤ ਹੈ। ਅਰ ਸਿੱਖਾਂ ਦੇ ਬਹੁਤ ਫ਼ੈਸਲੇ ਰਿਵਾਜ ਅਨੁਸਾਰ ਹੀ ਹੁੰਦੇ ਹਨ, ਇਸੇ ਲਈ Customarily Law ਬਣਾਇਆ ਗਿਆ ਹੈ। ਔਰ ਆਪ ਨੂੰ ਇਹ ਭੀ ਮਲੂਮ ਹੋਣਾ ਚਾਹੀਦਾ ਹੈ ਕਿ ਹਿੰਦੂ, ਈਸਾਈ, ਮੁਸਲਮਾਨ ਆਦਿਕਾਂ ਨੇ ਆਪਣਾ-ਆਪਣਾ ਧਰਮ ਥਾਪਦੇ ਹੀ ਵਿਵਹਾਰਿਕ ਕਾਨੂੰਨ ਨਹੀਂ ਬਣਾ ਲਏ ਸਨ, ਬਲਕਿ ਇਹਨਾਂ ਮਤਾਂ ਦੀਆਂ ਧਰਮ ਪੁਸਤਕਾਂ ਭੀ ਚਿਰ ਪਿਛੋਂ ਲਿਖੀਆਂ ਗਈਆਂ ਹਨ। ਜਿਉਂ ਜਿਉਂ ਸਮੇਂ ਅਨੁਸਾਰ ਕਾਨੂੰਨ ਦੀ ਲੋੜ ਪਈ, ਤਿਉਂ ਤਿਉਂ ਬੁਧੀਵਾਨਾਂ ਨੇ ਨੀਤੀ ਦੇ ਪ੍ਰਬੰਧ ਅਸਥਾਪਨ ਕਰ ਦਿਤੇ। ਜਿਸ ਦਾ ਨਾਉਂ ਉਸ ਮਤ ਦਾ ਕਾਨੂੰਨ ਬਣ ਗਿਆ। ਇਸੀ ਤਰ੍ਹਾਂ 'ਸਿੱਖ ਲਾਅ' ਭੀ ਵਾਹਿਗੁਰੂ ਦੀ ਦਇਆ ਕਰ ਕੇ ਛੇਤੀ ਤਿਆਰ ਹੋ ਜਾਊਗਾ । ਜੇਹਾ ਕਿ ਮਾਲਵਿੰਦਰ ਬਹਾਦਰ ਮਹਾਰਾਜਾ ਰਿਪੁਦਮਨ ਸਿੰਘ ਸਾਹਿਬ ਨਾਭਾਪਤੀ ਜੀ ਦੇ ਪੁਰਸ਼ਾਰਥ ਨਾਲ 'ਅਨੰਦ ਮੈਰਿਜ ਐਕਟ' ਬਣ ਗਿਆ ਹੈ। ਗੁਰਬਾਣੀ ਅਰ ਰਹਿਤਨਾਮਿਆਂ ਵਿਚੋਂ ਸੂਤ੍ਰ ਰੂਪ ਕਰ ਕੇ ਸਿੱਖਾਂ ਦਾ ਕਾਨੂੰਨ ਪਹਿਲਾਂ ਲਿਖਿਆ ਗਿਆ ਹੈ, ਹੁਣ ਕੇਵਲ ਸਮੇਂ ਅਨੁਸਾਰ ਵਿਸਥਾਰ ਦੀ ਲੋੜ ਹੈ।
______________
੧. ਹਜ਼ਰਤ ਈਸਾ ਦੇ ਮਰਨ ਪਿਛੋਂ ਦੂਸਰੀ ਸਦੀ ਦੇ ਅੰਤ ਵਿਚ ਅੰਜੀਲ ਲਿਖੀ ਗਈ ਹੈ, ਬਲਕਿ ਯੂਹੰਨਾ ਦੀ ਅੰਜੀਲ ਤੀਸਰੀ ਸਦੀ ਵਿਚ ਤਿਆਰ ਹੋਈ ਹੈ। (ਦੇਖੋ: Supernatural Religion) ਔਰ ਕੁਰਾਨ ਭੀ ਮੁਹੰਮਦ ਸਾਹਿਬ ਦੇ ਪਿਛੋਂ ਹਾਫ਼ਿਜ਼ਾਂ ਨੂੰ ਇਕੱਠੇ ਕਰ ਕੇ ਖ਼ਲੀਫ਼ਾ ਉਮਰ ਨੇ ਲਿਖਵਾਇਆ ਹੈ।
ਆਪ ਦੀ ਇਸ ਸ਼ੰਕਾ ਤੋਂ ਪਹਿਲਾਂ ਸਰ ਲੈਪਲ ਗ੍ਰਿਫ਼ਿਨ (Sir Lepel Griffin) ਇਸ਼ਾਰੇ ਨਾਲ 'ਸਿੱਖ ਲਾਅ' ਬਣਾਉਣ ਲਈ ਪ੍ਰੇਰਦੇ ਹਨ, ਔਰ ਇਹ ਭੀ ਪ੍ਰਗਟ ਕਰਦੇ ਹਨ ਕਿ ਸਿੱਖਾਂ ਵਾਸਤੇ 'ਹਿੰਦੂ ਲਾਅ' ਵਰਤਣਾ ਅਯੋਗ ਹੈ :
The Sikhs had abandoned the Hindu faith, and with it the system of law which is the basis of that faith and which was inseparable from it. For a hundred and fifty years they had been governed, as far as Chiefships were concerned, by another code altogether, and it was as reasonable for them to refer to Manu and the Shastras as the source of legal authority, as it would have been for Muhammadans, who had embraced Sikhism to appeal to the Shara. (The Rajas of the Punjab, P. 338)
ਇਸ ਦਾ ਭਾਵ ਇਹ ਹੈ:
“ਸਿੱਖਾਂ ਨੇ ਹਿੰਦੂ ਧਰਮ ਛੱਡ ਦਿਤਾ ਹੈ ਇਸ ਵਾਸਤੇ ਹਿੰਦੂਆਂ ਦਾ ਕਾਨੂੰਨ ਭੀ ਨਾਲ ਹੀ ਛੁੱਟ ਗਿਆ ਹੈ। ਔਰ ਸਿੱਖਾਂ ਨੂੰ ਹਿੰਦੂ ਕਾਨੂੰਨ ਦਾ ਹਵਾਲਾ ਦੇਣਾ ਓਹੋ ਜਿਹਾ ਹੈ ਜਿਸ ਤਰ੍ਹਾਂ ਕੋਈ ਮੁਸਲਮਾਨ, ਸਿੱਖ ਬਣ ਕੇ ਸ਼ਰਾ ਮੁਹੰਮਦੀ ਦਾ ਹਵਾਲਾ ਦੇਵੇ ।”
ਹਿੰਦੂ : ਆਪ ਦੀਆਂ ਸਭ ਬਾਤਾਂ ਪਰ ਵਿਚਾਰ ਕਰ ਕੇ ਮੈਂ ਇਹ ਗੱਲ ਮੰਨਦਾ ਹਾਂ ਕਿ ਤੁਸੀਂ ਹਿੰਦੂ ਨਹੀਂ, ਪਰ ਲੰਮੀ ਸੋਚਣ ਤੋਂ ਸਿੱਖਾਂ ਦਾ ਹਿੰਦੂਆਂ ਨਾਲੋਂ ਵੱਖਰਾ ਹੋਣਾ ਲਾਭਦਾਈ ਨਹੀਂ ਦਿਸਦਾ। ਪਹਿਲਾਂ ਇਹ ਕਿ ਆਪਸ ਵਿਚ ਵਿਰੋਧ ਵਧਦਾ ਹੈ, ਦੂਜੇ ਸਿੱਖਾਂ ਦੀ ਤਾਦਾਦ ਥੋੜ੍ਹੀ ਹੈ। ਜੇ ਸਿੱਖ ਹਿੰਦੂ ਕੌਮ ਤੋਂ (ਜੋ ਇਸ ਵੇਲੇ ਬਡੀ ਸਮਰਥਾਵਾਨ ਹੈ) ਵੱਖ ਹੋ ਜਾਣ ਤਾਂ ਭਾਰੀ ਹਾਨੀ ਹੋ ਸਕਦੀ ਹੈ। ਬੁੱਧੀਵਾਨਾਂ ਦਾ ਕਹਿਣਾ ਹੈ ਕਿ ਜਿਥੋਂ ਤੋੜੀ ਹੋ ਸਕੇ ਆਪਣੀ ਸਮਰਥਾ ਵਧਾਉਣੀ ਚਾਹੀਏ।
ਸਿੱਖ : ਪਿਆਰੇ ਹਿੰਦੂ ਭਾਈ ਸਾਹਿਬ ! ਇਹ ਗੱਲ ਆਪ ਡੂੰਘੀ ਵਿਚਾਰ ਨਾਲ ਨਹੀਂ ਆਖ ਰਹੇ ਔਰ ਪੁਰਾਣੇ ਇਤਿਹਾਸਾਂ ਨੂੰ ਧਿਆਨ ਨਾਲ ਵਿਚਾਰ ਕੇ ਔਰ ਦੂਜੀਆਂ ਕੌਮਾਂ ਜਿਸ ਜਿਸ ਤਰ੍ਹਾਂ ਅਲੱਗ ਹੋ ਕੇ ਪ੍ਰਬਲ ਹੋਈਆਂ ਹਨ, ਉਨ੍ਹਾਂ ਕਾਰਣਾਂ ਨੂੰ ਸਿੱਖ ਕੌਮ ਦੀ ਹਾਲਤ ਨਾਲ ਟਾਕਰਾ ਕਰ ਕੇ ਨਹੀਂ ਦੇਖਦੇ।
ਮੇਰੇ ਪ੍ਰੇਮੀ ਜੀ ! ਕੋਈ ਕੌਮ ਭੀ ਸੰਸਾਰ ਪਰ ਸ੍ਵਤੰਤ੍ਰ ਹੋਏ ਬਿਨਾਂ ਪੂਰੀ ਉਨਤੀ ਨਹੀਂ ਕਰ ਸਕੀ । ਜਦ ਤੋੜੀ ਕੋਈ ਕੌਮ ਕਿਸੇ ਕੌਮ ਦੀ ਸ਼ਾਖ਼ ਬਣ ਕੇ ਰਹੀ ਹੈ, ਤਦ ਤੋੜੀ ਗੁਲਾਮੀ ਦਸ਼ਾ ਵਿਚ ਰਹੀ ਹੈ, ਔਰ ਵਾਧੇ ਦੇ ਥਾਉਂ ਘਾਟਾ ਹੁੰਦਾ ਰਹਿਆ ਹੈ।
______________
੧. ਈਸਾਈ ਜਦ ਤਾਈਂ ਯਹੂਦੀਆਂ ਤੋਂ ਅਲੱਗ ਨਹੀਂ ਹੋਏ, ਤਦ ਤੋੜੀ ਮੰਦ-ਦਸ਼ਾ ਵਿਚ ਰਹੇ, ਬਲਕਿ ਇਕ ਵਾਰ ਈਸਾਈ ਮਤ ਸੰਸਾਰ ਪਰ ਨਾਮ ਮਾਤ੍ਰ ਰਹਿ ਗਿਆ ਸੀ, ਅੰਤ ਨੂੰ ਈਸਾਈਆਂ ਨੇ ਸੋਚ ਸਮਝ ਕੇ ਆਪਣੇ ਤਾਈਂ ਅਲੱਗ ਕੀਤਾ, ਔਰ ਏਥੋਂ ਤਾਈਂ ਜੁਦਾਈ ਕਰੀ ਕਿ ਖ਼ੁਦਾ ਦੇ ਹੁਕਮ ਤੋਂ ਵਿਰੁੱਧ ਸ਼ਨਿਚਰਵਾਰ ਦੇ ਥਾਉਂ ਐਤਵਾਰ ਨੂੰ ਪਵਿਤ੍ਰ ਦਿਨ ਥਾਪਿਆ।
ਏਸੇ ਤਰ੍ਹਾਂ ਮੁਸਲਮਾਨ ਭੀ ਅਮਲੀ ਤੌਰ ਤੇ ਪੁਰਾਣੇ ਧਰਮਾਂ ਤੋਂ (ਜਿਨ੍ਹਾਂ ਵਿਚੋਂ ਹਜ਼ਰਤ ਮੁਹੰਮਦ ਨੇ ਉਨ੍ਹਾਂ ਨੂੰ ਸਾਜਿਆ ਸੀ) ਅਲੱਗ ਹੋਏ ਬਿਨਾਂ ਪੂਰੀ ਉੱਨਤੀ ਨਹੀਂ ਕਰ ਸਕੇ।
ਗੁਰੂ ਸਾਹਿਬ ਦਾ ਸਾਨੂੰ ਸਭ ਤੋਂ ਮੁਖ ਉਪਦੇਸ਼ ਏਕਤਾ ਔਰ ਪ੍ਰਸਪਰ ਪ੍ਰੇਮ ਦਾ ਹੈ, ਜਿਸ ਨੂੰ ਅਸੀਂ ਕਦੀ ਭੀ ਵਿਸਾਰ ਨਹੀਂ ਸਕਦੇ। ਔਰ ਸਭ ਕੌਮਾਂ ਨਾਲ ਪੜੋਸੀਆਂ ਜਿਹਾ ਪਿਆਰ ਕਰਦੇ ਹਾਂ, ਔਰ ਉਨ੍ਹਾਂ ਦੀ ਹਾਨੀ ਔਰ ਲਾਭ ਨੂੰ ਆਪਣੀ ਹਾਨੀ ਔਰ ਲਾਭ ਜਾਣਦੇ ਹਾਂ ਪਰ ਧਾਰਮਿਕ ਔਰ ਸਮਾਜਿਕ ਨਿਯਮਾਂ ਅਨੁਸਾਰ ਇਕ ਨਹੀਂ ਹੋ ਸਕਦੇ। ਬਲਕਿ ਅਸੀਂ ਤਜਰਬੇ ਨਾਲ ਵੇਖਿਆ ਹੈ ਕਿ ਹਿੰਦੂ ਕੌਮ ਨਾਲ ਇੱਕ-ਮਿੱਕ ਹੋਣ ਕਰਕੇ ਸਿੱਖਾਂ ਦੀ ਭਾਰੀ ਹਾਨੀ ਹੋਈ ਹੈ ਔਰ ਨਿਤ ਹੋ ਰਹੀ ਹੈ :
(ੳ) ਅਨੇਕਾਂ ਸਿੱਖ ਖਾਨਦਾਨ ਮੋਨੇ ਹੋ ਗਏ ਹਨ, ਖ਼ਾਸ ਕਰਕੇ ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖ ਬਣੇ ਸਨ ਉਨ੍ਹਾਂ ਵਿਚੋਂ ਬਹੁਤ ਹੀ, ਪੁਰਾਣੇ ਭਾਈਚਾਰੇ ਵਿਚ ਜਾ ਮਿਲੇ ।
(ਅ) ਅਨੇਕਾਂ ਨੇ ਮੋਨਿਆਂ ਨਾਲ ਸਾਕ ਸੰਬੰਧ ਕਰ ਕੇ ਆਪਣੇ ਪਵਿਤਰ ਧਰਮ ਨੂੰ ਤਿਆਗ ਦਿਤਾ ਹੈ, ਔਰ ਸਿੱਖਾਂ ਨੂੰ ਪਰਚਾਉਣ ਲਈ ਆਖਦੇ ਹਨ ਕਿ ਸਿੱਖੀ ਮਨ ਤੋਂ ਧਾਰਨ ਕਰਨੀ ਚਾਹੀਏ, ਕੇਸ, ਕੱਛ ਆਦਿਕ ਚਿੰਨ੍ਹਾਂ ਔਰ ਅੰਮ੍ਰਿਤ ਵਿਚ ਸਿੱਖੀ ਥੋੜਾ ਬੱਝੀ ਹੈ ? ਆਪ ਨੂੰ ਮਾਲੂਮ ਰਹੇ ਕਿ ਐਸਾ ਕਹਿਣ ਵਾਲੇ ਮਨ ਤੋਂ ਭੀ ਸਿੱਖ ਨਹੀਂ ਹਨ, ਕੇਵਲ ਦੂਸਰਿਆਂ ਪਰ ਸਿੱਖੀ ਦੇ ਖ਼ਿਆਲ ਪ੍ਰਗਟ ਕਰ ਕੇ ਹੋਰਨਾਂ ਨੂੰ ਫਸਾਉਣ ਦੇ ਯਤਨ ਵਿਚ ਹਨ।
(ੲ) ਸਿੱਖਾਂ ਦਾ ਬਹੁਤ ਧਨ ਹਰ ਸਾਲ ਬ੍ਰਾਹਮਣਾਂ ਦੇ ਘਰ ਬਿਅਰਥ ਜਾ ਰਿਹਾ ਹੈ, ਜਿਸ ਤੋਂ ਸਿੱਖ ਕੌਮ ਨੂੰ ਕੁਛ ਭੀ ਲਾਭ ਨਹੀਂ। ਦੇਖੋ! ਪਿਛਲੇ ਗੰਗਾ ਦੇ ਕੁੰਭ ਪਰ ਇਕ ਲੱਖ ਸਿੱਖ ਤੀਰਥ ਯਾਤ੍ਰਾ ਪਰ ਗਿਆ, ਜੇ ਇਕ ਆਦਮੀ ਪਿਛੇ ਘੱਟ ਤੋਂ ਘੱਟ ਦਸ ਰੁਪਏ ਖ਼ਰਚ ਦੇ ਲਾਈਏ ਤਾਂ ਦਸ ਲੱਖ ਰੁਪਇਆ ਕੇਵਲ ਇਕ ਮੇਲੇ ਦਾ ਜੁੜਦਾ ਹੈ, ਜੋ ਸਾਡੀ ਭੋਲੀ ਕੌਮ ਨੇ ਬੇਅਰਥ ਗੁਆ ਦਿਤਾ। ਜੇ ਇਸ ਰੁਪਏ ਨਾਲ ਸਿੱਖ ਲੜਕੀਆਂ ਵਾਸਤੇ ਕਾਲਿਜ ਬਣ ਜਾਂਦਾ ਤਾਂ ਕੌਮ ਨੂੰ ਕਿਤਨਾ ਲਾਭ ਪਹੁੰਚਦਾ। ਔਰ ਜੇ ਯਤੀਮਖਾਨੇ ਖੋਲ੍ਹੇ ਜਾਂਦੇ ਤਾਂ ਕੇਹਾ ਚੰਗਾ ਹੁੰਦਾ।
ਇਸੀ ਤਰ੍ਹਾਂ ਜੰਮਣੇ ਔਰ ਮਰਣੇ ਪਰ ਨਿੱਤ ਲੱਖਾਂ ਰੁਪਿਆ ਸਿੱਖ ਕੌਮ ਦਾ ਬਰਬਾਦ ਹੋ ਰਹਿਆ ਹੈ, ਜੇ ਇਹ ਕੌਮ ਦੀ ਰਕਮ ਕੌਮ ਵਿਚ ਹੀ ਸ਼ੁਭ ਕਾਰਜਾਂ ਪਰ ਖ਼ਰਚ ਕੀਤੀ ਜਾਵੇ ਤਾਂ ਕਿਤਨੀ ਤਰੱਕੀ ਹੋ ਸਕਦੀ ਹੈ।
(ਸ) ਹਿੰਦੂਆਂ ਦੀ ਤਰਫੋਂ ਨਿੱਤ ਇਹ ਯਤਨ ਹੁੰਦਾ ਹੈ ਕਿ ਸਿੱਖੀ ਦੇ ਨਿਸ਼ਾਨ ਮਿਟਾਏ ਜਾਣ ਔਰ ਸਿੱਖਾਂ ਨੂੰ ਹਿੰਦੂ ਮਤ ਵਿਚ ਹੀ ਲੀਨ ਕੀਤਾ ਜਾਵੇ। ਦ੍ਰਿਸ਼ਟਾਂਤ ਲਈ ਦੇਖੋ! ਜਦ ਕੋਈ ਅਗਿਆਨੀ ਸਿੱਖ ਸ਼ਾਧ ਕਰਾਉਂਦਾ ਜਾਂ ਗਯਾ ਆਦਿਕ ਤੀਰਥਾਂ ਪਰ ਬ੍ਰਾਹਮਣਾਂ ਦੇ ਧੱਕੇ ਚੜ੍ਹਦਾ ਹੈ ਤਾਂ ਪਹਿਲਾਂ ਕੱਛ ਔਰ ਕੜੇ ਨੂੰ ਵਿਦਾਇਗੀ ਦਿਤੀ ਜਾਂਦੀ ਹੈ, ਜਿਸ ਦਾ ਭਾਵ ਇਹ ਹੈ ਕਿ ਸਿੱਖੀ ਦੇ ਚਿੰਨ੍ਹ ਧਾਰ ਕੇ ਉਹ ਹਿੰਦੂ ਰੀਤੀ ਨਹੀਂ ਕਰਾ ਸਕਦਾ, ਪਰ ਜੇ ਸਿੱਖ ਹਿੰਦੂ ਧਰਮ ਪਰ ਭਰੋਸਾ ਹੀ ਨਾ ਰੱਖਣ ਤਾਂ ਹਿੰਦੂਆਂ ਦੀ ਇਹ ਸਮਰਥਾ ਨਹੀਂ ਕਿ ਸਿੱਖਾਂ ਦੇ ਘਰ ਜਾ ਕੇ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਦੂਰ ਕਰ ਦੇਣ।
_____________
੧. ਆਪ ਉਹਨਾਂ ਦੇ ਮੂੰਹ ਤੋਂ ਕਦੇ ਇਹ ਨਹੀਂ ਸੁਣੋਗੇ ਕਿ ਜਨੇਊ, ਬੋਦੀ ਵਿਚ ਹਿੰਦੂਪੁਣਾ ਥੋੜਾ ਰਖਿਆ ਹੋਇਆ ਹੈ।
੨. ਉਪਰ ਲਿਖਿਆ ਅਯੋਗ ਵਰਤਾਉ ਕਰਨ ਵਾਲੇ ਹਿੰਦੂ ਹੀ ਹਮ ਹਿੰਦੂ ਨਹੀਂ ਪੁਸਤਕ ਦੇ ਲਿਖਾਉਣ ਦਾ ਕਾਰਨ ਬਣੇ ਹਨ।
ਔਰ ਆਪ ਨੇ ਜੋ ਆਖਿਆ ਹੈ ਕਿ ਸਿੱਖ ਕੌਮ ਦਾ ਹਿੰਦੂਆਂ ਤੋਂ ਜੁਦਾ ਹੋਣਾ ਵਿਰੋਧ ਦਾ ਕਾਰਨ ਹੈ, ਸੋ ਭੀ ਸਹੀ ਨਹੀਂ, ਕਿਉਂਕਿ ਸਿੱਖ ਕਿਸੇ ਨਾਲ ਵਿਰੋਧ ਨਹੀਂ ਕਰਦੇ। ਉਹ ਸਤਿਗੁਰਾਂ ਦੇ ਇਨ੍ਹਾਂ ਬਚਨਾਂ ਪਰ ਨਿਸ਼ਚਾ ਕਰ ਕੇ ਸਭ ਸੰਸਾਰ ਦੇ ਜੀਵਾਂ ਨੂੰ ਆਪਣਾ ਪਿਆਰਾ ਸਮਝਦੇ ਹਨ :
(੧) ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ (ਧਨਾਸਰੀ ਮ: ੫, ਪੰਨਾ ੬੭੧)
(੨) ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥ (ਦੇਵਗੰਧਾਰੀ ਮ: ੫, ਪੰਨਾ ੫੨੯)
(੩) ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਕਾਨੜਾ ਮ: ੫, ਪੰਨਾ ੧੨੯੯)
(੪) ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ (ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੯)
(੫) ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ (ਵਡਹੰਸੁ ਮ: ੧, ਪੰਨਾ ੫੬੬)
(੬) ਗੁਰਮੁਖਿ ਵੈਰ ਵਿਰੋਧ ਗਵਾਵੈ ॥ (ਰਾਮਕਲੀ ਸਿਧ ਗੋਸਟਿ ਮ: ੧, ਪੰਨਾ ੯੪੨)
(੭) ਮਨ ਅਪੁਨੇ ਤੇ ਬੁਰਾ ਮਿਟਾਨਾ॥
ਪੇਖੈ ਸਗਲ ਸ੍ਰਿਸਟਿ ਸਾਜਨਾ ॥ (ਗਉੜੀ ਸੁਖਮਨੀ ਮ: ੫, ਪੰਨਾ ੨੬੬)
ਪਿਆਰੇ ਭਾਈ ! ਇਹ ਕਹਾਵਤ ਪ੍ਰਸਿੱਧ ਹੈ ਕਿ "ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ।” ਸੋ ਜੇ ਕੋਈ ਅਕਾਰਣ ਸਿੱਖਾਂ ਨਾਲ ਵਿਰੋਧ ਕਰੇ, ਤਾਂ ਇਸ ਪਾਸਿਓਂ ਸ਼ਾਂਤੀ ਹੋਣ ਕਰਕੇ ਆਪੇ ਹੀ ਵਿਰੋਧ ਸ਼ਾਂਤ ਹੈ। ਦ੍ਰਿਸ਼ਟਾਂਤ ਲਈ ਦੇਖੋ ! ਜਦ ਸਿੱਖਾਂ ਨੂੰ ਹਿੰਦੂਆਂ ਨੇ ਮੁਸਲਮਾਨ ਹਾਕਮਾਂ ਪਾਸ ਫੜ ਕੇ ਪੇਸ਼ ਕੀਤਾ ਔਰ ਕਤਲ ਕਰਵਾਇਆ, ਔਰ ਕੇਸਾਂ ਵਾਲੇ ਸਿਰ ਵੱਢ ਕੇ ਹਾਕਮਾਂ ਪਾਸ ਭੇਜ ਕੇ ਇਨਾਮ ਹਾਸਲ ਕੀਤੇ, ਉਸ ਵੇਲੇ ਭੀ ਸਿੱਖਾਂ ਨੇ ਹਿੰਦੂਆਂ ਨਾਲ ਵੈਰ ਕਰਨ ਦੀ ਥਾਂ ਉਨ੍ਹਾਂ ਦੀਆਂ ਬਹੂ ਬੇਟੀਆਂ ਦੇ ਛੁਡਾਉਣ ਵਾਸਤੇ ਔਰ ਇਸ ਦੇਸ ਤੋਂ ਅਧਰਮ ਔਰ ਜ਼ੁਲਮ ਹਟਾਉਣ ਲਈ ਆਪਣਾ ਲਹੂ ਵਹਾਇਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਬਚਨ ਪਰ ਅਮਲ ਕੀਤਾ :
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥ (ਸਲੋਕ ਫਰੀਦ, ਪੰਨਾ ੧੩੮੧)
ਔਰ ਅਸੀਂ ਇਹ ਭੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਹਿੰਦੂਆਂ ਦਾ ਸਾਡੇ ਨਾਲ ਕੋਈ ਵੈਰ ਨਹੀਂ, ਸਗੋਂ ਪ੍ਰੇਮ ਹੈ, ਔਰ ਉਹ ਸਾਡੇ ਸਤਿਗੁਰਾਂ ਦੇ ਉਪਕਾਰਾਂ ਨੂੰ ਅੱਛੀ ਤਰ੍ਹਾਂ ਜਾਣਦੇ ਹਨ, ਔਰ ਅਸੀਂ ਭੀ ਸਦੈਵ ਉਨ੍ਹਾਂ ਦਾ ਭਲਾ ਚਾਹੁੰਦੇ ਹਾਂ। ਵਿਰੋਧ ਦਾ ਕਾਰਨ ਸਿਰਫ਼ ਉਹ ਆਦਮੀ ਹਨ, ਜਿਨ੍ਹਾਂ ਨੂੰ ਖ਼ੁਦਗਰਜ਼ੀ ਰੂਪ ਭੂਤ ਲੱਗਿਆ ਹੋਇਆ ਹੈ, ਔਰ ਜੋ ਸਿਖ ਕੌਮ ਨੂੰ ਆਪਣਾ ਦਾਸ ਬਣਾ ਕੇ ਖੀਸੇ ਭਰਨੇ ਚਾਹੁੰਦੇ ਹਨ। ਉਨ੍ਹਾਂ ਨੂੰ ਭਰੋਸਾ ਹੋ ਗਿਆ ਹੈ ਕਿ ਜੇ ਸਿੱਖ ਕੌਮ ਸਾਡੇ ਹੱਥੋਂ ਜਾਂਦੀ ਰਹੀ ਤਾਂ ਆਮਦਨ ਦਾ ਭਾਰੀ ਹਿੱਸਾ ਮਾਰਿਆ
ਜਾਊ। ਇਹੀ ਲੋਕ ਜਗ੍ਹਾ ਜਗ੍ਹਾ ਰੌਲਾ ਮਚਾ ਕੇ ਉਪਾਧੀ ਛੇੜ ਰਹੇ ਹਨ ਔਰ ਵਿਰੋਧ ਫੈਲਾ ਰਹੇ ਹਨ। ਜੇ ਵਾਹਿਗੁਰੂ ਇਨ੍ਹਾਂ ਨੂੰ ਸੁਮਤਿ ਦੇਵੇ ਤਾਂ ਕਮਾਈ ਕਰ ਕੇ ਖਾਣ ਨੂੰ ਚੰਗਾ ਸਮਝਣ ਔਰ ਬਿਗਾਨੇ ਹੱਕ ਨੂੰ ਹਰਾਮ ਜਾਨਣ, ਫੇਰ ਆਪ ਹੀ ਸਾਰੇ ਝਗੜੇ ਮਿਟੇ ਪਏ ਹਨ।
ਇਨ੍ਹਾਂ ਸਵਾਰਥੀ" ਲੋਕਾਂ ਨੇ ਹੀ ਪੋਥੀਆਂ ਛਾਪ ਕੇ ਔਰ ਅਖ਼ਬਾਰਾਂ ਵਿਚ ਮਜ਼ਮੂਨ ਦੇ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ 'ਸਿੱਖ ਹਿੰਦੂ ਹਨ।' ਭਲਾ ਕੋਈ ਵਿਚਾਰਵਾਨ ਸੋਚੇ ਕਿ ਜੇ ਸਿੱਖ ਆਪਣੇ ਆਪ ਨੂੰ 'ਅਹਿੰਦੂ' ਕਹਿੰਦੇ ਹਨ ਤਾਂ ਕਿਸੇ ਦਾ ਕੀ ਵਿਗੜਦਾ ਹੈ। ਹਾਂ, ਜੇ ਸਿੱਖ ਹਿੰਦੂਆਂ ਨੂੰ ਆਖਣ ਕਿ ਤੁਸੀਂ ਹਿੰਦੂ ਨਹੀਂ ਤਾਂ ਬੇਸ਼ੱਕ ਝਗੜੇ ਦੀ ਗੱਲ ਹੈ। ਜੇ ਕੋਈ ਇਹ ਆਖੇ ਕਿ ਹਿੰਦੂ ਸਿੱਖਾਂ ਨਾਲ ਹਮਦਰਦੀ ਕਰਦੇ ਹਨ ਔਰ ਉਨ੍ਹਾਂ ਨੂੰ ਆਪਣੇ ਤੋਂ ਵੱਖਰਾ ਹੁੰਦਾ ਦੇਖ ਕੇ ਦੁੱਖ ਮੰਨਦੇ ਹਨ, ਤਾਂ ਇਹ ਗੱਲ ਭੀ ਨਿਰੀ ਝੂਠ ਹੈ, ਕਿਉਂਕਿ ਚਾਰੇ ਪਾਸਿਆਂ ਤੋਂ ਸਿੱਖਾਂ ਨੂੰ ਮਲੀਆਮੇਟ ਕਰਨ ਲਈ ਜੋ ਹਿੰਦੂਆਂ ਦੀ ਤਰਫੋਂ ਯਤਨ ਹੋ ਰਿਹਾ ਹੈ, ਸੋ ਕਿਸੇ ਤੋਂ ਗੁੱਝਾ ਨਹੀਂ। ਕੋਈ ਹਿੰਦੂ ਇਕ ਦ੍ਰਿਸ਼ਟਾਂਤ ਲਈ ਤਾਂ ਦਸੇ ਕਿ ਫਲਾਣੇ ਸਿੱਖ ਨੂੰ ਧਰਮ ਤੋਂ ਪਤਿਤ ਹੁੰਦੇ ਕਿਸੇ ਹਿੰਦੂ ਨੇ ਬਚਾਇਆ ਹੈ। ਇਸ ਦੇ ਵਿਰੁਧ ਅਸੀਂ ਹਜ਼ਾਰਾਂ ਦ੍ਰਿਸ਼ਟਾਂਤ ਵਿਖਾ ਸਕਦੇ ਹਾਂ ਕਿ ਕਿਤਨਿਆਂ ਸਿੱਖਾਂ ਦੇ ਹਿੰਦੂਆਂ ਨੇ ਕੇਸ ਦੂਰ ਕੀਤੇ, ਕਈਆਂ ਨੂੰ ਹੁੱਕੇ ਦੀ ਧੂਪ ਦਿੱਤੀ, ਕਈਆਂ ਦੀ ਕ੍ਰਿਪਾਨ, ਕੱਛ ਉਤਰਵਾ ਕੇ ਸੰਕਲਪ ਕਰਵਾਏ, ਕਿਤਨਿਆਂ ਹੀ ਗੁਰਮੰਦਰਾਂ ਵਿਚ ਪੁਰਾਣੀਆਂ ਸਿੱਖ ਧਰਮ ਦੀਆਂ ਰੀਤਾਂ ਹਟਾ ਕੇ ਆਪਣੇ ਘੰਟਿਆਂ ਦੀ ਘਨਘੋਰ ਮਚਾ ਕੇ ਭੋਲੇ ਸਿੱਖਾਂ ਨੂੰ ਇੰਦ੍ਰਜਾਲ ਨਾਲ ਮੋਹਿਤ ਕੀਤਾ। ਕਈ ਗੁਰਦੁਆਰਿਆਂ ਦੀਆਂ ਜਾਇਦਾਦਾਂ ਆਪਣੇ ਨਾਉਂ ਕਰਵਾ ਕੇ ਅੱਜ ਸਿੱਖੀ ਤੋਂ ਇਨਕਾਰੀ ਔਰ ਆਕੀ ਹੋਏ ਬੈਠੇ ਹਨ । ਐਹੋ ਜਿਹੇ ਆਪ ਨੂੰ ਹੋਰ ਕੀ ਕੀ ਪ੍ਰਸੰਗ ਸੁਣਾਈਏ, ਜੋ ਸਿੱਖ ਧਰਮ ਦੀ ਸ੍ਰਿਸ਼ਟੀ ਵਿਚ ਇਨ੍ਹਾਂ ਮਹਾਂ ਕੌਤਕੀਆਂ ਨੇ ਉਲਟ ਪੁਲਟ ਕੀਤਾ ਹੈ। ਐਸੀ ਹਾਲਤ ਵਿਚ ਕੌਣ ਬੁਧੀਮਾਨ ਆਖ ਸਕਦਾ ਹੈ ਕਿ ਹਿੰਦੂਆਂ ਦੀ ਤਰਫ਼ੋਂ ਹਮਦਰਦੀ ਦੇ ਖ਼ਿਆਲ ਕਰਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ?
ਜੇ ਕਿਤੇ ਸਿੱਖਾਂ ਦਾ ਕੁਝ ਹਿੱਸਾ ਸਰਕਾਰੀ ਫ਼ੌਜ ਵਿਚ ਔਰ ਵਾਹਿਗੁਰੂ ਦੀ ਦਇਆ ਕਰਕੇ ਜਿਹਾ ਕਿ ਹੁਣ ਨਿਤ ਨਵਾਂ ਵਿਦਿਆ ਦਾ ਪ੍ਰਕਾਸ਼ ਹੋ ਰਿਹਾ ਹੈ, ਨਾ ਹੁੰਦਾ, ਤਾਂ ਹੁਣ ਨੂੰ ਆਪ ਸਿੱਖ ਧਰਮ ਕਾਗ਼ਜ਼ਾਂ ਵਿਚ ਹੀ ਦੇਖਦੇ, ਪਰ ਅਕਾਲ ਪੁਰਖ ਦਾ ਧੰਨਵਾਦ ਹੈ ਕਿ ਉਸ ਨੇ ਕ੍ਰਿਪਾ ਕਰ ਕੇ ਇਹ ਗੱਲ ਸੁਝਾਈ ਹੈ ਕਿ ਇਸ ਸਮੇਂ ਸਾਨੂੰ ਆਪਣੀ ਧਾਰਮਿਕ ਔਰ ਵਿਵਹਾਰਕ ਦਸ਼ਾ ਸੁਧਾਰਨੀ ਚਾਹੀਏ, ਔਰ ਸਤਿਗੁਰਾਂ ਦੇ ਪਵਿੱਤਰ ਬਚਨਾਂ ਪਰ ਭਰੋਸਾ ਕਰ ਕੇ "ਸਿੱਖ ਕੌਮ" ਬਣ ਕੇ ਸੰਸਾਰ ਪਰ ਆਪਣੀ ਹਸਤੀ ਕਾਇਮ ਰਖਣੀ ਚਾਹੀਏ।
ਔਰ ਪਿਆਰੇ ਹਿੰਦੂ ਭਾਈ ! ਆਪ ਨੂੰ ਨਿਸ਼ਚਾ ਰਹੇ ਕਿ ਜੇ ਸਿੱਖ ਆਪ ਦੀ ਅਭਿਲਾਖਾ ਅਨੁਸਾਰ ਆਪਣੇ ਤਾਈਂ ਹਿੰਦੂ ਭੀ ਕਲਪ ਲੈਣ, ਤਦ ਭੀ ਇਸ ਦੇਸ਼ ਦਾ ਕੁਛ ਉਪਕਾਰ
_____________
੧. ਸਾਡੇ ਮਤ ਵਿਚ ਭੀ ਜੋ ਲੋਕ ਮੁਫਤਖੋਰੇ ਹਨ ਔਰ ਬ੍ਰਾਹਮਣਾਂ ਦੀ ਤਰ੍ਹਾਂ ਸਿੱਖ ਕੌਮ ਨੂੰ ਹਮੇਸ਼ਾ ਆਪਣਾ ਦਾਸ ਰਖਿਆ ਲੋੜਦੇ ਹਨ, ਉਹ ਵੀ ਸਿੱਖਾਂ ਨੂੰ ਗੁਰਮਤਿ ਤੋਂ ਰੋਕਦੇ ਹਨ, ਕਿਉਂਕਿ ਦੋਹਾਂ ਦਾ ਮਨੋਰਥ ਇਕ ਹੈ। ਉਹ ਚਾਹੁੰਦੇ ਹਨ ਕਿ ਬ੍ਰਾਹਮਣਾਂ ਦੀ ਥਾਂ ਸਾਨੂੰ ਸ਼ਾਧ ਛਕਾਓ, ਪਾਂਧੇ ਦੀ ਥਾਂ ਅਨੰਦ ਦੀ ਦੱਖਣਾ ਸਾਨੂੰ ਦਿਓ ਔਰ ਆਚਾਰਯ ਦੀ ਥਾਂ ਸੇਜਾ ਦਾਨ ਸਾਡੇ ਹਵਾਲੇ ਕਰੋ। ਅਰ ਤਨ ਮਨ ਸਾਡੀ ਭੇਟਾ ਕਰ ਕੇ ਪਿੱਠ ਉਤੇ ਥਾਪੀ ਲਵਾਓ, ਔਰ ਅਰਦਾਸ ਵਿਚ ਸਾਨੂੰ ਸਤਿਗੁਰੂ ਗਿਣੋ, ਇਤਿਆਦਿਕ।
ਨਹੀਂ ਹੋ ਸਕਦਾ। ਕਿਉਂਕਿ ਜਿਥੇ ਸੈਂਕੜੇ ਫਿਰਕੇ ਅਗੇ ਹਿੰਦੂ ਕਹਾਉਂਦੇ ਹਨ, ਉਥੇ ਇਕ ਨੰਬਰ ਹੋਰ ਸ਼ਾਮਲ ਹੋਣ ਕਰਕੇ ਹਿੰਦੂਆਂ ਦਾ ਕੀ ਭਲਾ ਹੋ ਸਕਦਾ ਹੈ ?
ਸਾਡਾ ਦੇਸ਼ ਤਦ ਹੀ ਉੱਨਤ ਹੋ ਸਕਦਾ ਹੈ, ਜੇ ਸਭ ਮਜ਼ਹਬਾਂ ਦੇ ਆਦਮੀ ਆਪਣੇ ਆਪਣੇ ਧਰਮਾਂ ਨੂੰ ਜਪਾਨੀਆਂ ਵਾਂਗ ਪੂਰਣ ਰੀਤੀ ਕਰ ਕੇ ਧਾਰਦੇ ਹੋਏ ਅੰਨ੍ਯ ਧਰਮੀ ਭਾਰਤ ਨਿਵਾਸੀਆਂ ਨੂੰ ਭੀ ਆਪਣਾ ਅੰਗ ਮੰਨਣ ਅਰ ਇਕ ਦੀ ਹਾਨੀ ਨੂੰ ਦੇਸ਼ ਦੀ ਹਾਨੀ ਜਾਨਣ, ਔਰ ਮਜ਼ਹਬ ਦੇ ਭੇਦ ਨੂੰ ਫੁੱਟ ਦਾ ਕਾਰਨ ਨਾ ਬਨਾਉਣ, ਅਰ ਆਪਣੇ ਧਰਮ ਦਾ ਪ੍ਰਚਾਰ, ਸਤਿਗੁਰੂ ਨਾਨਕ ਦੇਵ ਦੇ ਪੂਰਨਿਆਂ ਪਰ ਚਲਦੇ ਹੋਏ ਇਸ ਰੀਤੀ ਨਾਲ ਕਰਨ, ਜਿਸ ਤੋਂ ਪ੍ਰਸਪਰ ਈਰਖਾ ਦ੍ਰਿਸ਼ ਨਾ ਵਧੇ।
ਸ੍ਰੀ ਗੁਰੂ ਨਾਨਕ ਪੰਥੀ ਮੇਰੇ ਪ੍ਰੇਮੀ ਭਾਈਓ ! ਮੈਨੂੰ ਪੂਰਾ ਭਰੋਸਾ ਹੈ ਕਿ ਆਪ ਉਪਰ ਲਿਖੀ ਚਰਚਾ ਪੜ੍ਹ ਕੇ ਆਪਣੇ ਆਪ ਨੂੰ ਸਿੱਖ ਕੌਮ ਮੰਨੋਗੇ, ਔਰ ਨਿਰਸੰਦੇਹ ਜਾਣੋਗੇ ਕਿ 'ਹਮ ਹਿੰਦੂ ਨਹੀਂ' ਅਰ ਇਸ ਦੇ ਨਾਲ ਹੀ ਸਭ ਦੇਸ਼-ਭਾਈਆਂ ਨਾਲ ਪਿਆਰ ਵਧਾਉਂਦੇ ਹੋਏ ਸਾਰੇ ਭਾਰਤ ਨਿਵਾਸੀਆਂ ਨੂੰ ਆਪਣਾ ਅੰਗ ਸਮਝੋਗੇ ।
ਉਪਸੰਹਾਰ
ਕਬਿੱਤ ।
ਮਾਨਤ ਹੈ ਏਕ ਕੋ ਅਨਾਦੀ ਔਰ ਅਨੰਤ ਨਿਤ੍ਯ,
ਤਿਸ ਹੀ ਤੇ ਜਾਨਤ ਹੈ ਸਰਬ ਪਸਾਰੋ ਹੈ।
ਕ੍ਰਿਤ ਕੀ ਉਪਾਸਨਾ ਨ ਕਰੈ ਕਰਤਾਰ ਤ੍ਯਾਗ,
ਏਕ ਗੁਰੂ ਗ੍ਰੰਥ ਕੀਓ ਅਪਨੋ ਅਧਾਰੋ ਹੈ।
ਜਾਤਿ ਪਾਤਿ ਭੇਦ ਭ੍ਰਮ ਮਨ ਤੋਂ ਮਿਟਾਇ ਕਰਿ,
ਸਭ ਸੇ ਸਹੋਦਰ ਸੋ ਕਰਤ ਪਿਆਰੋ ਹੈ।
ਹਿਤਕਾਰੀ ਜਗ ਕੋ, ਪੈ ਜਲ ਮਾਹਿ ਪੰਕਜ ਦੋਂ,
ਗੁਰੂ ਦੇਵ ਨਾਨਕ ਕੋ ਖ਼ਾਲਸਾ ਨਿਆਰੋ ਹੈ।
ਅੜਿੱਲ ।
ਗੁਰੁਬਾਨੀ ਕੋ ਗ੍ਯਾਨ ਸ਼ਸਤ੍ਰ ਸਮ ਧਾਰਿਯੇ।
ਭੇਦ ਭਰਮ ਅਗ੍ਯਾਨ ਪਖੰਡ ਪ੍ਰਹਾਰਿਯੇ।
ਪਿਤਾ ਏਕ ਕੇ ਪੁਤ੍ਰ ਵਿ: ਮੇਂ ਜਹਿ ਕਹੀਂ।
ਹੋ ! ਇਸ ਪਰ ਭੀ ਲਿਹੁ ਜਾਨ ਕਿ 'ਹਮ ਹਿੰਦੂ ਨਹੀਂ”।
ਇਤ