ਔਰ ਆਪ ਇਸ ਪਰ ਭੀ ਵਿਚਾਰ ਕਰੋ ਕਿ ਤੀਰਥਾਂ ਪਰ ਜਾ ਕੇ ਸਤਿਗੁਰਾਂ ਨੇ ਕੀ ਕਰਮ ਕੀਤਾ, ਕੀ ਓਥੇ ਹਿੰਦੂ ਰੀਤੀ ਅਨੁਸਾਰ ਪੂਜਨ ਵਿਧੀ ਕੀਤੀ, ਜਾਂ ਆਪਣਾ ਪਵਿਤ੍ਰ ਉਪਦੇਸ਼ ਦੇ ਕੇ ਯਾਤ੍ਰੀਆਂ ਦੇ ਭਰਮ ਕੱਢਣ ਦਾ ਉਪਾਉ ਕੀਤਾ? ਦੇਖੋ, ਗੰਗਾ ਉੱਪਰ ਗੁਰੂ ਸਾਹਿਬ ਹਿੰਦੂਆਂ ਨੂੰ ਪੂਰਬ ਦੀ ਤਰਫ ਸੂਰਜ ਔਰ ਪਿੱਤਰਾਂ ਨੂੰ ਪਾਣੀ ਦੇਂਦੇ ਦੇਖ ਕੇ ਪੱਛਮ ਵੱਲ ਪਾਣੀ ਦੇਣ ਲੱਗੇ, ਪੁਛਣ ਤੇ ਉੱਤਰ ਦਿੱਤਾ ਕਿ ਮੈਂ ਆਪਣੀ ਖੇਤੀ ਨੂੰ ਪਾਣੀ ਦਿੰਨਾ ਹਾਂ । ਜਦੋਂ ਹਿੰਦੂਆਂ ਨੇ ਆਖਿਆ ਕਿ ਇਤਨੀ ਦੂਰ ਆਪ ਦੇ ਖੇਤਾਂ ਨੂੰ ਪਾਣੀ ਕਿਸ ਤਰ੍ਹਾਂ ਪਹੁੰਚੇਗਾ ? ਤਾਂ ਗੁਰੂ ਸਾਹਿਬ ਨੇ ਫੁਰਮਾਇਆ ਕਿ ਤੁਹਾਡਾ ਪਾਣੀ ਸੂਰਜ ਔਰ ਪਿਤਰਾਂ ਨੂੰ ਅਕਾਸ਼ ਵਿਚ ਕਿਸ ਤਰ੍ਹਾਂ ਬਹੁਤ ਦੂਰ ਪਹੁੰਚੇਗਾ ?
ਔਰ ਕੁਰਛੇਤ੍ਰ ਪਰ ਗ੍ਰਹਿਣ ਵਿਚ ਪ੍ਰਸ਼ਾਦਿ ਪਕਾਉਣ ਲਗ ਪਏ, ਜਿਸ ਤੋਂ ਗ੍ਰਹਿਣ ਵਿਚ ਖਾਣ ਪੀਣ ਦਾ ਭਰਮ ਹਟਾਇਆ।
ਜਗੰਨਾਥ ਜਾ ਕੇ ਆਰਤੀ ਵੇਲੇ ਖੜੇ ਨਹੀਂ ਹੋਏ ਔਰ ਦੀਵਿਆਂ ਦੀ ਆਰਤੀ ਦਾ ਖੰਡਨ ਕਰ ਕੇ ਸੱਚੀ ਆਰਤੀ ਦਾ ਉਪਦੇਸ਼ ਦਿੱਤਾ।
ਮੱਕੇ ਪਹੁੰਚ ਕੇ ਕਾਬੇ ਦੀ ਤਰਫ਼ ਪੈਰ ਕਰ ਕੇ ਸੌਂ ਗਏ, ਮੁਜਾਵਰਾਂ ਦੇ ਇਤਰਾਜ਼ ਪਰ ਉੱਤਰ ਦਿੱਤਾ ਕਿ ਜਿਸ ਪਾਸੇ ਤੁਹਾਨੂੰ ਖ਼ੁਦਾ ਦਾ ਘਰ ਨਜ਼ਰ ਨਹੀਂ ਆਉਂਦਾ, ਓਸ ਪਾਸੇ ਮੇਰੇ ਪੈਰ ਕਰ ਦਿਓ, ਔਰ ਮੈਂ ਕੋਈ ਐਸੀ ਦਿਸ਼ਾ ਨਹੀਂ ਦੇਖਦਾ ਜਿੱਧਰ ਮੇਰੇ ਮਾਲਿਕ ਦਾ ਘਰ ਨਹੀਂ। ਇਸ ਤੋਂ ਕਰਤਾਰ ਨੂੰ ਇਕ ਦੇਸ਼ੀ ਮੰਨਣਾ ਅਰ ਇਕ ਤਰਫ਼ ਹੀ ਮੂੰਹ ਕਰ ਕੇ ਨਮਾਜ਼ ਪੜ੍ਹਨੀ ਅਗਿਆਨ ਦੱਸਿਆ। ਇਤਿਆਦਿਕ ਹੋਰ ਪ੍ਰਸੰਗ ਬਹੁਤ ਹਨ। ਭਾਵ ਸਭ ਦਾ ਇਹ ਹੈ ਕਿ ਗੁਰੂ ਸਾਹਿਬ ਦੇਸ਼ ਦੇਸ਼ਾਂਤਰ ਦੇ ਤੀਰਥਾਂ ਪਰ ਜਗਤ ਦੇ ਸੁਧਾਰ ਵਾਸਤੇ ਵਿਚਰੇ ਹਨ।
(੧੨) ਮੰਤ੍ਰ ਯੰਤ੍ਰ ਗ੍ਰਹਿ
ਹਿੰਦੂ ਮਤ ਵਿਚ ਮੰਤ੍ਰ ਯੰਤ੍ਰ ਗ੍ਰਹਿ ਪੂਜਾ ਆਦਿਕ ਕਰਮਾਂ ਤੋਂ ਅਨੇਕ ਪ੍ਰਕਾਰ ਦੀ ਕਾਰਯ ਸਿਧੀ ਮੰਨੀ ਗਈ ਹੈ, ਯਥਾ:
“ਮੰਤ੍ਰਾਂ ਦੇ ਬਲ ਕਰਕੇ ਰਿਧੀ ਸਿਧੀ ਮਿਲ ਸਕਦੀ ਹੈ, ਸ਼ਤਰੂਆਂ ਦਾ ਨਾਸ਼ ਹੋ ਜਾਂਦਾ ਹੈ,
ਦੇਵਤੇ ਵਸ ਹੁੰਦੇ ਹਨ, ਮੰਤ੍ਰ ਜੰਤ੍ਰ ਤੰਤ੍ਰ ਦ੍ਵਾਰਾ ਮਨ ਬਾਂਛਿਤ ਫਲ ਮਿਲ ਸਕਦੇ ਹਨ।” (ਮੰਤ੍ਰ ਮਹੋਦਧੀ ਔਰ ਮਹਾਂ ਨਿਰਬਾਣ ਤੰਤ੍ਰ)
"ਜੋ ਗ੍ਰਹਾਂ ਦੀ ਰੋਜ਼ ਪੂਜਾ ਕਰਦਾ ਹੈ ਉਸ ਨੂੰ ਕੋਈ ਰੋਗ ਨਹੀਂ ਹੁੰਦਾ, ਧਨ ਬਹੁਤ ਮਿਲਦਾ ਹੈ, ਸੌ ਇਸਤ੍ਰੀਆਂ ਭੋਗਣ ਵਾਲਾ ਹੁੰਦਾ ਹੈ, ਔਰ ਉਮਰ ਬਹੁਤ ਲੰਮੀ ਹੋ ਜਾਂਦੀ ਹੈ।” (ਬ੍ਰਿਹਤ ਪਰਾਸਿਰ ਸੰਹਿਤਾ ਅ: ੯)
_____________
੧. ਸਤਿਗੁਰੂ ਦੇ ਸੱਚੇ ਸਿੱਖ, ਮੰਤ੍ਰ (ਮਸ਼ਵਰਾ, ਸਲਾਹ) ਯੰਤ੍ਰ (ਕਲ ਮਸ਼ੀਨ) ਤੰਤ੍ਰ (ਪਦਾਰਥਾਂ ਦੇ ਮਿਲਾਪ ਨਾਲ ਇਕ ਸ਼ਕਤੀ ਉਤਪੰਨ ਕਰਨੀ) ਇਨ੍ਹਾਂ ਅਰਥਾਂ ਵਿਚ ਵਰਤਦੇ ਹਨ। ਮੰਤ੍ਰ-ਸ਼ਾਸਤ੍ਰਾਂ ਦੇ ਮੰਨੇ ਹੋਏ ਇੰਦਰ ਜਾਲ ਵਿਚ ਫਸ ਕੇ ਸੁਖ ਸੰਪਦਾ ਦਾ ਨਾਸ ਨਹੀਂ ਕਰਦੇ।
੨. ਇਖ਼ਲਾਕ ਦੇ ਵਿਗਾੜਨ ਵਾਸਤੇ ਇਨ੍ਹਾਂ ਉਪਦੇਸ਼ਾਂ ਤੋਂ ਵਧ ਕੇ ਹੋਰ ਕੋਈ ਨਹੀਂ ਹੋ ਸਕਦਾ।