ਗੁਰੁ ਸਿਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ
ਪਤਿਬਤ ਏਕ ਟੇਕ ਦੁਵਿਧਾ ਨਿਵਾਰੀ ਹੈ।
ਪੂਛਤ ਨ ਜੋਤਕ ਔ ਵੇਦ ਤਿਥਿ ਵਾਰ ਕਛੁ
ਗ੍ਰਹ ਔ ਨਛਤ੍ਰ ਕੀ ਨ ਸ਼ੰਕਾ ਉਰ ਧਾਰੀ ਹੈ।.....॥੪੪੮॥ (ਕਬਿੱਤ ਭਾਈ ਗੁਰਦਾਸ)
(੧੩) ਯੱਗ ਹੋਮ
ਮੇਰੇ ਪ੍ਰੇਮੀ ਹਿੰਦੂ ਭਾਈ! ਆਪ ਦੇ ਮਤ ਵਿਚ ਯੱਗ ਔਰ ਹੋਮ ਦੀ ਅਪਾਰ ਮਹਿਮਾ ਹੈ, ਔਰ ਯੱਗ ਦ੍ਵਾਰਾ ਸਭ ਕਾਰਜਾਂ ਦੀ ਸਿਧੀ ਮੰਨੀ ਗਈ ਹੈ, ਯਥਾ:
“ਯੱਗ ਸਭ ਫਲਾਂ ਦੇ ਦੇਣ ਵਾਲਾ ਹੈ, ਯੱਗ ਕਰਕੇ ਹੀ ਦੇਵਤੇ ਜੀਉਂਦੇ ਹਨ, ਜੋ ਪਸ਼ੂ ਯੱਗ ਵਿਚ ਮਾਰਿਆ ਜਾਂਦਾ ਹੈ, ਉਹ ਮਾਰਨ ਵਾਲੇ ਸਮੇਤ ਸ੍ਵਰਗ ਨੂੰ ਪ੍ਰਾਪਤ ਹੁੰਦਾ ਹੈ ।’’ (ਵਿਸ਼ਨੂ ਸਿਮ੍ਰਤੀ ਅ: ੫੧)
“ਬ੍ਰਹਮਾ ਜੀ ਨੇ ਪਸ਼ੂ ਯੱਗ ਵਾਸਤੇ ਹੀ ਬਣਾਏ ਹਨ, ਯੱਗ ਵਿਚ ਪਸ਼ੂ ਮਾਰਨ ਕਰਕੇ ਸਾਰੇ ਸੰਸਾਰ ਦਾ ਭਲਾ ਹੁੰਦਾ ਹੈ, ਏਸ ਲਈ ਹਿੰਸਾ ਦਾ ਕੋਈ ਦੋਸ਼ ਨਹੀਂ। ਯੱਗ ਵਾਸਤੇ ਧਾਨ, ਜੌਂ, ਦਰਖ਼ਤ, ਪਸ਼ੂ, ਪੰਛੀ ਔਰ ਕੱਛੂ ਆਦਿਕ ਜੋ ਨਾਸ਼ ਹੁੰਦੇ ਹਨ, ਉਹ ਸਭ ਉੱਤਮ ਯੋਨੀਆਂ ਨੂੰ ਪ੍ਰਾਪਤ ਹੁੰਦੇ ਹਨ, ਜੋ ਯੱਗ ਔਰ ਪ੍ਰਾਧ ਵਿਚ ਬਲੀਦਾਨ ਕੀਤੇ ਹੋਏ ਮਾਸ ਨੂੰ ਨਹੀਂ ਖਾਂਦਾ, ਉਹ ਮਰ ਕੇ ਇੱਕੀ ਜਨਮ ਤਾਈਂ ਸੂਰ ਬਣਦਾ ਹੈ।” (ਮਨੂ ਅ: ੫ ਸ਼: ੩੫, ੩੯ , ੪૦)
ਹਿੰਦੂ ਮਤ ਦੇ ਯੱਗ, ਪਰਉਪਕਾਰ ਨੂੰ ਮੁੱਖ ਰੱਖ ਕੇ ਨਹੀਂ ਹੋਇਆ ਕਰਦੇ ਸੇ, ਬਲਕਿ ਉਨ੍ਹਾਂ ਵਿਚ ਬੜੀ ਸ੍ਵਾਰਥਪੂਰਤਾ ਸੀ, ਯਥਾ:
“ਬ੍ਰਾਹਮਣ ਨੂੰ ਜਿਸ ਯੱਗ ਵਿਚ ਥੋੜ੍ਹੀ ਦੱਛਣਾ ਮਿਲੇ, ਉਹ ਨਾ ਕਰੇ ।” (ਮਨੂੰ ਅ: ੧੧ ਸ਼: ੩੯)
“ਥੋੜ੍ਹੀ ਦਖਸ਼ਣਾ ਵਾਲੇ ਯੱਗ ਨੇਤ੍ਰ ਆਦਿਕ ਇੰਦ੍ਰੀਆਂ, ਯਸ, ਸ੍ਵਰਗ, ਉਮਰ, ਮਰੇ ਹੋਏ ਦੀ ਕੀਰਤੀ, ਔਲਾਦ ਔਰ ਪਸ਼ੂ ਆਦਿਕਾਂ ਨੂੰ ਨਾਸ ਕਰ ਦਿੰਦੇ ਹਨ, ਏਸ ਲਈ ਥੋੜ੍ਹੀ ਦਖਛਣਾ
______________
੧. ਯਜੁਰ ਵੇਦ ਸਾਰਾ ਯੱਗਾਂ ਦੀ ਮਹਿਮਾ ਔਰ ਵਿਧੀਆਂ ਨਾਲ ਭਰਿਆ ਹੋਇਆ ਹੈ। ਵੇਦਾਂ ਦੇ ਸਮੇਂ ਯੱਗ ਤੋਂ ਵਧ ਕੇ ਹੋਰ ਕੋਈ ਉਤਮ ਕਰਮ ਨਹੀਂ ਸੀ, ਔਰ ਯੱਗ ਜੀਵਾਂ ਦੀਆਂ ਕੁਰਬਾਨੀਆਂ ਨਾਲ ਹੋਇਆ ਕਰਦੇ ਸਨ, ਔਰ ਲੋਕਾਂ ਦਾ ਏਥੋਂ ਤਾਈਂ ਭਰੋਸਾ ਸੀ ਕਿ ਯੱਗ ਦਵਾਰਾ ਹੀ ਇੰਦਰ ਆਦਿਕ ਪਦਵੀਆਂ ਮਿਲਦੀਆਂ ਹਨ। ਹਿੰਦੂਆਂ ਦਾ ਨਿਸ਼ਚਾ ਹੈ ਕਿ ਰਾਖਸ਼ਾਂ ਦਾ ਰਾਜ ਪ੍ਰਤਾਪ ਤਦ ਨਾਸ ਹੋਇਆ ਸੀ, ਜਦ ਵਿਸ਼ਨੂੰ ਨੇ ਬੁੱਧ ਅਵਤਾਰ ਧਾਰ ਕੇ ਯੱਗਾਂ ਦੀ ਨਿੰਦਾ ਕੀਤੀ ਔਰ ਅਹਿੰਸਾ ਧਰਮ ਦ੍ਰਿੜਾਇਆ। ਪੁਰਾਣਾਂ ਵਿਚ ਐਸੇ ਪ੍ਰਸੰਗ ਭੀ ਹਨ ਕਿ ਇੰਦਰ ਨੇ ਲੋਕਾਂ ਨੂੰ ਯੱਗ ਕਰਦੇ ਦੇਖ ਕੇ ਇਸ ਲਈ ਵਿਘਨ ਕੀਤੇ ਕਿ ਮਤੇ ਇਹ ਲੋਕ ਯੱਗ ਪੂਰਨ ਹੋਣ ਕਰਕੇ ਮੇਰੀ ਪਦਵੀ ਲੈ ਲੈਣ।
ਇਸ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ ਸਾਡੇ ਲਾਇਕ ਭਾਈ ਦੀ ਰਚਨਾ "ਵੇਦ ਪੜਤਾਲ” ਅਰ ਖ਼ਾਸ ਕਰਕੇ "ਵੈਦਕ ਕੁਰਬਾਨੀਆਂ" ਜਿਸ ਤੋਂ ਆਪ ਪੂਰਣ ਨਿਰਸੰਦੇਹ ਹੋ ਜਾਉਗੇ।