(੩) ਕੰਨਯਾ ਦੇਵੈ ਸਿੱਖ ਕੋ ਲੇਵੈ ਨਹਿਂ ਕੁਛ ਦਾਮ।
ਸੋਈ ਮੇਰਾ ਸਿੱਖ ਹੈ, ਪਹੁੰਚੇ ਗੋ ਮਮ ਧਾਮ ॥੩੧॥ (ਗੁਰ ਪ੍ਰਤਾਪ ਸੂਰਯ, ਰਿਤੁ ੫ ਅੰਸੂ ੩੮)
(੪) "ਕੰਨਯਾ ਜਬ ਵਰ ਪ੍ਰਾਪਤ ਹੋਵੇ ਤਬ ਸੰਯੋਗ ਕਰੇ, ਛੋਟੀ ਬਾਲਕੀ ਕਾ ਸੰਯੋਗ ਨਾ ਕਰੇ, ਔਰ ਸੰਯੋਗ ਐਸੀ ਕੁਲ ਵਿਖੇ ਕਰੇ ਜਿਥੇ ਸਿੱਖੀ ਅਕਾਲ ਪੁਰਖ ਦੀ ਹੋਵੇ ।" (ਪ੍ਰੇਮ ਸੁਮਾਰਗ)
(ਸ) ਜੇ ਹਿੰਦੁਸਤਾਨ ਵਿਚ ਰਹਿਣ ਕਾਰਨ ਸਿੱਖਾਂ ਨੂੰ ਹਿੰਦੂ ਸਮਝਦੇ ਹੋ ਤਾਂ ਈਸਾਈ ਮੁਸਲਮਾਨ ਆਦਿਕਾਂ ਨੂੰ ਭੀ ਆਪ ਹਿੰਦੂ ਜਾਣੋ, ਜੇ ਦੇਸ਼ ਦੇ ਰਹਿਣ ਕਰਕੇ ਉਹ ਹਿੰਦੂ ਹਨ ਤਾਂ ਸਾਨੂੰ ਭੀ 'ਹਿੰਦੂ' ਅਰਥਾਤ 'ਇੰਡੀਅਨ' ਕਹਾਉਣ ਵਿਚ ਕੋਈ ਇਤਰਾਜ਼ ਨਹੀਂ।
(ਹ) ਔਰ ਆਪ ਨੇ ਜੋ ਆਖਿਆ ਹੈ ਕਿ ਹਿੰਦੂ ਪਦ ਦੇ ਅਰਥ ਬਹੁਤ ਉੱਤਮ ਹਨ, ਇਸ ਨੂੰ ਫਾਰਸੀ ਪਦ ਸਮਝ ਕੇ ਗਿਲਾਨੀ ਨਹੀਂ ਕਰਨੀ ਚਾਹੀਏ ਔਰ ਆਪਣੇ ਅਰਥ ਦੀ ਤਾਈਦ ਵਿਚ ਰਾਮਕੋਸ਼, ਮੇਰੁਤੰਤ੍ਰ ਪ੍ਰਕਾਸ਼ ਔਰ ਕਾਲਿਕਾ ਪੁਰਾਣ ਸਾਨੂੰ ਦੇਖਣੇ ਦੱਸੇ ਹੈਨ, ਸੋ ਇਸ ਪਰ ਸਾਡਾ ਏਹ ਕਥਨ ਹੈ ਕਿ ਸਿੱਖ ਧਰਮ ਅਨੁਸਾਰ ਕੋਈ ਭਾਸ਼ਾ, ਦੇਵ ਬਾਣੀ ਅਰ ਮਲੇਛ ਭਾਸ਼ਾ ਨਹੀਂ, ਕੇਵਲ ਵਿਦੇਸ਼ੀ ਬੋਲੀ ਦਾ ਪਦ ਹੋਣ ਕਰਕੇ ਗਿਲਾਨੀ ਯੋਗ ਨਹੀਂ, ਅਰ ਆਪ ਦੇ ਨਿਸ਼ਚੇ ਅਨੁਸਾਰ ਜੇ ਹਿੰਦੂ ਪਦ ਦੇ ਅਰਥ ਉਤਮ ਹਨ ਤਾਂ ਆਪ ਨੂੰ ਮੁਬਾਰਿਕ ਹੋਣ, ਅਸੀਂ ਕਦੇ ਨਹੀਂ ਆਖਦੇ ਕਿ ਹਿੰਦੂ ਬੁਰਾ ਨਾਉਂ ਹੈ, ਕਿਉਂਕਿ ਕਿਸੇ ਦੇ ਮਤ ਦਾ ਚਾਹੇ ਕੇਹਾ ਹੀ ਨਾਉਂ ਹੋਵੇ, ਉਸ ਵਿਚ ਦੁਸਰੇ ਮਤ ਦੇ ਆਦਮੀ ਨੂੰ ਕੋਈ ਤਰਕ ਨਹੀਂ ਕਰਨੀ ਚਾਹੀਦੀ, ਜੈਸੇ ਯੋਗੀਆਂ ਦੇ ਬਾਰਾਂ ਫ਼ਿਰਕਿਆਂ ਵਿਚੋਂ ਇਕ 'ਪਾਗਲ ਪੰਥ' ਹੈ, ਜੇ ਅਸੀਂ ਉਨ੍ਹਾਂ ਨੂੰ ਸਮਝਾਉਣ ਜਾਈਏ ਕਿ ਤੁਸੀਂ ਆਪ ਨੂੰ ਪਾਗਲ ਪੰਥੀ ਨਾ ਕਹਾਉ, ਤਾਂ ਸਾਡੀ ਮੂਰਖਤਾ ਹੈ।
ਅਰ 'ਹਿੰਦੂ' ਨਾਉਂ ਸੰਸਕ੍ਰਿਤ ਹੈ ਜਾਂ ਫਾਰਸੀ, ਇਸ ਗੱਲ ਨੂੰ ਸੰਸਾਰ ਦੇ ਸਾਰੇ ਵਿਦਵਾਨ ਜਾਣਦੇ ਹਨ। ਔਰ ਆਪ ਦੇ ਪ੍ਰਸਿੱਧ ਕਾਂਸ਼ੀ ਨਿਵਾਸੀ ੪੫ ਪੰਡਤਾਂ ਨੇ ਸਾਲ ੧੯੨੦ ਵਿਚ ਬਿਵਸਥਾ ਦਿਤੀ ਹੈ ਕਿ :
"ਹਿੰਦੂ ਯਵਨ-ਸੰਕੇਤ ਪਦ ਹੈ, ਇਸ ਕਾਰਨ ਹਿੰਦੂ ਕਹਾਉਣਾ ਸਰਵਥਾ ਅਨੁਚਿਤ ਹੈ।”
ਔਰ ਅੱਜ ਤਾਈਂ 'ਭਾਰਤੋ ਧਾਰਕ' ਆਦਿਕ ਰਸਾਲਿਆਂ ਵਿਚ ਏਹੀ ਲਿਖਿਆ ਜਾਂਦਾ ਰਹਿਆ ਹੈ ਕਿ, ਹਿੰਦੂ ਨਾਉਂ ਮਲੇਛਾਂ ਦਾ ਰੱਖਿਆ ਹੋਇਆ ਹੈ, ਇਸ ਵਾਸਤੇ ਆਰਯ ਲੋਕਾਂ ਨੂੰ ਕਦੇ ਹਿੰਦੂ ਨਹੀਂ ਕਹਾਉਣਾ ਚਾਹੀਏ, ਔਰ ਨਾ ਆਰਯ ਵਰਤ ਨੂੰ ਹਿੰਦੁਸਤਾਨ ਆਖਣਾ ਲੋੜੀਏ।
ਹਿੰਦੂ ਪਦ ਵੇਦਾਂ, ਖਟ ਸ਼ਾਸਤ੍ਰਾਂ, ਸਿੰਮ੍ਰਤੀਆਂ, ਰਾਮਾਇਣ, ਮਹਾਭਾਰਤ ਆਦਿਕ ਪੁਸਤਕਾਂ ਵਿਚ ਅਸੀਂ ਕਦੇ ਨਹੀਂ ਦੇਖਿਆ। ਅਸਚਰਜ ਦੀ ਗੱਲ ਹੈ ਕਿ ਹੁਣ ਆਪ ਦੇ ਕੋਸ਼ਾਂ ਔਰ ਪੁਰਾਣਾਂ ਵਿਚੋਂ ਪੰਡਿਤ ਜੀ ਦੀ ਕ੍ਰਿਪਾ ਕਰ ਕੇ ਨਿਕਲ ਆਇਆ ਹੈ, ਪਰ
_________
੧. ਇਹ ਗੱਲ ਆਪ ਕੇਵਲ ਹਿੰਦੂ ਮਤ ਵਿਚ ਹੀ ਦੇਖੋਗੇ ਕਿ ਧਰਮ ਮੂਲ ਪੁਸਤਕ ਵਿਚ ਜੋ ਧਰਮ ਦਾ ਨਾਉਂ ਨਹੀਂ ਹੈ ਉਸ ਨੂੰ ਆਪਣੀ ਕੌਮ ਦਾ ਨਾਉਂ ਮੰਨ ਲਿਆ ਹੈ।