ਅਸ਼ੁੱਧ ਗੁਰਬਾਣੀ ਪੜ੍ਹ ਰਹਿਆ ਸੀ, ਮਾਰ ਪਵਾਈ ਸੀ ।
ਪਿਆਰੇ ਹਿੰਦੂ ਭਾਈ ! ਜੇ ਆਪ ਦਾ ਏਹੀ ਪੱਕਾ ਹਠ ਹੈ ਕਿ ਵੇਦ ਨਾਮਕ ਪੁਸਤਕਾਂ ਦਾ ਪਾਠ ਪਾਪਮਤੀ ਦੂਰ ਕਰ ਦਿੰਦਾ ਹੈ, ਤਾਂ ਆਓ! ਮੂਰਖ, ਦੁਰਾਚਾਰੀਆਂ ਪਾਸ ਵੇਦ ਦੀ ਧੁਨੀ ਕਰੀਏ ਔਰ ਪਰਖੀਏ ਕਿ ਹੁਣ ਉਨ੍ਹਾਂ ਦੀ ਪਾਪਮਤੀ ਬਦਲ ਕੇ ਪੁੰਨਮਤੀ ਹੋਈ ਹੈ ਜਾਂ ਨਹੀਂ, ਔਰ ਆਪ ਨੂੰ ਨਿਰਸੰਦੇਹ ਕਰਨ ਵਾਸਤੇ ਕਿ ਇਸ ਸ਼ਬਦ ਵਿਚ ਵੇਦ ਪਾਠ ਦੀ ਮਹਿਮਾ ਨਹੀਂ, ਇਸੇ ਦੀਆਂ ਅਗਲੀਆਂ ਤੁਕਾਂ ਲਿਖਦੇ ਹਾਂ :
ਬੇਦ ਪਾਠ ਸੰਸਾਰ ਕੀ ਕਾਰ ॥
ਪੜਿ ਪੜਿ ਪੰਡਿਤ ਕਰਹਿ ਬੀਚਾਰ ॥
ਬਿਨੁ ਬੂਝੇ ਸਭ ਹੋਇ ਖੁਆਰ ॥ (ਵਾਰ ਸੂਹੀ ਮ: ੧, ਪੰਨਾ ੭੯੧)
ਹਿੰਦੂ : ਗੁਰੂ ਸਾਹਿਬ ਕਹਿੰਦੇ ਹਨ:
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ,
ਫਿਰਹਿ ਜਿਉ ਬੇਤਾਲਿਆ ॥ (ਰਾਮਕਲੀ ਮ: ੩ ਅਨੰਦੁ, ਪੰਨਾ ੯੧੯)
ਸਿੱਖ : ਇਸ ਦਾ ਅਰਥ ਹੈ ਕਿ ਵੇਦਾਂ ਵਿਚ ਜੇ ਕੋਈ ਉੱਤਮ ਵਸਤੂ ਹੈ, ਤਾਂ ਵਾਹਿਗੁਰੂ ਦਾ (ਕਿਤੇ ਨਾਮ ਮਾਤ੍ਰ) ਨਾਮ ਹੈ, ਸੋ ਉਸ ਨੂੰ ਤਾਂ ਅਗਿਆਨੀ ਲੋਕ ਸੁਣਦੇ ਔਰ ਵਿਚਾਰਦੇ ਨਹੀਂ, ਯੱਗ ਔਰ ਹਵਨ ਆਦਿਕ ਬਿਰਥਾ ਕੰਮਾਂ ਵਿਚ ਬੇਤਾਲਾਂ ਦੀ ਤਰ੍ਹਾਂ ਭਟਕਦੇ ਫਿਰਦੇ ਹਨ। ਗੁਰੂ ਸਾਹਿਬ ਦਾ ਬਚਨ ਹੈ :
ਹਰਿ ਕੇ ਨਾਮ ਹੀਨ ਬੇਤਾਲ ॥ (ਸਾਰਗ ਮ: ੫, ਪੰਨਾ ੧੨੨੨)
ਇਸ ਤੁਕ ਵਿਚ ਗੁਰੂ ਸਾਹਿਬ ਨੇ ਵੇਦਾਂ ਨੂੰ ਉੱਤਮ ਨਹੀਂ ਦੱਸਿਆ, ਵਾਹਿਗੁਰੂ ਦਾ ਨਾਮ ਉੱਤਮ ਕਥਨ ਕੀਤਾ ਹੈ।
ਹਿੰਦੂ : ਗੁਰੂ ਸਾਹਿਬ ਆਖਦੇ ਹਨ:
ਚਾਰਿ ਪੁਕਾਰਹਿ ਨਾ ਤੂ ਮਾਨਹਿ ॥
ਖਟੁ ਭੀ ਏਕਾ ਬਾਤ ਵਖਾਨਹਿ ॥
ਦਸ ਅਸਟੀ ਮਿਲਿ ਏਕੋ ਕਹਿਆ ॥
ਤਾ ਭੀ ਜੋਗੀ ਭੇਦੁ ਨ ਲਹਿਆ ॥ (ਰਾਮਕਲੀ ਮ: ੫, ਪੰਨਾ ੮੮੬)
ਸਿੱਖ: ਜੋਗੀ, ਜੋ ਵੇਦ ਸ਼ਾਸਤਰਾਂ ਦਾ ਵਿਸ਼ਵਾਸੀ ਸੀ, ਉਸ ਨੂੰ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਹੇ ਜੋਗੀ ! ਤੂੰ ਆਪਣੇ ਮਤ ਦੇ ਸ਼ਾਸਤਰਾਂ ਨੂੰ ਪੜ੍ਹ ਸੁਣ ਕੇ ਭੀ ਪ੍ਰਮਾਤਮਾ ਦਾ ਭੇਤ ਨਹੀਂ ਪਾਇਆ, ਐਵੇਂ ਪਾਣੀ ਬਿਲੋਇਆ ਹੈ। ਔਰ ਕੀ ਹਿੰਦੂ ਭਾਈ ਸਾਹਿਬ! ਯੋਗੀ ਨੂੰ ਸਤਿਗੁਰ ਇਉਂ ਆਖਦੇ ਹਨ ਕਿ ਹੇ ਯੋਗੀ! ਦੇਖ ਕੁਰਾਨ ਔਰ ਅੰਜੀਲ ਇਹ ਉਪਦੇਸ਼ ਦੇ ਰਹੇ ਹਨ, ਪਰ ਤੈਂ ਉਨ੍ਹਾਂ ਦੇ ਮਰਮ ਨੂੰ ਨਹੀਂ ਪਾਇਆ ?
________________
੧. ਸੰਪ੍ਰਦਾਈ ਗਿਆਨੀ ਏਸ ਤੁਕ ਦਾ ਅਨਵੈ ਇਸ ਤਰ੍ਹਾਂ ਭੀ ਕਰਦੇ ਹਨ :
“ਨਾਮੁ ਉਤਮੁ ਸੋ ਸੁਣਹਿ ਨਾਹੀ ਵੇਦਾ ਮਹਿ ਬੇਤਾਲਿਆ ਜਿਉ ਫਿਰਹਿ"