ੴ ਵਾਹਿਗੁਰੂ ਜੀ ਕੀ ਫ਼ਤਹ ॥
ਭੂਮਿਕਾ
ਪਯਾਰੇ ਖ਼ਾਲਸਾ ਜੀ! ਆਪ ਮੇਰੇ ਇਸ ਲੇਖ ਨੂੰ ਦੇਖ ਕੇ ਅਸਚਰਜ ਹੋਵੋਗੇ ਅਤੇ ਪ੍ਰਸ਼ਨ ਕਰੋਗੇ ਕਿ ਖਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ, ਫੇਰ ਇਹ ਲਿਖਣ ਦੀ ਕੀ ਲੋੜ ਸੀ ਕਿ 'ਹਮ ਹਿੰਦੂ ਨਹੀਂ"? ਔਰ ਜੇ ਐਸਾ ਲਿਖਿਆ ਹੈ ਤਾਂ ਨਾਲ ਹੀ ਇਹ ਕਿਉਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ, ਈਸਾਈ ਔਰ ਬੋਧ ਆਦਿਕ ਭੀ ਨਹੀਂ ਹਾਂ ? ਇਸ ਸ਼ੰਕਾ ਦੇ ਉੱਤਰ ਵਿਚ ਇਹ ਬੇਨਤੀ ਹੈ ਕਿ ਜੋ ਸਤਿਗੁਰੂ ਦੇ ਪੂਰੇ ਵਿਸ਼ਵਾਸੀ, ਗੁਰਬਾਣੀ ਅਨੁਸਾਰ ਚਲਦੇ ਹਨ ਔਰ ਖਾਲਸਾ ਧਰਮ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਨੂੰ ਸਮਝਾਉਣ ਲਈ ਮੈਂ ਇਹ ਪੁਸਤਕ ਨਹੀਂ ਲਿਖਿਆ, ਇਹ ਗ੍ਰੰਥ ਉਨ੍ਹਾਂ ਭਾਈਆਂ ਨੂੰ ਉਪਦੇਸ਼ ਦੇਣ ਲਈ ਹੈ, ਜਿਨ੍ਹਾਂ ਪੁਰ ਅੱਗੇ ਲਿਖਿਆ ਇਤਿਹਾਸਕ ਦ੍ਰਿਸ਼ਟਾਂਤ ਘਟਦਾ ਹੈ, ਜਿਸ ਦਾ ਸੰਖੇਪ ਇਉਂ ਹੈ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਗਧੇ ਨੂੰ ਸ਼ੇਰ ਦੀ ਖੱਲ ਪਹਿਨਾ ਕੇ ਜੰਗਲ ਵਿਚ ਛੱਡ ਦਿੱਤਾ । ਸਾਰੇ ਆਦਮੀ ਅਤੇ ਪਸ਼ੂ ਉਸ ਨੂੰ ਸ਼ੇਰ ਸਮਝ ਕੇ ਇਤਨਾ ਡਰਨ ਕਿ ਕੋਈ ਉਸ ਦੇ ਪਾਸ ਨਾ ਜਾਵੇ, ਔਰ ਉਹ ਗੁਣ ਚੱਕਣ ਦੇ ਦੁੱਖ ਤੋਂ ਛੁਟਕਾਰਾ ਪਾ ਕੇ, ਮਨ-ਭਾਉਂਦੀਆਂ ਖੇਤੀਆਂ ਖਾ ਕੇ ਮੋਟਾ ਡਾਢਾ ਹੋ ਗਿਆ, ਔਰ ਅਨੰਦਪੁਰ ਦੇ ਆਸ ਪਾਸ ਫਿਰ ਕੇ ਅਨੰਦ ਵਿਚ ਦਿਨ ਬਿਤਾਉਣ ਲਗਾ, ਪਰ ਇਕ ਦਿਨ ਆਪਣੇ ਸਾਥੀਆਂ ਦੀ ਮਨੋਹਰ ਧੁਨੀ (ਹੀਂਙਣ) ਸੁਣ ਕੇ ਕੁੰਭਿਆਰ ਦੇ ਘਰ ਨੂੰ ਉੱਠ ਨੱਠਾ, ਔਰ ਖੁਰਲੀ ਪਰ ਜਾ ਖੜੋਤਾ । ਕੁੰਭਿਆਰ ਨੇ ਉਸ ਨੂੰ ਆਪਣਾ ਗਧਾ ਪਛਾਣ ਕੇ ਸ਼ੇਰ ਦੀ ਖੱਲ ਉਤੋਂ ਉਤਾਰ ਦਿੱਤੀ ਅਤੇ ਗੂੰਣ ਲੱਦ ਕੇ ਸੋਟੇ ਨਾਲ ਅੱਗੇ ਕਰ ਲਇਆ।
ਇਸ ਦ੍ਰਿਸ਼ਟਾਂਤ ਤੋਂ ਕਲਗੀਧਰ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦਿਤਾ ਕਿ, "ਹੇ ਮੇਰੇ ਸਪੁੱਤਰੋ ! ਮੈਂ ਤੁਹਾਨੂੰ ਇਸ ਗਧੇ ਦੀ ਤਰ੍ਹਾਂ ਕੇਵਲ ਚਿੰਨ੍ਹ-ਮਾਤ੍ਰ ਸ਼ੇਰ ਨਹੀਂ ਬਣਾਇਆ, ਸਗੋਂ ਗੁਣਧਾਰੀ, ਸਰਬ ਗੁਣ ਭਰਪੂਰ, ਜਾਤਿ ਪਾਤਿ ਦੇ ਬੰਧਨਾਂ ਤੋਂ ਮੁਕਤ, ਆਪਣੀ ਸੰਤਾਨ ਬਣਾ ਕੇ ਸ੍ਰੀ ਸਾਹਿਬ ਕੌਰ ਦੀ ਗੋਦੀ ਪਾਇਆ ਹੈ, ਹੁਣ ਤੁਸੀਂ ਅਗਿਆਨ ਦੇ ਵੱਸ ਹੋ ਕੇ ਇਸ ਗਧੇ ਦੀ ਤਰ੍ਹਾਂ ਪੁਰਾਣੀ ਜਾਤਿ ਪਾਤਿ ਵਿਚ ਨਾ ਜਾ ਵੜਨਾ। ਜੇ ਮੇਰੇ ਉਪਦੇਸ਼ ਨੂੰ ਭੁਲਾ ਕੇ ਪਵਿੱਤਰ ਖਾਲਸਾ ਧਰਮ ਤਿਆਗ ਕੇ ਉਨ੍ਹਾਂ ਜਾਤਾਂ ਵਿਚ ਹੀ ਜਾ ਵੜੋਗੇ, ਜਿਨ੍ਹਾਂ ਤੋਂ ਮੈਂ ਤੁਹਾਨੂੰ ਕੱਢਿਆ
ਹੈ, ਤਾਂ ਇਸ ਗਧੇ ਜੇਹੀ ਦਸ਼ਾ ਹੋਊ, ਔਰ ਤੁਸਾਡੀ ਧਰਮ ਨੇਸ਼ਠਾ ਅਤੇ ਸੂਰਵੀਰਤਾ ਸਭ ਜਾਂਦੀ ਰਹੂ।”੧
ਸਤਿਗੁਰੂ ਦੇ ਇਸ ਉਪਦੇਸ਼ ਤੋਂ ਬੇਮੁੱਖ ਹੁਣ ਸਾਡੇ ਵਿਚ ਬਹੁਤ ਭਾਈ ਐਸੇ ਹਨ, ਜੋ ਆਪਣੇ ਆਪ ਨੂੰ ਸਿੰਘ ਹੋ ਕੇ ਭੀ ਹਿੰਦੂ ਧਰਮੀ ਮੰਨਦੇ ਹਨ, ਔਰ ਗੁਰਬਾਣੀ ਅਨੁਸਾਰ ਚੱਲਣੇ ਅਤੇ ਸਿਖ ਧਰਮ ਨੂੰ ਹਿੰਦੂ ਧਰਮ ਤੋਂ ਜੁਦਾ ਅਰ ਸ਼੍ਰੋਮਣੀ ਮੰਨਣ ਅਤੇ ਕਹਿਣ ਵਿਚ ਹਾਨੀ ਜਾਣਦੇ ਹਨ। ਜਿਸਦਾ ਕਾਰਣ ਇਹ ਹੈ ਕਿ ਉਨ੍ਹਾਂ ਨੇ ਆਪਣੇ ਧਰਮ ਪੁਸਤਕਾਂ ਦਾ ਵਿਚਾਰ ਨਹੀਂ ਕੀਤਾ, ਔਰ ਨਾ ਪੁਰਾਣੇ ਇਤਿਹਾਸ ਦੇਖੇ ਹਨ, ਕੇਵਲ ਅਨਮਤਾਂ ਦੀਆਂ ਪੋਥੀਆਂ ਔਰ ਸਵਾਰਥੀ ਪ੍ਰਪੰਚੀਆਂ ਦੀ ਸਿੱਖਿਆ ਸੁਣਨ ਵਿਚ ਉਮਰ ਬਿਤਾਈ ਹੈ। ਪਰ ਸ਼ੋਕ ਹੈ ਐਸੇ ਭਾਈਆਂ ਉਪਰ ਜੋ ਪਰਮ ਪੂਜਨੀਕ ਪਿਤਾ ਦੇ ਉਪਕਾਰਾਂ ਨੂੰ ਭੁਲਾ ਕੇ (ਜਿਸ ਨੇ ਨੀਚੋਂ ਊਚ ਕੀਤਾ, ਕੰਗਾਲੋਂ ਰਾਜੇ ਬਣਾਏ, ਗਿੱਦੜੋਂ ਸ਼ੇਰ ਔਰ ਚਿੜੀਆਂ ਤੋਂ ਬਾਜ ਸਜਾਏ) ਗੁਰਮਤਿ ਵਿਰੋਧੀਆਂ ਦੇ ਪਿੱਛੇ ਲੱਗ ਕੇ, ਪਾਖੰਡ ਜਾਲ ਵਿਚ ਫਸ ਕੇ ਆਪਣਾ ਮਨੁੱਖ ਜਨਮ ਹਾਰਦੇ ਹੋਏ ਖਾਲਸਾ ਧਰਮ ਤੋਂ ਪਤਿਤ ਹੋ ਰਹੇ ਹਨ।
ਕੇਵਲ ਹਿੰਦੂ ਧਰਮ ਤੋਂ ਹੀ ਖਾਲਸੇ ਦੀ ਭਿੰਨਤਾ ਇਸ ਪੁਸਤਕ ਵਿਚ ਇਸ ਵਾਸਤੇ ਲਿਖੀ ਹੈ ਕਿ ਹੋਰਨਾਂ ਧਰਮਾਂ ਤੋਂ ਪਹਿਲਾਂ ਹੀ ਸਾਡੇ ਭਾਈ ਆਪਣੇ ਆਪ ਨੂੰ ਜੁਦਾ ਸਮਝਦੇ ਹਨ, ਪਰ ਅਗਿਆਨ ਕਰਕੇ ਖਾਲਸੇ ਨੂੰ ਹਿੰਦੂ ਅਥਵਾ ਹਿੰਦੂਆਂ ਦਾ ਹੀ ਇਕ ਫ਼ਿਰਕਾ ਖ਼ਿਆਲ ਕਰਦੇ ਹਨ।
ਮੈਂ ਨਿਸਚਾ ਕਰਦਾ ਹਾਂ ਕਿ ਮੇਰੇ ਭੁੱਲੇ ਹੋਏ ਭਾਈ ਇਸ ਗ੍ਰੰਥ ਨੂੰ ਪੜ੍ਹ ਕੇ ਆਪਣੇ ਧਰਮ ਅਨੁਸਾਰ ਚੱਲਣਗੇ ਔਰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਅਰ ਦਸਵੇਂ ਪਾਤਸ਼ਾਹ ਦਾ ਪੁੱਤਰ ਸਮਝ ਕੇ ਖ਼ਾਲਸਾ ਬਣਨਗੇ ਔਰ ਭਰੋਸਾ ਕਰਨਗੇ ਕਿ :
'ਹਮ ਹਿੰਦੂ ਨਹੀਂ'।
੧ ਜੇਠ, ਸਾਲ ਨਾ: ੪੨੯
____________
੧. ਤਬਿ ਸਤਿਗੁਰ ਸਭਿਹੂੰਨਿ ਸੁਨਾਯੋ। 'ਇਹੁ ਦ੍ਰਿਸ਼ਟਾਂਤ ਤੁਮਹਿਂ ਦਿਖਰਾਯੋ ॥੧੪॥
ਜਾਤਿ ਪਾਤਿ ਮਹਿ ਰਾਸਭ ਜੈਸੇ। ਬਸੀ ਕੁਲਾਲ ਲਾਜ ਮਹਿ ਤੈਸੇ।
ਤਿਸ ਤੇ ਸਤਿਗੁਰ ਲਏ ਨਿਕਾਸ। ਬਖਸ਼ੇ ਸਕਲ ਪਦਾਰਥ ਪਾਸ॥੧੫॥
ਸ੍ਰੀ ਅਸਿਧੁਜ ਕੋ ਦੇ ਕਰਿ ਬਾਣਾ। ਸਭਿ ਤੇ ਊਚੇ ਕਰੇ ਸੁ ਤਾਣਾ ।.....
ਪੁਨ ਕੁਲਾਲ ਕੇ ਪ੍ਰਵਿਸ਼ਯੋ ਜਾਈ। ਲਾਦ ਗੁਣ ਕੋ ਲਸ਼ਟ ਲਗਾਈ।
ਤਿਮ ਹੁਇ ਸਿੰਘ, ਜਾਤਿ ਮੈਂ ਪਰੈ। ਤਜਹਿ ਸ਼ਸਤ੍ਰ, ਭੈ ਕੋਇ ਨ ਧਰੈ ॥੧੮॥......
ਯਾਂ ਤੇ ਸ਼੍ਰੀ ਅਕਾਲ ਕੋ ਬਾਨਾ। ਦੇ, ਮੈਂ ਕੀਨੇ ਸਿੰਘ ਸਮਾਨਾ।
ਇਸ ਕੇ ਧਰੇ ਸਦਾ ਸੁਖ ਹੋਈ। ਤਯਾਗੇ, ਦੋਨਹੁਂ ਲੋਕ ਨ ਢੋਈ ॥੨੦॥
(ਗੁਰ ਪ੍ਰਤਾਪ ਸੂਰਯ, ਰੁਤ ੩, ਅੰਸੂ ੨੨)
ਪੰਜਵੀਂ ਐਡੀਸ਼ਨ ਦੀ ਭੂਮਿਕਾ
ਹਮ ਹਿੰਦੂ ਨਹੀਂ ਪੁਸਤਕ ਦੇ ਛਪਣ ਪਰ ਅਗ੍ਯਾਨੀ ਸਿੱਖਾਂ, ਔਰ ਸ੍ਵਾਰਥੀ ਹਿੰਦੂ ਭਾਈਆਂ ਨੇ ਬੜਾ ਰੌਲਾ ਮਚਾਯਾ, ਔਰ ਉਪੱਦ੍ਰਵ ਕੀਤੇ। ਇਕ ਦੋ ਸ਼ਰਾਰਤੀਆਂ ਨੇ ਆਪਣੇ ਆਪ ਨੂੰ ਖੁਫ਼ੀਆ ਪੁਲਿਸ ਦਾ ਅਫ਼ਸਰ ਪ੍ਰਸਿੱਧ ਕਰਕੇ ਗੁਰਪੁਰ ਨਿਵਾਸੀ ਮਹਾਰਾਜਾ ਸਾਹਿਬ ਨਾਭਾ ਪਾਸ ਇਸ ਮਜ਼ਮੂਨ ਦੀ ਚਿੱਠੀ ਭੇਜ ਕੇ ਆਪਣਾ ਮਨੋਰਥ ਸਿੱਧ ਕੀਤਾ :
ਹਮ ਹਿੰਦੂ ਨਹੀਂ ਕਿਤਾਬ ਜੋ ਕਿ ਗੁਮਨਾਮ ਹੈ, ਔਰ ਸਿੱਖ ਵ ਹਿੰਦੁਓਂ ਮੇਂ ਫ਼ਸਾਦ ਡਾਲਨੇ ਵਾਲੀ ਹੈ, ਉਸ ਕੀ ਤਹਕੀਕਾਤ ਕੇ ਲੀਏ ਗਵਰਨਮੈਂਟ ਨੇ ਮੁਝੇ ਮੁਕੱਰਰ ਕੀਆ ਹੈ, ਔਰ ਗਵਰਨਮੈਂਟ ਕੋ ਇਸ ਕਾ ਬਹੁਤ ਖ਼ਯਾਲ ਹੋ ਰਹਾ ਹੈ, ਮੁਸੰਨਿਫ਼ ਕਾ ਪਤਾ ਲਗਨੇ ਪਰ ਸਰਕਾਰ ਸਖ਼ਤ ਸਜ਼ਾ ਦੇਗੀ। ਮੈਨੇ ਸਾਰੇ ਪੰਜਾਬ ਕਾ ਦੌਰਾ ਕੀਆ ਹੈ ਔਰ ਖੁਫ਼ੀਆ ਤਹਕੀਕਾਤ ਸੇ ਮੁਸੰਨਿਫ਼ ਕਾ ਪਤਾ ਲਗਾ ਲੀਆ ਹੈ ਮੈਂ ਨਾਮ ਭੀ ਜ਼ਾਹਰ ਕਰ ਦੇਤਾ ਹੂੰ-ਇਸ ਕਿਤਾਬ ਕੇ ਬਨਾਨੇ ਵਾਲਾ ਕਾਨ੍ਹ ਸਿੰਘ ਹੈ। ਬਿਹਤਰ ਹੋਗਾ ਅਗੁਰ ਮੇਰੀ ਰਿਪੋਟ ਗਵਰਨਮੈਂਟ ਮੇਂ ਪਹੁੰਚਨੇ ਸੇ ਪਹਿਲੇ ਮੁਸੰਨਿਫ਼ ਕੋ ਰਿਆਸਤ ਸੇ ਸਜ਼ਾ ਤਜਵੀਜ਼ ਕੀ ਜਾਯ ।......
ਕਈ ਪ੍ਰੇਮੀਆਂ ਨੇ ਇਹ ਪ੍ਰਗਟ ਕੀਤਾ ਕਿ ਹਮ ਹਿੰਦੂ ਨਹੀਂ ਰਸਾਲਾ ਕਾਨੂੰਨ ਵਿਰੁੱਧ ਦਿਲ ਦੁਖਾਉਣ ਵਾਲੇ ਲੇਖਾਂ ਨਾਲ ਭਰਪੂਰ ਹੈ, ਜਿਸ ਪਰ ਹੇਠ ਲਿਖੀ ਐਚ. ਏ. ਬੀ. ਰੈਗੀਟਨ ਸਾਹਿਬ ਦੀ ਕਾਨੂੰਨੀ ਰਾਏ ਲੈਣੀ ਪਈ:
“ਮੈਂ, ਹਮ ਹਿੰਦੂ ਨਹੀਂ ਰਸਾਲੇ ਦਾ ਅੰਗਰੇਜ਼ੀ ਤਰਜਮਾ ਪੜ੍ਹਿਆ । ਏਹ ਰਸਾਲਾ ਇਕ ਸਿਰੇ ਤੋਂ ਦੂਜੇ ਸਿਰੇ ਤਾਈਂ ਮਜ਼ਹਬੀ ਹੈ, ਔਰ ਇਸ ਤਰੀਕੇ ਨਾਲ ਲਿਖਿਆ ਗਯਾ ਹੈ ਕਿ ਕਿਸੀ ਤਰ੍ਹਾਂ ਭੀ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ, ਇਸ ਵਿਚ ਹਿੰਦੂ ਧਰਮ ਦਾ ਜ਼ਿਕਰ ਅਜੇਹੇ ਢੰਗ ਨਾਲ ਕੀਤਾ ਗਯਾ ਹੈ ਕਿ ਥੋੜੀ ਜੇਹੀ ਭੀ ਬਿਅਦਬੀ ਨਹੀਂ ਪਾਈ ਜਾਂਦੀ। ਮੈਂ ਨਹੀਂ ਸਮਝਦਾ ਕਿ ਕੋਈ ਕਿਸ ਤਰ੍ਹਾਂ ਆਖ ਸਕਦਾ ਹੈ ਕਿ ਰਸਾਲਾ ਬਣਾਉਣ ਵਾਲੇ ਦੇ ਖ਼ਯਾਲਾਤ ਕਿਸੇ ਦਾ ਦਿਲ ਦੁਖਾਉਣ ਵਾਲੇ ਹਨ। ਮੈਂ ਆਪਣੀ ਰਾਯ ਇਸ ਰਸਾਲੇ ਬਾਬਤ ਪ੍ਰਗਟ ਕਰਦਾ ਹਾਂ ਕਿ ਕਿਸੀ ਤਰ੍ਹਾਂ ਦਾ ਕੋਈ ਕਾਨੂੰਨੀ ਇਤਰਾਜ਼ ਇਸ ਕਿਤਾਬ ਬਾਬਤ ਨਹੀਂ ਕਹਿਆ ਜਾ ਸਕਦਾ ।"
___________
੧. ਏਹ ਚਿੱਠੀ ਵਾਸਤਵ ਵਿਚ ਗੁਮਨਾਮ ਸੀ।
੨. ਏਹ ਕਿਤਾਬ ਗੁਮਨਾਮ ਨਹੀਂ ਸੀ, ਕਿਯੋਂਕਿ ਇਸ ਪਰ ਪ੍ਰੈਸ ਅਤੇ ਮੈਨੇਜਰ ਦਾ ਨਾਉਂ ਸਾਫ਼ ਸੀ, ਅਰ ਮੇਰਾ ਭੀ ਸੰਕੇਤਕ ਨਾਉਂ (ਐਚ. ਬੀ.) ਲਿਖਿਆ ਹੋਇਆ ਸੀ। ਇਸ ਤੋਂ ਛੁਟ ੩੦ ਜੂਨ, ੧੮੯੯ ਦੇ ਪੰਜਾਬ ਗੈਜ਼ਟ ਵਿਚ ਦਰਜ ਹੋ ਚੁੱਕੀ ਸੀ। ਔਰ ਉਸੀ ਸਾਲ ੪੪੭ ਨੰਬਰ ਪਰ ਰਜਿਸਟਰੀ ਹੋਈ ਸੀ।
ਦੋ ਚਾਰ ਹਿੰਦੂ ਸੱਜਣਾਂ ਨੇ ਅੰਗਰੇਜ਼ੀ ਸਾਖੀ ਔਰ ਛੱਕੇ ਆਦਿਕ ਦੇ ਪ੍ਰਮਾਣ ਦੇ ਕੇ ਇਸ ਰਸਾਲੇ ਦਾ ਖੰਡਨ ਲਿਖਿਆ, ਜਿਨ੍ਹਾਂ ਸਭਨਾਂ ਦਾ ਤੀਜੀ ਐਡੀਸ਼ਨ ਵਿਚ ਖੰਡਨ ਕੀਤਾ ਗਿਆ ਹੈ।
ਗੁਰਮਤ ਸੁਧਾਕਰ ਦੀ ਭੂਮਿਕਾ ਵਿਚ ਏਹ ਗੱਲ ਸਾਫ਼ ਦੱਸੀ ਗਈ ਹੈ ਕਿ ਸਾਖੀ, ਇਤਿਹਾਸ ਆਦਿਕ ਉਹੀ ਪੁਸਤਕ ਪ੍ਰਵਾਨ ਹਨ, ਜੋ ਗੁਰਬਾਣੀ ਦੇ ਵਿਰੁੱਧ ਨਾ ਹੋਣ। ਜਿਸ ਪੁਸਤਕ ਵਿਚ ਜੋ ਲੇਖ ਗੁਰਮਤ ਅਨੁਸਾਰ ਹੈ, ਉਹ ਮੰਨਣੇ ਲਾਇਕ ਹੈ ਔਰ ਜੋ ਲੇਖ ਗੁਰਮਤ ਵਿਰੁੱਧ ਹੈ ਉਹ ਤ੍ਯਾਗਣੇ ਯੋਗ ਹੈ। ਪਰ ਏਥੇ ਭੀ ਸੰਖੇਪ ਨਾਲ ਪਾਠਕਾਂ ਨੂੰ ਦੋ ਚਾਰ ਉਦਾਹਰਣ ਦੇ ਕੇ ਸਮਝਾਉਨੇ ਹਾਂ :
(੧) ਸਿੰਘ ਸੂਰਯੋਦਯ ਵਿਚ ਲਿਖਿਆ ਹੈ ਕਿ ਗੁਰੂ ਦਾ ਸਿੱਖ :
ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ॥ (ਜਾਪੁ ਸਾਹਿਬ, ੧੮੪)
ਇਹ ਮੰਤ੍ਰ ਪੜ੍ਹਕੇ ਚੰਦ੍ਰਮਾ ਔਰ ਸੂਰਯ ਨੂੰ ਮੱਥਾ ਟੇਕੇ। ਪਹਿਲਾਂ ਤਾਂ ਇਨ੍ਹਾਂ "ਜਾਪੁ” ਦੀਆਂ ਤੁਕਾਂ ਦਾ ਅਰਥ ਇਹ ਹੈ ਕਿ ਜੋ ਵਾਹਿਗੁਰੂ ਚੰਦ੍ਰਮਾ ਅਤੇ ਸੂਰਜ ਦਾ ਭੀ ਪ੍ਰਕਾਸ਼ਕ ਹੈ ਉਸ ਨੂੰ ਨਮਸਕਾਰ ਹੈ। ਦੂਜੇ, ਗੁਰਮਤ ਵਿਚ ਚੰਦ੍ਰਮਾ ਔਰ ਸੂਰਯ ਦੇ ਪੂਜਨ ਦਾ ਨਿਸ਼ੇਧ ਹੈ, ਯਥਾ:
ਪਰਮਤੱਤ ਕੋ ਜਿਨ ਨ ਪਛਾਨਾ ॥
ਤਿਨ ਕਰਿ ਈਸਰ ਤਿਨ ਕਹੁ ਮਾਨਾ ॥
ਕੇਤੇ ਸੂਰ ਚੰਦ ਕਹੁ ਮਾਨੈ ॥
ਅਗਨਹੋਤ੍ਰ ਕਈ ਪਵਨ ਪ੍ਰਮਾਨੈ ॥੧੦॥ (ਬਚਿਤ੍ਰ ਨਾਟਕ, ਅਧਿਆ ੬)
ਕੋਈ ਪੂਜੈ ਚੰਦੁ ਸੂਰੁ, ਕੋਈ ਧਰਤਿ ਅਕਾਸੁ ਮਨਾਵੈ ।....
ਫੋਕਟ ਧਰਮੀ ਭਰਮਿ ਭੁਲਾਵੈ ॥੧੮॥ (ਭਾਈ ਗੁਰਦਾਸ, ਵਾਰ ੧)
ਈਂ ਦੋ ਆਲਮ ਜ਼ੱਰਾਇ ਅਜ਼ ਨੀਰੇ ਉਸਤ।
ਮਿਹਰੋ ਮਾਹ ਮਸ਼ ਅਲ-ਕਸ਼ੇ ਮਜ਼ਦੂਰ ਉਸਤ । (ਭਾਈ ਨੰਦ ਲਾਲ)
(੨) ਔਰ ਲਿਖਿਆ ਹੈ: “ਅੰਮ੍ਰਿਤ ਛਕ ਕੇ ਵਰਣ ਔਰ ਜਾਤੀ ਕੀ ਰੀਤਿ ਨਾ ਤ੍ਯਾਗੇ।”
__________
੧. ਏਹ ਸਾਖੀ (ਜਿਸ ਦਾ ਸਰਦਾਰ ਸਰ ਅਤਰ ਸਿੰਘ ਜੀ ਰਈਸ ਭਦੌੜ ਨੇ ਅੰਗਰੇਜ਼ੀ ਤਰਜਮਾ ਕਰਵਾਯਾ ਹੈ) ਉਸ ਜ਼ਮਾਨੇ ਵਿਚ ਲਿਖੀ ਗਈ ਹੈ, ਜਦ ਗਵਰਨਮੈਂਟ ਨੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਦਿੱਤਾ ਹੈ ਜੇਹਾ ਕਿ ਉਸ ਸਾਖੀ ਤੋਂ ਸਾਬਤ ਹੁੰਦਾ ਹੈ :
ਮੁਲਕ ਬੇਚ ਕਰ ਜਾਂਹਿ ਫਿਰੰਗੀ॥ ਗਾਜੇਂਗੇ ਤਬ ਮੋਰ ਭੁਜੰਗੀ ॥
ਔਰ ਇਸ ਵਿਚ ਬਾਬੇ ਬੰਦੇ ਦਾ ਸਰਹਿੰਦ ਲੁਟਣ ਦਾ ਹਾਲ ਭੀ ਲਿਖਿਆ ਹੈ, ਜਿਸ ਤੋਂ ਸਿੱਧ ਹੈ ਕਿ ਇਹ ਸਾਖੀ ਭਾਈ ਗੁਰਬਖ਼ਸ਼ ਸਿੰਘ ਜੀ ਨੇ ਨਹੀਂ ਲਿਖਾਈ। ਸਾਖੀ ਦਾ ਕਰਤਾ ਉਪੱਦ੍ਰਵੀ ਅਤੇ ਮਲਵਈ ਸਿੱਖਾਂ ਦਾ ਵਿਰੋਧੀ ਜਾਪਦਾ ਹੈ, ਕਿਉਂਕਿ ਇਸ ਸਾਖੀ ਵਿਚ ਲਿਖਦਾ ਹੈ :
ਝੂਠਾ ਮਾਲਵਾ ਦੇਸ਼, ਕੁੜੀਆਂ ਪਿੱਛੇ ਪਲਿਆ।
ਗੁਰੂ ਸਾਹਿਬ, ਜੋ ਸਭ ਦੇਸ਼ਾਂ ਨੂੰ ਇਕੋ ਜੇਹਾ ਪਯਾਰ ਕਰਦੇ ਸੇ, ਔਰ ਆਪਣੇ ਪੁੱਤ੍ਰਾਂ ਵਿਚ ਕਦੇ ਭੀ ਫੁੱਟ ਨਹੀਂ ਦੇਖਣੀ ਚਾਹੁੰਦੇ ਸੇ, ਅਰ ਮਾਝੇ ਮਾਲਵੇ ਆਦਿਕ ਦੇਸ਼ ਭੇਦ ਕੌਮ ਦੇ ਨਾਸ਼ ਦਾ ਕਾਰਣ ਜਾਣਦੇ ਸੇ, ਕੀ ਓਹ ਏਹ ਬਚਨ ਉਚਾਰ ਸਕਦੇ ਸਨ ?
ਭਾਵੇਂ ਗੁਰਮਤ ਇਸ ਤੋਂ ਪਰਮ ਵਿਰੁਧ ਹੈ।
(ਦੇਖੋ; ਇਸੇ ਪੁਸਤਕ 'ਹਮ ਹਿੰਦੂ ਨਹੀਂ" ਦਾ ਅੰਗ ਦੋ)
(੩) ਗੁਰੁ ਬਿਲਾਸ ਵਿਚ ਲਿਖਿਆ ਹੈ ਕਿ ਦੁਖਿਤ ਪ੍ਰਿਥਵੀ ਗਊ ਬਣ ਕੇ, ਬ੍ਰਹਮਾ ਨੂੰ ਨਾਲ ਲੈ ਕੇ ਅਕਾਲ ਪੁਰਖ ਪਾਸ ਗਈ, ਉਸ ਦੀ ਬੇਨਤੀ ਪਰ ਅਕਾਲ ਨੇ ਛੇਵੇਂ ਗੁਰੂ ਦਾ ਰੂਪ ਧਾਰਿਆ, ਔਰ ਜਨਮ ਸਮਯ ਗੁਰੂ ਹਰਿ ਗੋਬਿੰਦ ਜੀ ਚਤੁਰਭੁਜ ਸੇ।
ਪਹਿਲੇ ਤਾਂ ਇਸ ਕਥਾ ਲਿਖਣ ਵਾਲੇ ਨੇ ਗੁਰਮਤ ਵਿਰੁਧ ਅਕਾਲ ਨੂੰ ਜਨਮ ਮਰਨ ਵਾਲਾ ਔਰ ਚੌਬਾਹੂ ਸਾਬਤ ਕੀਤਾ। ਦੂਜੇ, ਪੰਜਾਂ ਸਤਿਗੁਰਾਂ ਦੀ ਨਿੰਦਾ ਕੀਤੀ ਕਿਉਂਕਿ ਉਨ੍ਹਾਂ ਦੇ ਉਪਦੇਸ਼ਾਂ ਕਰਕੇ ਪ੍ਰਿਥਵੀ ਦਾ ਭਾਰ ਦੂਰ ਨਹੀਂ ਹੋਯਾ ਸੀ।
(੪) ਏਸੇ ਪੋਥੀ ਵਿਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਰ ਸਿਆਪਾ ਹੋਯਾ ਔਰ ਗੁਰੂ ਸਾਹਿਬ ਬਹੁਤ ਰੋਏ। ਭਾਵੇਂ ਗੁਰੂ ਦੇ ਮਤ ਵਿਚ ਐਸੇ ਕਰਮ ਬਹੁਤ ਹੀ ਨਿੰਦਤ ਕਥਨ ਕੀਤੇ ਹਨ, ਯਥਾ:
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥ (ਸਿਰੀ ਰਾਗੁ ਮ: ੧, ਪੰਨਾ ੧੫)
ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ॥
ਤੁਮ ਰੋਵਹੁਗੇ ਓਸ ਨੋ, ਤੁਮ੍ ਕਉ ਕਉਣੁ ਰੋਈ ॥੩॥
ਧੰਧਾ ਪਿਟਿਹੁ ਭਾਈਹੋ, ਤੁਮ੍ ਕੂੜੁ ਕਮਾਵਹੁ ॥
ਓਹੁ ਨ ਸੁਣਈ ਕਤ ਹੀ, ਤੁਮ੍ ਲੋਕ ਸੁਣਾਵਹੁ ॥੪॥ (ਆਸਾ ਮ: ੧, ਪੰਨਾ ੪੧੮)
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ (ਵਡਹੰਸੁ ਮ: ੧, ਪੰਨਾ ੫੭੯)
ਜੋ ਹਮ ਕੋ ਰੋਵੈਗਾ ਕੋਈ। ਈਤ ਊਤ ਤਾਂਕੋ ਦੁਖ ਹੋਈ।
ਕੀਰਤਨ ਕਥਾ ਸੁ ਗਾਵਹੁ ਬਾਨੀ। ਇਹੈ ਮੋਰ ਸਿਖਯਾ ਸੁਨਿ ਹੋ ਕਾਨੀ ॥੫੮॥ (ਗੁਰ ਬਿਲਾਸ ਪਾ: ੧੦, ਕ੍ਰਿਤ ਸੁਖਾ ਸਿੰਘ, ਅਧਿਆ ੨੯)
ਤਜੈਂ ਸ਼ੋਕ ਸਭ ਅਨਦ ਬਢਾਇ ।
ਨਹਿ ਪੀਟਹਿਂ ਤ੍ਰਿਯ ਮਿਲ ਸਮੁਦਾਇ ।
ਪਢੈ ਸ਼ਬਦ ਕੀਰਤਨ ਕੋ ਕਰੈਂ ।
ਸੁਨੈ ਬੈਠ ਵੈਰਾਗੁ ਸੁ ਧਰੈਂ । (ਗੁਰ ਪ੍ਰਤਾਪ ਸੂਰਯ)
ਐਸੇ ਹੀ ਬਿਨਾ ਬਿਚਾਰੇ ਜੋ ਹੋਰ ਲੇਖ ਅਗ੍ਯਾਨੀਆਂ ਨੇ ਪੁਸਤਕਾਂ ਵਿਚ ਲਿਖੇ ਉਹ ਆਦਰਯੋਗ ਨਹੀਂ, ਯਥਾ:
(ੳ) ਗੁਰੂ ਨਾਨਕ ਸਾਹਿਬ "ਕੀੜਨਗਰ” ਵਿਚ ਗਏ, ਉਥੇ ਕੀੜਿਆਂ ਦਾ ਹੀ ਰਾਜ ਸੀ, ਉਨ੍ਹਾਂ ਪਰਥਾਇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ:
ਕੀੜਾ ਥਾਪਿ ਦੇਇ ਪਾਤਿਸਾਹੀ, ਲਸਕਰ ਕਰੇ ਸੁਆਹ ॥ (ਸਲੋਕ ਮ: ੧ ਵਾਰ ਮਾਝ, ਪੰਨਾ ੧੪੪)