ਦੋ ਚਾਰ ਹਿੰਦੂ ਸੱਜਣਾਂ ਨੇ ਅੰਗਰੇਜ਼ੀ ਸਾਖੀ ਔਰ ਛੱਕੇ ਆਦਿਕ ਦੇ ਪ੍ਰਮਾਣ ਦੇ ਕੇ ਇਸ ਰਸਾਲੇ ਦਾ ਖੰਡਨ ਲਿਖਿਆ, ਜਿਨ੍ਹਾਂ ਸਭਨਾਂ ਦਾ ਤੀਜੀ ਐਡੀਸ਼ਨ ਵਿਚ ਖੰਡਨ ਕੀਤਾ ਗਿਆ ਹੈ।
ਗੁਰਮਤ ਸੁਧਾਕਰ ਦੀ ਭੂਮਿਕਾ ਵਿਚ ਏਹ ਗੱਲ ਸਾਫ਼ ਦੱਸੀ ਗਈ ਹੈ ਕਿ ਸਾਖੀ, ਇਤਿਹਾਸ ਆਦਿਕ ਉਹੀ ਪੁਸਤਕ ਪ੍ਰਵਾਨ ਹਨ, ਜੋ ਗੁਰਬਾਣੀ ਦੇ ਵਿਰੁੱਧ ਨਾ ਹੋਣ। ਜਿਸ ਪੁਸਤਕ ਵਿਚ ਜੋ ਲੇਖ ਗੁਰਮਤ ਅਨੁਸਾਰ ਹੈ, ਉਹ ਮੰਨਣੇ ਲਾਇਕ ਹੈ ਔਰ ਜੋ ਲੇਖ ਗੁਰਮਤ ਵਿਰੁੱਧ ਹੈ ਉਹ ਤ੍ਯਾਗਣੇ ਯੋਗ ਹੈ। ਪਰ ਏਥੇ ਭੀ ਸੰਖੇਪ ਨਾਲ ਪਾਠਕਾਂ ਨੂੰ ਦੋ ਚਾਰ ਉਦਾਹਰਣ ਦੇ ਕੇ ਸਮਝਾਉਨੇ ਹਾਂ :
(੧) ਸਿੰਘ ਸੂਰਯੋਦਯ ਵਿਚ ਲਿਖਿਆ ਹੈ ਕਿ ਗੁਰੂ ਦਾ ਸਿੱਖ :
ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ॥ (ਜਾਪੁ ਸਾਹਿਬ, ੧੮੪)
ਇਹ ਮੰਤ੍ਰ ਪੜ੍ਹਕੇ ਚੰਦ੍ਰਮਾ ਔਰ ਸੂਰਯ ਨੂੰ ਮੱਥਾ ਟੇਕੇ। ਪਹਿਲਾਂ ਤਾਂ ਇਨ੍ਹਾਂ "ਜਾਪੁ” ਦੀਆਂ ਤੁਕਾਂ ਦਾ ਅਰਥ ਇਹ ਹੈ ਕਿ ਜੋ ਵਾਹਿਗੁਰੂ ਚੰਦ੍ਰਮਾ ਅਤੇ ਸੂਰਜ ਦਾ ਭੀ ਪ੍ਰਕਾਸ਼ਕ ਹੈ ਉਸ ਨੂੰ ਨਮਸਕਾਰ ਹੈ। ਦੂਜੇ, ਗੁਰਮਤ ਵਿਚ ਚੰਦ੍ਰਮਾ ਔਰ ਸੂਰਯ ਦੇ ਪੂਜਨ ਦਾ ਨਿਸ਼ੇਧ ਹੈ, ਯਥਾ:
ਪਰਮਤੱਤ ਕੋ ਜਿਨ ਨ ਪਛਾਨਾ ॥
ਤਿਨ ਕਰਿ ਈਸਰ ਤਿਨ ਕਹੁ ਮਾਨਾ ॥
ਕੇਤੇ ਸੂਰ ਚੰਦ ਕਹੁ ਮਾਨੈ ॥
ਅਗਨਹੋਤ੍ਰ ਕਈ ਪਵਨ ਪ੍ਰਮਾਨੈ ॥੧੦॥ (ਬਚਿਤ੍ਰ ਨਾਟਕ, ਅਧਿਆ ੬)
ਕੋਈ ਪੂਜੈ ਚੰਦੁ ਸੂਰੁ, ਕੋਈ ਧਰਤਿ ਅਕਾਸੁ ਮਨਾਵੈ ।....
ਫੋਕਟ ਧਰਮੀ ਭਰਮਿ ਭੁਲਾਵੈ ॥੧੮॥ (ਭਾਈ ਗੁਰਦਾਸ, ਵਾਰ ੧)
ਈਂ ਦੋ ਆਲਮ ਜ਼ੱਰਾਇ ਅਜ਼ ਨੀਰੇ ਉਸਤ।
ਮਿਹਰੋ ਮਾਹ ਮਸ਼ ਅਲ-ਕਸ਼ੇ ਮਜ਼ਦੂਰ ਉਸਤ । (ਭਾਈ ਨੰਦ ਲਾਲ)
(੨) ਔਰ ਲਿਖਿਆ ਹੈ: “ਅੰਮ੍ਰਿਤ ਛਕ ਕੇ ਵਰਣ ਔਰ ਜਾਤੀ ਕੀ ਰੀਤਿ ਨਾ ਤ੍ਯਾਗੇ।”
__________
੧. ਏਹ ਸਾਖੀ (ਜਿਸ ਦਾ ਸਰਦਾਰ ਸਰ ਅਤਰ ਸਿੰਘ ਜੀ ਰਈਸ ਭਦੌੜ ਨੇ ਅੰਗਰੇਜ਼ੀ ਤਰਜਮਾ ਕਰਵਾਯਾ ਹੈ) ਉਸ ਜ਼ਮਾਨੇ ਵਿਚ ਲਿਖੀ ਗਈ ਹੈ, ਜਦ ਗਵਰਨਮੈਂਟ ਨੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਦਿੱਤਾ ਹੈ ਜੇਹਾ ਕਿ ਉਸ ਸਾਖੀ ਤੋਂ ਸਾਬਤ ਹੁੰਦਾ ਹੈ :
ਮੁਲਕ ਬੇਚ ਕਰ ਜਾਂਹਿ ਫਿਰੰਗੀ॥ ਗਾਜੇਂਗੇ ਤਬ ਮੋਰ ਭੁਜੰਗੀ ॥
ਔਰ ਇਸ ਵਿਚ ਬਾਬੇ ਬੰਦੇ ਦਾ ਸਰਹਿੰਦ ਲੁਟਣ ਦਾ ਹਾਲ ਭੀ ਲਿਖਿਆ ਹੈ, ਜਿਸ ਤੋਂ ਸਿੱਧ ਹੈ ਕਿ ਇਹ ਸਾਖੀ ਭਾਈ ਗੁਰਬਖ਼ਸ਼ ਸਿੰਘ ਜੀ ਨੇ ਨਹੀਂ ਲਿਖਾਈ। ਸਾਖੀ ਦਾ ਕਰਤਾ ਉਪੱਦ੍ਰਵੀ ਅਤੇ ਮਲਵਈ ਸਿੱਖਾਂ ਦਾ ਵਿਰੋਧੀ ਜਾਪਦਾ ਹੈ, ਕਿਉਂਕਿ ਇਸ ਸਾਖੀ ਵਿਚ ਲਿਖਦਾ ਹੈ :
ਝੂਠਾ ਮਾਲਵਾ ਦੇਸ਼, ਕੁੜੀਆਂ ਪਿੱਛੇ ਪਲਿਆ।
ਗੁਰੂ ਸਾਹਿਬ, ਜੋ ਸਭ ਦੇਸ਼ਾਂ ਨੂੰ ਇਕੋ ਜੇਹਾ ਪਯਾਰ ਕਰਦੇ ਸੇ, ਔਰ ਆਪਣੇ ਪੁੱਤ੍ਰਾਂ ਵਿਚ ਕਦੇ ਭੀ ਫੁੱਟ ਨਹੀਂ ਦੇਖਣੀ ਚਾਹੁੰਦੇ ਸੇ, ਅਰ ਮਾਝੇ ਮਾਲਵੇ ਆਦਿਕ ਦੇਸ਼ ਭੇਦ ਕੌਮ ਦੇ ਨਾਸ਼ ਦਾ ਕਾਰਣ ਜਾਣਦੇ ਸੇ, ਕੀ ਓਹ ਏਹ ਬਚਨ ਉਚਾਰ ਸਕਦੇ ਸਨ ?