ਭਾਵੇਂ ਗੁਰਮਤ ਇਸ ਤੋਂ ਪਰਮ ਵਿਰੁਧ ਹੈ।
(ਦੇਖੋ; ਇਸੇ ਪੁਸਤਕ 'ਹਮ ਹਿੰਦੂ ਨਹੀਂ" ਦਾ ਅੰਗ ਦੋ)
(੩) ਗੁਰੁ ਬਿਲਾਸ ਵਿਚ ਲਿਖਿਆ ਹੈ ਕਿ ਦੁਖਿਤ ਪ੍ਰਿਥਵੀ ਗਊ ਬਣ ਕੇ, ਬ੍ਰਹਮਾ ਨੂੰ ਨਾਲ ਲੈ ਕੇ ਅਕਾਲ ਪੁਰਖ ਪਾਸ ਗਈ, ਉਸ ਦੀ ਬੇਨਤੀ ਪਰ ਅਕਾਲ ਨੇ ਛੇਵੇਂ ਗੁਰੂ ਦਾ ਰੂਪ ਧਾਰਿਆ, ਔਰ ਜਨਮ ਸਮਯ ਗੁਰੂ ਹਰਿ ਗੋਬਿੰਦ ਜੀ ਚਤੁਰਭੁਜ ਸੇ।
ਪਹਿਲੇ ਤਾਂ ਇਸ ਕਥਾ ਲਿਖਣ ਵਾਲੇ ਨੇ ਗੁਰਮਤ ਵਿਰੁਧ ਅਕਾਲ ਨੂੰ ਜਨਮ ਮਰਨ ਵਾਲਾ ਔਰ ਚੌਬਾਹੂ ਸਾਬਤ ਕੀਤਾ। ਦੂਜੇ, ਪੰਜਾਂ ਸਤਿਗੁਰਾਂ ਦੀ ਨਿੰਦਾ ਕੀਤੀ ਕਿਉਂਕਿ ਉਨ੍ਹਾਂ ਦੇ ਉਪਦੇਸ਼ਾਂ ਕਰਕੇ ਪ੍ਰਿਥਵੀ ਦਾ ਭਾਰ ਦੂਰ ਨਹੀਂ ਹੋਯਾ ਸੀ।
(੪) ਏਸੇ ਪੋਥੀ ਵਿਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਰ ਸਿਆਪਾ ਹੋਯਾ ਔਰ ਗੁਰੂ ਸਾਹਿਬ ਬਹੁਤ ਰੋਏ। ਭਾਵੇਂ ਗੁਰੂ ਦੇ ਮਤ ਵਿਚ ਐਸੇ ਕਰਮ ਬਹੁਤ ਹੀ ਨਿੰਦਤ ਕਥਨ ਕੀਤੇ ਹਨ, ਯਥਾ:
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥ (ਸਿਰੀ ਰਾਗੁ ਮ: ੧, ਪੰਨਾ ੧੫)
ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ॥
ਤੁਮ ਰੋਵਹੁਗੇ ਓਸ ਨੋ, ਤੁਮ੍ ਕਉ ਕਉਣੁ ਰੋਈ ॥੩॥
ਧੰਧਾ ਪਿਟਿਹੁ ਭਾਈਹੋ, ਤੁਮ੍ ਕੂੜੁ ਕਮਾਵਹੁ ॥
ਓਹੁ ਨ ਸੁਣਈ ਕਤ ਹੀ, ਤੁਮ੍ ਲੋਕ ਸੁਣਾਵਹੁ ॥੪॥ (ਆਸਾ ਮ: ੧, ਪੰਨਾ ੪੧੮)
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ (ਵਡਹੰਸੁ ਮ: ੧, ਪੰਨਾ ੫੭੯)
ਜੋ ਹਮ ਕੋ ਰੋਵੈਗਾ ਕੋਈ। ਈਤ ਊਤ ਤਾਂਕੋ ਦੁਖ ਹੋਈ।
ਕੀਰਤਨ ਕਥਾ ਸੁ ਗਾਵਹੁ ਬਾਨੀ। ਇਹੈ ਮੋਰ ਸਿਖਯਾ ਸੁਨਿ ਹੋ ਕਾਨੀ ॥੫੮॥ (ਗੁਰ ਬਿਲਾਸ ਪਾ: ੧੦, ਕ੍ਰਿਤ ਸੁਖਾ ਸਿੰਘ, ਅਧਿਆ ੨੯)
ਤਜੈਂ ਸ਼ੋਕ ਸਭ ਅਨਦ ਬਢਾਇ ।
ਨਹਿ ਪੀਟਹਿਂ ਤ੍ਰਿਯ ਮਿਲ ਸਮੁਦਾਇ ।
ਪਢੈ ਸ਼ਬਦ ਕੀਰਤਨ ਕੋ ਕਰੈਂ ।
ਸੁਨੈ ਬੈਠ ਵੈਰਾਗੁ ਸੁ ਧਰੈਂ । (ਗੁਰ ਪ੍ਰਤਾਪ ਸੂਰਯ)
ਐਸੇ ਹੀ ਬਿਨਾ ਬਿਚਾਰੇ ਜੋ ਹੋਰ ਲੇਖ ਅਗ੍ਯਾਨੀਆਂ ਨੇ ਪੁਸਤਕਾਂ ਵਿਚ ਲਿਖੇ ਉਹ ਆਦਰਯੋਗ ਨਹੀਂ, ਯਥਾ:
(ੳ) ਗੁਰੂ ਨਾਨਕ ਸਾਹਿਬ "ਕੀੜਨਗਰ” ਵਿਚ ਗਏ, ਉਥੇ ਕੀੜਿਆਂ ਦਾ ਹੀ ਰਾਜ ਸੀ, ਉਨ੍ਹਾਂ ਪਰਥਾਇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ:
ਕੀੜਾ ਥਾਪਿ ਦੇਇ ਪਾਤਿਸਾਹੀ, ਲਸਕਰ ਕਰੇ ਸੁਆਹ ॥ (ਸਲੋਕ ਮ: ੧ ਵਾਰ ਮਾਝ, ਪੰਨਾ ੧੪੪)