ਪਰ ਹੋਮ ਕਰੇ, ਕਿਉਂਕਿ ਬ੍ਰਾਹਮਣ ਅਤੇ ਅਗਨੀ ਇਕੋ ਰੂਪ ਹਨ"।” ਮਨੂ ਅ: ४ ਸ਼: २१२)
“ਸ਼ਾਧ ਵਿਚ ਜੇ ਪਿਤਰਾਂ ਵਾਸਤੇ ਤਿਲ, ਚਾਉਲ, ਜੌਂ, ਮਾਂਹ ਔਰ ਸਾਗ ਤਰਕਾਰੀ ਦਿੱਤੀ ਜਾਵੇ, ਤਾਂ ਪਿਤਰ ਇਕ ਮਹੀਨਾ ਰੱਜੇ ਰਹਿੰਦੇ ਹਨ, ਮੱਛੀ ਦੇ ਮਾਸ ਨਾਲ ਦੋ ਮਹੀਨੇ, ਹਰਣ ਦੇ ਮਾਸ ਨਾਲ ਤਿੰਨ ਮਹੀਨੇ, ਮੀਢੇ ਦੇ ਮਾਸ ਨਾਲ ਚਾਰ ਮਹੀਨੇ, ਪੰਛੀਆਂ ਦੇ ਮਾਸ ਕਰਕੇ ਪੰਜ ਮਹੀਨੇ, ਬੱਕਰੇ ਦੇ ਮਾਸ ਨਾਲ ਛੀ ਮਹੀਨੇ, ਚਿੱਤਲ ਦੇ ਮਾਸ ਕਰਕੇ ਸੱਤ ਮਹੀਨੇ, ਚਿੰਕਾਰੇ ਦੇ ਮਾਸ ਨਾਲ ਅੱਠ ਮਹੀਨੇ, ਲਾਲ ਮ੍ਰਿਗ ਦੇ ਮਾਸ ਕਰਕੇ ਨੌਂ ਮਹੀਨੇ, ਝੋਟੇ ਅਤੇ ਸੂਰ ਦੇ ਮਾਸ ਨਾਲ ਦਸ ਮਹੀਨੇ, ਕੱਛੂ ਔਰ ਸਹੇ ਦਾ ਮਾਸ ਦੇਣ ਕਰਕੇ ਪਿਤਰ ਗਿਆਰਾਂ ਮਹੀਨੇ ਰੱਜੇ ਰਹਿੰਦੇ ਹਨ।" (ਇਤਿਆਦਿ) (ਮਨੂ ਅ: ३ ਸ਼: ੨੬੭-੨੭੦ ਔਰ ਵਿਸ਼ਨੂੰ ਸਿਮ੍ਰਤੀ ਅ: ੮੦)
"ਜਿਸ ਬ੍ਰਾਹਮਣ ਦੇ ਵੈਸ਼ਨਵ ਮਤ ਦਾ ਤਿਲਕ ਨਾ ਹੋਵੇ, ਜੇ ਉਸ ਨੂੰ ਸ਼ਾਧ ਵਿਚ ਭੋਜਨ ਦਿਤਾ ਜਾਵੇ, ਤਾਂ ਸ਼ਾਧ ਕਰਾਉਣ ਵਾਲੇ ਦੇ ਪਿਤਰ ਨਿਰਸੰਦੇਹ ਵਿਸ਼ਟਾ ਔਰ ਮੂਤ ਖਾਂਦੇ ਪੀਂਦੇ ਹਨ।” (ਵ੍ਰਿਧ ਹਾਰੀਤ ਸੰਹਿਤਾ ਅ: ੨)
ਗੁਰਮਤਿ ਵਿਚ ਉੱਪਰ ਲਿਖੇ ਭਰਮਾਂ ਤੋਂ ਵਿਰੁਧ ਗੁਰੂ ਸਾਹਿਬ ਨੇ ਸਤ ਉਪਦੇਸ਼ ਇਸ ਪ੍ਰਕਾਰ ਕਥਨ ਕੀਤਾ ਹੈ :
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
ਲੋਕਾ ਮਤ ਕੋ ਫਕੜਿ ਪਾਇ ॥
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥
______________
੧. ਮਨੂ ਜੀ ਨੇ ਇਹ ਗੱਲ ਨਹੀਂ ਦੱਸੀ ਕਿ ਜੇ ਅੱਗ ਨਾ ਹੋਵੇ ਤਾਂ ਬ੍ਰਾਹਮਣ ਦੇ ਹੱਥ ਪਰ ਤਵਾ ਰੱਖ ਕੇ ਰੋਟੀ ਪਕਾ ਲਵੇ।
ਇਕ ਵਿਦਵਾਨ ਮਨੂ ਦੇ ਇਸ ਲੇਖ ਦਾ ਇਹ ਭਾਵ ਕੱਢਦਾ ਹੈ ਕਿ ਭਾਰਤ-ਵਰਸ਼ ਦਾ ਰਾਜ ਪ੍ਰਤਾਪ ਔਰ ਵਿਦਿਆ ਬਲ ਆਦਿਕ ਸੁਹਾ ਸੁਹਾ ਕਹਿ ਕੇ ਸੁਆਹ ਕਰਨ ਲਈ ਜ਼ਰੂਰ ਜਾਤੀ ਅਭਿਮਾਨੀ ਬ੍ਰਾਹਮਣ ਅਤੇ ਅੱਗ ਇਕ ਰੂਪ ਹਨ।
੨. ਸ੍ਰੀ ਗੁਰੂ ਨਾਨਕ ਸਾਹਿਬ ਲੋਕਾਂ ਦਾ ਉਧਾਰ ਕਰਦੇ ਹੋਏ ਜਦੋਂ ਗਯਾ ਤੀਰਥ ਪਰ ਗਏ ਹਨ, ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੈ। ਇਹ ਪ੍ਰਸੰਗ ਜਨਮ ਸਾਖੀ ਵਿਚ ਇਸ ਤਰ੍ਹਾਂ ਹੈ:
"ਗਯਾ ਦੇ ਪੰਡਤਾਂ ਕਹਿਆ, ਤੁਸੀਂ ਭੀ ਆਪਣੇ ਪਿਤਰਾਂ ਦਾ ਉਧਾਰ ਕਰੋ, ਤਾਂ ਬਾਬੇ ਨੇ ਕਹਿਆ, ਅਸਾਂ ਆਪਣੇ ਪਿਤਰਾਂ ਦਾ ਤੇ ਆਪਣਾ ਤੇ ਆਪਣੇ ਜਗਿਆਸੂਆਂ ਦਾ ਤੇ ਉਨ੍ਹਾਂ ਦੇ ਪਿਤਰਾਂ ਦਾ ਉਧਾਰ ਕਰ ਛਡਿਆ ਹੈ, ਐਸੀ ਕਿਰਿਆ ਕਰਮ, ਦੀਵਾ, ਪਿੰਡ, ਪਤਲ ਕੀਤੀ ਹੈ ਜੋ ਅਗਿਆਨ ਦਾ ਅੰਧੇਰਾ ਦੂਰ ਕਰ ਛਡਿਆ ਹੈ, ਤਾਂ ਗੁਰੂ ਬਾਬਾ ਜੀ ਨੇ ਰਾਗ ਆਸਾ ਵਿਚ ਸ਼ਬਦ ਕਹਿਆ ।"
੩. ਹੇ ਲੋਕੋ, ਅਗਿਆਨ ਦੇ ਕਰਮ ਜੋ ਪਖੰਡ ਜਾਲ ਹਨ, ਉਨ੍ਹਾਂ ਵਿਚ ਪੈ ਕੇ ਭੰਡੀ ਨਾ ਪਾਓ।