ਭਾਵ ਇਹ ਹੈ ਕਿ ਦੇਹਧਾਰੀ ਦੇਵਤਿਆਂ' ਦੇ ਕਹਾਣੀਆਂ ਕਿੱਸੇ ਔਰ ਗਰੁੜ ਪੁਰਾਣ ਦੇ ਭੈਦਾਇਕ ਪ੍ਰਸੰਗ ਨਾ ਸੁਣਨੇ ਸੁਣਾਉਣੇ ।
ਔਰ ਮੇਰੇ ਵਾਸਤੇ ਪ੍ਰਮਾਤਮਾ ਦਾ ਆਰਾਧਨ ਹੀ ਪੰਡਿਤ ਬੁਲਾਉਣਾ, ਭਾਵ ਇਹ ਕਿ ਬਜਾਏ ਕਿਸੀ ਪੰਡਿਤ ਬੁਲਾਉਣ ਦੇ ਸ੍ਰਿਸ਼ਟੀ ਪਾਲਕ (ਗੋਪਾਲ) ਦਾ ਕੀਰਤਨ ਕਰਾਣਾ, ਔਰ "ਹਰਿ ਕਥਾ" ਹੀ ਮੇਰੇ ਵਾਸਤੇ ਪੁਰਾਣ ਪੜ੍ਹਨਾ ।
ਵਾਹਿਗੁਰੂ ਦੀ ਕਥਾ ਹੀ ਪੜ੍ਹਨੀ ਸੁਣਨੀ ਔਰ ਮੈਨੂੰ (ਗੁਰੂ ਨੂੰ) ਬਿਬਾਨ ਕੱਢਣਾ, ਪਿੰਡ ਪਤਲ ਕਿਰਿਆ ਦੀਵਾ ਕਰਨਾ ਔਰ ਗੰਗਾ ਵਿਚ ਅਸਥੀਆਂ ਦਾ ਪ੍ਰਵਾਹੁਣਾ, ਇਨ੍ਹਾਂ ਸਭ ਕਰਮਾਂ ਦੀ ਥਾਂ ਵਾਹਿਗੁਰੂ ਦਾ ਪ੍ਰੇਮ (ਹਰਿ ਰੰਗ) ਹੀ ਭਾਉਂਦਾ ਹੈ, ਭਾਵ ਇਹ ਹੈ ਕਿ ਪ੍ਰਮਾਤਮਾ ਦਾ ਪ੍ਰੇਮ ਹੀ ਪ੍ਰਾਣੀ ਦੀ ਸਦਗਤੀ ਕਰਨ ਦਾ ਸਾਧਨ ਹੈ, ਬਾਕੀ ਹੋਰ ਪਾਖੰਡ ਕਰਮ ਕੇਵਲ ਇੰਦ੍ਰ ਜਾਲ ਹੈ।
ਜੇ ਇਸ ਸੱਦ ਦੇ ਪਦ ਦਾ ਅਰਥ ਹਿੰਦੂਆਂ ਦੀ ਇਛਾ ਅਨੁਸਾਰ ਮੰਨ ਲਈਏ ਤਾਂ ਇਹ ਸ਼ੰਕਾਂ ਹੁੰਦੀਆਂ ਹਨ:
(ੳ) ਗੁਰੂ ਅਮਰਦਾਸ ਸਾਹਿਬ ਆਪਣੀ ਪਵਿਤ੍ਰ ਬਾਣੀ ਵਿਚ ਕਥਨ ਕਰਦੇ ਹਨ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥..
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ (ਰਾਮਕਲੀ ਮ: ੩ ਅਨੰਦੁ, ਪੰਨਾ ੯੨੦)
ਔਰ ਏਸੇ ਸੱਦ ਵਿਚ ਲਿਖਿਆ ਹੈ :
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥ (ਰਾਮਕਲੀ ਸਦੁ, ਪੰਨਾ ੯੨੩)
ਫਿਰ ਕਿਸ ਤਰ੍ਹਾਂ ਕਿਸੇ ਪੁਰਾਣ ਦੇ ਪੜ੍ਹਨ ਦੀ (ਜੋ ਗੁਰਬਾਣੀ ਨਹੀਂ) ਗੁਰੂ ਸਾਹਿਬ ਆਗਿਆ ਦਿੰਦੇ ?
(ਅ) ਦੇਹ ਅਭਿਮਾਨੀ ਪੰਡਿਤਾਂ ਔਰ ਭਰਮ ਰੂਪ ਕਰਮਾਂ ਬਾਬਤ ਗੁਰੂ ਅਮਰਦਾਸ ਜੀ ਦੀ ਇਹ ਰਾਏ ਹੈ :
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥
____________
੧. ਗਰੁੜ ਆਦਿਕ ਪੁਰਾਣਾਂ ਵਿਚ ਕੇਵਲ ਦੇਵਤੇ ਔਰ ਯਮਪੁਰੀ ਆਦਿਕ ਦਾ ਵਰਣਨ ਹੈ।
੨. ਹਾਹੈ ਹਰਿ ਕਥਾ ਬੁਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ॥ (ਆਸਾ ਮ: ੩ ਪਟੀ, ਪੰਨਾ ੪੩੫)
ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥
ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥ (ਗਉੜੀ ਮ: ੩, ਪੰਨਾ ੨੩੧)