ਈਚੋਗਿਲ ਨਹਿਰ ਤਕ
ਸੋਹਣ ਸਿੰਘ ਸੀਤਲ
page-break
ਸਮਰਪਣ
ਉਹਨਾਂ ਸੂਰਬੀਰਾਂ ਨੂੰ !
ਜੋ ਹਿੰਦ-ਪਾਕ ਜੰਗ ਵਿਚ
ਦੇਸ਼ ਦੀ ਰੱਖਿਆ
ਵਾਸਤੇ ਲੜਦੇ ਹੋਏ
ਸ਼ਹੀਦ ਹੋਏ!! page-break
ਪਹਿਲਾ ਭਾਗ
੧.
"ਚਲ ਬੋਤਿਆ ! ਚਲ।" ਪ੍ਰੀਤੂ ਨੇ ਦੋਵੇਂ ਅੱਡੀਆਂ ਮਾਰਦਿਆਂ ਪਿਆਰੇ ਦੇ ਜੂੜੇ ਨੂੰ ਜ਼ੋਰ ਦੀ ਹਿਲਾ ਕੇ ਕਿਹਾ।
"ਬੱ-ਬੱ-ਬੱ।" ਪਿਆਰੇ ਨੇ ਬੋਤੇ ਵਾਂਗ ਬੱਭਲੀ ਪਾਉਂਦਿਆਂ ਸੱਜੇ ਖੱਬੇ ਮੋਢੇ ਮਾਰਨੇ ਸ਼ੁਰੂ ਕਰ ਦਿੱਤੇ।
"ਬੱਸ ਬੱਸ। ਪੁੱਚ ਪੁੱਚ।" ਪ੍ਰੀਤੂ ਨੇ ਬੇਕਾਬੂ ਹੋ ਰਹੇ ਜਾਨਵਰ ਨੂੰ ਪੁਚਕਾਰਿਆ।
ਭੂਤਰਿਆ ਹੋਇਆ ਬੋਤਾ ਸਗੋਂ ਭੁੜਕਣ ਲੱਗ ਪਿਆ। ਕਦੇ ਉਹ ਸੱਜੀ ਲੱਤ ਨਿਸਲ ਕਰਕੇ ਊਠ ਵਾਂਗ ਦੜਾਂ ਮਾਰਦਾ ਤੇ ਕਦੇ ਖੱਬੀ ਲੱਤ ਓਸੇ ਤਰ੍ਹਾਂ ਛੱਡਦਾ।
"ਵੇਖ ਉਇ। ਡੇਗ ਦੇਣਾ ਈ ?" ਡਿਗਣ ਦੇ ਡਰ ਤੋਂ ਪ੍ਰੀਤੂ ਨੇ ਭਰਾ ਦੇ ਸਿਰ ਨੂੰ ਬਾਹੀਂ ਵਿੱਚ ਘੁੱਟ ਲਿਆ।
"ਬੋਤਾ ਬੀਬਾ ਬਣ ਕੇ ਤੁਰੇ ਖਾਂ। ਮੈਂ ਬੋਤੇ ਦਾ ਨਿੱਕਾ ਵੀਰ ਹੋਇਆ।" ਪ੍ਰੀਤੂ ਨੇ ਭਰਾ-ਪੁਣੇ ਦਾ-ਮਾਨੋ ਵਾਸਤਾ ਪਾ ਕੇ ਕਿਹਾ।
"ਹੱਛਾ; ਮੇਰੇ ਵਾਲ ਛੱਡ ਦਿਹ। ਹੁਣ ਨਹੀਂ ਬੋਤਾ ਭੁੜਕਦਾ।"
ਦੋਹਾਂ ਵਿੱਚ ਸਮਝੌਤਾ ਹੋ ਗਿਆ। ਅਸਵਾਰ ਨੇ ਸਖ਼ਤੀ ਕਰਨੀ ਛੱਡ ਦਿੱਤੀ, ਤਾਂ ਬੋਤਾ ਵੀ ਆਪਣੀ ਸਿਧੀ ਚਾਲੇ ਪੈ ਤੁਰਿਆ। ਹੱਸਦੇ ਖੇਡਦੇ ਦੋਵੇਂ ਭਰਾ ਘਰ ਆ ਪੁੱਜੇ।
"ਇਹ ਛੋਟਾ ਏ ਵਹਿੜਕਾ ਸਾਰਾ ? ਹਰ ਵੇਲੇ ਇਹਨੂੰ ਮੋਢਿਆਂ 'ਤੇ ਚੁੱਕੀ ਫਿਰਦਾ ਏਂ।" ਮਾਂ ਨੇ ਵੱਡੇ ਪੁੱਤਰ ਨੂੰ ਮਿੱਠੀ ਜੇਹੀ ਝਿੜਕ ਦੇਂਦਿਆਂ ਕਿਹਾ।
"ਮਾਂ ? ਇਹ ਤਾਂ ਮੇਰਾ ਬੋਤਾ ਏ।" ਪ੍ਰੀਤੂ ਨੇ ਭਰਾ ਦੇ ਮੋਢਿਆਂ ਤੋਂ ਉਤਰਦਿਆਂ ਕਿਹਾ।
"ਵੱਡੇ ਭਰਾ ਨੂੰ ਬੋਤਾ ਆਹੰਦਿਆਂ ਸ਼ਰਮ ਨਹੀਂ ਔਂਦੀ ?" ਮਾਂ ਨੇ ਨਿੱਕੇ ਨੂੰ ਝਿੜਕਣਾ ਵੀ ਜ਼ਰੂਰੀ ਸਮਝਿਆ, ਭਾਵੇਂ ਝਿੜਕ ਝੰਬ ਬਿਲਕੁਲ ਬਨਾਉਟੀ ਸੀ। ਉਹਦੇ ਖਿੜੇ ਹੋਏ ਚਿਹਰੇ 'ਤੇ ਘੂਰੀ ਦੀ ਥਾਂ ਮੁਸਕਰਾਹਟ ਫੈਲੀ ਹੋਈ ਸੀ।
"ਉਹ ਬੋਤਾ ਏ, ਤਾਂ ਤੂੰ ਕੀ ਏਂ ? ਗਧਾ ?"page-break
"ਨਹੀਂ, ਮੈਂ ਤਾਂ ਪ੍ਰੀਤੂ ਆਂ, ਸਰਦਾਰ ਪ੍ਰੀਤਮ ਸਿੰਘ।" ਪ੍ਰੀਤੂ ਨੇ ਛਾਤੀ ਫੁਲਾ ਕੇ ਜ਼ਰਾ ਮਾਣ ਨਾਲ ਕਿਹਾ।
"ਤੇ ਉਹ ਮੇਰਾ ਪੁੱਤ ਏ, ਸਰਦਾਰ ਪਿਆਰਾ ਸਿੰਘ। ….ਹੱਥ ਧੋਵੇ ਤੇ ਰੋਟੀ ਖਾਓ ਸਵਖਤੇ ਸਵਖਤੇ।"
ਦੋਵੇਂ ਭਰਾ ਹੱਥ ਧੋ ਕੇ ਚੌਂਕੇ ਵਿੱਚ ਆ ਬੈਠੇ। ਦਲੀਪ ਕੌਰ ਨੇ ਇਕੇ ਥਾਂ ਰੋਟੀ ਪਾ ਕੇ ਅੱਗੇ ਧਰ ਦਿੱਤੀ।
"ਭਾਊ! ਪਹਿਲਾਂ ਮੈਂ ਖਾਵਾਂਗਾ।" ਪ੍ਰੀਤੂ ਨੇ ਆਪਣਾ ਹੱਕ ਜਤਾਂਦਿਆਂ ਕਿਹਾ।
"ਪਹਿਲਾਂ ਵੱਡੇ ਭਰਾ ਖਾਂਦੇ ਨੇ ਕਿ ਛੋਟੇ।" ਕੋਲੋਂ ਦਲੀਪ ਕੌਰ ਨੇ ਨਿੱਕੇ ਪੁੱਤਰ ਦੀ ਗੱਲ ਟੋਕੀ।
"ਮੈਂ ਵੱਡਾ।" ਪ੍ਰੀਤੂ ਨੇ ਸੱਜਾ ਗੋਡਾ ਹਿਲਾਉਂਦਿਆਂ ਵਾਜ 'ਤੇ ਜ਼ੋਰ ਦੇ ਕੇ ਕਿਹਾ।
"ਖਾਣ ਪੀਣ ਨੂੰ ਤੂੰ ਵੱਡਾ, ਕੰਧਾੜੇ ਚੜ੍ਹਨ ਨੂੰ ਛੋਟਾ। ਘਰ ਨੂੰ ਸਿਆਣਾ ਕਿੰਨਾ ਏ ਟੈਣਾ ਜਿਹਾ। ਪਹਿਲਾਂ ਮੇਰੇ ਵੱਡੇ ਪੁੱਤ ਨੂੰ ਖਾਣ ਦਿਹ।"
"ਭਾਊ। ਮੈਂ ਵੱਡਾ ਆਂ ਨਾ ?" ਪ੍ਰੀਤੂ ਨੇ ਮਾਂ ਵੱਲੋਂ ਹਮਾਇਤ ਨਾ ਹੁੰਦੀ ਵੇਖ ਕੇ ਭਰਾ ਕੋਲੋਂ ਪੁੱਛਿਆ, ਜਿਸ ਦੇ ਵਿਰੁੱਧ ਉਹ ਦਾਹਵਾ ਪੇਸ਼ ਕਰ ਰਿਹਾ ਸੀ।
"ਹਾਂ ਹਾਂ, ਤੂੰ ਵੱਡਾ। ਖਾਹ ਤੂੰ। ਮੈਂ ਪਿੱਛੋਂ ਖਾ ਲਵਾਂਗਾ। ਪਿਆਰੇ ਨੇ ਇਕਵੱਲੀ ਸੁਲ੍ਹਾ ਮੰਨ ਕੇ ਹਥਿਆਰ ਸੁੱਟ ਦਿੱਤੇ।
"ਹੱਛਾ, ਦੋਵੇਂ ਖਾਈਏ। ਪਹਿਲੀ ਬੁਰਕੀ ਮੈਂ, ਦੂਜੀ ਤੂੰ।" ਪ੍ਰੀਤੂ ਨੇ ਬੜੇ ਖੁਲ੍ਹੇ ਦਿਲ ਨਾਲ ਕਿਹਾ।
ਦੋਹਾਂ ਪੁੱਤਰਾਂ ਨੂੰ 'ਕੱਠਿਆਂ ਖਾਂਦਿਆਂ ਵੇਖ ਕੇ ਮਾਂ ਦਾ ਦਿਲ ਖ਼ੁਸ਼ੀ ਵਿੱਚ ਉਛਲ ਰਿਹਾ ਸੀ।
"ਮਾਂ, ਪ੍ਰੀਤੂ ਪੰਜਾਂ ਵਰ੍ਹਿਆਂ ਦਾ ਹੋ ਗਿਆ ਏ ?" ਪਾਣੀ ਪੀ ਕੇ ਗਲਾਸ ਥੱਲੇ ਰਖਦਿਆਂ ਪਿਆਰੇ ਨੇ ਅਚਨਚੇਤ ਪੁੱਛਿਆ।
"ਸੁੱਖ ਨਾਲ ਛੇਵਾਂ ਜਾ ਰਿਹਾ ਏ। ਕਿਉਂ ?" ਦਲੀਪ ਕੌਰ ਸਵਾਲੀਆ ਨਜ਼ਰ ਨਾਲ ਵੱਡੇ ਪੁੱਤਰ ਵੱਲ ਵੇਖਣ ਲੱਗ ਪਈ।
“ਮੇਰੀ ਸਲਾਹ ਏ, ਇਹਨੂੰ ਪੜ੍ਹਨੇ ਪਾ ਦੇਈਏ। ਕੱਲ੍ਹ ਮੁਨਸ਼ੀ ਆਹੰਦਾ ਸੀ।"
“ਇਨੇ ਕਿਹੜਾ ਪੜ੍ਹ ਕੇ ਡਿਪਟੀ ਬਣ ਜਾਣਾ ਏਂ। ਨਾਲੇ ਸਾਥੋਂ ਪੜ੍ਹਾਈਆਂ ਦੇ ਖ਼ਰਚ ਪੁੱਜਦੇ ਨੇ ?" ਮਾਂ ਨੇ ਘਰ ਦੀ ਤੰਗੀ ਨੂੰ ਮੁਖ ਰੱਖ ਕੇ ਕਿਹਾ।
"ਹੱਛਾ, ਮੈਂ ਭਲਕੇ ਵੱਡੇ ਮਾਸਟਰ ਨੂੰ ਪੁੱਛਾਂਗਾ। ਜੇ ਉਹਨੇ ਪਹਿਲਾਂ ਈ ਇਹਨੂੰ page-break
ਡਿਪਟੀ ਬਣਾ ਦਿੱਤਾ ਤਾਂ ਫੇਰ ਆਪਾਂ ਇਹਨੂੰ ਪੜ੍ਹਨੇ ਪਾ ਦਿਆਂਗੇ।" ਪਿਆਰੇ ਦੇ ਸਾਰੇ ਚਿਹਰੇ 'ਤੇ ਮੁਸਕਰਾਹਟ ਫੈਲੀ ਹੋਈ ਸੀ।
"ਡਿਪਟੀ ਛੱਡਿਆ, ਉਹ ਤਾਂ ਇਹਨੂੰ ਠਾਣੇਦਾਰ ਬਣਾ ਦੇਵੇਗਾ ਘਰ ਬੈਠੇ ਨੂੰ।" ਅਨਪੜ੍ਹ ਮਾਂ ਨੂੰ ਕੀ ਪਤਾ ਕਿ ਡਿਪਟੀ ਵੱਡਾ ਹੁੰਦਾ ਹੈ ਜਾਂ ਥਾਣੇਦਾਰ। "ਨਾਲੇ ਹੁਣ ਕੋਲੋਂ ਰੱਸਾ ਪੈੜਾ ਫੜੌਣ ਜੋਗਾ ਹੋਇਆ ਏ ਤਾਂ ਪੜ੍ਹਨੇ ਪਾ ਦਿਓ ਸੂ।"
“ਹੱਛਾ ਭਈ ਤੂੰ ਦੱਸ, ਪੜ੍ਹਨਾ ਏਂ ਜਾਂ ਡੰਗਰ ਚਾਰਨੇ ਨੇ?" ਪਿਆਰੇ ਨੇ ਮਾਂ ਦੀ ਗੱਲ ਦਾ ਉੱਤਰ ਦੇਣ ਦੀ ਥਾਂ ਪ੍ਰੀਤੂ ਕੋਲੋਂ ਫ਼ੈਸਲਾ ਲੈਣਾ ਠੀਕ ਸਮਝਿਆ। "ਪੜ੍ਹਨਾ ਏਂ।” ਪ੍ਰੀਤੂ ਨੇ ਬੜੀ ਕਾਹਲੀ ਨਾਲ ਉੱਤਰ ਦਿੱਤਾ। "ਪਰ ਜੋ ਜੋ ਤੂੰ ਆਖਿਆ ਠੀਕ ਏ ਨਾ।"
"ਹਾਂ ਹਾਂ ਠੀਕ! ਪੜ੍ਹਨ ਵਾਲਿਆਂ ਦੇ ਪੈਰੀਂ ਬੂਟ, ਤੇੜ ਪਜਾਮਾ, ਗਲੀਂ ਕੋਟ ਤੇ ਡੰਗਰ ਚਾਰਨ ਵਾਲਿਆਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ। ਔਹ ਵੇਖ ਲੈ ਚੌਂਕੇ ਤੋਂ ਥੱਲੇ ਪਈ ਮੇਰੀ ਜੁੱਤੀ। ਬੱਸ ਏਹਾ ਨਮੂਨਾ।"
ਸਾਰੀ ਦੁਪਹਿਰ ਦੋਵੇਂ ਭਰਾਵਾਂ ਵਿੱਚ ਇਕ ਗੁਪਤ ਸਮਝੌਤਾ ਹੁੰਦਾ ਰਿਹਾ ਸੀ। ਪਿਆਰੇ ਨੇ ਉਸ ਸਮਝੋਤੇ ਉੱਤੇ ਦੁਬਾਰਾ ਮੋਹਰ ਲਾ ਦਿੱਤੀ।
"ਨਾਲੇ ਮੇਰੀ ਫੱਟੀ ਤੂੰ ਪੋਚਿਆ ਕਰਨੀ ਊਂ ਤੇ ਸ਼ਾਮੀ ਸਕੂਲੋਂ, ਚੁੱਕ ਕੇ ਲਿਔਣਾ ਹੋਵੇਗਾ, ਰੋਜ਼।" ਪ੍ਰੀਤੂ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਖਲੀ ਕਰਕੇ ਬੜੇ ਰੁਹਬ ਨਾਲ ਕਿਹਾ, ਕਿਸੇ ਜੇਤੂ ਜਰਨੈਲ ਵਾਂਗ।
"ਦੋਵੇਂ ਸ਼ਰਤਾਂ ਮਨਜ਼ੂਰ ਭਈ।" ਪਿਆਰੇਂ -ਨੇ ਸਿਰ ਹਿਲਾ ਕੇ ਹਾਮੀ ਭਰ ਦਿੱਤੀ।
"ਪੋਚਿਆ ਕਿਉਂ ਨਾ ਕਰੇਗਾ। ਤੇਰਾ ਨੌਕਰ ਜੁ ਹੋਇਆ! ਭਲਕੇ ਲਿਖ ਪੜ੍ਹ ਕੇ ਕੋਈ ਅਫ਼ਸਰ ਬਣ ਗਿਉਂ ਤਾਂ ਆਪਣੇ ਹਲ-ਵਾਹ ਭਰਾ ਨੂੰ ਸਿਆਣਨਾ ਵੀ ਨਹੀਂਉਂ।" ਓਸੇ ਮਾਂ ਦੀਆਂ ਅੱਖਾਂ ਵਿੱਚ ਅਫ਼ਸਰੀ ਦੇ ਲਾਰੇ ਝਲਕਣ ਲੱਗ ਪਏ ਜੋ ਦੋ ਮਿੰਟ ਪਹਿਲਾਂ ਪੜ੍ਹਾਈ ਦਾ ਵਿਰੋਧ ਕਰ ਰਹੀ ਸੀ।
“ਭਾਊ! ਤੂੰ ਮੇਰਾ ਨੌਕਰ ਏਂ ਨਾ!" ਪ੍ਰੀਤੂ ਨੇ ਬੜੀ ਹਲੀਮੀ ਨਾਲ ਵੱਡੇ ਭਰਾ ਦੀ ਬਾਂਹ ਹਿਲਾ ਕੇ ਪੁੱਛਿਆ। ਸ਼ਾਇਦ ਉਸ ਦੇ ਅੰਦਰ ਭੈਅ ਪੈਦਾ ਹੋ ਗਿਆ ਸੀ ਕਿ ਮਾਂ ਦੇ ਵਿਰੋਧ ਕਰਕੇ ਉਹਦੀ ਮੰਗ ਠੁਕਰਾਈ ਨਾ ਜਾਂਦੀ ਹੋਵੇ।
"ਨੌਕਰ, ਸਰਦਾਰ ਜੀ! ਹੱਥੀ ਬੱਧੀ ਗ਼ੁਲਾਮ।"
"ਫੇਰ ਮੇਰੀ ਫੱਟੀ ਪੋਚ ਦਿਆ ਕਰੇਂਗਾ ਨਾ।"
"ਜ਼ਰੂਰ।”
"ਕਿਉਂ ਤੇਰੇ ਹੱਥਾਂ ਦੀ ਮਹਿੰਦੀ ਲਹਿੰਦੀ ਏ ਪੋਚਦਿਆਂ।" ਮਾਂ ਨੇ ਫਿਰ ਵਿਰੋਧ page-break
ਕੀਤਾ। ਭਾਵੇਂ ਇਹ ਸਾਰਾ ਵਿਰੋਧ ਬੱਚਿਆਂ ਦੀਆਂ ਗੱਲਾਂ ਦਾ ਰਸ ਲੈਣ ਵਾਸਤੇ ਹੀ ਸੀ।
"ਤੇ ਪਾਲੇ ਦੀ ਫਟੀ ਬੀਰੋ ਨਹੀਂ ਪੋਚਦੀ ਹੁੰਦੀ ?” ਆਪਣਾ ਹੱਕ ਸਾਬਤ ਕਰਨ ਬਦਲੇ ਪ੍ਰੀਤੂ ਨੇ ਗਵਾਂਢੀ ਦੀ ਮਿਸਾਲ ਪੇਸ਼ ਕਰ ਦਿੱਤੀ।
"ਫਿਰ ਤੂੰ ਵੀ ਰੱਬ ਕੋਲੋਂ ਇਕ ਭੈਣ ਮੰਗ ਲੈਂਦੇਂ ਜਿਹੜੀ ਤੇਰੀਆਂ ਫੱਟੀਆਂ ਪੋਚ ਦਿਆ ਕਰਦੀ।" ਅਜੇ ਵੀ ਦਲੀਪ ਕੌਰ ਦੀ ਮਮਤਾ ਧੀ ਵਾਸਤੇ ਤਰਸ ਰਹੀ ਸੀ।
“ਭਾਊ। ਆਪਾਂ ਹੁਣ ਰੱਬ ਕੋਲੋਂ ਇਕ ਭੈਣ ਮੰਗ ਲਈਏ ਖਾਂ।" ਪ੍ਰੀਤੂ ਨੇ ਭਰਾ ਵੱਲ ਸ਼ਰਧਾ ਭਰੀਆਂ ਅੱਖਾਂ ਨਾਲ ਤੱਕਦਿਆਂ ਕਿਹਾ।
ਤੇਰਾਂ ਚੌਦਾਂ ਸਾਲ ਦੇ ਪਿਆਰੇ ਨੇ ਛੋਟੇ ਭਰਾ ਦੀ ਮੰਗ ਦਾ ਕੋਈ ਉੱਤਰ ਨਾ ਦਿੱਤਾ। ਉਹ ਇਸ ਭੇਤ ਨੂੰ ਕੁਝ-ਕੁਝ ਸਮਝਣ ਲੱਗ ਪਿਆ ਸੀ।
"ਹੋਰ ਰੋਟੀ ਲੈਣੀ ਊਂ ?" ਪਿਆਰੇ ਨੇ ਗੱਲ ਹੋਰ ਪਾਸੇ ਟਾਲ ਦਿੱਤੀ।
"ਬੱਸ ।"
"ਚਲ ਉਠ ਫਿਰ ਹੱਥ ਧੋ ਕੇ ਆਪਾਂ ਸਵੀਏਂ।”
"ਫਿਰ ਓਦਣ ਵਾਲੀ ਬਾਤ ਸੁਣਾਵੇਂਗਾ ਨਾ।”
"ਸੁਣਾਵਾਂਗਾ।” ਛੋਟਾ ਜਿਹਾ ਉੱਤਰ ਦੇ ਕੇ ਪਿਆਰੇ ਨੇ ਗੱਲ ਮੁਕਾ ਦਿੱਤੀ। ਉਹ ਛੇਤੀ ਤੋਂ ਛੇਤੀ ਮਾਂ ਕੋਲੋਂ ਦੂਰ ਭੱਜ ਜਾਣਾ ਚਾਹੁੰਦਾ ਸੀ। 'ਭੈਣ ਮੰਗਣ' ਦੇ ਅਰਥਾਂ ਬਾਰੇ ਸੋਚਦਿਆਂ ਉਹ ਅਜੀਬ ਕਿਸਮ ਦੀ ਸ਼ਰਮ ਮਹਿਸੂਸ ਕਰ ਰਿਹਾ ਸੀ।
ਦੋਵੇਂ ਭਰਾ ਵਿਹੜੇ ਦੇ ਵਿਚਕਾਰ ਡੱਠੇ ਮੰਜੇ 'ਤੇ ਲੰਮੇ ਜਾ ਪਏ। ਨਿੱਕੇ ਨੇ ਬਾਂਹ ਵੱਡੇ ਦੇ ਗਲ ਵਿੱਚ ਪਾ ਲਈ ਅਤੇ ਲੱਤ ਉਹਦੇ ਢਿੱਡ ਉੱਤੇ ਰੱਖ ਦਿੱਤੀ। ਵੱਡਾ ਇਕ ਸ਼ਹਿਜ਼ਾਦੇ ਤੇ ਸੁਨਹਿਰੀ ਵਾਲਾਂ ਵਾਲੀ ਸ਼ਹਿਜ਼ਾਦੀ ਦੀ ਕਹਾਣੀ ਸੁਨਾਉਣ ਲੱਗ ਪਿਆ। ਨਿੱਕਾ ਉਹਦਾ ਹੁੰਗਾਰਾ ਭਰਨ ਵਿੱਚ ਲੀਨ ਹੋ ਗਿਆ।
ਖਾਲੜੇ ਤੋਂ ਲਾਹੌਰ ਨੂੰ ਜਾਣ ਵਾਲੀ ਪੱਕੀ ਸੜਕ ਉੱਤੇ 'ਬਰਕੀ' ਇਕ ਘੁਗ ਵਸਦਾ ਕਸਬਾ ਸੀ। ਉਸ ਵਿੱਚ ਸਿੱਖ, ਹਿੰਦੂ, ਮੁਸਲਮਾਨ ਅਤੇ ਹਰੀਜਨ ਸਾਰੇ ਭਰਾਵਾਂ ਵਾਂਗ ਵਸਦੇ ਸਨ। ਲਾਹੌਰ ਸ਼ਹਿਰ ਸਿਰ 'ਤੇ ਹੋਣ ਕਰਕੇ ਕੁਝ ਲੋਕਾਂ ਦਾ ਨਿਰਬਾਹ ਸ਼ਹਿਰ ਵਿੱਚ ਮਿਹਨਤ ਮਜ਼ਦੂਰੀ ਕਰਨ ਨਾਲ ਹੁੰਦਾ ਸੀ। ਜੱਟ ਸਿੱਖ ਵਧੇਰੇ ਵਾਹੀ 'ਤੇ ਗੁਜ਼ਾਰਾ ਕਰਦੇ ਸਨ। ਪੁਰਾਣੀ ਵਸੋਂ ਹੋਣ ਕਰਕੇ ਕਈਆਂ ਘਰਾਂ ਕੋਲ ਜ਼ਮੀਨ ਅਸਲੋਂ ਥੋੜ੍ਹੀ-ਥੋੜ੍ਹੀ ਰਹਿ ਗਈ। ਧਰਮ ਸਿੰਘ ਵੀ ਏਸੇ ਸ਼ਰੇਣੀ ਵਿੱਚੋਂ ਸੀ। ਆਪਣੀ ਮਾਲਕੀ ਉਹਦੇ ਕੋਲ ਮਸਾਂ ਦਸ ਘੁਮਾਂ ਸੀ। ਦੋ ਚਾਰ ਘੁਮਾਂ ਉਹ ਕਿਸੇ ਗਵਾਂਢੀ ਕੋਲੋਂ ਹਿੱਸੇ 'ਤੇ ਲੈ ਲੈਂਦਾ। ਮਿਹਨਤੀ ਸੁਭਾਅ ਦਾ ਮਾਲਕ ਹੋਣ ਕਰਕੇ ਉਹ page-break
ਆਪਣੇ ਛੋਟੇ ਪਰਿਵਾਰ ਦਾ ਨਿਰਬਾਹ ਕਰੀ ਜਾ ਰਿਹਾ ਸੀ। ਉਹਦੀ ਜੀਵਨ ਸਾਥਣ ਦਲੀਪ ਕੌਰ ਵੀ ਗੰਧਮੀ ਰੰਗ, ਸਡੋਲ ਸਰੀਰ ਤੇ ਚੰਗੀ ਸਿਹਤ ਵਾਲੀ ਇਸਤਰੀ ਸੀ।
ਵਿਆਹ ਤੋਂ ਪੰਜ ਵਰ੍ਹੇ ਪਿੱਛੋਂ ਉਹਨਾਂ ਦੇ ਘਰ ਪਲੇਠੀ ਦਾ ਪੁੱਤਰ ਹੋਇਆ। ਮਾਪਿਆਂ ਨੂੰ ਤਾਂ ਸਾਰੇ ਹੀ ਪਿਆਰੇ ਹੁੰਦੇ ਹਨ, ਪਰ ਉਸ ਬੱਚੇ ਦਾ ਭੋਲਾ-ਭਾਲਾ ਚਿਹਰਾ ਹਰ ਵੇਖਣ ਵਾਲੇ ਨੂੰ ਪਿਆਰਾ ਲੱਗਦਾ ਸੀ। ਮਾਪਿਆਂ ਨੇ ਉਹਦਾ ਨਾਂ ਵੀ ਪਿਆਰਾ ਸਿੰਘ ਰੱਖ ਦਿੱਤਾ। ਜਵਾਨ ਜੋੜੇ ਦਾ ਵਿਆਹ ਪਿੱਛੋਂ ਪੰਜ ਸਾਲ ਤਕ ਬੱਚੇ ਦਾ ਰਾਹ ਉਡੀਕਣਾ ਬੜਾ ਲੰਮਾ ਸਮਾਂ ਹੁੰਦਾ ਹੈ, ਪਰ ਪਿਆਰਾ ਸਿੰਘ ਦੇ ਆਉਣ ਨੇ ਉਹਨਾਂ ਦੇ ਸਬਰ ਦਾ ਮੁੱਲ ਮੋੜ ਦਿੱਤਾ। ਉਹ ਖ਼ੁਸ਼ੀਆਂ ਵਿੱਚ ਇਕ ਤੋਂ ਚਾਰ ਹੋਏ ਫਿਰਦੇ! ਪਿਆਰੇ ਦੇ ਪੈਰੀਂ ਚਾਂਦੀ ਦੀਆਂ ਕੜੀਆਂ ਦੇ ਛਣਕਦੇ ਬੇਰ ਸਾਰੇ ਵਿਹੜੇ ਵਿੱਚ ਰੌਣਕ ਲਾਈ ਰੱਖਦੇ।
ਇਕ ਅੰਞਾਣੇ ਨਾਲ ਉਹਨਾਂ ਨੂੰ ਆਪਣਾ ਵਿਹੜਾ ਭੀੜਾ-ਭੀੜਾ ਲੱਗਣ ਲੱਗ ਪਿਆ ਸੀ। ਸੀ ਵੀ ਭੀੜਾ ਹੀ। ਦੋ ਬਲਦ ਤੇ ਇਕ ਮਹਿੰ ਬੰਨ੍ਹਣ ਪਿੱਛੋਂ ਵਿਹੜੇ ਵਿੱਚ ਦੋ ਮੰਜੇ ਡਾਹੁਣ ਜੋਗੀ ਥਾਂ ਨਹੀਂ ਸੀ ਬਚਦੀ। ਉਹਨਾਂ ਪਿੰਡ ਦੇ ਅੰਦਰਲਾ ਘਰ ਵੇਚ ਕੇ ਬਾਹਰ ਖੇਤ ਵਿੱਚ ਆ ਹਵੇਲੀ ਵਲੀ। ਭਾਗਾਂ ਨਾਲ ਉਹਨਾਂ ਦੀ ਤਿੰਨ ਘੁਮਾਂ ਜਮੀਨ ਖਾਲੜੇ ਨੂੰ ਜਾਣ ਵਾਲੀ ਸੜਕ ਉੱਤੇ ਆ ਗਈ ਸੀ। ਪਿੰਡ ਦੇ ਆਖ਼ਰੀ ਘਰ ਤੋਂ ਮਸਾਂ ਸੱਠ ਸੱਤਰ ਕਰਮਾਂ ਦੂਰ ਸੀ। ਪਹਿਲਾਂ ਤਾਂ ਉਹ ਬੜੇ ਇਕੱਲੇ-ਇਕੱਲੇ ਮਹਿਸੂਸ ਕਰਨ ਲੱਗੇ। ਨਾ ਆਂਢ ਨਾ ਗੁਆਂਢ, ਪਰ ਦੋ ਸਾਲਾਂ ਵਿੱਚ ਹੀ ਵਸੋਂ ਉਹਨਾਂ ਤਕ ਅੱਪੜ ਗਈ। ਅਗਲੇ ਸਾਲ ਉਹਨਾਂ ਤੋਂ ਚੜ੍ਹਦੇ ਪਾਸੇ ਚਾਰ ਪੰਜ ਘਰ ਆ ਵੱਸੇ।
ਪਲੇਨੀ ਦੇ ਪੁੱਤਰ ਪਿੱਛੋਂ ਉਹਨਾਂ ਨੂੰ ਫਿਰ ਸਾਢੇ ਅੱਠ ਸਾਲ ਉਡੀਕਣਾ ਪਿਆ। ਕਿਸੇ-ਕਿਸੇ ਵੇਲੇ ਉਹ ਦੋਵੇਂ ਕੁਛ ਉਦਾਸ ਵੀ ਹੋ ਜਾਂਦੇ। ਦਲੀਪ ਕੌਰ ਨੇ ਠੰਡਾ ਸਾਹ ਭਰ ਕੇ ਕਿਹਾ, "ਰੱਬ ਸਾਡੀ ਜੋੜੀ ਰਲਾ ਦੇਂਦਾ ਤਾਂ ਉਹਦੇ ਘਰ ਕੀ ਘਾਟਾ ਸੀ।"
"ਭਲੀਏ ਲੋਕੇ! ਏਹਾ ਗੱਲ ਤਾਂ ਉਹਨੇ ਆਪਣੇ ਹੱਥ ਰੱਖੀ ਏ। ਤੂੰ ਗੁਰੂ ਮਹਾਰਾਜ ਅੱਗੇ ਸੁੱਖ ਸੁੱਖਿਆ ਕਰ ਸਾਡਾ ਇਕੋ ਈ ਜਿਉਂਦਾ ਰਹੇ। ਜਿਹੜੇ ਇਕ ਨੂੰ ਵੀ ਤਰਸਦੇ ਨੇ, ਉਹਨਾਂ ਵੱਲੇ ਵੇਖ ਖਾਂ। ਕਈ ਵਿਚਾਰੇ ਧੀ ਦਾ ਮੂੰਹ ਵੇਖਣ ਨੂੰ ਵੀ ਸਹਿਕਦੇ ਨੇ। ਜੋ ਉਹਨੂੰ ਭਾਵੇਂ।” ਧਰਮ ਸਿੰਘ ਬੜੇ ਧੀਰਜ ਨਾਲ ਕਹਿੰਦਾ, ਭਾਵੇਂ ਅੰਦਰੋਂ ਉਹ ਵੀ ਓਨਾ ਹੀ ਉਦਾਸ ਹੁੰਦਾ।”
"ਠੀਕ ਏ, ਪਰ ਜੱਟ ਦੇ ਕੱਲ੍ਹੇ ਪੁੱਤ ਨੂੰ ਤਾਂ ਕੋਈ ਬਾਹਰ ਨਹੀਂ ਨਿਕਲਣ page-break
ਦੇਂਦਾ। ਕੱਲੀ ਹੋਵੇ ਨਾ ਵਣਾਂ ਵਿੱਚ ਲੱਕੜੀ। ਕੱਲੇ ਕਾਰੇ ਰੁੱਖ ਦੀ ਛਾਵੇਂ ਡਰਦਾ, ਰਾਹੀ ਵੀ ਨਹੀਂ ਬਹਿੰਦਾ।" ਦਲੀਪ ਕੌਰ ਦੇ ਸੁਨੱਖੇ ਚਿਹਰੇ ਉੱਤੇ ਉਦਾਸੀ ਦੇ ਪਰਛਾਵੇਂ ਛਾ ਜਾਂਦੇ।
"ਚਲੋ, ਭਜਨ ਕਰਿਆ ਕਰੋ। ਹਰ ਇਕ ਨੇ ਆਪਣੇ ਭਾਗ ਲੈਣੇ ਹੁੰਦੇ ਨੇ।" ਧਰਮ ਸਿੰਘ ਦਿਲ ਛੱਡਣ ਦੇ ਹੱਕ ਵਿੱਚ ਨਹੀਂ ਸੀ।
ਇਕ ਦਿਨ ਬਾਹਰੋਂ ਖੇਡਦਾ ਖੇਡਦਾ ਪਿਆਰਾ ਆਇਆ ਤਾਂ ਉਹਦਾ ਚਿਹਰਾ ਬਹੁਤ ਉਦਾਸ ਸੀ। ਉਹ ਚੁੱਪਚਾਪ ਨੀਵੀਂ ਪਾਈ ਬੈਠਾ ਰੋਟੀ ਖਾਂਦਾ ਰਿਹਾ। ਇਕ ਵਾਰ ਵੀ ਉਹਨੇ ਨਿਗ੍ਹਾ ਚੁੱਕ ਕੇ ਮਾਂ ਵੱਲ ਨਾ ਵੇਖਿਆ।
"ਪਿਆਰਿਆ! ਸਗੋਂ ਕਿਸੇ ਨਾਲ ਲੜ ਕੇ ਆਇਆ ਏਂ?" ਪੁੱਤਰ ਦਾ ਉਦਾਸ ਚਿਹਰਾ ਮਾਂ ਤੋਂ ਬਹੁਤਾ ਚਿਰ ਵੇਖਿਆ ਨਾ ਗਿਆ। ਅੰਤ ਉਹਨੇ ਪੁੱਛ ਹੀ ਲਿਆ।
ਉੱਤਰ ਦੇਣ ਦੀ ਥਾਂ ਅੱਧਾ ਫੁਲਕਾ ਵਿਚੇ ਛੱਡ ਕੇ ਉੱਠ ਬੈਠਾ। ਉਹਦੀਆਂ ਅੱਖਾਂ ਅਜੇ ਵੀ ਧਰਤੀ 'ਤੇ ਟਿਕੀਆਂ ਹੋਈਆਂ ਸਨ।
"ਸਗੋਂ ਕਿਸੇ ਮਾਰਿਆ ਈ ?" ਮਾਂ ਦੇ ਦਿਲ ਨੂੰ ਵਲ੍ਹੇਟ ਫਿਰ ਰਹੇ ਸਨ।
" ਨਹੀਂ ।"
"ਫਿਰ ਬੋਲਦਾ ਕਿਉਂ ਨਹੀਂ? ਆ ਖਾਂ ਮੇਰੇ ਲਾਲ।" ਮਾਂ ਨੇ ਬਾਹੋਂ ਫੜ ਕੇ ਪੁੱਤਰ ਨੂੰ ਆਪਣੇ ਵੱਲ ਖਿੱਚ ਲਿਆ।
"ਪਾਲੂ ਹੋਰੀਂ ਪੰਜ ਭਰਾ ਹੋ ਗਏ। ਅੱਜ ਫੇਰ ਉਹਨਾਂ ਘਰ ਮੁੰਡਾ ਜੰਮਿਆ ਏਂ। ਪੰਜ ਭਰਾ ਤੇ ਦੋ ਭੈਣਾਂ।" ਪਿਆਰੇ ਦੀਆਂ ਅੱਖਾਂ ਵਿੱਚ ਅਟਕੇ ਹੋਏ ਹੰਝੂ ਬਾਹਰ ਡੁੱਲ੍ਹ ਪਏ।
"ਮਾਂ ਮਰ ਜੇ! ਤੂੰ ਕਿਹਾ ਹੇਰਵਾ ਲਾ ਲਿਆ ਏ। ਸਾਡਾ ਤੂੰ ਸਵਾ ਲੱਖ ਈ ਸ਼ੇਰ ਏਂ।" ਮਾਂ ਨੇ ਪੁੱਤ ਨੂੰ ਖਿੱਚ ਕੇ ਛਾਤੀ ਨਾਲ ਲਾ ਲਿਆ। "ਰਣਾ ਕਿਉਂ ਏਂ। ਤੂੰ ਸਵੇਰੇ ਉੱਠ ਕੇ ਗੁਰਦਵਾਰੇ ਜਾਇਆ ਕਰ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰ। ਬਾਬਾ ਤੈਨੂੰ ਵੀ ਇਕ ਵੀਰ ਦੇਵੇਗਾ।"
"ਗੁਰਦੁਆਰੇ ਵਾਲਾ ਬਾਬਾ ਆਹੰਦਾ ਹੁੰਦਾ ਏ ਸੱਖਣੇ ਹੱਥੀਂ ਮੱਥਾ ਟੇਕਣ ਨਹੀਂ ਆਈਦਾ, ਔਗਣ ਹੁੰਦਾ ਏ।” ਪਿਆਰੇ ਨੇ ਉਦਾਸ ਸੁਰ ਵਿੱਚ ਕਿਹਾ।
"ਹੱਛਾ ਤੂੰ ਮੈਥੋਂ ਆਟਾ ਲੈ ਜਾਇਆ ਕਰ। ਸੁਣਿਆ ? ਗੁਰੂ ਬਾਬਾ ਤੇਰੀ ਅਰਦਾਸ ਜ਼ਰੂਰ ਮੰਨ ਲਵੇਗਾ। ਉਹ ਵੱਡਿਆਂ ਦੀ ਭਾਵੇਂ ਨਾ ਮੰਨੇ, ਪਰ ਤੇਰੇ ਜਿੱਡਿਆਂ ਦੀ ਆਖੀ ਨਹੀਂ ਮੋੜਦਾ।"
ਅਗਲੇ ਦਿਨ ਸਵੇਰੇ ਛੋਟੀ ਜੇਹੀ ਕੋਲੀ ਵਿੱਚ ਅੱਧ ਕੁ ਪਾ ਆਟਾ ਪਾ ਕੇ ਮਾਂ page-break
ਨੇ ਪੁੱਤਰ ਨੂੰ ਗੁਰਦੁਆਰੇ ਅਰਦਾਸ ਕਰਨ ਲਈ ਭੇਜ ਦਿੱਤਾ। ਪਿਆਰਾ ਗੁਰੂ ਗ੍ਰੰਥ ਸਾਹਿਬ ਅੱਗੇ ਆਟਾ ਢੇਰੀ ਕਰਕੇ ਕਿੰਨਾ ਚਿਰ ਹੱਥ ਜੋੜ ਕੇ ਖਲੋ ਰਿਹਾ। ਉਹਦੀਆਂ ਅੱਖਾਂ ਬੰਦ ਤੇ ਚਿਹਰਾ ਬੜਾ ਸ਼ਾਂਤ ਸੀ। ਦੋ ਮਿੰਟ ਗ੍ਰੰਥੀ ਉਸ ਬਾਲਕ ਵੱਲ ਬੜੇ ਧਿਆਨ ਨਾਲ ਵੇਖਦਾ ਰਿਹਾ। ਅੰਤ ਉਹਨੇ ਥੋੜ੍ਹਾ ਜੇਹਾ ਮੁਸਕਰਾਉਂਦਿਆਂ ਠਠੇ ਨਾਲ ਪੁੱਛਿਆ "ਕਿਉਂ ਉਇ। ਛਟਾਕੀ ਆਟਾ ਸਾਮ੍ਹਣੇ ਧਰ ਕੇ ਗੁਰੂ ਕੋਲੋਂ ਸੁਰਗਾਂ ਦਾ ਰਾਜ ਮੰਗਦਾ ਏਂ ਜਾਂ ਮੁਕਤੀ।"
"ਨਹੀਂ ਮੈਂ ਵੀਰ ਮੰਗਦਾਂ।" ਪਿਆਰੇ ਨੇ ਗੁਰੂ ਅੱਗੇ ਮੱਥਾ ਟੇਕਦਿਆਂ ਉੱਤਰ ਦਿੱਤਾ।
"ਹੱਛਾ ਤੇਰੀ ਸੁਣ ਲਵੇਗਾ ਗੁਰੂ ?" ਗ੍ਰੰਥੀ ਨੇ ਵਿਅੰਗ ਨਾਲ ਕਿਹਾ। ਉਹਦੇ ਖ਼ਿਆਲ ਵਿੱਚ ਗੁਰੂ ਅੱਗੇ ਅਰਦਾਸ ਸਿਰਫ਼ ਉਸੇ ਦੀ ਮਾਰਫ਼ਤ ਕੀਤੀ ਜਾ ਸਕਦੀ ਸੀ।
"ਮੇਰੀ ਮਾਂ ਆਹੰਦੀ ਸੀ ਬਾਬਾ ਵੱਡਿਆਂ ਦੀ ਭਾਵੇਂ ਨਾ ਸੁਣੇ, ਅੰਞਾਣਿਆਂ ਦੀ ਜ਼ਰੂਰ ਸੁਣ ਲੈਂਦਾ ਏ।" ਪਿਆਰੇ ਨੇ ਪੂਰੇ ਵਿਸ਼ਵਾਸ ਨਾਲ ਉੱਤਰ ਦਿੱਤਾ।
“ਆਹੋ, ਤੇਰੀ ਮਾਂ ਸੋਢੀਆਂ ਦੀ ਧੀ ਜੂ ਹੋਈ। ਉਹ ਗੁਰੂ ਘਰ ਬਾਰੇ ਬਹੁਤ ਜਾਣਦੀ ਏ। ਉਹਨੂੰ ਆਖੀਂ, ਮੱਸਿਆ ਵਾਲੇ ਦਿਨ ਪੰਜ ਰੁਪਏ ਧਰ ਕੇ ਅਰਦਾਸ ਕਰਾਏ ਤੇ ਨਾਲ ਪਾਠ ਸੁੱਖੇ, ਜੇ ਹੋਰ ਮੁੰਡਾ ਖਿਡਾਉਣ ਦੀ ਸਲਾਹ ਸੂ। ਨਹੀਂ ਤਾਂ ਭੱਜੀ ਰਹੇ ਦੇਵੀ-ਦੇਵਤਿਆਂ ਦੇ ਜਿਥੇ ਜੀ ਕਰਦਾ ਸੂ। ਮੈਂ ਸੱਖਣੇ ਹੱਥੀਂ ਅਰਦਾਸ ਨਹੀਂ ਕਰਨ ਲੱਗਾ।" ਗਰੰਥੀ ਨੇ ਏਨੇ ਘੁਮੰਡ ਨਾਲ ਕਿਹਾ ਜਿਵੇਂ ਉਹਦੇ ਬਿਨਾਂ ਗੁਰੂ ਹੋਰ ਕਿਸੇ ਦੀ ਸੁਣਦਾ ਹੀ ਨਹੀਂ।
ਪਿਆਰੇ ਨੇ ਗੁਸੇ ਨਾਲ ਗਰੰਥੀ ਵੱਲ ਵੇਖਿਆ ਤੇ ਕੌਲੀ ਚੁੱਕ ਕੇ ਘਰ ਨੂੰ ਤੁਰ ਪਿਆ।
"ਮੱਥਾ ਟੇਕ ਆਇਆ ਮੇਰੇ ਲਾਲ!" ਮਾਂ ਨੇ ਪੁੱਤਰ ਨੂੰ ਬਾਹੀਂ ਵਿੱਚ ਲੈ ਕੇ ਲਾਡ ਨਾਲ ਕਿਹਾ।
ਪਿਆਰੇ ਨੇ ਹਾਂ ਵਿੱਚ ਸਿਰ ਹਿਲਾ ਕੇ ਮੂੰਹ ਇਕ ਪਾਸੇ ਕਰ ਲਿਆ।
"ਕਿਉਂ, ਕੀ ਗੱਲ ਏ ? ਸਗੋਂ ਬਾਬੇ ਨੇ ਕੁਝ ਕਿਹਾ ਸੀ ?" ਮਾਂ ਨੇ ਜ਼ਰਾ ਚਿੰਤਾ ਨਾਲ ਪੁੱਛਿਆ।
“ਬਾਬਾ ਆਹੰਦਾ ਸੀ, ਪੰਜ ਰੁਪਏ ਦੇ ਕੇ ਮੇਰੇ ਕੋਲੋਂ ਅਰਦਾਸ ਕਰਾਉ।" ਪਿਆਰੇ ਨੇ ਕੁੱਛ ਰੁੱਖੀ ਜੇਹੀ 'ਵਾਜ ਵਿੱਚ ਕਿਹਾ।
"ਫੇਰ ਕੀ ਹੋਇਆ ? ਆਪਾਂ ਪੰਜ ਰੁਪਈਏ ਦੇ ਦਿਆਂਗੇ।" ਮਾਂ ਨੇ ਪੁੱਤਰ ਦਾ ਦਿਲ ਧਰਾਉਣ ਵਾਸਤੇ ਕਿਹਾ। page-break
"ਨਹੀਂ।” ਪਿਆਰੇ ਨੇ ਬੜੀ ਦ੍ਰਿੜ੍ਹਤਾ ਨਾਲ ਸਿਰ ਹਿਲਾ ਕੇ ਕਿਹਾ, "ਮੈਂ ਉਹਥੋਂ ਅਰਦਾਸ ਨਹੀਂ ਕਰਾਉਣੀ, ਨਹੀਂ ਤਾਂ ਉਹਦੇ ਵਰਗਾ ਕਾਲਾ ਵੀਰ ਹੋਵੇਗਾ। ਮੈਂ ਆਪੇ ਗੁਰੂ ਮਹਾਰਾਜ ਨੂੰ ਆਖ ਲਵਾਂਗਾ 'ਗੁਰੂ ਬਾਬਾ! ਮੇਰੇ ਵਰਗਾ ਵੀਰ ਦੇਈਂ।' ਮੇਰੀ ਆਖੀ ਗੁਰੂ ਕਦੇ ਨਹੀਂ ਮੋੜੇਗਾ।"
"ਤੈਨੂੰ ਕਿਵੇਂ ਪਤਾ ਏ ਕਿ ਤੇਰੀ ਆਖੀ ਗੁਰੂ ਬਾਬਾ ਮੰਨ ਲਵੇਗਾ ?" ਮਾਂ ਨੇ ਕੁਝ ਹੈਰਾਨੀ ਭਰੀ ਮੁਸਕਰਾਹਟ ਨਾਲ ਕਿਹਾ।
"ਮੈਨੂੰ ਲੋੜ ਜੁ ਏ। ਇਕ ਗਿਆਨੀ ਆਹੰਦਾ ਸੀ, ਗੁਰੂ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਏ।" ਸੱਤ ਸਾਲ ਦੇ ਪਿਆਰੇ ਨੂੰ ਆਪਣੇ ਗੁਰੂ ਉੱਤੇ ਕਿੰਨਾ ਵਿਸ਼ਵਾਸ ਸੀ।
ਡੇਢ ਸਾਲ ਪਿੱਛੋਂ ਧਰਮ ਸਿੰਘ ਦੇ ਘਰ ਪ੍ਰੀਤੂ ਹੋਇਆ। ਪ੍ਰੀਤੂ ਦੇ ਜਨਮ ਤੋਂ ਦੋ ਘੰਟੇ ਪਿੱਛੋਂ ਪਿਆਰਾ ਉਹਨੂੰ ਗੋਦੀ ਵਿੱਚ ਲਈ ਬੈਠਾ ਸੀ।
"ਬੇਬੇ! ਇਹ ਤਾਂ ਪਿਆਰੇ ਦੀਆਂ ਦੁਆਵਾਂ ਨੂੰ ਹੀ ਅੱਲਾ ਤਾਲਾ ਨੇ ਭਾਗ ਲਾਇਆ ਈ। ਅੱਲਾ ਮੀਆਂ ਤੇਰੀਆਂ ਜੋੜੀਆਂ ਨੂੰ ਸਹੀ ਸਲਾਮਤ ਰੱਖੇ।" ਬੁੱਢੀ ਦਾਈ ਕਰੀਮਾਂ ਨੇ ਦਲੀਪ ਕੌਰ ਨੂੰ ਵਧਾਈ ਵਜੋਂ ਕਿਹਾ।
२.
"ਮਾਂ ! ਬਾਪੂ ਨਹੀਂ ਆਇਆ ਅਜੇ ?" ਪਿਆਰੇ ਨੇ ਬਲਦਾਂ ਦੀ ਪੰਜਾਲੀ ਲਾਹੁੰਦਿਆਂ ਪੁੱਛਿਆ।
"ਆ ਜਾਏਗਾ। ਉਹਨੂੰ ਕੋਈ ਲੋੜ ਏ ਘਰ ਦੀ। ਉਹਦੀ ਤਾਂ ਉਹ ਗੱਲ ਏ, ਅਖੇ : ਜੀਹਨੇ ਲਾਈ ਗੱਲੀਂ ਓਸੇ ਨਾਲ ਉਠ ਚਲੀ। ਅੱਜ ਚੌਥਾ ਦਿਨ ਹੋ ਗਿਆ ਏ। ਇਕ ਤਾਂ ਉਹ ਨਖਾਫਣਾ ਅਮਲੀ ਟਿਕਣ ਨਹੀਂ ਦੇਂਦਾ। ਅਖੇ : ਅਸੀਂ ਅੰਬਰ ਸਿੱਧੂ (ਅਮਰ ਸਿੱਧੂ) ਤੋਂ ਹੋ ਕੇ ਤਕਾਲਾਂ ਨੂੰ ਆਏ। ਕੀ ਪਤਾ ਓਥੋਂ ਜਾਮ੍ਹਣ ਜਾ ਵੜੇ ਹੋਣ। ਜਾਮ੍ਹ ਭੜਾਣੇ ਤੇ ਭਾਵੇਂ ਸੂਰ ਸਿੰਘ ਹੋ ਕੇ ਮੁੜਨ।" ਦਲੀਪ ਕੌਰ ਨੇ ਉਹ ਸਾਰੇ ਪਿੰਡ ਗਿਣ ਛੱਡੇ ਜਿਥੇ-ਜਿਥੇ ਉਹਨਾਂ ਦੀ ਸਾਕਾਚਾਰੀ ਸੀ।
"ਤੇ ਪ੍ਰੀਤੂ ਵੀ ਨਹੀਂ ਆਇਆ ਸਕੂਲੋਂ ?" ਪਿਆਰੇ ਨੇ ਗੱਲ ਹੋਰ ਪਾਸੇ ਟਾਲਣ ਦੇ ਇਰਾਦੇ ਨਾਲ ਪੁੱਛਿਆ।
"ਉਹ ਤਾਂ ਆ ਗਿਆ ਏ। ਉਹ ਤੇ ਫੱਜਾ ਮਹਿੰ ਨੂੰ ਪਾਣੀ ਡਾਹਣ ਗਏ ਨੇ ਛੱਪੜ 'ਤੇ।" ਇਸ ਵਾਰ ਦਲੀਪ ਕੌਰ ਨੇ ਨਰਮ ਸੁਰ ਵਿੱਚ ਉੱਤਰ ਦਿੱਤਾ।
"ਉਹਨੂੰ ਕਾਹਨੂੰ ਘੱਲਣਾ ਸੀ ਐਨੀ ਗਰਮੀ ਵਿੱਚ। ਮੈਂ ਆਪੇ ਡਾਹ ਲਿਔਂਦਾ।” page-break
ਪਿਆਰੇ ਨੂੰ ਨਿੱਕੇ ਭਰਾ ਦਾ ਹਰ ਵੇਲੇ ਖ਼ਿਆਲ ਰਹਿੰਦਾ ਸੀ।
"ਕਿਉਂ ਉਹਦਾ ਰੰਗ ਮੈਲਾ ਹੋ ਜਾਏਗਾ ? ਉਹਦੇ ਜਿੱਡੇ ਸਾਰਾ ਦਿਨ ਵੱਗ ਚਾਰ ਕੇ ਲਿਔਂਦੇ ਨੇ, ਤੇ...।”
"ਰੰਗ ਤਾਂ ਮੈਲਾ ਹੁੰਦਾ ਈ ਏ। ਇਹਦੇ ਵਿੱਚ ਕੀ ਝੂਠ ਏ।" ਪਿਆਰੇ ਨੇ ਥੋੜ੍ਹਾ ਜਿਹਾ ਮੁਸਕਰਾ ਕੇ ਕਿਹਾ।
"ਛਤਰੀ ਲਈ ਫਿਰਿਆ ਕਰ ਚੱਤੇ ਪਹਿਰ ਉਹਦੇ ਮਗਰ-ਮਗਰ। ਕਿਧਰ ਤੁਰ ਪਿਆ ਏਂ ? ਪਾਣੀ ਤਾਂ ਪੀ ਜਾਹ।"
"ਮੈਂ ਹੁਣੇ ਆਇਆ।" ਬਲਦ ਖੁਰਲੀ 'ਤੇ ਬੰਨ੍ਹ ਕੇ ਪਿਆਰਾ ਬਾਹਰ ਨੂੰ ਤੁਰ ਪਿਆ।
"ਵੇਖਿਆ ਜੇ ਏਸ ਮੁੰਡੇ ਦੇ ਚਾਲੇ ? ਅੱਧੀ ਰਾਤ ਦਾ ਗਿਆ ਹੋਇਆ ਢਲੇ ਦਿਨ ਮੁੜਿਆ ਏ। ਨਾ ਪਾਣੀ ਨਾ ਧਾਣੀ ਤੇ ਉਹਨੀਂ ਪੈਰੀਂ ਓਸ ਕੁ-ਲੱਗਦੇ ਦੇ ਮਗਰ ਟੁਰ ਪਿਆ ਏ। ਇਹ ਤਾਂ ਇਉਂ ਉਹਦਾ ਹੇਜ ਕਰਦਾ ਏ, ਜਿਵੇਂ ਉਹ ਏਸੇ ਨੇ ਜੰਮਿਆ ਹੋਵੇ। ਇਹ ਨਹੀਂ ਸਮਝਦਾ ਕਿ ਏਨਾ ਲਾਡ ਕਰਨ ਨਾਲ ਅੰਞਾਣਾ ਉਲਟਾ ਵਿਗੜ ਜਾਂਦਾ ਏ। ਸਿਆਣਿਆਂ ਆਖਿਆ ਏ ਮੁੰਡਾ ਤੇ ਰੰਬਾ ਚੰਡਿਆਂ ਈ ਕੰਮ ਔਂਦਾ ਏ, ਪਰ ਇਹਨੇ ਤਾਂ ਉਹਨੂੰ ਅਸਲੋਂ ਪੁੱਟ ਛੱਡਿਆ ਏ। ਹਰ ਵੇਲੇ ਬੁੱਚ-ਬੁੱਚ, ਹਰ ਵੇਲੇ ਬੁੱਚ-ਬੁੱਚ। ਸਭ ਏਸੇ ਦਾ ਵਗਾੜ ਏ। ਅੱਠਾਂ ਵਰ੍ਹਿਆਂ ਦਾ ਹੋ ਚੱਲਿਆ ਏ, ਸੁੱਖ ਨਾਲ ਨਾਵਾਂ ਚੜ੍ਹਿਆ ਸੂ। ਤੇ ਕਿਤੇ ਭੁੱਲੇ ਚੁੱਕੇ ਕੰਮ ਦੱਸੋ, ਤਾਂ ਵੱਢੀ ਉਂਗਲ 'ਤੇ ਨਹੀਂ ਮੂਤਦਾ। ਐਨਾ ਲਾਡ ਪਿਆਰ ਵੀ ਕੀ ਆਖ।" ਦਲੀਪ ਕੌਰ ਦਾ ਇਹ ਭਾਸ਼ਣ ਓਦੋਂ ਬੰਦ ਹੋਇਆ, ਜਦ ਗੁਆਂਢਣ ਉਸ ਤੋਂ ਰਿੱਧਾ ਮੰਗਣ ਵਾਸਤੇ ਆ ਧਮਕੀ।
“ਬੇਬੇ, ਕੀਹਦੇ ਨਾਲ ਬੋਲਣ ਡਹੀ ਹੋਈ ਏਂ।" ਈਸ਼ਰ ਕੌਰ ਨੇ ਐਵੇਂ ਗੱਲ ਸ਼ੁਰੂ ਕਰਨ ਵਾਸਤੇ ਕਿਹਾ।
"ਬੋਲਣਾ ਕੀਹਦੇ ਨਾਲ ਏ। ਆਹ ਸਾਡਾ ਵੱਡਾ, ਨਿੱਕੇ ਦਾ ਇਕ ਬਿੰਦ ਵਸਾਹ ਨਹੀਂ ਕਰਦਾ। ਬੱਸ ਅੱਠੇ ਪਹਿਰ
“ਭਾਗਾਂ ਵਾਲੀ ਏਂ ਜੀਹਦੇ ਥਫਾਕ ਨਾਲ ਰਹਿੰਦੇ ਨੇ। ਸਾਡੇ ਤਾਂ ਟੁੱਟ ਪੈਣੇ ਚੱਤੇ ਪਹਿਰ ਇਕ ਦੂਜੇ ਦੀਆਂ ਬੋਦੀਆਂ ਖੋਹੰਦੇ ਰਹਿੰਦੇ ਨੇ।" ਈਸ਼ਰ ਕੌਰ ਨੇ ਗਵਾਂਢਣ ਦੇ ਮੁੰਡਿਆਂ ਦੀ ਵਡਿਆਈ ਕਰਨ ਬਦਲੇ ਆਪਣਿਆਂ ਦੀ ਬਦਖੋਈ ਕਰਨੀ ਜ਼ਰੂਰੀ ਸਮਝੀ। "ਕੀ ਧਰਿਆ ਈ ?" ਉਹਨੇ ਹੱਥ ਵਿਚਲਾ ਕੌਲ ਚੌਂਕੇ ਦੀ ਕੰਧ ਉੱਤੇ ਧਰਦਿਆਂ ਕਿਹਾ।
"ਦਾਲ ਧਰੀ ਏ। ਲੈ ਜਾਹ ਹਿੱਸੇ ਔਂਦੀ ਤੂੰ ਵੀ।" ਕੋਈ ਵੀ ਪੇਂਡੂ ਇਸਤ੍ਰੀ page-break
ਆਂਢ-ਗੁਆਂਢ ਨੂੰ ਰਿੱਧੇ ਪੱਕੇ ਤੋਂ ਨਹੀਂ ਮੋੜਦੀ।
ਈਸ਼ਰ ਕੌਰ ਦਾਲ ਲੈ ਕੇ ਚਲੀ ਗਈ। ਦਲੀਪ ਕੌਰ ਫੇਰ ਆਪਣੇ ਮੁੰਡਿਆਂ ਦੀਆਂ ਗੱਲਾਂ ਵਿੱਚ ਰੁੱਝ ਗਈ। ਉਹ ਵੀ ਛੋਟੇ ਨੂੰ ਘੱਟ ਪਿਆਰ ਨਹੀਂ ਸੀ ਕਰਦੀ। ਸਾਰੇ ਜੀਵਨ ਵਿੱਚ ਉਹਨੇ ਮਸਾਂ ਦੋ ਜਿੰਦਾਂ ਲੱਭੀਆਂ ਸਨ। ਹੋਰ ਬਾਲ ਹੋਣ ਦੀ ਹੁਣ ਉਹਨੂੰ ਕੋਈ ਆਸ ਨਹੀਂ ਸੀ। ਭਾਵੇਂ ਇਹ ਕੁਦਰਤ ਦੀ ਉਹਦੇ ਉੱਤੇ ਮਹਾਨ ਕਿਰਪਾ ਸੀ। ਥੋੜ੍ਹੀ ਔਲਾਦ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਪਰ ਅਨਪੜ੍ਹ ਦਲੀਪ ਕੌਰ ਦਾ ਮਨ ਅਜੇ ਭਰਿਆ ਨਹੀਂ ਸੀ ਜਾਪਦਾ। ਉਹ ਉਸ ਵਾਤਾਵਰਣ ਵਿੱਚ ਜੰਮੀ ਪਲੀ ਸੀ, ਜਿੱਥੇ ਹਰ ਸਵਾਣੀ ਨੂੰ ਸੱਤ ਪੁੱਤੀ ਹੋਣ ਦੀ ਅਸੀਸ ਦਿੱਤੀ ਜਾਂਦੀ ਸੀ।
ਦਲੀਪ ਕੌਰ ਨੂੰ ਕੋਈ ਪੁੱਛਦਾ ਕਿ ਤੂੰ ਦੋਹਾਂ ਪੁੱਤਾਂ ਵਿੱਚੋਂ ਕੀਹਨੂੰ ਵਧੇਰੇ ਪਿਆਰ ਕਰਦੀ ਏਂ, ਤਾਂ ਉਹ ਕੋਈ ਉੱਤਰ ਨਹੀਂ ਦੇ ਸਕਦੀ। ਸ਼ਾਇਦ ਕੋਈ ਵੀ ਮਾਂ ਇਸ ਪ੍ਰਸ਼ਨ ਦੇ ਉੱਤਰ ਨਾ ਦੇ ਸਕਦੀ। ਸਾਰੇ ਪੁੱਤਰਾਂ ਵਿੱਚ ਇਕੋ ਜਿਹਾ ਲਹੂ ਹੁੰਦਾ ਹੈ, ਪਰ ਏਥੇ ਇਕ ਹੋਰ ਕਾਰਨ ਸੀ। ਪਿਆਰਾ ਛੋਟੇ ਭਰਾ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ। ਸ਼ਾਇਦ ਏਸੇ ਗੱਲੇ ਮਾਂ ਦੇ ਦਿਲ ਵਿੱਚ ਬੇਮਾਲੂਮੀ ਜੇਹੀ ਈਰਖਾ ਪੈਦਾ ਹੋ ਗਈ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਹਦੇ ਛੋਟੇ ਪੁੱਤਰ ਨੂੰ ਉਹਦੇ ਨਾਲੋਂ ਕੋਈ ਹੋਰ ਵਧੇਰੇ ਪਿਆਰ ਕਰੇ। ਇਹ ਈਰਖਾ ਵੀ ਉੱਤੋਂ-ਉੱਤੋਂ ਹੀ ਸੀ। ਮਾਂ ਦੇ ਅਚੇਤ ਮਨ ਵਿੱਚ ਦੋਵੇਂ ਪੁੱਤਰ ਇਸ਼ਟ ਦੇਵ ਵਾਂਗ ਵਸੇ ਹੋਏ ਸਨ।
ਪ੍ਰੀਤੂ ਤੇ ਫੱਜਾ ਛੱਪੜ ਤੋਂ ਮਹਿੰ ਨੂੰ ਪਾਣੀ ਪਿਆ ਕੇ ਵਾਪਸ ਮੁੜੇ ਆ ਰਹੇ ਸਨ। ਪਿਆਰਾ ਉਹਨਾਂ ਨੂੰ ਅੱਧ ਵਿੱਚ ਜਾ ਮਿਲਿਆ।
"ਐਨੀ ਕੜਕਦੀ ਧੁੱਪ ਵਿੱਚ ਤੂੰ ਕਿਉਂ ਆਇਆ ਸੈਂ ਪਾਣੀ ਡਹੌਣ। ਮੈਂ ਆਪੇ ਆ ਕੇ ਡਹਾ ਲਿਔਂਦਾ।" ਪਿਆਰੇ ਨੇ ਛੋਟੇ ਦੇ ਮੱਥੇ ਤੋਂ ਹੱਥ ਨਾਲ ਮੁੜ੍ਹਕਾ ਪੂੰਝਦਿਆਂ ਕਿਹਾ।
"ਮਾਂ ਗਾਲ੍ਹੀ ਕੱਢਦੀ ਸੀ। ਪਤਾ ਈ ਨਾ ਉਹਦਾ।" ਪ੍ਰੀਤੂ ਨੇ ਸਾਰਾ ਦੋਸ਼ ਮਾਂ ਦੇ ਸਿਰ ਥੱਪ ਦਿੱਤਾ।
"ਕੋਈ ਨਹੀਂ। ਮਾਂ ਦਾ ਸੁਭਾ ਜੂ ਓਹੋ ਜਿਹਾ ਹੋਇਆ। ਭਲਾ ਮਾਂ ਦੀਆਂ ਗਾਲ੍ਹਾਂ ਦਾ ਕਾਹਦਾ ਗੁੱਸਾ।" ਪਿਆਰੇ ਨੇ ਪ੍ਰੀਤੂ ਨੂੰ ਚੁੱਕ ਕੇ ਮਹਿੰ ਉੱਤੇ ਬਹਾ ਦਿੱਤਾ। ਅਤ
"ਭਾਊ! ਫੱਜੇ ਨੂੰ ਮੇਰੇ ਮਗਰ ਬਹਾ ਦਿਹ।” ਪ੍ਰੀਤੂ ਨੇ ਖੱਬੇ ਹੱਥ ਨਾਲ ਮਹਿੰ ਦੀ ਕੰਡ ਉੱਤੇ ਇਸ਼ਾਰਾ ਕਰਦਿਆਂ ਕਿਹਾ।
"ਕਿਉਂ ਉਇ। ਬਹਿਣਾ ਏਂ ਤੂੰ ਵੀ ?" ਪਿਆਰੇ ਨੇ ਇਸ ਵਾਸਤੇ ਪੁੱਛਿਆ, ਕਿ ਸ਼ਾਇਦ ਫੱਜਾ ਆਪੇ ਨਾਂਹ ਕਰ ਦੇਵੇ। ਪਿਆਰਾ ਫੱਜੇ ਨੂੰ ਮਹਿੰ 'ਤੇ ਬਿਠਾਉਣਾ page-break
ਨਹੀਂ ਸੀ ਚਾਹੁੰਦਾ; ਪਰ ਇਨਕਾਰ ਵੀ ਨਹੀਂ ਸੀ ਕਰ ਸਕਦਾ।
"ਹਾਹੋ।” ਫੱਜੇ ਨੇ ਦੋਵੇਂ ਹੱਥ ਉਤਾਂਹ ਚੁੱਕ ਕੇ ਕਿਹਾ।
ਪਿਆਰੇ ਨੇ ਉਹਨੂੰ ਵੀ ਚੁੱਕ ਕੇ ਮਗਰ ਬਹਾ ਦਿੱਤਾ।
"ਨੂਰਾਂ ਭੈਣ ਆਹੰਦੀ ਸੀ, ਪ੍ਰੀਤੂ ਨਾਲ ਖੇਡਿਆ ਕਰ। ਉਹ ਬੜਾ ਚੰਗਾ ਮੁੰਡਾ ਏ। ਨਾਲੇ ਆਹੰਦੀ ਸੀ, ਪ੍ਰੀਤੂ ਦਾ ਭਾ ਵੀ ਚੰਗਾ ਏ। ਮਾੜਿਆਂ ਮੁੰਡਿਆਂ ਦਾ ਮੈਂ ਕਦੇ ਬੇਲੀ ਈ ਨਹੀਂ ਬਣਿਆ।” ਮਹਿੰ ਦੀ ਕੰਡ 'ਤੇ ਬਹਿ ਫੱਜੇ ਨੇ ਪਿਆਰੇ ਤੇ ਪ੍ਰੀਤੂ ਦੀ ਚਾਪਲੂਸੀ ਕਰਨੀ ਜ਼ਰੂਰੀ ਸਮਝੀ।
ਨੂਰਾਂ ਦਾ ਨਾਂ ਸੁਣਦਿਆਂ ਪਿਆਰੇ ਦਾ ਗੋਰਾ ਚਿਹਰਾ ਭਖ ਕੇ ਲਾਲ ਸੁਰਖ਼ ਹੋ ਗਿਆ। ਉਹਨੇ ਬੜੇ ਪਿਆਰ ਨਾਲ ਫੱਜੇ ਵੱਲ ਵੇਖਿਆ। ਸੱਤ-ਅੱਠ ਸਾਲ ਦੇ ਬਾਲਕ ਦੇ ਚਿਹਰੇ 'ਤੇ ਉਹਨੂੰ ਮੁਟਿਆਰ ਨੂਰਾਂ ਦੀ ਛਬ ਝਲਕਦੀ ਦਿੱਸੀ। ਆਪਣੇ ਘਰ ਤਕ ਉਹ ਨੂਰਾਂ ਬਾਰੇ ਹੀ ਸੋਚਦਾ ਗਿਆ। ਉਹਦੀ ਸਾਰੀ ਦੀ ਸਾਰੀ ਆਤਮਾ ਉਸ ਵੇਲੇ ਨੂਰਾਂ ਨੇ ਮੱਲੀ ਹੋਈ ਸੀ।
“ਭਾਊ! ਸਾਨੂੰ ਐਥੇ ਬਾਹਰ ਹੀ ਉਤਾਰ ਦਿਹ। ਮਾਂ ਨੇ ਵੇਖ ਲਿਆ, ਤਾਂ ਤੈਨੂੰ ਵੀ ਗੁੱਸੇ ਹੋਵੇਗੀ।" ਪ੍ਰੀਤੂ ਨੇ ਹਵੇਲੀ ਦੇ ਬਾਹਰਲੇ ਬੂਹੇ ਕੋਲ ਪਹੁੰਚ ਕੇ ਚਿਤਾਵਨੀ ਦਿੱਤੀ।
ਪਿਆਰੇ ਨੇ ਮਹਿੰ ਨੂੰ ਖਲ੍ਹਾਰ ਕੇ ਦੋਹਾਂ ਨੂੰ ਥੱਲੇ ਉਤਾਰ ਦਿੱਤਾ। ਦਲੀਪ ਕੌਰ ਦੇ ਸੁਭਾ ਤੋਂ ਸਾਰੇ ਹੀ ਡਰਦੇ ਸਨ।
"ਜਦੋਂ ਤੂੰ ਪੜ੍ਹਦਾ ਸੈਂ, ਤੇਰੇ ਮਗਰ ਵੀ ਕੋਈ ਏਸ ਤਰ੍ਹਾਂ ਜਾਂਦਾ ਹੁੰਦਾ ਸੀ ?" ਘਰ ਵੜਦੇ ਪਿਆਰੇ ਨੂੰ ਮਾਂ ਨੇ ਤਾੜਨਾ ਭਰੀ ਸੁਰ ਵਿੱਚ ਕਿਹਾ।
"ਮੇਰੇ ਮਗਰ ਜਾਂਦੀ ਸੀ ਮੇਰੀ ਮਾਂ। ਹੋਰ ਕੀਹਨੇ ਜਾਣਾ ਸੀ।" ਪਿਆਰੇ ਨੇ ਮਾਂ ਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਕਿਹਾ। "ਨਾਲੇ ਮੇਰਾ ਕਿਹੜਾ ਰੰਗ ਮੈਲਾ ਹੋਣਾ ਹੁੰਦਾ ਸੀ।"
"ਆਹੋ ਇਹ ਤੇਰੇ ਨਾਲੋਂ ਵਧੇਰੇ ਸੋਹਣਾ ਹੋਣਾ ਏਂ।"
"ਤੇ ਹੋਰ ਕੀ, ਵੇਖ ਲੈ, ਏਨੇ 'ਚ ਈ ਇਹਦਾ ਮੂੰਹ ਪੇਂਡੂ ਵਰਗਾ ਹੋ ਗਿਆ ਈ।"
“ਪੇਂਝੂ ਵਰਗਾ ਛੱਡ ਕੇ, ਕੇਸੂ ਵਰਗਾ ਹੋਇਆ ਪਿਆ ਕਿ। ਕੋਈ ਲੇਖਾ ਏ! ਮਹਿ ਬੰਨ੍ਹ ਕੇ, ਪਾਣੀ ਪੀ ਬਹਿ ਕੇ।"
ਦਲੀਪ ਕੌਰ ਹਰ ਵੇਲੇ ਗੱਲਾਂ ਕਰਦੀ ਰਹਿੰਦੀ ਸੀ। ਕਿਸੇ ਵੇਲੇ ਵੀ ਉਹਦੀ ਜ਼ਬਾਨ ਬੰਦ ਨਹੀਂ ਸੀ ਹੁੰਦੀ। ਕਈ ਵਾਰ ਇਲਮਦੀਨ ਆਖਿਆ ਕਰਦਾ, "ਪਿਆਰਿਆ! ਤੇਰੀ ਮਾਂ ਹਰ ਪਹਿਲੂ ਤੋਂ ਪੂਰੀ ਇਸਤਰੀ ਏ, ਜੋ ਸਾਰੀਆਂ ਜ਼ਨਾਨੀਆਂ page-break
ਦੀ ਨੁਮਾਇੰਦਗੀ ਕਰਦੀ ਏ, ਸਮੁੱਚੀ ਔਰਤ ਜਾਤ ਦੀ।"
"ਬਾਬਾ! ਉਹ ਕਿਵੇਂ।” ਕਈ ਵਾਰ ਪਿਆਰਾ ਪੁੱਛ ਬਹਿੰਦਾ।
“ਭਈ, ਔਰਤ ਦੀ ਫ਼ਿਤਰਤ ਐ ਹਰ ਵਕਤ ਜ਼ਬਾਨ ਚਲਾਈ ਰੱਖਣੀ। ਜਿਹੜੀ ਚੁੱਪ ਕਰਕੇ ਕੰਮ ਕਰਦੀ ਫਿਰੇ ਉਹ ਤਾਂ ਅੱਧੀ ਔਰਤ ਹੁੰਦੀ ਏ। ਏਸੇ ਗੁਣ ਕਰਕੇ ਤਾਂ ਔਰਤ ਨੂੰ ਘਰ ਦੀ ਰੌਣਕ ਕਹਿੰਦੇ ਨੇ। ਸੋ, ਭੈਣ ਦਲੀਪ ਕੌਰ ਵੀ ਜਿਥੇ ਹੋਵੇ, ਰੌਣਕ ਲੱਗੀ ਰਹਿੰਦੀ ਏ। ਘਰ ਵਸਦਾ ਜਾਪਦਾ ਏ।" ਇਲਮਦੀਨ ਦੇ ਉਚਾਰਨ ਢੰਗ ਤੋਂ ਪਤਾ ਨਹੀਂ ਸੀ ਲੱਗਦਾ, ਕਿ ਉਹ ਵਿਅੰਗ ਨਾਲ ਕਹਿ ਰਿਹਾ ਹੈ, ਜਾਂ ਸੁਭਾਵਕ ਹੀ।
"ਪਰ ਬਾਬਾ! ਰੌਣਕ ਲਾਈ/ ਰੱਖਣ ਵੱਲੋਂ ਤਾਂ ਤਾਈ ਫ਼ਾਤਮਾ ਵੀ ਘੱਟ ਨਹੀਂ।" ਕਦੇ-ਕਦੇ ਪਿਆਰਾ ਵੀ ਅੱਗੋਂ ਹਾਸੇ ਠੱਠੇ ਵਜੋਂ ਕਹਿ ਦੇਂਦਾ।
"ਹਾਂ, ਏਸ ਗੱਲੋਂ ਉਹਦੇ ਉੱਤੇ ਵੀ ਖ਼ੁਦਾ ਦੀ ਮਿਹਰ ਏ, ਪਰ ਉਹਦੀ ਤਕਰੀਰ ਵਿੱਚ ਜ਼ਰਾ ਨਮਕ ਮਿਰਚ ਜ਼ਿਆਦਾ ਹੁੰਦਾ ਏ।" ਉੱਤਰ ਦੇਣ ਲੱਗਾ ਇਲਮਦੀਨ ਥੋੜ੍ਹਾ ਜਿਹਾ ਮੁਸਕਰਾ ਪੈਂਦਾ। "ਪੁੱਤ ਪਿਆਰਿਆ! ਇਕ ਗੱਲ ਚੇਤੇ ਰੱਖ, ਜਿਥੇ ਆਦਮੀ ਸ਼ਰੀਫ਼ ਤੇ ਨਰਮ ਹੋਵੇਗਾ, ਓਥੇ ਜ਼ਨਾਨੀ ਜ਼ਰੂਰ ਤੇਜ਼ ਹੋਵੇਗੀ। ਤੇ ਜੇ ਮਰਦ ਦਾ ਸੁਭਾ ਗਰਮ ਹੋਵੇ, ਤਾਂ ਜ਼ਨਾਨੀ ਨੂੰ ਆਪ ਨਰਮ ਹੋਣਾ ਪੈਂਦਾ ਏ। ਤੂੰ ਆਪਣੇ ਦੋਹਾਂ ਘਰਾਂ ਵੱਲ ਈ ਵੇਖ ਲੈ ਖਾਂ।"
ਮਹਿੰ ਬੰਨ੍ਹ ਕੇ ਪਿਆਰਾ ਹੱਥ ਮੂੰਹ ਧੋ ਕੇ ਮੇਜ਼ 'ਤੇ ਬੈਠ ਗਿਆ। ਦਲੀਪ ਕੌਰ ਨੇ ਸਾਮ੍ਹਣੇ ਰੋਟੀ ਲਿਆ ਧਰੀ। ਨਾਲ-ਨਾਲ ਉਹ ਪਿਆਰੇ ਦੇ ਪਿਉ ਬਾਰੇ ਕੁਛ ਕਹੀ ਜਾ ਰਹੀ ਸੀ। ਪਿਆਰਾ ਰੋਟੀ ਖਾਂਦਾ ਹੋਇਆ ਵੀ ਬਾਬੇ ਇਲਮ ਦੀਨ ਦੀਆਂ ਗੱਲਾਂ ਬਾਰੇ ਸੋਚੀ ਜਾ ਰਿਹਾ ਸੀ।
३.
"ਬਾਬਾ! ਪਾੜਾ ਲਵੀਂ ਧਿਆਨ ਨਾਲ।" ਪਿਆਰੇ ਨੇ ਮਗਰਲੇ ਹਾਲੀ ਨੂੰ ਖ਼ਬਰਦਾਰ ਕੀਤਾ।
"ਫ਼ਿਕਰ ਨਾ ਕਰ। ਵੱਡੇ ਆਦਮੀ ਹੁੰਦੇ ਈ ਗੱਭਰੂਆਂ ਦੀਆਂ ਗਲਤੀਆਂ ਦਰੁੱਸਤ ਕਰਨ ਵਾਸਤੇ ਨੇ।" ਇਲਮਦੀਨ ਨੇ ਹੇਠਲੇ ਬਲਦ ਨੂੰ ਉਤਾਂਹ ਹਿੱਕਦਿਆਂ ਕਿਹਾ।
"ਬੜੀ ਡੂੰਘੀ ਰਮਜ਼ ਏ ਤੇਰੀ। ਸਾਡੀ ਸਮਝ ਤੋਂ ਪਰੇ।” ਪਿਆਰੇ ਨੇ ਥੋੜ੍ਹਾ ਜਿਹਾ ਸਿਰ ਹਿਲਾਉਂਦਿਆਂ ਕਿਹਾ। page-break
"ਮੇਰੀ ਰਮਜ਼ ਸਿਰਫ਼ ਇਕ ਆਦਮੀ ਸਮਝ ਸਕਦਾ ਏ, ਇਕ ਤੇਰਾ ਬਾਪੂ ਬੱਸ।” ਇਲਮਦੀਨ ਨੇ ਹਲ ਅੱਗੋਂ ਪਰਾਣੀ ਨਾਲ ਉਗੀਲਾ ਕੱਢਦਿਆਂ ਕਿਹਾ।
ਤੁਹਾਡੀ ਦੋਹਾਂ ਦੀ ਮੀਜਾ ਵਾਹਵਾ ਮਿਲਦੀ ਏ, ਪਰ ਲੋਕ ਤਾਂ ਤੁਹਾਨੂੰ...। "
"ਕਮਲੇ ਈ ਸਮਝਦੇ ਨੇ।” ਪਿਆਰੇ ਦਾ ਛੱਡਿਆ ਹੋਇਆ ਵਾਕ ਇਲਮਦੀਨ ਨੇ ਪੂਰਾ ਕਰ ਦਿੱਤਾ। "ਏਹੋ ਆਖਣ ਲੱਗਾ ਸੈਂ ਨਾ!"
"ਨਹੀਂ। ਮੈਂ ਇਉਂ ਆਖ ਸਕਦਾ ਸਾਂ ?" ਪਿਆਰਾ ਆਪਣੇ ਵਿੱਚ ਕੁਛ ਸ਼ਰਮ ਮਹਿਸੂਸ ਕਰ ਰਿਹਾ ਸੀ।
"ਪਿਉ ਤੇ ਤਾਏ ਦਾ ਲਿਹਾਜ਼ ਕਰਕੇ ?"
"ਲਿਹਾਜ਼ ਵੀ ਤਾਂ ਕਰਨਾ ਹੋਇਆ ਨਾ।"
“ਪੁੱਤ ਪਿਆਰਿਆ! ਜਿਹੜੇ ਇਨਸਾਨ ਕੁਝ ਅਸਲੀਅਤ ਨੂੰ ਸਮਝਣ ਲੱਗ ਪੈਂਦੇ ਨੇ, ਲੋਕ ਉਹਨਾਂ ਨੂੰ ਕਮਲੇ ਹੀ ਕਿਹਾ ਕਰਦੇ ਨੇ। ਭਗਤ ਕਬੀਰ ਤੇ ਗੁਰੂ ਨਾਨਕ ਵਰਗੇ ਮਹਾਂਪੁਰਸ਼ਾਂ ਨੂੰ ਭੁੱਲੜ ਲੋਕ ਕੁਰਾਹੀਏ ਕਹਿੰਦੇ ਸਨ। ਸਰਮਦ ਦੇ ਸ਼ਮਸ ਤਬਰੇਜ਼ ਵਰਗਿਆਂ ਨਾਲ ਤੰਗ ਦਿਲ ਬੰਦਿਆਂ ਨੇ ਕੀ ਸਲੂਕ ਕੀਤਾ ਸੀ। ਬੁੱਲ੍ਹੇ ਵਿਚਾਰੇ ਨੂੰ ਰੋਜ਼ਿਆਂ ਦੇ ਦਿਨੀਂ ਇੱਟੇ ਵੱਟੇ ਖਾਣੇ ਪਏ। ਤੇ ਅਸੀਂ ਦੋ ਨਗੂਣੇ ਜਿਹੇ ਬੰਦੇ ਕੀਹਦੇ ਪਾਣੀਹਾਰ ਆਂ। ਵਾਹ ਮੌਲਾ। ਤੇਰੀ ਰਜ਼ਾ।”
"ਬਾਬਾ! ਸੱਚੋ ਸੱਚ ਦੱਸੀਂ, ਤੁਹਾਨੂੰ ਲੋਕਾਂ ਦੀਆਂ ਗੱਲਾਂ 'ਤੇ ਗੁੱਸਾ ਨਹੀਂ ਔਂਦਾ ? ਤੱਤ-ਤੱਤ, ਤਾਂਹ ਉਇ। ਕਮਲੀ ਦਿਆ ਪੁੱਤਰਾ!" ਪਿਆਰੇ ਨੇ ਹੇਠਲੇ ਬਲਦ ਨੂੰ ਸੋਟੀ ਨਾਲ ਛੇੜਦਿਆਂ ਲਲਕਾਰਿਆ।
"ਪਹਿਲਾਂ ਪਹਿਲਾਂ ਗੁੱਸਾ ਆਉਂਦਾ ਹੁੰਦਾ ਸੀ। ਪਰ ਹੁਣ ਨਹੀਂ।”
"ਕਿਉਂ, ਮੱਚ ਮਰ ਗਿਆ ਏ ਸਗੋਂ ?"
"ਨਹੀਂ। ਮੱਚ ਮਰ ਜਾਏ ਤਾਂ ਬੰਦਾ ਖ਼ੁਦਾ ਨਾ ਬਣ ਜਾਏ ? ਮੱਚ ਮਰਨਾ ਬੜਾ ਔਖਾ। ਇਹ ਮੰਜ਼ਲ ਅਜੇ ਦੂਰ ਏ। ਹੁਣ ਤਾਂ ਥੋੜ੍ਹੀ-ਛੋੜ੍ਹੀ ਅੱਲ੍ਹਾ ਦੇ ਘਰ ਦੀ ਸੋਝੀ ਔਣ ਲੱਗ ਪਈ ਏ। ਭਗਤ ਕਬੀਰ, ਸ਼ੇਖ਼ ਫ਼ਰੀਦ, ਸਾਈਂ ਬੁੱਲ੍ਹੇ ਸ਼ਾਹ, ਬਾਬਾ ਨਾਨਕ ਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਦਿਲ ਲਾ ਕੇ ਪੜ੍ਹੋ, ਤੁਹਾਨੂੰ ਆਪਣੇ ਆਪ ਦਾ ਗਿਆਨ ਹੋ ਜਾਏਗਾ। ਉਸ ਦਿਨ ਤੇਰਾ ਬਾਪੂ 'ਸੁਖਮਨੀ ਸਾਹਿਬ' ਪੜ੍ਹ ਕੇ ਸੁਣਾ ਰਿਹਾ ਸੀ। ਵਾਹ ਕਿੰਨਾ ਉੱਚਾ ਗਿਆਨ ਏ। ਅੱਲ੍ਹਾ ਦੇ ਇਸ਼ਕ ਵਿੱਚ ਰੱਤਿਆਂ ਦਾ ਕੀ ਕਹਿਣਾ।" ਇਲਮਦੀਨ ਨੇ ਸ਼ਰਧਾ ਨਾਲ ਸਿਰ ਹਿਲਾਉਂਦਿਆਂ ਕਿਹਾ।
"ਇਹ ਗਿਆਨ ਦੀਆਂ ਗੱਲਾਂ ਤੁਹਾਨੂੰ ਬੁੱਢਿਆਂ ਨੂੰ ਹੀ ਚੰਗੀਆਂ ਲੱਗਦੀਆਂ ਨੇ। ਗੱਭਰੂ ਤਾਂ ਸੋਹਣੀ ਮਹੀਂਵਾਲ ਤੇ ਹੀਰ ਰਾਂਝਾ ਪੜ੍ਹਨ ਵਿੱਚ ਈ ਖ਼ੁਸ਼ ਰਹਿੰਦੇ ਨੇ।” ਪਿਆਰੇ ਨੇ ਆਪਣੇ ਜਵਾਨ ਹਿਰਦੇ ਦੀ ਗੱਲ ਕਹਿ ਦਿੱਤੀ। page-break
"ਪੁੱਤ ਪਿਆਰਿਆ! ਕੋਈ ਧਿਆਨ ਨਾਲ ਪੜ੍ਹੇ ਸੁਣੇ, ਤਾਂ ਇਹਨਾਂ ਪ੍ਰੇਮ- ਕਹਾਣੀਆਂ ਵਿੱਚ ਵੀ ਡੂੰਘੀ ਰਮਜ਼ ਹੁੰਦੀ ਏ। 'ਚਰਾਗਾਂ ਦੇ ਮੇਲੇ' ਇਕ ਢਾਡੀ ਕੋਲੋਂ ਹੀਰ ਦੀ ਕਲੀ ਸੁਣੀ ਸੀ, 'ਇਕ ਨਾਲ ਲੌਣੀ, ਬਾਕੀ ਛੱਡਣੀ ਦੁਨੀਆਂ ਸਾਰੀ।' ਵਾਹ ਕਿੰਨੀ ਢੁੱਕਵੀਂ ਸੱਟ ਮਾਰੀ। ਸਾਰੀ ਦੁਨੀਆਂ ਛੱਡ ਕੇ ਇਕ ਨਾਲ ਲੌਣੀ ਬੜੀ ਔਖੀ ਹੁੰਦੀ ਏ। ਇਕ ਨਾਲ, ਸਿਰਫ਼ ਇਕ ਨਾਲ।"
"ਪਰ ਕੋਈ ਤਾਂ ਆਹੁੰਦੇ ਨੇ ‘ਰਾਂਝਾ ਹੀਰ', 'ਸੋਹਣੀ ਮਹੀਂਵਾਲ' ਤੇ 'ਮਿਰਜ਼ਾ ਸੈਹਬਾਂ' ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ।" ਪਿਆਰੇ ਨੇ ਪੀਡਾ ਮੂੰਹ ਬਣਾ ਕੇ ਵਡੇਰੇ ਦਾਨਿਆਂ ਵਾਂਗ ਕਿਹਾ। ਅਸਲ ਵਿੱਚ ਉਹ ਬਾਬੇ ਇਲਮਦੀਨ ਕੋਲੋਂ ਇਸ ਬਾਰੇ ਕੁਝ ਹੋਰ ਵੀ ਸੁਣਨਾ ਚਾਹੁੰਦਾ ਸੀ। ਸੋਲ੍ਹਾਂ-ਸਤਾਰਾਂ ਸਾਲ ਦੀ ਅਲ੍ਹੜ ਜਵਾਨੀ ਆਸ਼ਕਾਂ ਦਾ ਨਾਂ ਸੁਣ ਕੇ ਨੱਚ ਉੱਠਦੀ ਹੈ।
“ਭਾਈ, ਮਾਰਫ਼ਤ ਦੀਆਂ ਗੱਲਾਂ ਦੋਹੀਂ ਪਾਸੀਂ ਲੱਗ ਜਾਂਦੀਆਂ ਨੇ। ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਵਿੱਚ ਬੜਾ ਥੋੜ੍ਹਾ ਫ਼ਰਕ ਏ। ਸਮਝਣ ਵਾਲਾ ਆਪਣੇ ਮਤਲਬ ਦੇ ਮਾਨ੍ਹੇ ਕੱਢ ਲੈਂਦਾ ਏ। ਰੱਬ ਵਾਲਿਆਂ ਨੂੰ ਤਾਂ ਹੋਰ ਥਾਂ ਓਹਾ ਹੀ ਨਜ਼ਰ ਔਂਦਾ ਏ। ਉਸ ਦਿਨ ਤੇਰਾ ਬਾਪੂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਰਿਹਾ ਸੀ। ਅਖੇ : ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ।
ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ।
ਅਗਾਂ ਯਾਦ ਨਹੀਂ, ਕੀ ਲਿਖਿਆ ਏ। ਕੋਈ ਆਸ਼ਕਾਂ ਦੇ ਨਾਂ ਔਂਦੇ ਨੇ। ਸੱਚਾ ਆਸ਼ਕ ਵੀ ਵਲੀਆਂ ਨਾਲੋ ਘੱਟ ਨਹੀਂ। ਪਰ ਸੱਚਾ ਹੋਵੇ। ਆਸ਼ਕਾਂ ਦੇ ਨਾਂ ਨੂੰ ਵੱਟਾ ਲੌਣ ਵਾਲਾ ਨਾ ਹੋਵੇ। ਸ਼ੇਖ਼ ਫ਼ਰੀਦ ਕਹਿੰਦਾ ਏ : ਜਿੱਥੇ ਲੱਬ ਹੋਵੇ, ਓਥੇ ਨੇਹੁ ਕਿਹਾ। ਠੀਕ ਏ, ਲੱਬ ਲਾਲਚ ਤੇ ਪ੍ਰੇਮ ਦਾ ਕੋਈ ਮੇਲ ਨਹੀਂ। ਜਿੱਥੇ ਨਫ਼ਸ ਦੀ ਖ਼ਾਹਸ਼ ਹਵੇ, ਉਹ ਤਾਂ ਨਿਰੀ ਖ਼ੁਦਗ਼ਰਜ਼ੀ ਏ, ਇਸ਼ਕ ਨਹੀਂ। ਨਹੀਂ, ਉਹ ਇਸ਼ਕ ਨਹੀਂ।" ਇਲਮਦੀਨ ਜਿਵੇਂ ਮਸਤ ਹੋਇਆ ਆਪਣੇ ਆਪ ਨੂੰ ਕਹੀ ਜਾ ਰਿਹਾ ਸੀ।
ਦਸ ਮਿੰਟ ਦੋਹੀਂ ਪਾਸੀਂ ਚੁੱਪ ਛਾਈ ਰਹੀ। 'ਹਾਹਾ-ਹਾਹਾ, ਤੱਤਾ-ਤੱਤਾ' ਤੋਂ ਬਿਨਾਂ ਕੋਈ ਵਾਜ ਨਹੀਂ ਸੀ ਆ ਰਹੀ। ਇਲਮਦੀਨ ਆਪਣੀ ਮਸਤੀ ਵਿੱਚ ਤੇ ਪਿਆਰਾ ਆਪਣੀਆਂ ਸੋਚਾਂ ਵਿੱਚ ਡੁੱਬਾ ਹੋਇਆ ਸੀ।
"ਵਾਹ।" ਇਲਮਦੀਨ ਕਿਸੇ ਆਪਣੇ ਹੀ ਸੁਆਦ ਵਿੱਚ ਪੁਕਾਰ ਉੱਠਿਆ। "ਰਾਗ ਨਾਦ ਵਿੱਚ ਵੀ ਕਿੰਨੀ ਜ਼ਿੰਦਗੀ ਹੁੰਦੀ ਹੈ। ਜ਼ਿੰਦਗੀ ਮੁਰਦਾ ਦਿਲ ਖ਼ਾਕ ਜੀਆ ਕਰਤੇ ਹੈਂ ? ਇਕ ਨਾਲ ਲੌਣੀ ਬਾਕੀ ਛੱਡਣੀ ਦੁਨੀਆਂ ਸਾਰੀ । ਵਾਹ! ਪੁੱਤ ਪਿਆਰਿਆ। ਸੁਣਾ ਕੁਛ। ਤੂੰ ਮਿਰਜ਼ੇ ਦੀ ਸੁਰ ਲੈਂਦਾ ਏਂ, ਤਾਂ ਮੈਂ ਮਸਤ ਹੋ ਜਾਂਦਾਂ।"
"ਲੇ ਬਾਬਾ! ਗੋਲੀ ਕੀਹਦੀ ਤੇ ਗਹਿਣੇ ਕੀਹਦੇ। ਤੇਰਾ ਹੁਕਮ ਤੇ ਸਾਡਾ page-break
ਮੰਨਣਾ।" ਪਿਆਰੇ ਨੇ ਇਲਮਦੀਨ ਦੀ ਬਜ਼ੁਰਗੀ ਵਾਸਤੇ ਇਕ-ਵਚਨ ਤੇ ਆਪਣੀ ਜਵਾਨੀ ਵਾਸਤੇ ਬਹੁ-ਵਚਨ ਸ਼ਬਦ ਵਰਤੇ। ਸੱਜੇ ਹੱਥ ਨਾਲ ਹਲ ਦੀ ਜੰਘੀ ਕਾਬੂ ਕਰਦਿਆਂ ਉਹਨੇ ਖੱਬਾ ਹੱਥ ਕੰਨ 'ਤੇ ਧਰ ਕੇ ਸੁਰ ਚੁੱਕੀ:
"ਮਿਰਜ਼ਾ ਕਹਿੰਦਾ, ਸਾਹਿਬਾਂ!
ਫਿੱਕੇ ਬੋਲ ਨਾ ਬੋਲ।
ਕਦੇ ਆਸ਼ਕ ਸੁਖਨ ਨਾ ਹਾਰਦੇ
ਉਹ ਪਰਬਤ ਵਾਂਗ ਅਡੋਲ।
ਝੂਠੇ ਲੋਕ ਪਤਾਸੇ ਵੰਡਦੇ
ਆਸ਼ਕ ਜਿੰਦੜੀ ਦੇਂਦੇ ਘੋਲ।
ਉਹ ਗਲੀ ਢੰਡੋਰਾ ਪਿੱਟਦੇ
ਜਿਨ੍ਹਾਂ ਅੰਦਰ ਹੋਵੇ ਪੋਲ।
ਉਹ ਉੱਚੀ ਸਾਹ ਨਾ ਕੱਢਦੇ
ਹੋਵੇ ਸਿਦਕ ਜਿਨ੍ਹਾਂ ਦੇ ਕੋਲ
ਉਹ ਹੂਰਾਂ ਵੱਲ ਨਾ ਝਾਕਦੇ
ਜਿਨ੍ਹਾਂ ਹਾਣੀ ਲੱਭ ਲੈ ਟੋਲ।
ਉਹ ਸੌਦੇ ਕਰਦੇ ਦਿਲਾਂ ਦੇ
ਸਿਰ ਇਸ਼ਕ ਦੀ ਤਕੜੀ ਤੋਲ
ਨਹੀਂ ਸੂਰਜ ਚੜ੍ਹਦਾ ਲਹਿੰਦਿਓਂ ਜੱਟੀਏ!
ਤੇ ਮਰਦ ਨਾ ਹਾਰਨ ਕੌਲ, ਓਹ ਜੱਟਾ ਮਿਰਜ਼ਿਆ ਆ।"
ਪਿਆਰੇ ਨੇ ਇਕ ਲੰਮੀ ਹੇਕ ਵਿੱਚ ਸੁਰ ਖ਼ਤਮ ਕੀਤੀ।
"ਵਾਹ, ਵਾਹ!” ਇਲਮਦੀਨ ਨੇ ਮਸਤੀ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਕਦੇ ਮਰਦ ਨਾ ਹਾਰਨ ਕੌਲ। ਉਹ ਮਰਦ ਕਾਹਦਾ ਜਿਹੜਾ ਕੌਲ ਦਾ ਪੂਰਾ ਨਾ ਹੋਵੇ। ਠੀਕ ਕਿਹਾ ਈ ਭਈ ਗੱਭਰੂਆ! ਬਹੁਤ ਖੂਬ !”
ਇਲਮਦੀਨ ਰਾਜਪੂਤ ਮੁਸਲਮਾਨ ਸੀ, ਪਰ ਗ਼ਰੀਬ ਹੋਣ ਕਰਕੇ ਲੋਕ ਉਸ ਨੂੰ ਤੇ ਉਹਦੀ ਬਰਾਦਰੀ ਨੂੰ ਰੰਘੜ ਹੀ ਕਹਿੰਦੇ ਸਨ। ਅਖਾਣ ਹੈ ਨਾ! ਰੱਜਿਆ ਰਾਜਪੂਤ ਤੇ ਭੁੱਖਾ ਰੰਘੜ। ਇਲਮਦੀਨ ਨੂੰ ਏਸ ਗੱਲ ਨਾਲ ਕੋਈ ਫ਼ਰਕ ਨਹੀਂ ਸੀ। ਉਹ ਸੂਫ਼ੀ ਖ਼ਿਆਲਾਂ ਦਾ ਇਕ ਨੇਕ ਇਨਸਾਨ ਸੀ, ਸੁਲ੍ਹਾ-ਕੁੱਲ। ਖ਼ਲਕਿ ਖ਼ੁਦਾ ਨੂੰ ਖ਼ੁਦਾ ਦਾ ਨੂਰ ਸਮਝਣਾ ਉਹਦਾ ਮਜ਼ਹਬ ਸੀ। ਏਸੇ ਵਾਸਤੇ ਮਸੀਤ ਦੇ ਮੁੱਲਾਂ ਤੇ ਮੁੱਲਾਂ ਦਿਆਂ ਹਿਮਾਇਤੀਆਂ ਨਾਲ ਉਹਦੀ ਨਹੀਂ ਸੀ ਬਣਦੀ। ਇਕ ਵਾਰ ਰੋਜ਼ਿਆਂ ਦੇ ਦਿਨਾਂ ਵਿੱਚ ਰੋਜ਼ੇ ਨਾ ਰੱਖਣ ਦੇ ਕਾਰਨ ਬਰਾਦਰੀ ਨੇ ਉਹਨੂੰ ਛੇਕ ਵੀ ਦਿੱਤਾ page-break
ਸੀ, ਪਰ ਉਹਨੂੰ ਇਸ ਗੱਲ ਨਾਲ ਕੀ ਫਰਕ। ਸਾਰਾ ਮਹੀਨਾ ਰਮਜ਼ਾਨ ਦਾ ਉਹ ਸਰਘੀ ਵੇਲੇ ਆਪਣੇ ਕੋਠੇ ਦੀ ਛੱਤ 'ਤੇ ਚੜ੍ਹ ਕੇ ਉੱਚੀ-ਉੱਚੀ ਗਾਉਣ ਲੱਗ ਪੈਂਦਾ :
"ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ
ਜਿਸ 'ਤੇ ਤਾਮ ਪਕਾਈਦਾ
ਬਹਿ ਫ਼ਕੀਰਾਂ ਨੇ ਮਜਲਸ ਕੀਤੀ
ਭੋਰਾ ਭੋਰਾ ਵਰਤਾਈਦਾ।"
ਠੀਕ ਆਹੰਦੇ ਨੇ : ਦੁਨੀਆਂ ਝੁਕਾਉਂਦੀ ਹੈ, ਪਰ ਜੇ ਕੋਈ ਅਣਖੀਲਾ ਝੁਕਣ ਲਈ ਤਿਆਰ ਨਾ ਹੋਵੇ ਤਾਂ ਦੁਨੀਆਂ ਆਪ ਝੁਕ ਜਾਂਦੀ ਹੈ। ਇਲਮਦੀਨ ਮਰਦਾਂ ਵਾਂਗ ਡਟਿਆ ਰਿਹਾ। ਦੋ ਮਹੀਨੇ ਬੀਤਣ 'ਤੇ ਮੌਲਵੀ ਨੇ ਆਪ ਹੀ ਆਪਣਾ ਫ਼ਤਵਾ ਵਾਪਸ ਲੈ ਲਿਆ। ਉਹਨੇ ਵੱਡਾ ਸਾਰਾ ਅਹਿਸਾਨ ਜਤਾਉਂਦਿਆਂ ਕਿਹਾ, "ਮਾਈ ਫ਼ਾਤਮਾ! ਤੇਰੀ ਖ਼ਾਤਰ ਅਸੀਂ ਇਲਮਦੀਨ ਨੂੰ ਫਿਰ ਬਰਾਦਰੀ ਵਿੱਚ ਸ਼ਾਮਲ ਕਰ ਲੈਂਦੇ ਆਂ, ਨਹੀਂ ਤਾਂ ਉਹ ਤਾਂ ਅੱਧਾ ਕਾਫ਼ਰ ਏ। ਤੇਰਾ ਇਲਮਦੀਨ 'ਤੇ ਪੂਰਾ ਇਤਕਾਦ ਏ। ਸੋ ਤੇਰੇ ਪਿੱਛੇ ਉਹਨੂੰ ਵੀ ਮਾਫ਼ ਕਰ ਦੇਂਦੇ ਆਂ, ਲੇਕਿਨ ਆਇੰਦਾ ਵਾਸਤੇ ਜ਼ਰਾ ਉਹਨੂੰ ਸਮਝਾ ਛੱਡੀ।" ਤੇ ਵਿਚਲੀ ਗੱਲ ਇਹ ਸੀ ਕਿ ਮੌਲਵੀ ਇਹ ਸਹਿ ਹੀ ਨਹੀਂ ਸੀ ਸਕਦਾ, ਪਈ ਮੁਰੀਦਾਂ ਦਾ ਇਕ ਘਰ ਉਹਦੇ ਘੇਰੇ ਵਿੱਚੋਂ ਨਿਕਲ ਜਾਏ।
ਫ਼ਾਤਮਾ ਨੇ ਸਿਰ ਝੁਕਾ ਕੇ ਮੌਲਵੀ ਨੂੰ ਸਲਾਮ ਕੀਤਾ ਤੇ ਹਰ ਜੁੰਮੇ ਦੇ ਦਿਨ ਲੱਸੀ ਨਾਲ ਕੁਝ ਮੱਖਣ ਦੇਣ ਦਾ ਵੀ ਇਕਰਾਰ ਕੀਤਾ।
ਮਸੀਤ ਦੇ ਮੁੰਡੇ ਇਲਮਦੀਨ ਦੇ ਘਰੋਂ ਸਵੇਰੇ-ਸਵੇਰੇ ਲੱਸੀ ਲੈਣ ਵਾਸਤੇ ਆਉਣ ਲੱਗ ਪਏ। ਜੁੰਮੇ ਵਾਲੇ ਦਿਨ ਮੌਲਵੀ ਆਪ ਆ ਧਮਕਿਆ। ਸ਼ਾਇਦ ਉਹਨੂੰ ਡਰ ਸੀ ਕਿ ਮਾਈ ਫ਼ਾਤਮਾ ਦਾ ਦਿੱਤਾ ਹੋਇਆ ਮੱਖਣ ਕਿਤੇ ਮੁੰਡੇ ਰਾਹ ਵਿੱਚ ਹੀ ਨਾ ਚਟਮ ਕਰ ਆਉਣ। ਇਲਮਦੀਨ ਸਬੱਬ ਨਾਲ ਘਰੇ ਹੀ ਬੈਠਾ ਸੀ। ਉਹਦੇ ਨਾਲ ਦੁਆ ਸਲਾਮ ਕੀਤੇ ਬਿਨਾਂ ਹੀ ਮੌਲਵੀ ਨੇ ਚੌਂਕੇ ਦੀ ਕੰਧ ਉੱਤੇ ਲੋਟਾ ਜਾ ਧਾਰਿਆ। ਘਰ ਆਏ ਮੌਲਵੀ ਦੇ ਸਤਿਕਾਰ ਵਜੋਂ ਫ਼ਾਤਮਾ ਨੇ ਆਪਣੀ ਸ਼ਰਧਾ ਨਾਲੋਂ ਵਧੇਰੇ ਮੱਖਣ ਲੱਸੀ ਵਿੱਚ ਪਾ ਦਿੱਤਾ, ਪਰ ਮੌਲਵੀ ਦੀ ਖ਼ਾਹਿਸ਼ ਨਾਲੋਂ ਉਹ ਬਹੁਤ ਥੋੜ੍ਹਾ ਸੀ। ਮੌਲਵੀ ਦੇ ਚਿਹਰੇ 'ਤੇ ਪਈਆਂ ਹੋਈਆਂ ਤਿਉੜੀਆਂ ਤੋਂ ਇਲਮਦੀਨ ਨੇ ਸਾਰੀ ਗੱਲ ਸਮਝ ਲਈ।
"ਅੱਜ ਇਹ ਕਾਫ਼ਰ ਫੇਰ ਆ ਗਿਆ ਏ।" ਮੌਲਵੀ ਦੇ ਬੂਹਿਉਂ ਬਾਹਰ ਨਿਕਲਣ ਤੋਂ ਪਿੱਛੋਂ ਇਲਮਦੀਨ ਨੇ ਜ਼ਰਾ ਚੁਭਵੀਂ ਸੁਰ ਵਿੱਚ ਕਿਹਾ। ਉਹ ਸਵੇਰੇ page-break
ਫ਼ਾਤਮਾ ਦੀਆਂ ਨੋਕਾਂ ਟੋਕਾਂ ਸੁਣਦਾ ਤੰਗ ਆਇਆ ਬੈਠਾ ਸੀ।
"ਕਾਫ਼ਰ ਉਹ ਨਹੀਂ, ਕਾਫ਼ਰ ਤੂੰ ਏਂ। ਪਾਜੀ ਬੰਦਿਆ! ਤੂੰ।" ਫ਼ਾਤਮਾ ਨੇ ਰਜ ਕੇ ਕਿਹਾ, "ਨਾ ਤੂੰ ਨਮਾਜ ਪੜ੍ਹ ਨਾ ਰੋਜਾ ਰੱਖੋ, ਨਾ ਮਸੀਤੇ ਜਾਏਂ। ਕਾਫ਼ਰ ਹੋਇਓਂ ਕਿ ਉਹ। ਹੈ, ਹੈ, ਸੜ ਗਏ ਮੇਰੇ ਲੇਖ।" ਫ਼ਾਤਮਾ ਨੇ ਮੱਥੇ ਨੂੰ ਹੱਥ ਮਾਰ ਪਟਾਕਾ ਪਾਉਂਦਿਆਂ ਕਿਹਾ। "ਅੱਲ੍ਹਾ ਤੇਰੀ ਜੀਭ ਸੜ ਜੈ ਮੌਲਵੀ ਨੂੰ ਕਾਫ਼ਰ ਆਖਣ ਵਾਲੇ ਦੀ।"
"ਭਲੀਏ ਲੋਕੇ! ਸੱਚੀ ਗੱਲ ਤੋਂ ਏਨਾ ਨਹੀਂ ਚਿੜੀ ਦਾ ਹੁੰਦਾ।" ਇਲਮਦੀਨ ਬੜੇ ਠਰਮੇ ਨਾਲ ਕਿਹਾ।
“ਸੱਚੀ ਗੱਲ ? ਇਹ ਤੂੰ ਸੱਚੀ ਗੱਲ ਕੀਤੀ ਏ ? ਹੈ ਹੈ ਅੱਲ੍ਹਾ।"
"ੳ ਨੇਕ-ਬਖ਼ਤੇ ਅੱਲ੍ਹਾ ਵਿਚਾਰੇ ਨੂੰ 'ਹੈ ਹੈ' ਕਾਹਨੂੰ ਪੌਂਦੀ ਏਂ। ਚਲੋ, ਮੈਂ ਆਪਣੀ ਗਲਤੀ ਮੰਨ ਲੈਂਦਾਂ। ਉਹ ਕਾਫ਼ਰ ਨਹੀਂ। ਕਾਫ਼ਰ ਉਹ ਹੁੰਦਾ ਏ, ਜਿਹੜਾ ਖ਼ੁਦਾ ਦੀ ਹਸਤੀ ਨੂੰ ਨਹੀਂ ਮੰਨਦਾ, ਪਰ ਉਹ ਕਾਫ਼ਰ ਨਾਲੋਂ ਹਜ਼ਾਰ ਦਰਜਾ ਬੁਰਾ ਹੁੰਦਾ ਏ, ਜੋ ਆਪਣੀ ਖ਼ੁਦਗਰਜ਼ੀ 'ਤੇ ਪਰਦਾ ਪੌਣ ਵਾਸਤੇ ਖ਼ੁਦਾ ਨੂੰ ਮੰਨਣ ਦਾ ਪਾਖੰਡ ਕਰਦਾ ਏ। ਇਹ ਤਾਂ ਮੰਨਦੀ ਏਂ ਨਾ।"
"ਹੈ ਹੈ, ਇਹ ਵੀ ਤੂੰ ਓਸੇ ਨੂੰ ਲਾ ਕੇ ਆਖੀ ਏ। ਸੜ ਗਈ ਮੇਰੀ ਕਿਸਮਤ, ਜੀਹਨੂੰ ਮਾਪਿਆਂ ਨੇ ਤੇਰੇ ਵਰਗੇ ਨਮਰੂਦ ਦੇ ਲੜ ਲਾ ਦਿੱਤੀ।" ਫ਼ਾਤਮਾ ਨੇ ਝੂਠੀ ਮੂਠੀ ਦੀਆਂ ਅੱਖਾਂ ਪੂੰਝਦਿਆਂ ਕਿਹਾ। ਦਿਨ ਤੇ
"ਕਰਮਾਂ ਵਾਲੀਏ। ਨਮਰੂਦ ਨਹੀਂ, ਮਰਦੂਦ ਆਖ! ਜੀਹਨੂੰ ਪਾਈਆ ਮੱਖਣ ਦਿੱਤਾ ਈ, ਉਸ ਤੋਂ ਲਫ਼ਜ਼ ਤਾਂ ਠੀਕ ਬੋਲਣਾ ਸਿੱਖ ਲਏ ਆ ? ਹੱਛਾ ਅੱਲ੍ਹਾ ਬੇਲੀ। ਆਪਾਂ ਚੱਲੇ ਆਂ ਧਰਮ ਸੁੰਹ ਵੱਲੇ। ਤੂੰ ਹੁਣ ਪੇਸ਼ੀ ਵੇਲੇ ਤਕ ਆਹਰੇ ਲੱਗੀ ਰਹੀ। ਉਹ ਘਰ ਤਾਂ ਕਬਰਸਤਾਨ ਵਰਗਾ ਸੁੰਨ-ਮਸੁੰਨ ਹੁੰਦਾ ਏ, ਜਿੱਥੇ ਘਰ ਦੀ ਰੌਣਕ ਬੋਲੇ ਚੱਲੇ ਈ ਨਾ। ਵੇਖਾਂ ਤੇਰੀ ਮਿਹਰ ਨਾਲ ਆਪਣਾ ਘਰ ਆਂਢ-ਗਵਾਂਢ ਵਿੱਚ ਵਸਦਾ ਮਾਲੂਮ ਹੁੰਦਾ ਹੈ।”
ਇਲਮਦੀਨ ਬਾਹਰ ਨੂੰ ਚਲਾ ਗਿਆ। ਫ਼ਾਤਮਾ ਟੇਪ ਰਿਕਾਰਡ ਵਾਂਗ ਬਿਨਾਂ ਸਾਹ ਲਏ ਦੁਪਹਿਰ ਤਕ ਲੱਗੀ ਰਹੀ।
ਪਰ ਹੁਣ ਇਲਮਦੀਨ ਦੇ ਸੁਭਾ ਵਿੱਚ ਫ਼ਰਕ ਆ ਗਿਆ ਸੀ, ਅੱਤ ਦੀ ਨਰਮੀ ਤੇ ਹਲੀਮੀ। ਨਾ ਹੁਣ ਉਹਦੇ ਮਨ ਉੱਤੇ ਮੌਲਵੀ ਦੀ ਤੰਗ-ਦਿਲੀ ਦਾ ਅਸਰ ਹੁੰਦਾ ਸੀ, ਨਾ ਫ਼ਾਤਮਾ ਦੀ ਅੱਠੇ ਪਹਿਰ ਦੀ ਬਕ-ਬਕ ਦਾ। ਉਹ ਆਪਣੇ ਕੰਮ ਵਿੱਚ ਜਾਂ ਵਿਹਲੇ ਵੇਲੇ ਸੂਫ਼ੀ ਸਾਹਿਤ ਪੜ੍ਹਨ ਵਿੱਚ ਮਸਤ ਰਹਿੰਦਾ। ਭਗਤ ਕਬੀਰ, ਸ਼ੇਖ਼ ਫਰੀਦ, ਸੱਯਦ ਬੁੱਲ੍ਹੇ ਸ਼ਾਹ, ਮੀਰਾਂ ਬਾਈ ਆਦਿ ਦੀਆਂ ਰਚਨਾਵਾਂ page-break
ਵਿੱਚੋਂ ਉਹਨੂੰ ਬਹੁਤ ਰਸ ਆਉਂਦਾ। ਧਰਮ ਸਿੰਘ ਕੋਲੋਂ ਸੁਖਮਨੀ ਸਾਹਿਬ ਸੁਣ ਕੇ ਇਲਮਦੀਨ ਬਹੁਤ ਪ੍ਰਭਾਵਤ ਹੋਇਆ। ਇਕ ਦਿਨ ਉਹ ਲਾਹੌਰ ਗਿਆ ਖ਼ਵਾਜਾ ਦਿਲ ਮੁਹੰਮਦ ਦਾ ਲਿਖਿਆ 'ਜਪੁਜੀ ਸਾਹਿਬ' ਤੇ 'ਸੁਖਮਨੀ ਸਾਹਿਬ' ਦਾ ਉਰਦੂ ਨਜ਼ਮ ਵਿੱਚ ਤਰਜਮਾ ਲੈ ਆਇਆ। ਉਹ ਪੜ੍ਹ ਕੇ ਤਾਂ ਇਲਮਦੀਨ ਕਿਸੇ ਬੇ-ਖ਼ੁਦੀ ਦੇ ਆਲਮ ਵਿੱਚ ਪਹੁੰਚ ਗਿਆ। ਇਕ ਦਿਨ ਉਹਨੇ ਗਿਲ੍ਹੇ ਵਾਲੀ ਸੁਰ ਵਿੱਚ ਕਿਹਾ, "ਧਰਮ ਸਿਹਾਂ! ਮੈਨੂੰ ਆਪਣੇ ਆਪ 'ਤੇ ਬੜਾ ਅਫ਼ਸੋਸ ਏ, ਕਿ ਇਹ ਚੀਜ਼ ਮੈਂ ਅੱਜ ਤਕ ਪਹਿਲਾਂ ਕਿਉਂ ਨਹੀਂ ਪੜ੍ਹੀ। ਵਾਹ। ਬੁੱਲ੍ਹੇ ਸ਼ਾਹ ਨੇ ਆਖਿਆ ਸੀ : ਇਕੋ ਅਲਫ਼ ਮੇਰੇ ਦਰਕਾਰ। ਮੇਰੇ ਵਰਗੇ ਮੂੜ ਬੰਦੇ ਦਾ ਇਕ ਅਲਫ਼ ਨਾਲ ਭਾਵੇਂ ਨਾ ਸਰੇ, ਪਰ ਇਸ ਇਕ ਰੱਬੀ ਕਤਾਬ ਨਾਲ ਸਰ ਜਾਂਦਾ ਏ। ਬੱਸ ਜ਼ਿੰਦਗੀ ਨੂੰ ਸਮਝਣ ਵਾਸਤੇ ਇਹ ਕਾਫ਼ੀ ਏ। ਹੋਰ ਵੇਦ ਪੁਰਾਨ ਤੇ ਹਦੀਸਾਂ ਤਫ਼ਸੀਰਾਂ-ਪੜ੍ਹਨ ਦੀ ਲੋੜ ਨਹੀਂ।"
ਧਰਮ ਸਿੰਘ ਨਾਲ ਇਲਮਦੀਨ ਦੀ ਬਚਪਨ ਤੋਂ ਹੀ ਚੰਗੀ ਦੋਸਤੀ ਸੀ। ਦੋਹਾਂ ਦੇ ਸੁਭਾ ਮਿਲਦੇ ਸਨ, ਇਸ ਵਾਸਤੇ ਦਿਲ ਵੀ ਮਿਲ ਗਏ। ਵੱਡੇ ਹੋ ਕੇ ਉਹਨਾਂ ਦੇ ਰਾਹ ਵੀ ਮਿਲ ਗਏ।
ਧਰਮ ਸਿੰਘ ਮਸਾਂ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਮਾੜੀ ਮੋਟੀ ਗੁਰਮੁਖੀ ਹੀ ਪੜ੍ਹਿਆ ਸੀ। ਹਾਂ, ਮਾੜੀ ਮੋਟੀ। ਉਹ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਪੰਜ- ਗ੍ਰੰਥੀ ਪੜ੍ਹ ਕੇ ਉੱਠ ਬੈਠਾ ਸੀ। ਪਿੱਛੋਂ ਅਭਿਆਸ ਨਾਲ ਉਹ ਵਾਹਵਾ ਪੜ੍ਹਨ ਜੋਗਾ ਹੋ ਗਿਆ, ਪਰ ਲਿਖਦਾ ਉਹ ਅਜੇ ਵੀ ਆਪਣੇ ਪੜ੍ਹਨ ਜੋਗਾ ਹੀ ਸੀ। ਸਿਹਾਰੀ ਦੀ ਥਾਂ ਬਿਹਾਰੀ ਤੇ ਹੋੜੇ ਦੀ ਥਾਂ ਕਨੌੜਾ ਓਹ ਕਈ ਵਾਰ ਲਾ ਜਾਂਦਾ ਸੀ। ਏਸ ਗ਼ਲਤੀ ਵੱਲੋ ਕੋਈ ਉਹਦਾ ਧਿਆਨ ਦੁਆਉਂਦਾ, ਤਾਂ ਉਹ ਅੱਗੋਂ ਹਾਸੇ ਨਾਲ ਕਿਹਾ ਕਰਦਾ, "ਭਈ, ਉਹ ਪੜ੍ਹਾਈ ਕਿਸ ਕੰਮ, ਜਿਸ ਨਾਲ ਕਿਸੇ ਦਾ ਲਿਖਿਆ ਦੂਸਰਾ ਪੜ੍ਹ ਲਏ। ਆਪਾਂ ਉਹ ਇਲਮ ਪੜ੍ਹੇ ਆਂ ਜਿਹੜਾ ਲਿਖਿਆ ਆਪ ਹੀ ਪੜ੍ਹ ਸਕਦੇ ਆਂ।"
ਇਲਮਦੀਨ ਨੂੰ ਸਕੂਲ ਵਿੱਚ ਅੱਠ ਜਮਾਤਾਂ ਪੜ੍ਹਨ ਦਾ ਮੌਕਾ ਮਿਲ ਗਿਆ ਸੀ। ਮਿਡਲ ਪਾਸ ਕਰਨ ਪਿੱਛੋਂ ਉਹਦੇ ਪਿਉ ਨੇ ਉਹਨੂੰ ਪਟਵਾਰੀ ਬਣਾਉਣ ਵਾਸਤੇ ਬੜਾ ਜ਼ੋਰ ਲਾਇਆ, ਪਰ ਇਲਮਦੀਨ ਨਾ ਮੰਨਿਆ। ਇਕ ਦਿਨ ਉਹਨੇ ਦਿਲ ਦੀ ਕਹਿ ਹੀ ਦਿੱਤੀ, "ਅੱਬਾ! ਜ਼ੋਰ ਦੇਂਦੇ ਓ, ਤਾਂ ਮੈਂ ਪਟਵਾਰੀ ਬਣ ਜਾਂਦਾਂ, ਪਰ ਯਾਦ ਰੱਖੋ, ਮੈਂ ਕਿਸੇ ਕੋਲੋਂ ਰਿਸ਼ਵਤ ਨਹੀਂ ਜੇ ਲਿਆ ਕਰਨੀ। ਇਹ ਹਰਾਮ ਦੀ ਕਮਾਈ ਮੈਂ ਨਹੀਂ ਖਾ ਸਕਾਂਗਾ।"
"ਚੰਗਾ ਫਿਰ ਮਰ ਭੁੱਖਾ। ਕੁੱਟ ਸਾਰੀ ਉਮਰ ਝੋਟਿਆਂ ਦੇ ਖੁੱਡੇ। ਇਹਨੂੰ ਜੰਮਦੇ page-break
ਹੀ ਹਲਾਲ ਹਰਾਮ ਦੀ ਪੈ ਗਈ ਏ। ਅੱਠ ਜਮਾਤਾਂ ਪੜ੍ਹਾ ਕੇ ਐਵੇਂ ਖਾਤੇ ਈ ਪਾ ਦਿੱਤੀਆਂ।” ਇਲਮਦੀਨ ਦੇ ਪਿਉ ਨੇ ਦੁਖੀ ਹੋ ਕੇ ਕਿਹਾ ਸੀ।
“ਹਾਂ, ਸੰਢਿਆਂ ਦੇ ਖੁੱਡੇ ਕੁੱਟਣੇ ਮੈਨੂੰ ਮਨਜ਼ੂਰ ਨੇ। ਇਹ ਹੱਕ-ਹਲਾਲ ਦੀ ਕਮਾਈ ਏ।” ਤੇ ਉਸੇ ਦਿਨ ਤੋਂ ਇਲਮਦੀਨ ਨੇ ਹਲ ਦੀ ਜੰਘੀ ਫੜ ਲਈ।
ਤਿੰਨ ਘੁਮਾ ਜ਼ਮੀਨ ਇਲਮਦੀਨ ਨੂੰ ਪਿਉਂ ਕੋਲੋਂ ਵਿਰਸੇ ਵਿੱਚ ਮਿਲੀ ਸੀ। ਉਹ ਕਰਮ ਸਿੰਘ ਕੇ ਮੌਰੂਸ ਸਨ। ਉਹ ਤਿੰਨ ਘੁਮਾ ਪਿੰਡ ਤੋਂ ਮੀਲ ਭਰ ਦੂਰ ਸੀ, ਪਰ ਧਰਤੀ ਚੰਗੀ ਉਪਜਾਊ ਸੀ। ਪੰਜ ਸੱਤ ਘੁਮਾ ਇਲਮਦੀਨ ਹੋਰ ਹਿੱਸੇ 'ਤੇ ਲੈ ਲੈਂਦਾ। ਓਸੇ ਵਿੱਚੋਂ ਉਹ ਆਪਣੇ ਪਰਿਵਾਰ ਦਾ ਨਿਰਬਾਹ ਕਰੀ ਜਾ ਰਿਹਾ ਸੀ।
ਧਰਮ ਸਿੰਘ ਤੇ ਇਲਮਦੀਨ ਦੀ ਦੋਸਤੀ ਬਚਪਨ ਤੋਂ ਚਲੀ ਆ ਰਹੀ ਸੀ। ਉਹਨਾਂ ਦੇ ਹਲ ਵੀ ਸਦਾ ਇਕੱਠੇ ਵਗਦੇ। ਫੇਰ ਵੀ ਉਹ ਭਾਈਵਾਲੀ ਕਦੇ ਨਾ ਕਰਦੇ। ਉਹਨਾਂ ਦੋਹਾਂ ਦਾ ਖ਼ਿਆਲ ਸੀ ਕਿ ਭਾਈਵਾਲੀ ਕਰਨ ਨਾਲ ਕਦੇ ਨਾ ਕਦੇ ਦੋਹ ਫਿਕ ਪੈ ਜਾਣ ਦਾ ਡਰ ਰਹਿੰਦਾ ਹੈ। ਸੋ ਏਨਾ ਨੇੜੇ ਹੋਣ ਕਰਕੇ ਵੀ ਉਹਨਾਂ ਸਾਂਝ ਭਿਆਲੀ ਨਾ ਕੀਤੀ, ਪਰ ਇਕ ਢੰਗ ਨਾਲ ਉਹਨਾਂ ਦੀ ਵਿੜੀ ਸਾਰੀ ਉਮਰ ਨਿਭ ਗਈ। ਅੱਜ ਇਕ ਵੱਲੇ ਦੋਵੇਂ ਹਲ ਵਗਦੇ ਤਾਂ ਅਗਲੇ ਦਿਨ ਦੂਸਰੇ ਦੇ ਖੇਤ ਵਿੱਚ ਜਾ ਵਗਦੇ। ਲੋੜ 'ਤੇ ਉਹ ਏਸੇ ਗੱਲ ਦੀ ਵੀ ਨਿੰਦ ਵਿਚਾਰ ਨਾ ਕਰਦੇ ਕਿ ਜਿੰਨੇ ਜੋਤਰੇ ਇਕ ਵੱਲ ਲੱਗੇ ਹਨ, ਦੂਸਰੇ ਵੱਲ ਉਸ ਤੋਂ ਵਧੇਰੇ ਕਿਉਂ ਲੱਗ ਗਏ।
ਪਹਿਲਾ ਧਰਮ ਸਿੰਘ ਇਲਮਦੀਨ ਦਾ ਮੋਹਰੀ ਹਾਲੀ ਹੁੰਦਾ ਸੀ। ਪਿਛਲੇ ਵੀ ਦੀ ਸਾਲ ਤੋਂ ਧਰਮ ਸਿੰਘ ਦੀ ਥਾਂ ਹਲ ਦੀ ਜੰਘੀ ਪਿਆਰੇ ਨੇ ਸੰਭਾਲ ਲਈ ਸੀ। ਲਤੀ ਇਲਮਦੀਨ ਉਹਦੇ ਨਾਲ ਵੀ ਮਿੱਤਰਾਂ ਵਾਲਾ ਹੀ ਵਰਤਾਉ ਕਰਦਾ। ਅਸਲ ਵਿੱਚ ਇਲਮਦੀਨ ਹਰ ਇਕ ਦਾ ਬੇਲੀ ਸੀ, ਇਕ ਮਸੀਤ ਦੇ ਮੌਲਵੀ ਨੂੰ ਛੱਡ ਕੇ।
ਇਲਮਦੀਨ ਦਾ ਵੱਡਾ ਮੁੰਡਾ ਨੂਰਦੀਨ ਛੋਟਾ ਹੁੰਦਾ ਹੀ ਨਾਨਕਿਆਂ ਕੋਲ ਲਾਹੌਰ ਬਗਵਾਨ ਪੁਰੇ ਜਾ ਵੱਸਿਆ ਸੀ। ਓਥੇ ਉਸ ਨੇ ਹੱਥ ਖੱਡੀ ਦਾ ਕੰਮ ਸਿੱਖ ਲਿਆ। ਉਹ ਗਭਰੇਟ ਹੋਇਆ ਤਾਂ ਉਹਦਾ ਵਿਆਹ ਮਾਮੇ ਦੀ ਲੜਕੀ ਨਾਲ ਹੋ ਗਿਆ।
ਉਸ ਤੋਂ ਛੋਟੀ ਨੂਰਾਂ ਵੀ ਇਸ ਵੇਲੇ ਪੰਦਰਾਂ ਸੋਲਾਂ ਸਾਲ ਦੀ ਸੁਨੱਖੀ ਮੁਟਿਆਰ ਬਣ ਗਈ ਸੀ। ਉਹ ਘਰ ਤੇ ਬਾਹਰ ਦੇ ਦੋਹਾਂ ਕੰਮਾਂ ਵਿੱਚ ਮਾਂ ਪਿਉ ਦਾ ਹੱਥ ਵਟਾਉਂਦੀ। ਖ਼ਾਸ ਕਰਕੇ ਉਸ ਵੇਲੇ ਖੇਤ ਵਿੱਚ ਕੰਮ ਕਰਨਾ ਉਸ ਨੂੰ ਬਹੁਤ ਚੰਗਾ ਲੱਗਦਾ, ਜਦ ਪਿਆਰਾ ਵੀ ਓਥੇ ਹੁੰਦਾ।
ਨੂਰਾਂ ਤੋਂ ਛੋਟੀ ਇਕ ਲੜਕੀ ਦੋ ਸਾਲ ਦੀ ਹੋ ਕੇ ਗੁਜ਼ਰ ਗਈ ਸੀ। ਉਸ ਤੋਂ ਛੋਟਾ ਫੱਜਾ ਸੀ, ਜੋ ਪ੍ਰੀਤੂ ਦਾ ਜਮਾਤੀ ਤੇ ਬੇਲੀ ਸੀ। page-break
"ਚਾਚੀ! ਅਜੇ ਚੌਂਕੇ ਵਿੱਚ ਈ ਬੈਠੀ ਏਂ, ਕਪਾਹ ਚੁਗਣ ਨਹੀਂ ਚਲਣਾ ? ਅੱਜ ਤੁਹਾਡੀ ਵਾਰੀ ਏ।" ਨੂਰਾਂ ਨੇ ਚੌਂਕੇ ਦੇ ਨੇੜੇ ਪਹੁੰਚ ਕੇ ਕਿਹਾ।
"ਕੁੜੇ, ਮੈਂ ਕਿਥੇ ਆਂ ਜਾਣ ਜੋਗੀ। ਮੈਂ ਤਾਂ ਚੌਥੇ ਦਿਨ ਦੀ ਪੈਰ ਹੱਥੋਂ ਬੈਠੀ ਆਂ।" ਕਾਹੜਨੀ ਕੂਚਦੀ ਦਲੀਪ ਕੌਰ ਦਾ ਧਿਆਨ ਆਪਣੇ ਖੱਬੇ ਪੈਰ ਵੱਲ ਚਲਾ ਗਿਆ।
"ਕਿਉਂ ? ਕੀ ਹੋਇਆ ?" ਨੂਰਾਂ ਨੇ ਬੜੀ ਹੈਰਾਨੀ ਨਾਲ ਪੁੱਛਿਆ।
“ਹੋਣਾ ਕੀ ਸੀ। ਤੜਕੇ ਮੈਂ ਪਸ਼ੂਆਂ ਨੂੰ ਪੱਠੇ ਪੌਣ ਉੱਠੀ। ਇੱਟ ਤੋਂ ਪੈਰ ਤਿਲਕ ਕੇ ਗਿੱਟੇ ਦੀ ਮੋਚ ਨਿਕਲ ਗਈ। ਸਣੇ ਟੋਕਰੇ ਮੈਂ ਮੂੰਹ ਭਾਰ ਜਾ ਡਿੱਗੀ। ਪਿਆਰੇ ਨੇ ਚੁੱਕ ਕੇ ਮੈਨੂੰ ਮੰਜੇ 'ਤੇ ਪਾਇਆ।"
"ਹਾਏ ਮੈਂ ਮਰ ਗਈਂ।" ਨੂਰਾਂ ਦਾ ਜਿਵੇਂ ਤਰਾਹ ਨਿਕਲ ਗਿਆ। "ਵਖਾ ਖਾਂ ਪੈਰ।”
“ਪੈਰ ਕੀ ਵੇਖੇਂਗੀ, ਸੁਜ ਕੇ ਹਾਥੀ ਹੋਇਆ ਪਿਆ ਏ। ਤੂੰ ਵੇਖਾਂ ਚਾਚੀ ਦੀ ਸੁਰਤ ਨੂੰ ਆਈ ਸੁਣ ਕੇ।" ਦਲੀਪ ਕੌਰ ਨੇ ਗਿਲ੍ਹਾ ਕਰਦਿਆਂ ਕਿਹਾ।
"ਅਮਾਨ ਨਾਲ ਚਾਚੀ! ਤੇਰੀ ਸਹੁੰ ਮੈਂ ਸੁਣਿਆ ਈ ਨਹੀਂ। ਭਲਾ ਮੈਂ ਸੁਣਦੀ ਤਾਂ ਓਸੇ ਵੇਲੇ ਭੱਜੀ ਨਾ ਔਂਦੀ ?"
“ਭਾਈ ਤਾਂ ਅਗਲੀ ਸਵੇਰ ਹੀ ਵੇਖ ਗਿਆ ਸੀ। ਓਸੇ ਮੇਰਾ ਗਿੱਟਾ ਮਲ ਕੇ ਬੱਧਾ ਸੀ।" ਦਲੀਪ ਕੌਰ ਦਾ ਇਸ਼ਾਰਾ ਨੂਰਾਂ ਦੇ ਪਿਤਾ ਇਲਮਦੀਨ ਵੱਲ ਸੀ।
"ਘਰ ਤਾਂ ਅੱਬਾ ਨੇ ਗੱਲ ਈ ਨਹੀਂ ਕੀਤੀ। ਨਾ ਈ ਫੱਜੇ ਨੇ ਦੱਸਿਆ। ਨਹੀਂ ਤਾਂ ਭਲਾ ਮੈਂ ਜਿੰਨੇ ਜੋਗੀ ਸੀ, ਕੋਲੋਂ ਆ ਕੇ ਕੁਛ ਕਰਦੀ ਧਰਦੀ ਨਾ।" ਨੂਰਾਂ ਨੇ ਬੜੀ ਹਮਦਰਦੀ ਨਾਲ ਕਿਹਾ।
"ਕਰਨਾ ਕੀ ਸੀ, ਤੂੰ ਮੇਰੀਆਂ ਰੋਟੀਆਂ ਪਕਾ ਦੇਣੀਆਂ ਸੀ ?"
"ਚਾਚੀ! ਮੈਂ ਤਾਂ ਸੌਂ ਵਾਰੀ ਪਕਾ ਦੇਂਦੀ, ਤੁਸਾਂ ਮੇਰੇ ਹੱਥ ਦੀਆਂ ਖਾਣੀਆਂ ਵੀ ਹੋਣ।" ਨੂਰਾਂ ਨੇ ਸਮਾਜ ਦੀ ਤੰਗ-ਦਿਲੀ ਨੂੰ ਮੁੱਖ ਰੱਖ ਕੇ ਕਿਹਾ।
"ਕਿਉਂ, ਤੇਰੇ ਹੱਥਾਂ ਨੂੰ ਕੀ ਏ ? ਚੰਦ ਵਰਗੀ ਏਂ ਤੂੰ। ਪਿਛਲੀ ਪੁੰਨਿਆਂ ਨੂੰ 'ਲੰਮਿਆਂ' ਦੇ ਘਰੋਂ ਨਹੀਂ ਸਾਰੇ ਖਾ ਕੇ ਆਏ ?" ਹਰਨਾਮ ਸਿੰਘ ਕੀ ਪੱਤੀ ਦੀ ਅੱਲ 'ਲੰਮੇ' ਪਈ ਹੋਈ ਸੀ। ਦਲੀਪ ਕੌਰ ਦਾ ਇਸ਼ਾਰਾ ਉਹਨਾਂ ਵੱਲ ਸੀ। "ਉਹ ਪਤਾ ਨਹੀਂ ਕੁਦੇਸਨ ਜਹੀ ਚਮਿਆਰੀ ਏ, ਕਿ ਕੌਣ ਜੀਹਨੂੰ ਓਦਣ ਅੰਮਰਤ ਛਕਾ ਕੇ ਨਾਲ ਰਲਾਇਆ ਨੇ। ਸਣੇ ਤੇਰੇ ਚਾਚੇ ਸਾਰੇ ਉਹਦੇ ਹੱਥਾਂ ਦਾ ਖਾ ਆਏ ਨੇ ਤੇ ਤੂੰ page-break
ਤਾਂ ਸਾਡੀ ਆਪਣੀ ਧੀ ਏਂ। ਤੇਰੇ ਹੱਥਾਂ ਨਾਲੋਂ ਭਿੱਟ ਚੜ੍ਹ ਚਲੀ ਏ ?" ਦਲੀਪ ਕੌਰ ਦੇ ਚਿਹਰੇ 'ਤੇ ਭੇਤ ਭਰੀ ਮੁਸਕਰਾਹਟ ਫੈਲੀ ਹੋਈ ਸੀ।
"ਐਵੇਂ, ਮੁੱਲਾਂ ਮੁਲਾਣਿਆਂ ਦੀਆਂ ਹੱਦਾਂ ਪਈਆਂ ਹੋਈਆਂ ਨੇ। ਅਖੇ ਸਿੱਖ ਮੁਸਲਮਾਨ ਦੇ ਹੱਥਾਂ ਦਾ ਨਾ ਖਾਣ, ਮੁਸਲਮਾਨ ਸਿੱਖਾਂ ਹੱਥੋਂ ਨਾ ਪੀਣ। ਨਹੀਂ ਤਾਂ ਹਾਂ ਤਾਂ ਸਾਰੇ ਇਕੋ ਰੂਪ। ਅੱਬਾ ਪੜ੍ਹਦਾ ਹੁੰਦਾ ਏ, ਸਾਰੇ ਰੱਬ ਦੇ ਬੰਦੇ ਨੇ।" ਉਸ ਵੇਲੇ ਨੂਰਾਂ ਦੇ ਦਿਲ 'ਤੇ ਆਪਣੇ ਪਿਤਾ ਦੇ ਖ਼ਿਆਲ ਪੂਰੀ ਤਰ੍ਹਾਂ ਛਾਏ ਹੋਏ ਸਨ।
"ਤੇਰੇ ਅੱਬਾ ਵਰਗੇ ਸਾਰੇ ਹੋਣ ਤਾਂ ਦੁਨੀਆਂ ਸੁਖੀ ਨਾ ਵਸੇ ? ਕਿਸੇ ਜਨਮ ਦਾ ਸਾਈਂ ਲੋਕ ਏ ਉਹ। ਤੇਰੇ ਚਾਚੇ ਤੇ ਅੱਬਾ ਦਾ ਸੁਭਾ ਬਿਲਕੁਲ ਮਿਲਦਾ ਏ।"
"ਤੇਰਾ ਤੇ ਮੇਰੀ ਮਾਂ ਦਾ ਤਾਂ ਨਹੀਂ ਮਿਲਦਾ। ਤੂੰ ਜਿੰਨੀ ਮਿੱਠ-ਬੋਲੀ ਏਂ, ਉਹ ਓਨੀ ਕੌੜ-ਗੰਦਲ।"
"ਨਾ ਕੁੜੇ ਮਾਂ ਦੀ ਨਿੰਦਿਆ ਨਹੀਂ ਕਰੀਦੀ। ਫਿਰ ਵੀ ਉਹ ਤੇਰੀ ਮਾਂ ਏ।" ਦਲੀਪ ਕੌਰ ਨੇ ਨੂਰਾਂ ਨੂੰ ਮਿੱਠੀ ਜੇਹੀ ਝਿੜਕ ਦੇਂਦਿਆਂ ਕਿਹਾ।
'ਮਾਵਾਂ ਦੀ ਨਿੰਦਿਆ ਕਰਨ ਨੂੰ ਜੀ ਤਾਂ ਨਹੀਂ ਕਰਦਾ ਪਰ ਚਾਚੀ, ਸੱਚ ਜਾਣ, ਮਾਂ ਨੇ ਸਾਡਾ ਘਰ ਦੋਜਕ ਬਣਾ ਛੱਡਿਆ ਏ। ਅੱਠੇ ਪਹਿਰ ਉਹ ਅੱਬਾ ਨਾਲ ਲੜਦੀ ਰਹਿੰਦੀ ਏ ਤੇ ਕਲ੍ਹੇ ਦਾ ਮੁੱਢ ਹੈਗਾ ਈ ਨਖ਼ਾਫਣਾ ਮੌਲਵੀ ਔਂਤਰਾ ਸੇਹ ਦਾ ਤਕਲਾ। ਅੱਲ੍ਹਾ ਕਰੇ ਜਾਏ ਜਹਾਨੋਂ ਏਡਾ-ਕੁ-ਏਡਾ। ਜਦੋਂ ਆਵੇਗਾ, ਮਾਂ ਦੇ ਕੰਨ ਭਰਦਾ ਰਹੇਗਾ। ਅਖੇ : ਸਿੱਖਾਂ ਦੇ ਹੱਥ ਦਾ ਨਾ ਖਾਇਆ ਕਰੋ, ਇਹ ਕਾਫ਼ਰ ਹੁੰਦੇ ਨੇ, ਤੁਸੀਂ ਇਹਨਾਂ ਨਾਲੋਂ ਵਾਹੀ ਨਖੇੜ ਲੌ। ਅਗ੍ਹਾਂ ਕੀ ਦੱਸਾਂ, ਜੋ ਕੁਛ ਉਹ ਮੇਰੇ ਬਾਰੇ ਆਹੰਦਾ ਏ। ਜੀ ਕਰਦਾ ਏ, ਕਿਸੇ ਖੂਹ ਟੋਭੇ ਵਿੱਚ ਪੈ ਕੇ ਮਰ ਜਾਵਾਂ। ਕੀ ਲੈਣਾ ਏਂ ਜਿਉਂ ਕੇ। ਨੂਰਾਂ ਸਿਰ ਦੀ ਚੁੰਨੀ ਨਾਲ ਅੱਖਾਂ ਪੂੰਝਣ ਲੱਗ ਪਈ।
"ਹਾਇ ਮਾਂ ਮਰ ਜੈ। ਤੂੰ ਕਿਉਂ ਖੂਹ ਟੋਭੇ ਪਵੇਂ। ਉਹੋ ਜੱਗੋਂ ਜਾਣਾ ਪਵੇ ਖਾਂ। ਨਾ ਰੋ ਮੇਰੀ ਧੀ।" ਦਲੀਪ ਕੌਰ ਨੇ ਨੂਰਾ ਦਾ ਦੁੱਖ ਮਹਿਸੂਸ ਕਰਦਿਆਂ ਕਿਹਾ। "ਤੇਰੀ ਮਾਂ ਨੂੰ ਕੀ ਆਖਾਂ! ਮੈਨੂੰ ਰੱਬ ਨੇ ਧੀ ਨਹੀਂ ਦਿੱਤੀ, ਤਾਂ ਮੈਂ ਉਂਞ ਝੂਰਦੀ ਆਂ। ਤੇਰੀ ਮਾਂ ਨੂੰ-ਆਹੰਦੇ-ਹੁੰਦੇ—'ਖੀਰ ਨਹੀਂ ਪਚਦੀ' ਵਾਲੀ ਗੱਲ ਏ ਨਾ। ਤੇਰੇ ਵਰਗੀ ਸਿਆਣੀ ਧੀ ਤਾਂ ਰੱਬ ਹਰ ਇਕ ਨੂੰ ਦੇਵੇ।”
"ਪਰ ਚਾਚੀ! ਮੈਂ ਤਾਂ ਮਾਂ ਹੱਥੋਂ ਮਰਨਾ ਈਂ, ਜਿੱਦਣ ਮਰੀ। ਢਿੱਡ ਪਾੜ ਕੇ ਕੀ ਦੱਸਾਂ ਤੈਨੂੰ। ਅੱਲ੍ਹਾ ਮੇਰੇ ਵਰਗਾ ਕੋਈ ਨਾ ਜੀਵੇ। ਤੇਰੇ ਵਰਗੀ ਮਾਂ ਹੁੰਦੀ ਤਾਂ ਮੈਂ ਸਾਰੀ ਉਮਰ ਪੈਰ ਧੋ-ਧੋ ਪੀਂਦੀ।" ਨੂਰਾਂ ਉੱਚੀ-ਉੱਚੀ ਡੁਸਕਣ ਲੱਗ ਪਈ।
"ਨੀ ਛੱਡ ਠਾਂਹ, ਕਮਲੀ ਨਾ ਹੋਵੇ ਤੇ। ਬਾਲਾਂ ਵਾਂਗ ਡੁਸਕਣ ਡਹੀ ਹੋਈ ਏਂ। ਮਿਲ ਲੈਣ ਦਿਹ ਤੇਰੀ ਮਾਂ ਨੂੰ। ਆਖਾਂਗੀ, ਬਹੁਤ ਔਖੀ ਏਂ ਤਾਂ ਦੇ ਦਿਹ ਮੈਨੂੰ page-break
ਨੂਰਾਂ। ਮੈਂ ਆਪੇ ਮੰਗ ਵਿਆਹ ਲਵਾਂਗੀ।"
"ਨਾ ਚਾਚੀ! ਦੁਹਾਈ ਅੱਲ੍ਹਾ ਦੀ। ਉਹਦੇ ਨਾਲ ਮੇਰੇ ਬਾਰੇ ਕੋਈ ਗੱਲ ਨਾ ਕਰੀਂ, ਨਹੀਂ ਤਾਂ ਉਹ ਮੇਰੇ ਵਧੇਰੇ ਵੈਰ ਪੈ ਜਾਏਗੀ।" ਨੂਰਾਂ ਨੇ ਨਾਂਹ ਵਿੱਚ ਹੱਥ ਹਿਲਾਉਂਦਿਆਂ ਕਿਹਾ।
"ਹੱਛਾ, ਭਾਈ ਨਾਲ ਤਾਂ ਮੈਂ ਗੱਲ ਕਰਾਂਗੀ।”
"ਅੱਬਾ ਵਿਚਾਰੇ ਦੇ ਵੱਸ ਨਹੀਂ। ਮੇਰੀ ਕਿਸਮਤ। ਧੀਆਂ ਤਾਂ ਰੱਬ ਕਰਕੇ ਜੰਮਣ ਈ ਨਾ।" ਨੂਰਾਂ ਆਪਣੇ ਭਾਗਾਂ ਨੂੰ ਕੋਸ ਰਹੀ ਸੀ।
"ਧੀਆਂ ਨਾ ਜੰਮਣ ਤਾਂ ਫਿਰ ਦੁਨੀਆਂ ਕਿਵੇਂ ਵਧੇ ਫੁੱਲੇ!" ਦਲੀਪ ਕੌਰ ਨੇ ਦਾਰਸ਼ਨਿਕਾਂ ਵਾਂਗ ਕਿਹਾ, "ਫ਼ਿਕਰ ਨਾ ਕਰ ਤੂੰ। ਮੈਂ ਦੇਖਾਂ ਤੇਰੇ ਸਿਰ 'ਤੇ। ਮੈਂ ਵੀ ਤੇਰੀ ਮਾਂ ਈ ਆਂ।"
"ਤੇਰੇ 'ਤੇ ਤਾਂ ਚਾਚੀ ਮੈਨੂੰ ਮਾਂ ਨਾਲੋਂ ਵੀ ਵਧੇਰੇ ਮਾਣ ਏਂ। ਪਰ...।" ਨੂਰਾਂ ਨੇ ਵਾਕ ਅਧੂਰਾ ਹੀ ਛੱਡ ਦਿੱਤਾ। ਬੁੱਲਾਂ 'ਤੇ ਆਉਂਦੀ-ਆਉਂਦੀ ਗੱਲ ਉਹਨੇ ਰਾਹੇ ਰੋਕ ਲਈ।
ਕੁਛ ਚਿਰ ਹੋਰ ਏਧਰ ਉਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਨੂਰਾਂ ਨੇ ਫੇਰ ਅਸਲੀ ਸਵਾਲ ਵੱਲ ਆਉਂਦਿਆਂ ਪੁੱਛਿਆ "ਚਾਚੀ! ਫਿਰ ਕਪਾਹ ਦਾ ਕੀ ਬਣੇਗਾ ?"
"ਬੀਬੀ ਧੀ, ਤੂੰ ਏਂ ਚੁਗਾ ਲਿਆਵੀਂ। ਇਕ ਲੱਛ ਨੂੰ ਆਖਿਆ ਹੋਇਆ ਏ। ਉਹ ਅੱਪੜ ਪਵੇਗੀ। ਪਿਆਰਾ ਵੀ ਤੁਹਾਡੇ ਨਾਲ ਲੱਗ ਪਵੇਗਾ। ਪ੍ਰੀਤੂ ਔਂਦਾ ਏ ਤਾਂ ਮੈਂ ਤੁਹਾਡੇ ਘਰ ਸੁਨੇਹਾ ਭੇਜ ਦਿਆਂਗੀ।"
“ਤੇਰਾ ਕਿਹਾ ਤਾਂ ਮੈਂ ਨਹੀਂ ਮੋੜਦੀ। ਮਾਂ ਚੰਗੀ ਮੰਦੀ ਆਖੇਗੀ ਵੀ, ਤਾਂ ਮੂੰਹ ਠਾਂਹ ਕਰ ਛੱਡਾਂਗੀ ਤੇ ਪ੍ਰੀਤੂ ਨੇ ਪਿਆਰੇ ਦੀ ਰੋਟੀ ਲੈ ਕੇ ਨਹੀਂ ਔਣਾ ? ਮੈਂ ਈ ਫੜੀ ਜਾਵਾਂ, ਪਰ ਮੇਰੇ ਹੱਥਾਂ ਦੀ ਉਹਨੇ ਨਾ ਖਾਧੀ ਤਾਂ।" ਨੂਰਾਂ ਇਕੋ ਸਾਹ ਏਨਾ ਕੁਝ ਆਖ ਗਈ।
"ਪਿਆਰਾ ਛੱਡਿਆ, ਉਹਦਾ ਪਿਉ ਵੀ ਖਾਏਗਾ। ਨਾਲੇ ਤੂੰ ਤਾਂ ਮੇਰੀ ਧੀ ਹੋਈਓਂ।” ਦਲੀਪ ਕੌਰ ਨੇ ਆਪਣਾ ਰੁਹਬ ਰੱਖਣ ਵਾਸਤੇ ਕਹਿ ਦਿੱਤਾ।
ਇਨਸਾਨੀ ਸੁਭਾਉ। ਜੋ ਕੁਝ ਕਰਨ ਦੇ ਉਹ ਵਿਰੁੱਧ ਹੁੰਦਾ ਹੈ, ਕਈ ਵਾਰ ਵਡੱਪਣ ਜਾਂ ਹੱਠ ਪ੍ਰੇਰਿਆ ਉਹ ਓਹਾ ਕੁਝ ਕਰਨ ਵਾਸਤੇ ਤਿਆਰ ਹੋ ਪੈਂਦਾ ਹੈ। ਦਲੀਪ ਕੌਰ ਇਹ ਸੋਚ ਵੀ ਨਹੀਂ ਸੀ ਸਕਦੀ ਕਿ ਇਕ ਮੁਸਲਮਾਨ ਲੜਕੀ ਦੇ ਹੱਥਾਂ ਦਾ ਛੋਹਿਆ ਹੋਇਆ ਉਨ੍ਹਾਂ ਦੇ ਪਰਿਵਾਰ ਦਾ ਕੋਈ ਜੀ ਖਾਵੇ। ਕਈ ਵਾਰ ਉਹ ਇਸ ਸੁੱਚ ਭਿੱਟ ਦੇ ਮਸਲੇ ਤੋਂ ਆਪਣੇ ਪਤੀ ਨਾਲ ਝਗੜ ਵੀ ਪਈ ਸੀ, ਪਰ ਅੱਜ page-break
ਗੱਲਾਂ ਦੇ ਜਾਲ ਵਿੱਚ ਫਸੀ ਹੋਈ, ਉਹ ਆਪ ਹੀ ਇਸ ਕੰਮ ਲਈ ਤਿਆਰ ਹੋ ਪਈ।
“ਚਾਚਾ ਤਾਂ ਖਾ ਈ ਲਵੇਗਾ। ਉਸ ਨੂੰ ਮੇਰੇ ਅੱਬਾ ਵਾਂਗ ਕੋਈ ਨਿੰਦ ਵਚਾਰ ਨਹੀਂ, ਪਰ ਜੇ ਪਿਆਰੇ ਨੇ ਨਾ ਖਾਧੀ ਤਾਂ।" ਨੂਰਾਂ ਨੇ ਚਾਚੀ ਨੂੰ ਹੋਰ ਪੱਕਿਆਂ ਕਰਨ ਵਾਸਤੇ ਕਿਹਾ। ਭਾਵੇਂ ਉਹਦਾ ਦਿਲ ਕਹਿ ਰਿਹਾ ਸੀ ਕਿ ਪਿਆਰਾ ਤਾਂ ਉਹਦੇ ਹੱਥੋਂ ਰੋਟੀ ਲੈ ਕੇ ਧੰਨ ਭਾਗ ਸਮਝੇਗਾ।
"ਬਹੁਤੀਆਂ ਗੱਲਾਂ ਨਾ ਬਣਾ। ਮੈਂ ਤੁਹਾਡੇ ਢਿੱਡਾਂ ਦੀਆਂ ਜਾਣਦੀ ਆਂ। ਖੇਖਣ ਹੱਥੀ ਨਾ ਹੋਵੇ।"
ਨੂਰਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਾਂ ਦਲੀਪ ਕੌਰ ਨੇ ਪੌਣੇ ਵਿੱਚ ਰੋਟੀਆਂ ਬੰਨ੍ਹ ਕੇ ਨੂਰਾਂ ਦੇ ਹੱਥ ਫੜਾ ਦਿੱਤੀਆਂ।
"ਸੱਜੇ ਹੱਥ ਲੱਸੀ ਦੀ ਬਾਲਟੀ ਫੜ ਕੇ ਤੁਰਦੀ ਬਣ। ਹਾਲੀ ਪਿੰਡ ਵੱਲੇ ਭੌਂ- ਭੌਂ ਵਿਹੰਦੇ ਹੋਣਗੇ।” ਦਲੀਪ ਕੌਰ ਨੇ ਪੂਰੇ ਅਧਿਕਾਰ ਨਾਲ ਹੁਕਮ ਦਿੱਤਾ।
ਦਲੀਪ ਕੌਰ ਦੇ ਅਖ਼ੀਰਲੇ ਵਾਕ ਸੁਣ ਕੇ ਨੂਰਾਂ ਸ਼ਰਮ ਨਾਲ ਲਾਲ ਸੂਹੀ ਹੋ ਗਈ। ਮੁਟਿਆਰ ਦਾ ਉਹ ਰੂਪ ਦਲੀਪ ਕੌਰ ਨੂੰ ਬਹੁਤ ਪਿਆਰਾ ਲੱਗਾ। ਨੂਰਾਂ ਛੇਤੀ ਨਾਲ ਪਿੱਛਾਂ ਪਰਤ ਕੇ ਬਾਹਰ ਨੂੰ ਤੁਰ ਪਈ। ਦਲੀਪ ਕੌਰ ਦੀ ਨਿਗਾ ਓਨਾ ਚਿਰ ਨੂਰਾਂ 'ਤੇ ਟਿਕੀ ਰਹੀ, ਜਿੰਨਾ ਚਿਰ ਉਹ ਬੂਹਿਓਂ ਉਹਲੇ ਨਾ ਹੋ ਗਈ। 'ਨੂਰਾਂ' ਕਿਤੇ ਤੂੰ ਜੱਟਾਂ ਦੀ ਧੀ ਹੁੰਦੀਓਂ ਤਾਂ ਤੇਰੇ ਸਿਰ ਤੋਂ ਪਾਣੀ ਦੀ ਥਾਂ ਦੁੱਧ ਵਾਰ ਕੇ ਪੀਂਦੀ। ਦਲੀਪ ਕੌਰ ਨੇ ਠੰਢਾ ਸਾਹ ਭਰ ਕੇ ਦਿਲ ਹੀ ਦਿਲ ਵਿੱਚ ਕਿਹਾ।
ਹਵੇਲੀਓਂ ਨਿਕਲ ਕੇ ਨੂਰਾਂ ਰਾਹੇ-ਰਾਹੇ ਜਾਣ ਦੀ ਥਾਂ ਸਿੱਧੀ ਡੰਡੀਏ ਪੈ ਗਈ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਮੁਸੀਬਤ, ਉਹਦਾ ਕੋਈ ਹੱਥ ਵੀ ਵਿਹਲਾ ਨਹੀਂ ਸੀ, ਜਿਸ ਨਾਲ ਮੱਛਰਦੇ ਦਿਲ ਨੂੰ ਕਾਬੂ ਰੱਖ ਸਕਦੀ। ਉਹਦੀ ਤੋਰ ਸੁਭਾਵਕ ਨਹੀਂ ਸੀ ਰਹੀ। ਉਹ ਬੜੇ ਕਾਹਲੇ ਕਦਮੀ ਤੁਰ ਰਹੀ ਸੀ। ਹਵਾ ਨਾਲ ਚੁੰਨੀ ਦਾ ਹਿਲਦਾ ਪੱਲਾ ਵੇਖ ਕੇ ਉਹਦਾ ਮਨ ਉੱਡਣ ਨੂੰ ਕਰ ਰਿਹਾ ਸੀ। ਉਹਦੇ ਗੋਰੇ ਮੂੰਹ ਉੱਤੇ ਸੂਹੀ ਮੁਸਕਰਾਹਟ ਤੇ ਦਿਲ ਵਿੱਚ ਮਿੱਠੀਆਂ ਸੋਚਾਂ ਸਨ। 'ਹਾਇ ਮੈਂ ਮਰ ਗਈ। ਭਾਵੇਂ ਚਾਚੀ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਹੋਵੇ। ਗੱਲਾਂ ਕਰਦਿਆਂ ਉਹ ਵਿੱਚ ਟਕੋਰਾਂ ਤਾਂ ਲੈਂਦੀ ਸੀ। ਹੁਣ ਮੈਂ ਕੀ ਕਰਾਂ ?' ਇਕ ਗੱਲੋਂ ਤਾਂ ਚੰਗਾ ਈ ਹੋਇਆ। ਉਸ ਨੂੰ ਪਤਾ ਲੱਗ ਗਿਆ। ਅਚਨਚੇਤ ਇਕੇ ਵਾਰ ਕੋਈ ਗੱਲ ਹੁੰਦੀ ਤਾਂ ਉਹ ਅਚੰਭੇ ਤੇ ਗੁੱਸੇ ਨਾਲ ਭੜਕ ਉਠਦੀ। ਹੁਣ ਸਹਿਜ-ਸਹਿਜ ਉਹਦਾ ਗੁੱਸਾ ਮੱਠਾ ਹੋ ਜਾਵੇਗਾ। ਖਵਰੇ ਅਜੇ ਵਰ੍ਹਾ ਲੰਘ ਜਾਏ ਕਿ ਦੋ ਵਰ੍ਹੇ। ਮੇਰੀ ਮਾਂ ਕਿਹੜਾ ਛੇਤੀ ਮੰਨਣ ਲੱਗੀ ਏ। ਚਲੋ; ਚਾਚੇ ਵੱਲੋਂ ਤਾਂ ਡਰ ਘਟਿਆ। ..ਪਰ ਇਹ page-break
ਤਾਂ ਮੇਰੇ ਦਿਲ ਦੀਆਂ ਈਂ ਨੇ ਨਾ ਕੀ ਪਤਾ ਚਾਚੀ ਨੇ ਆਖ ਦਿੱਤਾ ਕਿ ਮੈਂ ਵੀ ਤੇਰੀ ਮਾਂ ਈ ਆਂ। ਅੱਬਾ ਨਹੀਂ ਪਿਆਰੇ ਨੂੰ ਪੁੱਤ ਆਖ ਦਿਆ ਕਰਦਾ ? ਐਵੇਂ ਸ਼ੇਖ਼ ਚਿਲੀ ਵਾਂਗ ਸੁਫਨੇ ਵੇਖ ਰਹੀ ਸੀ। ਐਡੀ ਕਿਸਮਤ ਕਿੱਥੇ ? ਪਰ ਜੇ ਇਹ ਗੱਲ ਸਿਰੇ ਨਾ ਚੜ੍ਹੀ ਤਾਂ ਮੈਂ ਕਿਵੇਂ ਜੀਵਾਂਗੀ। ਮੈਂ ਤੇ ਪਿਆਰਾ ਨਿੱਕੇ ਹੁੰਦਿਆਂ ਤੋਂ ਕੱਠੇ ਖੇਡਦੇ ਆਏ ਆਂ। ਸਹਿਜ-ਸਹਿਜ ਪਿਆਰ ਹੱਡਾਂ ਵਿੱਚ ਰਚ ਗਿਆ। ਅੱਬਾ ਪੜ੍ਹਦਾ ਹੁੰਦਾ ਏ, ਇਸ਼ਕ ਨਾ ਪੁੱਛੇ ਜਾਤ ਓਹਾ ਗੱਲ ਹੋਈ। ਸਾਡੇ ਦੋਹਾਂ ਦੇ ਦਿਲ ਮਿਲ ਗਏ ਨੇ। ਓਦਣ ਪਿਆਰਾ ਵੀ ਆਹੰਦਾ ਸੀ, 'ਨੂਰਾਂ, ਮੈਂ ਤੇਰੇ ਬਿਨਾਂ ਜਿਉਣ ਨਹੀਂ ਲੱਗਾ।' ਤੇ ਸੱਚੀ ਗੱਲ ਏ, ਆਪਣੇ ਪਿਆਰੇ ਬਿਨਾਂ ਜਿਉਣਾ ਵੀ ਕਾਹਦਾ। ਹਾਇ ਅੱਲ੍ਹਾ! ਅਸੀਂ ਲੁਕ ਛਿਪ ਕੇ ਸੁਖਨ ਕਰ ਲੈ, ਇਕ ਦੂਜੇ ਨੂੰ ਕੌਲ ਦੇ ਦਿੱਤੇ, ਹੁਣ ਇਹ ਕੌਲ ਕਰਾਰ ਸਿਰੇ ਚੜ੍ਹਨ, ਤਾਂ ਤਦ ਏ। ਉਂਞ ਅਸਾਂ ਤੈਨੂੰ ਜਾਮਨ ਰੱਖਿਆ ਏ, ਤਾਂ ਵੇਖ ਲੈ ਤੇਰੀ ਪਾਕ ਜਾਤ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਅਸੀਂ ਦੋਵੇਂ ਪਾਕ ਸਾਫ਼ ਆਂ, ਗੁਨਾਹ ਦੇ ਭਾਗੀ ਨਹੀਂ ਬਣੇ। ਹੁਣ ਤੇਰੇ ਹੱਥ ਸਾਡੀਆਂ ਸ਼ਰਮਾਂ ਨੇ। ਅੱਲ੍ਹਾ ਮਿਹਰ ਕਰ ਦੇਵੇ, ਤਾਂ ਜੋੜੀ ਰਲੇ, ਪਈ ਹੱਦ ਮੁਕ ਜੈ। ਅੱਬਾ ਤੇ ਚਾਚਾ ਤਾਂ ਨਰਾਜ਼ ਨਹੀਂ ਹੋਣ ਲੱਗੇ। ਅੰਮਾ ਖ਼ੁਸ਼ੀ ਨਾਲ ਮੰਨਣ ਨਹੀਂ ਲੱਗੀ। ਬਾਕੀ ਰਹੀ ਚਾਚੀ, ਉਹ ਵੀ ਸਹਿਜ-ਸਹਿਜ ਠੀਕ ਹੋ ਜਾਏਗੀ। ਮੈਂ ਉਹਦੀ ਐਨੀ ਸੇਵਾ ਕਰਾਂਗੀ, ਕਿ ਉਹ... ਉਹ... ਅੰਤ ਉਹ ਮੈਨੂੰ ਪਿਆਰ ਕਰਨ ਲੱਗ ਈ ਪਵੇਗੀ। ਲੋਕੀਂ ? ਹਾਂ ਚੁਗ਼ਲਖ਼ੋਰ ਲੋਕ ਜ਼ਰੂਰ ਗੱਲਾਂ ਕਰਨਗੇ। ਵੇਖੋ ਨੀ! ਤੇ ਉਹ ਸਿੱਖ ਤੇ ਮੁਸਲਮਾਨੀ। ਹਾਇ ਹੈ ਨੀ! ਬਥੇਰੀਆਂ ਹੈ ਹੈ ਹੋਣਗੀਆਂ। ਤੇ ਮਗਰੋਂ ਲਹਿਣ ਗੱਲਾਂ ਕਰਨ ਵਾਲੇ। ਸਾਡਾ ਕੀ ਕਰ ਲੈਣਗੇ। ਆਪੇ ਦਸ ਦਿਨ ਚਿੜ-ਚਿੜ ਕਰਕੇ ਚੁੱਪ ਕਰ ਜਾਣਗੇ। ਅਖੋ : ਮੀਆਂ ਬੀਬੀ ਰਾਜੀ ਤੇ ਕੀ ਕਰੇਗਾ ਕਾਜੀ। ਉਹ ਮਰ ਗਿਆ ਕਾਜੀ ਮਗਰੋਂ ਲਹਿ ਜਾਵੇ, ਤਾਂ ਸਭ ਠੀਕ ਹੋ ਜਾਵੇ। ਹੱਛਾ, ਅੱਲ੍ਹਾ ਅੱਗੇ ਈ ਦੁਆ ਏ। ਸਾਡੀ ਪਾਕਿ ਮੁਹੱਬਤ ਏ। ਆਪੇ ਲਾਜ ਰੱਖੇਗਾ। ਪਿਆਰਾ ਸੌਂਦਾ ਹੁੰਦਾ ਏ, ਅਖੇ : ਪਾਕ ਮੁਹੱਬਤ ਜਿਨ੍ਹਾਂ ਦੀ, ਰੱਬ ਉਹਨਾਂ ਦੇ ਨਾਲ।
ਏਹਾ ਸੋਚਾਂ ਸੋਚਦੀ ਨੂਰਾਂ ਖੇਤ ਜਾ ਪਹੁੰਚੀ। ਅੱਗੇ ਖਾਲ ਦੀ ਵੱਟ 'ਤੇ ਬੈਠਾ ਪਿਆਰਾ ਪਿੰਡ ਵੱਲ ਵੇਖ ਰਿਹਾ ਸੀ। ਉਹਨੇ ਕਣਕ ਦੀ ਰੌਣੀ ਵਾਸਤੇ ਵਾਹਣ ਨੂੰ ਪਾਣੀ ਲਾਇਆ ਹੋਇਆ ਸੀ।
"ਪਿਆਰਿਆ! ਅੱਜ ਕੁਝ ਵੰਡ ਵੇ! ਮੈਂ ਤੇਰੀ ਰੋਟੀ ਲੈ ਕੇ ਆਈ।" ਕੋਲ ਪਹੁੰਚ ਕੇ ਨੂਰਾਂ ਨੇ ਅਨੋਖੇ ਉਤਸ਼ਾਹ ਨਾਲ ਕਿਹਾ।
"ਧਰਮ ਨਾਲ।" ਹੈਰਾਨੀ ਮਿਲੀ ਖ਼ੁਸ਼ੀ ਵਿੱਚ ਪਿਆਰਾ ਦੀਵਾਨਿਆਂ ਵਾਂਗ ਉਠ ਕੇ ਖਲੋ ਗਿਆ। page-break
"ਸਹੁੰ ਅੱਲ੍ਹਾ ਦੀ। ਆਹ ਵੇਖ ਲੱਸੀ ਦੀ ਬਾਲਟੀ ਵੀ। ਚਾਚੀ ਨੇ ਆਖਿਆ, ਤੂੰ ਤਾਂ ਮੇਰੀ ਧੀ ਏਂ। ਤੂੰ ਆ ਕੇ ਮੇਰੀਆਂ ਰੋਟੀਆਂ ਪਕਾਇਆ ਕਰ। ਪਿਆਰਾ ਤੇਰੇ ਹੱਥਾਂ ਦੀ ਖਾਏਗਾ। ਕਿਉਂ ਨਹੀਂ। ਤੂੰ ਤਾਂ ਚੰਦ ਵਰਗੀ ਏਂ। ਮੈਂ ਤੇਰੀ ਮਾਂ ਕੋਲੋਂ ਤੈਨੂੰ ਮੰਗ ਲਵਾਂਗੀ। ਉਸ ਨੇ ਉਹਨੇ ਵੇਖ ਨਾ ਤੇਰੀ ਸਹੁੰ! ਉਹਨੇ ਚਾਚੀ ਨੇ ਕਿਹਾ... ਤੇ ਮੈਂ ਸ਼ਰਮ ਨਾਲ ਮਰਦੀ ਜਾਵਾਂ। ਤੇ ਮੈਂ ।" ਨੂਰਾਂ ਨੂੰ ਉਸ ਵੇਲੇ ਆਪਣੇ ਆਪ ਦਾ ਵੀ ਗਿਆਨ ਨਹੀਂ ਸੀ ਕਿ ਉਹ ਪਾਗ਼ਲਾਂ ਵਾਂਗ ਕੀ ਬਕੀ ਜਾ ਰਹੀ ਸੀ।
"ਹੈਂ ਹੈਂ ? ਕੀ ਹੋ ਗਿਆ ਏ ਤੈਨੂੰ! ਕਿਤੇ ਖ਼ੁਸ਼ੀ ਵਿੱਚ ਕਮਲੀ ਹੀ ਨਾ ਹੋ ਜਾਵੀਂ। ਲਿਆ ਕਰ।" ਪਿਆਰੇ ਨੇ ਸਿਰ ਤੋਂ ਰੋਟੀਆਂ ਫੜ ਲਈਆਂ ਤੇ ਉਹਨੂੰ ਬਾਹੋਂ ਖਿੱਚ ਕੇ ਕੋਲ ਬਹਾ ਲਿਆ।
"ਹਾਏ ਅੱਲ੍ਹਾ! ਮੈਂ ਕੀ ਕੁਝ ਬਕ ਗਈ ਆਂ।" ਆਪਣੇ ਆਪ ਦੀ ਸੋਝੀ ਆਉਣ 'ਤੇ ਨੂਰਾਂ ਨੇ ਸ਼ਰਮਾ ਕੇ ਦੋਹਾਂ ਹੱਥਾਂ ਨਾਲ ਮੂੰਹ ਢੱਕ ਲਿਆ।
"ਵਾਹ ਭਈ! ਨਖ਼ਰਾ ਕਰਨ ਵਿੱਚ ਤਾਂ ਸੈਹਬਾਂ ਨੂੰ ਮਾਤ ਪਾ ਦਿੱਤਾ ਈ। ਉਹਨੇ ਆਖਿਆ ਸੀ ਛੱਡ ਵੇ ਜੱਟਾ ਮਿਰਜਿਆ, ਮੈਨੂੰ ਮੈਲੇ ਹੱਥ ਨਾ ਲਾ।" ਕਿਤੇ ਮਿਰਜ਼ੇ ਬਾਰੇ ਉਹਨੇ ਸੁਣ ਰੱਖਿਆ ਸੀ ਕਿ ਉਹਨਾਂ ਦੀ ਮੁਹੱਬਤ ਰੱਬ ਦੀ ਜ਼ਾਤ ਵਾਂਗ ਪਾਕ ਹੈ।
"ਮੈਲੇ ਹੱਥ ਹੋਣਗੇ ਮਿਰਜ਼ੇ ਦੇ, ਮੈਲੀ ਨੀਤ ਹੋਵੇਗੀ ਸੈਹਬਾਂ ਦੀ। ਸਾਡੇ ਤਾਂ ਹੱਥ ਵੀ ਤੇ ਦਿਲ ਵੀ ਪਾਕ ਨੇ। ਅੜਿਆ। ਮੁੜ ਕੇ ਮੈਨੂੰ ਸੈਹਬਾਂ ਨਾ ਆਖੀਂ। ਮੈਂ ਤਾਂ ਆਪਣੇ ਪਿਆਰੇ ਦੀ ਨੂਰਾਂ ਆਂ। ਵਿਆਹ ਪਿੱਛੋਂ ਤੂੰ ਭਾਵੇਂ ਮੇਰਾ ਨਾਂ ਬੰਤੋ ਰੱਖ ਲਵੀਂ।" ਨੂਰਾਂ ਨੇ ਓਸੇ ਤਰ੍ਹਾਂ ਅੱਖਾਂ ਅੱਗੇ ਹੱਥ ਦਿੱਤੀ ਕਿਹਾ।
“ਹੱਛਾ ਸੈਹਬਾਂ ਨਾ ਸਹੀ, ਸੋਹਣੀ ਸਹੀ। ਲਿਆਓ ਸਰਕਾਰ, ਹੁਣ ਫੜਾਉ ਰੋਟੀ ਤੇ ਪਾਓ ਲੱਸੀ। ਤੇਰੇ ਹੱਥਾਂ ਦੀ ਰੋਟੀ ਵਿੱਚੋਂ ਤਾਂ, ਅੱਜ ਹੀਰ ਦੀ ਚੂਰੀ ਨਾਲੋਂ ਵਧੇਰੇ ਸੁਆਦ ਆਵੇਗਾ।" ਪਿਆਰੇ ਨੇ ਮੱਲੋ ਮੱਲੀ ਨੂਰਾਂ ਦੇ ਹੱਥ ਫੜ ਕੇ ਅੱਖਾਂ ਤੋਂ ਵੱਖ ਕਰ ਦਿੱਤੇ।
ਕਿੰਨਾ ਚਿਰ ਉਹ ਦੋਵੇਂ ਇਕ ਦੂਜੇ ਦੀਆਂ ਅੱਖਾਂ ਵਿੱਚ ਵਿਹੰਦੇ ਰਹੇ। ਦੋਵੇਂ ਜਵਾਨ ਦਿਲ ਇਉਂ ਮਹਿਸੂਸ ਕਰ ਰਹੇ ਸਨ, ਜਿਵੇਂ ਚਲਦਾ ਸਮਾਂ ਉਹਨਾਂ ਵਾਸਤੇ ਇਕ ਥਾਂ 'ਤੇ ਰੁਕ ਗਿਆ ਹੋਵੇ।
"ਪਿਆਰਿਆ! ਕੌਲ ਦਿਹ, ਕਿ ਇਹ ਫੜੇ ਹੋਏ ਹੱਥ ਛੱਡੇਂਗਾ ਨਹੀਂ। ਕਦੇ ਵੀ ਨਹੀਂ ਛੱਡੇਂਗਾ।" ਨੂਰਾਂ ਨੇ ਦੋਵੇਂ ਹੱਥ ਹਿਲਾ ਕੇ ਜ਼ੋਰ ਨਾਲ ਕਿਹਾ।
"ਮਰਦਾਂ ਵਾਲਾ ਕੌਲ। ਮਰਦ ਬਾਂਹਾਂ ਫੜੀ ਨਾ ਛੱਡਦੇ, ਜੱਟੀਏ। ਸਿਰ ਧੜ ਦੀ ਦੇਂਦੇ ਲਾ।" ਪਿਆਰੇ ਨੇ ਮਿਰਜ਼ੇ ਦੀ ਸੁਰ ਦੇ ਰਹਾ 'ਤੇ ਕਿਹਾ। page-break
"ਤੇ ਮੈਂ ਵੀ ਪਿਆਰਿਆ। ਤੇਰੀ ਹੋ ਕੇ ਰਹਾਂਗੀ, ਇਕ ਤੇਰੀ। ਆਪੇ ਸੌਂਦਾ ਹੁੰਦਾ ਏਂ ਨਾ : ਮੇਰੀ ਰੂਹ ਅਮਾਨਤ ਯਾਰ ਦੀ ਪਰ ਤਨ 'ਤੇ ਨਹੀਂਗਾ ਜ਼ੋਰ। ਪਿਆਰਿਆ!....।”
ਦੋਵੇਂ ਜਵਾਨ ਦਿਲ ਸਾਂਝੀ ਲੈ ਵਿੱਚ ਧੜਕਦੇ ਰਹੇ ਤੇ ਪਤਾ ਨਹੀਂ ਕਿੰਨਾ ਚਿਰ ਉਹ ਆਪਣੇ ਕੌਲ ਕਰਾਰ ਮੁੜ-ਮੁੜ ਦੁਹਰਾਉਂਦੇ ਰਹੇ।
"ਹਾਇ ਮੈਂ ਮਰ ਗਈ!" ਨੂਰਾਂ ਇਕੇ ਵਾਰ ਭਕ ਕੇ ਬੋਲੀ, “ਚਾਚੇ ਤੇ ਅੱਬਾ ਦੀ ਰੋਟੀ ਲਜਾਣ ਦਾ ਚੇਤਾ ਈ ਭੁੱਲ ਗਿਆ ਸੀ।"
"ਨੂਰਾਂ! ਸੱਚ ਦੱਸੀਂ, ਤੂੰ ਅੱਜ ਖ਼ੁਸ਼ ਨਹੀਂ ? ਆਪਣੇ ਪਿਆਰੇ ਦੀ ਰੋਟੀ ਲੈ ਕੇ ਆਈ ਏਂ।"
"ਬਹੁਤ ਖ਼ੁਸ਼।" ਨੂਰਾਂ ਨੇ ਸਿਰ ਹਿਲਾ ਕੇ ਕਿਹਾ, “ਪਰ ਪੂਰੀ ਖ਼ੁਸ਼ ਓਦਣ ਹੋਵਾਂਗੀ, ਜਿੱਦਣ ਆਪਣੇ ਹੱਥੀਂ ਪਕਾ ਕੇ ਤੇ ਘੁੰਡ ਕੱਢ ਕੇ ਆਪਣੇ ਮਾਹੀ ਦਾ ਭੱਤਾ ਲੈ ਕੇ ਆਵਾਂਗੀ। ਓਨਾ ਚਿਰ ਸਬਰ ਨਾਲ ਉਡੀਕ। ਹਾਂ ਸੱਚ, ਮੈਂ ਰੋਟੀ ਖੁਆ ਕੇ ਔਂਦੀ ਆਂ। ਫਿਰ ਦੋਵੇਂ ਕਪਾਹ ਚੁਗਾਂਗੇ।" ਨੂਰਾਂ ਬਾਕੀ ਰੋਟੀ ਚੁੱਕ ਕੇ ਤੁਰ ਪਈ।
ਚਰੀ ਦੇ ਦੂਸਰੇ ਪਾਸੇ ਦੋ ਪੈਲੀਆਂ ਦੀ ਵਿੱਥ 'ਤੇ ਧਰਮ ਸਿੰਘ ਤੇ ਇਲਮਦੀਨ ਹਲ ਵਾਹ ਰਹੇ ਸਨ।
੫.
"ਧਰਮ ਸਿਹਾਂ। ਮੈਂ ਸੋਚਦਾਂ, ਬਣੇਗਾ ਕੀ! ਮੈਨੂੰ ਰਾਤ ਭਰ ਨੀਂਦ ਨਹੀਂ ਔਂਦੀ।" ਇਲਮਦੀਨ ਨੇ ਅਫ਼ਸੋਸ ਵਿੱਚ ਸਿਰ ਹਿਲਾਉਂਦਿਆਂ ਕਿਹਾ।
"ਤੇਰੇ ਵਰਗੇ ਬੰਦੇ ਨੂੰ ਨੀਂਦ ਨਹੀਂ ਔਂਦੀ, ਤਾਂ ਹਮਾਤੜਾਂ ਦਾ ਕੀ ਹਾਲ।” ਧਰਮ ਸਿੰਘ ਨੇ ਇਲਮਦੀਨ ਦੇ ਧੀਰਜ ਦੀ ਦਿਲੋਂ ਸਲਾਹੁਤ ਕਰਦਿਆਂ ਕਿਹਾ। ਦੋਵੇਂ ਜਣੇ ਇਲਮਦੀਨ ਦੀ ਪੈਲੀ ਵਿੱਚ ਹਲ ਵਾਹ ਰਹੇ ਸਨ।
“ਪੰਜ ਛੇ ਦਿਨ ਹੋਏ, ਮੈਂ ਨੂਰਾਂ ਦੀ ਮਾਂ ਦਾ ਧੱਕਿਆ ਧਕਾਇਆ ਲਾਹੌਰ ਗਿਆ ਸੀ।” ਇਲਮਦੀਨ ਨੇ ਉਦਾਸੀ ਹੋਈ ਸੁਰ ਵਿੱਚ ਕਿਹਾ, "ਓਥੇ ਮੈਂ ਜੋ ਕੁਝ ਵੇਖਿਆ ਸੁਣਿਆ, ਬੱਸ ਮੇਰੇ ਦਿਲ ਦਾ ਅਮਨ ਈ ਜਾਂਦਾ ਰਿਹਾ।"
“ਉ ਛੱਡ ਠਾਂਹ! ਤੂੰ ਐਵੇਂ ਦਿਲ ਨੂੰ ਲਾ ਲੈਂਦਾ ਏਂ। ਇਹ ਚਾਰ ਦਿਨ ਦਾ ਰੌਲਾ ਗੋਲਾ ਏ। ਆਪੇ ਠੰਡ-ਠੰਢੇੜਾ ਹੋ ਜਾਏਗਾ।" ਧਰਮ ਸਿੰਘ ਨੇ ਹੌਂਸਲਾ ਦੇਂਦਿਆਂ ਕਿਹਾ, ਭਾਵੇਂ ਉਹਦੇ ਆਪਣੇ ਮਨ ਵਿੱਚ ਵੀ ਬੜੀ ਡੂੰਘੀ ਚਿੰਤਾ ਸੀ।
"ਨਹੀਂ।” ਇਲਮਦੀਨ ਨੇ ਨਿਰਾਸਤਾ ਵਿੱਚ ਸਿਰ ਧੁਣਦਿਆਂ ਕਿਹਾ, “ਚਾਰ page-break
ਦਿਨ ਦਾ ਰੌਲਾ ਨਹੀਂ, ਇਹ ਬੜੀ ਗਿਣੀ ਮਿਥੀ ਚਾਲ ਏ। ਪਿਛਲੇ ਦਿਨੀਂ ਕਲਕੱਤੇ ਵਿੱਚ ਜੋ ਕੁਝ ਹੋਇਆ ਏ, ਚੇਤੇ ਈ ਨਾ।"
"ਸ਼ਹਿਰੀਆਂ ਦੇ ਤਾਂ ਲਹੂ ਬੱਗੇ ਹੋਏ ਹੁੰਦੇ ਨੇ।" ਧਰਮ ਸਿੰਘ ਵਿੱਚੋਂ ਹੀ ਬੋਲ ਉੱਠਿਆ, "ਨਾ ਉਹਨਾਂ ਨੂੰ ਕਿਸੇ ਦਾ ਅੱਖ ਲਿਹਾਜ, ਨਾ ਕੋਈ ਬਰਾਦਰੀ ਭਾਈਚਾਰਾ। ਕੋਈ ਕਿਤੋਂ ਆ ਕੇ ਵੱਸਿਆ ਹੁੰਦਾ ਏ, ਕੋਈ ਕਿਤੋਂ। ਤੇ ਭਲਾ ਪਿੰਡਾਂ ਵਾਲੇ ਕਿਵੇਂ ਪਾਟ ਜਾਣਗੇ, ਜਿਨ੍ਹਾਂ ਦੀ ਮੁੱਢ ਕਦੀਮਾਂ ਦੀ ਸਾਂਝ ਏ।"
"ਭਲਿਆ ਲੋਕਾ! ਸਭ ਸਾਂਝਾਂ ਟੁੱਟ ਜਾਂਦੀਆਂ ਨੇ, ਜਦੋਂ ਸਿਆਸਤ ਈਮਾਨ ਉੱਤੇ ਹਾਵੀ ਹੋ ਜਾਂਦੀ ਏ।”
"ਉ ਛੱਡ ਠਾਂਹ! ਬੇਹੌਂਸਲਿਆਂ ਵਾਲੀਆਂ ਗੱਲਾਂ। ਕੀ ਕਰ ਲਏਗੀ ਕਿਸੇ ਦੀ ਸਿਆਸਤ ? ਕੀ ਮੈਂ ਤੈਨੂੰ ਮਾਰਨ ਵਾਸਤੇ ਤਿਆਰ ਹੋ ਜਾਵਾਂਗਾ, ਜਾਂ ਤੂੰ ਮੈਨੂੰ ਮਾਰਨ ਵਾਸਤੇ।" ਧਰਮ ਸਿੰਘ ਆਪਣਾ ਦੋਸਤੀ ਦਾ ਰਿਸ਼ਤਾ ਅਟੁੱਟ ਸਮਝਦਾ ਸੀ।
"ਠੀਕ ਏ। ਨਾ ਮੈਂ ਤੈਨੂੰ ਮਾਰਾਂਗਾ, ਨਾ ਤੂੰ ਮੈਨੂੰ, ਪਰ ਧਰਮ ਸਿੰਘ ਨੂੰ ਮਾਰਨ ਵਾਸਤੇ ਕੋਈ ਕਰਮਦੀਨ ਤਿਆਰ ਹੋ ਜਾਏਗਾ ਤੇ ਇਲਮਦੀਨ ਨੂੰ ਮਾਰਨ ਵਾਸਤੇ ਕੋਈ ਰਾਮ ਸਿੰਘ ਮੈਦਾਨ ਵਿੱਚ ਆ ਜਾਏਗਾ।"
"ਤੂੰ 'ਪਾਕਿਸਤਾਨ ਜ਼ਿੰਦਾਬਾਦ' ਤੇ 'ਪਾਕਿਸਤਾਨ ਮੁਰਦਾਬਾਦ' ਦੇ ਨਾਹਰਿਆਂ ਤੋਂ ਡਰ ਗਿਆ ਜਾਪਦਾ ਏਂ। ਇਹ ਤਾਂ ਅੰਞਾਣਿਆਂ ਵਾਲੀ ਚਾਰ ਦਿਨ ਦੀ ਖੇਡ ਏ। ਪਾ ਲੈਣ ਦਸ ਦਿਨ ਲੁੱਡੀ ਇਹ ਵਿਹਲੇ ਲੀਡਰ ਲੋਕ। ਹੋਰ ਪਾਕਸਤਾਨ ਬਣਨਾ ਬਨੌਣਾ ਕੋਈ ਨਹੀਂ।" ਧਰਮ ਸਿੰਘ ਨੂੰ ਵਾਪਰਨ ਵਾਲੀ ਭਾਵੀ 'ਤੇ ਯਕੀਨ ਨਹੀਂ ਸੀ।
"ਇਹ ਖ਼ਿਆਲ ਤੇਰਾ ਗ਼ਲਤ ਏ। ਪਾਕਿਸਤਾਨ ਜ਼ਰੂਰ ਬਣ ਜਾਣਾ ਏਂ।” ਪਿਛਲੇ ਦਿਨ ਇਲਮਦੀਨ ਜੋ ਲਾਹੌਰੋਂ ਸੁਣ ਕੇ ਆਇਆ ਸੀ, ਉਸ ਉੱਤੇ ਉਹਨੂੰ ਬਹੁਤ ਕੁਛ ਯਕੀਨ ਹੋ ਗਿਆ ਸੀ।
"ਪਰ ਮੈਂ ਆਹਨਾਂ ਬਣਾਵੇਗਾ ਕੌਣ ? ਪੀਹੜੀਆਂ ਤੋਂ ਕੱਠੇ ਵਸਦੇ ਆ ਰਹੇ ਹਿੰਦੂ ਮੁਸਲਮਾਨਾਂ ਨੂੰ ਵੱਖ-ਵੱਖ ਕੌਣ ਕਰੇਗਾ। ਮੈਂ ਨਹੀਂ ਮੰਨਦਾ।" ਧਰਮ ਸਿੰਘ ਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ।
“ਪਾਕਿਸਤਾਨ ਬਣਾਏਗਾ ਅੰਗਰੇਜ਼। ਬਣਾਉਣਗੇ ਹਿੰਦੂ ਤੇ ਮੁਸਲਮਾਨ ਆਪ ਧਰਮ ਸਿਹਾਂ! ਸਾਰਿਆਂ ਦੇ ਦਿਲ ਅੰਦਰੋ-ਅੰਦਰ ਦੂਰ ਹੋ ਚੁੱਕੇ ਨੇ।"
"ਤੇਰੀ ਗੱਲ ਮੰਨ ਲੈਂਦੇ ਆਂ। ਸਮਝ ਲਵੋ ਪਾਕਿਸਤਾਨ ਬਣ ਵੀ ਜਾਂਦਾ ਏ ਤਾਂ ਅਸੀਂ ਤੁਸੀਂ ਤਾਂ ਨਹੀਂ ਨਿੱਖੜ ਚੱਲੇ। ਪਾਕਿਸਤਾਨ 'ਤੇ ਜਿਨਾਹ ਰਾਜ ਕਰੇਗਾ ਪਿਆ ਤੇ ਹਿੰਦੁਸਤਾਨ 'ਤੇ ਨਹਿਰੂ। ਹਮਾਤੜਾਂ ਤੁਮ੍ਹਾਤੜਾਂ ਨੂੰ ਕੀ ਫ਼ਰਕ। ਆਪਾਂ page-break
ਤਾਂ ਮਾਮਲਾ ਈ ਦੇਣਾ ਏ ਸਰਕਾਰ ਨੂੰ।"
"ਮੇਰਾ ਦੋਸਤ ਧਰਮ ਸੁੰਹ ਕਿੱਡਾ ਭੋਲਾ ਏ। ਤੂੰ ਤਾਂ ਸੁਖਮਨੀ ਸਾਹਬ ਪੜ੍ਹਦਾ- ਪੜ੍ਹਦਾ ਨਿਰਾ ਧਰਮਾਤਮਾ ਬਣ ਗਿਆ ਏਂ। ਭਲਿਆ ਲੋਕਾ! ਫ਼ਰਕ ਈ ਤੈਨੂੰ ਮੈਨੂੰ ਪੈਣਾ ਏਂ। ਹੋਰ ਵੱਡਿਆਂ ਦੇ ਤਾਂ ਦੋਹੀਂ ਹੱਥੀਂ ਲੱਡੂ ਨੇ। ਸੁਣ ਕੀ ਹੋਣ ਵਾਲਾ ਏ।" ਇਲਮਦੀਨ ਨੇ ਪਲ ਕੁ ਸਾਹ ਲੈ ਕੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ :
"ਪਾਕਸਤਾਨ ਬਣ ਜਾਣਾ ਏਂ, ਜ਼ਰੂਰ ਬਣ ਜਾਣਾ ਏਂ ਤੇ ਇਹ ਗੱਲ ਵੀ ਲੋਹੇ 'ਤੇ ਲਕੀਰ ਸਮਝ ਕਿ ਪਾਕਿਸਤਾਨ ਵਿੱਚ ਕੋਈ ਹਿੰਦੂ ਸਿੱਖ ਨਹੀਂ ਰਹਿਣ ਦਿੱਤਾ ਜਾਵੇਗਾ। ਸਭ ਤੋਂ ਵਧੇਰੇ ਲਹੂ ਵਗੇਗਾ ਸਾਡੇ ਸੂਬੇ ਵਿੱਚ ਮਗਰਬੀ ਪੰਜਾਬ ਵਿੱਚ। ਹਿੰਦੂ ਸਿੱਖਾਂ ਦੀ ਕਤਲਾਮ ਹੋਵੇਗੀ ਤੇ ਮਸ਼ਰਕੀ ਪੰਜਾਬ ਵਿੱਚ ਮੁਸਲਮਾਨਾਂ ਦਾ ਲਹੂ ਪਾਣੀ ਵਾਂਗ ਵਗੇਗਾ।"
"ਮੈਂ ਤੇਰੀ ਇਕ ਗੱਲ ਨਹੀਂ ਮੰਨਦਾ। ਜਿਵੇਂ ਤੂੰ ਦੱਸਦਾ ਹੁੰਦਾ ਏਂ ਜਾਂ ਜਿਵੇਂ ਤੁਹਾਡਾ ਮੌਲਵੀ ਆਹੰਦਾ ਹੁੰਦਾ ਏ ਕਿ ਮੁਸਲਮਲੀਗ ਦਾ ਪ੍ਰੋਗਰਾਮ ਹਿੰਦੂ ਸਿੱਖਾਂ ਨੂੰ ਲੁੱਟ ਕੇ, ਮਾਰ ਕੇ ਏਥੋਂ ਭਜਾ ਦੇਣਾ ਏ। ਸੋ ਮੁਸਲਮਲੀਗ ਦਾ ਪ੍ਰੋਗਰਾਮ ਹਿੰਦੂ ਸਿੱਖਾਂ ਨੂੰ ਭਾਵੇਂ ਮਾਰਨ, ਚੜ੍ਹਦੇ ਪਾਸੇ ਮੁਸਲਮਾਨਾਂ ਨੂੰ ਕੋਈ ਨਹੀਂ ਕੁਛ ਆਖਣ ਲੱਗਾ। ਭੈੜਿਆ, ਬੰਦਾ ਮਾਰਨ ਵਰਗਾ ਪਾਪ ? ਹੈ ਕੋਈ? ਫਿਰ ਨਿਰਦੋਸ਼ਾਂ ਨੂੰ ਮਾਰਨਾ ?”
“ਉਹ ਵੀ ਮਾਰਨਗੇ, ਦੂਣੇ ਜੋਸ਼ ਨਾਲ ਮਾਰਨਗੇ। ਜੇ ਉਹ ਪਹਿਲ ਨਹੀਂ ਕਰਨਗੇ, ਤਾਂ ਜਿਹੜੇ ਇਧਰੋਂ ਉਜੜ ਕੇ ਜਾਣਗੇ, ਉਹ ਸ਼ੁਰੂ ਕਰ ਦੇਣਗੇ। ਫੇਰ ਦੂਸਰੇ ਵੀ ਉਹਨਾਂ ਦਾ ਸਾਥ ਦੇਣ ਲਈ ਮਜਬੂਰ ਹੋ ਜਾਣਗੇ। ਜਿਸ ਵੇਲੇ ਇਨਸਾਨ ਪਾਗ਼ਲ ਹੋ ਜਾਂਦਾ ਏ, ਓਦੋਂ ਪੁੰਨ ਪਾਪ ਦੀ ਕੋਈ ਸੋਝੀ ਨਹੀਂ ਰਹਿੰਦੀ। ਯਾ ਅੱਲਾਹ? ਚੰਗਾ ਭਲਾ ਇਨਸਾਨ ਸ਼ੈਤਾਨ ਕਿਉਂ ਬਣ ਜਾਂਦਾ ਏ।" ਆਖ਼ਰੀ ਵਾਕ ਜਿਵੇਂ ਇਲਮਦੀਨ ਨੇ ਆਪਣੇ ਆਪ ਨੂੰ ਹੀ ਕਿਹਾ। ਉਹਦਾ ਦਿਲ ਕਿਸੇ ਅਥਾਹ ਦੁੱਖ ਵਿੱਚ ਡੁੱਬਾ ਹੋਇਆ ਸੀ।
ਕੁਛ ਚਿਰ ਦੋਵੇਂ ਚੁੱਪਚਾਪ ਹਲ ਹਿੱਕੀ ਗਏ। ਧਰਮ ਸਿੰਘ ਅੱਜ ਕਈ ਦਿਨਾਂ ਪਿੱਛੋਂ ਹਾਲੀ ਆਇਆ ਸੀ। ਪਿਆਰੇ ਨੇ ਪਾਣੀ ਲਾਇਆ ਹੋਇਆ ਸੀ। ਇਸ ਵਾਸਤੇ ਉਹਦੀ ਵਾਰੀ ਅੱਜ ਧਰਮ ਸਿੰਘ ਨੂੰ ਭੁਗਤਣੀ ਪੈ ਗਈ ਸੀ।
"ਤਾਂ ਅਸੀਂ ਸੱਚਮੁੱਚ ਵੱਖ-ਵੱਖ ਹੋ ਜਾਵਾਂਗੇ ? ਤਾਂ ਕੀ ਬਣੇਗਾ ?" ਧਰਮ ਸਿੰਘ ਨੇ ਜਿਵੇਂ ਦੁੱਖ ਨਾਲ ਹਉਕਾ ਭਰ ਕੇ ਕਿਹਾ।
"ਤੇਰੇ ਨਾਲੋਂ ਵਧੇਰੇ ਫ਼ਿਕਰ ਮੈਨੂੰ ਏ। ਮੋਮਨਾਂ ਵਾਸਤੇ ਪਾਕਿਸਤਾਨ ਬਣ ਜਾਵੇਗਾ। ਧਰਮੀਆਂ ਵਾਸਤੇ ਹਿੰਦੁਸਤਾਨ ਰਹਿ ਜਾਵੇਗਾ, ਪਰ ਮੇਰੇ ਵਰਗੇ ਕਾਫ਼ਰ ਕਿੱਧਰ ਜਾਣਗੇ। ਮੈਂ ਤਾਂ ਨਾ ਇਧਰ ਦਾ ਨਾ ਓਧਰ ਦਾ। ਜਿਹੜਾ ਮੁਸਲਮਾਨਾਂ ਦੇ page-break
ਘਰ ਜੰਮ ਕੇ ਵੀ ਨਮਾਜ਼ ਨਹੀਂ ਪੜ੍ਹਦਾ, ਰੋਜ਼ੇ ਨਹੀਂ ਰੱਖਦਾ, ਉਹਨੂੰ ਮੌਲਵੀ ਅਬਦੁਲ ਹੱਕ ਦੇ ਭਰਾ ਭਾਈ ਕਿਵੇਂ ਬਰਦਾਸ਼ਤ ਕਰਨਗੇ। ਵਾਹ ਅੱਲਾਹ।"
“ਚਲੋ, ਉਹਨਾਂ ਨੂੰ ਤਾਂ ਪਾਕਿਸਤਾਨ ਮਿਲ ਜਾਵੇਗਾ ਨਾ। ਤੇਰੇ ਮੇਰੇ ਵਰਗੇ ਬੰਦਿਆਂ ਦਾ ਰੱਬ ਵਾਲੀ। ਉਹਨਾਂ ਦੀ ਇਸਲਾਮ ਦੀ ਸੇਵਾ ਕੀਤੀ ਸਫਲ ਪਵੇ।”
"ਇਸਲਾਮ ਦੀ ਸੇਵਾ ਵੀ ਨਹੀਂ, ਧਰਮ ਸਿਹਾਂ! ਇਹ ਵੀ ਫ਼ਰੇਬ ਏ, ਧੋਖਾ ਏ।" ਇਲਮਦੀਨ ਨੇ ਕੁਛ ਜੋਸ਼ ਵਿੱਚ ਆ ਕੇ ਕਿਹਾ, "ਇਹ ਤਾਂ ਇਕ ਕਿਸਮ ਦਾ ਜ਼ਹਿਰ ਬੀਜਿਆ ਜਾ ਰਿਹਾ ਏ, ਉਲਟਾ ਇਸਲਾਮ ਦੇ ਖ਼ਿਲਾਫ਼ 'ਜ਼ਹਿਰ। ਅੱਜ ਮੁਸਲਮਾਨਾਂ ਨੂੰ ਹਿੰਦੂਆਂ ਨਾਲੋਂ ਨਖੇੜ ਰਹੇ ਨੇ, ਕੱਲ੍ਹ ਨੂੰ ਈਸਾਈਆਂ ਨਾਲੋਂ, ਬੋਧੀਆਂ ਨਾਲੋਂ, ਪਾਰਸੀਆਂ ਨਾਲੋਂ ਵੀ ਮੁਸਲਮਾਨਾਂ ਨੂੰ ਦੂਰ ਹੋਣਾ ਪਵੇਗਾ। ਇਕ ਦੀ ਤੰਗਦਿਲੀ ਦੂਸਰਿਆਂ ਦੇ ਅੰਦਰ ਤੰਗਦਿਲੀ ਨੂੰ ਜਨਮ ਦੇਂਦੀ ਏ। ਸਮਝਿਆ ? ਜੇ ਇਹ ਇਸਲਾਮ ਦਾ ਨਾਹਰਾ ਲੌਣਗੇ ਤਾਂ ਦੂਸਰੇ ਮਜ਼ਬਾਂ ਵਾਲੇ ਆਪਣਾ- ਆਪਣਾ ਨਾਹਰਾ ਲਾ ਲੈਣਗੇ ? ਉਸ ਦਾ ਨਤੀਜਾ ? ਮੁਸਲਮਾਨ ਸਾਰੀ ਦੁਨੀਆਂ ਨਾਲੋਂ ਵੱਖ ਹੋ ਜਾਣਗੇ, ਇਕ ਤਰ੍ਹਾਂ ਛੇਕੇ ਜਾਣਗੇ। ਇਹ ਹੋਵੇਗਾ ਇਸ ਦਾ ਆਖ਼ਰੀ ਨਤੀਜਾ, ਬਹੁਤ ਬੁਰਾ।”
"ਫਿਰ ਇਹ ਜਾਣ ਬੁੱਝ ਕੇ ਐਹੋ ਜਿਹਾ ਮੂਰਖਪੁਣਾ ਕਿਓਂ ਕਰਦੇ ਨੇ ?” ਧਰਮ ਸਿੰਘ ਨੇ ਨਵਾਂ ਸਵਾਲ ਕੀਤਾ। ਉਹ ਮੰਨਦਾ ਸੀ ਕਿ ਏਹੋ ਜੇਹੀਆਂ ਗੱਲਾਂ ਵਿੱਚ ਇਲਮਦੀਨ ਨਾਲੋਂ ਵਧੇਰੇ ਸਮਝ ਰੱਖਦਾ ਹੈ।
"ਸਿਰਫ਼ ਤਅੱਸਬ ਤੇ ਨਫ਼ਰਤ ਵਿੱਚ ਅੰਨ੍ਹੇ ਹੋਏ-ਹੋਏ। ਇਹ ਮੈਂ ਮੰਨਦਾ ਹਾਂ ਕਿ ਇਸ ਨਫ਼ਰਤ ਨੂੰ ਜਨਮ ਦੇਣ ਵਿੱਚ ਸਭ ਤੋਂ ਵਧੇਰੇ ਹੱਥ ਕੱਟੜ ਪੰਥੀ ਹਿੰਦੂਆਂ ਦਾ ਹੈ। ਮੇਰੀ ਗੱਲ ਦਾ ਗੁੱਸਾ ਨਾ ਕਰੀਂ।"
"ਨਹੀਂ, ਸੱਚੀ ਗੱਲ ਦਾ ਕਾਹਦਾ ਗੁੱਸਾ।" ਧਰਮ ਸਿੰਘ ਨੇ ਐਵੇਂ ਹੁੰਗਾਰਾ ਭਰਨ ਵਜੋਂ ਕਿਹਾ।.
"ਹਿੰਦੂ ਕਈ ਸਦੀਆਂ ਤਕ ਮੁਸਲਮਾਨ ਬਾਦਸ਼ਾਹ ਦੇ ਗੁਲਾਮ ਰਹੇ, ਉਹਨਾਂ ਅੱਗੇ ਸਿਜਦੇ ਕਰਦੇ ਰਹੇ, ਪਰ ਸਮਾਜਿਕ ਤੌਰ 'ਤੇ ਉਹਨਾਂ ਨੂੰ ਬਰਾਬਰ ਦੇ ਇਨਸਾਨ ਸਮਝਣ ਵਾਸਤੇ ਤਿਆਰ ਨਾ ਹੋਏ। ਕੁੱਤਾ ਚੌਂਕੇ 'ਤੇ ਚੜ੍ਹ ਜਾਵੇ ਤਾਂ ਬਰਦਾਸ਼ਤ ਕੀਤਾ ਜਾਂਦਾ ਏ, ਪਰ ਮੁਸਲਮਾਨ ਦਾ ਪਰਛਾਵਾਂ ਪੈ ਜਾਣ ਨਾਲ ਵੀ ਹਿੰਦੂ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ। ਇਹ ਹੈ ਇਕ ਮਿਸਾਲ। ਏਸ ਦੀ ਤੰਗ-ਦਿਲੀ ਦਾ ਨਤੀਜਾ ਹੈ ਪਾਕਿਸਤਾਨ। ਪਰ ਸਿਆਣਿਆਂ ਆਖਿਆ ਏ, ਲਹੂ ਦੇ ਨਾਲ ਲਹੂ ਦੇ ਦਾਗ਼ ਨਹੀਂ ਧੋਤੇ ਜਾ ਸਕਦੇ, ਸਗੋਂ ਐਸਾ ਕਰਨਾ ਬੇਵਕੂਫ਼ੀ ਏ। ਏਸੇ ਵਾਸਤੇ ਮੈਂ ਕਹਿੰਦਾ ਹਾਂ ਕਿ ਪਾਕਿਸਤਾਨ ਬਣਨ ਨਾਲ ਇਸਲਾਮ ਦਾ ਕੋਈ ਭਲਾ ਨਹੀਂ। page-break
ਪਾਕਿਸਤਾਨ ਨਫ਼ਰਤ ਤੇ ਫ਼ਿਰਕਾਪ੍ਰਸਤੀ ਦੀ ਪੈਦਾਵਾਰ ਏ। ਇਸ ਦਾ ਨਤੀਜਾ ਪਾਕਿਸਤਾਨ ਜਾਂ ਕਹੋ ਇਸਲਾਮ ਦੇ ਬਰਖ਼ਿਲਾਫ਼ ਦੂਸਰੇ ਮਜ਼ਬਾਂ ਵਿੱਚ ਵੀ ਨਫ਼ਰਤ ਵਧੇਗੀ।"
"ਮੈਂ ਏਹਾ ਪੁੱਛਦਾ ਹਾਂ ਕਿ ਉਹਨਾਂ ਨੂੰ ਏਸ ਗੱਲ ਦੀ ਸਮਝ ਨਹੀਂ ?"
"ਸ਼ਾਇਦ ਉਹ ਸੋਚਦੇ ਹੋਣ ਕਿ ਰਾਵੀ ਤੋਂ ਲੈ ਕੇ ਬਹਿਰਾ ਰੂਮ ਤਕ ਅਰਬ ਤੇ ਮਿਸਰ ਸਾਰੇ ਮੁਸਲਮਾਨ ਮੁਲਕ ਨੇ। ਅਸੀਂ ਸਾਰੇ ਮਿਲ ਕੇ ਬੜੀ ਵੱਡੀ ਤਾਕਤ ਬਣ ਜਾਵਾਂਗੇ। ਪਰ ਜੇ ਇਹਨਾਂ ਦੇ ਇਹ ਸੁਫਨੇ ਸੱਚੇ ਵੀ ਹੋ ਜਾਣ ਤਾਂ ਫਿਰ ਵੀ ਇਸਲਾਮ ਨੂੰ ਘਾਟਾ ਹੀ ਹੈ।"
"ਉਹ ਕਿਵੇਂ ?”
"ਮੈਂ ਇਹ ਨਹੀਂ ਜਾਣਦਾ ਕਿ ਸਾਰੀ ਦੁਨੀਆਂ ਵਿੱਚ ਮੁਸਲਮਾਨਾਂ ਦੀ ਗਿਣਤੀ ਕਿੰਨੀ ਕੁ ਹੈ, ਪਰ ਸੁਣਿਆ ਏ ਕਿ ਮੁਸਲਮਾਨਾਂ ਨਾਲੋਂ ਈਸਾਈਆਂ ਤੇ ਬੋਧੀਆਂ ਦੀ ਗਿਣਤੀ ਕਿਤੇ ਵਧੇਰੇ ਹੈ। ਜੋ ਮੁਸਲਮਾਨ ਸਾਰੇ ਕੱਠੇ ਹੋ ਕੇ ਇਕ ਧੜਾ ਬਨੌਣਗੇ ਤਾਂ ਦੂਸਰੇ ਮਜ਼ਬਾਂ ਵਾਲੇ ਮਿਲ ਕੇ ਧੜਾ ਨਹੀਂ ਬਨੌਣਗੇ ? ਉਸ ਹਾਲਤ ਵਿੱਚ ਮੈਨੂੰ ਸਮਝੌਣ, ਮੁਸਲਮਾਨਾਂ ਨੂੰ ਕੀ ਫ਼ਾਇਦਾ ਪਹੁੰਚਿਆ।.... ਸੱਚੀ ਪੁੱਛਦਾ ਏਂ ਤਾਂ ਸਭ ਗੱਦੀ ਦਾ ਝਗੜਾ ਈ, ਹੋਰ ਕੁਝ ਨਹੀਂ।"
"ਇਹ ਤਾਂ ਸਾਰਿਆਂ ਵਾਸਤੇ ਬੁਰਾ ਹੋਵੇਗਾ।”
“ਬੁਰੇ ਵਰਗਾ ਬੁਰਾ ? ਧਰਮ ਸਿਹਾਂ ਬੁੱਲ੍ਹੇ ਸ਼ਾਹ, ਸ਼ੇਖ਼ ਫ਼ਰੀਦ ਤੇ ਬਾਬੇ ਨਾਨਕ ਦਾ ਦੇਸ਼ ਵੰਡਿਆ ਜਾਵੇਗਾ। ਸਾਡਾ ਇਤਫ਼ਾਕ ਲੀਰਾਂ-ਲੀਰਾਂ ਹੋ ਜਾਵੇਗਾ। ਹਜ਼ਾਰਾਂ ਨਹੀਂ, ਲੱਖਾਂ ਧਰਮ ਸਿੰਘ ਤੇ ਇਲਮਦੀਨ ਨਿਖੜ ਜਾਣਗੇ। ਜਿਨ੍ਹਾਂ ਕੱਠਿਆਂ ਖਾਧਾ ਪੀਤਾ ਏ, ਉਹ ਇਕ ਦੂਜੇ ਦੇ ਲਹੂ ਵਿੱਚ ਨਹੌਣਗੇ। ਓਨਾ ਚਿਰ ਭਰਾ ਨਾਲ ਭਰਾ ਲੜਦੇ ਰਹਿਣਗੇ, ਜਿੰਨਾ ਚਿਰ ਸਾਡੀ ਔਣ ਵਾਲੀ ਨਸਲ ਤੇ ਸਮਝਦਾਰ ਬੰਦੇ ਇਸ ਗ਼ਲਤੀ ਨੂੰ ਮਹਿਸੂਸ ਨਹੀਂ ਕਰ ਲੈਂਦੇ। ਇਹ ਬੀਮਾਰੀ ਦਾ ਗ਼ਲਤ ਇਲਾਜ ਹੋ ਰਿਹਾ ਹੈ, ਬਿਲਕੁਲ ਗ਼ਲਤ।”
"ਗ਼ਲਤ ? ਉਹ ਕਿਵੇਂ ?" ਧਰਮ ਸਿੰਘ ਨੇ ਬੜੀ ਹੈਰਾਨੀ ਨਾਲ ਪੁੱਛਿਆ।
"ਸੁਣ ਲੈ, ਮੁਸਲਮਲੀਗੀ ਲੀਡਰ ਕਹਿੰਦੇ ਨੇ, ਸਾਨੂੰ ਹਿੰਦੂ ਅਕਸਰੀਅਤ ਯਾਨੀ ਬਹੁ-ਗਿਣਤੀ ਤੋਂ ਖ਼ਤਰਾ ਹੈ। ਇਸ ਲਈ ਘੱਟ ਗਿਣਤੀ ਆਪਣਾ ਮੁਲਕ ਵੱਖਰਾ ਕਰ ਲੈਣਾ ਚਾਹੁੰਦੀ ਏ। ਮੈਂ ਪੁੱਛਦਾਂ, ਮੁਲਕ ਦੀ ਵੰਡ ਪਿੱਛੋਂ ਇਹ ਮਸਲਾ ਹੱਲ ਹੋ ਜਾਵੇਗਾ ? ਫੇਰ ਹਿੰਦੁਸਤਾਨ ਵਿੱਚ ਘੱਟ ਗਿਣਤੀ ਨਹੀਂ ਰਹੇਗੀ ਜਾਂ ਪਾਕਿਸਤਾਨ ਵਿੱਚ ਘੱਟ ਗਿਣਤੀ ਕੋਈ ਨਹੀਂ ਹੋਵੇਗੀ ?"
“ਹੱਛਾ! ਘੱਟ ਵੱਧ ਗਿਣਤੀ ਦਾ ਫੇਰ ਵੀ ਪੁਆੜਾ ਬਣਿਆ ਰਹੇਗਾ ? page-break
"ਹਾਂ, ਹਿੰਦੁਸਤਾਨ ਵਿੱਚ ਫੇਰ ਵੀ ਕਰੋੜਾਂ ਮੁਸਲਮਾਨ ਰਹਿਣਗੇ। ਫਿਰ ਸਿੱਖ ਹੋਣਗੇ, ਈਸਾਈ ਹੋਣਗੇ। ਬੋਧੀ, ਜੈਨੀ, ਪਾਰਸੀ ਕੋਈ ਘੱਟ ਗਿਣਤੀ ਵਾਲੇ ਫ਼ਿਰਕੇ ਹੋਣਗੇ ਤੇ ਸਭ ਤੋਂ ਅਕਲੀਅਤ ਯਾਨੀ ਘੱਟ ਗਿਣਤੀ ਹੋਵੇਗੀ ਉੱਚ ਜਾਤੀਏ ਹਿੰਦੂਆਂ ਦੇ ਮੁਕਾਬਲੇ 'ਤੇ ਅਛੂਤ ਜਿਨ੍ਹਾਂ ਨੂੰ ਹਰੀਜਨ ਦਾ ਖ਼ਤਾਬ ਦਿੱਤਾ ਗਿਆ ਏ ।"
"ਪਰ ਪਾਕਿਸਤਾਨ ਵਿੱਚ ਤਾਂ ਘੱਟ ਗਿਣਤੀ ਕੋਈ ਨਹੀਂ ਨਾ ਹੋਵੇਗੀ। ਉਹਨਾਂ ਦਾ ਮਸਲਾ ਸਿੱਧ ਹੋ ਜਾਏਗਾ ਨਾ।"
“ਪਾਕਿਸਤਾਨ ਵਿੱਚ ਵੀ ਘੱਟ ਗਿਣਤੀਆਂ ਹੋਣਗੀਆਂ। ਪਹਿਲੀ ਗੱਲ ਤਾਂ ਸ਼ਾਇਦ ਸਾਰੇ ਹਿੰਦੂ ਪਾਕਿਸਤਾਨ ਵਿੱਚੋਂ ਨਾ ਕੱਢੇ ਜਾ ਸਕਣ। ਸੁਣਿਆ ਏਂ, ਬੰਗਾਲੀ ਹਿੰਦੂ ਮੁਸਲਮਾਨਾਂ ਵਿੱਚ ਏਨੀ ਨਫ਼ਰਤ ਨਹੀਂ। ਭਲਾ ਜੇ ਹਿੰਦੂ ਸਾਰੇ ਜਾਣਗੇ। ਹੋਰ ਤਾਂ ਹੋਰ ਮੁਸਲਮਾਨਾਂ ਵਿੱਚ ਅੱਗੇ ਕੋਈ ਫਿਰਕੇ ਨੇ। ਜਿਵੇਂ ਸੁਨੀ, ਸ਼ੀਆ, ਮਿਰਜ਼ਈ। ਮਗਰਲੇ ਦੋਵੇਂ ਘੱਟ ਗਿਣਤੀ ਵਿੱਚ ਹਨ। ਕੋਈ ਵਾਰ ਸ਼ੀਆ ਤੇ ਸੁਨੀਆਂ ਵਿੱਚ ਫ਼ਸਾਦ ਹੋ ਪੈਂਦੇ ਨੇ। ਇਸ ਵਾਸਤੇ ਮੈਂ ਕਹਿੰਦਾਂ ਕਿ ਇਹ ਇਲਾਜ ਤੇ ਗ਼ਲਤ ਏ।"
"ਫਿਰ ਸਹੀ ਇਲਾਜ ਕੀ ਏ।"
"ਸਹੀ ਇਲਾਜ ? ਸਹੀ ਇਲਾਜ ਏ ਇਕ ਦੂਜੇ ਨੂੰ ਬਰਦਾਸ਼ਤ ਕਰਨਾ, ਪਿਆਰ ਕਰਨਾ, ਦੂਸਰੇ ਦੇ ਦਿਲੀ ਜਜ਼ਬਾਤ ਦਾ ਸਤਿਕਾਰ ਕਰਨਾ। ਦੂਸਰੇ ਦੇ ਦੁੱਖ ਪੀੜ ਨੂੰ ਆਪਣਾ ਦੁੱਖ ਦਰਦ ਸਮਝਣਾ। ਵਧੇਰੇ ਗਿਣਤੀ ਵਾਲੇ ਫ਼ਿਰਕੇ ਦੇ ਦਿਲ ਖੁੱਲ੍ਹੇ ਹੋਣੇ ਚਾਹੀਦੇ ਨੇ ਤੇ ਘੱਟ ਗਿਣਤੀ ਨੂੰ ਕੁਛ ਜੇਰਾ ਰੱਖਣਾ ਚਾਹੀਦਾ ਹੈ। ਫੇਰ ਵੀ ਕੋਈ ਡਰ ਧੜਕੂ ਰਹੇ ਤਾਂ ਸਰਕਾਰ ਨੂੰ ਐਹੋ ਜਹੇ ਕਾਨੂੰਨ ਬਣਾ ਦੇਣੇ ਚਾਹੀਦੇ ਨੇ, ਜਿਨ੍ਹਾਂ ਦੀ ਮੌਜੂਦਗੀ ਵਿੱਚ ਬਹੁ-ਗਿਣਤੀ ਘੱਟ ਗਿਣਤੀ ਦੇ ਹੱਕ ਨਾ ਮਾਰ ਸਕੇ। ਪਰ ਅਸਲ ਸਾਂਝ ਹੁੰਦੀ ਏ ਸੱਚੇ ਪਿਆਰ ਦੀ, ਮੁਹੱਬਤ ਦੀ। ਸਾਂਈਂ ਲੋਕ ਤਾਂ ਮੁਹੱਬਤ ਨੂੰ ਖ਼ੁਦਾ ਦਾ ਰੁਤਬਾ ਦੇਂਦੇ ਨੇ। ਅਖੇ ਖ਼ੁਦਾ ਹੈ ਮੁਹੱਬਤ ਤੇ ਮੁਹੱਬਤ ਖ਼ੁਦਾ ਹੈ।"
"ਉਹ ਤਾਂ ਗੁਰੂ ਮਹਾਰਾਜ ਨੇ ਵੀ ਫ਼ੁਰਮਾਇਆ ਏ 'ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ' ਪਰ ਅੱਜ ਕੱਲ ਦੇ ਬੰਦਿਆਂ ਵਿੱਚ ਸੱਚੀ ਮੁਹੱਬਤ ਵੀ ਕਿੱਥੇ ਰਹਿ ਗਈ ਏ। ਭਰਾ ਦਾ ਭਰਾ ਵੈਰੀ ਬਣ ਗਿਆ। ਚਲੋ ਵੱਖ ਹੋ ਜਾਣ ਇਹ ਲੜਾਈ ਝਗੜਾ ਤਾਂ ਮੁੱਕੇ।"
"ਮੁੱਕਣਾ ਕਿੱਥੇ ਆ ਸਗੋਂ ਇਕ ਵੱਡੇ ਝਗੜੇ ਦਾ ਮੁੱਢ ਬਝ ਜਾਵੇਗਾ। ਅੱਜ ਇਹ ਲੋਕ ਛੁਰੀਆਂ ਤੇ ਬਰਛਿਆਂ ਨਾਲ ਲੜਦੇ ਨੇ, ਕਿਸੇ ਦਿਨ ਟੈਂਕਾਂ ਤੇ ਜਹਾਜ਼ਾਂ page-break
ਨਾਲ ਲੜਨਗੇ।"
"ਫਿਰ ਕੀ ਬਣੇਗਾ ?"
"ਬਣਨਾ ਕੀ ਏ। ਮੁਲਕ ਦੀ ਬਦਕਿਸਮਤੀ। ਭਾਣਾ ਮਾਲਕ ਦਾ। ਵਾਰਸ ਸ਼ਾਹ ਨੇ ਲਿਖਿਆ ਏ : ਤਕਦੀਰ ਕਿਸੇ ਤੋਂ ਟਲੀ ਹੈ ਜੇ।" ਇਲਮਦੀਨ ਨੇ ਅਫ਼ਸੋਸ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਤੇ ਅਸੀਂ ਆਪ ਆਪਣੇ ਹੱਥੀਂ ਤਕਦੀਰ ਵਿਗਾੜ ਰਹੇ ਆਂ।”
ਦੋਹੀਂ ਪਾਸੀਂ ਮੌਤ ਵਰਗੀ ਚੁੱਪ ਛਾ ਗਈ। ਕੁਛ ਸਮੇਂ ਵਾਸਤੇ ਦੋਵੇਂ ਜਣੇ ਆਪੋ ਆਪਣੀਆਂ ਸੋਚਾਂ ਵਿੱਚ ਡੁੱਬੇ ਰਹੇ। ਸ਼ਹਿਰਾਂ ਵਿੱਚ ਸੁਲਘ ਰਹੀ ਅੱਗ ਦਾ ਸੇਕ ਪਿੰਡ ਵਿੱਚ ਵੀ ਅੱਪੜ ਪੈਣ ਲੱਗਾ ਸੀ। ਸਮਝਦਾਰ ਬੰਦਿਆਂ ਦੇ ਅੰਦਰ ਦਿਨੋ-ਦਿਨ ਚਿੰਤਾ ਵੱਧ ਰਹੀ ਸੀ। ਲੋਕ ਉਪਰੋਂ ਹੱਸਦੇ ਬੋਲਦੇ, ਪਰ ਦਿਲਾਂ ਤੋਂ ਦੂਰ ਹੁੰਦੇ ਜਾ ਰਹੇ ਸਨ। ਜ਼ਹਿਰੀਲੇ ਪਰਚਾਰ ਦਾ ਅਸਰ ਬੜੀ ਤੇਜ਼ੀ ਨਾਲ ਹੋ ਰਿਹਾ ਸੀ।
"ਅੱਬਾ! ਰੋਟੀ ਖਾ ਲੈ।" ਨੂਰਾਂ ਨੇ ਵੱਟ ਉੱਤੇ ਖਲ੍ਹੀ ਟਾਲ੍ਹੀ ਦੇ ਲਾਗੇ ਰੋਟੀਆਂ ਰਖਦਿਆਂ ਕਿਹਾ। “ਚਾਚਾ! ਅੱਜ ਚ-ਚਾਚੀ ਨੇ ਤੇਰੀ ਰੋਟੀ ਵੀ ਮੇਰੇ ਹੱਥ ਘੱਲ ਦਿੱਤੀ ਏ। ਮੈਂ ਡਰਦੀ-ਡਰਦੀ ਲੈ ਆਈ।"
“ਪੁੱਤ! ਡਰ ਕਿਸ ਗੱਲ ਦਾ। ਓਹੋ-ਓਹੋ-ਅ।" ਧਰਮ ਸਿੰਘ ਨੇ ਬਲਦਾਂ ਨੂੰ ਪੁਚਕਾਰ ਕੇ ਹਲ ਖਲ੍ਹਾਰ ਦਿੱਤਾ। "ਹੁਣ ਤਾਂ ਉਲਟੇ ਹੋਰ ਸਹਿਮ ਮਨ ਵਿੱਚ ਵੱਸੇ ਹੋਏ ਨੇ। ਤੂੰ ਡਰਦੀ ਹੋਵੇਂਗੀ, ਕਿ ਪਤਾ ਨਹੀਂ, ਮੈਂ ਤੇਰੇ ਹੱਥ ਦੀ ਖਾਵਾਂਗਾ ਜਾਂ ਨਹੀਂ ਤੇ ਮੈਂ ਡਰ ਰਿਹਾ ਹਾਂ ਕਿ ਤੇਰੇ ਵਰਗੀ ਸੁਚੱਜੀ ਧੀ ਦੇ ਹੱਥਾਂ ਦੀਆਂ ਬਹੁਤਾ ਚਿਰ ਨਸੀਬ ਹੋਣਗੀਆਂ ਜਾਂ ਨਹੀਂ। ਸਭ ਕੁਛ ਓਸੇ ਦੇ ਵੱਸ ਏ।”
ਧਰਮ ਸਿੰਘ ਤੇ ਇਲਮਦੀਨ ਨੂਰਾਂ ਕੋਲ ਰੋਟੀ ਖਾਣ ਬਹਿ ਗਏ। ਉਹਨਾਂ ਦੇ ਅੰਦਰ ਅੱਜ ਮਾਰੂ ਸੋਚਾਂ ਦੇ ਤੂਫ਼ਾਨ ਝੁੱਲੇ ਹੋਏ ਸਨ। ਉਹ ਚੁੱਪ ਸਨ, ਬੜੇ ਗੰਭੀਰ। ਨੂਰਾਂ ਵਿਚਾਰੀ ਕਿੰਨਾ ਚਿਰ ਧਰਮ ਸਿੰਘ ਦੇ ਚਿਹਰੇ ਵੱਲ ਵੇਖਦੀ ਰਹੀ। ਉਹ ਉਹਦੇ ਕਹੇ ਵਾਕਾਂ ਦੇ ਅਰਥ ਸਮਝਣ ਦਾ ਯਤਨ ਕਰ ਰਹੀ ਸੀ। ਫੇਰ ਉਹਨੇ ਆਪਣੇ ਅੱਬਾ ਵੱਲ ਵੇਖਿਆ। ਉਹਦਾ ਵੀ ਚਿਹਰਾ ਉਦਾਸ ਸੀ। ਨੂਰਾਂ ਨੇ ਅੱਖਾਂ ਨੀਵੀਆਂ ਕਰ ਲਈਆਂ। “ਸਗੋਂ ਕਿਤੇ ਦੋਹਾਂ ਵਿੱਚ ਮੇਰੇ ਤੇ ਪਿਆਰੇ ਬਾਰੇ ਤਾਂ ਕੋਈ ਗੱਲਬਾਤ ਨਹੀਂ ਹੋਈ ? ਦੋਵੇਂ ਕਿਵੇਂ ਚੁੱਪ ਨੇ, ਬੜੇ ਘੁੱਟੇ। ਯਾ ਅੱਲ੍ਹਾ! ਸਾਡੀ ਪਾਕ ਮੁਹੱਬਤ!” ਨੂਰਾਂ ਨੇ ਅਗਾਂ ਸੋਚਣਾ ਬੰਦ ਕਰ ਦਿੱਤਾ। ਉਹਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮਗਰ ਨਾ ਚਾਹੁੰਦੀ ਹੋਈ ਵੀ ਉਹ ਬਹੁਤ ਕੁਛ ਸੋਚੀ ਜਾ ਰਹੀ ਸੀ।
ਦੋਵੇਂ ਚੁੱਪ ਚਾਪ ਰੋਟੀ ਖਾ ਕੇ ਉੱਠ ਬੈਠੇ। ਕੁਛ ਹੌਸਲਾ ਕਰਕੇ ਨੂਰਾਂ ਨੇ ਜ਼ਬਾਨ ਖੋਹਲੀ, "ਅੱਬਾ! ਚਾਚੀ ਆਹੰਦੀ ਸੀ, ਸਾਡੀ ਕਪਾਹ ਚੁਗਾਈ ਲਿਆਵੀਂ।” ਉਹ page-break
ਇਸ ਕੰਮ ਵਾਸਤੇ ਆਪਣੇ ਪਿਤਾ ਦੀ ਆਗਿਆ ਲੈਣੀ ਜ਼ਰੂਰੀ ਸਮਝ ਰਹੀ ਸੀ।
"ਹਾਂ, ਚਾਚੀ ਤੇਰੀ ਦਾ ਪੈਰ ਪੀੜ ਕਰਦਾ ਏ ਨਾ! ਤੂੰ ਧਿਆਨ ਨਾਲ ਕਪਾਹ ਚੁਗਾ।
ਅਸੀਂ ਜਾਂਦੇ ਹੋਏ ਚੁਕੀ ਚੱਲਾਂਗੇ। ਜਾਂ ਆਪੇ ਪਿਆਰਾ ਚੁੱਕ ਲੈ ਚੱਲੇਗਾ।” ਉਦਾਸ ਜੇਹੀ ਸੁਰ ਵਿੱਚ ਉੱਤਰ ਦੇ ਕੇ ਇਲਮਦੀਨ ਹਲ ਮਗਰ ਜਾ ਲੱਗਾ।
ਪਿਆਰੇ ਦਾ ਨਾਂ ਸੁਣ ਕੇ ਨੂਰਾਂ ਦੇ ਸਾਰੇ ਚਿਹਰੇ 'ਤੇ ਲਾਲੀ ਫਿਰ ਗਈ। ਉਹਦੇ ਵਾਸਤੇ ਏਨਾ ਹੀ ਕਾਫ਼ੀ ਸੀ।
੬.
ਇਲਮਦੀਨ ਦਿਨ ਛਿਪੇ ਘਰ ਆਇਆ। ਅੱਗੇ ਘਰ ਵਿੱਚ ਮੌਤ ਵਰਗੀ ਚੁੱਪ ਵਰਤੀ ਹੋਈ ਸੀ। ਫ਼ਾਤਮਾ ਚੌਂਕੇ ਵਿੱਚ ਚੁੱਪ ਬੈਠੀ ਰੋਟੀਆਂ ਪਕਾ ਰਹੀ ਸੀ। ਇਹ ਗੱਲ ਇਲਮਦੀਨ ਨੂੰ ਕੁਛ ਅਨੋਖੀ ਜੇਹੀ ਜਾਪੀ। ਫ਼ਾਤਮਾ ਵਾਸਤੇ ਚੁੱਪ ਕਰਕੇ ਬੈਠਣਾ ਇਕ ਅਨਹੋਣੀ ਗੱਲ ਸੀ। ਉਹ ਇਕੱਲੀ ਵੀ ਹੋਵੇ, ਤਾਂ ਆਪਣੇ ਆਪ ਹੀ ਬੁੜਬੁੜਾਈ ਜਾਇਆ ਕਰਦੀ ਸੀ। ਪਰ ਅੱਜ ? ਇਲਮਦੀਨ ਨਿਰਾ ਹੈਰਾਨ ਹੀ ਨਹੀਂ, ਕੁਝ ਭੈਭੀਤ ਵੀ ਹੋ ਗਿਆ ਸੀ। ਉਹਨੇ ਆਸੇ ਪਾਸੇ ਨਜ਼ਰ ਦੌੜਾਈ। ਨੂਰਾਂ ਤੇ ਫੱਜਾ ਵੀ ਕਿਤੇ ਨਜ਼ਰ ਨਾ ਆਏ। ਅਨ ਮਨ ਜਿਹਾ ਇਲਮਦੀਨ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰਨ ਜਾ ਲੱਗਾ। ਉਹ ਅੰਦਰੇ ਅੰਦਰ ਸੋਚੀ ਜਾ ਰਿਹਾ ਸੀ, ਅੱਜ ਜ਼ਰੂਰ ਕੋਈ ਗੱਲ ਏ। ਮਾਈ ਹੱਵਾ ਦੀ ਬੇਟੀ ਜੋ ਏਨੀ ਘੁੱਟੀ ਵੱਟੀ ਬੈਠੀ ਏ, ਜ਼ਰੂਰ ਹਨੇਰੀ ਝੁੱਲ ਕੇ ਰਹੇਗੀ। ਪਰ ਵਜ੍ਹਾ ਕੀ ਹੋਵੇ ? ਕਿਤੇ ਮੌਲਵੀ ਤਾਂ ਨਹੀਂ ਚੁਆਤੀ ਲਾ ਗਿਆ ? ਉਹ ਮਰਦੂਦ ਦੀ ਫ਼ਿਤਰਤ ਹੀ ਏ, ਸਭ ਦੇ ਘਰਾਂ ਵਿੱਚ ਅੱਗ ਲਾਈ ਰੱਖਣੀ। ਇਹ ਮੁੱਲਾਂ-ਮੁਲਾਣੇ ਮਜ਼੍ਹਬ ਦੇ ਠੇਕੇਦਾਰ ਵੀ ਅੱਲ੍ਹਾ ਮੀਆਂ ਨੇ ਇਕ ਅਨੋਖੀ ਜਿਨਸ ਪੈਦਾ ਕੀਤੀ ਏ। ਇਨਸਾਨ ਦੀ ਖ਼ੁਸ਼ੀ ਤਾਂ ਇਹਨਾਂ ਨੂੰ ਭਾਉਂਦੀ ਈ ਨਹੀਂ। ਆਖ ਗਿਆ ਹੋਣਾ ਏਂ, ਕਿ ਮੁਸਲਮਲੀਗ ਨੇ ਸਭ ਗ਼ੈਰ-ਮੁਸਲਮ ਦਾ ਬਾਈਕਾਟ ਕਰ ਦਿੱਤਾ ਹੈ, ਸੋ ਤੁਸੀਂ ਵੀ ਸਿੱਖਾਂ ਨਾਲੋਂ ਭਾਈਵਾਲੀ ਨਖੇੜ ਲਵੋ। ਪਰ ਜੋ ਏਨੀ ਹੀ ਗੱਲ ਹੁੰਦੀ ਤਾਂ, ਇਹ ਔਂਦਿਆਂ ਹੀ ਪੰਜੇ ਚੁੱਕ ਕੇ ਪੈਂਦੀ "ਛੱਡ ਦਿੱਤਾ ਤੈਨੂੰ ਤੇਰੇ ਦੋਸਤ ਨੇ ? ਪਰ੍ਹਾਂ ਓਧਰੇ ਈ ਮੰਜੀ ਜੁੱਲੀ ਲੈ ਜਾਹ। ਮੈਂ ਸਮਝਾਂਗੀ, ਮੇਰਾ ਕੋਈ ਨਹੀਂ। ਜਿਨ੍ਹਾਂ ਦੇ ਮਰ ਜਾਂਦੇ ਨੇ, ਉਹ ਵੀ ਕਿਵੇਂ ਦਿਨ ਕੱਟ ਈ ਲੈਂਦੀਆਂ ਨੇ ਨਾਂ।” ਉਹ! ਕਿੰਨਾ ਚਾਅਹੁੰਦਾ ਏ, ਜ਼ਨਾਨੀ ਨੂੰ ਰੰਡੀ ਹੋਣ ਦਾ। ਖ਼ਾਵੰਦ ਦੇ ਜਿਉਂਦਿਆਂ ਇਹ ਹਜ਼ਾਰ ਵਾਰ ਆਖੇਗੀ, ਮੈਂ ਰੰਡੀ ਕੱਟ ਲਵਾਂਗੀ। ਅੱਲ੍ਹਾ ਨਾ ਕਰੇ ਜੇ ਰੰਡੀ ਹੋ ਜਾਏ, ਤਾਂ ਫੇਰ ਪਤਾ ਲੱਗਦਾ ਏ। ਠੀਕ ਆਹੰਦੇ ਨੇ ਜ਼ਨਾਨੀ ਨੂੰ ਅਕਲ page-break
ਔਂਦੀ ਏ ਖਸਮ ਨੂੰ ਖਾ ਕੇ। ਜਿੰਨਾ ਚਿਰ ਮਰਦ ਸਿਰ 'ਤੇ ਹੋਵੇ, ਓਨਾ ਚਿਰ ਇਹ ਆਪਣੇ ਆਪ ਨੂੰ ਗੁਲਾਮ ਈ ਸਮਝਦੀ ਏ। ਫਿਰ ਮੇਰੇ ਵਰਗੇ ਧੀਰਜ ਵਾਲੇ ਬੰਦੇ ਨਾਲ ਕੱਟਣੀ ਤਾਂ ਔਰਤ ਵਾਸਤੇ ਹੋਰ ਵੀ ਔਖਾ ਹੈ। ਸ਼ਾਇਦ ਸਖ਼ਤ ਸੁਭਾ ਮਰਦ ਨਾਲ ਔਰਤ ਵਧੇਰੇ ਖ਼ੁਸ਼ ਰਹਿੰਦੀ ਏ। ਦਿਲੋਂ ਖ਼ੁਸ਼ ਨਾ ਵੀ ਹੁੰਦੀ ਹੋਵੇ, ਪਰ ਉੱਤੋਂ- ਉੱਤੋਂ ਬੜੀ ਸ਼ਰੀਫ਼ ਬਣ ਕੇ ਰਹਿੰਦੀ ਏ ਹੋਰ ਕੀ ? ਸਦੀਆਂ ਦੀ ਬਣੀ ਹੋਈ ਗ਼ੁਲਾਮ ਜ਼ਹਿਨੀਅਤ। ਪਰ.. ਪਰ ਅੱਜ ਤਾਂ ਕੋਈ ਬਹੁਤ ਵੱਡਾ ਤੂਫ਼ਾਨ ਉੱਠਣ ਵਾਲਾ ਜਾਪਦਾ ਏ। ਹੱਛਾ, ਜੋ ਅੱਲ੍ਹਾ ਨੂੰ ਮਨਜੂਰ। ਇਲਮਦੀਨ ਚੁੱਪ ਚਾਪ ਚੌਂਕੇ ਦੇ ਨੇੜੇ ਮੰਜੇ 'ਤੇ ਆ ਬੈਠਾ। ਉਹਨੇ ਚੋਰ ਨਜ਼ਰ ਨਾਲ ਫ਼ਾਤਮਾ ਵੱਲ ਵੇਖਿਆ। ਅੱਗੇ ਫ਼ਾਤਮਾ ਦੇ ਸਾਉਲੇ ਮੱਥੇ ਉੱਤੇ ਕਈ ਵੱਟ ਪਏ ਹੋਏ ਸਨ। ਹਰ ਤਿਉੜੀ ਵਿੱਚ ਜਿਵੇਂ ਬਿਸੀਅਰ ਵਿੱਸ ਘੋਲ ਰਹੇ ਸਨ। ਇਲਮਦੀਨ ਨੇ ਅੱਖਾਂ ਨੀਵੀਆਂ ਕਰ ਲਈਆਂ।
'ਕੋਈ ਚਾਰਾ ਨਹੀਂ। ਦਿਲ ਵਿੱਚ ਸੋਚਦਿਆਂ ਇਲਮਦੀਨ ਨੇ ਸਿਰ ਹਿਲਾਇਆ। "ਏਥੇ ਕਿਸੇ ਬੁੱਲ੍ਹੇ ਸ਼ਾਹ ਜਾਂ ਸ਼ੇਖ਼ ਫ਼ਰੀਦ ਦਾ ਕਲਾਮ ਮਦਦ ਨਹੀਂ ਕਰ ਸਕਦਾ। ਮਾਈ ਹੱਵਾ ਦੀ ਬੇਟੀ ਦੇ ਸਾਮ੍ਹਣੇ ਸ਼ੇਖ਼ ਸਾਅਦੀ ਦੀਆਂ ਹਕਾਇਤਾਂ ਵੀ ਕੰਮ ਨਹੀਂ ਔਂਦੀਆਂ। ਏਥੇ ਤਾਂ ਚੁੱਪ ਵੇ, ਲੋਕਾ! ਚੁੱਪ। ਇਕ ਚੁੱਪ ਸੌ ਸੁੱਖ। ਪਰ ਚੁੱਪ ਰਹਿ ਕੇ ਵੀ ਮੈਂ ਏਸ ਮੁਸੀਬਤ ਨੂੰ ਕਿੰਨਾ ਚਿਰ ਟਾਲ ਸਕਾਂਗਾ। ਬੱਕਰੇ ਦੀ ਮਾਂ ਕਿੰਨਾ ਚਿਰ ਖ਼ੈਰ ਮਨਾਏਗੀ। ਜੋ ਕਿਸਮਤ।"
"ਇਸ ਹਾਲਤ ਵਿੱਚ ਚੁੱਪ ਵੀ ਕਿੰਨਾ ਚਿਰ ਰਿਹਾ ਜਾ ਸਕਦਾ ਹੈ, ਫੱਜੇ ਬਾਰੇ ਪੁੱਛਾਂ ਭਲਾ ?” ਇਲਮਦੀਨ ਨੇ ਦਿਲ ਵਿੱਚ ਵਿਉਂਤ ਬਣਾਈ। 'ਫੱਜਾ ਕਿਤੇ ਬਾਹਰ ਹਾਣੀਆਂ ਨਾਲ ਖੇਡਣ ਗਿਆ ਹੋਵੇਗਾ, ਉਹਦੇ ਬਾਰੇ ਕੀ ਪੁੱਛਾਂ।' ਉਹਨੇ ਆਪਣੀ ਯੋਜਨਾ ਆਪ ਹੀ ਰੱਦ ਕਰ ਦਿੱਤੀ। 'ਨੂਰਾਂ ਵੀ ਕਿਤੇ ਨਹੀਂ ਦੀਂਹਦੀ। ਉਹ ਤਾਂ ਐਸ ਵੇਲੇ ਕਿਤੇ ਨਹੀਂ ਜਾ ਸਕਦੀ।' ਇਲਮਦੀਨ ਨੇ ਇਕ ਵਾਰ ਫਿਰ ਫ਼ਾਤਮਾ ਵੱਲੋਂ ਵੇਖ ਕੇ ਨੀਵੀਂ ਪਾ ਲਈ। ਉਸ ਦਾ ਹੌਸਲਾ ਨਾ ਪਿਆ ਘਰ ਵਾਲੀ ਨੂੰ ਬੁਲਾਉਣ ਦਾ। ਕੁਛ ਚਿਰ ਦੋਵੇਂ ਧਿਰ ਉਡੀਕ ਵਿੱਚ ਬੈਠੇ ਰਹੇ। ਸ਼ਾਇਦ ਇਕ ਜਣਾ ਅੰਦਰ ਦਾ ਗੁੱਸਾ ਕੱਢਣ ਵਾਸਤੇ ਤੇ ਦੂਸਰਾ ਉਸ ਕ੍ਰੋਧ ਅਗਨੀ ਨੂੰ ਸਹਾਰਨ ਵਾਸਤੇ ਅੰਦਰੇ- ਅੰਦਰ ਸ਼ਕਤੀ ਇਕੱਠੀ ਕਰ ਰਹੇ ਸਨ।
"ਨੂਰਾਂ ਕਿੱਥੇ ਆ ?” ਇਲਮਦੀਨ ਤੋਂ ਰਿਹਾ ਨਾ ਗਿਆ, ਤਾਂ ਉਹਨੇ ਡਰਦੇ- ਡਰਦੇ ਪੁੱਛ ਹੀ ਲਿਆ।
"ਔ ਬੈਠੀ ਊ ਤੇਰੀ ਨੇਕ ਪਾਕ ਲਾਡਲੀ।" ਫ਼ਾਤਮਾ ਇਕੋ ਵਾਰ ਆਤਸ਼ਬਾਜ਼ੀ ਪਟਾਕੇ ਵਾਂਗ ਫਟ ਪਈ। “ਮੂਰਿਆ! ਮੂਰਿਆ। ਹੁਣ ਵੀ ਦਾੜ੍ਹੀ ਕੱਢ ਕੇ ਪਰ੍ਹੇ ਵਿੱਚ ਬਹਿਣ ਜੋਗਾ ਹੋ ਰਹਿ ਗਿਆ ਏਂ ? ਚਪਣੀ 'ਚ ਨੱਕ ਡੋਬ ਕੇ ਮਰ ਜੋ ਦੋਵੇਂ ਪਿਉ page-break
ਧੀ"
"ਪਰ ਹੋਇਆ ਕੀ ਏ।" ਇਲਮਦੀਨ ਨੇ ਏਨੀਆਂ ਸੁਣ ਕੇ ਵੀ ਬੜੇ ਧੀਰਜ ਨਾਲ ਪੁੱਛਿਆ।
"ਅਜੇ ਪੁੱਛਦੈਂ ਹੋਇਆ ਕੀ ਏ। ਓਸੇ ਨੇਕਬਖਤ ਤੋਂ ਪੁੱਛ। ਮੈਂ ਆਏ ਦਿਨ ਪਿਟਦੀ ਸਾਂ, ਨਿੱਤ ਦਿਹਾੜੇ।... ਪਰ ਮੇਰੀ ਕੁੱਤੀ ਦੀ ਸੁਣਦਾ ਕੌਣ ਸੀ। ਮਿਲ ਗਿਆ ਈ ਨਾ ਫਲ ਕਾਫ਼ਰ ਦੀ ਦੋਸਤੀ ਦਾ। ਹੁਣ ਸਾਰੇ ਆਲਮ ਵਿੱਚ ਢੋਲ ਵੱਜ ਗਏ ਨੇ। ਉਹ ਟੁੱਟ ਪੈਣਾ ਮਿਰਜ਼ੇ ਦੀਆਂ ਸੁਰਾਂ ਤੈਨੂੰ ਨਹੀਂ ਸੀ ਸੁਣੋਦਾ, ਏਸ ਸੈਹਬਾਂ ਨੂੰ ਸੁਣੌਦਾ ਹੁੰਦਾ ਸੀ। ਅੱਲ੍ਹਾ ਜਾਏ ਜੁਆਨੀਉਂ ਏਡਾ-ਕੁ ਏਡਾ। ਪਰਸੋਂ ਕਪਾਹ ਚੁਗਣ ਦੇ ਬਹਾਨੇ ਸਾਰਾ ਦਿਨ ਉਸੇ ਰਾਂਝੇ ਕੋਲ ਰਹੀ ਉ। ਹੋਰ ਸੁਣਨਾ ਈਂ ਕੁਛ ? ਸੁਣ ਕੇ ਹਿੱਕ ਠੰਡੀ ਹੋ ਜਾਊਗੀ। ਦੋਵੇਂ ਹੱਥਾਂ 'ਚ ਹੱਥ ਪਾਈ ਕੋਲ ਕਰਾਰ ਕਰ ਰਹੇ ਸਨ : ਅਖ : ਪਿਆੜਿਆ।" ਫ਼ਾਤਮਾ ਨੇ ਮੂੰਹ ਚਿੜਾ ਕੇ ਧੀ ਦੀ ਸਾਂਗ ਲਾਉਂਦਿਆਂ ਕਿਹਾ, "ਸਾਡਾ ਅੱਲਾ ਜ਼ਾਮਨ ਈਂ। ਬਾਂਹ ਫੜੀ ਦੀ ਲਾਜ ਰੱਖੀਂ। ਮੈਂ ਤੇਰੇ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਇਹ ਹੀਰ ਹੁਣ ਓਸ ਰਾਂਝੇ ਬਿਨਾਂ ਨਹੀਓਂ ਰਹਿ ਸਕਦੀ। ਤੇ ਨਾ ਇਹਦੇ ਰਹਿਣ ਦੇ ਚਾਲੇ ਈ। ਪਹਿਲਾਂ ਇਹ ਓਸ ਰਾਂਝੇ ਦੀਆਂ ਰੋਟੀਆਂ ਲੈ ਕੇ ਗਈ ਊ।”
"ਤੇ ਤੂੰ ਬੱਸ ਰੋਟੀ ਲਜਾਣ ਤੋਂ ਈ ਸਭ ਕਿਆਫ਼ੇ ਲਾ ਲਏ ਨੇ ?" ਇਲਮ ਦੀਨ ਨੇ ਕੁਛ ਕਾਹਲੇ ਪੈ ਕੇ ਕਿਹਾ। ਉਹਨੂੰ ਫ਼ਾਤਮਾ ਦੀ ਕਿਸੇ ਗੱਲ 'ਤੇ ਵੀ ਇਤਬਾਰ ਨਹੀਂ ਸੀ ਆਇਆ।
"ਹਾਇ ਮੈਂ ਮਰ ਗਈ।" ਫ਼ਾਤਮਾ ਨੇ ਮੱਥੇ ਨੂੰ ਦੁਹੱਥੜ ਮਾਰ ਕੇ ਕਿਹਾ; "ਔਤਰਿਆ ਤੂੰ ਕਿਆਫੇ ਆਹੰਦਾ ਏਂ ? ਸੜ ਗਈ ਮੇਰੀ ਕਿਸਮਤ। ਝੁੱਡੂਆ। ਏਥੇ ਤਾਂ ਅੰਦਰੇ ਅੰਦਰ ਦੋ ਵਰ੍ਹਿਆਂ ਦੀਆਂ ਪਕਦੀਆਂ ਨੇ ਪਈਆਂ। ਉਹ ਜੁੱਗੋਂ ਜਾਣਾ ਆਹੰਦਾ ਸਈ, ਮੈਂ ਤੈਨੂੰ ਅੰਮ੍ਰਿਤ ਛਕਾ ਕੇ ਸਿੱਖਣੀ ਬਣਾ ਲਵਾਂਗਾ। ਹੋਰ ਸੁਣਨਾ ਈਂ ? ਅੱਲ੍ਹਾ ਮੰਗਦਿਆਂ ਰਿਜਕ ਨਾ ਜੁੜੇ ਨੇ। ਉਹਦੇ ਮਾਂ ਪਿਉ ਵੀ ਰਾਜੀ ਊ। ਇਹ ਤਾਂ ਭਲਾ ਹੋਵੇ ਓਸ ਵਿਚਾਰੀ ਦਾ, ਜੀਹਨੇ ਸਾਨੂੰ ਲਾਧ ਕਰ ਦਿੱਤੀ। ਨਹੀਂ ਤਾਂ ਮੈਨੂੰ ਨਖੱਤੀ ਨੂੰ ਕਿੱਤੋਂ ਪਤਾ ਲੱਗਣਾ ਸੀ। ਨਿੱਜ ਨੂੰ ਜੰਮਦੀ ਇਹ ਮੇਰੇ ਘਰ ਨੂੰ ਦਾਗ਼ ਲੌਣੀ। ਮੈਂ ਤਾਂ ਜੋ ਕੁਝ ਸੁਣਿਆ ਏਂ ਮੇਰਾ ਕਲੇਜਾ ਪਾਟ ਗਿਆ ਏ। ਕਿਤੇ ਰਹੀ ਆਂ ਮੂੰਹ ਦੇਣ ਜੋਗੀ ਮੈਂ ? ਤੇ ਤੂੰ ਚੌਰਿਆ! ਅਜੇ ਵੀ 'ਤਬਾਰ ਨਹੀਂ ਕਰਦਾ ? ਪਰ ਮੈਨੂੰ ਕੀ। ਆਪੇ ਅੱਖਾਂ ਖੁੱਲ੍ਹਣਗੀਆਂ ਤੇਰੀਆਂ, ਜਦੋਂ ਏਸ ਨੇਕ ਪਾਕ ਨੂੰ ਵੈਦਾਂ ਹਕੀਮਾਂ ਕੋਲ ਲਈ ਫਿਰੇਂਗਾ।”
"ਨੂਰਾਂ ਦੀ ਮਾਂ!” ਇਲਮਦੀਨ ਦੇ ਅੰਦਰੋਂ ਜਿਵੇਂ ਚੀਰ ਕੇ ਇਹ ਛੋਟਾ ਜਿਹਾ page-break
ਵਾਕ ਨਿਕਲਿਆ। ਏਸ ਗੁੱਝੀ ਟਕੋਰ ਨੂੰ ਉਹ ਸਹਾਰ ਨਾ ਸਕਿਆ। ਸ਼ਾਇਦ ਕੋਈ ਪਿਤਾ ਵੀ ਨਹੀਂ ਸਹਾਰ ਸਕਦਾ।
"ਕਿਉਂ ? ਸੱਚੀ ਸੁਣ ਕੇ ਮਿਰਚਾਂ ਕਿਉਂ ਲੱਗੀਆਂ ਈਂ। ਕਿੰਨਾ ਚਿਰ ਪੜਦੇ ਪਾਵੇਂਗਾ ਉਸ ਕਲਹਿਣੀ ਦੀ ਕਰਤੂਤ 'ਤੇ।"
"ਅੱਬਾ!" ਨੂਰਾਂ ਚੀਕਦੀ ਹੋਈ ਪਿਉ ਦੇ ਪੈਰਾਂ ਵਿੱਚ ਆ ਡਿੱਗੀ। ਮਾਂ ਦਾ ਇਹ ਝੂਠਾ ਤਾਹਨਾ ਉਸ ਤੋਂ ਸਹਾਰਿਆ ਨਾ ਗਿਆ। ਉਹ ਡੇਢ ਘੰਟੇ ਦੀ ਅੰਦਰ ਬੈਠੀ ਰੋ ਰਹੀ ਸੀ। ਇਕੱਲੀ ਨੇ ਉਹਨੇ ਮਾਂ ਦੇ ਮੂੰਹੋਂ ਬਹੁਤ ਕੁਛ ਸਹਾਰ ਲਿਆ ਸੀ, ਪਰ ਪਿਉ ਦੇ ਸਾਮ੍ਹਣੇ ਉਸ ਤੋਂ ਇਹ ਝੂਠੀ ਉਜ ਸਹਾਰੀ ਨਾ ਗਈ। "ਅੱਬਾ! ਮੈਂ ਬੇਗੁਨਾਹ ਆਂ। ਤੇਰੀ ਸੌਂਹ ਅੱਬਾ! ਅੱਲ੍ਹਾ ਪਾਕ ਜ਼ਾਮਨ ਏਂ, ਮੈਂ ਬੇਗੁਨਾਹ ਆਂ, ਮੇਰਾ ਕੋਈ ਕਸੂਰ ਨਹੀਂ। ਅੱਲ੍ਹਾ ਕਰੇ, ਦੋਜ਼ਕ ਢੋਈ ਨਾ ਮਿਲੇ, ਜੇ ਮੈਂ ਆਪਣੇ ਪਾਕ ਤਨ ਨੂੰ ਕਿਸੇ ਦਾ ਮੈਲਾ ਹੱਥ ਵੀ ਲੱਗਣ ਦਿੱਤਾ ਹੋਵੇ ਤਾਂ। ਯਕੀਨ ਕਰ ਅੱਬਾ! ਮੈਂ ਤੇਰੀ ਧੀ ਆਂ ਤੇਰੀ। ਇੱਜ਼ਤ ਬਦਲੇ ਮੈਂ ਆਪਣੀ ਜਾਨ ਦੇ ਦਿਆਂਗੀ।"
ਧੀ ਦੇ ਦੁੱਖ ਨੂੰ ਅਨੁਭਵ ਕਰਕੇ ਇਲਮਦੀਨ ਦਾ ਦਿਲ ਭਰ ਆਇਆ। ਉਹਨੇ ਨੂਰਾਂ ਦੇ ਸਿਰ ਨੂੰ ਪਿਆਰ ਨਾਲ ਪਲੋਸਦਿਆਂ ਏਨਾ ਹੀ ਕਿਹਾ, "ਕਮਲੀ ਨਾ ਹੋਵੇ ਤੇ। ਜਾਹ ਬਹੁ ਅੰਦਰ।"
"ਬੱਸ, ਏਨੇ ਨਾਲ ਈ ਜਕੀਨ ਆ ਗਿਆ ? ਉਸ ਖੇਖਨਹਾਰੀ ਦੇ ਹੰਝੂ ਵੇਖ ਕੇ ਈ ?" ਫ਼ਾਤਮਾ ਨੇ ਸੱਜਾ ਹੱਥ ਨਚਾਉਂਦਿਆਂ ਕਿਹਾ।
"ਹਾਂ। ਨੂਰਾਂ ਉੱਤੇ ਯਕੀਨ ਏ।" ਇਲਮਦੀਨ ਨੇ ਬੜੇ ਠਰਮੇ ਨਾਲ ਕਿਹਾ।
"ਬੇਜਕੀਨੀ ਮੈਂ ਹੋਈ। ਨਖਾਫ਼ਣਿਆਂ! ਤੂੰ ਤਾਂ ਲੂਣ ਕੁੱਟਣ ਵਾਲੇ ਵੱਟੇ ਨਾਲੋਂ ਵੀ ਗਿਆ ਗੁਜ਼ਰਿਆ ਏਂ। ਮੈਨੂੰ ਕਿਸ ਪੱਕੇ ਬੰਦੇ ਨੇ ਦੱਸਿਆ ਏ। ਉਹ ਸਾਰਾ ਟੱਬਰ ਵਿਚੇ ਵਿੱਚ ਮਤੇ ਪਕਾਈ ਬੈਠਾ ਈ। ਅੱਲ੍ਹਾ ਉਹਦੀਆਂ ਧੀਆਂ ਅੱਗੇ ਆਵੇ! ਉਸ ਦਲੀਪੋ ਕੁੱਤੀ ਨੇ ਆਪ ਇਹਨੂੰ ਰੋਟੀਆਂ ਦੇ ਕੇ ਘੱਲਿਆ ਈ। ਹੋਰ ਸੁਣਨਾ ਈ ? ਉਹ ਇਕ ਮੁਸਲਮਾਨ ਕੁੜੀ ਨੂੰ ਸਿੱਖਣੀ ਬਣਾ ਕੇ ਸਾਰੀ ਉੱਮਤ ਨੂੰ ਲੱਤ ਹੇਠੋਂ ਲੰਘਾਣਾ ਚਾਹੁੰਦੀ ਈ। ਤੇ ਇਹ ਹੀਰ ਅੱਲ੍ਹਾ ਦੀ ਮਾਰ-ਉਹਨਾਂ ਪਿੱਛੇ ਮਰੀ ਫਿਰਦੀ ਊ। ਤੇ ਤੂੰ ਆਹਨਾਂ ਏਂ, ਮੈਨੂੰ ਜਕੀਨ ਏ ਨੂਰਾਂ ਉੱਤੇ।” ਮਗਰਲਾ ਵਾਕ ਫ਼ਾਤਮਾ ਨੇ ਮੂੰਹ ਵਿੰਗਾ ਕਰਕੇ ਚਿੜਾਊ ਸੁਰ ਵਿੱਚ ਕਿਹਾ।
"ਜੇ ਉਹ ਵੀ ਸਾਰਾ ਟੱਬਰ ਰਾਜੀ ਨੇ, ਤੇ ਇਹ ਵੀ ਰਾਜੀ ਏ, ਤਾਂ ਤੈਨੂੰ ਮੈਨੂੰ ਕੀ।"
"ਹਾਇ ਹੈ ਹੈ ਹੈ।" ਫ਼ਾਤਮਾ ਨੇ ਢਿੱਡ ਤੇ ਦੁਹੱਥੜ ਮਾਰ ਕੇ ਕਿਹਾ, 'ਤੂੰ ਆਹਨਾਂ ਏਂ ਇਹ ਗੱਲ ? ਕਾਫ਼ਰ ਬੰਦਿਆ! ਅੱਲ੍ਹਾ ਤੈਨੂੰ ਦੋਜਕ ਢੋਈ ਨਾ ਮਿਲੇ। page-break
ਉਹਨੇ ਦੁਆ ਮੰਗਣ ਵਾਲਿਆਂ ਵਾਂਗ ਦੋਵੇਂ ਹੱਥ ਉੱਪਰ ਉਠਾ ਕੇ ਕਿਹਾ।
"ਮੈਂ ਤੇਰੇ ਅੱਲ੍ਹਾ ਦੇ ਦੋਜ਼ਖ਼ ਵੱਲ ਜਾਣਾ ਕੀ ਲੈਣ ਏਂ। ਉਹ ਤੁਹਾਨੂੰ ਈ ਮੁਬਾਰਕ ਹੋਵੇ। ਤੇ...।”
"ਤੇਰੀ ਕਾਇਆ 'ਚ ਕੀੜੇ। ਅੱਲ੍ਹਾ ਨੂੰ ਨਿੰਦਦਾ ਏਂ ? ਹੈ ਮੈਂ...।"
"ਬਕ ਬਕ ਨਾ ਕਰ ਬਹੁਤੀ। ਜਾਣਦੀ ਏਂ, ਅਸੀਂ ਮੁਸਲਮਾਨ ਕਦੋਂ ਦੇ ਬਣੇ भां? ਪੰਜਵੀਂ ਕਿ ਸੱਤਵੀਂ ਪੀਹੜੀ ਗੁਜਰੀ, ਸਾਡਾ ਵੱਡਾ ਇਕ ਔਰਤ ਪਿੱਛੇ ਮੁਸਲਮਾਨ ਹੋਇਆ ਸੀ। ਮੌਲਵੀ ਨੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਤੂੰ ਮੁਸਲਮਾਨ ਹੋ ਗਿਆ ਏਂ ਤੇ ਉਹਨੇ ਸ਼ਕਾਰੀਆਂ ਦੇ ਬਟੇਰੇ ਵਾਂਗ ਮਗਰ ਹਾਮੀ ਭਰ ਦਿੱਤੀ ਕਿ ਹਾਂ, ਮੈਂ ਮੁਸਲਮਾਨ ਹੋ ਗਿਆ। ਬੱਸ, ਐਸ ਤਰ੍ਹਾਂ ਦੇ ਅਸੀਂ ਮੁਸਲਮਾਨ ਹੋਏ ਈ।”
"ਆਖ, ਪਿਆਰਾ ਵੀ ਮੁਸਲਮਾਨ ਹੋ ਜੈ, ਮੈਂ ਆਪਣੇ ਹੱਥੀਂ ਨੂਰਾਂ ਦਾ ਨਕਾਹ ਉਹਦੇ ਨਾਲ ਕਰ ਦਿਆਂਗੀ।"
"ਇਹਦਾ ਮਤਲਬ ਏ, ਤੈਨੂੰ ਪਿਆਰਾ ਤਾਂ ਚੰਗਾ ਲੱਗਦਾ ਏ, ਉਹਦਾ ਧਰਮ ਨਹੀਂ।"
"ਹਾਂ। ਉਹ ਮੁਸਲਮਾਨ ਹੋ ਜੈ ਤਾਂ ਮੈਂ ਰਾਜੀ ਆਂ। ਏਸ ਤਰ੍ਹਾਂ ਆਹੰਦੇ ਨੇ, ਸਵਾਬ ਹੁੰਦਾ ਏ।"
"ਤੇ ਜੇ ਨੂਰਾਂ ਸਿੱਖ ਬਣ ਜਾਏ, ਤਾਂ ਫੇਰ ਅਸਮਾਨ ਡਿੱਗ ਪਵੇਗਾ ?"
"ਅੱਲ੍ਹਾ ਤੇਰੀ ਜਬਾਨ ਸੜ ਜੈ ਇਹ ਹੈ ਦੇਣ ਵਾਲੇ ਦੀ। ਕਾਫ਼ਰ ਬੰਦਿਆ।" ਫ਼ਾਤਮਾ ਫੇਰ ਭੜਕ ਉੱਠੀ।
“ਮੇਰੀ ਰਾਇ ਇਹ ਨਹੀਂ। ਇਹ ਤਾਂ ਤੇਰੀ ਗੱਲ ਦਾ ਜਵਾਬ ਏ। ਧੀਰਜ ਨਾਲ ਸੁਣ।” ਇਲਮਦੀਨ ਨੇ ਹੱਥ ਦੇ ਇਸ਼ਾਰੇ ਨਾਲ ਉਹਨੂੰ ਠੰਡਿਆਂ ਕਰਨ ਦਾ ਯਤਨ ਕਰਦਿਆਂ ਕਿਹਾ। "ਮੇਰੀ ਪੁੱਛਦੀ ਏਂ, ਤਾਂ ਮੈਂ ਕਹਾਂਗਾ, ਇਹ ਮੁਸਲਮਾਨ ਰਹੇ, ਉਹ ਸਿੱਖ ਰਹੇ। ਜੇ ਉਹਨਾਂ ਦੀ ਚਾਹ ਹੋਵੇ, ਤਾਂ ਦੋਵੇਂ ਵਿਆਹ ਕਰ ਲੈਣ। ਭਲਾ ਦੇ ਦਿਲਾਂ ਦੀ ਪਾਕ ਮੁਹੱਬਤ ਵਿੱਚ ਮਜ੍ਹਬ ਕਿਉਂ ਲੱਤ ਅੜਾਏ ? ਸਹਿਜ ਨਾਲ, ਸੋਚ ਸਮਝ ਕੇ ਕਿਸੇ ਦਾ ਦਿਲ ਮੰਨੇ, ਤਾਂ ਉਹ ਬੇਸ਼ੱਕ ਆਪਣਾ ਮਜ਼੍ਹਬ ਬਦਲ ਲਏ।"
"ਹੈ ਹੈ, ਅੱਲ੍ਹਾ! ਰੋਜ਼-ਕਿਆਮਤ ਕਿੱਥੇ ਮੂੰਹ ਦੇਵੇਂਗਾ ਤੂੰ ? ਠੀਕ ਆਹੰਦਾ ਸੀ ਵਚਾਰਾ ਮੌਲਵੀ, ਅਖੇ...।"
"ਹੱਛਾ! ਹੁਣ ਸਮਝ ਪਈ। ਤਾਂ ਇਹ ਸਾਰੀ ਅੱਗ ਤੇਰੇ ਮੌਲਵੀ ਦੀ ਲਾਈ ਹੋਈ ਏ।" ਇਲਮਦੀਨ ਨੇ ਘਿਰਣਾ ਨਾਲ ਕਿਹਾ। ਉਸ ਨੇਕ ਬੰਦੇ ਦੇ ਮਨ ਵਿੱਚ ਵੀ ਮੌਲਵੀ ਵਾਸਤੇ ਗੁੱਸਾ ਸੀ।
"ਮੌਲਵੀ ਤੇਰੇ ਵਰਗਾ ਕਾਫ਼ਰ ਨਹੀਂ। ਉਹ ਖ਼ੁਦਾ ਦਾ ਬੰਦਾ ਨੇਕ ਸਲਾਹ ਈ ਦੇਵੇਗਾ।" page-break
"ਖੁਦਾ ਦਾ ਬੰਦਾ ਨਹੀਂ ਉਹ।" ਇਲਮਦੀਨ ਨੇ ਜ਼ਰਾ ਓਚੇਰੀ ਵਾਜ ਵਿੱਚ ਕਿਹਾ, “ਉਹ ਸ਼ੈਤਾਨ ਏਂ, ਨੇਕੀ ਦਾ ਦੁਸ਼ਮਣ, ਸ਼ੈਤਾਨ।”
"ਹੈ ਹੈ, ਮੈਨੂੰ ...."
"ਠਹਿਰ। ਜ਼ਰਾ ਕੰਨ ਖੋਹਲ ਕੇ ਸੁਣ ਲੈ। ਉਸ ਅੱਧ ਬੁੱਧ ਭੈਂਗੇ ਮੌਲਵੀ ਦੀ ਅੱਖ ਤੇਰੀ ਨੂਰਾਂ ਉੱਤੇ ਈ। ਉਹ ਧੋਖੇਬਾਜ਼ ਏ, ਫ਼ਰੇਬੀ।”
"ਤੇਰੇ ਕਾਫ਼ਰ ਪਿਆਰੇ ਨਾਲੋਂ ਉਹ ਭੈਂਗਾ ਮੌਲਵੀ ਵੀ ਚੰਗਾ ਏ। ਉਹ ਖ਼ੁਦਾ ਪਰਸਤ ਤਾਂ ਏ ?" ਫ਼ਾਤਮਾ ਨੇ ਹੱਥ ਭੁੜਕਾਉਂਦਿਆਂ ਜੋਸ਼ ਵਿੱਚ ਕਿਹਾ।
"ਖ਼ੁਦਾ ਪਰਸਤ ? ਉਹ। ਉਹ ਸ਼ੈਤਾਨ। ਕੈਦੋਂ ਲੰਗਾ।”
ਫਿਰ ਕੀ ਸੀ। ਫ਼ਾਤਮਾ ਚੜ੍ਹ ਬੱਦਲੀ ਗਈ। ਜੋ ਉਹਦੇ ਮੂੰਹ ਆਉਂਦਾ ਕਹੀ ਜਾ ਰਹੀ ਸੀ ਉਹ। ਵਿਚੇ ਇਲਮਦੀਨ ਵਿਚੇ ਨੂਰਾਂ। ਪਿਆਰੇ ਤੇ ਪਿਆਰੇ ਦਾ ਮਾਂ ਪਿਉ ਵੀ। ਕੋਈ ਵੀ ਫ਼ਾਤਮਾ ਦੇ ਗੁੱਸੇ ਤੋਂ ਬਚਿਆ ਨਾ ਰਿਹਾ।
ਇਲਮਦੀਨ ਨੇ ਸੋਚਿਆ, "ਹੁਣ ਮਾਲੀਖੌਲੀਏ ਦਾ ਦੌਰਾ ਪੂਰੇ ਜੋਬਨ 'ਤੇ ਆ ਗਿਆ ਏ। ਹੁਣ ਚੁੱਪ ਰਹਿਣ ਵਿੱਚ ਈ ਭਲਾ ਏ। ਉਹ ਅਲਾਣੇ ਮੰਜੇ ਉੱਤੇ ਹੀ ਲੱਤਾਂ ਨਿਸਾਲ ਕੇ ਪੈ ਗਿਆ। ਫ਼ਾਤਮਾ ਵੱਲ ਕੰਡ ਕਰਕੇ ਉਹਨੇ ਜਿਵੇਂ ਕੰਨ ਵਿੱਚ ਉਂਗਲਾਂ ਦੇ ਲਈਆਂ।
"ਅੱਬਾ! ਅੱਬਾ।" ਫੱਜੇ ਨੇ ਬਾਹਰੋਂ ਆਉਂਦਿਆਂ ਪਿਉ ਦੀ ਪੈਂਦ 'ਤੇ ਬਹਿ ਕੇ ਉਹਦੀ ਲੱਤ ਹਿਲਾ ਕੇ ਪੁੱਛਿਆ, "ਪ੍ਰੀਤੂ ਆਹੰਦਾ ਸੀ, ਪਾਕਸਤਾਨ ਨਹੀਂ ਬਣੇਗਾ। ਮੈਂ ਆਹੰਦਾ ਸਾਂ, ਬਣੇਗਾ। ਤੂੰ ਦੱਸ, ਪਾਕਸਤਾਨ ਬਣੇਗਾ ਕਿ ਨਹੀਂ ?"
"ਤੇਰੀ ਮਾਂ ਨੂੰ ਪਤਾ ਏ। ਉਸ ਤੋਂ ਪੁੱਛ ਲੈ।”
੭.
"ਪਿਆਰਿਆ! ਪਿਆਰਿਆ! ਜਿਵੇਂ ਜਾਣਦਾ ਏਂ ਮੈਨੂੰ ਬਚਾ ਲੈ। ਅੱਲ੍ਹਾ ਦਾ ਵਾਸਤਾ ਈ, ਬਚਾ ਲੈ ਮੈਨੂੰ।" ਸ਼ਾਮ ਦੇ ਘੁਸਮੁਸੇ ਹਨ੍ਹੇਰੇ ਵਿੱਚ ਨੂਰਾਂ ਨੇ ਪਿਆਰੇ ਦਾ ਹੱਥ ਫੜ ਕੇ ਡਰ ਨਾਲ ਕੰਬਦੀ ਵਾਜ ਵਿੱਚ ਕਿਹਾ। ਉਹ ਬਹੁਤ ਹੀ ਘਬਰਾਈ ਹੋਈ ਸੀ। ਭੈਅ ਨਾਲ ਉਹਦੀ ਸੋਹਲ ਛਾਤੀ ਧੜਕ ਰਹੀ ਸੀ। ਉਹਦਾ ਗੋਰਾ ਰੰਗ ਪੀਲਾ ਪੈ ਕੇ ਪਤਲੇ ਹਨੇਰੇ ਵਿੱਚ ਕੁਛ ਸਾਉਲਾ ਜਾਪ ਰਿਹਾ ਸੀ।
"ਕਿਉਂ ? ਕੀ ਗੱਲ ਏ ? ਜਰਾ ਧੀਰਜ ਨਾਲ ਦੱਸੇ ਕੁਛ।" ਪਿਆਰੇ ਨੇ ਪਿਆਰ ਨਾਲ ਨੂਰਾਂ ਦੇ ਹੱਥ ਘੁਟਦਿਆਂ ਕਿਹਾ। ਨੂਰਾਂ ਦੀ ਘਬਰਾਹਟ ਨੇ ਪਿਆਰੇ ਦੇ ਅੰਦਰ ਚਿੰਤਾ ਪੈਦਾ ਕਰ ਦਿੱਤੀ ਸੀ। page-break
"ਇਹ ਗੱਲਾਂ ਕਰਨ ਸੁਣਨ ਦਾ ਵੇਲਾ ਨਹੀਂ।" ਨੂਰਾਂ ਨੇ ਜ਼ਰਾ ਹੋਰ ਨੇੜੇ ਹੋ ਕੇ ਕਿਹਾ, "ਚਲ ਏਸੇ ਵੇਲੇ ਕਿਧਰੇ ਨੱਸ ਚੱਲੀਏ। ਸੁਰ ਸਿੰਘ ਤੇਰੀ ਮਾਸੀ ਕੋਲ। ਫੇਰ ਵੇਲਾ ਹੱਥ ਨਹੀਉਂ ਔਣਾ। ਸਾਰੀ ਉਮਰ ਦੋਵੇਂ ਰੋਂਦੇ ਮਰਾਂਗੇ। ਢਿੱਲ ਨਾ ਕਰ। ਅੱਲ੍ਹਾ ਦਾ ਵਾਸਤਾ ਈ, ਛੇਤੀ ਕਰ।”
"ਪਰ ਤੂੰ ਕੋਈ ਗੱਲ ਵੀ ਦੱਸੇ? ਐਵੇਂ ਮੇਰਾ ਦਿਲ...।" ਪਿਆਰੇ ਨੂੰ ਵਾਕ ਪੂਰਾ ਕਰਨ ਵਾਸਤੇ ਅਗਾਂ ਸ਼ਬਦ ਕੋਈ ਨਾ ਮਿਲਿਆ ਕਿ ਉਹਦੇ ਦਿਲ ਨੂੰ ਕੀ ਹੋ ਰਿਹਾ ਸੀ।
"ਸੁਣ ਲੈ ਜੇ ਤੂੰ ਸੁਣ ਕੇ ਈ ਰਹਿਣਾ ਏਂ ਤਾਂ। ਭੈਂਗਾ ਮੌਲਵੀ ਮੇਰਾ ਸਾਕ ਮੰਗਦਾ ਈ। ਤੇ ਅੰਮਾ ਮੈਨੂੰ ਉਸ ਅੱਧ-ਬੁੱਢ ਲੀਚੜ ਨਾਲ ਨਰੜ ਦੇਣ ਲਈ ਰਾਜ਼ੀ ਹੋ ਗਈ ਊ। ਪਿਆਰਿਆ। ਮੈਂ ਕੁਛ ਖਾ ਕੇ ਮਰ ਜਾਵਾਂਗੀ, ਪਰ ਉਸ ਬੁੱਚੜ ਦੇ ਘਰ ਨਹੀਂ ਵੱਸਣਾ।"
"ਪਰ ਬਾਬਾ ਇਹ ਗੱਲ ਕਿਵੇਂ ਮੰਨ ਜਾਵੇਗਾ।" ਪਿਆਰੇ ਦੀ ਵਾਜ ਵਿੱਚ ਓੜਕਾਂ ਦੀ ਘਬਰਾਹਟ ਸੀ।
"ਅੱਬਾ ਨੂੰ ਕਿਸੇ ਨਹੀਂ ਪੁੱਛਣਾ। ਓਸ ਸਾਂਈ ਲੋਕ ਦੀ ਘਰ ਵਿੱਚ ਚਲਦੀ ਈ ਕਦੋਂ ਏਂ। ਕੀਤੀ ਹੁੰਦੀ ਏ ਅੰਮਾ ਦੀ ਜਾਂ ਥੋੜ੍ਹੀ ਬਹੁਤੀ ਵੱਡੇ ਮਾਮੇ ਦੀ।”
"ਪਰ ਇਹ ਸਾਕ ਤਾਂ ਤੇਰਾ ਮਾਮਾ ਵੀ ਨਹੀਂ ਮੰਨਣ ਲੱਗਾ। ਉਹਨੂੰ ਕਿਤੇ ਤੂੰ ਦੁੱਪਰਿਆਰੀ ਤਾਂ ਨਹੀਂ।”
"ਮਾਮੇ ਦੀ ਵੀ ਕੁਛ ਨਾ ਪੁੱਛ। ਆਟੇ ਦੀ ਤੌਣ ਨੂੰ ਸਾਰੇ ਝਾਟ ਮਾਰਨ ਦੀ ਕਰਦੇ ਨੇ। ਉਹ ਵੀ ਮੈਨੂੰ ਆਪਣੇ ਕਾਣੇ ਮੁੰਡੇ ਨਾਲ ਵਿਔਹਣਾ ਚਾਹੁੰਦਾ ਈ ਵੈਰੀਆ। ਸਾਰੇ ਸਾਡੇ ਲਹੂ ਦੇ ਤਿਹਾਏ ਈ। ਓਦਣ ਮਾਂ ਨੇ ਜੋ ਜੋ ਮੈਨੂੰ ਕਿਹਾ ਤੇ ਫਿਰ ਜੋ ਉਹਨੇ ਅੱਬਾ ਨਾਲ ਹੜੇ ਭਿੜੇ, ਸੁਣ ਲਿਆ ਸਈ ਨਾ । ਬੱਸ ਓਸੇ ਦਿਨ ਦੇ ਆਪਣੇ ਵਾਸਤੇ ਜਾਲ ਤਣੇ ਜਾ ਰਹੇ ਈ। ਅੱਬਾ ਵਿਚਾਰੇ ਦੇ ਵੱਸ ਹੋਵੇ ਤਾਂ ਉਹ ਬੜੀ ਖ਼ੁਸ਼ੀ ਨਾਲ ਮੇਰੀ ਬਾਂਹ ਤੇਰੇ ਹਵਾਲੇ ਕਰ ਦੇਵੇ। ਪਰ ਅੰਮਾ ਸਾਡੀ ਦੁਸ਼ਮਣ ਈਂ, ਪੱਕੀ ਵੈਰਨ। ਮੇਰੇ ਕੋਲ ਵਧੇਰੇ ਗੱਲਾਂ ਕਰਨ ਦਾ ਵਿਹਲ ਨਹੀਂ। ਨਾ ਜਾਣੀਏ ਕੋਈ ਆਪਾਂ ਨੂੰ ਵੇਖ ਲਏ। ਫੇਰ ਇਹ ਵੇਲਾ ਹੱਥ ਨਹੀਂਉਂ ਔਣਾ। ਅਖੇ ਲੰਘ ਗਏ ਸਮੇਂ ਨੂੰ ਘੋੜੇ ਨਹੀਂ ਮਿਲਦੇ। ਤੈਨੂੰ ਕੀ ਪਤਾ ਮੈਂ ਕੀ-ਕੀ ਪੰਜ ਲਾ ਕੇ ਘਰੋਂ ਆਈ ਆਂ। ਚੱਲ ਏਸ ਵੇਲੇ ਨੱਸ ਚਲੀਏ। ਮੈਨੂੰ ਕਿਥੇ ਛੱਡ ਕੇ ਤੂੰ ਭਲਕ ਆ ਕੇ ਚਾਚੇ ਚਾਚੀ ਨੂੰ ਦੱਸ ਜਾਈਂ।”
"ਨੂਰਾਂ। ਤੂੰ ਨਹੀਂ ਜਾਣਦੀ ਐਸ ਵੇਲੇ ਮੇਰੇ ਦਿਲ ਨਾਲ ਕੀ ਵਾਪਰ ਰਹੀ ਏ। ਮੈਂ ਤੈਨੂੰ ਲੈ ਕੇ ਚੋਰੀ ਨੱਸ ਜਾਵਾਂ ਤਾਂ ਜਾਣਦੀ ਏਂ ਬਾਬੇ ਦੇ ਜੀ ਵਿੱਚ ਕੀ page-break
ਆਵੇਗੀ ? ਉਹ ਕਿਤੇ ਖਲੋਣ ਜੋਗਾ ਨਹੀਂ ਰਹਿ ਜਾਵੇਗਾ ? ਸਾਰੇ ਮਿਹਣਾ ਮਾਰਨਗੇ, ਇਲਮਦੀਨ ਦੀ ਧੀ ਨਿਕਲ ਗਈ ਏ। ਆਪਣੀ ਜਾਨ 'ਤੇ ਮੈਂ ਹਜ਼ਾਰਾਂ ਦੁੱਖ ਸਹਿ ਲਵਾਂਗਾ, ਪਰ ਬਾਬੇ ਦੀ ਬੇਇੱਜ਼ਤੀ ਨਹੀਂ ਸਹਿ ਸਕਦਾ।" ਪਿਆਰੇ ਨੇ ਨਿਰਾਸਤਾ ਵਿੱਚ ਸਿਰ ਹਿਲਾ ਕੇ ਕਿਹਾ।
"ਹੱਛਾ, ਇਹ ਗੱਲ ਏ। ਮੈਂ ਨਹੀਂ ਸੀ ਜਾਣਦੀ ਕਿ ਧੋਖੇਬਾਜ਼ ਮਰਦਾਂ ਵਾਂਗ ਤੂੰ ਵੀ ਬਹਾਨੇ ਬਨੌਣਾ ਸਿੱਖ ਜਾਵੇਂਗਾ।" ਗੁੱਸੇ ਨਾਲ ਨੂਰਾਂ ਨੇ ਪਿਆਰੇ ਦੇ ਫੜੇ ਹੋਏ ਹੱਥ ਝਟਕ ਦਿੱਤੇ।
"ਨੂਰਾਂ! ਮੈਨੂੰ ਗ਼ਲਤ ਨਾ ਸਮਝ। ਧਰਤੀ ਡੋਲ ਜਾਏਗੀ, ਪਰ ਪਿਆਰਾ ਜ਼ਬਾਨੋਂ ਨਹੀਂ ਡੋਲੇਗਾ। ਮੈਂ ਤੇਰੇ ਨਾਲ ਵਿਆਹ ਕਰੌਣ ਦਾ ਕੌਲ ਦਿੱਤਾ ਹੋਇਆ ਏ। ਮੈਂ ਆਪਣੇ......।"
"ਓਸ ਤਰ੍ਹਾਂ ਅੱਬਾ ਦੀ ਬੇਇੱਜ਼ਤੀ ਨਹੀਂ ਹੋਵੇਗੀ ? ਫੇਰ ਨਾ ਲੋਕ ਆਖਣਗੇ ਕਿ ਇਲਮਦੀਨ ਦੀ ਧੀ ਨੇ ਸਿੱਖਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਏ ?"
"ਆਖਣ ਪਏ ਲੋਕ। ਓਸ ਵਿੱਚ ਪਾਪ ਤਾਂ ਨਹੀਂ ਨਾ ਕੋਈ।"
“ਚੰਗਾ, ਤੂੰ ਰਾਂਝੇ ਵਾਂਗ ਪਾਪ ਪੁੰਨ ਵਚਾਰਦਾ ਰਹੀਂ ਬੈਠਾ ਤੇ ਸਾਡਾ ਅੱਲ੍ਹਾ ਬੇਲੀ। ਡਰਾਕਲ ਕਿਸੇ ਥਾਂ ਦਾ। ਜੇ ਨੂਰਾਂ ਦਾ ਲੂੰ ਵੀ ਤੈਨੂੰ ਵਖਾ ਗਿਆ ਕੋਈ ਤਾਂ ਆਖੀਂ। ਮੈਂ ਚਲੀ ਆਂ।"
"ਨੂਰਾਂ!” ਮੁੜਦੀ ਨੂਰਾਂ ਦੀ ਛੇਤੀ ਨਾਲ ਬਾਂਹ ਫੜ ਕੇ ਪਿਆਰੇ ਨੇ ਜਿਵੇਂ ਚੀਕ ਕੇ ਕਿਹਾ, "ਮੈਂ ਡਰਾਕਲ ਨਹੀਂ। ਤੇਰੇ ਬਦਲੇ ਮੈਂ ਸਿਰ ਦੇ ਸਕਦਾਂ, ਪਰ ਬਾਬੇ ਇਲਮਦੀਨ ਦਾ ਦਿਲ ਨਹੀਂ ਦੁਖਾ ਸਕਦਾ। ਮੈਂ ਭਲਕੇ ਆਪ ਬਾਬੇ ਨਾਲ ਗੱਲ ਕਰਾਂਗਾ। ਤੂੰ ਘਬਰਾ ਨਾ। ਮੈਂ ਆਪੇ ਸਭ ਕੁਝ...।"
"ਵੇ ਛੱਡ ਜੱਟਾ ਇਹ ਮੋਮੋਠਗਣੀਆਂ। ਰਾਜੀ ਰਹੁ। ਨੂਰਾਂ ਆਪਣੇ ਬਲ ਪੁੱਜਾ ਚਲੀ ਏ। ਯਾਦ ਰਖੀਂ। ਨੂਰਾਂ ਤਾਂ ਸਾਰੀ ਉਮਰ ਦੀਵੇ ਦੀ ਵੱਟੀ ਵਾਂਗ ਸੜਦੀ ਰਹੇਗੀ, ਪਰ ਚੈਨ ਤੇਰੇ ਦਿਲ ਨੂੰ ਵੀ ਨਹੀਂ ਆਵੇਗਾ! ਚਲੋ ਮੁਹੱਬਤ ਕਰਨ ਵਾਲਿਆਂ ਦੇ ਪੱਲੇ ਰੋਣਾ ਈ ਪਿਆ ਕਰਦਾ ਏ।" ਨੂਰਾਂ ਦੂਜੇ ਹੱਥ ਨਾਲ ਬਾਂਹ ਛੁਡਾ ਕੇ ਤੁਰ ਪਈ।
"ਨੂਰਾਂ ! ਨੂਰਾਂ! ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ। ਮੈਂ ਭਲਕੇ ਈ ਸਭ ਕੁਝ ਕਰ ਲਵਾਂਗਾ, ਸਿਆਣਿਆਂ ਆਖਿਆ ਏ...।”
ਪਿਆਰਾ ਸਿਆਣਿਆਂ ਦੇ ਕਥਨਾਂ ਉੱਤੇ ਵਿਚਾਰ ਕਰਦਾ ਰਹਿ ਗਿਆ ਤੇ ਨੂਰਾਂ ਚਲੀ ਗਈ। ਉਹਨੇ ਫਿਰ ਪਿੱਛਾਂ ਭੌਂ ਕੇ ਨਹੀਂ ਵੇਖਿਆ। ਉਹਦੇ ਅੰਦਰ ਅਥਾਹ ਗੁੱਸਾ ਸੀ ਤੇ ਕੁਛ-ਕੁਛ ਘਿਰਣਾ ਵੀ। ਪਰ ਘਿਰਣਾ ਪਿਆਰ ਵਾਸਤੇ ਨਹੀਂ, page-break
ਆਪਣੇ ਆਪ ਵਾਸਤੇ ਸੀ। ਉਹ ਸੋਚਦੀ ਜਾ ਰਹੀ ਸੀ, "ਮੈਂ ਆਪਣੇ ਮੂੰਹੋਂ ਇਹ ਕੁਝ ਆਖ ਕੇ ਕਿਉਂ ਹੌਲੀ ਪਈ। ਪਿਆਰੇ ਨੇ ਮੇਰੀ ਇਸ ਗੱਲ ਦਾ ਕੀ ਮੁੱਲ ਪਾਇਆ। ਪਿਆਰਾ! ਪਿਆਰਾ ਖਵਰੇ ਉਹ ਵੀ ਆਮ ਮਰਦਾਂ ਵਾਂਗ। ਪਰ ਓਹ ਆਮ ਬੰਦਿਆਂ ਵਰਗਾ ਨਹੀਂ। ਹੋਰ ਕੋਈ ਮੁੰਡਾ ਹੁੰਦਾ ਤਾਂ ਜਿੰਨੀ ਮੈਂ ਉਹਦੇ ਉੱਤੇ ਵਿੱਸ ਗਈ ਸਾਂ, ਉਹ ਮੈਨੂੰ ਕਿਸੇ ਥਾਂ ਜੋਗਾ ਨਾ ਛੱਡਦਾ। ਨਹੀਂ ਉਹ ਦੂਜਿਆਂ ਵਾਂਗ ਨਹੀਂ। ਉਹਦੇ ਮਨ ਵਿੱਚ ਮੈਲ ਨਹੀਂ। ਉਹਦੀ ਮੁਹੱਬਤ ਪਾਕ ਸਾਫ਼ ਏ। ਫਿਰ ਉਹਨੇ ਨਾਂਹ ਕਿਉਂ ਕਰ ਦਿੱਤੀ। ਮਾਂ ਪਿਉ ਤੋਂ ਡਰਦਿਆਂ ? ਮੇਰਾ ਮਨ ਨਹੀਂ ਮੰਨਦਾ। ਉਹਦਾ ਬਾਪੂ ਵੀ ਮੇਰੇ ਅੱਬਾ ਵਾਂਗ ਚੰਗਾ ਏ। ਤੇ ਚਾਚੀ ਤਾਂ ਉਦਣ ਚੇਤਾ ਈ ਨਾ! ਲੋਕ ਲਾਜ ਤੋਂ ਡਰਦਿਆਂ ਭਾਵੇਂ ਦੋ ਚਾਰ ਦਿਨ ਨੱਕ ਮੂੰਹ ਵੱਟਦੇ ਫੇਰ ਆਪੇ ਠੀਕ ਹੋ ਜਾਂਦੇ। ਫੇਰ ਪਿਆਰਾ ਹੋਰ ਕਿਹੜੀ ਗੱਲੋਂ ਝਿਜਕ ਗਿਆ ? ਸਗੋਂ ਉਹਦਾ ਆਪਣਾ ਮਨ ਈ ਤਾਂ ਨਹੀਂ ਫਿਰ ਗਿਆ ? ਚਾਰ ਪੰਜ ਸਾਲ ਹੋਏ ਉਹਦੀ ਮੰਗਣੀ ਵੀ ਹੋ ਗਈ ਹੋਈ ਏ ਨਾ। ਖਵਰੇ ਖਵਰੇ...। ਆਹੰਦੇ ਹੁੰਦੇ ਨੇ, ਦਿਲ ਦਰਿਆ ਸਮੁੰਦਰੋਂ ਡੂੰਘੇ। ਕੀ ਦੇਰ ਲੱਗਦੀ ਏ ਕਿਸੇ ਦਾ ਦਿਲ ਫਿਰਦਿਆਂ। ਨਹੀਂ ਨਹੀਂ ਇਹ ਮੇਰਾ ਵਹਿਮ ਏਂ। ਉਹ ਉਂਞ ਈ ਡਰਾਕਲ ਏ, ਨਿਰਾ ਡਰਪੋਕ ਤੇ ਸੰਗਾਊ। ਕਿਸੇ ਕੁੜੀ ਨੂੰ ਉਹ ਸੰਗਦਾ ਬੁਲਾ ਈ ਨਹੀਂ ਸਕਦਾ। ਡਰ ਨਾਲ ਉਹਦੇ ਮੱਥੇ 'ਤੇ ਤਰੇਲੀ ਆ ਜਾਂਦੀ ਏ। ਸਾਡੀ ਮੁਹੱਬਤ ਵਿੱਚ ਵੀ ਪਹਿਲ ਮੇਰੇ ਵੱਲੋਂ ਈ ਹੋਈ ਸੀ। ਪਰ ਹੁਣ ਉਹਨੂੰ ਮੈਥੋਂ ਕਾਹਦਾ ਡਰ ਸੀ। ਕੀ ਉਹਨੇ ਸੋਚਿਆ ਹੋਵੇ ਕਿ ਪਿੱਛੋਂ ਕਿਤੇ ਨੂਰਾਂ ਡੋਲ ਨਾ ਜਾਵੇ। ਏਹੋ ਜੇਹੀਆਂ ਦੇ ਪਿੱਛੋਂ ਮੁਕੱਦਮੇ ਚਲਦੇ ਹੁੰਦੇ ਨੇ ਨਾ। ਤੇ ਫੈਸਲਾ ਓਸੇ ਪਾਸੇ ਹੁੰਦਾ ਏ ? ਵੈਰੀਆ! ਤੂੰ ਅਜ਼ਮਾ ਕੇ ਤਾਂ ਵਿਹੰਦੋਂ। ਨੂਰਾਂ ਕਦੇ ਕੌਲੋਂ ਨਾ ਹਾਰਦੀ ਭਾਵੇਂ ਉਹਨੂੰ ਜਿਊਂਦੀ ਨੂੰ ਤੇਲ ਪਾ ਕੇ ਸਾੜ ਦੇਂਦੇ : ਪਰ ਹੁਣ ਕੀ ਬਣੇਗਾ ? ਪਰਸੋਂ ਮੇਰੇ ਮਾਮੇ ਨੇ ਔਣਾ ਏਂ ਤੇ ਅੰਮਾਂ ਨੇ ਮੈਨੂੰ ਉਹਦੇ ਨਾਲ ਭੇਜ ਦੇਣਾ ਏਂ। ਤੇ ਇਕ ਵਾਰ ਗਈ ਨੂਰਾਂ ਨੇ ਫੇਰ ਏਸ ਪਿੰਡ ਵਿੱਚ ਨਹੀਂ ਔਣਾ। ਸਿਰਫ਼ ਏਨਾ ਈ ਨਹੀਂ, ਨੂਰਾਂ ਦੀ ਪਾਕ ਮੁਹੱਬਤ ਉੱਤੇ ਡਾਕਾ ਵੱਜ ਜਾਵੇਗਾ। ਦੋ ਲੁਟੇਰੇ ਤਾਕ ਲਾਈ ਬੈਠੇ ਨੇ। ਇਕ ਪਾਸੇ ਗੈਂਗਾ ਮੌਲਵੀ ਤੇ ਦੂਜੇ ਪਾਸੇ ਕਾਣਾ ਅਲੀਆ। ਯਾ ਅੱਲ੍ਹਾ। ਮੇਰੀ ਦੋਹੀਂ ਪਾਸੀਂ ਦੋਜ਼ਕ ਏ, ਬਲਦਾ ਦੋਜ਼ਕ। ਏਥੋਂ ਬਚਾ ਲਵੇਂ ਤਾਂ ਜਾਣਾ। ਮੇਰਾ ਸਿਦਕ ਮੇਰੀ ਮੁਹੱਬਤ।"
ਨੂਰਾਂ ਦੀਆਂ ਸੋਚਾਂ ਅਜੇ ਮੁੱਕੀਆਂ ਨਹੀਂ ਸਨ ਜਾਂ ਪੰਧ ਮੁੱਕ ਗਿਆ। ਘਰ ਜਾਂਦਿਆਂ ਅੱਗੋਂ ਫ਼ਾਤਮਾ ਦੇ ਮਿਹਣੇ ਤਾਹਨੇ ਸ਼ੁਰੂ ਹੋ ਗਏ। ਫੇਰ ਕੀ ਸੀ। ਆਹੁੰਦੇ ਹੁੰਦੇ ਨੇ ਰੱਬ ਦੇਵੇ ਤੇ ਬੰਦਾ ਸਹੇ।
ਦੋ ਦਿਨ ਨੂਰਾਂ ਇਹਨਾਂ ਹੀ ਘੁੰਮਣ ਘੇਰਾਂ ਵਿੱਚ ਪਈ ਰਹੀ। ਅੱਠੇ ਪਹਿਰ ਉਹ page-break
ਇਕੋ ਸੋਚ ਵਿੱਚ ਡੁੱਬੀ ਰਹਿੰਦੀ। ਪਿਆਰਾ ਕਿਉਂ ਵਿਹਰ ਗਿਆ ? ਉਹਦੇ ਦਿਲ ਵਿੱਚ ਕੀ ਹੋਵੇ ? ਹੁਣ ਕੀ ਬਣੇਗਾ? ਕੀ ਬਣੇਗਾ ?
ਤੀਸਰੇ ਦਿਨ ਨੂਰਾਂ ਦਾ ਮਾਮਾ ਆਇਆ ਤੇ ਉਹਨੂੰ ਨਾਲ ਲਾਹੌਰ ਲੈ ਗਿਆ ?
ਪਿਆਰਾ ਵੀ ਸੁੱਤਾ/ਜਾਗਦਾ ਏਹੋ ਗੱਲਾਂ ਸੋਚਦਾ ਰਹਿੰਦਾ, “ਡਰਾਕਲ ? ਤੂੰ ਮੈਨੂੰ ਡਰਾਕਲ ਸਮਝਦੀ ਏਂ ? ਡਰਾਕਲ ਤੇ ਸੂਰਮੇ ਦਾ ਪਤਾ ਲੱਗਦਾ ਏ ਮਦਾਨ ਵਿੱਚ ਜਦ ਕਿਤੇ ਮੌਕਾ ਬਣੇ ਤਾਂ ਜਵਾਨ ਦੇ ਹੱਥ ਵੇਖੇਂ। ਵਾਹਰਾਂ ਦਾ ਮੂੰਹ ਮੋੜ ਦਿਆਂ ਮੈਂ ਕੱਲਾ ਹੀ। ਸਿਰ ਦੇ ਦਿਆਂ ਪਰ ਪੈਰ ਪਿੱਛੇ ਨਾ ਧਰਾਂ । ਨੂਰਾਂ! ਤੂੰ ਮੈਨੂੰ ਗ਼ਲਤ ਸਮਝਿਆ ਏ। ਮੈਂ ਕਿਸੇ ਗੱਲੋਂ ਡਰ ਕੇ ਨਾਂਹ ਨਹੀਂ ਕੀਤੀ। ਤੂੰ ਮੇਰੇ ਵੱਲ ਏਂ, ਡਰ ਕਾਹਦਾ ? ਤੇਰੀ ਮੁਹੱਬਤ 'ਤੇ ਮੈਨੂੰ ਪੂਰਾ ਭਰੋਸਾ ਏ। ਪਰ ਮੈਂ ਬਾਬੇ ਇਲਮਦੀਨ ਦਾ ਦਿਲ ਨਹੀਂ ਦੁਖਾ ਸਕਦਾ। ਨਾਲੇ ਜਦੋਂ ਉਹ ਸਾਡੇ ਵੱਲ ਵੀ ਏ। ਤੂੰ ਨਹੀਂ ਜਾਣਦੀ ਬਾਬੇ ਦੀ ਮੇਰੇ ਦਿਲ ਵਿੱਚ ਕਿੰਨੀ ਕਦਰ ਏ। ਉਹਦਾ ਦਿਲ ਦਖੌਣ ਨਾਲੋਂ ਆਪ ਸਾਰੀ ਉਮਰ ਸੜਦੇ ਰਹਿਣਾ ਚੰਗਾ ਏ। ਤੂੰ ਡੋਲ ਨਾ, ਸਭ ਕੁਛ ਠੀਕ ਹੋ ਜਾਵੇਗਾ। ਮੈਨੂੰ ਭਰੋਸਾ ਏ ਤੂੰ ਮੇਰੀ ਏਂ ਤੇ ਮੇਰੀ ਰਹੇਂਗੀ। ਬੱਸ ਦੋ ਚਾਰ ਦਿਨ ਦੀ ਤਾਂ ਗੱਲ ਏ। ਮੈਂ ਬਾਬੇ ਨਾਲ ਗੱਲ ਕਰਾਂਗਾ। ਸੰਗਾ ? ਸੰਗਾ ਤਾਂ ਬੜੀ ਆਵੇਗੀ, ਪਰ ਕੋਈ ਹੋਰ ਚਾਰਾ ਨਹੀਂ। ਓਹ ਮੰਨ ਗਿਆ ਤਾਂ ਆਪਾਂ ਚੁੱਪ ਕਰਕੇ ਖਿਸਕ ਚੱਲਾਂਗੇ। ਸਿੱਧੇ ਚੱਲਾਂਗੇ ਅੰਮ੍ਰਿਤਸਰ। ਅਕਾਲ ਤਖਤੋਂ ਅੰਮ੍ਰਿਤ ਛਕ ਕੇ ਤੇ ਅਨੰਦ ਪੜ੍ਹਾ ਕੇ ਮੁੜਾਂਗੇ। ਫੇਰ ਕੋਈ ਪਾਪ ਨਹੀਂ। ਤੇ ਡਰ ਤਾਂ ਮੈਨੂੰ ਹੁਣ ਵੀ ਕਿਸੇ ਦਾ ਨਹੀਂ। ਤੂੰ ਤਾਂ ਥੋੜ-ਦਿਲੀ ਏਂ। ਐਵੇਂ ਘਬਰਾ ਜਾਂਦੀ ਏਂ। ਭਲਾ ਇਹਦੇ ਵਿੱਚ ਡਰਨ ਡੋਲਣ ਵਾਲੀ ਕਿਹੜੀ ਗੱਲ ਏ। ਐਡੀ ਛੇਤੀ ਤੇਰੀ ਮਾਂ ਕਿਤੇ ਤੈਨੂੰ ਖਾ ਨਹੀਂ ਚੱਲੀ। ਪਰ ਪਰ..। ਫੇਰ ਪਿਆਰਾ ਕੁਛ ਹੋਰ ਹੀ ਸੋਚਣ ਲੱਗ ਪੈਂਦਾ। ਕਿਤੇ ਨੂਰਾਂ ਦੇ ਦਿਲ ਵਿੱਚ ਕੋਈ ਹੋਰ ਵਹਿਮ ਨਾ ਬਹਿ ਜਾਂਦਾ ਹੋਵੇ। ਮਤਾਂ ਉਹ ਸੋਚਦੀ ਹੋਵੇ ਕਿ ਮੈਂ ਉਸ ਤੋਂ ਕੰਨੀ ਖਸਕੌਣ ਲੱਗ ਪਿਆਂ। ਕਦੇ ਹੋ ਸਕਦਾ ਏ ? ਇਕ ਵਾਰ ਨੂਰਾਂ ਦਿਲ ਵਿੱਚ ਵੱਸ ਗਈ ਏ, ਹੁਣ ਓਹ ਉਥੋਂ ਨਿਕਲ ਸਕਦੀ ਏ ? ਨਹੀਂ ਮਰਦ ਨਾ ਹਾਰਨ ਕੌਲ। ਪਰ ਇਹ ਵੀ ਤਾਂ ਆਹੰਦੇ ਨੇ : ਕਿਸਮਤ ਨਾਲ ਨਾ ਜ਼ੋਰ। ਕਿਤੇ ਕਿਸਮਤ ਦਗਾ ਨਾ ਦੇ ਜਾਵੇ। ਹੈਂ ? ਮੈਂ ਸਗੋਂ ਗ਼ਲਤੀ ਤਾਂ ਨਹੀਂ ਕਰ ਬੈਠਾ ? ਜਿਵੇਂ ਨੂਰਾਂ ਆਂਹਦੀ ਸੀ ਉਹਦਾ ਮਾਮਾ ਉਹਨੂੰ ਲਾਹੌਰ ਲੈ ਗਿਆ, ਤਾਂ ਫਿਰ ਕੋਈ ਚਾਰਾ ਨਹੀਂ। ਇਹ ਤਾਂ ਬਹੁਤ ਮਾੜੀ ਹੋਈ। ਮੈਨੂੰ ਉਹਦੇ ਆਖੇ ਲੱਗ ਜਾਣਾ ਚਾਹੀਦਾ ਸੀ। ਬਾਬੇ ਇਲਮਦੀਨ ਤੋਂ ਅਗਲੇ ਦਿਨ ਆ ਕੇ ਮਾਫ਼ੀ ਮੰਗ ਲੈਂਦਾ। ਮਾਫ਼ੀ ? ਕਿਹੜੇ ਮੂੰਹ ਨਾਲ ? ਇਹ ਓੜਕ ਕਰਕੇ ਮੈਂ ਉਸ ਤੋਂ ਮਾਫ਼ੀ ਕਿਵੇਂ ਮੰਗਦਾ। ਤੇ ਕਿਹੜਾ ਦਾੜੀ ਵਾਲਾ ਏਸ
ਗੱਲ ਨੂੰ ਸਹਿ ਸਕਦਾ ਏ। ਚਲੋ ਜੋ ਹੋਇਆ ਠੀਕ ਹੋਇਆ। ... ਨਹੀਂ ਬੜੀ ਵੱਡੀ ਭੁੱਲ ਹੋ ਗਈ। ਹੁਣ ਉਹ ਵੇਲਾ ਹੱਥ ਨਹੀਂ ਆ ਸਕਦਾ। ਆਪਣੇ ਹੱਥੀਂ ਆਪਣੀ ਕਿਸਮਤ ਤਬਾਹ ਕਰ ਲਈ। ਪਰ ਅਜੇ ਕੀ ਵਿਗੜਿਆ ਏ ? ਭਲਕੇ ਪ੍ਰੀਤੂ ਨੂੰ ਘੱਲਾਂਗਾ। ਪ੍ਰੀਤੂ ਤੇ ਨੂਰਾਂ ਮੇਰੇ ਨਾਲ ਹੋਣ ਫੇਰ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਮੈਂ ਵਿਗੜੀ ਹੋਈ ਕਿਸਮਤ ਫੇਰ।" ਇਕ ਰਾਤ ਨਹੀਂ, ਕਈ ਦਿਨ ਤੇ ਰਾਤਾਂ ਪਿਆਰਾ ਇਹਨਾਂ ਹੀ ਸੋਚਾਂ ਵਿੱਚ ਘਿਰਿਆ ਰਿਹਾ।
ਅਗਲੇ ਦਿਨ, ਅਗਲੇਰੇ ਦਿਨ ਤੇ ਉਸ ਤੋਂ ਅਗਲੇ ਦਿਨ ਪਿਆਰਾ ਇਲਮਦੀਨ ਨਾਲ ਗੱਲ ਕਰਨ ਬਾਰੇ ਸੋਚਦਾ ਰਿਹਾ, ਪਰ ਉਹਦਾ ਹੌਸਲਾ ਨਾ ਪਿਆ।
ਚੌਥੇ ਦਿਨ ਨੂਰਾਂ ਲਾਹੌਰ ਭੇਜ ਦਿੱਤੀ ਗਈ।
੮.
੧੮੮੫ ਈ. ਵਿੱਚ 'ਇੰਡੀਅਨ ਨੈਸ਼ਨਲ ਕਾਂਗਰਸ' ਦੀ ਨੀਂਹ ਰੱਖੀ ਗਈ। ਪਹਿਲਾਂ ਉਸ ਦਾ ਨਿਸ਼ਾਨਾ ਕੇਵਲ ਪਰਚਲਤ ਕਾਨੂੰਨ ਵਿੱਚ ਕੁਛ ਸੁਧਾਰ ਕਰਨਾ ਹੀ ਸੀ, ਫਿਰ ਉਹਨੇ ਸਹਿਜ-ਸਹਿਜ ਅੰਗਰੇਜ਼ੀ ਸਰਕਾਰ ਦੀ ਵਿਰੋਧਤਾ ਸ਼ੁਰੂ ਕੀਤੀ, ਪਰ ਬੜੇ ਸੁਖਾਵੇਂ ਸ਼ਬਦਾਂ ਵਿੱਚ। ਇਸ ਤਰ੍ਹਾਂ ਸਰਕਾਰ ਹਿੰਦ ਤੇ ਕਾਂਗਰਸ ਵਿੱਚ ਕੁਝ ਪਾੜ ਵਧਣਾ ਸ਼ੁਰੂ ਹੋ ਗਿਆ। ਜਿਉਂ-ਜਿਉਂ ਕਾਂਗਰਸ, ਸਰਕਾਰ ਤੋਂ ਦੂਰ ਹੁੰਦੀ ਗਈ, ਦੇਸ਼ ਦੀ ਸਤਾਈ ਹੋਈ ਗ਼ਰੀਬ ਜਨਤਾ ਉਸ ਵੱਲ ਝੁਕਦੀ ਗਈ। ੧੯੦੫ ਈ. ਵਿੱਚ ਕਾਂਗਰਸ ਨੇ ਬਦੇਸ਼ੀ ਮਾਲ ਦੇ ਬਾਈਕਾਟ ਦਾ ਕੰਮ ਆਰੰਭ ਕੀਤਾ। ਅੰਗਰੇਜ਼ੀ ਸਰਕਾਰ ਓਸੇ ਦਿਨ ਤੋਂ ਕਾਂਗਰਸ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਈ।
ਅੰਗਰੇਜ਼ ਨੀਤੀ ਦੇ ਧਨੀ ਸਨ। ਉਹਨਾਂ ਨੇ ਕਿਸੇ ਅਜੇਹੀ ਜਥੇਬੰਦੀ ਦੀ ਲੋੜ ਮਹਿਸੂਸ ਕੀਤੀ, ਜਿਸ ਨੂੰ ਉਹ ਕਾਂਗਰਸ ਦੇ ਵਿਰੁੱਧ ਵਰਤ ਸਕਣ। ਅੰਗਰੇਜ਼ੀ ਕਰਮਚਾਰੀਆਂ ਨੇ ਏਸ ਮਤਲਬ ਵਾਸਤੇ 'ਆਲ ਇੰਡੀਆ ਮੁਸਲਮ ਲੀਗ' ਦੀ ਨੀਂਹ ਰਖਵਾਈ। ਮੁਸਲਮ ਲੀਗ ਦਾ ਪਹਿਲਾ ਜਲਸਾ ੧੯੦੬ ਈ: ਨੂੰ ਢਾਕੇ ਵਿੱਚ ਹੋਇਆ। ਓਸੇ ਜਲਸੇ ਵਿੱਚ ਮੁਸਲਮ ਲੀਗ ਨੇ ਮਜ਼ਹਬ ਦੇ ਨਾਂ ਉੱਤੇ ਵੱਖਰੀਆਂ ਚੋਣਾਂ ਤੇ ਵੱਖਰੇ ਹੱਕਾਂ ਦੀ ਮੰਗ ਕਰ ਦਿੱਤੀ। ਅਗਲੇ ਸਾਲ ਹਿੰਦ ਦੇ ਵਾਇਸਰਾਏ ਲਾਰਡ ਮਿੰਟੋ (Minto) ਨੇ ਮੁਸਲਮ ਲੀਗ ਦੀ ਇਹ ਮੰਗ ਪ੍ਰਵਾਨ ਕਰ ਲਈ।
ਅੰਗਰੇਜ਼ ਕਰਮਚਾਰੀਆਂ ਦੀ ਸ਼ਹਿ ਉੱਤੇ ਮੁਸਲਮ ਲੀਗ ਦੀਆਂ ਮੰਗਾਂ ਦਿਨ ਦਿਨ ਵਧਦੀਆਂ ਗਈਆਂ। ਅੰਤ ੧੯੪੦ ਈ: ਨੂੰ ਲਾਹੌਰ ਦੇ ਇਜਲਾਸ ਵਿੱਚ
ਮੁਸਲਮ ਲੀਗ ਨੇ ਖੁੱਲ੍ਹੇ ਸ਼ਬਦਾਂ ਵਿੱਚ ਕਹਿ ਦਿੱਤਾ ਕਿ "ਮੁਸਲਮਾਨ ਇਕ ਵੱਖਰੀ ਕੌਮ ਹਨ। ਬਾਕੀ ਹਿੰਦੁਸਤਾਨੀਆਂ ਨਾਲ ਉਹਨਾਂ ਦੀ ਕੋਈ ਸਾਂਝ ਨਹੀਂ। ਮੁਸਲਮਾਨਾਂ ਵਾਸਤੇ ਵੱਖਰਾ ਮੁਲਕ ਪਾਕਿਸਤਾਨ ਬਣਨਾ ਚਾਹੀਦਾ ਹੈ। ਜਿਨ੍ਹਾਂ ਸੂਬਿਆਂ ਵਿੱਚ ਮੁਸਲਮਾਨਾਂ ਦੀ ਬਹੁ-ਗਿਣਤੀ ਹੈ, ਉਹ ਪਾਕਿਸਤਾਨ ਵਿੱਚ ਸ਼ਾਮਲ ਕੀਤੇ ਜਾਣ।"
ਗੱਲ ਸਾਫ਼ ਹੋ ਗਈ। ਨਿਸ਼ਾਨੇ ਮਿਥ ਲਏ ਗਏ। ਰਾਹ ਵੱਖਰੇ ਹੋ ਗਏ। ਕਾਂਗਰਸ ਨੇ ਅਜ਼ਾਦੀ ਹਾਸਲ ਕਰਨ ਵਾਸਤੇ ਅੰਗੇਰਜ਼ੀ ਸਰਕਾਰ ਨਾਲ ਲੜਾਈ ਗਰਮ ਕਰ ਦਿੱਤੀ ਤੇ ਮੁਸਲਮ ਲੀਗ ਕਾਂਗਰਸ ਨਾਲ ਲੜਨ ਦੀ ਤਿਆਰੀ ਵਿੱਚ ਰੁੱਝ ਗਈ। ਅੰਗਰੇਜ਼ ਕਰਮਚਾਰੀ ਉੱਪਰੋਂ-ਉੱਪਰੋਂ ਦੋਹਾਂ ਧੜਿਆਂ ਵਿੱਚ ਸੁਲ੍ਹਾ ਕਰਾਉਣ ਦਾ ਯਤਨ ਕਰਦੇ, ਪਰ ਅੰਦਰੋਂ-ਅੰਦਰ ਮੁਸਲਮ ਲੀਗ ਨੂੰ ਚੁੱਕ ਕੇ ਪਾੜ ਵਧਾਉਂਦੇ ਜਾਂਦੇ।
ਜੁਲਾਈ ੧੯੪੬ ਈ: ਵਿੱਚ ਮੁਸਲਮ ਲੀਗ ਨੇ ਡਾਇਰੈਕਟ ਐਕਸ਼ਨ (ਸਿੱਧੀ ਟੱਕਰ) ਦਾ ਐਲਾਨ ਕੀਤਾ ਤੇ ਇਸ ਕੰਮ ਵਾਸਤੇ ਸੋਲਾਂ ਅਗਸਤ ਦਾ ਦਿਨ ਨਿਯਤ ਕਰ ਦਿੱਤਾ। ਸੋਲਾਂ ਅਗਸਤ ਦੇ ਦਿਨ ਮਾਰੂ ਹਥਿਆਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਮੁਸਲਮ ਲੀਗੀਆਂ ਨੇ ਕਲਕੱਤੇ ਵਿੱਚ ਜਲੂਸ ਕੱਢਿਆ। ਉਹਨਾਂ ਦੀ ਗਿਣੀ ਮਿੱਥੀ ਗੋਂਦ ਅਨੁਸਾਰ ਭੜਕਾਊ ਨਾਹਰਿਆਂ ਦੇ ਕਾਰਣ ਕਲਕੱਤੇ ਵਿੱਚ ਹਿੰਦੂ- ਮੁਸਲਮ ਫ਼ਸਾਦ ਹੋ ਗਿਆ । ਦਸਾਂ-ਬਾਰਾਂ ਦਿਨਾਂ ਦੇ ਅੰਦਰ ਕਲਕੱਤੇ ਵਿੱਚ ਲਗਭਗ ਵੀਹ ਹਜ਼ਾਰ ਆਦਮੀ ਮਾਰੇ ਗਏ, ਸੱਤਰ ਅੱਸੀ ਹਜ਼ਾਰ ਘਰਾਂ ਤੋਂ ਉੱਜੜ ਗਏ ਤੇ ਕਰੋੜਾਂ ਰੁਪਏ ਦੇ ਮਾਲ ਅਸਬਾਬ ਤੇ ਮਕਾਨਾਂ ਦਾ ਨੁਕਸਾਨ ਹੋ ਗਿਆ। ਇਹ ਹਿਸਾਬ ਕੌਣ ਲਾਉਂਦਾ ਕਿ ਵਧੇਰੇ ਨੁਕਸਾਨ ਹਿੰਦੂਆਂ ਦਾ ਹੋਇਆ ਜਾਂ ਮੁਸਲਮਾਨਾਂ ਦਾ। ਲੋਕਾਂ ਦੀ ਰਾਇ ਹੈ ਕਿ ਇਹ ਲਹੂ ਅੱਗ ਦੀ ਹੋਲੀ ਆਰੰਭ ਕਰਨ ਵਾਲਿਆਂ ਦਾ ਹੀ ਵਧੇਰੇ ਨੁਕਸਾਨ ਹੋਇਆ।
ਲੱਗੀ ਅੱਗ ਬੁਝਦੀ ਨਹੀਂ, ਜੇ ਉਸ ਨੂੰ ਬਾਲਣ ਮਿਲਦਾ ਜਾਏ। ਅਕਤੂਬਰ ਵਿੱਚ ਨਵਾਖਲੀ ਤੇ ਬਿਹਾਰ ਅੰਦਰ ਫਸਾਦ ਹੋਏ, ਜਿਸ ਦਾ ਫਲ ਹਜ਼ਾਰਾਂ ਬੰਦੇ ਮਾਰੇ ਗਏ ਤੇ ਉਸ ਤੋਂ ਕਈ ਗੁਣਾ ਬੇਘਰ ਹੋ ਗਏ। ਚੜ੍ਹਦੇ ਪਾਸੇ ਲੱਗੀ ਅੰਤ ਲਹਿੰਦੇ ਪਾਸੇ ਵੀ ਆ ਗਈ। ਸੰਨ ਛਿਤਾਲੀ ਦੇ ਮੁੱਕਣ ਤੋਂ ਪਹਿਲਾਂ ਹੀ ਹਜ਼ਾਰੇ ਵਿੱਚ ਫ਼ਸਾਦ ਸ਼ੁਰੂ ਹੋ ਗਏ।
ਫ਼ਰਵਰੀ ੧੯੪੭ ਈ: ਨੂੰ ਅੰਗਰੇਜ਼ਾਂ ਨੇ ਐਲਾਨ ਕੀਤਾ ਕਿ ਜੇ ਕਾਂਗਰਸ ਤੇ ਮੁਸਲਮ ਲੀਗ ਵਿੱਚ ਕੋਈ ਸਮਝੌਤਾ ਹੋਇਆ ਤਾਂ ੧੯੪੮ ਦੇ ਜੂਨ ਵਿੱਚ ਅੰਗਰੇਜ਼ ਸੂਬਕ ਵਜ਼ਾਰਤਾਂ ਨੂੰ ਪੂਰੇ ਅਖ਼ਤਿਆਰ ਸੌਂਪ ਕੇ ਚਲੇ ਜਾਣਗੇ।
ਏਸੇ ਐਲਾਨ ਨੇ ਮੁਸਲਮ ਲੀਗ ਨੂੰ ਸੂਬਕ ਵਜ਼ਾਰਤਾਂ ਉੱਤੇ ਕਬਜ਼ਾ ਕਰਨ
ਵੱਲ ਪ੍ਰੇਰਿਆ। ਪੰਜਾਬ ਵਿੱਚ ਉਸ ਵੇਲੇ ਸਾਂਝੀ ਵਜ਼ਾਰਤ ਸੀ ਤੇ ਉਸ ਦਾ ਮੁੱਖ ਮੰਤਰੀ ਸੀ ਖ਼ਿਜ਼ਰ ਹਯਾਤ ਖ਼ਾਂ। ਮੁਸਲਮ ਲੀਗੀਆਂ ਨੇ ਜਲਸੇ ਜਲੂਸਾਂ ਰਾਹੀਂ ਤੇ ਗਲੀ ਬਜ਼ਾਰਾਂ ਵਿੱਚ ਸਿਆਪੇ ਕਰਕੇ ਖ਼ਿਜ਼ਰ ਹਯਾਤ ਖ਼ਾਂ ਦਾ ਨੱਕ ਵਿੱਚ ਦਮ ਕਰ ਦਿੱਤਾ। ਤੰਗ ਪੈ ਕੇ ਖਿਜ਼ਰ ਹਯਾਤ ਖਾਂ ਨੇ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ। ਪੰਜਾਬ ਦੇ ਗਵਰਨਰ ਨੇ ਵੀ ਨਵੀਂ ਵਜ਼ਾਰਤ ਬਣਾਉਣ ਵਾਸਤੇ ਮੁਸਲਮ ਲੀਗੀਆਂ ਨੂੰ ਸੱਦਾ ਦਿੱਤਾ। ਕਾਂਗਰਸੀਆਂ ਤੇ ਅਕਾਲੀਆਂ ਦੇ ਵਿਰੋਧ ਕਰਕੇ ਮੁਸਲਮ ਲੀਗ ਪੰਜਾਬ ਵਿੱਚ ਵਜ਼ਾਰਤ ਨਾ ਬਣਾ ਸਕੀ। ਸਿੱਟਾ ਇਹ ਨਿਕਲਿਆ ਕਿ ਛਿੱਥੇ ਪੈ ਕੇ ਅਗਲੇ ਦਿਨ ਹੀ ਮੁਸਲਮ ਲੀਗੀਆਂ ਨੇ ਲਾਹੌਰ ਵਿੱਚ ਫ਼ਸਾਦ ਸ਼ੁਰੂ ਕਰ ਦਿੱਤਾ। ਏਥੇ ਹੀ ਬੱਸ ਨਹੀਂ, ਪੰਜ ਮਾਰਚ ਨੂੰ ਉਹਨਾਂ ਅੰਮ੍ਰਿਤਸਰ ਵਿੱਚ ਵੀ ਲਹੂ ਦੀ ਹੋਲੀ ਆਰੰਭ ਕਰ ਦਿੱਤੀ। ਪੰਜਾਬ ਦੇ ਸਾਰੇ ਹੀ ਵੱਡੇ-ਵੱਡੇ ਸ਼ਹਿਰਾਂ ਵਿੱਚ ਫ਼ਿਰਕੂ ਫ਼ਸਾਦ ਸ਼ੁਰੂ ਹੋ ਗਏ। ਪੱਛਮੀ ਪੰਜਾਬ ਵਿੱਚ ਦੀ ਅੱਗ ਪਿੰਡਾਂ ਤੱਕ ਵੀ ਅੱਪੜ ਗਈ। ਪੀਹੜੀਆਂ ਦੀਆਂ ਸਾਂਝਾਂ ਟੁੱਟ ਗਈਆਂ। ਪੱਗਾਂ ਵਟੀਆਂ ਦੇ ਭਾਈਚਾਰੇ ਦੁਸ਼ਮਣੀ ਵਿੱਚ ਬਦਲ ਗਏ। ਜਿਨ੍ਹਾਂ ਕਦੇ ਸਿਰ ਨਾਲ ਨਿਭਾਉਣ ਦੇ ਕੌਲ ਇਕਰਾਰ ਕੀਤੇ ਸਨ, ਉਹ ਇਕ ਦੂਜੇ ਦੀ ਰੱਤ ਦੇ ਪਿਆਸੇ ਬਣ ਗਏ। ਗਵਾਂਢੀ ਗਵਾਂਢੀ ਦੇ ਬੁਰੇ 'ਤੇ ਉੱਤਰ ਆਇਆ। ਟਕੂਏ, ਕੁਹਾੜੀਆਂ, ਛੁਰੇ, ਕਿਰਪਾਨਾਂ, ਬਰਛੇ ਤੇ ਤਰਸੂਲ ਭਰਾਵਾਂ ਦੀ ਰੁੱਤ ਵਿੱਚ ਰੰਗੇ ਜਾਣ ਲੱਗਾ। ਚਾਰ ਚੁਫੇਰੇ ਅੱਗ ਦੇ ਭਾਂਬੜ ਸਭ ਕੁਛ, ਭਸਮ ਕਰਨ ਲੱਗੇ। ਮੁਸਲਮਾਨ ਤੇ ਗ਼ੈਰ ਮੁਸਲਮਾਨ ਵਿੱਚ ਲਹੂ ਦੀ ਲਕੀਰ ਖਿੱਚ ਦਿੱਤੀ ਗਈ। ਦੇਸ਼ ਦਾ ਅਮਨ ਖੰਭ ਲਾ ਕੇ ਉੱਡ ਗਿਆ।
ਇਸ ਖੂਨ ਖ਼ਰਾਬੇ ਦਾ ਸਿੱਟਾ, ਸਦੀਆਂ ਤੋਂ ਵਸਦੇ ਤੇ ਕੁਦਰਤ ਵੱਲੋਂ ਇਕ ਬਣਾਏ ਦੇਸ਼ ਨੂੰ ਗ਼ੈਰ ਕੁਦਰਤੀ ਢੰਗ ਨਾਲ ਵੰਡਣ ਦਾ ਫ਼ੈਸਲਾ ਹੋ ਗਿਆ। ਤਿੰਨ ਜੂਨ ੧੯੪੭ ਈ: ਨੂੰ ਪਾਕਿਸਤਾਨ ਬਣਾਏ ਜਾਣ ਦਾ ਐਲਾਨ ਹੋ ਗਿਆ। ਸ਼ਾਇਦ ਇਸ ਦਿਨ ਦੇਸ਼ ਦੇ ਵੱਡੇ ਬੰਦਿਆਂ ਨੇ ਸੋਚਿਆ ਹੋਵੇਗਾ ਕਿ ਇਸ ਤਰ੍ਹਾਂ ਫ਼ਿਰਕਾ- ਦਾਰਾਨਾ ਝਗੜੇ ਸਦਾ ਵਾਸਤੇ ਮੁੱਕ ਜਾਣਗੇ, ਪਰ ਉਹਨਾਂ ਇਹ ਨਾ ਸੋਚਿਆ ਕਿ ਕਿਸੇ ਤੀਜੇ ਦੇ ਇਸ਼ਾਰੇ 'ਤੇ ਇਹਨਾਂ ਛੋਟੇ-ਮੋਟੇ ਝਗੜਿਆਂ ਦੀ ਥਾਂ ਇਕ ਬਹੁਤ ਵੱਡੇ ਝਗੜੇ ਦੀ ਨੀਂਹ ਧਰ ਦਿੱਤੀ ਗਈ ਹੈ।
ਸਮੁੱਚੇ ਦੇਸ਼ ਦੇ ਬਟਵਾਰੇ ਦੇ ਨਾਲ ਬੰਗਾਲ ਤੇ ਪੰਜਾਬ ਦੇ ਵੀ ਟੁਕੜੇ ਕਰ ਦਿੱਤੇ ਗਏ। ਆਜ਼ਾਦੀ ਆ ਗਈ, ਪਰ ਬਹੁਤੇ ਮਹਿੰਗੇ ਮੁੱਲ। ਪੰਜਾਬ ਦਾ ਸਭ ਤੋਂ ਬਦਕਿਸਮਤ ਜ਼ਿਲ੍ਹਾ ਲਾਹੌਰ ਸੀ। ਬਾਕੀ ਜ਼ਿਲ੍ਹਿਆਂ ਦਾ ਫ਼ੈਸਲਾ ਹੋ ਗਿਆ। ਲਾਹੌਰ ਦਾ ਫੈਸਲਾ ਹੱਦ ਬੰਦੀ ਕਮਿਸ਼ਨ ਨੇ ਕਰਨਾ ਸੀ। ਉਹਨੇ ਆਪਣੇ ਫ਼ੈਸਲੇ ਦਾ ਐਲਾਨ ਦੋ ਦਿਨ ਪਿੱਛੇ ਪਾ ਦਿੱਤਾ। ਇਹ ਦੋ ਦਿਨ ਉਹਨਾਂ ਲੋਕਾਂ ਵਾਸਤੇ ਦੋ ਸਾਲਾਂ ਵਾਂਗ
ਬੀਤੇ, ਜਿਨ੍ਹਾਂ ਦੀ ਕਿਸਮਤ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਲਟਕ ਰਹੀ ਸੀ।
ਜਿੱਥੇ ਦੋ ਬੰਦੇ ਮਿਲਦੇ ਓਥੇ ਏਹੀ ਚਰਚਾ ਸ਼ੁਰੂ ਹੋ ਜਾਂਦੀ, ਘਬਰਾਉਣ ਦੀ ਲੋੜ ਨਹੀਂ, ਸਾਡਾ ਪਿੰਡ ਹਿੰਦੁਸਤਾਨ ਵਿੱਚ ਰਹੇਗਾ।
"ਝੂਠੀ ਗੱਲ। ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਆ ਏ ਕਿ ਸਾਡਾ ਪਿੰਡ ਪਾਕਿਸਤਾਨ ਵਿੱਚ ਚਲਾ ਜਾਣਾ ਏਂ।"
"ਫੇਰ ਕੀ ਬਣੇਗਾ ?"
"ਬਣਨਾ ਕੀ ਏ ? ਜੋ ਭਾਗ।"
ਬਰਕੀ ਵਿੱਚ ਵੀ ਏਹਾ ਚਰਚਾ ਚਲਦੀ ਰਹਿੰਦੀ। ਜਿੱਥੇ ਚਾਰ ਹਿੰਦੂ ਸਿੱਖ ਰਲ ਕੇ ਖਲੋਂਦੇ; ਉਹ ਆਪਣੇ ਆਪ ਨੂੰ ਹੌਸਲਾ ਦੇਣ ਵਾਸਤੇ ਕਹਿੰਦੇ, "ਸਾਡੇ ਵਕੀਲਾਂ ਨੇ ਬੜੀਆਂ ਪੱਕੀਆਂ ਦਲੀਲਾਂ ਦੇ ਕੇ ਹੱਦ-ਬੰਦੀ ਕਮਿਸ਼ਨ ਕੋਲ ਸਾਬਤ ਕਰ ਦਿੱਤਾ ਏ ਕਿ ਲਾਹੌਰ ਜ਼ਿਲ੍ਹੇ ਉੱਤੇ ਹਿੰਦੁਸਤਾਨ ਦਾ ਹੱਕ ਏ।"
"ਪਰ ਰੈੱਡ ਕਲੱਬ ਨੇ ਸਾਡਾ ਹੱਕ ਮੰਨਦਿਆਂ ਹੋਇਆਂ ਵੀ ਪਾਕਿਸਤਾਨ ਨੂੰ ਖ਼ੁਸ਼ ਕਰਨ ਬਦਲੇ ਲਾਹੌਰ ਸ਼ਹਿਰ ਉਹਨੂੰ ਦੇ ਦੇਣਾ ਜੇ। ਵੇਖ ਲਿਆ ਜੇ ਤੁਸੀਂ, ਮੀਆਂ ਮੀਰ ਵਾਲੀ ਨਹਿਰ ਹੱਦ ਬਣਨੀ ਏਂ। ਬੱਸ; ਛੋਣੀ ਲਾਹੌਰ ਸ਼ਹਿਰ ਪਾਕਿਸਤਾਨ ਵਿੱਚ ਤੇ ਬਾਕੀ ਸਾਰਾ ਜ਼ਿਲ੍ਹਾ ਹਿੰਦੁਸਤਾਨ ਵਿੱਚ।”
"ਭਈ ਜੇ ਲਾਹੌਰ ਸ਼ਹਿਰ ਵੀ ਪਾਕਿਸਤਾਨ ਨੂੰ ਨਾ ਮਿਲੇ ਤਾਂ ਫੇਰ ਪਾਕਿਸਤਾਨ ਬਣਨ ਦਾ ਅਰਥ ਕੀ ਹੋਇਆ ? ਇਹ ਤਾਂ ਕਾਂਗਰਸ ਦੀ ਦਰਿਆ ਦਿਲੀ ਏ ਕਿ ਉਨ੍ਹਾਂ ਲਾਹੌਰ ਸ਼ਹਿਰ ਪਾਕਿਸਤਾਨ ਨੂੰ ਦੇਣਾ ਮੰਨ ਲਿਆ, ਨਹੀਂ ਤਾਂ ਜਿਨਾਹ ਵਿਚਾਰੇ ਦੇ ਹੱਥ ਪੱਲੇ ਕੀ ਸੀ।"
"ਖਸਮਾਂ ਨੂੰ ਖਾਏ ਕਾਂਗਰਸ ਤੇ ਢੱਠੇ ਖੂਹ ਪਵੇ ਮੁਸਲਮ ਲੀਗ। ਅੱਧਾ ਮੁਲਕ ਉੱਜੜ ਗਿਆ ਏ, ਰਹਿੰਦਾ ਉੱਜੜ ਜਾਏਗਾ।"
"ਉਹ ਸ਼ੁਕਰ ਕਰ, ਆਪਣਾ ਪਿੰਡ ਬਚ ਗਿਆ ਏ। ਨਹੀਂ ਤਾਂ ਰਾਵਲਪਿੰਡੀ ਵੱਲੋਂ ਜੋ ਉੱਜੜ ਕੇ ਆਏ ਨੇ, ਉਹਨਾਂ ਦਾ ਹਾਲ ਵੇਖੋ।"
"ਉ ਖਸਮਾਂ ਨੂੰ ਖਾਏ ਸਭ ਕੁਝ। ਜੋ ਹੋਣਾ ਏਂ ਛੇਤੀ ਹੋ ਜਾਏ। ਐਸ ਸਹਿਮ ਨਾਲੋਂ ਤਾਂ ਇਕ ਏਕੜੀ ਹੋ ਜਾਏ ਤਾਂ ਠੀਕ ਏ।”
"ਲੈ, ਸੁਣ ਲੈ, ਫਿਰ ਬਾਬਾ ਇਲਮਦੀਨ ਵਰਗਾ ਸੱਚਾ ਬੰਦਾ ਤਾਂ ਹੋਰ ਕੋਈ ਨਹੀਂ ਨਾ ਪਿੰਡ ਵਿੱਚ, ਉਹਦੀ ਖ਼ਬਰ ਈ। ਉਹ ਦੱਸਦਾ ਏ, ਤਸੀਲ ਲਾਹੌਰ ਤੇ ਚੂਹਣੀਆਂ ਤਾਂ ਪੱਕੀ ਤਰ੍ਹਾਂ ਪਾਕਿਸਤਾਨ ਵਿੱਚ ਜਾਣਗੀਆਂ। ਬਾਕੀ ਕਸੂਰ ਤਸੀਲ ਦਾ ਪਤਾ ਨਹੀਂ।"
“ਭਈ, ਇਲਮਦੀਨ ਵੀ ਹੈ ਤਾਂ ਅੰਤ ਮੁਸਲਮਾਨ ਈ ਨਾ। ਉਹਨੇ ਵੀ
ਪਾਕਿਸਤਾਨ ਵੱਲ ਦੀ ਈ ਗੱਲ ਕਰਨੀ ਹੋਈ।”
"ਗੁਰੂ ਸਾਹਿਬ ਨੇ ਐਵੇਂ ਤਾਂ ਨਹੀਂ ਸੀ ਆਖਿਆ ਕਿ ਮੁਸਲਮਾਨ ਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ।"
"ਹਰ ਗੱਲ ਗੁਰੂ ਸਾਹਿਬ ਦੇ ਨਾਂ ਨਾਲ ਮੜ੍ਹੀ ਜਾਇਆ ਕਰੋ। ਗਨੀ ਖ਼ਾਂ, ਨਬੀ ਖ਼ਾਂ ਤੇ ਸਯਦ ਬੁੱਧੂ ਸ਼ਾਹ ਤਾਂ ਮੁਸਲਮਾਨ ਈ ਸਨ। ਸੋ, ਹਰ ਮਜ਼੍ਹਬ ਵਿੱਚ ਚੰਗੇ ਵੀ ਹੁੰਦੇ ਨੇ, ਮੰਦੇ ਵੀ।"
'ਉਇ ਗੋਲੀ ਮਾਰੋ ਇਹਨਾਂ ਚੰਗਿਆਂ ਮੰਦਿਆਂ ਨੂੰ, ਤੁਸੀਂ ਆਪਣੇ ਬਾਰੇ ਸੋਚੋ। ਮੇਰੀ ਮੰਨੋ, ਤਾਂ ਰਾਤੋ ਰਾਤ ਗੱਡੀ ਜੋ ਕੇ ਤੁਰਦੇ ਬਣੋ।”
“ਆਹੋ, ਤੁਰ ਕੇ ਵਖਾ ਤੂੰ। ਜੇ ਸਣੇ ਗੱਡੇ ਤੈਨੂੰ ਜਿਉਂਦੇ ਨੂੰ ਅੱਗ ਨਾ ਲਾ ਦੇਈਏ।”
"ਘਰ ਨੂੰ ਪਿੱਛੋਂ ਮੈਂ ਮੁਆਤਾ ਲਾ ਦਿਆਂਗਾ।"
“ਭਈ, ਸਾਡੇ ਲੀਡਰ ਆਹੰਦੇ ਨੇ, ਘਰਾਂ ਦੇ ਨਾਲ ਈ ਸਤੀ ਹੋ ਜਾਉ। ਸੋ ਜਿਊਂਦੀ ਜਾਨ ਤਾਂ ਛੱਡ ਕੇ ਨੱਸਦੇ ਨਹੀਂ।"
“ਨੱਸਦੇ ਨਹੀਂ, ਜ਼ਰਾ ਹੱਦ-ਬੰਦੀ ਦਾ ਐਲਾਨ ਹੋ ਲੈਣ ਦਿਹੋ। ਸਭ ਤੋਂ ਪਹਿਲਾਂ ਏਸੇ ਨੱਸਣਾ ਏਂ।"
"ਓਇ, ਨੱਸੇ ਵੀ, ਤਾਂ ਵਿਹਲਾ ਕਰਕੇ ਨੱਸਾਂਗੇ। ਇਹ ਬਰਛੇ ਕਿਰਪਾਨਾਂ ਤੇ ਛਿਆਂ-ਛਿਆਂ ਗੋਲੀਆਂ ਵਾਲੇ ਘੁੱਗੂ ਕਾਹਦੇ ਵਾਸਤੇ ਨੇ।"
ਅੱਧੀ-ਅੱਧੀ ਰਾਤ ਤਕ ਨਿੱਕੀਆਂ-ਨਿੱਕੀਆਂ ਪਰ੍ਹੇ ਜੁੜੀਆਂ ਰਹਿੰਦੀਆਂ। ਹਰ ਨਿੱਕਾ ਵੱਡਾ ਏਸੇ ਹੀ ਉਲਝਣ ਵਿੱਚ ਫਸਿਆ ਹੋਇਆ ਸੀ। ਹਰ ਜਿੰਦ ਉੱਤੇ ਮੌਤ ਦਾ ਸਹਿਮ ਛਾਇਆ ਹੋਇਆ ਸੀ।
ਦੂਜੇ ਪਾਸੇ ਮੁਸਲਮਾਨ ਵੀ ਮਸੀਤ ਵਿੱਚ ਤੁਰਦੇ ਬੰਦਿਆਂ ਦੇ ਘਰਾਂ ਵਿੱਚ ਜੁੜ-ਜੁੜ ਬਹਿੰਦੇ। ਉਹਨਾਂ ਨੂੰ ਪੱਕੀਆਂ ਖ਼ਬਰਾਂ ਮਿਲ ਚੁੱਕੀਆਂ ਸਨ ਕਿ ਤਸੀਲ ਲਾਹੌਰ ਪਾਕਸਤਾਨ ਵਿੱਚ ਹੈ। ਇਸ ਦਾ ਮਤਲਬ ਸੀ ਕਿ ਪਾਕਿਸਤਾਨ ਦੀ ਹੱਦ ਬਰਕੀ ਤੋਂ ਚੜ੍ਹਦੇ ਪਾਸੇ ਲਗਭਗ ਖਾਲੜੇ ਵਾਲੀ ਨਹਿਰ ਤਕ ਚਲੀ ਜਾਵੇਗੀ। ਸੋ, ਮੁਸਲਮਾਨਾਂ ਦੀਆਂ ਸੋਚਾਂ ਸਿੱਖਾਂ ਨਾਲੋਂ ਵੱਖਰੀਆਂ ਸਨ ਕਿ ਕਿਸ ਹਿੰਦੂ ਜਾਂ ਸਿੱਖ ਉੱਤੇ ਕੀਹਨੇ ਹਮਲਾ ਕਰਨਾ ਹੈ ਤੇ ਕਿਹੜਾ ਘਰ ਕੀਹਨੇ ਮੱਲਣਾ ਹੈ। ਆਗੂਆਂ ਵੱਲੋਂ ਸਭ ਨੂੰ ਛੁਰੀਆਂ ਕੁਹਾੜੀਆਂ ਤੇਜ਼ ਰੱਖਣ ਦਾ ਹੁਕਮ ਮਿਲ ਚੁੱਕਾ ਸੀ।
ਅੰਤ ੨੭ ਅਗਸਤ ਦੀ ਸ਼ਾਮ ਨੂੰ ਹੱਦ-ਬੰਦੀ ਕਮਿਸ਼ਨ ਨੇ ਫੈਸਲਾ ਸੁਣਾ ਦਿੱਤਾ। ਕਸੂਰ ਤਸੀਲ ਦਾ ਲਗਪਗ ਅੱਧਾ ਹਿੱਸਾ ਪੱਟੀ ਵੱਲ ਦਾ ਹਿੰਦੁਸਤਾਨ ਵਿੱਚ ਤੇ ਬਾਕੀ ਸਾਰਾ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ। ਐਲਾਨ ਸੁਣਦਿਆਂ ਹੀ
ਅਗਲੇ ਦਿਨ ਲਾਹੌਰ ਸ਼ਹਿਰ ਵਿੱਚੋਂ ਹਜ਼ਾਰਾਂ ਮੁਸਲਮ ਲੀਗੀ ਹਥਿਆਰ ਲੈ ਕੇ ਉਦਾਲੇ ਦੇ ਪਿੰਡਾਂ ਨੂੰ ਤਬਾਹ ਕਰਨ ਲਈ ਚੜ੍ਹ ਪਏ।
੯.
"ਧਰਮ ਸਿਹਾਂ। ਛੇਤੀ ਕਰੋ, ਜੋ ਹੱਥ ਲੱਗਦਾ ਜੋ, ਸੰਭਾਲੋ ਤੇ ਖਾਲੜੇ ਵੱਲ ਨੱਸਣ ਦੀ ਕਰੋ।" ਇਲਮਦੀਨ ਨੇ ਹਵੇਲੀ ਦੇ ਅੰਦਰ ਪੈਰ ਧਰਦਿਆਂ ਹੀ ਸਹਿਮੀ ਹੋਈ ਸੁਰ ਵਿੱਚ ਕਿਹਾ।
"ਹਾਏ ਮੈਂ ਮਰ ਗਈ।” ਦਲੀਪ ਕੌਰ ਦੀ ਜਿਵੇਂ ਡਰ ਨਾਲ ਚੀਕ ਨਿਕਲ ਗਈ। ਉਸ ਦੇ ਕੰਮ ਕਰਦੇ ਹੱਥ ਓਥੇ ਹੀ ਰੁਕ ਗਏ। ਉਹ ਘਰ ਦੇ ਚਾਰੇ ਜੀਅ ਹੁਣੇ- ਹੁਣੇ ਰਾਤ ਦੀ ਰੋਟੀ ਖਾ ਕੇ ਹੱਟੇ ਸਨ। ਜੂਠੇ ਭਾਂਡੇ ਓਸੇ ਤਰ੍ਹਾਂ ਚੌਂਕੇ ਵਿੱਚ ਖਿਲਰੇ ਪਏ ਸਨ। ਦਲੀਪ ਕੌਰ ਰੋਟੀ ਪਿੱਛੋਂ ਪੀਣ ਵਾਸਤੇ ਤੱਤਾ ਕੀਤਾ ਹੋਇਆ ਦੁੱਧ ਡੋਹਰੀ ਨਾਲ ਹਿਲਾ-ਹਿਲਾ ਕੇ ਠੰਡਾ ਕਰ ਰਹੀ ਸੀ।
ਮੁੰਡੇ ਦੋਵੇਂ ਰੋਟੀ ਖਾ ਕੇ ਹੁਣੇ ਘਰੋਂ ਬਾਹਰ ਨਿਕਲੇ ਸਨ । ਧਰਮ ਸਿੰਘ ਅਲ੍ਹਾਣੇ ਮੰਜੇ ਉੱਤੇ ਲੰਮਾ ਪਿਆ ਹੋਇਆ ਸੀ।
"ਕਿਉਂ ? ਕੀ ਹੋਇਆ ?" ਕਹਿੰਦਾ ਹੋਇਆ ਧਰਮ ਸਿੰਘ ਉੱਠ ਕੇ ਬਹਿ ਗਿਆ।
"ਜੋ ਕੁਛ ਹੋਣ ਦੀ ਉਮੀਦ ਸੀ। ਛੇਤੀ ਕਰੋ ਤੁਸੀਂ। ਗੱਲਾਂ ਵਿੱਚ ਵਕਤ ਨਾ ਗੁਆਓ। ਅੱਠ-ਦਸ ਹਜ਼ਾਰ ਮੁਸਲਮ ਲੀਗੀ ਲੁਟੇਰੇ ਛੌਣੀ ਵੱਲੋਂ ਪਿੰਡ 'ਤੇ ਚੜ੍ਹ ਆਏ ਨੇ। ਬੱਸ, ਅੱਧੇ ਘੰਟੇ ਤਕ ਉਹ ਪਿੰਡ ਵਿੱਚ ਵੜਨਗੇ। ਫੇਰ ਕੁਛ ਨਹੀਂ ਬਣਨਾ। ਜਿੰਨਾ ਕੁਛ ਸਿਰ 'ਤੇ ਚੁੱਕ ਸਕਦੇ ਓ, ਕੱਢ ਲਵੋ।" ਇਲਮਦੀਨ ਖੁਰਲੀ ਵੱਲੋਂ ਵੱਧ ਕੇ ਪਸ਼ੂਆਂ ਦੇ ਰੱਸੇ ਖੁਹਲਣ ਲੱਗ ਪਿਆ। ਮਹਿੰ ਦਾ ਰੱਸਾ ਉਹਨੇ ਗਲ ਵਿੱਚ ਵਲ ਦਿੱਤਾ ਤੇ ਬਲਦ ਦੋਵੇਂ ਨਰੜ ਕਰ ਦਿੱਤੇ।
"ਹੈ ਹੈ, ਮੁੰਡੇ ਕਿੱਥੇ ਜੇ ?" ਦੁੱਧ ਵਿੱਚੇ ਛੱਡ ਕੇ ਦਲੀਪ ਕੌਰ ਘਬਰਾਈ ਹੋਈ ਉੱਠ ਖਲੋਤੀ।
"ਮੁੰਡੇ ਵੀ ਆ ਜਾਂਦੇ ਨੇ। ਤੂੰ ਅੰਦਰੋਂ ਜੋ ਕੁਛ ਨਿਕਲਦਾ ਈ ਕੱਢ।" ਇਲਮਦੀਨ ਉਹਨਾਂ ਨੂੰ ਹੱਲਾਸ਼ੇਰੀ ਦੇਂਦਾ ਹੋਇਆ ਆਪ ਵੀ ਵਸੋਂ ਵਾਲੇ ਕੋਠੇ ਵੱਲ ਵਧਿਆ।
ਲਾਲਟੈਣ ਅੰਦਰ ਕਿੱਲੀ ਨਾਲ ਟੰਗ ਕੇ ਦਲੀਪ ਕੌਰ ਸੰਦੂਕ ਦਾ ਬੂਹਾ ਖੁਹਲਣ ਜਾ ਲੱਗੀ। ਮੌਤ-ਭੈ ਨਾਲ ਉਹ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਉਹਨੂੰ
ਏਨੀ ਹੱਥਾਂ ਪੈਰਾਂ ਦੀ ਪੈ ਗਈ ਕਿ ਚਾਬੀ ਲਾਉਣ ਵਾਸਤੇ ਜੰਦਰੇ ਦਾ ਛੇਕ ਵੀ ਨਾ ਲੱਭਦਾ।
"ਉਰ੍ਹਾਂ ਮੇਰੇ ਵੱਲ ਕਰ ਕੁੰਜੀ। ਤੂੰ ਆਈ ਮੌਤ ਤੋਂ ਪਹਿਲਾਂ ਹੀ ਮਰਨ ਹਾਕੀ ਹੋ ਗਈ ਏਂ।” ਇਲਮਦੀਨ ਨੇ ਆਪ ਕੁੰਜੀ ਫੜ ਕੇ ਜੰਦਰਾ ਖੁਹਲਿਆ।
"ਤੂੰ ਸਾਰੀ ਉਮਰ ਸੁਖਮਨੀ ਸਾਹਿਬ ਪੜ੍ਹ ਕੇ ਏਹਾ ਕੁਛ ਸਿਖਿਆ ਏ ?" ਇਲਮਦੀਨ ਨੇ ਮਿੱਠੀ ਜੇਹੀ ਝਿੜਕ ਦਿੰਦਿਆਂ ਕਿਹਾ। "ਜਾਨ ਖ਼ੁਦਾ ਦੀ ਅਮਾਨਤ ਏ। ਜਿੱਥੋਂ ਤਕ ਹੋ ਸਕੇ ਇਸ ਦੀ ਹਿਫ਼ਾਜ਼ਤ ਕਰਨੀ ਚਾਹੀਦੀ ਹੈ। ਭੈਣ ਦਲੀਪ ਕੁਰੇ। ਛੇਤੀ ਕਰ ਤੂੰ। ਨਕਦ ਮਾਲ ਧਰਮ ਸਿਹਾਂ! ਜੇਬ ਵਿੱਚ ਪਾ ਲੈ।"
"ਨਕਦ ਮਾਲ, ਭਾਈ! ਹੈਗਾ ਈ ਕਿੱਥੇ ਆ। ਦੋ ਤਿੰਨ ਨਿੱਕੀਆਂ-ਨਿੱਕੀਆਂ ਟੁੰਬਾਂ ਤੇ ਸੌ-ਸਵਾ ਸੌ ਰੁਪਈਆ।” ਦਲੀਪ ਕੌਰ ਨੇ ਮਰਦੀ ਜੇਹੀ ਵਾਜ ਵਿੱਚ ਕਿਹਾ।
"ਚਲੋ, ਜੋ ਵੀ ਹੈ। ਗ਼ਰੀਬਾਂ ਕੋਲ ਹੁੰਦਾ ਈ ਕਿੰਨਾ ਕੁ ਏ। ਬੇਈਮਾਨੀ ਬਿਨਾਂ ਵਧੇਰੇ ਜੁੜਦਾ ਈ ਕਦੋਂ ਏਂ।" ਇਲਮਦੀਨ ਦੀ ਰਾਏ ਕਿੰਨੀ ਖਰੀ ਸੀ।
ਦਲੀਪ ਕੌਰ ਨੇ ਇਕਹਿਰਾ ਖੇਸ ਭੋਇੰ 'ਤੇ ਖਿਲਾਰ ਦਿੱਤਾ। ਫਿਰ ਉਹ ਸੰਦੂਕ ਵਿੱਚੋਂ ਲੋੜੀਂਦੇ ਕੱਪੜੇ ਕੱਢ-ਕੱਢ ਕੇ ਸੁੱਟੀ ਗਈ। ਹੱਥੋਂ-ਹੱਥ ਇਲਮਦੀਨ ਤੇ ਧਰਮ ਸਿੰਘ ਨੇ ਚੁੱਕਣ ਯੋਗ ਤਿੰਨ ਪੰਡਾਂ ਬੰਨ੍ਹ ਲਈਆਂ। ਕੁਛ ਨਿੱਤ ਦੇ ਵਰਤਣ ਜੋਗੇ ਭਾਂਡੇ ਤੇ ਕੁਛ ਲੀੜਾ ਲੱਤਾ ਤੇ ਪੈਸੇ ਦਲੀਪ ਕੌਰ ਨੇ ਕੁੜਤੇ ਹੇਠਲੀ ਬੰਡੀ ਦੀ ਜੇਬ ਵਿੱਚ ਪਾ ਕੇ ਸਲਵਾਰ ਦੇ ਨੇਂਘ ਵਿੱਚ ਦੇ ਲਏ।
"ਭਾਈ! ਕੀ-ਕੀ ਕੁਛ ਚੁੱਕ ਲਵਾਂਗੇ ? ਮੇਰੀ ਸਾਰੀ ਉਮਰ ਦੀਆਂ ਭੁੱਖਿਆਂ ਤਿਹਾਇਆਂ ਰਹਿ ਕੇ ਬਣਾਈਆਂ ਹੋਈਆਂ ਚੀਜ਼ਾਂ ਵਸਤਾਂ ਦੁਸ਼ਮਣ ਵਰਤਣਗੇ। ਹੋ ਰੱਬ ਸੱਚਿਆ। ਇਹ ਦਿਨ ਵੇਖਣੇ ਵੀ ਲਿਖੇ ਹੋਏ ਸਨ।” ਦਲੀਪ ਕੌਰ ਉੱਚੀ-ਉੱਚੀ ਰੋ ਪਈ।
"ਹੁਣ ਚੀਜ਼ਾਂ ਦੇ ਗਲ ਲੱਗ ਕੇ ਮਰ ਜਾਣਾ ਈਂ ? ਜੋ ਭਾਣਾ ਮਾਲਕ ਦਾ।" ਧਰਮ ਸਿੰਘ ਨੇ ਜੀਵਨ ਸਾਥਣ ਨੂੰ ਹੌਂਸਲਾ ਦਿੰਦਿਆਂ ਕਿਹਾ।
"ਘਰ ਦੀਆਂ ਲੋੜਾਂ ਦਾ ਜਨਾਨੀਆਂ ਨੂੰ ਈ ਪਤਾ ਹੁੰਦਾ ਏ। ਭਾਣਾ ਮਾਲਕ ਦਾ ਆਖ ਲੈਣਾ ਸੌਖਾ ਏ, ਪਰ ਪਤਾ ਉਹਨੂੰ ਲੱਗਦਾ ਏ, ਜੀਹਦੇ ਸਿਰ ਵਰਤਦਾ ਏ।" ਦਲੀਪ ਕੌਰ ਨੇ ਅੱਖਾਂ ਪੂੰਝਦਿਆਂ ਕਿਹਾ।
"ਫੇਰ ਦੱਸ ਹੁਣ। ਕੀ ਕੀਤਾ ਜਾਏ।"
"ਪੋਟੇ ਵਿੰਨ੍ਹ-ਵਿੰਨ੍ਹ ਨੋਹਾਂ ਵਾਸਤੇ ਬਾਗ਼ ਕੱਢੇ ਸਨ। ਐਸ ਜਿਉਣ ਨਾਲੋਂ ਤਾਂ ਕੱਲ੍ਹ ਮਰ ਜਾਂਦੀ ਚੰਗਾ ਸੀ। .... ਭਾਈ! ਅਹੁ ਦੂਸਰਾ ਖੇਸ ਵਿਛਾ ਫੜ ਕੇ। ਆਹ
ਪੰਜ ਸੱਤ ਨਵੀਆਂ ਸਤਾਂ ਤਾਂ....।"
"ਬਾਹਰ ਗੱਡ ਖਲੀ ਏ, ਜੀਹਦੇ ਉੱਤੇ ਐਨਾ ਸਮਾਨ ਲੱਦ ਲਵੇਂਗੀ ? ਮੈਨੂੰ ਦੀਹਦਾ ਏ, ਤੂੰ ਲਾਲਚ ਕਰਦੀ-ਕਰਦੀ ਏਥੇ ਈ ਮਰਨਾ ਏਂ।"
"ਯਾ ਅੱਲ੍ਹਾ! ਤੇਰੀ ਰਜ਼ਾ।" ਕਹਿੰਦਿਆਂ-ਕਹਿੰਦਿਆਂ ਸਿਦਕੀ ਬੰਦੇ ਇਲਮਦੀਨ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ।
ਏਸੇ ਵੇਲੇ ਪਿੰਡ ਦੇ ਲਹਿੰਦੇ ਪਾਸਿਓਂ ਬੰਦੂਕ ਚੱਲਣ ਦੀ ਵਾਜ ਆਈ। ਇਕ ਹੋਰ ਤੇ ਫਿਰ ਇਕ ਹੋਰ। ਹਠ ਉੱਤੇ ਕਈ ਫ਼ਾਇਰ ਹੋਏ :
"ਬਸ ਹੁਣ ਮੋਏ।" ਦਲੀਪ ਕੌਰ ਦੇ ਸਹਿਮ ਨਾਲ ਥੰਮ ਥਿੜਕ ਗਏ। ਉਹ ਅੱਧ ਬੇਹੋਸ਼ ਜੇਹੀ ਹੋ ਕੇ ਸੰਦੂਕ ਨਾਲ ਜਾ ਵੱਜੀ।
"ਭੈਣ ਦਲੀਪ ਕੁਰੇ!” ਇਲਮਦੀਨ ਨੇ ਉਹਨੂੰ ਛੇਤੀ ਨਾਲ ਡੌਲਿਆਂ ਤੋਂ ਫੜ ਕੇ ਡਿਗਣੋਂ ਬਚਾ ਲਿਆ, "ਹੌਸਲਾ ਕਰ ਖਾਂ। ਦਿਲ ਛੱਡਿਆ ਤਾਂ ਕੁਛ ਨਹੀਂ ਬਣਨਾ।"
"ਮਾਂ! ਛੇਤੀ ਕਰੋ ਉਹ ਪਿੰਡ ਵਿੱਚ ਆ ਵੜੇ ਨੇ।" ਘਬਰਾਇਆ ਹੋਇਆ ਪਿਆਰਾ ਬਾਹਰੋਂ ਭੱਜਾ ਆਇਆ। ਉਹਨੂੰ ਜਿਵੇਂ ਸਾਹ ਚੜ੍ਹਿਆ ਹੋਇਆ ਸੀ। "ਜੱਥੇਦਾਰਾਂ ਦੇ ਬੂਹੇ ਅੱਗੇ ਆਮੋ ਸਾਮ੍ਹਣੇ ਗੋਲੀ ਚੱਲ ਰਹੀ ਏ। ਬੱਸ ਝਟ ਕਰ ਲੌ।”
ਇਕ ਪੰਡ ਇਲਮਦੀਨ ਨੇ ਸਿਰ 'ਤੇ ਚੁੱਕ ਲਈ, ਇਕ ਧਰਮ ਸਿੰਘ ਨੇ ਤੇ ਇਕ ਪਿਆਰੇ ਨੇ। ਸੱਜੇ ਹੱਥ ਨਾਲ ਪਿਆਰੇ ਨੇ ਮਾਂ ਨੂੰ ਡੋਲਿਓਂ ਫੜ ਕੇ ਸਹਾਰਾ ਦਿੱਤਾ। ਤਿੰਨੇ ਪਸ਼ੂ ਅੱਗੇ ਲਾ ਕੇ ਉਹ ਚਾਰੇ ਘਰੋਂ ਬਾਹਰ ਨਿਕਲ ਤੁਰੇ। ਠੰਢਾ ਕੀਤਾ ਦੁੱਧ ਓਸੇ ਤਰ੍ਹਾਂ ਪਤੀਲੇ ਵਿੱਚ ਪਿਆ ਰਹਿ ਗਿਆ। ਵਸੋਂ ਵਾਲੇ ਕੋਠੇ ਦਾ ਅੱਧ ਖੁੱਲ੍ਹਾ ਬੂਹਾ ਹਉਕੇ ਭਰ ਰਿਹਾ ਸੀ। ਅਸਹਿ ਗ਼ਮ ਦੇ ਭਾਰ ਥੱਲੇ ਦਲੀਪ ਕੌਰ ਦੇ ਪੈਰ ਥਿੜਕ ਰਹੇ ਸਨ। ਉਹ ਬਿਨਾਂ ਮੂੰਹੋਂ ਵਾਜ ਕੱਢੇ ਹਉਕੇ ਭਰਦੀ ਤੇ ਵਿਚੇ ਵਿੱਚ ਵੈਣ ਪਾਉਂਦੀ ਚੜ੍ਹਦੇ ਨੂੰ ਤੁਰੀ ਜਾ ਰਹੀ ਸੀ।
"ਬਾਪੂ! ਤੇ ਪ੍ਰੀਤੂ ਕਿੱਥੇ ਜੇ ?" ਪੈਲੀ-ਕੁ ਦੀ ਵਿੱਥ 'ਤੇ ਜਾ ਸਭ ਤੋਂ ਪਹਿਲਾਂ ਪਿਆਰੇ ਨੂੰ ਹੀ ਛੋਟੇ ਭਰਾ ਦਾ ਚੇਤਾ ਆਇਆ।
ਹਫੜਾ-ਦਫੜੀ ਵਿੱਚ ਸਾਰਿਆਂ ਦੀ ਸੁਰਤ ਮਾਰੀ ਗਈ। ਮੌਤ ਦੇ ਭੈਅ ਵਿੱਚ ਇਨਸਾਨ ਕਈ ਵਾਰ ਆਪਣਿਆਂ ਨੂੰ ਹੀ ਨਹੀਂ, ਆਪਣੇ ਆਪ ਨੂੰ ਵੀ ਭੁੱਲ ਜਾਂਦਾ ਹੈ।
"ਹੈ ਮੈਂ ਮਰ ਗਈ! ਮੇਰਾ ਪ੍ਰੀਤੂ ਕਿਥੇ ਜੇ ? ਉਹ ਤਾਂ ਤੇਰੇ ਮਗਰ ਗਿਆ ਸੀ। ਸੜ ਗਏ ਲੇਖ। ਮਾਂ ਤੱਤੀ ਨੂੰ ਵੀ ਪੁੱਤਰ ਦਾ ਚੇਤਾ ਨਾ ਆਇਆ ? ਉਹਦੇ ਬਿਨਾਂ ਮੈਂ ਨਹੀਂ ਜੇ ਬਚਣਾ।”
"ਬਾਪੂ! ਮਾਂ ਨੂੰ ਸੰਭਾਲੀ ਤੂੰ। ਮੈਂ ਪ੍ਰੀਤੂ ਨੂੰ ਲੱਭ ਕੇ ਲਿਔਂਦਾਂ। ਉਹ ਜ਼ਰੂਰ ਫੱਜੇ ਵੱਲੇ ਗਿਆ ਹੋਣਾ ਏਂ।" ਪਿਆਰੇ ਨੇ ਸਿਰ ਵਾਲੀ ਪੰਡ ਉਥੇ ਸੜਕ ਵਿੱਚ ਹੀ ਸੁੱਟ ਦਿੱਤੀ।
"ਪਿਆਰਿਆ! ਮੈਂ ਜਾਂਦਾਂ। ਤੁਸੀਂ ਸਹਿਜ-ਸਹਿਜ ਤੁਰੋ। ਫੱਜੇ ਕੋਲ ਈ ਹੋਣਾ ਏ। ਹੋਰ ਪ੍ਰੀਤੂ ਨੇ ਐਸ ਵੇਲੇ ਕਿਧਰ ਜਾਣਾ ਸੀ।" ਇਲਮਦੀਨ ਨੇ ਪਿਆਰੇ ਨੂੰ ਰੋਕਦਿਆਂ ਕਿਹਾ।
"ਨਹੀਂ ਬਾਬਾ! ਮੈਂ ਪ੍ਰੀਤੂ ਤੋਂ ਬਿਨਾਂ ਨਹੀਂ ਜਾ ਸਕਦਾ। ਮੈਂ ਆਪੇ ਲੱਭ ਕੇ ਲਿਆਵਾਂਗਾ। ਤੁਸੀਂ ਤੁਰੋ ਅਗਾਂ ਮੇਰਾ ਮਨ ਨਹੀਂ ਵਿਸਦਾ।”
"ਪਿਆਰਿਆ! ਪੁੱਤ, ਮਰੇ ’ਤੇ ਵੀ ਨਹੀਂ ਵਿਸਦਾ ?" ਇਲਮਦੀਨ ਦੀ ਵਾਜ ਵਿੱਚ ਦਿਲ ਹਿਲਾ ਦੇਣ ਵਾਲਾ ਨਿਹੋਰਾ ਸੀ।
"ਇਹ ਗੱਲ ਨਹੀਂ, ਬਾਬਾ! ਤੇਰੇ ਉੱਤੇ ਮੈਨੂੰ ਬਾਪੂ ਨਾਲੋਂ ਵੀ ਵਧੇਰੇ ਭਰੋਸਾ ਏ, ਪਰ ਪ੍ਰੀਤੂ ਬਿਨਾਂ ਮੇਰੇ ਪੈਰ ਅਗਾਂ ਨਹੀਂ ਤੁਰਦੇ। ਮੈਂ ਆਪ ਜਾਵਾਂਗਾ। ਪ੍ਰੀਤੂ ਲੱਭ ਪਿਆ ਤਾਂ ਮੈਂ ਵੀ ਆ ਜਾਵਾਂਗਾ, ਨਹੀਂ ਤਾਂ ਰੱਬ ਵਾਲੀ।” ਪਿਆਰਾ ਪਿਛਾਂਹ ਨੂੰ ਮੁੜ ਪਿਆ।
"ਮੂਰਖ ਨਾ ਬਣ ਉਇ ਪਿਆਰਿਆ!" ਇਲਮਦੀਨ ਨੇ ਪੰਡ ਸੁੱਟ ਕੇ, ਭੱਜ ਕੇ ਪਿਆਰੇ ਨੂੰ ਫੜ ਲਿਆ। "ਔਧਰ ਵੇਖ।" ਇਲਮਦੀਨ ਨੇ ਲਹਿੰਦੇ ਵੱਲ ਇਸ਼ਾਰਾ ਕਰਕੇ ਕਿਹਾ।
ਲਹਿੰਦੇ ਪਾਸੇ ਕੁਛ ਘਰਾਂ ਨੂੰ ਬਲਵਈਆਂ ਨੇ ਅੱਗ ਲਾ ਦਿੱਤੀ ਸੀ। ਦੋ ਤਿੰਨ ਥਾਵਾਂ 'ਤੇ ਭਾਂਬੜ ਉਚੇਚੇ ਨਜ਼ਰ ਆ ਰਹੇ ਸਨ। ਗੋਲੀਆਂ ਦੀ ਠਾਹ ਠੂਹ ਤੇ 'ਫੜ ਲੌ ਮਾਰ ਲੌ' ਦਾ ਰੌਲਾ ਨੇੜੇ-ਨੇੜੇ ਆ ਰਿਹਾ ਜਾਪਦਾ ਸੀ।
"ਹੁਣ ਐਧਰ ਵੀ ਵੇਖ, ਆਪਣੇ ਬੁੱਢੇ ਮਾਂ ਪਿਉ ਵੱਲੇ ਤੂੰ ਇਹਨਾਂ ਦੀ ਗੋਦ ਅਸਲੋਂ ਖ਼ਾਲੀ ਕਰਨੀ ਚੌਂਹਦਾ ਏਂ ?"
"ਪਰ ਬਾਬਾ! ਮੈਂ....।” ਪਿਆਰੇ ਨੇ ਆਪਣੇ ਆਪ ਨੂੰ ਛੁਡਾਉਣ ਦਾ ਯਤਨ ਕਰਦਿਆਂ ਕਿਹਾ।
“ਮੇਰੀ ਆਖੀ ਨਾ ਮੋੜ ਉਇ! ਮੈਂ ਤੇਰੇ ਬਾਪੂ ਦਾ ਭਰਾ ਆਂ। ਤੈਨੂੰ ਮੈਂ ਬਲਦੀ ਅੱਗ ਵਿੱਚ ਜਾਣ ਦੇਂਦਾਂ ? ਤੁਸੀਂ ਆਪਣੀ ਜਾਨ ਬਚਾ ਕੇ ਨਿਕਲੋ ਏਥੋਂ। ਪ੍ਰੀਤੂ ਫੱਜੇ ਕੋਲ ਈ ਹੋਣਾ ਏਂ। ਹੋਰ ਕਿਥੇ ਜਾਣਾ ਏ ਉਹਨੇ। ਮੈਂ ਹੱਦੋਂ ਉਰੇ-ਉਰੇ ਮਿਲਦਾਂ ਤੁਹਾਨੂੰ। ਲੈ ਫੜ ਐਧਰੋਂ।"
ਇਲਮਦੀਨ ਵਾਲੀ ਪੰਡ ਜ਼ਰਾ ਢਿੱਲੀ ਕਰਕੇ ਮਹਿੰ ਦੀ ਕੰਡ ਉੱਤੇ ਧਰ ਦਿੱਤੀ।
"ਪਿਆਰਿਆ! ਪੁੱਤ, ਮੇਰੇ ਤੇ ਆਪਣੇ ਬਾਪੂ ਵੱਲੋ ਵੇਖ ਜਿਵੇਂ ਤੇਰਾ ਬਾਬਾ ਆਹੰਦਾ ਏ, ਉਹ ਸਿਆਣਾ ਏਂ ਨਾਲੇ ਐਸ ਵੇਲੇ ਤਾਂ ਰੱਬ ਉਰੇ ਏਸੇ ਦਾ ਆਸਰਾ ਏ।" ਦਲੀਪ ਕੌਰ ਨੇ ਅੱਖਾਂ ਪੂੰਝਦਿਆਂ ਕਿਹਾ। ਪ੍ਰੀਤੂ ਦਾ ਉਹਨੂੰ ਬੜਾ ਦੁੱਖ ਸੀ, ਪਰ ਇਕ ਪੁੱਤਰ ਪਿੱਛੇ ਉਹ ਦੂਸਰਾ ਵੀ ਹੱਥੋਂ ਗੁਆਉਣ ਵਾਸਤੇ ਤਿਆਰ ਨਹੀਂ ਸੀ।
"ਜਿਦ ਨਾ ਕਰ ਪਿਆਰਿਆ। ਇਲਮਦੀਨ ਮਰਦ ਆਦਮੀ ਏਂ। ਇਹਦੇ ਉੱਤੇ ਮੈਨੂੰ ਰੱਬ ਵਰਗਾ ਭਰੋਸਾ ਏ।" ਕੋਲੋਂ ਧਰਮ ਸਿੰਘ ਨੇ ਵੀ ਥੱਕੀ ਹੋਈ ਸੁਰ ਵਿੱਚ ਕਿਹਾ।
"ਮਖ, ਤੁਸੀਂ ਫ਼ਿਕਰ ਨਾ ਕਰੋ।" ਮੈਂ ਉਹਨੂੰ ਲੈ ਕੇ ਹੁਣੇ ਮਿਲਿਆ। ਇਲਮਦੀਨ ਨੇ ਹੌਸਲਾ ਦਿੱਤਾ।
"ਭੱਜੋ ਉਇ! ਨਿਕਲੋ ਜੀਹਨੂੰ ਜਾਨ ਦੀ ਲੋੜ ਹੈ। ਨਿਰੇ ਲੁਟੇਰੇ ਨਹੀਂ ਨਾਲ ਪਾਕਸਤਾਨੀ ਫ਼ੌਜ ਵੀ ਜੇ।" ਲਾਗੇ ਘਰਾਂ ਤੋਂ ਵਾਜ ਆਈ।
ਪਿੰਡ ਵਿੱਚੋਂ ਬਹੁਤ ਸਾਰੇ ਲੋਕ ਜੀ-ਭਿਆਣੇ ਭੱਜੇ ਆ ਰਹੇ ਹਨ। ਕਿਸੇ ਦੇ ਕੁੱਛੜ ਬਾਲ, ਕਿਸੇ ਦੇ ਸਿਰ 'ਤੇ ਪੰਡ, ਬੜਾ ਚੀਕ ਚਿਹਾੜਾ ਪਿਆ ਹੋਇਆ ਸੀ।
ਇਲਮਦੀਨ ਪਿਛਾਂਹ ਮੁੜ ਗਿਆ। ਧਰਮ ਸਿੰਘ ਹੋਰੀ ਟੁੱਟੇ ਹੋਏ ਦਿਲ ਨਾਲ ਅਗਾਂਹ ਤੁਰ ਪਏ। ਏਨੇ ਤਕ ਉਹਨਾਂ ਨਾਲ ਹੋਰ ਵੀ ਕਈ ਰਲ ਪਏ। ਪਿੰਡ ਦੀ ਲਹਿੰਦੀ ਬਾਹੀ ਦਾ ਰੌਲਾ ਅੱਧ ਤਕ ਅੱਪੜ ਪਿਆ ਸੀ। ਬੰਦੂਕਾਂ ਦੀ ਵਾਜ ਨਾਲ ਬੰਦਿਆਂ ਦਾ ਰੌਲਾ ਹੋਰ ਉੱਚਾ ਹੋ ਗਿਆ। ਦੋ ਤਿੰਨ ਥਾਵਾਂ 'ਤੇ ਅੱਗ ਨੇ ਹੋਰ ਵੀ ਉੱਚੀਆਂ ਲੰਬਾਂ ਛੱਡੀਆਂ। ਪਿੰਡ ਵੱਲੋ ਕੁਰਲਾਉਂਦੇ ਬਾਲ ਤੇ ਹਾਲ ਪਾਹਰਿਆ ਕਰਕੇ ਲੋਕ ਭੱਜੇ ਆ ਰਹੇ ਸਨ। ਕੁਛ ਲੋਕ ਪਿੱਛੇ ਹਿੱਕਾਂ ਡਾਹ ਕੇ ਟਾਕਰਾ ਵੀ ਕਰ ਰਹੇ ਸਨ, ਪਰ ਇਹ ਟਾਕਰਾ ਅੰਤਮ ਸਵੈ-ਰੱਖਿਆ ਵਾਸਤੇ ਹੀ ਸੀ।
ਪਿਆਰੇ ਹੋਰਾਂ ਚਾਲ ਹੋਰ ਤੇਜ਼ ਕਰ ਦਿੱਤੀ। ਹੁਣ ਕਿਸੇ ਵਿੱਚ ਏਨੀ ਹਿੰਮਤ ਵੀ ਨਹੀਂ ਸੀ ਕਿ ਕਿਸੇ ਪਿੱਛੇ ਰਹਿ ਗਏ ਨੂੰ ਆਪਣੇ ਨਾਲ ਰਲਾਉਣ ਵਾਸਤੇ ਦੋ ਪਲ ਠਹਿਰ ਸਕੇ। ਮੌਤ-ਭੈਅ ਥੱਲੇ ਨਿਹੱਥੇ ਇਨਸਾਨ ਜ਼ਿੰਦਗੀ ਦੀ ਸ਼ਰਣ ਲੈਣ ਵਾਸਤੇ ਨੱਸੇ ਜਾ ਰਹੇ ਹਨ।
ਇਲਮਦੀਨ ਦਾ ਘਰ ਪਿੰਡੋਂ ਦੱਖਣ ਦੀ ਬਾਹੀ ਬਾਹਰਵਾਰ ਸੀ। ਉਹ ਰਵਾਂ ਰਵੀਂ ਘਰ ਪਹੁੰਚਿਆ। "ਉਇ ਫੱਜਿਆ! ਪ੍ਰੀਤੂ ਏਧਰ ਏ ?" ਉਹਨੇ ਜਾਂਦੇ ਨੇ ਘਬਰਾਈ ਹੋਈ ਅਵਾਜ਼ ਵਿੱਚ ਪੁੱਛਿਆ।
“ਨਹੀਂ ਅੱਬਾ! ਏਧਰ ਤਾਂ ਨਹੀਂ ਆਇਆ। ਉਹ ਤਾਂ ਦਿਨ ਖਲੇ ਈ ਘਰ ਨੂੰ ਚਲਾ ਗਿਆ ਸੀ।” ਲੰਮਾ ਪਿਆ ਫਜਾ ਤਬਕ ਕੇ ਮੰਜੇ ਤੋਂ ਉਠ ਬੈਠਾ। ਚਿੰਤਾ ਨਾਲ ਉਹਦਾ ਦਿਲ ਧੜਕਣ ਲੱਗ ਪਿਆ।
"ਫਿਰ ਉਹ ਗਿਆ ਕਿਥੇ ?” ਇਲਮਦੀਨ ਉਹਨਾਂ ਪੈਰਾਂ ਤੋਂ ਹੀ ਪਿਛਾਂਹ ਮੁੜ ਪਿਆ।
"ਵੇਖਾਂ। ਲੋਕਾਂ ਦੀ ਜਾਨ ਦੀ ਬਣੀ ਹੋਈ ਏ ਤੇ ਇਹਨੂੰ ਐਸ ਵੇਲੇ ਹੀ ਉਹਨਾਂ ਕਾਫ਼ਰਾਂ ਦਾ ਫ਼ਿਕਰ ਲੱਗਾ ਹੋਇਆ ਏ।" ਫ਼ਾਤਮਾ ਨੇ ਡਾਢੀ ਘ੍ਰਿਣਾ ਨਾਲ ਕਿਹਾ।
ਇਲਮਦੀਨ ਨੇ ਫ਼ਾਤਮਾ ਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ। ਉਹ ਫੇਰ ਧਰਮ ਸਿੰਘ ਦੇ ਘਰ ਨੂੰ ਉੱਠ ਨੱਸਾ। 'ਕੀ ਪਤਾ, ਅੰਞਾਣਾ ਕਿਤੇ ਘਰ ਦੇ ਕਿਸੇ ਖੂੰਜੇ ਵਿੱਚ ਲੁਕਿਆ ਬੈਠਾ ਹੋਵੇ।
"ਲਉ ਬਾਬਾ ਇਲਮਦੀਨ ਵੀ ਆ ਗਿਆ ਜੇ।" ਰਮਜ਼ਾਨ ਨੇ ਸਾਥੀਆਂ ਨੂੰ ਸੰਬੋਧਨ ਕਰ ਕੇ ਕਿਹਾ। ਉਹ ਪੰਜ ਸੱਤ ਮੁੰਡੇ ਧਰਮ ਸਿੰਘ ਕੇ ਅੰਦਰੋਂ ਬਚਿਆ ਅਸਬਾਬ ਕੱਢ ਰਹੇ ਸਨ।
"ਆ ਬਾਬਾ! ਆਪਣੇ ਯਾਰ ਦੇ ਘਰ ਵਿੱਚੋਂ ਤੂੰ ਵੀ ਹਿੱਸਾ ਵੰਡਾ ਲੈ। ਤਰਦਾ ਮਾਲ ਤਾਂ ਉਹ ਪਹਿਲਾਂ ਈ ਸੰਭਾਲ ਕੇ ਖਿਸਕ ਗਏ।" ਫੱਜੂ ਨੇ ਮੁਸਕੜੀਆਂ 'ਚ ਹੱਸਦਿਆਂ ਕਿਹਾ।
"ਖੂਹ ਪਿਆ ਉਇ ਹਿੱਸਾ ਵੰਡੌਣਾ। ਸੰਭਾਲੋ ਤੁਸੀਂ। ਦੱਸੋ ਕਿਸੇ ਪ੍ਰੀਤੂ ਵੇਖਿਆ ਜੇ, ਉਹਨਾਂ ਦਾ ਛੋਟਾ ਮੁੰਡਾ ?” ਇਲਮਦੀਨ ਬਹੁਤ ਹੀ ਘਬਰਾਇਆ ਹੋਇਆ ਸੀ।
"ਪ੍ਰੀਤੂ ਨੂੰ ਲੱਭਦਾ ਫਿਰਦਾ ਏਂ ਐਸ ਵੇਲੇ। ਜਾਂ ਉਹ ਮਾਂ ਪਿਉ ਨਾਲ ਨਿਕਲ ਗਿਆ ਹੋਊ ਜਾਂ ਕਿਸੇ ਦੇ ਛੁਰੇ ਦੀ ਭੇਟਾ ਹੋ ਗਿਆ ਹੋਊ।" ਨਵਾਬ ਨੇ ਜ਼ਰਾ ਰੁੱਖੀ ਸੁਰ ਵਿੱਚ ਕਿਹਾ।
"ਖ਼ੁਦਾ ਦਾ ਖ਼ੌਫ਼ ਖਾਹੌ ਉਇ! ਕਿਸੇ ਨੂੰ ਪਤਾ ਜੇ ਤਾਂ ਦੱਸ ਦਿਹੋ। ਮਾਸੂਮ ਬੱਚੇ ਨਾਲ ਕਾਹਦਾ ਵੈਰ।"
"ਕਸਮ ਅੱਲ੍ਹਾ ਦੀ, ਬਾਬਾ! ਅਸਾਂ ਨਹੀਂ ਵੇਖਿਆ। ਸਾਡੇ ਔਣ ਤੋਂ ਤਾਂ ਪਹਿਲਾਂ ਹੀ ਉਹ ਨੱਸ ਗਏ ਸਨ। ਰਮਜ਼ਾਨ ਨੇ ਜ਼ਰਾ ਨਰਮ ਸੁਰ ਵਿੱਚ ਕਿਹਾ।
"ਪ੍ਰੀਤੂ! ਉ ਪ੍ਰੀਤੂ! ਮੈਂ ਆਂ ਇਲਮਦੀਨ। ਕਿਤੇ ਲੁਕਿਆ ਬੈਠਾ ਏਂ, ਤਾਂ ਆ ਜਾ। ਤੈਨੂੰ ਕੋਈ ਕੁਛ ਨਹੀਂ ਆਹੰਦਾ।" ਇਲਮਦੀਨ ਨੇ ਉੱਚੀ-ਉੱਚੀ ਵਾਜਾਂ ਮਾਰੀਆਂ।
"ਬੁੱਢੇ ਦਾ ਸਿਰ ਫਿਰ ਗਿਆ ਏ।" ਨਵਾਬ ਨੇ ਚਿੜ ਕੇ ਕਿਹਾ, "ਤੁਸੀਂ ਛੇਤੀ ਕਰੋ ਉਇ। ਨਾਲ ਦੇ ਘਰ ਵੀ ਵੇਖੀਏ ਜ਼ਰਾ।"
ਨਿਰਾਸ ਹੋ ਕੇ ਇਲਮਦੀਨ ਪਿਛਾਂਹ ਮੁੜ ਗਿਆ। "ਕਿਤੇ ਬਾਹਰ ਕਿਸੇ ਪੈਲੀ ਵਿੱਚ ਨਾ ਲੁਕਿਆ ਬੈਠਾ ਹੋਵੇ।" ਘਰ ਦੇ ਪਿਛਵਾੜੇ ਪੈਲੀਆਂ ਵਿੱਚ ਜਾ ਕੇ ਇਲਮਦੀਨ ਨੇ ਫਿਰ ਪ੍ਰੀਤੂ ਨੂੰ ਉੱਚੀ-ਉੱਚੀ ਵਾਜਾਂ ਮਾਰੀਆਂ। ਪ੍ਰੀਤੂ ਕਿਤੇ ਹੁੰਦਾ,
ਤਾਂ ਵਾਜ ਦੇਂਦਾ। 'ਕਿਧਰ ਗਿਆ ਹੋਵੇਗਾ।' ਸੋਚਦਾ-ਸੋਚਦਾ ਇਲਮਦੀਨ ਫੇਰ ਘਰ ਨੂੰ ਤੁਰ ਪਿਆ।
ਇਲਮਦੀਨ ਨੇ ਸਾਰੇ ਉਹ ਥਾਂ ਭਾਲ ਮਾਰੇ, ਜਿਥੇ ਵੀ ਉਹਦੇ ਖ਼ਿਆਲ ਮੁਤਾਬਕ ਪ੍ਰੀਤੂ ਹੋ ਸਕਦਾ ਸੀ। ਪਿੰਡ ਛੱਡ ਕੇ ਜਾ ਰਹੇ ਹਿੰਦੂ ਸਿੱਖਾਂ ਤੋਂ ਵੀ ਉਹਨੇ ਪੁੱਛਿਆ, ਪਰ ਪਤਾ ਕੋਈ ਨਾ ਲੱਗਾ। ਏਨੇ ਤਕ ਪਿੰਡ ਸਾਰਾ ਲਗਭਗ ਖ਼ਾਲੀ ਹੋ ਚੁੱਕਾ ਸੀ।
"ਉਹਨਾਂ ਨੂੰ ਪਤਾ ਤਾਂ ਦੇਣਾ ਚਾਹੀਦਾ ਏ।" ਇਹ ਖ਼ਿਆਲ ਆਉਂਦਿਆਂ ਇਲਮਦੀਨ ਖਾਲੜੇ ਨੂੰ ਉੱਠ ਦੱਸਿਆ।
ਘਰ ਛੱਡ ਕੇ ਜਾਣ ਵਾਲਿਆਂ ਨਾਲ ਸੜਕ ਭਰੀ ਹੋਈ ਸੀ। ਕੋਈ ਸੜਕ ਛੱਡ ਕੇ ਆਸੇ-ਪਾਸੇ ਖੇਤਾਂ ਵਿਚਦੀ ਲੁਕਦੇ ਛਿਪਦੇ ਜਾ ਰਹੇ ਸਨ। ਜਾਨ ਬੜੀ ਪਿਆਰੀ ਹੁੰਦੀ ਹੈ। ਹਰ ਕਦਮ ਉੱਤੇ ਯਮਰਾਜ ਬੈਠਾ ਪਰਤੀਤ ਹੁੰਦਾ ਹੈ। ਹਰ ਸਾਹ ਨਾਲ ਮੌਤ ਦਾ ਫਰਿਸ਼ਤਾ ਹੁੰਗਾਰਾ ਭਰਦਾ ਜਾਪਦਾ ਹੈ। ਫੇਰ ਏਹੋ ਜਿਹੇ ਸਮੇਂ ਤਾਂ ਇਹ ਭੈਅ ਹੋਰ ਵੀ ਵਧ ਜਾਂਦਾ ਹੈ। ਚੁੱਪਚਾਪ ਤੁਰੇ ਜਾ ਰਹੇ ਸਨ ਸਭ ਮੁਸੀਬਤ ਦੇ ਮਾਰੇ। ਕਿਸੇ ਦਾ ਬਾਲ ਵੀ ਰੋਂਦਾ ਤਾਂ ਮਾਂ ਉਹਦੇ ਮੂੰਹ ਅੱਗੇ ਹੱਥ ਦੇ ਕੇ ਵਾਜ ਵਿਚੋਂ ਘੁੱਟ ਲੈਂਦੀ। ਮੌਤ ਦੀਆਂ ਅੱਖਾਂ ਭਾਵੇਂ ਨਾ ਹੋਣ, ਕੰਨ ਜ਼ਰੂਰ ਹੁੰਦੇ ਹਨ। ਜੇ ਕਿਸੇ ਸੁਣ ਲਿਆ ਤਾਂ। ਜ਼ਿੰਦਗੀ ਦੇ ਹੁਲਾਰੇ ਉੱਤੇ ਜ਼ਿੰਦਗੀ ਦੀ ਨਿਸ਼ਾਨੀ ਵਾਜ ਨੂੰ ਦਬਾਇਆ ਜਾ ਰਿਹਾ ਸੀ।
"ਮੈਂ ਆਖਿਆ! ਕਿਤੇ ਧਰਮ ਸੁੰਹ ਦਾ ਛੋਟਾ ਮੁੰਡਾ ਪ੍ਰੀਤੂ ਵੇਖਿਆ ਜੇ?"
ਕਿਸੇ ਲੰਘਦੇ ਨੂੰ ਪਛਾਣ ਕੇ ਇਲਮਦੀਨ ਧੀਮੀ ਸੁਰ ਵਿੱਚ ਪੁੱਛ ਲੈਂਦਾ।
"ਕੌਣ ? ਬਾਬਾ ਇਲਮਦੀਨ ? ਤੂੰ ਕਿੱਧਰ ਐਸ ਵੇਲੇ ਬਲਦੀ ਅੱਗ ਵਿੱਚ।”
"ਮੈਂ ਈ ਆਂ, ਇਲਮਦੀਨ। ਵੇਖਿਆ ਜੇ ਕਿਤੇ ਪ੍ਰੀਤੂ ?”
"ਨਹੀਂ"
ਇਲਮਦੀਨ ਨਿਰਾਸ ਹੋ ਕੇ ਅੱਗੇ ਵਧ ਜਾਂਦਾ।
"ਕਿਤੇ ਪ੍ਰੀਤੂ ਦਾ ਕੋਈ ਸੁਰ ਪਤਾ ?"
"ਇਲਮਦੀਨ ਏਂ! ਪ੍ਰੀਤੂ ਨੂੰ ਲੱਭਦਾ-ਲੱਭਦਾ ਸਾਡੇ ਨਾਲ ਕਿਤੇ ਆਪਣੀ ਜਾਨ ਵੀ ਨਾ ਗੁਆ ਬਹੀਂ ਤੂੰ ?"
"ਬਚ ਜਾਇਓ ਉਇ! ਦੱਸ ਪਈ ਏ, ਅੱਗੇ ਹੁਡਿਆਰੇ ਵਾਲੇ ਰੋਹੀ ਦਾ ਪੁਲ ਮੱਲੀ ਬੈਠੇ ਨੇ।" ਅਗਲੇ ਪਾਸਿਓਂ ਉੱਚੀ ਸਾਰੀ ਵਾਜ ਆਈ।
"ਹੈਂ ? ਭਾਵੇਂ ਧਰਮ ਸੁੰਹ ਹੋਰਾਂ ਨਾਲ ਵੀ ਓਥੇ ਕੋਈ ਚੰਗੀ ਮਾੜੀ ਵਾਪਰ ਗਈ ਹੋਵੇ।” ਖ਼ਿਆਲ ਆਉਂਦਿਆਂ ਇਲਮਦੀਨ ਦਾ ਦਿਲ ਧੜਕਣ ਲੱਗ ਪਿਆ।
“ਸੜਕ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਏ।" ਇਲਮਦੀਨ ਸੜਕੋਂ ਸੱਜੇ ਹੱਥ ਨੂੰ ਹੋ ਤੁਰਿਆ। 'ਅੰਤ ਲੰਘਣਾ ਤਾਂ ਉਹਨਾਂ ਖਾਲੜੇ ਤੋਂ ਈ ਏ।
ਇਲਮਦੀਨ ਹੁਡਿਆਰੇ ਵਾਲੀ ਰੋਹੀ ਨੇੜੇ ਜਾ ਪੁੱਜਾ। ਬੰਦੂਕਾਂ ਦੀ ਵਾਜ ਤੇ ਆਦਮ ਰੌਲੇ ਨੇ ਉਹਦਾ ਦਿਲ ਹਿਲਾ ਦਿੱਤਾ। 'ਯਾ ਅੱਲਾਹ! ਇਨਸਾਨ ਇਨਸਾਨ ਦਾ ਵੈਰੀ ਕਿਉਂ ਬਣ ਗਿਆ ਏ ? ਇਹ ਤਾਂ ਸ਼ੈਤਾਨੀਅਤ ਏ। ਇਹ ਆਪਸ ਵਿੱਚ ਲੜਨ ਮਰਨ ਵਾਲੇ ਲੋਕ ਧਰਮੀ ਨੇ ਜਾਂ ਮੋਮਨ। ਉਹ ਬੰਦੇ ਕਿਹੜੇ ਨੇ, ਜਿਨ੍ਹਾਂ ਨੂੰ ਕਬੀਰ ਕਹਿੰਦਾ ਏ ਕੁਦਰਤ ਦੇ ਸਭ ਬੰਦੇ। ਉਫ਼ ! ਤੇਰੀ ਰਜ਼ਾ!'
ਇਲਮਦੀਨ ਚਾਰ ਪੰਜ ਪੈਲੀਆਂ ਸੱਜੇ ਹੱਥ ਹੋ ਕੇ ਬੜੀ ਮੁਸ਼ਕਲ ਨਾਲ ਰੋਹੀ ਲੰਘਿਆ। ਸੜਕ ਦੀ ਸੇਧ ਰੱਖ ਕੇ ਉਹ ਪੈਲੀਆਂ ਵਿਚ ਦੀ ਫ਼ਸਲਾਂ ਲਤਾੜਦਾ ਤੁਰਿਆ ਜਾ ਰਿਹਾ ਸੀ।
ਦਿਨ ਦੀ ਲਾਲੀ ਫੁੱਟਣ ਵਾਲੀ ਹੋ ਗਈ ਸੀ। ਇਲਮਦੀਨ ਦੇ ਕੰਨਾਂ ਵਿੱਚ ਜਾਣੀ-ਪਛਾਣੀ ਵਾਜ ਦੀ ਭਿਣਕ ਪਈ।
"ਬਾਪੂ! ਖਾਲੜਾ ਆ ਗਿਆ ਏ, ਪਰ ਅਜੇ ਬਾਬਾ ਇਲਮਦੀਨ ਨਹੀਂ ਆਇਆ।"
"ਉਹ ਜ਼ਰੂਰ ਆਵੇਗਾ। ਐਧਰ ਇਕ ਪਾਸੇ ਹੋ ਕੇ ਬਹਿ ਜੌ।"
ਇਲਮਦੀਨ ਵਾਜ ਦੀ ਸੇਧ 'ਤੇ ਹੋ ਤੁਰਿਆ। ਅੱਗੇ ਨਹਿਰ ਦੇ ਪੁਲ ਉੱਤੇ ਲੰਘਣ ਵਾਲਿਆਂ ਦੀ ਬੜੀ ਭੀੜ ਸੀ। ਜੌੜੇ ਜਨਮੇਂ ਦੋਹਾਂ ਦੇਸ਼ਾਂ ਦੀ ਪੁਲੀਸ ਲਹਿੰਦਿਉਂ ਚੜ੍ਹਦੇ ਤੇ ਚੜ੍ਹਦਿਓਂ ਲਹਿੰਦੇ ਦੇ ਵੱਲ ਜਾਣ ਵਾਲਿਆਂ ਨੂੰ ਵਾਰੀ-ਵਾਰੀ ਲੰਘਾਉਂਦੀ ਸੀ। ਹੱਦੋਂ ਪਾਰ ਹੋ ਕੇ ਜ਼ਿੰਦਗੀ ਦੀ ਆਸ ਨਾਲ ਜ਼ਰਾ ਮਨ ਧੀਰਜ ਧਰਦਾ। ਮੌਤ ਤੋਂ ਥੋੜ੍ਹਾ ਜੇਹਾ ਨਿਰਭੈ ਹੋ ਕੇ ਜੀਵਨ ਸਾਹ ਲੈਂਦਾ। ਕੁਝ ਮਨਚਲਿਆਂ ਦੇ ਗਲੇ ਵਿੱਚੋਂ ਵਾਜ ਫੁਟਦੀ :
“ਪਾਕਸਤਾਨ, ਜ਼ਿੰਦਾਬਾਦ।”
"ਆਜ਼ਾਦ ਭਾਰਤ ਜ਼ਿੰਦਾਬਾਦ।"
"ਖਾ ਗਈ ਖਸਮਾਂ ਨੂੰ ਇਹ ਅਜ਼ਾਦੀ। ਬੇਦੋਸ਼ਿਆਂ ਦਾ ਲਹੂ ਪੀਣੀ ਡੈਣ।"
"ਮਾਈ! ਕਿਉਂ ਗੁੱਸੇ ਹੁੰਦੀ ਏਂ ? ਮਰ-ਮਰ ਕੇ ਦੇਸ਼ ਆਜ਼ਾਦ ਹੋਇਆ ਏ।"
"ਚਾਂ ਨੂੰ ਗ਼ੁੱਸੇ ਹੁੰਦੀ ਆਂ ਪਈ? ਤੇਰਾ ਕੁਛ ਵਿਗੜਿਆ ਨਹੀਂ ਨਾ ਹੋਣਾ। ਨੱਖਤੇ ਲੀਡਰਾਂ ਨੇ ਮਾਰ ਘੱਤਿਆ।"
"ਸੱਚ ਆਹੰਦੀ ਏਂ ਮਾਈ। ਲੀਡਰਾਂ ਦਾ ਕੀ ਵਿਗੜਿਆ। ਮਾਰੇ ਗਏ ਸ਼ੁਹਦੇ ਗ਼ਰੀਬ।"
"ਭਈ! ਜੁਗ ਗਰਦੀ ਏਸੇ ਨੂੰ ਆਹੰਦੇ ਨੇ ਨਾ।"
ਭਾਂਤ-ਭਾਂਤ ਦੀਆਂ ਵਾਜਾਂ ਦੇ ਸਹੀ ਅਰਥ ਸਮਝਣੇ ਔਖੇ ਸਨ।
"ਓ ਪਿਆਰਿਆ!" ਇਲਮਦੀਨ ਨੇ ਕੁਛ ਨੇੜੇ ਪੁੱਜ ਕੇ ਵਾਜ ਮਾਰੀ।
"ਬਾਬਾ ਆ ਗਿਆ।" ਪਿਆਰਾ ਭੜਕ ਕੇ ਉੱਠ ਖਲੋਤਾ। "ਬਾਬਾ! ਐਧਰ।" ਪਿਆਰਾ ਉਹਦੀ ਵਾਜ ਦੀ ਸੋਧ 'ਤੇ ਕਾਹਲੇ ਕਦਮੀ ਵਧ ਤੁਰਿਆ।
"ਮੈਂ ਤਾਂ ਖਪ ਲੱਥਾਂ ਭੀੜ ਵਿੱਚ ਭਾਲਦਾ।"
"ਤੇ ਪ੍ਰੀਤੂ!” ਪਿਆਰੇ ਨੇ ਇਕੱਲੇ ਇਲਮਦੀਨ ਨੂੰ ਵੇਖ ਕੇ ਕੁਛ ਉਦਾਸ ਸੁਰ ਵਿੱਚ ਪੁੱਛਿਆ।
"ਲੱਭ ਲਵੇਗਾ ਪ੍ਰੀਤੂ ਵੀ। ਡੋਲ ਨਾ ਤੂੰ।" ਇਲਮਦੀਨ ਨੇ ਪਿਆਰੇ ਦੇ ਮੋਢੇ 'ਤੇ ਹੱਥ ਧਰ ਕੇ ਧੀਰਜ ਦੇਂਦਿਆਂ ਕਿਹਾ "ਕਿੱਥੇ ਨੇ ਧਰਮ ਸੁੰਹ ਹੋਰੀਂ ?"
ਪਿਆਰੇ ਵਿੱਚ ਬੋਲਣ ਦੀ ਹਿੰਮਤ ਨਾ ਰਹੀ। ਉਹਦਾ ਦਿਲ ਟੁੱਟ ਪਿਆ। ਇਲਮਦੀਨ ਦੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਹ ਅੱਗੇ ਲੱਗ ਕੇ ਤੁਰ ਪਿਆ। ਗੱਭਰੂ ਪਿਆਰੇ ਦੇ ਕਦਮਾਂ ਵਿੱਚ ਜਵਾਨੀ ਦੀ ਛੁਹ ਕਿਤੇ ਭਾਲਿਆਂ ਨਹੀਂ ਸੀ ਲੱਭਦੀ। 'ਬਸ, ਮੇਰਾ ਪ੍ਰੀਤੂ ਹੈ ਨਹੀਂ। ਹੁਣ ਉਹਨੂੰ ਕਿੱਥੋਂ ਲੱਭਣਾ ਏਂ ?' ਮਾਰੂ ਸੋਚਾਂ ਸੋਚਦਾ ਪਿਆਰਾ ਪੈਰ ਧੂਹਦਾ ਜਾ ਰਿਹਾ ਸੀ।
"ਦਿਲ ਨਾ ਛੱਡ ਪਿਆਰਿਆ! ਮੈਂ ਪ੍ਰੀਤੂ ਨੂੰ ਜ਼ਰੂਰ ਲੱਭ ਕੇ ਲੈ ਆਵਾਂਗਾ। ਐਸ ਵੇਲੇ ਤਾਂ ਕਾਹਲੀ ਕਰਕੇ ਤੁਹਾਨੂੰ ਦੱਸਣ ਵਾਸਤੇ ਆ ਗਿਆ। ਓਸ ਫੋਹਾ ਭਰ ਬਾਲ ਨਾਲ ਕਿਸੇ ਦਾ ਕਾਹਦਾ ਵੈਰ ਏ। ਉਹ ਜ਼ਰੂਰ ਲੱਭ ਪਵੇਗਾ। ਤੂੰ ਫ਼ਿਕਰ ਨਾ ਕਰ, ਮਖ।” ਇਲਮਦੀਨ ਹੌਂਸਲਾ ਦੇਂਦਾ ਨਾਲ-ਨਾਲ ਤੁਰਿਆ ਜਾ ਰਿਹਾ ਸੀ।
"ਤੇ ਭਾਈ! ਮੇਰਾ ਪ੍ਰੀਤੂ।" ਦਲੀਪ ਕੌਰ ਦੇ ਜਿਵੇਂ ਕਲੇਜੇ ਵਿੱਚੋਂ ਚੀਰ ਕੇ ਹੂਕ ਨਿਕਲੀ।
"ਏਹਾ ਗੱਲਾਂ ਮੈਂ ਪਿਆਰੇ ਨਾਲ ਕਰਦਾ ਆ ਰਿਹਾਂ। ਪ੍ਰੀਤੂ ਜ਼ਰੂਰ ਲੱਭ ਪਵੇਗਾ। ਕਿਤੇ ਡਰ ਦਾ ਮਾਰਿਆ ਅੰਞਾਣਾ ਲੁਕ ਗਿਆ ਏ। ਮੈਂ ਜਾ ਕੇ ਜ਼ਰੂਰ ਲੱਭ ਲਵਾਂਗਾ। ਭਲਾ ਤੁਸਾਂ ਅੱਲ੍ਹਾ ਦਾ ਗੁਆਇਆ ਏ ਕੁਝ ? ਨਾਲੇ ਉਸ ਮਾਸੂਮ ਨੂੰ ਕਿਸੇ ਕੀ ਆਖਣਾ ਏਂ, ਤੁਸੀਂ ਦਿਲ ਨਾ ਛੋਟਾ ਕਰੋ।" ਇਲਮਦੀਨ ਉਹਨਾਂ ਦੇ ਸਾਮ੍ਹਣੇ ਬਹਿ ਗਿਆ। "ਤੇ ਸੱਚ ਤੁਹਾਡਾ ਸਮਾਨ ?"
"ਸਭ ਕੁਛ ਹੁਡਿਆਰੇ ਵਾਲੀ ਰੋਹੀ ਦੇ ਪੁੱਲ 'ਤੇ ਲੁੱਟਿਆ ਗਿਆ।" ਧਰਮ ਸਿੰਘ ਨੇ ਅਫ਼ਸੋਸ ਵਿੱਚ ਸਿਰ ਹਿਲਾਉਂਦਿਆਂ ਕਿਹਾ। “ਤੇਰੀ ਸਲਾਹ 'ਤੇ ਅਮਲ ਕੀਤਾ ਅਸਾਂ। ਜਾਨ ਦੇਣ ਨਾਲੋਂ ਸਮਾਨ ਦੇਣ ਵਿੱਚ ਈ ਭਲਾ ਸਮਝਿਆ।"
ਪਲ ਦਾ ਪਲ ਦੋਹੀਂ ਪਾਸੀਂ ਚੁੱਪ ਵਰਤੀ ਰਹੀ। ਇਲਮਦੀਨ ਨੇ ਹੀ ਫੇਰ ਗੱਲ ਤੋਰੀ। ਉਹਨੇ ਪ੍ਰੀਤੂ ਨੂੰ ਲੱਭਦੇ ਫਿਰਨ ਤੇ ਪਿੰਡ ਵਿੱਚ ਹੋਈ ਵਾਪਰੀ ਬਾਰੇ ਵੇਰਵੇ
ਨਾਲ ਦੱਸਿਆ। ਧਰਮ ਸਿੰਘ ਨੇ ਵੀ ਰੋਹੀ ਦੇ ਪੁਲ ਉੱਤੇ ਲੁੱਟੇ ਜਾਣ ਦੀ ਵਾਰਤਾ ਕਹਿ ਸੁਣਾਈ। ਦਲੀਪ ਕੌਰ ਤੇ ਪਿਆਰਾ ਇਕ ਸ਼ਬਦ ਵੀ ਨਾ ਬੋਲੇ। ਉਹਨਾਂ ਵਿੱਚ ਬੋਲਣ ਦਾ ਆਸਰਾ ਹੀ ਨਹੀਂ ਸੀ ਰਿਹਾ। ਪ੍ਰੀਤੂ ਦੇ ਗ਼ਮ ਵਿੱਚ ਉਹ ਦੋਵੇਂ ਰੁੜ੍ਹੇ ਜਾ ਰਹੇ ਸਨ।
"ਭੈਣ ਦਲੀਪ ਕੁਰੇ! ਦਿਲ ਨਾ ਡੁਲਾਓ। ਮੈਂ ਅਜੇ ਆਸ ਛੱਡੀ ਨਹੀਂ। ਪ੍ਰੀਤੂ ਜ਼ਰੂਰ ਲੱਭ ਪਵੇਗਾ। ਭਲਾ ਤੁਸਾਂ ਅੱਲ੍ਹਾ ਦੇ ਮਾਂਹ ਮਾਰੇ ਨੇ, ਜੋ ਉਹ ਤੁਹਾਡੇ ਨਾਲ....।"
"ਭਾਈ! ਮੈਂ ਮਰ ਜਾਵਾਂਗੀ। ਪ੍ਰੀਤੂ ਬਿਨਾਂ ਮੈਂ ਨਹੀਂ ਜੇ ਬਚਣਾ। ਹਾਏ ਮਾਂ ਮਰ ਜੈ! ਤੱਤੀਏ! ਕਿਉਂ ਉਥੋਂ ਪੁੱਤਰ ਤੋਂ ਬਿਨਾਂ ਤੁਰ ਪਈ ਸੈਂ।" ਅੱਖਾਂ ਅੱਗੇ ਪੱਲਾ ਦੇ ਕੇ ਦਲੀਪ ਕੌਰ ਉੱਚੀ-ਉੱਚੀ ਰੋਣ ਲੱਗ ਪਈ।
"ਰੋਇਆ ਰੱਬ ਰੀਝਦਾ ਏ ਏਸ ਤਰ੍ਹਾਂ ? ਲੱਗੇ ਹੋਏ ਨੇ ਦੋਵੇਂ ਮਾਂ ਪੁੱਤ ਡੁਸਕਣ। ਜੋ ਭਾਣਾ। ਮਹਾਰਾਜ ਨੇ ਫ਼ੁਰਮਾਇਆ ਏ, 'ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ। ਤੁਹਾਡੇ ਕੱਲ੍ਹਿਆਂ ਨਾਲ ਤਾਂ ਨਹੀਂ ਹੋਈ।" ਧਰਮ ਸਿੰਘ ਨੇ ਡਿਗਦੇ ਜੀ ਨੂੰ ਠੁਮ੍ਹਣਾ ਦੇਂਦਿਆਂ ਕਿਹਾ।
"ਪਰ ਧਰਮ ਸਿਹਾਂ! ਤੁਸੀਂ ਐਸਾ ਸੋਚਦੇ ਕਿਉਂ ਹੋ। ਵੇਖੋ, ਰਾਤ ਥੋੜੇ ਜਿਹੇ ਸਮੇਂ ਵਿੱਚ ਪ੍ਰੀਤੂ ਨੂੰ ਲੱਭ ਲੈਣਾ ਔਖਾ ਸੀ। ਉਹ ਭਾਵੇਂ ਡਰਦਾ ਬਾਹਰ ਖੇਤੀਂ ਜਾ ਕੇ ਹੀ ਚਰੀਆਂ ਵਿੱਚ ਈ ਲੁਕਿਆ ਬੈਠਾ ਹੋਵੇ। ਤੁਸੀਂ ਹੱਦੋਂ ਪਾਰ ਦੋ ਦਿਨ ਮੈਨੂੰ ਉਡੀਕਿਓ। ਉਧਰ ਖਾਲੜੇ ਵੱਲੇ ਡਰ ਨਹੀਂ। ਅੱਵਲ ਤਾਂ ਭਲਕੇ ਸ਼ਾਮ ਤੱਕ ਈ ਤੇ ਨਹੀਂ ਤਾਂ ਪਰਸੋਂ ਜ਼ਰੂਰ ਮੁੜਾਂਗਾ ਮੈਂ। ਮੈਨੂੰ ਅੱਲ੍ਹਾ ਦੀ ਰਹਿਮਤ 'ਤੇ ਯਕੀਨ ਏਂ। ਪ੍ਰੀਤੂ ਜ਼ਰੂਰ ਲੱਭ ਪਵੇਗਾ। ਹੁਣ ਤੁਸੀਂ ਪਾਰ ਲੰਘਣ ਦਾ ਚਾਰਾ ਕਰੋ ਤੇ ਮੈਂ ਪਿਛਾਂਹ ਮੁੜਦਾਂ।"
"ਬਾਬਾ! ਮੈਂ ਵੀ ਤੇਰੇ ਨਾਲ ਚੱਲਾਂਗਾ।" ਰੋਂਦੇ-ਰੋਂਦੇ ਪਿਆਰੇ ਨੇ ਅੱਖਾਂ ਪੂੰਝਦਿਆਂ ਕਿਹਾ।
"ਹੈਂ ਕਿ ਨਾ ਕਮਲਿਆਂ ਵਾਲੀ ਗੱਲ, ਓਸ ਮਾਸੂਮ ਨੂੰ ਕੋਈ ਡਰ ਨਹੀਂ। ਪਰ ਤੈਨੂੰ ਮੈਂ ਵਾਪਸ ਕਿਵੇਂ ਲੈ ਜਾਵਾਂ।" ਇਲਮਦੀਨ ਨੇ ਨਾਂਹ ਵਿੱਚ ਸਿਰ ਫੇਰਦਿਆਂ ਕਿਹਾ।
"ਆਵਦੀ ਮਾਂ ਦਾ ਗਲ ਘੁੱਟ ਕੇ ਨਹਿਰ ਵਿੱਚ ਰੋੜ੍ਹ ਜਾਹ। ਤੇ ਤੂੰ ਵਾਪਸ ਮੁੜ ਜਾਹ।" ਧਰਮ ਸਿੰਘ ਨੇ ਮਰੋੜੇ ਨਾਲ ਕਿਹਾ। "ਤੈਨੂੰ ਇਲਮਦੀਨ 'ਤੇ ਭਰੋਸਾ ਨਹੀਂ ?"
"ਭਰੋਸਾ ਤਾਂ ਹੈ, ਪਰ ਮੇਰਾ ਦਿਲ ਨਹੀਂ ਜੇ ਖਲੋਂਦਾ, ਨਹੀਂ ਜੇ ਖਲੋਂਦਾ।" ਪਿਆਰਾ ਵਧੇਰੇ ਫਿੱਸ ਪਿਆ।
"ਸਾਡੇ ਨਾਲੋਂ ਵੀ ਤੈਨੂੰ ਵਧੇਰੇ ਦੁੱਖ ਏ ?" ਧਰਮ ਸਿੰਘ ਨੇ ਜਿਵੇਂ ਆਪਣਾ ਵਧੇਰੇ ਹੱਕ ਜਤਾਉਂਦਿਆਂ ਕਿਹਾ।
"ਹਾਂ, ਵਧੇਰੇ ਏ।" ਪਿਆਰੇ ਨੇ ਪਿਉ ਦੀਆਂ ਅੱਖਾਂ ਵਿੱਚ ਤੱਕਦਿਆਂ ਕਿਹਾ "ਮੈਨੂੰ ਵਧੇਰੇ ਆ। ਗੌਣ ਵਾਲੇ ਆਹਦੇ ਹੁੰਦੇ ਨੇ, ਮਾਪਿਆਂ ਦੀ ਡੰਗੋਰੀ ਹੁੰਦੇ ਨੇ ਪੁੱਤਰ, ਪਰ ਭਰਾਵਾਂ ਦੀਆਂ ਭਰਾ ਬਾਂਹੀਂ ਹੁੰਦੇ ਨੇ। ਪ੍ਰੀਤੂ ਮੇਰੀ ਬਾਂਹ ਏਂ। ਮੈਂ ਗੁਰੂ ਕੋਲੋਂ ਮੰਗ ਕੇ ਲਿਆ ਸੀ। ਹਾਏ ਮੇਰਾ ਪ੍ਰੀਤੂ ।"
ਤਿੰਨਾਂ ਵਡੇਰਿਆਂ ਨੇ ਬੜੀ ਮੁਸ਼ਕਲ ਨਾਲ ਪਿਆਰੇ ਨੂੰ ਚੁੱਪ ਕਰਾਇਆ। ਅੰਤ ਫ਼ੈਸਲਾ ਇਹ ਹੋਇਆ ਕਿ ਦੋ ਦਿਨ ਧਰਮ ਸਿੰਘ ਹੋਰੀ ਨਹਿਰੋਂ ਚੜ੍ਹਦੇ ਪਾਸੇ ਖਾਲੜੇ ਹੀ ਉਡੀਕ ਕਰਨ। ਦੂਸਰੇ ਦਿਨ ਇਲਮਦੀਨ ਏਥੇ ਹੱਦ ਉੱਤੇ ਆ ਕੇ ਮਿਲੇਗਾ।
੧०.
ਸੂਰਜ ਚੜ੍ਹਦੇ ਨਾਲ ਧਰਮ ਸਿੰਘ ਹੋਰੀਂ ਨਹਿਰੋਂ ਪਾਰ ਹੋਏ। ਉਹਨਾਂ ਵਰਗੇ ਹੋਰ ਵੀ ਹਜ਼ਾਰਾਂ ਲੋਕ ਓਧਰੋਂ ਏਧਰ ਤੇ ਏਧਰੋਂ ਓਧਰ ਜਾ ਆ ਰਹੇ ਸਨ। ਕਿਸੇ ਕੋਲ ਗੰਢੜੀ, ਕਿਸੇ ਕੋਲ ਟਰੰਕ, ਕਿਸੇ ਕੋਲ ਘੋੜੀ 'ਤੇ ਲੱਦਿਆ ਸਾਮਾਨ ਤੇ ਕੋਈ ਖ਼ੁਸ਼ਕਿਸਮਤ ਗੱਡਾਂ ਉੱਤੇ ਸਾਮਾਨ ਲੱਦੀ ਤੇ ਅੱਗੇ ਕੁਛ ਪਸ਼ੂ ਵੀ ਲਾਈ ਜਾ ਰਹੇ ਸਨ। ਸੱਖਣੇ ਹੱਥੀਂ ਤੇ ਖ਼ਾਲੀ ਜੇਬ ਜਾਣ ਵਾਲਿਆਂ ਨਾਲੋਂ ਉਹ ਖ਼ੁਸ਼ਕਿਸਮਤ ਹੀ ਕਹੇ ਜਾ ਸਕਦੇ ਸਨ।
ਖਾਲੜਾ ਮੰਡੀ ਤੋਂ ਚੜ੍ਹਦੇ ਪਾਸੇ ਸੜਕ ਦੇ ਦੋਹੀਂ ਪਾਸੀਂ ਘਰਾਂ ਤੋਂ ਬੇਘਰ ਹੋਏ ਲੋਕ ਭੋਇੰ 'ਤੇ ਬੈਠੇ ਸਨ। ਚਿਹਰੇ ਉਦਾਸ ਤੇ ਢਿੱਡੋਂ ਖ਼ਾਲੀ। ਦੋ ਘੜੀਆਂ ਸੂਰਜ ਚੜ੍ਹਦੇ ਤੱਕ ਪਿੰਡ ਵਾਲੇ ਰੋਟੀਆਂ ਪਕਾ ਕੇ ਲੈ ਆਏ।
"ਲਓ ਭਰਾਓ। ਜ਼ਰਾ ਅੰਦਰ ਨੂੰ ਆਸਰਾ ਦਿਹੋ। ਉੱਨੇ ਚਿਰ ਨੂੰ ਹੋਰ ਪੱਕ ਕੇ ਆ ਜਾਂਦੀਆਂ ਨੇ।" ਵਰਤਾਵਿਆਂ ਨੇ ਅਚਾਰ ਦੀ ਫਾੜੀ ਤੇ ਦੋ-ਦੋ ਫੁਲਕੇ ਹਰ ਇਕ ਦੇ ਹੱਥ 'ਤੇ ਧਰਨੇ ਸ਼ੁਰੂ ਕਰ ਦਿੱਤੇ। "ਸਾਰਾ ਦੁੱਖ ਤਾਂ ਕਿਸੇ ਦਾ ਕੌਣ ਵੰਡਾ ਸਕਦਾ ਏ, ਪਰ ਜਿੰਨੇ ਜੋਗੇ ਆਂ, ਹਾਜ਼ਰ ਆਂ।"
"ਠੀਕ ਆਖਿਆ ਜੇ। ਕਿਸੇ ਦਾ ਦੁੱਖ ਕੋਈ ਨਹੀਂ ਵੰਡਾ ਸਕਦਾ, ਕੋਈ ਨਹੀਂ ਵੰਡਾ ਸਕਦਾ।" ਹਮਦਰਦੀ ਦੇ ਦੋ ਸ਼ਬਦ ਸੁਣ ਕੇ ਪਿਆਰਾ ਫਿਰ ਫਿਸ ਪਿਆ।
"ਪਿਆਰਿਆ! ਕਮਲਾ ਏਂ ? ਹੌਸਲਾ ਛੱਡਿਆਂ ਤਾਂ ਕੁਛ ਨਹੀਂ ਬਣਨਾ।" ਧਰਮ ਸਿੰਘ ਨੇ ਪੁੱਤਰ ਨੂੰ ਧੀਰਜ ਦਿੰਦਿਆਂ ਕਿਹਾ। "ਲੈ ਲਾ ਫੁਲਕਾ।"
"ਬਾਪੂ। ਪ੍ਰੀਤੂ ਬਿਨਾਂ ਮੇਰੇ ਸੰਘ ਬੁਰਕੀ ਨਹੀਂ ਲੰਘਣੀ। ਮੇਰਾ ਅੰਦਰ ਵੱਢੀਦਾ ਏ।" ਪਿਆਰੇ ਦੇ ਹੰਝੂ ਰੋਕੇ ਨਹੀਂ ਸਨ ਰੁਕਦੇ।
"ਕੁਛ ਅੰਦਰ ਸੁੱਟ। ਮਨ ਸ਼ਾਂਤ ਹੋਵੇਗਾ।" ਧਰਮ ਸਿੰਘ ਨੇ ਹੱਥ ਕਰਕੇ ਦੋ ਫੁਲਕੇ ਲੈ ਲਏ।
"ਨਹੀਂ ਬਾਪੂ! ਮੇਰਾ ਮਨ ਨਹੀਂ ਮੰਨਦਾ।" ਪਿਆਰੇ ਨੇ ਸਿਰ ਹਿਲਾਉਂਦਿਆਂ ਭਰੇ ਹੋਏ ਗਲੇ ਨਾਲ ਕਿਹਾ। ਵਾਜ ਉਹਨੇ ਰੋਕ ਲਈ ਸੀ, ਪਰ ਅੱਥਰੂਆਂ ਉੱਤੇ ਜ਼ੋਰ ਨਹੀਂ ਸੀ ਚਲਦਾ।
"ਵੀਰਾ, ਇਕ ਫੁਲਕਾ।" ਧਰਮ ਸਿੰਘ ਵੱਲੇ ਵੇਖ ਕੇ ਜਾਂ ਪੁੱਤਰ ਦਾ ਜੀਅ ਧਰਾਉਣ ਬਦਲੇ ਇਕ ਫੁਲਕਾ ਦਲੀਪ ਕੌਰ ਨੇ ਵੀ ਲੈ ਲਿਆ। ਦਸ ਮਿੰਟ ਉਹ ਫੁਲਕਾ ਓਸੇ ਤਰ੍ਹਾਂ ਹੱਥ ਵਿੱਚ ਫੜੀ ਬੈਠੀ ਰਹੀ।
"ਹੇ ਪ੍ਰਮਾਤਮਾ। ਸ਼ੁਕਰ ਏ ਤੇਰਾ। ਤੇਰਾ ਕੀਆ ਮੀਠਾ ਲਾਗੇ।" ਧਰਮ ਸਿੰਘ ਨੇ ਦੋਵੇਂ ਫੁਲਕੇ ਖਾ ਲਏ। ਬੁੱਕ ਨਾਲ ਪਾਣੀ ਪੀ ਕੇ ਉਹਨੇ ਹੱਥ ਜੋੜ ਕੇ ਮੂੰਹ ਦੇ ਵਿੱਚ ਹੀ ਅਰਦਾਸ ਕੀਤੀ।
"ਲੈ, ਬੀਬਾ ਪੁੱਤ, ਤੂੰ ਵੀ ਖਾ ਲੈ ਦੋ ਬੁਰਕੀਆਂ।" ਦਲੀਪ ਕੌਰ ਨੇ ਪਿਆਰੇ ਨੂੰ ਬਾਹੋਂ ਫੜ ਕੇ ਆਪਣੇ ਵੱਲ ਖਿੱਚਦਿਆਂ ਪਿਆਰ ਨਾਲ ਕਿਹਾ। "ਆ ਆਪਾਂ ਦੋਵੇਂ ਖਾਈਏ।"
"ਨਹੀਂ ਮਾਂ। ਮੇਰਾ ਵੱਢਿਆ ਰੂਹ ਨਹੀਂ ਕਰਦਾ।" ਪਿਆਰੇ ਨੇ ਨਾਂਹ ਵਿੱਚ ਸਿਰ ਫੇਰਦਿਆਂ ਕਿਹਾ।
"ਚੰਗਾ ਫਿਰ, ਮੈਂ ਵੀ ਓਨਾਂ ਚਿਰ ਨਹੀਂ ਖਾਵਾਂਗੀ।" ਦਲੀਪ ਕੌਰ ਨੇ ਬੜੀ ਦ੍ਰਿੜ੍ਹ ਸੁਰ ਵਿੱਚ ਕਿਹਾ। ਰੋਟੀ ਦੁਹਰੀ ਕਰਕੇ ਉਹਨੇ ਸਿਰ ਵਾਲੇ ਲੀੜੇ ਦੇ ਪੱਲੇ ਵਲ੍ਹੇਟ ਲਈ।
"ਤੁਸੀਂ ਸਮਝਦੇ ਓ ਮੈਨੂੰ ਪ੍ਰੀਤੂ ਘੱਟ ਪਿਆਰਾ ਏ ?" ਧਰਮ ਸਿੰਘ ਨੇ ਦੋਹਾਂ ਵੱਲ ਤੱਕਦਿਆਂ ਕਿਹਾ। "ਪਰ ਅੰਨ ਛੱਡਿਆਂ ਬਣਦਾ ਕੁਛ ਨਹੀਂ। ਲਓ ਖਾਂ ਆਪਾਂ ਸਾਰਾ ਟੱਬਰ ਦਸ ਕੁ ਦਿਨ ਕੁਛ ਨਹੀਂ ਖਾਂਦੇ ਪੀਂਦੇ, ਭਲਾ ਜੇ ਪ੍ਰੀਤੂ ਲੱਭ ਪਵੇ ਤਾਂ। ਇਹ ਜਿਹੜੀ ਮੁਸੀਬਤ ਪੈ ਗਈ ਏ, ਹੌਂਸਲਾ ਕੀਤਿਆਂ ਈ ਕੱਟੀ ਜਾਵੇਗੀ। ਨਾਲੇ ਅਜੇ ਆਸ ਏ। ਉਹਦੇ ਘਰ ਕਾਹਦਾ ਘਾਟਾ ਏ। ਵਿਛੜਿਆਂ ਮੇਲੇ ਪ੍ਰਭੂ। ਨਹੀਂ ਤਾਂ ਫਿਰ ਜੋ ਉਹਦਾ ਭਾਣਾ।"
"ਪ੍ਰੀਤੂ ਮੈਨੂੰ ਕਿਸੇ ਜੋਗੀ ਨਾ ਛੱਡ ਗਿਆ। ਮੈਂ ਤੱਤੀ ਆਖ ਵੀ ਰਹੀ ਦਸ ਦਿਨ ਪਹਿਲਾਂ, ਪਈ ਮੁੰਡਿਆਂ ਦੋਹਾਂ ਨੂੰ ਉਹਨਾਂ ਦੀ ਮਾਸੀ ਕੋਲ ਘੱਲ ਦੇਈਏ, ਪਰ ਮੇਰੀ ਨਖੱਤੀ ਦੀ ਮੰਨਦਾ ਕੌਣ ਸੀ। ਸੜ ਗਏ ਲੇਖ। ਸਾਡੇ ਵਾਸਤੇ ਤਾਂ ਅਜ਼ਾਦੀ
ਸਾੜ੍ਹਸਤੀ ਬਣ ਕੇ ਆ ਗਈ।"
"ਧੀਰਜ ਕਰੋ, ਬੀਬੀ। ਸੱਤ ਨਾਮ ਆਖੋ। ਉਹਦਾ ਭਾਣਾ ਮਿੱਠਾ ਕਰਕੇ ਮੰਨੋ। ਹੋਣੀ ਕਿਸੇ ਤੋਂ ਟਲਦੀ ਨਹੀਂ।" ਕੋਲੋਂ ਇਕ ਬਿਰਧ ਬਾਬੇ ਅਕਾਲੀ ਨੇ ਕਿਹਾ, ਜਿਸ ਦੇ ਹੱਥ ਵਿੱਚ ਅਚਾਰ ਦੀ ਥਾਲੀ ਫੜੀ ਹੋਈ ਸੀ।
ਦਲੀਪ ਕੌਰ ਨੇ ਆਪਣੇ ਹਉਕੇ ਆਹੀਂ ਅੰਦਰ ਰੋਕ ਲਏ।
ਚਾਰ ਚੁਫੇਰੇ ਭੀੜ ਜੁੜੀ ਹੋਈ ਸੀ। ਹਰ ਕੋਈ ਆਪਣੇ ਗ਼ਮ ਵਿੱਚ ਡੁੱਬਾ ਹੋਇਆ ਸੀ। ਦੂਸਰੇ ਨੂੰ ਹੌਸਲਾ ਦੇਣ ਦੀ ਕਿਸੇ ਵਿੱਚ ਵੀ ਹਿੰਮਤ ਨਹੀਂ ਸੀ। ਹਰ ਇਕ ਆਪਣੇ ਮਨ ਨੂੰ ਢਾਰਸ ਦੇਣ ਵਾਸਤੇ ਹੀ ਕੋਈ ਸ਼ਬਦ ਮੂੰਹੋਂ ਕੱਢਦਾ ਸੀ।
ਪਿਆਰੇ ਦੇ ਜੀਅ ਨੂੰ ਬੁਰਾ ਕੁਛ ਹੋਇਆ। ਉਹ ਇਕੇ ਵਾਰ ਬਕ ਕੇ ਉਠ ਖਲੋਤਾ।
"ਕਿਧਰ ਚੱਲਿਆ ਏਂ ?" ਦਲੀਪ ਕੌਰ ਨੇ ਛੇਤੀ ਨਾਲ ਪੁੱਤਰ ਦੀ ਬਾਂਹ ਫੜ ਲਈ। ਉਹਦੇ ਦਿਲ ਦੀ ਧੜਕਣ ਤਿੰਨ ਗੁਣਾ ਵਧ ਗਈ। "ਬਹਿ ਜਾ। ਸਾਨੂੰ ਮੋਇਆਂ ਨੂੰ ਨਾ ਮਾਰ। ਤੂੰ ਵੀ ਅੱਖੋਂ ਉਹਲੇ ਹੋ ਗਿਓਂ, ਤਾਂ ਅਸੀਂ ਹਉਕੇ ਨਾਲ ਈ ਮਰ ਜਾਵਾਂਗੇ।"
"ਪਿਆਰਿਆ। ਪੁੱਤ, ਹੁਣ ਤਾਂ ਵਾਹਿਗੁਰੂ 'ਤੇ ਟੇਕ ਰਖਿਆਂ ਈਂ ਸਰੇਗਾ।" ਧਰਮ ਸਿੰਘ ਹੀ ਉਹਨਾਂ ਤਿੰਨਾਂ ਵਿੱਚੋਂ ਕੁਛ ਹੌਸਲੇ ਵਿੱਚ ਸੀ।
"ਕਿਤੇ ਨਹੀਂ ਜਾਂਦਾ। ਮੈਂ ਓਧਰੋਂ ਔਣ ਵਾਲਿਆਂ ਨੂੰ ਵਿਹੰਦਾ ਆਂ। ਭਲਾ ਕਿਸੇ ਤੋਂ....।"
"ਸਹੁੰ ਖਾਹ ਮੇਰੀ, ਪਈ ਤੂੰ ਨਹਿਰੋਂ ਪਾਰ ਨਹੀਂ ਜਾਂਦਾ।" ਦਲੀਪ ਕੌਰ ਨੇ ਪੁੱਤਰ ਦਾ ਹੱਥ ਹਿਲਾ ਕੇ ਕਿਹਾ।
"ਤੁਹਾਡੀ ਸਹੁੰ। ਜਿੰਨਾ ਚਿਰ ਬਾਬਾ ਇਲਮਦੀਨ ਕੋਈ ਸੁਰ ਪਤਾ ਨਹੀਂ ਲਿਆ ਦੇਂਦਾ, ਮੈਂ ਪਾਰ ਨਹੀਂ ਜਾਂਦਾ।" ਪਿਆਰੇ ਨੇ ਬਚਨ ਦੇ ਦਿੱਤਾ।
"ਚੱਲ ਮੈਂ ਵੀ ਤੇਰੇ ਨਾਲ ਚਲਦੀ ਆਂ।" ਪੁੱਤਰ ਦੇ ਹੱਥ ਦੇ ਸਹਾਰੇ ਦਲੀਪ ਕੌਰ ਵੀ ਉੱਠ ਖਲੋਤੀ।
"ਹਾਂ, ਜਾਹ ਤੂੰ ਵੀ। ਸੰਗ ਸਖਾ ਸਭ ਤਜਿ ਗਏ ।" ਧਰਮ ਸਿੰਘ ਨੇ ਵਾਕ ਅਧੂਰਾ ਛੱਡ ਦਿੱਤਾ।
ਪਤੀ ਦਾ ਨਿਹੋਰਾ ਸੁਣ ਕੇ ਦਲੀਪ ਕੌਰ ਫਿਰ ਉਥੇ ਹੀ ਧੰਮ ਕਰਕੇ ਬਹਿ ਗਈ। 'ਤੁਸੀਂ ਤਾਂ ਮੈਨੂੰ ਨਾਲ ਲੈ ਕੇ ਈ ਮਰਨਾ ਏਂ। ਲੈ, ਨਹੀਂ ਜਾਂਦੀ ਮੈਂ। ਰੱਬ ਕਰਾਏਗਾ, ਤਾਂ ਪਿਆਰਾ ਮੁੜ ਆਵੇਗਾ, ਨਹੀਂ ਤਾਂ ਸਗੋਂ ਛੇਤੀ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇਗਾ।" ਦਲੀਪ ਕੌਰ ਫੇਰ ਅੱਖਾਂ ਪੂੰਝਣ ਲੱਗ ਪਈ।
"ਤੇਰੀ ਸਹੁ ਮਾਂ! ਮੇਂ ਧੋਖਾ ਦੇ ਕੇ ਕਿਤ ਨਹੀਂ ਜਾਂਦਾ। ਪਿਆਰ ਨ ਸਾ ਦ ਮੋਢੇ 'ਤੇ ਹੱਥ ਧਰ ਕੇ ਕਿਹਾ, "ਤੁਸੀਂ ਔਥੇ ਟਾਹਲੀ ਦੀ ਛਾਵੇਂ ਹੋ ਜੋ। ਏਥੇ ਹੋਰ ਦੋ ਘੜੀਆਂ ਨੂੰ ਧੁੱਪ ਔਖਿਆਂ ਕਰੇਗੀ।"
"ਚਲੋ, ਔਥੇ ਗੁਰਦਵਾਰੇ ਦੇ ਨੇੜੇ ਚੱਲ ਬਹਿੰਦੇ ਆਂ। ਨਾਲੇ ਕੋਈ ਕਛਹਿਰਾ ਮਿਲ ਗਿਆ, ਤਾਂ ਅਸ਼ਨਾਨ ਕਰਾਂਗੇ।"
ਤਿੰਨੇ ਜਣੇ ਉੱਠ ਕੇ ਗੁਰਦਵਾਰੇ ਦੇ ਨੇੜੇ ਇਕ ਛੋਟੇ ਜਿਹੇ ਦਰੱਖਤ ਦੇ ਆਸਰੇ ਜਾ ਬੈਠੇ।
"ਲੈ, ਪੁੱਤ। ਪਹਿਲਾਂ ਆਪਣੇ ਬਾਪੂ ਵਾਸਤੇ ਦਰਜ਼ੀ ਕੋਲੋਂ ਕਛਹਿਰਾ ਸੁਆ ਕੇ ਲਿਆ। ਨਾਲ ਹੋਲਾ ਜਿਹਾ ਪਰਨਾ ਵੀ।" ਦਲੀਪ ਕੌਰ ਨੇ ਜੇਬ ਵਿੱਚੋਂ ਪੰਜਾਂ ਦਾ ਨੋਟ ਕੱਢ ਕੇ ਪੁੱਤ ਨੂੰ ਫੜਾਉਂਦਿਆਂ ਕਿਹਾ।
"ਜੇ ਮਿਲ ਜੈ, ਤਾਂ ਇਕ ਸੁਖਮਨੀ ਸਾਹਿਬ ਦਾ ਗੁਟਕਾ ਵੀ।" ਢਹਿੰਦੇ ਮਨ ਨੂੰ ਢਾਰਸ ਦੇਣ ਵਾਸਤੇ ਧਰਮ ਸਿੰਘ ਨੂੰ ਏਹਾ ਆਸਰਾ ਚੰਗਾ ਜਾਪਿਆ।
"ਅੱਗੇ ਵੇਖਾਂ ਸੁਖਮਨੀ ਸਾਹਬ ਵਾਲੇ ਨੇ ਤਾਰ ਦਿੱਤਾ।" ਦਲੀਪ ਕੌਰ ਨੇ ਸੱਜੋ ਪਾਸੇ ਮੂੰਹ ਕਰਕੇ ਦੁਖੀ ਦਿਲ ਨਾਲ ਕਿਹਾ।
"ਤਾਂ, ਤੇਰਾ ਨਿਸਚਾ ਗੁਰੂ 'ਤੇ ਵੀ ਨਹੀਂ ਰਿਹਾ ?"
"ਮੇਰਾ ਨਿਸਚਾ ਤਾਂ ਤਦ ਟਿਕੇਗਾ ਕਿਸੇ 'ਤੇ ਜੇ ਮੇਰਾ ਪੁੱਤਰ ਆ ਜਾਵੇਗਾ।"
ਮਾਂ ਪਿਉ ਨੂੰ ਗੱਲਾਂ ਕਰਦਿਆਂ ਛੱਡ ਕੇ ਪਿਆਰਾ ਦੁਕਾਨਾਂ ਵੱਲ ਤੁਰ ਗਿਆ। ਪਹਿਲਾਂ ਉਹਨੇ ਬਜਾਜੀ ਦੀ ਛੋਟੀ ਜੇਹੀ ਦੁਕਾਨ ਤੋਂ ਕੋਰਾ ਲੱਠਾ ਲੈ ਕੇ, ਬੜੇ 'ਤੇ ਬੈਠੇ ਦਰਜੀ ਨੂੰ ਕਛਹਿਰਾ ਸਿਉਣ ਦਿੱਤਾ। ਫੇਰ ਉਹਨੇ ਇਕ ਕਿੱਸੇ ਵੇਚਣ ਵਾਲੇ ਤੋਂ ਸੁਖਮਨੀ ਸਾਹਿਬ ਦਾ ਗੁਟਕਾ ਜਾ ਲੱਭਾ।
"ਬਾਪੂ। ਆਹ ਲੈ ਗੁਟਕਾ। ਕਛਹਿਰਾ ਸਿਆਉਣਾ ਦੇ ਆਇਆ। ਘੰਟੇ ਕੁ ਤਕ ਮਿਲ ਜਾਏਗਾ। ਤੇ ਮੇਰੇ 'ਤੇ ਭਰੋਸਾ ਰੱਖੋ, ਮੈਂ ਤੁਹਾਨੂੰ ਦੱਸੇ ਪੁੱਛੇ ਬਿਨਾਂ ਕਿਤੇ ਨਹੀਂ ਜਾਂਦਾ।" ਏਨੀ ਪੱਕੀ ਕਰਕੇ ਪਿਆਰਾ ਫਿਰ ਪਿਛਾਂਹ ਨੂੰ ਮੁੜ ਗਿਆ।
ਧਰਮ ਸਿੰਘ ਦਰੱਖ਼ਤ ਨਾਲ ਢੋਹ ਲਾ ਕੇ ਸੁਖਮਨੀ ਸਾਹਿਬ ਪੜ੍ਹਨ ਲੱਗ ਪਿਆ। ਦਲੀਪ ਕੌਰ ਓਥੇ ਹੀ ਬਾਂਹ ਸਰ੍ਹਾਣੇ ਦੇ ਕੇ ਭੋਇੰ 'ਤੇ ਲੰਮੀ ਪੈ ਗਈ। ਇਹਦੇ ਅੰਦਰੋਂ ਗਰਮ ਹਉਕੇ ਨਿਕਲ-ਨਿਕਲ ਕੇ ਬਾਹਰ ਦੀ ਹਵਾ ਵਿੱਚ ਘੁਲ ਮਿਲ ਰਹੇ ਸਨ।
ਪਿਆਰਾ ਪੁਲ ਦੇ ਉਰਲੇ ਪਾਸੇ ਸੜਕ ਦੇ ਸੱਜੇ ਹੱਥ ਖਲੀ ਟਾਲ੍ਹੀ ਦੇ ਮੁੱਢ ਨਾਲ ਜਾ ਖਲੋਤਾ। ਆਉਂਦੇ ਜਾਂਦੇ ਲੋਕਾਂ ਨੂੰ ਉਹ ਬੜੇ ਧਿਆਨ ਨਾਲ ਵੇਖ ਰਿਹਾ ਸੀ। ਉਹਦੇ ਅੰਦਰ ਖਿਆਲਾਂ ਦਾ ਤੂਫ਼ਾਨ ਮਚਿਆ ਹੋਇਆ ਸੀ। ਹਉਕੇ, ਆਹੀਂ ਤੇ
ਦਿਲ ਤੇੜੂ ਵਿਚਾਰਾਂ ਨੂੰ ਉਹ ਅੰਦਰੇ-ਅੰਦਰ ਦਬਾ ਰਿਹਾ ਸੀ। "ਰੱਬ ਕਰੇ, ਪ੍ਰੀਤੂ ਤੂੜੀ ਵਾਲੇ ਪੱਲੇ ਵਿੱਚ ਲੁਕਿਆ ਹੋਵੇ। ਬਾਬਾ ਲੱਭਣ ਲਭੌਣ ਵਿੱਚ ਤਾਂ ਕੋਈ ਢਿੱਲ ਨਹੀਂ ਕਰਨ ਲੱਗਾ। ਬੜਾ ਚੰਗਾ ਬੰਦਾ ਏ। ਉਹਦਾ ਵੱਸ ਚਲਦਾ, ਤਾਂ ਉਹ ਨੂਰਾਂ ਨੂੰ ਵੀ। ਉਹ ਹੋ। ਨੂਰਾਂ ਹੁਣ ਕਿਥੇ। ਡੈਂਗੇ ਮੌਲਵੀ ਤੇ ਨੂਰਾਂ ਦੀ ਮਾਂ ਨੇ ਰਲ ਕੇ ਸਾਡੀ ਬੇੜੀ ਡੋਬੀ। ਠੀਕ ਆਹੰਦੇ ਨੇ, ਕਿਸੇ ਨਾ ਖੱਟੀਆਂ ਖੱਟੀਆਂ ਜੱਟੀਏ! ਰੋਗ ਇਸ਼ਕ ਦਾ ਲਾ। ਬੱਸ, ਉਮਰਾਂ ਦੇ ਰੋਣੇ ਈਂ ਪੱਲੇ ਰਹਿ ਗਏ। ਕੀ ਪਤਾ, ਉਹਦੀ ਮਾਂ ਉਹਨੂੰ ਤੈਂਗੇ ਮੌਲਵੀ ਨਾਲ ਈ ਵਿਆਹ ਦੇਵੇ। ਨਹੀਂ ਉਹਦੇ ਘਰ ਨੂਰਾਂ ਕਦੇ ਨਹੀਂ ਵੱਸਣ ਲੱਗੀ। ਨੂਰਾਂ ਕੁਛ ਖਾ ਕੇ ਮਰ ਜਾਏਗੀ, ਪਰ। ਤੇ ਜੇ ਉਹ ਮਰ ਗਈ ਤਾਂ ਮੈਂ ਕੀ ਕਰਾਂਗਾ। ਹੇ ਰੱਬ ਸੱਚਿਆ। ਸਾਡੇ ਨਾਲ ਇਹ ਜ਼ੁਲਮ ਨਾ ਕਰੀਂ। ਰੱਬ ਸੱਚਾ ਹੋਵੇ ਤਾਂ ਬਾਬੇ ਨਾਲ ਨੂਰਾਂ ਤੇ ਪ੍ਰੀਤੂ ਦੋਵੇਂ ਆ ਜਾਣ। ਬਾਬਾ ਆਖੇ, ਲੈ ਓ ਪਿਆਰਿਆ।....।"
"ਬਾਬਾ ਰਾਮ ਸਿਹਾਂ।" ਪਿੰਡ ਦੇ ਬਜ਼ੁਰਗ ਰਾਮ ਸਿੰਘ ਰਾਮਗੜ੍ਹੀਏ 'ਤੇ ਨਿਗ੍ਹਾ ਪੈਂਦਿਆਂ ਪਿਆਰੇ ਦੇ ਖ਼ਿਆਲਾਂ ਦੀ ਲੜੀ ਵਿਚੇ ਟੁੱਟ ਗਈ। ਉਹ ਭੱਜ ਕੇ ਸੜਕ ਦੇ ਅੱਧ ਵਿੱਚ ਰਾਮ ਸਿੰਘ ਨੂੰ ਜਾ ਮਿਲਿਆ। "ਕਿਤੇ ਸਾਡਾ ਪ੍ਰੀਤੂ ਨਹੀਂ ਜੇ ਵੇਖਿਆ ?"
"ਪ੍ਰੀਤੂ ? ਉਹ ਤੁਹਾਡੇ ਨਾਲ ਨਹੀਂ ਆਇਆ ?" ਰਾਮ ਸਿੰਘ ਨੇ ਹੈਰਾਨੀ ਨਾਲ ਪੁੱਛਿਆ।
"ਨਹੀਂ। ਪ੍ਰੀਤੂ ਕਿਤੇ ਘਰੋਂ ਬਾਹਰ ਨਿਕਲਿਆ ਤੇ ਉਧਰੋਂ ਗੋਲੀ ਚੱਲਣ ਲੱਗ ਪਈ। ਹਫੜਾ-ਦਫੜੀ ਵਿੱਚ ਮੁੜ ਕੇ ਪਤਾ ਈ ਨਾ ਲੱਗਾ ਰੱਬ ਜਾਣੇ....।" ਪਿਆਰਾ ਅਫ਼ਸੋਸ ਨਾਲ ਹੱਥ ਮਲ ਰਿਹਾ ਸੀ; ਜਿਵੇਂ ਪ੍ਰੀਤੂ ਨੂੰ ਪਿੱਛੇ ਛੱਡ ਕੇ ਆ ਜਾਣ ਦਾ ਸਭ ਤੋਂ ਵੱਡਾ ਦੋਸ਼ੀ ਓਹਾ ਹੋਵੇ।
"ਪਿਆਰਿਆ! ਕਿਸੇ ਨੂੰ ਕਿਸੇ ਦਾ ਕੋਈ ਪਤਾ ਨਹੀਂ। ਜੋ ਪਿੰਡ ਨਾਲ ਵਾਪਰੀ ਏ, ਵਾਹਿਗੁਰੂ ਕਰੇ, ਵੈਰੀ ਨਾਲ ਵੀ ਨਾ ਹੋਵੇ। ਮਾਵਾਂ ਨੇ ਪੁੱਤ ਨਹੀਂ ਸੰਭਾਲੇ ਓਸੇ ਵੇਲੇ। ਸਾਡਾ ਅਰਜਣ ਸੁਹ ਮੇਰੀਆਂ ਅੱਖਾਂ ਦੇ ਸਾਮ੍ਹਣੇ ਮਾਰਿਆ ਗਿਆ।" ਬੁੱਢੇ ਰਾਮ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ।
"ਅਰਜਣ ਸੁੰਹ ਮਾਰਿਆ ਗਿਆ ?" ਪਿਆਰੇ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਅਰਜਨ ਸਿੰਘ ਉਹਦਾ ਸੱਕਾ ਭਰਾ ਹੋਵੇ।
"ਹਾਂ। ਉਹਦੀ ਹਿੱਕ ਵਿੱਚ ਗੋਲੀ ਲੱਗੀ। ਗੱਲੀ ਜਿੱਡਾ ਜੁਆਨ ਪਲ ਵਿੱਚ ਢੇਰੀ ਹੋ ਗਿਆ।"
"ਬਹੁਤ ਬੁਰੀ ਹੋਈ ਬਾਬਾ। ਤੁਹਾਡਾ ਇਕੋ ਇਕ ਪੁੱਤਰ ਬੁੱਢੇ ਵਾਰੇ ਦੀ ਡੰਗੋਰੀ। ਰੱਬ ਕਿਸੇ ਨਾਲ ਏਹੋ ਜੇਹੀ ਨਾ ਕਰੇ।" ਸਾਂਝੇ ਦੁੱਖ ਨਾਲ ਪਿਆਰੇ ਦੀਆਂ
ਅੱਖਾਂ ਵਿੱਚ ਵੀ ਹੰਝੂ ਭਰ ਆਏ।
"ਭਾਣਾ ਰੱਬ ਦਾ ਬੀਬਿਆ। ਪਰ ਸੂਰਮੇ ਨੇ ਉਂਞ ਵੀਹ ਪੂਜਾ ਦਿੱਤੀ ਇਕੇਰਾਂ। ਦੇ ਲੀਗੀਏ ਉਹਨੇ ਕਿਰਪਾਨ ਨਾਲ ਝਟਕਾ ਸੁੱਟੇ। ਦੂਰੋਂ ਗੋਲੀ ਨਾ ਮਾਰਦੇ, ਤਾਂ ਸ਼ੇਰ ਪਿੜ ਵਿਹਲਾ ਕਰ ਦੇਂਦਾ। ਵੀਹਾਂ ਕਰਮਾਂ ਤੋਂ ਗੋਲੀ ਮਾਰ ਦੇਣੀ ਕੋਈ ਸੂਰਮਗਤੀ ਨਹੀਂ। ਕੋਈ ਮਰਦ ਹੱਥੋਂ ਹੱਥੀ ਉਹਦੇ ਸਾਮ੍ਹਣੇ ਅੜਦਾ ਤਾਂ ਸੁਆਦ ਆ ਜਾਂਦਾ। ਦੂਰੋਂ ਤਾਂ ਜਨਾਨੀ ਵੀ ਘੋੜਾ ਦੱਬ ਸਕਦੀ ਏ। ਚਲੋ, ਜੋ ਡਾਢੇ ਦਾ ਭਾਣਾ। ਸਾਡੇ ਕੋਲ ਆਹ ਵੇਖਾਂ ਇਕ ਦੇ ਥਾਂ ਦੋ ਅਰਜਣ ਸੂੰਹ।" ਰਾਮ ਸਿੰਘ ਨੇ ਛੋਟੇ-ਛੋਟੇ ਪੋਤਰਿਆਂ ਵੱਲ ਇਸ਼ਾਰਾ ਕਰਕੇ ਕਿਹਾ। "ਤੇ ਜਿਨ੍ਹਾਂ ਵਿਚਾਰਿਆਂ ਦੀਆਂ ਧੀਆਂ ਭੈਣਾਂ ਓਧਰ ਰਹਿ ਗਈਆਂ ਨੇ। ਹੋ ਵਾਹਿਗੁਰੂ। ਜਾਨ ਬੇਸ਼ਕ ਚਲੀ ਜਾਏ, ਪਰ ਕਿਸੇ ਦੀ ਇੱਜ਼ਤ ਨੂੰ ਦਾਗ਼ ਨਾ ਲੱਗੇ।"
"ਉਹ ਹੋ! ਬੜਾ ਅਨਰਥ ਹੋਇਆ। ਬਾਬਾ। ਧੰਨ ਤੇਰਾ ਜੇਰਾ। ਅਰਜਣ ਸੁੰਹ ਵਰਗਾ ਬੰਦਾ ਕਿਤੇ ਲੱਭ ਪੈਣਾ ਏਂ ?"
"ਪੁੱਤ ਪਿਆਰਾ ਸਿਹਾਂ, ਹੁਣ ਜੇਰਾ ਭਾਣਾ ਮੰਨਣ ਬਿਨਾਂ ਹੋਰ ਕੀ ਚਾਰਾ ਏ। ਵੀ ਨਾ ਕਰਾਂਗੇ, ਤਾਂ ਕੀ ਕਰ ਲਵਾਂਗੇ। ਧਰਮ ਸੁੰਹ ਹੋਰੀਂ ਕਿਥੇ ਈ ?"
"ਚਲੋ, ਚਲਦੇ ਆਂ। ਅੱਗੇ ਗੁਰਦਵਾਰੇ ਕੋਲ ਬੈਠੇ ਨੇ।"
ਸਾਰਾ ਦਿਨ ਪਿਆਰੇ ਨੂੰ ਏਸੇ ਤਰ੍ਹਾਂ ਨਿਭ ਗਿਆ। ਕਦੇ ਵਾਪਸ ਉਹ ਮਾਂ ਪਿਉ ਕੋਲ ਦਸ ਮਿੰਟ ਆ ਬਹਿੰਦਾ ਤੇ ਕਦੇ ਫੇਰ ਪੁਲ ਵਲ ਤੁਰ ਪੈਂਦਾ। ਹਰ ਆਉਣ ਵਾਲੇ ਤੋਂ ਉਹ ਪ੍ਰੀਤੂ ਬਾਰੇ ਪੁੱਛਦਾ ਪਰ ਕੋਈ ਵੀ ਅੱਗੋਂ ਪਤਾ ਨਾ ਦੇਂਦਾ।
ਰਾਤ ਨੂੰ ਮਾਂ ਨੇ ਪਿਆਰੇ ਨੂੰ ਸੋਹਾਂ ਸੁਗੰਧਾਂ ਪਾ ਕੇ ਇਕ ਰੋਟੀ ਖੁਆਈ। ਉਹ ਵੀ ਉਹਨੇ ਹੰਝੂਆਂ ਦੀਆਂ ਘੁੱਟਾਂ ਨਾਲ ਅੰਦਰ ਲੰਘਾਈ। ਕਦੇ ਬਹਿ ਕੇ ਤੇ ਕਦੇ ਨੰਗੀ ਧਰਤੀ 'ਤੇ ਟੇਢੇ ਹੋ ਕੇ ਉਹਨਾਂ ਜੁੱਗਾਂ ਜੇਤੀ ਰਾਤ ਗੁਜ਼ਾਰੀ। ਅਗਲਾ ਦਿਨ ਉਹਨਾਂ ਵਾਸਤੇ ਫੇਰ ਓਸੇ ਤਰ੍ਹਾਂ ਦਾ ਚੜ੍ਹਿਆ। ਉਹਨਾਂ ਦੇ ਆਸੇ-ਪਾਸੇ ਰਾਤ ਕੱਟਣ ਵਾਲੇ ਸਵੇਰੇ ਉੱਠ ਕੇ ਤੁਰ ਪਏ। ਉਹ ਤਿੰਨੇ ਇਲਮਦੀਨ ਦੀ ਉਡੀਕ ਵਿੱਚ ਓਥੇ ਹੀ ਬੈਠੇ ਹਓਕੇ ਭਰਦੇ ਰਹੇ।
ਤੀਸਰੇ ਪਹਿਰ ਬੜੀਆਂ ਮੁਸ਼ਕਲਾਂ ਨਾਲ ਇਲਮਦੀਨ ਨਹਿਰ ਤੋਂ ਚੜ੍ਹਦੇ ਪਾਸੇ ਲੰਘਿਆ। ਪਿਆਰਾ ਅੱਗੇ ਉਸ ਟਾਲੀ ਦੇ ਮੁੱਢ ਨਾਲ ਲੱਗਾ ਖਲਾ ਸੀ। ਇਲਮਦੀਨ 'ਤੇ ਨਿਗ੍ਹਾ ਪੈਂਦਿਆਂ ਉਹ ਪਾਗ਼ਲਾਂ ਵਾਂਗ ਪੁਕਾਰ ਉੱਠਿਆ, "ਬਾਬਾ।" ਉਹ ਭੱਜ ਕੇ ਇਲਮਦੀਨ ਦੇ ਗਲ ਨੂੰ ਜਾ ਚੰਬੜਿਆ।
"ਪਿਆਰੇ। ਪੁੱਤ, ਪ੍ਰੀਤੂ ਲੱਭ ਪਵੇਗਾ। ਤੂੰ ਹੌਸਲਾ ਰੱਖੀਂ ਤੇ ਧਰਮ ਸੁੰਹ ਹੋਰੀ ਕਿੱਥੇ ਈ ? ਚਲ, ਉਹਨਾਂ ਨੂੰ ਵੀ ਹੌਸਲਾ ਦੇਈਏ।" ਇਲਮਦੀਨ ਦੋਸ਼ੀਆਂ ਵਾਂਗ
ਛੇਤੀ-ਛੇਤੀ ਸਭ ਕੁਝ ਕਹੀ ਜਾ ਰਿਹਾ ਸੀ, ਜਿਵੇਂ ਪ੍ਰੀਤੂ ਦੇ ਨਾ ਲੱਭਣ ਵਿੱਚ ਸਾਰਾ ਕਸੂਰ ਓਸੇ ਦਾ ਹੋਵੇ।
ਪਿਆਰੇ ਦੀਆਂ ਬਾਂਹੀਂ ਢਿੱਲੀਆਂ ਹੋ ਗਈਆਂ। ਨਿਰਾਸਤਾ ਨੇ ਉਹਦਾ ਦਿਲ ਤੋੜ ਦਿੱਤਾ। ਉਹ ਇਲਮਦੀਨ ਦੇ ਅੱਗੇ ਲੱਗ ਕੇ ਸਹਿਜ-ਸਹਿਜ ਮਾਂ ਪਿਉ ਵੱਲ ਤੁਰ ਪਿਆ। ਇਲਮਦੀਨ ਨੇ ਉਹਦੇ ਮੋਢੇ ਉਤਦੀ ਬਾਂਹ ਵਲ ਲਈ। ਨਿੱਕੀਆਂ- ਨਿੱਕੀਆਂ ਗੱਲਾਂ ਕਰਦਾ ਉਹ ਉਹਦੇ ਨਾਲ ਲੱਗ ਕੇ ਤੁਰਿਆ ਜਾ ਰਿਹਾ ਸੀ। ਪਿਆਰੇ ਦੇ ਦਿਲ ਧਰਾਉਣ ਦਾ ਉਹਦੇ ਕੋਲ ਹੋਰ ਕੀ ਚਾਰਾ ਸੀ।
"ਧਰਮ ਸਿਹਾਂ! ਬਹੁਤੇ ਨਿਰਾਸ ਨਾ ਹੋਵੇ। ਪ੍ਰੀਤੂ ਹੈ ਉਂਞ ਜਿਉਂਦਾ, ਮੈਂ ਏਨੀ ਤਸੱਲੀ ਕਰ ਆਇਆਂ। ਵੈਸੇ ਆਦਮੀ ਬਥੇਰੇ ਮਰੇ ਨੇ ਪਿੰਡ ਵਿੱਚ। ਨਿਰੇ ਹਿੰਦੂ ਸਿੱਖ ਈ ਨਹੀਂ, ਮੁਸਲਮਾਨ ਵੀ ਮਰੇ ਨੇ। ਪਿੰਡ ਵਿੱਚ ਕਈ ਥਾਂਈਂ ਆਮੋ-ਸਾਮ੍ਹਣੇ ਡਟ ਕੇ ਟਾਕਰਾ ਹੋਇਆ ਏ।" ਇਲਮਦੀਨ, ਦਲੀਪ ਕੌਰ ਵੱਲ ਪਾਸਾ ਕਰਕੇ, ਧਰਮ ਸਿੰਘ ਦੇ ਬਰਾਬਰ 'ਤੇ ਬਹਿ ਗਿਆ। "ਮੈਂ ਮਰਨ ਵਾਲਿਆਂ ਤੇ ਫੱਟੜਾਂ ਨੂੰ, ਇਕ-ਇਕ ਨੂੰ ਵੇਖ ਕੇ ਆਇਆ।" ਇਲਮਦੀਨ, ਧਰਮ ਸਿੰਘ ਹੋਰਾਂ ਨੂੰ ਸਵਾਲ ਕਰਨ ਦਾ ਮੌਕਿਆ ਨਹੀਂ ਸੀ ਦੇਣਾ ਚਾਹੁੰਦਾ। ਉਹ ਇਕੋ ਸਾਹੇ ਕਹੀ ਜਾ ਰਿਹਾ ਸੀ, "ਫਿਰ ਮੈਂ ਜਣੇ ਖਣੇ ਨੂੰ ਪੁੱਛਿਆ ਏ, ਇਕ-ਇਕ ਘਰ ਆਪ ਫਿਰ ਕੇ ਵੇਖਿਆ ਏ। ਪ੍ਰੀਤੂ ਦਾ ਕਿਸੇ ਨੂੰ ਪਤਾ ਨਹੀਂ। ਨਾਲੇ ਓਸ ਮਾਸੂਮ ਨਾਲ ਕਿਸੇ ਦਾ ਵੈਰ ਵੀ ਕਾਹਦਾ ਸੀ। ਉਹ ਤਾਂ ਡਰਦਾ ਈ ਕਿਧਰੇ ਨੱਸ ਗਿਆ ਏ। ਕੀ ਪਤਾ ਅੰਞਾਣੇ ਦਾ ਕਿਧਰ ਮੂੰਹ ਹੋ ਗਿਆ ਹੋਵੇ। ਬੱਸ, ਜਾਂ ਉਹ ਜਾਮ੍ਹਣ ਨੂੰ ਭੱਜ ਗਿਆ ਏ ਤੇ ਜਾਂ ਭਾਵੇਂ, ਸੁਰ ਸਿੰਘ ਨੂੰ ਈ ਗਿਆ ਹੋਵੇ। ਪਿੰਡ ਦੇ ਸਾਰੇ ਘਰ ਤੇ ਜੂਹ ਮੈਂ ਛਾਣ ਆਇਆਂ।"
"ਇਲਮਦੀਨਾ। ਜੋ ਹੋਣੀ ਹੁੰਦੀ ਏ, ਉਹ ਹੋ ਕੇ ਰਹਿੰਦੀ ਏ। ਤੇਰੇ ਸਾਡੇ ਕੀ ਵੱਸ। ਪ੍ਰੀਤੂ ਨਾਲ ਸਾਡੀ ਏਨੀ ਈ ਸਾਂਝ ਸੀ।" ਧਰਮ ਸਿੰਘ ਨੇ ਉਦਾਸ ਸੁਰ ਵਿੱਚ ਉੱਤਰ ਦਿੱਤਾ।
"ਭਾਈ! ਤੇਰੀ ਆਸ 'ਤੇ ਬੈਠੇ ਸਾਂ। ਹੁਣ ਉਹ ਵੀ ਟੁੱਟ ਗਈ। ਰੱਬਾ! ਮਾਂਵਾਂ ਮਰ ਜਾਣ ਪਰ ਪੁੱਤਾਂ ਨੂੰ ਕੁਛ ਨਾ ਹੋਵੇ। ਹਾਏ, ਮੈਂ ਪ੍ਰੀਤੂ ਬਿਨਾਂ ਕਿਵੇਂ ਜੀਵਾਂਗੀ।" ਦਲੀਪ ਕੌਰ ਉੱਚੀ-ਉੱਚੀ ਧਾਹੀਂ ਮਾਰਨ ਲੱਗ ਪਈ।
"ਭੈਣ ਦਲੀਪ ਕੁਰੇ। ਅੱਲ੍ਹਾ ਜਾਣਦਾ ਏ, ਮੈਨੂੰ ਤੁਹਾਡੇ ਨਾਲੋਂ ਵੀ ਵਧੇਰੇ ਦੁੱਖ ਏ, ਪਰ ਜਿਹੜਾ ਕਿਸਮਤ 'ਚ ਲਿਖਿਆ ਹੋਵੇ, ਉਹ ਜ਼ਰੂਰ ਭੋਗਣਾ ਪੈਂਦਾ ਏ ਵੇਖੋ, ਚਾਰ ਦਿਨ ਜ਼ਰਾ ਠੰਢ-ਠੰਢੇਰਾ ਹੁੰਦਾ ਏ, ਤਾਂ ਮੈਂ ਲਾਗਲੇ ਪਿੰਡਾਂ ਵਿੱਚ ਵੀ ਭਾਲਾਂਗਾ। ਜਿੱਥੇ ਤਕ ਹੋ ਸਕੇਗਾ, ਮੈਂ ਕਸਰ ਨਹੀਂ ਛੱਡਣ ਲੱਗਾ। ਤੇ ਅੱਗੇ ਅੱਲ੍ਹਾ ਦੇ ਵੱਸ। ਤੁਸੀਂ ਵੀ ਓਸ ਮਾਲਕ ਉੱਤੇ ਭਰੋਸਾ ਰੱਖੋ। ਹੋਰ।"
"ਇਲਮਦੀਨਾ। ਨਾ ਤੇਰੇ ਵੱਸ ਏ, ਨਾ ਸਾਡੇ ਵੱਸ। ਤੂੰ ਤਾਂ ਸਾਡੇ ਵਾਸਤੇ ਬਲਦੀ ਅੱਗ ਵਿੱਚ ਹੀਲ ਕੇ ਆਇਐਂ। ਤੇਰਾ ਇਹ ਹਸਾਨ, ਭਰਾਵਾ ਅਸੀਂ ਕਦੇ ਨਹੀਂ ਭੁੱਲਾਂਗੇ।" ਧਰਮ ਸਿੰਘ ਨੇ ਸ਼ੁਕਰਾਨੇ ਵਜੋਂ ਕਿਹਾ।
"ਲੈ ਖਾਂ। ਤੇਰੀ ਮੇਰੀ ਵੀ ਕੋਈ ਅਹਿਸਾਨ ਵਾਲੀ ਗੱਲ ਏ ? ਧਰਮ ਸਿੰਹਾਂ। ਇਹ ਤਾਂ ਸਿਆਸੀ ਲੀਡਰਾਂ ਨੇ ਮਾਰ ਲਿਆ, ਨਹੀਂ ਤਾਂ ਤੇਰੇ ਮੇਰੇ ਵਿੱਚ ਵੀ ਕੋਈ ਭਿੰਨ ਭੇਰ ਸੀ।"
ਚੋਖਾ ਚਿਰ ਏਸੇ ਤਰ੍ਹਾਂ ਦੁੱਖ-ਸੁੱਖ ਦੀਆਂ ਗੱਲਾਂ ਹੁੰਦੀਆਂ ਰਹੀਆਂ। ਅੰਤ ਧਰਮ ਸਿੰਘ ਨੇ ਹੀ ਨਵਾਂ ਸੁਝਾਉ ਰਖਿਆ, "ਇਲਮਦੀਨ! ਤੂੰ ਚੱਲ ਫਿਰ ਹੁਣ। ਉਤੋਂ ਤਕਾਲਾਂ ਪੈਣ ਵਾਲੀਆਂ ਹੋ ਗਈਆਂ ਨੇ। ਵਿਛੜਨ ਨੂੰ ਜੀਅ ਤਾਂ ਨਹੀਂ ਕਰਦਾ, ਪਰ ਹੋਰ ਪੇਸ਼ ਵੀ ਕੋਈ ਨਹੀਂ ਜਾਂਦੀ।"
“ਹੱਛਾ, ਕਲਬੂਤ ਵਿਛੜ ਚੱਲੇ ਨੇ, ਰੂਹਾਂ ਤਾਂ ਨਹੀਂ ਵਿਛੜ ਚੱਲੀਆਂ ਤੇ ਪ੍ਰੀਤੂ ਬਾਰੇ ਮੈਂ ਸਾਰਾ ਟਿੱਲ ਲਾਵਾਂਗਾ। ਤੁਸੀਂ ਸੁਰ ਸਿੰਘ ਈ ਜਾਉਗੇ ਨਾ ਹੁਣ ?"
"ਹੋਰ ਥਾਂ ਵੀ ਕਿਹੜੀ ਏ ? ਸਾਡੇ ਸਾਕ ਸੰਬੰਧੀ ਵੀ ਸਾਰੇ ਹੱਦੋਂ ਪਾਰ ਈ ਰਹਿ ਗਏ ਨੇ।" ਧਰਮ ਸਿੰਘ ਨੂੰ ਚਾਰ ਚੁਫੇਰੇ ਹਨ੍ਹੇਰਾ ਹੀ ਹਨ੍ਹੇਰਾ ਨਜ਼ਰ ਆ ਰਿਹਾ ਸੀ। "ਹੱਛਾ, ਮੈਂ ਓਥੇ ਪਤਾ ਦਿਆਂਗਾ। ਤੁਸਾਂ ਹੌਸਲਾ ਰੱਖਣਾ। ਤੁਹਾਨੂੰ ਮਿਲ ਪਵੇ, ਤਾਂ ਤੁਸਾਂ ਮੈਨੂੰ ਪਤਾ ਦੇਣਾ। ਤੇ ਧਰਮ ਸਿਹਾਂ। ਮੇਰਾ ਹੰਮਾ ਨਾ ਤੋੜੀ, ਅੰਤ ਮੈਂ ਤੇਰਾ ਬਚਪਨ ਦਾ ਯਾਰ ਆਂ।" ਇਲਮਦੀਨ ਨੇ ਅੰਦਰਲੀ ਜੇਬ ਵਿੱਚੋਂ ਸੋ ਦਾ ਨੋਟ ਕੱਢ ਕੇ ਮੱਲੋ ਮੱਲੀ ਧਰਮ ਸਿੰਘ ਦੀ ਜੇਬ ਵਿੱਚ ਪਾ ਦਿੱਤਾ।
"ਇਹ ਤਾਂ ਤੂੰ ਧੱਕਾ ਕਰਨ ਲੱਗਾ ਏਂ। ਭਲਾ ਇਹਦੀ ਕੀ ਲੋੜ ਏ।" ਧਰਮ ਸਿੰਘ ਨੇ ਇਲਮਦੀਨ ਦਾ ਹੱਥ ਪਿਛਾਂਹ ਹਟਾਉਂਦਿਆਂ ਕਿਹਾ।
"ਇਹ ਮੈਨੂੰ ਪਤਾ ਏ, ਕਿ ਇਹਦੀ ਲੋੜ ਹੈ। ਸਾਨੂੰ ਇਕ ਦੂਜੇ ਦੇ ਘਰ ਦੀ ਕੋਈ ਭੁੱਲ ਤਾਂ ਨਹੀਂ। ਹੱਛਾ, ਹੁਣ ਮੈਨੂੰ ਛੁੱਟੀ ਦਿਹੋ।" ਇਲਮਦੀਨ ਨੇ ਆਖ਼ਰੀ ਵਾਰ ਹੱਥ ਮਿਲਾਉਂਦਿਆਂ ਕਿਹਾ।
"ਬਾਪੂ। ਮੈਂ ਵੀ ਬਾਬੇ ਨਾਲ ਜਾਂਦਾ ਆ।" ਪਿਆਰੇ ਨੇ ਹੰਝੂ ਭਰੀਆਂ ਅੱਖਾਂ ਨਾਲ ਪਿਉ ਵੱਲੇ ਵੇਖ ਕੇ ਕਿਹਾ।
"ਤੂੰ ਆਪਣੀ ਮਾਂ ਨੂੰ ਹੌਸਲਾ ਦਿਹ। ਮੈਂ ਨਹਿਰ ਤਕ ਇਲਮਦੀਨ ਨੂੰ ਤੋਰ ਆਵਾਂ।" ਧਰਮ ਸਿੰਘ ਉਠ ਕੇ ਇਲਮਦੀਨ ਦੇ ਨਾਲ ਤੁਰ ਪਿਆ।
ਉਹ ਰਾਤ ਵੀ ਧਰਮ ਸਿੰਘ ਹੋਰਾਂ ਓਥੇ ਹੀ ਗੁਜ਼ਾਰੀ। ਧਰਮ ਸਿੰਘ ਦਾ ਇਰਾਦਾ ਸੀ ਕਿਸੇ ਅਗਲੇ ਪਿੰਡ ਜਾ ਰਹਿਣ ਦਾ, ਪਰ ਦਲੀਪ ਕੌਰ ਹੌਸਲਾ ਹਾਰ ਬੈਠੀ ਸੀ। ਓਹਦੇ ਵਿੱਚ ਉੱਠ ਕੇ ਤੁਰਨ ਦਾ ਆਸਰਾ ਹੀ ਨਹੀਂ ਸੀ ਰਿਹਾ। ਪ੍ਰੀਤ ਦੇ ਵਿਛੋੜੇ ਨੇ ਉਹਦਾ ਲੱਕ ਤੋੜ ਦਿੱਤਾ ਸੀ। ਸਾਰੀ ਰਾਤ ਉਹਨੇ ਭੁੱਖੀ ਤਿਹਾਈ ਨੇ ਹਉਕੇ ਭਰਦਿਆਂ ਕੱਟੀ।
ਅਗਲੇਰਾ ਦਿਨ ਚੜ੍ਹਿਆ। ਪਿਆਰੇ ਤੇ ਦਲੀਪ ਕੌਰ ਦੀਆਂ ਅੱਖਾਂ ਰੋ-ਰੋ ਕੇ ਸੁੱਜੀਆਂ ਹੋਈਆਂ ਸਨ। ਧਰਮ ਸਿੰਘ ਨੇ ਦੋਹਾਂ ਦੀ ਹਾਲਤ ਵੇਖ ਕੇ ਕੁਛ ਹੌਸਲੇ ਨਾਲ ਕਿਹਾ, "ਵੇਖੋ ਭਈ। ਏਸ ਤਰ੍ਹਾਂ ਦਿਲ ਛੱਡਿਆਂ ਨਹੀਂ ਸਰਨਾ। ਨਾਲੇ ਸਾਡੇ ਇਕੱਲਿਆਂ ਨਾਲ ਤਾਂ ਇਹ ਹੋਈ ਨਹੀਂ। ਉਹਨਾਂ ਵੱਲ ਤੱਕ ਖਾਂ, ਜਿਹੜੇ ਦਸਾਂ- ਦਸਾਂ ਪੰਦਰਾਂ-ਪੰਦਰਾਂ ਦੇ ਪਰਵਾਰ ਵਿੱਚ ਮਸਾਂ ਇਕ-ਇਕ, ਦੋ ਦੋ ਜੀਅ ਹੀ ਬਚ ਕੇ ਆਏ ਨੇ। ਕਈਆਂ ਦੀਆਂ ਨੌਹਾਂ, ਧੀਆਂ ਓਧਰੇ ਰਹਿ ਗਈਆਂ ਨੇ। ਉਹ ਵਿਚਾਰੇ ਕਿੱਤੇ ਮੂੰਹ ਦੇਣ ਜੋਗੇ ਰਹਿ ਗਏ ਨੇ। ਇਲਮਦੀਨ ਪਹਿਲਾਂ ਈ ਦੱਸਦਾ ਹੁੰਦਾ ਸੀ ਕਿ ਐਹੋ ਜੇਹਾ ਘੱਲੂਘਾਰਾ ਹੋਵੇਗਾ, ਪਈ ਮਾਵਾਂ ਪੁੱਤ ਨਹੀਂ ਸੰਭਾਲਣਗੀਆਂ। ਜਦ ਰਾਜ ਪਲਟਦੇ ਨੇ, ਏਹੋ ਜੇਹਾ ਬਹੁਤ ਕੁਛ ਹੁੰਦਾ ਏ। ਹੁਣ ਭਾਣਾ ਮੰਨ ਲੈਣ ਬਿਨਾਂ ਕੀ ਚਾਰਾ ਏ।"
"ਹਾਇ, ਮੇਰੀ ਤੱਤੀ ਦੀ ਮੱਤ ਮਾਰੀ ਗਈ। ਜੇ ਪਤਾ ਹੁੰਦਾ, ਤਾਂ ਪਹਿਲਾਂ ਮੈਂ ਈ ਦਸ ਦਿਨ ਪੁੱਤਰਾਂ ਨੂੰ ਲੈ ਕੇ ਐਧਰ ਆ ਜਾਂਦੀ।" ਦਲੀਪ ਕੌਰ ਨੇ ਨੱਕ ਵਿੱਚੋਂ ਵਗ ਰਿਹਾ ਪਾਣੀ ਸਾਫ਼ ਕਰਦਿਆਂ ਕਿਹਾ।
"ਉ ਭਲੀਏ ਲੋਕੇ। ਕਦੇ 'ਜੇ' ਵੀ ਕਿਸੇ ਵਿਆਹੀ ਏ ? ਹੋਣੀ ਅੰਤ ਵਰਤ ਕੇ ਰਹਿੰਦੀ ਏ। ਇਹ ਤਾਂ ਪੀਰਾਂ ਅਵਤਾਰਾਂ ਤੋਂ ਨਹੀਂ ਟਲੀ। ਚਲੋ, ਥੋੜ੍ਹਾ ਬਹੁਤ ਢਿੱਡ ਨੂੰ ਝੁਲਕਾ ਦਿਓ ਤੇ ਅਗਾਂ ਤੁਰਨ ਦੀ ਕਰੋ। ਏਥੇ ਢੇਰੀ ਢਾਹ ਕੇ ਕਿੰਨਾ ਚਿਰ ਬੈਠ ਰਹਾਂਗੇ। ਪ੍ਰੀਤੂ ਦਾ ਦੁੱਖ ਮੈਨੂੰ ਘੱਟ ਨਹੀਂ, ਪਰ ਹੁਣ ਤਾਂ ਸਬਰ ਕੀਤਿਆਂ ਹੀ ਦਿਨ ਨਿਕਲਣਗੇ। ਚਲੋ।" ਧਰਮ ਸਿੰਘ ਹੀ ਉਹਨਾਂ ਤਿੰਨਾਂ ਵਿੱਚੋਂ ਕੁਛ ਹੌਸਲੇ ਵਾਲਾ ਸੀ।
ਸੋਹਾਂ ਸੁਗੰਧਾਂ ਪਾ ਕੇ ਧਰਮ ਸਿੰਘ ਨੇ ਪਿਆਰੇ ਤੇ ਦਲੀਪ ਕੌਰ ਨੂੰ ਵੀ ਕੁਛ ਥੋੜ੍ਹਾ ਬਹੁਤ ਖੁਆਇਆ ਪਿਆਇਆ। ਹੋਰ ਹਜ਼ਾਰਾਂ ਵਤਨ-ਛੋੜਾਂ ਨਾਲ ਰਲ ਕੇ ਉਹ ਤਿੰਨੇ ਜਿੰਦਾਂ ਵੀ ਤੁਰ ਪਈਆਂ। ਰਾਹ ਵਿੱਚ ਕਈ ਵੇਰ ਸਾਹ ਲੈ ਕੇ ਉਹ ਦਿਨ ਛਿਪਦੇ ਨੂੰ ਭਿੱਖੀ ਵਿੰਡ ਅੱਪੜੇ। ਓਥੇ ਇਕ ਪਾਸੇ ਹਿੰਦੂਆਂ ਸਿੱਖਾਂ ਦਾ ਤੇ ਇਕ ਪਾਸੇ
ਮੁਸਲਮਾਨਾਂ ਦਾ ਡੇਰਾ ਸੀ। ਉਹਨਾਂ ਦੇ ਵਿੱਚ ਭਾਰਤੀ ਤੇ ਪਾਕਿਸਤਾਨੀ ਫ਼ੌਜ ਦੇ ਕੁਛ ਸਿਪਾਹੀ ਡੇਰੇ ਲਾਈ ਬੈਠੇ ਸਨ। ਡਰ ਸੀ ਕਿ ਉਜੜ ਕੇ ਆਉਣ ਵਾਲੇ ਭੁੱਖੇ ਬਾਘਾਂ ਵਾਂਗ ਇਕ ਦੂਜੇ 'ਤੇ ਨਾ ਟੁੱਟ ਪੈਣ। ਵਧੇਰੇ ਖ਼ਤਰਾ ਮੁਸਲਮਾਨਾਂ ਵਾਸਤੇ ਸੀ। ਲੀਡਰਾਂ ਦੇ ਚੁੱਕੇ ਚੁਕਾਏ 'ਲੈ ਕੇ ਰਹੇਂਗੇ ਪਾਕਸਤਾਨ' ਦੇ ਨਾਹਰੇ ਲਾਉਣ ਵਾਲੇ ਪਿਉ ਦਾਦੇ ਦੀ ਜੰਮਣ ਤੋਂ ਛੱਡ ਕੇ ਆਪਣੇ ਨਵੇਂ ਮੁਲਕ ਪਾਕਿਸਤਾਨ ਨੂੰ ਜਾ ਰਹੇ ਸਨ। ਭਾਰਤ ਵਿੱਚ ਹੁਣ ਨਾ ਉਹਨਾਂ ਦਾ ਕੋਈ ਹੱਕ ਰਹਿ ਗਿਆ ਸੀ, ਨਾ ਸਹਾਰਾ। ਉਹਨਾਂ ਵੱਲੇ ਵੇਖ ਕੇ ਹਿੰਦੂ ਸਿੱਖ ਗੁੱਸੇ ਨਾਲ ਦੰਦੀਆਂ ਪੀਹ ਰਹੇ ਸਨ, ਪਰ ਬੰਦੂਕਾਂ ਵਾਲੇ ਰਖਵਾਲਿਆਂ ਦੇ ਹੁੰਦਿਆਂ ਉਹਨਾਂ ਦੀ ਪੇਸ਼ ਕੋਈ ਨਹੀਂ ਸੀ ਜਾਂਦੀ।
ਸ਼ਾਮ ਹੁੰਦਿਆਂ ਤਕ ਕੁਛ ਲੀਡਰ ਬਣਨ ਦੇ ਚਾਹਵਾਨ ਤੇ ਕੁਛ ਇਨਸਾਨੀ ਹਮਦਰਦੀ ਰੱਖਣ ਵਾਲੇ ਲੋਕ ਪੱਕੀਆਂ ਹੋਈਆਂ ਰੋਟੀਆਂ ਲੈ ਕੇ ਆ ਗਏ। ਯਥਾ ਸ਼ਕਤੀ ਉਹਨਾਂ ਬਥੇਰੀ ਸੇਵਾ ਕੀਤੀ, ਪਰ ਏਨੇ ਲੋਕਾਂ ਦੀ ਲੋੜ ਉਹ ਪੂਰੀ ਨਾ ਕਰ ਸਕੇ। ਕਿਸੇ ਨੂੰ ਇਕ, ਕਿਸੇ ਨੂੰ ਦੋ ਰੋਟੀਆਂ ਮਿਲੀਆਂ, ਤੇ ਕਿਸੇ ਦੇ ਹੱਥ ਅੱਡੇ ਹੀ ਰਹਿ ਗਏ। ਉਹ ਪਾਕਿਸਤਾਨ ਬਨਾਉਣ ਵਾਲੇ ਨੂੰ ਗਾਹਲਾਂ ਦੇ ਕੇ ਹੀ ਅੰਦਰ ਦੀ ਅੱਗ ਸ਼ਾਂਤ ਕਰਨ ਲੱਗੇ। ਸੇਵਾ ਕਰਨ ਵਾਲਿਆਂ ਵਿੱਚੋਂ ਕੋਈ ਉਹਨਾਂ ਨਾਲ ਹਮਦਰਦੀ ਪਰਗਟ ਕਰਨ ਦੇ ਇਰਾਦੇ ਨਾਲ ਸਹਿਮਤ ਹੋ ਜਾਂਦਾ, ਤੇ ਕੋਈ ਆਪਣੇ ਆਪ ਨੂੰ ਧਰਮਾਤਮਾ ਸਿੱਧ ਕਰਨ ਵਾਸਤੇ ਉਪਦੇਸ਼ ਕਰਨਾ ਸ਼ੁਰੂ ਕਰ ਦੇਂਦਾ। "ਵੇਖੋ ਭਈ! ਕਿਸੇ ਨੂੰ ਗਾਹਲਾਂ ਮਿਹਣੇ ਦੇ ਕੇ ਤਾਂ ਐਵੇਂ ਆਪਣਾ ਮੂੰਹ ਗੰਦਾ ਕਰਨ ਵਾਲੀ ਗੱਲ ਏ। ਇਹ ਤਾਂ ਆਪਣੇ ਕਰਮਾਂ ਦਾ ਫਲ ਹੈ। ਜੇਹਾ ਬੀਜੈ ਸੋ ਲੁਣੇ। ਬੰਦਾ ਪਾਪ ਕਰਦਾ ਏ ਤਾਂ ਉਹਦਾ ਫਲ ਵੀ ਭੋਗਣਾ ਪੈਂਦਾ ਏ। ਕਿਸੇ ਸਿਰ ਕਾਹਦਾ ਦੋਸ਼।"
"ਇਹਦਾ ਮਤਲਬ, ਕਿ ਖਾਲੜੇ ਤੋਂ ਪਰਲੇ ਪਾਸੇ ਵੱਸਣ ਵਾਲੇ ਈ ਪਾਪੀ ਸਨ। ਤੁਸੀਂ ਏਧਰ ਵਾਲੇ ਸਾਰੀ ਉਮਰ ਪੁੰਨ ਈ ਕਰਦੇ ਰਹੇ ਓ।" ਲਾਗਿਓਂ ਕੋਈ ਗਿਲ੍ਹੇ ਵਜੋਂ ਉੱਤਰ ਦੇਂਦਾ।
"ਇਹਦੀ ਬਾਬੇ ਦੀ ਕੋਈ ਨੀਂਹ ਧੀ ਉਧਰ ਰਹਿ ਜਾਂਦੀ ਤਾਂ ਇਹਨੂੰ ਪਤਾ ਲੱਗਦਾ। ਬਗਾਨੇ ਘਰ ਲੱਗੀ ਬਸੰਤਰ ਦੇਵਤਾ ਹੀ ਜਾਪਦੀ ਏ।"
"ਏਹੋ ਜੇਹਿਆਂ ਨੂੰ ਘਰ ਜੁੱਤੀਆਂ ਪੈਂਦੀਆਂ ਨੇ ਦਿਨ ਰਾਤ, ਤੇ ਬਾਹਰ ਨਿਕਲ ਕੇ ਉਪਦੇਸ਼ ਝਾੜਨੇ ਸ਼ੁਰੂ ਕਰ ਦੇਂਦੇ ਨੇ। ਠੇਠਰ, ਟਿਚਕਰਾਂ ਕਰਦੇ ਨੇ। ਫੱਟਾਂ 'ਤੇ ਲੂਣ ਧੂੜਦੇ ਨੇ!"
"ਦਸ ਕੋਹ ਐਧਰ ਲਕੀਰ ਵੱਜ ਜਾਂਦੀ, ਤਾਂ ਇਹਨਾਂ ਨੂੰ ਪਤਾ ਲੱਗਦਾ।"
"ਚਲੋ ਜਾਣ ਦਿਹੇ ਭਰਾਵੇ। ਤੁਸੀਂ ਅਸੀਂ ਕੋਈ ਦੋ ਆਂ ? ਕੀ ਸਾਨੂੰ ਤੁਹਾਡਾ ਘੱਟ ਦੁੱਖ ਏ ? ਇਹ ਤਾਂ ਬੇੜੀ ਡੁੱਬ ਗਈ ਲੀਡਰਾਂ ਦੀ। ਪਾਕਿਸਤਾਨ ਕਾਹਦਾ
ਬਣਾਇਆ ਨੇ, ਕਬਰਸਤਾਨ ਬਣਾ ਦਿੱਤਾ ਨੇ। ਜਨਤਾ ਦੇ ਲਹੂ ਦੇ ਤਿਹਾਏ, ਚੌਧਰ ਦੇ ਭੁੱਖੇ ।"
ਜਿੰਨੇ ਮੂੰਹ, ਓਨੀਆਂ ਗੱਲਾਂ। ਹਰ ਕੋਈ ਅੰਦਰ ਦੀ ਭੜਾਸ ਕੱਢਣ ਵਾਸਤੇ ਬਿਨਾਂ ਸੋਚੇ ਸਮਝੇ ਹੀ ਕੁਛ ਨਾ ਕੁਛ ਕਹੀ ਜਾ ਰਿਹਾ ਸੀ। ਕੁਛ ਆਪਣੇ ਦੁੱਖ ਵਿੱਚ ਡੁੱਬੇ ਏਨੇ ਚੁੱਪ ਬੈਠੇ ਸਨ, ਜਿਵੇਂ ਬੋਲੀ ਉਹਨਾਂ ਦਾ ਸਾਥ ਹੀ ਛੱਡ ਗਈ ਹੋਵੇ।
ਦੱਖਣ ਦੇ ਪਾਸਿਓਂ ਬੰਦੂਕ ਦਾ ਫ਼ਾਇਰ ਹੋਇਆ। ਫਿਰ ਹੋਰ ਤੇ ਫਿਰ ਇਕ ਹੋਰ। ਸਾਰੇ ਲੋਕਾਂ ਵਿੱਚ ਹਲਚਲ ਮੱਚ ਗਈ। ਕਈ ਉੱਠ ਕੇ ਖਿਸਕ ਵੀ ਤੁਰੇ। ਕਾਵਾਂ-ਰੌਲੀ ਪੈ ਗਈ। ਕੋਈ ਕਹਿੰਦਾ ਪਾਕਿਸਤਾਨੀ ਫ਼ੌਜ ਨੇ ਹਮਲਾ ਕਰ ਦਿੱਤਾ। ਦੂਸਰਾ ਕਹਿੰਦਾ, ਪਾਕਿਸਤਾਨੀ ਨਹੀਂ, ਇਹ ਭਾਰਤੀ ਫ਼ੌਜ ਆ ਪਈ ਹੈ। ਤੀਸਰਾ ਕੋਲੋਂ ਦੋਹਾਂ ਨੂੰ ਝੂਠਿਆਂ ਸਾਬਤ ਕਰਨ ਵਾਸਤੇ ਕਹਿੰਦਾ, ਫ਼ੌਜ ਨਹੀਂ, ਇਹ ਤਾਂ ਪਿੰਡ ਦੇ ਜਥੇ ਮੁਸਲਮਾਨਾਂ ਨੂੰ ਲੁੱਟਣ ਵਾਸਤੇ ਆ ਪਏ ਹਨ।
ਪੰਜ ਸੱਤ ਫਾਇਰ ਹੋ ਕੇ ਫਿਰ ਚੁੱਪ ਵਰਤ ਗਈ। ਲੋਕਾਂ ਦਾ ਰੌਲਾ ਵੀ ਕੁਛ ਸ਼ਾਂਤ ਹੋ ਗਿਆ। ਹੁਣ ਰੜੇ ਮੈਦਾਨ ਬੈਠਿਆਂ ਬੇ-ਘਰਿਆਂ ਦਾ ਧਿਆਨ ਇਕ ਹੋਰ ਮੁਸੀਬਤ ਵੱਲੋ ਖਿੱਚਿਆ ਗਿਆ। ਪਿਛਲੇ ਦਿਨ ਤੋਂ ਅਸਮਾਨ 'ਤੇ ਤਿੱਤਰ-ਖੰਭੀਆਂ ਬਦਲੀਆਂ ਘਿਰ ਰਹੀਆਂ ਸਨ। ਪਿਛਲੇ ਪਹਿਰ ਤੋਂ ਉਹ ਵਧੇਰੇ ਸੰਘਣੀਆਂ ਹੁੰਦੀਆਂ ਜਾ ਰਹੀਆਂ ਸਨ। ਪਹਿਰ ਰਾਤ ਜਾਂਦੀ ਤਕ ਸਾਰਾ ਅੰਬਰ ਕਾਲੀਆਂ ਘਟਾਂ ਨੇ ਢੱਕ ਲਿਆ। ਸੇਵਾ ਕਰਨ ਵਾਲੇ ਥਾਂਉਂ ਥਾਂਈਂ ਜਾ ਬਿਰਾਜੇ, ਪਰ ਉਹ ਕਿੱਥੇ ਚਲੇ ਜਾਂਦੇ ਜਿਨ੍ਹਾਂ ਦਾ ਘੁੱਗ ਵਸਦੀ ਦੁਨੀਆਂ ਵਿੱਚ ਕੋਈ ਆਸਰਾ ਵੀ ਨਹੀਂ ਸੀ।
ਮੀਂਹ ਇਕੇ ਵਾਰ ਪੰਡ ਦੀ ਪੰਡ ਲਹਿ ਪਿਆ। ਲੋਕ ਉਬੜਵਾਹੇ ਉੱਠ ਨੱਸੇ। ਕਿਸੇ ਨੇ ਦੁਕਾਨ ਅੱਗੇ ਵਧੇ ਹੋਏ ਛੱਪਰ ਥੱਲੇ ਤੇ ਕਿਸੇ ਨੇ ਦਰੱਖ਼ਤ ਦੇ ਮੁੱਢ ਨਾਲ ਆਸਰਾ ਜਾ ਤਕਾਇਆ। ਸਾਰੇ ਲੋਕਾਂ ਵਾਸਤੇ ਇਹ ਵੀ ਦੁਰਲੱਭ ਸੀ। ਅਖ਼ੀਰ ਕੋਈ ਚਾਰਾ ਨਾ ਵੇਖ ਕੇ ਲੋਕ ਹੋਣੀ ਅੱਗੇ ਸਿਰ ਝੁਕਾ ਕੇ ਖੁੱਲ੍ਹੇ ਅੰਬਰ ਥੱਲੇ ਹੀ ਫਿਰ ਬਹਿ ਗਏ। ਜਿਸ ਕੋਲ ਸੀ, ਉਹਨੇ ਸਿਰ ਉੱਤੇ ਕਿਸੇ ਖੇਸ, ਚੁਤਹੀ ਦਾ ਆਸਰਾ ਕਰ ਲਿਆ ਤੇ ਕਈਆਂ ਕੋਲ ਏਨਾ ਵੀ ਨਹੀਂ ਸੀ। ਜਿਹੜਾ ਕੋਈ ਉੱਦਮ ਜਾਂ-ਕਰੋ- ਭਾਗਾਂ ਨਾਲ ਗੱਡ, ਬਹਿਲ ਲੈ ਆਇਆ ਸੀ, ਉਹਦੇ ਲਾਗੇ ਤੀਹ ਬੰਦੇ ਆਸਰਾ ਤਕਾਈ ਬੈਠੇ ਸਨ।
ਧਰਮ ਸਿੰਘ ਹੋਰੀਂ ਝਬਾਲ ਨੂੰ ਜਾਣ ਵਾਲੀ ਸੜਕ 'ਤੇ ਇਕ ਦਰੱਖ਼ਤ ਦੇ ਆਸਰੇ ਬੈਠੇ ਸਨ। ਦੋ ਕੁ ਘੰਟੇ ਉਸ ਬੁੱਢੇ ਫ਼ਰਾਂਹ ਨੇ ਝੱਖੜ ਝਾਂਝੇ ਦਾ ਟਾਕਰਾ ਕੀਤਾ। ਮੀਂਹ ਦੇ ਪਾਣੀ ਨਾਲ ਹੇਠੋਂ ਜੜ੍ਹਾਂ ਪੋਲੀਆਂ ਹੋ ਗਈਆਂ ਤਾਂ ਉਹਨੇ ਜਰਵਾਣੇ ਬੁੱਲ੍ਹੇ ਅੱਗੇ ਸਿਰ ਝੁਕਾ ਦਿੱਤਾ। ਦਲੀਪ ਕੌਰ ਮਰਦੀ-ਮਰਦੀ ਬਚੀ। ਪਿਆਰੇ ਨੇ ਛੇਤੀ
ਨਾਲ ਉਹਨੂੰ ਬਾਹੋਂ ਫੜ ਕੇ ਪਾਸੇ ਧੂਹ ਲਿਆ। ਦੱਸਾਂ ਕੁ ਮਿੰਟਾਂ ਪਿੱਛੋਂ ਉਹਨੂੰ ਆਪਣੇ ਆਪ ਦੀ ਸੋਝੀ ਆਈ ਤਾਂ ਉਹ ਹਉਕਾ ਲੈ ਕੇ ਬੋਲੀ, "ਵੇ ਪਰ੍ਹਾਂ ਮਰ ਜਾਣ ਦੇਵੇਂ ਆਂ। ਕੀ ਲੈਣਾ ਏਂ ਹੁਣ ਐਸ ਹਾਲ ਜਿਉਂ ਕੇ। ਜਿੱਧਰ ਪੁੱਤਰ ਗਿਆ, ਓਧਰੇ ਮਾਂ ਵੀ ਤੁਰ ਜਾਂਦੀ।"
"ਉ ਕਮਲੀਏ! ਆਈ ਬਿਨਾਂ ਤਾਂ ਮਰਿਆ ਵੀ ਨਹੀਂ ਜਾਂਦਾ। ਵਾਹਵਾ। ਵੇਖ ਮਰਦਾਨਿਆਂ। ਰੰਗ ਕਰਤਾਰ ਦੇ।" ਧਰਮ ਸਿੰਘ ਨੇ ਜੀਵਨ-ਸਾਥਣ ਨੂੰ ਹੌਸਲਾ ਦੇਣ ਦੇ ਇਰਾਦੇ ਨਾਲ ਕਿਹਾ, ਭਾਵੇਂ ਉਹਦੀ ਆਪਣੀ ਵਾਜ ਵਿੱਚੋਂ ਨਿਰਾਸਤਾ ਪਰਗਟ ਹੋ ਰਹੀ ਸੀ। "ਚਲੋ, ਦਰੱਖ਼ਤਾਂ ਤੋਂ ਇਕਲਵਾਂਜੇ ਐਸ ਵੱਟ 'ਤੇ ਹੋ ਬਹੋ। ਮਤਾਂ ਹੋਰ ਕੋਈ ਰੁੱਖ ਉੱਤੇ ਆ ਡਿੱਗਦਾ ਹੋਵੇ।"
ਤਿੰਨੇ ਜੀ ਵੀਹ ਕੁ ਕਦਮਾਂ ਦੂਰ ਉੱਚੀ ਵੱਟ ਉੱਤੇ ਜਾ ਬੈਠੇ। ਉਹਨਾਂ ਦੇ ਲਾਗੇ ਆਸਰਾ ਤਕ ਕੇ ਕੁੱਛ ਹੋਰ ਵੀ ਆ ਬੈਠੇ। ਨਿੱਕੇ ਬੱਚੇ ਰੋ ਰਹੇ ਸਨ। ਖਿੜੀਆਂ ਹੋਈਆਂ ਮਾਵਾਂ ਉਹਨਾਂ ਨੂੰ ਗਾਲ੍ਹਾਂ ਮੰਦਾ ਕਰ ਰਹੀਆਂ ਸਨ ਤੇ ਮੀਂਹ ਆਹੰਦਾ ਸੀ, ਮੈਂ ਵੀ ਅੱਜ ਹੀ ਸਾਰਾ ਗੁੱਸਾ ਕੱਢ ਲੈਣਾ ਹੈ।
"ਮੀਂਹ ਨਹੀਂ, ਇਹ ਕਹਿਰ ਏ ਕਹਿਰ।"
"ਕਹਿਰ ਵੀ ਕਾਹਦਾ, ਪਰਲੋ ਆਖ। ਸਾਡੇ ਭੁੱ ਦੀ ਤਾਂ ਪਰਲੋ ਆ ਗਈ ਏ। ਹੇ ਰੱਬਾ ਸੱਚਿਆ। ਮਿਹਰ ਕਰ ਹੁਣ।"
"ਰੱਬ ? ਕੋਈ ਰੱਬ ਰੁੱਬ ਨਹੀਂ। ਰੱਬ ਹੁੰਦਾ ਤਾਂ ਉਹਨੂੰ ਕਿਸੇ 'ਤੇ ਵੀ ਤਰਸ ਨਾ ਔਂਦਾ ? ਸਭ ਢਕੌਂਸਲੇ ਨੇ। ਦੁੱਖਾਂ ਦੇ ਮਾਰਿਆਂ ਦਾ ਕੋਈ ਨਹੀਂ ਹੁੰਦਾ।"
ਕੁਦਰਤ ਨੇ ਕਿਸੇ ਦੀ ਵੀ ਨਹੀਂ ਸੁਣੀ। ਹਵਾ ਉੱਤੋਂ ਪਾਣੀ ਦਾ ਦਬਾਅ ਘਟਿਆ ਤਾਂ ਪਿਛਲੀ ਰਾਤ ਮੀਂਹ ਖਲੋਤਾ। ਬਾਰਸ਼ ਮੂਸਲਾਧਾਰ ਹੋਈ ਸੀ। ਦਿਨ ਚੜ੍ਹਦੇ ਨੂੰ ਸਾਰੇ ਜਲ ਥਲ ਹੋਇਆ ਪਿਆ ਸੀ।
ਚੜ੍ਹਦੇ ਪਾਸਿਓਂ ਬੱਦਲ ਜ਼ਰਾ ਉੱਚਾ ਹੋਇਆ। ਸੂਰਜ ਨੇ ਵੀ ਝਕਦਿਆਂ ਝਿਜਕਦਿਆਂ ਬੁੱਕਲ ਵਿੱਚੋਂ ਮੂੰਹ ਕੱਢਿਆ। ਵਗਦੇ ਪਾਣੀ 'ਤੇ ਪੈ ਕੇ ਕਿਰਣਾਂ ਦੁਣੀ ਸ਼ੋਖੀ ਨਾਲ ਚਮਕੀਆਂ। ਮੁਸੀਬਤ ਮਾਰਿਆਂ ਨੇ ਗਿੱਲੇ ਕੱਪੜੇ ਨਚੋੜ ਕੇ ਸੁੱਕਣ ਵਾਸਤੇ ਖਿਲਾਰ ਦਿੱਤੇ। ਸਭ ਤੋਂ ਵੱਡੀ ਔਕੜ ਉਹਨਾਂ ਇਸਤਰੀਆਂ ਵਾਸਤੇ ਸੀ, ਜਿਨ੍ਹਾਂ ਕੋਲ ਗਲੇ ਦੇ ਇਕ ਕੁੜਤੇ ਤੋਂ ਵੱਧ ਹੋਰ ਤਨ ਢੱਕਣ ਜੋਗਾ ਕੋਈ ਬਸਤਰ ਨਹੀਂ ਸੀ।
"ਮਾਂ। ਆਹ ਮੇਰੀ ਚਾਦਰ ਵਲ ਕੇ, ਉਦਾਲੇ ਦੇ ਲੀੜੇ ਲਾਹ ਦੇ। ਮੈਂ ਨਚੋੜ ਦਿਆਂ।" ਦਲੀਪ ਕੋਰ ਅਸਲੋਂ ਹੀ ਦਿਲ ਛੱਡ ਬੈਠੀ ਸੀ।
"ਪਿਆਰਿਆ। ਪੁੱਤ, ਹੁਣ ਤਾਂ ਰੱਬ ਅੱਗੇ ਹੱਥ ਜੋੜ, ਮੇਰੀ ਜਿੰਦ ਖਲਾਸੀ ਕਰ
ਦੇਵੇ।" ਦਲੀਪ ਕੌਰ ਅਸਲੋਂ ਹੀ ਦਿਲ ਛੱਡ ਬੈਠੀ ਸੀ।
"ਉ, ਇਹਦੇ ਵਾਸਤੇ ਕਿਤੋਂ ਦੁਕਾਨ ਤੋਂ ਭਾਂਡਾ ਲੈ ਕੇ ਚਾਹ ਦਾ ਘੁੱਟ ਲਿਆ ਭਲਾ ਜੇ ਇਹਦੇ ਅੰਦਰ ਦੋ ਘੁੱਟਾਂ ਗਰਮ ਪਾਣੀ ਜਾਵੇ ਤਾਂ ਇਹਨੂੰ ਕੁਛ ਹੋਸ਼ ਆਵੇ। ਨਿਘਰ ਹੋਈ ਇਹ ਵੀ ਔਖੇ ਵੇਲੇ ਸਾਥ ਛੱਡ ਜਾਣ ਦੀਆਂ ਸੋਚਾਂ ਸੋਚ ਰਹੀ ਏ।"
"ਬਾਪੂ। ਮੰਗਵਾਂ ਭਾਂਡਾ ਏਥੇ ਕੀਹਨੇ ਦੇਣਾ ਏਂ ? ਕਿਸੇ ਦੁਕਾਨ 'ਤੇ ਚੱਲ ਫਿਰੀਏ।" ਪਿਆਰੇ ਨੇ ਉਦਾਸ ਸੁਰ ਵਿੱਚ ਉੱਤਰ ਦਿੱਤਾ।
"ਦੁਕਾਨ 'ਤੇ ਵੀ ਕਿੱਥੇ ਪੈਰ ਧਰਨ ਜੋਗੀ ਥਾਂ ਮਿਲਨੀ ਏਂ। ਏਥੇ ਅੱਡੇ 'ਤੇ ਭਾਂਡਿਆਂ ਦੀ ਦੁਕਾਨ ਹੋਣੀ ਏ ਕੋਈ। ਇਕ ਮਾੜੀ ਮੋਟੀ ਬਾਲਟੀ ਜਾਂ ਗੜਵੀ ਖ਼ਰੀਦ ਲਓ। ਲੈ ਫੜ ਪੈਸੇ ਤੇ ਤਿੰਨਾਂ ਜੋਗੀ ਚਾਹ ਪੁਆ ਲਿਆਵੀਂ।" ਦਲੀਪ ਕੌਰ ਨੇ ਕੰਬਦੇ ਹੱਥਾਂ ਨਾਲ ਭਿੱਜਾ ਹੋਇਆ ਨੋਟ ਫੜਾਉਂਦਿਆਂ ਕਿਹਾ।
ਦੋ ਕੁ ਸੇਰ ਦੀ ਟੀਨ ਦੀ ਬਾਲਟੀ ਤੇ ਕੰਢੇ ਤੋਂ ਟੁੱਟਾ ਹੋਇਆ ਗਲਾਸ ਡਿਉਦੇ ਮੁੱਲ ਤੋਂ ਪਿਆਰੇ ਹੱਥ ਵੇਚਦਿਆਂ ਦੁਕਾਨਦਾਰ ਨੇ ਬੜਾ ਅਹਿਸਾਨ ਜਤਾਇਆ। ਆਖ਼ਰ ਗਾਹਕ ਦੀ ਛਿਲ ਲਾਹੁਣ ਦਾ ਇਸ ਤੋਂ ਚੰਗਾ ਮੌਕਿਆ ਉਹਨੂੰ ਹੋਰ ਕਿਹੜਾ ਮਿਲਣਾ ਸੀ। ਨਾਲੇ ਕੱਲ੍ਹ ਉਹਨੇ ਸੇਵਾ-ਸੰਮਤੀ ਵਾਲਿਆਂ ਨੂੰ ਦੋ ਰੁਪੈ ਉਗਰਾਹੀ ਦਿੱਤੀ ਸੀ ਇਹਨਾਂ ਸ਼ਰਨਾਰਥੀਆਂ ਵਾਸਤੇ। ਉਹ ਭਾਂਗਾ ਵੀ ਦੁਕਾਨਦਾਰ ਨੇ ਗਾਹਕਾਂ ਸਿਰੋਂ ਹੀ ਕੱਢਣਾ ਸੀ।
ਪੂਰਾ ਇਕ ਘੰਟਾ ਦੁਕਾਨ 'ਤੇ ਖਲੋ ਕੇ ਪਿਆਰੇ ਨੇ ਤਿੰਨ ਗਲਾਸ ਚਾਹ ਦੇ ਪ੍ਰਾਪਤ ਕੀਤੇ। ਦੁਣੇ ਪੈਸੇ ਲੈ ਕੇ ਵੀ ਚਾਹ ਵਾਲੇ ਨੇ ਮਿੱਠਾ ਪੂਰਾ ਨਾ ਪਾਇਆ। ਪਿਆਰਾ ਥੋੜ੍ਹੀ ਦੂਰ ਗਿਆ ਸੀ, ਜਾਂ ਅੱਗੋਂ ਅਮਰ ਸਿੱਧੂ ਵਾਲਾ ਅਮਲੀ ਚੂਹੜ ਸਿੰਘ ਮਿਲ ਪਿਆ।
"ਉਹ ਪਿਆਰਿਆ। ਸਾਰੇ ਜੀ ਸਹੀ ਸਲਾਮਤ ਆ ਗਏ ? ਸੁਣਾ ਕਿੱਥੇ ਆ ਤੇਰਾ ਬਾਪੂ।" ਅਮਲੀ ਨੇ ਅਫ਼ੀਮ ਦੀ ਮਾਰੀ ਪਤਲੀ ਜੇਹੀ ਸੁਰ ਵਿੱਚ ਕਿਹਾ।
"ਆ, ਲੈ ਚਲਦਾਂ ਉਹਨਾਂ ਕੋਲ।" ਪਿਆਰਾ ਉਹਦੇ ਅੱਗੇ ਲੱਗ ਕੇ ਤੁਰ ਪਿਆ।
ਪਿਆਰੇ ਦੇ ਅੰਦਰ ਦੇ ਭਰਮ ਪੈ ਗਏ ਸਨ। ਦੋ ਸੱਲ ਨੇਜਿਆਂ ਵਾਂਗ ਰੜਕਦੇ ਸਨ ਉਹਦੀ ਛਾਤੀ ਵਿੱਚ। ਕਿਸੇ ਨਾਲ ਵੀ ਖੁੱਲ੍ਹ ਕੇ ਬੋਲਣ 'ਤੇ ਜੀ ਨਹੀਂ ਸੀ ਕਰਦਾ ਉਹਦਾ।
"ਬਹੁਤ ਬੁਰੀ ਹੋਈ। ਸਾਰਿਆਂ ਨਾਲ ਵੱਧ ਤੋਂ ਵੱਧ ਹੋਈ। ਕੁਛ ਨਾ ਪੁੱਛ! ਇਕ ਨਾਲ ਹੋਈ ਹੋਵੇ ਤਾਂ ਦੱਸਾਂ ਨਾ, ਪਰ ਉਹਨਾਂ ਨਾਲ ਤਾਂ ਜੁੱਗੋਂ ਬਾਹਰੀ ਹੋਈ। ਮੁੰਡਾ ਓਥੇ ਮਰ ਗਿਆ ਤੇ ਨੌਂਹ ਏਥੇ ਆ ਮਰੀ। ਵਿਚਾਰੀ ਮੰਦੇ ਭਾਗਾਂ ਵਾਲੀ।
ਵਰ੍ਹਦੇ ਮੀਂਹ ਵਿੱਚ ਮੁੰਡਾ ਹੋਇਆ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਈ ਆਪ ਤੁਰ ਗਈ। ਮੁੰਡਾ ਕਾਹਦਾ ਉਹਦਾ ਵਹੀ ਸੀ। ਛਲੇਡਾ ਬਣ ਕੇ ਆਇਆ ਤੇ ਮਾਂ ਨੂੰ ਨਾਲ ਲੈ ਕੇ ਤੁਰਦਾ ਬਣਿਆ। ਵਿਚਾਰੀ ਹੀਰੇ ਵਰਗੀ ਕੁੜੀ ਸੀ। ਕਦੇ ਕਿਸੇ ਨਾਲ ਉੱਚੀ ਬੋਲਦੀ ਨਹੀਂ ਸੀ ਸੁਣੀ। ਭਿੱਜਾ ਵਰ੍ਹਾ ਹੋਇਆ ਵਿਆਹ ਨੂੰ। ਬੱਸ ਲਾੜਾ ਵਹੁਟੀ ਤਿੰਨਾਂ ਦਿਨਾਂ ਦੀ ਵਿੱਥ 'ਤੇ ਅੱਗੜ-ਪਿੱਛੜ ਤੁਰ ਗਏ। ਕੁਦਰਤ ਦੇ ਖੇਲ ਨੇ....।" ਅਮਲੀ ਆਪਣੇ ਲੋਰ ਵਿੱਚ ਗੱਲਾਂ ਕਰਦਾ ਜਾ ਰਿਹਾ ਸੀ।
ਪਿਆਰੇ ਨੂੰ ਅਮਲੀ ਦੀਆਂ ਗੱਲਾਂ ਦੀ ਕੱਖ ਸਮਝ ਨਹੀਂ ਸੀ ਆ ਰਹੀ। ਨਾ ਹੀ ਉਹਨੇ ਦੁਹਰਾ ਕੇ ਪੁੱਛਿਆ ਕਿ ਉਹ ਕੀਹਦੇ ਬਾਰੇ ਸਭ ਕੁਛ ਦੱਸ ਰਿਹਾ ਹੈ।
“ਸੁਣਾ, ਭਰਾ ਧਰਮ ਸਿਹਾਂ। ਕੀ ਆਖੀਏ। ਆਖਣ ਵਾਲੀ ਗੱਲ ਈ ਨਹੀਂ। ਅਖੇ ਸੋਈ ਮਿੱਠਾ, ਜਿਹੜਾ ਕੁਆ ਨਹੀਂ ਡਿੱਠਾ। ਜੀਹਨੂੰ ਪੁੱਛ ਕੇ ਵੇਖੋ, ਬੱਸ, ਦੁੱਖਾਂ ਨਾਲ ਵਿੱਧਾ ਪਿਆ ਏ। ਤੁਸੀਂ ਸੁਣਾਓ ਆਪਣੀ। ਤੇਰੇ ਕੁੜਮ ਨਾਲ ਤਾਂ ਜੁੱਗੋਂ ਬਾਹਰੀ ਹੋ ਗਈ ਏ। ਵੱਡਾ ਮੁੰਡਾ ਪਿੰਡੋਂ ਨਿਕਲਣ ਲੱਗਿਆਂ ਲੀਗੀਆਂ ਮਾਰ ਘੱਤਿਆ ਤੇ ਨੀਂਹ ਅੱਜ ਤੜਕੇ ਐਥੇ ਮਰ ਗਈ ਏ। ਵੇਖੋ ਖਾਂ। ਵਿਚਾਰੀ ਦਾ ਭੋਇ ਮੰਡਲਾ ਕਿੱਥੇ ਲਿਖਿਆ ਹੋਇਆ ਸੀ। ਠੀਕ ਆਹੁੰਦੇ ਨੇ : ਮੂਸਾ ਭੱਜਾ ਮੌਤ ਤੋਂ ਤੇ ਮੌਤ ਅੱਗੇ ਖਲੀ। ਉਹ ਹੋ। ਬਹੁਤ ਬੁਰੀ ਹੋਈ ਵਿਚਾਰੇ ਚੰਦਾ ਸੁੰਹ ਨਾਲ। ਰਹਿ ਗਿਆ ਇਕ ਦਸਾਂ ਵਰ੍ਹਿਆਂ ਦਾ ਜੁਆਕ। ਉਹਦਾ ਵੀ ਅਜੇ ਕੀ ਪਤਾ ਏ। ਹੱਛਾ ਜੋ ਭਾਣਾ ਭਈ।" ਗੱਲਾਂ ਕਰਦਾ ਅਮਲੀ ਕਿਸੇ ਦੀ ਕਦੇ ਨਹੀਂ ਸੀ ਸੁਣਦਾ। ਨਾ ਉਹਦੀ ਗੱਲਾਂ ਦੀ ਲੜੀ ਮੁਕਦੀ ਤੇ ਨਾ ਕਿਸੇ ਨੂੰ ਉੱਤਰ ਦੇਣ ਦਾ ਮੌਕਿਆ ਮਿਲਦਾ। "ਚਾਹ ਪੀ ਲੈ ਘੁਟ ਤੇ ਫਿਰ ਚੱਲੋ ਉਹਨਾਂ ਨੂੰ ਕੁਆ ਆਓ। ਉਹ ਪਿੱਛੇ ਖਾਲੜੇ ਵਾਲੀ ਸੜਕ 'ਤੇ ਬੈਠੇ ਨੇ।"
“ਚਾਹ ਸੁਝਦੀ ਏ ਹੁਣ ? ਚਲੋ ਉੱਠੇ।" ਦਲੀਪ ਕੌਰ ਨੇ ਅਣਡਿੱਠੇ ਰਿਸ਼ਤੇਦਾਰਾਂ ਦਾ ਦੁੱਖ ਮਹਿਸੂਸ ਕਰਦਿਆਂ ਕਿਹਾ।
"ਉੱਠਣ ਜੋਗੀ ਵੀ ਹੋ ਲੈ। ਚਲਦੇ ਆਂ ਫਿਰ। ਵਿਚਾਰਿਆਂ ਨਾਲ ਬਹੁਤ ਬੁਰੀ ਹੋਈ। ਪਿਆਰਿਆ। ਦਿਹ ਪਾ ਕੇ ਪਹਿਲਾਂ ਆਪਣੀ ਮਾਂ ਨੂੰ।"
"ਪਹਿਲਾਂ ਅਮਲੀ ਨੂੰ ਦਿਹੋ ਮੇਰਾ ਕੀ ਏ ?" ਦਲੀਪ ਕੌਰ ਨੇ ਪਰਾਹੁਣਾਚਾਰੀ ਦੇ ਨਿਯਮ ਨੂੰ ਮੁੱਖ ਰੱਖ ਕੇ ਕਿਹਾ।
"ਮੈਂ ਤਾਂ ਪੀ ਆਇਆ। ਪਰ ਪਾ ਦਿਹੋ ਦੋ ਘੁੱਟ, ਤੁਹਾਡਾ ਹੰਮਾ ਨਹੀਂ ਤੋੜਿਆ ਜਾਂਦਾ। ਨਾਲੇ ਕਿਹੜੀ ਚਿੱਥੜੀ ਪੈਣੀ ਏਂ।" ਖਾਣ ਪੀਣ ਤੋਂ ਨਾਂਹ ਕਰਨੀ ਅਮਲੀ ਦੇ ਅਸੂਲ ਦੇ ਉਲਟ ਸੀ।
ਚਾਹ ਪੀ ਕੇ ਚਾਰੇ ਜਾਣੇ, ਚੰਦਾ ਸਿੰਘ ਹੋਰਾਂ ਵੱਲ ਤੁਰ ਪਏ।
ਚੰਦਾ ਸਿੰਘ ਨਾਲ ਠੀਕ ਹੀ ਬਹੁਤ ਬੁਰੀ ਹੋਈ ਸੀ। ਉਹਦੇ ਤਿੰਨ ਪੁੱਤਰ ਤੇ ਦੋ ਧੀਆਂ ਸਨ। ਦੁਵਿਚਲਾ ਪੁੱਤਰ, ਦੋ ਸਾਲ ਹੋਏ ਮਿਆਦੀ ਬੁਖ਼ਾਰ ਨਾਲ ਮਰ ਗਿਆ ਸੀ। ਵੱਡੀ ਧੀ ਵਿਧਵਾ ਹੋ ਕੇ ਮਾਪਿਆਂ ਦੇ ਬੂਹੇ 'ਤੇ ਬੈਠੀ ਸੀ। ਛੋਟਾ ਪੁੱਤਰ ਮਸਾਂ ਬਾਰਾਂ-ਤੇਰਾਂ ਸਾਲ ਦਾ ਸੀ। ਘਰ ਦੀ ਸਾਰੀ ਪੰਡ ਵੱਡੇ ਪੁੱਤਰ ਦੇ ਸਿਰ 'ਤੇ ਸੀ। ਪਿੰਡੋਂ ਨਿਕਲਣ ਲੱਗਿਆਂ ਉਹ ਮੁਸਲਮਲੀਗੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ। ਏਸ ਸੱਟ ਨਾਲ ਚੰਦਾ ਸਿੰਘ ਦਾ ਲੱਕ ਟੁੱਟ ਗਿਆ ਸੀ। ਜਵਾਨ ਪੁੱਤਰ ਦਾ ਮਾਰਿਆ ਜਾਣਾ ਕਿਸੇ ਵੀ ਪਿਤਾ ਵਾਸਤੇ ਸਹਾਰਨਾ ਔਖਾ ਹੁੰਦਾ ਏ। ਪਰ ਹੋਰ ਅਨੇਕਾਂ ਬਦ-ਨਸੀਬਾਂ ਵਾਂਗ ਚੰਦਾ ਸਿੰਘ ਕੋਲ ਵੀ ਭਾਣਾ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।
ਏਥੇ ਹੀ ਬੱਸ ਨਹੀਂ। ਭਿੱਖੀ ਵਿੰਡ ਆ ਕੇ ਉਹਨੂੰ ਹੋਣੀ ਦਾ ਇਕ ਹੋਰ ਵਾਰ ਸਹਿਣਾ ਪੈ ਗਿਆ। ਉਹਦੀ ਵੱਡੀ ਨੌਂਹ ਦੇ ਬਾਲ ਹੋਣ ਵਾਲਾ ਸੀ। ਚੰਦਾ ਸਿੰਘ ਹੋਰੀ ਦੋਵੇਂ ਜੀ ਵਿਚੇ ਵਿਚ ਅਰਦਾਸਾਂ ਕਰ ਰਹੇ ਸਨ, “ਰੱਬ ਸੱਚਿਆ। ਤੇਰਾ ਭਾਣਾ ਸਿਰ ਮੱਥੇ 'ਤੇ ਮੰਨ ਲਿਆ ਏ। ਏਸ ਨਕਰਮਣ ਨੂੰ ਪੁੱਤਰ ਦੀ ਦਾਤ ਬਖ਼ਸ਼ ਦਿਹ। ਨਾਲੇ ਓਸ ਮਰਨ ਵਾਲੇ ਦਾ ਨਾਂ ਰਹਿ ਜਾਏਗਾ, ਨਾਲੇ ਪੁੱਤਰ ਦੇ ਆਸਰੇ ਏਸ ਵਿਚਾਰੀ ਦੇ ਦਿਨ ਕੱਟ ਜਾਣਗੇ।"
ਬਦਕਿਸਮਤੀ ਓਹਨਾਂ ਨਾਲ ਕੋਈ ਲਿਹਾਜ਼ ਕਰਨ ਵਾਸਤੇ ਤਿਆਰ ਨਹੀਂ ਸੀ। ਉਹ ਬਦਨਸੀਬ ਲੜਕੀ ਤਿੰਨ ਦਿਨਾਂ ਦੀ ਭੁੱਖੀ ਤਿਹਾਈ ਕਾਫ਼ਲੇ ਨਾਲ ਭੱਜੀ ਆਈ ਸੀ। ਇਕ ਪਤੀ ਦੀ ਮੌਤ ਦਾ ਗ਼ਮ ਤੇ ਇਕ ਭਵਿੱਖ ਦੀ ਚਿੰਤਾ। ਨਿਤਾਣੀ ਜਿੰਦੜੀ ਇਕੱਠੇ ਵਾਰ ਨਾ ਸਹਿ ਸਕੀ। ਓਧਰੋਂ ਮੀਂਹ ਲੱਥਾ ਤੇ ਓਧਰੋਂ ਉਹਨੂੰ-ਸਮੇਂ ਤੋਂ ਪਹਿਲਾਂ ਹੀ-ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ। ਸੜਕ ਦੇ ਪਾਸੇ 'ਤੇ ਖਲੀ ਟਾਹਲੀ ਦੇ ਮੁੱਢ ਨਾਲ ਅੱਧੀ ਰਾਤ ਵੇਲੇ ਵਰ੍ਹਦੇ ਮੀਂਹ ਵਿੱਚ ਬਾਲਕ ਨੇ ਜਨਮ ਲਿਆ। ਦਾਦੀ ਦਾਦੇ ਵਾਸਤੇ ਆਸ ਦੀ ਕਿਰਣ ਸੁਖਨੇ ਵਾਂਗ ਚਮਕ ਕੇ ਬੁਝ ਗਈ। ਜਨਮ ਲੈਣ ਵਾਲਾ ਲੜਕਾ ਸੀ, ਜੋ ਪੰਜ ਸੱਤ ਸਾਹ ਲੈ ਕੇ ਦਾਦੀ ਦੇ ਹੱਥਾਂ ਵਿੱਚ ਸਦਾ ਦੀ ਨੀਂਦ ਸੌਂ ਗਿਆ। ਸੱਸ ਨੇ ਦਿਲ 'ਤੇ ਪੱਥਰ ਰੱਖ ਕੇ ਨੀਂਹ ਤੋਂ ਇਹ ਭੇਦ ਲੁਕਾਉਣ ਦਾ ਯਤਨ ਕੀਤਾ, ਪਰ ਸਿਆਣੀ ਨੀਂਹ ਛੇਤੀ ਹੀ ਸਭ ਕੁਝ ਜਾਣ ਗਈ। ਜਾਂ ਸਮਝੋ ਕਿ ਮਾਂ ਦੀਆਂ ਆਂਦਰਾਂ ਨੇ ਬਿਨਾਂ ਦੱਸਿਆਂ ਹੀ ਬੁੱਝ ਲਿਆ। ਦੋ ਵਾਰ 'ਹੂਆਂ ਹੂਆਂ' ਕਰਕੇ ਬਾਲ ਫਿਰ ਨਾ ਬੋਲਿਆ। ਅੱਧਾ ਘੰਟਾ ਉਡੀਕ ਮਾਂ ਨੇ ਪੁੱਛ ਲਿਆ, "ਤੁਰ ਗਿਆ ਪਿਓ ਦੇ ਮਗਰੇ ? ਚਲੋ ਅਸੀਂ ਵੀ ਚਲਦੇ ਆਂ।" ਤਿੰਨ ਘੰਟੇ
ਤੜਪਣ ਲੁੱਛਣ ਪਿੱਛੋਂ ਉਹ ਵੀ ਪੁੱਤਰ ਤੇ ਪਤੀ ਦੇ ਮਗਰੇ ਤੁਰ ਗਈ।
ਬੜਾ ਦਿਲ ਹਿਲਾਉ ਦ੍ਰਿਸ਼ ਸੀ। ਚੰਦਾ ਸਿੰਘ, ਉਹਦੇ ਘਰ ਵਾਲੀ ਰਾਮ ਕੌਰ, ਦੋਵੇਂ ਕੁੜੀਆਂ ਤੇ ਛੋਟਾ ਮੁੰਡਾ ਮਾਂ ਪੁੱਤਰ ਦੀ ਲੋਥ ਉਦਾਲੇ ਘੇਰਾ ਘੱਤੀ ਰੋ ਰਹੇ ਸਨ ।
ਪਿੰਡ ਅਮਰ ਸਿੱਧੂ ਦੇ ਰਹਿਣ ਵਾਲਾ ਅਮਲੀ ਚੂਹੜ ਸਿੰਘ ਧਰਮ ਸਿੰਘ ਦਾ ਪੁਰਾਣਾ ਮਿੱਤਰ ਸੀ। ਨਾਨਕਿਆਂ ਵੱਲੋਂ ਦੋਹਾਂ ਦੀ ਕੁਛ ਅਗਲੀ ਸੰਗਲੀ ਵੀ ਰਲਦੀ ਸੀ। ਦੋਹਾਂ ਦਾ ਇਕ ਦੂਜੇ ਦੇ ਘਰ ਆਉਣ ਜਾਣ ਸੀ। ਪਿਆਰੇ ਨੂੰ ਚੰਦਾ ਸਿੰਘ ਦੀ ਲੜਕੀ ਦਾ ਰਿਸ਼ਤਾ ਵੀ ਅਮਲੀ ਨੇ ਹੀ ਕਰਵਾਇਆ ਸੀ। ਦੋਵੇਂ ਘਰ ਇੱਕੇ ਪੱਧਰ ਦੇ ਭਲੇਮਾਣਸ ਸਨ। ਅਮਲੀ ਦੀ ਚੋਣ ਹਰ ਪੱਖ ਤੋਂ ਸਲਾਹੁਣ ਯੋਗ ਸੀ। ਪਿਆਰੇ ਵਾਂਗ ਹੀ ਉਸ ਦੀ ਮੰਗੇਤਰ ਜਸਬੀਰ ਵੀ ਰੱਜਵੀਂ ਸੋਹਣੀ ਸੀ। ਇਕੋ ਜਿਹੀ ਜੋੜੀ ਹਾਣ ਪਰਵਾਣ।
ਅਮਰ ਸਿੱਧੂ ਜਾਣ ਆਉਣ ਕਰਕੇ ਧਰਮ ਸਿੰਘ ਤੇ ਚੰਦਾ ਸਿੰਘ ਦਾ ਮੇਲ ਮਿਲਾਪ ਅੱਗੇ ਕਈ ਵਾਰ ਹੋ ਚੁੱਕਾ ਸੀ, ਪਰ ਦਲੀਪ ਕੌਰ ਨੇ ਅੱਜ ਪਹਿਲੇ ਦਿਨ ਹੀ ਸੰਬੰਧੀਆਂ ਦੇ ਮੱਥੇ ਲੱਗਣਾ ਸੀ। ਉਹ ਦਿਲ ਵਿੱਚ ਸੋਚਦੀ ਜਾ ਰਹੀ ਸੀ, "ਹੇ ਰੱਬਾ ਸੱਚਿਆ! ਐਨੇ ਨਿਗਦੇ ਸੰਬੰਧੀਆਂ ਦਾ ਮੇਲ ਕੇਹੋ ਜੇਹੇ ਸਮੇਂ ਕਰਾਇਆ ਈ। ਕਿਤੇ ਘਰੀਂ ਵਸਦੇ ਸ਼ਗਨਾਂ ਨਾਲ ਮਿਲਦੇ। ਮੈਂ ਪੁੱਤਰ ਦੇ ਮੁਕਲਾਵੇ ਨੂੰ ਮਿਲਨੀ ਕਰਨ ਜਾਂਦੀ। ਸ਼ਗਨਾਂ ਸਾਂਰਥਾਂ ਨਾਲ ਕੁੜਮਣੀ ਨੂੰ ਮਿਲਦੀ। ਚਾਵਾਂ ਦੇ ਗੀਤ, ਸਿੱਠਣੀਆਂ ਟੱਪੇ ਕੰਨੀਂ ਪੈਂਦੇ ਤੇ ਹੁਣ। ਘਰੋਂ ਘਾਟੋਂ ਉਜੜੇ ਹੋਏ, ਬਿਗਾਨੀ ਜੂਹ, ਨਾ ਓੜੂ ਨਾ ਬਹੋੜੂ, ਨਾ ਕੋਈ ਦੁੱਖ ਦਰਦ ਦਾ ਸਾਂਝੀ। ਵਿਚਾਰਿਆਂ ਨਾਲ ਜੁਗੋਂ ਬਾਹਰੀ ਹੋਈ। ਐਹੋ ਜੇਹੀ ਤਾਂ ਰੱਬ ਕਿਸੇ ਨਾਲ ਨਾ ਕਰੇ।"
"ਅਹੁ ਟਾਹਲੀ ਦੇ ਮੁੱਢ ਨਾਲ ਬੈਠੇ, ਵਿਚਾਰੇ ਕਰਮਾਂ ਮਾਰੇ ਰੋ ਰਹੇ ਨੇ।" ਅਮਲੀ ਨੇ ਹੱਥ ਦਾ ਇਸ਼ਾਰਾ ਕਰਕੇ ਕਿਹਾ। "ਬਹੁਤ ਬੁਰੀ ਹੋਈ ਵਿਚਾਰਿਆਂ ਨਾਲ।"
"ਬੁਰੀ ਵਰਗੀ ਬੁਰੀ ? ਰੱਬ ਦੁਸ਼ਮਣ ਨਾਲ ਵੀ ਐਹੋ ਜੇਹੀ ਨਾ ਕਰੇ।" ਦਲੀਪ ਕੌਰ ਦੀ ਅਵਾਜ਼ ਪੂਰੀ ਤਰ੍ਹਾਂ ਗ਼ਮ ਵਿੱਚ ਡੁੱਬੀ ਹੋਈ ਸੀ। "ਪਿਆਰਿਆ, ਤੂੰ ਪੁੱਤ ਐਥੇ ਈ ਬਹਿ ਜਾਹ। ਕੱਚੇ ਕੁਆਰੇ ਸਾਕਾਂ ਦੇ ਮੱਥੇ ਏਸੋ ਤਰ੍ਹਾਂ ਕਾਹਨੂੰ ਲੱਗਣਾ ਏਂ।"
"ਦਲੀਪ ਕੁਰੇ। ਘਰਾਂ ਤੋਂ ਈ ਉਜੜ ਗਏ ਆਂ ਤਾਂ ਸਗਨਾਂ ਤੇ ਵਿਚਾਰਾਂ ਕਾਹਦੀਆਂ ਰਹਿ ਗਈਆਂ। ਅੱਗੇ ਜਿਵੇਂ ਤੇਰੀ ਮਰਜ਼ੀ। ਬਹਿ ਜਾ ਭਈ ਮੁੰਡਿਆ ਤੂੰ ਏਥੇ ਈ।" ਅਮਲੀ ਵੀ ਦਲੀਪ ਕੌਰ ਦੀ ਰਾਏ ਨਾਲ ਸਹਿਮਤ ਹੋ ਗਿਆ।
ਪੰਜ-ਸੱਤ ਮਿੰਟ ਪਿਆਰਾ ਉਦਾਸੇ ਹੋਏ ਰਾਹੀ ਵਾਂਗ ਓਥੇ ਹੀ ਖਲਾ ਰਿਹਾ।
ਉਹਦੀ ਨਿਗ੍ਹਾ ਬੇਧਿਆਨ ਹੀ ਚੰਦਾ ਸਿੰਘ ਦੇ ਪਰਵਾਰ ਤੇ ਟਿਕੀ ਹੋਈ ਸੀ। ਸਭ ਤੋਂ ਛੋਟੀ ਉਮਰ ਦੀ ਚੀਕਾਂ ਮਾਰ ਰਹੀ ਕੁੜੀ ਉਹਦੀ ਨਜ਼ਰ ਦਾ ਨਿਸ਼ਾਨਾ ਬਣੀ ਹੋਈ ਸੀ। ਦੂਜੀਆਂ ਦੋਵੇਂ ਰੋਣ ਵਾਲੀਆਂ ਬਾਂਹੀਂ ਚੁੱਕ-ਚੁੱਕ ਕੇ ਵੈਣ ਪਾ ਰਹੀਆਂ ਸਨ। 'ਓਹਾ ਈ ਏ ਮੇਰੀ ਨੂਰਾਂ । ਪਿਆਰੇ ਦੇ ਅਚੇਤ ਮਨ ਵਿੱਚੋਂ ਵਾਜ ਗੂੰਜੀ। 'ਨੂਰਾਂ ਉਹ-ਹੋ। ਕੱਚੀਆਂ ਟੁੱਟ ਗਈਆਂ। ਠੀਕ ਆਹੁੰਦੇ ਨੇ: ਆਸ਼ਕ ਤੇ ਮਾਸ਼ੂਕ ਦੀ ਜੱਟਾ ਮਿਰਜ਼ਿਆ। ਦੁਨੀਆਂ ਨਾਲ ਅਜੋੜ। ਇਹ ਚੰਦਰੇ ਲੋਕ ਜਹਾਨ ਦੇ, ਨਿਭਣ ਨਾ ਦਿੰਦੇ ਤੋੜ। ਉਹ। ਨਾ ਹੀ ਨਿਭੀ ਸਾਡੀ ਵੀ। ਹੁਣ ਮੇਲੇ ਕਿੱਥੇ ਹੋਣੇ ਨੇ। ਲੰਮਾ ਸਾਰਾ ਹਉਕਾ ਲੈ ਕੇ ਪਿਆਰਾ ਇਕ ਕਿੱਕਰ ਨਾਲ ਢੋਹ ਲਾ ਕੇ ਗਿੱਲੀ ਧਰਤੀ 'ਤੇ ਬਹਿ ਗਿਆ।
"ਚੰਦਾ ਸਿਹਾਂ।" ਅਮਲੀ ਨੇ ਨੇੜੇ ਜਾ ਕੇ ਕਿਹਾ, "ਧਰਮ ਸੁੰਹ ਤੇ ਦਲੀਪ ਕੌਰ ਆਏ ਨੇ। ਭਲਾ ਸੱਜਣ ਮਿੱਤਰ ਦਾ ਦੁੱਖ ਸੁਣ ਕੇ ਰਿਹਾ ਜਾਂਦਾ ਏ ? ਉਂਞ ਇਹਨਾਂ ਵਿਚਾਰਿਆਂ ਨਾਲ ਵੀ ਬੁਰੀ ਹੋਈ ਏ। ਛੋਟਾ ਮੁੰਡਾ ਓਧਰ ਈ ਰਹਿ ਗਿਆ ਏ। ਪਤਾ ਨਹੀਂ ਓਸ ਵਿਚਾਰੇ ਨਾਲ ਕੀ ਬੀਤੀ ਹੋਵੇਗੀ।" ਅਮਲੀ ਨੇ ਇਕੋ ਸਾਹੇ ਸਭ ਦੱਸ ਦਿੱਤਾ।
"ਭਾਈਆ ਜੀ। ਕੀ ਆਖੀਏ। ਤੁਹਾਡੇ ਨਾਲ ਤਾਂ ਜਿਵੇਂ ਆਹੰਦੇ ਨੇ, ਰੱਬ ਉੱਤਰ ਕੇ ਲੜਿਆ। ਪੁੱਤਰ, ਨੌਂਹ, ਪੋਤਰਾ ਤਿੰਨ ਦਿਨਾਂ ਵਿੱਚ ਤਿੰਨ ਜੀਅ, ਤੁਰ ਗਏ।" ਧਰਮ ਸਿੰਘ ਨੇ ਚੰਦਾ ਸਿੰਘ ਦੇ ਕੋਲ ਬਹਿੰਦਿਆਂ ਹਮਦਰਦੀ ਨਾਲ ਕਿਹਾ।
"ਉਹਦਾ ਭਾਣਾ, ਭਾਈਆ ਜੀ! ਏਥੇ ਕਿਸੇ ਦੀ ਪੇਸ਼ ਜਾਂਦੀ ਏ ਕੋਈ ? ਆਪਣੇ ਵੱਲੇ ਈ ਵੇਖ ਲੋ ਖਾਂ। ਆਪਣੇ ਤਾਂ ਦੋਹਾਂ ਘਰਾਂ ਨਾਲ ਓੜਕ ਹੋਈ।" ਚੰਦਾ ਸਿੰਘ ਨੇ ਪੱਲੇ ਨਾਲ ਅੱਖਾਂ ਪੂੰਝਦਿਆਂ ਕਿਹਾ।
"ਸਾਨੂੰ ਮਾੜਿਆਂ-ਮਾੜਿਆਂ ਨੂੰ ਈ ਮੌਤ ਨੇ ਵੇਖ ਲਿਆ। ਕੀ ਕਰੇਗੀ ਹੁਣ ਮੇਰੀ ਜਸਬੀਰ ਦੀ ਮਾਂ। ਪੁੱਤਾਂ ਬਿਨਾਂ ਮਾਵਾਂ ਦਾ ਜਿਉਣਾ ਔਖਾ।" ਦਲੀਪ ਕੌਰ ਕੁੜਮਣੀ ਦੇ ਗਲ ਲੱਗ ਕੇ ਰੋਣ ਲੱਗ ਪਈ। ਦੋਹਾਂ ਦੁਖੀ ਮਾਵਾਂ ਦੇ ਵੈਣ ਸੁਣ ਕੇ ਧਰਤੀ ਦੀ ਛਾਤੀ ਪਾਟ ਰਹੀ ਸੀ।
ਸੱਸ ਸੁਹਰੇ ਦਾ ਆਉਣਾ ਸੁਣ ਕੇ ਜਸਬੀਰ ਚੁੰਨੀ ਦਾ ਪੱਲਾ ਧੁੰਨੀ ਤਕ ਨੀਵਾਂ ਕਰਕੇ ਓਥੇ ਹੀ ਸੁੰਗੜ ਗਈ। ਹੋਰ ਵਿਚਾਰੀ ਕਿੱਥੇ ਲੁਕ ਜਾਂਦੀ। ਉਹਨਾਂ ਦੇ ਘਰ ਕਦੇ ਧਰਮ ਸਿੰਘ ਜਾਂਦਾ ਸੀ ਤਾਂ ਜਸਬੀਰ ਓਨਾ ਚਿਰ ਅਗਲੇ ਅੰਦਰ ਲੁਕੀ ਰਹਿੰਦੀ ਜਿੰਨਾ ਚਿਰ ਧਰਮ ਸਿੰਘ ਵਿਦਿਆ ਨਾ ਹੋ ਜਾਂਦਾ।
ਮੁਸੀਬਤ ਦੇ ਮਾਰਿਆਂ ਨੂੰ ਰੱਜ ਕੇ ਰੋਣ ਦਾ ਸਮਾਂ ਵੀ ਨਹੀਂ ਮਿਲਦਾ। ਛੇਤੀ ਹੀ ਉਹਨਾਂ ਨੂੰ ਵਿਹਾਰੀ ਸੋਚਾਂ ਨੇ ਘੇਰ ਲਿਆ।
"ਚੰਦਾ ਸਿਹਾਂ। ਮੈਂ ਫਿਰ ਏਥੋਂ ਪਤਾ ਸੁਰ ਕਰਦਾਂ ਕੁਛ। ਹੁਣ ਤਾਂ ਏਸ ਮਿੱਟੀ ਨੂੰ ਬਿਲੇ ਲੈਣਾ ਈ ਧਰਮ ਏਂ। ਉਹ ਹੋ! ਭੌਰ ਉਡ ਗਿਆ ਤੇ ਰਹਿ ਗਈ, ਮਿੱਟੀ ਦੀ ਢੇਰੀ।" ਅਮਲੀ ਨੇ ਅਫ਼ਸੋਸ ਵਿੱਚ ਸਿਰ ਧੁਣਦਿਆਂ ਕਿਹਾ।
"ਹਾਂ, ਕਰੋ ਪਤਾ ਕਿਤੋਂ ਕੁਝ ਬਾਲਣ ਲੱਕੜ ਲੱਭ ਜਾਏ ਤਾਂ ਚੰਦਾ ਸਿੰਘ ਨੇ ਅਮਲੀ ਵੱਲ ਤੱਕਦਿਆਂ ਕਿਹਾ। ਬੁੱਢੇ ਕਾਮੇ ਦਾ ਇਹਨਾਂ ਸੱਟਾਂ ਨਾਲ ਲੱਕ ਟੁੱਟ ਗਿਆ ਸੀ।
ਅਮਲੀ ਚਲਾ ਗਿਆ। ਦਲੀਪ ਕੌਰ ਤੇ ਰਾਮ ਕੌਰ ਮੂੰਹਾਂ ਤੋਂ ਪੱਲੇ ਜ਼ਰਾ ਉੱਚੇ ਕਰਕੇ ਵਿਹਾਰੀ ਗੱਲਾਂ ਕਰਨ ਲੱਗ ਪਈਆਂ। ਦੋਹਾਂ ਦੇ ਅੰਦਰ ਅਸਹਿ ਦੁੱਖ ਸੀ ਕਿ ਪਹਿਲੀ ਮਿਲਨੀ ਉਹਨਾਂ ਦੀ ਕੇਹੋ ਜੇਹੇ ਸਮੇਂ ਹੋਈ ਤੇ ਕਿੱਥੇ ਉਹਨਾਂ ਪਹਿਲੀ ਵਾਰ ਸਗਨਾਂ ਨਾਲ ਇਕ ਦੂਜੀ ਦੇ ਮੱਥੇ ਲੱਗਣਾ ਸੀ ਤੇ ਕਿੱਥੇ ਅੱਜ ਬਦਨਸੀਬ ਮੁਟਿਆਰ ਦੇ ਸੱਖਰ 'ਤੇ ਦੋਵੇਂ ਇਕ ਦੂਜੀ ਦੇ ਗੱਲ ਲੱਗੀਆਂ ਦੋਹਾਂ ਨੇ ਆਪਣੇ ਨਾਲ ਹੋਈ ਬੀਤੀ ਸੁਣਾਈ। ਵਿੱਚ-ਵਿੱਚ ਰਾਮ ਕੌਰ ਦੀ ਵੱਡੀ ਧੀ ਵੀ ਗੱਲਾਂ ਦਾ ਹੁੰਗਾਰਾ ਭਰ ਰਹੀ ਸੀ। ਉਹਨੇ ਗੱਲ ਕੱਥ ਨੂੰ ਨਵਾਂ ਮੋੜ ਦਿੰਦਿਆਂ ਕਿਹਾ "ਮਾਸੀ ਜੀ। ਮੋਇਆ ਨਾਲ ਕਿਸੇ ਤੋਂ ਮਰਿਆ ਨਹੀਂ ਜਾਂਦਾ। ਨਹੀਂ ਤਾਂ ਹੱਜ ਕੋਈ ਨਹੀਂ ਹੁੰਦਾ ਪਿੱਛੋਂ ਜਿਉਣ ਦਾ। ਏਸ ਵਿਚਾਰੀ ਦੇ ਏਸ ਹਾਲ ਮਰਨ ਦਾ ਬੜਾ ਦੁੱਖ ਏ, ਪਰ ਜੇ ਮੈਂ ਆਪਣੇ ਵੱਲੇ ਵੇਖ ਕੇ ਸੋਚਦੀ ਆਂ ਤਾਂ ਆਹਨੀ ਆਂ; ਚੰਗਾ ਹੋਇਆ। ਆਦਮੀ ਪਿੱਛੋਂ-ਦੁਹਾਈ ਰੱਬ ਦੀ-ਜਨਾਨੀ ਦਾ ਕੋਈ ਨਹੀਂ ਜੇ।"
"ਸੱਚ ਆਹਨੀ ਏਂ, ਧੀਏ। ਜਨਾਨੀ ਮਰ ਜਾਏ, ਪਰ ਉਹਦਾ ਸੁਹਾਗ ਨਾ ਖੋਹੇ ਰੱਬ।" ਦਲੀਪ ਕੌਰ ਨੇ ਕੁੜਮੇਟੀ ਦੀ ਗੱਲ ਦੀ ਪਰੋੜ੍ਹਤਾ ਕਰਦਿਆਂ ਕਿਹਾ।
ਫੇਰ ਪੰਜ-ਮਿੰਟ ਏਸੇ ਵਿਸ਼ੇ 'ਤੇ ਗੱਲਾਂ ਹੁੰਦੀਆਂ ਰਹੀਆਂ।
"ਤੇ ਹੁਣ ਤਾਂ ਮਾਸੀ ਜੀ। ਸਾਨੂੰ ਅਗਾਂ ਦਾ ਫ਼ਿਕਰ ਬਣਿਆ ਹੋਇਆ ਏ। ਤੁਸੀਂ ਤਾਂ ਜੋ ਛਿੱਛ ਪੱਤ ਘਰੋਂ ਕੱਢਿਆ ਸੀ ਰਾਹ ਵਿੱਚ ਲੁਟਾ ਆਏ ਓ ਤੇ ਸਾਨੂੰ ਘਰੋਂ ਈ ਕੁਛ ਸੂਈ ਜਿੰਨਾ ਵੀ ਚੁੱਕਣ ਦਾ ਹੁਕਮ ਨਹੀਂ ਹੋਇਆ। ਸਿਰਫ਼ ਜਾਨਾਂ ਲੈ ਕੇ ਨਿਕਲੇ ਸਾਂ। ਇਕ ਓਥੇ ਈ ਪਿੰਡ ਨਿਕਲਦਿਆਂ ਦੇ ਬੈਠੇ ਤੇ ਦੋ ਏਥੇ ਆ ਕੇ ਤੋਰ ਦਿੱਤੀਆਂ ਨੇ।"
"ਧੀਏ। ਸਾਡੇ ਦੋਹਾਂ ਘਰਾਂ ਨਾਲ ਤਾਂ ਜੁੱਗੋਂ ਬਾਹਰੀ ਹੋਈ।"
"ਹੁਣ ਸਾਡੀ ਅਰਜ਼ ਏ ਤੁਹਾਡੇ ਅੱਗੇ। ਜ਼ੋਰ ਤਾਂ ਕੋਈ ਨਹੀਂ ਤੇ ਮੰਨੋ ਤਾਂ ਜ਼ੋਰ ਹੈ ਵੀ।"
"ਇਉਂ ਨਾ ਆਖ, ਬੀਬੀ ਰਾਣੀ। ਤੁਹਾਡਾ ਜ਼ੋਰ ਨਹੀਂ, ਤਾਂ ਹੋਰ ਕੀਹਦਾ ਹੋਵੇਗਾ। ਘਰਾਂ ਤੋਂ ਉਜੜ ਗਏ ਆਂ ਕਿਤੇ ਦਿਲ ਤਾਂ ਨਹੀਂ ਬਦਲ ਗਏ।"
"ਵੇਖ ਲਵੋ, ਇਹਨਾਂ ਵਿਚਾਰਿਆਂ ਵਿੱਚ ਕੋਈ ਤਾਣ ਨਹੀਂ ਰਹਿ ਗਿਆ। ਚਾਚੇ ਨੂੰ ਬੁੱਢੇ ਵਾਰੇ ਦੀ ਮੌਤ ਨੇ ਕਾਸੇ ਜੋਗਾ ਨਹੀਂ ਛੱਡਿਆ ਤੇ ਆਹ ਛੋਹਾ ਭਰ ਜੁਆਕ ਕੀ ਕਰ ਲਵੇਗਾ। ਇਕ ਮੈਂ ਨਥਾਵੀਂ ਇਹਨਾਂ ਨੂੰ ਪਾਪ ਚੰਬੜੀ ਹੋਈ ਆਂ।
ਤੇ...।"
"ਇਉਂ ਨਾ ਆਖ ਧੀਏ! ਮੇਰਾ ਕਾਲਜਾ ਪਾਟਦਾ ਏ। ਕੀ ਸਾਨੂੰ ਤੁਹਾਡਾ ਦੁੱਖ ਨਹੀਂ ?"
"ਦੁੱਖ ਵੀ ਮਾਸੀ ਜੀ। ਕਿਸੇ ਆਪਣੇ ਕੋਲ ਈ ਫੋਲਿਆ ਜਾਂਦਾ ਏ ਨਾ! ਸੋ ਸਾਡੀ ਤਾਂ ਜਿਵੇਂ ਨਿਭੇਗੀ, ਜੂਨ ਪੂਰੀ ਕਰਾਂਗੇ ਈ। ਤੁਸੀਂ ਆਪਣੀ ਅਮਾਨਤ ਨਾਲ ਲੈ ਜਾਓ। ਵਿਚਾਰੀ ਜਸਬੀਰ ਤਾਂ ਸਾਡੇ ਨਾਲ ਧੱਕੇ ਨਾ ਖਾਂਦੀ ਫਿਰੇ ?"
"ਜਿਵੇਂ ਤੁਸੀਂ ਹੁਕਮ ਕਰੋ, ਸਾਡੀ ਤੁਹਾਡੇ ਅੱਗੇ ਨਾਬਰੀ ਕੋਈ ਨਹੀਂ, ਪਰ ਐਹੋ ਜੇਹੀ ਹਾਲਤ ਵਿੱਚ ਮੈਂ ਕਿਵੇਂ ਇਹਦੇ ਸਗਨ ਮਨਾਵਾਂਗੀ ਤੇ ਕਾਹਦੇ ਨਾਲ ਚੱ ਪੂਰੇ ਕਰਾਂਗੀ। ਮੇਰੀ ਫੁੱਲਾਂ ਨਾਲ ਤੁਲਣ ਵਾਲੀ ਧੀ। ਰੱਬ ਉਜਾੜੇ ਨਾ ਪੈਂਦਾ ਤਾਂ ਮੈਂ ਇਹਨੂੰ ਪੱਟ ਵਿੱਚ ਵਲ੍ਹੇਟ ਕੇ ਲਜਾਂਦੀ।" ਦਲੀਪ ਕੌਰ ਨੇ ਜ਼ਰਾ ਅਗਾਂ ਨੂੰ ਖਿਸਕ ਕੇ ਨੀਂਹ ਨੂੰ ਬਾਹੀਂ ਵਿੱਚ ਲੈ ਲਿਆ।
ਸਾਹ ਸੱਤ ਹੀਣ ਹੋਈ ਜਸਬੀਰ ਸੱਸ ਦੀ ਗੋਦੀ ਵਿੱਚ ਉੱਲਰ ਗਈ। ਉਹ ਵੀ ਸਮਝਦੀ ਸੀ ਕਿ ਉਹਨਾਂ ਬਿਨਾਂ ਉਸ ਵੇਲੇ ਉਹਦਾ ਕੋਈ ਨਹੀਂ ਸੀ।
"ਵੇਖੋ ਨਾ! ਮੇਰੀ ਗੱਲ ਨੂੰ ਐਵੇਂ ਮੂੰਹ ਰਖਣੀ ਨਾ ਸਮਝਿਉ। ਚੰਗਾ ਹੋਇਆ ਤੁਸੀਂ ਮਿਲ ਪਏ। ਅਸੀਂ ਕੱਲ੍ਹ ਦੇ ਏਹਾ ਸੋਚ ਰਹੇ ਆਂ। ਤੁਸੀਂ ਆਪਣੀ ਚੀਜ਼ ਸੰਭਾਲ ਲਓ। ਸਾਡੇ ਵਿੱਚ ਹੁਣ ਕੋਈ ਤਾਣ ਨਹੀਂ ਜੇ। ਬੱਸ ਵਾਹਿਗੁਰੂ ਨੇ ਇੱਜ਼ਤ ਬਚਾ ਕੇ ਲੈ ਆਂਦੀ ਏ ਤੇ ਅਗ੍ਹਾਂ ਤੁਸੀਂ ਆਪਣੀ ਆਪ ਸੰਭਾਲ ਲਓ।"
"ਜਿਵੇਂ ਆਖੋ। ਸਾਰਿਆਂ ਦੀ ਸਲਾਹ ਨਾਲ ਈ ਏ ਨਾ।" ਗੱਲ ਜ਼ਰਾ ਗੰਭੀਰ ਹੋ ਗਈ ਤਾਂ ਦਲੀਪ ਕੌਰ ਨੇ ਦੂਜੇ ਜੀਆਂ ਦੀ ਸਲਾਹ ਲੈਣੀ ਵੀ ਜ਼ਰੂਰੀ ਸਮਝੀ।
"ਚੰਦਾ ਸਿਹਾਂ! ਕੋਈ ਚਾਰਾ ਨਹੀਂ ਚਲਦਾ ਦੀਹਦਾ।" ਅਮਲੀ ਨੇ ਕੋਲ ਆ ਕੇ ਮੋਢੇ ਉੱਤੋਂ ਕਹੀ ਲਾਹ ਕੇ ਭੋਇ 'ਤੇ ਰਖਦਿਆਂ ਕਿਹਾ। "ਸਾਰਾ ਜ਼ੋਰ ਲਾ ਥੱਕਿਆਂ, ਪਰ ਲੱਕੜ ਬਾਲਣ ਦਾ ਪਰਬੰਧ ਨਹੀਂ ਜੇ ਬਣਦਾ। ਇਹ ਸੋਚ ਕੇ ਕਹੀ ਲੈ ਆਇਆਂ। ਭਲਾ ਹੋਵੇ ਓਸ ਵਿਚਾਰੇ ਦਾ ਜਿੰਨੇ ਸਾਡੇ 'ਤੇ ਏਨਾ ਵੀ ਇਤਬਾਰ ਕਰ ਲਿਆ। ਸੜਕੋਂ ਪਾਸੇ ਟੋਆ ਕੱਢ ਕੇ ਮਿੱਟੀ-ਮਿੱਟੀ ਦੇ ਹਵਾਲੇ ਕਰ ਦੇਈਏ। ਹੋਰ ਕੁਝ ਨਹੀਂ ਜੇ ਸੁਝਦਾ।"
"ਉਹਦਾ ਭਾਣਾ ਮੰਨਣ ਬਿਨਾਂ ਹੋਰ ਕੀ ਚਾਰਾ ਏ। ਕਰੋ, ਜੋ ਕੁਝ ਹੁੰਦਾ ਏ। ਵਿਚਾਰੀ ਕਾਂਵਾਂ ਕੁੱਤਿਆਂ ਜੋਗੀ ਤਾਂ ਨਾ ਰੁਲਦੀ ਰਹੇ।" ਲੰਮਾ ਸਾਰਾ ਹਉਕਾ ਭਰ
ਕੇ ਚੰਦਾ ਸਿੰਘ ਨੇ ਆਗਿਆ ਦੇ ਦਿੱਤੀ। ਉਹਨਾਂ ਕੋਲ ਉਸ ਵੇਲੇ ਕਫਨ ਤੇ ਲਕੜਾਂ ਜੋਗੇ ਪੈਸੇ ਵੀ ਕਿਥੇ ਹਨ। ਸੌਂਹ ਖਾਣ ਨੂੰ ਇਕ ਤਾਂਬੇ ਦਾ ਸਿੱਕਾ ਵੀ ਨਹੀਂ ਸੀ।
"ਆਖੋ, ਤਾਂ ਮੈਂ ਪਿਆਰੇ ਨੂੰ ਵੀ ਵਾਜ ਮਾਰ ਲਿਆਵਾਂ ? ਹੁਣ ਕੀਹਦੀ ਸੰਗ ਸੰਗੀ ਰਹਿ ਗਈ ਏ। ਮੇਰੇ ਆਖੇ ਲੱਗਾ ਤਾਂ ਪਰ੍ਹਾਂ ਕੁੜੀ ਵੀ ਇਹਨਾਂ ਦੇ ਹਵਾਲੇ ਕਰੋ। ਇਹਨਾਂ ਦੀ ਅਮਾਨਤ ਏ, ਸੰਭਾਲ ਲੈਣ।" ਅਮਲੀ ਨੇ ਝਿਜਕਦਿਆਂ-ਝਿਜਕਦਿਆਂ ਕਿਹਾ।
"ਤੇਰੇ ਔਣ ਤੋਂ ਅੱਗੇ ਅਸੀਂ ਵੀ ਏਹਾ ਸਲਾਹ ਕਰ ਰਹੇ ਸਾਂ। ਅੱਗੇ ਹੁਣ ਸਰਦਾਰ ਹੁਰਾਂ ਦੇ ਵੱਸ ਏ ਨਾ। ਸੱਦ ਲਿਆ ਪਿਆਰੇ ਨੂੰ। ਮੇਰੇ 'ਚ ਤਾਂ ਅਮਲੀਆ! ਕੋਈ ਤਾਣ ਨਹੀਂ ਜੇ ਰਹਿ ਗਿਆ।" ਸੱਚ ਹੀ ਚੰਦਾ ਸਿੰਘ ਵਿੱਚ ਕੋਈ ਤਾਣ ਨਹੀਂ ਸੀ ਰਹਿ ਗਿਆ।
ਅਮਲੀ ਜਾ ਕੇ ਪਿਆਰੇ ਨੂੰ ਸੱਦ ਲਿਆਇਆ। ਅਮਲੀ ਦੀ ਸਿੱਖਿਆ ਅਨੁਸਾਰ ਪਿਆਰੇ ਨੇ ਨਿਉਂ ਕੇ ਸੱਸ ਸਹੁਰੇ ਦੇ ਪੈਰੀਂ ਹੱਥ ਲਾਏ। ਰਾਮ ਕੌਰ ਨੇ ਜਵਾਈ ਨੂੰ ਹਿੱਕ ਨਾਲ ਘੁੱਟ ਲਿਆ। ਉਹਦੀਆਂ ਅੱਖਾਂ ਦੇ ਸੋਮੇਂ ਇਕ ਵਾਰ ਫਿਰ ਆਪ ਮੁਹਾਰੇ ਵਹਿ ਤੁਰੇ।
ਸੜਕ ਦੇ ਖਤਾਨਾਂ ਵਿੱਚ ਉੱਗੇ ਹੋਏ ਬੂਝਿਆਂ ਦੇ ਅੜਤਲੇ ਪਿਆਰੇ ਨੇ ਲੱਕ ਜਿੱਡਾ ਡੂੰਘਾ ਟੋਆ ਪੁੱਟਿਆ। ਪਿਆਰੇ ਤੇ ਅਮਲੀ ਨੇ ਮਰਨ ਵਾਲੀ ਨੂੰ ਉਦਾਲੇ ਦੇ ਲੀੜਿਆਂ ਵਿੱਚ ਲਪੇਟ ਕੇ ਟੋਏ ਵਿੱਚ ਲਿਟਾ ਦਿੱਤਾ। ਮਾਂ ਦੀ ਹਿੱਕ ਉੱਤੇ ਨਵ ਜਨਮੇ ਬੱਚੇ ਨੂੰ ਪਾ ਕੇ ਉੱਤੇ ਮਿੱਟੀ ਪਾ ਦਿੱਤੀ ਗਈ।
"ਮੇਰੀਏ ਧੀਏ! ਅੰਤ ਦੀ ਵਾਰ ਵਾਸਤੇ ਸਾਥੋਂ ਚਾਰ ਲੱਕੜੀਆਂ ਵੀ ਨਾ ਸਰੀਆਂ।" ਰਾਮ ਕੌਰ ਨੇ ਨੋਂਹ ਦੀ ਕਬਰ ਉੱਤੇ ਆਖ਼ਰੀ ਧਾਹ ਮਾਰੀ।
"ਰਾਮ ਕੁਰੇ। ਸਬਰ ਕਰੋ ਹੁਣ। ਰੋਇਆਂ ਕਿਹੜਾ ਰੱਬ ਰੀਝਦਾ ਏ। ਹੁਣ ਤਾਂ ਅਗ੍ਹਾਂ ਬਾਰੇ ਸੋਚੋ।" ਵਰਤਮਾਨ ਮੁਸੀਬਤਾਂ ਵੱਲੋਂ ਹਟਾ ਕੇ, ਆਉਣ ਵਾਲੀਆਂ ਔਕੜਾਂ ਬਾਰੇ ਸੋਚਣ ਲਈ ਅਮਲੀ ਨੇ ਦੋਹਾਂ ਪਰਵਾਰਾਂ ਨੂੰ ਪ੍ਰੇਰਨ ਦਾ ਯਤਨ ਕੀਤਾ।
੧੩.
ਓਸੇ ਟਾਲੀ ਦੇ ਮੁੱਢ ਕੋਲ ਸਾਰੇ ਜੀ ਫੇਰ ਰਲ ਬੈਠੇ। ਚੰਦਾ ਸਿੰਘ ਦੀ ਵੱਡੀ ਲੜਕੀ ਨੇ ਹੀ ਗੱਲ ਹਿਲਾਈ। ਉਹ ਸਾਰਾ ਪਰਵਾਰ ਉਸੇ ਵੇਲੇ ਜਸਬੀਰ ਦੇ ਵਿਆਹ ਬਾਰੇ ਜ਼ੋਰ ਦੇਣ ਲੱਗੇ। ਧਰਮ ਸਿੰਘ ਹਰ ਗੱਲ ਦੇ ਉੱਤਰ ਵਿੱਚ 'ਸਤਿ
ਬਚਨ ਕਹਿ ਰਿਹਾ ਸੀ, ਪਰ ਦਲੀਪ ਕੌਰ ਦੀਆਂ ਗੱਲਾਂ ਵਿੱਚ ਕਾਫ਼ੀ ਝਿਜਕ ਸੀ।
"ਧਰਮ ਸਿਹਾਂ। ਉਤਾਂਹ ਉਠੋ ਤੁਸੀਂ ਤਿੰਨੇ ਜਾਣੇ। ਜ਼ਰਾ ਪਾਸੇ ਹੋ ਕੇ ਸਲਾਹ ਕਰਨੀ ਠੀਕ ਏ।" ਅਮਲੀ ਉਹਨਾਂ ਤਿੰਨਾਂ ਨੂੰ ਇਕ ਪਾਸੇ ਲੈ ਗਿਆ।
"ਦਲੀਪ ਕੁਰੇ! ਹੁਣ ਦੱਸ। ਮੈਂ ਤੇਰੀ ਝਿਜਕ ਬਾਰੇ ਸਮਝਦਾਂ, ਪਰ ਹੋਰ ਕੋਈ ਚਾਰਾ ਵੀ ਨਹੀਂ। ਸਿਆਣਿਆਂ ਆਖਿਆ ਏ ਲੰਘ ਗਏ ਸਮੇਂ ਨੂੰ ਘੋੜੇ ਨਹੀਂ ਮਿਲਿਆ ਕਰਦੇ। ਫੇਰ ਇਹ ਵੇਲਾ ਹੱਥ ਨਹੀਂ ਜੇ ਔਣਾ। ਹੁਣ ਨੱਕ ਮੂੰਹ ਵਟਦੀ ਏਂ ਪਈ ਪਿੱਛੋਂ ਮੈਨੂੰ ਨਾ ਉਲਾਹਮਾ ਦੇਈਂ ਕਿ ਅਮਲੀ ਦਾ ਕਰਾਇਆ ਸਾਕ ਨੇਪਰੇ ਨਹੀਂ ਚੜ੍ਹਿਆ ਤੇ ਜੇ ਭਈ, ਕਿਸੇ ਚੰਗੇ ਘਰ ਦੀ ਝਾਕ ਏ, ਤਾਂ ਤੂੰ ਜਾਣ।" ਆਖ਼ਰੀ ਗੱਲ ਅਮਲੀ ਨੇ ਕੁਛ ਮਰੋੜੀ ਨਾਲ ਕਹੀ।
"ਵਾ-ਗੁਰੂ, ਭਈ। ਇਹ ਗੱਲ ਤੂੰ ਕੀ ਆਖੀ। ਦਲੀਪ ਕੌਰ ਨੂੰ ਤੂੰ ਥੁੱਕ ਕੇ ਚੱਟਣ ਵਾਲੀ ਸਮਝਿਆ ਏ ? ਝਿਜਕਦੀ ਤਾਂ ਆਪਣੀ ਕਮਜ਼ੋਰੀ ਤੋਂ ਆਂ। ਐਸ ਵੇਲੇ ਮੈਂ ਚੰਦ ਵਰਗੀ ਰਾਣੀ ਨੀਂਹ ਨੂੰ ਬਹਾਵਾਂਗੀ ਕਿੱਥੇ ?"
"ਹੁਣ ਉਹ ਮਹਿਲਾਂ ਵਿੱਚ ਬੈਠੀ ਏ ? ਵਖਤ ਤਾਂ ਪੈ ਗਿਆ, ਜਿਸ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ। ਗੁਰਦੁਆਰੇ ਚੱਲ ਕੇ ਚਾਰ ਲਾਵਾਂ ਪੜ੍ਹਾਓ ਤੇ ਕੁੜੀ ਨੂੰ ਨਾਲ ਲੈ ਜਾਓ। ਐਹੋ ਜੇਹੀ ਸੁਨੱਖੀ ਤੇ ਸੁਚੱਜੀ ਕੁੜੀ ਹੋਰ ਕੋਈ ਨਹੀਂ ਜੇ ਲਭੱਣੀ।"
"ਅਮਲੀਆ, ਇਹ ਤਾਂ ਗੱਲ ਈ ਨਾ ਖਾਂ ਕਰ ਤੂੰ। ਉਹ ਸਾਡੀ ਧੀ ਏ ਤੇ ਸਾਡੀ ਈ ਰਹੇਗੀ। ਜਿਵੇਂ ਤੇਰੀ ਮਰਜ਼ੀ ਏ, ਕਰ ਤੂੰ। ਸਾਨੂੰ ਤੁਹਾਡੀ ਸਲਾਹ ਪਰਵਾਨ ਏਂ। ਜਾਹ, ਉਹਨਾਂ ਨਾਲ ਸਲਾਹ ਕਰ ਜਾ ਕੇ।" ਧਰਮ ਸਿੰਘ ਨੇ ਫੈਸਲਾ ਦੇ ਦਿੱਤਾ।
"ਵੇਖਾਂ, ਇਹ ਮਰਦਾਂ ਵਾਲੀ ਗੱਲ ਹੋਈ ਨਾ! ਲਓ, ਮੈਂ ਹੁਣੇ ਆਇਆ।" ਬਾਕੀ ਤਿੰਨਾਂ ਨੂੰ ਓਥੇ ਖਲੇ ਛੱਡ ਕੇ ਅਮਲੀ ਤੁਰ ਪਿਆ।
"ਬਾਪੂ। ਮੇਰਾ ਇਰਾਦਾ ਏ, ਸਾਨੂੰ ਅਜੇ ਵਿਆਹ ਦੀ ਕਾਹਲੀ ਨਹੀਂ ਕਰਨੀ ਚਾਹੀਦੀ।" ਸਿੱਧਾ ਜਵਾਬ ਦੇਣ ਦੀ ਥਾਂ, ਪਿਆਰੇ ਨੇ ਵਲ-ਵਲਾ ਰੱਖ ਕੇ ਇਨਕਾਰ ਕਰਨ ਦਾ ਯਤਨ ਕੀਤਾ। ਉਸ ਵੇਲੇ ਉਹਦੀਆਂ ਅੱਖਾਂ ਅੱਗੇ ਨੂਰਾਂ ਦਾ ਚਿਹਰਾ ਘੁੰਮ ਰਿਹਾ ਸੀ।
"ਮੈਂ ਤੇਰੇ ਇਰਾਦੇ ਦੀ ਗੱਲ ਸਮਝਦਾ ਆਂ, ਪਰ ਹੋਰ ਕੋਈ ਚਾਰਾ ਵੀ ਨਹੀਂ। ਜ਼ਿੰਦਗੀ ਵਿੱਚ ਬਹੁਤਾ ਕੁਛ ਇਨਸਾਨ ਦੀ ਮਰਜ਼ੀ ਦੇ ਉਲਟ ਈ ਵਾਪਰਿਆ ਕਰਦਾ ਏ।" ਧਰਮ ਸਿੰਘ ਨੇ ਹੰਢੇ ਵਰਤੇ ਦਾਰਸ਼ਨਿਕਾਂ ਵਾਂਗ ਕਿਹਾ। "ਨਹੀਂ ਅਸੀਂ ਓਸ ਨਿਰਦੋਸ਼ ਕੰਨਿਆ ਦਾ ਨਿਰਾਦਰ ਨਹੀਂ ਕਰ ਸਕਦੇ। ਆਖ਼ਰ ਉਹਨੂੰ ਕਿਹੜੇ
ਪਾਪ ਦੀ ਸਜ਼ਾ ਦੇਈਏ ? ਉਹ ਸਾਡੀ ਏ। ਪੁਤ ਪਿਆਰਿਆ! ਉਹਨੂ ਇਸ ਵਲ ਠੁਕਰਾ ਦੇਣਾ ਸਭ ਤੋਂ ਵੱਡਾ ਪਾਪ ਹੋਵੇਗਾ। ਮਾਲਕ 'ਤੇ ਓਟ ਰੱਖ। ਜੋ ਕੁੱਛ ਹੋ ਰਿਹਾ ਏ, ਠੀਕ ਏ। ਹੋਰ ਕੋਈ ਰਸਤਾ ਨਹੀਂ।"
"ਮੈਂ ਤਾਂ ਸਿਰਫ਼ ਏਸ ਗੱਲੋਂ ਆਹੰਦੀ ਸਾਂ, ਕਿ ਐਸ ਹਾਲਤ ਵਿੱਚ ਉਸ ਵਿਚਾਰੀ ਦੇ ਸਗਨ ਅਸੀਂ ਕਿਵੇਂ ਮਨਾਵਾਂਗੇ। ਕਿਤੇ ਕੋਈ ਸਿਰ ਲਕੋਣ ਜੋਗਾ ਆਸਰਾ ਮਿਲ ਜਾਂਦਾ ਤਾਂ.....।"
"ਬੱਸ, ਹੁਣ ਏਸ ਗੱਲ ਨੂੰ ਨਾ ਉਥੱਲੋ। ਜੋ ਫੈਸਲਾ ਹੋ ਗਿਆ ਠੀਕ ਏ।" ਧਰਮ ਸਿੰਘ ਨੇ ਗੱਲ ਮੁਕਾ ਦਿੱਤੀ।
ਅਮਲੀ ਦੇ ਉੱਦਮ ਨਾਲ ਫ਼ੈਸਲਾ ਹੋ ਗਿਆ। ਦੋਵੇਂ ਪਰਵਾਰ ਰਲ ਕੇ ਭਿੱਖੀ ਵਿੰਡ, ਪਿੰਡ ਦੇ ਗੁਰਦੁਆਰੇ ਵਿੱਚ ਜਾ ਪੁੱਜੇ। ਅਮਲੀ ਕੋਲੋਂ ਸਾਰੀ ਗੱਲ ਸੁਣ ਕੇ ਗ੍ਰੰਥੀ ਨੇ ਅੰਦਰੋਂ ਪਤਾਸਿਆਂ ਦੀ ਥਾਲੀ ਭਰ ਕੇ ਪਰਸਾਦ ਵਜੋਂ ਮਹਾਰਾਜ ਦੇ ਸਾਮ੍ਹਣੇ ਲਿਆ ਧਰੀ। ਧਰਮ ਸਿੰਘ ਨੇ ਇਕ ਰੁਪਇਆ ਪਤਾਸਿਆਂ ਦੇ ਮੁੱਲ ਵਜੋਂ ਤੇ ਸਵਾ ਰੁਪਇਆ ਭੇਟ, ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਲੜਕੀ ਲੜਕਾ ਗੁਰੂ ਮਹਾਰਾਜ ਦੇ ਸਾਮ੍ਹਣੇ ਆ ਬੈਠੇ। ਗ੍ਰੰਥੀ ਸਾਹਿਬ ਨੇ ਚਾਰ ਲਾਵਾਂ ਤੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਪੜ੍ਹ ਕੇ ਵਿਆਹ ਦੀ ਰਸਮ ਪੂਰੀ ਕਰ ਦਿੱਤੀ। ਅਨੋਖਾ ਵਿਆਹ ਸੀ, ਜਿਸ ਵਿੱਚ ਸੋਗ ਨਾਲੋਂ ਵਧੇਰੇ ਦਰਦ ਲੁਕਿਆ ਹੋਇਆ ਸੀ। ਸਭ ਤੋਂ ਔਖਾ ਸਮਾਂ ਆਇਆ ਮਾਵਾਂ ਧੀਆਂ ਦੇ ਵਿਛੜਨ ਦਾ।
ਜਸਬੀਰ, ਪਿਉ, ਭਰਾ, ਭੈਣ ਤੇ ਮਾਂ, ਸਾਰਿਆਂ ਦੇ ਗਲ ਲੱਗ ਕੇ ਮਿਲੀ। ਉਹਦੀਆਂ ਚੀਕਾਂ ਨਾਲ ਉਦਾਲੇ ਦੀਆਂ ਕੰਧਾਂ ਵੀ ਕੰਬ ਰਹੀਆਂ ਸਨ। ਮਾਂ ਨੇ ਧੀ ਨੂੰ ਆਖ਼ਰੀ ਵਾਰ ਛਾਤੀ ਨਾਲ ਘੁਟਦਿਆਂ ਕਿਹਾ; "ਧੀਏ! ਮੈਂ ਤੈਨੂੰ ਪੁੱਤਰਾਂ ਵਰਗੇ ਲਾਡਾਂ ਨਾਲ ਪਾਲਿਆ ਸੀ। ਜਿਸ ਦਿਨ ਤੂੰ ਜੰਮੀ ਸੈਂ, ਮੈਂ ਦਾਜ ਬਨੌਣ ਲੱਗ ਪਈ ਸਾਂ, ਪਰ ਅੱਜ ਵਿਦਿਆ ਕਰਨ ਵੇਲੇ ਮਾਂ ਪਿਉ ਦੇ ਰਾਜ ਵਿੱਚੋਂ ਤੈਨੂੰ ਇਕ ਗਲਾਸੀ ਵੀ ਨਸੀਬ ਨਹੀਂ ਹੋਈ ਧੀਏ, ਨਾ ਕਿਸੇ ਤੈਨੂੰ ਤੇਲ ਚੜ੍ਹਾਇਆ, ਨਾ ਸੁਹਾਗ ਗਾਂਵੇਂ। ਤੱਤੀ ਮਾਂ ਦੀਆਂ ਦਿਲ ਦੀਆਂ ਦਿਲ ਵਿੱਚ ਈ ਰਹਿ ਗਈਆਂ। ਮੈਂ ਤੈਨੂੰ ਕਾਹਨੂੰ ਜਣਿਆਂ। ਚੰਦਰੇ ਰੱਬ ਨੇ ਉਜਾੜੇ ਪਾ ਦਿੱਤੇ।”
"ਰਾਮ ਕੁਰੇ! ਇਹਨਾਂ ਵਿਰੁੜਿਆਂ ਨਾਲ ਤਾਂ ਹੁਣ ਕੁਛ ਨਹੀਂ ਸੌਰਦਾ। ਧੀਰਜ ਕਰੋ। ਭਾਣਾ ਮੰਨੋ। ਇਹਦੇ ਭਾਗਾਂ ਵਿੱਚ ਨਹੀਂ ਸੀ, ਤਾਂ ਤੁਸੀਂ ਕੀ ਕਰ ਸਕਦੇ ਸੀ, ਸਗੋਂ ਹੌਸਲਾ ਦਿਹੋ ਓਸ ਵਿਚਾਰੀ ਨੂੰ।" ਅਮਲੀ ਉੱਤੋਂ ਸਾਰਿਆਂ ਨੂੰ ਹੌਸਲਾ ਦੇ ਰਿਹਾ ਸੀ, ਪਰ ਅੱਖਾਂ ਉਸ ਦੀਆਂ ਵੀ ਗਿੱਲੀਆਂ ਹੋਈਆਂ ਹੋਈਆਂ ਸਨ। "ਆਓ, ਚੱਲੀਏ।"
ਇਕ ਪਾਸੇ ਖਲੇ ਗ੍ਰੰਥੀ ਤੇ ਉਸ ਦੀ ਪਤਨੀ ਵੀ ਅੱਖਾਂ ਪੂੰਝ ਰਹੇ ਸਨ। ਜਸਬੀਰ ਦੀਆਂ ਚੀਕਾਂ ਨੇ ਸਭ ਦੇ ਦਿਲ ਹਿਲਾ ਦਿੱਤੇ ਸਨ।
"ਹੱਛਾ, ਸਰਦਾਰ ਸੈਹਬ।" ਚੰਦਾ ਸਿੰਘ ਨੇ ਧਰਮ ਸਿੰਘ ਨਾਲ ਹੱਥ ਮਿਲਾਉਂਦਿਆਂ ਕਿਹਾ, "ਮੈਂ ਮਰ ਕੇ ਵੀ ਤੁਹਾਡਾ ਹਸਾਨ ਨਹੀਂ ਭੁੱਲਾਂਗਾ। ਤੁਸਾਂ ਸਾਡੀ ਇੱਜ਼ਤ ਰੱਖ ਲਈ ਏ।"
"ਭਾਈਆ ਜੀ! ਇਹ ਤੁਸੀਂ ਕੀ ਆਹੰਦੇ ਓ ਪਏ। ਹਸਾਨ ਸਗੋਂ ਅਸਾਂ ਤੁਹਾਡਾ ਮੰਨਣਾ ਏਂ, ਕਿ ਤੁਸੀਂ। ਜਸਵੀਰ ਸਾਡੀ ਧੀ ਏ। ਅਸੀਂ ਇਹਨੂੰ ਪੁੱਤਾਂ ਵਾਂਗ ਰੱਖਾਂਗੇ। ਦਿਲ ਨਾ ਛੋਟਾ ਕਰੋ। ਵੇਖੋ, ਚੰਗੇ ਦਿਨ ਵੀ ਆਖ਼ਰ ਪਰਤ ਔਣਗੇ। ਤੇ ਜਸਬੀਰ ਦੀ ਤੁਸੀਂ ਚਿੰਤਾ ਨਾ ਕਰਨੀ।" ਧਰਮ ਸਿੰਘ ਦੀਆਂ ਗੱਲਾਂ ਵਿੱਚ ਸੱਚਾ ਸਨੇਹ ਸੀ।
"ਬੰਤੇ ਦੀ ਮਾਂ! ਚਲੋ ਛੁੱਟੀ ਲਵੋ ਹੁਣ। ਮੈਥੋਂ ਨਹੀਂ ਸਹਾਰਿਆ ਜਾਂਦਾ।" ਚੰਦਾ ਸਿੰਘ ਅੱਖਾਂ ਪੂੰਝਦਾ ਬਾਹਰ ਨੂੰ ਤੁਰ ਪਿਆ।
"ਰੋਂਦੀ ਜਸਬੀਰ ਨੂੰ ਦਲੀਪ ਕੌਰ ਨੇ ਗਲਵਕੜੀ ਵਿੱਚ ਲੈ ਲਿਆ। ਜਸਬੀਰ ਦੇ ਮਾਂ ਪਿਉ ਤੇ ਭੈਣ ਭਰਾ ਅੱਖਾਂ ਪੂੰਝਦੇ ਬਾਹਰ ਨੂੰ ਚਲੇ ਗਏ। ਜਸਬੀਰ ਦੇ ਅੰਦਰ ਇਕ ਅਥਾਹ ਦੁੱਖ ਦਾ ਵਰੋਲਾ ਉੱਠਿਆ। ਹੋਸ਼ ਹਵਾਸ ਉਸ ਦਾ ਸਾਥ ਛੱਡ ਗਏ। ਉਹ ਬੇਹੋਸ਼ ਹੋ ਕੇ ਸੱਸ ਦੀਆਂ ਬਾਹਾਂ ਵਿੱਚ ਸਾਹ-ਸਤ ਹੀਣ ਹੋ ਕੇ ਹੇਠਾਂ ਨੂੰ ਉੱਲਰ ਗਈ।
"ਹੈਂ ਮੈਂ ਮਰ ਗਈ। ਫੜਿਓ ਕੋਈ। ਕੁੜੀ ਨੂੰ ਕੀ ਹੋ ਗਿਆ ਜੇ।" ਜਸਬੀਰ ਨੂੰ ਬਾਂਹੀਂ ਸੰਭਾਲਦੀ ਹੋਈ ਦਲੀਪ ਕੌਰ ਫ਼ਰਸ਼ 'ਤੇ ਬਹਿ ਗਈ।
"ਕੋਈ ਨਹੀਂ, ਘਾਬਰੋ ਨਾ। ਮੈਂ ਪਾਣੀ ਲਿਔਂਦੀ ਆਂ।” ਗ੍ਰੰਥੀ ਦੀ ਸਿੰਘਣੀ ਅੰਦਰ ਨੂੰ ਪਾਣੀ ਲੈਣ ਚਲੀ ਗਈ।
"ਕੁੜੀ ਦੇ ਮੂੰਹ ਤੋਂ ਲੀੜਾ ਲਾਹ ਕੇ ਪੱਲੇ ਨਾਲ ਝੱਲ ਮਾਰੋ।" ਕਹਿੰਦਿਆਂ ਹੋਇਆ ਧਰਮ ਸਿੰਘ ਨੇ ਆਪ ਮੂੰਹ ਦੂਜੇ ਪਾਸੇ ਕਰ ਲਿਆ।
"ਅਹੁ ਪੱਖਾ ਫੜ ਵੇ ਪਿਆਰਿਆ!" ਦਲੀਪ ਕੌਰ ਨੇ ਨੋਂਹ ਦਾ ਸਿਰ ਪੱਟ 'ਤੇ ਰੱਖ ਕੇ ਉਹਦੇ ਮੂੰਹ ਤੋਂ ਲੀੜਾ ਲਾਹ ਦਿੱਤਾ।
ਦਰਬਾਰ ਸਾਹਿਬ ਅੱਗੇ ਪਿਆ ਪੱਖਾ ਫੜ ਕੇ ਪਿਆਰਾ ਝੱਲ ਮਾਰਨ ਲੱਗ ਪਿਆ। ਬੇਹੋਸ਼ ਪਏ ਰੂਪ ਨੇ ਪਿਆਰ ਦਾ ਦਿਲ ਨਰਮ ਕਰ ਦਿੱਤਾ। ਜਸਬੀਰ ਦੀਆਂ ਬੰਦ ਅੱਖਾਂ ਵੱਲੇ ਉਹ ਇਕ ਟਕ ਵੇਖੀ ਜਾ ਰਿਹਾ ਸੀ।
“ਲਓ, ਪਾਣੀ ਪਿਲਾਓ ਇਹਨੂੰ, ਨਾਲੇ ਮੂੰਹ 'ਤੇ ਛੱਟੇ ਮਾਰੋ।" ਗ੍ਰੰਥੀਆਣੀ ਨੇ ਆਪ ਗਲਾਸ ਵਿੱਚੋਂ ਥੋੜ੍ਹਾ-ਥੋੜ੍ਹਾ ਪਾਣੀ ਹੱਥ 'ਤੇ ਪਾ ਕੇ ਜਸਬੀਰ ਦੇ ਮੂੰਹ 'ਤੇ ਛੱਟੇ ਮਾਰਨੇ ਸ਼ੁਰੂ ਕਰ ਦਿੱਤੇ।
"ਹਾਏ ਮਾਂ।" ਪਾਣੀ ਦੇ ਛੱਟੇ ਵੱਜਣ ਨਾਲ ਸੁਰਤ ਪਰਤੀ, ਤਾਂ ਜਸਬੀਰ ਨੇ ਧੀਮੀ ਜੇਹੀ ਚੀਕ ਮਾਰ ਕੇ ਸੱਸ ਦੀ ਵੱਖੀ ਵਿੱਚ ਮੂੰਹ ਲੁਕਾ ਲਿਆ।
"ਹੋਸ਼ ਕਰ ਖਾਂ ਬੀਬੀ ਰਾਣੀ । ਲੈ ਦੋ ਘੁੱਟ ਪਾਣੀ ਪੀ ਲੈ।" ਪਾਣੀ ਦਾ ਗਲਾਸ ਗ੍ਰੰਥੀਆਣੀ ਨੇ ਜਸਬੀਰ ਦੇ ਮੂੰਹ ਨਾਲ ਲਾ ਦਿੱਤਾ।
ਠੰਡਾ ਪਾਣੀ ਅੰਦਰ ਜਾਣ ਨਾਲ ਜਸਬੀਰ ਨੂੰ ਆਪਣੇ ਆਪ ਦੀ ਹੋਸ਼ ਆਈ, ਤਾਂ ਸਾਮ੍ਹਣੇ ਬੈਠੇ ਪਿਆਰੇ ਨੂੰ ਵੇਖ ਕੇ ਉਹਨੂੰ ਸ਼ਰਮ ਨਾਲ ਤਰੇਲੀ ਆ ਗਈ। ਉਹਨੇ ਛੇਤੀ ਨਾਲ ਸਿਰ ਵਾਲੀ ਚੁੰਨੀ ਵਿੱਚ ਮੂੰਹ ਢੱਕ ਲਿਆ।
"ਬੇਬੇ ਜੀ! ਕੁੜੀ ਨੂੰ ਤੁਸੀਂ ਸਾਡੇ ਅੰਦਰ ਲੈ ਚੱਲੋ। ਬਾਬੇ ਹੋਰੀਂ ਤੇ ਕਾਕਾ ਬੇਸ਼ਕ ਏਥੋਂ ਬੈਠਣ।" ਗ੍ਰੰਥੀਆਣੀ ਨੇ ਬੜੀ ਨਿੱਘੀ ਅਪਣੱਤ ਨਾਲ ਕਿਹਾ।
ਗੱਲ ਦਲੀਪ ਕੌਰ ਦੇ ਦਿਲ ਲੱਗੀ। ਉਹਨੇ ਨੋਂਹ ਨੂੰ ਉਠਾ ਕੇ ਗ੍ਰੰਥੀ ਦੇ ਵੱਸੋਂ ਵਾਲੇ ਕਮਰੇ ਵਿੱਚ ਮੰਜੇ 'ਤੇ ਜਾ ਲਿਟਾਇਆ।
"ਇਹਨੇ ਵਿਚਾਰੀ ਨੇ ਸਵੇਰ ਦਾ ਕੁਛ ਖਾਧਾ ਵੀ ਨਹੀਂ ਹੋਣਾ ਸ਼ੈਦ।"
“ਖਾਣਾ ਪੀਣਾ ਕੀ ਸੀ, ਭੈਣ ਜੀ। ਜੋ ਇਹਨਾਂ ਨਾਲ ਹੋਈ ਏ ਰੱਬ ਕਿਸੇ ਵੈਰੀ ਨਾਲ ਵੀ ਨਾ ਕਰੇ।" ਤੇ ਦਲੀਪ ਕੌਰ ਨੇ ਦੋਹਾਂ ਪਰਵਾਰਾਂ ਨਾਲ ਹੋਈ ਬੀਤੀ ਵੇਰਵੇ ਨਾਲ ਕਹਿ ਸੁਣਾਈ।
ਸੁਣ ਕੇ ਗ੍ਰੰਥੀ ਤੇ ਗ੍ਰੰਥੀਆਣੀ ਦਾ ਦਿਲ ਭਰ ਆਇਆ। ਉਹ ਦੋਵੇਂ ਜੀ ਹੈਗੇ ਹੀ ਚੰਗੇ ਸੁਭਾ ਦੇ ਸਨ। ਏਨੇ ਚਿਰ ਤਕ ਸੇਵਾਦਾਰ ਪਿੰਡ ਵਿੱਚੋਂ ਪਰਸ਼ਾਦੇ ਲੈ ਆਇਆ। ਗ੍ਰੰਥੀਆਣੀ ਨੇ ਇਕ ਥਾਲੀ ਪਰੋਸ ਕੇ ਉਹਨਾਂ ਨੋਂਹ ਸੱਸ ਅੱਗੇ ਧਰੀ, ਤੇ ਇਕ ਵਿੱਚ ਦਾਲ ਸਬਜ਼ੀ ਤੇ ਪਰਸ਼ਾਦੇ ਰੱਖ ਕੇ ਸੇਵਾਦਾਰ ਹੱਥ ਧਰਮ ਸਿੰਘ ਹੋਰਾਂ ਵਾਸਤੇ ਭੇਜ ਦਿੱਤੀ।
"ਭੈਣ ਜੀ! ਐਨੀ ਖੇਚਲ ਨਾ ਕਰੋ। ਅਸਾਂ ਗੁਰਦੁਆਰੇ ਮੱਥਾ ਟੇਕਣਾ ਏਂ, ਕਿ ਸਗੋਂ ਉਲਟਾ ਗੁਰਦੁਆਰੇ ਦਾ ਖਾਣਾ ਏਂ।" ਦਲੀਪ ਕੌਰ ਨੇ ਸ਼ਰਧਾ ਨਾਲ ਕਿਹਾ।
"ਮਾਤਾ ਜੀ! ਇਹ ਵਹਿਮ ਨਾ ਕਰੋ। ਸਿੱਖ ਨੇ ਮੱਥਾ ਵੀ ਗੁਰਦੁਆਰੇ ਈ ਟੇਕਣਾ ਏ, ਤੇ ਲੋੜ ਵੇਲੇ ਏਥੋਂ ਖਾ ਲੈਣਾ ਵੀ ਸਿੱਖ ਦਾ ਹੱਕ ਏ।" ਕੋਲੋਂ ਗ੍ਰੰਥੀ ਨੇ ਕਿਹਾ।
"ਲਓ, ਹੁਣ ਤੁਸੀਂ ਹੋਰ ਪਰਸ਼ਾਦਾ ਪੁੱਛਿਓ। ਕਾਕਾ ਹਿਲਦਾ ਏ ਪਿਆ, ਕਿਤੇ ਬਿਸਤਰੇ 'ਤੇ ਪਸ਼ਾਬ ਨਾ ਕਰ ਦੇਵੇ।" ਗ੍ਰੰਥੀਆਣੀ ਨੇ ਨਾਲ ਦੇ ਮੰਜੇ 'ਤੇ ਪਏ ਕਾਕੇ ਨੂੰ ਚੁੱਕ ਲਿਆ।
ਦੋਹਾਂ ਜੀਆਂ ਨੂੰ ਰੋਟੀ ਖਾ ਕੇ ਕੁਛ ਸ਼ਾਂਤ ਆਈ।
"ਲੈ ਪੁੱਤ! ਤੂੰ ਐਥੇ ਬਹੁ ਜ਼ਰਾ ਤੇ ਮੈਂ ਤੇਰੇ ਬਾਪੂ ਨਾਲ ਸਲਾਹ ਕਰਾਂ ਕਿਧਰੇ
ਤੁਰੀਏ ਹੁਣ।" ਦਲੀਪ ਕੌਰ ਨੇ ਨੀਂਹ ਦਾ ਹੰਮਾ ਰੱਖਣ ਵਾਸਤੇ ਜਿਵੇਂ ਉਸ ਦੀ ਰਾਏ ਜਾਨਣ ਲਈ ਕਿਹਾ।
"ਬੇਬੇ ਜੀ! ਦਿਨ ਅੱਧ ਢਲ ਗਿਆ ਏ, ਤੇ ਉੱਤੋਂ ਬੱਦਲ ਫੇਰ ਝੁਕਿਆ ਖਲਾ ਏ। ਅੱਜ ਅਸਾਂ ਨਹੀਂ ਜਾਣ ਦੇਣਾ।" ਗ੍ਰੰਥੀਆਣੀ ਨੇ ਬੜੀ ਨਿੱਘੀ ਅਪਣੱਤ ਨਾਲ ਕਿਹਾ। ਉਹਨਾਂ ਦੀ ਦੁੱਖ ਭਰੀ ਕਹਾਣੀ ਸੁਣ ਕੇ ਉਹਦੇ ਅੰਦਰ ਕੁਛ ਮੋਹ ਜਾਗ ਪਿਆ ਸੀ।
"ਬੀਬੀ ਰਾਣੀ। ਤੁਸਾਂ ਅੱਗੇ ਈ ਸਾਡੇ ਵਾਸਤੇ ਬੜੀ ਖੇਚਲ ਕੀਤੀ ਏ। ਸਾਡੇ ਵਾਸਤੇ ਤਾਂ ਤੁਸੀਂ ਦੋਵੇਂ ਰੱਬ ਦਾ ਰੂਪ ਓ।" ਕਹਿੰਦੀ ਹੋਈ ਦਲੀਪ ਕੌਰ ਬਾਹਰ ਨਿਕਲ ਗਈ।
"ਵੇਖੋ ਨਾ ਜੀ।" ਗ੍ਰੰਥੀਆਣੀ ਨੇ ਪਤੀ ਵੱਲ ਵੇਖਦਿਆਂ ਕਿਹਾ, "ਮੈਨੂੰ ਤਾਂ ਐਸ ਬੀਬੀ ਵੱਲ ਦੇਖ ਕੇ ਬੜਾ ਹੀ ਤਰਸ ਆਉਂਦਾ ਏ। ਰੱਬ ਨੇ ਰੰਗ ਰੂਪ ਕਿੰਨਾ ਦਿੱਤਾ, ਤੇ ਲੇਖ ਕੇਹੇ ਲਿਖ ਦਿੱਤੇ। ਆਹ ਉਜਾੜੇ ਨਾ ਪੈਂਦੇ, ਤਾਂ ਐਸ ਵੇਲੇ ਇਹਨੇ ਸੋਨੇ ਵਿੱਚ ਮੜ੍ਹੀ ਹੋਣਾ ਸੀ। ਵਿਆਹ ਦੇ ਚਾ ਵਿਚਾਰੀ ਦੇ ਅਧੂਰੇ ਹੀ ਰਹਿ ਗਏ।"
"ਰੱਬ ਦੇ ਰੰਗ ਨੇ ਨਾਂ! ਜੋ ਤੁਧ ਭਾਵੈ ਸਾਈ ਭਲੀ ਕਾਰ।""
"ਆਖੋ ਤਾਂ....।" ਬਾਕੀ ਗੱਲ ਗ੍ਰੰਥੀਆਣੀ ਨੇ ਇਸ਼ਾਰੇ ਨਾਲ ਪਤੀ ਨੂੰ ਸਮਝਾ ਦਿੱਤੀ।
"ਨੇਕ ਕੰਮ ਨੂੰ ਨਾਂਹ ਕਹੀ। ਜਿਵੇਂ ਠੀਕ ਸਮਝੋ।"
ਜਸਬੀਰ ਨੀਵੀਂ ਪਾਈ ਆਪਣੀਆਂ ਸੋਚਾਂ ਵਿੱਚ ਡੁੱਬੀ ਬੈਠੀ ਸੀ। ਉਹਦੀ ਉਮਰ ਵਿਆਹ ਦੇ ਯੋਗ ਹੋ ਚੁੱਕੀ ਸੀ। ਸੋਲ੍ਹਵਾਂ ਵਰ੍ਹਾ ਜਾ ਰਿਹਾ ਸੀ ਉਹਨੂੰ। ਹਾਣ ਸਹੇਲੀਆਂ ਵਿੱਚ ਬਹਿ ਕੇ ਉਹ ਵੀ ਵਿਆਹ ਦੇ ਸੁਪਨੇ ਲਿਆ ਕਰਦੀ ਸੀ। ਕਿਸੇ ਨਵੀਂ ਵਿਆਹੀ ਦੀ ਤਿੱਲੇ ਮੜ੍ਹੀ ਵਰੀ ਤੇ ਗਹਿਣੇ ਵੇਖ ਕੇ ਉਹਦਾ ਮਨ ਮਚਲ ਉੱਠਿਆ ਕਰਦਾ ਸੀ, ਪਰ ਅੱਜ ਉਹਦੇ ਸਾਰੇ ਚਾ ਸਿਸਕੀਆਂ ਭਰ ਕੇ ਰਹਿ ਗਏ ਸਨ। ਗੁਲਾਬੀ ਸੂਟ ਦੇ ਸ਼ੁੱਭਰ ਦੀ ਥਾਂ ਤਿੰਨਾਂ ਦਿਨਾਂ ਦੇ ਮੈਲੇ ਲੀੜੇ ਉਹਦੇ ਰੂਪ ਨੂੰ ਕੱਜੀ ਬੈਠੇ ਸਨ। ਫਿਰ ਵੀ ਉਹਦੇ ਮਨ ਨੂੰ ਕੁਛ ਸੰਤੋਖ ਸੀ। ਉਹ ਏਨੇ ਬਦਲੇ ਹੀ ਭਾਗਾਂ ਦਾ ਧੰਨਵਾਦ ਕਰ ਰਹੀ ਸੀ, ਕਿ ਉਹਨੂੰ ਉੱਜੜੇ ਹੋਏ ਮਾਪਿਆਂ ਦੀ ਧੀ ਨੂੰ ਸਹੁਰਿਆਂ ਨੇ ਅਪਣਾ ਲਿਆ ਸੀ।
ਧਰਮ ਸਿੰਘ ਤੇ ਪਿਆਰਾ ਕੋਲੋ ਕੋਲ ਨੀਵੀਂ ਪਾਈ ਬੈਠੇ ਸਨ। ਦੋਵੇਂ ਹੀ ਦਿਲੋਂ ਉਦਾਸ ਸਨ। ਦਲੀਪ ਕੌਰ ਵੀ ਉਹਨਾਂ ਦੇ ਕੋਲ ਆ ਬੈਠੀ। ਪਹਿਲਾਂ ਤਾਂ ਉਹਨੇ ਗ੍ਰੰਥੀ ਤੇ ਉਹਦੀ ਸਿੰਘਣੀ ਦੀ ਰੱਜਵੀਂ ਸ਼ੋਭਾ ਕੀਤੀ ਤੇ ਫਿਰ ਓਥੋਂ ਤੁਰਨ ਬਾਰੇ ਵਿਚਾਰ ਕੀਤੀ। ਉਹਦੀ ਸਲਾਹ ਸੀ ਕਿ ਉਹਨਾਂ ਨੂੰ ਰਾਤ ਸੁਰਸਿੰਘ ਜਾ ਰਹਿਣਾ
ਚਾਹੀਦਾ ਹੈ।
"ਨਹੀਂ, ਮਾਂ! ਪਹਿਲਾਂ ਮੈਂ ਕੱਲ੍ਹਾ ਜਾ ਪਤਾ ਕਰ ਆਵਾਂ। ਉਹ ਹਾਮੀ ਭਰਨਗੇ, ਤਾਂ ਫੇਰ ਚੱਲਾਂਗੇ। ਤੁਸੀਂ ਰਾਤ ਏਥੇ ਹੀ ਕੱਟੋ।" ਪਿਆਰਾ ਉਸੇ ਵੇਲੇ ਸੁਰ ਸਿੰਘ ਤੁਰ ਗਿਆ।
੧੪.
"ਬੇਬੇ ਜੀ।" ਮੇਰਾ ਹੰਮਾ ਨਾ ਤੋੜਿਓ। ਜਸਬੀਰ ਮੈਨੂੰ ਛੋਟੀਆਂ ਭੈਣਾਂ ਵਾਂਗ ਲੱਗਦੀ ਏ। ਸੋ, ਮੇਰਾ ਵੀ ਕੁਛ ਹੱਕ ਬਣਦਾ ਏ।" ਅੰਦਰ ਆਉਂਦੀ ਦਲੀਪ ਕੌਰ ਨੂੰ ਸੰਬੋਧਨ ਕਰਕੇ ਗ੍ਰੰਥੀਆਣੀ ਨੇ ਬੜੀ ਮਿੱਠੀ ਸੁਰ ਵਿੱਚ ਕਿਹਾ। ਉਹ ਜਸਬੀਰ ਦੇ ਮੋਢੇ ਉੱਤੇ ਹੱਥ ਰੱਖ ਕੇ, ਬੈਠੀ ਨਿੱਕੀਆਂ-ਨਿੱਕੀਆਂ ਗੱਲਾਂ ਕਰ ਰਹੀ ਸੀ।
"ਬੀਬੀ ਰਾਣੀ। ਤੁਹਾਡਾ ਹੱਕ ਪਹਿਲਾਂ। ਸਾਡਾ ਤਾਂ ਲੂੰ-ਲੂੰ ਤੁਹਾਡਾ ਧੰਨਵਾਦੀ ਏ।" ਦਲੀਪ ਕੌਰ ਓਸੇ ਮੰਜੇ ਦੀ ਬਾਹੀ 'ਤੇ ਹੋ ਬੈਠੀ।
"ਵੇਖੋ ਨਾ! ਅਸੀਂ ਦੇਣ ਜੋਗੇ ਤਾਂ ਕੁਛ ਨਹੀਂ। ਐਵੇਂ ਭੈਣ ਦਾ ਸਤਕਾਰ ਈ ਸਮਝੋ।" ਗ੍ਰੰਥੀਆਣੀ ਨੇ ਮੰਜੇ ਤੋਂ ਉਠਦਿਆਂ ਕਿਹਾ, "ਮੈਂ ਤੁਹਾਨੂੰ ਹੀ ਉਡੀਕ ਰਹੀ ਸਾਂ।" ਸੂਟ ਕੇਸ ਦਾ ਢੱਕਣ ਚੁੱਕ ਕੇ ਉਹਨੇ ਉਤਲਾ ਸੂਟ ਚੁੱਕ ਲਿਆ। ਉਹ ਉਹਨੇ ਪਹਿਲਾਂ ਹੀ ਛਾਂਟ ਕੇ ਉੱਤੇ ਧਰਿਆ ਹੋਇਆ ਸੀ। "ਲੈ ਜਸਬੀਰ। ਹਾਹ ਲਾਹ ਦੇ, ਮੈਂ ਧੋ ਦਿਆਂ। ਤੂੰ ਆਹ ਪਾ ਲੈ। ਹੈ ਤੇ ਮਾਮੂਲੀ, ਪਰ ਵੱਡੀ ਭੈਣ ਦਾ ਪਿਆਰ ਸਮਝ ਕੇ ਪ੍ਰਵਾਨ ਕਰ ਲਈ।" ਸੂਟ ਉਹਨੇ ਜਸਬੀਰ ਦੇ ਸਾਮ੍ਹਣੇ ਲਿਆ ਧਰਿਆ।
'ਵਾ-ਗੁਰੂ। ਅਸਾਂ ਗੁਰਦੁਆਰੇ ਦੇਣਾ ਏਂ, ਕਿ ਉਲਟਾ ਲੈਣਾ ਏਂ। ਜਿੰਨਾ ਤੁਸਾਂ ਹਸਾਨ ਕੀਤਾ ਏ, ਅਸੀਂ ਤਾਂ ਓਨਾ ਚੁੱਕਣ ਜੋਗੇ ਵੀ ਨਹੀਂ। ਤੇਰਾ ਪੁੱਜ ਗਿਆ, ਪਰ ਗੁਰਦੁਆਰੇ ਦਾ...।"
"ਮਾਂ ਜੀ। ਇਹ ਗੁਰਦੁਆਰੇ ਦਾ ਚੜਾਵਾ ਨਹੀਂ। ਏਸ ਗੱਲੋਂ ਨਾ ਡਰੋ। ਕਾਕੇ ਹੋਏ ਤੋਂ ਇਹ ਮੇਰੀ ਮਾਂ ਨੇ ਦਿੱਤਾ ਸੀ। ਤੇ ਬਾਪੂ ਮੇਰਾ ਦੁਕਾਨ ਕਰਦਾ ਏ, ਗ੍ਰੰਥੀ ਨਹੀਂ।" 'ਬੇਬੇ' ਦੀ ਥਾਂ 'ਮਾਂ ਜੀ' ਕਹਿ ਕੇ ਗ੍ਰੰਥੀਆਣੀ ਨੇ ਅਪਣੱਤ ਦਾ ਜਾਲ ਵਧੇਰੇ ਕੱਸ ਲਿਆ।
"ਨਾ, ਗ੍ਰੰਥੀ ਮਾੜੇ ਤਾਂ ਨਹੀਂ ਆਹੰਦੀ ਮੈਂ, ਸਗੋਂ ਪੂਜਣ ਯੋਗ ਹੁੰਦੇ ਨੇ, ਪਰ ਫਿਰ ਵੀ ਤੁਸੀਂ ਸਾਡੇ ਮੱਥਾ ਟੇਕਣ ਦੀ ਥਾਂ ਓ।”
"ਮੱਥਾ ਟੇਕਣ ਦੇ ਥਾਂ ਹੋਣਗੇ ਗ੍ਰੰਥੀ ਹੋਰੀਂ। ਮੈਂ ਤਾਂ ਤੁਹਾਡੀ ਧੀ ਆਂ। ਤੇ ਵੇਖੋ ਖਾਂ ਸੂਟ ਦਾ ਰੰਗ ਵੀ ਵਿਆਹ ਵਾਲਾ ਈ ਏ। ਖਵਰੇ ਮਾਂ ਨੇ ਏਸੇ ਦੇ ਨੌਂਗੇ ਦਾ
ਬਣਾਇਆ ਹੋਵੇਗਾ। ਮੋੜਨਾ ਮੈਂ ਹੈ ਨਹੀਂ ਜੇ। ਇਹਨਾਂ ਕੱਪੜਿਆਂ 'ਚ ਜਸਬੀਰ ਨੂੰ ਵੇਖ ਕੇ ਮੇਰੇ ਜੀਅ ਨੂੰ ਬੁਰਾ ਕੁਛ ਹੁੰਦਾ ਏ।" ਕਹਿੰਦਿਆਂ-ਕਹਿੰਦਿਆਂ ਗ੍ਰੰਥੀਆਣੀ ਦਾ ਚਿਹਰਾ ਉਦਾਸ ਹੋ ਗਿਆ।
"ਫਿਰ ਵੀ ਮੈਂ ਪਿਆਰੇ ਦੇ ਬਾਪੂ ਨੂੰ ਪੁੱਛ ਲਵਾਂ।" ਦਲੀਪ ਕੌਰ ਨੇ ਇਕ ਮਿੰਟ ਸੋਚ ਕੇ ਕਿਹਾ। "ਮੈਂ ਕੱਲ੍ਹ ।" ਵਾਕ ਅਧੂਰਾ ਛੱਡ ਕੇ ਉਹ ਬਾਹਰ ਚਲੀ ਗਈ।
"ਕੋਈ ਪਿਛਲੇ ਜਨਮਾਂ ਦਾ ਜਲ ਸੰਜੋਗ ਹੁੰਦਾ ਏ।" ਸਾਰੀ ਗੱਲ ਸੁਣ ਕੇ ਧਰਮ ਸਿੰਘ ਨੇ ਬੜੇ ਠਰਮੇ ਨਾਲ ਕਿਹਾ। "ਕੁੜੀ ਕਿਸੇ ਭਲੇ ਘਰ ਦੀ ਜਾਈ ਏ। ਉਹਦਾ ਦਿਲ ਤੋੜਨਾ ਠੀਕ ਨਹੀਂ। ਤੂੰ ਉਹਦੇ ਕਾਕੇ ਨੂੰ ਦਸ ਰੁਪੈ ਦੇ ਦੇਈਂ। ਏਸ ਗੱਲੋਂ ਤਾਂ ਉਹ ਨਾਂਹ ਨਹੀਂ ਕਰ ਸਕਦੀ। ਕਿਤੇ ਹੱਥ ਪੱਲੇ ਹੋਵੇਗਾ, ਤਾਂ ਤੂੰ ਏਸ ਤੋਂ ਚੰਗਾ ਸੂਟ ਬਣਾ ਕੇ ਦੇ ਜਾਈਂ!"
ਗ੍ਰੰਥੀਆਣੀ ਦੀ ਭੇਟਾ ਪ੍ਰਵਾਨ ਹੋ ਗਈ। ਉਹ ਜਸਬੀਰ ਨੂੰ ਉਠਾ ਕੇ ਨਾਲ ਦੇ ਗੁਸਲਖ਼ਾਨੇ ਵਿੱਚ ਲੈ ਗਈ। ਤੇਲ ਸਾਬਣ ਨਾਲ ਨਹਾ ਧੋ ਕੇ, ਨਵਾਂ ਸੂਟ ਪਹਿਨਣ ਨਾਲ ਜਸਬੀਰ ਦਾ ਰੰਗ ਰੂਪ ਨਿੱਖਰ ਆਇਆ। ਦਲੀਪ ਕੌਰ ਨੂੰ ਉਹ ਪਹਿਲਾਂ ਨਾਲੋਂ ਵਧੇਰੇ ਚੰਗੀ ਲੱਗਣ ਲੱਗ ਪਈ। ਦਲੀਪ ਕੌਰ ਨੇਂਹ ਦੇ ਉਤਾਰੇ ਕੱਪੜੇ ਧੋਣ ਜਾ ਲੱਗੀ। ਉਹਦੇ ਆਉਂਦਿਆਂ ਨੂੰ ਗ੍ਰੰਥੀਆਣੀ ਨੇ ਜਸਬੀਰ ਦਾ ਸਿਰ ਵਾਹ ਕੇ ਤੇ ਸੁਰਮਾ ਪਾ ਕੇ ਸੱਚ-ਮੁੱਚ ਦੀ ਵਹੁਟੀ ਬਣਾ ਦਿੱਤਾ। ਜਸਬੀਰ ਨੇ ਐਸਾ ਕਰਨ ਤੋਂ ਬਥੇਰੀ ਨਾਂਹ ਨੁੱਕਰ ਕੀਤੀ ਸੀ। ਉਹਦੇ ਅੰਦਰ ਭਰਾ ਭਰਜਾਈ ਤੇ ਅਣਖਿਡਾਏ ਭਤੀਜੇ ਦਾ ਸੱਲ ਅਜੇ ਸੱਜਰਾ ਸੀ। ਗ੍ਰੰਥੀਆਣੀ ਨੇ ਉਹਨੂੰ ਸਮਝਾਉਂਦਿਆਂ ਬੜੇ ਹਿੱਤ ਨਾਲ ਕਿਹਾ ਸੀ "ਜਸਬੀਰ! ਮੈਂ ਤੇਰੇ ਅੰਦਰ ਦੀ ਪੀੜ ਸਮਝਦੀ ਆਂ, ਪਰ ਹੁਣ ਸੋਗ ਕੀਤਿਆਂ ਤੇ ਰੋਇਆ ਧੋਇਆਂ ਮਰਨ ਵਾਲਿਆਂ ਨੇ ਮੁੜ ਨਹੀਂ ਔਣਾ। ਵਿਆਹ ਪਿੱਛੋਂ ਇਸਤਰੀ ਦਾ ਨਵਾਂ ਜੀਵਨ ਸ਼ੁਰੂ ਹੁੰਦਾ ਏ। ਮੇਰੀ ਰੀਝ ਏ, ਪਹਿਲੀ ਤੱਕਣੀ ਵਿੱਚ ਤੂੰ ਪਤੀ ਨੂੰ ਚੰਗੀ ਲੱਗੋਂ। ਉਹਨਾਂ ਮੇਲਿਆਂ ਲੀੜਿਆਂ ਨੇ ਤਾਂ ਰੂਪ ਨੂੰ ਢੱਕਿਆ ਹੋਇਆ ਸੀ।"
ਰਾਤ ਨੂੰ ਗੁਰਦੁਆਰੇ ਵਿੱਚ ਉਜੜ ਕੇ ਆਉਣ ਵਾਲਿਆਂ ਦੀ ਚੋਖੀ ਭੀੜ ਹੋ ਗਈ। ਹੁਣ ਤੱਕ-ਆਜ਼ਾਦੀ ਦੀ ਪੈਦਾਵਾਰ-ਇਸ ਨਵੀਂ ਸ਼ਰੇਣੀ ਵਾਸਤੇ ਵਰਤਿਆ ਜਾਣ ਵਾਲਾ ਅੰਗਰੇਜ਼ੀ ਸ਼ਬਦ 'ਰਫ਼ਿਊਜੀ' ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਚੁੱਕਾ ਸੀ। ਭਾਵੇਂ ਰਾਸ਼ਟਰ ਭਾਸ਼ਾ ਦੇ ਹਮਾਇਤੀਆਂ ਨੇ ਟਾਕਰੇ ਦਾ ਹਿੰਦੀ ਸ਼ਬਦ 'ਸ਼ਰਣਾਰਥੀ' ਪਰਚਾਰਨ ਦਾ ਬੜਾ ਯਤਨ ਕੀਤਾ, ਪਰ ਉਹ ਤਾਂ ਫ਼ਾਰਸੀਦਾਨਾਂ ਦੇ 'ਪਨਾਹਗੀਰ' ਜਿੰਨਾ ਵੀ ਪ੍ਰਚੱਲਤ ਨਾ ਹੋਇਆ। ਜਿੱਧਰ ਝਾਤੀ ਮਾਰੋ, ਅੱਖਾਂ ਸਾਮ੍ਹਣੇ ਵੀ ਰਫ਼ਿਊਜੀ। ਸਕੂਲਾਂ, ਗੁਰਦੁਆਰਿਆਂ, ਮੰਦਰਾਂ, ਖ਼ਾਲੀ ਹੋਈਆਂ ਮਸੀਤਾਂ, ਸੜਕਾਂ, ਚੌਰਾਹਿਆਂ
ਤੇ ਏਥੋਂ ਤੱਕ ਕਿ ਕਬਰਸਤਾਨਾਂ ਵਿੱਚ ਵੀ ਰਫ਼ਿਊਜੀਆਂ ਦਾ ਰਾਜ ਸੀ। ਜ਼ਬਾਨੀ ਕਲਾਮੀ ਮੁੱਲ ਪਾਉਣ ਵਾਲੇ ਉਹਨਾਂ ਦੀਆਂ ਕੀਮਤਾਂ ਵੀ ਵੱਖ-ਵੱਖ ਪਾਉਂਦੇ ਸਨ। 'ਇਹ ਆਜ਼ਾਦੀ ਦੇ ਪਰਵਾਨੇ ਹਨ।' 'ਇਹਨਾਂ ਦੀ ਕੁਰਬਾਨੀ ਸਦਕਾ ਦੇਸ਼ ਸੁਤੰਤਰ ਹੋਇਆ ਹੈ।" 'ਇਹਨਾਂ ਦਾ ਅਹਿਸਾਨ ਸਾਰੇ ਦੇਸ਼ ਵਾਸੀਆਂ ਨੂੰ ਮੰਨਣਾ ਚਾਹੀਦਾ ਹੈ। 'ਇਹਨਾਂ ਦੀ ਸੇਵਾ ਕਰਨਾ ਸਾਡਾ ਫ਼ਰਜ਼ ਵੀ ਹੈ ਤੇ ਪੁੰਨ ਵੀ।' 'ਵਿਚਾਰੇ ਕਿਸਮਤ ਦੇ ਮਾਰੇ, ਬੇ ਘਰੇ।' 'ਕੀਤੇ ਕਰਮਾਂ ਦਾ ਫਲ ਹੈ ਭਾਈ, ਪਾਪ ਉਘੜੇ ਨੇ, ਪਾਪ।' 'ਆ ਗਏ ਨੇ ਇਹ ਮੁਸਲਮਾਨਾਂ ਤੋਂ ਵਟਾਏ ਹੋਏ।'
ਠੀਕ ਹੈ, ਜਿਸ ਨੂੰ ਦੇਣ ਵਾਲਾ ਹੱਥੋਂ ਕੁਛ ਨਹੀਂ ਦੇਣਾ ਚਾਹੁੰਦਾ, ਉਹਨੂੰ ਖ਼ਿਤਾਬ ਦੇ ਕੇ ਪ੍ਰਚਾਉਣ ਦਾ ਯਤਨ ਕਰਦਾ ਹੈ। ਸ਼ਬਦੀ ਧੋਖਾ, ਮਿੱਠਾ ਫ਼ਰੇਬ। ਇਹ 'ਪਰਜਾਪਤਿ' ਹੈ। ਇਹ 'ਪੈਂਚ' ਹੈ। ਇਹ 'ਰਾਜਾ' ਹੈ। ਇਹ 'ਹਰੀਜਨ' ਹੈ। ਇਹ ਰੀਫ਼ਿਊਜੀ, ਪਨਾਹਗੀਰ, ਸ਼ਰਣਾਰਥੀ। ਨਹੀਂ ਜੀ। ਇਹ 'ਪੁਰਸ਼ਾਰਥੀ' ਹਨ, ਉੱਦਮ ਵਾਲੇ ਲੋਕ।
ਕੁਛ ਪਰਸ਼ਾਦੇ ਨੱਗਰ ਵਿੱਚੋਂ ਆ ਗਏ, ਤੇ ਕੁਛ ਦੋ ਚਾਰ ਉੱਦਮੀ ਸਰੀਰਾਂ ਨੇ ਗੁਰਦੁਆਰੇ ਵਿੱਚ ਲੰਗਰ ਤਿਆਰ ਕਰ ਲਿਆ। ਦੋ-ਦੋ ਫੁਲਕੇ ਨਾਲ ਕੋਈ ਦਾਲ ਜਾਂ ਸਬਜ਼ੀ ਜਾਂ ਅਚਾਰ ਦੀ ਫਾੜੀ, ਹਰ ਇਕ ਨੂੰ ਪੇਟ ਦਾ ਆਧਾਰ ਮਿਲ ਗਿਆ। ਦਲੀਪ ਕੌਰ ਹੋਰਾਂ ਵਾਸਤੇ ਗ੍ਰੰਥੀਆਣੀ ਨੇ ਆਪ ਰੋਟੀ ਤਿਆਰ ਕੀਤੀ। ਰਾਤ ਨੂੰ ਗ੍ਰੰਥੀ ਨੇ ਦੋ ਮੰਜੇ ਵੀ ਉਹਨਾਂ ਨੂੰ ਦੇ ਦਿੱਤੇ। ਇਕ ਮੰਜੇ ਉੱਤੇ ਨੋਂਹ ਸੱਸ-ਦਲੀਪ ਕੌਰ ਤੇ ਜਸਬੀਰ ਪੈ ਗਈਆਂ ਤੇ ਇਕ ਧਰਮ ਸਿੰਘ ਨੇ ਉਹਨਾਂ ਤੋਂ ਜ਼ਰਾ ਪਸਿੱਤਾ ਕਰਕੇ ਡਾਹ ਲਿਆ। ਭਿੱਖੀ ਪਿੰਡ ਵਿੱਚ ਉਹਨਾਂ ਦੀ ਇਹ ਦੂਜੀ ਰਾਤ ਕੱਟੀ।
"ਹੱਛਾ, ਬੀਬੀ ਰਾਣੀ। ਹੁਣ ਸਾਨੂੰ ਛੁੱਟੀ ਬਖ਼ਸ਼ੋ। ਤੁਹਾਡਾ ਇਹ ਹਸਾਨ ਅਸੀਂ ਸਾਰੀ ਉਮਰ ਨਹੀਂ ਭੁਲਾਂਗੇ।" ਸਵੇਰੇ ਉੱਠ ਕੇ ਦਲੀਪ ਕੌਰ ਨੇ ਤੁਰਨ ਦੇ ਇਰਾਦੇ ਨਾਲ ਕਿਹਾ।
"ਮੈਂ, ਜਲ ਪਾਣੀ ਛਕਾਏ ਬਿਨਾਂ ਨਹੀਂ ਜਾਣ ਦੇਣਾ।" ਗ੍ਰੰਥੀਆਣੀ ਨੇ ਮੁਸਕਰਾਉਂਦੇ ਚਿਹਰੇ ਨਾਲ ਕਿਹਾ।
"ਜਲ ਪਾਣੀ ਦੇ ਵੇਲੇ ਨੂੰ ਅਸਾਂ ਸੁਰਸਿੰਘ ਜਾ ਵੜਨਾ ਏਂ। ਕਿਹੜਾ ਦੂਰ ਏ। ਲੈ ਭਈ, ਭੋਲੇ। ਵੱਡੀਆਂ-ਵੱਡੀਆਂ ਉਮਰ ਵਾਲਾ ਹੋਵੇਂ। ਮਾਂ ਪਿਉ ਦੀ ਸੇਵਾ ਕਰਨ ਵਾਲਾ।" ਦਲੀਪ ਕੌਰ ਨੇ ਸੁੱਤੇ ਪਏ ਕਾਕੇ ਦੇ ਹੱਥ 'ਤੇ ਦਸਾਂ ਦਾ ਨੋਟ ਰੱਖ ਕੇ, ਸਿਰ 'ਤੇ ਪਿਆਰ ਦੇਂਦਿਆਂ ਕਿਹਾ।
"ਲੌ ਖਾਂ, ਮਾਂ ਜੀ ? ਐਡੀ ਖੋਚਲ ? ਤੁਹਾਡਾ ਆਸਰਾ ਟਕਾਣਾ ਬਣ ਲਵੇ ਕੋਈ, ਫੇਰ ਮੈਂ ਮੰਗ ਕੇ ਲੈ ਲਵਾਂਗੀ।" ਗ੍ਰੰਥੀਆਣੀ ਨੇ ਕਾਕੇ ਦੇ ਹੱਥ ਤੋਂ ਨੋਟ ਫੜ
ਕੇ ਦਲੀਪ ਕੌਰ ਨੂੰ ਵਾਪਸ ਕਰਨ ਵਾਸਤੇ ਜ਼ੋਰ ਲਾਉਂਦਿਆਂ ਕਿਹਾ।
"ਵੇਖ ਧੀਏ। ਨਾਲੇ ਤੂੰ ਜਸਬੀਰ ਦੀ ਭੈਣ ਬਣਦੀ ਏਂ, 'ਮਾਂ ਜੀ' ਆਹੰਦੀ ਏਂ, ਨਾਲੇ ਸਾਡਾ ਮਾਣ ਤੋੜਦੀ ਏਂ ? ਮੰਨਿਆਂ ਅਸੀਂ ਉੱਜੜ ਕੇ ਆਏ ਆਂ। ਐਸ ਵੇਲੇ ਸਾਡਾ ਕੋਈ ਘਰ ਘਾਟ ਨਹੀਂ, ਪਰ ਅਸੀਂ ਵਰਹਣਾ ਤਾਂ ਜਾਣਦੇ ਆਂ। ਮੇਰੇ ਘਰ ਧੀ ਕੋਈ ਨਹੀਂ ਜੰਮੀ, ਪਰ ਐਸ ਵੇਲੇ ਤਾਂ ਤੂੰ ਮੈਨੂੰ ਢਿੱਡੋਂ ਜੰਮੀ ਧੀ ਜਾਪਦੀ ਏਂ। ਕੀ ਨਾਂ ਦੱਸਿਆ ਸਈ, ਬਸੰਤ ? ਪੁੱਤ ਮੈਂ ਜੀਉਂਦੇ ਜੀਅ ਤੈਨੂੰ ਭੁੱਲਾਂਗੀ ਨਹੀਂ। ਮੇਰਾ ਪੁੱਤਰ ਜਿਉਂਦਾ ਰਹੇ। ਜ਼ਰਾ ਕਿਤੇ ਬਹਿਣ ਖਲੋਣ ਦਾ ਥਾਂ ਬਣ ਜਾਂਦਾ ਏ, ਤਾਂ ਮੈਂ ਆਵਾਂਗੀ ਤੇਰੇ ਕੋਲ।" ਦਲੀਪ ਕੌਰ ਨੇ ਉਹੀ ਨੋਟ ਫੇਰ ਕਾਕੇ ਦੇ ਹੱਥ 'ਤੇ ਧਰ ਦਿੱਤਾ।
"ਹੱਛਾ; ਬੈਠੇ ਫਿਰ। ਮੈਂ ਖਾਧੇ ਪੀਤੇ ਬਿਨਾਂ ਨਹੀਂ ਜਾਣ ਦੇਣਾ। ਨਾਲੇ ਓਨਾ ਚਿਰ ਤੱਕ ਭਰਾ ਜੀ ਵੀ ਆ ਜਾਣਗੇ।"
ਬਸੰਤ ਨੇ ਨੋਟ ਫੜ ਕੇ ਪਤੀ ਨੂੰ ਫੜਾ ਦਿੱਤਾ ਤੇ ਆਪ ਜਲ-ਪਾਣੀ ਦੇ ਆਹਰ ਲੱਗ ਪਈ।
ਜਲ-ਪਾਣੀ ਦੇ ਤਿਆਰ ਹੁੰਦਿਆਂ ਤਕ ਪਿਆਰਾ ਵੀ ਆ ਪਹੁੰਚਿਆ। ਸਾਰੇ ਰਾਹ ਉਹ ਮਾਸੀ ਦੀਆਂ ਸੂਲਾਂ ਵਾਂਗ ਚੁਭਵੀਆਂ ਗੱਲਾਂ ਯਾਦ ਕਰਦਾ ਆਇਆ ਸੀ। "ਆ ਗਏ ਓ ਮਿਲਖਾਂ ਵਾਲਿਓ। ਅਸਲੀ ਆਜ਼ਾਦੀ ਤਾਂ ਤੁਹਾਨੂੰ ਮਿਲੀ ਏ। ਤੁਸੀਂ ਲਹੌਰੀਏ ਵੀ ਕਿਸੇ ਨੂੰ ਸਿਆਣਦੇ ਨਹੀਂ ਸੀ ਹੁੰਦੇ। ਸਾਡੇ ਵਰਗੇ ਮਾੜੇ ਸਾਕ ਤਾਂ ਤੁਹਾਡੀ ਅੱਖ ਥੱਲੇ ਨਹੀਂ ਸੀ ਔਂਦੇ। ਹੁਣ ਭਾਈਆ ਸਾਡੇ ਘਰ ਆ ਜਾਏਗਾ ? ਵਸਦੇ ਰਸਦਿਆਂ ਤਾਂ ਕਦੇ ਢੀਮ ਵੀ ਨਹੀਂ ਸਾਸੂ ਮਾਰੀ। ਸੱਚੀ ਪੁੱਛੇ, ਤਾਂ ਅਸੀਂ ਤੁਹਾਡੇ ਨਾਲੋਂ ਵੀ ਔਖੇ ਆਂ। ਇਕੋ ਧੀ ਸੀ, ਉਹ ਉੱਜੜ ਕੇ ਬੂਹੇ ਆ ਬੈਠੀ ਏ। ਤੁਸੀਂ ਤਾਂ ਮੁੱਠ ਦਾ ਮਾਲ ਕੋਈ ਟੂੰਬ-ਟੱਲਾ ਲੈ ਕੇ ਆਏ ਹੋਵੋਗੇ। ਉਹ ਵਿਚਾਰੇ ਸੱਤੇ ਜੀਅ ਪਾਟੀਆਂ ਲੀਰਾਂ ਵਿੱਚ ਈ ਆਏ ਨੇ। ਹੱਛਾ ਸਾਥੋਂ ਤਾਂ ਨਹੀਂ ਮੂੰਹ ਮੋੜਿਆ ਜਾਂਦਾ। ਨਾ ਕੋਈ ਥਾਂ ਝੱਲੇਗਾ, ਤਾਂ ਆ ਜਾਇਉ ਜੇ।"
"ਸੁਣਾ ਕੀ ਹਾਲ ਏ ਤੇਰੇ ਮਾਸੀ ਮਾਸੜ ਦਾ।" ਦਲੀਪ ਕੌਰ ਨੇ ਪੁੱਤਰ ਦਾ ਅਸਲੋਂ ਹੀ ਉਤਰਿਆ ਹੋਇਆ ਚਿਹਰਾ ਵੇਖ ਕੇ ਚਿੰਤਾ ਨਾਲ ਪੁੱਛਿਆ।
"ਠੀਕ ਨੇ ਸਭ।" ਪਿਆਰੇ ਨੇ ਛੋਟਾ ਜਿਹਾ ਉੱਤਰ ਦਿੱਤਾ।
"ਕਿਉਂ ਕੀ ਗੱਲ ਏ ? ਬੋਲਦੇ ਸੀ ਕੁਛ ?"
"ਬਥੇਰਾ ਬੋਲਦੇ ਸੀ। ਬੋਲਣ ਨੂੰ ਕੀ ਸੀ।"
"ਤਾਂ ਵੀ ? ਕੀ ਆਖਿਆ ਨੇ ?"
"ਤੂੰ ਪੁੱਛ ਕੇ ਕੀ ਲੈਣਾ ਏ ?"
ਪਿਆਰੇ ਨੇ ਇਸ ਵਾਰ ਮਾਂ ਦੀਆਂ ਅੱਖਾਂ ਵਿੱਚ
ਤੱਕਦਿਆਂ ਕਿਹਾ, "ਅਸਾਂ ਓਥੇ ਨਹੀਂ ਜਾਣਾ। ਸਭ ਸਾਥ ਵਸਦਿਆਂ ਦੇ ਨੇ। ਉੱਜੜਿਆਂ ਦਾ ਕੋਈ ਨਹੀਂ ਬਣਦਾ। ਚਲੋ, ਤਿਆਰ ਹੋਵੋ।"
"ਪੁੱਤ ਪਿਆਰਿਆ। ਦਿਲ ਕਿਹੜੀ ਗੱਲ ਛੱਡਦਾ ਏਂ। ਆਹ ਵੇਖਾਂ ਰੱਬ ਨੇ ਨਵੇਂ ਸਾਕ ਬਣਾ ਦਿੱਤੇ ਨੇ। ਜਦ ਤੱਕ ਜੀਵੇਂਗਾ, ਐਸ ਬੀਬੀ ਨੂੰ ਵੱਡੀ ਭੈਣ ਸਮਝੀ।" ਧਰਮ ਸਿੰਘ ਨੇ ਪੁੱਤਰ ਨੂੰ ਹੌਂਸਲਾ ਦਿੰਦਿਆਂ ਕਿਹਾ।
"ਪੁੱਤ। ਏਸ ਬੀਬੀ ਨੇ ਸਾਡੇ ਨਾਲ ਸਕਿਆਂ ਨਾਲੋਂ ਵਧ ਕੀਤੀ ਏ। ਕਿਸੇ ਆਖਿਆ ਸੀ ਸਕਿਆਂ ਦਾ ਸੱਕ ਲੌਹਣਾ ਹੁੰਦਾ ਏ ? ਇਸ ਨੇ ।" ਦਲੀਪ ਕੌਰ ਨੇ ਬਸੰਤ ਕੌਰ ਦੇ ਚੰਗੇ ਵਰਤਾਉ ਨੂੰ ਹੋਰ ਵੀ ਵਧਾ ਕੇ ਦੱਸਿਆ। "ਤੇ ਉਹਦੇ 'ਤੇ ਕਾਹਦਾ ਗਿਲ੍ਹਾ ਕਰਦਾ ਏਂ ? ਤੇਰੀ ਸਕੀ ਮਾਸੀ ਥੋੜੀ ਸੀ। ਅੰਤ ਸ਼ਰੀਕੇ ਵਿੱਚੋਂ ਈ ਸੀ ਨਾਂ।"
ਚਾਹ ਨਾਲ ਫੁਲਕਾ ਛਕ ਕੇ ਧਰਮ ਸਿੰਘ ਹੋਰੀਂ ਤਿਆਰ ਹੋ ਪਏ।
"ਬਾਬਾ ਜੀ! ਆਹ ਚਿੱਠੀ ਲੈ ਜੋ ਮੇਰੀ। ਤਰਨ ਤਾਰਨ ਗੁਰਦੁਆਰੇ ਦੇ ਪਰਬੰਧਕਾਂ ਵਿੱਚ ਗਿਆਨੀ ਗੁਰਬਚਨ ਸਿੰਘ ਮੇਰੇ ਮਿੱਤਰ ਨੇ। ਤੁਸੀਂ ਉਹਨਾਂ ਨੂੰ ਜਾ ਮਿਲਿਓ। ਜਿੰਨੀ ਹੋ ਸਕੇਗੀ, ਉਹ ਤੁਹਾਡੀ ਮਦਦ ਕਰਨਗੇ।" ਗ੍ਰੰਥੀ ਨੇ ਬੰਦ ਕੀਤੀ ਚਿੱਠੀ ਧਰਮ ਸਿੰਘ ਦੇ ਹੱਥ ਦੇਂਦਿਆਂ ਕਿਹਾ।
ਤੁਰਨ ਲੱਗਿਆਂ ਧਰਮ ਸਿੰਘ ਤੇ ਦਲੀਪ ਕੌਰ ਨੇ ਗ੍ਰੰਥੀ ਹਰਨਾਮ ਸਿੰਘ ਤੇ ਉਸ ਦੀ ਪਤਨੀ ਬਸੰਤ ਕੌਰ ਦਾ ਸੱਚੇ ਦਿਲੋਂ ਧੰਨਵਾਦ ਕੀਤਾ। ਜਸਬੀਰ ਨੂੰ ਛਾਤੀ ਨਾਲ ਘੁੱਟਦਿਆਂ ਬਸੰਤ ਨੇ ਭਰੇ ਗਲੇ ਨਾਲ ਕਿਹਾ, "ਜਸਬੀਰ! ਤੈਨੂੰ ਤੋਰਨ ਲੱਗਿਆ ਮੇਰੇ ਜੀਅ ਨੂੰ ਕੁਛ ਹੁੰਦਾ ਏ ਪਿਆ। ਮੈਨੂੰ ਭੁੱਲ ਨਾ ਜਾਈਂ।"
"ਭੈਣ ਜੀ ? ਤੁਹਾਨੂੰ ਭੁੱਲ ਜਾਵਾਂਗੀ ?" ਜਸਬੀਰ ਉਹਦੇ ਗਲ ਨਾਲ ਲੱਗ ਕੇ ਰੋਣ ਲੱਗ ਪਈ।
ਮੀਂਹ ਬੜਾ ਭਾਰਾ ਪਿਆ ਸੀ। ਖੇਤਾਂ ਤੇ ਪਿੰਡਾਂ ਦਿਆਂ ਰਾਹਾਂ, ਡੰਡੀਆਂ ਵਿੱਚ ਸਾਰੇ ਪਾਣੀ ਭਰਿਆ ਖਲਾ ਸੀ। ਏਸ ਵਾਸਤੇ ਸੜਕੇ ਸੜਕ ਜਾਣਾ ਠੀਕ ਸਮਝਿਆ। ਓਥੇ ਉਹ ਪੱਟੀ ਵਾਲੀ ਸੜਕ ਪੈ ਤੁਰੇ। ਅੱਗੇ ਕੱਚੇ ਪੱਕੇ ਵਾਲੇ ਪੁਲ ਉੱਤੇ ਲੋਕਾਂ ਨੇ ਲੰਗਰ ਲਾਇਆ ਹੋਇਆ ਸੀ। ਚੌਹਾਂ ਨੇ ਉਥੇ ਬਹਿ ਕੇ ਦੁਪਹਿਰ ਵੇਲਾ ਛਕਿਆ। ਦਲੀਪ ਕੌਰ ਥੱਕ ਕੇ ਚੂਰ ਹੋ ਗਈ ਸੀ। ਜਸਬੀਰ ਨੇ ਸੰਗਦਿਆਂ ਝਿਜਕਦਿਆਂ ਸੱਸ ਦੀਆਂ ਲੱਤਾਂ ਨੱਪਣੀਆਂ ਸ਼ੁਰੂ ਕਰ ਦਿੱਤੀਆਂ।
"ਰਹਿਣ ਦੇ ਪੁੱਤ। ਜਿਸ ਸੱਸ ਨੇ ਤੇਰੇ ਸਿਰ ਤੋਂ ਪਾਣੀ ਵਾਰ ਕੇ ਹੀ ਨਹੀਂ ਪੀਤਾ, ਉਹਦੀ ਸੇਵਾ ਕੀ ਕਰਨੀ ਉਂ।" ਦਲੀਪ ਕੌਰ ਨੇ ਠੰਡਾ ਸਾਹ ਭਰ ਕੇ ਕਿਹਾ।
"ਮਾਂ ਜੀ! ਇਉਂ ਨਾ ਆਖੋ। ਮੈਂ ਤਾਂ...।" ਜਸਬੀਰ ਦੀਆਂ ਅੱਖਾਂ ਭਰ
ਆਈਆਂ। ਅੰਦਰ ਦੀ ਗੱਲ ਉਹਨੇ ਅੰਦਰੇ ਰੋਕ ਲਈ।
"ਮਾਂ! ਮੈਂ ਨੱਪ ਦਿਆਂ ?" ਪਿਆਰੇ ਨੇ ਬਹਾਨੇ ਨਾਲ ਜ਼ਰਾ ਨੇੜੇ ਹੁੰਦਿਆਂ ਕਿਹਾ।
"ਨਹੀਂ ਠੀਕ ਏ। ਪੰਧ ਕਾਹਨੂੰ ਖੋਟਾ ਕਰਦੇ ਆਂ।"
ਜਸਬੀਰ ਨੇ ਘੁੰਡ ਵਾਲਾ ਪੱਲਾ ਥੋੜ੍ਹਾ ਜਿਹਾ ਹੋਰ ਨੀਵਾਂ ਕਰ ਲਿਆ।
"ਰਹਿਣ ਦਿਹ ਪੁੱਤ। ਪਿਆਰੇ ਕੋਲੋਂ ਹੁਣ ਘੁੰਡ ਕੀ ਕੱਢਣਾ ਈਂ। ਐਵੇਂ ਵੇਖਣ ਵਾਲੇ ਨੂੰ ਓਪਰੇ-ਓਪਰੇ ਲੱਗਦੇ ਓ। ਨਾਲੇ ਤੇਰਾ ਮੂੰਹ ਤਾਂ ਇਹਨੇ ਫੇਰਿਆਂ ਵੇਲੇ ਈ ਵੇਖ ਲਿਆ ਸੀ।" ਦਲੀਪ ਕੌਰ ਨੇ ਨੀਂਹ ਦਾ ਪੱਲਾ ਚੁੱਕ ਕੇ ਸਿਰ ਉੱਤੇ ਉਲਟਾ ਦਿੱਤਾ। ''ਰੱਬ ਕਿਤੇ ਘਰ ਬੈਠਿਆਂ ਇਹ ਖ਼ੁਸ਼ੀਆਂ ਵਜੋਂਦਾ। ਰਾਜਕੁਮਾਰੀ ਨੋਂਹ ਤਾਂ, ਮਹਿਲਾਂ ਵਿੱਚ ਰਹਿਣ ਵਾਲੀ। ਪੁੱਤ ਪਿਆਰਿਆ। ਅਕਲ ਆਲਾ ਹੋਵੇਂਗਾ ਤਾਂ ਮੇਰੀ ਨੀਂਹ ਦਾ ਕਦੇ ਮੂੰਹ ਨਾ ਫਿਟਕਾਰੇਂਗਾ। ਇਹਦੇ ਮਾਂ ਪਿਉ ਨੇ ਸਾਡੇ ਨਾਲ ਸਤਜੁਗ ਵਾਲੀ ਕੀਤੀ ਏ। ਬਚਨ ਪਾਲਿਆ ਏ। ...ਚਲੋ ਉਠੋ।"
ਦੋ ਘੜੀਆਂ ਸਾਹ ਲੈ ਕੇ ਪਾਂਧੀ ਫੇਰ ਤੁਰ ਪਏ।
"ਚਲੋ ਤੁਸੀਂ ਦੋਵੇਂ ਅੱਗੇ-ਅੱਗੇ ਤੁਰੋ। ਜਸਬੀਰ ਨੂੰ ਤੇਰੇ ਬਾਪੂ ਕੋਲੋਂ ਪੱਲਾ ਲੈਣਾ ਪੈਂਦਾ ਏ।" ਚੱਜ ਨਾਲ ਦਲੀਪ ਕੌਰ ਨੇ ਨੋਂਹ ਪੁੱਤ ਨੂੰ ਗੱਲਾਂ ਕਰਨ ਦਾ ਮੌਕਿਆ ਦੇ ਦਿੱਤਾ।
ਖਾਲੜੇ ਤੋਂ ਖ਼ਰੀਦੇ ਪਰਨੇ ਦੇ ਇਕ ਪੱਲੇ ਨਾਲ ਜਸਬੀਰ ਦੇ ਲੀੜੇ ਤੇ ਗਲਾਸ ਬੰਨ੍ਹ ਕੇ ਪਿਆਰੇ ਨੇ ਮੋਢੇ ਉੱਤੇ ਸੁੱਟ ਲਿਆ। ਦੂੱਜੇ ਹੱਥ ਵਿੱਚ ਉਹਨੇ ਬਾਲਟੀ ਲਟਕਾ ਲਈ। ਪਤਾ ਨਹੀਂ ਜਵਾਨਾਂ ਨੇ ਚਾਲ ਤੇਜ਼ ਕਰ ਲਈ ਜਾਂ ਬਿਰਧਾਂ ਨੇ ਹੀ ਜਾਣ ਕੇ ਕਦਮ ਹੌਲੇ ਕਰ ਲਏ, ਦੋ ਫਰਲਾਂਗ ਜਾਂਦਿਆਂ ਤਕ ਦੋਹਾਂ ਧਿਰਾਂ ਵਿੱਚ ਅੱਧੀ ਕੁ ਪੈਲੀ ਦੀ ਵਿੱਥ ਪੈ ਗਈ। ਉਹ ਨਹਿਰੇ ਨਹਿਰ ਤਰਨ ਤਾਰਨ ਨੂੰ ਤੁਰੇ ਜਾ ਰਹੇ ਸਨ।
"ਜਸਬੀਰ!" ਖੱਬੇ ਹੱਥ ਬਰਾਬਰ 'ਤੇ ਜਾ ਰਹੀ ਸਾਥਣ ਵੱਲ ਪਿਆਰੇ ਨੇ ਮੁਹੱਬਤ ਭਰੀ ਨਿਗ੍ਹਾ ਨਾਲ ਤਕਦਿਆਂ ਕਿਹਾ। ਬੁਲਾਉਣ ਵਿੱਚ ਪਹਿਲ ਕਰਨੀ ਉਹਨੇ ਆਪਣਾ ਫ਼ਰਜ਼ ਸਮਝਿਆ।
"ਜੀ!" ਸ਼ਰਮਾਈਆਂ ਹੋਈਆਂ ਨਜ਼ਰਾਂ ਨਾਲ ਜਸਬੀਰ ਨੇ ਪਤੀ ਦੇ ਪੈਰਾਂ ਵੱਲ ਝਾਕਦਿਆਂ ਮਸਾਂ ਇਕ ਅੱਖਰਾ ਸ਼ਬਦ ਉਚਾਰਿਆ।
"ਤੂੰ ਵੀ ਯਾਦ ਰੱਖੇਂਗੀ, ਕਿ ਤੇਰਾ ਵਿਆਹ ਹੋਇਆ ਸੀ। ਨਾ ਜੰਞ, ਨਾ ਡੋਲਾ, ਨਾ ਵਰੀ, ਨਾ ਗਹਿਣੇ।"
"ਇਉਂ ਨਾ ਆਖੋ। ਤੁਸਾਂ ਨਮਾਣੀ ਨੂੰ ਲੜ ਲਾ ਲਿਆ, ਮੈਨੂੰ ਸਭ ਕੁਛ ਮਿਲ
ਗਿਆ। ਲੱਖ ਸ਼ੁਕਰ ਏ ਉਹਦਾ, ਇੱਜ਼ਤ ਬਚ ਕੇ ਆ ਗਈ। ਮੇਰੀਆਂ ਦੋ ਸਹੇਲੀਆਂ ਨੂੰ ਮੁਸਲਮਾਨ ਚੁੱਕ ਕੇ ਲੈ ਗਏ ਸਨ। ਮੇਰੇ ਭਰਾ ਨੇ ਸਾਡੀ ਇੱਜ਼ਤ ਬਚਾ ਲਈ, ਪਰ ਆਪਣੀ ਜਾਨ ਦੇ ਦਿੱਤੀ।"
"ਮਰਦ ਆਪਣੀਆਂ ਅੱਖਾਂ ਸਾਮ੍ਹਣੇ ਇੱਜ਼ਤ ਨੂੰ ਹੱਥ ਪੌਣ ਦੇਂਦਾ ਏ ਜਿਉਂਦੀ ਜਾਨ ? ਉਹ ਮਰਦ ਸੀ ਤੇ ਮਰਦਾਂ ਦੀ ਮੌਤ ਮਰ ਗਿਆ। ਸਾਨੂੰ ਘੱਟ ਦੁੱਖ ਨਹੀਂ, ਪਰ ਭਾਣਾ ਮਾਲਕ ਦਾ।"
ਦੁੱਖਾਂ ਮਾਰਿਆਂ ਦੀ ਪਹਿਲੀ ਮੁਲਾਕਾਤ ਵੀ ਦੂਸਰਿਆਂ ਨਾਲੋਂ ਅਨੋਖੀ ਹੀ ਹੁੰਦੀ ਹੈ। ਉਹ ਏਹੋ ਜੇਹੀਆਂ ਗੱਲਾਂ ਕਰਦੇ ਜਾ ਰਹੇ ਸਨ ਜਿਵੇਂ ਪੰਜਾਂ-ਸੱਤਾਂ ਵਰ੍ਹਿਆਂ ਦੇ ਵਿਆਹੇ ਹੁੰਦੇ ਹਨ। ਫਿਰ ਵੀ ਉਹਨਾਂ ਨੂੰ ਇਕ-ਦੂਜੇ ਦਾ ਸਾਥ ਚੰਗਾ-ਚੰਗਾ ਲੱਗ ਰਿਹਾ ਸੀ। ਹਾਂ, ਉਹਨਾਂ ਦੀ ਤੱਕਣੀ ਵਿੱਚ ਸੱਜਰਾਪਨ ਸੀ, ਜੋ ਦੋਹਾਂ ਦਿਲਾਂ ਵਿੱਚ ਹਲਚਲ ਮਚਾ ਰਿਹਾ ਸੀ। ਚਲਦਿਆਂ-ਚਲਦਿਆਂ ਪਿਆਰੇ ਨੇ ਖੱਬਾ ਹੱਥ ਵਧਾ ਕੇ ਜਸਬੀਰ ਦਾ ਹੱਥ ਫੜ ਲਿਆ। ਦੋਹਾਂ ਜੁਆਨ ਜੁੱਸਿਆਂ ਵਿੱਚ ਬਿਜਲੀ ਦੀ ਲਹਿਰ ਦੌੜ ਗਈ। ਅੱਖਾਂ ਚਾਰ ਹੋਈਆਂ। ਜਸਬੀਰ ਨੇ ਬਿਨਾਂ ਬੋਲਿਆਂ ਹੀ ਜਿਵੇਂ ਪ੍ਰਣ ਕਰ ਲਿਆ। "ਮੈਂ ਤੇਰੀ ਆਂ ਤੇਰੀ, ਜਨਮਾਂ ਤੋਂ ਤੇਰੀ।" ਪਿਆਰੇ ਦੀਆਂ ਅੱਖਾਂ ਸਾਹਮਣੇ ਨੂਰਾਂ ਦੀ ਸ਼ਕਲ ਆਈ ਤੇ ਝੱਟ ਹੀ ਉਸ ਨੇ ਜਸਬੀਰ ਦਾ ਰੂਪ ਧਾਰ ਲਿਆ।
ਅਗਲੇ ਪੁਲ 'ਤੇ ਜਾ ਕੇ ਪਿਆਰੇ ਹੋਰੀਂ ਖਲੋ ਗਏ। ਜਸਬੀਰ ਉਹਦੇ ਵੱਲੇ ਪਿਛਾ ਕਰ ਖਲੀ, ਜਿਵੇਂ ਉਹ ਇਕ ਦੂਜੇ ਦੇ ਜਾਣੂ ਤਕ ਨਾ ਹੋਣ।
“ਮਾਂ! ਥੱਕ ਗਈ ਏਂ, ਤਾਂ ਸਾਹ ਲੈ ਲਈਏ ?" ਪਿਆਰੇ ਨੂੰ ਮਾਂ ਦਾ ਬਹੁਤ ਫ਼ਿਕਰ ਸੀ।
"ਥੱਕਣ ਵਾਲੀ ਉਮਰ ਤਾਂ ਨਹੀਂ ਸੀ ਅਜੇ, ਪਰ ਪ੍ਰੀਤੂ ਲੱਕ ਤੋੜ ਗਿਆ।" ਦਲੀਪ ਕੌਰ ਦੀਆਂ ਅੱਖਾਂ ਸਾਮ੍ਹਣੇ ਉਸ ਵੇਲੇ ਪ੍ਰੀਤੂ ਦਾ ਉਦਾਸਿਆ ਚਿਹਰਾ ਫਿਰ ਰਿਹਾ ਸੀ।
"ਤੇਰਾ ਪ੍ਰੀਤੂ ਤਾਂ ਖਵਰੇ ਜਿਉਂਦਾ ਹੋਵੇਗਾ ਤਾਂ ਕਦੇ ਮਿਲ ਈ ਪਵੇਗਾ। ਉਹਨਾਂ ਵੱਲੋ ਵੇਖ ਖਾਂ ਜਿਨ੍ਹਾਂ ਦੇ ਅੱਖਾਂ ਸਾਮ੍ਹਣੇ ਮਾਰੇ ਗਏ ਨੇ। ਭਾਣਾ ਮੰਨੋ। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ। ਹੁਣ ਝੁਰਿਆ ਕੀ ਬਣਦਾ ਏ।" ਧਰਮ ਸਿੰਘ ਨੇ ਉਪਦੇਸ਼ ਦਿੰਦਿਆਂ ਕਿਹਾ। "ਚਲੋ ਪੁੱਤ, ਕਿਸੇ ਤਣ ਪੱਤਣ ਲਗੀਏ।"
ਚਾਰੇ ਫੇਰ ਤੁਰ ਪਏ। ਬਹਿੰਦੇ ਖਲੋਂਦੇ ਲੱਤਾਂ ਧੂਹਦੇ ਉਹ ਸ਼ਹਾਬ ਪੂਰੇ ਦੇ ਪੁਲ 'ਤੇ ਜਾ ਖਲੇ। ਦਸ ਮਿੰਟ ਸਾਹ ਲੈ ਕੇ ਉਹ ਫੇਰ ਅਗਾਂ ਤੁਰ ਪਏ। ਨਹਿਰ ਦੀ ਪੱਧਰੀ ਪਟੜੀ 'ਤੇ ਉਹ ਥੱਕੇ ਹਾਰੇ ਤੁਰੇ ਜਾ ਰਹੇ ਸਨ। ਅੱਗੋਂ ਉਹਨਾਂ ਨੂੰ ਪੈਦਲ ਆਉਂਦੇ ਦੋ
ਗਿਆ। ਲੱਖ ਸ਼ੁਕਰ ਏ ਉਹਦਾ, ਇੱਜ਼ਤ ਬਚ ਕੇ ਆ ਗਈ। ਮੇਰੀਆਂ ਦੋ ਸਹੇਲੀਆਂ ਨੂੰ ਮੁਸਲਮਾਨ ਚੁੱਕ ਕੇ ਲੈ ਗਏ ਸਨ। ਮੇਰੇ ਭਰਾ ਨੇ ਸਾਡੀ ਇੱਜ਼ਤ ਬਚਾ ਲਈ, ਪਰ ਆਪਣੀ ਜਾਨ ਦੇ ਦਿੱਤੀ।"
"ਮਰਦ ਆਪਣੀਆਂ ਅੱਖਾਂ ਸਾਮ੍ਹਣੇ ਇੱਜ਼ਤ ਨੂੰ ਹੱਥ ਪੌਣ ਦੇਂਦਾ ਏ ਜਿਉਂਦੀ ਜਾਨ ? ਉਹ ਮਰਦ ਸੀ ਤੇ ਮਰਦਾਂ ਦੀ ਮੌਤ ਮਰ ਗਿਆ। ਸਾਨੂੰ ਘੱਟ ਦੁੱਖ ਨਹੀਂ, ਪਰ ਭਾਣਾ ਮਾਲਕ ਦਾ।"
ਦੁੱਖਾਂ ਮਾਰਿਆਂ ਦੀ ਪਹਿਲੀ ਮੁਲਾਕਾਤ ਵੀ ਦੂਸਰਿਆਂ ਨਾਲੋਂ ਅਨੋਖੀ ਹੀ ਹੁੰਦੀ ਹੈ। ਉਹ ਏਹੋ ਜੇਹੀਆਂ ਗੱਲਾਂ ਕਰਦੇ ਜਾ ਰਹੇ ਸਨ ਜਿਵੇਂ ਪੰਜਾਂ-ਸੱਤਾਂ ਵਰ੍ਹਿਆਂ ਦੇ ਵਿਆਹੇ ਹੁੰਦੇ ਹਨ। ਫਿਰ ਵੀ ਉਹਨਾਂ ਨੂੰ ਇਕ-ਦੂਜੇ ਦਾ ਸਾਥ ਚੰਗਾ-ਚੰਗਾ ਲੱਗ ਰਿਹਾ ਸੀ। ਹਾਂ, ਉਹਨਾਂ ਦੀ ਤੱਕਣੀ ਵਿੱਚ ਸੱਜਰਾਪਨ ਸੀ, ਜੋ ਦੋਹਾਂ ਦਿਲਾਂ ਵਿੱਚ ਹਲਚਲ ਮਚਾ ਰਿਹਾ ਸੀ। ਚਲਦਿਆਂ-ਚਲਦਿਆਂ ਪਿਆਰੇ ਨੇ ਖੱਬਾ ਹੱਥ ਵਧਾ ਕੇ ਜਸਬੀਰ ਦਾ ਹੱਥ ਫੜ ਲਿਆ। ਦੋਹਾਂ ਜੁਆਨ ਜੁੱਸਿਆਂ ਵਿੱਚ ਬਿਜਲੀ ਦੀ ਲਹਿਰ ਦੌੜ ਗਈ। ਅੱਖਾਂ ਚਾਰ ਹੋਈਆਂ। ਜਸਬੀਰ ਨੇ ਬਿਨਾਂ ਬੋਲਿਆਂ ਹੀ ਜਿਵੇਂ ਪ੍ਰਣ ਕਰ ਲਿਆ। "ਮੈਂ ਤੇਰੀ ਆਂ ਤੇਰੀ, ਜਨਮਾਂ ਤੋਂ ਤੇਰੀ।" ਪਿਆਰੇ ਦੀਆਂ ਅੱਖਾਂ ਸਾਹਮਣੇ ਨੂਰਾਂ ਦੀ ਸ਼ਕਲ ਆਈ ਤੇ ਝੱਟ ਹੀ ਉਸ ਨੇ ਜਸਬੀਰ ਦਾ ਰੂਪ ਧਾਰ ਲਿਆ।
ਅਗਲੇ ਪੁਲ 'ਤੇ ਜਾ ਕੇ ਪਿਆਰੇ ਹੋਰੀਂ ਖਲੋ ਗਏ। ਜਸਬੀਰ ਉਹਦੇ ਵੱਲੋਂ ਪਿਛਾ ਕਰ ਖਲੀ, ਜਿਵੇਂ ਉਹ ਇਕ ਦੂਜੇ ਦੇ ਜਾਣੂ ਤਕ ਨਾ ਹੋਣ।
"ਮਾਂ। ਥੱਕ ਗਈ ਏਂ, ਤਾਂ ਸਾਹ ਲੈ ਲਈਏ ?" ਪਿਆਰੇ ਨੂੰ ਮਾਂ ਦਾ ਬਹੁਤ ਫ਼ਿਕਰ ਸੀ।
"ਥੱਕਣ ਵਾਲੀ ਉਮਰ ਤਾਂ ਨਹੀਂ ਸੀ ਅਜੇ, ਪਰ ਪ੍ਰੀਤੂ ਲੱਕ ਤੋੜ ਗਿਆ।" ਦਲੀਪ ਕੌਰ ਦੀਆਂ ਅੱਖਾਂ ਸਾਮ੍ਹਣੇ ਉਸ ਵੇਲੇ ਪ੍ਰੀਤੂ ਦਾ ਉਦਾਸਿਆ ਚਿਹਰਾ ਫਿਰ ਰਿਹਾ ਸੀ।
"ਤੇਰਾ ਪ੍ਰੀਤੂ ਤਾਂ ਖਵਰੇ ਜਿਉਂਦਾ ਹੋਵੇਗਾ ਤਾਂ ਕਦੇ ਮਿਲ ਈ ਪਵੇਗਾ। ਉਹਨਾਂ ਵੱਲੇ ਵੇਖ ਖਾਂ ਜਿਨ੍ਹਾਂ ਦੇ ਅੱਖਾਂ ਸਾਮ੍ਹਣੇ ਮਾਰੇ ਗਏ ਨੇ। ਭਾਣਾ ਮੰਨੋ। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ। ਹੁਣ ਝੁਰਿਆ ਕੀ ਬਣਦਾ ਏ।" ਧਰਮ ਸਿੰਘ ਨੇ ਉਪਦੇਸ਼ ਦੇਂਦਿਆਂ ਕਿਹਾ। "ਚਲੋ ਪੁੱਤ, ਕਿਸੇ ਤਣ ਪੱਤਣ ਲਗੀਏ।"
ਚਾਰੇ ਫੇਰ ਤੁਰ ਪਏ। ਬਹਿੰਦੇ ਖਲੋਂਦੇ ਲੱਤਾਂ ਧੂਹਦੇ ਉਹ ਸ਼ਹਾਬ ਪੁਰੇ ਦੇ ਪੁਲ 'ਤੇ ਜਾ ਖਲੇ। ਦਸ ਮਿੰਟ ਸਾਹ ਲੈ ਕੇ ਉਹ ਫੇਰ ਅਗ੍ਹਾਂ ਤੁਰ ਪਏ। ਨਹਿਰ ਦੀ ਪੱਧਰੀ ਪਟੜੀ 'ਤੇ ਉਹ ਥੱਕੇ ਹਾਰੇ ਤੁਰੇ ਜਾ ਰਹੇ ਸਨ। ਅੱਗੋਂ ਉਹਨਾਂ ਨੂੰ ਪੈਦਲ ਆਉਂਦੇ ਦੋ
ਆਦਮੀ ਮਿਲੇ। ਉਹਨਾਂ ਵਿੱਚੋਂ ਵਡੇਰੀ ਉਮਰ ਵਾਲੇ ਨੇ ਧਰਮ ਸਿੰਘ ਨੂੰ ਬੜੇ ਧਿਆਨ ਨਾਲ ਤਕਿਆ। ਇਉਂ ਭਾਸਦਾ ਸੀ, ਜਿਵੇਂ ਉਹ ਯਾਦ ਸ਼ਕਤੀ 'ਤੇ ਜ਼ੋਰ ਪਾ ਕੇ ਧਰਮ ਸਿੰਘ ਨੂੰ ਸਿਆਨਣ ਦਾ ਯਤਨ ਕਰ ਰਿਹਾ ਹੋਵੇ।
"ਸਰਦਾਰ ਸਾਹਿਬ! ਕਿੱਥੇ ਨੇ ਘਰ ?"
"ਸਰਦਾਰ ਜੀ। ਕਿਥੇ ਦੱਸੀਏ ? ਹੁਣ ਤਾਂ ਆਹ ਸੜਕਾਂ ਈ ਸਾਡੇ ਘਰ ਟਿਕਾਣੇ ਨੇ।" ਧਰਮ ਸਿੰਘ ਨੇ ਉਦਾਸ ਸੁਰ ਵਿੱਚ ਉੱਤਰ ਦਿੱਤਾ।
"ਤਾਂ ਵੀ। ਖਲੋਵੋ ਨਾ ਜ਼ਰਾ। ਤੁਹਾਡੇ ਘਰ ਸਗੋਂ ਬਰਕੀ ਤਾਂ ਨਹੀਂ ? ਤੇ ਨਾਂ ਸ: ਧਰਮ ਸਿੰਘ।"
"ਹਾਂ, ਮੈਂ ਬਰਕੀ ਤੋਂ ਧਰਮ ਸਿੰਘ ਈ ਆਂ। ਪਰ ਮੈਂ ਤੁਹਾਨੂੰ ਨਹੀਂ ਪਛਾਣ ਸਕਿਆ।" ਧਰਮ ਸਿੰਘ ਖਲੋ ਕੇ ਬੜੇ ਧਿਆਨ ਨਾਲ ਉਸ ਵੱਲ ਵੇਖਣ ਲੱਗਾ।
"ਤੁਸਾਂ ਨਹੀਂ ਸਿਆਣਿਆ, ਪਰ ਮੈਂ ਕਿਵੇਂ ਭੁੱਲ ਸਕਦਾ ਸਾਂ। ਮੈਂ ਐਥੋਂ ਸ਼ਹਾਬਪੁਰੇ ਤੋਂ ਸੋਹਣ ਸਿੰਘ ਆਂ। ਪਿਛਲੇ ਸਾਲ ਲਾਹੌਰ ਚਾਰਾਗਾਂ ਦੇ ਮੇਲੇ 'ਤੇ ਅਸੀਂ ਘੋੜੀਆਂ ਲੈ ਕੇ ਗਏ ਸਾਂ। ਦੋ ਆਦਮੀ ਸੀ ਤੇ ਤਿੰਨ ਪਸ਼ੂ ਸਨ ਸਾਡੇ ਕੋਲ। ਰਾਤ ਅਸਾਂ ਤੁਹਾਡੇ ਘਰ ਕੱਟੀ ਸੀ। ਜਿੰਨੀ ਤੁਸਾਂ ਸਾਡੀ ਸੇਵਾ ਕੀਤੀ ਸੀ, ਆਦਮੀ ਕਿਵੇਂ ਭੁਲਾ ਸਕਦਾ ਏ। ਚਲੋ ਹੁਣ ਘਰ ਚਲੀਏ। ਏਥੇ ਖਲੋਤੇ ਆਪਾਂ ਕੀ ਗੱਲਾਂ ਕਰਾਂਗੇ।"
"ਮਿਹਰਬਾਨੀ ਤੁਹਾਡੀ। ਅਸੀਂ ਹੁਣ ਤਰਨ ਤਾਰਨ ਅੱਪੜ ਈ ਖਲੇ ਆਂ।" ਧਰਮ ਸਿੰਘ ਦੀ ਇਹ ਨਾਂਹ ਰਸਮੀ ਸੀ।
"ਸੰਗ-ਸੰਗਾਂ ਖ਼ੁਸ਼ੀ ਰੱਖੋ। ਮੈਂ ਤੁਹਾਨੂੰ ਅਗਾਂ ਜਾਣ ਨਹੀਂ ਦੇਣਾ। ਅਹੁ ਕਾਕਾ ਏ ਆਪਣਾ ? ਉਹਨਾਂ ਨੂੰ ਵਾਜ ਮਾਰ ਲਵੋ।"
"ਭਰਾ ਜੀ! ਅਸੀਂ ਤਾਂ ਕਰਮਾਂ ਮਾਰੇ ਆਂ। ਤੁਹਾਨੂੰ ਕਾਹਨੂੰ ਔਖਿਆਂ ਕਰੀਏ।" ਦਿਲੋਂ ਰਹਿਣਾ ਚਾਹੁੰਦੀ ਹੋਈ ਦਲੀਪ ਕੌਰ ਉੱਪਰੋਂ ਨਾਂਹ ਕਰ ਰਹੀ ਸੀ।
"ਔਖਿਆਂ ਕਿਸ ਗੱਲੋਂ ਭੈਣ ਜੀ। ਤੁਹਾਡਾ ਘਰ ਏ। ਵੇਖੋ ਜੋ ਤੁਹਾਡੇ ਨਾਲ ਵਾਪਰੀ ਏ, ਉਹਦਾ ਦੁੱਖ ਤਾਂ ਤੁਸੀਂ ਸਮਝ ਸਕਦੇ ਓ, ਪਰ ਅਸੀਂ ਵੀ ਜਿੰਨੇ ਜੋਗੇ ਆਂ ਕੁਛ ਥੋੜ੍ਹਾ ਬਹੁਤ ਹੱਥ ਵਟਾ ਈ ਸਕਦੇ ਆ ਨਾ। ਕਾਕੇ ਨੂੰ ਵਾਜ ਮਾਰੋ, ਆ ਜੋ ਕਾਕਾ ਜੀ। ਹਾਂ ਨਾਲੇ ਏਥੇ ਮੁਸਲਮਾਨਾਂ ਦੀ ਜ਼ਮੀਨ ਵੀ ਹੋਗੀ ਏ ਤੇ ਮਕਾਨ ਵੀ ਬਥੇਰੇ ਖ਼ਾਲੀ ਪਏ ਨੇ। ਪਰ ਇਹ ਸਾਰੀਆਂ ਸਲਾਹੀ ਆਪਾਂ ਘਰ ਬਹਿ ਕੇ ਕਰਾਂਗੇ। ਆਉ ਚਲੀਏ। ਚੌਂਹ ਪੰਜਾਂ ਦਿਨਾਂ ਦੇ ਜੋ ਕੁਛ ਵੇਖ ਸੁਣ ਰਹੇ ਆਂ, ਕਲੇਜਾ ਪਾਟਦਾ ਏ। ਤੁਸੀਂ ਓਧਰੋਂ ਉੱਜੜ ਕੇ ਔਣ ਵਾਲੇ ਸਾਡਾ ਲਹੂ ਮਾਸ ਓ। ਬਥੇਰਾ ਦੁੱਖ ਹੁੰਦਾ ਏ ਵੇਖ ਕੇ ਪਰ ਕੀ ਕੀਤਾ ਜਾਵੇ। ਜੋ ਤੁਹਾਡਾ ਖਲਜਗਣ ਸੀ ਓਥੇ, ਅਸੀਂ ਭਲਾ ਵੇਖ
ਕੇ ਨਹੀਂ ਆਏ ? ਤੇ ਹੁਣ ਤੁਸਾਂ ਚਾਰੇ ਜੀਅ ਸੱਖਣੇ ਹੱਥੀਂ। ਰੰਗ ਨੇ ਮਾਲਕ ਦੇ। ਆਓ ਚੱਲੀਏ।"
ਚਾਰੇ ਜਣੇ ਸੋਹਣ ਸਿੰਘ ਦੇ ਮਗਰ ਲੱਗ ਕੇ ਤੁਰ ਪਏ।
੧੫.
ਉਹ ਰਾਤ ਉਹਨਾਂ ਸ. ਸੋਹਣ ਸਿੰਘ ਦੇ ਘਰ ਕੱਟੀ। ਪਹਿਰ ਡੇਢ ਪਹਿਰ ਰਾਤ ਤਕ ਦੋਵੇਂ ਪਰਵਾਰ ਦੁੱਖ ਸੁੱਖ ਦੀਆਂ ਗੱਲਾਂ ਬਾਤਾਂ ਕਰਦੇ ਰਹੇ। ਸੋਹਣ ਸਿੰਘ ਏਸ ਗੱਲ 'ਤੇ ਜ਼ੋਰ ਦੇਂਦਾ ਰਿਹਾ ਕਿ ਧਰਮ ਸਿੰਘ ਓਥੇ ਹੀ ਜ਼ਮੀਨ ਅਲਾਟ ਕਰਾ ਕੇ ਬਹਿ ਜਾਵੇ। ਉਹਨੇ ਭਰੋਸਾ ਦੁਆਉਂਦਿਆਂ ਕਿਹਾ, "ਵੇਖੋ ਨਾ। ਏਥੇ ਆਖਰ ਕਿਸੇ ਆ ਕੇ ਬਹਿਣਾ ਈ ਏਂ। ਸਾਡੇ ਪਿੰਡ ਮੁਸਲਮਾਨਾਂ ਦੀ ਚੋਖੀ ਜ਼ਮੀਨ ਏਂ। ਮਾੜੇ-ਮੋਟੇ ਮਕਾਨ ਵੀ ਬਥੇਰੇ ਨੇ। ਬਹੁਤਾ ਸਮਾਨ ਤਾਂ ਲੁਟੇਰਿਆਂ ਨੇ ਉਸ ਹਲਚਲੇ ਵਿੱਚ ਲੁੱਟ ਲਿਆ। ਫੇਰ ਵੀ ਪੰਚੈਤ ਨੇ ਬਥੇਰਾ ਕੱਠਾ ਕਰਕੇ ਗੁਰਦੁਆਰੇ ਸਾਂਭਿਆ ਹੋਇਆ ਏ। ਬਾਹਰ ਮੁਸਲਮਾਨਾਂ ਦੇ ਝੋਨੇ ਤੇ ਕਮਾਦ ਅਸਾਂ ਉਜੜਨ ਨਹੀਂ ਦਿੱਤੇ। ਮੈਂ ਪੰਚੇਤ ਦਾ ਮੈਂਬਰ ਆਂ। ਤੁਹਾਡੇ ਪੈਰਾਂ ਦੀ ਖਰੈਤ ਨੰਬਰਦਾਰੀ ਵੀ ਹੋਈ। ਆਪ ਸਾਡੀ ਬੇਨਤੀ ਮੰਨ ਲਵੋ। ਏਥੇ ਅਸੀਂ ਤੁਹਾਡੀ ਬਥੇਰੀ ਮਦਦ ਕਰ ਸਕਦੇ ਆਂ। ਜ਼ਮੀਨ ਅਲਾਟ ਕਰਾ ਦੇਣੀ, ਤੇ ਤੁਹਾਡੀ ਮਨ-ਮਰਜ਼ੀ ਦਾ ਮਕਾਨ ਲੈ ਦੇਣਾ ਮੇਰੇ ਜੁੰਮੇ ਰਿਹਾ।”
"ਭਰਾ ਜੀ! ਤੁਸਾਂ ਈ ਕਰਨਾ ਏ ਨਾ ਸਭ ਕੁਛ। ਹੋਰ ਸਾਡੇ ਹੱਥ ਪੱਲੇ ਕੀ ਆ। ਤੇ ਅਸੀਂ ਹੈਗੇ ਵੀ ਕਾਹਦੇ ਜੋਗੇ ਆਂ। ਐਸ ਵੇਲੇ ਗਲੀਆਂ ਦੇ ਕੱਖ ਕੰਮ ਦੇ ਨੇ, ਪਰ ਅਸੀਂ ਕਿਸੇ ਕੰਮ ਨਹੀਂ।" ਦਲੀਪ ਕੌਰ ਦੀ ਵਾਜ ਵਿੱਚ ਨਿਰਾਸਤਾ ਭਰੀ ਹੋਈ ਸੀ।
"ਭੈਣ ਜੀ, ਸਾਡੇ ਤੁਸੀਂ ਅਜੇ ਵੀ ਸੈਹਬ ਓ। ਜਿੰਨੇ ਜੋਗੇ ਹੋਗੇ ਆਂ; ਅਸੀਂ ਪਾਸਾ ਨਹੀਂ ਮੋੜਾਂਗੇ। ਅਸਾਂ ਤੁਹਾਨੂੰ ਘਰ ਵਸਦਿਆਂ ਵੇਖਿਆ ਸੀ। ਅੱਜ ਤੁਹਾਡੀ ਹਾਲਤ ਵੇਖ ਕੇ ਰੋਣਾ ਔਂਦਾ ਏ, ਪਰ ਕਿਸੇ ਦੇ ਵੱਸ ਕੁਛ ਨਹੀਂ। ਇਹ ਰਾਜ-ਰੌਲਾ ਜੁ ਹੋਇਆ। ਏਹੋ ਜੇਹੇ ਸਮੇਂ ਕੋਈ ਸ਼ਾਹਾਂ ਤੋਂ ਫ਼ਕੀਰ ਤੇ ਫ਼ਕੀਰਾਂ ਤੋਂ ਸ਼ਾਹ ਬਣ ਜਾਂਦੇ ਨੇ। ਫੇਰ, ਤੁਹਾਡੇ ਨਾਲ ਵਾਪਰੀਆਂ ਸੁਣ ਕੇ ਭਲਾ ਕੀਹਦਾ ਦਿਲ ਨਹੀਂ ਪਾਟਦਾ।"
"ਜੀ, ਮਾਵਾਂ ਦੇ ਪੁੱਤਰ ਵਿਛੜ ਜਾਣ ਤਾਂ ਉਹ ਜਿਉਂਦੀਆਂ ਮਰ ਜਾਂਦੀਆਂ ਨੇ।" ਕੋਲੋਂ ਸੋਹਣ ਸਿੰਘ ਦੀ ਪਤਨੀ ਸ਼ਾਮ ਕੌਰ ਨੇ ਹੁੰਗਾਰਾ ਭਰਿਆ।
"ਫੇਰ ਐਸ ਬੀਬੀ ਵਿਚਾਰੀ ਵੱਲ ਵੇਖ ਖਾਂ!" ਸੋਹਣ ਸਿੰਘ ਨੇ ਆਪਣੀ ਗੱਲ ਜਾਰੀ ਰੱਖੀ, "ਭਰਾ ਓਥੇ ਮਾਰਿਆ ਗਿਆ। ਭਰਜਾਈ ਰਾਹ ਵਿੱਚ ਆ ਮਰੀ। ਭਤੀਜਾ ਖਡੌਣਾ ਭਾਗਾਂ 'ਚ ਨਾ ਹੋਇਆ ਤੇ ਵਿਆਹ ਦੇ ਸਗਨਾਂ ਦਾ ਚਾ ਈ ਨਾ
ਲੱਥਾ। ਰਸਮ ਸੀ, ਜਿਹੜੀ ਪੂਰੀ ਹੋ ਗਈ।"
"ਇਹ ਦਿਨ ਜ਼ਨਾਨੀ ਦੀ ਜ਼ਿੰਦਗੀ ਵਿੱਚ ਇਕ ਵਾਰ ਔਣਾ ਹੁੰਦਾ ਏ। ਤੇ ਉਹ, ਅਖੇ :-ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ। ਵਿਚਾਰੀ ਦੀ ਆਹ ਉਮਰ ਤੇ ਆਹ ਗ਼ਮ।" ਜਸਬੀਰ ਉੱਤੇ ਸ਼ਾਮ ਕੌਰ ਨੂੰ ਸਭ ਤੋਂ ਵਧੇਰੇ ਤਰਸ ਆ ਰਿਹਾ ਸੀ। "ਹੁਣ ਤਾਂ ਆਹੰਦੇ ਆਂ, ਵਿਚਾਰੀ ਦਾ ਸੁਹਾਗ ਜਿਉਂਦਾ ਰਹੇ। ਸਭ ਕੁਝ ਵਿਚ ਆ ਗਿਆ।"
"ਸਰਦਾਰ ਸੋਹਣ ਸਿੰਘ ਜੀ! ਤੁਹਾਡੀ ਮਿਹਰਬਾਨੀ ਏ, ਜੋ ਸਾਡੇ ਬਾਰੇ ਐਨਾ ਸੋਚ ਰਹੇ ਓ। ਹੋਰ ਸਾਡਾ ਐਧਰ ਹੈ ਵੀ ਕੌਣ।" ਧਰਮ ਸਿੰਘ ਨੇ ਧੰਨਵਾਦ ਵਜੋਂ ਕਿਹਾ।
"ਲੋ ਖਾਂ। ਮਿਹਰਬਾਨੀ ਕਾਹਦੀ ? ਜੇ ਕੁਛ ਮੁਸਲਮਾਨ ਛੱਡ ਗਏ ਨੇ, ਉਹਦੇ ਉੱਤੇ ਤੁਹਾਡਾ ਉਧਰੋਂ ਔਣ ਵਾਲਿਆਂ ਦਾ ਹੱਕ ਏ ਤੇ ਉਹ ਆਖ਼ਰ ਕਿਸੇ ਨਾ ਕਿਸੇ ਆ ਕੇ ਸੰਭਾਲਣਾ ਈ ਏਂ। ਮੈਂ ਏਸ ਵਾਸਤੇ ਜ਼ੋਰ ਦੇਂਦਾਂ ਪਈ ਐਵੇਂ ਕੈਂਪਾਂ ਵਿੱਚ ਰੁਲਦੇ ਫਿਰੋਗੇ ਤੇ ਏਥੇ ਸਭ ਕੁਛ ਆਪਣੇ ਹੱਥ ਵੱਸ ਏ।"
"ਤੋਵਾ ਮੇਰੀ! ਕੈਂਪਾਂ ਵਿੱਚ ਕੋਈ ਹਾਲ ਏ ? ਫੇਰ ਧੀਆਂ ਭੈਣਾਂ ਵਾਲੇ ਦਾ ? ਨਿੱਤ ਖਬਰਾਂ ਸੁਣਦੇ ਆਂ ਕਿ! ਅਸਾਂ ਨਹੀਂ ਇਹਨਾਂ ਨੂੰ ਜਾਣ ਦੇਣਾ।" ਸ਼ਾਮ ਕੌਰ ਨੇ ਆਪਣਿਆਂ ਵਾਂਗ ਜ਼ੋਰ ਦਿੰਦਿਆਂ ਕਿਹਾ।
"ਜਾਣਾ ਕਿੱਥੇ ਆ। ਹੁਣ ਤਾਂ ਤੁਹਾਡਾ ਈ ਆਸਰਾ ਏ।" ਦਲੀਪ ਕੌਰ ਨੂੰ ਉਸ ਵੇਲੇ ਸੁਰ ਸਿੰਘ ਵਾਲੀ ਚਾਚੇ ਦੀ ਧੀ ਭੈਣ ਯਾਦ ਆ ਰਹੀ ਸੀ, ਜੀਹਦੇ ਘਰੋਂ ਉਹਦਾ ਪੁੱਤਰ ਨਿਰਾਸ ਹੋ ਕੇ ਮੁੜ ਆਇਆ ਸੀ।
"ਹੱਛਾ, ਹੁਣ ਸਗੋਂ ਫਿਰ। ਤੁਸੀਂ ਥੱਕੇ ਹੋਏ ਆਏ ਓ। ਸਵੇਰੇ ਸਭ ਕੁਛ ਕਰ ਲਵਾਂਗੇ।"
ਸਵੇਰੇ ਉਠਦਿਆਂ ਸੋਹਣ ਸਿੰਘ ਨੇ ਪੰਚਾਇਤ ਦੇ ਮੈਂਬਰ ਕੱਠੇ ਕੀਤੇ। ਆਪਣੀ ਤਜਵੀਜ਼ ਉਹਨਾਂ ਅੱਗੇ ਰੱਖਦਿਆਂ ਉਹਨੇ ਬੜੀ ਹਲੀਮੀ ਨਾਲ ਕਿਹਾ, "ਮੇਰੀ ਸਲਾਹ ਇਹ ਆ। ਅੱਗੇ ਜਿਵੇਂ ਭਰਾਵਾਂ ਦੀ ਮਰਜ਼ੀ।"
"ਲੰਬਰਦਾਰਾ! ਭਰਾਵਾਂ ਦੀ ਮਰਜ਼ੀ ਤੈਥੋਂ ਵੱਖਰੀ ਏ ਕੋਈ ? ਨਾਲੇ ਏਹੋ ਜੇਹੇ ਭਲੇ ਬੰਦਿਆਂ ਦੀ ਮੱਦਤ ਕਰਨਾ ਤਾਂ ਆਪਣਾ ਫ਼ਰਜ਼ ਬਣਦਾ ਏ।" ਉੱਤਮ ਸਿੰਘ ਨੇ ਦੂਣੇ ਉਤਸ਼ਾਹ ਨਾਲ ਪ੍ਰੋੜਤਾ ਕੀਤੀ।
"ਨਾਲੇ ਭਈ! ਅਸਾਂ ਕਿਹੜਾ ਘਰੋਂ ਦੇਣਾ ਏਂ। ਉਹਨਾਂ ਦੀ ਅਮਾਨਤ ਏ, ਉਹਨਾਂ ਦੇ ਹਵਾਲੇ ਕਰੋ, ਜਿੰਨਾ ਮੰਗਦੇ ਨੇ।" ਕੋਲੋਂ ਬਘੇਲ ਸਿੰਘ ਨੇ ਵੀ ਹਾਮੀ ਭਰ ਦਿੱਤੀ।
ਗੱਲ ਪੱਕੀ ਹੋ ਗਈ। ਚਾਹ ਪਾਣੀ ਛੱਕ ਕੇ ਸੋਹਣ ਸਿੰਘ, ਧਰਮ ਸਿੰਘ ਤੇ ਪਿਆਰਾ ਮਕਾਨ ਵੇਖਣ ਤੁਰ ਪਏ।
“ਮਕਾਨ ਤਾਂ ਏਥੇ ਇਕ ਵਧੀਆ ਵੀ ਏ, ਚੌਧਰੀਆਂ ਦਾ ਵਧੀਆ ਦੋ- ਮੰਜ਼ਲਾ। ਪਰ ਉਂਞ ਹੈਗੀਆਂ ਨਿਰੀਆਂ ਚੁਰੀਆਂ ਜੇਹੀਆਂ ਈ ਨੇ। ਨਿੱਕੇ-ਨਿੱਕੇ ਕਮਰੇ, ਘੁੱਪ ਹਨੇਰ। ਜੇਹੋ ਜਹੇ ਪੜਦੇ ਵਾਲੇ ਮੁਸਲਮਾਨਾਂ ਦੇ ਹੁੰਦੇ ਨੇ।" ਸੋਹਣ ਸਿੰਘ ਨੇ ਤੁਰਿਆਂ ਜਾਂਦਿਆਂ ਗੱਲ ਹਿਲਾਈ।
"ਲੰਬੜਦਾਰ ਜੀ! ਆਪਾਂ ਐਡਾ ਵੱਡਾ ਮਕਾਨ ਕੀ ਕਰਨਾ ਏਂ। ਐਥੇ ਤੁਹਾਡੇ ਲਾਗੋ ਈ ਜ਼ਰਾ ਸਿਰ ਲੁਕੋਣ ਜੋਗਾ ਆਸਰਾ ਮਿਲ ਜਾਏ। ਹਾਂ ਚਾਰ ਪਸ਼ੂ ਬੰਨ੍ਹਣ ਜੋਗਾ ਥਾਂ ਖੁੱਲ੍ਹਾ ਹੋਵੇ।" ਧਰਮ ਸਿੰਘ ਨੇ ਆਪਣੀ ਰਾਏ ਪੇਸ਼ ਕਰ ਦਿੱਤੀ।
"ਆਓ ਫਿਰ। ਪਹਿਲਾਂ ਐਧਰ ਸੱਜੇ ਹੱਥ ਮੋਚੀਆਂ ਦੇ ਘਰ ਵਿਹੰਦੇ ਚਲੀਏ। ਥਾਂ ਤਾਂ ਥੋੜ੍ਹੀ ਏ, ਪਰ ਹੈ ਚੰਗੀ ਸੁਥਰੀ।"
ਉਹ ਘਰ ਹੈਗੇ ਚੰਗੇ ਸਾਫ਼ ਸਨ, ਪਰ ਵਾਹੀਵਾਨ ਦੀ ਲੋੜ ਜੋਗੇ ਨਹੀਂ। ਧਰਮ ਸਿੰਘ ਦੇ ਉਹ ਪਸੰਦ ਨਾ ਆਏ।
"ਆਓ। ਪਿੰਡ ਦੇ ਵਿੱਚ ਚੌਧਰੀ ਦੀਆਂ ਇਕ ਦੇ ਖੁੱਲ੍ਹੀਆਂ ਹਵੇਲੀਆਂ ਨੇ। ਓਥੇ ਗੱਡ ਵੀ ਅੰਦਰ ਆ ਸਕਦੀ ਏ ਤੇ ਦਸ ਪਸ਼ੂ ਬੰਨ੍ਹਣ ਜੋਗਾ ਥਾਂ ਵੀ ਹੈਗਾ ਏ।"
ਉਹ ਹਵੇਲੀ ਧਰਮ ਸਿੰਘ ਤੇ ਪਿਆਰੇ ਦੇ ਪਸੰਦ ਆਈ। ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਦੋਹੀਂ ਪਾਸੀਂ ਦੋ ਕੋਠੜੀਆਂ, ਵਿਚਕਾਰ ਖੁੱਲ੍ਹਾ ਸੁਫਾ, ਬੂਹੇ ਅੱਗੇ ਚੁੱਲ੍ਹਾ ਚੌਂਕਾ। ਸਾਮ੍ਹਣੇ ਪਾਸੇ ਡਿਉਢੀ ਦੇ ਨਾਲ ਦੇ ਕੋਠੜੀਆਂ ਤੇ ਅੱਗੇ ਚੁੱਲ੍ਹਾ ਚੌਕਾ। ਵਿਹੜੇ ਦੇ ਵਿਚਕਾਰ ਸੰਘਣੀ ਛਤਰੀ ਵਾਲੀ ਲਸੂੜੀ ਖਲੀ ਸੀ। ਡਿਉਢੀਓਂ ਅੱਗੇ ਕਨਾਲ ਦੀ ਹਵੇਲੀ, ਜਿਸ ਵਿੱਚ ਇਕ ਟੁੱਟੀ ਹੋਈ ਗੱਡ ਪਈ ਸੀ। ਹਵੇਲੀ ਵਿੱਚ ਸੱਜੇ ਹੱਥ ਕਿੱਕਰ ਦੀ ਛਾਵੇਂ ਖੁਰਲੀ ਬਣੀ ਹੋਈ ਸੀ। ਸਭ ਕੁਝ ਬਣਿਆ ਹੋਇਆ ਕੱਚੀਆਂ ਇੱਟਾਂ ਦਾ ਹੀ ਸੀ। ਫਿਰ ਵੀ ਪਿੰਡ ਦੇ ਲਿਹਾਜ਼ ਚੰਗਾ ਥਾਂ ਸੀ।
"ਬਾਪੂ। ਮੇਰੇ ਤਾਂ ਆਹ ਪਸਿੰਦ ਏ। ਅੱਗੇ ਜਿਵੇਂ ਬਾਬੇ ਹੋਰਾਂ ਦੀ ਸਲਾਹ।" ਪਿਆਰੇ ਦਾ ਇਸ਼ਾਰਾ ਸ: ਸੋਹਣ ਸਿੰਘ ਵੱਲ ਸੀ।
"ਮੇਰੀ ਸਲਾਹ ਦੀ ਕਿਹੜੀ ਗੱਲ ਏ, ਪਿਆਰਾ ਸਿਹਾਂ। ਐਸ ਵੇਲੇ ਤਾਂ ਸਾਰੇ ਮਕਾਨ ਵਿਹਲੇ ਪਏ ਨੇ। ਉਂਝ ਉਹ ਚੌਧਰੀਆਂ ਦਾ ਪੱਕਾ ਮਕਾਨ ਛੱਡ ਕੇ ਬਾਕੀ ਸਾਰਿਆਂ ਵਿੱਚੋਂ ਏਹਾ ਚੰਗਾ ਏ। ਉਹ ਵੇਖਣਾ ਏਂ, ਤਾਂ ਚਲੋ ਉਹ ਵੀ ਵੇਖ ਲਓ। ਉਹ ਛੱਪੜੋਂ ਪਰਲੇ ਪਾਸੇ ਦੂਜੇ ਪਿੰਡ ਵਿੱਚ ਏ।"
"ਨਹੀਂ ਨਹੀਂ ਵਧੇਰੇ ਕੀ ਵੇਖਣੇ ਨੇ, ਏਹਾ ਚੰਗਾ ਏ। ਬਹੁਤੇ ਭਟਕਣ ਨਾਲ ਐਵੇਂ ਮਨ ਈ ਲਲਚੌਂਦਾ ਏ। ਬੱਸ, ਏਹਾ ਠੀਕ ਏ।" ਧਰਮ ਸਿੰਘ ਨੇ ਫ਼ੈਸਲਾ ਦੇ ਦਿੱਤਾ।
"ਆਓ ਫਿਰ ਅੰਨ ਪਾਣੀ ਛਕ ਕੇ ਇਹਦਾ ਬੂਹਾ ਖੁਹਲ ਲੈਂਦੇ ਆਂ। ਚਾਬੀ ਗੁਰਦੁਆਰੇ ਦੇ ਗਰੰਥੀ ਕੋਲ ਏ।”
ਨੰਬਰਦਾਰ ਨੇ ਪੰਚਾਇਤ ਦੇ ਮੈਂਬਰ ਕੱਠੇ ਕਰ ਕੇ ਉਸ ਮਕਾਨ ਦੀ ਚਾਬੀ ਧਰਮ ਸਿੰਘ ਦੇ ਹਵਾਲੇ ਕਰ ਦਿੱਤੀ। ਮੁਸਲਮਾਨਾਂ ਦੇ ਕੱਠੇ ਕੀਤੇ ਹੋਏ ਸਮਾਨ ਵਿੱਚ, ਪੰਦਰਾਂ ਮਣ ਪੱਕੇ ਦਾਣੇ, ਪੰਜ ਮੰਜੇ, ਪੰਜ ਬਿਸਤਰੇ, ਕੁਛ ਤੇੜ ਸਿਰ ਪੌਣ ਵਾਲੇ ਲੀੜੇ, ਖੇਸ ਚਾਦਰਾਂ ਤੇ ਲੋੜ ਜੋਗੇ ਭਾਂਡੇ ਵੀ ਦੇ ਦਿੱਤੇ ਗਏ।
"ਲਉ, ਇਹ ਕੁਛ ਤੁਸੀਂ ਸੰਭਾਲੋ। ਭਲਕੇ ਆਪਾਂ ਤਰਨ ਤਾਰਨ ਚੱਲਾਂਗੇ। ਓਥੇ ਪਟਵਾਰੀ ਤੇ ਤਸੀਲਦਾਰ ਨੂੰ ਮਿਲ ਕੇ ਆਪਾਂ ਜ਼ਮੀਨ ਅਲਾਟ ਕਰਾ ਲਵਾਂਗੇ। ਕੋਈ ਦੇ ਪਸ਼ੂ ਵੀ ਮਾੜੇ ਮੋਟੇ ਲੈ ਦਿਆਂਗੇ। ਤਸੀਲੇ ਬਥੇਰੇ ਕੱਠੇ ਕੀਤੇ ਹੋਏ ਨੇ ਮੁਸਲਮਾਨਾਂ ਦੇ।" ਸੋਹਣ ਸਿੰਘ ਨੇ ਭਰੋਸਾ ਦੁਆਇਆ।
"ਮੁਖਾਂ : ਸਾਰੇ ਭਰਾ ਜਿੰਨੇ ਜੋਗੇ ਨੇ, ਕੋਈ ਮੱਦਤ ਕਰਨ ਤੋਂ ਪਿਛਾਂਹ ਨਹੀਂ ਹਟਦਾ।" ਉੱਤਮ ਸਿੰਘ ਦੀ ਵਾਜ ਵਿੱਚ ਆਪਣਿਆਂ ਵਰਗਾ ਉਤਸ਼ਾਹ ਸੀ। ਨੰਬਰਦਾਰ ਵਾਂਗ ਉਹ ਵੀ ਚੰਗਾ ਮਿਲਣਸਾਰ ਬੰਦਾ ਸੀ।
ਰਾਤ ਦੀ ਰੋਟੀ ਦਲੀਪ ਕੌਰ ਨੇ ਵੱਖਰੇ ਘਰ ਵਿੱਚ ਪਕਾਈ, ਆਟਾ ਪੰਜ-ਸੱਤ ਸੇਰ ਸ਼ਾਮ ਕੌਰ ਦੇ ਆਈ ਤੇ ਮਿਰਚ ਮਸਾਲਾ ਘਿਓ ਆਦਿ ਦਲੀਪ ਕੌਰ ਨੇ ਹੱਟੀਓ ਮੰਗਾ ਲਿਆ। ਖੰਡ ਘਿਓ ਦੀ ਬੁਰਕੀ ਨੇਂਹ ਦੇ ਮੂੰਹ ਵਿੱਚ ਦੇਂਦਿਆਂ ਦਲੀਪ ਕੌਰ ਨੇ ਭਰੀਆਂ ਅੱਖਾਂ ਨਾਲ ਕਿਹਾ, "ਲੈ ਪੁੱਤ। ਤੂੰ ਸਮਝ ਕਿ ਅੱਜ ਤੂੰ ਸਹੁਰੇ ਘਰ ਆਈ ਏਂ।"
ਵਿਆਹ ਤੋਂ ਤਿੱਜੇ ਦਿਨ ਪਿਆਰੇ ਤੇ ਜਸਬੀਰ ਨੇ ਉਥੇ ਸੁਹਾਗ ਰਾਤ ਮਨਾਈ।
ਅਗਲੇਰੇ ਦਿਨ ਸ਼ਾਮ ਕੌਰ ਨੂੰ ਨਾਲ ਲੈ ਕੇ ਦਲੀਪ ਕੌਰ ਨੀਂਹ ਪੁੱਤਰ ਨੂੰ ਤਰਨ ਤਾਰਨ ਮੱਥਾ ਟਿਕਾਉਣ ਲੈ ਗਈ। ਆਪਣੀਆਂ ਡੰਡੀਆਂ ਭੰਨਵਾ ਕੇ ਉਹਨੇ ਨੋਂਹ ਵਾਸਤੇ ਕਾਂਟੇ ਬਣਵਾਏ ਤੇ ਨਾਲੇ ਦੋ ਸੂਟ। ਆਪਣੀਆਂ ਬੁਤਕੀਆਂ, ਦੋ ਛਾਪਾਂ ਤੇ ਦੋ ਚੂੜੀਆਂ ਵੀ ਦਲੀਪ ਕੌਰ ਨੇ ਨੋਂਹ ਦੇ ਹਵਾਲੇ ਕਰ ਦਿੱਤੀਆਂ। ਏਹਾ ਕੁਛ ਸੀ, ਜੋ ਜਸਬੀਰ ਨੂੰ ਵਿਆਹ ਦਾ ਸਹੁਰਿਆਂ ਵੱਲੋਂ ਮਿਲਿਆ।
੧੬.
"ਬਾਪੂ। ਰੋਜ਼ ਮਿਲਟਰੀ ਦੇ ਟਰੱਕ ਜਾਂਦੇ ਨੇ ਪਾਕਸਤਾਨ 'ਚ ਰਹਿ ਗਏ ਲੋਕਾਂ ਨੂੰ ਕੱਢਣ ਵਾਸਤੇ। ਮੈਂ ਵੀ ਇਕ ਦਿਨ ਜਾ ਆਵਾਂ ? ਭਲਾ ਜੇ ਆਪਣਾ ਪ੍ਰੀਤੂ ਲੱਭ
ਪਵੇ ਤਾਂ।" ਰਾਤ ਦੀ ਰੋਟੀ ਖਾਂਦਿਆਂ ਪਿਆਰੇ ਨੇ ਤਰਲਾ ਲੈ ਕੇ ਕਿਹਾ।
"ਉਹਦੇ ਘਰ ਕੋਈ ਘਾਟਾ ਨਹੀਂ ਜੇ ਵਿਛੜੇ ਮਿਲ ਪੈਣ, ਪਰ ਤੂੰ ਨਹੀਂ, ਮੈਂ ਜਾਵਾਂਗਾ। ਤੇਰੇ ਸਿਰ ਅੱਗੇ ਤਾਂ ਸਾਡੀ ਦੋਹਾਂ ਦੀ ਜ਼ੁੰਮੇਵਾਰੀ ਸੀ, ਹੁਣ ਜਸਬੀਰ ਦੀ ਸਾਡੇ ਨਾਲੋਂ ਵੀ ਵਧੇਰੇ ਆ। ਤੇਰਾ ਪਾਕਸਤਾਨ ਜਾਣਾ ਠੀਕ ਨਹੀਂ।" ਧਰਮ ਸਿੰਘ ਆਪਣੇ ਨਾਲੋਂ ਪਿਆਰੇ ਦੀ ਜ਼ਿੰਦਗੀ ਵਧੇਰੇ ਕੀਮਤੀ ਸਮਝਦਾ ਸੀ।
"ਨਹੀਂ, ਮੈਂ ਜਾਵਾਂਗਾ। ਮੇਰਾ ਕਲੇਜਾ ਬਹੁਤ ਵੱਢੀਦਾ ਹੈ। ਪ੍ਰੀਤੂ ਮੈਨੂੰ ਕਿਸੇ ਵੇਲੇ ਵੀ ਨਹੀਂ ਭੁੱਲਦਾ। ਫ਼ਿਕਰ ਨਾ ਕਰੋ। ਮੈਂ ਮਿਲਟਰੀ ਦੇ ਨਾਲ ਜਾਵਾਂਗਾ ਤੇ ਨਾਲ ਈ ਮੁੜ ਆਵਾਂਗਾ। ਓਥੇ ਮੈਂ ਬਾਬੇ ਇਲਮਦੀਨ ਤੋਂ ਬਿਨਾਂ ਕਿਸੇ 'ਤੇ ਨਹੀਂ ਵਿਸਦਾ। ਏਥੋਂ ਦੇ ਪਸ਼ੂਆਂ ਦੇ ਪੱਠੇ ਈ ਨਾਂ। ਤੁਸੀਂ ਦੋ ਦਿਨ ਔਖੇ ਸੁਖਾਲੇ ਪਾ ਦਿਉ।"
ਨੰਬਰਦਾਰ ਸੋਹਣ ਸਿੰਘ ਦੀ ਮਦਦ ਨਾਲ ਉਹਨਾਂ ਨੂੰ ਤਸੀਲੋਂ ਇਕ ਅੱਧ ਉਮਰ ਦਾ ਮਾੜਾ ਜਿਹਾ ਬਲਦ ਤੇ ਇਕ ਬੁੱਢਾ ਝੋਟਾ ਮਿਲ ਗਿਆ ਸੀ।
"ਤੇਰੀ ਮਰਜ਼ੀ ਭਈ। ਉਂਵ ਦਿਲ ਤਾਂ ਨਹੀਂ ਕਰਦਾ ਤੈਨੂੰ ਘੱਲਣ 'ਤੇ। ਸੁਣਨ ਵਾਲੇ ਆਖਣਗੇ, ਆਪ ਬੁੱਢੇ ਨੇ ਜਾਨ ਪਿਆਰੀ ਕਰ ਲਈ ਤੇ ਇਕੋ-ਇਕ ਪੁੱਤਰ ਨੂੰ ਬਲਦੀ ਅੱਗ ਵੱਲ ਤੋਰ ਦਿੱਤਾ।"
"ਪਰ ਬਾਪੂ! ਮਿਲਟਰੀ ਦੇ ਨਾਲ ਓਥੇ ਕੋਈ ਖ਼ਤਰਾ ਨਹੀਂ। ਰੋਜ਼ ਲੋਕੀਂ ਜਾਂਦੇ ਨੇ ਤੇ ਮੈਂ ਕਿਤੇ ਅੰਞਾਣਾ ਆਂ ? ਮੈਂ ਮਿਲਟਰੀ ਤੋਂ ਨਿਖੜ ਕੇ ਐਡੀ ਦੂਰ ਨਹੀਂ ਜਾਵਾਂਗਾ ਕਿਤੇ। ਤੈਥੋਂ ਭਲਾ ਐਸ ਉਮਰ ਟਰੱਕਾਂ ਵਿੱਚ ਹਝੋਕੇ ਖਾਂਦਿਆਂ ਜਾਇਆ ਜਾਂਦਾ ਏ ? ਮੈਂ ਈ ਜਾਵਾਂਗਾ।" ਪਿਆਰਾ ਹਰ ਕੀਮਤ 'ਤੇ ਜਾਣਾ ਚਾਹੁੰਦਾ ਸੀ। ਪ੍ਰੀਤੂ ਦੇ ਨਾਲ ਉਹਦੇ ਅੰਦਰ ਕਿਸੇ ਹੋਰ ਬਾਰੇ ਜਾਣਨ ਦੀ ਵੀ ਖ਼ਾਹਸ਼ ਸੀ।
ਦਲੀਪ ਕੌਰ ਨੇ ਪੁੱਤਰ ਨੂੰ ਰੋਕਣ ਦਾ ਬਹੁਤ ਯਤਨ ਕੀਤਾ। ਉਹ ਨਹੀਂ ਸੀ 5 ਚਾਹੁੰਦੀ ਕਿ ਉਹਦਾ ਇਕੋ ਇਕ ਪੁੱਤਰ ਮਾਂ ਦੀਆਂ ਅੱਖਾਂ ਤੋਂ ਉਹਲੇ ਹੋਵੇ।
"ਮਾਂ। ਤੈਨੂੰ ਐਡੀ ਛੇਤੀ ਪ੍ਰੀਤੂ ਭੁੱਲ ਗਿਆ ਏ ?" ਪਿਆਰੇ ਨੇ ਮਾਂ ਦੇ ਦਿਲ ਤੇ ਨੂੰ ਹਿਲਾ ਦੇਣ ਵਾਲੀ ਗੱਲ ਕਹੀ।
"ਪਿਆਰਿਆ। ਮਾਵਾਂ ਪੁੱਤਰਾਂ ਨੂੰ ਭੁੱਲ ਸਕਦੀਆਂ ਹੋਣ ਤਾਂ ਮਰਨ ਈ ਕਿਉਂ ? ਜਿਵੇਂ ਤੇਰੀ ਮਰਜ਼ੀ।" ਦਲੀਪ ਕੌਰ ਨੇ ਸਿਰ ਦੇ ਲੀੜੇ ਨਾਲ ਅੱਖਾਂ ਵਿੱਚ ਡਲ੍ਹਕ ਆਏ ਹੰਝੂ ਪੂੰਝ ਘੱਤੇ।
"ਮਾਂ, ਤੇਰਾ ਦਿਲ ਦੁਖਣ ਵਾਸਤੇ ਮੈਂ ਇਹ ਗੱਲ ਨਹੀਂ ਸੀ ਕਹੀ। ਪ੍ਰੀਤੂ ਸਾਨੂੰ ਕਿਸੇ ਨੂੰ ਵੀ ਨਹੀਂ ਭੁੱਲ ਸਕਦਾ। ਮੈਂ ਭਲਕੇ ਜਾਵਾਂਗਾ ਤੇ ਪਰਸੋਂ ਈ ਮੁੜ ਆਵਾਂਗਾ। ਇਕ ਫੌਜੀ ਨਾਲ ਮੈਂ ਸਲਾਹ ਕੀਤੀ ਸੀ। ਉਹ ਮੰਨ ਗਿਆ ਸੀ। ਤੁਸੀਂ ਫ਼ਿਕਰ ਨਾ
ਕਰੋ। ਮੈਨੂੰ ਭਲਾ ਤੁਹਾਡੀ ਚਿੰਤਾ ਘੱਟ ਏ ? ਖਵਰੇ ਪ੍ਰੀਤੂ ਲੱਭ ਈ ਪਏ। ਪ੍ਰੀਤੂ ਬਿਨਾਂ...।" ਪਿਆਰਾ ਵਾਕ ਪੂਰਾ ਨਾ ਕਰ ਸਕਿਆ। ਉਹਦਾ ਗਲਾ ਅੱਥਰੂਆਂ ਨਾਲ ਭਰ ਗਿਆ।
"ਚਲੋ, ਜਾਣ ਦਿਹੋ ਸੂ। ਨਾਂਹ ਨਾ ਪਾਉ ਤੁਸੀਂ। ਜੋ ਵਾਹਿਗੁਰੂ ਨੂੰ ਭਾਵੇ।" ਧਰਮ ਸਿੰਘ ਨੇ ਆਗਿਆ ਦੇ ਦਿੱਤੀ।
ਚੋਖੀ ਰਾਤ ਤਕ ਪਿਆਰੇ ਦੇ ਮੰਜੇ 'ਤੇ ਬੈਠੀ ਜਸਬੀਰ ਉਹਦੀ ਛਾਤੀ 'ਤੇ ਪੋਲਾ-ਪੋਲਾ ਹੱਥ ਫੇਰਦੀ ਰਹੀ। ਉਹ ਕੁਛ ਕਹਿਣਾ ਚਾਹੁੰਦੀ ਸੀ, ਪਰ ਕਹਿਣ ਦੀ ਦਲੇਰੀ ਨਹੀਂ ਸੀ ਕਰ ਸਕਦੀ। ਉਹਦੇ ਅੰਦਰ ਅਜੇ ਬਰਾਬਰੀ ਦਾ ਅਹਿਸਾਸ ਪੈਦਾ ਨਹੀਂ ਸੀ ਹੋਇਆ। ਉਹ ਆਪਣੇ ਆਪ ਨੂੰ ਉਹਨਾਂ ਦੇ ਅਹਿਸਾਨ ਥੱਲੇ ਦਬੀ ਹੋਈ ਸਮਝਦੀ ਸੀ, ਜਿਨ੍ਹਾਂ ਉਸ ਔਖੇ ਵੇਲੇ ਉਹਨੂੰ ਅਪਣਾ ਲਿਆ ਸੀ। ਸੱਸ ਸਹੁਰੇ ਵੱਲੋਂ ਉਹਦਾ ਪੂਰਾ ਆਦਰ ਕੀਤਾ ਜਾਂਦਾ ਸੀ, ਪਰ ਉਹ ਪਤੀ ਨੂੰ ਅਜੇ ਪੂਰੀ ਤਰ੍ਹਾਂ ਨਹੀਂ ਸੀ ਪਾ ਸਕੀ। ਉਹਨੂੰ ਪਿਆਰੇ ਦਾ ਜਵਾਨ ਸਰੀਰ ਮਿਲ ਗਿਆ ਸੀ, ਪਰ ਉਹਦੇ ਪਿਆਰ ਵਿੱਚੋਂ ਪੂਰਾ ਨਿੱਘ ਨਹੀਂ ਸੀ ਮਿਲਿਆ। ਉਹ ਵਧੇਰੇ ਪੜ੍ਹੀ ਲਿਖੀ ਨਹੀਂ ਸੀ, ਜੋ ਇਸ ਘਾਟ ਦੀ ਵਿਆਖਿਆ ਕਰ ਸਕਦੀ। ਉਹ ਆਪਣੇ ਅੰਦਰ ਕੁਛ ਤੋਟ ਮਹਿਸੂਸ ਕਰਦੀ ਸੀ।
"ਜਸਬੀਰ। ਤੂੰ ਚੌਂਹਦੀ ਏਂ, ਮੈਂ ਨਾ ਜਾਵਾਂ ?" ਪਿਆਰੇ ਨੇ ਉਹਦੀ ਖਾਮੋਸ਼ ਆਵਾਜ਼ ਦੇ ਅਰਥ ਸਮਝਦਿਆਂ ਪੁੱਛਿਆ।
"ਮੈਂ ਰੋਕ ਸਕਦੀ ਆਂ ਭਲਾ ? ਉਂਝ ਮੇਰੇ ਜੀ ਨੂੰ ਕੁਛ ਹੁੰਦਾ ਜੇ ਪਿਆ। ਕਲੇਜਾ ਵਢੀਦਾ ਜੇ। ਦਿਲ ਖੁਸਦਾ ਜੇ। ਤੁਹਾਡੇ ਬਿਨਾਂ ਤੁਹਾਡੇ ਬਿਨਾਂ ਮੇਰਾ ਕੋਈ ਨਹੀਂ ਜੇ।.... ਮੈਂ ਮਰ ਜਾਵਾਂਗੀ ਜੇ।" ਪਤੀ ਦੀ ਹਿੱਕ 'ਤੇ ਸਿਰ ਸੁੱਟ ਕੇ ਜਸਬੀਰ ਹੁਭਕੀਂ ਰੋਣ ਲੱਗ ਪਈ।
"ਜਸਬੀਰ!" ਪਿਆਰਾ ਸਹਿਜ-ਸਹਿਜ ਜਸਬੀਰ ਦੀਆਂ ਮੌਰਾਂ ਨੂੰ ਥਾਪੜਦਾ ਰਿਹਾ। ਉਹਦੇ ਦਿਲ ਵਿੱਚੋਂ ਠੰਡਾ ਹਉਕਾ ਨਿਕਲਿਆ, 'ਉਹ। ਜੇ ਕਿਤੇ ਮੇਰੇ ਤੇ ਤੇਰੇ ਵਿੱਚ ਨੂਰਾਂ ਨਾ ਆਈ ਹੁੰਦੀ। ਨੂਰਾਂ ਨੂਰਾਂ ਨੇ ਮੈਨੂੰ ਅਵੱਲਾ ਰੋਗ ਲਾ ਦਿੱਤਾ।'
"ਤੇਰੀ ਸਲਾਹ ਨਹੀਂ ਤਾਂ ਮੈਂ ਨਹੀਂ ਜਾਂਦਾ।" ਪਿਆਰੇ ਨੇ ਜਸਬੀਰ ਦਾ ਦਿਲ ਟੁਹਣ ਦੇ ਇਰਾਦੇ ਨਾਲ ਪੁੱਛਿਆ।
"ਨਹੀਂ, ਨਹੀਂ।" ਜਸਬੀਰ ਸਿੱਧੀ ਬਹਿੰਦੀ ਹੋਈ ਅੱਖਾਂ ਪੂੰਝਦੀ ਬੋਲੀ, "ਓਸ ਤਰ੍ਹਾਂ ਮਾਂ ਜੀ ਤੇ ਬਾਪੂ ਜੀ ਦੇ ਦਿਲ ਵਿੱਚ ਆਵੇਗੀ, ਕਿ ਮੈਂ ਨਹੀਂ ਤੁਹਾਨੂੰ ਜਾਣ ਦਿੱਤਾ। ਸੋਚਣਗੇ, ਮੈਨੂੰ ਪ੍ਰੀਤੂ ਚੰਗਾ ਨਹੀਂ ਲੱਗਦਾ। ਤੁਸੀਂ ਜ਼ਰੂਰ ਜਾਓ। ਆਪਣੀ
ਸਹੁੰ, ਮੈਂ ਪ੍ਰੀਤੂ ਨੂੰ ਛੋਟੇ ਭਰਾ ਵਾਂਗ ਰੱਖਾਂਗੀ। ਰੱਬ ਕਰੇ, ਉਹ ਲੱਭ ਪਵੇ।"
"ਜਸਬੀਰ। ਫ਼ਿਕਰ ਨਾ ਕਰ। ਮੈਂ ਪਰਸੋਂ ਜ਼ਰੂਰ ਮੁੜ ਆਵਾਂਗਾ।" ਪਿਆਰੇ ਨੇ ਖਿਚ ਕੇ ਉਹਨੂੰ ਆਪਣੇ ਨਾਲ ਪਾ ਲਿਆ।
ਰੋਜ਼ ਹੀ ਪਾਕਿਸਤਾਨ ਦੇ ਟਰੱਕ ਏਧਰ ਆਉਂਦੇ ਸਨ, ਜੋ ਰਹੇ ਰਵੰਨੇ ਮੁਸਲਮਾਨਾਂ ਨੂੰ ਕੱਢ ਕੇ ਲੈ ਜਾਂਦੇ ਸਨ। ਏਸੇ ਤਰ੍ਹਾਂ ਭਾਰਤੀ ਮਿਲਟਰੀ ਦੇ ਟਰੱਕ ਪਾਕਿਸਤਾਨ ਵਿੱਚ ਜਾਂਦੇ ਸਨ।
ਅਗਲੇ ਦਿਨ ਤਰਨ ਤਾਰਨ ਤੋਂ ਤਿੰਨ ਟਰੱਕ ਤੁਰੇ। ਉਹਨਾਂ ਉੱਤੇ ਹਥਿਆਰਾਂ ਵਾਲੇ ਪੰਦਰਾਂ ਫ਼ੌਜੀ ਸਿਪਾਹੀ ਸਨ, ਚਾਰ ਸਿੱਖ ਤੇ ਗਿਆਰਾਂ ਗੋਰਖੇ। ਉਹਨਾਂ ਦਾ ਅਫ਼ਸਰ ਹੌਲਦਾਰ ਭੀਮ ਸਿੰਘ ਰੋਹਤਕ ਦਾ ਜਾਟ ਸੀ। ਅੱਠ ਦਸ ਉਹ ਹਿੰਦੂ ਸਿੱਖ ਉਹਨਾਂ ਦੇ ਨਾਲ ਸਨ, ਜਿਨ੍ਹਾਂ ਨੇ ਪਾਕਸਤਾਨ ਜਾਣਾ ਸੀ। ਪਿਆਰਾ ਅਗਲੇ ਟਰੱਕ 'ਤੇ ਸੀ। ਸਿੱਖ ਸਿਪਾਹੀ ਕਰਨੈਲ ਸਿੰਘ ਨਾਲ ਉਹਨੇ ਜਾਣ-ਪਛਾਣ ਕਰ ਲਈ ਸੀ। ਦੋਹਾਂ ਦੇ ਨਾਨਕੇ ਇਕੋ ਪਿੰਡ ਸਨ। ਤਰਨ ਤਾਰਨੋਂ ਤੁਰ ਕੇ ਝਭਾਲ ਦੇ ਰਸਤੇ ਟਰੱਕ ਭਿੱਖੀ ਵਿੰਡ ਜਾ ਖਲੇ।
ਪਿਆਰੇ ਨੂੰ ਓਥੇ ਗੁਜ਼ਾਰੀਆਂ ਦੇ ਰਾਤਾਂ ਯਾਦ ਆ ਗਈਆਂ। ਪਹਿਲਾਂ ਇਕ ਮੁਟਿਆਰ ਦੀ ਅਰਥੀ ਕੋਲ ਬੈਠਿਆਂ ਵਿਆਹ ਦੀ ਚਰਚਾ ਤੇ ਫਿਰ ਬੜੇ ਅਨੋਖੇ ਢੰਗ ਦਾ ਵਿਆਹ। ਏਹੋ ਜਿਹਾ ਵਿਆਹ ਹੁੰਦਾ ਓਹਨੇ ਹੋਰ ਕਿਸੇ ਦਾ ਨਹੀਂ ਸੀ ਵੇਖਿਆ। ਨਾ ਸਿਹਰੇ, ਨਾ ਘੋੜੀ, ਨਾ ਗੱਨਾ, ਨਾ ਗੀਤ। ਵਿਆਹ ਫਿਰ ਵੀ ਹੋ ਗਿਆ ਸੀ। ਗ੍ਰੰਥੀ ਨੇ ਕਹਿ ਦਿੱਤਾ ਸੀ, ਕਿ ਜਾਓ, ਤੁਹਾਡਾ ਵਿਆਹ ਹੋ ਗਿਆ ਹੈ। ਬੱਸ, 'ਜਸਬੀਰ ਦਾ ਕੋਈ ਗੁਨਾਹ ਨਹੀਂ ਪਿਆਰਾ ਦਿਲ ਵਿੱਚ ਸੋਚਣ ਲੱਗਾ। 'ਨੂਰਾਂ'! ਨੂਰਾਂ ਦਾ ਵੀ ਕੋਈ ਗੁਨਾਹ ਨਹੀਂ, ਉਹ ਤਾਂ ਆਖ ਰਹੀ ਸੀ, ਮੈਨੂੰ ਲੈ ਚਲ। ਓਦੋਂ ਮੈਂ ਉਹਨੂੰ ਲੈ ਔਂਦਾ, ਪਾਕਿਸਤਾਨ ਬਣਨ ਪਿੱਛੋਂ ਸਾਰੇ ਝਗੜੇ ਮੁੱਕ ਜਾਣੇ ਸਨ। ਜਸਬੀਰ ? ਉਹ ਆਪੇ ਕਿਸੇ ਹੋਰ ਨਾਲ ਵਿਆਹੀ ਜਾਂਦੀ। ਦੋ ਚਾਰ ਦਿਨ ਉਹਨੂੰ ਮੇਰੀ ਕੀਤੀ 'ਤੇ ਅਫ਼ਸੋਸ ਜ਼ਰੂਰ ਹੁੰਦਾ। ਮੈਨੂੰ ਇਹ ਭੈੜਾ ਵੀ ਸਮਝਦੀ, ਜੋ ਚੰਦ ਵਰਗੀ ਤੇ ਨਿਰਦੋਸ਼ ਮੰਗੇਤਰ ਨੂੰ ਛੱਡ ਕੇ ਇਕ ਮੁਸਲਮਾਨੀ ਨਾਲ ਨਿਕਲ ਗਿਆ। ਤੇ ਹੁਣ ਨੂਰਾਂ ਮੈਨੂੰ ਨਗੱਲਾ ਸਮਝਦੀ ਹੋਵੇਗੀ। ਅਸਾਂ ਕੌਲ ਕਰਾਰ ਤਾਂ ਕਰ ਲਏ, ਸਾਰੀ ਦੁਨੀਆਂ ਤੋਂ ਚੋਰੀ ਚੋਰੀ, ਪਰ ਨਿਭਾਏ ਨਾ। ਮੇਰੇ ਵੱਲੋਂ ਈ ਗਈ। ਨੂਰਾਂ ਵੱਲੋਂ ਤਾਂ ਕੋਈ ਕਸਰ ਨਹੀਂ ਸੀ। ਹੁਣ ਪਤਾ ਨਹੀਂ, ਉਸ ਵਿਚਾਰੀ ਨਾਲ ਕੀ ਵਾਪਰ ਰਹੀ ਹੋਵੇ। ਮੈਨੂੰ ਸੌ ਸੌ ਗਾਲ੍ਹ ਦੇਂਦੀ ਹੋਵੇਗੀ। ਗਾਲ਼ਾਂ ਨਹੀਂ। ਉਹ ਗਾਲ੍ਹ ਦੇ ਹੀ ਨਹੀਂ ਸਕਦੀ। ਜੀਹਨੂੰ ਪਿਆਰ ਕਰਦੀ ਏ, ਜ਼ਨਾਨੀ ਉਹਦਾ ਬੁਰਾ ਕਦੇ ਨਹੀਂ ਮੰਗਦੀ। ਪਰ ਉਲਾਹਮੇ ਤਾਂ ਦੇਂਦੀ ਹੋਵੇਗੀ ਨਾ। ਉਲਾਹਮੇ ਉਹਦੇ ਹਨ ਵੀ ਸੱਚੇ। ਕਿਤੇ ਰੱਬ
ਕਰੇ, ਪ੍ਰੀਤੂ ਤੇ ਨੂਰਾਂ ਦੋਵੇਂ ਬਾਬੇ ਇਲਮਦੀਨ ਦੇ ਘਰ ਹੋਣ। ਬਾਬਾ ਆਖੋ ਲੈ ਪਿਆਰਿਆ। ਇਹ ਦੋਵੇਂ ਤੇਰੀ ਅਮਾਨਤ ਹਨ। ਸੰਭਾਲ ਆਪਣਾ ਘਰ। ਫੇਰ ਕਿੰਨੀ ਮੌਜ ਬਣੇ। ਪਰ ਜਸਬੀਰ। ਨੂਰਾਂ ਨੂੰ ਵੇਖ ਕੇ ਜਸਬੀਰ ਦੇ ਦਿਲ 'ਤੇ ਕੀ ਵਾਪਰੇ। ਤੇ ਨੂਰਾਂ ਈ 'ਮੈਨੂੰ ਕੀ ਸਮਝੇ। ਨੂਰਾਂ ਦੇ ਅੱਖੀਓਂ ਓਹਲੇ ਹੁੰਦਿਆਂ ਈ ਮੈਂ ਦੂਜਾ ਵਿਆਹ ਕਰੌਣ ਦੀ ਕੀਤੀ। ਹੁਣ ਕੋਈ ਰਸਤਾ ਨਹੀਂ। ਇਹ ਓਦੋਂ ਈ ਸੀ, ਜੇ ਮੈਂ ਨੂਰਾਂ ਦੇ ਆਖੇ ਲੱਗ ਜਾਂਦਾ। ਫੇਰ ਜਸਬੀਰ ਦੇ ਵਿਆਹ ਦਾ ਸਵਾਲ ਈ ਪੈਦਾ ਨਾ ਹੁੰਦਾ। ਪਰ... ਯਾਰ ਹੁਣ ਕੀ ਬਣਦਾ? ਪਾਕਿਸਤਾਨੀ ਮਿਲਟਰੀ ਔਂਦੀ ਤੇ ਨੂਰਾਂ ਨੂੰ ਮੱਲੋ ਮੱਲੀ ਲੈ ਜਾਂਦੀ। ਵੇਖਾਂ, ਦੋ-ਦੋ, ਚਾਰ-ਚਾਰ ਸਾਲ ਦੀਆਂ ਵਸਦੀਆਂ ਜਨਾਨੀਆਂ ਨੂੰ ਮਿਲਟਰੀ ਲੈ ਜਾਂਦੀ ਏ। ਜ਼ਨਾਨੀ ਭਾਵੇਂ ਮੰਨੇ ਭਾਵੇਂ ਨਾ, ਮਿਲਟਰੀ ਜ਼ਬਰਦਸਤੀ ਫੜ ਕੇ ਲੈ ਜਾਂਦੀ ਏ। ਕੋਈ ਗਵਾਂਢ ਠਾਣੇ ਸ਼ਕੈਤ ਜਾ ਕਰਦਾ ਏ, ਕਿ ਫਲਾਨੇ ਦੇ ਘਰ ਮੁਸਲਮਾਨੀ ਏਂ। ਤੇ ਹਾਕਮ ਬਿਨਾਂ ਪੁੱਛ ਪੜਤਾਲ ਦੇ ਉਹਨੂੰ ਫੜ ਕੇ ਪਾਕਿਸਤਾਨ ਭੇਜ ਦੇਂਦੇ ਨੇ। ਓਦੋਂ ਮੈਂ ਲੈ ਔਦਾ, ਤਾਂ ਨੂਰਾਂ ਹੁਣ ਮੈਥੋਂ ਵਿਛੜ ਜਾਂਦੀ। ਇਹ ਕੀ ਝਮੇਲਾ ਏ। ਕੀ ਪਿਆਰ ਕਰਨਾ ਪਾਪ ਹੈ ? ਬਾਬਾ ਇਲਮਦੀਨ ਤਾਂ ਆਹੰਦਾ ਹੁੰਦਾ ਸੀ : ਸਭ ਤੋਂ ਪਹਿਲਾਂ ਖ਼ੁਦਾ ਨੂੰ ਇਸ਼ਕ ਲੱਗਾ ਸੀ ਤੇ ਇਸ਼ਕ ਖ਼ੁਦਾ ਦੀ ਰਹਿਮਤ ਏ। ਪਰ ਸਾਨੂੰ ਤਾਂ ਇਸ਼ਕ ਨਾ ਸੱਜਲਿਆ। ਓਧਰ ਨੂਰਾਂ ਸੜਦੀ ਰਹੇਗੀ। ਏਧਰ ਮੈਂ ਸੜਦਾ ਰਹਾਂਗਾ। ਸਾਡੇ ਅੰਦਰ ਧੁਖਦੀ ਦਾ ਸੇਕ ਵਿਚਾਰੀ ਜਸਬੀਰ ਨੂੰ ਵੀ ਪਹੁੰਚੇਗਾ। ਅਸਲ ਵਿੱਚ ਇਹ ਅੱਗ ਲੈਣ ਵਾਲਾ ਕੌਣ ਹੋਵੇ। ਬੁਰਾਈ ਦੀ ਜੜ੍ਹ ਕਿੱਥੇ ਹੋਵੇ। ਧਰਮ ? ਮਜ਼੍ਹਬ? ਜਾਂ ਮਜ੍ਹਬ ਦੇ ਨਾਂ 'ਤੇ ਪੁਆੜੇ ਪੌਣ ਵਾਲੇ। ਪਾਕਿਸਤਾਨ ? ਬਣ ਗਿਆ ਪਾਕਿਸਤਾਨ। ਯਾਰਾਂ ਨਾਲੋਂ ਯਾਰ ਵਿਛੜ ਗਏ, ਭਰਾਵਾਂ ਨਾਲੋਂ ਭਰਾ ਵਿਛੜ ਗਏ। ਭਲਾ ਮੈਂ ਤੇ ਨੂਰਾਂ ਚੋਰੀ ਕੀਤੀ ਸੀ, ਲੋਕਾਂ ਤੋਂ ਚੋਰੀ। ਭਾਵੇਂ ਰੱਬ ਤੋਂ ਚੋਰੀ ਨਹੀਂ ਸੀ ਕੀਤੀ। ਰੱਬ ਨੂੰ ਜ਼ਾਮਨ ਰੱਖ ਕੇ ਅਸੀਂ ਪਾਕ ਸਾਫ਼ ਰਹੇ ਸਾਂ, ਫੇਰ ਵੀ ਲੋਕਾਂ ਦੀ ਨਜ਼ਰ ਵਿੱਚ ਇਹ ਬੁਰਾ ਕੰਮ ਸੀ। ਤੇ ਸਾਨੂੰ ਬੁਰੇ ਦੀ ਸਜ਼ਾ ਮਿਲ ਗਈ। ਪਰ ਪ੍ਰੀਤੂ ਦਾ ਕੀ ਗੁਨਾਹ ਸੀ ? ਭਰਾਵਾਂ ਵਿੱਚ ਵਿਛੋੜਾ ਕਿਉਂ ਪੈ ਗਿਆ ? ਭਰਾਵਾਂ ਦਾ ਪਿਆਰ ਤਾਂ ਪਾਪ ਨਹੀਂ ਹੁੰਦਾ। ਪ੍ਰੀਤੂ। ਖਵਰੇ ਮੇਰਾ ਪ੍ਰੀਤੂ ਐਸ ਵੇਲੇ ਕਿੱਥੇ ਹੋਵੇਗਾ। ਉਹਦੇ ਨਾਲ ਕੀ-ਕੀ ਬੀਤੀ ਹੋਵੇਗੀ। ਪ੍ਰੀਤੂ ਲੱਭ ਪਵੇ। ਹੇ ਗੁਰੂ ਸੱਚਿਆ। ਪ੍ਰੀਤੂ ਲੱਭ ਪਵੇ। ਫੇਰ ਵੀ ਮੇਰਾ ਗ਼ਮ ਅੱਧਾ ਰਹਿ ਜਾਵੇਗਾ। ਦੋਵੇਂ ਨਹੀਂ, ਤਾਂ ਪ੍ਰੀਤੂ ਜ਼ਰੂਰ ਮਿਲ ਪਵੇ।
"ਕਿਉਂ ਭਈ। ਹੁਡਿਆਰੇ ਵੀ ਕਿਸੇ ਖਲੋਣਾ ਏਂ ?" ਅਗਲੇ ਟਰੱਕ ਤੋਂ ਹੌਲਦਾਰ ਦੀ ਗੂੰਜਵੀਂ ਵਾਜ ਆਈ।
"ਹਾਂ ਜੀ।" ਪਿਛਲੇ ਟਰੱਕ ਤੋਂ ਦੋ ਬੰਦਿਆਂ ਦੀ ਕੱਠੀ ਵਾਜ ਆਈ
“ਹੱਛਾ, ਪਿਛਲਾ ਟਰੱਕ ਏਥੇ ਖਲੋ ਜਾਏ। ਅਸੀਂ ਅੱਗੇ ਬਰਕੀ ਰੁਕਾਂਗੇ।"
ਟਰੱਕ ਫੇਰ ਤੁਰ ਪਏ। ਪਿਆਰੇ ਦੇ ਅੰਦਰ ਹਲਚਲ ਵਧ ਗਈ। ਉਹਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਹੁਣ ਉਹਦੀਆਂ ਸੋਚਾਂ ਵੀ ਕਿਸੇ ਇਕ ਲੀਹ 'ਤੇ ਨਹੀਂ ਸੀ ਚੱਲ ਰਹੀਆਂ। ਇਉਂ ਸਮਝੋ, ਕਿ ਹੁਣ ਉਹ ਕੁਛ ਸੋਚ ਹੀ ਨਹੀਂ ਸੀ ਸਕਦਾ। ਉਹਦੀ ਨਜ਼ਰ ਸਿੱਧੀ ਸੜਕ 'ਤੇ ਟਿਕੀ ਹੋਈ ਸੀ।
ਟਰੱਕ ਬਰਕੀ ਥਾਣੇ ਦੇ ਬੂਹੇ ਅੱਗੇ ਜਾ ਖਲੇ। ਟਰੱਕ ਤੋਂ ਉਤਰ ਕੇ ਭਾਰਤੀ ਲੋਕ ਥਾਣੇ ਦੇ ਅੰਦਰ ਦਾਖ਼ਲ ਹੋਏ। ਹੌਲਦਾਰ ਭੀਮ ਸਿੰਘ ਨੇ ਅੱਗੇ ਵਧ ਕੇ ਇਕ ਰੁੱਕਾ ਥਾਣੇਦਾਰ ਦੇ ਹੱਥ 'ਤੇ ਜਾ ਧਰਿਆ।
"ਆਓ।..... ਕੁਰਸੀ ਦਿਹੋ ਉਏ। ਹੌਲਦਾਰ ਸਾਹਬ ਨੂੰ।" ਥਾਣੇਦਾਰ ਨੇ ਪੁਲਸੀ ਰੋਹਬ ਨਾਲ ਕਿਹਾ।
ਹੌਲਦਾਰ ਕੁਰਸੀ 'ਤੇ ਬਹਿ ਗਿਆ। ਬਾਕੀ ਉਹਦੇ ਸਾਥੀ ਸਿਪਾਹੀ ਤੇ ਦੂਸਰੇ ਬੰਦੇ ਲਾਗੇ ਡੱਠੇ ਮੰਜਿਆਂ 'ਤੇ ਬਹਿ ਗਏ। "ਹੌਲਦਾਰ ਸਾਹਬ! ਅਸੀਂ ਤਾਂ ਤੁਹਾਡੇ ਨਾਲ ਪੂਰਾ ਤੁਆਵਨ ਕਰਾਂਗੇ, ਪਰ ਭਾਰਤੀ ਪੁਲੀਸ ਓਧਰੋਂ ਮਹਾਜਰੀਨ ਨੂੰ ਕੱਢਣ ਵਿੱਚ ਸਾਡੀ ਮਦਦ ਨਹੀਂ ਕਰ ਰਹੀ।" ਥਾਣੇਦਾਰ ਨੇ ਕੁਝ ਰੁੱਖੀ ਸੁਰ ਵਿੱਚ ਕਿਹਾ।
"ਮੈਂ ਤਾਂ ਐਸਾ ਨਹੀਂ ਸਮਝਦਾ।" ਹੌਲਦਾਰ ਨੇ ਨਿਝਕ ਉੱਤਰ ਦਿੱਤਾ। "ਫਿਰ ਵੀ ਤੁਹਾਡੀ ਸ਼ਕਾਇਤ ਸਰਕਾਰ ਤਕ ਪੁਚਾ ਦਿੱਤੀ ਜਾਵੇਗੀ। ਆਪ ਆਪਣੀ ਸ਼ਕਾਇਤ ਲਿਖ ਦਿਹੇ। ਮੈਂ ਵੀ ਤੁਹਾਡੇ ਵੱਲੋਂ ਕੀਤੇ ਗਏ ਚੰਗੇ ਸਲੂਕ ਬਾਰੇ ਆਪਣੀ ਰੀਪੋਟ ਪੇਸ਼ ਕਰਾਂਗਾ।" ਹੌਲਦਾਰ ਦੀ ਇਸ ਗੱਲ ਨੇ ਥਾਣੇਦਾਰ ਨੂੰ ਚੌਕੰਨਾ ਕਰ ਦਿੱਤਾ।
"ਜਾਓ।" ਥਾਣੇਦਾਰ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ। "ਇਸ ਫਰਿਸਤ ਵਿੱਚ ਦਰਜ ਘਰਾਂ ਤਕ ਇਹਨਾਂ ਦੇ ਨਾਲ ਜਾਓ। ਤੇ ਪੂਰੀ ਈਮਾਨਦਾਰੀ ਨਾਲ ਇਹਨਾਂ ਦੀ ਮਦਦ ਕਰਨੀ।"
ਤਿੰਨ ਘੰਟਿਆਂ ਦੀ ਦੌੜ ਭੱਜ ਪਿੱਛੋਂ ਪੰਜ ਬਦ-ਨਸੀਬ ਮਿਲੀਆਂ। ਉਹਨਾਂ ਵਿੱਚੋਂ ਦੋ ਤਾਂ ਅਸਲੋਂ ਬਾਲੜੀਆਂ ਸਨ ਤੇ ਤਿੰਨ ਚਾਲੀ ਸਾਲ ਤੋਂ ਵਡੇਰੀ ਉਮਰ ਦੀਆਂ। ਮੁਟਿਆਰ ਲੜਕੀ ਕੋਈ ਵੀ ਹੱਥ ਨਾ ਆਈ।
ਪਿਆਰੇ ਦੀ ਵਾਜ ਸੁਣ ਕੇ ਇਲਮਦੀਨ ਘਰ ਦੇ ਬੂਹਿਓਂ ਬਾਹਰ ਹੀ ਉਹਨੂੰ ਆ ਮਿਲਿਆ। "ਪਿਆਰਿਆ।" ਇਲਮਦੀਨ ਪਿਆਰੇ ਨੂੰ ਛਾਤੀ ਨਾਲ ਘੁੱਟ ਕੇ ਬੋਲਿਆ, “ਪੁੱਤ ਪਿਆਰਿਆ। ਪ੍ਰੀਤੂ ਨਹੀਂ ਲੱਭਾ। ਇਕ ਇਹ ਪਿੰਡ ਹੀ ਨਹੀਂ, ਮੈਂ ਉਦਾਲੇ ਦੇ ਦਸ ਪਿੰਡ ਵੀ ਛਾਣ ਮਾਰੇ ਨੇ, ਪਰ ਪ੍ਰੀਤੂ ਦੀ ਕੋਈ ਉੱਘ ਸੁੱਘ ਨਹੀਂ
ਨਿਕਲੀ। ਮੈਂ ਬੜਾ ਸ਼ਰਮਿੰਦਾ ਆਂ। ਪਿਆਰਿਆ। ਮੈਂ ਤੁਹਾਡਾ ਦੇਣਦਾਰ ਆਂ। ਖ਼ਾਸ ਕਰਕੇ ਤੇਰਾ। ਪਰ ਮੇਰੇ ਵੱਸ ਕੁਛ ਨਹੀਂ।"
"ਬਾਬਾ!" ਪਿਆਰਾ ਇਸ ਤੋਂ ਵੱਧ ਕੁਛ ਨਾ ਕਹਿ ਸਕਿਆ। ਉਹਦੇ ਹੰਝੂ ਆਪ ਮੁਹਾਰੇ ਵਗੇ ਜਾ ਰਹੇ ਸਨ।
"ਪੁੱਤ ਪਿਆਰਿਆ! ਮੈਂ ਤੇਰੇ ਦਿਲ ਦੀ ਪੀੜ ਸਮਝਦਾ ਹਾਂ। ਤੁਸੀਂ ਭਰਾ-ਭਰਾ ਵਿਛੜ ਗਏ। ਅਸੀਂ ਵੀ ਵਿਛੜ ਗਏ। ਏਸ ਦੁਨੀਆਂ ਵਿੱਚ ਮੁਹੱਬਤ ਦੀ ਕੋਈ ਕੀਮਤ ਨਹੀਂ, ਕੋਈ ਇਨਸਾਫ਼ ਨਹੀਂ।"
"ਆਪਣੇ ਮਤਲਬ ਦੀ ਗੱਲ ਕਰ ਬੁੱਢਿਆ। ਬਹੁਤੀ ਤਕਰੀਰ ਨਾ ਝਾੜ।" ਪਾਕਿਸਤਾਨੀ ਸਿਪਾਹੀ ਨੇ ਇਲਮਦੀਨ ਨੂੰ ਝਿੜਕਦਿਆਂ ਕਿਹਾ।
"ਜੋ ਹੁਕਮ, ਜਮਾਂਦਾਰ ਸਾਹਿਬ! ਦੋ ਦੁਖੀ ਦਿਲ ਮਿਲਦੇ ਨੇ ਤਾਂ ਬੰਦਾ ਜਜ਼ਬਾਤ ਵਿੱਚ ਕਈ ਵਾਰ ਊਲ-ਜਲੂਲ ਵੀ ਬਕ ਜਾਂਦਾ ਏ। ਮਾਫ਼ੀ ਚਾਹੁੰਦਾ ਮੈਂ।”
"ਬਹੁਤਾ ਦੁਖੀ ਏਂ ਇਹਨਾਂ ਬਿਨਾਂ, ਤਾਂ ਓਦੋਂ ਨਾਲ ਈ ਚਲਾ ਜਾਣਾ ਸੀ।" ਸਿਪਾਹੀ ਨੇ ਤਾਹਨੇ ਨਾਲ ਕਿਹਾ।
"ਚਲਾ ਕਿਵੇਂ ਜਾਂਦਾ ਚੌਧਰੀ ਸਾਹਿਬ ? ਜੇਹੋ ਜੇਹੇ ਏਧਰ ਸ਼ਰਅਈ ਮੋਮਨ ਨੇ, ਉਹੋ ਜੇਹੇ ਉਧਰ ਕੱਟੜ ਧਰਮੀ ਹੈਗੇ ਨੇ। ਤੁਹਾਡੇ ਵਰਗਾ ਨੇਕ ਇਨਸਾਨ ਦੋਹੀਂ ਪਾਸੀਂ ਕੋਈ ਕੋਈ ਈ ਏ। ਮਿਹਰਬਾਨੀ ਤੁਹਾਡੀ।"
ਏਸ ਟਕੋਰ ਨੂੰ ਸਿਪਾਹੀ ਵਿਚੇ ਵਿੱਚ ਪੀ ਗਿਆ।
"ਪੁੱਤ ਪਿਆਰਿਆ। ਕੀਹਦੇ-ਕੀਹਦੇ ਦੁੱਖ ਬਾਰੇ ਦੱਸਾਂ। ਪ੍ਰੀਤੂ ਵਿਛੜ ਗਿਆ ਏ, ਤੂੰ ਦੁੱਖੀ ਏਂ। ਤੇਰੇ ਮਾਂ ਪਿਉ ਦੁਖੀ ਨੇ। ਮੈਂ ਵੀ ਦੁਖੀ ਆਂ। ਮੇਰੇ ਖ਼ਿਆਲਾਂ ਦੀ ਇਕੋ ਨੂਰਾਂ ਈ ਨੂਰਾਂ ਸੀ, ਉਹ ਵੀ ਦੁਖੀ ਏ। ਬਦਕਿਸਮਤ ਬਹੁਤ ਈ ਦੁਖੀ।" ਇਲਮਦੀਨ ਦੀ ਵਾਜ ਹੌਲੀ ਹੋ ਗਈ, ਜੋ ਮਸਾਂ ਪਿਆਰੇ ਦੇ ਕੰਨਾਂ ਤਕ ਪਹੁੰਚ ਸਕੇ। "ਉਹਦੇ ਮਾਮੇ ਦਾ ਪੁੱਤਰ ਅਲੀ ਮੁਹੰਮਦ ਹੁੰਦਾ ਸੀ ਨਾਂ, ਜੀਹਨੂੰ ਤੁਸੀਂ ਨਿੱਕੇ ਹੁੰਦੇ ਅਲੀਆ ਕਾਣਾ ਕਹਿ ਕੇ ਛੇੜਦੇ ਹੁੰਦੇ ਸੋ। ਨੂਰਾਂ ਦੇ ਦਿਲ ਵਿੱਚ ਉਹਦੇ ਵਾਸਤੇ ਬੇਹੱਦ ਨਫ਼ਰਤ ਸੀ। ਨੂਰਾਂ ਦੀ ਮਾਂ ਨੇ ਮੈਥੋਂ ਚੋਰੀ-ਚੋਰੀ ਨੂਰਾਂ ਦਾ ਨਕਾਹ ਓਸ ਅਲੀਏ ਨਾਲ ਕਰ ਦਿੱਤਾ ਏ। ਵਿਚਾਰੀ ਬੇਗੁਨਾਹ ਨੂਰਾਂ! ਸਾਰੀ ਉਮਰ ਰੋ ਰੋ ਕੇ ਗੁਜ਼ਾਰੇਗੀ। ਇਹ ਕੋਰੀ ਦੁਨੀਆਂ, ਕਿਸੇ ਦੀ ਖ਼ੁਸ਼ੀ ਵੇਖ ਨਹੀਂ ਸੁਖਾਂਦੀ। ਵਾਹਵਾ। ਮੌਲਾ ਦੀ ਰੱਜ਼ਾ। ਪੁੱਤ। ਰੋਣ ਦਾ ਕੋਈ ਫ਼ਾਇਦਾ ਨਹੀਂ। ਪ੍ਰੀਤੂ ਨਹੀਂ ਲੱਭਾ। ਸਥਰ ਕਰ ਜਾਹ। ਸਬਰ ਬਿਨਾਂ ਕੋਈ ਚਾਰਾ ਨਹੀਂ। ਆਪਣੇ ਮਾਂ ਪਿਉ ਕੋਲੋਂ ਮੇਰੇ ਵੱਲੋਂ ਹੱਥ ਜੋੜ ਕੇ ਮਾਫ਼ੀ ਮੰਗੀ। ਆਖੀਂ, ਮੇਰਾ ਬੋਲਿਆ ਚੱਲਿਆ ਮਾਫ਼ ਕਰ ਦੇਣ। ਖ਼ਵਰੇ, ਕਦੇ ਜਿਉਂਦਿਆਂ ਅੱਲ੍ਹਾ ਫੇਰ ਮਿਲਾਪ ਕਰਾ ਦੇਵੇ।”
"ਅੱਛਾ, ਖ਼ਤਮ ਕਰ ਬਾਬਾ ਹੁਣ। ਅਸਾਂ ਅਜੇ ਹੋਰ ਵੀ ਕੋਈ ਕੰਮ ਕਰਨੇ ਨੇ।" ਸਿਪਾਹੀ ਦੀ ਵਾਜ ਵਿੱਚ ਪੁਲੀਸ ਵਾਲੀ ਖਿਝ ਮਾਲੂਮ ਹੁੰਦੀ ਸੀ।
"ਸਭ ਕੁਛ ਖ਼ਤਮ। ਸਭ ਆਸਾਂ ਮੁੱਕ ਗਈਆਂ। ਦੋਵੇਂ ਗਏ। ਰਹਿ ਗਏ ਦੋ ਸੱਲ ਮੇਰੇ ਸੀਨੇ ਵਿੱਚ। ਇਹ ਸਾਰੀ ਉਮਰ ਨਾਸੂਰ ਵਾਂਗ ਰਿਸਦੇ ਰਹਿਣਗੇ।" ਸੋਚਦਾ- ਸੋਚਦਾ ਪਿਆਰਾ ਵਾਪਸ ਥਾਣੇ ਵਿੱਚ ਆ ਗਿਆ।
ਅਗਲੇ ਦਿਨ ਚਿਲਮਲਾਂਦੇ ਸੂਰਜ ਨਾਲ ਪਿਆਰਾ ਘਰ ਆ ਪੁੱਜਾ। ਬੂਹਿਓਂ ਅੰਦਰ ਪੈਰ ਧਰਦਿਆਂ ਅੱਗੇ ਜਸਬੀਰ ਮੱਥੇ ਲੱਗੀ।
"ਪ੍ਰੀਤੂ ਨਹੀਂ ਲੱਭਾ ? ਕੱਲ੍ਹੇ ਮੁੜੇ ਜੇ। ਮੈਂ ਮੈਂ ਬਿਸ਼ਗਨੀ ਨੇ ਨਾਂਹ ਪਾਈ ਸੀ ਨਾਂ। ਮੇਰੇ ਕਰਮਾਂ ਕਰਕੇ ਈ.... । ਮੇਰਾ ਕਸੂਰ ਏ।" ਉਦਾਸ ਜਸਬੀਰ ਦੀਆਂ ਅੱਖਾਂ ਵਿੱਚ ਮੋਤੀ ਡਲ੍ਹਕਣ ਲੱਗ ਪਏ।
"ਜਸਬੀਰ। ਕਿਸੇ ਦਾ ਕਸੂਰ ਨਹੀਂ, ਮੇਰੀ ਕਿਸਮਤ। ਤੂੰ ਮੇਰੇ ਦਿਲ ਵਿੱਚ ਲੱਗੀ ਨੂੰ ਨਹੀਂ ਜਾਣਦੀ।" ਗ਼ਮਾਂ ਵਿੱਚ ਨਪੀੜਿਆ ਹੋਇਆ ਪਿਆਰਾ ਮੰਜੇ 'ਤੇ ਢਹਿ ਪਿਆ। ਬਹਿਣ ਦੀ ਥਾਂ ਉਸ ਕਿਰਿਆ ਨੂੰ ਢਹਿਣਾ ਹੀ ਕਹਿਣਾ ਠੀਕ ਹੈ।
"ਜਾਣਦੀ ਆਂ ਮੈਂ। ਅੱਗੇ ਨਹੀਂ ਸਾਂ ਜਾਣਦੀ, ਹੁਣ ਜਾਣ ਗਈ ਆਂ।"
"ਜਸਬੀਰ।" ਪਿਆਰੇ ਨੇ ਭਕ ਕੇ ਉਹਦੇ ਵੱਲ ਤੱਕਿਆ। ਉਹਦੇ ਅੰਦਰ ਇਉਂ ਖੁੜਕੀ, ਜਿਵੇਂ ਜਸਬੀਰ ਨੂੰ ਉਹਦੇ ਕਿਸੇ ਲੁਕਵੇਂ ਭੇਤ ਦਾ ਪਤਾ ਲੱਗ ਗਿਆ ਹੋਵੇ।
"ਮੇਰਾ ਮਤਲਬ, ਕਿ ਤੁਹਾਡਾ ਦੋਹਾਂ ਭਰਾਵਾਂ ਦਾ ਬਹੁਤ ਪਿਆਰ ਸੀ। ਹੋਰ ਕੋਈ ਗੱਲ ਨਹੀਂ। ਮਾਂ ਜੀ ਨੇ ਦੱਸਿਆ ਸੀ, ਕਿ ਭਰਾਵਾਂ ਦਾ ਬੜਾ ਪਿਆਰ ਸੀ। ਕਿਤੇ ਸਾਡਾ ਪ੍ਰੀਤੂ ਲੱਭ ਪੈਂਦਾ।" ਜਸਬੀਰ ਗੱਲ ਵਲਾ ਕੇ ਘੜੇ ਵਿੱਚੋਂ ਪਾਣੀ ਪੌਣ ਲੱਗ ਪਈ। "ਤੁਹਾਨੂੰ ਦੁਖੀ ਵੇਖ ਕੇ ਮੇਰਾ ਕਲੇਜਾ ਵੱਢੀਦਾ ਏ। ਲਉ ਪਾਣੀ ਪੀਓ।"
ਪਾਣੀ ਦਾ ਗਲਾਸ ਫੜ ਕੇ ਪਿਆਰਾ ਕਿੰਨਾ ਚਿਰ ਜਸਬੀਰ ਦੇ ਉਤਰੇ ਹੋਏ ਚਿਹਰੇ ਵੱਲ ਵਿਹੰਦਾ ਰਿਹਾ। 'ਹੋ ਸਕਦਾ ਏ, ਮਾਂ ਨੇ ਸਭ ਕੁਛ ਦੱਸ ਦਿੱਤਾ ਹੋਵੇ। ਉਸ ਦਾ ਸੁਭਾ ਹਰ ਵੇਲੇ ਗੱਲਾਂ ਕਰੀ ਜਾਣ ਦਾ ਏ। ਪਿਆਰਾ-ਸੰਨ੍ਹੇ ਫੜੇ ਚੋਰ ਵਾਂਗ-ਸੋਚੀ ਜਾ ਰਿਹਾ ਸੀ।
੧੭.
ਪਿਆਰੇ ਦਾ ਦਿਲ ਟੁੱਟ ਗਿਆ ਸੀ। ਨੂਰਾਂ ਤੇ ਪ੍ਰੀਤੂ ਸਦਾ ਵਾਸਤੇ ਉਹਦੀ
ਦੁਨੀਆਂ ਵਿੱਚੋਂ ਦੂਰ ਹੋ ਗਏ ਸਨ। ਮਾਤਾ-ਪਿਤਾ ਉਹਨੂੰ ਬਥੇਰਾ ਹੌਂਸਲਾ ਦੇਂਦੇ। ਉਹ ਵੀ ਚਾਹੁੰਦਾ, ਕਿ ਭਾਣੇ ਦੇ ਸਾਮ੍ਹਣੇ ਸਿਰ ਝੁਕਾ ਕੇ ਗ਼ਮ ਹੱਥੋਂ ਛੁਟਕਾਰਾ ਪਾ ਲਵੇ, ਪਰ ਇਹ ਉਹਦੇ ਵੱਸ ਦਾ ਰੋਗ ਨਹੀਂ ਸੀ। ਵਿਛੋੜੇ ਦੇ ਫੱਟ ਦਾ ਕੋਈ ਦਾਰੂ ਨਹੀਂ, ਕੇਵਲ 'ਸਮਾਂ' ਹੀ ਹੈ, ਜੋ ਥੋੜ੍ਹਾ ਬਹੁਤਾ ਜ਼ਖ਼ਮਾਂ 'ਤੇ ਫਹਿਆ ਰੱਖਦਾ ਹੈ। ਸਹਿਜ- ਸਹਿਜ ਹੀ ਇਹ ਫੱਟ ਆਠਰਦੇ ਹਨ। ਕਦੇ ਕਦਾਈਂ ਤਰਾਟਾਂ ਫਿਰ ਵੀ ਪੈਂਦੀਆਂ ਰਹਿੰਦੀਆਂ ਹਨ।
'ਜੋ ਹੋਇਆ, ਸੋ ਹੋਇਆ। ਮਨਾ। ਹੁਣ ਲੱਕ ਬੰਨ੍ਹ ਕੇ ਆਪਣੇ ਧੰਧੇ ਲੱਗ।' ਪਿਆਰੇ ਨੇ ਮਨ ਨਾਲ ਫ਼ੈਸਲਾ ਕਰ ਲਿਆ।
ਧਰਮ ਸਿੰਘ ਨੂੰ ਅੱਠ ਘੁਮਾਂ ਜ਼ਮੀਨ ਅਲਾਟ ਹੋਈ ਸੀ। ਅੱਧੀ ਨਹਿਰੀ ਤੇ ਅੱਧੀ ਬਰਾਨੀ। ਨਹਿਰੀ ਵਿੱਚ ਇਕ ਘੁਮਾਂ ਕਮਾਦ ਤੇ ਦੋ ਘੁਮਾਂ ਝੋਨਾ ਸੀ। ਇਕ ਘੁਮਾਂ ਝੋਨਾ ਚੰਗਾ ਸੀ ਤੇ ਇਕ ਮਾੜਾ। ਕਮਾਦ ਪੰਦਰਾਂ ਅਗਸਤ ਤੋਂ ਪਹਿਲਾਂ ਚੰਗਾ ਸੀ, ਪਰ ਪਿੱਛੋਂ ਨਖਸਮੇ ਖੇਤ ਵਿੱਚੋਂ ਮੁੰਡਿਆਂ ਨੇ ਗੰਨੇ ਭੰਨ-ਭੰਨ ਵਿਹਲਾ ਕਰ ਦਿੱਤਾ ਸੀ। ਇਸ ਵੇਲੇ ਮਸਾਂ ਪੰਜਵਾਂ ਹਿੱਸਾ ਟਾਂਡੇ ਬਾਕੀ ਸਨ। ਧਰਮ ਸਿੰਘ ਉਹਨਾਂ ਦੀ ਰਾਖੀ ਕਰਦਾ ਸਾਰਾ ਦਿਨ ਖੇਤ ਵਿੱਚ ਬੈਠਾ ਸੁੱਕ ਜਾਂਦਾ।
ਪਿਆਰੇ ਨੇ ਬਰਾਨੀ ਪੈਲੀ ਵਿੱਚ ਹਲ ਖਲਾ ਕਰ ਦਿੱਤਾ। ਇਕ ਅੱਧੋਰਾਣਾ ਮੁੰਨਾ ਉਹਨੂੰ ਸੋਹਣ ਸਿੰਘ ਦੇ ਘਰੋਂ ਮਿਲ ਗਿਆ ਤੇ ਪੰਜਾਲੀ ਉੱਤਮ ਸਿੰਘ ਵੱਲੋਂ। ਹਰਨਾਲੀ ਕਰਕੇ ਉਹ ਕਿੰਨਾ ਚਿਰ ਬਿਨਾਂ ਮਤਲਬ ਹੀ ਹਵੇਲੀ ਵਿੱਚ ਖਲਾ ਰਿਹਾ। ਪਿਛਲੇ ਕੋਠੇ ਦੇ ਬੂਹੇ ਵਿੱਚ ਨੋਂਹ ਸੱਸ ਖਲੀਆਂ ਓਸੇ ਵੱਲੇ ਵੇਖ ਰਹੀਆਂ ਸਨ। ਸ਼ਾਇਦ ਉਹ ਪਿਆਰੇ ਦੇ ਅੰਦਰ ਦੀ ਪੀੜ ਨੂੰ ਸਮਝਦੀਆਂ ਸਨ।
"ਪਿਆਰਿਆ। ਪੁੱਤ, ਜਾਹ ਵਾਹਿਗੁਰੂ ਦਾ ਨਾਂ ਲੈ ਕੇ। ਕੀਹਨੂੰ ਉਡੀਕਦਾ ਏਂ ਪਿਆ। ਤੈਨੂੰ ਪਰਾਣੀ ਫੜੌਣ ਵਾਲਾ ਤੇ ਮਗਰ ਰੋਟੀ ਲੈ ਕੇ ਔਣ ਵਾਲਾ ਪਾਕਿਸਤਾਨ ਦੇ ਢਿੱਡ ਪੈ ਗਿਆ। ਉਹ ਵੀ ਤੂੰ ਗੁਰੂ ਕੋਲੋਂ ਮੰਗ ਕੇ ਲਿਆ ਸੀ। ਪ੍ਰੀਤੂ ਤੇਰਾ ਸੀ। ਹੁਣ ਫੇਰ ਗੁਰੂ ਕੋਲੋਂ ਮੰਗ ਲੈ : ਰੱਬ ਤੁਹਾਨੂੰ ਪ੍ਰੀਤੂ ਦੇ ਥਾਂ ਜੀਤੂ ਦੇ ਦੇਵੇਗਾ। ਪਹਿਲੀ ਉਮਰ ਦੇ ਪੁੱਤ ਵੀ ਭਰਾਵਾਂ ਵਰਗੇ ਹੋ ਜਾਂਦੇ ਨੇ; ਜਾਹ ਹੌਂਸਲਾ ਕਰ ਮੇਰਾ ਪੁੱਤ। ਤੂੰ ਦਿਲ ਛੱਡ ਬੈਠੇ, ਤਾਂ ਸਾਡਾ ਕੀ ਬਣੇਗਾ।"
ਪਿਆਰਾ ਪੁੱਠੇ ਹੱਥ ਨਾਲ ਅੱਖਾਂ ਪੂੰਝਦਾ ਹਰਨਾਲੀ ਹਿੱਕ ਤੁਰਿਆ। ਉਹਨੇ ਪਿੱਛਾ ਭੌਂ ਕੇ ਨਹੀਂ ਵੇਖਿਆ। ਫਿਰ ਵੀ ਉਹਨੂੰ ਭਾਸ ਰਿਹਾ ਸੀ, ਜਿਵੇਂ ਪ੍ਰੀਤੂ ਉਹਦੇ ਮਗਰ-ਮਗਰ ਤੁਰਿਆ ਆ ਰਿਹਾ ਹੈ। ਉਹ ਛੋਟੇ ਭਰਾ ਦੇ ਪੈਰਾਂ ਦਾ ਖੜਾਕ ਤੇ ਜੁੱਸੇ ਦੀ ਮਹਿਕ ਮਹਿਸੂਸ ਕਰ ਰਿਹਾ ਸੀ।
"ਪੁੱਤ ਜਸਬੀਰ! ਪਿਆਰਾ ਬਹੁਤਾ ਹੀ ਡੋਲਿਆ ਹੋਇਆ ਏ। ਬੰਦਾ ਡੋਲ
ਜਾਏ, ਤਾਂ ਉਹਨੂੰ ਸਿਰਫ਼ ਜਨਾਨੀ ਈ ਸੰਭਾਲ ਸਕਦੀ ਏ। ਸਮਝਦੀ ਏਂ ਨਾ ਮੇਰੀ ਗੱਲ। ਤੂੰ ਸਿਆਣੀ ਧੀ ਏਂ। ਏਸੇ ਵਾਸਤੇ ਮੈਂ ਤੈਥੋਂ ਕਿਸੇ ਗੱਲ ਦਾ ਲੁਕ-ਲੁਕਾ ਨਹੀਂ ਰੱਖਿਆ। ਹੁਣ ਆਪਣਾ ਸਾਰਿਆਂ ਦਾ ਆਸਰਾ ਪਿਆਰਾ ਈ ਏ। ਤੇ ਤੇ ਇਹ ਤੇਰੇ ਹੌਸਲਾ ਦੇਣ ਨਾਲ ਈ ਸੰਭਲ ਸਕਦਾ ਏ। ਪ੍ਰੀਤੂ ਦੀ ਥਾਂ ਵੀ ਤੂੰ ਈ ਪੂਰੀ ਕਰਨੀ ਏਂ, ਤੇ ....। ਹੋਰ ਮੈਂ ਕੀ ਆਖਾਂ। ਤੂੰ ਆਪ ਸਿਆਣੀ ਏਂ। ਤੈਨੂੰ ਸਾਰਾ ਪਤਾ ਈ ਏ ਨਾਂ। ਬੰਦਾ ਪਿਆਰ ਦਾ ਭੁੱਖਾ ਹੁੰਦਾ ਏ। ਘਰੋਂ ਉਹਨੂੰ ਰੱਜਵਾਂ ਪਿਆਰ ਮਿਲ ਜਾਵੇ, ਤਾਂ ਉਹ ਸਾਰੀ ਦੁਨੀਆਂ ਨੂੰ ਭੁੱਲ ਜਾਂਦਾ ਏ। ਉਂਞ ਮੇਰਾ ਪਿਆਰਾ ਬੁਰਾ ਨਹੀਂ। ਬੱਸ, ਤੂੰ... ਤੂੰ ਕੀ ਆਖਾਂ ਇਹਦੇ ਦਿਲ ਵਿੱਚ ਵੜ ਜਾ। ਏਨਾ ਪਿਆਰ ਕਰ, ਅਜੇਹਾ ਜਾਦੂ ਪਾ, ਕਿ ਤੇਰੇ ਬਿਨਾਂ ਇਹਨੂੰ ਕੁਛ ਵੀ ਯਾਦ ਨਾ ਰਹੇ। ਇਹਦਾ ਬਾਪੂ ਤਾਂ ਨਿਰਾ ਪੂਰਾ ਸਾਧੂ ਦਾ ਰੂਪ ਏ। ਮੁੰਡੇ ਹੁੰਦਿਆਂ ਵੀ ਉਹਦੇ ਵਿੱਚ ਮੁੰਡਿਆਂ ਵਾਲੀ ਕੋਈ ਗੱਲ ਨਹੀਂ ਸੀ। ਉਹ ਵੀਹਾਂ ਵਰ੍ਹਿਆਂ ਦਾ ਸੀ, ਮੈਂ ਵਰ੍ਹਾ ਛੋਟੀ ਹੋਵਾਂਗੀ, ਜਦ ਸਾਡਾ ਵਿਆਹ ਹੋਇਆ ਸੀ। ਉਹਦਾ ਓਦੋਂ ਵੀ ਦਾਨਿਆਂ ਪਰਧਾਨਿਆਂ ਤੇ ਸੰਤਾਂ ਵਰਗਾ ਸੁਭਾ ਸੀ। ਤੇ ਪਿਆਰਾ ਹੋਇਆ ਮੁੰਡਿਆਂ ਵਰਗਾ ਮੁੰਡਾ। ਸੁੱਖ ਨਾਲ ਸਤਾਰਾਂ ਅਠਾਰਾਂ ਵਰ੍ਹਿਆਂ ਦਾ ਹੋਇਆ ਏ, ਪਰ ਵੇਖਣ ਵਾਲੇ ਨੂੰ ਵੀਹਾਂ ਦਾ ਲੱਗਦਾ ਏ। ਕਿਤੇ ਤੂੰ ਇਹਨੂੰ ਮਿਰਜ਼ੇ ਦੀਆਂ ਸੁਰਾਂ ਲੈਂਦਿਆਂ ਸੁਣੇ, ਬੱਸ, ਕੁਛ ਨਾ ਪੁੱਛ। ਪੰਛੀ ਡਿਗਦੇ ਨੇ ਪੰਛੀ। ਤਾਂ ਕਿਸੇ ਕੁੜੀ ਦਾ ਭਰਮ ਜਾਣਾ ਕਿਹੜੀ ਵੱਡੀ ਗੱਲ ਏ। ਪਰ ਛੱਡ ਤੂੰ ਹੋਈਆਂ ਬੀਤੀਆਂ ਨੂੰ। ਪਿਆਰੇ ਦਾ ਓਸ ਗੱਲ ਵਿੱਚ ਵੀ ਕੋਈ ਕਸੂਰ ਨਹੀਂ। ਹੁਣ ਤਾਂ ਅਖੇ : ਛੱਡੇ ਥਾਂ, ਤਾਂ ਕੀ ਲੈਣਾ ਨਾਂ। ਸਭ ਝਗੜੇ ਨਿੱਬੜ ਗਏ। ਹੁਣ ਤਾਂ ਤੇਰੇ ਹੱਥ ਵੱਸ ਈ ਏ ਸਭ ਕੁਛ। ਬੱਸ, ਆਪਣਾ ਘਰ ਸੰਭਾਲ ਲੈ ਧੀਏ। ਪਿਆਰ ਨਾਲ ਤਾਂ ਪੰਛੀਆਂ ਨੂੰ ਚੋਗਾ ਪਾਈਏ ਤਾਂ ਉਹ ਪੈਰਾਂ 'ਤੇ ਆ ਆ ਡਿਗਦੇ ਨੇ ਪਏ ਤੇ ਬੰਦਾ ਵਿਚਾਰਾ ਕੀਹਦਾ ਪਾਣੀਹਾਰ ਏ। ਬੱਸ ਇਕੋ ਢੰਗ ਈ। ਆਹ ਲਾਲੀ ਵੇਖੀ ਉ ਨਾ ਕਦੇ। ਕੀ ਨਗੂਣੀ ਜੋਹੀ ਜਿੰਦ ਖੰਭਾਂ ਦੀ ਮੁੱਠ। ਲਾਡ ਨਾਲ ਹੌਲੀ-ਹੌਲੀ ਖੁਰਕ-ਖੁਰਕ ਕੇ ਹਾਥੀਆਂ ਨੂੰ ਨੁਆ ਲੈਂਦੀ ਏ। ਸੋ, ਪਿਆਰਾ ਵੀ ਤੇਰੇ ਅੱਗੇ.....। ਮਾਵਾਂ ਧੀਆਂ ਦੀ ਪਰੇ ਆ, ਹੋਰ ਤੈਨੂੰ ਕਿਵੇਂ ਸਮਝਾਵਾਂ। ਤੂੰ ਤਾਂ ਆਪ ਸਿਆਣੀ ਏਂ।" ਸਿਆਣੀ ਨੋਂਹ ਨੂੰ ਦਲੀਪ ਕੌਰ ਏਸੇ ਤਰ੍ਹਾਂ ਹਰ ਵੇਲੇ ਸਮਝਾਉਂਦੀ ਰਹਿੰਦੀ। ਉਹਦੇ ਲੰਮੇ-ਲੰਮੇ ਲੈਕਚਰ ਦਿਲ ਅਕਾ ਦੇਣ ਵਾਲੇ ਹੁੰਦੇ, ਪਰ ਉਹਨਾਂ ਵਿੱਚ ਪਿਆਰ ਦੀ ਪੁੱਠ ਤੇ ਸ਼ੁਭ ਇੱਛਾ ਜ਼ਰੂਰ ਹੁੰਦੀ।
ਪਿਆਰੇ ਨੇ ਬਗਾਨੀ ਪੈਲੀ ਵਿੱਚ ਹਲ ਜਾ ਜੁੱਤਾ। ਉਹਦਾ ਵਤਰ ਸੰਭਾਲਣਾ ਬਹੁਤਾ ਜ਼ਰੂਰੀ ਸੀ। ਹਾੜੀ ਦੀ ਬਿਆਈ ਸਿਰ 'ਤੇ ਆਈ ਖਲੀ ਸੀ। ਪਸ਼ੂ ਬਹੁਤੇ ਤੁਰਤੁਰੇ ਨਹੀਂ ਸਨ। ਇਕ ਰਾਹਲ ਵਾਹੁੰਦਿਆਂ ਹੀ ਪਿਆਰੇ ਨੇ ਉਹਨਾਂ ਦੀ ਸ਼ਕਤੀ
ਦਾ ਅੰਦਾਜ਼ਾ ਲਾ ਲਿਆ। ਰਹਿ-ਰਹਿ ਕੇ ਉਹਨੂੰ ਆਪਣੇ ਨਾਹਰਿਆਂ ਦੀ ਜੋਗ ਯਾਦ ਆ ਰਹੀ ਸੀ, ਜੋ ਉਹ ਹੁਡਿਆਰ ਵਾਲੇ ਪੁਲ 'ਤੇ ਖੂਹਾ ਆਏ ਸਨ। "ਕਿਤੇ ਓਹ ਬਲਦ ਹੁੰਦੇ, ਤਾਂ ਇਹ ਚਾਰੇ ਘੁਮਾਂ ਮੈਂ ਤਿੰਨਾਂ ਦਿਨਾਂ ਵਿੱਚ ਵਾਹ ਲੈਂਦਾ। ਮੈਂ ਪਿੰਡ ਵਾਲੀ ਨਹਿਰੀ ਘੁਮਾਂ ਵਾਹ ਕੇ ਛੱਡਦਾ ਹੁੰਦਾ ਸਾਂ ਤਾਂ ਇਹ ਤਾਂ ਬਿਰਾਨੀ ਏਂ, ਖਮੀਰੇ ਆਟੇ ਵਰਗੀ ਪੋਲੀ। ਪਰ ਆਹ ਡੰਗਰ ਤਾਂ ਸ਼ੈਦ ਛਿਆਂ ਦਿਨਾਂ ਵਿੱਚ ਵੀ ਨਾ ਮੁਕੌਣ। ਹੱਛਾ ਦਿਨ ਛੇ ਲੱਗਣ ਤੇ ਭਾਵੇਂ ਸੱਤ, ਪਰ ਵਾਹੁਣੀ ਮਹੀਨ ਚਾਹੀਦੀ ਏ। ਬਰਾਨੀ ਦਾ ਵੱਤਰ ਪਹਿਲੀ, ਵਾਹ ਦੇ ਸਿਰ 'ਤੇ ਈ ਹੁੰਦਾ ਏ। ਅਨਾੜੀ ਹਾਲੀ ਨੇ ਮੋਟੀ-ਮੋਟੀ ਵਾਹ ਕੇ ਸੁੱਕਣੇ ਪੌਣ ਵਾਲੀ ਕਰ ਦਿੱਤੀ ਤਾਂ ਵੱਤਰ ਕਿੱਥੋਂ ਰਹਿਣਾ ਹੋਇਆ। ਉ ਪ੍ਰੀਤੂ। ਗੁੱਠਾਂ ਗੋਡਣ ਵਾਸਤੇ ਆਪਾਂ ਕਹੀ ਤਾਂ ਲਿਆਏ ਈ ਨਹੀਂ।” ਪ੍ਰੀਤੂ ਦੀ ਯਾਦ ਆਉਂਦਿਆਂ ਹੀ ਪਿਆਰਾ ਇਕੋ ਵਾਰ ਭਕ ਉੱਠਿਆ। ਉਹਦੇ ਧੁਰ ਕਲੇਜੇ ਤਕ ਇਕ ਤਿੱਖੀ ਤਰਾਟ ਪਈ। 'ਉਹ ਹੋ! ਠੀਕ ਅਹਿਦੇ ਨੇ : ਮਰ ਜਾਂਦੇ ਨੇ ਭਾਈ, ਭੱਜ ਪੈਂਦੀਆਂ ਨੇ ਬਾਹਵਾਂ। ਪ੍ਰੀਤੂ ਮੇਰੀ ਬਾਂਹ ਭੰਨ ਗਿਆ ਏ। ਗੁਰੂ ਕਰੇ, ਉਹ ਜਿੱਥੇ ਵੀ ਹੋਵੇ, ਰਾਜੀ ਬਾਜੀ ਹੋਵੇ। ਉਧਰ ਉਹ ਰੋਂਦਾ ਫਿਰਦਾ ਹੋਵੇਗਾ। ਏਧਰ ਮੈਂ। ਸਾਡੇ ਨਾਲ ਤਾਂ ਉਹ ਹੋਈ :
ਮਿਰਜਾ ਬਾਝ ਭਰਾਵਾਂ ਘੇਰਿਆ
ਆ ਵਹੀਆਂ ਵਿਚ ਉਜਾੜ।
ਯਾਰੋ। ਸ਼ੇਰ ਇਕੱਲਾ ਵੇਖ ਕੇ
ਟੁੱਟ ਪੈਣ ਜਿਵੇਂ ਬਘਿਆੜ ।....
ਪਿਆਰਾ ਗਾ ਰਿਹਾ ਸੀ, ਪਰ ਬੜੀ ਨੀਂਵੀਂ ਸੁਰ ਵਿੱਚ, ਏਨੀ ਨੀਂਵੀਂ, ਜੋ ਵਾਜ ਪੈਲੀਓਂ ਬਾਹਰ ਨਾ ਜਾ ਸਕੇ। ਕਿਉਂਕਿ ਇਹ ਬਿਗਾਨਾ ਪਿੰਡ ਸੀ। ਏਥੇ ਉਹ ਆਪਣੇ ਪਿੰਡ ਵਾਂਗ ਉੱਚੀ ਨਹੀਂ ਸੀ ਗੌਂ ਸਕਦਾ। ਪਤਾ ਨਹੀਂ, ਏਥੋਂ ਦੇ ਲੋਕ ਕੀ ਸਮਝਣ। ਬਿਗਾਨੇ ਥਾਂ ਦਾ ਕਾਹਦਾ ਮਾਣ। ਏਥੇ ਤਾਂ ਉਹ ਰੀਫ਼ਿਊਜੀ ਸਨ। ਲੋਕਾਂ ਦੇ ਰਹਿਮ 'ਤੇ ਦਿਨ ਕੱਟਣ ਵਾਲੇ ਸ਼ਰਨਾਰਥੀ ਜਾਂ ਪਨਾਹਗੀਰ।
ਦਿਨ ਥੋੜ੍ਹਾ ਹੀ ਚੜ੍ਹਿਆ ਸੀ। ਦਲੀਪ ਕੌਰ ਪੁੱਤ ਦੀ ਰੋਟੀ ਲੈ ਕੇ ਜਾ ਪੁੱਜੀ। ਪਿਆਰੇ ਨੇ ਦੂਰੋਂ ਆਉਂਦੀ ਮਾਂ ਵੱਲ ਵੇਖ ਕੇ ਵੱਟ ਲਾਗੇ ਹਲ ਖਲ੍ਹਾਰ ਦਿੱਤਾ। ਉਸ ਵੇਲੇ ਵੀ ਉਹਦੇ ਨਾਲ ਦਿਲ ਵਿੱਚ ਕਈ ਸੋਚਾਂ ਸਨ।
"ਮੈਂ ਬਥੇਰਾ ਵਰਜ ਰਹੀ, ਪਰ ਜਿਦ ਪਈ ਜਸਬੀਰ ਨੇ ਮੱਲੋ ਮੱਲੀ ਆਪ ਰੋਟੀਆਂ ਪਕਾਈਆਂ। ਉਂਞ ਰੋਟੀ ਟੁੱਕ ਸੋਹਣਾ ਕਰਦੀ ਏ। ਹਰ ਪੱਖੋਂ ਸਿਆਣੀ ਏਂ। ਸੋਹਣੀ ਵੀ ਤੇ ਸੁਚੱਜੀ ਵੀ। ਕਿਸੇ ਗੱਲੇ ਘੁੱਸੀ ਹੋਈ ਨਹੀਂ। ਫੇਰ ਅੰਞਾਣਿਆਂ ਵਾਂਗ
ਰਿਹਾੜ ਪੈ ਗਈ। ਆਖੇ : ਮਾਂ ਜੀ! ਮੈਂ ਵੀ ਤੁਹਾਡੇ ਨਾਲ ਚਲਦੀ ਆਂ। ਅੱਜ ਮੈਨੂੰ ਖੇਤ ਵਖਾ ਆਓ, ਫੇਰ ਮੈਂ ਕੱਲ੍ਹੀ ਰੋਟੀ ਲੈ ਜਾਇਆ ਕਰਾਂਗੀ : ਬੜਾ ਚਾ ਏ ਉਹਨੂੰ ਤੇਰੀ ਰੋਟੀ ਲਿਔਣ ਦਾ। ਪੁੱਤ ਪਿਆਰਿਆ। ਬੜੇ ਚੰਗੇ ਸੁੱਭਾ ਦੀ ਕੁੜੀ ਮਿਲੀ ਏ ਸਾਨੂੰ। ਰੂਪ ਵੀ ਰੱਜਵਾਂ ਦਿੱਤਾ ਏ ਰੱਬ ਨੇ। ਚੌਂਕੇ ਬੈਠੀ ਹੋਵੇ, ਤਾਂ ਘਰ ਪਿਆ ਸੋਹੰਦਾ ਏ....।"
ਪਿਆਰੇ ਨੇ ਮਾਂ ਦੇ ਸਿਰ ਤੋਂ ਰੋਟੀਆਂ ਲਾਹ ਕੇ ਵੱਟ ਉੱਤੇ ਰੱਖ ਦਿੱਤੀਆਂ। ਮਾਂ ਨੇ ਪੌਣਾ ਖੂਹਲ ਕੇ ਥਾਲੀ ਅੱਗੇ ਕਰ ਦਿੱਤੀ। ਪਿਆਰਾ ਨੀਂਵੀਂ ਪਾਈ ਰੋਟੀ ਖਾਣ ਲੱਗ ਪਿਆ। ਦਲੀਪ ਕੌਰ ਦਾ ਭਾਸ਼ਣ ਅਜੇ ਜਾਰੀ ਸੀ ਤੇ ਉਹ ਓਨਾ ਚਿਰ ਜਾਰੀ ਰਿਹਾ, ਜਿੰਨਾ ਚਿਰ ਪਿਆਰਾ ਸਾਮ੍ਹਣੇ ਬੈਠਾ ਰੋਟੀ ਖਾਂਦਾ ਰਿਹਾ। ਪਿਆਰਾ ਚੁੱਪ ਕਰਕੇ ਸੁਣਦਾ ਰਿਹਾ! ਉਹ ਜਾਣਦਾ ਸੀ ਕਿ ਆਪਣੇ ਰੌਂ ਵਿੱਚ ਏ ਤੇ ਇਹ ਵੀ ਸਮਝ ਗਿਆ ਕਿ ਮਾਂ ਨੌਂਹ ਦੀਆਂ ਸਿਫ਼ਤਾਂ ਦੇ ਪੁਲ ਕਿਉਂ ਬੰਨ੍ਹ ਰਹੀ ਹੈ।
'ਉਹੋ ਹੋ! ਉਠਣ ਲੱਗੇ ਪਿਆਰੇ ਨੇ ਦਿਲ ਵਿੱਚ ਆਹ ਭਰੀ। 'ਇਹ ਮਾਂ ਏਂ ਨਾ। ਮਾਂ ਸੋਚਦੀ ਏ, ਕਿਵੇਂ ਪੁੱਤਰ ਦਾ ਗ਼ਮ ਘਟ ਜਾਏ।' ਪਿਆਰੇ ਨੇ ਹਲ ਜਾ ਹਿੱਕਿਆ। ਸੋਚਾਂ ਦੀ ਲੜੀ ਅਜੇ ਵੀ ਉਸ ਦੇ ਅੰਦਰ ਓਵੇਂ ਚੱਲ ਰਹੀ ਸੀ। 'ਮੈਂ ਵੀ ਚਾਹੁੰਦਾਂ ਕਿ ਗ਼ਮ ਪਿੱਛਾ ਛੱਡ ਜਾਵੇ, ਪਰ ਕੋਈ ਪੇਸ਼ ਨਹੀਂ ਜਾਂਦੀ। ਜਸਬੀਰ ਆਪਣੇ ਥਾਂ ਸੱਚੀ ਏ, ਬੜੀ ਚੰਗੀ ਸਾਥਣ ਏਂ। ਉਹਦੇ ਦਿਲ ਵਿੱਚ ਪਿਆਰ ਏ, ਚੱ ਏ। ਉਹਨੇ ਰੀਝਾਂ ਨਾਲ ਰੋਟੀ ਪਕਾਈ ਏ। ਉਹ ਆਪ ਰੋਟੀ ਲੈ ਕੇ ਔਣਾ ਚਾਹੁੰਦੀ ਏ, ਆਪਣੇ ਪਿਆਰੇ ਦੀ, ਏਸੇ ਵਿੱਚ ਉਹਦੀ ਖ਼ੁਸ਼ੀ ਏ।..... ਪੂਰੀ ਖੁਸ਼ ਤਾਂ ਮੈਂ ਓਦਣ ਹੋਵਾਂਗੀ, ਜਿੱਦਣ ਹੱਥੀਂ ਰੋਟੀ ਪਕਾ ਕੇ ਤੇ ਘੁੰਡ ਕੱਢ ਕੇ ਆਪਣੇ ਪਿਆਰੇ ਦਾ ਭੱਤਾ ਲੈ ਕੇ ਆਵਾਂਗੀ। . ਉਹ ਹੋ! ਵਿਚਾਰੀ ਨੂਰਾਂ। ਉਹਦੇ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ। ਨੂਰਾਂ! ਨੂਰਾਂ! ਤੇਰਾ ਕੋਈ ਗੁਨਾਹ ਨਹੀਂ ਸੀ। ਮੇਰਾ ਵੀ ਨਹੀਂ। ਵਿਚਾਰੀ ਜਸਬੀਰ ਦਾ ਵੀ ਨਹੀਂ। ਪਰ ਤਿੰਨੇ ਸਜ਼ਾ ਭੁਗਤ ਰਹੇ ਆਂ। ਆਪੋ ਆਪਣੀ ਅੱਗ ਵਿੱਚ ਸੜ ਰਹੇ ਆਂ। ਨੂਰਾਂ। ਤੇਰੇ ਤੇ ਮੇਰੇ ਰੋਗ ਦਾ ਕੋਈ ਇਲਾਜ ਨਹੀਂ, ਪਰ ਵਿਚਾਰੀ ਜਸਬੀਰ ਦਾ ਦੁੱਖ ਘਟ ਸਕਦਾ ਏ। ਨਰਾਜ਼ ਨਾ ਹੋਵੀਂ ਨੂਰਾਂ। ਜਸਬੀਰ ਦਾ ਦਿਲ ਲੌਣ ਵਾਸਤੇ ਮੈਨੂੰ ਮੈਨੂੰ। ਕੀ ਆਖਾਂ। ਹੁਣ ਉਹ ਸਾਡੇ ਰਹਿਮ 'ਤੇ ਆ। ਸਾਨੂੰ ਉਹਦਾ ਖ਼ਿਆਲ ਰੱਖਣਾ ਚਾਹੀਦਾ ਏ।'
ਦਿਨੋ-ਦਿਨ ਪਿਆਰਾ ਜਸਬੀਰ ਵੱਲੇ ਝੁਕਦਾ ਜਾ ਰਿਹਾ ਸੀ। ਉਹ ਉਸ ਨੂੰ ਬੜੇ ਆਦਰ ਨਾਲ ਬੁਲਾਉਂਦਾ। ਉਹਦੀ 'ਵਾਜ ਤੇ ਤੱਕਣੀ ਵਿੱਚੋਂ ਪਿਆਰ ਵੀ ਝਲਕਣ ਲੱਗ ਪਿਆ ਸੀ। ਜਸਬੀਰ ਬੜੀ ਚਾਤਰੀ ਨਾਲ ਆਪਣੀ ਮੁਹੱਬਤ ਦਾ
ਜਾਲ ਓਹਦੇ ਉਦਾਲੇ ਤਣੀ ਜਾ ਰਹੀ ਸੀ। ਏਸ ਯਤਨ ਵਿੱਚ ਸੱਸ ਵੀ ਬੜੇ ਸੁਚੱਜੇ ਢੰਗ ਨਾਲ ਨੀਂਹ ਦੀ ਸਹਾਇਤਾ ਕਰ ਰਹੀ ਸੀ। ਆਉਂਦੇ ਪਿਆਰੇ ਨੂੰ ਵੇਖ ਕੇ ਦਲੀਪ ਕੌਰ ਨੀਂਹ ਨੂੰ ਹੁਕਮ ਦੇਂਦੀ, "ਉੱਠ ਕੁੜੀਏ! ਪਾਣੀ ਦਿਹ ਪਿਆਰੇ ਨੂੰ। ਬਾਹਰੋਂ ਆਏ ਆਦਮੀ ਨੂੰ ਤੇਹ ਲੱਗੀ ਹੁੰਦੀ ਏ। ਏਸ ਗੱਲ ਦਾ ਜ਼ਨਾਨੀ ਨੂੰ ਸਦਾ ਖ਼ਿਆਲ ਰੱਖਣਾ ਚਾਹੀਦਾ ਏ।"
ਏਨੀ ਕੁ ਹੱਲਾਸ਼ੇਰੀ ਪਾ ਕੇ ਜਸਬੀਰ ਵੀ ਕੁਛ ਦਲੇਰ ਹੁੰਦੀ ਜਾ ਰਹੀ ਸੀ। ਉਹ ਖਿੜੇ ਚਿਹਰੇ ਨਾਲ ਪਤੀ ਦਾ ਸਵਾਗਤ ਕਰਦੀ ਹੋਈ ਕਹਿੰਦੀ, "ਲੋ, ਤੁਸੀਂ ਬਹਿ ਕੇ ਪਾਣੀ ਪੀਉ। ਪੰਜਾਲੀ ਮੈਂ ਲਾਹ ਲੈਂਦੀ ਆਂ।"
"ਤੂੰ ਲਾਹ ਲਵੇਂਗੀ ?"
"ਕਿਉਂ ਮੈਂ ਜੱਟਾਂ ਦੀ ਧੀ ਨਹੀਂ ? ਮਾਂ ਜੀ ਨਹੀਂ ਮੰਨਦੇ। ਨਹੀਂ ਤਾਂ ਮੈਂ ਰੋਟੀ ਲੈ ਕੇ ਆਵਾਂ ਤਾਂ ਕੋਲੋਂ ਗੁੱਠਾਂ ਵੀ ਗੋਡ ਦਿਆਂ ਕਰਾਂ।"
"ਵਾਹ ਭਈ । ਫੇਰ ਤਾਂ....।"
"ਵਿਚਾਰੀ ਮਰਨ ਵਾਲੀ ਭਾਬੀ ਹਰ ਵੇਲੇ ਮੈਨੂੰ ਸਮਝਾਇਆ ਕਰਦੀ ਸੀ। ਆਖਣਾ ਵੇਖ ਜਸਬੀਰ! ਪਤੀ ਪਰਮੇਸ਼ਰ ਹੁੰਦਾ ਏ। ਉਹਦੀ ਪੂਜਾ ਕਰਨੀ ਚਾਹੀਦੀ ਏ ਤੇ ਲੋਕ-ਵਿਖਾਵੇ ਵਜੋਂ ਪੈਰੀਂ ਹੱਥ ਲਾ ਛੱਡਣ ਦਾ ਨਾਂ ਪੂਜਾ ਨਹੀਂ, ਸਗੋਂ ਹਰ ਕੰਮ ਵਿੱਚ ਬੰਦੇ ਦਾ ਭਾਰ ਵੰਡੌਣਾ ਚਾਹੀਦਾ ਏ। ਦੁੱਖ-ਸੁੱਖ ਵਿੱਚ ਪੂਰਾ ਸਾਥ ਦੇਣਾ ਚਾਹੀਦਾ ਏ। ਉਹ ਭਾਊ ਨਾਲ ਸਾਰਾ ਕੰਮ ਕਰਦੀ ਹੁੰਦੀ ਸੀ। ਮੈਨੂੰ ਵੀ ਤੁਸੀਂ ਕਮਜ਼ੋਰ ਨਾ ਸਮਝਿਓ। ਮੈਂ ਹਰ ਕੰਮ ਤੁਹਾਡੇ ਮੋਢੇ ਨਾਲ ਮੋਢਾ ਡਾਹ ਕੇ ਕਰਾਂਗੀ। ਹਾਂ, ਤੁਹਾਡੀ ਜਸਬੀਰ ਕਿਸੇ ਗੱਲੋਂ ਮਾੜੀ ਨਹੀਂ। ਬੱਸ, ਤੁਹਾਡੇ ਵੱਲੋਂ ਹੱਲਾਸ਼ੇਰੀ ਚਾਹੀਦੀ ਏ।" ਇਕ ਦਿਨ ਜਸਬੀਰ ਨੇ ਬੜੇ ਨਖ਼ਰੇ ਨਾਲ ਸੁਰਮੇ ਵਾਲੀਆਂ ਅੱਖਾਂ ਮਟਕਾ ਕੇ ਕਿਹਾ।
ਪਲ ਦਾ ਪਲ ਪਿਆਰਾ ਜਸਬੀਰ ਵੱਲੋਂ ਵਿਹੰਦਾ ਹੀ ਰਹਿ ਗਿਆ। ਉਸ ਦਿਨ ਉਹਨੂੰ ਉਹ ਪੂਰੀ ਮੁਟਿਆਰ ਦੇ ਰੂਪ ਵਿੱਚ ਦਿੱਸੀ, ਪਿਆਰ ਵਿੱਚ ਧੜਕਦੇ ਦਿਲ ਵਾਲੀ ਭਰਪੂਰ ਜਵਾਨੀ।
ਪਿਆਰੇ ਦੇ ਦਿਲ ਵਿੱਚ ਜਸਬੀਰ ਆਪਣੀ ਥਾਂ ਬਣਾਉਂਦੀ ਜਾ ਰਹੀ ਸੀ। ਉਹਨੂੰ ਦਰਵਾਜ਼ਾ ਲੱਭ ਪਿਆ ਸੀ, ਉਸ ਮੰਦਰ ਅੰਦਰ ਦਾਖ਼ਲ ਹੋਣ ਦਾ। ਇਕ ਰਾਤ ਪਤੀ ਦੇ ਮੰਜੇ 'ਤੇ ਬੈਠੀ ਉਹਦੀ ਚੌੜੀ ਛਾਤੀ ’ਤੇ ਪਿਆਰ ਨਾਲ ਹੱਥ ਫੇਰ ਰਹੀ ਸੀ। ਉਹਨੇ ਪਤੀ ਦੇ ਚਿਹਰੇ ਉੱਤੇ ਝੁਕ ਕੇ ਚੰਦ ਦੇ ਚਾਨਣੇ ਉਹਦੀਆਂ ਅੱਖਾਂ ਵਿੱਚ ਤਕਦਿਆਂ ਪੁੱਛਿਆ, "ਸੱਚ ਦੱਸਣਾ, ਨੂਰਾਂ ਬਹੁਤ ਸੋਹਣੀ ਸੀ ?"
ਅਚਨਚੇਤ ਇਹ ਸਵਾਲ ਸੁਣ ਕੇ ਪਿਆਰਾ ਤ੍ਰਭਕ ਪਿਆ। ਉਹਦੇ ਖਿੜੇ ਚਿਹਰੇ 'ਤੇ ਸ਼ਰਮ ਦਾ ਇਕ ਪਰਛਾਵਾਂ ਜਿਹਾ ਆ ਗਿਆ।
"ਮੈਂ ਗੁੱਸੇ ਜਾਂ ਈਰਖਾ ਨਾਲ ਨਹੀਂ ਪੁੱਛਦੀ। ਨਾ ਹੀ ਮੈਂ ਬੁਰਾ ਮਨੌਂਦੀ ਆਂ। ਪਰ ਤੁਹਾਡੇ ਹਰ ਦੁੱਖ ਪੀੜ ਬਦਲੇ ਜਾਨਣਾ ਮੇਰਾ ਫ਼ਰਜ਼ ਏ। ਸੱਚ-ਸੱਚ ਦੱਸਿਓ।"
ਪਿਆਰੇ ਨੇ ਬੜੇ ਧਿਆਨ ਨਾਲ ਜਸਬੀਰ ਵੱਲ ਤੱਕਿਆ। ਉਹਦੇ ਪਿਆਰ ਵਿੱਚ ਹਮਦਰਦੀ ਦੀ ਪੁੱਠ ਰਲੀ ਹੋਈ ਸੀ। "ਤੈਨੂੰ ਮਾਂ ਨੇ ਕੀ ਦੱਸਿਆ ਏ ?" ਪਿਆਰਾ ਜਾਣਦਾ ਸੀ ਕਿ ਮਾਂ ਬਿਨਾਂ ਏਥੇ ਹੋਰ ਕੌਣ ਸੀ, ਉਹਦਾ ਇਹ ਭੇਤ ਦੱਸਣ ਵਾਲਾ।
"ਜਿੰਨਾ ਕੁ ਮਾਂ ਜੀ ਜਾਣਦੇ ਸਨ, ਉਸਨਾਂ ਸਾਰਾ ਦੱਸ ਦਿੱਤਾ ਏ।"
"ਮਾਂ ਨੇ ਮਾੜਾ ਕੀਤਾ ਏ।"
"ਨਹੀਂ, ਚੰਗਾ ਕੀਤਾ ਏ। ਮੈਨੂੰ ਪਤਾ ਈ ਨਾ ਹੁੰਦਾ, ਕਿ ਤੁਹਾਡੇ ਅੰਦਰ ਕਿਸ ਗੱਲ ਦੀ ਪੀੜ ਏ, ਤਾਂ ਮੈਂ ਦੁੱਖ ਕਿਵੇਂ ਵੰਡੋਂਦੀ। ਝਕੋ ਨਾ। ਜੋ ਵੀ ਦਿਲ ਵਿੱਚ ਹੈ, ਦੱਸ ਦਿਹੋ। ਮੈਂ ਨਾਰਾਜ਼ ਨਹੀਂ ਹੋਵਾਂਗੀ, ਸਗੋਂ ਦਰਦ ਵੰਡੋਣ ਦਾ ਯਤਨ ਕਰਾਂਗੀ। ਹੁਣ ਤੁਸੀਂ ਈ ਮੇਰੇ ਸਭ ਕੁਝ ਓ।"
"ਨੂਰਾਂ ਤੇਰੇ ਨਾਲੋਂ ਸੋਹਣੀ ਨਹੀਂ ਸੀ। ਐਵੇਂ...। ਉਂਞ ਮੇਰਾ ਇਤਬਾਰ ਕਰ ਲਵੇਂਗੀ ?"
“ਤੁਹਾਡਾ ਨਹੀਂ, ਤਾਂ ਹੋਰ ਕੀਹਦਾ ਇਤਬਾਰ ਕਰਾਂਗੀ। ਭਾਬੀ ਆਹਦੀ ਹੁੰਦੀ ਸੀ ਜਿਹੜੇ ਦੋਵੇਂ ਜੀ ਇਕ ਦੂਜੇ ਦਾ ਇਤਬਾਰ ਨਹੀਂ ਕਰਦੇ, ਉਹ ਸੁਖੀ ਕਦੇ ਨਹੀਂ ਵੱਸਦੇ।"
"ਸੁਣ ਫਿਰ। ਮੈਂ ਕਿਸੇ ਨਾਲ ਨੂਰਾਂ ਦੀਆਂ ਰੱਜ-ਰੱਜ ਗੱਲਾਂ ਕਰਨੀਆਂ ਚੌਂਹਦਾਂ, ਮੇਰਾ ਦਿਲ ਭਰਿਆ ਪਿਆ ਏ। ਪਰ ਕਰਾਂ ਕੀਹਦੇ ਨਾਲ।"
"ਮੇਰੇ ਨਾਲ। ਮੇਰੇ ਨਾਲੋਂ ਨਿਗਦਾ ਹੋਰ ਕਿਹੜਾ ਲੱਭੇਗਾ ਜਿਸ ਅੱਗੇ ਤੁਸੀਂ ਦਿਲ ਫੋਲ ਸਕੋ। ਵੇਖੋ, ਮੈਂ ਤੁਹਾਡੀ ਮਿੱਤਰ, ਸਾਥੀ ਸਭ ਕੁਛ ਬਣਾਂਗੀ। ਭਾਬੀ ਮੈਨੂੰ ਏਹਾ ਸਮਝਦੀ ਹੁੰਦੀ ਸੀ।"
"ਨੂਰਾਂ ਬਹੁਤ ਸੋਹਣੀ ਨਹੀਂ ਸੀ, ਨਾ ਕਾਲੀ ਕੋਝੀ ਈ ਸੀ। ਤੂੰ ਉਹਦੇ ਨਾਲੋਂ ਬਹੁਤ ਸੋਹਣੀ ਏਂ। ਤੂੰ ਉਸ ਨਾਲੋਂ ਪਹਿਲਾਂ ਮਿਲ ਜਾਂਦੀਓਂ ਤਾਂ ਉਹਦੇ ਨਾਲ ਪਿਆਰ ਪੈਂਦਾ ਈ ਨਾ। ਅਸੀਂ ਨਿੱਕੇ ਹੁੰਦੇ ਕੱਠੇ ਖੇਡਦੇ ਹੁੰਦੇ ਸਾਂ। ਉਹਦੇ ਪਿਉ ਦੀ ਬਾਪੂ ਨਾਲ ਬੜੀ ਯਾਰੀ ਸੀ। ਸਾਨੂੰ ਪਤਾ ਈ ਨਾ ਲੱਗਾ, ਕਿਹੜੇ ਵੇਲੇ ਅਸੀਂ ਨਿੱਕਿਆਂ ਤੋਂ ਵੱਡੇ ਹੋ ਗਏ। ਕਿਸ ਤਰ੍ਹਾਂ ਇਕ ਦੂਜੇ ਦਾ ਪਿਆਰ ਹੱਡਾਂ ਵਿੱਚ ਰਚ
ਗਿਆ, ਪਰ ਸੱਚ ਜਾਣੀ, ਅਸਾਂ ਮਿਰਜ਼ੇ ਵਾਂਗ ਇਸ਼ਕ ਨੂੰ ਦਾਗ਼ ਨਹੀਂ ਸੀ ਲਾਇਆ, ਮੁਹੱਬਤ ਨੂੰ ਮੈਲਿਆਂ ਨਹੀਂ ਸੀ ਕੀਤਾ। ਵਿਆਹ ਦੇ ਕੌਲ ਕਰਾਰ ਠੀਕ ਕਰ ਲਏ ਸਨ, ਪਰ ਅੰਗ ਨਾਲ ਅੰਗ ਛੁਹੌਣ ਦੇ ਗੁਨਾਹੀ ਨਹੀਂ ਸਾਂ ਬਣੇ।"
"ਏਸ ਗੱਲ ਦਾ ਮੈਨੂੰ ਯਕੀਨ ਏਂ।" ਜਸਬੀਰ ਨੇ ਪੂਰੇ ਭਰੋਸੇ ਨਾਲ ਕਿਹਾ।
"ਤੈਨੂੰ ਕਿਵੇਂ ਯਕੀਨ ਏਂ ?” ਪਿਆਰੇ ਨੇ ਹੈਰਾਨੀ ਨਾਲ ਪੁੱਛਿਆ।
"ਮੇਰਾ ਦਿਲ ਆਹੰਦਾ ਏ। ਕਈ ਗੱਲਾਂ ਜਨਾਨੀ ਸਮਝ ਜਾਂਦੀ ਏ, ਪਰ ਉਹ ਦੱਸ ਨਹੀਂ ਸਕਦੀ। ਜਿਵੇਂ ਮੈਂ ਇਹ ਬੁੱਝ ਲਿਆ ਸੀ ਕਿ ਤੁਹਾਡੇ ਦਿਲ ਵਿੱਚ ਕੁਛ ਲੁਕਿਆ ਹੋਇਆ ਏ; ਓਵੇਂ ਏਸ ਗੱਲ ਦਾ ਵੀ ਮੈਨੂੰ ਯਕੀਨ ਏਂ ਕਿ ਤੁਹਾਡੇ ਦੋਹਾਂ ਵਿੱਚ ਪਾਪ ਨਹੀਂ ਸੀ।.... ਹੱਛਾ, ਫੇਰ ?"
"ਫੇਰ ਕੀ, ਨੂਰਾਂ ਦਾ ਪਿਉ ਵੀ ਆਪਣੇ ਬਾਪੂ ਵਾਂਗ ਧਰਮਾਤਮਾ ਲੋਕ ਸੀ।" ਪਿਆਰੇ ਨੇ 'ਮੇਰੇ ਬਾਪੂ' ਦੀ ਥਾਂ 'ਆਪਣੇ ਬਾਪੂ' ਕਿਹਾ। ਉਹ ਜਾਣਦਾ ਸੀ ਕਿ ਹੁਣ ਜਸਬੀਰ ਦਾ ਬਾਪੂ ਉੱਤੇ ਬਰਾਬਰ ਦਾ ਹੱਕ ਹੈ। "ਉਹਨਾਂ ਨੂੰ ਸਾਡੀ ਮੁਹੱਬਤ ਦਾ ਪਤਾ ਲੱਗ ਗਿਆ। ਤੂੰ ਸੁਣ ਕੇ ਹੈਰਾਨ ਹੋਵੇਂਗੀ, ਕਿ ਨੂਰਾਂ ਦਾ ਪਿਉ ਸਾਡਾ ਵਿਆਹ ਕਰ ਦੇਣ ਦੇ ਹੱਕ ਵਿੱਚ ਸੀ, ਪਰ ਨੂਰਾਂ ਦੀ ਮਾਂ ਇਕ ਪੁਆੜੇ ਦੀ ਜੜ੍ਹ ਸੀ। ਉਹਨੇ ਘਰ ਵਿੱਚ ਉਹ ਕਲ੍ਹੇ ਪਾਈ ਕਿ ਰਹੇ ਰੱਬ ਦਾ ਨਾਂ। ਨੂਰਾਂ ਉਹਦੇ ਹੱਥੋਂ ਤੰਗ ਆ ਗਈ। ਇਕ ਦਿਨ ਉਹ ਮੈਨੂੰ ਏਥੋਂ ਤਕ ਆਖ ਰਹੀ ਕਿ ਆਪਾਂ ਪਿੰਡੋਂ ਨਿਕਲ ਕੇ ਕਿਧਰੇ ਨੱਸ ਚੱਲੀਏ, ਪਰ ਮੈਂ ਨਾ ਮੰਨਿਆ। ਉਂਞ ਤਾਂ ਚੰਗਾ ਈ ਹੋਇਆ। ਉਹਨੂੰ ਮੈਂ ਲੈ ਜਾਂਦਾ ਤਾਂ ਫਿਰ ਤੂੰ ਕਿਵੇਂ ਮਿਲਦੀ ?"
"ਕਿਉਂ ? ਮੈਂ ਕਿਥੇ ਜਾਣਾ ਸੀ ? ਮੈਂ ਤਾਂ ਫਿਰ ਵੀ ਤੁਹਾਡੇ ਘਰ ਈ ਔਣਾ ਸੀ।"
"ਫੇਰ ਤੇਰੇ ਮਾਪੇ ਮੰਨਦੇ ?"
"ਮੰਨਦੇ ਕਿਵੇਂ ਨਾ। ਮੈਂ ਤਾਂ ਤੁਹਾਡੀ ਪਹਿਲਾਂ ਦੀ ਹੋ ਚੁੱਕੀ ਸਾਂ। ਦੋ-ਦੋ ਨਹੀਂ ਲੋਕਾਂ ਘਰ ਹੁੰਦੀਆਂ ? ਸਾਡੇ ਗਵਾਂਢ ਈ ਲੱਖਾ ਸੁੰਹ ਦੇ ਘਰ ਦੋ ਸਨ। ਇਕ ਜੱਟੀ ਤੇ ਇਕ ਮੁਸਲਮਾਨੀ। ਇਕ ਗੱਲ ਮੰਨੋਗੇ ?
"ਹੁਣ ਤਾਂ ਤੇਰੀ ਕੋਈ ਗੱਲ ਵੀ ਮੋੜੀ ਨਹੀਂ ਜਾ ਸਕੇਗੀ। ਤੂੰ ਤੂੰ ਜਿਵੇਂ ਮੇਰੇ ਸਿਰ 'ਤੇ ਕੁਛ ਧੂੜ ਲਿਆ ਏ।"
"ਹਾਂ ਧੂੜ ਲਿਆ ਫਿਰ। ਆਪਣਾ ਸੱਚਾ ਪਿਆਰ।" ਜਸਬੀਰ ਨੇ ਆਪਣਾ ਸਿਰ ਪਤੀ ਦੀ ਛਾਤੀ 'ਤੇ ਧਰ ਦਿੱਤਾ। "ਮੰਨ ਲਵੇਗੇ ਨਾ ਫਿਰ।"
"ਦੱਸ।" ਪਿਆਰੇ ਨੇ ਪਿਆਰ ਨਾਲ ਉਹਦਾ ਸਿਰ ਪਲੋਸਦਿਆਂ ਕਿਹਾ।
"ਤੁਸੀਂ ਆਹੰਦੇ ਓ, ਨੂਰਾਂ ਦਾ ਪਿਉ ਰਾਜ਼ੀ ਸੀ। ਕੋਈ ਢੰਗੇ ਬੇੜਾ ਲੱਗੇ, ਤਾਂ ਉਹਨੂੰ ਲੈ ਆਓ। ਵਿਚਾਰੀ ਸੜਦੀ ਤੜਫਦੀ ਹੋਵੇਗੀ।"
"ਜਸਬੀਰ। ਉਹਦੇ ਤੜਫਣ ਦੀ ਹੁਣ ਕੀ ਗੱਲ ਪੁੱਛਦੀ ਏਂ। ਸਾਰੀ ਉਮਰ ਦਾ ਰੋਣਾ ਪੇਸ਼ ਪੈ ਗਿਆ ਏ ਵਿਚਾਰੀ ਦੇ।" ਪਿਆਰੇ ਦੀ ਵਾਜ ਉਦਾਸੀ ਵਿੱਚ ਡੁੱਬੀ ਹੋਈ ਸੀ।
"ਕਿਉਂ ?" ਜਸਬੀਰ ਤ੍ਰਭਕ ਕੇ ਉਠ ਬੈਠੀ, ਜਿਵੇਂ ਨੂਰਾਂ ਦੇ ਗ਼ਮ ਨੇ ਉਹਦੇ ਅੰਦਰ ਵੀ ਸੂਲਾਂ ਚੋਭ ਦਿੱਤੀਆਂ ਹੋਣ।
"ਮੈਂ ਹੁਣ ਪਾਕਸਤਾਨ ਗਿਆ ਸਾਂ ਨਾ। ਨੂਰਾਂ ਦੇ ਪਿਉ ਨੇ ਬੜੇ ਦੁਖੀ ਹੋ ਕੇ ਦੱਸਿਆ ਸੀ। ਨੂਰਾਂ ਦੇ ਮਾਮੇ ਦਾ ਪੁੱਤ ਸੀ ਇਕ ਅੱਖੋਂ ਕਾਣਾ। ਉਹਦੇ ਨਾਂ ਤੋਂ ਨੂਰਾਂ ਬੜੀ ਚਿੜਦੀ ਹੁੰਦੀ ਸੀ। ਨੂਰਾਂ ਦੀ ਮਾਂ ਨੇ ਮਾਲਕ ਤੋਂ ਚੋਰੀ-ਚੋਰੀ ਨੂਰਾਂ ਦਾ ਉਹਦੇ ਨਾਲ ਨਕਾਹ ਕਰ ਦਿੱਤਾ ਏ। ਵਿਚਾਰੀ ਨੂਰਾਂ ਬੜੀ ਦੁਖੀ ਏ।"
"ਉਹ ਹੋ। ਵਿਚਾਰੀ ਬਦ ਕਿਸਮਤ।" ਨੂਰਾਂ ਦੇ ਦੁੱਖ ਵਿੱਚ ਇਕ ਠੰਡਾ ਹਉਕਾ ਭਰ ਕੇ ਜਸਬੀਰ ਪਤੀ ਦੀ ਬਾਂਹ ਉੱਤੇ ਸਿਰ ਧਰ ਕੇ ਪੈ ਗਈ।
ਉਸ ਦਿਨ ਤੋਂ ਪਿਆਰਾ ਤੇ ਜਸਬੀਰ ਬਹੁਤ ਨੇੜੇ ਹੋ ਗਏ।
੧੮.
ਪੱਛਮੀ ਪਾਕਸਤਾਨ ਵਿੱਚੋਂ ਸਹਿਜ-ਸਹਿਜ ਸਾਰੇ ਹੀ ਹਿੰਦੂ ਭਾਰਤ ਵਿੱਚ ਆ ਗਏ। ਹਰ ਪਿੰਡ ਤੇ ਸ਼ਹਿਰ ਵਿੱਚ ਰੀਫ਼ੀਊਜੀਆਂ ਦੀ ਰੌਣਕ ਹੋ ਗਈ। ਸ਼ਹਾਬਪੁਰੇ ਦੀ ਜ਼ਮੀਨ ਚੰਗੀ ਸੀ। ਓਥੇ ਲਾਇਲਪੁਰੋਂ ਆਉਣ ਵਾਲਿਆਂ ਨੇ ਆਪਣਾ ਹੱਕ ਜਮਾਇਆ। ਉਹਨਾਂ ਦੇ ਅਸਰ ਰਸੂਖ਼ ਦੇ ਕਾਰਨ, ਜਾਂ ਕਿਸੇ ਹੋਰ ਨੀਤੀ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ, ਕਿ ਲਾਹੌਰੀਆਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ, ਖ਼ਾਸ ਕਰ ਤਸੀਲ ਅੰਮ੍ਰਿਤਸਰ ਤੇ ਤਰਨ ਤਾਰਨ ਵਿੱਚ, ਨਹੀਂ ਬੈਠਣ ਦਿੱਤਾ। ਜਾਵੇਗਾ। ਧਰਮ ਸਿੰਘ ਹੋਰਾਂ ਦੀ ਅਲਾਟਮੈਂਟ ਕੈਂਸਲ ਕਰਕੇ ਤਸੀਲਦਾਰ ਨੇ ਓਹਾ ਜ਼ਮੀਨ ਕਿਸੇ ਹੋਰ ਨੂੰ ਅਲਾਟ ਕਰ ਦਿੱਤੀ।
ਧਰਮ ਸਿੰਘ ਹੋਰਾਂ ਨੂੰ ਜਦ ਪਤਾ ਲੱਗਾ, ਜਾਂ ਨਵੇਂ ਅਲਾਟੀ ਜਰਨੈਲ ਸਿੰਘ ਨੇ ਬੀਜੀ ਹੋਈ ਪੈਲੀ ਵਿੱਚ ਹਲ ਆ ਜੁੱਤੇ। ਸੁਣ ਕੇ ਗੱਭਰੂ ਪਿਆਰੇ ਦੇ ਅੰਦਰ ਅੱਗ ਲੱਗ ਉੱਠੀ। ਉਹ ਸੋਟਾ ਫੜ ਕੇ ਲੜਨ ਮਰਨ ਵਾਸਤੇ ਤਿਆਰ ਹੋ ਪਿਆ। ਉਹਨੂੰ ਗੁੱਸਾ ਆਉਣਾ ਸੁਭਾਵਕ ਸੀ। ਉਹ ਚਾਰ ਘੁਮਾਂ ਬਰਾਨੀ ਜ਼ਮੀਨ ਉਹਨੇ ਚਾਰ
ਵਾਰੀ ਸੁਹਾਗੀ ਸੀ। ਮਹਿੰਗੇ ਭੀ ਦਾ ਵਧੀਆ ਬੀ ਖ਼ਰੀਦ ਕੇ ਉਹਨੇ ਕਣਕ-ਛੋਲੇ ਰਲਾ ਕੇ ਕੋਰੇ ਸਨ। ਉਹਦੀ ਸਖ਼ਤ ਮਿਹਨਤ ਦਾ ਫਲ ਸਿਆੜਾਂ ਵਿੱਚ ਗਿੱਠ ਗਿੱਠ ਵਾਲਾ ਖਲੋਤਾ ਸੀ। ਵਾਹੀਵਾਨ ਨੂੰ ਫ਼ਸਲ ਬੱਚਿਆਂ ਨਾਲੋਂ ਵੀ ਪਿਆਰੀ ਹੁੰਦੀ ਹੈ। ਓਸ ਫ਼ਸਲ ਵਿੱਚ ਜਰਨੈਲ ਸਿੰਘ ਕਰਨੈਲ ਸਿੰਘ ਨੇ ਹਲ ਆ ਜੁੱਤੇ ਸਨ। ਆਪਣਾ ਕਬਜ਼ਾ ਸਾਬਤ ਕਰਨ ਵਾਸਤੇ ਉਹ ਉੱਗੀ ਹੋਈ ਫ਼ਸਲ ਨੂੰ ਪੁੱਟਣ ਆ ਲੱਗੇ ਸਨ।
"ਪੁੱਤ ਪਿਆਰਿਆ। ਗਰਮ ਹੋਣ ਦੀ ਲੋੜ ਨਹੀਂ। ਪਿਉ ਦਾਦੇ ਦੀਆਂ ਮਾਲਕੀਆਂ ਨਹੀਂ ਰਹੀਆਂ, ਤਾਂ ਏਥੇ ਕਿਹੜੀ ਗੱਲ ਪਿੱਛੇ ਲੜੀਏ। ਮੈਂ ਨੰਬਰਦਾਰ ਨੂੰ ਨਾਲ ਲੈ ਕੇ ਜਾਨਾਂ। ਆਸ ਏ, ਉਹ ਸਾਡੀ ਮੰਨ ਕੇ ਹਲ ਛੱਡ ਦੇਣਗੇ। ਫੇਰ ਆਪੇ ਸਰਕਾਰੇ ਫੈਸਲਾ ਹੋ ਜਾਇਗਾ। ਸੋ, ਤੂੰ ਖੇਤ ਨਹੀਂ ਜਾਣਾ।" ਪੱਕੀ ਕਰਕੇ ਧਰਮ ਸਿੰਘ, ਨੰਬਰਦਾਰ ਦੇ ਘਰ ਨੂੰ ਤੁਰ ਪਿਆ।
"ਸਾਡੇ ਭਾ ਦਾ ਔਂਤਰਾ ਦੂਜੀ ਵਾਰ ਪਾਕਿਸਤਾਨ ਬਣ ਗਿਆ। ਆਜ਼ਾਦੀ ਕਾਹਦੀ, ਇਹ ਤਾਂ ਬਰਬਾਦੀ ਆ ਗਈ। ਭੁੱਖੇ ਤਿਹਾਏ ਰਹਿ ਕੇ ਮੇਰੇ ਪੁੱਤ ਨੇ ਚਾਰ ਘੁਮਾਂ ਬੀਜੀ ਸੀ। ਗਲ ਗਏ ਵੇਖ ਨਾ ਸੁਖਾਏ। ਉਹਨਾਂ ਵੀ ਉੱਜੜਿਆਂ ਉੱਕਲਿਆ ਨੂੰ ਏਹਾ ਜ਼ਮੀਨ ਮਿਲੀ ਅਲਾਟ ਕਰੌਣ ਨੂੰ। ਰੱਬ ਕਰਕੇ ਕੱਖ ਨਾ ਰਹੇ ਨੇ। ਦੁਖੀ ਦਲੀਪ ਕੌਰ ਮੂੰਹ ਆਈਆਂ ਕਹੀ ਜਾ ਰਹੀ ਸੀ।
"ਮਾਂ! ਗਾਹਲਾਂ ਕੱਢ ਕੇ ਕਾਹਨੂੰ ਮੂੰਹ ਗੰਦਾ ਕਰਦੀ ਏਂ। ਬਾਪੂ ਨਹੀਂ ਪੇਸ਼ ਜਾਣ ਦੇਂਦਾ, ਨਹੀਂ ਤਾਂ ਮੈਂ ਵੇਖ ਲੈਂਦਾ, ਕੌਣ ਮੇਰੀ ਬੀਜੀ ਵਿੱਚ ਹਲ ਜੋਂਦਾ ਏ।" ਪਿਆਰੇ ਦਾ ਕ੍ਰੋਧ ਨਾਲ ਖੂਨ ਉਬਲ ਰਿਹਾ ਸੀ।
"ਕਿਸੇ ਨੂੰ ਕਾਹਨੂੰ ਗਾਹਲਾਂ ਕੱਢਣੀਆਂ ਨੇ। ਮੈਂ ਤਾਂ ਆਪਣੇ ਲੇਖਾਂ ਨੂੰ ਰੋਂਦੀ ਆ ਪਈ ਇਹ ਨਖਾਫ਼ਣੀ ਸਰਕਾਰ ਵੀ ਨਹੀਂ ਕਿਸੇ ਨੂੰ ਟਿਕਣ ਦੇਂਦੀ। ਚੋਰਾਂ ਨੂੰ ਆਹੰਦੀ ਏ ਲੱਗ ਪਓ, ਤੇ ਸਾਧਾਂ ਨੂੰ ਆਹੱਦੀ ਏ, ਆਏ ਜੇ। ਇਕ ਧਿਰ ਲੈਂਦੀ ਏ, ਇਕ ਧਿਰ ਬਲੌਂਦੀ ਏ। ਓਹਾ ਪੈਲੀ ਅੱਜ ਇਕ ਨੂੰ ਅਲਾਟ ਕਰ ਦੇਂਦੇ ਨੇ, ਅਗਲੇ ਦਿਨ ਕਿਸੇ ਹੋਰ ਨੂੰ। ਗਲ ਗਏ ਲੀਡਰ ਨਹੀਂ ਕਿਤੇ ਟਿਕਣ ਦੇਂਦੇ। ਅਖੇ: ਲਹੌਰੀਆਂ ਨੂੰ ਨਹੀਂ ਏਥੇ ਬਹਿਣ ਦੇਣਾ। ਲਹੌਰੀਏ ਐਨੇ ਈ ਭੈੜੇ ਸਨ ਤਾਂ ਪਰ੍ਹਾਂ ਹੱਡ ਉੱਤੇ ਈ ਗੋਲੀ ਮਾਰ ਦੇਂਦੇ। ਇਸ ਤਰ੍ਹਾਂ ਬੂਹੇ-ਬੂਹੇ ਤਾਂ ਨਾ ਰੁਲਦੇ ਫਿਰਦੇ।"
"ਮਾਂ। ਇਕ ਵਾਰ ਆਖਿਆ ਏ ਚੁੱਪ ਕਰ ਜਾ। ਬੋਲਿਆਂ ਕੋਈ ਫੈਦਾ ਏ ?" ਪਿਆਰੇ ਨੇ ਮੱਥੇ 'ਤੇ ਘੂਰੀ ਪਾ ਕੇ ਕਿਹਾ।
"ਮਾਂ ਜੀ! ਚੁੱਪ ਕਰ ਜੋ। ਉਹ ਅੱਗੇ ਈ ਭਰੇ ਪੀਤੇ ਬੈਠੇ ਨੇ।" ਜਸਬੀਰ ਨੇ ਹੋਲੀ ਜੇਹੀ ਸੱਸ ਦਾ ਗੋਡਾ ਨੱਪਦਿਆਂ ਕਿਹਾ। ਹੁਣ ਉਹ ਘਰ ਵਿੱਚ ਆਪਣੀ ਰਾਏ
ਦੇਣ ਲੱਗ ਪਈ ਸੀ। ਪਤੀ ਦਾ ਨਿੱਘਾ ਪਿਆਰ ਪਰਾਪਤ ਕਰਕੇ ਉਹ ਆਪਣੇ ਆਪ ਨੂੰ ਪਰਵਾਰ ਦਾ ਬਰਾਬਰ ਦਾ ਮੈਂਬਰ ਸਮਝਣ ਲੱਗ ਪਈ ਸੀ।
"ਕੁੜੇ, ਮੈਂ ਤਾਂ ਤੱਤੀ ਬੋਲਦੀ ਈ ਨਹੀਂ। ਅਸੀਂ ਬੋਲਣ ਜੋਗੇ ਰਹੇ ਆਂ ? ਅਖੇ: ਮਰਦ ਮਕਾਨੀ ਤੇ ਘੋੜੇ ਕਾਨੀ। ਘਰੋਂ ਘਾਟਾਂ ਉੱਜੜਿਆਂ ਨੇ ਕੀ ਡੋਲਣਾ ਏਂ, ਸਾਡਾ ਤਾਂ ਰੱਬ ਈ ਏ, ਜੇ ਸੁਣ ਲਵੇ ਤਾਂ।" ਚੁੱਪ ਕਰਦੀ ਵੀ ਦਲੀਪ ਕੌਰ ਸਾਹ ਲੈ ਲੈ ਕੇ ਪੰਜ ਮਿੰਟ ਬੋਲਦੀ ਰਹੀ।
ਨੰਬਰਦਾਰ ਸੋਹਣ ਸਿੰਘ ਨੂੰ ਨਾਲ ਲੈ ਕੇ ਧਰਮ ਸਿੰਘ ਪੈਲੀ ਦੀ ਵਟ ਉੱਤੇ ਜਾ ਖਲਾ। ਜਰਨੈਲ ਸਿੰਘ ਦੇ ਹਲ ਨੇੜੇ ਪਹੁੰਚੇ, ਤਾਂ ਧਰਮ ਸਿੰਘ ਨੇ ਬੜੀ ਹਲੀਮੀ ਨਾਲ ਕਿਹਾ, "ਵੇਖੋ ਭਰਾਓ। ਉੱਗੀ ਹੋਈ ਫ਼ਸਲ ਪੁੱਟ ਕੇ ਕਾਹਨੂੰ ਬਰਬਾਦ ਕਰਦੇ ਓ। ਨਾ ਤੁਹਾਡੇ ਕੰਮ, ਨਾ ਸਾਡੇ ਕੰਮ। ਜੇ ਤੁਹਾਨੂੰ ਮਿਲ ਗਈ ਏ, ਤਾਂ ਖਲੋਤੀ ਸੰਭਾਲ ਲਓ। ਅਸੀਂ ਕੋਈ ਦਖ਼ਲ ਨਹੀਂ ਦਿਆਂਗੇ। ਪਰ ਕਹਿਰਾਂ ਦੀ ਕੀਤੀ ਹੋਈ ਮਿਹਨਤ ਏਸ ਤਰ੍ਹਾਂ ਐਵੇਂ ਨਾ ਗੁਆਓ।"
"ਸਰਦਾਰ ਜਰਨੈਲ ਸੂੰਹ ਜੀ। ਸਰਦਾਰ ਧਰਮ ਸੁੰਹ ਹੋਰੀਂ ਸਾਧੂ ਆਦਮੀ ਨੇ। ਜੋ ਕਹਿ ਦੇਣਗੇ, ਲੋਹੇ 'ਤੇ ਲਕੀਰ ਸਮਝੋ। ਸੋ, ਸਾਡੀ ਬੇਨਤੀ ਮੰਨ, ਤੇ ਹਲ ਛੱਡ ਦਿਹੋ। ਇਹ ਤਾਂ ਕਾਗਤੀ ਨਿੱਬੜ ਜਾਣੀ ਏਂ, ਆਪਾਂ ਤਸੀਲੇ ਚੱਲ ਕੇ ਫੈਸਲਾ ਕਰ ਲੈਂਦੇ ਆਂ।" ਕੋਲੋਂ ਸੋਹਣ ਸਿੰਘ ਨੇ ਭੀ ਨਰਮੀ ਨਾਲ ਹੀ ਕਿਹਾ।
"ਲੰਬਰਦਾਰ ਜੀ! ਲੋ, ਤੁਹਾਡਾ ਹੁਕਮ ਮੰਨ ਕੇ ਅਸੀਂ ਹੱਲ ਛੱਡ ਦੇਂਦੇ ਆਂ। ਉਂਞ ਸਾਨੂੰ ਵੀ ਸਰਕਾਰ ਨੇ ਪਰਮਟ ਦਿੱਤਾ ਏ, ਤਾਂ ਅਸਾਂ ਆ ਕੇ ਹਲ ਜੁੱਤੇ ਨੇ ਨਹੀਂ ਤਾਂ ਸਾਡਾ ਸਿਰ ਭਵਿਆ ਹੋਇਆ ਸੀ ? ਪੁੱਟ ਦਿਹ ਭਈ ਕਿੱਲੀਆਂ।" ਜਰਨੈਲ ਸਿੰਘ ਨੇ ਸਾਥੀ ਨੂੰ ਹੁਕਮ ਦਿੱਤਾ।
"ਤੁਹਾਨੂੰ ਪਰਮਟ ਮਿਲ ਗਿਆ ਏ, ਤਾਂ ਫੇਰ ਵੀ ਫ਼ਸਲ ਪੁੱਟ ਕੇ ਕਾਹਨੂੰ ਗੁਔਣੀ ਆਂ। ਬੀਜੀ ਬਜਾਈ ਸੰਭਾਲ ਲੋ। ਸਾਨੂੰ ਆਪੇ ਸਰਕਾਰ ਕੋਈ ਹੋਰ ਥਾਂ ਦੇਵੇਗੀ। ਤੁਹਾਡੇ ਨਾਲ ਸਾਡਾ ਕੋਈ 'ਤਰਾਜ ਨਹੀਂ ਹੋਵੇਗਾ।" ਧਰਮ ਸਿੰਘ ਨੇ ਪਹਿਲੇ ਕਥਨ ਨੂੰ ਦੁਹਰਾ ਦਿੱਤਾ।
“ਨਾ, ਓਸ ਤਰ੍ਹਾਂ ਤਾਂ ਅਸੀਂ ਤੁਹਾਡੇ ਬੀ ਦਾ ਖ਼ਰਚ ਦੇ ਦਿਆਂਗੇ। ਆਖੋਗੇ, ਚਾਰ ਜੋਤਰੇ ਵੀ ਲੁਆ ਦਿਆਂਗੇ।' ਜਰਨੈਲ ਸਿੰਘ ਨੇ ਪਰਾਣੀ ਨਾਲ ਜੁੱਤੀ ਵਿੱਚੋਂ ਮਿੱਟੀ ਝਾੜਦਿਆਂ ਕਿਹਾ।
"ਛੱਡ ਠਾਂਹ, ਭਰਾਵਾਂ ਤੋਂ ਬੀ ਦੇ ਚਾਰ ਛਿੱਲੜ ਲੈ ਲੈਣੇ ਨੇ ? ਅੱਗੇ ਥੋੜ੍ਹਾ ਕੁਛ ਛੱਡ ਆਏ ਆਂ ? ਚਲੋ ਆਓ। ਪਰਸ਼ਾਦਾ ਛੱਕ ਲਈਏ, ਤੇ ਆਪਾਂ ਤਿੰਨੇ
ਤਸੀਲ ਨੂੰ ਚੱਲਦੇ ਆਂ।" ਧਰਮ ਸਿੰਘ ਸੋਹਣ ਸਿੰਘ ਨੂੰ ਨਾਲ ਲੈ ਕੇ ਘਰ ਨੂੰ ਮੁੜ ਪਿਆ।
ਜਰਨੈਲ ਸਿੰਘ ਹੋਰੀਂ ਵੀ ਹਲ ਛੱਡ ਕੇ ਘਰ ਨੂੰ ਤੁਰ ਪਏ।
ਪਰਸ਼ਾਦ ਪਾਣੀ ਛਕ ਕੇ ਤਿੰਨੇ ਜਣੇ ਤਸੀਲੇ ਜਾ ਪੁੱਜੇ। ਤਸੀਲਦਾਰ ਗੁਰਵੰਤ ਸਿੰਘ ਨੰਬਰਦਾਰ ਸੋਹਣ ਸਿੰਘ ਦਾ ਚੰਗਾ ਜਾਣੂ ਸੀ। ਅਜੇ ਵੀਹ ਦਿਨ ਹੋਏ ਸਨ ਉਹਨੂੰ ਤਰਨ ਤਾਰਨ ਆਏ ਨੂੰ। ਸੋਹਣ ਸਿੰਘ ਦੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ, "ਨੰਬਰਦਾਰਾ। ਤੇਰਾ ਕੰਮ ਕਰ ਕੇ ਮੈਨੂੰ ਬੜੀ ਖ਼ੁਸ਼ੀ ਹੁੰਦੀ, ਪਰ ਚਾਰਾ ਕੋਈ ਨਹੀਂ। ਉੱਤੋਂ ਹੁਕਮ ਆ ਗਿਆ ਏ, ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਿਰਫ਼ ਉਹਨਾਂ ਲੋਕਾਂ ਨੂੰ ਜ਼ਮੀਨ ਅਲਾਟ ਕੀਤੀ ਜਾਵੇ, ਜਿਹੜੇ ਏਸੇ ਜ਼ਿਲ੍ਹੇ ਦੇ ਉਧਰ ਬਾਰਾਂ ਵਿੱਚ ਜਾ ਵੱਸੇ ਹੋਏ ਸਨ। ਲਾਹੌਰੀਆਂ ਜਾਂ ਗੁਜਰਾਂਵਾਲੀਆਂ ਨੂੰ ਏਥੇ ਕਿਸੇ ਨਹੀਂ ਰਹਿਣ ਦੇਣਾ। ਇਹ ਪਰਮਿਟ ਮੈਂ ਕੱਟ ਕੇ ਦਿੱਤਾ ਸੀ। ਸੋ, ਜਾਣਦਾ ਏਂ ਸਰਕਾਰ ਦੀ ਪਾਲਿਸੀ ਦੇ ਖ਼ਿਲਾਫ਼ ਤਾਂ ਕੋਈ ਕੁਛ ਨਹੀਂ ਕਰ ਸਕਦਾ।"
"ਫੇਰ ਹੁਣ ? ਸਾਡੀ ਫਰਯਾਦ ਤਾਂ ਤੁਹਾਡੇ ਤਕ ਈ ਸੀ। ਅਖੇ : ਮੁੱਲਾਂ ਦੀ ਦੌੜ ਮਸੀਤ ਤਕ। ਸ. ਧਰਮ ਸਿੰਘ ਹੋਰੀ ਮੇਰੇ ਬੜੇ ਨਿਗਦੇ ਮਿੱਤਰ ਨੇ। ਇਹਨਾਂ ਦੀ ਮੱਦਤ ਜ਼ਰੂਰ ਕਰਨੀ ਏਂ।"
"ਫਿਰ ਨੰਬਰਦਾਰਾ। ਤੇਰੇ ਬੰਦੇ ਨੇ, ਤਾਂ ਮਦਦ ਕਰ ਦਿਆਂਗੇ। ਮੇਰੀ ਜ਼ੀਰੇ ਬਦਲੀ ਹੋ ਗਈ ਏ। ਸੋਮਵਾਰ ਮੈਂ ਓਥੇ ਜਾ ਕੇ ਚਾਰਜ ਲੈਣਾ ਏਂ। ਇਹ ਓਥੇ ਆ ਮਿਲੇ, ਹਰ ਤਰ੍ਹਾਂ ਦੀ ਮਦਦ ਕਰ ਦਿਆਂਗਾ। ਏਥੇ ਕੁਛ ਨਹੀਂ ਹੋ ਸਕਦਾ। ਏਥੋਂ ਦਾ ਲਾਲਚ ਨਾ ਕਰੋ।"
"ਥੁਹਾਡਾ ਹੁਕਮ ਉਲਟੈਂਦੇ ਆਂ ਅਸੀਂ ? ਮੈਂ ਫਿਰ ਆਪ ਇਹਨਾਂ ਦੇ ਨਾਲ ਹਾਜ਼ਰ ਹੋ ਜਾਵਾਂਗਾ।" ਸੋਹਣ ਸਿੰਘ ਨੇ ਬੜੀ ਹਲੀਮੀ ਨਾਲ ਕਿਹਾ। ਨੰਬਰਦਾਰ ਹੋਣ ਕਰਕੇ, ਉਹ ਜਾਣਦਾ ਸੀ, ਕਿ ਅਫ਼ਸਰਾਂ ਦੇ ਸਾਮ੍ਹਣੇ ਕਿਵੇਂ ਬੋਲੀਦਾ ਹੈ। “ਤੈਥੋਂ ਨਾ ਵੀ ਆਇਆ ਜਾਵੇਗਾ, ਤਾਂ ਇਹ ਆਪ ਮੈਨੂੰ ਆ ਮਿਲੇ। ਕੰਮ ਹੋ ਜਾਵੇਗਾ।" ਤਸੀਲਦਾਰ ਨੇ ਭਰੋਸਾ ਦੁਆਇਆ।
"ਸਰਦਾਰ ਸੈਹਬ! ਸਾਨੂੰ ਕੀ ਹੁਕਮ ਏਂ ?” ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜ ਕੇ ਪੁੱਛਿਆ।
"ਤੂੰ ਇਹਨੂੰ-ਬੀ ਦੇ ਪੈਸੇ ਤੇ ਲੱਗੇ ਜੋਤਰਿਆਂ ਦੀ ਮਿਹਨਤ ਦਿਹ, ਓਏ!" ਤਸੀਲਦਾਰ ਨੇ ਹਾਕਮਾਨਾ ਰੁਹਬ ਨਾਲ ਕਿਹਾ। "ਨੰਬਰਦਾਰਾ। ਜਾਹ, ਇਹਨਾਂ ਦਾ ਫ਼ੈਸਲਾ ਕਰ ਦਿਹ।"
"ਸਰਦਾਰ ਸਾਹਿਬ। ਨਾਂ ਮੈਂ ਜੋਤਰਿਆਂ ਦੀ ਮਿਹਨਤ ਲੈਂਦਾ, ਨਾਂ ਬੀ ਦੇ ਪੈਸੇ। ਭਰਾਵਾਂ ਤੋਂ ਚਾਰ ਛਿੱਲੜ ਲੈ ਕੇ ਮੇਰੀ ਔਧ ਪੂਰੀ ਹੋ ਜਾਵੇਗੀ ? ਇਹ ਸੰਭਾਲਣ ਸਭ ਕੁਛ। ਮੇਰਾ ਕੋਈ ਗਿਲ੍ਹਾ ਨਹੀਂ।" ਧਰਮ ਸਿੰਘ ਨੇ ਬੜੇ ਧੀਰਜ ਨਾਲ ਕਿਹਾ।
"ਨੰਬਰਦਾਰਾ! ਤੇਰਾ ਮਿੱਤਰ ਮਾਲਦਾਰ ਸਾਮੀ ਮਾਲੂਮ ਹੁੰਦਾ ਏ, ਭਈ ਚੋਖਾ ਕੁਛ ਲੈ ਆਇਆ ਏ।" ਤਸੀਲਦਾਰ ਨੇ ਅਫ਼ਸਰਾਂ ਵਾਲਾ ਹਾਸਾ ਹੱਸਦਿਆਂ ਕਿਹਾ।
"ਨਹੀਂ, ਸਰਦਾਰ ਸਾਹਿਬ! ਖ਼ਾਲੀ ਹੱਥੀਂ ਆਏ ਆਂ, ਤਨ ਦਿਆਂ ਕੱਪੜਿਆਂ ਨਾਲ। ਪਰ ਸੁਭਾ ਤਾਂ ਓਹਾ ਨੇ ਨਾਂ! ਮਨ ਤਾਂ ਨਹੀਂ ਬਦਲੇ।" ਠੀਕ ਹੀ ਧਰਮ ਸਿੰਘ ਦਾ ਮਨ ਨਹੀਂ ਸੀ ਬਦਲਿਆ।
"ਚੰਗਾ ਭਈ। ਓਥੇ ਆ ਜਾਈਂ ਤੂੰ। ਬੰਦਾ ਚੰਗਾ ਜਾਪਦਾ ਏਂ। ਤੇਰੀ ਮਦਦ ਕਰਾਂਗੇ।" ਤਸੀਲਦਾਰ ਨੇ ਫਿਰ ਭਰੋਸਾ ਦੁਆਇਆ।
੧੯.
ਨਵੰਬਰ ਦੇ ਅਖੀਰਲੇ ਹਫਤੇ ਧਰਮ ਸਿੰਘ ਦਾ ਪਰਵਾਰ ਜ਼ੀਰੇ ਆ ਪੁੱਜਾ। ਸੋਹਣ ਸਿੰਘ ਨੇ ਮਰਦਾਂ ਵਾਲੀ ਪੁਜਾਈ। ਆਪਣੀ ਗੱਡ ਜੋ ਕੇ ਉਹਨੇ ਧਰਮ ਸਿੰਘ ਦਾ ਸਾਮਾਨ ਜ਼ੀਰੇ ਪੁਚਾਇਆ। ਤਸੀਲਦਾਰ ਗੁਰਵੰਤ ਸਿੰਘ ਨੇ ਧਰਮ ਸਿੰਘ ਨੂੰ ਬਸਤੀ ਮਾਛੀਆਂ ਵਿੱਚ ਇੱਕ ਕੱਚਾ ਮਕਾਨ ਅਲਾਟ ਕਰ ਦਿੱਤਾ। ਮਕਾਨ ਬਸਤੀ ਦੇ ਲਹਿੰਦੇ ਵੱਲ ਕੱਚੀ ਸੜਕ ਦੇ ਸਾਮ੍ਹਣੇ ਸੀ। ਉਸ ਵਿੱਚ ਦੋ ਕਮਰੇ ਤੇ ਇਕ ਵਰਾਂਡਾ ਸੀ। ਧਰਮ ਸਿੰਘ ਹੋਰਾਂ ਵਾਸਤੇ ਉਸ ਵੇਲੇ ਸਿਰ ਲੁਕਾਉਣ ਜੋਗਾ ਉਹ ਕਾਫ਼ੀ ਸੀ। ਬਾਹਰ ਝੋਨੇ ਵਾਲੀ ਪੰਜ ਘੁਮਾਂ ਜ਼ਮੀਨ ਵੀ ਅਲਾਟ ਹੋ ਗਈ। ਤਸੀਲਦਾਰ ਨੇ ਹਿੱਸੇ ਆਉਂਦੀ ਹੋਰ ਵੀ ਮਦਦ ਕਰ ਦਿੱਤੀ। ਕੁਝ ਦਾਣੇ, ਭਾਂਡੇ, ਕੱਪੜੇ, ਦੋ ਮੰਜੇ ਤੇ ਇਕ ਦਰਮਿਆਨਾ ਜਿਹਾ ਲੱਕੜ ਦਾ ਸੰਦੂਕ ਮਿਲ ਗਿਆ। ਮਹੀਨੇ ਪਿੱਛੋਂ ਮੁਸਲਮਾਨਾਂ ਦੇ ਪਸ਼ੂ ਵੰਡਣ ਦਾ ਸਮਾਂ ਆਇਆ। ਤਸੀਲਦਾਰ ਨੇ ਉਸ ਵਿੱਚ ਵੀ ਧਰਮ ਸਿੰਘ ਦੀ ਸਹਾਇਤਾ ਕੀਤੀ। ਧਰਮ ਸਿੰਘ ਕੋਲ ਉਸ ਵੇਲੇ ਇਕ ਬਲਦ ਸੀ। ਬੁੱਢਾ ਝੋਟਾ ਜੀਰੇ ਪੁਜਦਾ ਹੀ ਤੀਜੇ ਦਿਨ ਮਰ ਗਿਆ ਸੀ। ਮੱਖੂ ਵੇਟ ਦੇ ਕੱਠੇ ਕੀਤੇ ਪਸ਼ੂ ਵੰਡੇ ਗਏ। ਤਸੀਲਦਾਰ ਦੇ ਦਿਲ 'ਤੇ ਧਰਮ ਸਿੰਘ ਦਾ ਚੰਗਾ ਅਸਰ ਸੀ। ਉਹਨੇ ਧਰਮ ਸਿੰਘ ਨੂੰ ਇਕ ਵਗਣ ਵਾਲਾ ਬਲਦ, ਇਕ ਅੱਧਾ ਸੂਆ ਪਿਆਏ ਵਾਲੀ ਮਹਿੰ ਤੇ ਇਕ ਤਿੰਨ ਵਰ੍ਹਿਆਂ ਦੀ ਝੋਟੀ ਦੇ ਦਿੱਤੀ। ਮਹਿੰ ਮਗਰ ਕੱਟੀ ਸੀ। ਸੋ ਨਿੱਕੇ ਮੋਟੇ ਪੰਜ ਡੰਗਰ ਧਰਮ ਸਿੰਘ ਕੋਲ ਹੋ ਗਏ। ਉਹਨਾਂ ਨਾਲ ਛੋਟਾ ਜਿਹਾ
ਵਿਹੜਾ ਭਰਿਆ ਭਰਿਆ ਲੱਗਣ ਲੱਗ ਪਿਆ। ਪਿਆਰੇ ਦੀ ਮਦਦ ਨਾਲ ਦਲੀਪ ਕੌਰ ਤੇ ਜਸਬੀਰ ਨੇ ਲਿੰਬ ਪੋਚ ਕੇ ਵੱਸਣ ਵਾਲਾ ਘਰ ਬਣਾ ਲਿਆ। ਇਕ ਪਾਸਿਓਂ ਡਿੱਗੀ ਹੋਈ ਕੰਧ ਦੀ ਮੁਰੰਮਤ ਕਰਕੇ ਉਹਨਾਂ ਬਾਹਰਲੇ ਬੂਹੇ ਨੂੰ ਮਾੜੇ ਮੋਟੇ ਤਖ਼ਤੇ ਲਾ ਲਏ। ਬਾਬੇ ਆਦਮ ਤੇ ਮਾਈ ਹੱਵਾ ਦੀ ਔਲਾਦ ਨੂੰ ਸਿਰ ਲੁਕਾਉਣ ਜੋਗਾ ਆਲ੍ਹਣਾ ਮਿਲ ਗਿਆ।
ਆਲ੍ਹਣਾ ਮਿਲ ਗਿਆ। ਮਗਰ ਚੋਗੇ ਦਾ ਫ਼ਿਕਰ ਅਜੇ ਬਾਕੀ ਸੀ। ਕਣਕ ਬੀਜਣ ਦਾ ਸਮਾਂ ਲਗਭਗ ਬੀਤ ਚੁੱਕਾ ਸੀ। ਫਿਰ ਵੀ ਉਹਨਾਂ ਕਾਮੇ ਪਿਉ ਪੁੱਤਰ ਨੇ ਹੱਥ 'ਤੇ ਹੱਥ ਧਰ ਕੇ ਬਹਿ ਰਹਿਣਾ ਠੀਕ ਨਾ ਸਮਝਿਆ। ਅਲਾਟ ਹੋਈ ਪੰਜ ਘੁਮਾਂ ਜ਼ਮੀਨ ਦੀ ਇਕ ਗੁੱਠ 'ਤੇ ਵਗਣ ਵਾਲਾ ਖੂਹ ਸੀ। ਉਸਦੀ ਮਾਹਲ ਕਿਸੇ ਲਾਹ ਲਈ, ਤੇ ਬਾਕੀ ਦਾ ਸਾਮਾਨ ਪਿਆ ਸੀ। ਜੀਰੇ ਵਿੱਚ ਲੋਕ-ਸੇਵਾ ਵਾਸਤੇ ਬਣੀ ਕਮੇਟੀ ਨੇ ਜੋ ਮਾਲ ਮੁਸਲਮਾਨਾਂ ਦਾ ਇਕੱਠਾ ਕੀਤਾ ਸੀ, ਉਸ ਵਿੱਚ ਤਿੰਨ ਚਾਰ ਪਰਾਣੀਆਂ ਤੇ ਦੋ ਪਾੜਛੇ ਪਏ ਸਨ। ਧਰਮ ਸਿੰਘ ਨੇ ਉਹਨਾਂ ਮਾਹਲਾਂ ਵਿਚੋਂ ਕੁਝ ਚੰਗੀਆਂ ਚੰਗੀਆਂ ਟਿੰਡਾਂ ਕੱਢ ਕੇ, ਮਿਸਤਰੀ ਤੋਂ ਕੰਮ ਸਾਰਨ ਜੋਗੀ ਮਾਹਲ ਤਿਆਰ ਕਰਵਾ ਲਈ। ਉੱਦਮ ਕਰਨ ਨਾਲ ਪੰਝੀ ਕੁ ਰੁਪੈ ਖ਼ਰਚ ਕਰਕੇ ਖੂਹ ਚਾਲੂ ਹੋ ਗਿਆ।
"ਬਾਪੂ । ਹੁਣ ਤਾਂ ਜਵੀ ਹੀ ਬੀਜੀ ਜਾ ਸਕਦੀ ਏ। ਅੱਗੇ ਜਿਵੇਂ ਆਖੇਂ।" ਪਿਆਰੇ ਨੇ ਉਦਾਸ ਸੁਰ ਵਿੱਚ ਕਿਹਾ। ਸ਼ਹਾਬ ਪੁਰੇ ਵਿੱਚ ਬੀਜੀ ਹੋਈ ਫ਼ਸਲ ਖੁਸ ਜਾਣ ਦਾ ਉਹਨੂੰ ਬਹੁਤ ਦੁੱਖ ਸੀ।
"ਜਵੀ ਹੀ ਠੀਕ ਹੈ। ਹੋਰ ਨਹੀਂ ਤਾਂ ਪਸ਼ੂਆਂ ਜੋਗੇ ਪੱਤੇ ਹੀ ਹੋ ਜਾਣਗੇ।"
ਧਰਮ ਸਿੰਘ ਪੁੱਤਰ ਦੀ ਸਲਾਹ ਨਾਲ ਸਹਿਮਤ ਹੋ ਗਿਆ। ਧਰਮ ਸਿੰਘ ਨਿਰਾ ਪਾਠ ਕਰਨ ਜੋਗਾ ਹੀ ਨਹੀਂ, ਹੱਡ ਭੰਨ ਕੇ ਕਾਰ ਕਰਨ ਵਾਲਾ ਸੁਚੱਜਾ ਕਾਮਾ ਵੀ ਸੀ। ਚਲਦੇ ਕੰਮ 'ਤੇ ਚਾਰ ਦਿਨ ਸਾਹ ਲੈ ਲੈਣਾ ਵੱਡੀ ਗੱਲ ਨਹੀਂ, ਲੋੜ ਪਈ ’ਤੇ ਉਹ ਗਭਰੂਆਂ ਦੇ ਬਰਾਬਰ ਕੰਮ ਕਰ ਸਕਦਾ ਸੀ। ਬੜਾ ਹਠੀਆ ਸਰੀਰ ਸੀ ਉਹ।
ਮੁੱਕੀ ਪੈਲੀ ਵਿੱਚ ਕਹੀਆਂ ਨਾਲ ਕਿਆਰੇ ਪਾਉਂਦਿਆਂ ਦੋਹਾਂ ਦੇ ਹੱਥਾਂ 'ਤੇ ਛਾਲੇ ਪੈ ਗਏ, ਪਰ ਉਹਨਾਂ ਸਿਰੜ ਨਾ ਹਾਰਿਆ। ਅੰਤ ਉਹਨਾਂ ਪੁਰਸ਼ਾਰਥੀਆਂ ਨੇ ਦੋ ਘੁਮਾਂ ਜਵੀ ਬੀਜ ਹੀ ਲਈ।
"ਬੱਸ, ਬੜੀ ਏ ਖੂਹ 'ਤੇ ਦੇ ਪਸ਼ੂ ਮਸਾਂ ਏਨੀ ਹੀ ਪਾਲਣਗੇ। ਬਾਕੀ ਦੀ ਕਿਤੇ ਚਾਰ ਛਿੱਟਾਂ ਪੈਣਗੀਆਂ ਤਾਂ ਅਗਲੀ ਫ਼ਸਲ ਵਾਸਤੇ ਬਣਾ ਲਵਾਂਗੇ।" ਧਰਮ ਸਿੰਘ
ਨੇ ਖੇਤੋਂ ਘਰ ਨੂੰ ਆਉਂਦਿਆਂ ਐਵੇਂ ਪੁੱਤਰ ਦੀ ਸਲਾਹ ਲੈਣ ਵਜੋਂ ਕਿਹਾ।
"ਹਾਂ ਬੜੀ ਏ। ਖੂਹ ਵਹਣਾ ਵੀ ਸਾਡੇ ਵਾਸਤੇ ਨਵਾਂ ਤਜਰਬਾ ਏ।" ਪਿਆਰੇ ਨੇ ਅੱਗੋਂ ਹੁੰਗਾਰਾ ਭਰਨ ਵਜੋਂ ਕਿਹਾ। ਉਹਦਾ ਖ਼ਿਆਲ ਕਿਸੇ ਹੋਰ ਪਾਸੇ ਭਟਕ ਰਿਹਾ ਸੀ।
"ਪੁੱਤਰ ! ਜ਼ਿੰਦਗੀ ਇਕ ਘੋਲ ਏ ਘੋਲ। ਕੀ ਪਤਾ ਅਜੇ ਕੀ ਕੀ ਤਜਰਬੇ ਕਰਨੇ ਪੈਣੇ ਨੇ।"
ਪਿਆਰੇ ਨੇ ਅੱਗੋਂ ਕੋਈ ਉੱਤਰ ਨਾ ਦਿੱਤਾ। ਉਹ ਪਿਤਾ ਦੇ ਅੱਗੇ ਲੱਗ ਕੇ ਨੀਵੀਂ ਪਾ ਕੇ ਤੁਰਿਆ ਜਾ ਰਿਹਾ ਸੀ। ਕਈਆਂ ਦਿਨਾਂ ਤੋਂ ਉਹਦੇ ਅੰਦਰ ਇਕ ਖ਼ਿਆਲ ਉਬਰ ਰਿਹਾ ਸੀ। ਗੱਲ ਉਹਦੇ ਬੁੱਲ੍ਹਾਂ ਤੱਕ ਆ ਆ ਕੇ ਮੁੜ ਰਹੀ ਸੀ। ਅੰਤ ਉਹਨਾਂ ਦਲੇਰੀ ਕਰ ਕੇ ਕਹਿ ਹੀ ਦਿੱਤਾ। "ਬਾਪੂ ਮੇਰੀ ਸਲਾਹ ਏ, ਮੈਂ ਫ਼ੌਜ ਵਿੱਚ ਭਰਤੀ ਹੋ ਜਾਵਾਂ। ਹੋਰ ਅਹਿਨਾਂ ਚਾਰ ਪੈਲੀਆਂ 'ਤੇ ਕੀ ਲੱਗਾ ਏ ਬਣਨ।"
"ਕਿਉਂ ਕੰਮ ਤੋਂ ਹਾਰ ਗਿਆ ਏਂ ?" ਧਰਮ ਸਿੰਘ ਨੇ ਪੁੱਤਰ ਦੇ ਮਰਦਊਪੁਣੇ ਨੂੰ ਟੁੰਬਣ ਦੇ ਇਰਾਦੇ ਨਾਲ ਕਿਹਾ।
"ਨਹੀਂ, ਕੰਮ ਤੋਂ ਕੀ ਹਾਰਨਾ ਏਂ। ਅੱਜ ਨਵਾਂ ਕੰਮ ਕਰਨਾ ਪਿਆ ਏ ਕੋਈ?"
"ਹੋਰ ਕੀ ਗੱਲ ਏ ਫੇਰ ?"
"ਐਵੇਂ ਦਿਲ ਵਿੱਚ ਖ਼ਿਆਲ ਆਇਆ ਸੀ ਕਿ ਭਲਕੇ ਕਿਤੇ ਪਾਕਿਸਤਾਨ ਨਾਲ ਲੜਾਈ ਹੋ ਪਵੇ ਤਾਂ ਬੰਦਾ ਗੋਝਾਂ ਤਾਂ ਲਾਹ ਲਵੇ। ਇਕ ਵਾਰ ਦਿਲ ਦੀਆਂ ਕਰ ਲਵੇ, ਅਗਾਂ ਰੱਬ ਵਾਲੀ।"
"ਪੁੱਤ ਪਿਆਰਿਆ। ਐਨਾ ਉਦਾਸ ਨਾ ਰਿਹਾ ਕਰ। ਸਹਿਜ ਸਹਿਜ ਸਭ ਕੁਝ ਠੀਕ ਹੋ ਜਾਵੇਗਾ। ਆਦਮੀ ਨੂੰ ਨਿਰਾ ਆਪਣੇ ਬਾਰੇ ਨਹੀਂ ਸੋਚਣਾ ਚਾਹੀਦਾ। - ਉਹਦਾ ਜੀਵਨ ਉਦਾਲੇ ਦੀਆਂ ਤੰਦਾਂ ਨਾਲ ਬੱਝਾ ਹੁੰਦਾ ਏ। ਅੱਗੇ ਅਸੀਂ ਤਿੰਨ ਸਾਂ ਤੇਰੇ ਨਾਲ। ਤਿੰਨਾਂ ਵਿਚੋਂ ਦੋ ਰਹਿ ਗਏ। ਜਸਬੀਰ ਆ ਗਈ, ਅਸੀਂ ਫਿਰ ਤੇਰੇ ਆਸਰੇ ਜਿਊਣ ਵਾਲੇ ਤਿੰਨ ਹੋ ਗਏ। ਅਗਾਂ ਵਾਹਿਗੁਰੂ ਦੇ ਘਰੋਂ ਹੋਰ ਵੀ ਆਸ ਰੱਖਣੀ ਚਾਹੀਦੀ ਹੈ। ਬੇਦਾ ਆਸਾਂ 'ਤੇ ਈ ਜਿਊਂਦਾ ਏ। ਹੱਛਾ, ਆਵ ਦੀ ਮਾਂ ਕੋਲ ਜਾਂ ਜਸਬੀਰ ਨਾਲ ਇਹ ਗੱਲ ਨਾ ਕਰਨੀ। ਸਮਝਿਆ ?"
ਇਹ ਗੱਲ ਏਥੇ ਹੀ ਮੁਕ ਗਈ। ਘਰ ਆ ਗਿਆ। ਸਾਰਾ ਪਰਿਵਾਰ ਹੋਰ ਹੋਰ ਗੱਲਾਂ ਵਿੱਚ ਰੁੱਝ ਗਿਆ।
੨੦
ਧਰਮ ਸਿੰਘ ਦੇ ਪਰਿਵਾਰ ਨੇ ਉਹ ਸਾਲ ਬੜਾ ਔਖਾ ਕੱਟਿਆ। ਖੁਰਲੀ ਉੱਤੇ ਚਾਰ ਪਸ਼ੂ ਖਲੋਤੇ ਸਨ, ਪੱਠੇ ਨਾ ਸੁੱਕੇ ਸਨ ਕੋਲ, ਨਾ ਹਰੇ। ਮੁੱਲ ਲੈਣ ਜੋਗੇ ਉਹਨਾਂ ਕੋਲ ਪੈਸੇ ਨਹੀਂ ਸਨ। ਜ਼ਿਮੀਂਦਾਰ ਵਾਸਤੇ ਪੱਠਿਆਂ ਦੀ ਵਿਹਾਜੀ, ਦਾਣਿਆਂ ਦੀ ਵਿਹਾਜੀ ਨਾਲੋਂ ਵੀ ਬੁਰੀ ਹੁੰਦੀ ਹੈ। ਸੁੱਕੇ ਦੀ ਥਾਂ ਝੋਨੇ ਦੀ ਪਰਾਲੀ ਤੇ ਕਾਹੀ ਤੇ ਗਿੱਲੇ ਦੀ ਥਾਂ ਲੋਕਾਂ ਦੀਆਂ ਪੈਲੀਆਂ ਵਿੱਚੋਂ ਬੋਲੀ ਬੰਨ੍ਹ ਕੇ ਕੱਢਿਆ ਹਰਿਆ। ਕਿਵੇਂ ਨਾ ਕਿਵੇਂ ਸਿਆਲ ਬੀਤਿਆ। ਸਰਕਾਰ ਪੰਠਿਆਂ ਵਾਸਤੇ ਤਕਾਵੀ ਦੇਂਦੀ ਸੀ, ਪਰ ਧਰਮ ਸਿੰਘ ਕਰਜ਼ਾ ਲੈਣ ਦੇ ਹੱਕ ਵਿੱਚ ਨਹੀਂ ਸੀ। ਉਹ ਸਾਲ ਉਹਨਾਂ ਦਾ ਹਉਕਿਆਂ ਨਾਲ ਬੀਤਿਆ।
ਅਗਲੇ ਸਾਲ ਹਾਲਤ ਕੁਝ ਚੰਗੀ ਹੋ ਗਈ। ਦੋਹਾਂ ਪਿਉ ਪੁੱਤਰਾਂ ਨੇ ਮਿਹਨਤ ਕਰਨ ਵਲੋਂ ਅਖ਼ੀਰ ਕਰ ਦਿੱਤੀ। ਪਿਆਰਾ ਕਈ ਵਾਰ ਹਮਦਰਦੀ ਵਜੋਂ ਆਖਿਆ ਕਰਦਾ, "ਬਾਪੂ ! ਤੂੰ ਐਨਾ ਕਸਾਲਾ ਨਾ ਕਰਿਆ ਕਰ। ਤੇਰੀ ਹੁਣ ਉਮਰ ਏ ਕਰਨ ਦੀ ? ਮੈਂ ਆਪੇ ਕਰ ਲਵਾਂਗਾ ਸਭ ਕੁਝ। ਨਾਲੇ ਏਥੇ ਕਿਹੜਾ ਮੁਰੱਬੇ ਵਿਹਰੇ ਪਏ ਨੇ ਬੀਜਣ ਖੁਣੋ। ਹੋਗੀ ਤਾਂ ਝੁੰਗੇ 'ਚੋਂ ਪੰਜ ਘੁਮਾਂ ਈ ਏ ਨਾ।"
"ਪਿਆਰਿਆ। ਕੰਮ ਕਰਨਾ ਮਿਹਣਾ ਨਹੀਂ। ਗੁਰੂ ਮਹਾਰਾਜ ਵੀ ਆਂਹਦੇ ਨੇ। ਘਾਲਿ ਖਾਇ ਕਿਛੁ ਹਥਹੁ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ।" ਹੱਥੀਂ ਕੰਮ ਕਰਨਾ ਤਾਂ ਇਕ ਕਿਸਮ ਦੀ ਤਪੱਸਿਆ ਏ। ਨਾਲੇ ਮੇਰੀ ਕਿਹੜੀ ਉਮਰ ਹੋ ਗਈ ਏ। ਏਹਾ ਪੰਜਤਾਲੀ-ਛਿਆਲੀ। ਮੇਰਾ ਬਾਪੂ ਅੱਸੀਆਂ ਵਰ੍ਹਿਆਂ ਤੱਕ ਹੱਲ ਵੋਹੰਦਾ ਰਿਹਾ ਸੀ। ਤੇ ਜਿਹੜੀ ਮੁਰੱਬਿਆਂ ਦੀ ਗੱਲ ਕਰਦਾ ਏਂ, ਏਥੇ ਮੁਰੱਬਿਆਂ ਵਾਲੇ ਸੜਕਾਂ 'ਤੇ ਧੱਕੇ ਖਾਂਦੇ ਫਿਰਦੇ ਨੇ, ਅਪਣੀ ਤਾਂ ਸੱਭੇ ਦਸ ਘੁਮਾਂ ਸੀ। ਜੋ ਉਹਦੀ ਰਜ਼ਾ। ਬੰਦੇ ਦਾ ਫ਼ਰਜ਼ ਉੱਦਮ ਕਰਨਾ ਏਂ, ਦੇਣ ਵਾਲਾ ਤਾਂ ਮਾਲਕ ਏ।"
ਉਹਨਾਂ ਰੱਜਵਾਂ ਉੱਦਮ ਕੀਤਾ। ਉੱਦਮ ਨੂੰ ਈਸ਼ਵਰ ਨੇ ਭਾਗ ਵੀ ਚੰਗਾ ਲਾਇਆ। ਪੰਜ ਘੁਮਾਂਵਾਂ ਵਿਚੋਂ ਇਕ ਸੌ ਸੱਠ ਮਣ ਪੱਕਾ ਝੋਨਾ ਨਿਕਲਿਆ। ਉਸਦੇ ਵੱਢ ਵਿੱਚ ਇਕ ਘੁਮਾਂ ਚਟਾਹਲਾ ਤੇ ਚਾਰ ਘੁਮਾਂ ਕਣਕ ਬੀਜੀ ਉਹਨਾਂ। ਪੈਂਤੀ ਮਣ ਪੱਕੀ ਕਣਕ ਵੀ ਨਿਕਲ ਪਈ।
ਪਰਿਵਾਰ ਸਾਰਾ ਸੋਚ ਸਮਝ ਕੇ ਖਰਚ ਕਰਨ ਵਾਲਾ ਸੀ। ਅਗਲੇ ਦੋ ਸਾਲ ਵਿੱਚ ਉਹ ਵਾਹਵਾ ਸੰਭਲ ਗਏ। ਹੱਥ ਵਿੱਚ ਚਾਰ ਪੈਸੇ ਆਏ ਤਾਂ ਦਲੀਪ ਕੌਰ ਨੀਂਹ ਪੁੱਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਮੱਥਾ ਟੇਕਣ ਗਈ। ਵਾਪਸ ਮੁੜਦੇ ਹੋਏ, ਉਹ
ਸ਼ਹਾਬਪੁਰੇ 'ਤੇ ਭਿੱਖੀ ਵਿੰਡ ਵੀ ਪੁੱਜੇ। ਗ੍ਰੰਥੀਆਣੀ ਬਸੰਤ ਤੇ ਉਹਦੇ ਕਾਕੇ ਦੇ ਸੋਹਣੇ ਲੀੜੇ ਬਣਾ ਕੇ ਲੈ ਗਈ ਦਲੀਪ ਕੌਰ। ਬਸੰਤ ਤੇ ਉਹਦਾ ਪਤੀ ਬੜੇ ਪਿਆਰ ਨਾਲ ਮਿਲੇ।
ਓਧਰੋਂ ਵਾਪਸ ਆ ਕੇ ਜਸਬੀਰ ਤੇ ਪਿਆਰਾ ਜਸਬੀਰ ਦੇ ਮਾਪਿਆਂ ਨੂੰ ਮਿਲਣ ਗਏ। ਉਹਨਾਂ ਨੂੰ ਅਬੋਹਰ ਲਾਗੇ ਜ਼ਮੀਨ ਮਿਲੀ ਸੀ। ਜਸਬੀਰ ਦੇ ਮਾਪਿਆ ਨੇ ਪੁਜ-ਸਰ ਆਉਂਦਾ ਧੀ-ਜਵਾਈ ਨੂੰ ਵਾਹਵਾ ਕੁਝ ਦਿੱਤਾ। ਏਸ ਤਰ੍ਹਾਂ ਕੁਦਰਤ ਦੇ ਪਿਛੜੇ ਸਾਕ ਫੇਰ ਮਿਲਣ ਲੱਗ ਪਏ।
ਘਰ ਦੀ ਹਾਲਤ ਕੁਝ ਹੱਛੀ ਹੋ ਗਈ। ਅੰਦਰ ਦਾਣੇ ਵੀ ਸਨ ਤੇ ਖੁਰਲੀ 'ਤੇ ਤਿੰਨ ਮਹਿਆਂ ਵੀ। ਪਰ ਪਿਆਰੇ ਦੇ ਦਿਲ ਦੀ ਉਦਾਸੀ ਨਾ ਗਈ। ਨੂਰਾਂ ਦੀ ਯਾਦ ਕੁਝ ਕੁਝ ਧੁੰਦਲੀ ਹੁੰਦੀ ਜਾ ਰਹੀ ਸੀ। ਜਸਬੀਰ ਨੇ ਪਿਆਰੇ ਦੇ ਦਿਲ 'ਤੇ ਚੰਗਾ ਅਧਿਕਾਰ ਜਮਾ ਲਿਆ ਸੀ। ਉਹ ਨੂਰਾਂ ਦਾ ਨਾਂ ਸੁਣ ਕੇ ਚਿੜ੍ਹਦੀ ਨਹੀਂ ਸੀ, ਸਗੋਂ ਉਹ ਦੋਹਾਂ ਵਿਛੜਿਆਂ ਪ੍ਰੇਮੀਆਂ ਨਾਲ ਹਮਦਰਦੀ ਪ੍ਰਗਟ ਕਰਦੀ ਸੀ। ਕਈ ਵਾਰ ਉਹ ਸੱਚੇ ਦਿਲੋਂ, ਜਾਂ ਪਤੀ ਨੂੰ ਖ਼ੁਸ਼ ਕਰਨ ਬਦਲੇ ਠੰਡਾ ਸਾਹ ਭਰਕੇ ਕਿਹਾ ਕਰਦੀ, "ਉਹ ਹੋ। ਵਚਾਰੀ ਬਦਕਿਸਮਤ ਨੂਰਾਂ। ਦੀਵੇ ਦੀ ਵੱਟੀ ਵਾਂਗ ਸੜਦੀ ਰਹਿੰਦੀ ਹੋਵੇਗੀ ਹਰ ਵੇਲੇ। ਕਿਤੇ ਉਹ ਏਧਰ ਆ ਸਕਦੀ ਤਾਂ ਮੈਂ ਸਕੀਆਂ ਭੈਣਾਂ ਵਾਂਗ ਉਹਨੂੰ ਸੰਭਾਲ ਲੈਂਦੀ। ਮੈਨੂੰ ਵਿਚਾਰੀ 'ਤੇ ਬੜਾ ਤਰਸ ਔਂਦਾ ਏ। ਪਰ ਨਿਰੇ ਤਰਸ ਨਾਲ ਕਿਸੇ ਦਾ ਕੀ ਸੋਰਦਾ ਏ। ਵਾਹਵਾ! ਲਿਖੀਆਂ ਲੇਖ ਦੀਆਂ ਮੇਟ ਨਾ ਸਕਦਾ ਕੋਈ।"
"ਜਸਬੀਰ। ਨੂਰਾਂ ਦੀਆਂ ਗੱਲਾਂ ਲੈ ਬਹਿੰਦੀ ਏ ਨਿੱਤ, ਪ੍ਰੀਤੂ ਕਦੇ ਨਹੀਂ ਯਾਦ ਆਇਆ? ਉਹਦਾ ਵਿਛੋੜਾ ਤਾਂ ਨੂਰਾਂ ਨਾਲੋਂ ਵੀ ਵਧੇਰੇ ਦੁਖੀ ਕਰ ਰਿਹਾ ਏ।" ਇਕ ਦਿਨ ਗੱਲਾਂ ਕਰਦਿਆਂ ਪਿਆਰੇ ਨੇ ਠੰਡਾ ਸਾਹ ਭਰ ਕੇ ਕਿਹਾ।
"ਪ੍ਰੀਤੂ ?" ਜਸਬੀਰ ਨੇ ਪਤੀ ਦੀਆਂ ਅੱਖਾਂ ਵਿੱਚ ਝਾਕ ਕੇ ਨੀਵੀਂ ਪਾ ਲਈ। “ਉਹ ਤਾਂ ਸ਼ੈਦ ਏਸੇ ਸਾਲ ਸਾਨੂੰ ਮਿਲ ਪਵੇ।" ਲੱਜਿਆ ਨਾਲ ਉਹਦਾ ਗੋਰਾ ਰੰਗ ਸ਼ਰਬਤੀ ਭਾਹ ਮਾਰਨ ਲੱਗ ਪਿਆ। "ਮਾਂ ਜੀ ਆਹਿੰਦੇ ਹੁੰਦੇ ਨੇ ।" ਵਾਕ ਦਾ ਬਾਕੀ ਹਿੱਸਾ ਜਸਬੀਰ ਪਤੀ ਸਾਮ੍ਹਣੇ ਵੀ ਨਾ ਦੁਹਰਾ ਸਕੀ ਕਿ 'ਪਲੇਠੀ ਦੇ ਪੁੱਤਰ ਭਰਾਵਾਂ ਵਰਗੇ ਹੁੰਦੇ ਨੇ।
"ਸੱਚ ?" ਚੋਖਾ ਚਿਰ ਪਿਆਰਾ ਜਸਬੀਰ ਦੇ ਮੂੰਹ ਵੱਲ ਵਿਹੰਦਾ ਰਿਹਾ।
"ਸੱਚ।" ਜਸਬੀਰ ਦਾ ਰੰਗ ਦਿਨੋ ਦਿਨ ਨਿਖਰਦਾ ਆ ਰਿਹਾ ਸੀ। ਉਹਨੇ ਇਕ ਵਾਰ ਫਿਰ ਪਤੀ ਦੀਆਂ ਅੱਖਾਂ ਵਿੱਚ ਤੱਕ ਕੇ ਨੀਵੀਂ ਪਾ ਲਈ। ਉਹਦੇ ਸਾਰੇ
ਚਿਹਰੇ ਉੱਤੇ ਖ਼ੁਸ਼ੀਆਂ ਦੀ ਵੰਡਦੀ ਮੁਸਕਰਾਹਟ ਫੈਲੀ ਹੋਈ ਸੀ।
ਸੱਸ ਨੇ ਨੇਹ ਕੋਲੋਂ ਘਰ ਦਾ ਸਾਰਾ ਕੰਮ ਛੁਡਾ ਦਿੱਤਾ। ਮੰਜੇ 'ਤੇ ਬੈਠੀ ਜਸਬੀਰ ਦਾ ਦਿਨ ਨਿੱਕੇ ਨਿੱਕੇ ਸਵੈਟਰ ਉਣਦਿਆਂ ਜਾਂ ਫਰਾਕਾਂ ਉੱਤੇ ਕਸੀਦੇ ਕੱਢਦਿਆਂ ਬੀਤ ਜਾਂਦਾ।
ਪੋਹ ਸੁਦੀ ਸੱਤਵੀਂ ਦੇ ਪਵਿੱਤਰ ਦਿਨ ਉਹਨਾਂ ਦਾ ਕੱਚਾ ਮਕਾਨ ਵਧਾਈਆਂ ਨਾਲ ਗੂੰਜ ਉੱਠਿਆ। ਉਸ ਵੇਲੇ ਅਜੇ ਇਕ ਪਹਿਰ ਦਾ ਤੜਕਾ ਸੀ।
"ਪੁੱਤਰ ਪਿਆਰਾ ਸਿਹਾਂ।" ਮਾਂ ਨੇ ਪਹਿਲੇ ਦਿਨ ਪੁੱਤਰ ਦਾ ਪੂਰਾ ਨਾਂ ਸੱਦਿਆ। "ਲੈ ਤੇਰਾ ਪ੍ਰੀਤੂ ਆ ਗਿਆ। ਗੁਰੂ ਮਹਾਰਾਜ ਨੇ ਤੇਰੀ ਅਰਦਾਸ ਸੁਣ ਲਈ ਉ। ਅੰਦਰ ਆ ਕੇ ਵੇਖ ਲੈ। ਨਿਰਾ ਪ੍ਰੀਤੂ ਈ, ਸੰਗਵਾਂ ਪ੍ਰੀਤੂ।"
ਦੀਵੇ ਦੇ ਪ੍ਰਕਾਸ਼ ਵਿੱਚ ਪਿਆਰਾ ਸਿੰਘ ਕਿੰਨਾ ਚਿਰ ਮੰਜੇ ਦੀ ਬਾਹੀ ਉੱਤੇ ਝੁਕ ਕੇ ਨਵ-ਜਨਮੇਂ ਬਾਲਕ ਵੱਲ ਵਿਹੰਦਾ ਰਿਹਾ। ਸੱਚਮੁੱਚ ਹੀ ਉਹ ਪ੍ਰੀਤੂ ਸੀ। ਪਿਆਰਾ ਸਿੰਘ ਨੂੰ ਏਹਾ ਭਾਸਿਆ। ਭਾਵੇਂ ਉਹਦੀ ਆਪਣੀ ਨੁਹਾਰ ਵੀ ਪ੍ਰੀਤੂ ਨਾਲ ਮਿਲਦੀ ਸੀ। ਦੋਹਾਂ ਭਰਾਵਾਂ ਦਾ ਮੁਹਾਂਦਰਾ ਬਿਲਕੁਲ ਇਕੋ ਸੀ।
"ਕਿਉਂ ? ਪ੍ਰੀਤੂ ਈ ਏ ਨਾ।" ਦਲੀਪ ਕੌਰ ਦਾ ਚਿਹਰਾ ਖ਼ੁਸ਼ੀ ਵਿੱਚ ਭਖ ਰਿਹਾ ਸੀ। ਉਹ ਤੈਥੋਂ ਨੋ ਵਰ੍ਹੇ ਛੋਟਾ ਸੀ। ਇਹ ਵੀਹ ਵਰ੍ਹੇ। ਤੇਰਾ ਪਿਆਰ ਦਾ ਖਿੱਚਿਆ ਇਹ ਫੇਰ ਆ ਗਿਆ ਈ। ਆਖ ਸੂ ਹੁਣ ਨਾ ਸਾਡੀਆਂ ਅੱਖਾਂ ਤੋਂ ਉਹਲੇ ਹੋਵੇ।"
ਜਸਬੀਰ, ਮਾਂ ਪੁੱਤ ਦੀਆਂ ਗੱਲਾਂ ਵਿਚੋਂ ਅਥਾਹ ਅਨੰਦ ਮਾਣ ਰਹੀ ਸੀ, ਪਰ ਸੱਸ ਤੋਂ ਸ਼ਰਮਾਉਂਦਿਆਂ ਉਹਨੇ ਮੂੰਹ ਤੋਂ ਲੀੜਾ ਨਾ ਲਾਹਿਆ।
੨੧.
ਪੱਛਮੀ ਪੰਜਾਬ ਵਿੱਚ ਰਹਿ ਗਈ ਜ਼ਮੀਨ ਦੀਆਂ ਜਮ੍ਹਾਂ ਬੰਦੀਆਂ ਆ ਗਈਆਂ। ਓਧਰੋਂ ਈਸਵੀ ਸੰਨ 1950 ਚੜ੍ਹ ਪਿਆ। ਸਰਕਾਰ ਦੇ ਸੰਬੰਧਤ ਕਰਮਚਾਰੀਆਂ ਨੇ ਦੱਸਿਆ ਕਿ ਪੂਰਬੀ ਪੰਜਾਬ ਵਿੱਚ ਜੋ ਜਮੀਨ ਮੁਸਲਮਾਨ ਛੱਡ ਗਏ ਹਨ, ਉਹ ਉਸ ਨਾਲੋਂ ਬਹੁਤ ਘੱਟ ਸੀ ਜੋ ਹਿੰਦੂ ਸਿੱਖ ਪੱਛਮੀ ਪੰਜਾਬ ਛੱਡ ਆਏ ਸਨ। ਫ਼ੈਸਲਾ ਹੋਇਆ ਕਿ ਆਜ਼ਾਦੀ ਦੀ ਕੀਮਤ ਹਰ ਰੀਫ਼ਿਊਜੀ ਕੋਲੋਂ ਵਸੂਲੀ ਜਾਏ। ਕਿਉਂਕਿ ਉਹ 'ਸ਼ਰਨਾਰਥੀ' ਜੁ ਹੋਏ। ਪੂਰਬੀ ਪੰਜਾਬ ਦੀ 'ਸ਼ਰਣ' ਆਏ ਹੋਏ ਤੇ ਸ਼ਰਣ ਪਏ ਉਤੇ ਰੱਬ ਕਰਾਏ ਦਾ ਹੀ ਤਰਸ ਕੀਤਾ ਜਾ ਸਕਦਾ ਹੈ। ਇਕ ਸਕੇਲ ਬਣਾ ਕੇ
ਜ਼ਮੀਨ ਉੱਤੇ ਪੰਝੀ ਫੀ ਸਦੀ ਤੋਂ ਪਚਾਨਵੇਂ ਫੀ ਸਦੀ ਤਕ ਕਾਟ ਲਾ ਦਿੱਤੀ ਗਈ। ਸਰਕਾਰ ਸਿਰਫ ਵੱਡਿਆਂ ਉੱਤੇ ਇਹ ਕਾਟ ਲਾਉਂਦੀ ਤਾਂ ਕੋਈ ਗੱਲ ਨਹੀਂ ਸੀ। ਉਸਨੇ ਛੋਟੇ ਤੋਂ ਛੋਟੇ ਨੂੰ ਵੀ ਇਸ 'ਰਹਿਮਤ' ਤੋਂ ਵਾਂਜਿਆਂ ਨਾ ਰਹਿਣ ਦਿੱਤਾ। ਜਿਸ ਦੀ ਇਕ ਘੁਮਾ ਸੀ, ਚੌਥਾ ਹਿੱਸਾ ਉਹਦੇ ਕੋਲੋਂ ਵੀ ਕੱਟ ਲਿਆ। ਮਾਲਕਾਂ ਨੇ ਫੇਰ ਵੀ ਸ਼ੁਕਰ ਕੀਤਾ ਕਿ ਸਰਕਾਰ ਉਹਨਾਂ ਨੂੰ ਜ਼ਮੀਨ ਵਾਲੇ ਬਨਾਉਣ ਤਾਂ ਲੱਗੀ ਹੈ।
ਸਰਕਾਰ ਨੇ ਜ਼ਮੀਨ ਵੰਡਣ ਵਾਸਤੇ ਕੁਝ ਨਿਯਮ ਬਣਾਏ। ਸਿਆਣੇ ਕਰਮਚਾਰੀਆਂ ਨੇ ਉਹਨਾਂ ਵਿਚ ਕੁਝ ਰੱਖਣੇ ਵੀ ਰੱਖ ਲਏ। ਆਖ਼ਰ ਕਿਸੇ ਦੀ ਯੋਗ ਮਦਦ ਕਰਨ ਦੀ ਲੋੜ ਪੈਣ ਉੱਤੇ ਪਿੱਛੋਂ ਉਹ ਕੀ ਕਰਦੇ।
ਜ਼ਮੀਨ ਦੇ ਹੱਕਦਾਰਾਂ ਜਾਂ ਕਹੋ, ਚਾਹਵਾਨਾਂ ਨੂੰ ਕੁਝ ਕਰਮਚਾਰੀਆਂ ਵੱਲੋਂ ਸੁਨੇਹੇ ਵੀ ਮਿਲਣ ਲੱਗ ਪਏ। "ਵੇਖ ਭਈ। ਹੁਣ ਆਇਆ ਏ ਵੰਡ-ਵੰਡਾਈ ਦਾ ਵੇਲਾ। ਅਖਾਣ ਪਾਉਂਦੇ ਹੁੰਦੇ ਨੇ, ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਅੱਗੇ ਤੁਸੀਂ ਆਪ ਸਮਝ ਸੋਚ ਲਵੋ। ਹਰ ਇਕ ਦਾ ਢਿੱਡ ਪੋਲਾ ਹੁੰਦਾ ਏ। ਸਾਰੇ ਬਾਲ ਬੱਚੇ ਵਾਲੇ ਨੇ। ਤਨਖ਼ਾਹਾਂ ਜਿਹੜੀਆਂ ਮਿਲਦੀਆਂ ਨੇ, ਤੁਸੀਂ ਜਾਣਦੇ ਈ ਓ ।
ਫੇਰ ਕੀ ਸੀ ? ਜਿਨ੍ਹਾਂ ਪੋਲੇ ਢਿੱਡਾਂ ਨੂੰ ਭਰਨ ਵਾਸਤੇ ਹੱਥ ਛਿਟਕ ਦਿੱਤਾ, ਉਹਨਾਂ ਦੇ ਪੌਂ ਬਾਰਾਂ ਤੇ ਬਾਕੀਆਂ ਦੇ ਤਿੰਨ ਕਾਣੇ। ਸੁਨੇਹਾ ਧਰਮ ਸਿੰਘ ਨੂੰ ਵੀ ਮਿਲਿਆ। ਉਹਨੇ ਸੋਚਿਆ, "ਪਿੱਛੇ ਜਿਹੇ ਏਥੇ ਸਾਡੇ ਕੁਝ ਲੀਡਰ, ਵਜ਼ੀਰ ਤੇ ਵੱਡੇ-ਵੱਡੇ ਅਫ਼ਸਰ ਆਏ ਸਨ। ਉਹਨਾਂ ਲੈਕਚਰ ਦਿੱਤੇ ਸਨ ਕਿ ਵੱਢੀ ਲੈਣਾ ਵੀ ਪਾਪ ਏ ਤੇ ਵੱਢੀ ਦੇਣਾ ਵੀ। ਅੱਗੇ ਤਾਂ ਸਿਰਫ਼ ਵੱਢੀ ਲੈਣ ਵਾਲਾ ਹੀ ਗੁਨਾਹੀ ਸਮਝਿਆ ਜਾਂਦਾ ਸੀ, ਹੁਣ ਵੱਢੀ ਦੇਣ ਵਾਲਾ ਵੀ। ਹੋ ਸਕਦਾ ਏ, ਹੁਣ ਧਰਮ ਦੇ ਨੇਮਾਂ ਵਿੱਚ ਵੀ ਕੁਝ ਅਦਲਾ-ਬਦਲੀ ਹੋ ਗਈ ਹੋਵੇ। ਦੇਸ਼ ਅਜ਼ਾਦ ਜੁ ਹੋ ਗਿਆ। ਸੋ ਭਾਈ, ਪਾਪ ਦੇ ਭਾਗੀ ਤਾਂ ਨਹੀਂ ਬਣਿਆ ਜਾਂਦਾ। ਅੱਗੇ ਧਰਮ-ਕੰਡੇ ਵਾਲਿਆਂ ਦੀ ਮਰਜ਼ੀ।"
'ਧਰਮ-ਕੰਡੇ' ਵਾਲਿਆਂ ਉਹਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ। ਧਰਮ ਸਿੰਘ ਨੂੰ ਇਕ 'ਗਿਦੜ ਪਰਵਾਨਾ' ਆ ਗਿਆ। ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਧਰਮ ਸਿੰਘ ਨੂੰ ਬਸਤੀ ਅਹਿਮਦ ਦੀਨ ਵਿੱਚ ਸੱਤ ਸਟੈਂਡਰਡ ਏਕੜ ਜ਼ਮੀਨ ਅਲਾਟ ਹੋ ਗਈ।
ਹੁਣ ਧਰਮ ਸਿੰਘ ਨੂੰ 'ਪੁੰਨ' ਤੇ 'ਪਾਪ' ਦਾ ਗਿਆਨ ਹੋਇਆ। ਉਹ ਭੱਜਾ
ਭੱਜਾ ਤਸੀਲੇ ਗਿਆ। ਤਸੀਲਦਾਰ ਗੁਰਵੰਤ ਸਿੰਘ ਪਹਿਲੇ ਸਾਲ ਹੀ ਬਦਲ ਗਿਆ ਸੀ। ਉਹਦੇ ਥਾਂ ਕੋਈ ਹੋਰ ਤੇ ਉਹਦੇ ਥਾਂ ਵੀ ਇਸ ਵੇਲੇ ਕੋਈ ਹੋਰ ਸੀ।
"ਕੀ ਆਖਨਾਂ ਏ ਬਾਬਾ ।" ਤਸੀਲਦਾਰ ਨੇ ਧਰਮ ਸਿੰਘ ਦੀ ਦਰਖ਼ਾਸਤ ਉੱਤੇ ਸਰਸਰੀ ਨਜ਼ਰ ਦੌੜਾਂਦਿਆਂ ਅਫ਼ਸਰੀ ਰੂਹਬ ਨਾਲ ਕਿਹਾ :
"ਜਨਾਬ। ਮੈਂ ਜ਼ੀਰੇ ਦਾ ਕੱਚਾ ਅਲਾਟੀ ਆਂ। ਜੋ ਮਿਹਰਬਾਨੀ ਕਰਕੇ ।"
"ਜਾਹ ਜਾਹ। ਹੁਣ ਕੋਈ ਕੱਚਾ ਅਲਾਟੀ ਨਹੀਂ ਰਹਿ ਗਿਆ, ਸਭ ਪੱਕ ਗਏ ਨੇ। ਜਲੰਧਰ ਚਲਾ ਜਾਹ।.... ਸਿਰ ਖਾ ਮਾਰਿਆ ਏ। ਇਹਨਾਂ ਜਾਹਿਲ ਰੀਵਿਊਜੀਆਂ ਨੇ।" ਮਗਰਲਾ ਵਾਕ ਤਸੀਲਦਾਰ 'ਸਾਹਬ ਬਹਾਦਰ' ਨੇ ਸੱਜੇ ਹੱਥ ਬੈਠੇ ਕਾਂਗਰਸੀ ਲੀਡਰ ਵੱਲ ਸੰਬੋਧਤ ਹੁੰਦਿਆਂ ਕਿਹਾ।
ਕਾਂਗਰਸੀ ਵੀ ਤਾਜ਼ਾ ਲੀਡਰ ਜਾਪਦਾ ਸੀ, ਪੰਦਰਾਂ ਅਗਸਤ ਦੀ ਪੈਦਾਵਾਰ। ਉਹਦੇ ਸਾਰੇ ਕੱਪੜੇ, ਗਾਂਧੀ ਖੱਦਰ ਭੰਡਾਰ ਦੀ ਖ਼ਰੀਦ ਬਿਲਕੁਲ ਨਵੇਂ ਸਨ।
"ਜਨਾਬ। ਮੇਰੀ ਅਰਜ਼ ਤਾਂ....।"
"ਉ ਜਾਹ ਬਾਬਾ। ਤੇਰਾ ਕੰਮ ਜਲੰਧਰ ਹੋਣਾ ਏ। ਤਸੀਲਦਾਰ ਸਾਹਿਬ ਦੇ ਕੋਈ ਵੱਸ ਨਹੀਂ।" ਕੋਲੋਂ ਤਿੰਨ-ਸਾਲਾ ਕਾਂਗਰਸੀ ਨੇ ਹੱਥ ਨਾਲ ਬਾਹਰ ਨੂੰ ਇਸ਼ਾਰਾ ਕਰਦਿਆਂ ਕਿਹਾ।
"ਪਰ ਸਰਕਾਰ! ਮੈਂ ਤਾਂ ਇਥੋਂ ਦਾ...।"
"ਆ ਜਾ, ਆ ਜਾ ਬਾਬਾ। ਅਫ਼ਸਰ ਦਾ ਰੌਂ ਵੇਖੀਦਾ ਏ। ਫੇਰ ਕਿਸੇ ਦਿਨ ਆ ਜਾਵੀਂ।" ਚਪੜਾਸੀ ਨੇ ਧਰਮ ਸਿੰਘ ਨੂੰ ਬਾਹੋਂ ਫੜ ਕੇ ਕਮਰਿਉਂ ਬਾਹਰ ਕੱਢ ਦਿੱਤਾ।
"ਜਨਾਬ ਧੰਨ ਤੁਸੀਂ ਹੋ ਜਿਹੜੇ ਇਹਨਾਂ ਲੋਕਾਂ ਨਾਲ ।" ਕਾਂਗਰਸੀ ਮਾਰਕਾ 'ਲੋਕ ਸੇਵਕ' ਨੇ ਵਾਕ ਅਧੂਰਾ ਛੱਡ ਦਿੱਤਾ। ਉਹਦੇ ਖ਼ਿਆਲ ਵਿੱਚ ਏਨੀ ਚਾਪਲੂਸੀ ਹੀ ਕਾਫ਼ੀ ਸੀ।
"ਮਖ ਜੀ, ਕੁਝ ਨਾ ਪੁੱਛ। ਸਵੇਰ ਤੋਂ ਸ਼ਾਮ ਤੱਕ ਏਹੋ ਹਾਲ ਹੁੰਦਾ ਏ। ਇਹਨਾਂ ਲੋਕਾਂ ਨੇ ਤਾਂ ਅਫ਼ਸਰਾਂ ਦਾ ਜਿਊਣਾ ਹਰਾਮ ਕਰ ਦਿੱਤਾ ਏ। ਇਹ ਤਾਂ ਅਜੇ ਫੇਰ ਵੀ ਚੁੱਪ ਕਰਕੇ ਚਲਾ ਗਿਆ ਏ। ਨਹੀਂ ਤਾਂ ਕਈ ਦਿੱਲੀ ਦੀ ਧਮਕੀ ਤੋਂ ਉਰ੍ਹਾਂ ਖਲੋਂਦੇ ਹੀ ਨਹੀਂ। ਜਿਵੇਂ ਪੰਡਤ ਨਹਿਰੂ ਦੇ ਜਮਾਤੀ ਹੁੰਦੇ ਹਨ।" ਤਸੀਲਦਾਰ ਨੇ ਮੁਸਕੜੀਆਂ 'ਚ ਨਿੰਮ੍ਹਾ ਨਿੰਮ੍ਹਾ ਹੱਸਦਿਆਂ ਕਿਹਾ।
"ਮਾਫ਼ ਕਰਨਾ, ਜਨਾਬ। ਕੁਝ ਸਾਡੇ ਨਰਮ ਦਿਲ ਲੀਡਰਾਂ ਦੀ ਵੀ ਗਲਤੀ ਏ। ਉਹਨਾਂ ਪੁੱਚ ਪੁੱਚ ਕਰਕੇ ਰੀਫਿਊਜੀਆਂ ਨੂੰ ਸਿਰ 'ਤੇ ਚੜ੍ਹਾ ਛੱਡਿਆ ਏ।"
'ਜਨਤਾ ਦੇ ਸੇਵਾਦਾਰ' ਕਾਂਗਰਸੀ ਨੇ ਜ਼ਰਾ ਜੋਸ਼ ਵਿੱਚ ਕਿਹਾ।
ਪੂਰਾ ਇਕ ਘੰਟਾ ਜਨਤਾ ਦੇ ਦੋਹਾਂ 'ਸ਼ੁਭ ਚਿੰਤਕਾਂ' ਵਿੱਚ ਲੋਕ ਭਲਾਈ ਬਾਰੇ ਵਿਚਾਰ ਹੁੰਦੀ ਰਹੀ। ਦਰਖ਼ਾਸਤਾਂ ਵਾਲੇ ਬੂਹੇ ਅੱਗੇ ਪਾਲ ਬੰਨ੍ਹ ਕੇ ਖਲੇ ਰਹੇ। ਉਠਣ ਲੱਗਿਆ 'ਇਨਸਾਫ ਦੇ ਢੰਡੋਰਚੀ' ਨੇ ਦੁਬਾਰਾ ਯਾਦ ਕਰਵਾਉਂਦਿਆਂ ਕਿਹਾ, "ਹੱਛਾ ਫਿਰ, ਜਨਾਬ। ਹੈ ਤਾਂ ਕੁਛ ਬੇਇਨਸਾਫ਼ੀ ਹੀ। ਉਹ ਏਥੋਂ ਦਾ ਸਿਟਿੰਗ ਅਲਾਟੀ ਨਹੀਂ, ਪਰ ਕੀਤਾ ਕੀ ਜਾਵੇ। ਸ੍ਰੀਮਤੀ ਦਾ ਭਰਾ ਏ। ਉਹ ਸਾਰੀ ਉਮਰ ਉਲਾਹਮਾ ਦੇਂਦੀ ਰਹੇਗੀ ਕਿ ਭੱਠ ਪਈ ਤੁਹਾਡੀ ਲੋਕ-ਸੇਵਾ, ਜਿਹੜੇ ਏਨਾ ਕੰਮ ਵੀ ਨਾ ਕਰ ਸਕੇ। ਸਾਕ ਈ ਏਹੋ ਜਿਹਾ ਏ।"
"ਕੋਈ ਗੱਲ ਨਹੀਂ। ਆਪਣਿਆਂ ਵਾਸਤੇ ਕੁਛ ਕਰਨਾ ਪੈਂਦਾ ਏ। ਤੁਹਾਨੂੰ ਉਲਾਹਮਾ ਨਹੀਂ ਆਉਣ ਦੇਂਦੇ।" ਤਸੀਲਦਾਰ ਨੇ ਵਿਦਾਇਗੀ ਦਾ ਹੱਥ ਮਿਲਾਉਂਦਿਆਂ ਕਿਹਾ।
ਦਰਖ਼ਾਸਤਾਂ ਵਾਲੇ ਵਾਰੀ-ਵਾਰੀ ਅੰਦਰ ਆਉਣੇ ਸ਼ੁਰੂ ਹੋ ਗਏ। ਓਥੇ ਕਿਸੇ ਨੂੰ ਵੀ 'ਇਨਸਾਫ਼' ਮਿਲਣ ਵਿਚ ਬਹੁਤੀ ਦੇਰ ਨਾ ਲੱਗਦੀ। ਬਸ, ਇੱਕ ਮਿੰਟ। ਪਰ ਉਹ ਲੋਕ ਹੀ ਨਾਸ਼ੁਕਰੇ ਸਨ, ਜੋ 'ਨਿਆਏਯਾਲੇ' ਵਿਚੋਂ ਬੁੜਬੁੜ ਕਰਦੇ ਨਿਕਲਦੇ ਸਨ।
ਉਦਾਸ ਧਰਮ ਸਿੰਘ ਦੋ ਤਿੰਨ ਵਕੀਲਾਂ ਨੂੰ ਮਿਲਿਆ। ਹਰ ਇੱਕ ਨੇ ਏਹਾ ਸਲਾਹ ਦਿੱਤੀ; "ਬਾਬਾ। ਤੇਰਾ ਪੱਖ ਮਜ਼ਬੂਤ ਏ। ਤੂੰ ਏਥੋਂ ਦਾ ਸਿਟਿੰਗ ਅਲਾਟੀ ਏਂ, ਤੇਰਾ ਹੱਕ ਕੌਣ ਮਾਰ ਸਕਦਾ ਏ। ਤੂੰ ਜਲੰਧਰ ਜਾ ਕੇ ਦਰਖ਼ਾਸਤ ਕਰ।"
ਤਿੰਨ ਮਹੀਨੇ ਧਰਮ ਸਿੰਘ ਨੇ ਜਲੰਧਰ ਦੀਆਂ ਸੜਕਾਂ ਦੀ ਰੱਜਵੀਂ ਧੂੜ ਫੱਕੀ। ਏਸ ਨਾਲ ਉਹਦੇ ਗਿਆਨ ਵਿਚ ਕਾਫ਼ੀ ਵਾਧਾ ਹੋ ਗਿਆ। ਇੱਕ ਉਹ ਹੀ ਨਹੀਂ, 'ਰਾਮ ਰਾਜ' ਵਿਚ ਉਹਦੇ ਵਰਗੇ ਹੋਰ ਵੀ ਕਈ 'ਇਨਸਾਫ਼ ਘਰ' ਦਾ ਕੁੰਡਾ ਖੜਕਾ ਰਹੇ ਸਨ।
ਇੱਕ ਦਿਨ ਕਿਸੇ ਸਿਆਣੇ ਨੇ ਉਹਦੇ ਉੱਤੇ ਤਰਸ ਖਾ ਕੇ ਕਿਹਾ, "ਵੇਖ ਸਰਦਾਰਾ! ਸਿਆਣਿਆਂ ਦੀ ਨਸੀਹਤ ਪੱਲੇ ਬੰਨ੍ਹ ਲੈ। ਪਹਿਲੀ ਗੱਲ ਤਾਂ ਏਥੋਂ ਦੇ ਪੀਰਾਂ ਚੂਰਮੇ ਬਿਨਾਂ ਨਹੀਂਉਂ ਮੰਨਣਾ। ਤੇ....।"
"ਦੂਜੀ ਗੱਲ ਵੀ ਦੱਸ ਦਿਹੋ।" ਧਰਮ ਸਿੰਘ ਨੇ ਕਾਹਲੇ ਪੈ ਕੇ ਪੁੱਛਿਆ।
"ਦੂਜਾ ਰਸਤਾ ਇਹ ਈ। ਪਹਿਲਾਂ ਜਾ ਕੇ ਓਸ ਜ਼ਮੀਨ ਦਾ ਕਬਜ਼ਾ ਕਰ ਲਵੋ। ਉਪਰ ਉਥੋਂ ਦੇ ਪਟਵਾਰੀ ਤੇ ਤਸੀਲਦਾਰ ਤੋਂ ਰੀਪੋਰਟ ਕਰਵਾਓ ਕਿ ਉਹ ਜ਼ਮੀਨ ਨਾਕਾਬਲੇ ਕਾਸ਼ਤ ਹੈ ਯਾਨੀ ਕਿ ਓਸ ਵਿਚ ਕੁਛ ਨਹੀਂ ਹੋ ਸਕਦਾ। ਫੇਰ
ਤੇਰਾ ਕੁਛ ਬਣੇਗਾ ਪਰ ਉਥੇ ਜਾਣ ਲੱਗਾ ਰਾਹ ਵਿਚ ਇਹ ਸਲੋਕ ਪੜ੍ਹਦਾ ਜਾਈਂ : ਤੇਲ ਤਰ੍ਹਾਂ ਜਾਂ ਕੇ ਮਿਲੇ, ਤੁਰਤ ਨਰਮ ਹੋ ਜਾਹ।"
"ਪਰ ਜੀ, ਵੱਢੀ ਦੇਣਾ ਤਾਂ .......।"
"ਫੇਰ ਘਰ ਬਹਿ ਕੇ ਮਾਲਾ ਫੇਰ, ਰੱਬ, ਰੱਬ ਕਰ। ਅਖੋ: ਬਾਬਾ ਅਟੱਲ। ਪੱਕੀਆਂ ਪਕਾਈਆਂ ਘੱਲ।"
ਦਫਤਰ ਕਾਨੂੰਗੋ ਜ਼ੀਰਾ ਵੱਲੋ ਚਾਰ ਫੇਰੇ ਮਾਰਨ ਪਿੱਛੋਂ ਧਰਮ ਸਿੰਘ ਨੂੰ ਏਨਾ ਪਤਾ ਲੱਗਾ ਕਿ ਬਸਤੀ ਅਹਿਮਦ ਦੀਨ ਮਖੂ ਤੋਂ ਪੰਜ ਮੀਲ ਦੂਰ ਦਰਿਆ ਦੀ ਕਾਛਲ ਵਿਚ ਹੈ ਤੇ ਹਲਕੇ ਦਾ ਪਟਵਾਰੀ ਮਖੂ ਰਹਿੰਦਾ ਹੈ। ਅਗਲੇ ਦਿਨ ਧਰਮ ਸਿੰਘ ਤੇ ਪਿਆਰਾ ਸਿੰਘ ਮਖੂ ਉਥੇ ਪੁੱਜੇ। ਓਥੇ ਜਾ ਕੇ ਪਤਾ ਲੱਗਾ ਕਿ ਪਟਵਾਰੀ ਜ਼ੀਰੇ ਗਿਆ ਹੋਇਆ ਹੈ। ਉਹ ਜ਼ੀਰੇ ਆਏ ਤਾਂ ਪਟਵਾਰੀ ਸਾਹਿਬ ਮਖੂ ਤਸ਼ਰੀਫ ਲੈ ਗਏ ਸਨ। ਚਕਵੀ ਚਕਵੇ ਵਾਲੀ ਖੇਡ, ਸੱਤਵੇਂ ਫੇਰੇ ਪਟਵਾਰੀ ਮਖੂ ਆਪਣੇ ਦਫਤਰ ਵਿਚ ਮਿਲਿਆ।
"ਆਓ ਬਾਬਾ ਜੀ! ਹੁਕਮ।" ਪਟਵਾਰੀ ਨੇ ਬੜੀ ਮਿੱਠੀ ਸੁਰ ਵਿਚ ਕਿਹਾ।
"ਜਨਾਬ, ਹੁਕਮ ਕਾਹਦਾ ਏ। ਅਰਜ਼ ਕਰਨ ਆਏ ਆਂ।" ਧਰਮ ਸਿੰਘ ਨੇ ਅਲਾਟਮੈਂਟ ਵਾਲਾ ਕਾਗ਼ਜ਼ ਪਟਵਾਰੀ ਦੇ ਸਾਮ੍ਹਣੇ ਰੱਖਦਿਆਂ ਕਿਹਾ।
"ਬਸਤੀ ਅਹਿਮਦ ਦੀਨ ? ਉਸ ਹਲਕੇ ਦੇ ਕਾਗਜ਼ ਤਾਂ ਬਾਬਾ ਜੀ ਜ਼ੀਰੇ ਪਏ ਨੇ। ਤੁਸੀਂ ਪਰਸੋਂ ਤਸ਼ਰੀਫ਼ ਲਿਆਇਓ। ਮੈਂ ਨਾਲ ਚੱਲ ਕੇ ਕਬਜ਼ਾ ਦੇ ਆਵਾਂਗਾ। ਹੋਰ ਕੋਈ ਜਲ ਪਾਣੀ ਦੀ ਸੇਵਾ ਦੱਸੋ।" ਪਟਵਾਰੀ ਦੇ ਸ਼ਬਦ ਉਤੋਂ ਜਿੰਨੇ ਮਿੱਠੇ ਸਨ, ਅੰਦਰੋਂ ਓਨੇ ਹੀ ਵਿਅੰਗਮਈ।
ਅਗਲੇਰੇ ਦਿਨ ਧਰਮ ਸਿੰਘ ਹੋਰੀ ਦੋਵੇਂ ਪਿਉ-ਪੁੱਤਰ ਫੇਰ ਜਾ ਹਾਜ਼ਰ ਹੋਏ।
"ਮਾਫ਼ ਕਰਨਾ, ਬਾਬਾ ਜੀ। ਅੱਜ ਤਾਂ ਆਹ ਜ਼ਰੂਰੀ ਰੀਪੋਰਟ ਤਿਆਰ ਕਰਨੀ ਹੈ। ਤਸੀਲਦਾਰ ਸਾਹਿਬ ਵੱਲੋਂ ਬੜੀ ਸਖ਼ਤ ਤਾਕੀਦ ਹੈ। ਅਸਲ ਵਿਚ ਕੰਮ ਹੈ ਤਿੰਨਾਂ ਬੰਦਿਆਂ ਦਾ ਤੇ ਸਿਰ 'ਤੇ ਪਿਆ ਹੋਇਆ ਹੈ ਮੇਰੇ ਇਕੱਲੇ ਦੇ। ਕੱਲ੍ਹ ਦਾ ਅਹਿਨਾਂ ਭਾਈ ਸਾਹਿਬ ਹੋਰਾਂ ਦੀ ਮਿੰਨਤ ਸਮਾਜਤ ਕਰਕੇ ਨਾਲ ਲਾਇਆ ਹੈ। ਇਹਨਾਂ ਦਾ ਮਿਹਨਤਾਨਾ ਪੱਲਿਓਂ ਦੇਣਾ ਪੈਂਦਾ ਏ। ਕੀ ਕਰੀਏ। ਅਫ਼ਸਰਾਂ ਤੋਂ ਜਾਨ ਵੀ ਛੁਡਾਉਣੀ ਹੋਈ। ਤੁਸਾਂ ਪਰਸੋਂ ਆਉਣ ਦੀ ਖੇਚਲ ਕਰਨੀ।" ਪਟਵਾਰੀ ਨੇ ਹੰਢੇ ਹੋਏ ਐਕਟਰ ਵਾਂਗ ਮਾਸੂਮ ਜੇਹੀ ਸੂਰਤ ਬਣਾ ਕੇ ਕਿਹਾ।
"ਸਾਨੂੰ ਤਾਂ ਇਹ ਅੱਠਵਾਂ ਫੇਰਾ ਏ। ਮਿਹਰਬਾਨੀ ਕਰ ਦੇਂਦਿਓ ਤਾਂ।" ਧਰਮ ਸਿੰਘ ਨੇ ਉਦਾਸ ਸੁਰ ਵਿਚ ਕਿਹਾ।
"ਬਾਬਾ ਜੀ! ਮੈਂ ਤਾਂ ਆਪਣੀ ਮਜਬੂਰੀ ਬਾਰੇ ਅਰਜ਼ ਕਰ ਚੁੱਕਾ ਹਾਂ। ਤੁਸਾਂ ਪਰਸੋਂ ਹੀ ਖੇਚਲ ਕਰਨੀ।" ਕੁਛ ਬੇਰੁਖ਼ੀ ਨਾਲ ਉਤਰ ਦੇ ਕੇ ਪਟਵਾਰੀ ਆਪਣੇ ਕੰਮ ਵਿਚ ਲੀਨ ਹੋ ਗਿਆ।
"ਵੇਖੋ ਸਰਦਾਰ ਸਾਹਿਬ।" ਪਟਵਾਰੀ ਦੇ ਬੁੱਢੇ ਸਾਥੀ ਨੇ ਅੱਖਾਂ ਤੋਂ ਐਨਕ ਲਾਹ ਕੇ ਕਿਹਾ, "ਮੈਂ ਤਾਂ ਰਟਾਇਰ ਆਦਮੀ ਹਾਂ। ਇਹ ਮਜ਼ਦੂਰੀ ਦੇਣਗੇ, ਇਹਨਾਂ ਨਾਲ ਚਾਰ ਦਿਨ ਕੰਮ ਕਰ ਦਿਆਂਗਾ, ਨਹੀਂ ਤਾਂ ਹੋਰ ਕਿਸੇ ਨਾਲ ਜਾ ਲੱਗਾਂਗਾ। ਆਖ਼ਰ ਰੋਟੀ ਤਾਂ ਕਮਾਉਣੀ ਹੀ ਹੈ। ਤੁਸੀਂ ਆਪਣਾ ਘਰ ਸੋਚੋ। ਪਰਸੋਂ ਆਉਗੇ, ਨਾਲ ਦੇ ਆਦਮੀ ਦਿਹਾੜੀ ਮਾਰੋਗੇ, ਨਾਲੇ ਚਾਰ ਪੰਜ ਖ਼ਰਚ ਕਰੋਗੇ। ਇਹਨਾਂ ਦੀ ਹੀ ਮਿੰਨਤ ਸਮਾਜਤ ਕਰੋ।"
ਗੱਲ ਸਾਫ਼ ਹੋ ਗਈ ਸੀ। ਧਰਮ ਸਿੰਘ ਨੇ ਵੀ ਸਾਫ਼ ਬੋਲੀ ਵਿਚ ਹੀ ਉਤਰ ਦੇਣਾ ਠੀਕ ਸਮਝਿਆ। “ਭਾਈ ਸਾਹਿਬ। ਵੱਢੀ ਦੇਣ ਜੋਗੇ ਹੁੰਦੇ, ਤਾਂ ਜ਼ੀਰਿਓਂ ਕਿਉਂ ਨਿਕਲਦੇ। ਸਾਡੇ ਲੀਡਰ ਆਹੰਦੇ ਨੇ, ਇਹ ਰਾਮ ਰਾਜ ਏ, ਨਾ ਕੋਈ ਵੱਢੀ ਦੋਵੇ, ਨਾ ਲਵੇ। ਵਾਹ ਉ ਸਾਡੇ ਰਾਮ ਰਾਜ।"
"ਫਿਰ ਸਰਦਾਰ ਸਾਹਿਬ। ਮੈਂ ਸਰਕਾਰ ਦਾ ਨੋਕਰ ਹਾਂ, ਜਨਾਬ ਦਾ ਨਹੀਂ। ਆਪ ਜਾ ਕੇ ਤਸੀਲਦਾਰ ਕੋਲ ਮੇਰੀ ਸ਼ਕਾਇਤ ਕਰ ਦਿਹੋ।" ਇੱਕ ਮਿੰਟ ਵਿਚ ਪਟਵਾਰੀ ਦਾ ਅਸਲੀ ਰੂਪ ਸਾਮ੍ਹਣੇ ਆ ਗਿਆ।
"ਤਸੀਲਦਾਰ ਕੋਲ ਵੀ ਹੋ ਆਇਆਂ। ਜਲੰਧਰ ਵੀ ਹੋ ਆਇਆ। ਭਲੇ ਲੋਕ। ਏਥੇ ਵੀ ਏਹਾ ਵੇਖਣ ਆਇਆ ਕਿ ਕਸਾਈ ਦੀ ਛੁਰੀ ਕਿੰਨੀ ਕੁ ਤੇਜ਼ ਏ। ਅਸੀਂ ਕੁਰਬਾਨੀ ਦੇ ਬੱਕਰੇ ਜੁ ਹੋਏ। ਠੀਕ ਆਖਿਆ ਏ ਗੁਰੂ ਮਹਾਰਾਜ ਨੇ : ਰਾਜੇ ਸੀਹ ਮੁਕਦਮ ਕੁਤੇ। ਜਾਇ ਜਗਾਇਨਿ ਬੈਠੇ ਸੁਤੇ।" ਧਰਮ ਸਿੰਘ ਦੁਖੀ ਦਿਲ ਨਾਲ ਉਠ ਬੈਠਾ। "ਚੱਲ ਪੁੱਤ ਪਿਆਰਾ ਸਿਹਾ। ਕਸਾਈ ਦੇ ਦਿਲ ਵਿਚ ਰਹਿਮ ਨਹੀਂ ਹੁੰਦਾ।ਆਹ ਲੋ, ਪੰਡਤ ਨਹਿਰੂ ਨੂੰ ਭੇਜ ਦਿਹੇ।" ਅਲਾਟਮੈਂਟ ਵਾਲਾ ਪਰਚਾ ਪਟਵਾਰੀ ਅੱਗੇ ਸੁੱਟ ਕੇ ਧਰਮ ਸਿੰਘ ਬਾਹਰ ਨਿਕਲ ਗਿਆ।
ਧਰਮ ਸਿੰਘ ਜਨਮ ਤੋਂ ਹੀ ਸ਼ਾਂਤ ਸੁਭਾਅ ਦਾ ਮਾਲਕ ਸੀ। ਅੱਜ ਦੁਖੀ ਹੋ ਕੇ ਉਹਦੇ ਮੂੰਹੋਂ ਇਹ ਖਰ੍ਹਵੇ ਸ਼ਬਦ ਨਿਕਲੇ ਸਨ। ਸੱਚੇ ਦਿਲੋਂ ਨਿਕਲੀ ਹੋਈ ਆਵਾਜ਼ ਨੇ ਦੋਹਾਂ ਪਟਵਾਰੀਆਂ ਨੂੰ ਹਲੂਣ ਦਿੱਤਾ। ਉਹਨਾਂ ਦੇ ਕੰਮ ਕਰਦੇ ਹੱਥ ਪਲ ਦਾ ਪਲ ਰੁਕ ਗਏ। ਪਿਆਰਾ ਸਿੰਘ ਉਠ ਕੇ ਤੁਰਨ ਲੱਗਾ ਤਾਂ ਵਡੇਰੀ ਉਮਰ ਦੇ ਸਹਾਇਕ ਪਟਵਾਰੀ ਨੇ ਓਹਨੂੰ ਬਾਹੋਂ ਫੜ ਕੇ ਰੋਕ ਲਿਆ। "ਗੱਭਰੂਆ। ਜਾਹ, ਸਰਦਾਰ ਨੂੰ ਮੋੜ ਲਿਆ। ਮੈਂ ਰਾਤ ਬਹਿ ਕੇ ਰੀਪੋਰਟ ਤਿਆਰ ਕਰ ਲਵਾਂਗਾ। ਪਟਵਾਰੀ ਸਾਹਿਬ
ਤੁਹਾਡੇ ਨਾਲ ਜਾਂਦੇ ਹਨ।"
ਪਿਆਰਾ ਸਿੰਘ ਜਾ ਕੇ ਧਰਮ ਸਿੰਘ ਨੂੰ ਮੋੜ ਲਿਆਇਆ।
"ਬਾਬਾ ਜੀ! ਮੈਂ ਤੁਹਾਡਾ ਦਿਲ ਦੁਖਾਉਣ ਵਾਸਤੇ ਇਨਕਾਰ ਨਹੀਂ ਸੀ ਕੀਤਾ, ਆਪਣੀ ਮਜਬੂਰੀ ਵਜੋਂ ਅਰਜ਼ ਕੀਤੀ ਸੀ। ਪਰ ਚਲੋ, ਪਹਿਲਾਂ ਮੈਂ ਤੁਹਾਡਾ ਕੰਮ ਕਰ ਆਉਂਦਾਂ, ਸਿਰਫ ਦਸ ਮਿੰਟ ਬੈਠੇ।" ਪਟਵਾਰੀ ਨੇ ਨਰਮ ਪੈ ਕੇ ਕਿਹਾ। ਧਰਮ ਸਿੰਘ ਦੇ ਸ਼ਬਦ ਆਪਣਾ ਅਸਰ ਕਰ ਗਏ ਹਨ।
"ਪਟਵਾਰੀ ਸਾਹਬ। ਮੈਂ ਵੀ ਤੰਗ ਆ ਕੇ ਏਨੀ ਗੱਲ ਕਹਿ ਬੈਠਾਂ। ਉਸ ਦੀ ਮੈਂ ਤੁਹਾਥੋਂ ਮਾਫੀ ਮੰਗਦਾਂ। ਕੇਈ ਵਾਰੀ ਸੋਚੀਦਾ ਏ, ਚੰਗਾ ਸੀ ਏਸ ਜਿਊਣ ਨਾਲੋਂ ਓਥੇ ਆਪਣੇ ਘਰਾਂ ਵਿਚ ਈ ਪਾਕਿਸਤਾਨੀਆਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੇ। ਠੀਕ ਏ, ਦੇਸ਼ ਆਜ਼ਾਦ ਹੋ ਗਿਆ, ਪਰ ਏਥੇ ਮਾੜੇ ਤੇ ਭਲੇ-ਮਾਣਸ ਵਾਸਤੇ ਇਨਸਾਫ਼ ਵੀ ਨਹੀਂ ਰਿਹਾ। ਪਹਿਲੋਂ ਕੁਛ ਰੱਬ ਦਾ ਭਉ ਹੁੰਦਾ ਸੀ ਹਾਕਮਾਂ ਨੂੰ, ਹੁਣ ਉਹ ਵੀ ਨਹੀਂ ਰਹਿ ਗਿਆ। ਵਾਹਵਾ। ਹੁਕਮ ਰਜਾਈ ਚਲਣਾ...।"
"ਅਹਿ ਲਓ। ਹੱਥਲਾ ਕੰਮ ਵੀ ਵਿਚੋ ਈ ਛੱਡ ਦੇਂਦੇ ਹਾਂ, ਅਸੀਂ ਗੁਨਾਹਗਾਰ ਬੰਦੇ ਆਂ। ਕੋਈ ਹੋਰ ਬਾਣ ਨਾ ਛੱਡ ਦਿਉ।"
"ਵਾਹਿਗੁਰੂ ਆਖੋ। ਰੱਬ ਤੁਹਾਡਾ ਭਲਾ ਕਰੇ। ਮੈਂ ਤਾਂ ਪਹਿਲੀ ਭੁੱਲ 'ਤੇ ਈ ਪਛਤੌਂਦਾ ਪਿਆਂ।"
ਸੁਲ੍ਹਾ ਸਫ਼ਾਈ ਹੋ ਗਈ। ਪਟਵਾਰੀ ਧਰਮ ਸਿੰਘ ਦੇ ਅੱਗੇ ਲੱਗ ਕੇ ਤੁਰ ਪਿਆ। ਡੇਢ ਘੰਟੇ ਵਿਚ ਉਹ ਇੱਕ ਨਿੱਕੇ ਜਿਹੇ ਥੇਹ 'ਤੇ ਜਾ ਖਲੇ। ਥੇਹ ਕਹਿਣਾ ਉਸ ਥਾਂ ਨੂੰ ਫੱਬਦਾ ਨਹੀਂ, ਪਰ ਹੋਰ ਕੋਈ ਸ਼ਬਦ ਵੀ ਨਹੀਂ ਲੱਭਦਾ। ਤਿੰਨਾਂ ਚੌਂਹ ਛਪਰਿਆਂ ਦੀਆਂ ਕੰਧਾਂ ਦੇ ਗੋਡੇ ਗੋਡੇ ਜਿੰਨੇ ਉੱਚੇ ਕੁਝ ਨਿਸ਼ਾਨ ਬਾਕੀ ਖਲੇ ਸਨ ਤੇ ਬਸ।
"ਲਉ ਬਾਬਾ ਜੀ! ਆਹ ਜੇ ਬਸਤੀ ਅਹਿਮਦ ਦੀਨ, ਬੇ-ਚਰਾਗ਼। ਇਹ ਤਾਂ ਤੁਹਾਡੇ ਨਾਲ ਕਿਸੇ ਪੁੱਜ ਕੇ ਦੁਸ਼ਮਣੀ ਕੀਤੀ ਏ।" ਪਟਵਾਰੀ ਨੇ ਹਮਦਰਦੀ ਨਾਲ ਕਿਹਾ।
“ਹੱਛਾ ਜੀ, ਦੁਸ਼ਮਣੀ ਕਰਨ ਵਾਲੇ ਦਾ ਵੀ ਰੱਬ ਭਲਾ ਈ ਕਰੇ।"
"ਆਓ ਮੇਰੇ ਨਾਲ।" ਸ਼ਜਰੇ ਉਤੋਂ ਨੰਬਰ ਵੇਖ ਕੇ ਪਟਵਾਰੀ ਅੱਗੇ ਲੱਗ ਕੇ ਤੁਰ ਪਿਆ।
ਬਸਤੀ ਤੋਂ ਦੋ ਕੁ ਸੌ ਕਰਮ ਦੂਰ ਉਹ ਤਿੰਨੇ ਪਿਲਛੀ ਤੇ ਕਾਹੀ ਲਤਾੜਦੇ ਇਕ ਨਾਲੇ ਉਤੇ ਜਾ ਖਲੇ। ਨਾਲੇ ਦੀ ਚੁੜਾਈ ਅੱਠ-ਦਸ ਕਰਮਾਂ ਸੀ। ਉਹਦੇ ਦੋਹੀਂ
ਪਾਸੀਂ ਪਿਲਛੀ ਤੇ ਕਾਹੀ ਦਾ ਝੱਲ ਸੀ।
"ਆਹ ਵਿਹੰਦੇ ਓ ਨਾ। ਹੁਣ ਤਾਂ ਇਹਦੇ ਵਿਚ ਗਿੱਟੇ-ਗੋਡੇ ਪਾਣੀ ਏ ਤੇ ਹੋਰ ਮਹੀਨੇ ਨੂੰ ਇਹ ਦੋਹੀਂ ਪਾਸੀਂ ਮੀਲ-ਮੀਲ ਮਾਰ ਕਰੇਗੀ। ਇਹ ਫਾਟ ਤੁਹਾਡੇ ਨੰਬਰਾਂ ਦੇ ਵਿਚਦੀ ਜਾਂਦੀ ਏ ਤੇ ਔਧਰ ਵੇਖੋ।" ਪਟਵਾਰੀ ਨੇ ਸ਼ਜਰੇ ਉਤੇ ਇੱਕ ਲੰਮਾ- ਸਲੰਮਾ ਪਹੇ ਵਰਗਾ ਨੰਬਰ ਵਿਖਾਉਂਦਿਆਂ ਕਿਹਾ "ਆਹ ਤੁਹਾਡੇ ਨਾਂ ਅਲਾਟ ਜੇ। ਬਾਕੀ ਇਹਦੇ ਪਰਲੇ ਪਾਸੇ। ਤੁਹਾਡੇ ਨਾਲ ਤਾਂ ਬਹੁਤ ਜ਼ੁਲਮ ਹੋਇਆ ਏ। ਮੈਂ ਹੈਰਾਨ ਹਾਂ ਕਿ ਇਹ ਕਿਸੇ ਨੇ ਅਲਾਟ ਕਿਵੇਂ ਕਰ ਦਿੱਤਾ। ਹੁਣ ਹੁਕਮ ਕਰੋ ਮੈਂ ਕੀ ਲਿਖ ਦਿਆਂ।"
"ਕੁਛ ਵੀ ਲਿਖਣ ਦੀ ਲੋੜ ਨਹੀਂ। ਐਵੇਂ ਤੁਹਾਨੂੰ ਖੇਚਲ ਦਿੱਤੀ। ਏਸ ਗੱਲ ਦੀ ਮਾਫ਼ੀ ਮੰਗਦੇ ਆਂ।" ਪੈਲੀ ਵੇਖ ਕੇ ਧਰਮ ਸਿੰਘ ਦਾ ਦਿਲ ਟੁੱਟ ਗਿਆ ਸੀ।
"ਨਹੀਂ। ਤੁਸੀਂ ਮੇਰੇ ਨਾਲ ਦਫ਼ਤਰ ਤੱਕ ਚੱਲੋ। ਮੈਂ ਰੀਪੋਰਟ ਲਿਖ ਦੇਂਦਾ ਹਾਂ। ਉਹ ਨਾਲ ਲੈ ਕੇ ਤੁਸੀਂ ਵਜ਼ੀਰ ਮਾਲ ਕੋਲ ਦਰਖ਼ਾਸਤ ਕਰ ਦਿਹੋ।" ਪਟਵਾਰੀ ਨੇ ਹਮਦਰਦੀ ਨਾਲ ਸਲਾਹ ਦਿੱਤੀ।
ਦਫ਼ਤਰੋਂ ਵਿਹਲੇ ਹੋ ਕੇ ਦੋਵੇਂ ਪਿਉ-ਪੁੱਤਰ ਜ਼ੀਰੇ ਨੂੰ ਤੁਰ ਪਏ। ਓਸ ਵੇਲੇ ਤਾਂਗਾ ਬੱਸ ਵੀ ਕੋਈ ਨਾ ਮਿਲਿਆ। ਨੇਂ ਮੀਲ ਸਫਰ ਉਹਨਾਂ ਲੱਤਾਂ ਧੂਹ-ਧੂਹ ਕੇ ਮੁਕਾਇਆ। ਦੋਵੇਂ ਅਥਾਹ ਗ਼ਮ ਵਿਚ ਡੁੱਬੇ ਚੁੱਪਚਾਪ ਟੁਰੇ ਆਏ। ਘਰ ਦੇ ਨੇੜੇ ਪਹੁੰਚ ਕੇ ਪਿਆਰਾ ਸਿੰਘ ਨੇ ਮਨ ਨਾਲ ਪੱਕਾ ਫੈਸਲਾ ਕਰਕੇ ਕਿਹਾ, "ਬਾਪੂ। ਬਸ, ਹੁਣ ਹੋਰ ਕੋਈ ਚਾਰਾ ਨਹੀਂ ਰਿਹਾ। ਜੱਟਾਂ ਦਾ ਮੁੰਡਾ ਜਾਂ ਹਲ ਵਾਹ ਸਕਦਾ ਏ ਜਾਂ ਬੰਦੂਕ ਚੁੱਕ ਸਕਦਾ ਏ। ਸਿਰ 'ਤੇ ਟੋਕਰਾ ਚੱਕੀ ਬੂਹੇ-ਬੂਹੇ ਹੋਕਾ ਦੇ ਕੇ ਸਬਜ਼ੀ ਵੇਚ ਲੈਣੀ ਉਹਦੇ ਵੱਸ ਦਾ ਰੋਗ ਨਹੀਂ। ਦੋਵੇਂ ਬਲਦ ਵੇਚ ਕੇ ਤੁਸੀਂ ਮਹਿੰ ਇੱਕ ਹੋਰ ਲੈ ਲਿਉ। ਤੁਹਾਡਾ ਗੁਜ਼ਾਰਾ ਹੋ ਜਾਏਗਾ ਤੇ ਮੈਂ ਤਾਂ ਹੁਣ....।"
ਧਰਮ ਸਿੰਘ ਨੇ ਅੱਗੋਂ ਹੁੰਗਾਰਾ ਨਹੀਂ ਭਰਿਆ। ਇਉਂ ਸਮਝੋ, ਜਿਵੇਂ ਉਹਨੇ ਪੁੱਤਰ ਦੀ ਗੱਲ ਸੁਣੀ ਹੀ ਨਾ ਹੋਵੇ। ਉਹਦੀ ਸੁਰਤ ਉਸ ਵੇਲੇ ਬਰਕੀ ਆਪਣੇ ਖੇਤਾਂ ਵਿਚ ਘੁੰਮ ਰਹੀ ਸੀ।
ਕੌਣ ਜਾਣੇ;
ਕਿਸ ਮੋੜ ਤੋਂ
ਜ਼ਿੰਦਗੀ
ਕਿਸ ਪਾਸੇ
ਬਦਲ ਜਾਣੀ ਹੈ।
ਦੂਜਾ ਭਾਗ
੧.
"ਸ਼ਾਬਾਸ਼!.. ਹੇਅ... ਸ਼ਾਬਾਸ਼ :" ਉਸਤਾਦ ਬਚਿੱਤਰ ਸਿੰਘ ਨੇ ਮਗਰਲਾ ਸ਼ਬਦ ਜ਼ਰਾ ਲਮਕਾ ਕੇ ਕਿਹਾ। ਨਾਲ ਹੀ ਉਹ ਥੋੜਾ ਜਿਹਾ ਕੁਝ ਕੁ ਏਸ ਤਰ੍ਹਾਂ ਸਿੱਧਾ ਹੋਇਆ, ਜਿਵੇਂ ਉਹ ਆਪ ਛਾਲ ਮਾਰ ਰਿਹਾ ਹੋਵੇ।
ਪਿਆਰਾ ਸਿੰਘ, ਹੱਦ ਵਜੋਂ ਰੱਖੀ ਹੋਈ ਚਪਟੀ ਤੋਂ ਚਾਰ ਇੰਚ ਉੱਚਾ ਟੱਪ ਕੇ ਗੋਡੇ ਹੋਏ ਅਖਾੜੇ ਵਿਚ ਪੈਰਾਂ ਭਾਰ ਆ ਪਿਆ।
ਉਸਦੇ ਪਿੱਛੋਂ ਸੁੱਚਾ ਸਿੰਘ ਦੀ ਵਾਰੀ ਸੀ। ਉਹ ਵੀ ਉਹਨਾਂ ਹੀ ਪੈਂਤੜਿਆਂ 'ਤੇ ਦੌੜ ਕੇ ਆਇਆ। ਉਸਤਾਦ ਬਚਿੱਤਰ ਸਿੰਘ ਨੇ ਉਹਨੂੰ ਵੀ ਓਸੇ ਤਰ੍ਹਾਂ ਨਾਲ ਲਲਕਾਰਿਆ ਤੇ ਹੱਲਾਸ਼ੇਰੀ ਦਿੱਤੀ। ਸੁੱਚਾ ਸਿੰਘ ਨੇ ਨੇਜ਼ੇ ਵਰਗੇ ਸੂਏ ਵਾਲੇ ਵਾਂਸ ਨੂੰ ਧਰਤੀ ਵਿਚ ਗੱਡ ਕੇ, ਉਹਦੇ ਸਹਾਰੇ ਉੱਚੀ ਛਾਲ ਲਗਾਈ। ਆਪਣੇ ਵੱਲੋਂ ਉਹਨੇ ਸਾਰਾ ਤਾਣ ਲਾ ਦਿੱਤਾ, ਪਰ ਹੱਦ ਵਜੋਂ ਰੱਖੀ ਹੋਈ ਚਪਟੀ ਉਹਦੇ ਨਾਲ ਹੀ ਜ਼ਮੀਨ 'ਤੇ ਆ ਪਈ।
"ਜਾਹ ਉਇ, ਥੋਥੜਾ। ਤੂੰ ਖਾ ਪੀ ਕੇ ਈ ਗਾਲ ਦਿੱਤਾ ਏ।. ਉਸਤਾਦ ਬਚਿੱਤਰ ਸਿੰਘ ਨੇ ਸੁੱਚਾ ਸਿੰਘ ਨੂੰ ਮਿੱਠੀ ਜੇਹੀ ਝਾੜ ਪਾਉਂਦਿਆਂ ਕਿਹਾ। ਪਿਆਰਾ ਸਿੰਘ ਤੇਰੇ ਨਾਲੋਂ ਛੇ ਇੰਚ ਉੱਚਾ ਗਿਆ ਹੈ।"
"ਉਸਤਾਦ ਜੀ, ਫੇਰ ਉਹਨੇ ਕਿਹੜੀ ਮੱਲ ਮਾਰ ਲਈ। ਮੇਰੇ ਨਾਲੋਂ ਉਹ ਡੇਢ ਫੁੱਟ ਉੱਚਾ ਜਾਏ, ਤਾਂ ਅਸੀਂ ਬਰਾਬਰ ਹੀ ਸਮਝੋ। ਮੈਂ ਸਾਢੇ ਪੰਜ ਫੁੱਟ ਤੇ ਉਹ ਛੇ ਫੁੱਟ। ਇਹ ਫ਼ਰਕ ਵੀ ਵੇਖੋ ਨਾ।" ਜਿੱਥੇ ਸੁੱਚਾ ਸਿੰਘ ਨੇ ਆਪਣਾ ਕੱਦ ਇੱਕ ਇੰਚ ਘੱਟ ਦੱਸਿਆ, ਓਥੇ ਪਿਆਰਾ ਸਿੰਘ ਦਾ ਦੋ ਇੰਚ ਵੱਧ।
ਫ਼ੀਰੋਜ਼ਪੁਰ ਛਾਉਣੀ ਦੇ ਖੇਡ-ਮੈਦਾਨ ਵਿਚ ਖੇਡਾਂ ਹੋ ਰਹੀਆਂ ਸਨ। ਸੁੱਚਾ ਸਿੰਘ ਤੇ ਪਿਆਰਾ ਸਿੰਘ ਪੋਲ ਜੰਪ (ਵਾਂਸ ਦੇ ਸਹਾਰੇ ਉੱਛੀ ਛਾਲ) ਦੇ ਖਿਡਾਰੀ ਸਨ। ਸੁੱਚਾ ਸਿੰਘ, ਪਿਆਰਾ ਸਿੰਘ ਨਾਲੋਂ ਪਹਿਲਾਂ ਭਰਤੀ ਹੋਇਆ ਸੀ, ਪਰ ਉੱਚੀ
ਛਾਲ ਦਾ ਉਚੇਚਾ ਗੁਣ ਹੋਣ ਕਰਕੇ ਪਿਆਰਾ ਸਿੰਘ ਉਸ ਤੋਂ ਪਹਿਲਾਂ 'ਨਾਇਕ' ਬਣ ਗਿਆ ਸੀ।
ਏਸ ਰਜਮੈਂਟ ਵਿਚ ਪੰਜ ਚਾਰ ਖਿਡਾਰੀ ਚੰਗੇ ਸਨ। ਠਾਕਰ ਰਾਮ ਸਿੰਘ ਦੌੜਨ ਵਿਚ ਤੇ ਦੇਵੀ ਲਾਲ ਜਾਟ ਡਿਸਕ ਸੁੱਟਣ ਵਿਚ ਮੰਨੇ ਹੋਏ ਸਨ। ਅਫ਼ਸਰਾਂ ਦੀ ਨਜ਼ਰ ਵਿਚ ਉਹਨਾਂ ਸਾਰਿਆਂ ਦਾ ਚੰਗਾ ਮਾਣ ਸੀ।
"ਪਿਆਰਾ ਸਿੰਘ। ਕੁਛ ਹੋਰ ਮਿਹਨਤ ਕਰ। ਸਾਨੂੰ ਤੇਰੇ ਉੱਤੇ ਬਹੁਤ ਮਾਣ ਹੈ।" ਸੂਬੇਦਾਰ ਮੇਜਰ ਨੇ ਜਵਾਨ ਦਾ ਹੌਸਲਾ ਵਧਾਉਣ ਦੇ ਇਰਾਦੇ ਨਾਲ ਕਿਹਾ। ਉਹ ਹੁਣੇ ਹੁਣੇ ਉਚੇਚਾ ਖੇਡਾਂ ਵੇਖਣ ਆਇਆ ਸੀ। ਆਪਣੇ ਜਵਾਨਾਂ ਨੂੰ ਉਹ ਬੱਚਿਆਂ ਵਾਂਗ ਪਿਆਰ ਕਰਦਾ ਸੀ।
"ਸਾਹਬ! ਮਿਹਨਤ ਇਹਨੇ ਕੀ ਕਰਨੀ ਏਂ। ਊਠ ਵਾਂਗ ਕੱਦ ਦਾ ਲੰਮਾ ਹੋਣ ਕਰਕੇ ਇਹਦੀਆਂ ਲੱਤਾਂ ਵਾਂਸ ਤੋਂ ਅਗਾਂਹ ਟੱਪ ਜਾਂਦੀਆਂ ਨੇ। ਨਹੀਂ ਤਾਂ ਇਸ਼ਕ ਪੱਟੇ ਵੀ ਕਾਸੇ ਜੋਗੇ ਹੁੰਦੇ ਨੇ?" ਸੁੱਚਾ ਸਿੰਘ ਨੇ ਵਿਅੰਗ ਨਾਲ ਕਿਹਾ। ਉਹ ਪਿਆਰਾ ਸਿੰਘ ਦਾ ਮਿੱਤਰ ਵੀ ਸੀ, ਤੇ ਦਿਲ ਵਿਚ ਮਾੜੀ ਮਾੜੀ ਈਰਖਾ ਵੀ ਰੱਖਦਾ ਸੀ। ਪਹਿਲਾਂ ਸੁੱਚਾ ਸਿੰਘ ਸਾਰਿਆਂ ਵਿਚੋਂ ਉੱਚੀ ਛਾਲ ਮਾਰਨ ਵਾਲਾ ਸੀ, ਪਿਆਰਾ ਸਿੰਘ ਨੇ ਉਹਨੂੰ ਮਾਤ ਪਾ ਦਿੱਤੀ ਸੀ।
"ਕਿਆ ਬਾਤ। ਫ਼ੌਜੀ ਜਵਾਨਾਂ ਨੂੰ ਇਸ਼ਕ ਨਾਲ ਕੀ ਲੱਗੇ ਉਏ।" ਸੂਬੇਦਾਰ ਮੇਜਰ ਨੇ ਬਨਾਉਟੀ ਤਿਉੜੀ ਪਾ ਕੇ ਕਿਹਾ।
"ਸਾਹਬ। ਕਦੇ ਇਹਨੂੰ ਕੱਲੇ ਬੈਠੇ ਨੂੰ ਵੇਖੋ। ਮੱਠੀ ਸੁਰ ਵਿਚ ਜਿਹੜੇ ਇਹ ਵਿਹੜੇ ਕਰਦਾ ਏ ? ਹਾਏ ਸੋਹਬਾਂ ਮਿਰਜ਼ਾ ਮਾਰਿਆ। ਹਾਏ ਮਿਰਜ਼ੇ ਸੈਹਬਾਂ ਕੱਢ ਲਈ।" ਸੁੱਚਾ ਸਿੰਘ ਨੇ ਕੰਨ 'ਤੇ ਹੱਥ ਰੱਖ ਕੇ ਪਿਆਰਾ ਸਿੰਘ ਦੀ ਨਕਲ ਲਾਉਂਦਿਆਂ ਹਸਾਉਣੇ ਢੰਗ ਨਾਲ ਕਿਹਾ।
"ਸਾਹਬ। ਸੁੱਚਾ ਸਿੰਘ, ਪਿਆਰਾ ਸਿੰਘ ਤੋਂ ਏਸ ਗੱਲੋਂ ਸੜਦਾ ਏ ਕਿ ਉਹਨੇ ਇਹਦਾ ਰੁਤਬਾ ਮਾਰ ਦਿੱਤਾ ਏ। ਵੈਸੇ ਪਿਆਰਾ ਸਿੰਘ ਮਿਰਜ਼ਾ ਬੜਾ ਸੁਹਣਾ। ਗਾਉਂਦਾ ਏ।" ਕੋਲੋਂ ਤਾਰਾ ਚੰਦ ਨੇ ਕਿਹਾ। "ਹੁਕਮ ਦਿਹੋ, ਤਾਂ ਇਹਦੇ ਕੋਲੋਂ ਇੱਕ ਦੋ ਸੁਰਾਂ ਸੁਣੀਏਂ।" ਮਿਰਜ਼ਾ ਸੁਣਨ ਲਈ ਉਹਦਾ ਦਿਲ ਲਲਚਾ ਰਿਹਾ ਸੀ।
“ਕਿਉਂ ਭਈ, ਠੀਕ ਏ ?" ਸੂਬੇਦਾਰ ਮੇਜਰ ਨੇ ਪਿਆਰਾ ਸਿੰਘ ਵੱਲ ਤਕਦਿਆਂ ਪੁੱਛਿਆ।
"ਜੀ ਸਾਹਬ।" ਪਿਆਰਾ ਸਿੰਘ ਨੇ ਸਤਕਾਰ ਨਾਲ ਉੱਤਰ ਦਿੱਤਾ।
"ਹੱਛਾ ਸੁਣਾ ਫਿਰ। ਕਰ ਦੇ ਮੁੰਡਿਆਂ ਦਾ ਰੂਹ ਰਾਜ਼ੀ?" ਸੂਬੇਦਾਰ ਮੇਜਰ ਨੇ
ਹੁਕਮੀ ਲਹਿਜੇ ਵਿਚ ਕਿਹਾ।
"ਸਾਹਬ, ਪੂਰੀ ਸੁਰ ਵਿਚ ਜਾਂ ਹੌਲੀ-ਹੌਲੀ।" ਪਿਆਰਾ ਸਿੰਘ ਆਪ ਵੀ ਕੁਛ ਸੁਨਾਣ ਦੇ ਰੌਂ ਵਿਚ ਸੀ।
“ਪੂਰੀ ਠਾਠ ਨਾਲ। ਏਥੇ ਕੁੜੀਆਂ ਬੈਠੀਆਂ ਨੇ, ਜਿਨ੍ਹਾਂ ਤੋਂ ਝਕਣਾ ਈਂ ? ਹਾਂ ਫਿਰ।”
ਪਿਆਰਾ ਸਿੰਘ ਨੇ ਇੱਕ ਦੋ ਵਾਰ ਖੰਘੂਰਾ ਮਾਰ ਕੇ ਗਲਾ ਸਾਫ ਕੀਤਾ। ਏਨੇ ਤਕ ਬਾਕੀ ਖੇਡਣ ਵਾਲੇ ਜਵਾਨਾਂ ਨੇ ਉਹਦੇ ਉਦਾਲੇ ਘੇਰਾ ਆ ਪਾਇਆ। ਖੇਡ ਦੇ ਮੈਦਾਨ ਵਿਚ ਹੀ ਇੱਕ ਨਵਾਂ ਪਿੜ ਬਣ ਗਿਆ। ਪਿਆਰਾ ਸਿੰਘ ਨੇ ਸੂਬੇਦਾਰ ਮੇਜਰ ਵੱਲ ਸਤਕਾਰ ਭਰੀ ਨਜ਼ਰ ਨਾਲ ਤਕਦਿਆਂ ਸੁਰ ਚੁੱਕੀ। ਉਹਦਾ ਖੱਬਾ ਹੱਥ ਕੰਨ ਉਤੇ ਤੇ ਸੱਜੀ ਬਾਂਹ ਆਪਣੇ ਆਪ ਨਿਸਲ ਹੋ ਗਈ:
"ਜਦ ਚੜ੍ਹੀ ਜਵਾਨੀ ਹੀਰ 'ਤੇ
ਉਹਦਾ ਰੂਪ ਗਿਆ ਨਸ਼ਿਆ
ਉਹ ਕੂਕੇ ਅੰਦਰ ਬੇਲਿਆਂ
ਆਖੇ, ਅੱਲ੍ਹਾ ਹਾਣ ਮਿਲਾ
ਉਹਦੀ ਪੰਜਾਂ ਪੀਰਾਂ ਮੰਨ ਲਈ
ਦਿੱਤਾ ਰਾਂਝਣ ਝੋਲੀ ਪਾ
ਪਰ ਕੈਦੋ ਸੇਹ ਦੇ ਤੱਕਲੇ
ਦਿੱਤੀ ਅੱਗ ਸੁਰਗਾਂ ਨੂੰ ਲਾ
ਦੋ ਜਿੰਦਾਂ ਸੜ ਕੇ ਮਰ ਗਈਆਂ
ਕਿਸੇ ਇੱਕ ਨਾ ਮਾਰੀ ਧਾਹ
ਫਿਰ ਸਾਹਿਬਾਂ ਮਿਰਜ਼ੇ ਲਾ ਲਈਆਂ
ਵਿਚ ਜ਼ਾਮਨ ਰੱਖ ਖ਼ੁਦਾ
ਓਥੇ ਵੈਰੀ ਬਣ ਗਏ ਇਸ਼ਕ ਦੇ
ਉਹਦੇ ਆਪਣੇ ਪਿਉ ਭਰਾ
ਜਿੰਨ੍ਹਾ ਚੁੱਕ ਖਿਡਾਇਆ ਗੋਦ ਸੀ
ਉਹ ਰੱਤ ਵਿਚ ਰਹੇ ਈ ਨਾ
ਅੱਜ ਅਸਾਂ ਵੀ ਭੁੱਲ ਕੇ ਲਾ ਲਈਆਂ
ਨਾ ਉਹਨਾਂ ਤੋਂ ਸਬਕ ਲਿਆ
ਏਥੇ ਰੂਪ ਕੈਦੋ ਦਾ ਧਾਰ ਕੇ
ਵਿਚ ਮਜ਼ਬ ਖਲੋਤਾ ਆ
ਉਹਨੇ ਦੋ ਨਿਰਦੋਸ਼ ਵਿਛੋੜ ਕੇ
ਦਿੱਤੇ ਅੱਗ ਦੋਜ਼ਕ ਦੀ ਪਾ
ਕਦ ਆਸ਼ਕ ਤੇ ਮਾਸ਼ੂਕ ਦੇ
ਏਥੇ ਪੂਰੇ ਹੁੰਦੇ ਈ ਚਾੱ
ਓ, ਜੱਟਾ ਪਿਆਰਿਆ-ਆ।"
"ਵਾਹ ਉ, ਜੱਟਾ ਪਿਆਰਿਆ।" ਵਾਹ! ਚੁਫੇਰਿਓਂ ਵਾਜਾਂ ਆਈਆਂ।
"ਸਾਹਬ। ਇਹ ਤਾਂ ਕੋਈ ਗੁਣ ਲੁਕਾਈ ਬੈਠਾ ਏ।" ਉਸਤਾਦ ਬੱਚਿਤਰ ਸਿੰਘ ਨੇ ਸੂਬੇਦਾਰ ਮੇਜਰ ਨੂੰ ਸੰਬੋਧਨ ਕਰ ਕੇ ਕਿਹਾ। "ਪਿਛਲੇਰੇ ਸਾਲ ਖੇਡਾਂ ਵਿਚ ਵੀ ਇਹਨੂੰ ਖਿੱਚ ਧੂਹ ਕੇ ਲਿਆਂਦਾ ਸੀ। ਤੇ ਆਹ ਗੌਣ ਵੱਲੋਂ ਤਾਂ, ਮਖ: ਹੱਦ ਕਰ ਦਿੱਤੀ ਸੂ।"
"ਪਿਆਰਾ ਸਿੰਘ! ਗੁਰਮੁਖੀ ਪੜ੍ਹ ਸਕਦਾ ਏਂ ਵਾਹਵਾ ?" ਸੂਬੇਦਾਰ ਮੇਜਰ ਨੇ ਨਵਾਂ ਸਵਾਲ ਕੀਤਾ।
"ਜੀ ਸਾਹਿਬ ਜੀ।"
"ਤਾਂ ਅੱਜ ਤੋਂ ਤੇਰੀ ਡਿਊਟੀ ਬਾਬਾ ਜੀ (ਗਰੰਥੀ) ਨਾਲ ਹੋਵੇਗੀ।"
"ਠੀਕ ਏ ਸਾਹਬ।" ਪਿਆਰਾ ਸਿੰਘ ਨੇ ਫ਼ੌਜੀ ਢੰਗ ਨਾਲ ਉੱਤਰ ਦਿੱਤਾ।
"ਪਰ ਖੇਡਾਂ ਵੱਲੋਂ ਨਾਗਾ ਨਹੀਂ ਪਵੇਗਾ। ਏਧਰ ਤਰੱਕੀ ਕਰਨੀ ਹੋਵੇਗੀ ਸਮਝਿਆ ?"
"ਠੀਕ ਏ ਸਾਹਬ।" ਪਿਆਰਾ ਸਿੰਘ ਦਾ ਫਿਰ ਵੀ ਓਹਾ ਉੱਤਰ ਸੀ, ਜੋ ਹਰ ਫ਼ੌਜੀ ਦੀ ਜ਼ਬਾਨ ਉੱਤੇ-ਆਪਣੇ ਅਫ਼ਸਰ ਵਾਸਤੇ-ਚੜਿਆ ਹੁੰਦਾ ਹੈ।
"ਸਾਹਬ। ਨਾਲੇ ਹੁਣ ਤਾਂ ਰਹਿ ਵੀ ਖੇਡਾਂ ਈ ਖੇਡਾਂ ਗਈਆਂ ਨੇ, ਜਿਸ ਕੰਪਨੀ ਦੇ ਚਾਰ ਮੁੰਡੇ ਖੇਡਾਂ ਵਿਚ ਚੰਗੇ ਹੋਣ, ਓਸੇ ਦਾ ਨਾਂ ਏਂ। ਅੱਗੇ ਜਵਾਨ ਜੰਗਾਂ ਯੁੱਧਾਂ ਵਿਚ ਬਹਾਦਰੀਆਂ ਜਿੱਤਿਆ ਕਰਦੇ ਸਨ, ਪਰ ਹੁਣ ਤਾਂ ਬੱਸ ਖੇਡਾਂ ਈ ਨੇ। ਘੱਟ ਤੋਂ ਘੱਟ ਸਾਡੇ ਕੋਈ ਨੇਤਾ ਤਾਂ ਏਹਾ ਕਹਿੰਦੇ ਨੇ।" ਉਸਤਾਦ ਬਚਿੱਤਰ ਸਿੰਘ ਦੀ ਗੱਲ ਵਿਚ ਵਿਅੰਗ ਲੁਕਿਆ ਹੋਇਆ ਸੀ, ਪਰ ਉਹ ਪਰਗਟ ਨਹੀਂ ਸੀ ਹੋਣਾ ਦੇਣਾ ਚਾਹੁੰਦਾ।
"ਸਾਡੇ ਲੀਡਰ ਤਾਂ ਬਹੁਤ ਕੁਛ ਕਹਿੰਦੇ ਨੇ ਪਰ ਘਬਰਾਉ ਨਾ। ਕਿਸੇ ਦਿਨ ਉਹਨਾਂ ਨੂੰ ਆਪਣੇ ਵਿਚਾਰ ਬਦਲਨੇ ਪੈਣਗੇ।" ਸੂਬੇਦਾਰ ਮੇਜਰ ਇਕ ਅਰਥ ਭਰਪੂਰ ਗੱਲ ਕਹਿ ਕੇ ਓਥੋਂ ਤੁਰ ਗਿਆ।
ਕੁਛ ਲੀਡਰਾਂ ਦੇ ਭਾਸ਼ਣ ਉਸ ਵੇਲੇ ਹਰ ਸਮਝਦਾਰ ਫ਼ੌਜੀ ਦੇ ਕੰਨਾਂ ਵਿਚ ਗੂੰਜ ਰਹੇ ਸਨ। ਕੁਛ ਚੁਭਵੀਆਂ ਗੱਲਾਂ ਦਾ ਫ਼ੌਜੀਆਂ ਦੇ ਮਨਾਂ 'ਤੇ ਮਾੜਾ ਅਸਰ ਵੀ ਪੈ ਰਿਹਾ ਸੀ। ਇਹ ਰੋਸ ਫ਼ੌਜੀਆਂ ਦਾ ਸੀ ਵੀ ਸੱਚਾ। ਕੋਈ ਲੀਡਰ ਬਣਨ ਦੇ ਉਮੀਦਵਾਰ ਨੁਕਤਾਚੀਨੀ ਕਰਨ ਲੱਗੇ ਹੱਦੋਂ ਟੱਪ ਜਾਂਦੇ ਸਨ। ਉਹ ਏਥੋਂ ਤਕ ਕਹਿਣ ਲੱਗ ਪਏ, "ਅਸੀਂ 'ਪੰਚ ਸ਼ੀਲ' ਦੇ ਹਾਮੀ ਹਾਂ। ਸਾਡਾ ਕਿਸੇ ਮੁਲਕ ਨਾਲ ਵੈਰ ਨਹੀਂ। ਅਸਾਂ ਕਿਸੇ ਨਾਲ ਲੜਨਾ ਨਹੀਂ। ਕੋਈ ਸਾਡੇ ਉੱਤੇ ਹਮਲਾ ਕਰੇਗਾ ਵੀ, ਤਾਂ ਅਸੀਂ ਅੱਗੋਂ ਓਹਾ ਹਥਿਆਰ ਵਰਤਾਂਗੇ ਜੋ ਅੰਗਰੇਜ਼ਾਂ ਦੇ ਵਿਰੁੱਧ ਵਰਤਿਆ ਸੀ: ਸ਼ਾਂਤਮਈ ਸੱਤਿਆਗ੍ਰਹਿ। ਜਿਸ ਹਥਿਆਰ ਨਾਲ ਅਸਾਂ ਆਜ਼ਾਦੀ ਪ੍ਰਾਪਤ ਕਰ ਲਈ, ਉਸ ਨਾਲ ਇਸ ਦੀ ਰੱਖਿਆ ਵੀ ਕੀਤੀ ਜਾ ਸਕਦੀ ਹੈ। ਤੇ ਜਦ ਅਸਾਂ ਲੜਨਾ ਹੀ ਨਹੀਂ, ਤਾਂ ਫ਼ੌਜਾਂ ਰੱਖਣ ਦਾ ਕੀ ਲਾਭ ?.. ਜਿਹੜਾ ਰੁਪਇਆ ਫ਼ੌਜਾਂ 'ਤੇ ਖ਼ਰਚ ਕੀਤਾ ਜਾਂਦਾ ਹੈ, ਉਹ ਨਵੇਂ ਕਾਰਖ਼ਾਨੇ ਲਾਉਣ, ਨਹਿਰਾਂ ਬਣਾਉਣ ਤੇ ਤਰੱਕੀ ਦੇ ਹੋਰ ਕੰਮਾਂ ਵਾਸਤੇ ਵਰਤਣਾ ਚਾਹੀਦਾ ਹੈ, ਤਾਂ ਕਿ ਮੁਲਕ ਛੇਤੀ-ਛੇਤੀ ਉੱਨਤੀ ਕਰਕੇ ਸੁਰਗ ਬਣ ਸੱਕੇ। ਭਲਾ ਮੁਲਕ ਦੀ ਸ਼ਾਨ ਵਜੋਂ ਕੁਛ ਫ਼ੌਜ ਰੱਖਣੀ ਹੀ ਹੈ, ਤਾਂ ਐਵੇਂ ਗਿਣਤੀ ਦੇ ਜਵਾਨ ਰਾਸ਼ਟਰਪਤੀ ਦੀ ਸ਼ੋਭਾ ਵਾਸਤੇ ਰੱਖ ਲਏ ਜਾਣ। ਹੋਰ ਏਨੀ ਫ਼ੌਜ ਦੀ ਕੋਈ ਲੋੜ ਨਹੀਂ। ਤੇ ਜਾਂ ਫਿਰ ਇਹਨਾਂ ਤੋਂ ਕੰਮ ਲਿਆ ਜਾਵੇ। ਕੀ ਇਹ ਤਨਖ਼ਾਹ ਨਹੀਂ ਲੈਂਦੇ ? ਦੇਸ਼ ਉੱਨਤੀ ਕਰ ਰਿਹਾ ਹੈ। ਫ਼ੌਜ ਨੂੰ ਵੀ ਹਿੱਸਾ ਪਾਉਣਾ ਚਾਹੀਦਾ ਹੈ। ਇਹ ਜਵਾਨ ਸੜਕਾਂ ਬਣਾ ਸਕਦੇ ਹਨ, ਮਕਾਨ ਉਸਾਰਨ ਵਿਚ ਸਹਾਇਤਾ ਕਰ ਸਕਦੇ ਹਨ। ਮੈਂ ਕਿਹਾ ਜੀ। ਟੈਂਕ ਚਲਾਉਣ ਦੀ ਥਾਂ ਇਹਨਾਂ ਨੂੰ ਟਰੈਕਟਰ ਚਲਾਉਣੇ ਚਾਹੀਦੇ ਹਨ। ਹੋਰ ਨਹੀਂ ਤਾਂ ਬੰਜਰ ਧਰਤੀ ਆਬਾਦ ਕਰਕੇ ਇਹ ਆਪਣੇ ਖਾਣ ਜੋਗਾ ਅਨਾਜ ਤਾਂ ਪੈਦਾ ਕਰ ਲਿਆ ਕਰਨ ?.. ਮੁਕਦੀ ਗੱਲ ਇਹ ਮੁਲਕ ਦੇ ਖਜ਼ਾਨੇ 'ਤੇ ਵਾਧੂ ਭਾਰ ਹੈ। ਜਿੰਨਾ ਚਿਰ ਅਸੀਂ ਇਸ ਵਾਧੂ ਭਾਰ ਤੋਂ ਛੁਟਕਾਰਾ ਨਹੀਂ ਪਾ ਲੈਂਦੇ, ਦੇਸ਼ ਤਰੱਕੀ ਨਹੀਂ ਕਰ ਸਕਦਾ ।....।"
ਨੁਕਤਾਚੀਨੀ ਕਰਨ ਲੱਗਾ ਇਨਸਾਨ ਕੋਈ ਵਾਰ ਹੱਦੋਂ ਟੱਪ ਜਾਂਦਾ ਹੈ। ਫਿਰ ਜਿਹੜਾ ਮੁਲਕ ਨਵਾਂ-ਨਵਾਂ ਆਜ਼ਾਦ ਹੋਇਆ ਹੋਵੇ ਤੇ ਉਸ ਵਿਚ ਲਿਖਣ ਬੋਲਣ ਦੀ ਪੂਰੀ ਪੂਰੀ ਖੁੱਲ੍ਹ ਹੋਵੇ, ਓਥੋਂ ਦੇ ਲੋਕਾਂ ਦੇ ਕੁਛ ਅਨਹੋਣੇ ਸੁਪਨੇ ਵੇਖਣੇ ਕੋਈ ਅਨੋਖੀ ਗੱਲ ਨਹੀਂ। ਹਰ ਬੋਲਣ ਵਾਲੇ, ਖ਼ਾਸ ਕਰ ਨਵੇਂ ਲੀਡਰ ਬਣਨ ਦੇ ਚਾਹਵਾਨ, ਦਾ ਨਸ਼ਾਨਾ ਇੱਕੋ ਹੁੰਦਾ ਹੈ, ਕਿ ਉਹ ਕੁਛ ਨਵੀਆਂ ਤਜਵੀਜ਼ਾਂ ਪੇਸ਼ ਕਰਕੇ ਆਪਣੇ ਆਪ ਨੂੰ ਲੋਕਾਂ ਦਾ ਸਭ ਤੋਂ ਵਧੇਰੇ ਸ਼ੁਭਚਿੰਤਕ ਸਾਬਤ ਕਰੇ। ਪਰ
ਬਿਨਾਂ ਸੋਚੇ ਸਮਝੇ ਦਿੱਤੇ ਹੋਏ ਭਾਸ਼ਣ ਤੇ ਪੇਸ਼ ਕੀਤੀਆਂ ਤਜਵੀਜ਼ਾਂ, ਅਮਲ ਵਿਚ ਪੂਰੀਆਂ ਨਹੀਂ ਉਤਰਦੀਆਂ, ਸਗੋਂ ਕਈ ਵਾਰੀ ਘਾਟੇ-ਵੰਦੀਆਂ ਸਿੱਧ ਹੁੰਦੀਆਂ ਹਨ।
ਲੀਡਰ-ਲੋਕਾਂ ਦੇ ਇਸ ਰੋਂ ਦਾ ਅਸਰ ਕੁਛ ਮਾੜਾ ਹੀ ਪਿਆ। ਫ਼ੌਜੀ ਕੁਛ ਕੁਛ ਬੇਹੋਸਲੇ ਜੇਹੇ ਹੋ ਗਏ। ਲੋਕਾਂ ਵਿਚ ਉਹਨਾਂ ਦਾ ਸਤਿਕਾਰ ਘਟਣ ਲੱਗ ਪਿਆ। ਸਰਕਾਰ ਨੇ ਵੀ ਫ਼ੌਜ ਵੱਲ ਓਨਾ ਧਿਆਨ ਦੇਣਾ ਛੱਡ ਦਿੱਤਾ, ਜਿੰਨੇ ਦੀ ਉਹ ਹੱਕਦਾਰ ਸੀ। ਸਿਆਣੇ ਤੇ ਦੂਰ ਦੀ ਸੋਚਣ ਵਾਲੇ ਆਗੂ ਤੇ ਫ਼ੌਜੀ ਅਫ਼ਸਰ ਇਸ ਘਾਟ ਨੂੰ ਮਹਿਸੂਸ ਕਰਦੇ ਸਨ, ਪਰ ਉਹਨਾਂ ਦੀ ਵਧੇਰੇ ਪੇਸ਼ ਨਹੀਂ ਸੀ ਜਾਂਦੀ। ਸਮੇਂ ਦੀ ਉਡੀਕ ਕਰਨ ਤੋਂ ਬਿਨਾਂ ਉਹਨਾਂ ਦੇ ਵੱਸ ਕੁਛ ਨਹੀਂ ਸੀ।
२.
ਧਰਮ ਸਿੰਘ ਦਾ ਜੀਵਨ-ਰੱਥ ਕੁਛ ਸਿੱਧੇ ਰਸਤੇ ਪੈ ਤੁਰਿਆ ਸੀ। ਉਹਨੂੰ ਨਵੇਂ ਸਿਰਿਓਂ ਜ਼ਿਲ੍ਹਾ ਕਰਨਾਲ ਵਿਚ ਜ਼ਮੀਨ ਅਲਾਟ ਹੋ ਗਈ, ਪਰ ਫ਼ੀਰੋਜ਼ਪੁਰ ਤੋਂ ਕਰਨਾਲ ਵਿਚ ਬਦਲਣ ਵਾਸਤੇ ਉਹਨੂੰ ਤਿੰਨ ਸਾਲ ਜਲੰਧਰ ਦੇ ਚੱਕਰ ਲਾਉਣੇ ਪਏ। ਆਖ਼ਰ ਸੱਤ ਏਕੜ ਜ਼ਮੀਨ ਦਾ ਏਨਾ ਸਫ਼ਰ ਤੇ ਕਰਨਾ ਕਿਹੜਾ ਆਸਾਨ ਸੀ।
ਜਿੱਥੇ ਇੱਕ ਵਾਰ ਇਨਸਾਨ ਵੱਸ ਜਾਂਦਾ ਹੈ, ਓਥੋਂ ਭਾਜੜ ਚੁੱਕ ਕੇ ਦੂਜੇ ਥਾਂ ਜਾਣਾ ਬੜਾ ਔਖਾ ਹੁੰਦਾ ਹੈ। ਧਰਮ ਸਿੰਘ ਨੂੰ ਜ਼ੀਰਾ ਛੱਡ ਕੇ ਅਰ੍ਹਾਂ ਕਰਨਾਲ ਦੇ ਇੱਕ ਅਣਡਿੱਠੇ ਪਿੰਡ ਵਿਚ ਜਾਣਾ ਮੁਸ਼ਕਲ ਪਰਤੀਤ ਹੋ ਰਿਹਾ ਸੀ। ਉਹਦੀ ਇਹ ਔਕੜ ਛੇਤੀ ਹੀ ਹੱਲ ਹੋ ਗਈ। ਚੂਹਣੀਆਂ ਤਸੀਲ ਦੇ ਤਾਰਾ ਸਿੰਘ ਨੂੰ ਜ਼ਮੀਨ ਜ਼ੀਰੇ ਅਲਾਟ ਹੋ ਗਈ ਸੀ, ਪਰ ਉਹਦੇ ਬਰਾਦਰੀ ਦੇ ਸਾਰੇ ਕਰਨਾਲ ਸਨ। ਸੋ ਧਰਮ ਸਿੰਘ ਤੇ ਤਾਰਾ ਸਿੰਘ ਨੇ ਆਪਸ ਵਿਚ ਜ਼ਮੀਨ ਦਾ ਤਬਾਦਲਾ ਕਰ ਲਿਆ।
ਧਰਮ ਸਿੰਘ ਦੀ ਇਹ ਜ਼ਮੀਨ ਬਸਤੀ ਤੋਂ ਅੱਧਾ ਮੀਲ ਦੂਰ ਸੀ। ਬੇਟ ਦੀ ਧਰਤੀ ਹੋਣ ਕਰਕੇ ਉਸ ਵਿਚ ਝੋਨਾ ਚੰਗਾ ਹੁੰਦਾ ਸੀ। ਇਕ ਸੀਰੀ ਰੱਖ ਕੇ ਧਰਮ ਸਿੰਘ ਆਪ ਵਾਹੀ ਕਰਾਉਣ ਲੱਗ ਪਿਆ। ਤਿੰਨ ਚਾਰ ਲਵੇਰੀਆ ਮਹੀ ਉਹ ਹਰ ਵੇਲੇ ਰੱਖਦਾ। ਉਹਨਾਂ ਦੇ ਦੁੱਧ ਤੋਂ ਵੀ ਗੁਜ਼ਾਰੇ ਜੋਗੀ ਆਮਦਨ ਹੋ ਜਾਂਦੀ।
ਪਿਆਰਾ ਸਿੰਘ ਛੁੱਟੀ ਆਉਂਦਾ ਤਾਂ ਘਰ ਦੀ ਰੌਣਕ ਦੂਣੀ ਹੋ ਜਾਂਦੀ। ਜਸਬੀਰ ਦੀ ਦੁਨੀਆਂ ਵਿਚ ਬਹਾਰ ਆ ਜਾਂਦੀ। ਉਹਨੂੰ ਇਉਂ ਅਨੁਭਵ ਹੁੰਦਾ, ਜਿਵੇਂ ਉਹਦਾ ਵਿਆਹ ਨਵੇਂ ਸਿਰਿਓਂ ਹੋ ਗਿਆ ਹੋਵੇ। ਪਤੀ ਦੇ ਮਿਲਾਪ ਨਾਲ
ਉਹਦੇ ਜੀਵਨ ਵਿਚ ਖੇੜਾ ਆ ਜਾਂਦਾ, ਉਹ ਖ਼ੁਸ਼ੀ ਦੇ ਖੰਭਾਂ 'ਤੇ ਉੱਡਦੀ ਫਿਰਦੀ।
ਪਹਿਲਾਂ ਪਹਿਲਾਂ ਜਸਬੀਰ ਪਤੀ ਦੇ ਵਿਛੋੜੇ ਨੂੰ ਬਹੁਤ ਹੀ ਮਹਿਸੂਸ ਕਰਦੀ ਸੀ। ਉਹ ਸੋਚਦੀ, “ਸ਼ਾਇਦ ਮੈਂ ਉਹਨਾਂ ਦੇ ਦਿਲ ਵਿਚ ਥਾਂ ਨਾ ਪਾ ਸੱਕੀ। ਉਹਨਾਂ ਦਾ ਪਿਆਰ ਜਿੱਤ ਨਹੀਂ ਸੱਕੀ। ਨੂਰਾਂ ਉਹਨਾਂ ਨੂੰ ਭੁੱਲੀ ਨੀਂ। ਓਸੇ ਦੇ ਵਿਛੋੜੇ ਦੇ ਦੁੱਖ ਨੂੰ ਭੁਲਾਉਣ ਵਾਸਤੇ ਉਹ ਫੌਜ ਵਿਚ ਭਰਤੀ ਹੋ ਗਏ ਨੇ। ਉਹਨਾਂ ਇਹ ਨਾ ਸੋਚਿਆ ਕਿ ਇਸ ਵਿਚ ਮੇਰਾ ਕੋਈ ਦੋਸ਼ ਨਹੀਂ। ਮੇਰਾ ਵੱਸ ਚਲਦਾ ਤਾਂ ਮੈਂ ਆਪ ਨੂਰਾਂ ਨੂੰ ਲੈ ਆਉਂਦੀ। ਪਤੀ ਦੀ ਖ਼ੁਸ਼ੀ ਹਾਸਲ ਕਰਨ ਵਾਸਤੇ ਮੈਂ ਸੌਂਕਣ ਦਾ ਸੱਲ ਵੀ ਸਹਿ ਲੈਂਦੀ, ਪਰ ਹੁਣ ਕੀ ਕਰਾਂ। ਮੈਂ ਤਾਂ ਉਹਨਾਂ ਦੇ ਅੰਦਰ ਦਾ ਰੋਗ ਲੱਭ ਲਿਆ ਪਰ ਉਹਨਾਂ ਮੇਰੇ ਮਨ ਦੀ ਪੀੜ ਨੂੰ ਕਦੇ ਵੀ ਸਮਝਣ ਦਾ ਯਤਨ ਨਾ ਕੀਤਾ। ਚਲੋ ਉਹ ਰਾਜ਼ੀ ਰਹਿਣ। ਮੇਰਾ ਧਰਮ ਤਾਂ ਉਹਨਾਂ ਦੀ ਸੇਵਾ ਕਰਨਾ ਏਂ।" ਇਹਨਾਂ ਸੋਚਾਂ ਵਿਚ ਉਹ ਰਾਤ ਦਿਨੇ ਡੁੱਬੀ ਰਹਿੰਦੀ।
ਪਰ ਪਿਆਰਾ ਸਿੰਘ ਦੇ ਮਨ ਵਿਚ ਨਿਰਾ ਏਨਾ ਹੀ ਨਹੀਂ ਸੀ। ਉਹ ਜਸਬੀਰ ਵੱਲੋਂ ਅਸੰਤੁਸ਼ਟ ਨਹੀਂ ਸੀ, ਸਗੋਂ ਉਸ ਤੋਂ ਵਿਛੜਨ ਲੱਗਿਆਂ ਉਹਨੂੰ ਤਕਲੀਫ਼ ਹੁੰਦੀ ਸੀ। ਫੇਰ ਵੀ ਉਹ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਇਸਦੇ ਅਸਲੀ ਕਾਰਨ ਬਾਰੇ ਉਸ ਨੇ ਆਪ ਕਦੇ ਵੀ ਨਹੀਂ ਸੀ ਸੋਚਿਆ। ਨੂਰਾਂ ਉਹਨੂੰ ਭੁੱਲੀ ਨਹੀਂ ਸੀ, ਪਰ ਉਹਦੇ ਮਿਲਣ ਦੀ ਉਸਨੂੰ ਆਸ ਵੀ ਨਹੀਂ ਸੀ ਰਹੀ। ਨੂਰਾਂ ਕਿਸੇ ਦੀ ਹੋ ਗਈ ਸੀ। ਹੁਣ ਉਹ ਉਹਨੂੰ ਕਿਸੇ ਕੀਮਤ 'ਤੇ ਵੀ ਹਾਸਲ ਨਹੀਂ ਸੀ ਕਰ ਸਕਦਾ।
ਵਧੇਰੇ ਸੱਲ ਪਿਆਰਾ ਸਿੰਘ ਦੇ ਅੰਦਰ ਪ੍ਰੀਤੂ ਦੇ ਵਿਛੋੜੇ ਦਾ ਸੀ। ਛੋਟਾ ਭਰਾ ਉਹਨੂੰ ਕਿਸੇ ਵੇਲੇ ਨਹੀਂ ਸੀ ਭੁੱਲਦਾ। ਹਰ ਵੇਲੇ ਪ੍ਰੀਤੂ ਦਾ ਮਾਸੂਮ ਜਿਹਾ ਚਿਹਰਾ ਉਹਦੀਆਂ ਅੱਖਾਂ ਅੱਗੇ ਫਿਰਦਾ ਰਹਿੰਦਾ। ਉਹ ਵਧੇਰੇ ਉਸੇ ਦੀ ਭਾਲ ਵਿੱਚ ਮਿਲਟਰੀ ਨਾਲ ਉਹ ਬਰਕੀ ਗਿਆ ਸੀ। ਮਿਲਟਰੀ ਕਈ ਸਾਲ ਪਾਕਿਸਤਾਨ ਵਿੱਚ ਜਾਂਦੀ ਆਉਂਦੀ ਰਹੀ। ਓਧਰ ਰਹਿ ਗਏ ਇਸਤਰੀ ਪੁਰਸ਼ਾਂ ਨੂੰ ਉਹ ਕੱਢ ਕੇ ਲਿਆਉਂਦੀ ਵੀ ਰਹੀ। ਪਿਆਰਾ ਸਿੰਘ ਦੇ ਦਿਲ ਵਿੱਚ ਆਉਂਦੀ ਜੇ ਉਹ ਵੀ ਫ਼ੌਜ ਵਿੱਚ ਹੁੰਦਾ ਤਾਂ ਉਹਨੂੰ ਵੀ ਪਾਕਿਸਤਾਨ ਵਿੱਚ ਜਾਣ ਦਾ ਕੋਈ ਵਾਰ ਮੌਕਿਆ ਮਿਲਦਾ। ਸ਼ਾਇਦ ਏਸ ਤਰ੍ਹਾਂ ਉਹ ਪ੍ਰੀਤੂ ਨੂੰ ਲੱਭਣ ਵਿੱਚ ਕਦੇ ਸਫਲ ਹੋ ਜਾਂਦਾ। ਕਿਸੇ ਸੁਚੱਜੇ ਮਨੋ ਵਿਗਿਆਨੀ ਵਾਂਗ ਉਹ ਆਪਣੇ ਮਨ ਦੀ ਪੜਚੋਲ ਕਰ ਸਕਦਾ ਤਾਂ ਸ਼ਾਇਦ ਫ਼ੌਜ ਵਿੱਚ ਭਰਤੀ ਹੋਣ ਦਾ ਸਭ ਤੋਂ ਵੱਡਾ ਕਾਰਨ ਏਹਾ ਸਿੱਧ ਹੁੰਦਾ। ਦੂਜਾ ਕਾਰਨ ਸੀ ਪਾਕਿਸਤਾਨ ਨਾਲ ਨਫ਼ਰਤ, ਜਿਸ ਨੇ ਉਹਦਾ ਪ੍ਰੀਤੂ ਖੋਹ ਲਿਆ ਸੀ।
ਸਮਾਂ ਵਿਛੋੜੇ ਦੇ ਫੱਟਾਂ ਉੱਤੇ ਫਹੇ ਦਾ ਕੰਮ ਦੇਂਦਾ ਹੈ। ਸਹਿਜ ਸਹਿਜ ਸਭ ਪੀੜਾਂ ਮੱਠੀਆਂ ਪੈ ਜਾਂਦੀਆਂ ਹਨ। ਦਰਦ ਨਾ ਵੀ ਘਟੇ ਤਾਂ ਇਨਸਾਨ ਉਹਨੂੰ ਸਹਿਣ ਦਾ ਆਦੀ ਹੋ ਜਾਂਦਾ ਹੈ।
ਉਸ ਪਰਿਵਾਰ ਦੇ ਜੀਅ ਵੀ ਆਦੀ ਹੋ ਗਏ ਸਨ। ਧਰਮ ਸਿੰਘ ਦੇ ਸੁਭਾ ਵਿੱਚ ਕੋਈ ਫ਼ਰਕ ਨਹੀਂ ਸੀ ਆਇਆ। ਉਹ ਸ਼ਾਂਤ ਤੇ ਸੰਤੁਸ਼ਟ ਪ੍ਰਕਿਰਤੀ ਦਾ ਆਦਮੀ ਸੀ। ਉਹ ਕਾਰ ਵਿਹਾਰ ਕਰਦਾ ਵੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਫਿਰਦਾ। ਇਲਮਦੀਨ ਦੇ ਵਿਛੋੜੇ ਦਾ ਸੱਲ ਉਹਦੇ ਅੰਦਰ ਵੀ ਸੀ, ਏਸ ਵਾਸਤੇ ਉਹਨੇ ਇਧਰ ਆ ਕੇ ਕਿਸੇ ਨਾਲ ਗੂੜ੍ਹੀ ਮਿੱਤਰਤਾ ਨਹੀਂ ਸੀ ਗੰਢੀ। ਉਹ ਕੇਵਲ ਪਰਿਵਾਰ ਦੇ ਜੀਆਂ ਜਾਂ ਆਪਣੇ ਕੰਮ ਨਾਲ ਹੀ ਵਾਸਤਾ ਰੱਖਦਾ।
ਦਲੀਪ ਕੌਰ ਦੀਆਂ ਆਦਤਾਂ ਵਿੱਚ ਵੀ ਕੋਈ ਫ਼ਰਕ ਨਹੀਂ ਸੀ ਆਇਆ। ਹਰ ਵੇਲੇ ਬੋਲਦੀ ਰਹਿਣ ਦਾ ਸੁਭਾ ਉਹਦਾ ਅਜੇ ਵੀ ਉਵੇਂ ਸੀ। ਸ਼ਾਇਦ ਉਮਰ ਦੇ ਨਾਲ ਇਸ ਆਦਤ ਵਿੱਚ ਕੁਝ ਵਾਧਾ ਹੀ ਹੋਇਆ ਹੋਵੇ। ਉਹਦੀਆਂ ਗੱਲਾਂ ਵਿੱਚ ਚੋਭ ਤੇ ਕੁੜੱਤਣ ਘੱਟ ਹੁੰਦੀ। ਇਸ ਵਾਸਤੇ ਪਰਿਵਾਰ ਦੇ ਜੀਆਂ ਵਾਸਤੇ ਉਹਦਾ ਬੋਲਣਾ ਅਸਹਿ ਨਹੀਂ ਸੀ। ਨੋਂਹ ਉੱਤੇ ਉਹ ਬਹੁਤ ਖ਼ੁਸ਼ ਸੀ। ਪ੍ਰੀਤੂ ਦੀ ਯਾਦ ਆਉਂਦੀ ਤਾਂ ਉਹ ਨਾਲ ਹੀ ਦਿਲ ਨੂੰ ਢਾਰਸ ਦੇਣ ਵਾਸਤੇ ਕਹਿ ਦੇਂਦੀ, "ਚਲੋ ਰੱਬ ਨੇ, ਉਹ ਲਿਆ ਏ, ਤਾਂ ਆਹ ਦੋ ਦੇ ਦਿੱਤੇ ਨੇ।” ਉਹ ਪੋਤਰਿਆਂ ਵੱਲੋਂ ਇਸ਼ਾਰਾ ਕਰਕੇ ਕਹਿੰਦੀ। "ਹੁਣ ਏਹਾ ਮੇਰੇ ਪਿਆਰਾ ਤੇ ਪ੍ਰੀਤੂ ਨੇ। ਗੁਰੂ ਬਾਬਾ ਮੇਰੀਆਂ ਜੋੜੀਆਂ ਸਹੀ ਸਲਾਮਤ ਰੱਖੇ।" ਉਸ ਵੇਲੇ ਉਹਦੇ ਕੋਲ ਦੋ ਪੋਤਰੇ ਤੇ ਇਕ ਪੋਤਰੀ ਸੀ।
ਸਭ ਤੋਂ ਵੱਡਾ ਪ੍ਰੀਤੂ ਸੀ। ਸਕੂਲ ਵਿੱਚ ਉਹ ਅਜੀਤ ਸਿੰਘ ਸੀ, ਪਰ ਘਰਦਿਆਂ ਵਾਸਤੇ ਅਜੇ ਪ੍ਰੀਤੂ ਹੀ ਸੀ। ਉਸ ਤੋਂ ਤਿੰਨ ਸਾਲ ਛੋਟੀ ਲੜਕੀ ਸੀ। ਉਹਦਾ ਨਾਂ ਪ੍ਰੀਤੋ ਸੀ। ਇਹ ਨਾਂ ਉਸਦੇ ਵਿਛੜੇ ਹੋਏ ਚਾਚੇ ਦੀ ਯਾਦ ਵਿੱਚ ਸੀ। ਉਸ ਤੋਂ ਛੋਟਾ ਇਕ ਹੋਰ ਲੜਕਾ ਸੀ। ਕਾਗ਼ਜ਼ਾਂ ਵਿੱਚ ਉਹਦਾ ਨਾਂ ਹਰਮੀਤ ਸਿੰਘ ਕਰਕੇ ਲਿਖਾਇਆ ਸੀ, ਪਰ ਹਾਣੀਆਂ ਤੇ ਮਾਪਿਆਂ ਦਾ ਅਜੇ 'ਮੀਤੂ' ਜਾਂ 'ਮੀਤਾ' ਹੀ ਸੀ। ਤਿੰਨਾਂ ਬੱਚਿਆਂ ਨਾਲ ਉਹ ਘਰ ਭਰਿਆ ਭਰਿਆ ਲੱਗਦਾ ਸੀ।
ਜਸਬੀਰ ਵੀ ਇਸ ਜੀਵਨ ਦੀ ਆਦੀ ਹੋ ਗਈ ਸੀ। ਪਹਿਲਾਂ ਉਹ ਪਤੀ ਦੇ ਵਿਛੋੜੇ ਵਿੱਚ ਬਹੁਤ ਉਦਾਸ ਰਿਹਾ ਕਰਦੀ ਸੀ। ਕਈ ਵਾਰ ਉਹ ਇਕੱਲੀ ਬੈਠੀ ਪੰਜਾਬੀ ਦਾ ਪ੍ਰਸਿੱਧ ਲੋਕ-ਗੀਤ ਹੌਲੀ-ਹੌਲੀ ਦੁਹਰਾਇਆ ਕਰਦੀ, "ਨੌਕਰ ਦੀ ਨਾਰ ਤੇ ਜੁਲਾਹੇ ਦੀ ਜੁੱਤੀ, ਪਈ ਪੁਰਾਣੀ ਹੋ ਜਾਹ। ਵੇ ਸਿਪਾਹੀਆ। ਪਈ ਪੁਰਾਣੀ
ਹੋ ਜਾਹ।" ਇਸ ਦੇ ਨਾਲ ਹੀ ਉਹਦੇ ਅੰਦਰੋਂ ਗੁੱਤ ਜਿੱਡਾ ਲੰਬਾ ਹਉਕਾ ਨਿਕਲ ਜਾਂਦਾ, "ਉਹ ਹੈ। ਆਹ ਨਜ਼ਰਾਂ ਲੱਗਣ ਵਾਲਾ ਜੋਬਨ ਅਣ-ਆਇਆ ਬੀਤਦਾ ਜਾਂਦਾ ਏ। ਕਿਸਮਤ।" ਸਹਿਜ ਸਹਿਜ ਉਹਨੇ ਕਿਸਮਤ 'ਤੇ ਗਿਲਾ ਕਰਨਾ ਛੱਡ ਦਿੱਤਾ। ਉਹ ਆਪਣੇ ਬੱਚਿਆਂ ਵਿੱਚ ਪਰਚ ਗਈ। ਉਹ ਪਤੀ ਨਾਲ ਫ਼ੌਜ ਵਿੱਚ ਜਾ ਕੇ ਕਦੇ ਨਹੀਂ ਸੀ ਰਹੀ। ਪਿਆਰਾ ਸਿੰਘ ਛੁੱਟੀ ਆਉਂਦਾ। ਜਸਬੀਰ ਨੂੰ ਚਾਰ ਦਿਹਾੜੇ ਪਤੀ ਦਾ ਪਿਆਰ ਮਿਲ ਜਾਂਦਾ। ਉਹ ਓਨੇ ਵਿੱਚ ਹੀ ਸੰਤੁਸ਼ਟ ਸੀ। ਜਿੱਥੇ ਚਾਰਾ ਕੋਈ ਨਾ ਚਲੇ, ਇਨਸਾਨ ਓਨੇ ਵਿੱਚ ਹੀ ਸੰਤੁਸ਼ਟ ਹੋ ਜਾਂਦਾ ਹੈ, ਜੋ ਉਸਨੂੰ ਮਿਲ ਜਾਵੇ।
ਉਤੋਂ ਉਤੋਂ ਪਿਆਰਾ ਵੀ ਸੰਤੁਸ਼ਟ ਨਜ਼ਰ ਆਉਂਦਾ ਸੀ। ਨੂਰਾਂ ਦੀ ਥਾਂ ਬਹੁਤ ਹੱਦ ਤਕ ਜਸਬੀਰ ਨੇ ਮੱਲ ਲਈ ਸੀ। ਜਸਬੀਰ ਨੇ ਉਸ ਨੂੰ ਸਹਾਰਾ ਵੀ ਦਿੱਤਾ ਸੀ ਤੇ ਰਜਵਾਂ ਪਿਆਰ ਵੀ। ਜਸਬੀਰ ਨੂੰ ਪਾ ਕੇ ਪਿਆਰਾ ਸਿੰਘ ਖੁਸ਼ ਸੀ ਪਰ ਪ੍ਰੀਤੂ ਦੀ ਥਾਂ ਕੋਈ ਨਹੀਂ ਸੀ ਲੈ ਸਕਿਆ। ਉਸ ਦਾ ਸੱਲ ਪਿਆਰਾ ਸਿੰਘ ਦੇ ਅੰਦਰ ਸਦਾ ਰਿਸਦਾ ਰਹਿਣ ਵਾਲਾ ਨਸੂਰ ਬਣ ਗਿਆ ਸੀ। ਅਜੇ ਵੀ ਉਸ ਨੂੰ ਆਸ ਸੀ ਕਿ ਕਦੇ ਨਾ ਕਦੇ ਪ੍ਰੀਤੂ ਜ਼ਰੂਰ ਮਿਲ ਜਾਵੇਗਾ।
ਪਿਆਰਾ ਸਿੰਘ ਦਾ ਵੱਡਾ ਲੜਕਾ ਮੁਹਾਂਦਰੇ ਵਿਚ ਹੂ-ਬ-ਹੂ ਉਸ ਨਾਲ ਮਿਲਦਾ ਸੀ ਜਾਂ ਇਉਂ ਸਮਝੋ ਉਹ ਪ੍ਰੀਤੂ ਨਾਲ ਮਿਲਦਾ ਸੀ। ਪਿਆਰਾ ਸਿੰਘ ਨੂੰ ਸਦਾ ਏਹਾ ਭਾਸਦਾ ਸੀ। ਉਹ ਕਿੰਨਾ ਚਿਰ ਟਿਕ ਲਾਈ ਜੀਤੂ ਵੱਲ ਵਿਹੰਦਾ ਰਹਿੰਦਾ। ਕੋਈ ਵਾਰ ਤਾਂ ਇਸ ਤੱਕਣੀ ਤੋਂ ਜੀਤੂ ਨੂੰ ਕੁਛ ਖਿਝ ਜੇਹੀ ਵੀ ਮਹਿਸੂਸ ਹੋਣ ਲੱਗ ਪੈਂਦੀ ਸੀ। ਤੇ ਕਦੇ ਕਦੇ ਉਹ ਗਿਆਰਾਂ-ਬਾਰਾਂ ਸਾਲ ਦਾ ਬੱਚਾ ਇਸ ਨੂੰ ਆਪਣੀ ਜਿੱਤ ਸਮਝ ਕੇ ਖ਼ੁਸ਼ ਵੀ ਹੁੰਦਾ। ਉਹ ਮਾਣ ਨਾਲ ਸੋਚਦਾ, ਕਿ ਸਾਰੇ ਭੈਣ ਭਰਾਵਾਂ ਵਿਚੋਂ ਪਿਤਾ ਓਸ ਨੂੰ ਵਧੇਰੇ ਪਿਆਰ ਕਰਦਾ ਹੈ।
ਜੀਤੂ ਉਸ ਵੇਲੇ ਬਾਰਾਂ ਸਾਲ ਦਾ ਹੋ ਗਿਆ ਸੀ। ਉਹ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਤੋਂ ਤਿੰਨ ਸਾਲ ਛੋਟੀ ਪ੍ਰੀਤੋ ਚੌਥੀ ਜਮਾਤ ਵਿੱਚ ਪੜ੍ਹਦੀ ਸੀ। ਸਭ ਤੋਂ ਛੋਟਾ ਹਰਮੀਤ ਪੰਜਾਂ ਵਰ੍ਹਿਆਂ ਦਾ ਹੋ ਗਿਆ ਸੀ। ਜਸਬੀਰ ਹੁਣ ਹੋਰ ਬੱਚੇ ਦੀ ਮਾਂ ਬਣਨ ਦੀ ਚਾਹਵਾਨ ਨਹੀਂ ਸੀ। ਉਹ ਏਨੀ ਔਲਾਦ ਨਾਲ ਸੰਤੁਸ਼ਟ ਸੀ।
ਘਰ ਵਿੱਚ ਸਭ ਤੋਂ ਛੋਟਾ ਅੰਞਾਣਾ ਹੋਣ ਕਰਕੇ ਮੀਤੂ ਕਿਸੇ ਕਿਸੇ ਵੇਲੇ ਜ਼ਿੱਦ ਵੀ ਕਰ ਬਿਹਾ ਕਰਦਾ ਸੀ। ਉਹਦੀ ਜ਼ਿੱਦ ਦਾਦੀ ਨਾਲ ਜਾਂ ਵੱਡੇ ਭਰਾ ਨਾਲ ਹੁੰਦੀ। ਜਸਬੀਰ ਉਹਦੀ ਜ਼ਿੱਦ ਦੀ ਬਹੁਤੀ ਪਰਵਾਹ ਨਹੀਂ ਸੀ ਕਰਦੀ। ਉਹ ਮੀਤੂ ਦੀਆਂ ਮੰਗਾਂ ਸੁਣੀਆਂ-ਅਣਸੁਣੀਆਂ ਕਰਕੇ ਆਪਣੇ ਕੰਮ ਧੰਦੇ ਵਿਚ ਲੱਗੀ ਰਹਿੰਦੀ। ਘਰ
ਦੀ ਸਾਰੀ ਜ਼ੁੰਮੇਵਾਰੀ ਅਮਲੀ ਤੌਰ 'ਤੇ ਓਸੇ ਦੇ ਸਿਰ ਸੀ।
ਪ੍ਰੀਤੋ ਵੀ ਮੀਤੂ ਅੱਗੇ ਬਹੁਤਾ ਨਹੀਂ ਸੀ ਝੁਕਦੀ। ਉਹਦੀ ਆਪਣੀ ਉਮਰ ਅਜੇ ਜ਼ਿੱਦਾਂ ਕਰਨ ਦੀ ਸੀ।
ਵੱਡੇ ਦੋਵੇਂ ਸਕੂਲੇ ਤੁਰ ਜਾਂਦੇ। ਪਿਛੋਂ ਮੀਤੂ ਦਾਦੀ ਦਾ ਗਲ ਦਾ ਹਾਰ ਰਹਿੰਦਾ। ਦਾਦੀ ਪੋਤਰੇ ਦੀ ਬਣਦੀ ਵੀ ਚੰਗੀ ਸੀ। ਨਾ ਦਾਦੀ ਗੱਲਾਂ ਸੁਨਾਉਣੋਂ ਥਕਦੀ, ਨਾ ਪੋਤਰਾ ਹੁੰਗਾਰਾ ਭਰਦਾ ਅੱਕਦਾ। ਜਿਸ ਵੇਲੇ ਜੀਤੂ ਸਕੂਲੋਂ ਆ ਜਾਂਦਾ, ਫਿਰ ਮੀਤੂ ਹੋਰ ਕਿਸੇ ਨੂੰ ਨਾ ਸਿਆਣਦਾ। ਉਹ ਜੀਤੂ ਦੇ ਕੰਧਾੜੇ ਚੜ੍ਹ ਕੇ ਘਰੋਂ ਬਾਹਰ ਨੂੰ ਹਿੱਕ ਤੁਰਦਾ।
ਕਿਸੇ ਕਿਸੇ ਦਿਨ ਮੀਤੂ ਬਾਹਰ ਹੀ ਮੱਛਰ ਪੈਂਦਾ। ਬਲਦਾਂ ਦੇ ਘੁੰਗਰੂ ਲਾਹ ਕੇ ਉਹ ਜੀਤੂ ਦੇ ਗਲ ਵਿਚ ਪਾ ਲੈਂਦਾ, ਤੇ ਉਹਦੇ ਕੰਧਾੜੇ ਚੜ੍ਹ ਕੇ ਵਿਹੜੇ ਵਿਚ ਭਜਾਈ ਫਿਰਦਾ। ਜੀਤੂ ਦੀ ਚਾਲ ਜ਼ਰਾ ਕੁ ਮੱਠੀ ਪੈਂਦੀ, ਤਾਂ ਮੀਤੂ ਦੋਹਾਂ ਪਾਸਿਆਂ ਤੋਂ ਅੱਡੀਆਂ ਮਾਰਦਾ ਚੀਕ ਉੱਠਦਾ, "ਚੱਲ ਘੋੜਿਆ! ਚੱਲ।"
ਕਦੇ-ਕਦੇ ਜੀਤੂ ਭੱਜਾ ਫਿਰਦਾ ਘੋੜੇ ਤੋਂ ਬੋਤਾ ਵੀ ਬਣ ਜਾਂਦਾ। ਉਹ ਫੁਰਕੜਾ ਮਾਰਦਾ, ਤਾਂ ਘੋੜਾ, ਤੇ ਜੇ ਊਠ ਵਾਂਗ ਗੱਲ੍ਹ ਮਾਰਦਾ ਤਾਂ ਬੋਤਾ। ਅਸਵਾਰ ਉਹਦੀ ਵਾਜ ਪਛਾਣ ਕੇ ਕਦੇ 'ਘੋੜਿਆ' ਤੇ ਕਦੇ 'ਬੋਤਿਆ' ਕਹਿ ਕੇ ਵੰਗਾਰਦਾ।
"ਬਸ, ਸਭ ਆਦਤਾਂ ਉਹਨਾਂ ਵਰਗੀਆਂ ਨੇ। ਓਹੋ ਲੱਛਣ।" ਦਲੀਪ ਕੌਰ ਪੋਤਰਿਆਂ ਨੂੰ ਖੇਡਦੇ ਵੇਖ ਕੇ ਆਪਣੇ ਆਪ ਹੀ ਕਹਿ ਜਾਂਦੀ। "ਵੇ, ਮਾਂ ਨੂੰ ਖਾਣਿਓਂ! ਏਸ ਤਰ੍ਹਾਂ ਨਾ ਕਰਿਆ ਕਰੋ। ਮੇਰਾ ਜੀ ਵੱਢੀਦਾ ਜੇ। ਤੁਹਾਡੇ ਪਿਉ ਤੇ ਚਾਚਾ ਏਸੇ ਤਰ੍ਹਾਂ ਕਰਿਆ ਕਰਦੇ ਸਨ। ਮੇਰੀਆਂ ਅੱਖਾਂ ਅੱਗੇ ਉਹ ਅਜੇ ਵੀ ਓਵੇਂ ਭੱਜੇ ਫਿਰਦੇ ਦੀਂਹਦੇ ਨੇ। ਪ੍ਰੀਤੂ ਨੇ ਮਾਂ ਮਰਜੈ, ਖਵਰੇ ਐਸ ਵੇਲੇ ਉਹ ਕਿਥੇ ਹੋਊਗਾ-ਵੱਡੇ ਦਿਆਂ ਕੰਧਾੜਿਆਂ ਤੋਂ ਈ ਨਾ ਉਤਰਨਾ। ਵੇਖਣ ਵਾਲਿਆਂ ਆਖਣਾ, ਭਰਾਵਾਂ ਦਾ ਬੜਾ ਪਿਆਰ ਏ। ਦੋਵੇਂ ਭਰਾ ਇੱਕ ਦੂਜੇ ਨੂੰ ਵੇਖੇ ਬਿਨਾਂ ਨਹੀਂ ਸਨ ਜਿਊਂਦੇ। ਨਿੱਜ ਨੂੰ ਬਣਦਾ ਸੜ ਜਾਣਾ ਪਾਕਿਸਤਾਨ। ਘਰਾਂ ਤੋਂ ਵਸਦੇ ਉਜਾੜ ਦਿੱਤੇ : ਭਰਾਵਾਂ ਤੋਂ ਭਰਾ ਨਿਖੇੜ ਦਿੱਤੇ। ਕੋਈ ਇੱਕ ਹੋਈ ਸੀ ਸਾਡੇ ਨਾਲ ? ਯਾਦ ਔਂਦਾ ਏ, ਤਾਂ ਅਜੇ ਤਕ ਮੂੰਹੋਂ ਬੁਰਕੀ ਡਿੱਗ ਪੈਂਦੀ ਏ। ਨਾ ਕਿਸੇ ਦੀ ਇੱਜ਼ਤ ਪਤ ਰਹੀ, ਨਾ ਪੱਲੇ ਪਾਈ ਪੈਸਾ। ਘਰਾਂ ਵਿਚ ਵਸਦੇ ਰਾਜ ਕਰਦੇ ਸਾਂ। ਇਹਨਾਂ ਐਧਰ ਜੰਮਣ ਵਾਲਿਆਂ ਨੂੰ ਕੀ ਪਤਾ, ਕਿ ਸਾਡਾ ਕੋਈ ਪਿੰਡ ਜਾਂ ਘਰ ਘਾਟ ਵੀ ਹੁੰਦਾ ਸੀ। ਸਿਰ 'ਤੇ ਲਾਹੌਰ ਸ਼ਹਿਰ। ਜ਼ਰਾ ਜਿੰਨੀ ਚੀਜ਼ ਦੀ ਲੋੜ ਪੈਣੀ ਤਾਂ ਨਾਰਕਲੀ ਜਾ
ਵੜਨਾ। ਸ਼ਹਿਰ ਦੀ ਬਾਦਸ਼ਾਹੀ। ਦੁਕਾਨਾਂ ਕਾਹਦੀਆਂ, ਸ਼ਾਹੀ ਮਹਿਲ ਸਨ। ਤੇ ਇਹ ਗਲ ਗਿਆ ਜ਼ੀਰਾ, ਨਾ ਸ਼ਹਿਰ ਨਾ ਸ਼ਹਿਰ ਵਰਗਾ। ਕੋਈ ਮਨ-ਮਰਜ਼ੀ ਦੀ ਚੀਜ਼ ਲੱਭ ਪੈਣੀ ਏਂ ਏਥੋਂ? ਇਹਦੇ ਨਾਲੋਂ ਤਾਂ ਸਾਡਾ ਪਿੰਡ ਵੀ ਚੰਗਾ ਸੀ ਤੇ ਸ਼ਹਿਰ ਤਾਂ ਲਾਹੌਰ ਵਰਗਾ ਸ਼ੈਦ ਸਾਰੇ ਹਿੰਦੁਸਤਾਨ ਵਿਚ ਕੋਈ ਨਹੀਂ ਹੋਣਾ। ਆਂਹਦੇ ਹੁੰਦੇ ਸੀ ਨਾ ਜਿਸ ਲਾਹੌਰ ਨਹੀਂ ਵੇਖਿਆ, ਉਹ ਅਜੇ ਜੰਮਿਆ ਈ ਨਹੀਂ। ਫਿਰ ਓਥੇ ਬਾਬੇ ਅਰਜਣ ਸੈਹਬ ਦਾ ਜੋੜ ਮੇਲਾ ਹੋਣਾ ਬਈ ਪੁੱਛੋ ਈ ਕੁਛ ਨਾ। ਕੋਈ ਮੁਲਖ ਜੁੜਦਾ ਸੀ ਓਥੇ? ਇੱਕ ਤਰ੍ਹਾਂ ਹਰ ਸਾਲ ਕੁੰਭ ਲੱਗ ਜਾਂਦਾ ਸੀ। ਪ੍ਰੀਤੂ ਨੇ ਵੱਡੇ ਦੇ ਮੋਢਿਆਂ 'ਤੇ ਚੜ੍ਹ ਕੇ ਜਾਣਾ। ਪਿਆਰਾ ਨਾਲ ਹੋਵੇ, ਤਾਂ ਪੈਦਲ ਉਹ ਤੁਰਦਾ ਈ ਨਹੀਂ ਸੀ। ਪਿਆਰਾ ਵੀ ਜੀਤੂ ਵਾਂਗ ਨਾ ਅੱਕੇ ਨਾ ਥੱਕੇ। ਇੱਕ ਵਾਰ ਮੇਲੇ 'ਤੇ ਗਏ ਉਹ ਦੋਵੇਂ ਭਰਾ ਬਾਹੀਂ ਉਤੇ ਨਾਂ ਲਿਖਵਾ ਲਿਆਏ। ਮੈਂ ਘਰ ਆਇਆਂ ਨਾਲ ਬਥੇਰਾ ਲੜੀ ਖਪੀ। ਵੇ ਮਾਂ ਨੂੰ ਖਾਣਿਓਂ। ਇਹ ਕੀ ਲੋਹੜਾ ਮਾਰ ਲਿਆਏ ਜੇ। ਨਾਂ ਲਿਖਵਾਏ ਤਾਂ-ਆਂਹਦੇ ਨੇ-ਚੰਗੇ ਨਹੀਂ ਹੁੰਦੇ। ਸਾਡੇ ਵਾਰੇ ਪਾਹਰੇ ਨਾ ਕੋਈ ਨਾਂ ਲਿਖਵਾਏ, ਨਾ ਫੋਟੋ ਲੁਹਾਏ। ਤੇ ਅੱਜ ਕੱਲ ਤਾਂ ਵੇ ਤੁਸੀਂ ਵੀ ਹੁਣ ਬਸ ਕਰ ਜੋ : ਉਤਾਰ ਇਹਨੂੰ ਮੋਢਿਆਂ ਤੋਂ, ਤੇ ਬਹਿ ਕੇ ਸਕੂਲ ਦਾ ਕੰਮ ਕਰ ਲੈ, ਫੇਰ ਰਾਤ ਨੂੰ ਅੱਧੀ ਰਾਤ ਤੱਕ ਲਾਲਟੈਨ ਜਗਾਈ ਰਖਦਾ ਏਂ। ਮੇਰੀ ਤਾਂ ਕੋਈ ਸੁਣਦਾ ਈ ਨਹੀਂ...।" ਸੁਣਦਾ ਕੋਈ ਭਾਵੇਂ ਨਾ ਸੁਣਦਾ, ਦਲੀਪ ਕੌਰ ਆਪਣੇ ਰੋ ਵਿੱਚ ਬੋਲੀ ਜਾਂਦੀ ।
ਪਿਆਰਾ ਸਿੰਘ ਘਰ ਛੁੱਟੀ ਆਇਆ ਹੋਇਆ ਸੀ। ਮੰਜੇ 'ਤੇ ਬੈਠਾ ਉਹ ਖੇਸ ਦੇ ਡੋਰੇ ਵੱਟ ਰਿਹਾ ਸੀ। ਉਹਦੇ ਲਾਗੇ ਚੌਂਕੇ ਵਿਚ ਬੈਠੀ ਜਸਬੀਰ ਸਬਜ਼ੀ ਚੀਰ ਰਹੀ ਸੀ। ਜੀਤੂ ਤੇ ਮੀਤੂ ਦੋਵੇਂ ਹਸਦੇ-ਹਸਦੇ ਵਿਹੜੇ ਵਿਚ ਦਾਖ਼ਲ ਹੋਏ। ਨਿੱਕਾ ਵੱਡੇ ਦੇ ਕੰਧਾੜਿਆਂ 'ਤੇ ਚੜ੍ਹਿਆ ਹੋਇਆ ਸੀ। ਉਹਦੇ ਸੱਜੇ ਹੱਥ ਵਿੱਚ ਗਿੱਠ ਕੁ ਲੰਮਾ ਕਾਨਾ ਫੜਿਆ ਹੋਇਆ ਸੀ। ਪਿਆਰਾ ਸਿੰਘ ਦੇ ਕੋਲ ਆ ਕੇ ਮੀਤੂ ਨੇ ਜੀਤੂ ਦੇ ਸੱਜੇ ਗੋਡੇ 'ਤੇ ਕਾਨਾ ਠਕੋਰਦਿਆਂ ਕਿਹਾ, "ਹੁੱਛ ਹੁੱਛ ਬੋਤਿਆ। ਹੁੱਛ।"
"ਵੇਖਾਂ! ਵਹਿੜਕਾ ਸਾਰਾ। ਪੰਜਾਂ ਵਰ੍ਹਿਆਂ ਦਾ ਹੋ ਗਿਆ ਏ, ਤੇ ਬੋਲਣ ਦੀ ਜਾਚ ਈ ਕੋਈ ਨਹੀਂ। ਉਹ ਬੋਤਾ ਏ, ਤਾਂ ਤੂੰ ਕੋਣ ਏਂ ਗਧਾ ਏਂ।" ਲਾਗੇ ਬੈਠੀ ਛੱਲੀਆਂ ਅਟੋਰਦੀ ਦਲੀਪ ਕੌਰ ਨੇ ਛੋਟੇ ਪੋਤਰੇ ਨੂੰ ਝਿੜਕਦਿਆਂ ਕਿਹਾ।
"ਮਾਂ।" ਪਿਆਰਾ ਸਿੰਘ ਦੇ ਮੂੰਹੋਂ ਜਿਵੇਂ ਉਭੜਵਾਹੇ ਇੱਕ ਚੀਕ ਨਿਕਲ ਗਈ। "ਇਹ ਕਹਿ ਕੇ ਤੂੰ।" ਉਹਨੇ ਵਾਕ ਅਧੂਰਾ ਛੱਡ ਦਿੱਤਾ। ਉਹਦੇ ਜੀ ਨੂੰ ਕੁਛ ਹੋਇਆ ਤੇ ਉਹ ਖੋਸ ਮੋਢੇ 'ਤੇ ਸੁੱਟ ਕੇ ਬਾਹਰ ਨੂੰ ਤੁਰ ਗਿਆ।
ਪਿਆਰਾ ਸਿੰਘ ਵਾਹਵਾ ਹਨੇਰੇ ਹੋਏ ਘਰ ਮੁੜਿਆ। ਉਹਦਾ ਚਿਹਰਾ ਲੱਥਾ ਹੋਇਆ ਸੀ। ਜਸਬੀਰ ਨੇ ਉਦਾਸ ਪਤੀ ਵੱਲ ਵੇਖਿਆ, ਪਰ ਮੂੰਹੋਂ ਕੁਛ ਨਾ ਬੋਲੀ। ਉਹ ਪਤੀ ਦੀ ਉਦਾਸੀ ਬਾਰੇ ਜਾਣਦੀ ਸੀ। ਰੋਟੀ ਖਾ ਕੇ ਪਿਆਰਾ ਸਿੰਘ ਆਪਣੇ ਮੰਜੇ 'ਤੇ ਜਾ ਲੰਮਾ ਪਿਆ। ਛੋਟਾ ਮੀਤੂ ਪਿਆਰਾ ਸਿੰਘ ਦੇ ਢਿੱਡ 'ਤੇ ਜਾ ਚੜ੍ਹਿਆ। ਉਹਨੇ ਜੇਤੂ ਜਰਨੈਲ ਵਾਂਗ ਛਾਤੀ ਫੁਲਾ ਕੇ ਵੱਡੇ ਭਰਾ ਨੂੰ ਸੰਬੋਧਨ ਕਰਕੇ ਕਿਹਾ, "ਵੇਖ ਓਏ ਜੀਤੂ! ਮੈਂ ਤੇਰਾ ਘੋੜਾ ਮੱਲ ਲਿਆ। ਭਾਊ! ਤੂੰ ਮੇਰਾ ਘੋੜਾ ਏਂ ਨਾ।" ਆਖ਼ਰੀ ਵਾਕ ਉਹਨੇ ਪਿਆਰਾ ਸਿੰਘ ਨੂੰ ਕਿਹਾ।
ਪਿਆਰਾ ਸਿੰਘ ਦੇ ਸਾਰੇ ਬੱਚੇ ਉਹਨੂੰ 'ਭਾਉ' ਕਿਹਾ ਕਰਦੇ ਸਨ। ਜੀਤੂ ਨੂੰ ਉਹਨੇ ਆਪ ਭਾਊ ਆਖਣਾ ਸਿਖਾਇਆ ਸੀ। ਸ਼ਾਇਦ ਉਹ ਪੁੱਤਰ ਦੇ ਮੂੰਹੋਂ ਛੋਟੇ ਭਰਾ ਦੀ ਵਾਜ ਸੁਣਨਾ ਚਾਹੁੰਦਾ ਸੀ। ਫੇਰ ਜੀਤੂ ਦੀ ਗੈਸ ਨਾਲ ਪ੍ਰੀਤੋ ਤੇ ਮੀਤੂ ਵੀ ਪਿਉ ਨੂੰ 'ਭਾਊ' ਆਖਣ ਲੱਗ ਪਏ। ਜਸਬੀਰ ਨੂੰ ਸਾਰੇ ਬੱਚੇ 'ਬੀਬੀ ਜੀ' ਕਹਿੰਦੇ ਸਨ।
"ਜਸਬੀਰ! ਅਹਿਨੂੰ ਫੜ ਲੈ। ਜਾ ਮੀਤਿਆ। ਸੋਂ ਜਾਹ ਜਾ ਕੇ ਜੀਤੂ ਨਾਲ। ਮੇਰਾ ਅੱਜ ਦਿਲ ਨਹੀਂ ਠੀਕ।" ਪਿਆਰਾ ਸਿੰਘ ਨੇ ਬਾਹੋਂ ਫੜ ਕੇ ਮੀਤੂ ਨੂੰ ਹੇਠਾਂ ਉਤਾਰ ਦਿੱਤਾ।
ਪਿਆਰਾ ਸਿੰਘ ਦੇ ਅੰਦਰ ਪੁਰਾਣੀਆਂ ਯਾਦਾਂ ਨੇ ਤੂਫ਼ਾਨ ਮਚਾ ਦਿੱਤਾ। ਉਹਦੀ ਸੁਰਤ ਅਠਾਰਾਂ-ਉੱਨੀ ਸਾਲ ਪਿੱਛੇ ਪਰਤ ਗਈ। ਪੰਜਾਂ ਛੇਆਂ ਵਰ੍ਹਿਆਂ ਦਾ ਪ੍ਰੀਤੂ ਉਹਦੀ ਅੱਖ ਅੱਗੇ ਫਿਰ ਰਿਹਾ ਸੀ। ਪਿਆਰਾ ਸਿੰਘ ਘੁੱਟ ਕੇ ਅੱਖਾਂ ਮੀਟ ਲੈਂਦਾ, ਪ੍ਰੀਤੂ ਦੀ ਸ਼ਕਲ ਫੇਰ ਵੀ ਨਿਗ੍ਹਾ ਤੋਂ ਪਾਸੇ ਨਾ ਹੁੰਦੀ। ਪਿਆਰਾ ਸਿੰਘ ਦਾ ਦਿਲ ਉਛਲਦਾ। ਪਰ ਤੇਤੀ ਸਾਲ ਦਾ ਜਵਾਨ ਫ਼ੌਜੀ 'ਨਾਇਕ' ਉੱਚੀ ਰੋ ਨਹੀਂ ਸੀ ਸਕਦਾ।
ਕੰਮ ਧੰਧੇ ਤੋਂ ਵਿਹਲੀ ਹੋ ਕੇ ਜਸੀਬਰ ਆਪਣੇ ਮੰਜੇ 'ਤੇ ਆ ਬੈਠੀ। ਮੀਤੂ ਅੱਜ ਭਰਾ ਨਾਲ ਹੀ ਸੌਂ ਗਿਆ ਸੀ। ਜਸਬੀਰ ਨੇ ਆਪਣਾ ਮੰਜਾ ਖਿੱਚ ਕੇ ਪਤੀ ਦੇ ਹੋਰ ਨੇੜੇ ਕਰ ਲਿਆ। ਹੌਲੀ-ਹੌਲੀ ਉਹ ਪਿਆਰਾ ਸਿੰਘ ਦੀ ਚੌੜੀ ਛਾਤੀ 'ਤੇ ਹੱਥ ਫੇਰਨ ਲੱਗ ਪਈ। ਮਾਨੋ ਉਹ ਪਤੀ ਨੂੰ ਹੌਸਲਾ ਦੇਂਦੀ ਹੋਈ ਬਿਨਾਂ ਬੋਲਿਆਂ ਹੀ ਕਹਿ ਰਹੀ ਸੀ, "ਏਨੇ ਉਦਾਸ ਨਾ ਹੋਵੋ। ਮੈਂ ਤੁਹਾਡੇ ਦੁੱਖ ਬਾਰੇ ਜਾਣਦੀ ਹਾਂ, ਪਰ ਮੇਰੀ ਪੇਸ਼ ਕੋਈ ਨਹੀਂ ਜਾਂਦੀ।"
ਪਿਆਰਾ ਸਿੰਘ ਨੇ ਆਪਣਾ ਸੱਜਾ ਹੱਥ ਜਸਬੀਰ ਦੇ ਹੱਥ 'ਤੇ ਰੱਖ ਕੇ ਛਾਤੀ ਨਾਲ ਘੁੱਟ ਲਿਆ। ਜਸਬੀਰ ਉਠ ਕੇ ਪਤੀ ਦੇ ਮੰਜੇ 'ਤੇ ਹੋ ਬੈਠੀ। ਸਹਿਜ-ਸਹਿਜ
ਉਹਨੇ ਪਤੀ ਦੇ ਸਿਰ 'ਤੇ ਝੁਕ ਕੇ ਬੜੀ ਦਰਦ ਭਰੀ ਸੁਰ ਵਿੱਚ ਕਿਹਾ, “ਕੀ ਤੁਹਾਡਾ ਖ਼ਿਆਲ ਏ, ਮੈਨੂੰ ਪ੍ਰੀਤੂ ਯਾਦ ਨਹੀਂ ਔਂਦਾ ? ਜਦੋਂ ਤੁਸੀਂ ਭਰੀਆਂ ਅੱਖਾਂ ਨਾਲ ਜੀਤੂ ਵੱਲ ਇੱਕ ਟਕ ਵਿਹੰਦੇ ਓ, ਮੇਰੇ ਅੰਦਰ ਵਲ੍ਹੇਟ ਫਿਰਦੇ ਨੇ। ਮੈਂ ਇੱਕ ਸਾਹੇ ਸੌ ਸੌ ਸੁੱਖਣਾ ਸੁੱਖਦੀ ਆਂ: ਹੇ ਰੱਬ ਸੱਚਿਆ। ਸਾਡਾ ਪ੍ਰੀਤੂ ਕਿਤੋਂ ਲੱਭ ਪਵੇ, ਹੁਣ ਵੀ ਲੱਭ ਪਵੇ। ਪਰ ਦੱਸੋ, ਕੋਈ ਪੇਸ਼ ਜਾਂਦੀ ਏ ? ਐਨਾ ਤੜਫਿਆ ਨਾ ਕਰੋ।"
"ਕਮਲੀਏ! ਇਹ ਵੀ ਕਿਸੇ ਦੇ ਵੱਸ ਏ। ਗ਼ਮ ਵੀ ਕਿਸੇ ਤੋਂ ਪੁੱਛ ਕੇ ਲੱਗਦਾ ਏ ? ਨੂਰਾਂ ਦਾ ਗ਼ਮ ਤੂੰ ਭੁਲਾ ਦਿੱਤਾ ਏ, ਪਰ ਪ੍ਰੀਤੂ ਦੀ ਯਾਦ....।" ਪਿਆਰਾ ਸਿੰਘ ਨੇ ਲੰਮਾ ਸਾਰਾ ਸਾਹ ਅੰਦਰ ਖਿੱਚ ਕੇ ਬਾਹਰ ਨੂੰ ਛੱਡਿਆ।
"ਜਿੰਨਾ ਚਿਰ ਪ੍ਰੀਤੂ ਨਹੀਂ ਲੱਭ ਪੈਂਦਾ, ਜੀਤੂ ਨੂੰ ਹੀ ਆਪਣਾ ਪ੍ਰੀਤੂ ਸਮਝ ਲਵੋ। ਮੇਰਾ ਵੱਸ ਚੱਲੇ ਤਾਂ ਮੈਂ ਤੁਹਾਡੇ ਸਾਰੇ ਗ਼ਮ ਆਪਣੀ ਜਾਨ 'ਤੇ ਲੈ ਲਵਾਂ। ਹੁਣ ਤਾਂ ਦਿਲ ਨੂੰ ਢਾਰਸ ਦਿੱਤਿਆਂ ਈ ਸਰੇਗਾ।"
"ਬਥੇਰਾ ਮਨ ਨੂੰ ਸਮਝਾਈਦਾ ਏ, ਪਰ ਗੇਂਦੇ ਹੁੰਦੇ ਨੇ ਨਾ : ਦਿਲ ਅੱਥਰਾ ਨਹੀਂਉਂ ਮੰਨਦਾ ਦੇ ਮੱਤਾਂ ਰਹੀ ਸਮਝਾ।"
ਸੋ ਜੋ ਵਾਹਗੁਰੂ ਆਖ ਕੇ। ਭਲਕੇ ਆਪਾਂ ਮਾਂ ਹੋਰਾਂ ਨੂੰ ਮਿਲਣ ਚੱਲਾਂਗੇ। ਅੱਗੇ ਈ ਅੱਧੀਆਂ ਛੁੱਟੀਆਂ ਬੀਤ ਗਈਆਂ ਨੇ ਅੱਜ ਭਲਕ ਕਰਦਿਆਂ।" ਜਸਬੀਰ ਉਠ ਕੇ ਆਪਣੇ ਮੰਜੇ 'ਤੇ ਪੈ ਗਈ।
ਪਿਆਰਾ ਸਿੰਘ ਲੇਟਿਆ ਤਾਰਿਆਂ ਵੱਲ ਵੇਖੀ ਜਾ ਰਿਹਾ ਸੀ। ਚਮਕੀਲੇ ਤਾਰਿਆਂ ਵਿਚੋਂ ਵੀ ਉਹਨੂੰ ਪ੍ਰੀਤੂ ਦਾ ਚਿਹਰਾ ਹੀ ਨਜ਼ਰ ਆ ਰਿਹਾ ਸੀ। ਕਿਤੇ ਢਲੀ ਰਾਤ ਉਹਦੀ ਮਾੜੀ ਜੇਹੀ ਅੱਖ ਲੱਗੀ। ਡੇਢ ਘੰਟੇ ਪਿੱਛੋਂ ਹੀ ਉਭੜਵਾਹੇ ਉੱਠ ਕੇ ਬਹਿ ਗਿਆ। ਮੰਜਾ ਚੀਕਣ ਦੀ ਆਵਾਜ਼ ਨਾਲ ਜਸਬੀਰ ਦੀ ਵੀ ਅੱਖ ਖੁੱਲ੍ਹ ਗਈ।
"ਕਿਉਂ ਕੀ ਗੱਲ ਏ? ਉੱਠ ਕੇ ਬੈਠੇ ਹੋਏ ਜੇ ?" ਜਸਬੀਰ ਵੀ ਉੱਠ ਕੇ ਬਹਿ ਗਈ।
"ਬੜਾ ਭੈੜਾ ਸੁਫਨਾ ਆਇਆ। ਮੈਂ ਤੇ ਪ੍ਰੀਤੂ ਇੱਕ ਭੀੜ ਵਿੱਚ ਦੀ ਲੰਘ ਰਹੇ ਆਂ। ਸ਼ਾਇਦ 'ਜੋੜ ਦਾ ਮੇਲਾ' ਏ। ਪ੍ਰੀਤੂ ਦੀ ਹਿੱਕ ਵਿਚ ਕਿਸੇ ਨੇ ਬਰਛੀ ਮਾਰ ਦਿੱਤੀ। ਉਹ 'ਹਾਏ, ਭਾਊ, ਹਾਇ ਭਾਉ' ਕਰਦਾ ਮੇਰੀਆਂ ਬਾਹੀਂ ਵਿੱਚ ਈ ਮਰ ਗਿਆ ਏ। ਬਸ, ਡਰ ਨਾਲ ਮੇਰੀ ਅੱਖ ਖੁੱਲ ਗਈ।"
"ਚਿੰਤਾ ਨਾ ਕਰੋ। ਆਹੁੰਦੇ ਨੇ, ਜੀਹਦੇ ਬਾਰੇ ਏਸ ਤਰ੍ਹਾਂ ਦਾ ਸੁਫਨਾ ਆਵੇ, ਉਹਦੇ ਹੱਕ ਵਿੱਚ ਸਗੋਂ ਚੰਗਾ ਹੁੰਦਾ ਏ। ਖਵਰੇ ਕਿਤੇ ਆਪਣਾ ਪ੍ਰੀਤੂ ਮਿਲ ਈ
ਪਵੇ।” ਜਸਬੀਰ ਨੇ ਪਤੀ ਦਾ ਦਿਲ ਧਰਾਉਣ ਵਾਸਤੇ ਕਿਹਾ।
"ਜਸਬੀਰ ਉਹ ਮਿਲੇ ਨਾ ਮਿਲੇ ਸਾਡੀ ਕਿਸਮਤ। ਉਂਞ ਪ੍ਰੀਤੂ ਹੋ ਜਿਉਂਦਾ, ਮੇਰਾ ਦਿਲ ਆਹੰਦਾ ਏ, ਉਹ ਜਿਊਂਦਾ ਏ।"
"ਹੱਛਾ ਲੰਮੇ ਪੈ ਜੋ। ਮੇਰਾ ਤਾਂ ਆਪਣਾ ਜੀ ਵੀ ਘਟਦਾ ਏ ਪਿਆ।"
ਦੋਵੇਂ ਜਣੇ ਲੰਮੇ ਪੈ ਗਏ, ਪਰ ਫੇਰ ਉਹਨਾਂ ਨੂੰ ਨੀਂਦ ਨਾ ਆਈ। ਦਿਨੇ ਜਸਬੀਰ ਨੇ ਪੇਕਿਆਂ ਨੂੰ ਜਾਣ ਵਾਸਤੇ ਕਿਹਾ। ਉਹਦਾ ਖ਼ਿਆਲ ਸੀ, ਦੋ ਦਿਨ ਵਾਂਢੇ ਜਾਣ ਨਾਲ ਪਿਆਰਾ ਸਿੰਘ ਦਾ ਦਿਲ ਪਰਚ ਜਾਵੇਗਾ। ਪਿਆਰਾ ਸਿੰਘ ਨੇ ਇਹ ਕਹਿ ਕੇ ਸਲਾਹ ਅਗਲੇ ਦਿਨ 'ਤੇ ਪਾ ਦਿੱਤੀ ਕਿ ਉਸ ਦਿਨ ਉਹਦਾ ਦਿਲ ਠੀਕ ਨਹੀਂ ਸੀ।
ਦਿਨੇ ਅੱਠ ਵਜੇ ਰੇਡੀਓ 'ਤੇ ਖ਼ਬਰ ਆਈ ਕਿ ਚੀਨ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ ਹੈ। ਲੱਦਾਖ਼ ਤੇ ਨੀਫਾ ਵਿੱਚ ਦੋਹੀਂ ਥਾਈਂ ਚੀਨੀ ਫ਼ੌਜਾਂ ਅੱਗੇ ਵੱਧ ਰਹੀਆਂ ਹਨ। ਬਾਰਾਂ ਵਜੇ ਪਿਆਰਾ ਸਿੰਘ ਨੂੰ ਫ਼ੌਜ ਵੱਲੋਂ ਤਾਰ ਆ ਗਈ। ਲਿਖਿਆ ਸੀ, "ਛੁੱਟੀ ਕੈਂਸਲ ਕੀਤੀ ਜਾ ਰਹੀ ਹੈ। ਫੌਰਨ ਆਪਣੀ ਰਜਮੈਂਟ ਵਿਚ ਪਹੁੰਚੋ।" ਅਗਲੇ ਦਿਨ ਸਵੇਰੇ ਹੀ ਪਿਆਰਾ ਸਿੰਘ ਤੁਰ ਗਿਆ।
੩.
ਚੀਨ ਇੱਕ ਵਿਸਥਾਰਵਾਦੀ, ਲੜਾਈ ਪਸੰਦ ਰਾਜ ਹੈ। ਉਸਦੇ ਹੁਕਮਰਾਨ ਲੜਾਈ ਨੂੰ ਲਾਜ਼ਮੀ ਸਮਝਦੇ ਹਨ। ਉਹ ਆਚਾਰਾਂ ਵਿਚਾਰਾਂ ਦੇ ਪਰਚਾਰ ਵਾਸਤੇ ਸਭ ਤੋਂ ਵੱਡਾ ਸਾਧਨ ਯੁੱਧ ਨੂੰ ਹੀ ਸਮਝਦੇ ਹਨ। ਇਸ ਵਾਸਤੇ ਰਾਜ-ਸੱਤਿਆ ਹੱਥ ਆਉਣ ਤੋਂ ਪਿੱਛੋਂ ਸਭ ਤੋਂ ਵਧੇਰੇ ਧਿਆਨ ਉਹਨਾਂ ਜੰਗੀ ਤਿਆਰੀ ਵੱਲ ਹੀ ਦਿੱਤਾ।
ਜਿਨ੍ਹਾਂ-ਜਿਨ੍ਹਾਂ ਮੁਲਕਾਂ ਦੀਆਂ ਹੱਦਾਂ ਨਾਲ ਲੱਗਦੀਆਂ ਹਨ, ਚੀਨ ਨੇ ਉਹਨਾਂ ਸਾਰਿਆਂ ਉੱਤੇ ਹੀ ਕੁਛ ਨਾ ਕੁਛ ਮਿਹਰ ਦੀ ਨਜ਼ਰ ਕੀਤੀ ਹੈ। ਕੋਰੀਆ ਵਿੱਚ ਖ਼ਾਨਾ-ਜੰਗੀ ਕਰਾ ਕੇ ਉਸ ਦੇ ਦੋ ਟੁਕੜੇ ਕਰਵਾ ਦਿੱਤੇ। ਲਾਊਸ ਤੇ ਵੀਅਤਨਾਮ ਵਿੱਚ ਕੀਰਨ ਬਾਗ਼ੀਆਂ ਦੀ ਗੜਬੜ ਵੀ ਹਾਲੇ ਸਮਾਪਤ ਨਹੀਂ ਹੋਈ, ਭਾਵੇਂ ਉਸਨੂੰ ਕਾਫ਼ੀ ਹੱਦ ਤੱਕ ਦਬਾ ਦਿੱਤਾ ਗਿਆ ਹੈ। ਨੀਤੀਵਾਨਾਂ ਦਾ ਵਿਸ਼ਵਾਸ
ਹੈ ਕਿ ਇਹਨਾਂ ਸਾਰਿਆਂ ਕਾਰਨਾਮਿਆਂ ਵਿੱਚ ਚੀਨ ਸਰਕਾਰ ਦਾ ਹੱਥ ਹੈ ਤੇ ਤਿੱਬਤ ਨੂੰ ਤਾਂ ਚੀਨ ਨੇ ਸਿੱਧਾ ਹੀ ਹੜਪ ਕਰ ਲਿਆ। ਇਹ ਸਭ ਕੁਛ ਅਚਨਚੇਤ ਜਾਂ ਸੰਜੋਗ ਵੱਸ ਨਹੀਂ ਹੋਇਆ, ਸਗੋਂ ਚੀਨੀ ਹਾਕਮਾਂ ਦੀ ਨੀਤੀ ਦਾ ਇਹ ਮੁੱਖ ਸਿਧਾਂਤ ਹੈ।
ਚੀਨੀ ਹਾਕਮਾਂ ਦਾ ਅਸਲੀ ਨਿਸ਼ਾਨਾ ਹੈ ਸਾਰੀ ਦੁਨੀਆ ਦੇ ਰਾਜਸੀ ਲੀਡਰ ਬਣਨਾ। ਉਹਨਾਂ ਦੇ ਮੱਤ ਅਨੁਸਾਰ ਸਭ ਤੋਂ ਵਧੇਰੇ ਆਬਾਦੀ ਵਾਲਾ ਦੇਸ਼-ਚੀਨ- ਹੀ ਸਾਰੀ ਦੁਨੀਆਂ ਦਾ ਆਗੂ ਤੇ ਮਾਲਕ ਬਣਨ ਦਾ ਹੱਕਦਾਰ ਹੈ।
ਪਰ ਇਸ ਮੰਜ਼ਲ 'ਤੇ ਪਹੁੰਚਣ ਵਾਸਤੇ ਪਹਿਲਾਂ ਏਸ਼ੀਆ ਦਾ ਆਗੂ ਬਣਨਾ ਜ਼ਰੂਰੀ ਹੈ। ਚੀਨ ਦੇ ਏਸ ਰਾਹ ਵਿਚ ਦੋ ਰੁਕਾਵਟਾਂ ਹਨ : ਭਾਰਤ ਤੇ ਰੂਸ। ਰੂਸ ਨੂੰ ਤਾਂ ਚੀਨ ਏਸ਼ੀਆਈ ਦੇਸ਼ ਹੀ ਨਹੀਂ ਮੰਨਦਾ। ਉਹ ਸਾਰਾ ਟਿੱਲ ਲਾ ਕੇ ਰੂਸ ਨੂੰ ਯੌਰਪੀ ਦੇਸ ਸਿੱਧ ਕਰਨ ਦੇ ਫ਼ਿਕਰ ਵਿੱਚ ਹੈ। ਇਸ ਵਿੱਚ ਵੀ ਚੀਨ ਦੀ ਬੜੀ ਡੂੰਘੀ ਚਾਲ ਹੈ। ਚੀਨ ਦੀ ਨੀਤੀ ਕਿਸੇ ਸਿਧਾਂਤ 'ਤੇ ਅਟੱਲ ਰਹਿਣ ਦੀ ਨਹੀਂ। ਲੋੜ ਪਈ 'ਤਾਂ ਉਹ ਪਿਛਲੇ ਸਾਰੇ ਸਿਧਾਂਤ ਤੇ ਵਾਹਦਿਆਂ ਤੋਂ ਮੁਕਰ ਜਾਂਦਾ ਹੈ। ਜੇ ਉਹ ਰੂਸ ਨੂੰ-ਖ਼ਾਸ ਕਰ ਰੂਸੀ ਸਰਕਾਰ ਨੂੰ-ਯੂਰਪੀ ਸਿੱਧ ਕਰਨ ਵਿੱਚ ਸਫਲ ਹੋ ਜਾਏ, ਤਾਂ ਫਿਰ ਉਹ ਇੱਕ ਰੂਸ ਦੀ ਥਾਂ ਦੋ ਰੂਸ ਹੋਣ ਦਾ ਪਰਚਾਰ ਕਰੇਗੀ। ਇੱਕ ਯੂਰਪੀ ਰੂਸ ਤੇ ਦੂਸਰਾ ਏਸ਼ੀਆਈ ਰੂਸ। ਸ਼ਾਇਦ ਆਖ਼ਰੀ ਕਦਮ ਚੀਨ ਦਾ ਹੋਵੇਗਾ ਕਿ ਯੂਰਪੀ ਰੂਸ ਦੀ ਗ਼ੁਲਾਮੀ ਤੋਂ ਏਸ਼ੀਆਈ ਰੂਸ ਨੂੰ ਆਜ਼ਾਦ ਕਰਨ ਵਾਸਤੇ ਉਹ ਆਪਣੀ 'ਮੁਕਤੀ ਸੈਨਾ' ਰੂਸ ਵਿੱਚ ਦਾਖ਼ਲ ਕਰ ਦੇਵੇ।
ਪਰ ਇਹਨਾਂ ਸੁਪਨਿਆਂ ਦੇ ਸਫਲ ਹੋਣ ਦੇ ਰਾਹ ਵਿੱਚ ਕਈ ਪੜਾਂ ਹਨ। ਪਹਿਲਾ ਕਿ ਚੀਨ ਭਾਰਤ ਉੱਤੇ ਆਪਣਾ ਸਿੱਕਾ ਜਮਾ ਸਕੇ ਤੇ ਦੂਸਰਾ ਕਿ ਰੂਸ ਤੇ ਅਮਰੀਕਾ ਆਪਸ ਵਿੱਚ ਲੜ ਕੇ ਤਬਾਹ ਹੋ ਜਾਣ। ਰੂਸ ਤੇ ਅਮਰੀਕਾ ਦੀ ਟੱਕਰ ਕਰਾਉਣਾ ਚੀਨ ਦੇ ਹੱਥ ਵੱਸ ਨਹੀਂ। ਸੋ ਉਹਨੇ ਪਹਿਲਾਂ ਆਪਣੀ ਦਯਾ ਦ੍ਰਿਸ਼ਟੀ ਭਾਰਤ ਵੱਲ ਮੋੜੀ।
ਠੀਕ ਕਿਸੇ ਨੀਤੀਵਾਨ ਨੇ ਕਿਹਾ ਹੈ ਕਿ ਕੋਈ ਦੇਸ਼ ਬਹੁਤੀ ਵਾਰ ਗਵਾਂਢੀ ਨਾਲ ਮਿੱਤਰਾਚਾਰੀ ਏਸ ਵਾਸਤੇ ਵਧਾਉਂਦੇ ਹਨ ਕਿ ਉਹਦੇ ਘਰ ਦੇ ਭੇਤੀ ਹੋ ਕੇ ਉਸ ਉੱਤੇ ਹਮਲਾ ਕਰ ਸਕਣ। ਚੀਨ ਨੇ ਪਹਿਲਾਂ ਏਹਾ ਰਸਤਾ ਅਪਨਾਇਆ।
ਭਾਰਤ ਦੀ ਮੁੱਖ ਨੀਤੀ ਹਰ ਇੱਕ ਨਾਲ ਭਰਾਵਾਂ ਵਾਂਗ ਮਿਲ ਕੇ ਰਹਿਣ ਦੀ ਹੈ। ਚੀਨ ਦੇ ਹਾਕਮਾਂ ਨੂੰ ਘਰ ਬੁਲਾ ਕੇ ਭਾਰਤ ਨੇ ਉਹਨਾਂ ਦਾ ਉਹ ਸਵਾਗਤ
ਕੀਤਾ ਕਿ ਦੁਨੀਆ ਵੇਖ ਕੇ ਦੰਗ ਰਹਿ ਗਈ। ਚੀਨੀ ਹਾਕਮਾਂ ਨੇ ਵੀ ਉੱਚੀਆਂ ਬਾਹੀਂ ਕਰਕੇ 'ਹਿੰਦੀ ਚੀਨੀ ਭਾਈ ਭਾਈ' ਦੇ ਨਾਹਰੇ ਲਾਏ ਤੇ ਪੰਡਤ ਨਹਿਰੂ ਦੇ ਸਹਿਹੋਂਦ ਦੇ ਅਸੂਲ 'ਪੰਚ ਸ਼ੀਲ' ਨੂੰ ਪਰਵਾਨ ਕਰਕੇ ਦੋਸਤੀ ਪੱਕੀ ਕੀਤੀ। ਉਸ ਵੇਲੇ ਕੌਣ ਜਾਣਦਾ ਸੀ ਕਿ ਚੀਨੀ ਹਾਕਮਾਂ ਦੇ ਦਿਲਾਂ ਵਿੱਚ ਖੋਟ ਹੈ।
ਚੀਨ ਸਰਕਾਰ ਨੇ ਇੱਕ ਵਾਰ ਭਾਰਤ-ਚੀਨ ਸਰਹੱਦਾਂ ਨੂੰ ਮਾਨਤਾ ਦੇ ਕੇ ਫਿਰ ਸਹਿਜ-ਸਹਿਜ ਉਸ ਤੋਂ ਮੁਕਰਨਾ ਸ਼ੁਰੂ ਕਰ ਦਿੱਤਾ। ਆਖ਼ਰ ਚੀਨ ਨੇ ਭਾਰਤ ਦੇ ਬਹੁਤ ਸਾਰੇ ਇਲਾਕੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਨਾਲ ਹੀ ਚੀਨੀ ਹਾਕਮ ਇਹ ਵੀ ਕਹੀ ਜਾਣ ਕਿ ਸਾਰੇ ਝਗੜੇ ਸੁਲ੍ਹਾ ਸਫਾਈ ਨਾਲ ਨਜਿੱਠੇ ਜਾਣਗੇ ਕਿਉਂਕਿ ਹਿੰਦੀ ਚੀਨੀ ਭਾਈ ਭਾਈ ਹਨ ਤੇ ਅੰਤ ਉਹ ਦਿਨ ਵੀ ਆਇਆ, ਜਦ ਚੀਨ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ।
ਸਵਾਲ ਪੈਦਾ ਹੁੰਦਾ ਹੈ ਕਿ ਚੀਨ ਨੇ ਭਾਰਤ ਉੱਤੇ ਹਮਲਾ ਕਰਨ ਵਾਸਤੇ ਸੰਨ 62 ਦਾ ਸਤੰਬਰ-ਅਕਤੂਬਰ ਹੀ ਕਿਉਂ ਚੁਣਿਆ ?
ਕਿਉਂਕਿ ਚੀਨ ਦੀ ਨੀਤੀ ਅਨੁਸਾਰ ਏਹਾ ਸਮਾਂ ਸਭ ਤੋਂ ਠੀਕ ਸੀ। ਇਸ ਵੇਲੇ ਦੁਨੀਆਂ ਦੀਆਂ ਦੋ ਵੱਡੀਆਂ ਪਰਮਾਣੂ ਤਾਕਤਾਂ ਤਬਾਹੀ ਦੇ ਵਾਸਤੇ ਤਿਆਰ ਖਲੀਆਂ ਸਨ। ਟੱਕਰ ਹੋ ਜਾਂਦੀ ਤਾਂ ਦੁਨੀਆ ਦੀ ਲਗਭਗ ਅੱਧੀ ਵਸੋਂ ਭਸਮ ਹੋ ਜਾਂਦੀ। ਇਹ ਝਗੜਾ ਅਮਰੀਕਾ ਦੇ ਨੇੜੇ ਵੱਸਦੇ ਇੱਕ ਛੋਟੇ ਜੇਹੇ ਆਜ਼ਾਦ ਟਾਪੂ 'ਕਿਊਬਾ' ਦਾ ਸੀ। ਕਮਿਊਨਿਸਟ ਖ਼ਿਆਲਾਂ ਦੇ ਅਸਰ ਥੱਲੇ ਕਿਊਬਾ ਸਰਕਾਰ ਨੇ ਰੂਸ ਤੋਂ ਮਦਦ ਹਾਸਲ ਕਰ ਲਈ। ਅਮਰੀਕਾ ਨੇ ਸੋਚਿਆ, ਇਹ ਉਸਦੀ ਹਿੱਕ ਉੱਤੇ ਰੂਸ ਦਾ ਫ਼ੌਜੀ ਅੱਡਾ ਬਣਾ ਰਿਹਾ ਹੈ। ਅਮਰੀਕਾ ਨੇ ਕਿਊਬਾ ਉੱਤੇ ਹਮਲਾ ਕਰਨ ਦੀ ਵਿਉਂਤ ਬਣਾ ਲਈ। ਸਾਰੀ ਦੁਨੀਆ ਪਰਮਾਣੂ ਯੁੱਧ ਦੇ ਭੈ ਤੋਂ ਕੰਬ ਉੱਠੀ। ਚੀਨ ਸਰਕਾਰ ਨੂੰ ਪੱਕਾ ਯਕੀਨ ਹੋ ਗਿਆ ਕਿ ਹੁਣ ਇਹ ਵੀ ਵਿਸ਼ਵਾਸ ਸੀ ਕਿ ਇਸ ਯੁੱਧ ਵਿੱਚ ਰੂਸ, ਅਮਰੀਕਾ ਤੇ ਦੋਹਾਂ ਦੇ ਪੱਖੀ ਯੂਰਪੀ ਦੇਸ਼ ਸਮੂਲਚੋਂ ਮਿਟ ਜਾਣਗੇ। ਉਜੜੇ ਹੋਏ ਬ੍ਰਹਿਮੰਡ ਉੱਤੇ ਆਪਣਾ ਰਾਜ ਸਥਾਪਤ ਕਰਨ ਵਿੱਚ ਚੀਨ ਦੇ ਸਾਮ੍ਹਣੇ ਡਟਣ ਵਾਲਾ ਸਿਰਫ਼ ਭਾਰਤ ਹੀ ਰਹਿ ਜਾਂਦਾ ਸੀ। ਸੋ ਚੀਨ ਨੇ ਭਾਰਤ ਉੱਤੇ ਹਮਲਾ ਕਰਨ ਦੀ ਠਾਨ ਲਈ। ਚੀਨ ਦੀ ਸਾਰੀ ਵਿਉਂਤ ਕਿਊਬਾ ਦੀ ਗੜਬੜ 'ਤੇ ਨਿਰਭਰ ਸੀ। ਦੋਹਾਂ ਥਾਵਾਂ ਦੀਆਂ ਘਟਨਾਵਾਂ ਦੀਆਂ ਤਾਰੀਖਾਂ ਉੱਤੇ ਨਜ਼ਰ ਮਾਰਨ ਨਾਲ ਏਸ ਗੱਲ ਦੀ ਤਸਦੀਕ ਹੋ ਜਾਂਦੀ ਹੈ।
ਸੱਤ ਸਤੰਬਰ 1962 ਨੂੰ ਅਮਰੀਕਾ ਨੇ ਆਪਣੀਆਂ ਰਿਜ਼ਰਵ ਫ਼ੌਜਾਂ ਨੂੰ ਬੁਲਾ
ਲਿਆ ਤੇ ਲੜਾਈ ਵਾਸਤੇ ਆਮ ਤਿਆਰੀ ਦਾ ਹੁਕਮ ਜਾਰੀ ਕੀਤਾ।
ਅੱਠ ਸਤੰਬਰ ਨੂੰ ਚੀਨੀ ਫ਼ੌਜਾਂ ਨੇ ਥਾਗਲਾ ਪਿੰਡ ਕੋਲੋਂ ਮੈਕਮੋਹਨ ਰੇਖਾ ਨੂੰ ਪਾਰ ਕੀਤਾ। ਮੈਕਮੋਹਨ ਰੇਖਾ ਨੂੰ ਚੀਨ ਆਪ ਕਦੀ ਭਾਰਤ ਚੀਨ ਦੀ ਅੰਤਰਰਾਸ਼ਟਰੀ ਹੱਦ ਮੰਨ ਚੁੱਕਾ ਸੀ।
ਪੰਜ ਅਕਤੂਬਰ ਨੂੰ ਅਮਰੀਕਾ ਦੀ ਸਮੁੰਦਰੀ ਸੈਨਾ ਨੇ ਕਿਊਬਾ ਵਿਰੁੱਧ ਫ਼ੌਜੀ ਕਾਰਵਾਈ ਸ਼ੁਰੂ ਕਰ ਦਿੱਤੀ।
ਅੱਠ ਅਕਤੂਬਰ ਪਿੱਛੇ ਚੀਨ ਨੇ ਭਾਰਤੀ ਫ਼ੌਜਾਂ ਉੱਤੇ ਮਾਰਟਰ ਤੋਪਾਂ ਨਾਲ ਗਲੇ ਬਰਸਾਉਣੇ ਸ਼ੁਰੂ ਕਰ ਦਿੱਤੇ।
ਅੱਠ ਅਕਤੂਬਰ ਪਿੱਛੋਂ ਅਮਰੀਕਾ ਨੇ ਕਿਊਬਾ ਉੱਤੇ ਦਬਾਉ ਵਧਾ ਦਿੱਤਾ। ਬਾਈ ਅਕਤੂਬਰ ਨੂੰ ਉਸ ਟਾਪੂ ਦੀ ਸਮੁੰਦਰੀ ਨਾਕਾਬੰਦੀ ਸ਼ੁਰੂ ਕਰ ਦਿੱਤੀ ਤੇ ਇੱਕ ਤਰ੍ਹਾਂ ਨਾਲ ਪੂਰਾ ਘੇਰਾ ਪਾ ਲਿਆ।
ਵੀਹ ਅਕਤੂਬਰ ਨੂੰ ਚੀਨ ਨੇ ਨੀਫ਼ਾ ਤੇ ਲੱਦਾਖ ਉੱਤੇ ਵੱਡਾ ਹਮਲਾ ਕਰ ਦਿੱਤਾ। ਭਾਰਤੀ ਫ਼ੌਜਾਂ ਸਰਹੱਦ ਉੱਤੇ ਬਹੁਤ ਥੋੜ੍ਹੀਆਂ ਸਨ, ਮਸਾਂ ਅੰਦਰੂਨੀ ਅਮਨ ਕਾਇਮ ਰੱਖਣ ਜੋਗੀਆਂ ਪਰ ਜਿਸ ਬਹਾਦਰੀ ਨਾਲ ਭਾਰਤੀ ਜਵਾਨਾਂ ਨੇ ਅੱਗੋਂ ਟਾਕਰਾ ਕੀਤਾ, ਦੁਸ਼ਮਨ ਹੈਰਾਨ ਰਹਿ ਗਿਆ।
ਅਮਰੀਕਾ ਦੇ ਪ੍ਰਧਾਨ ਕੈਨੇਡੀ ਤੇ ਰੂਸ ਦੇ ਨੇਤਾ ਖਰੂਸਚੇਵ ਨੇ ਸਿਆਣਪ ਤੋਂ ਕੰਮ ਲਿਆ। ਦੋਹਾਂ ਵੱਡਿਆਂ ਨੇ ਕਿਊਬਾ ਦੇ ਮਸਲੇ 'ਤੇ ਸੁਲ੍ਹਾ ਕਰ ਲਈ। ਦੁਨੀਆ ਤਬਾਹੀ ਤੋਂ ਬਚ ਗਈ। ਅਮਨ ਦੇ ਚਾਹਵਾਨ ਸਿਆਣੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਏਸ ਸੁਲ੍ਹਾ 'ਤੇ ਕਿਸੇ ਨੂੰ ਸੁੱਖ ਨਹੀਂ ਹੋਇਆ, ਤਾਂ ਕੇਵਲ ਚੀਨ ਦੇ ਹਾਕਮਾਂ ਨੂੰ। ਉਹਨਾਂ ਖਰੂਸਚੇਵ ਨੂੰ ਰੱਜ ਕੇ ਕੋਸਿਆ, ਜੋ ਜੀਅ ਆਇਆ ਬੁਰਾ ਭਲਾ ਕਿਹਾ। ਇਉਂ ਸਮਝੋ ਕਿ ਚੀਨ ਦੇ ਸਾਰੇ ਬੁਰੇ ਇਰਾਦਿਆਂ ਉੱਤੇ ਪਾਣੀ ਫਿਰ ਗਿਆ।
ਵੀਹ ਨਵੰਬਰ ਨੂੰ ਅਮਰੀਕਾ ਨੇ ਕਿਊਬਾ ਤੋਂ ਘੇਰਾ ਉਠਾ ਲਿਆ।
ਅਗਲੇ ਦਿਨ ਇੱਕੀ ਨਵੰਬਰ, 1962 ਨੂੰ ਚੀਨ ਨੇ ਇੱਕ-ਤਰਫਾ ਲੜਾਈ ਬੰਦ ਕਰ ਦਿੱਤੀ। ਭਾਰਤ ਪਹਿਲਾਂ ਹੀ ਲੜਾਈ ਦੇ ਹੱਕ ਵਿੱਚ ਨਹੀਂ ਸੀ। ਚੀਨ ਨੇ ਲੜਾਈ ਬੰਦ ਕਰਨ ਦਾ ਐਲਾਨ ਕੀਤਾ, ਤਾਂ ਅੱਗੋਂ ਭਾਰਤੀ ਸੈਨਾ ਨੇ ਵੀ ਗੋਲੀ ਚਲਾਉਣੀ ਬੰਦ ਕਰ ਦਿੱਤੀ।
ਇਸ ਛੋਟੀ ਜਿਹੀ ਝੜਪ ਵਿੱਚ ਭਾਰਤੀ ਜਵਾਨਾਂ ਨੇ ਦੁਨੀਆ ਨੂੰ ਦੱਸ ਦਿੱਤਾ, ਕਿ ਉਹ ਮਰਦਾਂ ਵਾਂਗ ਟਾਕਰਾ ਕਰਨਾ ਤੇ ਦੇਸ਼ ਬਦਲੇ ਮਰਨਾ ਜਾਣਦੇ ਹਨ।
"ਤਕੜੇ ਹੋ ਜੌ ਜਵਾਨੋ। ਤੁਹਾਡਾ ਮੁੱਲ ਪੈਣ ਦਾ ਸਮਾਂ ਆ ਪਿਆ ਜੇ। ਚੀਨ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਏ। ਡੂਢ ਡੂਢ ਗਿੱਠ ਜਿੰਨੇ ਬਉਣਿਆਂ ਫੀਨਿਆ ਦੇ ਮਾਰ-ਮਾਰ ਕੇ ਮੂੰਹ ਭੁਆ ਦਿਹੈ। ਵੇਖਿਓ ਫਿਰ ਕਿਵੇਂ ਸੁਫਨਿਆਂ ਦੀ ਦੁਨੀਆ ਵਿੱਚ ਵੱਸਣ ਵਾਲੇ ਲੀਡਰ ਵੀ ਤੁਹਾਡੀ ਕਦਰ ਕਰਦੇ। ਫ਼ੌਜ ਦੀ ਕਿੰਨੀ ਕੁ ਲੋੜ ਤੇ ਕੀਮਤ ਹੁੰਦੀ ਹੈ, ਹੁਣ ਸਭ ਨੂੰ ਪਤਾ ਲੱਗ ਜਾਏਗਾ। ਤਿਆਰ ਹੋ ਜਾਓ।" ਹੋਲਦਾਰ ਬੇਲਾ ਸਿੰਘ ਨੇ ਜਵਾਨਾਂ ਨੂੰ ਲਲਕਾਰਦਿਆਂ ਤਿਆਰੀ ਦਾ ਹੁਕਮ ਦਿੱਤਾ।
"ਸਾਹਬ। ਖਾਲਸਾ ਤਿਆਰ ਬਰ ਤਿਆਰ ਏ।" ਪਿਆਰਾ ਸਿੰਘ ਨੇ ਆਪ ਤੇ ਵੱਡੇ ਮਿੱਤਰਾਂ ਵਰਗੇ ਅਫ਼ਸਰ ਦੇ ਸਾਮ੍ਹਣੇ ਸਲਿਊਟ ਕਰਦਿਆਂ ਕਿਹਾ, "ਪਰ ਕਿਤੇ ਪਾਕਿਸਤਾਨ ਵੱਲ ਮੂੰਹ ਹੁੰਦਾ, ਤਾਂ ਦਿਲ ਦੀਆਂ ਪੁਜਾ ਲੈਂਦੇ।"
"ਘਬਰਾਉ ਨਾ। ਉਹ ਵੇਲਾ ਵੀ ਆ ਜਾਵੇਗਾ। ਅਸੀਂ ਚੀਨ ਦੇ ਟਾਕਰੇ 'ਤੇ ਕਮਜ਼ੋਰ ਸਾਬਤ ਹੋਏ, ਤਾਂ ਪਾਕਿਸਤਾਨ ਵਾਰ ਕਰਨੇਂ ਉੱਕੇਗਾ ਨਹੀਂ, ਪਰ ਜੇ ਅਸੀਂ ਚੀਨ ਦੇ ਮੁਕਾਬਲੇ 'ਤੇ ਚੰਗੇ ਮਰਦਾਂ ਵਾਂਗ ਡਟ ਗਏ, ਤਾਂ ਫਿਰ ਪਾਕਿਸਤਾਨ ਦੇ ਚਾਰ ਵਰ੍ਹੇ ਅਜੇ ਹੋਰ ਉਡੀਕ ਕਰੇਗਾ। ਛੇਤੀ ਜਾਂ ਪਿਛੇਤੀ ਪਾਕਿਸਤਾਨ ਸਰਕਾਰ ਨਾਲ ਲੜਾਈ ਜ਼ਰੂਰ ਹੋਵੇਗੀ। ਭੂਹੇ ਆਏ ਹੋਏ ਡਿਕਟੇਟਰ ਕਰਾਰੇ ਹੱਥਾਂ ਬਿਨਾਂ ਬਾਜ਼ ਨਹੀਂ ਔਣ ਲੱਗੇ।"
"ਬਾਬਾ! ਹੱਥ ਤਾਂ ਉਹ ਲਾਵਾਂਗੇ, ਜਿਹੜੇ ਪੀਹੜੀਆਂ ਤੱਕ ਯਾਦ ਰੱਖਣ। ਇਕੇਰਾਂ ਆਮੋ ਸਾਮ੍ਹਣੇ ਹੋ ਲੈਣ ਦਿਹ।" ਪਿਆਰਾ ਸਿੰਘ ਦਾ ਚਿਹਰਾ ਜੋਸ਼ ਵਿੱਚ ਭਖ ਕੇ ਲਾਲ ਹੋ ਗਿਆ ਸੀ।
"ਸਾਹਬ! ਇਉਂ ਉਡਾ ਦਿਆਂਗੇ ਇਉਂ।" ਬਾਲਮ ਰਾਮ ਨੇ ਸੱਜੇ ਹੱਥ ਨਾਲ ਚੁਟਕੀ ਵਜਾਉਂਦਿਆਂ ਕਿਹਾ।
"ਬਾਬੇ ਦੇ ਨਾਲ ਹੁੰਦਿਆਂ ਸਾਨੂੰ ਕਾਹਦਾ ਖ਼ਤਰਾ ਏ। ਫ਼ੌਜਾਂ ਤਿਆਰ ਬਰ ਤਿਆਰ ਨੇ।" ਸੁੱਚਾ ਸਿੰਘ ਨੇ ਦੂਣੇ ਜੋਸ਼ ਨਾਲ ਕਿਹਾ।
ਅਗਲੀ ਸਵੇਰ ਚਾਰ ਵਜੇ ਤੜਕੇ ਉਸ ਫ਼ੌਜ ਨੇ ਫ਼ੀਰੋਜ਼ਪੁਰ ਤੋਂ ਕੂਚ ਕੀਤਾ, ਉਸ ਦੀ ਥਾਂ ਸੰਭਾਲਣ ਵਾਸਤੇ ਪਿੱਛੋਂ ਹੋਰ ਫ਼ੌਜ ਆ ਗਈ।
ਮੋਰਚੇ 'ਤੇ ਜਾਣ ਵਾਲੇ ਜਵਾਨ ਬੜੇ ਖੁਸ਼ ਸਨ। ਉਹਨਾਂ ਦੇ ਅੰਗ ਅੰਗ ਵਿੱਚੋਂ ਜੋਸ਼ ਅੰਗੜਾਈਆਂ ਲੈ ਰਿਹਾ ਸੀ। ਫ਼ੌਜੀ ਟਰੱਕਾਂ 'ਤੇ ਬੈਠੇ ਉਹ ਗਿੱਧਾ ਪਾਉਂਦੇ ਜਾਂਦੇ ਸਨ।
"ਜੰਗ ਵਿੱਚ ਵੇਖੋ ਜਾਣਗੇ
ਮੱਲ, ਕੱਚਿਆਂ ਦੁੱਧਾਂ ਦੇ ਪਾਲੇ।"
ਇੱਕ ਗੱਭਰੂ ਉੱਚੀ ਬਾਂਹ ਕਰਕੇ ਬੋਲੀ ਪਾਉਂਦਾ।
"ਹੋਅ-ਹੋਂਅ, ਹੋਅ-ਅ। ਕੱਚਿਆਂ ਦੁੱਧਾਂ ਦੇ ਪਾਲੇ-ਇ।"
ਪਿੱਛੋਂ ਸਾਰੀ ਟੋਲੀ ਅਸਮਾਨ ਸਿਰ 'ਤੇ ਚੁੱਕ ਲੈਂਦੀ। ਆਖ਼ਰ ਜਵਾਨੀ ਕਿਵੇਂ ਲੁਕੀ ਰਹੇ। ਫਿਰ ਉਹਨਾਂ ਦੀ ਜਵਾਨੀ ਦਾ ਕੀ ਪੁੱਛਣਾ ਜਿਨ੍ਹਾਂ ਨੂੰ ਧੌਲੇ ਆ ਜਾਣ 'ਤੇ ਵੀ 'ਫ਼ੌਜੀ ਜਵਾਨ' ਹੀ ਕਿਹਾ ਜਾਂਦਾ ਹੈ।
ਇੱਕ ਰਾਤ ਪਠਾਨਕੋਟ ਗੁਜ਼ਾਰ ਕੇ ਉਹ ਫ਼ੌਜ ਅਗਲੀ ਸ਼ਾਮ ਨੂੰ ਜੰਮੂ ਜਾ ਪਹੁੰਚੀ। ਇੱਕ ਹਫ਼ਤਾ ਉਸਨੂੰ ਜੰਮੂ ਵਿੱਚ ਹੀ ਰੁਕਣਾ ਪਿਆ। ਇਸ ਸਮੇਂ ਜਵਾਨਾਂ ਵਿੱਚ ਕਈ ਕਿਸਮ ਦਾ ਵਿਚਾਰ-ਵਟਾਂਦਰਾ ਹੁੰਦਾ ਰਿਹਾ।
"ਲੈ ਉ ਪਿਆਰਾ ਸਿੰਹਾਂ! ਸ਼ੈਦ ਤੇਰੇ ਮਨ ਦੀ ਮੁਰਾਦ ਪੂਰੀ ਹੋ ਈ ਜਾਵੇ। ਮਲੂਮ ਹੁੰਦਾ ਏ ਸਾਨੂੰ ਅਗਾਂ ਲੱਦਾਖ਼ ਭੇਜਣ ਦਾ ਪਰੋਗਰਾਮ ਬਦਲ ਗਿਆ ਏ। ਸ਼ੈਦ ਪਾਕਿਸਤਾਨ ਦੇ ਹਮਲੇ ਦਾ ਖ਼ਤਰਾ ਵਧ ਗਿਆ ਏ। ਪਾਕਸਤਾਨੀ ਲੀਡਰਾਂ ਨੂੰ ਜੰਗੀ ਬੁਖ਼ਾਰ ਸ਼ੁਰੂ ਹੋ ਗਿਆ ਏ। ਇੱਕ ਪਾਸੇ ਉਹਨਾਂ ਸਾਰੀ ਫ਼ੌਜ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ ਏ ਤੇ ਨਾਲ ਹੀ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਏ। ਇਉਂ ਸਮਝੋ ਕਿ ਬੱਸ ਸਾਰੇ ਮੁਲਕ ਵਿੱਚ ਲਾਮਬੰਦੀ। ਏਸ ਵਾਸਤੇ ਬੈਦ ਸਾਨੂੰ ਸਿਆਲਕੋਟ ਵੱਲ ਮੂੰਹ ਕਰਨ ਦਾ ਹੁਕਮ ਮਿਲ ਜਾਵੇ।"
"ਫੇਰ ਤਾਂ ਬਾਬਾ। ਰੀਝਾਂ ਲਾਹ ਲਈਏ ਕੋਰਾਂ। ਮੁਖ : ਵੇਖੇ ਨਾ ਜਵਾਨਾਂ ਦੇ ਹੱਥ।" ਪਿਆਰਾ ਸਿੰਘ ਦਾ ਚਿਹਰਾ ਜੋਸ਼ ਨਾਲ ਲਾਲ ਤੋਂ ਸੂਹਾ ਹੋ ਗਿਆ।
"ਨੂਰਾਂ ਫੇਰ ਵੀ ਤੇਰੇ ਹੱਥ ਨਹੀਂ ਔਣੀ। ਖ਼ੁਸ਼ੀ ਕੱਛਾਂ ਮਾਰ।" ਭੇਤੀ ਮਿੱਤਰ ਸੁੱਚਾ ਸਿੰਘ ਨੇ ਠੱਠ ਨਾਲ ਕਿਹਾ।
"ਤੇ ਹੁਣ ਨੂਰਾਂ ਵਿੱਚ ਪਿਆ ਵੀ ਕੀ ਹੋਣਾ ਏਂ? ਜ਼ਨਾਨੀ ਤਾਂ ਦੂਜੇ ਸੂਏ ਖਾਂਘੜ ਹੋ ਜਾਂਦੀ ਏ।" ਬਾਬਾ ਬੇਲਾ ਸਿੰਘ ਨੇ ਵੱਡੇ ਤਜਰਬੇਕਾਰਾਂ ਵਾਂਗ ਕਿਹਾ। ਉਹ ਚੋਖੀ ਵਡੇਰੀ ਉਮਰ ਦਾ ਹੁੰਦਾ ਹੋਇਆ ਵੀ ਮੁੰਡਿਆਂ ਨਾਲ ਮੁੰਡਾ ਹੀ ਸੀ। ਉਹ ਕੰਮ ਵੇਲੇ ਹੌਲਦਾਰ ਸੀ, ਪਰ ਅੱਗੇ ਪਿੱਛੇ ਗੱਭਰੂਆਂ ਨਾਲ ਯਾਰਾਂ ਦਾ ਯਾਰ।
"ਤੇ ਬਰਕੀ ਦੀ ਜੰਮੀ ਪਲੀ ਨੂਰਾਂ ਨੇ ਤਾਂ ਹੁਣ ਤਕ ਦਰਜਨ ਪੂਰੀ ਕੀਤੀ ਹੋਣੀ ਏਂ।" ਸੁੱਚਾ ਸਿੰਘ ਨੇ ਫੇਰ ਟਕੋਰ ਕੀਤੀ।
"ਉਇ ਸੁੱਚਿਆ। ਬਾਜ ਆ ਜਾਹ ਇਲਤਾਂ ਤੋਂ। ਨਹੀਂ ਤਾਂ ਜਾਣਦਾ ਏਂ ਫਿਰ ਤੂੰ ਮੇਰੇ ਹੱਥਾਂ ਨੂੰ।" ਪਿਆਰਾ ਸਿੰਘ ਨੇ ਮੱਥੇ 'ਤੇ ਤਿਉੜੀ ਪਾ ਕੇ ਕਿਹਾ।
"ਕਿਉਂ ? ਡਾਢੀ ਤਨਕ ਲੱਗਦੀ ਏ? ਉਹ ਮੁਸਲੀ, ਜੱਟੀ ਨਾਲੋਂ ਬਹੁਤੀ ਚੰਗੀ ਸੀ ਕਿਤੇ ?" ਸੁੱਚਾ ਸਿੰਘ ਨੇ ਜਿਵੇਂ ਫਿਰ ਦੁਖਦੀ ਰਗ ਨੂੰ ਛੇੜ ਦਿੱਤਾ।
"ਸੁੱਚਿਆ!" ਪਿਆਰਾ ਸਿੰਘ ਨੇ ਜ਼ਰਾ ਕੜਕ ਕੇ ਕਿਹਾ। ਕੋਈ ਨੂਰਾਂ ਦਾ ਨਾਂ ਘਿਰਣਾ ਨਾਲ ਲਏ, ਪਿਆਰਾ ਸਿੰਘ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ।
"ਬੱਸ ਭਾਈ ਬੱਸ।" ਬਾਬੇ ਬੇਲਾ ਸਿੰਘ ਨੇ ਦੋਹਾਂ ਗੱਭਰੂਆਂ ਨੂੰ ਸ਼ਾਂਤ ਕਰਦਿਆਂ ਕਿਹਾ। "ਜਿਸਨੂੰ ਇਨਸਾਨ ਪਿਆਰ ਕਰਦਾ ਏ, ਉਹਦੇ ਖ਼ਿਲਾਫ ਮਾੜਾ ਚੰਗਾ ਕੁਛ ਨਹੀਂ ਸੁਣ ਸਕਦਾ। ਫਿਰ ਜਿੱਥੇ ਮਰਦ ਦਾ ਦਿਲ ਆ ਜਾਏ। ਲੈਲਾ ਕਾਲੀ ਸੀ, ਪਰ ਮਜਨੂੰ ਵਾਸਤੇ ਤਾਂ ਉਹ ਹੂਰਾਂ ਨਾਲੋਂ ਵਧ ਕੇ ਸੀ। ਸਿਆਣਿਆਂ ਆਖਿਆ ਏ, ਇਸ਼ਕ ਨਾ ਪੁੱਛੇ ਜਾਤ। ਵਚਾਰੀ ਨੂਰਾਂ ਨਾਲ ਵੀ ਜ਼ੁਲਮ ਹੋਇਆ ਏ ਜ਼ੁਲਮ।" ਬਾਬੇ ਬੇਲਾ ਸਿੰਘ ਨੇ ਹਮਦਰਦੀ ਨਾਲ ਕਿਹਾ।
"ਬਾਬਾ! ਇਹ ਗੱਲਾਂ ਛੱਡ ਦੇਣ ਵਿੱਚ ਹੀ ਭਲਾ ਏ। ਅੱਗ ਫੈਲਿਆਂ ਸੇਕ ਈ ਔਂਦਾ ਏ।" ਪਿਆਰਾ ਸਿੰਘ ਨੇ ਅੰਦਰੋਂ ਉੱਠ ਰਿਹਾ ਠੰਢਾ ਸਾਹ ਅੰਦਰੇ ਰੋਕ ਲਿਆ।
"ਹੋਲਦਾਰ ਸਾਹਬ। ਸਾਹਬ ਨੇ ਬੁਲਾਇਆ ਏ।" ਲਹਿਣਾ ਸਿੰਘ ਨੇ ਨੇੜੇ ਆ ਕੇ ਸਲਯੂਟ ਮਾਰਦਿਆਂ ਕਿਹਾ।
"ਲਉ ਆ ਗਿਆ ਜੇ ਸੱਦਾ। ਤੁਸੀਂ ਤਿਆਰ ਹੋ ਜਾਓ।" ਕਹਿੰਦਾ ਹੋਇਆ ਬੇਲਾ ਸਿੰਘ ਕਮਾਂਡਿੰਗ ਅਫ਼ਸਰ ਵੱਲ ਤੁਰ ਪਿਆ।
ਅਗਲੇ ਦਿਨ ਉਸ ਫ਼ੌਜ ਨੇ ਸਿਰੀ ਨਗਰ ਵੱਲ ਚਾਲੇ ਪਾ ਦਿੱਤੇ। ਪਹਾੜ ਦੀ ਵੱਖੀ ਉਤੇ ਵਿੰਗੀ ਟੇਢੀ ਸੜਕੇ ਫ਼ੌਜੀ ਟਰੱਕ ਆਪਣੀ ਚਾਲੇ ਚਲੇ ਜਾ ਰਹੇ ਸਨ। ਇੱਕ ਪਾਸੇ ਡੂੰਘੀ ਢਲਵਾਨ ਤੇ ਇੱਕ ਪਾਸੇ ਉੱਚੇ ਪਰਬਤ । ਦੋਹੀਂ ਪਾਸੀਂ ਹਰਿਆਵਲ ਹੀ ਹਰਿਆਵਲ। ਸੁੰਦਰ ਮਨ ਮੋਹਣੇ ਨਜ਼ਾਰੇ। ਪਰ ਫ਼ੌਜੀਆਂ ਦੇ ਦਿਲ ਤਾਂ ਕਿਸੇ ਹੋਰ ਪਾਸੇ ਉਲਝੇ ਹੋਏ ਸਨ। ਉਹਨਾਂ ਦੇ ਮਨਾਂ ਵਿੱਚ ਸੀ ਇੱਕ ਪਾਸੇ ਆਪਣਾ ਦੇਸ ਤੇ ਇੱਕ ਪਾਸੇ ਵੈਰੀ ਦੀਆਂ ਫ਼ੌਜਾਂ।
ਰਾਹ ਵਿੱਚ ਦੋ ਪੜਾੱ ਕਰਕੇ ਤੀਸਰੇ ਦਿਨ ਉਹ ਸਿਰੀ ਨਗਰ ਜਾ ਪੁੱਜੇ। ਅਗਲੇ ਹੁਕਮ ਤਕ ਉਹਨਾਂ ਨੂੰ ਓਥੇ ਬਿਸਰਾਮ ਕਰਨ ਲਈ ਕਿਹਾ ਗਿਆ।
"ਲੋ ਉਇ ਮੁੰਡਿਓ। ਅਹਿਨੂੰ ਆਹੰਦੇ ਜੇ ਕਸ਼ਮੀਰ ਜੰਨਤ ਨਜ਼ੀਰ। ਮੁਗ਼ਲ ਬਾਦਸ਼ਾਹ ਤਾਂ-ਆਹੁੰਦੇ ਨੇ-ਏਸ ਧਰਤੀ 'ਤੇ ਆਸ਼ਕ ਸਨ ਆਸ਼ਕ। ਕਰ ਲੋ ਚਾਰ ਦਿਨ ਸੈਰ-ਸਪਾਟੇ। ਪਰ ਵੇਖਿਓ, ਕਿਸੇ ਕਸ਼ਮੀਰਨ ਦੇ ਜਾਲ ਵਿੱਚ ਨਾ ਫਸ ਜਾਇਓ। ਆਪਣੇ ਆਪ ਦੇ ਮੇਘੇ ਰਿਹੋ। ਇਹ ਸ਼ਹਿਤ ਦੀਆਂ ਮੱਖੀਆਂ ਨੇ, ਸ਼ਹਿਤ ਦੀਆਂ। ਜਿਸ ਫੁੱਲ 'ਤੇ ਬਹਿ ਜਾਣ, ਸਾਰਾ ਰਸ ਨਚੋੜ ਕੇ ਉਡਦੀਆਂ ਨੇ। ਤੇ ਫ਼ੌਜੀ
ਜਵਾਨ ਤਾਂ ਇਹਨਾਂ ਨੂੰ ਰੱਬ ਦੇਵੇ। ਫ਼ੌਜ ਵੀ ਇੱਕ ਕਿਸਮ ਦਾ ਜਤੀਆਂ ਦਾ ਡੇਰਾ ਹੁੰਦਾ ਏ। ਸਮਝੇ ?" ਹੋਲਦਾਰ ਬੇਲਾ ਸਿੰਘ ਨੇ ਜਵਾਨਾਂ ਨੂੰ ਚੇਤਾਵਨੀ ਦੇਂਦਿਆਂ ਕਿਹਾ।
"ਬਾਬਾ! ਫ਼ਿਕਰ ਨਾ ਕਰ। ਅਸੀਂ ਤਾਂ ਸਾਰੇ ਜਤੀ ਵਰਗੇ ਆਂ।" ਸੁੱਚਾ ਸਿੰਘ ਨੇ ਬਾਬੇ ਨੂੰ ਭਰੋਸਾ ਦੁਆਉਂਦਿਆਂ ਕਿਹਾ।
"ਤਾਹੀਏਂ ਤਾਂ ਰਾਣੀ ਸੁੰਦਰਾਂ ਦਾ ਡਰ ਏ। ਨਹੀਂ ਤਾਂ ਵੀਹ ਕੰਨ-ਪਾਟੇ ਧੱਕੇ ਖਾਂਦੇ ਫਿਰਦੇ ਨੇ, ਕੌਣ ਪੁੱਛਦਾ ਏ।"
"ਬਾਬਾ। ਤੂੰ ਵੀ ਜਵਾਨੀ ਵਾਰੇ ਪੂਰਨ ਜੋਗੀ ਨਾਲੋਂ ਘੱਟ ਨਹੀਂ ਹੁੰਦਾ ਹੋਣਾ।" ਕੋਲੋਂ ਬਾਲਮ ਰਾਮ ਨੇ ਹੌਲਦਾਰ ਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਕਿਹਾ।
"ਵਾਹ ਉਇ ਬਾਲਮਾ। ਚੋਖਾ ਈ ਭਈ ਇਹ ਵੀ।" ਹੌਲਦਾਰ ਨੇ ਉਹਦੇ ਨਾਲ ਨਿਗਾ ਮਿਲਾਉਂਦਿਆਂ ਹੱਸ ਕੇ ਕਿਹਾ।
"ਬਾਬਾ! ਕਦੇ ਰਕਾਰਡ ਸੁਣਿਆ ਈ ਕਿ ਨਹੀਂ.. "ਹਾਇ ਨੀ ਮੇਰਾ ਬਾਲਮ, ਹਾਇ ਨੀ, ਮੇਰਾ ਜ਼ਾਲਮ।" ਤਾਰਾ ਚੰਦ ਨੇ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ।
ਹਿਮਾਲਾ ਦੀਆਂ ਚੋਟੀਆਂ ਉੱਤੇ ਅੱਗ ਬਲ ਰਹੀ ਸੀ। ਜ਼ਿੰਦਗੀ ਮੌਤ ਨਾਲ ਗਲਵਕੜੀਆਂ ਪਾ ਰਹੀ ਸੀ। ਚੀਨੇ ਚਸੂਲ 'ਤੇ ਕਬਜ਼ਾ ਕਰਨ ਵਾਸਤੇ ਤੇ ਭਾਰਤੀ ਜਵਾਨ ਉਸਦੀ ਰੱਖਿਆ ਕਰਨ ਵਾਸਤੇ ਲਹੂ ਦੀ ਹੋਲੀ ਖੇਡ ਰਹੇ ਸਨ। ਦੁੱਧ ਚਿੱਟੀਆਂ ਬਰਫ਼ ਕੱਜੀਆਂ ਚੋਟੀਆਂ ਨਵੇਂ ਸੂਰਜ ਸੂਹੇ ਸਾਹਲੂ ਪਹਿਨ ਕੇ ਫੱਬ ਫੱਬ ਬਹਿੰਦੀਆਂ ਸਨ, ਪਰ ਫ਼ੌਜੀ ਜਵਾਨਾਂ ਦੇ ਮਨ 'ਤੇ ਇਸ ਦਾ ਕੋਈ ਭੈ ਨਹੀਂ ਸੀ। ਉਹ ਤਾਂ ਮੌਤ ਨੂੰ ਇੱਕ ਖੇਡ ਸਮਝ ਕੇ ਤਿਆਰ ਬੈਠੇ ਸਨ; ਸਗੋਂ ਕਿਸੇ ਕਿਸੇ ਵੇਲੇ ਤਾਂ ਕੁਛ ਮਨਚਲੇ ਗੱਭਰੂ ਕਾਹਲੇ ਵੀ ਪੈ ਜਾਂਦੇ। ਉਹ ਹੌਲਦਾਰ ਨੂੰ ਪੁੱਛਦੇ "ਕਿਉਂ ਬਾਬਾ। ਫਿਰ ਕਿਸ ਦਿਨ ਲੱਦਾਖ਼ 'ਤੇ ਚੜ੍ਹਾਈ ਕਰਨੀ ਏਂ ? ਐਵੇਂ ਫੋਕੇ ਫੇਰ ਕਰ ਕਰਕੇ ਅੱਕੇ ਪਏ ਆਂ, ਕਿਤੇ ਸੱਚੇ ਫੈਰ ਕਰਕੇ ਵੀ ਵੇਖ ਲਈਏ।"
ਅਗਲੇ ਦਿਨ ਸਿਰੀ ਨਗਰ ਵਿੱਚ ਪਹਿਲਾਂ ਦੀ ਟਿਕੀ ਹੋਈ ਫ਼ੌਜ ਲੱਦਾਖ਼ ਵੱਲ ਤੁਰ ਗਈ। ਉਹਦੀ ਕਮੀ ਨੂੰ ਪੂਰਾ ਕਰਨ ਲਈ ਪਿੱਛੋਂ ਹੋਰ ਜਵਾਨ ਆ ਗਏ।
"ਲਉ ਬਈ ਮੁੰਡਿਓ। ਹੁਣ ਆਵੇਗੀ ਆਪਣੀ ਵਾਰੀ। ਸੁਣਿਆ ਏਂ ਹੁਣ ਸਾਡੇ ਕੋਲ ਨਵੇਂ ਹਥਿਆਰ ਵੀ ਆ ਗਏ ਨੇ। ਹੁਣ ਸੁਆਦ ਆਵੇਗਾ ਟਾਕਰੇ ਦਾ।" ਹੌਲਦਾਰ ਬੇਲਾ ਸਿੰਘ ਨੇ ਗੱਭਰੂਆਂ ਵਾਲੇ ਹੌਸਲੇ ਨਾਲ ਕਿਹਾ।
"ਬਰਾਬਰ ਦੇ ਹਥਿਆਰ ਤੇ ਬਰਾਬਰ ਦੀਆਂ ਫ਼ੌਜਾਂ ਹੋਣ, ਤਾਂ ਸੁਆਦ ਵੀ ਫੇਰ ਆਉਂਦਾ ਏ। ਨਾਇਕ ਸਿਰੀ ਰਾਮ ਨੇ ਕੋਲੋਂ ਹੁੰਗਾਰਾ ਭਰਿਆ।
ਭਾਰਤੀ ਫ਼ੌਜੀ ਅਗਲੇ ਮੋਰਚੇ 'ਤੇ ਜਾਣ ਵਾਸਤੇ ਜਿਵੇਂ ਕਾਹਲੇ ਪਏ ਹੋਏ ਸਨ। ਫ਼ੌਜੀ ਦਾ ਮਨ ਐਸਾ ਬਣਾ ਦਿੱਤਾ ਜਾਂਦਾ ਹੈ ਕਿ ਉਹ ਕੇਵਲ ਲੜਨ ਵਾਸਤੇ ਹੈ। ਤੇ ਜੇ ਉਹਨੂੰ ਆਪਣੇ ਦੇਸ਼ ਦੀ ਰੱਖਿਆ ਵਾਸਤੇ ਲੜਨਾ ਪਵੇ, ਫਿਰ ਉਹਦੇ ਜੋਸ਼ ਦਾ ਕੀ ਪੁੱਛਣਾ। ਹਰ ਭਾਰਤੀ ਫ਼ੌਜੀ ਦੇ ਮਨ ਵਿੱਚ ਹਮਲਾ-ਆਵਰ ਚੀਨ ਵਾਸਤੇ ਅਥਾਹ ਗੁੱਸਾ ਸੀ। ਚੀਨ ਨੇ ਭਾਰਤ ਨਾਲ ਮਿੱਤਰ-ਧਰੋਹ ਕੀਤਾ ਸੀ। ਉਤੋਂ ਭਾਈ ਭਾਈ ਦੀ ਦੁਹਾਈ ਦੇਂਦਿਆਂ, ਉਹਨੇ ਚੋਰਾਂ ਵਾਂਗ ਹੱਦਾਂ ਉੱਤੇ ਹਮਲਾ ਕਰ ਦਿੱਤਾ ਸੀ। ਤੇ ਫੇਰ ਬਿਨਾਂ ਕਿਸੇ ਕਾਰਨ ਦੇ। ਇਸ ਵਾਸਤੇ ਹਰ ਭਾਰਤੀ ਦੇ ਮਨ ਵਿੱਚ ਰੰਜ ਹੋਣਾ ਸੁਭਾਵਕ ਸੀ।
ਅਗਲੇ ਦਿਨ ਹੀ ਅਚਨਚੇਤ ਖ਼ਬਰ ਪਹੁੰਚੀ ਕਿ ਲੜਾਈ ਬੰਦ ਹੋ ਗਈ ਹੈ। ਚੀਨ ਨੇ ਆਪਣੀਆਂ ਫ਼ੌਜਾਂ ਕੁਛ ਪਿੱਛੇ ਹਟਾਉਣੀਆਂ ਮੰਨ ਲਈਆਂ ਹਨ। ਅਮਨ ਪਸੰਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਵਰਤਮਾਨ ਜੁੱਗ ਵਿੱਚ ਕਿਸੇ ਨੂੰ ਵੀ ਲੜਾਈ ਤੋਂ ਕੋਈ ਫ਼ਾਇਦਾ ਨਹੀਂ ਪਹੁੰਚ ਸਕਦਾ।
੫.
ਇਸ ਛੋਟੀ ਜਿਹੀ ਲੜਾਈ ਦਾ ਸਾਰੇ ਮੁਲਕ 'ਤੇ ਅਸਰ ਪਿਆ। ਚੀਨ ਸਰਕਾਰ ਦੇ ਵਿਰੁੱਧ ਸਭ ਦੇ ਦਿਲਾਂ ਵਿੱਚ ਘਿਰਣਾ ਤੇ ਗੁੱਸਾ ਭਰ ਗਿਆ। ਕੀ ਰਾਜਸੀ ਤੇ ਕੀ ਧਾਰਮਕ, ਸਭ ਸੰਸਥਾਵਾਂ ਨੇ ਸਰਕਾਰ ਦਾ ਸਾਥ ਦਿੱਤਾ। ਲੋਕਾਂ ਨੇ ਧਨ ਦਿੱਤਾ, ਫ਼ੌਜ ਵਾਸਤੇ ਤੁਹਫ਼ੇ ਭੇਜੇ, ਜ਼ਖ਼ਮੀਆਂ ਵਾਸਤੇ ਖੂਨ ਦਿੱਤਾ। ਲੜਾਈ ਦੇ ਸਮੇਂ ਜਨਤਾ ਦੇ ਗੁੱਸੇ ਤੇ ਜੋਸ਼ ਦਾ ਇਹ ਹਾਲ ਸੀ ਕਿ ਬਾਜ਼ਾਰਾਂ ਵਿੱਚ ਆਏ ਦਿਨ ਜਲੂਸ ਨਿਕਲਦੇ ਤੇ ਜਲਸੇ ਹੁੰਦੇ। ਸਕੂਲਾਂ ਦੇ ਵਿਦਿਆਰਥੀ, ਕਾਰਖ਼ਾਨਿਆਂ ਦੇ ਮਜ਼ਦੂਰ, ਸਿਆਸੀ ਪਾਰਟੀਆਂ ਦੇ ਵਰਕਰ ਤੇ ਜਨਤਾ ਦੇ ਆਮ ਆਦਮੀ ਜਲੂਸਾਂ ਵਿੱਚ ਸ਼ਾਮਲ ਹੋ ਕੇ ਚੀਨ ਸਰਕਾਰ ਦੇ ਵਿਰੁੱਧ ਨਾਹਰੇ ਲਾਉਂਦੇ। ਜਿੰਨਾ ਗੁੱਸਾ ਉਹ ਪਰਗਟ ਕਰਦੇ ਸਨ, ਉਸ ਤੋਂ ਕਈ ਗੁਣਾ ਉਨ੍ਹਾਂ ਦੇ ਅੰਦਰ ਸਮਾਇਆ ਹੋਇਆ ਸੀ।
ਸਮਾਗਮ ਭਾਵੇਂ ਕਿਸੇ ਕਿਸਮ ਦਾ ਹੋਵੇ, ਰਾਗ ਹਮੇਸ਼ਾ ਵੇਲੇ ਦੇ ਹੀ ਗਾਏ ਜਾਂਦੇ ਹਨ। ਕੋਈ ਧਾਰਮਕ ਉਤਸਵ ਹੀ ਹੁੰਦਾ ਤਾਂ ਵਿਆਖਿਆ ਓਥੇ ਚੀਨ ਨਾਲ ਹੋਈ ਟੱਕਰ ਦੀ ਹੁੰਦੀ। 2 ਜਨਵਰੀ 1963 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਦਾ ਪੁਰਬ ਆ ਗਿਆ। ਸਿਰੀ ਨਗਰ ਦੀ ਸਿੰਘ ਸਭਾ ਨੇ ਇਸ ਉਤਸਵ ਨੂੰ ਬੜੀ ਧੂਮ ਧਾਮ ਨਾਲ ਮਨਾਇਆ। ਸ਼ਹਿਰੀ ਜਨਤਾ ਦੇ ਨਾਲ ਉਹਨਾਂ ਓਥੇ ਟਿਕੀ
ਹੋਈ ਫ਼ੌਜ ਨੂੰ ਵੀ ਬੁਲਾਇਆ। ਉਹ ਪੁਰਬ ਇੱਕ ਤਰ੍ਹਾਂ ਸਾਰੇ ਮਜ਼ਹਬਾਂ ਦਾ ਸਾਂਝਾ ਬਣ ਗਿਆ। ਹਿੰਦੂ ਸਿੱਖਾਂ ਦੇ ਨਾਲ-ਨਾਲ ਕੁਛ ਕਸ਼ਮੀਰੀ ਮੁਸਲਮਾਨ ਵੀ ਆਏ। ਸਿੰਘ ਸਭਾ ਦੇ ਵਿਚਾਰਵਾਨ ਪਰਬੰਧਕਾਂ ਨੇ ਕਸ਼ਮੀਰ ਸਰਕਾਰ ਦੇ ਕੁਛ ਵਜ਼ੀਰ, ਜਨਤਕ ਲੀਡਰ ਤੇ ਆਹਲਾ ਅਫ਼ਸਰ ਵੀ ਬੁਲਾਏ। ਹਰ ਇੱਕ ਨੇ ਆਪੋ ਆਪਣੇ ਖ਼ਿਆਲ ਦੱਸੇ। ਹਰ ਇੱਕ ਦਾ ਨਿਸ਼ਾਨਾ ਚੀਨ ਦੇ ਹਮਲੇ ਵੇਲੇ ਭਾਰਤ ਵਿੱਚ ਪਰਗਟ ਹੋਈ ਏਕਤਾ ਤੇ ਫ਼ੌਜਾਂ ਦੀ ਬਹਾਦਰੀ ਦੀ ਸਲਾਹੁਤਾ ਕਰਨਾ ਸੀ।
ਪਤਵੰਤੇ ਲੀਡਰ ਤੇ ਸਰਕਾਰੀ ਕਰਮਚਾਰੀ ਆਪੋ-ਆਪਣੇ ਖ਼ਿਆਲ ਦੱਸ ਕੇ ਚਲੇ ਗਏ। ਪਿੱਛੇ ਹੋਰ ਬੋਲਣ ਵਾਲਿਆਂ ਦੀ ਵਾਰੀ ਆਈ। ਸਕੂਲ ਦੀਆਂ ਵਿਦਿਆਰਥਣਾਂ ਨੇ ਇੱਕ ਮੰਗਲ-ਮਈ ਸ਼ਬਦ ਪੜ੍ਹਿਆ। ਫਿਰ ਸਟੇਜ ਸੈਕਟਰੀ ਨੇ ਅਗਲਾ ਪ੍ਰੋਗਰਾਮ ਦੱਸਦਿਆਂ ਕਿਹਾ, "ਸਾਧ ਸੰਗਤ। ਹੁਣ ਇੱਕ ਫ਼ੌਜੀ ਜਵਾਨ ਨਾਇਕ ਪਿਆਰਾ ਸਿੰਘ ਆਪਣੀ ਕਵਿਤਾ ਪੜ੍ਹੇਗਾ। ਉਸ ਤੋਂ ਪਿੱਛੋਂ ਪੰਥ ਦੇ ਪਰਸਿੱਧ ਪਰਚਾਰਕ ਗਿਆਨੀ ਸਾਧੂ ਸਿੰਘ ਜੀ ਆਪਣੇ ਵਿਚਾਰ ਪੇਸ਼ ਕਰਨਗੇ। ਗਿਆਨੀ ਜੀ ਦੀ ਜਾਣ-ਪਛਾਣ ਕਰਾਉਣ ਦੀ ਮੈਂ ਵਧੇਰੇ ਲੋੜ ਨਹੀਂ ਸਮਝਦਾ। ਹੁਣ ਸ. ਪਿਆਰਾ ਸਿੰਘ ਜੀ।"
ਪੰਜਾਬ ਦਾ ਜੰਮਿਆ ਉੱਚਾ ਲੰਮਾ ਸੁਨੱਖਾ ਗੱਭਰੂ, ਫ਼ੌਜੀ ਵਰਦੀ ਵਿੱਚ ਸਜਿਆ, ਮਾਈਕ ਦੇ ਸਾਮ੍ਹਣੇ ਆ ਖਲੋਤਾ। ਸੰਗਤ ਨੂੰ ਫਤਹਿ ਬੁਲਾ ਕੇ ਉਹਨੇ ਸ਼ੁਰੂ ਕੀਤਾ "ਮੇਰੀ ਛੋਟੀ ਜਿਹੀ ਕਵਿਤਾ, ਗੁਰੂ ਮਹਾਰਾਜ ਦੇ ਜੀਵਨ ਉੱਤੇ, ਇੱਕ ਝਾਤ ਵਜੋਂ ਹੈ। ਲਿਖਿਆ ਹੈ :-
"ਜਦ ਭੀੜ ਬਣੀ ਸੀ ਦੇਸ਼ 'ਤੇ
ਏਥੇ ਸੀ ਇਕਤਰਫਾ ਰਾਜ।
ਏਥੇ ਜ਼ੁਲਮ ਜਬਰ ਦਾ ਜ਼ੋਰ ਸੀ
ਅਤੇ ਮੂੰਹ ਲੁਕਾਵੇ ਲਾਜ।
ਤਦ ਪਿੜ ਵਿੱਚ ਝੰਡਾ ਗੱਡਿਆ
ਗੁਰੂ ਗੋਬਿੰਦ ਸਿੰਘ ਮਹਾਰਾਜ।
ਉਹਦੀ ਡਾਢਿਆਂ ਨਾਲ ਅਜੋੜ ਸੀ
ਅਤੇ ਮਾੜਿਆਂ ਨਾਲ ਲਿਹਾਜ।
ਦੇ ਗੁੜ੍ਹਤੀ ਖੰਡੇਧਾਰ ਦੀ
ਉਸ ਦਿੱਤਾ ਬਦਲ ਸਮਾਜ।
ਉਸ ਗਿੱਦੜ ਸ਼ੇਰ ਬਣਾ ਦਿੱਤੇ
ਅਤੇ ਚਿੜੀਆਂ ਤਾਈਂ ਬਾਜ।
ਕਰ ਮਾਲਾ ਖੰਡਾ ਇੱਕ ਥਾਂ
ਉਸ ਦਿੱਤਾ ਬਦਲ ਰਵਾਜ।
ਉਸ ਹੱਥੀਂ ਧਨੁਖ ਉਠਾ ਲਿਆ
ਸੀ ਜ਼ੁਲਮ ਦਾ ਇਹੋ ਇਲਾਜ।
ਉਹ ਲੱਖਾਂ ਸੰਗ ਟਕਰਾ ਗਿਆ
'ਗੁਰੂ ਫਤਹਿ' ਦੀ ਦੇ ਆਵਾਜ਼।
ਉਸ ਮੌਤ ਵਿਆਹੁਣ ਵਾਸਤੇ
ਪੁੱਤਰਾਂ ਦਾ ਰਚਿਆ ਕਾਜ।
ਦੋ ਜੂਝੇ ਵਿੱਚ ਚਮਕੌਰ ਦੇ
ਰੱਖ ਲਈ ਧਰਮ ਦੀ ਲਾਜ।
ਦੋ ਵਿੱਚ ਖੂਨੀ ਸਰਹਿੰਦ ਦੇ
ਗਏ ਨੀਹਾਂ ਵਿੱਚ ਬਿਰਾਜ।
ਗੁਰੂ ਦੇ ਕੁਰਬਾਨੀ ਬੰਸ ਦੀ
ਗਿਆ ਪੰਥ ਸ਼ਹੀਦਾਂ ਸਾਜ।
ਜੋ ਮਾਨਣ ਮਰਨ 'ਪਿਆਰਿਆ'
ਸਿਰ ਉਹਨਾਂ ਸੁਹੰਦੇ ਤਾਜ।
ਓ, ਜੱਟਾ ਪਿਆਰਿਆ-ਆ।"
ਮਨਮੋਹਣੀ ਜਵਾਨੀ ਤੇ ਸੁੰਦਰ ਆਵਾਜ਼। ਸਾਰੀ ਸੰਗਤ ਆਨੰਦ ਵਿੱਚ ਭੂਮ ਉਠੀ। ਪਿਆਰਾ ਸਿੰਘ ਲੰਮੀ ਹੇਕ ਵਿੱਚ ਸੁਰ ਖ਼ਤਮ ਕਰਕੇ ਬਹਿ ਗਿਆ। ਸਾਮ੍ਹਣਿਓਂ ਸੰਗਤ ਵਿੱਚੋਂ ਇਕੇ ਵਾਰ ਕੋਈ ਵਾਜਾਂ ਆਈਆਂ :
"ਸ਼ਹੀਦ ਕੇਵਲ ਸਿੰਘ ਦੀ ਵਾਰ।"
"ਨੀਫਾ ਦੇ ਸ਼ਹੀਦ ਕੇਵਲ ਸਿੰਘ ਦੀ।"
"ਸਕੱਤਰ ਸਾਹਿਬ। ਇਹਨੂੰ ਪੰਜ ਮਿੰਟ ਹੋਰ ਸਿਰਫ਼ ਪੰਜ ਮਿੰਟ।"
"ਸਾਰੀ ਸੰਗਤ ਦੀ ਮੰਗ ਏ ਜੀ! ਪੰਜ ਮਿੰਟ ਹੋਰ।"
ਸਟੇਜ ਸਕੱਤਰ ਨੇ ਸੱਜਾ ਹੱਥ ਖਲਾ ਕਰਕੇ ਸੰਗਤ ਨੂੰ ਚੁੱਪ ਕਰਾਉਂਦਿਆਂ ਕਿਹਾ, "ਸੰਗਤ ਦਾ ਹੁਕਮ ਹੈ, ਤਾਂ ਅਸੀਂ ਸੰਗਤ ਦੀ ਖ਼ੁਸ਼ੀ ਵਾਸਤੇ ਹੀ ਸਭ ਕੁਝ ਕਰ ਰਹੇ ਹਾਂ। ਮੈਂ ਸ. ਪਿਆਰਾ ਸਿੰਘ ਪਾਸ ਬੇਨਤੀ ਕਰਾਂਗਾ, ਕਿ ਉਹ ਸ਼ਹੀਦ ਕੇਵਲ ਸਿੰਘ ਦੀ ਵਾਰ ਸੁਨਾਉਣ। ਸਿਰਫ਼ ਪੰਜ ਮਿੰਟ।"
ਪਿਆਰਾ ਸਿੰਘ ਫੇਰ ਉਠ ਕੇ ਖਲੋ ਗਿਆ। ਉਹਦੀ ਛਾਤੀ ਮਾਣ ਨਾਲ ਭਰ ਗਈ। ਸਟੇਜ ਉੱਤੇ ਬੋਲਣ ਦਾ ਇੱਕ ਨਵੇਕਲਾ ਹੀ ਨਸ਼ਾ ਹੁੰਦਾ ਹੈ, ਜਿਸ ਨੂੰ ਉਹ ਮਹਿਸੂਸ ਕਰ ਰਿਹਾ ਸੀ। ਉਹਨੇ ਫਤਹਿ ਬੁਲਾ ਕੇ ਕਿਹਾ, "ਵੀਹ ਇੱਕੀ ਸਾਲ ਦਾ ਜਵਾਨ ਸਿਪਾਹੀ ਕੇਵਲ ਸਿੰਘ, ਪਿੰਡ ਕੋਟਲੀ ਥਾਨ ਸਿੰਘ, ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਸੀ। ਨੀਫ਼ਾ ਵਿੱਚ ਉਹ 'ਵਾਲੋਂਗ ਦੀ ਚੌਂਕੀ 'ਤੇ ਸ਼ਹੀਦ ਹੋਇਆ। ਉਹਦੇ ਸਾਥੀ ਸ਼ਹੀਦ ਹੋ ਗਏ, ਤੇ ਕੋਲੋਂ ਗੋਲੀ ਸਿੱਕਾ ਵੀ ਮੁੱਕ ਗਿਆ। ਅੱਠ ਚੀਨੇ ਉਸ ਜਵਾਨ ਨੇ ਬੰਦੂਕ ਨਾਲ ਕੁੱਟ-ਕੁੱਟ ਕੇ ਹੀ ਮਾਰ ਦਿੱਤੇ। ਸਰਕਾਰ ਵੱਲੋਂ ਉਸਨੂੰ 'ਮਹਾਂਵੀਰ ਚੱਕਰ' ਮਿਲਿਆ ਹੈ। ਵੈਰੀਆਂ ਨੂੰ ਅੱਗੇ ਵਧਦੇ ਵੇਖ ਕੇ ਉਹ ਸਾਥੀਆਂ ਨੂੰ ਲਲਕਾਰ ਕੇ ਇਉਂ ਕਹਿੰਦਾ ਹੈ :-
"ਮੈਂ ਦੁਆਬੇ ਜੰਮਿਆਂ
ਜੋ ਜੋਧਿਆਂ ਦਾ ਅਸਥਾਨ
ਜਿੱਥੇ ਬਬਰਾਂ ਬੀਰ ਬਹਾਦਰਾਂ
ਵਾਰੀ ਦੇਸ ਲਈ ਜਿੰਦ ਜਾਨ
ਜਿੱਥੇ ਭਗਤ ਸਿੰਘ ਜਹੇ ਖੇਡ ਗਏ
ਢਾਡੀ ਵਾਰਾਂ ਜਿਨ੍ਹਾਂ ਦੀਆਂ ਗਾਣ
ਜਿਹੜੇ ਮੌਤ ਵਿਹਾਝਣ ਜਾਣਦੇ
ਅਸੀਂ ਉਹਨਾਂ ਦੀ ਸੰਤਾਨ
ਅਸੀਂ ਸਿਰ ਦੇਣੋਂ ਨਾ ਸੰਗਦੇ
ਪਰ ਅਣਖ ਨਾ ਦੇਈਏ ਜਾਣ
ਅੱਜ ਨੀਫ਼ਾ ਦੀ ਸਰਹੱਦ 'ਤੇ
ਜੋ ਵੈਰੀ ਉਤਰੇ ਆਣ
ਉਹਨਾਂ ਸੁੱਤੇ ਸ਼ੇਰ ਵੰਗਾਰ ਲਏ
ਪਰ ਬਚ ਕੇ ਹੁਣ ਨਾ ਜਾਣ
ਹੋ ਜੋ ਤਕੜੇ ਮੇਰੇ ਹਾਣੀਓਂ।
ਹੋਈਏ ਦੇਸ ਲਈ ਕੁਰਬਾਨ
ਇਹ ਕਹਿ ਲਲਕਾਰਾ ਮਾਰਿਆ
ਜਦ ਕੇਵਲ ਸਿੰਘ ਬਲਵਾਨ
ਉਹਦੇ ਸਾਥੀ ਸਿਰਲੱਥ ਸੂਰਮੇ
ਲੱਗ ਗੋਲੀਆਂ ਦਾ ਮੀਂਹ ਬਰਸਾਨ
ਉਹ ਹਿੱਕਾਂ ਅੰਦਰ ਮਾਰਦੇ
ਅਤੇ ਛਾਤੀਆਂ ਦੇ ਵਿੱਚ ਖਾਣ
ਉਹ ਪੂਰ ਖਪਾ ਕੇ ਵੈਰੀਆਂ
ਫਿਰ ਆਪਣੀ ਵਾਰਨ ਜਾਨ
ਬਾਕੀ ਸਾਰੇ ਸ਼ਹੀਦੀਆਂ ਪਾ ਗਏ
ਕੱਲ੍ਹਾ ਰਹਿ ਗਿਆ ਮਰਦ ਜਵਾਨ
ਸਿੰਘ ਕੱਲ੍ਹਾ ਸਵਾ ਲੱਖ ਸੂਰਮਾ
ਗੁਰੂ ਦਸਵੇਂ ਦਾ ਫ਼ਰਮਾਨ
ਜਦ ਗੋਲੀ ਸਿੱਕਾ ਮੁੱਕਿਆ
ਉਸ ਲਈ ਸੰਗੀਨ ਸੀ ਤਾਨ
ਉਹ ਵੈਰੀ ਉੱਤੇ ਜਾ ਪਿਆ
ਉਸ ਢਾਹ ਲਏ ਅੱਠ ਜਵਾਨ
ਫਿਰ ਦੂਰ ਖਲੋਤੇ ਵੈਰੀਆਂ
ਲਏ ਉਸ ਵੱਲ ਸੇਧ ਨਸ਼ਾਨ
ਉਹਦੀ ਛਾਤੀ ਹੋ ਗਈ ਛਾਨਣੀ
ਮੂੰਹ ਪਰਨੇ ਡਿੱਗਾ ਆਣ
ਇਉਂ ਮਰਦ ਸ਼ਹੀਦੀ ਪਾ ਗਿਆ
ਪਿੱਛੋਂ ਗੱਲਾਂ ਕਰੇ ਜਹਾਨ
ਓ, ਕਰਮਾਂ ਵਾਲਿਆ-ਆ।"
ਸੱਜੀ ਬਾਂਹ ਖਲੀ ਕਰਕੇ ਬੜੀ ਅਦਾ ਨਾਲ ਪਿਛਾਂਹ ਨੂੰ ਘੁੰਮ ਕੇ ਪਿਆਰਾ ਸਿੰਘ ਆਪਣੀ ਥਾਂ 'ਤੇ ਬਹਿ ਗਿਆ। ਸੈਕਟਰੀ ਉਠ ਕੇ ਮਾਈਕ ਦੇ ਸਾਮ੍ਹਣੇ ਆ ਖਲਾ।
"ਠੀਕ ਹੀ ਦੇਸ਼ ਖ਼ਾਤਰ ਸ਼ਹੀਦ ਹੋਣ ਵਾਲਿਆਂ ਦੀਆਂ ਗੱਲਾਂ ਦੁਨੀਆ ਦੇਰ ਤੱਕ ਕਰਿਆ ਕਰਦੀ ਹੈ।" ਸਟੇਜ ਸਕੱਤਰ ਨੇ ਪਿਆਰਾ ਸਿੰਘ ਦੇ ਕਥਨ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ। ਕਿਸੇ ਉਰਦੂ ਦੇ ਸ਼ਾਇਰ ਦਾ ਕਥਨ ਹੈ
'ਸ਼ਹੀਦੋਂ ਕੀ ਚਿਤਾਓਂ ਪੇਹਿ ਲਗੇਂਗੇ ਹਰ ਬਰਸ ਮੇਲੇ,
ਵਤਨ ਪੇਹਿ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।"
ਸੋ ਅੱਜ ਦੇ ਸ਼ਹੀਦਾਂ ਨੂੰ ਵੀ ਕੌਮ ਭੁਲਾਵੇਗੀ ਨਹੀਂ। ਮੈਂ ਆਪ ਜੀ ਦੇ ਤੇ ਗਿਆਨੀ ਜੀ ਦੇ ਦਰਮਿਆਨ ਵਧੇਰੇ ਚਿਰ ਖਲੋਣਾ ਨਹੀਂ ਚਾਹੁੰਦਾ। ਹੁਣ ਗਿਆਨੀ
ਜੀ ਦਰਸ਼ਨ ਦੇਣਗੇ।"
ਗਿਆਨੀ ਸਾਧੂ ਸਿੰਘ-ਪੰਜਤਾਲੀ ਕੁ ਸਾਲ ਦੀ ਉਮਰ-ਚੰਗੇ ਦਰਸ਼ਨੀ ਸਿੱਖ ਸਨ। ਸੁੰਦਰ ਸਿੱਧਾ ਦਾਹੜਾ, ਭਰਵਾਂ ਚਿਹਰਾ, ਭਰਵਾਂ ਸਰੀਰ, ਦਰਮਿਆਨਾ ਕੱਦ, ਸਫੈਦ ਦਸਤਾਰ, ਹਲਕੀ ਅਸਮਾਨੀ ਰੰਗ ਦੀ ਐਚਕਨ, ਲਗਭਗ ਮਿਲਵੇਂ ਜੁਲਵੇਂ ਰੰਗ ਦਾ ਗਰਮ ਰੇਬ ਪਜਾਮਾ। ਹਰ ਪੱਖ ਤੋਂ ਪ੍ਰਭਾਵਸ਼ਾਲੀ ਸਨ। ਉਹਨਾਂ ਮਾਇਕ ਦੇ ਸਾਮ੍ਹਣੇ ਹੱਥ ਜੋੜ ਕੇ ਪਹਿਲਾਂ ਮੂਲ ਮੰਤ੍ਰ ਦਾ ਪਾਠ ਕੀਤਾ ਤੇ ਫਿਰ ਸੰਗਤ ਵੱਲ ਧਿਆਨ ਦੇਂਦਿਆਂ ਫ਼ਤਹਿ ਬੁਲਾਈ।
ਸੰਗਤ ਵਿੱਚੋਂ ਬਹੁਤ ਥੋੜੇ ਸੱਜਣਾਂ ਨੇ ਫ਼ਤਹਿ ਦਾ ਜਵਾਬ ਦਿੱਤਾ। ਗਿਆਨੀ ਜੀ ਨੇ ਪਰਚਾਰਕਾਂ ਵਾਲੀ ਅਦਾ ਨਾਲ ਦੋ ਮਿੰਟ ਲਾ ਕੇ 'ਫ਼ਤਹਿ' ਦੀ ਵਿਆਖਿਆ ਕੀਤੀ, ਤੇ ਫੇਰ ਜ਼ਰਾ ਉੱਚੀ ਸੁਰ ਵਿਚ ਲਲਕਾਰ ਕੇ ਫ਼ਤਹਿ ਬੁਲਾਈ। ਇਸ ਵਾਰ ਸੰਗਤ ਵਿੱਚੋਂ ਵੀ ਫ਼ਤਹਿ ਦੀ ਭਰਵੀਂ ਮੋੜਵੀਂ ਅਵਾਜ਼ ਆਈ। ਸਾਰਾ ਪੰਡਾਲ ਗੂੰਜ ਉਠਿਆ। ਪਿਛਲੇ ਪਾਸੇ ਇੱਕ ਦੋ ਲਾਡਲੀਆਂ ਫ਼ੌਜਾਂ ਵੀ ਆ ਬੈਠੀਆਂ ਸਨ। ਉਹਨਾਂ ਦੀ 'ਫ਼ਤਹਿ' ਦੀ ਲੰਮੀ ਹੇਕ ਬਾਕੀ ਸੰਗਤ ਨਾਲੋਂ ਪਿੱਛੋਂ ਵੀ ਵਾਹਵਾ ਚਿਰ ਗੂੰਜਦੀ ਰਹੀ। ਲਾਗੇ ਬੈਠੇ ਸਰੋਤਿਆਂ ਦਾ ਧਿਆਨ ਉਹਨਾਂ ਵੱਲ ਚਲਿਆ ਗਿਆ। ਕੁਛ ਮਨਚਲੇ ਗੱਭਰੂ ਉਹਨਾਂ ਦੇ ਅਨੋਖੇ 'ਦੀਦਾਰਿਆਂ' ਉੱਤੇ ਮੋਹਤ ਹੋਏ ਮੁਸਕੜੀਆਂ 'ਚ ਹੱਸੀ ਜਾ ਰਹੇ ਸਨ।
ਸੰਗਤ ਵਿੱਚ ਜ਼ਰਾ ਅਮਨ ਹੋਇਆ ਤਾਂ ਗਿਆਨੀ ਹੋਰਾਂ ਲੈਕਚਰ ਸ਼ੁਰੂ ਕੀਤਾ। ਉਹ ਆਪਣੇ ਹੁਨਰ ਦੇ ਕਾਫ਼ੀ ਸਿਆਣੇ ਸਨ। ਪਹਿਲਾਂ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ, ਸਮਾਜਕ ਤੇ ਰਾਜਸੀ ਵਿਚਾਰਾਂ ਬਾਰੇ ਕੁਛ ਮਿੰਟ ਕਿਹਾ। ਅੰਤ, ਦੇਹ ਸਿਵਾ ਬਰ ਮੋਹਿ ਇਹੈ ਦੀ ਵਿਆਖਿਆ ਕਰਦੇ ਹੋਏ ਉਹ ਚੀਨ ਨਾਲ ਹੋਈ ਲੜਾਈ ਵੱਲ ਆ ਗਏ।
"ਸਾਧ ਸੰਗਤ! ਤੁਸਾਂ ਫ਼ੌਜੀ ਜਵਾਨ ਸ. ਪਿਆਰਾ ਸਿੰਘ ਕੋਲੋਂ ਸ਼ਹੀਦ ਕੇਵਲ ਸਿੰਘ ਦੀ ਵਾਰ ਸੁਣੀ ਹੈ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਜ਼ਿੰਦਗੀ ਹੁੰਦੇ ਹਨ। ਠੀਕ ਕਿਸੇ ਨੇ ਕਿਹਾ ਹੈ ਕਿ : ਸ਼ਹੀਦ ਕੀ ਜੋ ਮੌਤ ਹੈ, ਵੁਹ ਕੌਮ ਕੀ ਹੱਯਾਤ ਹੈ। ਕੁਛ ਮਰ-ਜੀਉੜੇ ਕੌਮ ਦੀ ਖ਼ਾਤਰ ਮਰਨ ਵਾਸਤੇ ਹੀ ਜਿਊਂਦੇ ਹਨ। ਚੜ੍ਹਦੀ ਜਵਾਨੀ, ਸੁੰਦਰ ਗੱਭਰੂ, ਕੇਵਲ ਸਿੰਘ ਕੋਲੋਂ ਦਾਰੂ ਸਿੱਕਾ ਮੁੱਕ ਗਿਆ। ਫੇਰ ਵੀ ਮਰਦ ਨੇ ਹੌਸਲਾ ਨਹੀਂ ਹਾਰਿਆ। ਸੰਗੀਨ ਤਾਣ ਕੇ ਹੀ ਉਹ ਵੈਰੀ ਦੇ ਟਿੱਡੀ ਦਲ ਉੱਤੇ ਟੁੱਟ ਪਿਆ। ਸਰਕਾਰੀ ਰੀਪੋਰਟ ਹੈ ਕਿ ਅੱਠ ਚੀਨੇ ਸਿਪਾਹੀ ਉਹਨੇ ਡਾਂਗ ਵਾਂਗ ਬੰਦੂਕ ਨਾਲ ਕੁੱਟ-ਕੁੱਟ ਕੇ ਹੀ ਮਾਰ ਦਿੱਤੇ। ਵੈਰੀ ਦਲ ਵਿੱਚ ਭਾਜੜ ਪੈ
ਗਈ। ਦੂਰ ਖਲੋਤੇ ਵੈਰੀਆਂ ਨੇ ਚਾਂਦ ਮਾਰੀ ਵਾਂਗ ਓਸੇ ਉੱਤੇ ਗੋਲੀਆਂ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ। ਗੱਭਰੂ ਦਾ ਸਾਰਾ ਸਰੀਰ ਛਾਨਣੀ ਵਾਂਗ ਛੇਕੋ ਛੇਕ ਹੋ ਗਿਆ। ਅੰਤ ਡਿੱਗਾ ਵੀ ਤਾਂ ਸੂਰਮਾ ਮੂੰਹ ਭਾਰ ਡਿੱਗਾ। ਸ਼ਹੀਦ ਹੋ ਕੇ ਵੀ ਮਰਦ ਨੇ ਵੈਰੀ ਵੱਲ ਕੰਡ ਨਹੀਂ ਕੀਤੀ। ਇਉਂ ਸਮਝੋ, ਕਿ ਕੇਵਲ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਦੀ ਕੁਰਬਾਨੀ ਦੀ ਯਾਦ ਤਾਜ਼ਾ ਕਰ ਗਿਆ।
"ਦੂਸਰਾ ਵਰਣਨਯੋਗ ਨਾਮ ਸੂਬੇਦਾਰ ਜੋਗਿੰਦਰ ਸਿੰਘ ਦਾ ਹੈ। ਉਹ ਪਿੰਡ ਮਾਹਲ ਕਲਾਂ, ਜ਼ਿਲ੍ਹਾ ਫ਼ੀਰੋਜ਼ਪੁਰ ਦਾ ਸੀ। ਉਹ ਨੀਫ਼ਾ ਵਿਚ 'ਤਵਾਂਗ' ਦੇ ਮੋਰਚੇ 'ਤੇ ਲੜ ਰਿਹਾ ਸੀ। ਇਹ ਤਾਂ ਤੁਸੀਂ ਜਾਣਦੇ ਹੀ ਹੋ, ਕਿ ਭਾਰਤ ਏਸ ਲੜਾਈ ਵਾਸਤੇ ਤਿਆਰ ਨਹੀਂ ਸੀ। ਜਾਂ ਇਉਂ ਕਹੋ, ਕਿ ਲੜਾਈ ਅਚਨਚੇਤ ਸਾਡੇ ਸਿਰ ਆਣ ਪਈ। ਸਾਡੀ ਸਰਹੱਦ ਉੱਤੇ ਬੜੀ ਥੋੜੀ ਫ਼ੌਜ ਸੀ। ਬੱਸ ਮਸਾਂ ਅੰਦਰੂਨੀ ਅਮਨ ਕਾਇਮ ਰੱਖਣ ਜੋਗੀ। ਚੀਨ ਨੇ ਆਪਣੇ ਵੱਲੋਂ ਪੂਰੀ ਤਿਆਰੀ ਨਾਲ ਹਮਲਾ ਕੀਤਾ ਸੀ। ਸਾਡੀ ਸਰਹੱਦੀ ਫ਼ੌਜ ਨਾਲੋਂ ਚੀਨੀ ਫ਼ੌਜ ਦੀ ਗਿਣਤੀ ਕਈ ਗੁਣਾ ਸੀ। ਉਹਨਾਂ ਕੋਲ ਹਥਿਆਰ ਵੀ ਸਾਡੇ ਨਾਲੋਂ ਵਧੀਆ ਆਟੋਮੈਟਿਕ ਸਨ। ਪਿੱਛੋਂ ਇਮਦਾਦੀ ਕੁਮਕ ਭੇਜਣੀ ਤੇ ਸਪਲਾਈ ਦਾ ਪ੍ਰਬੰਧ ਵੀ ਉਹਨਾਂ ਦਾ ਵਧੀਆ ਸੀ। ਇਸ ਚੌਂਕੀ 'ਤੇ ਸਾਡੇ ਪੰਜ ਸਿਪਾਹੀ ਸਨ, ਹਮਲਾ ਕਰਨ ਵਾਲੇ ਚੀਨਿਆਂ ਦੀ ਗਿਣਤੀ ਪੰਜਾਹ ਜਾਂ ਸੌ ਤੱਕ ਸੀ। ਇਸ ਤਰ੍ਹਾਂ ਭਾਰੀ ਗਿਣਤੀ ਨਾਲ ਵੈਰੀ ਨੇ 'ਤਵਾਂਗ' ਉੱਤੇ ਹਮਲਾ ਕੀਤਾ। ਸੂਬੇਦਾਰ ਜੋਗਿੰਦਰ ਸਿੰਘ ਆਪਣੇ ਮੁੱਠੀ ਭਰ ਸਿਪਾਹੀਆਂ ਸਣੇ, ਪੁਰਾਤਨ ਸਿੰਘਾਂ ਵਾਂਗ ਛਾਤੀ ਤਾਣ ਕੇ ਵੈਰੀ ਦੇ ਸਾਮ੍ਹਣੇ ਡਟ ਗਿਆ। ਕੁਛ ਸਮਾਂ ਦੋਹਾਂ ਪਾਸਿਆਂ ਤੋਂ ਮੀਂਹ ਵਾਂਗ ਗੋਲੀ ਵਰ੍ਹੀ। ਅੱਧੇ ਕੁ ਸਾਥੀ ਜੋਗਿੰਦਰ ਸਿੰਘ ਦੇ ਸ਼ਹੀਦੀ ਪ੍ਰਾਪਤ ਕਰ ਗਏ। ਉਸ ਤੋਂ ਪੰਜ-ਸੱਤ ਗੁਣਾ ਵਧੇਰੇ ਦੁਸ਼ਮਣ ਮਾਰੇ ਗਏ। ਐਨ ਉਸੇ ਵੇਲੇ ਵੈਰੀ ਦੀ ਗੋਲੀ ਸੂਬੇਦਾਰ ਜੋਗਿੰਦਰ ਸਿੰਘ ਦੇ ਪੱਟ ਵਿੱਚ ਦੀ ਨਿਕਲ ਗਈ। ਫੁੱਟ ਕਾਫ਼ੀ ਮਾਰੂ ਸੀ। ਸਿਪਾਹੀਆਂ ਨੇ ਜ਼ੋਰ ਦਿੱਤਾ, ਕਿ ਉਹ ਸੂਬੇਦਾਰ ਨੂੰ ਚੁੱਕ ਕੇ ਪਿੱਛੇ ਸੁਰੱਖਿਅਤ ਥਾਂ 'ਤੇ ਲੈ ਜਾਂਦੇ ਹਨ। ਅੱਗੋਂ ਸੂਬੇਦਾਰ ਨੇ ਮੱਥੇ 'ਤੇ ਤਿਉੜੀ ਪਾ ਕੇ ਕਿਹਾ, ਤੁਸਾਂ ਪੁਰਾਤਨ ਸਿੰਘਾਂ ਦਾ ਇਤਿਹਾਸ ਨਹੀਂ ਪੜ੍ਹਿਆ? ਛੋਟੇ ਘੱਲੂਘਾਰੇ ਵਿੱਚ ਵੈਰੀ ਦੀ ਤੋਪ ਦਾ ਗੋਲਾ ਵੱਜ ਕੇ ਸ. ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਦੀ ਲੱਤ ਟੁੱਟ ਗਈ ਸੀ। ਉਹਨੇ ਪਰਨੇ ਨਾਲ ਘੁੱਟ ਕੇ ਲੱਤ ਬੰਨ੍ਹ ਲਈ, ਤੇ ਕਈ ਮਹੀਨੇ ਓਸੇ ਤਰ੍ਹਾਂ ਲੜਦਾ ਰਿਹਾ। ਆਪਾਂ ਵੀ ਤਾਂ ਉਹਨਾਂ ਯੋਧਿਆਂ ਦੀ ਹੀ ਔਲਾਦ ਹਾਂ। ਏਸ ਫੁੱਟ ਦੇ ਕਾਰਨ ਮੈਂ ਆਪਣੇ ਜਵਾਨਾਂ ਨੂੰ ਛੱਡ ਕੇ ਪਿੱਛੇ ਨੱਸ ਜਾਵਾਂ? ਇਹ ਨਹੀਂ ਹੋ ਸਕਦਾ। ਤਕੜੇ ਹੋ ਕੇ ਵੈਰੀ ਉੱਤੇ ਹਮਲਾ ਕਰੋ। ਇਹ ਸੀ ਬਹਾਦਰੀ। ਸੂਬੇਦਾਰ
ਨੇ ਆਪ ਮਸ਼ੀਨ ਗੰਨ ਸੰਭਾਲ ਲਈ, ਤੇ ਸਾਥੀਆਂ ਨੂੰ ਲਲਕਾਰ ਕੇ ਸ਼ੇਰਵਾਈ ਹੱਲਾ ਬੋਲ ਦਿੱਤਾ। ਬੜੀ ਲਹੂ ਡੋਲ੍ਹਵੀਂ ਲੜਾਈ ਹੋਈ। ਕਈਆਂ ਨੂੰ ਜਮਲੋਕ ਪੁਚਾ ਕੇ ਸੂਬੇਦਾਰ ਜੋਗਿੰਦਰ ਸਿੰਘ ਮੂੰਹ ਭਾਰ ਜਾ ਪਿਆ। ਉਹਦਾ ਸਾਰਾ ਸਰੀਰ ਗੋਲੀਆਂ ਨਾਲ ਵਿਧਾ ਪਿਆ ਸੀ। ਉਹਦੇ ਸਾਥੀ ਵੀ ਮਰਦਾਂ ਵਾਂਗ ਲੜ ਕੇ ਸ਼ਹੀਦ ਹੋ ਗਏ। ਭਰੋਸੇ ਯੋਗ ਖ਼ਬਰਾਂ ਤੋਂ ਪਤਾ ਲੱਗਾ ਹੈ, ਕਿ ਚੀਨੀ ਸਿਪਾਹੀਆਂ ਨੇ ਅੱਧ-ਬੇਹੋਸ਼ ਪਏ ਸਹਿਕਦੇ ਸੂਬੇਦਾਰ ਨੂੰ ਫੜਿਆ। ਸਿਰਫ਼ ਉਹਦੀ ਛਾਤੀ ਵਿੱਚ ਸਾਹ ਅੜੇ ਹੋਏ ਸਨ। ਲੱਤਾਂ ਬਾਹਾਂ ਗੋਲੀਆਂ ਨਾਲ ਚੂਰ ਹੋ ਚੁੱਕੀਆਂ ਸਨ। ਚੀਨੀ ਅਫ਼ਸਰ ਦੇ ਇਸ਼ਾਰੇ ਨਾਲ ਦੁਭਾਸ਼ੀਏ ਨੇ ਪੁੱਛਿਆ, "ਸੁਣਾਓ ਸੂਬੇਦਾਰ! ਫਿਰ ਵੀ ਹਮਾਰੇ ਸਾਥ ਲੜੇਗਾ ?" ਅੱਗੋਂ ਸੂਬੇਦਾਰ ਨੇ ਸਾਰੀ ਸ਼ਕਤੀ ਇਕੱਠੀ ਕਰਕੇ ਬੜੇ ਰੁਹਬ ਨਾਲ ਕਿਹਾ, "ਕੀ ਤੁਸੀਂ ਸਮਝਦੇ ਹੋ, ਕਿ ਅਹਿਨਾਂ ਜ਼ਖ਼ਮਾਂ ਨਾਲ ਮੇਰੀ ਸੂਰਮਤਾਈ ਵਿੱਚ ਕੁਛ ਫ਼ਰਕ ਆ ਗਿਆ ਏ ? ਇਕ ਵਾਰ ਨਹੀਂ, ਹਜ਼ਾਰ ਵਾਰ ਜਨਮ ਧਾਰ ਕੇ ਵੀ ਮੈਂ ਦੇਸ਼ ਦੇ ਵੈਰੀਆਂ ਨਾਲ ਲੜਦਾ ਰਹਾਂਗਾ। ਇਕ ਤੁਸੀਂ ਹੀ ਨਹੀਂ, ਤੁਹਾਡੇ ਵਾਂਗ ਕੋਈ ਵੀ ਮੇਰੇ ਦੇਸ਼ 'ਤੇ ਹਮਲਾ ਕਰੇਗਾ, ਤਾਂ ਮੈਂ ਏਹਾ ਕਹਾਂਗਾ ਕਿ ਮੇਰਾ ਦੇਸ਼ ਆਜ਼ਾਦ ਕਰੋ। ਕੋਈ ਹੋਰ ਕੌਮ ਹੁੰਦੀ, ਤਾਂ ਸੂਬੇਦਾਰ ਜੋਗਿੰਦਰ ਸਿੰਘ ਦੇ ਇਹਨਾਂ ਸ਼ਬਦਾਂ ਦੀ ਕਦਰ ਕਰਦੀ। ਪਰ ਕਹਿੰਦੇ ਹਨ ਕਿ ਬੇਕਿਰਕ ਚੀਨੇ ਸਿਪਾਹੀਆਂ ਨੇ ਬੜੇ ਤਸੀਹੇ ਦੇ ਕੇ ਜੋਗਿੰਦਰ ਸਿੰਘ ਨੂੰ ਸ਼ਹੀਦ ਕੀਤਾ। ਉਹਦੀਆਂ ਲੱਤਾਂ ਬਾਹਾਂ ਵਿੱਚ ਸੰਗੀਨਾਂ ਖੁਭੋ ਖੁਭੋ ਕੇ ਉਹਦੇ ਲਹੂ ਦਾ ਇਕ ਇਕ ਕਤਰਾ ਚੋਇਆ ਗਿਆ ਪਰ ਆਫ਼ਰੀਨ ਉਸ ਸੂਰਮੇ ਦੇ, ਆਖ਼ਰੀ ਦਮ ਤੱਕ ਉਹ ਮੂੰਹੋਂ ਫਤਹਿ ਦੇ ਨਾਹਰੇ ਲਾਉਂਦਾ ਰਿਹਾ। ਸਰਕਾਰ ਹਿੰਦ ਨੇ ਉਹਦੀ ਕੁਰਬਾਨੀ ਦਾ ਸਤਿਕਾਰ ਕਰਦਿਆਂ ਹੋਇਆਂ ਉਸਨੂੰ ਸਭ ਤੋਂ ਵੱਡਾ ਫ਼ੌਜੀ ਸਨਮਾਨ 'ਪਰਮਵੀਰ ਚੱਕਰ' ਦਿੱਤਾ। ਏਹੋ ਜੇਹੇ ਸ਼ਹੀਦਾਂ ਦਾ ਨਾਮ ਲੈ ਕੇ ਹੀ ਕੌਮ ਜੀਵਿਆ ਕਰਦੀ ਹੈ।
"ਇਹ ਤਾਂ ਹੋਏ ਨੀਵਾ ਵਿੱਚ ਲੜਨ ਵਾਲਿਆਂ ਦੇ ਕਾਰਨਾਮੇ। ਹੁਣ ਲੱਦਾਖ਼ ਦੇ ਯੁੱਧ ਦੀ ਕਹਾਣੀ ਸੁਣੋ। ਏਧਰ ਲੜਨ ਵਾਲੀਆਂ ਫ਼ੌਜਾਂ ਵਿੱਚ ਇਕ 'ਤੇਰਾਂ ਫ਼ੀਲਡ ਰਜਮੈਂਟ' ਵੀ ਸੀ। ਉਹ ਅਜੇ ਵੀ ਓਥੇ ਹੀ ਸੀ। ਉਹ ਰਜਮੈਂਟ ਨਿਰੋਲ ਸਿੱਖਾਂ ਦੀ ਹੈ। ਰਜਮੈਂਟ ਦੇ ਗ੍ਰੰਥੀ ਬਾਬਾ ਸੰਤੋਖ ਸਿੰਘ ਜੀ ਮੇਰੇ ਮਿੱਤਰ ਹਨ। ਹੁਣੇ ਉਹਨਾਂ ਦੀ ਇਕ ਲੰਮੀ ਸਾਰੀ ਚਿੱਠੀ ਮੈਨੂੰ ਮਿਲੀ ਹੈ। ਚਿੱਠੀ ਕਾਹਦੀ, ਲੜਾਈ ਦਾ ਪੂਰਾ ਇਤਿਹਾਸ ਹੀ ਸਮਝੋ। ਪਹਿਲੀ ਗੱਲ, ਜਦੋਂ ਉਹ ਰਜਮੈਂਟ ਐਥੋਂ ਲੱਦਾਖ਼ ਵੱਲ ਤੁਰਨ ਲੱਗੀ, ਤਾਂ ਗ੍ਰੰਥੀ ਨੂੰ ਕਿਹਾ ਗਿਆ, ਕਿ ਉਹ ਚਾਹੁਣ ਤਾਂ ਨਾਲ ਨਾ ਜਾਣ। ਕਿਉਂਕਿ ਚਸੂਲ ਦੀਆਂ ਪਹਾੜੀਆਂ 'ਤੇ ਹਰ ਵੇਲੇ ਬਰਫ਼ ਜੰਮੀ ਰਹਿੰਦੀ ਹੈ। ਓਥੋਂ ਦੀ
ਠੰਡ ਵਿੱਚ ਲਹੂ ਜੰਮ ਜਾਂਦਾ ਹੈ। ਆਕਸੀਜਨ ਘੱਟ ਹੋਣ ਕਰਕੇ, ਸਾਹ ਲੈਣਾ ਔਖਾ ਹੁੰਦਾ ਹੈ। ਨਾਲੇ ਫਿਰ ਲੜਾਈ ਦਾ ਮੈਦਾਨ। ਪਤਾ ਜੇ, ਅੱਗੋਂ ਗ੍ਰੰਥੀ ਸੰਤੋਖ ਸਿੰਘ ਜੀ ਨੇ ਕੀ ਜਵਾਬ ਦਿੱਤਾ ? ਉਹਨਾਂ ਕਿਹਾ, "ਜਿੱਥੇ ਮੇਰੇ ਜਵਾਨ ਜਾਣਗੇ, ਮੈਂ ਇਹਨਾਂ ਦੇ ਨਾਲ ਜਾਵਾਂਗਾ। ਮੈਂ ਇਹਨਾਂ ਦਾ ਭਾਵ ਗੁਰੂ ਮਹਾਰਾਜ ਦਾ ਗ੍ਰੰਥੀ ਹਾਂ। ਮੇਰਾ ਧਰਮ ਜਾਨ ਨਾਲ ਪਿਆਰ ਕਰਕੇ ਪਿੱਛੇ ਰਹਿਣਾ ਨਹੀਂ।" ਮੁੱਕਦੀ ਗੱਲ, ਨਾਲ ਹੀ ਗ੍ਰੰਥੀ ਸਾਹਿਬ, ਤੇ ਨਾਲ ਹੀ ਗੁਰੂ ਮਹਾਰਾਜ ਦੀ ਦੇਹ। ਨਵੰਬਰ ਦਾ ਮਹੀਨਾ ਚਸੂਲ ਦੀ ਸਰਦੀ ਦਾ ਇਹ ਹਾਲ। ਲਿਖਿਆ ਹੈ, ਕਿ ਮੂੰਹ ਧੋਣ ਲੱਗਿਆਂ ਗਰਮ ਪਾਣੀ ਦਾ ਬੁੱਕ ਭਰ ਕੇ ਮੂੰਹ 'ਤੇ ਪਾਉਂਦੇ ਸਾਂ, ਤਾਂ ਪਾਣੀ ਦੇ ਕਤਰੇ ਬਰਫ਼ ਬਣ ਕੇ ਦਾੜ੍ਹੇ ਦੇ ਨਾਲ ਹੀ ਚੰਬੜ ਜਾਂਦੇ ਸਨ। ਉਸ ਸਰਦੀ ਦਾ ਟਾਕਰਾ ਪੰਜਾਬ ਦੇ ਜੰਮਪਲ ਜਵਾਨਾਂ ਨੇ ਕੀਤਾ। ਦੁਨੀਆ ਭਰ ਵਿੱਚ ਅੱਜ ਤੱਕ ਲੜੀਆਂ ਗਈਆਂ ਲੜਾਈਆਂ ਵਿਚੋਂ ਉਹ ਸਭ ਤੋਂ ਉੱਚੇ ਥਾਂ ਲੜੀ ਗਈ ਲੜਾਈ ਹੈ। ਹੈਰਾਨ ਕਰਨ ਵਾਲੀਆਂ ਬਿਖੜੀਆਂ ਪਹਾੜੀਆਂ ਦੇ ਉੱਤੇ ਜਵਾਨਾਂ ਨੇ ਜਾ ਕੇ ਮੋਰਚੇ ਸੰਭਾਲੇ। ਫਿਰ ਇਹ ਮੋਰਚਾ ਸਭ ਤੋਂ ਸਖ਼ਤ ਸੀ। ਚਸੂਲ ਸਾਡੇ ਹੱਥੋਂ ਚਲਾ ਜਾਂਦਾ ਤਾਂ ਸਮਝੋ, ਸਾਰਾ ਲੱਦਾਖ਼ ਗਿਆ ਸੀ। ਜਿਸ ਬਹਾਦਰੀ ਨਾਲ ਓਥੇ ਸਾਡੇ ਜਵਾਨ ਲੜੇ ਹਨ, ਇਉਂ ਸਮਝੋ, ਉਹਨਾਂ ਨਵੇਂ ਸਿਰਿਓਂ ਪੁਰਾਣੇ ਸ਼ਹੀਦਾਂ ਦੇ ਕਾਰਨਾਮੇ ਦੁਹਰਾ ਦਿੱਤੇ।
1818 ਦੀ ਗੱਲ ਹੈ। ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਸੀ। ਸਿੱਖਾਂ ਦੀ ਇਕ ਤੋਪ ਕਿਲ੍ਹੇ ਉੱਤੇ ਗੋਲੇ ਬਰਸਾ ਰਹੀ ਸੀ। ਉਹਦੇ ਗੋਲਿਆਂ ਨੇ ਕੰਧ ਵਿੱਚ ਇਕ ਦਰਾੜ ਪੈਦਾ ਕਰ ਦਿੱਤੀ। ਐਨ ਉਸੇ ਵੇਲੇ ਤੋਪ ਦਾ ਪਹੀਆ ਟੁੱਟ ਗਿਆ। ਤੋਪਚੀ ਨੇ ਅਫ਼ਸੋਸ ਵਿੱਚ ਸਿਰ ਹਿਲਾ ਕੇ ਕਿਹਾ, 'ਕਿਤੇ ਦਸ ਪੰਦਰਾਂ ਗੋਲੇ ਹੋਰ ਏਸੇ ਥਾਂ 'ਤੇ ਵੱਜ ਜਾਂਦੇ, ਤਾਂ ਕੰਧ ਵਿੱਚ ਫ਼ੌਜਾਂ ਦੇ ਲੰਘਣ ਜੋਗਾ ਪਾੜ ਪੈ ਜਾਣਾ ਸੀ, ਪਰ ਹੁਣ ਕੁਝ ਨਹੀਂ ਹੋ ਸਕਦਾ।' ਮੁਜ਼ਹਰ ਖ਼ਾਂ ਦਾ ਜਾਸੂਸ ਗ਼ੁਲਾਮ ਜੀਲਾਨੀ ਭੇਸ ਬਦਲ ਕੇ ਉਸ ਵੇਲੇ ਸਿੱਖ ਫ਼ੌਜ ਵਿੱਚ ਫਿਰ ਰਿਹਾ ਸੀ। ਉਸ ਤੋਪ ਦੀ ਕਹਾਣੀ ਉਹ ਲਿਖਦਾ ਕਹਿੰਦਾ ਹੈ ਕਿ ਇਕ ਸਿੱਖ ਜਵਾਨ ਨੇ ਤੋਪ ਦੇ ਧੁਰੇ ਹੇਠ ਮੋਢਾ ਦੇ ਕੇ ਤੋਪ ਪੱਧਰੀ ਕਰ ਦਿੱਤੀ। ਤੋਪ ਚੱਲੀ ਤੇ ਗੋਲਾ ਨਿਸ਼ਾਨੇ 'ਤੇ ਲੱਗਾ। ਕੰਧ ਵਿਚੋਂ ਕੁਝ ਪੱਥਰ ਹੇਠਾਂ ਆ ਡਿੱਗੇ। ਪਰ ਉਸ ਮੋਢੇ ਡਾਹੁਣ ਵਾਲੇ ਸਿੱਖ ਜਵਾਨ ਦਾ ਸਰੀਰ ਅੰਗ ਅੰਗ ਜੁਦਾ ਹੋ ਕੇ ਹਵਾ ਵਿੱਚ ਉੱਡ ਗਿਆ। ਉਸ ਮੋਢੇ ਦੀ ਸ਼ਹੀਦੀ ਨੇ ਮਗਰਲਿਆਂ ਵਿੱਚ ਦੂਣਾ ਜੋਸ਼ ਭਰ ਦਿੱਤਾ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਦੂਜੇ ਜਵਾਨ ਨੇ ਧੁਰੇ ਹੇਠ ਮੋਢਾ ਆ ਡਾਹਿਆ। ਗੁਲਾਮ ਜੀਲਾਨੀ ਲਿਖਦਾ ਹੈ, ਕਿ ਇਕ ਤੋਂ ਪਿੱਛੋਂ ਦੂਜਾ
ਸ਼ਹੀਦ ਹੋਣ ਵਾਲਾ ਦੂਣੇ ਚੋਣੇ ਚਾਅ ਨਾਲ ਮੌਤ ਨੂੰ ਗੱਲਵਕੜੀ ਪਾਉਣ ਵਾਸਤੇ ਅੱਗੇ ਵਧਦਾ ਸੀ। ਦਸ ਬਾਰਾਂ ਸਿੰਘ ਏਸ ਤਰ੍ਹਾਂ ਸ਼ਹੀਦ ਹੋ ਗਏ, ਪਰ ਮੁਲਤਾਨ ਦਾ ਕਿਲ੍ਹਾ ਫਤਹਿ ਕਰ ਲਿਆ। ਇਹ ਹੋ ਕਰਾਮਾਤ ਜੂਝ ਮਰਨ ਦੀ ਜੋ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਵਿੱਚ ਪੈਦਾ ਕੀਤੀ ਸੀ। ਕੌਮ ਦੀ ਖ਼ਾਤਰ ਕੁਰਬਾਨ ਹੋਣ ਵਾਸਤੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰਨਾ। ਇਹੋ ਜਿਹੀ ਕੁਰਬਾਨੀ 13 ਫ਼ੀਲਡ ਰਜਮੈਂਟ ਦੇ ਜਵਾਨਾਂ ਨੇ ਲੱਦਾਖ਼ ਵਿੱਚ ਕਰ ਵਿਖਾਈ। ਚਸੂਲ ਦੇ ਸਾਮ੍ਹਣੇ 'ਕਾਲੀ ਪਹਾੜੀ ਲੱਗ ਭੱਗ ਦੇ ਫਰਲਾਂਗ ਉੱਚੀ ਹੈ। ਉਸਨੂੰ ਬਰਫ਼ੀਲੀ ਪਹਾੜੀ ਵੀ ਕਹਿੰਦੇ ਹਨ, ਜਿੱਥੇ ਹਰ ਵੇਲੇ ਬਰਫ਼ ਜੰਮੀ ਰਹਿੰਦੀ ਹੈ। ਉਸ ਪਹਾੜੀ ਉੱਤੇ ਸਾਡੀ ਪਿਕਟ ਸੀ ਜੋ ਪਿੱਛੇ ਤੋਪਖ਼ਾਨੇ ਨੂੰ ਸੋਧ ਦੇਂਦੀ ਸੀ ਕਿ ਉਹ ਕਿਸ ਡਿਗਰੀ ਉੱਤੇ ਗੋਲੇ ਮਾਰਨ। ਉਸ ਪਹਾੜੀ ਨੂੰ ਲੱਗ ਭੱਗ ਢਾਈ ਹਜ਼ਾਰ ਚੀਨੀ ਸੈਨਾ ਨੇ ਘੇਰ ਲਿਆ। ਉਹਨਾਂ ਪਿੱਛੋਂ ਟੈਲੀਫੂਨ ਦੀਆਂ ਤਾਰਾਂ ਵੀ ਕੱਟ ਦਿੱਤੀਆਂ। ਉਸ ਪਿਕਟ 'ਤੇ ਸਾਡੇ ਸਿਰਫ਼ ਚਾਰ ਜਵਾਨ ਸਨ। ਉਹਨਾਂ ਚੌਹਾਂ ਬਹਾਦਰਾਂ ਦੇ ਨਾਮ ਗਰੰਥੀ ਸਾਹਿਬ ਨੇ ਲਿਖੇ ਹਨ।...." ਛੇਤੀ ਛੇਤੀ ਗਿਆਨੀ ਹੋਰੀਂ ਐਚਕਨ ਦੀਆਂ ਜੇਬਾਂ ਵਿਚ ਹੱਥ ਮਾਰਨ ਲੱਗ ਪਏ। "ਉਹਨਾਂ ਦੇ ਨਾਮ ਉਹਨਾਂ ਦੇ ਨਾਮ ਹਾਂ, ਮਿਲ ਗਿਆ।" ਖੱਬੇ ਪਾਸੇ ਦੀ ਜੇਬ ਵਿੱਚੋਂ ਇਕ ਕਾਗ਼ਜ਼ ਦਾ ਪੁਰਜ਼ਾ ਮਿਲ ਗਿਆ ਤੇ ਗਿਆਨੀ ਜੀ ਦੀ ਜਾਨ ਵਿੱਚ ਜਾਨ ਆਈ। ਏਸ ਤਰ੍ਹਾਂ ਦੀ ਪਰੇਸ਼ਾਨੀ ਕੇਵਲ ਪਰਚਾਰਕ ਹੀ ਸਮਝ ਸਕਦਾ ਹੈ। "ਉਹਨਾਂ ਦੇ ਨਾਮ ਹਨ : ਪ੍ਰੀਤਮ ਸਿੰਘ, ਸੁਰਜੀਤ ਸਿੰਘ, ਸਵਰਨ ਸਿੰਘ ਤੇ ਚੌਥਾ ਗੁਰਦੀਪ ਸਿੰਘ। ਉਸ ਵੇਲੇ ਉਹਨਾਂ ਦੇ ਸਾਮ੍ਹਣੇ ਦੋ ਹੀ ਰਸਤੇ ਸਨ। ਪਹਿਲਾ ਕਿ ਉਹ ਹਥਿਆਰ ਸੁੱਟ ਕੇ ਵੈਰੀ ਦੇ ਕੈਦੀ ਬਣ ਜਾਂਦੇ। ਤੇ ਦੂਸਰਾ ਕਿ ਉਹ ਸੂਰਮਿਆਂ ਵਾਂਗ ਜਾਮਿ-ਸ਼ਹਾਦਤ ਪੀਣ ਵਾਸਤੇ ਤਿਆਰ ਹੋ ਜਾਂਦੇ। ਉਹਨਾਂ ਯੋਧਿਆਂ ਨੇ ਦੂਸਰਾ ਰਸਤਾ ਅਖ਼ਤਿਆਰ ਕੀਤਾ। ਇਕ ਤਾਂ ਉਹਨਾਂ ਵਾਇਰਲੈੱਸ ਰਾਹੀਂ ਪਿੱਛੇ ਆਪਣੇ ਤੋਪਖ਼ਾਨੇ ਨੂੰ ਕਿਹਾ, ਕਿ ਸਾਡੇ ਉੱਤੇ ਨਿਸ਼ਾਨੇ ਸੇਧ ਕੇ ਗੋਲਾਬਾਰੀ ਸ਼ੁਰੂ ਕਰ ਦਿਹੈ। ਅਸੀਂ ਤਾਂ ਚਾਰੇ ਏਸ ਤਰ੍ਹਾਂ ਆਪਣੀਆਂ ਹੀ ਗੋਲੀਆਂ ਨਾਲ ਉੱਡ ਜਾਵਾਂਗੇ, ਪਰ ਵੈਰੀ ਦਾ ਸਫਾਇਆ ਹੋ ਜਾਵੇਗਾ। ਸਾਡੀਆਂ ਸ਼ਹੀਦੀਆਂ ਚਸੂਲ ਨੂੰ ਬਚਾ ਲੈਣਗੀਆਂ। ਸਾਧ ਸੰਗਤ! ਜ਼ਰਾ ਸੋਚੋ। ਕਿੰਨਾ ਜਿਗਰਾ ਹੈ ਆਪਣੀ ਮੌਤ ਵਾਸਤੇ ਆਪਣੇ ਮੂੰਹੋਂ ਕਹਿਣਾ। ਤੇ ਕੌਮਾਂ ਵੀ ਓਹਾ ਜਿਊਂਦੀਆਂ ਰਹਿ ਸਕਦੀਆਂ ਹਨ, ਜਿਨ੍ਹਾਂ ਵਿੱਚ ਇਹ ਜਜ਼ਬਾ ਹੋਵੇ। ਪਿੱਛੋਂ ਸਾਡੀ 68 ਨੰਬਰ ਬੈਟਰੀ ਸੀ। ਉਹਨਾਂ ਮਰਨ ਮਾਰਨ ਦੀ ਧਾਰ ਕੇ ਬੜੇ ਗਹਿਰ ਦੀ ਅੱਗ ਵਰਸਾਈ। ਸਾਡੇ ਉਹ ਸਾਰੇ ਜਵਾਨ ਸ਼ਹੀਦੀ ਪ੍ਰਾਪਤ ਕਰ ਗਏ, ਪਰ ਕਾਲੀ ਪਹਾੜੀ ਦੇ ਉਦਾਲੇ ਦੇ ਹਜ਼ਾਰ ਦੇ
ਲਗਭਗ ਚੀਨੀ ਸੈਨਾ ਮਾਰੀ ਗਈ। ਏਸ ਤਰ੍ਹਾਂ ਉਹਨਾਂ ਕੌਮੀ ਪਰਵਾਨਿਆਂ ਨੇ ਚਸੂਲ ਦੀ ਰੱਖਿਆ ਕੀਤੀ। ਉਹਨਾਂ ਵਿਚੋਂ ਗੁਰਦੀਪ ਸਿੰਘ ਨੂੰ ਭਾਰਤ ਸਰਕਾਰ ਨੇ 'ਵੀਰ ਚੱਕਰ' ਦਿੱਤਾ।
"ਸਿਰਫ਼ ਸਿੱਖਾਂ ਨੇ ਹੀ ਨਹੀਂ, ਬਾਕੀ ਜਵਾਨਾਂ ਨੇ ਵੀ ਬੜੀ ਬਹਾਦਰੀ ਵਿਖਾਈ ਹੈ। ਜਾਟ, ਮਰਹੱਟੇ, ਗੋਰਖੇ, ਡੋਗਰੇ ਸਭ ਨੇ ਦੇਸ਼ ਦੀ ਖ਼ਾਤਰ ਹੱਸ ਹੱਸ ਕੇ ਜਾਨਾਂ ਵਾਰੀਆਂ ਹਨ। ਕੁਛ ਬਹਾਦਰਾਂ ਨੂੰ ਭਾਰਤ ਸਰਕਾਰ ਵੱਲੋਂ ਫ਼ੌਜੀ ਸਨਮਾਨ ਵੀ ਦਿੱਤੇ ਗਏ ਹਨ। ਜਿਵੇਂ ਸੂਬੇਦਾਰ ਜੋਗਿੰਦਰ ਸਿੰਘ ਤੇ ਮੇਜਰ ਧਨ ਸਿੰਘ ਥਾਪਾ ਨੂੰ 'ਪਰਮਵੀਰ ਚੱਕਰ' ਮਿਲੇ ਹਨ। ਮੇਜਰ ਅਜੀਤ ਸਿੰਘ, ਮੇਜਰ ਗੁਰਦਿਆਲ ਸਿੰਘ, ਮੇਜਰ ਐਮ. ਐਸ. ਚੌਧਰੀ, ਸਿਪਾਹੀ ਕੇਵਲ ਸਿੰਘ ਆਦਿ ਨੂੰ ਮਹਾਂਵੀਰ ਚੱਕਰ ਅਤੇ ਕਈਆਂ ਨੂੰ ਵੀਰ ਚੱਕਰ ਮਿਲੇ ਹਨ। ਪਰ ਮੈਂ ਇਹ ਗੱਲ ਕਹਿਣੋ ਵੀ ਸੰਕੋਚ ਨਹੀਂ ਕਰਦਾ, ਕਿ ਸਿੱਖਾਂ ਦੀ ਛੋਟੀ ਜਿਹੀ ਕੌਮ-ਜਿਸ ਦੀ ਗਿਣਤੀ ਭਾਰਤ ਵਿੱਚ ਦੋ ਫ਼ੀਸਦੀ ਦੇ ਬਰਾਬਰ ਹੈ-ਇਸ ਲੜਾਈ ਵਿੱਚ ਉਹਨੇ ਆਪਣੀ ਗਿਣਤੀ ਨਾਲੋਂ ਕਿਤੇ ਵੱਧ ਹਿੱਸਾ ਪਾਇਆ ਹੈ। ਜਿਹੜੇ ਕੁਛ ਫ਼ਿਰਕਾ ਪ੍ਰਸਤ ਲੋਕ ਸਿੱਖਾਂ ਬਾਰੇ ਤੰਗ-ਖ਼ਿਆਲੀ ਦਾ ਸ਼ਿਕਾਰ ਹਨ, ਉਹਨਾਂ ਨੂੰ ਸਿੱਖਾਂ ਦੀਆਂ ਇਹਨਾਂ ਕੁਰਬਾਨੀਆਂ ਦਾ ਵੀ ਖਿਆਲ ਕਰਨਾ ਚਾਹੀਦਾ ਹੈ। ਸਿੱਖ ਸਭ ਤੋਂ ਚੰਗਾ ਦੇਸ਼- ਭਗਤ ਤੇ ਕੁਰਬਾਨੀ ਕਰਨ ਵਿੱਚ ਸਭ ਤੋਂ ਮੋਹਰੀ ਹੁੰਦਾ ਹੈ।
"ਹੁਣ ਆਖ਼ਰੀ ਸਵਾਲ ਹੈ, ਕਿ ਚੀਨ ਨੇ ਆਪਣੇ ਆਪ ਇਕਵੱਲੀ ਲੜਾਈ ਕਿਉਂ ਬੰਦ ਕਰ ਦਿੱਤੀ ? ਪਹਿਲੇ ਹੱਥੋਂ ਚੀਨ ਸਰਕਾਰ ਦਾ ਮੁੱਢਲਾ ਅੰਦਾਜ਼ਾ ਹੀ ਗਲਤ ਸਾਬਤ ਹੋਇਆ। ਉਹਨੇ ਸੋਚਿਆ ਸੀ, ਭਾਰਤ ਵਿੱਚ ਕਈ ਸਿਆਸੀ ਪਾਰਟੀਆਂ ਹਨ। ਉਹਨਾਂ ਵਿਚੋਂ ਕੋਈ ਸਰਕਾਰ ਨਾਲ ਖ਼ੁਸ਼ ਵੀ ਨਹੀਂ ਜਾਪਦੀਆਂ। ਸੋ, ਜਦ ਅਸਾਂ ਏਧਰੋਂ ਹੱਦ ਉੱਤੇ ਹਮਲਾ ਕੀਤਾ ਤਾਂ ਕੁਛ ਪਾਰਟੀਆਂ ਦੇਸ਼ ਦੇ ਅੰਦਰ ਗੜਬੜ ਕਰ ਦੇਣਗੀਆਂ। ਏਸ ਤਰ੍ਹਾਂ ਵੀਅਤਨਾਮ ਵਾਂਗ ਭਾਰਤ ਵਿੱਚ ਦਾਖ਼ਲ ਹੋਣ ਦਾ ਮੌਕਿਆ ਮਿਲ ਜਾਵੇਗਾ। ਪਰ ਗ਼ੈਰ ਦਾ ਹਮਲਾ ਹੋਣ ਨਾਲ ਦੇਸ਼ ਦੀਆਂ ਸਾਰੀਆਂ ਪਾਰਟੀਆਂ ਇਕ ਮੁੱਠ ਹੋ ਗਈਆਂ। ਸਭ ਨੇ ਇਕ ਅਵਾਜ਼ ਨਾਲ ਚੀਨ ਦਾ ਵਿਰੋਧ ਤੇ ਆਪਣੀ ਸਰਕਾਰ ਦੀ ਮਦਦ ਕੀਤੀ। ਸਮੁੱਚੀ ਕੌਮ ਨੇ ਜੋ ਜੋਸ਼ ਤੇ ਦੇਸ਼-ਪਿਆਰ ਵਿਖਾਇਆ ਹੈ, ਉਹ ਹਰ ਪੱਖ ਤੋਂ ਸਲਾਹੁਣ ਯੋਗ ਹੈ। ਤੇ ਜਿਸ ਦੇਸ਼ ਵਿੱਚ ਏਨੀ ਏਕਤਾ ਹੋਵੇ, ਉਸਨੂੰ ਕੋਈ ਸ਼ਕਤੀ ਵੀ ਫਤਹਿ ਨਹੀਂ ਕਰ ਸਕਦੀ।
"ਦੂਸਰਾ ਕਾਰਨ ਲੜਾਈ ਬੰਦ ਕਰਨ ਦਾ ਇਹ ਹੈ। ਚੀਨੀ ਹਾਕਮਾਂ ਨੇ ਸੋਚਿਆ ਕਿ ਜੇ ਕਦੇ ਭਾਰਤੀ ਸੈਨਾ ਦੀ ਗਿਣਤੀ ਸਾਡੇ ਬਰਾਬਰ ਹੁੰਦੀ ਤੇ ਉਹਨਾਂ
ਕੋਲ ਹਥਿਆਰ ਵੀ ਬਰਾਬਰ ਦੇ ਹੁੰਦੇ, ਤਾਂ ਫੇਰ ਚੀਨੀ ਫ਼ੌਜ ਦੀ ਦੁਰਗਰ ਕਿੰਨੀ ਕੁ ਹੁੰਦੀ। ਹੁਣ ਵੀ ਚੀਨ ਦਾ ਜਾਨੀ ਨੁਕਸਾਨ ਸਾਡੇ ਨਾਲੋਂ ਵਧੇਰੇ ਹੈ।
"ਸਾਡੇ ਮਿੱਤਰ-ਮੁਲਕਾਂ ਨੇ ਇਸ ਔਕੜ ਦੇ ਸਮੇਂ ਸਾਨੂੰ ਹਥਿਆਰਾਂ ਦੀ ਮਦਦ ਵੀ ਬੜੇ ਖੁੱਲ੍ਹੇ ਦਿਲ ਨਾਲ ਦਿੱਤੀ। ਅਸੀਂ ਉਹਨਾਂ ਦੇ ਸੱਚੇ ਦਿਲੋਂ ਧੰਨਵਾਦੀ ਹਾਂ। ਸੋ, ਇਹਨਾਂ ਕਾਰਨਾਂ ਕਰਕੇ ਚੀਨ ਨੇ ਲੜਾਈ ਬੰਦ ਕੀਤੀ ਹੈ। ਸਾਡੇ ਉੱਤੇ ਰਹਿਮ ਖਾ ਕੇ ਨਹੀਂ, ਸਗੋਂ ਹਾਲਾਤ ਨੇ ਉਸਨੂੰ ਮਜਬੂਰ ਕਰ ਦਿੱਤਾ ਸੀ।
"ਹੁਣ ਇਕ ਗੱਲ ਹੋਰ ਕਹਿ ਕੇ ਮੈਂ ਸਮਾਪਤ ਕਰ ਦੇਂਦਾ ਹਾਂ। ਜੇ ਇਸ ਵੇਲੇ ਦੇਸ਼ ਵਿੱਚ ਏਕਤਾ ਪੈਦਾ ਹੋ ਗਈ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰਾ ਯਤਨ ਕਰਕੇ ਇਸ ਏਕਤਾ ਨੂੰ ਹੋਰ ਵੀ ਪੱਕਿਆਂ ਕਰੇ। ਤੇ ਦੂਸਰੀ ਗੱਲ, ਅੱਗੇ ਜਿਸ ਅਣਗਹਿਲੀ ਤੋਂ ਅਸਾਂ ਮਾਰ ਖਾਧੀ ਹੈ, ਉਸ ਵਲੋਂ ਅਗਾਂ ਸਾਵਧਾਨ ਹੋ ਜਾਵੇ। ਉਂਞ ਸਾਡੇ ਮਹਾਨ ਲੀਡਰ ਪੰਡਤ ਨਹਿਰੂ ਨੇ ਇਸ਼ਾਰਾ ਤਾਂ ਦੇ ਦਿੱਤਾ ਸੀ। ਹੁਣ ਅਸੀਂ ਇਸ ਸਿੱਟੇ 'ਤੇ ਪੁੱਜੇ ਹਾਂ, ਕਿ ਜਿਸ ਦੇਸ਼ ਨੇ ਧੜਿਆਂ ਤੋਂ ਨਿਰਪੱਖ ਰਹਿਣਾ ਹੈ, ਉਸ ਨੂੰ ਏਨਾ ਤਾਕਤਵਰ ਬਣਨਾ ਚਾਹੀਦਾ ਹੈ, ਕਿ ਕੋਈ ਉਹਦੇ ਵੱਲ ਕੈਰੀ ਅੱਖ ਉਠਾ ਕੇ ਨਾ ਵੇਖ ਸਕੇ। ਅਸੀਂ ਆਸ ਕਰਦੇ ਹਾਂ, ਕਿ ਸਰਕਾਰ ਸਾਰੇ ਯਤਨ ਨਾਲ ਪੰਡਤ ਨਹਿਰੂ ਦੇ ਇਹਨਾਂ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਉੱਦਮ ਕਰੇਗੀ। ਯਾਦ ਰੱਖੋ, ਕਮਜ਼ੋਰ ਨੂੰ ਕੋਈ ਜਿਊਣ ਨਹੀਂ ਦੇਂਦਾ। ਜੋ ਇੱਜ਼ਤ ਨਾਲ ਜਿਊਣਾ ਚਾਹੁੰਦਾ ਹੈ, ਉਸਨੂੰ ਤਾਕਤਵਰ ਬਣਨਾ ਹੀ ਪਵੇਗਾ। ਇਹਨਾਂ ਸ਼ਬਦਾਂ ਨਾਲ ਮੈਂ ਸੰਗਤ ਪਾਸੋਂ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ।"
ਅਮਲੀ ਤੌਰ 'ਤੇ ਗਿਆਨੀ ਸਾਧੂ ਸਿੰਘ ਜੀ ਦੇ ਲੈਕਚਰ ਨਾਲ ਹੀ ਦੀਵਾਨ ਦੀ ਸਮਾਪਤੀ ਚਾਹੀਦੀ ਹੈ। ਲੋਕ ਉਠਣੇ ਸ਼ੁਰੂ ਹੋ ਗਏ। ਪ੍ਰਬੰਧਕਾਂ ਨੇ ਜ਼ੋਰ ਦੇ ਕੇ ਕੁਛ ਮਿੰਟ ਸੰਗਤਾਂ ਨੂੰ ਹੋਰ ਬਿਠਾਈ ਰੱਖਣ ਦਾ ਨਿਸਫਲ ਯਤਨ ਕੀਤਾ। ਇਕ ਦੋ ਬੱਚਿਆਂ ਨੇ ਛੋਟੀਆਂ ਕਵਿਤਾਵਾਂ ਪੜ੍ਹੀਆਂ। ਫਿਰ ਸਕੱਤਰ ਸਾਹਿਬ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਮਾਪਤੀ ਦਾ ਅਰਦਾਸਾ ਸੋਧ ਕੇ ਪ੍ਰਸ਼ਾਦ ਵਰਤਾਇਆ ਗਿਆ।
੬.
ਮਾੜੇ ਜੇਹੇ ਝਟਕੇ ਨਾਲ ਗੱਡੀ ਸਟੇਸ਼ਨ 'ਤੇ ਰੁਕ ਗਈ। ਪੰਝੀ ਛੱਬੀ ਸਾਲ ਦੇ ਗੱਭਰੂ ਨੇ ਅੱਖਾਂ ਚੁੱਕ ਕੇ ਸਟੇਸ਼ਨ ਦੇ ਬੋਰਡ ਵੱਲ ਤੱਕਿਆ-'ਗੁੱਜਰਾਂਵਾਲਾ।' ਉਹਨੇ
ਦਿਲ ਹੀ ਦਿਲ ਵਿੱਚ ਦੁਹਰਾਇਆ। ਉਹਦਾ ਸਰੀਰ ਕਿੱਸਾ ਤੇ ਚਿਹਰਾ ਉਦਾਸਿਆ ਹੋਇਆ ਸੀ। ਉਹਦੇ ਅੰਗ-ਅੰਗ ਵਿਚੋਂ ਕੋਈ ਮਾਨਸਕ ਪੀੜ ਝਲਕ ਰਹੀ ਸੀ। ਛੋਟੇ ਜੇਹੇ ਡੱਬੇ ਵਿੱਚ ਉਹ ਇਕੱਲਾ ਹੀ ਬੈਠਾ ਉਂਘਲਾ ਰਿਹਾ ਸੀ। ਉਹਦੇ ਚੱਪਾ ਚੱਪਾ ਥਾਂ ਤੇ ਸੂਤ ਸੂਤ ਭਰ ਵਧੀ ਦਾੜ੍ਹੀ ਬੜੀ ਬੇਸੁਰੀ ਜਿਹੀ ਲੱਗ ਰਹੀ ਸੀ। ਸ਼ਾਇਦ ਤਿੰਨ ਚਾਰ ਦਿਨ ਤੋਂ ਉਹਨੇ ਹਜਾਮਤ ਨਹੀਂ ਸੀ ਬਣਾਈ। ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਉਹ ਆਪਣੇ ਆਪ ਵੱਲੋਂ ਬੜਾ ਲਾਪਰਵਾਹ ਹੈ। ਪਤਾ ਨਹੀਂ ਏਸ ਉਮਰ ਵਿੱਚ ਵੀ ਉਹਦੇ ਅੰਦਰ ਬਣ-ਸੰਵਰ ਕੇ ਰਹਿਣ ਦੀ ਚਾਹ ਕਿਉਂ ਨਹੀਂ ਸੀ। ਉਹਨੇ ਸਾਧਾਰਨ ਲੋਕਾਂ ਵਰਗੇ ਕੱਪੜੇ ਪਹਿਨੇ ਹੋਏ ਸਨ, ਪਰ ਸਾਹਮਣੇ ਫੱਟੇ ਉੱਤੇ ਫ਼ੌਜੀ ਕਿੱਟ ਪਈ ਸੀ, ਜਿਸ ਵਿੱਚ ਉਹਦਾ ਥੋੜਾ ਜਿਹਾ ਸਾਮਾਨ ਸੀ। ਸ਼ਾਇਦ ਫ਼ੌਜੀ ਹੋਵੇ, ਜੋ ਘਰ ਨੂੰ ਛੁੱਟੀ ਜਾ ਰਿਹਾ ਹੋਵੇ। ਕਿਹਾ ਨਹੀਂ ਜਾ ਸਕਦਾ ਕੁਛ। ਨਕਸ਼ ਸੁੰਦਰ, ਕੱਦ ਕਾਠ ਚੰਗਾ, ਚਿਹਰਾ ਸਾਊਆਂ ਵਰਗਾ ਪਰ ਆਪਣੀ ਜਵਾਨੀ ਤੋਂ ਬੇਪ੍ਰਵਾਹ।
ਗੱਡੀ ਚੱਲਣ ਵਾਲੀ ਸੀ, ਜਾਂ ਇਕ ਜੋੜਾ ਉਹਦੇ ਸਾਮ੍ਹਣੇ ਆ ਬੈਠਾ। ਸੁੱਤੇ ਹੀ ਪਹਿਲਾਂ ਬੈਠੇ ਗਭਰੂ ਦਾ ਧਿਆਨ ਉਹਨਾਂ ਵੱਲ ਚਲਾ ਗਿਆ। ਇਕ ਸਰਸਰੀ ਬਾਤ ਪਾ ਕੇ ਉਹਨੇ ਧਿਆਨ ਪਾਸੇ ਨੂੰ ਕਰ ਲਿਆ।
ਆਉਣ ਵਾਲੇ ਜੋੜੇ ਵਿਚੋਂ ਆਦਮੀ ਦੀ ਉਮਰ ਪੈਂਤੀ-ਛੱਤੀ ਸਾਲ ਦੀ ਜਾਪਦੀ ਸੀ। ਇਹ ਇਕ ਅੱਖੋਂ ਕਾਣਾ ਸੀ। ਦੂਸਰੀ ਅੱਖ ਦੀ ਤੱਕਣੀ ਵਿਚੋਂ ਸ਼ਰਾਰਤ ਚਮਕ ਰਹੀ ਸੀ। ਉਹਦੀ ਦਾਹੜੀ ਮੁੱਛ ਸਾਫ, ਸਿਰ 'ਤੇ ਟੇਢਾ ਚੀਰ, ਖੁੱਲ੍ਹੇ ਪਹੁੰਚਿਆਂ ਵਾਲਾ ਪਜਾਮਾ, ਕਮੀਜ਼ ਨਾਲੇ ਦੇ ਬੰਨ੍ਹ ਤੋਂ ਮਸਾਂ ਚੱਪਾ ਭਰ ਨੀਵੀਂ। ਉਹਦੀ ਹਰ ਅਦਾ ਸ਼ਹਿਰੀ ਗੁੰਡਿਆਂ ਵਰਗੀ ਸੀ। ਕਿਸੇ ਵੀ ਵੇਖਣ ਵਾਲੇ ਨੂੰ ਉਹ ਸਾਊ ਨਹੀਂ ਸੀ ਭਾਸਦਾ।
ਉਸਦੀ ਸਾਥਣ ਦੀ ਉਮਰ ਉਸ ਤੋਂ ਦੋ ਸਾਲ ਘੱਟ ਹੀ ਹੋਵੇਗੀ। ਬੀਮਾਰੀ ਦੀ ਰੋਲੀ ਹੋਈ ਉਹ ਨਿਰਾ ਹੱਡੀਆਂ ਦਾ ਪਿੰਜਰ ਜਾਪਦੀ ਸੀ। ਉਹਦੇ ਨੈਣ ਨਕਸ਼ ਕਾਫ਼ੀ ਫੱਬਵੇਂ ਸਨ। ਕਦੇ ਉਹ ਬੜੀ ਸੁੰਦਰ ਮੁਟਿਆਰ ਹੁੰਦੀ ਹੋਵੇਗੀ। ਇਸ ਹਾਲਤ ਵਿੱਚ ਉਹਦਾ ਭੋਲਾ ਭਾਲਾ ਚਿਹਰਾ ਮਾਸੂਮ ਜਿਹਾ ਲੱਗਦਾ ਸੀ। ਹੱਡਾਂ ਉੱਤੋਂ ਮਾਸ ਸੁੱਕ ਜਾਣ ਕਰਕੇ ਉਹਦੀਆਂ ਅੱਖਾਂ ਵਧੇਰੇ ਮੋਟੀਆਂ ਜਾਪਦੀਆਂ ਸਨ। ਉਹ ਤਕਦੀ ਸੀ ਤਾਂ ਡੂੰਘੀ ਨਿਗ੍ਹਾ ਵਿੱਚ ਹਜ਼ਾਰਾਂ ਉਦਾਸੀਆਂ ਤੇ ਤਰਲੇ ਹਉਕੇ ਭਰਦੇ ਮਹਿਸੂਸ ਹੁੰਦੇ ਸਨ। ਸੁਤੇ ਹੀ ਉਹਨੇ ਸਾਮ੍ਹਣੇ ਬੈਠੇ ਗਭਰੂ ਵੱਲ ਤੱਕਿਆ। ਨਜ਼ਰ ਨਾਲ ਨਜ਼ਰ ਟਕਰਾਈ ਤਾਂ ਦੋਹਾਂ ਦੀਆਂ ਅੱਖਾਂ ਆਪਣੇ ਆਪ ਝੁਕ ਗਈਆਂ।
ਓਪਰੇ ਗਭਰੂ ਦੇ ਚਿਹਰੇ ਦਾ ਰੰਗ ਬਦਲ ਗਿਆ। ਉਹ ਕੁਛ ਡੂੰਘੀਆਂ ਸੋਚਾਂ ਵਿੱਚ ਪੈ ਗਿਆ। ਇਹਨੂੰ ਮੈਂ ਕਿੱਥੇ ਵੇਖਿਆ ਹੋਵੇ ? ਇਉਂ ਲੱਗਦਾ ਏ... ਇਉਂ ਲੱਗਦਾ ਏ, ਜਿਵੇਂ ਇਹਨੂੰ ਕਿਤੇ ਜ਼ਰੂਰ ਵੇਖਿਆ ਹੈ। ਪਰ ਕਿੱਥੇ ? ਕੌਣ ਹੈ ਇਹ ? ਯਾਦ ਨਹੀਂ ਆ ਰਿਹਾ। ਸ਼ਾਇਦ ਸ਼ਾਇਦ ਕਹਿ ਨਹੀਂ ਸਕਦਾ। ਇਹਨੂੰ ਨਿੱਕੀ ਹੁੰਦੀ ਨੂੰ ਕਿਤੇ... ਚੇਤਾ ਨਹੀਂ ਆ ਰਿਹਾ। ਪਰ ਕਿਤੇ ਵੇਖਿਆ ਜ਼ਰੂਰ।" ਉਹਨੇ ਇਕ ਵਾਰ ਫਿਰ ਉਹਨੂੰ ਵੇਖਣ ਵਾਸਤੇ ਨਜ਼ਰ ਉਠਾਈ।
ਮਰਦ ਖਿੜਕੀਓਂ ਬਾਹਰ ਵੇਖ ਰਿਹਾ ਸੀ। ਇਸਤਰੀ ਦੀ ਨਜ਼ਰ ਸਾਮ੍ਹਣੀ ਸੇਧ ਵਿੱਚ ਟਿਕੀ ਹੋਈ ਸੀ। ਪਤਾ ਨਹੀਂ ਉਹ ਕੀ ਵੇਖ ਰਹੀ ਸੀ। ਸ਼ਾਇਦ ਕੁਛ ਵੀ ਨਹੀਂ। ਉਹਦੀ ਤੱਕਣੀ ਬਿਲਕੁਲ ਸੱਖਣੀ ਤੇ ਬੇ ਅਰਥ ਸੀ। ਸ਼ਾਇਦ ਆਪਣੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ। ਸ਼ਾਇਦ ਉਹ ਗੁਜ਼ਰੀਆਂ ਬੀਤੀਆਂ ਯਾਦਾਂ ਦੀ ਕੋਈ ਧੁੰਦਲੀ ਹੋ ਚੁੱਕੀ ਤਸਵੀਰ ਵੇਖ ਰਹੀ ਸੀ।
ਉਸ ਇਕ ਅੱਖੋਂ ਮਰਦ ਨੇ ਧਿਆਨ ਅੰਦਰ ਵੱਲ ਮੋੜਿਆ ਤਾਂ ਓਪਰੇ ਗਭਰੂ ਨੇ ਛੇਤੀ ਨਾਲ ਅੱਖਾਂ ਨੀਵੀਆਂ ਕਰ ਲਈਆਂ। ਉਹਦੀ ਛਾਤੀ ਧੜਕਣ ਲੱਗ ਪਈ ਤੇ ਚਿਹਰੇ ਉੱਤੇ ਲੱਜਿਆ ਦੀਆਂ ਰੇਖਾ ਉਭਰ ਆਈਆਂ। ਉਹ ਆਦਮੀ ਮੇਰੇ ਬਾਰੇ ਕੀ ਖ਼ਿਆਲ ਕਰਦਾ ਹੋਵੇਗਾ। ਮੈਨੂੰ ਏਸ ਤਰ੍ਹਾਂ ਚੋਰੀ ਇਕ ਓਪਰੀ ਸ਼ਰੀਫ਼ ਔਰਤ ਵੱਲ ਨਹੀਂ ਸੀ ਵੇਖਣਾ ਚਾਹੀਦਾ। ਸ਼ਾਇਦ ਇਹ ਇਹਦਾ ਖ਼ਾਵੰਦ ਹੋਵੇ। ਇਕ ਅੱਖੋਂ ਕਾਣਾ। ਹਾਂ, ਇਹ ਅੱਖੋਂ ਕਾਣਾ ਹੀ ਸੁਣਿਆ ਸੀ। ਜਨਾਨੀਆਂ ਆਹੁੰਦੀਆਂ ਸੀ, ਕਾਂ ਦੇ ਗਲ ਕੂੰਜ ਨਰੜ ਦਿੱਤੀ ਗਈ। ਤਾਂ ਕੀ ਇਹ ਓਹਾ ਹੋਵੇ ? ਕੀ ਪਤਾ ਭਾਵੇਂ ਕੋਈ ਹੋਰ ਹੀ ਹੋਵੇ। ਬੰਦਿਆਂ ਵਰਗੇ ਬੰਦੇ। ਸ਼ਕਲਾਂ ਨਾਲ ਸ਼ਕਲਾਂ ਮਿਲ ਜਾਂਦੀਆਂ ਨੇ। ਨਾਲੇ ਵੇਖਿਆ ਵੀ ਤਾਂ ਇਕ ਜ਼ਮਾਨਾ ਬੀਤ ਗਿਆ ਏ। ਮੈਂ ਓਦੋਂ ਸਾਂ ਵੀ ਛੋਟਾ ਈ। ਪੂਰਾ ਚੇਤਾ ਥੋੜਾ ਰਹਿ ਜਾਂਦਾ ਏ। ਪਰ.... ਪਰ.. । ਲੱਗਦੀ ਬਿਲਕੁਲ ਓਸੇ ਵਰਗੀ ਏ। ਪੁੱਛ ਵੇਖਾਂ ਭਲਾ ? ਨਹੀਂ, ਇਹ ਤਾਂ ਅਸਲੋਂ ਬੇਮੁਨਾਸਬ ਏ। ਇਸ ਵਾਰ ਫੇਰ ਧਿਆਨ ਨਾਲ ਵੇਖਾਂ ? ਉਹਦੀ ਨਜ਼ਰ ਫੇਰ ਉਸ ਉਦਾਸੇ ਚਿਹਰੇ 'ਤੇ ਜਾ ਟਿਕੀ।
ਨਾਲ ਦੇ ਮਰਦ ਦੀ ਅੱਖ ਭਾਵੇਂ ਇੱਕ ਹੀ ਸੀ, ਪਰ ਸੀ ਬੜੀ ਤੇਜ਼। ਉਹਨੇ ਝਟ ਉਹ ਤਿੱਖੀ ਅੱਖ ਉਸ ਗੱਭਰੂ ਉੱਤੇ ਗੱਡ ਦਿੱਤੀ। ਬੜੀ ਤਾੜਨਾ ਭਰੀ ਤੱਕਣੀ ਸੀ ਉਹ। ਜਿਵੇਂ ਉਹ ਨਿਗ੍ਹਾ ਹੀ ਨਿਗ੍ਹਾ ਵਿੱਚ ਕਹਿ ਰਿਹਾ ਹੋਵੇ: "ਬੱਚੂ! ਹੁਣ ਦੱਸ। ਕੌਣ ਹੁੰਦਾ ਏਂ ਤੂੰ ਮੇਰੀ ਬੀਵੀ ਵੱਲ ਵਾਰ-ਵਾਰ ਝਾਕਣ ਵਾਲਾ। ਖ਼ਬਰਦਾਰ ਜੇ... ।”
ਵਿਚਾਰੇ ਗੱਭਰੂ ਦੇ ਮੱਥੇ 'ਤੇ ਸ਼ਰਮ ਨਾਲ ਤਰੇਲੀ ਆ ਗਈ। ਉਹਨੇ ਥੋੜਾ
ਜਿਹਾ ਪਾਸਾ ਮੋੜ ਕੇ ਨਿਗ੍ਹਾ ਦੂਸਰੇ ਪਾਸੇ ਕਰ ਲਈ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਸੋ ਵਿਸਵਾ ਇਹ ਓਹਾ ਹੋਵੇ। ਜੇ ਉਹ ਹੋਵੇ, ਤਾਂ । ਭੁਲੇਖਾ ਪੂਰਾ ਪੈਂਦਾ ਏ, ਪਰ ਭੁਲੇਖਾ ਈ ਏ ਨਾ। ਨਕਸ਼ ਨਿਰੇ ਪੂਰੇ ਓਸ ਵਰਗੇ ਨੇ। ਅੱਗੇ ਰੱਬ ਜਾਣੇ। ਵਾਰ-ਵਾਰ ਓਹਦੇ ਵੱਲੇ ਵੇਖਣਾ ਵੀ ਠੀਕ ਨਹੀਂ। ਪਰ ਪੰਜ ਮਿੰਟ ਬਾਅਦ ਉਹਦੀ ਨਜ਼ਰ ਫੇਰ ਓਸੇ ’ਤੇ ਟਿਕੀ ਹੋਈ ਸੀ।
"ਖਹੁੰ।" ਉਸ ਮਰਦ ਨੇ ਖੰਘੂਰਾ ਮਾਰ ਕੇ ਜਿਵੇਂ ਸਖ਼ਤ ਚਿਤਾਵਨੀ ਦਿੱਤੀ।
ਉਸ ਗੱਭਰੂ ਨੂੰ ਇਉਂ ਪ੍ਰਤੀਤ ਹੋਇਆ, ਜਿਵੇਂ ਉਹ ਖੰਘੂਰਾ ਬੇ-ਵਜ੍ਹਾ ਨਹੀਂ। ਰੂਪ ਦਾ ਰਾਖਾ ਕਹਿ ਰਿਹਾ ਹੈ, "ਉਇ, ਤੂੰ ਬੰਦੇ ਦਾ ਪੁੱਤ ਨਹੀਂ ਬਣਦਾ?" ਉਹਦੇ ਦਿਲ ਵਿੱਚ ਆਈ ਕਿ ਅਗਲੇ ਸਟੇਸ਼ਨ ਤੋਂ ਉਹ ਚੁੱਪ ਚਾਪ ਸਾਮਾਨ ਚੁੱਕ ਕੇ ਦੂਸਰੇ ਡੱਬੇ ਵਿੱਚ ਚਲਾ ਜਾਵੇ।
"ਲੇਟ ਜਾਹ, ਥੱਕ ਗਈਂ ਏਂ ਤਾਂ।" ਮਰਦ ਨੇ ਸਾਬਣ ਦੇ ਮੋਢੇ ਉੱਤੇ ਅਧਿਕਾਰ ਭਰਿਆ ਹੱਥ ਰੱਖ ਕੇ ਕਿਹਾ।
"ਨਹੀਂ, ਮੈਂ ਕੇਰਾਂ ਟੱਟੀ ਜਾਣਾ ਏਂ।"
"ਇਹ ਵਾਜ ਉਸੇ ਦੀ ਏ। ਬਿਲਕੁਲ ਓਹਾ। ਹੁਣ ਕੋਈ ਸ਼ੱਕ ਨਹੀਂ ਰਿਹਾ। ਕੀ ਹੋ ਗਿਆ, ਚਿਰ ਹੋ ਗਿਆ ਏ ਤਾਂ। ਫਿਰ ਵੀ ਮੈਂ ਪਛਾਨਣ ਵਿੱਚ ਗਲਤੀ ਨਹੀਂ ਕਰ ਰਿਹਾ। ਓਹਾ ਏ।" ਉਸ ਗੱਭਰੂ ਦੇ ਦਿਲ ਦੀ ਧੜਕਣ ਹੋਰ ਵੱਧ ਗਈ।
ਉਹ ਮਰਦ, ਬਾਂਹ ਦਾ ਸਹਾਰਾ ਦੇ ਕੇ ਬੀਮਾਰ ਸਾਥਣ ਨੂੰ ਟੱਟੀ ਵਿੱਚ ਬੰਦ ਕਰ ਆਇਆ। ਉਹਦੇ ਤਿਓੜੀਆਂ ਭਰੇ ਚਿਹਰੇ ਤੋਂ ਅੰਦਰ ਦਾ ਗੁੱਸਾ ਸਾਫ ਪਰਗਟ ਹੋ ਰਿਹਾ ਸੀ। ਵਾਪਸ ਆਪਣੀ ਸੀਟ ਉੱਤੇ ਬਹਿੰਦਿਆਂ ਹੀ ਉਸ ਗੱਭਰੂ 'ਤੇ ਬਰਸ ਪਿਆ, "ਕਿਉਂ ਜਨਾਬ। ਤੁਹਾਡੀ ਸ਼ਕਲ ਤਾਂ ਬੜੀ ਸ਼ਰੀਫ਼ਾਂ ਵਰਗੀ ਏ, ਪਰ ਜਿਸ ਨਜ਼ਰ ਨਾਲ ਤੁਸੀਂ ਮੇਰੀ ਬੀਵੀ ਵੱਲ ਵੇਖ ਰਹੇ ਸੀ, ਉਹ ਭਲੇਮਾਣਸਾਂ ਵਾਲੀ ਨਹੀਂ, ਕੀ ਮੈਂ ਪੁੱਛ ਸਕਦਾ ਹਾਂ ਕਿ....।"
"ਮਾਫ਼ ਕਰਨਾ ਚੌਧਰੀ ਸਾਹਿਬ। ਮੈਨੂੰ ਇੱਕ ਗੱਲ ਪੁੱਛਣ ਦੀ ਇਜਾਜ਼ਤ ਦਿਹੋ। ਤੁਹਾਡੀ ਬੀਵੀ ਦਾ ਨਾਮ ਨੂਰਾਂ ਤੇ ਪੇਕੇ ਬਰਕੀ ਹਨ ?" ਉਸ ਗੱਭਰੂ ਨੇ ਬੜੀ ਆਜਜ਼ੀ ਨਾਲ ਪੁੱਛਿਆ।
"ਹਾਂ। ਪਰ ਏਸ ਗੱਲ ਨਾਲ ਤੁਹਾਡਾ ਮਤਲਬ ?" ਪਹਿਲੇ ਨੇ ਹੋਰ ਵੀ ਬੇਰੁਖ਼ੀ ਨਾਲ ਪੁੱਛਿਆ।
"ਫੇਰ ਨਾਰਾਜ਼ ਹੋਣ ਵਾਲੀ ਕੋਈ ਗੱਲ ਨਹੀਂ। ਮੈਂ ਏਹਾ ਪਛਾਣ ਰਿਹਾ ਸਾਂ। ਨੂਰਾਂ ਮੇਰੀ ਵੱਡੀ ਭੈਣ ਦੀ ਥਾਂ ਹੈ। ਬਾਬੇ ਇਲਮਦੀਨ ਦੀ ਧੀ ਏ ਨਾ ਇਹ?"
“ਹਾਂ"
ਆਪ ਮੈਨੂੰ ਨੂਰਾਂ ਦਾ ਛੋਟਾ ਭਾਈ ਸਮਝੀਏ। ਮੈਂ ਫੱਜੇ ਦਾ ਹਾਣ ਤੇ ਜਮਾਤੀ ਸਾਂ। ਨੂਰਾਂ ਭੈਣ ਮੈਨੂੰ ਕੁੱਛੜ ਚੁੱਕ ਕੇ ਖਡੋਂਦੀ ਰਹੀ ਹੈ। ਅੱਜ ਸਤਾਰਾਂ ਸਾਲ ਪਿੱਛੋਂ ਮੈਂ ਇਹਨੂੰ ਵੇਖਿਆ ਏ। ਮੈਂ ਉਦੋਂ ਅੱਠ-ਨੌਂ ਸਾਲ ਦਾ ਸਾਂ, ਜਦ ਤੋਂ ਅਸੀਂ ਵਿਛੜੇ ਆਂ। ਚੌਧਰੀ ਸਾਹਬ! ਮੇਰਾ ਦੁਨੀਆ ਵਿੱਚ ਹੋਰ ਕੋਈ ਵੀ ਨਹੀਂ। ਗੁਸਤਾਖੀ ਮਾਫ਼, ਜੇ ਆਪ ਮੈਨੂੰ ਨੂਰਾਂ ਦਾ ਛੋਟਾ ਭਾਈ ਸਮਝ ਕੇ ਦੁੱਖ ਸੁੱਖ ਫੋਲਣ ਦੀ ਇਜਾਜ਼ਤ ਦੇ ਦਿਹੈ ਤਾਂ। ਮੈਂ ਨੂਰਦੀਨ ਹਾਂ। ਮੈਂ ਵੀ ਬਰਕੀ ਦਾ ਜੰਮਪਲ ਹਾਂ। ਆਪ ਇਜਾਜ਼ਤ ਨਾ ਦਿਹੋਗੇ, ਤਾਂ ਨੂਰਾਂ ਭੈਣ ਦੇ ਦਿਲ ਵਿੱਚ ਵੀ ਮੇਰੀ ਬਾਬਤ-ਨਾ ਜਾਣਾ-ਕੀ ਖ਼ਿਆਲ ਆਵੇਗਾ। ਆਪ ਦਾ ਅਹਿਸਾਨਮੰਦ ਰਹਾਂਗਾ। ਅੱਗੇ ਆਪ ਦੀ ਮਰਜ਼ੀ।" ਉਸ ਵੇਲੇ ਉਹ ਗੱਭਰੂ ਆਜਜ਼ੀ ਤੇ ਮਾਸੂਮੀਅਤ ਦੀ ਤਸਵੀਰ ਜਾਪ ਰਿਹਾ ਸੀ।
"ਮਾਫ਼ ਕਰਨਾ ਮੀਆਂ ਜੀ। ਆਪ ਪਹਿਲਾਂ ਹੀ ਮੈਨੂੰ ਪੁੱਛ ਲੈਂਦੇ ਤਾਂ ਮੈਂ ਸਖ਼ਤੀ ਨਾਲ ਨਾ ਬੋਲਦਾ। ਨੂਰਾਂ ਨਾਲ ਗੱਲਾਂ ਬਾਤਾਂ ਕਰਨ ਤੋਂ ਮੈਨੂੰ ਕੋਈ ਇਤਰਾਜ਼ ਨਹੀਂ। ਬੀਮਾਰੀ ਦੇ ਸਬੱਬ ਉਹ ਬਹੁਤ ਉਦਾਸ ਰਹਿੰਦੀ ਏ। ਲਉ, ਮੈਂ ਉਸਨੂੰ ਜ਼ਰਾ ਸਹਾਰਾ ਦੇ ਕੇ ਲੈ ਆਵਾਂ।"
ਨੂਰਾਂ ਨੇ ਅੰਦਰੋਂ ਟੱਟੀ ਦੀ ਕੁੰਡੀ ਖੁਹਲੀ। ਉਸਦਾ ਮਾਲਕ ਅਲੀ ਮੁਹੰਮਦ ਉਸਨੂੰ ਸਹਾਰਾ ਦੇ ਕੇ ਲੈ ਆਇਆ।
"ਨੂਰਾਂ ਭੈਣ! ਸਲਾਮ ਆਹਨਾਂ।" ਨੂਰ ਦੀਨ ਨੇ ਸਤਕਾਰ ਵਜੋਂ ਉਠ ਕੇ ਕਿਹਾ।
"ਸ-ਸਲਾਮ।" ਨੂਰਾਂ ਨੇ ਬਹੁਤ ਧੀਮੀ ਅਵਾਜ਼ ਵਿੱਚ ਕਿਹਾ। ਇੱਕ ਬੇ- ਪਛਾਤੇ ਗੱਭਰੂ ਦੇ ਮੂੰਹੋਂ ਸਲਾਮ ਸੁਣ ਕੇ ਹੈਰਾਨ ਹੋ ਗਈ ਸੀ।
"ਇਹ ਮੀਆਂ ਜੀ ਬਰਕੀ ਤੋਂ ਹਨ, ਆਪਣੇ ਫੱਜੇ ਦੇ ਦੋਸਤ।" ਅਲੀ ਮੁਹੰਮਦ ਨੇ ਜਾਣ-ਪਛਾਣ ਕਰਾਈ। "ਵੇਖੀਂ ਧੱਕਾ ਨਾ ਲੱਗੇ। ਬਹਿ ਜਾਹ।"
ਗੱਡੀ ਦੇ ਖਲੋਣ ਨਾਲ ਵਾਹਵਾ ਧੱਕਾ ਲੱਗਾ। ਅਲੀ ਮੁਹੰਮਦ ਦੇ ਖ਼ਬਰਦਾਰ ਕਰਨ ਦੇ ਬਾਵਜੂਦ ਵੀ ਨੂਰਾਂ ਡਿੱਗਦੀ-ਡਿੱਗਦੀ ਮਸਾਂ ਬਚੀ। ਉਹ ਬਹੁਤ ਹੀ ਕਮਜ਼ੋਰ ਹੋ ਚੁੱਕੀ ਸੀ। ਅਲੀ ਮੁਹੰਮਦ ਨੇ ਦੋਹਾਂ ਡੋਲਿਆਂ ਤੋਂ ਸੰਭਾਲ ਕੇ ਉਹਨੂੰ ਸੀਟ 'ਤੇ ਬਿਠਾ ਦਿੱਤਾ। ਗੱਡੀ ਮਸਾਂ ਦੋ ਮਿੰਟ ਖਲੋਣੀ ਸੀ। ਅਲੀ ਮੁਹੰਮਦ ਨੇ ਬਾਹਰ ਝਾਕਿਆ। ਉਸਨੂੰ ਬਾਹਰੋਂ ਕਿਸੇ ਵੱਲੋਂ ਇਸ਼ਾਰਾ ਹੋਇਆ। ਨੂਰਾਂ ਦੀ ਵੀ ਨਜ਼ਰ ਉਸ ਉੱਤੇ ਪੈ ਗਈ, ਪਰ ਉਸ ਨੇ ਜਤਾਇਆ ਨਾ।
"ਇਹ ਮੀਆਂ ਜੀ ਤੇਰੇ ਨਾਲ ਘਰ ਦੀਆਂ ਗੱਲਾਂ ਬਾਤਾਂ ਕਰਨਾ ਚਾਹੁੰਦੇ ਨੇ।
ਤੁਸੀਂ ਗੱਲਾਂ ਕਰੋ। ਮੈਂ ਅਗਲੇ ਟੇਸ਼ਣ 'ਤੇ ਮਿਲਾਂਗਾ। ਦੂਜੇ ਡੱਬੇ ਵਿੱਚ ਮਾਮ ਦੀਨ ਨਾਲ ਮੈਂ ਕੁਛ ਸਲਾਹ ਕਰਨੀ ਏਂ।" ਅਲੀ ਮੁਹੰਮਦ ਉਤਰ ਕੇ ਦੂਜੇ ਡੱਬੇ ਵਿੱਚ ਚਲਾ ਗਿਆ।
"ਨੂਰਾਂ ਭੈਣ! ਸੁਣਾ, ਬਾਬੇ ਇਲਮਦੀਨ ਤੇ ਤਾਈ ਫ਼ਾਤਮਾ ਦਾ ਕੀ ਹਾਲ ਏ। ਹੋਰ ਫੱਜਾ ਪਿੰਡ ਈ ਹੁੰਦਾ ਏ ?" ਨੂਰ ਦੀਨ ਨੇ ਬੜੀ ਅਪਣੱਤ ਨਾਲ ਪੁੱਛਿਆ।
"ਮੈਂ ਭਰਾ ਜੀ। ਤੁਹਾਨੂੰ ਸਿਆਣਿਆਂ ਨਹੀਂ।" ਨੂਰਾਂ ਨੇ ਸੰਗਦਿਆਂ ਝਿਜਕਦਿਆਂ ਉਤਰ ਦਿੱਤਾ।
"ਪਰ ਮੈਂ ਤਾਂ ਵੇਖ ਲੈ, ਸਤਾਰਾਂ ਵਰ੍ਹਿਆਂ ਪਿੱਛੋਂ ਵੀ ਸਿਆਣ ਲਿਆ ਏ। ਤੇਰੇ ਮੂੰਹੋਂ ਸੁਣੀਆਂ ਲੋਰੀਆਂ ਤੇ ਬਾਤਾਂ ਮੈਨੂੰ ਅਜੇ ਤੱਕ ਯਾਦ ਨੇ। ਤੁਹਾਡੇ ਪਿੰਡ ਪਿਆਰੇ ਦਾ ਛੋਟਾ ਭਰਾ ਪ੍ਰੀਤੂ ਹੁੰਦਾ ਸੀ ਨਾ।"
"ਤੂੰ.....ਤੂੰ ਪ੍ਰੀਤੂ ਏਂ ?" ਹੈਰਾਨੀ ਨਾਲ ਨੂਰਾਂ ਦਾ ਮੂੰਹ ਅੱਡਿਆ ਰਹਿ ਗਿਆ। ਉਹਦੀ ਨਿਗ੍ਹਾ ਪ੍ਰੀਤੂ ਦੇ ਚਿਹਰੇ ਉੱਤੇ ਟਿਕੀ ਹੋਈ ਸੀ।
"ਹਾਂ। ਕਦੇ ਮੈਂ ਪ੍ਰੀਤੂ ਹੁੰਦਾ ਸਾਂ। ਤੇਰਾ ਛੋਟਾ ਵੀਰ ਪ੍ਰੀਤੂ। ਆਹ ਵੇਖ।" ਸੱਜੀ ਬਾਂਹ ਤੋਂ ਥੋੜੀ ਜੇਹੀ ਕਮੀਜ਼ ਉਤਾਂਹ ਕਰਕੇ ਉਹਨੇ ਗੁਰਮੁਖੀ ਅੱਖਰਾਂ ਵਿੱਚ ਉਕਰਿਆ ਹੋਇਆ ਆਪਣਾ ਨਾਮ ਵਿਖਾਉਂਦਿਆਂ ਕਿਹਾ, "ਪਰ ਹੁਣ ਤਾਂ ਮੈਂ ਨੂਰਦੀਨ ਆਂ। ਪਾਕਿਸਤਾਨੀ ਪੱਕਾ ਮੋਮਨ।" ਪ੍ਰੀਤੂ ਦੇ ਚਿਹਰੇ 'ਤੇ ਫਿੱਕੀ ਜੇਹੀ ਮੁਸਕਰਾਹਟ ਆ ਗਈ, ਜੋ ਰੋਣ ਨਾਲੋਂ ਵੀ ਵਧੇਰੇ ਕਰੁਣਾਮਈ ਸੀ।
"ਪ੍ਰੀਤੂ! ਮੇਰਾ ਵੀਰ ਪ੍ਰੀਤ।" ਨੂਰਾਂ ਨੇ ਇਉਂ ਕਿਹਾ, ਜਿਵੇਂ ਕੋਈ ਸੁਪਨੇ ਵਿੱਚ ਬਰੜਾਉਂਦਾ ਹੈ। ਉਹਦੇ ਸਿਰ ਨੂੰ ਚੱਕਰ ਆ ਗਿਆ। ਉਹਨੇ ਪ੍ਰੀਤੂ ਦੇ ਸੱਜੇ ਗੁੱਟ ਨੂੰ ਘੁੱਟ ਕੇ ਫੜ ਲਿਆ। ਉਹਦਾ ਚਿਹਰਾ ਹੋਰ ਕੁਮਲਾ ਗਿਆ। ਉਹਦੀ ਸੂਰਤ ਉਸ ਵੇਲੇ ਬਹੁਤ ਦੂਰ ਚਲੀ ਗਈ ਸੀ। ਪ੍ਰੀਤੂ ਦੀ ਨਹੀਂ, ਉਸ ਵੇਲੇ ਜਿਵੇਂ ਉਹਦੇ ਹੱਥ ਵਿੱਚ ਪਿਆਰੇ ਦੀ ਬਾਂਹ ਸੀ।
"ਨੂਰਾ ਭੈਣ। ਹੋਸ਼ ਕਰ ਖਾਂ। ਮੈਂ ਪ੍ਰੀਤੂ ਆਂ। ਪਿਆਰੇ ਤੋਂ ਛੋਟਾ। ਯਾਦ ਆਇਆ ?"
"ਹਾਂ ਯਾਦ ਏ। ਸਭ ਕੁਛ ਯਾਦ ਏ। ਸਭ ਕੁਛ ਯਾਦ ਏ।" ਨੂਰਾਂ ਨੇ ਪ੍ਰੀਤੂ ਦੀ ਬਾਂਹ ਛੱਡ ਦਿੱਤੀ। ਕਿੰਨਾ ਚਿਰ ਉਹ ਨੀਵੀਂ ਪਾਈ ਚੁੱਪ ਚਾਪ ਬੈਠੀ ਰਹੀ। ਇਉਂ ਭਾਸਦਾ ਸੀ, ਜਿਵੇਂ ਉਹ ਆਪਣੀਆਂ ਪੁਰਾਣੀਆਂ ਯਾਦਾਂ ਵਿੱਚ ਪੂਰੀ ਦੀ ਪੂਰੀ ਗੁਆਚ ਗਈ ਹੋਵੇ।
ਚਾਰ ਪੰਜ ਮਿੰਟ ਏਸੇ ਤਰ੍ਹਾਂ ਬੀਤ ਗਏ। ਪ੍ਰੀਤੂ ਨੂੰ ਸੁੱਝੇ ਕੁਛ ਨਾ ਕਿ ਉਹ ਨੂਰਾਂ
ਨੂੰ ਕਿਵੇਂ ਧੀਰਜ ਦੇਵੇ। ਉਹਨੂੰ ਪਿਆਰੇ ਤੇ ਨੂਰਾਂ ਦੀ ਮੁਹੱਬਤ ਦਾ ਕੁਛ ਕੁਛ ਪਤਾ ਸੀ। ਓਦੋਂ ਉਹ ਉਮਰੋਂ ਛੋਟਾ ਹੋਣ ਕਰਕੇ ਇਸਦੇ ਅਰਥ ਨਹੀਂ ਸੀ ਸਮਝਦਾ ਪਰ ਹੁਣ ਸਮਝ ਗਿਆ ਸੀ।
ਸਹਿਜ-ਸਹਿਜ ਨੂਰਾਂ ਅਸਲੀ ਹਾਲਤ ਵਿੱਚ ਆ ਗਈ। ਉਹਦੇ ਚਿਹਰੇ ਉੱਤੇ ਪਹਿਲਾਂ ਵਰਗੀ ਸ਼ਾਂਤੀ ਮਿਲਵੀਂ ਉਦਾਸੀ ਪਰਤ ਆਈ। ਉਹਨੇ ਮਿੱਠੀ ਨਜ਼ਰ ਨਾਲ ਪ੍ਰੀਤੂ ਵੱਲ ਤੱਕਿਆ। ਉਹਦੀਆਂ ਅੱਖਾਂ ਵਿੱਚ ਭੈਣਾਂ ਵਾਲਾ ਪਿਆਰ ਝਲਕ ਰਿਹਾ ਸੀ। "ਪ੍ਰੀਤ! ਅੱਜ ਭਾਗਾਂ ਵਾਲਾ ਦਿਨ ਏਂ, ਤੂੰ ਮਿਲ ਪਿਆ ਏਂ। ਚੰਗਾ ਹੋਇਆ ਮਰਨ ਤੋਂ ਪਹਿਲਾਂ ਤੈਨੂੰ ਜਿਊਂਦੇ ਨੂੰ ਵੇਖ ਲਿਆ ਏ। ਅਸਾਂ ਤਾਂ ਤੈਨੂੰ।" ਨੂਰਾਂ ਨੇ ਵਾਕ ਅਧੂਰਾ ਛੱਡ ਦਿੱਤਾ।
"ਮਰ ਗਿਆ ਸਮਝ ਲਿਆ ਸੀ?" ਪ੍ਰੀਤੂ ਨੇ ਅਧੂਰਾ ਵਾਕ ਪੂਰਾ ਕਰ ਦਿੱਤਾ, "ਚੰਗਾ ਸੀ, ਜੇ ਮਰ ਜਾਂਦਾ ਤਾਂ। ਪਰ ਛੱਡੋ ਏਸ ਗੱਲ ਨੂੰ। ਤੂੰ ਬਾਬੇ ਇਲਮ ਦੀਨ ਦੀ ਸੁਣਾ।" ਉਹਨੇ ਆਪਣੇ ਜਜ਼ਬਾਤ 'ਤੇ ਕਾਬੂ ਪਾ ਕੇ ਕਿਹਾ।
"ਕੀ ਸੁਣਾਵਾਂ ? ਅੱਬਾ ਨੂੰ ਤਾਂ ਦਸ ਸਾਲ ਹੋ ਗਏ ਨੇ। ਉਹ ਰੱਬ ਦਾ ਬੰਦਾ ਸੀ, ਰੱਥ ਨੂੰ ਪਿਆਰਾ ਹੋ ਗਿਆ।" ਨੂਰਾਂ ਦੀ ਅਵਾਜ਼ ਗ਼ਮ ਵਿੱਚ ਡੁੱਬੀ ਹੋਈ ਸੀ। ਪ੍ਰੀਤੂ ਦੇ ਮੂੰਹੋਂ ਪਿਤਾ ਦਾ ਨਾਂ ਸੁਣ ਕੇ ਨੂਰਾਂ ਨੂੰ ਇਉਂ ਭਾਸਿਆ, ਜਿਵੇਂ ਇਲਮਦੀਨ ਅਜੇ ਕੱਲ੍ਹ ਹੀ ਵਿਛੋੜੇ ਦਾ ਸੱਲ ਦੇ ਕੇ ਗਿਆ ਹੋਵੇ। ਅੱਖਾਂ ਵਿੱਚ ਆਏ ਹੋਏ ਹੰਝੂ ਉਹਨੇ ਸਿਰ ਦੇ ਪੋਲੇ ਨਾਲ ਪੂੰਝ ਘੋਤੇ।
"ਉਹ ਹੋ। ਬੜਾ ਨੇਕ ਬੰਦਾ ਸੀ ਖ਼ੁਦਾ ਪ੍ਰਸਤ ਇਨਸਾਨ।" ਪ੍ਰੀਤੂ ਨੇ ਅਫ਼ਸੋਸ ਵਿਚ ਸਿਰ ਧੁਣਦਿਆਂ ਕਿਹਾ। "ਕੀ ਬਣੀ ਉਹਦੇ ਨਾਲ ?"
"ਬਣਨੀ ਕੀ ਸੀ ? ਜੇਹਲਾਂ ਵਿੱਚ ਰੁਲ ਕੇ ਹੀ ਮਰ ਗਿਆ।"
"ਜੇਹਲਾਂ ਵਿੱਚ ? ਉਹਦੇ ਵਰਗਾ ਨੇਕ ਇਨਸਾਨ ਤੇ ਜੇਹਲਾਂ ਵਿੱਚ ?" ਪ੍ਰੀਤੂ ਨੇ ਬੜੀ ਹੈਰਾਨੀ ਨਾਲ ਪੁੱਛਿਆ।
"ਪ੍ਰੀਤੂ! ਤੈਥੋਂ ਕਾਹਦਾ ਲੁਕਾ ਏ ? ਆਪਣੇ ਪਿੰਡ ਉਹ ਭੈਂਗਾ ਮੌਲਵੀ ਹੁੰਦਾ ਸੀ ਨਾ ਮਸੀਤ ਵਿੱਚ।"
"ਹਾਂ, ਹਾਂ।"
"ਉਹ ਮੇਰਾ ਰਿਸ਼ਤਾ ਮੰਗਦਾ ਸੀ। ਅੰਮਾ ਮੰਨ ਗਈ ਸੀ, ਪਰ ਅੱਬਾ ਵਿਹਰ ਗਿਆ। ਓਥੋਂ ਤਾਂ ਅੱਬਾ ਨੇ ਮੈਨੂੰ ਬਚਾ ਲਿਆ, ਮਗਰ ਐਸ ਕਾਣੇ ਦੈਂਤ ਤੋਂ ਨਾ ਬਚਾ ਸਕਿਆ। ਇਹ ਮੇਰੇ ਮਾਮੇ ਦਾ ਪੁੱਤ ਏ। ਅੱਬਾ ਤੋਂ ਚੋਰੀ ਅੰਮਾ ਨੇ ਮੇਰਾ ਇਹਦੇ ਨਾਲ ਨਕਾਹ ਕਰ ਦਿੱਤਾ। ਪਿੱਛੋਂ ਮੌਲਵੀ ਨੇ ਅੱਬਾ ਤੋਂ ਇਹਦਾ ਬਦਲਾ ਲਿਆ।
ਉਹਨੇ ਅੱਬਾ ਦੇ ਬਰਖ਼ਲਾਫ਼ ਇਲਜ਼ਾਮ ਲਾਇਆ ਕਿ ਉਹ ਹਿੰਦੁਸਤਾਨ ਦਾ ਜਸੂਸ ਏ। ਉਹ ਪਾਕਿਸਤਾਨ ਦੇ ਭੇਤ ਦਿੱਲੀ ਸਰਕਾਰ ਨੂੰ ਦੱਸਦਾ ਏ। ਬੱਸ ਨਾ ਪੁੱਛ ਨਾ ਪੜਤਾਲ। ਹਾਕਮਾਂ ਨੇ ਵਿਚਾਰੇ ਨੂੰ ਫੜ ਕੇ ਜੇਹਲ ਵਿੱਚ ਡੱਕ ਦਿੱਤਾ। ਕਦੇ ਲਾਹੌਰ, ਕਦੇ ਪਸ਼ੌਰ, ਕਦੇ ਕਿਤੇ, ਕਦੇ ਕਿਤੇ। ਪੰਜ ਵਰ੍ਹੇ ਜੇਹਲਾਂ ਵਿੱਚ ਹੱਡ ਰੋਲ ਕੇ ਅੰਤ ਮੁਲਤਾਨ ਜੇਹਲ ਵਿੱਚ ਮਰ ਗਿਆ। ਕਰਮਾ-ਸੜੀ ਧੀ ਨੂੰ ਪਿਉ ਵੇਖਣਾ ਵੀ ਨਸੀਬ ਨਾ ਹੋਇਆ।" ਹੰਝੂਆਂ ਦੇ ਨਾਲ ਨੂਰਾਂ ਦੇ ਹਉਕੇ ਵੀ ਸ਼ੁਰੂ ਹੋ ਗਏ।
"ਉਹ ਹੋ। ਜ਼ਾਲਮ ਦੁਨੀਆ। ਏਹੋ ਜੋਹੇ ਨੇਕ ਬੰਦਿਆਂ ਨਾਲ ਇਹ ਸਲੂਕ ?" ਪ੍ਰੀਤੂ ਦੀਆਂ ਅੱਖਾਂ ਸਾਮ੍ਹਣੇ ਉਸ ਵੇਲੇ ਇਲਮਦੀਨ ਦਾ ਤਪਸਵੀਆਂ ਵਰਗਾ ਚਿਹਰਾ ਫਿਰ ਰਿਹਾ ਸੀ।
ਦੋ ਚਾਰ ਮਿੰਟ ਦੋਹੀਂ ਪਾਸੀਂ ਮੌਤ ਵਰਗੀ ਚੁੱਪ ਛਾਈ ਰਹੀ। ਚਲਦੀ ਗੱਡੀ ਦੀ ਖਟਾ-ਖੱਟ ਦੇ ਨਾਲ ਦੋਹਾਂ ਦੇ ਦਿਲ ਧੜਕ ਰਹੇ ਸਨ। ਪ੍ਰੀਤੂ ਨੇ ਹੀ ਫੇਰ ਚੁੱਪ ਤੋੜੀ। "ਤੇ ਤਾਈ ਫ਼ਾਤਮਾ ਦਾ ਕੀ ਹਾਲ ਏ?!"
"ਉਹ ਕੀਤੇ ਕਰਮਾਂ ਦਾ ਫਲ ਭੋਗ ਰਹੀ ਏ। ਕਦੇ ਨਿੱਕੇ ਦੇ ਬੂਹੇ, ਕਦੇ ਵੱਡੇ ਦੇ ਬੂਹੇ ਧੱਕੇ ਖਾਂਦੀ ਫਿਰਦੀ ਏ। ਨੋਂਹਾਂ ਵੇਖ ਨਹੀਂ ਸੁਖਾਂਦੀਆਂ। ਤੇ ਮੇਰੇ ਵੱਸ ਨਾ ਹੋਇਆ ਕਿ ਚਾਰ ਦਿਨ ਉਹਨੂੰ ਆਸਰਾ ਦੇ ਸਕਾਂ। ਉਹਦੀ ਜ਼ਬਾਨ ਤਾਂ-ਤੂੰ ਜਾਣਦਾ ਈ ਸੈਂ ਨਾ ਜਿੰਨੀ ਵਧੀ ਹੋਈ ਸੀ। ਬੋਲਣੋਂ ਉਹ ਅਜੇ ਵੀ ਨਹੀਂ ਹਟਦੀ ਤੇ ਬੋਲ-ਵਗਾੜ ਈ ਉਹਦੀ ਬਦਕਿਸਮਤੀ ਦਾ ਕਾਰਨ ਏਂ। ਫੌਜਾ ਪਿੰਡ ਈ ਰਹਿੰਦਾ ਏ ਬਰਕੀ। ਓਹਦੇ ਅਗ੍ਹਾਂ ਤਿੰਨ ਅੰਞਾਣੇ ਨੇ। ਵੱਡਾ ਭਰਾ ਤਾਂ ਜਿਉਂ ਵਿਆਹ ਹੋਇਆ ਸੂ, ਲਾਹੌਰ ਈ ਰਹਿੰਦਾ ਏ। ਹੋਰ ਕੀ ਦੱਸਾਂ ?"
"ਤੂੰ ਆਪਣੇ ਬਾਲ ਬੱਚੇ ਦੀ ਦੱਸ।”
"ਪਲੇਠੀ ਦਾ ਮੁੰਡਾ ਏ ਅਮੋੜ ਨਿਰਾ ਪਿਉ ਵਰਗਾ। ਉਸ ਤੋਂ ਛੋਟੀ ਕੁੜੀ ਏ। ਬੱਸ, ਓਸੇ ਬਦਲੇ ਹੁਣ ਤਕ ਜਿਉਂ ਰਹੀ ਆਂ। ਉਸ ਤੋਂ ਛੋਟੇ ਤਿੰਨ ਬਾਲ ਹੋਏ, ਜੋ ਛੋਟੇ ਛੋਟੇ ਹੀ ਮਰ ਗਏ। ਚੰਗਾ ਹੋਇਆ ਨਹੀਂ ਤਾਂ ਮੇਰੇ ਮਗਰੋਂ ਕੀਹਨੇ ਸਾਂਭਣੇ ਸਨ।"
"ਨੂਰਾਂ ਭੈਣ। ਏਨੀ ਨਿਰਾਸ ਨਾ ਹੋ। ਤੂੰ ਰਾਜ਼ੀ ਹੋ ਜਾਵੇਗੀ। ਐਵੇਂ ਦਿਲ ਨਹੀਂ ਛੱਡੀਦਾ।"
"ਰਾਜ਼ੀ ਹੋ ਕੇ ਕੀ ਲੈਣਾ ਏਂ ਮੈਂ। ਚੰਗਾ ਹੋਇਆ, ਇੱਕ ਵਾਰ ਤੈਨੂੰ ਵੇਖ ਲਿਆ। ਓਸ ਰਾਤ ਬਲਦੀ ਅੱਗ ਵਿੱਚ ਅੱਬਾ ਸਾਰੇ ਪਿੰਡ ਵਿੱਚ ਤੈਨੂੰ ਭਾਲਦਾ ਰਿਹਾ। ਪਿੱਛੋਂ ਵੀ ਉਹ ਕਈ ਦਿਨ ਤੈਨੂੰ ਆਸੇ-ਪਾਸੇ ਦੇ ਪਿੰਡਾਂ ਵਿੱਚ ਭਾਲ
ਥੱਕਿਆ, ਪਰ ਤੇਰੀ ਕੋਈ ਉੱਘ ਸੁੱਘ ਨਾ ਨਿਕਲੀ। ਤੂੰ ਦੱਸ ਕਿਥੇ ਛਪਨ ਹੋ ਗਿਆ ਸੈਂ?"
"ਮੈਂ ? ਨੂਰਾਂ ਭੈਣ। ਕੁਛ ਨਾ ਪੁੱਛ, ਮੇਰੇ ਨਾਲ ਕੀ ਬੀਤੀ ਏ। ਆਪਣੇ ਪਿੰਡ ਨਿੰਮਾ ਵਾਲੇ ਤਕੀਏ ਵਿੱਚ ਉਹ ਫ਼ਕੀਰ ਹੁੰਦਾ ਸੀ ਨਾ ਸਾਈਂ ਕੰਬਲੀ ਵਾਲਾ।"
"ਹਾਂ।"
"ਬੱਸ ਓਹਾ ਮੇਰੀ ਵਹੀ ਬਣ ਕੇ ਆ ਮਿਲਿਆ। ਅਸੀਂ ਦੋਵੇਂ ਭਰਾ ਰੋਟੀ ਖਾ ਕੇ ਘਰੋਂ ਨਿਕਲੇ ਸਾਂ। ਪਿਆਰਾ, ਪਾਲੇ ਕੇ ਘਰ ਨੂੰ ਤੁਰ ਗਿਆ ਤੇ ਮੈਂ ਬਾਹਰ ਖੇਤਾਂ ਵੱਲ ਜੰਗਲ ਬਹਿਣ ਚਲਾ ਗਿਆ। ਘਰੋਂ ਇੱਕ ਪੈਲੀ ਦੂਰ ਗਿਆ ਸਾਂ ਜਾਂ ਅੱਗੇ ਉਹ ਕੰਬਲੀ ਵਾਲਾ ਸਾਈਂ ਮਿਲ ਪਿਆ। ਉਹਨੇ ਮੇਰੀ ਹਿੱਕ ਵੱਲੇ ਛੁਰਾ ਸਿੱਧਾ ਕਰਕੇ ਝਿੜਕਦਿਆਂ ਕਿਹਾ, 'ਖ਼ਬਰਦਾਰ ਜੇ ਕੁਸਕਿਓਂ ਤਾਂ ਜਾਨੋਂ ਮਾਰ ਦਿਆਂਗਾ।' ਅੱਠ ਕੁ ਵਰ੍ਹਿਆਂ ਦਾ ਅੰਞਾਣਾ ਈ ਤਾਂ ਸਾਂ। ਮੈਂ ਮੌਤ ਦੇ ਡਰ ਨਾਲ ਏਨਾ ਸਹਿਮ ਗਿਆ ਕਿ ਮੂੰਹੋਂ ਵਾਜ ਤੱਕ ਨਾ ਨਿਕਲੀ। ਮੇਰਾ ਉਹ ਹਾਲ ਹੋ ਗਿਆ, ਜੋ ਬਿੱਲੀ ਨੂੰ ਵੇਖ ਕੇ ਕਬੂਤਰ ਦਾ ਹੋ ਜਾਂਦਾ ਏ। ਮੈਨੂੰ ਬਾਹੋਂ ਫੜ ਕੇ ਉਹ ਪਿੰਡੋਂ ਮੀਲ ਭਰ ਦੂਰ ਚਰੀ ਵਿੱਚ ਜਾ ਲੁਕਿਆ। ਪਿੰਡ ਵਿੱਚ ਗੋਲੀਆਂ ਚਲਦੀਆਂ ਮੈਂ ਸੁਣਦਾ ਰਿਹਾ। ਤੜਕੇ ਜੇਹੇ ਮੈਂ ਬਾਬੇ ਇਲਮਦੀਨ ਦੀ ਵਾਜ ਸੁਣੀ। ਉਹ ਮੇਰਾ ਨਾਂ ਲੈ ਲੈ ਕੇ ਵਾਜਾਂ ਮਾਰ ਰਿਹਾ ਸੀ।"
"ਬਦ ਕਿਸਮਤਿਆ! ਤੂੰ ਓਦੋਂ ਈ ਬੋਲ ਪਵੇ ਆਂ।"
"ਬੋਲ ਕਿਵੇਂ ਪੈਂਦਾ। ਸਾਈਂ ਨੇ ਮੈਨੂੰ ਗਲੋਂ ਫੜ ਕੇ ਦਬਾ ਦਿੱਤਾ, 'ਖਬਰਦਾਰ, ਜੇ ਕੁਸਕਿਓਂ ਵੀ। ਤੇਰੇ ਹਮੈਤੀ ਦੇ ਔਣ ਤੋਂ ਪਹਿਲਾਂ ਈ ਛੁਰੀ ਨਾਲ ਹਲਾਲ ਕਰ ਦਿਆਂਗਾ'। ਨੂਰਾਂ ਭੈਣ! ਓਦੋਂ ਮੌਤ ਤੋਂ ਡਰਦਾ ਮੈਂ ਚੁੱਪ ਕਰ ਰਿਹਾ। ਪਰ ਜਿਹੜੀ ਮੈਂ ਜ਼ਿੰਦਗੀ ਕੱਟੀ ਏ ਹੁਣ ਤੱਕ, ਉਹ ਮੌਤ ਤੋਂ ਵੀ ਭੈੜੀ ਏ।"
“ਉਹ ਹੋ! ਨਖਾਫਣਿਆਂ। ਤੇਰਾ ਕਿਸ ਜੁੱਗ ਭਲਾ ਹੋਵੇਗਾ।"
"ਅਗਲੇ ਦਿਨ ਉਹ ਮੈਨੂੰ ਲਾਹੌਰ ਲੈ ਗਿਆ। ਮਾਡਲ ਟਾਊਨ ਦੇ ਲਹਿੰਦੇ ਪਾਸੇ ਇੱਕ ਸੁੰਞੀ ਜੇਹੀ ਵਸਤੀ ਸੀ। ਤਿੰਨ-ਚਾਰ ਦਿਨ ਮੈਂ ਓਥੇ ਇੱਕ ਕਮਰੇ ਵਿੱਚ ਬੰਦ ਰਿਹਾ। ਬਾਹਰ ਕੀ ਹੋ ਰਹੀ ਏ, ਮੈਨੂੰ ਕੋਈ ਪਤਾ ਨਹੀਂ। ਫੇਰ ਉਹ ਮੈਨੂੰ ਸਰਗੋਧਾ, ਲੈਲਪੁਰ, ਝੰਗ ਪਤਾ ਨਹੀਂ ਕਿੱਥੇ ਕਿੱਥੇ ਲਈ ਫਿਰਿਆ। ਸਿਰ ਤਾਂ ਉਹਨੇ ਮੇਰਾ ਲਾਹੌਰ ਈ ਮੁੰਨ ਦਿੱਤਾ ਸੀ। ਝੰਗ ਵਿੱਚ ਮੇਰੀ ਸੁੰਨਤ ਵੀ ਕਰਾ ਦਿੱਤੀ। ਲੋਕਾਂ ਨੂੰ ਉਹ ਦੱਸਦਾ 'ਇਹ ਮੇਰਾ ਇੱਕੋ ਇੱਕ ਪੁੱਤਰ ਨੂਰਦੀਨ ਏਂ। ਪੁੱਤਰ ? ਸ਼ੈਤਾਨ ਕਿਸੇ ਥਾਂ ਦਾ। ਮੂੰਹੋਂ ਮੈਨੂੰ ਪੁੱਤਰ ਆਹੰਦਾ ਸੀ। ਤੇ। ਤੂੰ ਵੱਡੀ ਭੈਣ ਏਂ, ਕੀ ਦੱਸਾਂ ਮੈਂ
ਦੱਸਦਿਆਂ ਵੀ ਸ਼ਰਮ ਔਂਦੀ ਏ।" ਪ੍ਰੀਤੂ ਦੀਆਂ ਲੱਜਿਆ ਨਾਲ ਅੱਖਾਂ ਝੁਕ ਗਈਆਂ। ਦੋ ਮਿੰਟ ਉਹਦੇ ਮੂੰਹੋਂ ਵਾਜ ਨਾ ਨਿਕਲੀ। "ਫੇਰ ਉਹਦੇ ਬਦਲੇ ਮੈਨੂੰ ਬਾਜ਼ਾਰਾਂ ਵਿੱਚ ਹੱਥ ਫੈਲਾ ਕੇ ਮੰਗਣਾ ਪੈਂਦਾ। ਉਹ ਆਪ ਅੰਨ੍ਹਾ ਬਣ ਕੇ ਮੇਰੇ ਮੋਢੇ 'ਤੇ ਹੱਥ ਰੱਖ ਲੈਂਦਾ ਤੇ ਮੈਂ ਜਣੇ ਖਣੇ ਅੱਗੇ ਹੱਥ ਫੈਲਾ ਕੇ ਭੀਖ ਮੰਗਦਾ ਫਿਰਦਾ। ਉਹ ਹੋ। ਲਾਹਨਤ ਹੈ ਐਹੋ ਜੇਹੀ ਜ਼ਿੰਦਗੀ ਉੱਤੇ। ਜੱਟਾਂ ਦੇ ਮੁੰਡੇ ਵਾਸਤੇ ਮੰਗਣਾ ਮਰਨ ਨਾਲੋਂ ਵੀ ਭੈੜਾ ਏ। ਪਰ ਮੈਂ ਉਹਦੇ ਜਾਲ ਵਿੱਚ ਕੁਛ ਅਜੇਹਾ ਫਸ ਗਿਆ ਸਾਂ ਕਿ ਹਰ ਕਿਸਮ ਦਾ ਜ਼ਲੀਲਪੁਣਾ ਸਹਿ ਕੇ ਵੀ ਮੈਂ ਜਿਉਂਦਾ ਰਿਹਾ। ਅਖ਼ੀਰ ਉਹ ਸਰਗੋਧੇ ਵਿੱਚ ਮਰ ਗਿਆ ਤਾਂ ਮੈਂ ਇੱਕ ਚੌਧਰੀ ਦੀ ਨੌਕਰੀ ਕਰ ਲਈ। ਪਿਛਲੇਰੇ ਸਾਲ ਹਿੰਦ ਚੀਨ ਦੀ ਲੜਾਈ ਵੇਲੇ ਪਾਕਸਤਾਨ ਵਿੱਚ ਆਮ ਲਾਮਬੰਦੀ ਸ਼ੁਰੂ ਹੋ ਗਈ ਤਾਂ ਓਸ ਚੌਧਰੀ ਨੇ ਮੈਨੂੰ ਫ਼ੌਜ ਵਿੱਚ ਭਰਤੀ ਕਰਾ ਕੇ ਸਰਕਾਰ ਤੋਂ ਨੇਕਨਾਮੀ ਦੀ ਚਿੱਠੀ ਲੈ ਲਈ। ਇਹ ਈ ਮੇਰੀ ਜ਼ਿੰਦਗੀ। ਜੇ ਇਹਨੂੰ ਜ਼ਿੰਦਗੀ ਕਿਹਾ ਜਾ ਸਕਦਾ ਏ ਤਾਂ।"
“ਉਹ। ਬੇਸਮਝਾ। ਤੂੰ ਹਿੰਦੁਸਤਾਨ ਕਿਉਂ ਨਾ ਚਲਿਆ ਗਿਓਂ। ਤੈਨੂੰ ਐਨਾ ਪਿਆਰ ਕਰਨ ਵਾਲਾ ਭਰਾ ਤੇ ਮਾਂ ਪਿਉ ਯਾਦ ਨਾ ਆਏ ?"
"ਹਿੰਦੁਸਤਾਨ ਕੀਹਦੇ ਕੋਲ ਜਾਂਦਾ ? ਮਾਂ ਪਿਉ ਭਰਾ ਯਾਦ ਔਂਦੇ ਛੱਡ ਕੇ, ਭੁਲਦੇ ਈ ਨਹੀਂ ਕਿਸੇ ਵੇਲੇ। ਪਰ ਤੈਨੂੰ ਪਤਾ ਏ ਉਹ ਤਾਂ ਸਾਰੇ ਪਿੰਡ ਨਿਕਲਣ ਲੱਗਿਆਂ ਬੂਹੇ ਅੱਗੇ ਈ ਮਾਰੇ ਗਏ ਸਨ ਤੇ ਹੋਰ ਮੇਰਾ ਹਿੰਦੁਸਤਾਨ 'ਚ ਕੌਣ ਸੀ।"
"ਤੈਨੂੰ ਕੀਹਨੇ ਦੱਸਿਆ ਸੀ ਕਿ ਉਹ ਮਾਰੇ ਗਏ ਹਨ। ਓਸੇ ਫ਼ਕੀਰ ਨੇ ?"
"ਹਾਂ।"
"ਹੇ ਹੈ ਤੇਰਾ ਬੇੜਾ ਗਰਕ। ਅੱਲਾ ਕਰੇ, ਪਾਪੀਆ। ਤੈਨੂੰ ਦੋਜਕ ਢੋਈ ਨਾ ਮਿਲੇ।" ਨੂਰਾਂ ਉਸ ਫ਼ਕੀਰ ਨੂੰ ਬਦ-ਦੁਆਈ ਦਿੱਤੀ ਜਾ ਰਹੀ ਸੀ। "ਪ੍ਰੀਤ! ਉਹ ਅਜੇ ਜਿਊਂਦੇ ਨੇ। ਸਾਰੇ ਜਿਊਂਦੇ ਨੇ। ਅੱਬਾ ਆਪ ਉਹਨਾਂ ਨੂੰ ਖਾਲੜੇ ਵਾਲੀ ਨਹਿਰ ਟਪਾ ਕੇ ਆਇਆ ਸੀ। ਪਿਆਰਾ ਤਾਂ ਹੁਣ ਬਾਲ ਬੱਚੇ ਵਾਲਾ ਹੋਣਾ ਏਂ। ਜਾਣ ਤੋਂ ਦੋ ਕੁ ਮਹੀਨੇ ਪਿੱਛੋਂ ਤੈਨੂੰ ਭਾਲਣ ਵਾਸਤੇ ਪਿਆਰਾ ਆਪ ਇੱਕ ਵਾਰ ਮਿਲਟਰੀ ਨਾਲ ਬਰਕੀ ਆਇਆ ਸੀ।"
"ਤੂੰ ਉਹਨੂੰ ਆਪਣੀ ਅੱਖੀਂ ਵੇਖਿਆ ਸੀ।"
"ਮੇਰੀ ਕਿਸਮਤ ਕਿੱਥੇ ਸੀ। ਇਹ ਸੜ ਗਈਆਂ ਅੱਖਾਂ ਤਾਂ ਉਹਨੂੰ ਵੇਖਣ ਵਾਸਤੇ ਤਰਸਦੀਆਂ ਤਰਸਦੀਆਂ ਥੱਕ ਲੱਥੀਆਂ ਨੇ । ਹੁਣ ਮਰਨ ਕਨਾਰੇ ਖਲੀ ਤੈਥੋਂ ਕੀ ਲੁਕਾਵਾਂ। ਮੈਂ ਇੱਕ ਵਾਰ ਪਿਆਰੇ ਨੂੰ ਵੇਖ ਲੈਂਦੀ ਤਾਂ ਉਹਦੇ ਨਾਲ ਸੜ ਕੇ
ਸਤੀ ਹੋ ਜਾਂਦੀ। ਕੀ ਪੁੱਛਦਾ ਏਂ। ਮੈਂ ਸਾਰੀ ਜ਼ਿੰਦਗੀ ਦੀਵੇ ਦੀ ਲਾਟ ਵਾਂਗ ਸੜ ਕੇ ਕੱਟੀ ਏ।" ਨੂਰਾਂ ਹੁਭਕੀ-ਹੁਭਕੀ ਰੋਣ ਲੱਗ ਪਈ। ਦੋਵੇਂ ਆਪੋ ਆਪਣੇ ਗ਼ਮ ਵਿੱਚ ਡੁੱਬੇ ਹੋਏ ਸਨ।
"ਉਹ ਹੋ।" ਪ੍ਰੀਤੂ ਦੇ ਅੰਦਰੋਂ ਗਜ਼ ਜਿੱਡਾ ਹਉਕਾ ਨਿਕਲਿਆ। "ਮੈਨੂੰ ਪਤਾ ਹੁੰਦਾ, ਏਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਮੈਂ ਜਾਨ 'ਤੇ ਖੇਡ ਕੇ ਵੀ ਓਧਰ ਚਲਾ ਜਾਂਦਾ।"
"ਹੁਣ ਵੀ ਚਲਾ ਜਾਹ। ਪ੍ਰੀਤੂ। ਹੁਣ ਵੀ ਚਲਾ ਜਾ। ਪਿਆਰੇ ਨੂੰ ਆਖੀਂ ਨੂਰਾਂ ਮੋਮਬੱਤੀ ਦੀ ਚਰਬੀ ਵਾਂਗ ਘੁਲ ਘੁਲ ਕੇ ਮੁੱਕ ਗਈ ਏ। ਉਹਦਾ ਦਿਲ ਕਰੇ, ਤਾਂ ਚਾਰ ਹੰਝੂ ਕੋਰ ਛੱਡੋ।" ਨੂਰਾਂ ਆਪਣੇ ਜਜ਼ਬਾਤ ਵਿੱਚ ਰੁੜ੍ਹਦੀ ਜਾ ਰਹੀ ਸੀ।
"ਸਬਰ ਕਰ ਨੂਰਾਂ ਭੈਣ! ਆਪਾਂ ਤਿੰਨੇ ਈ ਬਰਬਾਦ ਹੋ ਗਏ ਆਂ। ਮੈਂ.. ਮੈਂ ਹੁਣ ਨਹੀਂ ਜਾ ਸਕਦਾ। ਸਾਰੇ ਰਸਤੇ ਬੰਦ ਹੋ ਗਏ। ਚਲਾ ਭੀ ਜਾਵਾਂ, ਤਾਂ ਮੇਰੇ 'ਤੇ ਇਤਬਾਰ ਕੌਣ ਕਰੇਗਾ। ਮੇਰੀ ਸੁੰਨਤ ਹੋਈ ਹੋਈ ਏ। ਮੈਨੂੰ ਪਾਕਸਤਾਨ ਦਾ ਜਸੂਸ ਸਮਝ ਕੇ ਖ਼ਤਮ ਕਰ ਦਿੱਤਾ ਜਾਵੇਗਾ। ਜਾਣਦੀ ਏਂ ਭਾਰਤ ਤੇ ਪਾਕਸਤਾਨ ਦੇ ਸੰਬੰਧ ਕਿੰਨੇ ਵਿਗੜ ਚੁੱਕੇ ਨੇ ? ਪਤਾ ਨਹੀਂ ਕਿਹੜੇ ਵੇਲੇ ਦੋਹਾਂ ਮੁਲਕਾਂ ਵਿੱਚ ਲੜਾਈ ਸ਼ੁਰੂ ਹੋ ਜਾਵੇ। ਇਹ ਖ਼ਬਰ ਪੱਕੀ ਸਮਝ ਕਿ ਸਾਲ ਦੇ ਅੰਦਰ-ਅੰਦਰ ਪਾਕਸਤਾਨ ਹਮਲਾ ਕਰ ਦੇਵੇਗਾ। ਪਿਆਰਾ, ਪਿਆਰਾ ਮੇਰੇ ਸਾਹਾਂ ਵਿੱਚ ਰਚਿਆ ਹੋਇਆ ਏ, ਪਰ ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਤੇ ਉਹਨਾਂ ਨੂੰ ਕਿੱਥੋਂ ਭਾਲਾਂ। ਨਹੀਂ, ਨੂਰਾਂ। ਸਭ ਕੁਛ ਮੁੱਕ ਗਿਆ ਏ। ਹੁਣ ਕੋਈ ਚਾਰਾ ਨਹੀਂ। ਪਿਆਰੇ ਦਾ ਪ੍ਰੀਤੂ ਮੁੱਕ ਗਿਆ ਏ। ਇਹ ਤਾਂ ਉਹਦਾ ਪ੍ਰੇਤ ਏ ਪਿੱਛੇ। ਉਹ ਹੋ।" ਪ੍ਰੀਤੂ ਬੱਚਿਆਂ ਵਾਂਗ ਫਿਸ ਪਿਆ।
"ਪ੍ਰੀਤੂ! ਮੇਰੀਆਂ ਅੱਖਾਂ ਸਾਮ੍ਹਣੇ । ਤੈਨੂੰ ਮੇਰੀ ਸਹੁੰ ਈਂ।" ਨੂਰਾਂ ਸਿਰ ਦੇ ਪੱਲੇ ਨਾਲ ਪ੍ਰੀਤੂ ਦੇ ਹੰਝੂ ਪੂੰਝਣ ਲੱਗ ਗਈ।
ਦੋ ਮਿੰਟ ਬਾਅਦ ਸਟੇਸ਼ਨ ਆ ਗਿਆ। ਦੋਵੇਂ ਜਣੇ ਆਪਣੇ ਆਪ 'ਤੇ ਕਾਬੂ ਪਾ ਕੇ ਠੀਕ ਹੋ ਕੇ ਬਹਿ ਗਏ।
"ਅਲੀ ਮੁਹੰਮਦ ਤਾਂ ਏਸ ਸਟੇਸ਼ਨ 'ਤੇ ਵੀ ਨਾ ਆਇਆ।" ਪ੍ਰੀਤੂ ਨੇ ਐਵੇਂ ਗੱਲ ਤੋਰਨ ਵਾਸਤੇ ਪੁੱਛਿਆ।
"ਉਹ ਸਿਰਫ ਲਾਹੌਰ ਸਟੇਸ਼ਨ 'ਤੇ ਮੈਨੂੰ ਉਤਾਰਨ ਵਾਸਤੇ ਹੀ ਆਵੇਗਾ। ਦੂਜੇ ਡੱਬੇ ਵਿੱਚ ਉਹ ਮੇਰੀ ਹੋਣ ਵਾਲੀ ਸੌਂਕਣ ਕੋਲ ਬੈਠਾ ਏ। ਦੋਵੇਂ ਮੇਰੀ ਮੌਤ ਦੀ ਉਡੀਕ ਕਰ ਰਹੇ ਨੇ। ਚਲੋ, ਹੁਣ ਤਾਂ ਚੰਦ ਦਿਨਾਂ ਦੀ ਖੇਡ ਏ। ਉਹਨਾਂ ਨੂੰ ਬਹੁਤੇ
ਦਿਨ ਉਡੀਕਣਾ ਨਹੀਂ ਪਵੇਗਾ।"
"ਮੇਰੀ ਬਦਲੀ ਲਾਹੌਰ ਛੋਣੀ ਹੋ ਗਈ ਏ। ਮੈਂ ਕਿਸੇ ਐਤਵਾਰ ਘਰ ਆਵਾਂਗਾ।"
ਅਸਲ ਵਿੱਚ ਦੋਹਾਂ ਦੀਆਂ ਗੱਲਾਂ ਮੁੱਕ ਗਈਆਂ ਸਨ। ਦੋਵੇਂ ਬੀਤੀਆਂ ਯਾਦਾਂ ਵਿੱਚ ਗੁਆਚ ਗਏ।
੭.
ਭਿੱਖੀਵਿੰਡ ਅੱਡੇ ਤੋਂ ਖਾਲੜੇ ਵੱਲ ਤੁਰੀਏ ਤਾਂ ਦਸ-ਬਾਰਾਂ ਦੁਕਾਨਾਂ ਛੱਡ ਕੇ ਸੱਜੇ ਹੱਥ ਲਛਮਨ ਚਾਹ ਵਾਲੇ ਦੀ ਦੁਕਾਨ ਹੈ। ਲਛਮਨ ਨੂੰ ਅਖ਼ਬਾਰੀ ਗੱਲਾਂ ਸੁਣਨ ਦਾ ਬਹੁਤ ਸ਼ੌਕ ਹੈ। ਉਹ ਪੜ੍ਹਿਆ ਹੋਇਆ ਨਹੀਂ, ਪਰ ਇੱਕ ਪੰਜਾਬੀ ਦਾ ਤੇ ਇੱਕ ਉਰਦੂ ਦਾ ਅਖ਼ਬਾਰ ਰੋਜ਼ ਖ਼ਰੀਦਦਾ ਹੈ। ਦੋਵੇਂ ਅਖ਼ਬਾਰ ਦੁਕਾਨ ਦੇ ਸਾਮ੍ਹਣੇ ਛੱਪਰ ਹੇਠ ਲੱਗੀਆਂ ਮੇਜ਼ਾਂ ਉੱਤੇ ਸਾਰਾ ਦਿਨ ਪਏ ਰਹਿੰਦੇ ਹਨ। ਚਾਹ ਪੀਣ ਦੇ ਬਹਾਨੇ-ਬਿਨਾਂ ਪੈਸੇ ਖ਼ਰਚਿਆਂ ਅਖ਼ਬਾਰ ਪੜ੍ਹਨ ਦੇ ਸ਼ੌਕੀਨ ਕੁਰਸੀਆਂ 'ਤੇ ਬੈਠੇ ਖ਼ਬਰਾਂ 'ਤੇ ਨਜ਼ਰ ਮਾਰਦੇ ਰਹਿੰਦੇ ਹਨ। ਇਸ ਵਿੱਚ ਵੀ ਲਛਮਨ ਦਾ ਨਜ਼ਰੀਆ ਵੱਖਰਾ ਹੈ। ਉਹ ਸਮਝਦਾ ਹੈ ਕਿ ਸਿਰਫ਼ ਅਖ਼ਬਾਰ ਪੜ੍ਹਨ ਦੇ ਬਹਾਨੇ ਕੋਈ ਗਾਹਕ ਚਾਹ ਪੀਂਦੇ ਹਨ। ਚਾਹ ਦੇ ਬਹਾਨੇ ਅਖ਼ਬਾਰ ਜਾਂ ਅਖ਼ਬਾਰ ਦੇ ਬਹਾਨੇ ਚਾਰ, ਲਛਮਨ ਦੀ ਦੁਕਾਨ 'ਤੇ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਹੈ।
"ਜ਼ਰਾ ਦੱਸਣਾ ਜੀ। ਅੱਜ ਦੀ ਖ਼ਾਸ ਖ਼ਾਸ ਖਵਰ ਕੀ ਏ।" ਲਛਮਨ ਹਰ ਅਖ਼ਬਾਰ ਵੇਖਣ ਵਾਲੇ 'ਤੇ ਸਵਾਲ ਕਰਦਾ।
"ਖ਼ਬਰ ? ਨਵੀਂ ਤਾਂ ਕੋਈ ਨਹੀਂ, ਨਿੱਤ ਵਾਲੀਆਂ ਈ ਨੇ।"
"ਧਿਆਨ ਨਾਲ ਵੇਖਿਓ, ਫਿਰ ਇਹ ਕਿਤੇ ਕੱਲ੍ਹ ਵਾਲਾ ਅਖ਼ਬਾਰ ਤਾਂ ਨਹੀਂ ? ਮਤਾਂ ਸੀਤਾ ਰਾਮ ਮੇਰੇ ਨਾਲ ਧੋਖਾ ਕਰ ਗਿਆ ਹੋਵੇ।" ਲਛਮਨ ਦਾ ਇਸ਼ਾਰਾ ਸੀਤਾ ਰਾਮ ਅਖ਼ਬਾਰ ਵਾਲੇ ਵੱਲ ਹੁੰਦਾ।
"ਨਹੀਂ, ਅਖ਼ਬਾਰ ਤਾਂ ਅੱਜ ਦੀ ਈ ਏ।" ਪੜ੍ਹਨ ਵਾਲਾ ਪਹਿਲੇ ਪੰਨੇ ਤੋਂ ਤਾਰੀਖ਼ ਵੇਖ ਕੇ ਜਵਾਬ ਦੇਂਦਾ।
"ਫੇਰ ਕੁਛ ਨਵੀਆਂ ਖਵਰਾਂ ਵੀ ਜ਼ਰੂਰ ਹੋਣਗੀਆਂ। ਨਹੀਂ ਤਾਂ ਉਹਨਾਂ ਨੂੰ ਨਵੇਂ ਸੂਰਜ ਐਨੇ ਵਰਕੇ ਕਾਲੇ ਕਰਨ ਦੀ ਕੀ ਲੋੜ ਸੀ। ਹਾਂ, ਸੱਚ, ਚਾਹ ਦੇ ਨਾਲ ਕੀ ਆਵੇ, ਆਂਡੇ, ਬਿਸਕੁਟ, ਕੇਕ, ਡਬਲ ਰੋਟੀ।"
ਅਖ਼ੀਰ ਅਖ਼ਬਾਰ ਪੜ੍ਹਨ ਵਾਲੇ ਨੂੰ ਕੁਛ ਨਾ ਕੁਛ ਪੈਸੇ ਢਿੱਲੇ ਕਰਨੇ ਹੀ ਪੈਂਦੇ।
ਐਨੀਆਂ ਗੱਲਾਂ ਕਰਨ ਪਿੱਛੋਂ ਉਹ ਦੁਕਾਨਦਾਰ ਨੂੰ ਸੁੱਕਾ ਟਰਕਾ ਕੇ ਨਹੀਂ ਸੀ ਜਾ ਸਕਦਾ। ਤੇ ਜੋ ਕੋਈ ਬਹੁਤਾ ਹੀ ਚੀਹੜਾ ਜਾਂ ਲੱਜ-ਲੱਥਾ ਹੁੰਦਾ ਤਾਂ ਲਛਮਨ ਉਸ ਤੋਂ ਸਾਰਾ ਅਖ਼ਬਾਰ ਸੁਣ ਕੇ ਉਠਣ ਦੇਂਦਾ।
"ਆਹ ਮੋਟੀ ਸੁਰਖੀ ਕੀ ਏ ਤੇ ਉਸ ਤੋਂ ਹੇਠਾਂ ਕੀ ਲਿਖਦਾ ਏ। ਵਰਕੇ ਦੇ ਦੂਜੇ ਪਾਸੇ ਵੇਖੋ ਨਾ ਜ਼ਰਾ। ਭਲਾ ਅਮਰੀਕਾ ਕੀ ਆਹੰਦਾ ਏ, ਤੇ ਰੂਸ ਦੇ ਕੀ ਵਚਾਰ ਨੇ।.... ਤੁਸੀਂ ਆਪਣੇ ਗਵਾਂਢੀ ਪੱਠੇ ਅਯੂਬ ਤੇ ਭੁੱਟੋ ਮੀਆਂ ਦੀ ਗੱਲ ਦੱਸੋ। ਅੱਜ ਨਵੀਂ ਧਮਕੀ ਕੀ ਦਿੱਤੀ ਸਾਨੂੰ ਤੇ ਲੜਾਈ ਦਾ ਕੀ ਹਾਲ ਚਾਲ ਏ।..... ਸਾਡੀ ਸਰਕਾਰ ਵੀ ਕੁਛ ਗਰਮ ਹੁੰਦੀ ਏ, ਜਾਂ ਅਜੇ ਵੀ 'ਸ਼ਾਂਤੀ ਕਮ ਸਵਾਹਾ' ਦਾ ਪਾਠ ਈ ਚੱਲ ਰਿਹੈ। ਅਹੁ ਦੂਜਾ ਅਖ਼ਬਾਰ ਵੇਖੋ ਨਾ। ਹਮਾਤੜ ਅਨਪੜ੍ਹ ਬੰਦੇ ਨੇ ਤਾਂ ਤੁਹਾਡੇ ਮੂੰਹ ਵੱਲ ਈ ਵੇਖਣਾ ਹੋਇਆ ਨਾ, ਜਿਵੇਂ ਖ਼ਾਲੀ ਜੇਬ ਜੈਂਟਲਮੈਨ ਜਲੇਬੀਆਂ ਵੱਲ ਵਿਹੰਦਾ ਏ। ਸੁਣਾ ਦੇਹੋ ਕੁਛ।"
ਏਸ ਤਰ੍ਹਾਂ ਦਾ ਰੰਗੀਲਾ ਬੰਦਾ ਸੀ ਲਛਮਨ ਚਾਹ ਵਾਲਾ।
ਪਿਛਲੇ ਪਹਿਰ ਉਹਦੀ ਦੁਕਾਨ 'ਤੇ ਉਚੇਚੀ ਰੌਣਕ ਹੋ ਜਾਂਦੀ। ਸਿਆਸੀ ਚਰਚਾ ਕਰਨ ਵਾਲਿਆਂ ਦੀ ਇੱਕ ਛੋਟੀ ਜੇਹੀ ਮਜਲਸ ਲੱਗ ਜਾਂਦੀ। ਫਿਰ ਜਿਸ ਦਿਨ 'ਕਾਮਰੇਡ' ਆ ਜਾਵੇ, ਅਜਲਾਸ ਕਾਫ਼ੀ ਲੰਮਾ ਹੋ ਜਾਂਦਾ। ਸੜਕ ਦੇ ਦੂੱਜੇ ਪਾਸੇ ਖਲੀ ਵੱਡੀ ਸਾਰੀ ਟਾਹਲੀ ਦੀ ਛਾਂ ਦੁਕਾਨ ਦੇ ਸਾਹਮਣੇ ਫੈਲ ਜਾਂਦੀ। ਲਛਮਨ ਦੇ ਤਿੰਨ ਮੰਜੇ ਹੋਰ ਛਾਵੇਂ ਡਾਹ ਦੇਂਦਾ। ਫਿਰ ਰਣ-ਕੱਛ ਵਿੱਚ ਹੋ ਰਹੀ ਲੜਾਈ ਦੇ ਕਾਰਨ ਰੌਣਕ ਹੋਰ ਵੀ ਵਧ ਜਾਂਦੀ।
"ਅਮਲੀਆ! ਧਰ ਦਿਆਂ ਚਾਹ, ਕਿ ਅਜੇ ਕਾਮਰੇਡ ਨੂੰ ਉਡੀਕਣਾ ਏਂ ?" ਲਛਮਨ ਨੇ ਨਿੱਤ ਚਾਹ ਦੇ ਗਾਹਕ ਅਮਲੀ ਸੁੰਦਰ ਸਿੰਘ ਨੂੰ ਪੁੱਛਿਆ।
"ਧਰ ਦੇਹ। ਕਾਮਰੇਡ ਘਰੋਂ ਤਾਂ ਤੁਰ ਪਿਆ ਸੀ। ਕਿਤੇ ਰਾਹ ਵਿੱਚ ਈ ਅੜ ਗਿਆ ਏ। ਲੀਡਰੀ ਦਾ ਚਸਕਾ ਏ ਨਾ। ਜਿਥੇ ਕਿਸੇ ਰੋਕ ਲਿਆ, ਓਥੇ ਗੱਲੀਂ ਰੁਝ ਗਿਆ। ਵਿਚਾਰਾ ਕੀਹਦਾ ਹੰਮਾਂ ਤੋੜ ਕੇ ਤੁਰੇ।" ਅਮਲੀ ਨੇ ਕਾਮਰੇਡ ਨਾਲ ਹਮਦਰਦੀ ਜਤਾਉਂਦਿਆਂ ਕਿਹਾ।
"ਸਿਰਫ਼ ਚਸਕਾ ਈ ਏ! ਕਾਮਰੇਡ ਨੇ ਕਈ ਪਾਪੜ ਵੇਲੇ, ਕਈ ਪੱਤਣ ਤਰੇ ਪਰ ਭਾਉ। ਲੀਡਰੀ ਹੱਥ ਨਾ ਆਈ।" ਕਰਮ ਸਿੰਘ 'ਭਾਊ' ਨੇ ਖੱਬੇ ਹੱਥ ਦੀਆਂ ਉਂਗਲਾਂ ਨਾਲ ਮੇਜ਼ 'ਤੇ ਤਬਲਾ ਵਜਾਉਂਦਿਆਂ ਕਿਹਾ।
ਕਾਮਰੇਡ ਸੰਤਾ ਸਿੰਘ ਪਹਿਲਾਂ ਅਕਾਲੀ ਹੁੰਦਾ ਸੀ। ਕੁਛ ਗਰਮ ਖਿਆਲਾਂ ਦਾ ਹੋਣ ਕਰਕੇ ਫੇਰ ਉਹ ਕਮਿਊਨਿਸਟ ਬਣ ਗਿਆ। 'ਕਾਮਰੇਡ' ਖ਼ਿਤਾਬ ਓਦੋਂ ਦੀ
ਯਾਦ ਹੈ। ਸੰਨ ਸੰਤਾਲੀ ਵਿੱਚ ਪਾਕਸਤਾਨ ਦੇ ਹੱਕ ਵਿੱਚ ਨਾਹਰੇ ਲਾਉਣ ਕਰਕੇ ਲੋਕਾਂ ਵਿੱਚ ਕਮਿਊਨਿਸਟਾਂ ਦਾ ਅਸਰ ਕੁਛ ਘੱਟ ਗਿਆ ਤਾਂ ਸੰਤਾ ਸਿੰਘ ਸੋਸ਼ਲਿਸਟ ਪਾਰਟੀ ਵਿੱਚ ਰਲ ਗਿਆ। ਅੱਜ ਕੱਲ੍ਹ ਉਹ ਪੱਕਾ ਕਾਂਗਰਸੀ ਸੀ, ਸਿੱਕੇ-ਬੰਦ ਕਾਂਗਰਸੀ, ਪਰ ਜਾਣੂ ਪਛਾਣੂ ਉਸਨੂੰ ਕਾਮਰੇਡ ਕਹਿ ਕੇ ਹੀ ਬੁਲਾਉਂਦੇ ਸਨ।
"ਲੀਡਰੀ ਤਾਂ ਜੀਹਦੀ ਮਰਜ਼ੀ ਬਣ ਜਾਵੇ। ਲੀਡਰੀ ਵਾਸਤੇ ਕਿਹੜਾ ਕੋਈ ਸਰਟੀਫ਼ਿਕੇਟ ਚਾਹੀਦਾ ਏ। ਆਖ ਵਜ਼ੀਰ ਨਹੀਂ ਬਣ ਸਕਿਆ।" ਕੋਲੋਂ ਕਿਰਪਾ ਰਾਮ ਸੇਠ ਨੇ ਕਿਹਾ।
ਕਿਰਪਾ ਰਾਮ ਕੰਮ ਕਰਦਾ ਸੀ ਪਿੰਡਾਂ ਵਿੱਚ ਘਰ-ਘਰ ਫਿਰ ਕੇ ਕੱਪੜਾ ਵੇਚਣ ਦਾ, ਪਰ ਯਾਰਾਂ ਮਿੱਤਰਾਂ ਨੇ 'ਸੇਠ' ਦਾ ਖ਼ਿਤਾਬ ਦੇ ਕੇ ਓਹਦੀ ਗ਼ਰੀਬੀ ਨੂੰ ਢੱਕਣ ਦਾ-ਆਪਣੇ ਵੱਲੋਂ-ਢੁੱਕਵਾਂ ਯਤਨ ਕੀਤਾ ਸੀ।
"ਭਾਊ। ਵਜ਼ੀਰੀ ਦੀ ਕੁਰਸੀ ਤੱਕ ਪਹੁੰਚਣ ਵਾਸਤੇ ਬੰਦੇ ਨੂੰ ਬੜਾ ਕੁਛ ਕਰਨਾ ਪੈਂਦਾ ਏ। ਤੇ ਸਾਡਾ ਕਾਮਰੇਡ ਵਚਾਰਾ ਹਾਹੋ।" ਕਰਮ ਸਿੰਘ ਭਾਊ ਨੇ ਗੱਲ ਅਧੂਰੀ ਹੀ ਛੱਡ ਦਿੱਤੀ। ਉਹਦਾ ਖ਼ਿਆਲ ਸੀ ਕਿ ਉਹਦੀ ਰਮਜ਼ ਸਾਰੇ ਸਾਥੀ ਸਮਝ ਗਏ ਹਨ।
"ਉਂਝ ਬੰਦਾ ਮਜ਼ੇਦਾਰ ਏ ਕਾਮਰੇਡ।" ਲਛਮਨ ਨੇ ਜ਼ਰਾ ਉੱਚੀ ਸੁਰ ਵਿੱਚ ਕਿਹਾ। ਗਾਹਕਾਂ ਦੇ ਵਾਰਤਾਲਾਪ ਵਿੱਚ ਹਿੱਸਾ ਲੈਣਾ ਉਹ ਜ਼ਰੂਰੀ ਸਮਝਦਾ ਸੀ।
"ਮਖ : ਬੜਾ ਸੂਝਵਾਨ ਏ। ਕੋਈ ਸਵਾਲ ਕਰੇ ਫੱਟ ਜਵਾਬ ਹਾਜ਼ਰ ਏ।" ਅਮਲੀ ਕਾਮਰੇਡ ਦੇ ਸੱਚੇ ਕਦਰਦਾਨਾਂ ਵਿੱਚ ਸੀ।
"ਵੀਹਾਂ ਬੰਦਿਆਂ ਤੋਂ ਦਿਹਾੜੀ 'ਚ ਖਬਾਰ ਸੁਣੀਦਾ ਏ ਤੇ ਕੱਖ ਪੱਲੇ ਨਹੀਂ ਪੈਂਦਾ। ਕਾਮਰੇਡ ਤਾਂ ਗੱਲਾਂ ਦਾ ਤੱਤ ਕੱਢ ਕੇ ਰੱਖ ਦੇਂਦਾ ਏ ਕਿ।" ਲਛਮਨ ਨੇ ਅਮਲੀ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ। "ਲਉ ਚਾਹ ਨੂੰ ਉਬਾਲਾ ਆ ਗਿਆ ਏ ਤਾਂ ਓਧਰੋਂ ਕਾਮਰੇਡ ਸਾਹਬ ਵੀ ਪਹੁੰਚ ਪਏ ਨੇ।" ਭੱਠੀ ਤੋਂ ਪਤੀਲਾ ਲਾਹ ਕੇ ਲਛਮਨ ਚਾਹ ਪੁਣਨ ਲੱਗ ਪਿਆ। "ਭਈ ਕਾਮਰੇਡ ਸਾਹਬ। ਬੜੀ ਉਮਰ ਏ ਤੁਹਾਡੀ। ਬੱਸ ਤੁਹਾਡੀਆਂ ਈ ਗੱਲਾਂ ਹੋ ਰਹੀਆਂ ਸਨ।"
"ਸਗੋਂ ਜੋਤਸ਼ੀ ਦੱਸ ਗਿਆ ਏ ਮੇਰੀ ਉਮਰ ਬਾਰੇ?" ਕਾਮਰੇਡ ਨੇ ਹਾਸੇ ਨਾਲ ਉੱਤਰ ਦਿੱਤਾ।
"ਭਾਊ! ਲਾੜੇ ਬਿਨਾਂ ਜਵਾਂ ਨਹੀਂ ਸੋਹੰਦੀਆਂ। ਆ ਸੰਮਾਲ ਆਵਦੀ ਕੁਰਸੀ। ਰਾਹ ਵਿਹੰਦਿਆਂ ਵਿਹੰਦਿਆਂ ਅੱਖਾਂ ਪੱਕ ਗਈਆਂ ਨੇ।" 'ਭਾਊ' ਕਰਮ ਸਿੰਘ ਦਾ ਤਕੀਆ-ਕਲਾਮ ਸੀ। ਏਸੇ ਵਾਸਤੇ ਉਹਦਾ ਪਛਾਣੂ ਨਾਮ 'ਭਾਊ' ਪੈ ਗਿਆ ਸੀ।
"ਮਖ : ਉਡੀਕ ਉਡੀਕ ਕੇ ਥੱਕ ਲੱਥੇ ਆਂ ਕਿ।" ਅਮਲੀ ਨੇ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ।
ਕਾਮਰੇਡ ਨੇ ਮੇਜ਼ ਦੇ ਮੱਥੇ ਅੱਗੇ ਡੱਠੀ ਕੁਰਸੀ ਸੰਭਾਲ ਲਈ। ਓਥੋਂ ਉਹਦਾ ਧਿਆਨ ਸਾਰਿਆਂ ਵੱਲ ਪੈਂਦਾ ਸੀ।
"ਲੈ ਫੜ ਉਇ ਮੁੰਡੂ। ਚਾਹ ਰੱਖ।" ਲਛਮਨ ਨੇ ਪਹਾੜੀਏ ਨੌਕਰ ਨੂੰ ਹੁਕਮ ਦਿੱਤਾ।
ਤੇਰਾਂ ਚੌਦਾਂ ਸਾਲ ਦੇ ਮੈਲੇ ਕੁਚੈਲੇ ਮੁੰਡੂ ਨੇ ਚਾਹ ਦੀਆਂ ਦੋ ਕੇਤਲੀਆਂ ਤੇ ਕੱਪ ਦੋਹਾਂ ਮੇਜ਼ਾਂ 'ਤੇ ਟਿਕਾ ਦਿੱਤੇ।
"ਲਉ ਨਾਲੇ ਚਾਹ ਦਾ ਸੁਆਦ ਲਵੋ ਤੇ ਨਾਲੇ ਰਣ-ਕੱਛ ਦੀ ਲੜਾਈ ਬਾਰੇ ਕੁਛ ਸਮਝਾਓ।" ਅਮਲੀ ਨੇ ਕਾਮਰੇਡ ਦੇ ਕੱਪ ਵਿੱਚ ਚਾਹ ਪਾਉਂਦਿਆਂ ਕਿਹਾ।
"ਲੜਾਈ ਤਾਂ-ਆਹੁੰਦੇ ਨੇ- ਬੰਦ ਹੋ ਗਈ ਏ।" ਪਿਛਲੇ ਪਾਸੇ ਮੰਜੇ 'ਤੇ ਬੈਠੇ ਰਾਮ ਚੰਦ ਦੀ ਅਵਾਜ਼ ਆਈ।
"ਹਾਂ, ਲੋਕਾਂ ਭਾਣੇ ਬੰਦ ਹੋ ਗਈ ਏ, ਪਰ ਮੇਰੀ ਨਜ਼ਰ ਵਿੱਚ ਨਹੀਂ। ਮੈਂ ਤਾਂ ਸਮਝਦਾ ਹਾਂ ਕਿ ਪਾਕਸਤਾਨ ਸਿਰਫ਼ ਸਾਹ ਲੈਣ ਵਾਸਤੇ ਰੁਕਿਆ ਏ। ਇਹ ਹਮਲਾ ਉਹਨੇ ਸਾਡੀ ਤਾਕਤ ਜੋਹਣ ਵਾਸਤੇ ਕੀਤਾ ਸੀ। ਹੋ ਸਕਦਾ ਏ ਹੁਣ ਉਹ ਕੋਈ ਬਹੁਤ ਵੱਡਾ ਹਮਲਾ ਕਰੋ।" ਗੱਲ ਦਾ ਮੁੱਢ ਬੰਨ੍ਹ ਕੇ ਕਾਮਰੇਡ ਚਾਹ ਪੀਣ ਲੱਗ ਪਿਆ।
ਰਨ ਆਫ਼ ਕੱਛ ਗੁਜਰਾਤ ਪ੍ਰਾਂਤ ਦਾ ਹਿੱਸਾ ਹੈ। ਪਾਕਸਤਾਨ ਨੇ ਬਹਾਨੇ ਨਾਲ ਉਸ ਇਲਾਕੇ ਵਿੱਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਭਾਰਤ ਸਰਕਾਰ ਦੇ ਇਤਰਾਜ਼ ਕਰਨ 'ਤੇ ਪਾਕਸਤਾਨੀ ਫ਼ੌਜ ਨੇ ਟੈਂਕਾਂ ਨਾਲ ਇੱਕ ਵੱਡਾ ਹਮਲਾ ਕਰ ਦਿੱਤਾ। ਮਜਬੂਰ ਹੋ ਕੇ ਭਾਰਤੀ ਸੈਨਾ ਵੀ ਮੈਦਾਨ ਵਿੱਚ ਆ ਗਈ। ਛੱਡ ਬੇਟ 'ਤੇ ਬੜੀ ਸਖ਼ਤ ਲੜਾਈ ਹੋਈ। ਇਸ ਮੁੱਠਭੇੜ ਵਿੱਚ ਦੋਹਾਂ ਧਿਰਾਂ ਦਾ ਚੋਖਾ ਨੁਕਸਾਨ ਹੋਇਆ। ਦੂਜੇ ਪਾਸੇ ਭਾਰਤੀ ਫ਼ੌਜ ਨੇ ਲੱਦਾਖ਼ ਨੂੰ ਜਾਣ ਵਾਲੀ ਸੜਕ ਦੇ ਕਨਾਰੇ ਕਾਰਗਿਲ ਦੀਆਂ ਦੋ-ਤਿੰਨ ਚੌਕੀਆਂ ਪਾਕਸਤਾਨ ਤੋਂ ਖੋਹ ਲਈਆਂ। ਨਾਲ ਹੀ ਭਾਰਤ ਸਰਕਾਰ ਨੇ ਲੜਾਈ ਦਾ ਦੁਸਰਾ ਮੋਰਚਾ ਖੋਹਲਣ ਦੀ ਧਮਕੀ ਦਿੱਤੀ। ਇਸ ਦਾ ਅਰਥ ਸੀ ਕਿ ਦੋਹਾਂ ਮੁਲਕਾਂ ਵਿੱਚ ਇੱਕ ਖੁੱਲ੍ਹੀ ਲੜਾਈ ਸ਼ੁਰੂ ਹੋ ਜਾਵੇਗੀ। ਪੱਛਮੀ ਤਾਕਤਾਂ ਸ਼ਾਇਦ ਇਸ ਵਾਸਤੇ ਅਜੇ ਤਿਆਰ ਨਹੀਂ ਸਨ। ਅਮਰੀਕਾ, ਬਰਤਾਨੀਆ ਤੇ ਉਹਨਾਂ ਦੇ ਸਾਥੀਆਂ ਨੇ ਪਾਕਸਤਾਨ ਸਰਕਾਰ ਨੂੰ ਠੰਢਿਆਂ ਕਰਕੇ ਰਣ-ਕਛ ਦੀ ਲੜਾਈ ਬੰਦ ਕਰਵਾ ਦਿੱਤੀ। ਜੂਨ ਤੀਹ (1965) ਦੀ ਅੱਧੀ ਰਾਤ
ਤੋਂ ਲੜਾਈ ਬੰਦ ਹੋ ਗਈ।
"ਪਰ ਭਾਊ! ਇਹ ਲੜਾਈ ਹੋਈ ਕਿਹੜੀ ਗੱਲੋਂ ?" ਕਰਮ ਸਿੰਘ ਭਾਊ ਨੇ ਵਧੇਰੇ ਜਾਣਕਾਰੀ ਹਾਸਲ ਕਰਨ ਦੇ ਇਰਾਦੇ ਨਾਲ ਪੁੱਛਿਆ।
"ਕਿਹੜੀ ਗੱਲੋਂ ਦੱਸਾਂ ? ਅਖਾਣ ਪੌਦੇ ਹੁੰਦੇ ਨੇ ਨਾ ਅਖੇ : ਮੈਂ ਨਹੀਂ ਤੇਰੇ ਘਰ ਵੱਸਣਾ ਰੋਟੀ ਖਾਂਦਿਆਂ ਤੇਰੀ ਦਾਹੜੀ ਹਿਲਦੀ ਏ। ਬੱਸ ਏਹਾ ਹਾਲ ਏ ਪਾਕਸਤਾਨ ਸਰਕਾਰ ਦਾ।" ਕਾਮਰੇਡ ਨੇ ਆਪਣਾ ਕੱਪ ਚਾਹ ਨਾਲ ਦੂਸਰੀ ਵਾਰ ਭਰਦਿਆਂ ਕਿਹਾ।
"ਤਾਂ ਵੀ ਕੋਈ ਬਹਾਨਾ ਤਾਂ ਲਾਇਆ ਈ ਹੋਵੇਗਾ।" ਅਮਲੀ ਵਿਚਲੀ ਗੱਲ ਨੂੰ ਸਾਫ਼ ਸੁਣਨਾ ਚਾਹੁੰਦਾ ਸੀ।
"ਬਹਾਨੇ ਬਾਰੇ ਸੁਣ ਲੈ।" ਕਾਮਰੇਡ ਨੇ ਸਾਰੇ ਸਰੋਤਿਆਂ ਵੱਲ ਧਿਆਨ ਨਾਲ ਤੱਕਦਿਆਂ ਕਿਹਾ, "ਕਦੇ ਬੰਬਈ, ਗੁਜਰਾਤ ਤੇ ਸਿੰਧ ਇਕੱਠੇ ਹੁੰਦੇ ਸਨ। ਪਿੱਛੋਂ ਅੰਗਰੇਜ਼ਾਂ ਨੇ ਸਿੰਧ ਨੂੰ ਵੱਖਰਾ ਸੂਬਾ ਬਣਾ ਦਿੱਤਾ। ਹੱਦਬੰਦੀ ਕਰਨ ਲੱਗਿਆਂ 'ਰਨ ਦਾ ਇਲਾਕਾ ਉਹਨਾਂ ਕੱਛ ਰਿਆਸਤ ਵਿੱਚ ਦੇ ਦਿੱਤਾ ਜੋ ਅੱਜ ਕੱਲ੍ਹ ਗੁਜਰਾਤ ਪ੍ਰਾਂਤ ਦਾ ਹਿੱਸਾ ਹੈ। ਏਸੇ ਵਾਸਤੇ ਉਸ ਨੂੰ ਰਨ ਕੱਛ ਜਾਂ ਅੰਗਰੇਜ਼ੀ ਪੜ੍ਹੇ 'ਰਨ ਆਫ਼ ਕੱਛ' ਕਹਿੰਦੇ ਹਨ। ਏਸ ਹੱਦਬੰਦੀ ਨੂੰ ਪਾਕਸਤਾਨ ਦੀਆਂ ਪਿਛਲੀਆਂ ਸਰਕਾਰਾਂ ਕੋਈ ਵਾਰ ਮੰਨ ਚੁੱਕੀਆਂ ਹਨ। ਹੁਣ ਭੁੱਟੋ ਮੀਆਂ ਕਹਿੰਦੇ ਹਨ ਕਿ ਕਦੇ ਸਿੰਧ ਦੇ ਕਿਸੇ 'ਅਮੀਰ' ਨੇ ਏਸ ਇਲਾਕੇ ਉਤੇ ਹਮਲਾ ਕੀਤਾ ਸੀ।"
"ਉਹਨੇ ਇਹ ਇਲਾਕਾ ਫ਼ਤਹਿ ਕਰ ਲਿਆ ਸੀ ?" ਰਾਹੀਂ ਗੱਲ ਟੋਕ ਕੇ ਕਿਰਪਾ ਰਾਮ ਸੇਠ ਨੇ ਸਵਾਲ ਕਰ ਦਿੱਤਾ।
"ਨਹੀਂ ਫ਼ਤਹਿ ਨਹੀਂ ਸੀ ਕਰ ਸਕਿਆ, ਸਿਰਫ਼ ਹਮਲਾ ਕੀਤਾ ਸੀ। ਤੇ ਭੁੱਟੋ ਮੀਆਂ ਏਨੇ ਅਧਾਰ 'ਤੇ ਹੀ ਰਨ ਕੱਛ ਉੱਤੇ ਆਪਣਾ ਹੱਕ ਸਾਬਤ ਕਰ ਰਹੇ ਹਨ। ਉਹਨਾਂ ਦੇ ਖ਼ਿਆਲ ਵਿੱਚ ਉਹ ਹਮਲਾ ਕਰਨ ਵਾਲਾ ਅਮੀਰ ਕਮਜ਼ੋਰ ਸੀ, ਇਸ ਵਾਸਤੇ ਉਹ ਫ਼ਤਹਿ ਨਹੀਂ ਸੀ ਕਰ ਸਕਿਆ। ਪਰ ਭੁੱਟੋ ਸਾਹਿਬ ਅਮਰੀਕਾ ਦੇ ਹਥਿਆਰ ਮਿਲਣ ਕਰਕੇ ਤਾਕਤਵਰ ਹੋ ਗਏ ਹਨ। ਹੁਣ ਉਹ ਉਸ ਇਲਾਕੇ ਨੂੰ ਫ਼ਤਹਿ ਕਰ ਲੈਣਗੇ।"
"ਉਹ। ਫ਼ਤਹਿ ਕਰ ਲੈਣਗੇ, ਮੁੜ ਕੇ ਜੰਮਣਗੇ ਤਾਂ। ਸਾਡੇ ਛੇ ਛੇ ਫੁੱਟੇ ਜੁਆਨ ਫੜ ਕੇ-ਮੂੰਹ ਕੁਆ ਨਾ ਦੇਣਗੇ।" ਕਰਮ ਸਿੰਘ ਭਾਊ ਦੇ ਜੋਸ਼ ਵਿੱਚ ਡੋਲੇ ਫਰਕਣ ਲੱਗ ਪਏ।
"ਭਾਊ! ਜਵਾਨਾਂ ਸਾਡਿਆਂ ਤਾਂ ਹੁਣ ਵੀ ਘੱਟ ਨਹੀਂ ਕੀਤੀ। ਛੱਡ ਬੇਟ ਦੀ
ਝੜਪ ਵਿੱਚ ਪਾਕਸਤਾਨ ਨੂੰ ਕਰਾਰੀ ਮਾਰ ਪਈ। ਪਰ ਏਨੀ ਹੀ ਨਹੀਂ ਜਿਸ ਨਾਲ ਭੁੱਟੋ ਮੀਆਂ ਦੇ ਹੋਸ਼ ਟਿਕਾਣੇ ਆ ਜਾਂਦੇ।" ਕਾਮਰੇਡ ਫੇਰ ਚਾਹ ਪੀਣ ਲੱਗ ਪਿਆ। ਗੱਲਾਂ ਵਾਂਗ ਚਾਹ ਦਾ ਵੀ ਚਸਕਾ ਹੁੰਦਾ ਹੈ। ਦੋਹਾਂ ਵਿੱਚ ਕੋਈ ਚੀਜ਼ ਵੀ ਠੰਢੀ ਹੋ ਜਾਏ ਤਾਂ ਸੁਆਦ ਮਾਰਿਆ ਜਾਂਦਾ ਹੈ।
"ਸਾਡੀ ਸਰਕਾਰ ਹੋਰ ਦਸ ਦਿਨ ਲੜਾਈ ਬੰਦ ਕਰਨੀ ਨਾ ਖਾਂ ਮੰਨਦੀ। ਇਸ ਭੁੱਟੋ ਫੁੱਟੋ ਦੇ ਵਲ ਵਿੰਗ ਨਿਕਲ ਜਾਣ ਦੇਂਦੀ ਕੇਰਾਂ।" ਕਰਮ ਸਿੰਘ ਭਾਊ ਅਜੇਹੀ ਹਾਲਤ ਵਿੱਚ ਲੜਾਈ ਬੰਦ ਕਰਨ ਦਾ ਹਾਮੀ ਨਹੀਂ ਸੀ, ਜਿਸਦੇ ਫੇਰ ਸ਼ੁਰੂ ਹੋ ਜਾਣ ਦਾ ਡਰ ਬਣਿਆ ਰਹੇ।
"ਸੱਚੀ ਗੱਲ ਆਖਿਆਂ ਕਾਮਰੇਡ ਨੂੰ ਵੀ ਭਾਵੇਂ ਪੱਛ ਈ ਲੱਗਣ। ਸਾਡੀ ਸਰਕਾਰ ਤਾਂ ਹੋਈ ਬਾਣੀਆਂ ਦੀ। ਅਖੇ: ਸ਼ਾਂਤੀ ਓਮ ਸਵਾਹਾ। ਇਹ ਤਾਂ ਸ਼ਾਂਤੀ ਦੇ ਪੁਜਾਰੀ ਈ ਬਣੇ ਰਹਿੰਦੇ ਨੇ। ਕਦੇ ਲੱਤਾਂ ਦੇ ਭੂਤ ਗੱਲਾਂ ਨਾਲ ਵੀ ਸਿੱਧੇ ਹੋਏ ਨੇ ? ਇਹ ਤਾਂ ਕਿਸੇ ਆਖਿਆ ਸੀ - ਡੰਡਾ ਪੀਰ ਏ ਵਿਗੜਿਆਂ ਤਿਗੜਿਆਂ ਦਾ।" ਚਾਹ ਦੀ ਗਰਮਾਈ ਨਾਲ ਅਮਲੀ ਵੀ ਕੁਛ ਗਰਮ ਹੋ ਗਿਆ ਸੀ।
"ਸਾਰੇ ਬਾਣੀਏ ਈ ਨਹੀਂ, ਅਮਲੀਆ! ਹੁਣ ਤਾਂ ਸ: ਸਵਰਨ ਸਿੰਘ ਤੇ ਚਵਾਨ ਵੀ ਸਰਕਾਰ ਦੇ ਵੱਡੇ ਥੰਮ੍ਹ ਨੇ।" ਕਾਮਰੇਡ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ।
''ਤੇ ਪਰਧਾਨ ਮੰਤਰੀ ਸ਼ਾਸਤਰੀ ਵੀ ਨਾ ਬਾਣੀਆ ਏ, ਨਾ ਬ੍ਰਹਿਮਣ ।" ਕਿਰਪਾ ਰਾਮ ਸੇਠ ਨੇ ਕਾਮਰੇਡ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ।
"ਉ, ਬਾਹਮਣ ਬਾਣੀਏਂ ਨਾ ਸਹੀ, ਪਰ ਮਹਾਤਮਾ ਗਾਂਧੀ ਵਾਲਾ ਸ਼ਾਂਤੀ ਸ਼ਾਂਤੀ ਦਾ ਮੰਤਰ ਤਾਂ ਹੱਡਾਂ ਵਿੱਚ ਰਚਿਆ ਹੋਇਆ ਏ ਨਾ।" ਅਮਲੀ ਨੇ ਆਪਣੀ ਗੱਲ 'ਤੇ ਜ਼ੋਰ ਦੇਂਦਿਆਂ ਕਿਹਾ। "ਵੇਖ ਲਿਓ ਤੁਸੀਂ, ਇਹ ਪਾਕਸਤਾਨੀ ਸੱਪ ਤਾਂ ਸੁਭਾਸ਼ ਬਾਬੂ ਦੇ ਮੰਤਰ ਨਾਲ ਈ ਰੁਕ ਔਣਗੇ। ਗਾਂਧੀ ਦਾ ਇਹ ਮੰਤਰ ਇਹਨਾਂ 'ਤੇ ਅਸਰ ਨਹੀਂ ਕਰਨ ਲੱਗਾ।"
"ਅਮਲੀਆ! ਕਾਹਲਾ ਨਾ ਪਓ। ਸਮਾਂ ਵੇਖ, ਸਮੇਂ ਦੇ ਰੰਗ ਵੇਖ। ਕਿਸੇ ਸਮੇਂ ਗਾਂਧੀ ਦਾ ਸਿਧਾਂਤ ਸਫਲ ਹੁੰਦਾ ਏ, ਕਿਸੇ ਸਮੇਂ ਸੁਭਾਸ਼ ਦਾ। ਤੂੰ ਆਪਣੇ ਇਤਿਹਾਸ ਵੱਲੋ ਝਾਤ ਮਾਰ ਖਾਂ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਜੀ ਸ਼ਾਂਤ ਰਹਿੰਦੇ ਹੋਏ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਉਠਾ ਲਈ। ਪਹਿਲੇ ਗੁਰੂਆਂ ਦੀਆਂ ਸ਼ਹੀਦੀਆਂ ਦਾ ਹੀ ਅਸਰ ਸੀ, ਕਿ ਦਸਵੇਂ ਗੁਰੂ ਦੇ ਝੰਡੇ ਹੇਠ ਹਜ਼ਾਰਾਂ ਯੋਧੇ ਇਕੱਠੇ ਹੋ ਗਏ, ਜਿਹੜੇ ਹੱਸ ਹੱਸ ਕੇ ਦੇਸ਼ ਦੀ ਖ਼ਾਤਰ ਕੁਰਬਾਨ ਹੋ
ਗਏ। ਇਹ ਤਾਂ ਸਮੇਂ ਦੀ ਲੋੜ 'ਤੇ ਨਿਰਭਰ ਹੁੰਦਾ ਹੈ। ਗਾਂਧੀ ਆਪਣੇ ਵੇਲੇ ਠੀਕ ਸੀ, ਸੁਭਾਸ਼ ਆਪਣੇ ਵੇਲੇ। ਨੀਤੀ ਸਮੇਂ ਦੇ ਹਾਲਾਤ ਨਾਲ ਬਦਲਦੀ ਰਹਿੰਦੀ ਏ।"
"ਕਾਮਰੇਡ ਸਾਹਬ! ਗਾਂਧੀ ਤੇ ਸੁਭਾਸ਼ ਦੀ ਨੀਤੀ ਨੂੰ ਛੱਡੋ। ਸਾਨੂੰ ਰਨ ਕੱਛ ਬਾਰੇ ਦੱਸੋ। ਕੀ ਫ਼ੈਸਲਾ ਹੋਇਆ ਏ ਫਿਰ।" ਕਿਰਪਾ ਰਾਮ ਨੇ ਗੱਲਾਂ ਦਾ ਰੁਖ਼ ਫੇਰ ਪਹਿਲੇ ਪਾਸੇ ਮੋੜ ਦਿੱਤਾ।
"ਫ਼ੈਸਲਾ ਬੜਾ ਸਿੱਧਾ ਹੋਇਆ ਏ। ਸਭ ਤੋਂ ਪਹਿਲੀ ਗੱਲ ਕਿ ਲੜਾਈ ਬੰਦ ਹੋ ਗਈ। ਦੋਹਾਂ ਧਿਰਾਂ ਮੰਨ ਲਿਆ ਏ, ਕਿ ਉਹ ਆਪੋ ਆਪਣੀਆਂ ਫ਼ੌਜਾਂ ਉਹਨਾਂ ਥਾਵਾਂ ਤੱਕ ਪਿੱਛੇ ਹਟਾ ਲੈਣਗੇ, ਜਿੱਥੇ ਉਹ ਪਹਿਲੀ ਜਨਵਰੀ 1965 ਵਾਲੇ ਦਿਨ ਸਨ। ਫੇਰ ਦੋਵੇਂ ਮੁਲਕ ਭਲਿਆ ਮਾਣਸਾਂ ਵਾਂਗ ਬਹਿ ਕੇ ਗੱਲਾਂ ਬਾਤਾਂ ਰਾਹੀਂ ਝਗੜਾ ਨਿਬੇੜਨ ਦਾ ਯਤਨ ਕਰਨਗੇ। ਆਪਸ ਵਿੱਚ ਦੋਵੇਂ ਸਮਝੌਤਾ ਨਾ ਕਰ ਸਕੇ, ਤਾਂ ਫੇਰ ਕੋਈ ਸਾਲਸ ਮਿਥ ਲਿਆ ਜਾਵੇਗਾ, ਜਿਸ ਦਾ ਕੀਤਾ ਫ਼ੈਸਲਾ ਦੋਹਾਂ ਧਿਰਾਂ ਨੂੰ ਪਰਵਾਨ ਹੋਵੇ। ਇਹ ਹੈ ਫੈਸਲਾ। ਅੱਗੇ ਵੇਖੋ, ਇਸ ਦੀ ਪਾਲਣਾ ਕਿੱਥੋਂ ਤੱਕ ਹੁੰਦੀ ਹੈ।"
"ਤਾਂ ਕੀ ਤੁਹਾਡਾ ਖ਼ਿਆਲ ਏ ਹੁਣ ਲੜਾਈ ਨਹੀਂ ਹੋਵੇਗੀ ?" ਅਮਲੀ ਨੇ ਆਪਣਾ ਸ਼ੱਕ ਨਵਿਰਤ ਕਰਨ ਵਾਸਤੇ ਪੁੱਛਿਆ। ਉਹਨੂੰ ਯਕੀਨ ਨਹੀਂ ਸੀ ਆਉਂਦਾ ਕਿ ਲੜਾਈ ਸੱਚਮੁੱਚ ਟਲ ਗਈ ਹੈ।
"ਮੇਰਾ ਖ਼ਿਆਲ ਏ, ਲੜਾਈ ਜ਼ਰੂਰ ਹੋਵੇਗੀ। ਜਿਵੇਂ ਮੈਂ ਪਹਿਲਾਂ ਵੀ ਕਿਹਾ ਏ, ਕਿ ਇਹ ਹਮਲਾ ਪਾਕਿਸਤਾਨ ਨੇ ਸਿਰਫ਼ ਸਾਡੀ ਤਾਕਤ ਦਾ ਅੰਦਾਜ਼ਾ ਲਗਾਉਣ ਵਾਸਤੇ ਕੀਤਾ ਸੀ। ਭੁੱਟੋ ਬੜਾ ਸ਼ਰਾਰਤੀ ਸੁਭਾਅ ਦਾ ਬੰਦਾ ਏ। ਪਾਕਸਤਾਨ ਦੀ ਸਰਕਾਰੀ ਜੁੰਡੀ ਵਿਚ ਉਹਦੀ ਤਾਕਤ ਵੀ ਚੋਖੀ ਏ। ਹੁਣ ਉਹ ਸਦਰ ਅਯੂਬ ਤੇ ਬਾਕੀ ਸਾਥੀਆਂ ਨੂੰ ਕਾਇਲ ਕਰਨ ਦਾ ਯਤਨ ਕਰੇਗਾ ਕਿ ਪਾਕਸਤਾਨੀ ਫ਼ੌਜ ਵੱਡਾ ਹਮਲਾ ਕਰਕੇ ਭਾਰਤੀ ਸੈਨਾ ਨੂੰ ਸ਼ਕੱਸਤ ਦੇ ਸਕਦੀ ਏ। ਉਹ ਆਪਣੇ ਦੋਸਤਾਂ-ਜਾਂ ਕਰੋ ਮਾਲਕਾਂ-ਨੂੰ ਵੀ ਭਰੋਸਾ ਦੁਆਵੇਗਾ ਕਿ ਪਾਕਸਤਾਨ ਲੜਾਈ ਦੇ ਮੈਦਾਨ ਵਿੱਚ ਭਾਰਤ 'ਤੇ ਫ਼ਤਹਿ ਪਰਾਪਤ ਕਰ ਸਕਦਾ ਏ।"
"ਪਾਕਸਤਾਨ ਦੇ ਮਾਲਕ ਕਿਹੜੇ ?" ਭਾਊ ਨੇ ਉਭੜਵਾਹੇ ਸਵਾਲ ਕਰ ਦਿੱਤਾ।
"ਭਾਊ। ਪਾਕਸਤਾਨ ਸਰਕਾਰ ਦੇ ਮਾਲਕ ਅਮਰੀਕਾ, ਬਰਤਾਨੀਆ ਤੇ ਚੀਨ, ਜਿਨ੍ਹਾਂ ਦੇ ਮਾਣ ਉੱਤੇ ਉਹ ਪੀਂਘੜਦਾ ਏ, ਨਹੀਂ ਤਾਂ ਉਹਦੀ ਕੀ ਹੈਸੀਅਤ ਕਿ ਭਾਰਤ ਵਰਗੇ ਵੱਡੇ ਮੁਲਕ ਨਾਲ ਲੜਾਈ ਸਹੇੜ ਲਵੇ। ਉਹਦੇ ਕੋਲ ਹਥਿਆਰ
ਵੀ ਮੰਗਵੇਂ ਤੇ ਖ਼ੁਰਾਕ ਵੀ ਮੰਗਵੀਂ। ਫੇਰ ਲੜਾਈ ਕਿਸ ਬਲ-ਬੂੜੇ 'ਤੇ ਕਰੇਗਾ ?" ਕਾਮਰੇਡ ਨੇ ਕਰਮ ਸਿੰਘ ਭਾਊ ਦੀਆਂ ਅੱਖਾਂ ਵਿੱਚ ਤਕਦਿਆਂ ਕਿਹਾ।
"ਫੇਰ ਸਾਡੀ ਸਰਕਾਰ ਕਿਉਂ ਭੈੜੀ ਪੈਂਦੀ ਏ ? ਏਹਾ ਅੱਗੇ ਵਧ ਕੇ ਹਮਲਾ ਕਰ ਦੇਵੇ। ਵਿੱਚੋਂ ਨਿੱਤ ਦਾ ਰੇੜਕਾ ਮੁੱਕੇ।" ਲਛਮਨ ਨੇ ਕਾਹਲੇ ਪੈ ਕੇ ਕਿਹਾ।
"ਸ਼ਾਸਤਰੀ ਸਾਹਿਬ ਤੋਂ ਹੁਕਮ ਲੈ ਦਿਹੋ, ਲਾਹੌਰ ਤਾਂ ਅਸੀਂ ਤਿੱਜੇ ਦਿਨ ਖ਼ਤਮ ਕਰ ਦਿਆਂਗੇ।" ਪਿਛਲੇ ਪਾਸੇ ਖਲੇ ਪਿਆਰਾ ਸਿੰਘ ਨਾਇਕ ਨੇ ਜੋਸ਼ ਵਿੱਚ ਕਿਹਾ। ਉਹ ਚੋਖੇ ਚਿਰ ਦਾ ਖਲਾ ਗੱਲਾਂ ਸੁਣ ਰਿਹਾ ਸੀ।
"ਫ਼ੌਜੀ ਜਵਾਨਾ! ਨਿਰਾ ਲਾਹੋਰ ਫ਼ਤਹਿ ਕਰ ਲੈਣ ਨਾਲ ਗੱਲ ਨਹੀਂ ਮੁੱਕ ਜਾਂਦੀ। ਅੱਜ ਕੱਲ੍ਹ ਦੀਆਂ ਲੜਾਈਆਂ ਖ਼ਤਰਨਾਕ ਹੁੰਦੀਆਂ ਹਨ। ਮੁਲਕਾਂ ਦੇ ਮੁਲਕ ਤਬਾਹ ਹੋ ਜਾਂਦੇ ਹਨ। ਰੂਸ ਤੇ ਅਮਰੀਕਾ ਵਰਗੇ ਮੁਲਕ ਲੜਾਈ ਤੋਂ ਡਰਦੇ ਕੰਬ ਰਹੇ ਹਨ, ਜਿਨ੍ਹਾਂ ਕੋਲ ਸਭ ਕੁਛ ਹੈ ਤਾਂ ਪਾਕਸਤਾਨ ਤੇ ਭਾਰਤ ਦੀ ਸ਼ਕਤੀ ਕਿੱਥੇ ਹੈ, ਇੱਕ ਲੰਮੀ ਲੜਾਈ ਦੀ ਮਾਰ ਸਹਿ ਲੈਣ ਦੀ। ਭਾਰਤ ਸਰਕਾਰ ਏਸੇ ਵਾਸਤੇ ਲੜਾਈ ਟਾਲਣ ਦਾ ਯਤਨ ਕਰਦੀ ਹੈ। ਤੇ ਮੈਂ ਸਮਝਦਾ ਹਾਂ, ਇਹ ਇਸ ਦੀ ਸਿਆਣਪ ਹੈ। ਆਹ ਰਨ-ਕੱਛ ਵਿੱਚ ਹੋਈ ਮਾਮੂਲੀ ਜੇਹੀ ਝੜਪ ਦੇ ਕਾਰਨ ਸਾਨੂੰ ਫ਼ੌਜਾਂ ਹੱਦਾਂ ਉੱਤੇ ਲਿਆਉਣੀਆਂ ਪਈਆਂ ਹਨ। ਏਨੇ ਨਾਲ ਹੀ ਸਾਡਾ ਕਰੋੜਾਂ ਰੁਪਇਆ ਖਰਚ ਆ ਗਿਆ ਹੈ। ਤਾਂ ਸੋਚੋ, ਵੱਡੀ ਲੜਾਈ ਵਿੱਚ ਸਾਡਾ ਕੀ ਹਾਲ ਹੋਵੇਗਾ।" ਕਾਮਰੇਡ ਨੇ ਏਨੇ ਨਿਸ਼ਚੇ ਨਾਲ ਕਿਹਾ, ਜਿਵੇਂ ਹੋਏ ਖ਼ਰਚ ਬਾਰੇ ਉਹਨੂੰ ਪੂਰਾ ਪੂਰਾ ਇਲਮ ਹੋਵੇ।
"ਫੇਰ ਪਾਕਸਤਾਨੀ ਸਰਕਾਰ ਇਉਂ ਜਾਣ ਬੁੱਝ ਕੇ ਪੰਗਾ ਲੈਣ ਦਾ ਚਾਰਾ ਕਰਦੀ ਏ।" ਕਿਰਪਾ ਰਾਮ ਸੇਠ ਨੇ ਚਿੰਤਾ ਭਰੀ ਸੁਰ ਵਿੱਚ ਕਿਹਾ। "ਪਾਕਸਤਾਨ ਦਾ ਖ਼ਰਚ ਸਾਡੇ ਨਾਲੋਂ ਘੱਟ ਤਾਂ ਨਹੀਂ ਆਇਆ ਹੋਵੇਗਾ।"
"ਭੁੱਟੋ ਨੂੰ ਏਸ ਗੱਲ ਨਾਲ ਕੀ। ਜੰਗ ਦਾ ਖ਼ਰਚ ਪੈਣਾ ਹੁੰਦਾ ਹੈ ਗ਼ਰੀਬ ਜਨਤਾ 'ਤੇ। ਭੁੱਟ ਸਰਕਾਰ ਨੂੰ ਆਪਣੀ ਜਨਤਾ ਨਾਲ ਹਮਦਰਦੀ ਨਹੀਂ। ਉਹ ਤਾਂ ਜੰਗਬਾਜ਼ਾਂ ਦੇ ਹੱਥੀਂ ਚੜ੍ਹੀ ਹੋਈ ਏ। ਨਾਲੇ ਓਸ ਸਰਕਾਰ ਕੋਲ ਹੋਰ ਰਾਹ ਵੀ ਕਿਹੜਾ ਏ, ਜਨਤਾ ਨੂੰ ਚੁੱਪ ਕਰਾਈ ਰੱਖਣ ਦਾ। ਅਠਾਰਾਂ ਵਰ੍ਹਿਆਂ ਵਿੱਚ ਉਹ ਲੋਕਾਂ ਦਾ ਕੁਛ ਸਵਾਰ ਨਹੀਂ ਸਕੀ। ਸੰਵਾਰਨਾ ਕੀ ਸੀ, ਉਹਨਾਂ ਨੂੰ ਵੋਟ ਦੇਣ ਦਾ ਹੱਕ ਵੀ ਨਹੀਂ ਦਿੱਤਾ, ਜੋ ਆਜ਼ਾਦ ਮੁਲਕਾਂ ਦਾ ਜਮਾਂਦਰੂ ਹੱਕ ਹੁੰਦਾ ਏ। ਚੂਹੇ ਦੇ ਪਨਸਾਰੀ ਬਣਨ ਵਾਂਗ ਉਹਨਾਂ ਦੇ ਹੱਥ ਵਿਚ ਸੁੰਢ ਦੀ ਗੰਢੀ ਆ ਗਈ ਏ, ਮੇਰਾ ਮਤਲਬ ਕਸ਼ਮੀਰ ਦਾ ਮਸਲਾ : ਕਸ਼ਮੀਰ ਦਾ ਨਾਂ ਲੈ ਕੇ ਉਹ ਲੋਕਾਂ ਨੂੰ ਬੁੱਧੂ
ਬਣਾਉਂਦੇ ਆ ਰਹੇ ਨੇ। ਜਦੋਂ ਗੱਦੀ ਡੋਲਣ ਲੱਗਦੀ ਏ, ਉਹ ਕਸ਼ਮੀਰ ਦਾ ਰੋਲਾ ਤੇਜ਼ ਕਰ ਦੇਂਦੇ ਨੇ। ਭਾਰਤ ਨਾਲ ਲੜਾਈ ਵੀ ਇਹ ਏਸੇ ਵਾਸਤੇ ਸਹੇੜਨ ਲੱਗੇ ਨੇ। ਆਖ਼ਰ ਕੋਈ ਸਰਕਾਰ ਵੀ ਜਦ ਦੂਸਰੇ ਮੁਲਕ ਨਾਲ ਲੜ ਰਹੀ ਹੋਵੇ, ਲੋਕਾਂ ਦੀ ਉਸ ਨਾਲ ਹਮਦਰਦੀ ਹੋ ਜਾਇਆ ਕਰਦੀ ਏ। ਭਾਵੇਂ ਉਹ ਹਮਦਰਦੀ ਕੁਛ ਸਮੇਂ ਵਾਸਤੇ ਹੀ ਹੋਵੇ। ਏਸ ਆਧਾਰ 'ਤੇ ਮੈਂ ਕਹਿੰਦਾ ਹਾਂ ਕਿ ਪਾਕਸਤਾਨ ਭਾਰਤ ਉੱਤੇ ਜ਼ਰੂਰ ਹਮਲਾ ਕਰੇਗਾ। ਭਾਵੇਂ ਉਹ ਕਸ਼ਮੀਰ ਉੱਤੇ ਹਮਲਾ ਕਰੇ ਭਾਵੇਂ ਕਿਸੇ ਹੋਰ ਥਾਂ।" ਕਾਮਰੇਡ ਨੇ ਸਿਰ ਹਿਲਾਉਂਦਿਆਂ ਕਿਹਾ।
"ਫੇਰ ਕੀ ਬਣੇਗਾ?" ਕਿਰਪਾ ਰਾਮ ਨੇ ਬੜੀ ਚਿੰਤਾ ਭਰੀ ਸੁਰ ਵਿੱਚ ਕਿਹਾ। "ਸਾਡਾ ਤਾਂ ਏਨੇ ਨਾਲ ਹੀ ਕੰਮ ਠੱਪ ਹੋ ਗਿਆ ਏ। ਅੱਗੇ ਉਧਾਰ ਸੁਧਾਰ ਲਿਆ ਕੇ ਕੰਮ ਸਾਰ ਲਈਦਾ ਸੀ, ਹੁਣ ਕੋਈ ਦੁਕਾਨਦਾਰ ਥੜੇ 'ਤੇ ਨਹੀਂ ਚੜ੍ਹਨ ਦੇਂਦਾ।"
"ਬਣਨਾ ਕੀ ਏ। ਬੜੀ ਭਾਰੀ ਲੜਾਈ ਹੋਵੇਗੀ। ਇੱਕ ਵਾਰ ਦੋਵੇਂ ਧਿਰਾਂ ਜ਼ੋਰ ਲਾ ਕੇ ਵੇਖ ਲੈਣਗੀਆਂ। ਜਿਹੜੀ ਧਿਰ ਮਾਰ ਖਾਵੇਗੀ, ਉਹਦੇ ਦੋਸਤ ਸੁਲ੍ਹਾ ਕਰਾਉਣ ਵਾਸਤੇ ਅੱਗੇ ਆ ਜਾਣਗੇ। ਸੁਲ੍ਹਾ ਹੋ ਜਾਇਗੀ। ਭਾਵੇਂ ਉਹ ਸੁਲ੍ਹਾ ਵੀ ਬਹੁਤੀ ਪੱਕੀ ਨਹੀਂ ਹੋਵੇਗੀ। ਸੁਲ੍ਹਾ ਪਿੱਛੋਂ ਲੜਾਈ ਤੇ ਲੜਾਈ ਪਿੱਛੋਂ ਸੁਲ੍ਹਾ। ਇਹ ਸਿਲਸਿਲਾ ਓਦੋਂ ਤੱਕ ਚਲਦਾ ਰਹੇਗਾ, ਜਿੰਨਾ ਚਿਰ ਇਹ ਗ਼ੈਰ-ਕੁਦਰਤੀ ਢੰਗ ਨਾਲ ਵੰਡਿਆ ਹੋਇਆ ਮੁਲਕ ਫੇਰ ਇੱਕ ਨਹੀਂ ਹੋ ਜਾਂਦਾ।"
"ਕਾਮਰੇਡ ਸਾਹਬ! ਸਾਨੂੰ ਬਰਕੀ ਵੱਲੇ ਮੂੰਹ ਕਰਨ ਦਾ ਹੁਕਮ ਦੇ ਦਿਹੋ। ਤੇ ਮੁਲਕ ਤਾਂ ਅਸੀਂ ਦਸ ਦਿਨਾਂ ਵਿੱਚ ਇੱਕੋ ਕਰ ਦਿਆਂਗੇ। ਇਹ ਪਾਕਸਤਾਨੀ ਗ਼ਾਜ਼ੀ ਜੇ ਸਾਮ੍ਹਣੇ ਖਲੋ ਗਏ ਤਾਂ ਨਾਂ ਵਟਾ ਦਿਉ ਜੇ।" ਪਿਆਰਾ ਸਿੰਘ ਦੇ ਮੱਥੇ 'ਤੇ ਜੋਸ਼ ਨਾਲ ਵੱਟ ਪਏ ਹੋਏ ਸਨ। ਉਹਦੀ ਸੁਰਤ ਉਸ ਵੇਲੇ ਬਰਕੀ ਦੀ ਜੂਹ ਵਿੱਚ ਫਿਰ ਰਹੀ ਸੀ।
"ਕਾਹਲਾ ਨਾ ਪਉ, ਗੱਭਰੂਆ। ਛੇਤੀ ਹੀ ਸਭ ਚਾ ਪੂਰੇ ਹੋ ਜਾਣਗੇ। ਅੰਤ ਸਾਡੀ ਸਰਕਾਰ ਨੂੰ ਵੀ ਲੜਾਈ ਦਾ ਹੁਕਮ ਦੇਣਾ ਹੀ ਪਵੇਗਾ।"
"ਖਵਰੇ ਕਦੋਂ ਸਰਕਾਰ ਹੁਕਮ ਦੇਵੇਗੀ ?" ਕਾਮਰੇਡ ਦੀ ਗੱਲ ਵਿੱਚੋਂ ਹੀ ਟੋਕ ਕੇ ਪਿਆਰਾ ਸਿੰਘ ਬੋਲ ਉਠਿਆ, "ਸਾਨੂੰ ਉੱਲੀ ਵੀ ਲੱਗ ਗਈ ਏ ਖਾਈਆਂ ਵਿੱਚ ਬੈਠਿਆਂ। ਸਰਕਾਰ ਅੱਜ ਹੁਕਮ ਦੇਵੇ, ਭਲਕ ਹੁਡਿਆਰਾ, ਪਰਸੋਂ ਬਰਕੀ ਤੇ ਅਗਲੇ ਦਿਨ ਲਾਹੌਰ 'ਤੇ ਝੰਡਾ ਝੁਲਦਾ ਵੇਖ ਲਵੋ।"
“ਖ਼ੈਰ, ਲੜਾਈ ਤਾਂ ਹੋਵੇਗੀ। ਸਰਕਾਰ ਚਾਹਵੇਗੀ, ਤਾਂ ਸਾਡੀਆਂ ਫ਼ੌਜਾਂ ਲਾਹੌਰ ਲੈ ਵੀ ਲੈਣਗੀਆਂ। ਪਰ ਏਸ ਤਰ੍ਹਾਂ ਮੁਲਕ ਇੱਕ ਨਹੀਂ ਹੋਣ ਲੱਗਾ।"
ਕਾਮਰੇਡ ਨੇ ਸਿਰ ਹਿਲਾ ਕੇ ਕਿਹਾ।
"ਹੋਰ ਕਿਸ ਤਰ੍ਹਾਂ ਹੋਵੇਗਾ ?" ਕਿਰਪਾ ਰਾਮ ਨੇ ਸਵਾਲ ਕੀਤਾ।
"ਸੁਣ। ਆਪੋ ਆਪਣਾ ਖ਼ਿਆਲ ਏ ਨਾ।" ਕਾਮਰੇਡ ਨੇ ਉਚੇਚਾ ਕਿਰਪਾ ਰਾਮ ਵੱਲ ਤੱਕਦਿਆਂ ਕਿਹਾ, "ਹਿੰਦੁਸਤਾਨ ਨੂੰ ਆਜ਼ਾਦ ਹੋਇਆ ਅਠਾਰਾਂ ਸਾਲ ਹੋ ਗਏ ਨੇ। ਆਜ਼ਾਦੀ ਨਾਲ ਇਹਦੇ ਟੁਕੜੇ ਕਰਕੇ ਇੱਕ ਹਿੱਸੇ ਦਾ ਨਾਂ ਪਾਕਸਤਾਨ ਰੱਖ ਦਿੱਤਾ ਗਿਆ। ਇੱਕ ਦੀ ਥਾਂ ਦੋ ਸਰਕਾਰਾਂ ਬਣ ਗਈਆਂ। ਦੋ ਰਾਸ਼ਟਰਪਤੀ, ਦੋ ਪ੍ਰਧਾਨ ਮੰਤਰੀ, ਦੋ-ਦੋ ਵਜ਼ੀਰ ਮੰਡਲੀਆਂ। ਖ਼ਰਚ ਦੂਣਾ ਹੋ ਗਿਆ। ਇਸ ਨਾਲ ਲੋਕਾਂ ਨੂੰ ਵੀ ਫ਼ਾਇਦਾ ਪਹੁੰਚਿਆ। ਦੋਹਾਂ ਮੁਲਕਾਂ ਦੇ ਗ਼ਰੀਬ ਅੱਗੇ ਨਾਲੋਂ ਗਰੀਬ ਹੋ ਗਏ ਨੇ ਤੇ ਅਮੀਰ ਲੱਖਾਂ ਪਤੀਆਂ ਤੋਂ ਕਰੋੜਾਂ ਪਤੀ ਬਣ ਗਏ ਨੇ। ਪਾਕਿਸਤਾਨ ਨੂੰ ਸਾਡਾ ਡਰ 'ਤੇ ਸਾਨੂੰ ਪਾਕਿਸਤਾਨ ਦਾ। ਦੋਹਾਂ ਹਿੱਸਿਆਂ ਦੀ ਕੌਮੀ ਦੋਲਤ ਦਾ ਵਧੇਰੇ ਹਿੱਸਾ ਡੀਫੈਂਸ ਉੱਤੇ ਖ਼ਰਚ ਹੋ ਜਾਂਦਾ ਹੈ। ਮੇਰਾ ਖਿਆਲ ਹੀ ਨਹੀਂ, ਸਗੋਂ ਵਿਸ਼ਵਾਸ ਹੈ, ਕਿ ਕਦੇ ਨਾ ਕਦੇ ਪਾਕਿਸਤਾਨ ਤੇ ਭਾਰਤ ਵਿੱਚ ਐਹੋ ਜਿਹੀਆਂ ਸਰਕਾਰਾਂ ਹੋਂਦ ਵਿੱਚ ਆ ਜਾਣਗੀਆਂ, ਜਿਨ੍ਹਾਂ ਦਾ ਨਿਸ਼ਾਨਾ ਆਪਣੀਆਂ ਗੱਦੀਆਂ ਦੀ ਰੱਖਿਆ ਕਰਨ ਦੀ ਥਾਂ, ਲੋਕਾਂ ਦੀ ਭਲਿਆਈ ਬਾਰੇ ਸੋਚਣਾ ਹੋਵੇਗਾ। ਤੇ ਦੋਹਾਂ ਦੇਸ਼ਾਂ ਦੀ ਜਨਤਾ ਦਾ ਭਲਾ ਏਸੇ ਵਿੱਚ ਹੈ, ਕਿ ਗ਼ੈਰ-ਕੁਦਰਤੀ ਵੰਡ ਦੀਆਂ ਹੱਦਾਂ ਨੂੰ ਮਿਟਾ ਕੇ ਇਸ ਦੇਸ਼ ਨੂੰ ਫਿਰ ਇਕ ਕਰ ਦਿੱਤਾ ਜਾਵੇ। ਇਹ ਮਹਾਨ ਦੇਸ਼ ਹੋਵੇ ਹਿੰਦੁਸਤਾਨ। ਇਹਦੇ ਮਾਲਕ ਹੋਣ ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈ ਸਾਰੇ। ਸਗੋਂ ਇਉਂ ਕਹੋ, ਇਸ ਦੇ ਮਾਲਕ ਹੋਣ ਸੱਠ ਕਰੋੜ ਹਿੰਦੁਸਤਾਨੀ। ਉਹਨਾਂ ਵਿੱਚ ਮਜ਼ਹਬ ਦੇ ਆਧਾਰ 'ਤੇ ਕੋਈ ਵਿਤਕਰਾ ਨਾ ਹੋਵੇ। ਨਾ ਬਹੁ-ਗਿਣਤੀ ਦੀ ਧੰਮ ਹੋਵੇ, ਨਾ ਘੱਟ ਗਿਣਤੀ ਨੂੰ ਕਿਸੇ ਕਿਸਮ ਦਾ ਤੋਖਲਾ। ਸਾਰੇ ਹਿੰਦੁਸਤਾਨੀ ਇਕ ਕੌਮ, ਇਕ ਦੇਸ਼। ਸਾਰੇ ਰੱਜ ਖਾਣ, ਰੱਜ ਹੰਡਣ। ਨਾ ਕੋਈ ਭੁੱਖਾ ਨੰਗਾ ਰਹੇ, ਨਾ ਕਰੋੜਪਤੀ ਹੋਵੇ। ਜਨਤਾ ਦਾ ਰਾਜ ਹੋਵੇ, ਸਹੀ ਅਰਥਾਂ ਵਿੱਚ ਲੋਕ-ਰਾਜ ।"
"ਕਾਮਰੇਡ ਸਾਹਬ! ਸੁਫ਼ਨੇ ਨੇ ਤੁਹਾਡੇ। ਮੁਸਲਮ ਤਗੀਏ ਕਦੋਂ ਮੰਨਣ ਲੱਗਦੇ ਨੇ, ਜਿਨ੍ਹਾਂ ਨੂੰ ਗੱਦੀਆਂ ਦਾ ਚਸਕਾ ਪੈ ਗਿਆ ਏ।" ਅਮਲੀ ਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ। "ਉਹ ਤਾਂ ਆਹੰਦੇ ਨੇ, ਅਸੀਂ ਵੱਖਰੀ ਕੌਮ ਆਂ। ਹਿੰਦੂ ਸਿੱਖ ਸਾਡੇ ਭਰਾ ਨਹੀਂ।"
"ਅਮਲੀਆ। ਉਹ ਸਾਨੂੰ ਭਰਾ ਨਹੀਂ ਮੰਨਦੇ ਤਾਂ ਅਸੀਂ ਵੀ ਸਾਰੇ ਕਦੋਂ ਮੰਨਦੇ ਆਂ। ਉਹ ਹਿੰਦੂਆਂ ਨੂੰ ਭਰਾ ਮੰਨਦੇ ਨੇ, ਜਿਨ੍ਹਾਂ ਦਾ ਨਾਹਰਾ ਹੈ, 'ਹਿੰਦੀ, ਹਿੰਦੂ, ਹਿੰਦੁਸਤਾਨ। ਉਹ ਸਮਝਦੇ ਹਨ, ਕਿ ਹਿੰਦੁਸਤਾਨ ਕੇਵਲ ਹਿੰਦੂਆਂ ਦਾ ਮੁਲਕ ਹੈ,
ਹੋਰ ਕਿਸੇ ਦਾ ਦੇਸ਼ ਨਹੀਂ, ਤੇ ਨਾ ਹੀ ਹਿੰਦੀ ਬਿਨਾਂ ਕਿਸੇ ਭਾਸ਼ਾ ਵਾਸਤੇ ਕੋਈ ਥਾਂ ਹੈ। ਸੋ, ਏਹੋ ਜੇਹੇ ਅਕਲ ਦੇ ਧਨੀ ਦੋਹਾਂ ਪਾਸੀਂ ਹੈਗੇ। ਤਾਲੀ ਹਮੇਸ਼ਾ ਦੋਹਾਂ ਹੱਥਾਂ ਨਾਲ ਵੱਜਦੀ ਏ। ਤਾਹੀਂਏ ਤਾਂ ਮੈਂ ਕਹਿੰਦਾ ਹਾਂ ਕਿ ਰੱਬ ਦੋਹਾਂ ਧਿਰਾਂ ਨੂੰ ਸੁਮੱਤ ਬਖ਼ਸ਼ੇ।"
"ਕਾਮਰੇਡ ਸਾਹਬ। ਜੋ ਕਰਨਾ ਜੇ, ਛੇਤੀ ਕਰ ਦਿਹੋ। ਅਸੀਂ ਤਾਂ ਖਾਈਆਂ ਵਿੱਚ ਬੈਠੇ ਅੱਕ ਗਏ ਜੇ। ਲੋੜ ਪੈਣ ਨਾਲੋਂ, ਹਰ ਵੇਲੇ ਲੜਨ ਦਾ ਸਹਿਮ ਵਧੇਰੇ ਔਖਿਆਂ ਕਰਦਾ ਹੈ। ਫ਼ੌਜੀ ਤਾਂ ਝੱਟ-ਪਟ ਫੈਸਲੇ ਦੇ ਹਾਮੀ ਹੁੰਦੇ ਨੇ।" ਕਹਿੰਦੇ ਹੋਇਆ ਪਿਆਰਾ ਸਿੰਘ ਆਪਣੇ ਸਾਥੀਆਂ ਵੱਲ ਤੁਰ ਪਿਆ। ਉਹਦੀ ਯੂਨਿਟ ਭਿੱਖੀ-ਵਿੰਡ ਦੇ ਲਹਿੰਦੇ ਪਾਸੇ ਦੇ ਮੋਰਚਿਆਂ ਵਿੱਚ ਡਟੀ ਹੋਈ ਸੀ।
"ਸਮੇਂ ਦੀ ਉਡੀਕ ਕਰੋ। ਸਾਨੂੰ ਤੁਹਾਡੇ ਉੱਤੇ ਮਾਣ ਹੈ।" ਕਾਮਰੇਡ ਦੇ ਦਿਲ ਵਿੱਚ ਆਪਣੀ ਫ਼ੌਜ ਦਾ ਬਹੁਤ ਸਤਿਕਾਰ ਸੀ। "ਹੱਛਾ ਅਮਲੀਆ। ਛੁੱਟੀ ਬਖ਼ਸ਼ੋ, ਹੁਣ ਮੈਂ ਤਾਂ ਜ਼ਰਾ ਸੁੱਰ ਸਿੰਘ ਤੱਕ ਜਾਣਾ ਏਂ, ਨਾਲੇ ਅੱਜ ਚਾਹ ਪਾਰਟੀ ਕੀਹਦੇ ਵੱਲੋਂ ਏਂ। ਉਹਦਾ ਧੰਨਵਾਦ ਕਰਨਾ ਹੋਇਆ ਨਾ।"
"ਅੱਜ ਦੀ ਪਾਰਟੀ ਭਾਊ ਵੱਲੋਂ ਏ। ਬਹੁਤ ਬਹੁਤ ਧੰਨਵਾਦ।" ਕਿਰਪਾ ਰਾਮ ਨੇ ਛੇਤੀ ਨਾਲ ਧੰਨਵਾਦ ਵਾਲਾ ਫ਼ਰਜ਼ ਪੂਰਾ ਕਰ ਦਿੱਤਾ।
'ਸੇਠਾ! ਤੇਰੇ ਵਾਂਗਰ ਤਿਲਕਦੇ ਨਹੀਂ ਅਸੀਂ। ਇਹ ਲਿੱਚ-ਗੜਿੱਚੀਆਂ ਤੈਨੂੰ ਈ ਔਂਦੀਆਂ ਨੇ। ਕਦੇ ਅਮਲੀ ਵੱਲ ਗੱਲ ਟਾਲ ਦਿੱਤੀ, ਕਦੇ ਮੇਰੇ ਵੱਲ। ਤੁਸੀਂ ਪੈਸੇ ਦੇ ਪੁੱਤ ਗੰਢ ਨਹੀਂ ਢਿੱਲੀ ਕਰਦੇ ਲੱਗਦੀ ਵਾਹ।" ਕਰਮ ਸਿੰਘ ਭਾਊ ਕੁੜਤੇ ਦੀ ਅੰਦਰਲੀ ਜੇਬ ਵਿੱਚੋਂ ਪੈਸੇ ਕੱਢਣ ਲੱਗ ਪਿਆ।
ਕਾਮਰੇਡ ਦੇ ਤੁਰ ਜਾਣ ਨਾਲ ਮਜਲਸ ਬਰਖ਼ਾਸਤ ਹੋ ਗਈ।
੮.
ਪਾਕਿਸਤਾਨ ਸਰਕਾਰ ਵਿੱਚ ਮੀਆਂ ਜੁਲਫ਼ਕਾਰ ਅਲੀ ਖ਼ਾਂ ਭੁੱਟੋ ਦਾ ਧੜਾ ਭਾਰਤ ਨਾਲ ਲੜਾਈ ਕਰਨ 'ਤੇ ਤੁਲਿਆ ਹੋਇਆ ਸੀ। ਰਨ-ਕੱਛ ਵਿੱਚ ਲੜਾਈ ਬੰਦ ਹੋ ਜਾਣ ਵਿੱਚ ਉਹ ਖ਼ੁਸ਼ ਨਹੀਂ ਸੀ। ਪਬਲਿਕ ਸਟੇਜਾਂ ਉੱਤੇ ਭਾਰਤ ਦੇ ਵਿਰੁੱਧ ਘਿਰਣਾ ਭਰੀਆਂ ਤਕਰੀਰਾਂ ਕਰ ਕਰ ਕੇ ਉਹਨਾਂ ਲੋਕਾਂ ਨੂੰ ਵੀ ਭੜਕਾ ਛੱਡਿਆ ਸੀ। ਨਫ਼ਰਤ ਦੀ ਅੱਗ ਵਿੱਚ ਸੜੇ ਹੋਏ ਉਹ ਹਰ ਕੀਮਤ ਉੱਤੇ ਭਾਰਤ ਨਾਲ ਤਾਕਤ ਅਜ਼ਮਾਉਣ ਵਾਸਤੇ ਤਿਆਰੀ ਕਰੀ ਬੈਠੇ ਸਨ। ਭਾਰਤ ਨੇ ਅਠਾਰਾਂ ਸਾਲ
ਦੇਸ਼ ਦੀ ਤਰੱਕੀ ਕਰਨ ਵਿੱਚ ਖ਼ਰਚੇ ਸਨ, ਤੇ ਪਾਕਿਸਤਾਨ ਸਰਕਾਰ ਨੇ ਲੜਾਈ ਦੀ ਤਿਆਰੀ ਕਰਨ ਵਿੱਚ। ਭੁੱਟ ਧੜੇ ਨੂੰ ਇਹ ਵਹਿਮ ਹੋ ਗਿਆ ਸੀ ਕਿ ਉਹ ਲੜ ਕੇ ਭਾਰਤ ਨੂੰ ਜਿੱਤ ਸਕਦੇ ਹਨ। ਉਹ ਭਾਰਤ ਨਾਲ ਟੱਕਰ ਲੈਣ ਵਾਸਤੇ ਸਦਰ ਅਯੂਬ ਉੱਤੇ ਜ਼ੋਰ ਪਾ ਰਹੇ ਸਨ। ਉਸ ਪਾਰਟੀ ਦੇ ਬੁਲਾਰੇ ਥਾਂ ਥਾਂ ਪਬਲਿਕ ਸਟੇਜਾਂ ਉੱਤੇ ਤੇ ਪਾਰਟੀ ਦੀਆਂ ਮੀਟਿੰਗਾਂ ਵਿੱਚ ਵੀ ਅਜੇਹੇ ਖ਼ਿਆਲ ਪ੍ਰਗਟ ਕਰਦੇ, "ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ, ਕਿ ਅਲਾਹ ਤਾਅਲਾ ਨੇ ਮੋਮਨਾਂ ਨੂੰ ਕਾਫ਼ਰ ਉੱਤੇ ਰਾਜ ਕਰਨ ਵਾਸਤੇ ਪੈਦਾ ਕੀਤਾ ਹੈ। ਅਸੀਂ ਉਹਨਾਂ ਦੀ ਔਲਾਦ ਤੇ ਜਾਂ-ਨਸ਼ੀਨ ਹਾਂ, ਜਿਨ੍ਹਾਂ ਹਿੰਦੂਆਂ ਉੱਤੇ ਕਈ ਸਦੀਆਂ ਰਾਜ ਕੀਤਾ ਹੈ। ਪਰ ਅੱਜ ਅਸੀਂ ਏਨੇ ਕਮਜ਼ੋਰ ਤੇ ਬੁਜ਼ਦਿਲ ਹੋ ਗਏ ਹਾਂ ਕਿ ਕਸ਼ਮੀਰ ਵਿੱਚ ਵੱਸਣ ਵਾਲੇ ਮਜ਼ਲੂਮ ਮੋਮਨ ਭਰਾਵਾਂ ਨੂੰ ਵੀ ਕਾਫ਼ਰਾਂ ਦੀ ਗੁਲਾਮੀ ਤੋਂ ਨਜਾਤ ਨਹੀਂ ਦੁਆ ਸਕਦੇ। ਸੋਚੋ, ਇਸ ਤਰ੍ਹਾਂ ਬਾਬਰ ਤੇ ਅਕਬਰ, ਹਲਾਕੂ ਤੇ ਨਾਦਰ ਦੀਆਂ ਰੂਹਾਂ ਸਾਨੂੰ ਕੀ ਕਹਿ ਰਹੀਆਂ ਹੋਣਗੀਆਂ। ਪਾਕਿਸਤਾਨ ਦੇ ਜਨਮ ਦਹਿੰਦਾਂ, ਕਾਇਦੇ ਆਜ਼ਮ ਮੁਹਤਰਿਮ ਜਿਨਾਹ ਸਾਹਬ ਦੀ ਰੂਹ ਸਾਨੂੰ ਲਾਹਨਤਾਂ ਪਾ ਰਹੀ ਹੋਵੇਗੀ। ਇਕ ਵਾਰ ਨਹੀਂ, ਉਹਨਾਂ ਕਈ ਵਾਰ ਫੁਰਮਾਇਆ ਸੀ, ਕਿ ਕਸ਼ਮੀਰ ਤੋਂ ਬਿਨਾਂ ਪਾਕਿਸਤਾਨ ਲੰਗੜਾ ਹੈ। ਅਸੀਂ ਦੋ ਕੌਮਾਂ ਦੀ ਥਿਊਰੀ ਦੇ ਕਾਇਲ ਹਾਂ। ਮੁਸਲਮ ਅਕਸਰੀਅਤ ਦੇ ਇਲਾਕੇ ਕਸ਼ਮੀਰ ਉੱਤੇ ਸਾਡਾ ਹੱਕ ਹੈ। ਕਸ਼ਮੀਰ ਹਾਸਲ ਕੀਤੇ ਬਿਨਾਂ ਸਾਡੀ ਜ਼ਿੰਦਗੀ ਹਰਾਮ ਹੈ। ਅਸੀਂ ਬੜਾ ਅਰਸਾ ਇੰਤਜ਼ਾਰ ਕਰ ਚੁੱਕੇ ਹਾਂ। ਹੁਣ ਸਾਡੇ ਸਬਰ ਦਾ ਪੈਮਾਨਾ ਭਰ ਚੁੱਕਾ ਹੈ। ਭਾਰਤ ਸੁਲ੍ਹਾ ਸਫ਼ਾਈ ਨਾਲ ਕਸ਼ਮੀਰ ਛੱਡਣ ਵਾਸਤੇ ਤਿਆਰ ਨਹੀਂ। ਦਾਨਾਵਾਂ ਦਾ ਕੋਲ ਹੈ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਸਾਡੀ ਪੱਕੀ ਰਾਏ ਹੈ, ਕਿ ਲੜਾਈ ਬਿਨਾਂ ਕਸ਼ਮੀਰ ਦਾ ਮਸਲਾ ਹੱਲ ਨਹੀਂ ਹੋਵੇਗਾ। ਅਸੀਂ ਜ਼ੋਰ ਨਾਲ ਕਹਿੰਦੇ ਹਾਂ ਕਿ ਸਾਡੇ ਸਾਹਮਣੇ ਸਿਰਫ਼ ਇਕੋ ਰਸਤਾ ਹੈ, ਲੜਾਈ। ਆਪਣੇ ਦੋਸਤਾਂ ਨੂੰ ਅਸੀਂ ਇਕ ਗੱਲ ਦਾ ਯਕੀਨ ਦੁਆਉਣਾ ਚਾਹੁੰਦੇ ਹਾਂ ਕਿ ਲੜਾਈ ਵਿੱਚ ਅਸੀਂ ਪੂਰੀ ਤਰ੍ਹਾਂ ਕਾਮਯਾਬ ਹੋਵਾਂਗੇ। ਸਾਡੀ ਇਸ ਕਾਮਯਾਬੀ ਪਿੱਛੇ ਵਜੂਹਾਤ ਹਨ। ਪਹਿਲੀ ਗੱਲ, ਭਾਰਤ ਸਰਕਾਰ ਏਨੀ ਕਮਜ਼ੋਰ ਹੈ ਕਿ ਉਹ ਲੱਗਦੀ ਵੱਸ ਲੜਨ ਵਾਸਤੇ ਤਿਆਰ ਨਹੀਂ। ਨਾਲੇ ਰਣ-ਕੱਛ ਦੀ ਮੁੱਠ-ਭੇੜ ਵਿੱਚ ਅਸਾਂ ਵੇਖ ਲਿਆ ਹੈ। ਸਾਡਾ ਇਕ ਇਕ ਪਾਕਿਸਤਾਨੀ ਸਿਪਾਹੀ ਦਸ ਭਾਰਤੀ ਜਵਾਨਾਂ ਉੱਤੇ ਭਾਰੂ ਹੈ। ਫਿਰ ਸਾਡੇ ਕੋਲ ਹਥਿਆਰ ਵਧੀਆ ਹਨ। ਕੀ ਤੁਹਾਡਾ ਖ਼ਿਆਲ ਹੈ ਕਿ ਸਾਡੇ ਪੈਟਨ ਟੈਂਕਾਂ ਦੇ ਸਾਮ੍ਹਣੇ ਭਾਰਤ ਵਰਗੀ ਕਮਜ਼ੋਰ ਤੇ ਕਮਹੋਸਲਾ ਸਰਕਾਰ ਖਲੋ ਸਕੇਗੀ ? ਅਮਰੀਕਾ ਦੇ ਬਣਾਏ ਹੋਏ ਪੈਟਨ ਟੈਂਕ ਨਾ-ਕਾਬਲੇ ਤਸਖੀਰ ਹਨ,
ਨਾ ਕਾਬਲੇ ਤਸਖ਼ੀਰ। ਭਾਰਤ ਦੇ ਪੁਰਾਣੇ ਮਾਡਲ ਦੇ ਘਟੀਆ ਟੈਂਕ ਇਹਨਾਂ ਦਾ ਟਾਕਰਾ ਨਹੀਂ ਕਰ ਸਕਦੇ। ਫਿਰ ਸਾਡੇ ਕੋਲ ਜੈੱਟ ਤੇ ਸੁਪਰ ਸੈਨਿਕ ਹਵਾਈ ਜਹਾਜ਼ ਹਨ। ਮੁਕਾਬਲੇ 'ਤੇ ਭਾਰਤ ਦੇ ਨੈੱਟ ਜਹਾਜ਼ ਸਿਰਫ਼ ਖਿਲੋਣੇ ਹਨ। ਕੋਈ ਮੁਕਾਬਲਾ ਹੀ ਨਹੀਂ। ਸਾਡੇ ਦੋਸਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿ ਜ਼ਮਾਨਾ ਹਾਲ ਵਿੱਚ ਆਦਮ-ਗਿਣਤੀ ਨਹੀਂ, ਹਥਿਆਰ ਜਿੱਤਦੇ ਹਨ। ਇਹਨਾਂ ਵਧੀਆ ਹਥਿਆਰਾਂ ਦੀ ਬਿਨਾ ਉੱਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਾਡੀ ਫਤਹਿ ਯਕੀਨੀ ਹੈ।
ਹੁਣ ਤਜਵੀਜ਼ ਸੁਣੋ। ਸਾਡੇ ਕੋਲ ਮੁਜਾਹਿਦਾਂ ਦੀ ਫ਼ੌਜ ਤਿਆਰ ਹੈ। ਹਕੀਕੀ ਦੋਸਤ ਚੀਨ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਗੁਰੀਲਾ ਲੜਾਈ ਵਾਸਤੇ ਤਿਆਰ ਕਰ ਲਿਆ ਹੈ। ਆਪਣਿਆਂ ਦੇ ਸਾਮ੍ਹਣੇ ਕਿਸੇ ਭੇਤ ਨੂੰ ਲੁਕਾਉਣ ਦੀ ਜ਼ਰੂਰਤ ਨਹੀਂ। ਮੇਜਰ ਜੈਨਰਲ ਅਖ਼ਤਰ ਹੁਸੈਨ ਮਲਿਕ ਜੀ.ਓ.ਸੀ. (ਜੈਨਰਲ ਆਫ਼ਿਸਰ ਕਮਾਂਡਰ) ਬਾਰ੍ਹਵੀਂ ਡਵੀਜ਼ਨ ਦੇ ਮਾਤਹਿਤ ਸਾਡੀ ਜਿਬਰਾਲਟਰ ਫ਼ੋਰਸ ਤਿਆਰ ਖਲੀ ਹੈ। ਉਸ ਨੂੰ ਅੱਗੇ ਅੱਠ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਹਰ ਇਕ ਫ਼ੌਜ ਵਿੱਚ ਛੇ ਕੰਪਨੀਆਂ (ਛੇ ਸੌ ਸੱਠ ਜਵਾਨ) ਹਨ। ਹਰ ਫ਼ੌਜ ਦਾ ਨਾਮ 'ਖ਼ਾਲਿਦ', 'ਖ਼ਿਲਜੀ', 'ਜਲਾਲੁਦੀਨ', 'ਕਾਸਿਮ', 'ਗ਼ਜ਼ਨਵੀਂ', 'ਬਾਬਰ' ਵਗੈਰਾ ਨਾਮਵਰ ਹਸਤੀਆਂ ਦੇ ਨਾਮ ਉੱਤੇ ਰੱਖਿਆ ਗਿਆ ਹੈ। ਹਰ ਇਕ ਕੰਪਨੀ ਦੀ ਕਮਾਨ ਕਰਨ ਵਾਲਾ ਪਾਕਿਸਤਾਨ ਦੀ ਬਕਾਇਦਾ ਫ਼ੌਜ ਦਾ ਕੋਈ ਮੇਜਰ ਜਾਂ ਕੈਪਟਨ ਹੈ। ਸਾਡੀ ਰਾਏ ਮੁਤਾਬਕ ਉਹਨਾਂ ਨੂੰ ਪਹਿਲੀ ਅਗਸਤ ਤੋਂ ਕਸ਼ਮੀਰ ਵਿੱਚ ਦਾਖ਼ਲ ਕਰ ਦਿੱਤਾ ਜਾਵੇ। ਉਹ ਬਿਨਾਂ ਵਰਦੀ ਦੇ ਹੋਣਗੇ, ਮਗਰ ਹਥਿਆਰ ਨਾਲ ਪੂਰੀ ਤਰ੍ਹਾਂ ਲੈਸ। ਉਹਨਾਂ ਦਾ ਪਹਿਲਾ ਕੰਮ ਕਸ਼ਮੀਰੀ ਮੁਸਲਮਾਨਾਂ ਨੂੰ ਭਾਰਤ ਸਰਕਾਰ ਦੇ ਵਿਰੁੱਧ ਭੜਕਾ ਕੇ ਬਗ਼ਾਵਤ ਕਰਵਾਉਣਾ ਹੋਵੇਗਾ। ਉਮੀਦ ਹੈ ਕਿ ਮਜ਼੍ਹਬ ਦੇ ਨਾਮ ਉੱਤੇ ਸਾਰੇ ਕਸ਼ਮੀਰੀ ਮੁਸਲਮਾਨ ਸਾਡੇ ਨਾਲ ਮਿਲ ਕੇ ਬਗਾਵਤ ਕਰ ਦੇਣਗੇ। ਇਸ ਤਰ੍ਹਾਂ ਕਸ਼ਮੀਰ ਸਰਕਾਰ ਦਾ ਤਖ਼ਤਾ ਉਲਟਾ ਦਿੱਤਾ ਜਾਵੇਗਾ। ਭਾਰਤੀ ਫ਼ੌਜ ਉਸ ਬਗਾਵਤ ਨੂੰ ਦਬਾਉਣ ਵਾਸਤੇ ਕਸ਼ਮੀਰੀਆਂ ਉੱਤੇ ਜ਼ੁਲਮ ਤੇ ਤਸ਼ੱਦਦ ਕਰੇਗੀ ਤਾਂ ਅਸੀਂ ਬਾਗ਼ੀਆਂ ਦੀ ਮਦਦ ਦੇ ਬਹਾਨੇ ਕਸ਼ਮੀਰ ਉੱਤੇ ਹਮਲਾ ਕਰ ਦਿਆਂਗੇ। ਪਿਛਲੀਆਂ ਰਵਾਇਤਾਂ ਮੁਤਾਬਕ ਖ਼ਿਆਲ ਕੀਤਾ ਜਾ ਸਕਦਾ ਹੈ ਕਿ ਭਾਰਤ ਸਿਰਫ਼ ਓਥੇ ਹੀ ਜਵਾਬੀ ਕਾਰਵਾਈ ਕਰੇਗਾ, ਜਿੱਥੇ ਅਸੀਂ ਹਮਲਾ ਕਰਾਂਗੇ। ਉਹ ਕਸ਼ਮੀਰ ਤੋਂ ਬਾਹਰ ਲੜਾਈ ਵਧਾਉਣ ਵਿੱਚ ਪਹਿਲ ਨਹੀਂ ਕਰੇਗਾ, ਪਰ ਅਸੀਂ ਇਕ ਪਾਸੇ ਛੰਬ ਸੈਕਟਰ ਵਿੱਚ ਹਮਲਾ ਕਰਕੇ ਅਖਨੂਰ ਤੇ ਊਧਮਪੁਰ
ਵਾਲੀਆਂ ਸੜਕਾਂ ਕੱਟ ਦੇਵਾਂਗੇ ਤੇ ਦੂਜੇ ਪਾਸੇ ਖੇਮਕਰਨ ਦੇ ਰਸਤੇ ਪੂਰੇ ਬ੍ਰਗੇਡ ਨਾਲ ਭਰ ਦੇਵਾਂਗੇ। ਇਸ ਤਰ੍ਹਾਂ ਸਮੇਤ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਸਾਰਾ ਕਸ਼ਮੀਰ ਸਾਡੇ ਕਬਜ਼ੇ ਵਿੱਚ ਹੋਵੇਗਾ। ਫਿਰ ਸਾਡੇ ਵੱਲੋਂ ਪੇਸ਼ ਕੀਤੀਆਂ ਸ਼ਰਤਾਂ ਮੁਤਾਬਕ ਸਰਕਾਰ ਨੂੰ ਸੁਲ੍ਹਾ-ਮੰਨਣੀ ਪਵੇਗੀ।
"ਹਾਂ, ਬੇਵਕਤ ਜ਼ਰੂਰਤ ਚੀਨ ਵੀ ਭਾਰਤ ਉੱਤੇ ਹਮਲਾ ਕਰੇਗਾ। ਇਸਦੇ ਇਲਾਵਾ ਅਮਰੀਕਾ, ਬਰਤਾਨੀਆ ਤੇ ਖ਼ਾਸ ਕਰ ਇੰਡੋਨੇਸ਼ੀਆ ਤੇ ਕੁਛ ਹੋਰ ਮੁਸਲਮ ਮੁਲਕਾਂ ਦੀ ਦੋਸਤੀ ਉੱਤੇ ਵੀ ਸਾਨੂੰ ਯਕੀਨ ਰੱਖਣਾ ਚਾਹੀਦਾ ਹੈ। ਸਾਡੇ ਖ਼ਿਆਲ ਵਿੱਚ ਅੱਜ ਵਰਗਾ ਨਾਦਰ ਮੌਕਾ ਸਾਨੂੰ ਫੇਰ ਕਦੇ ਨਹੀਂ ਮਿਲੇਗਾ।"
ਭੁੱਟੋ ਧੜੇ ਦੀਆਂ ਇਹਨਾਂ ਕਾਰਗੁਜ਼ਾਰੀਆਂ ਦੇ ਫਲ, ਅੰਤ ਐਨੇ ਜ਼ੋਸ਼ ਵਿੱਚ ਫੈਸਲਾ ਓਹਾ ਹੋਇਆ, ਜੋ ਭੁੱਟੋ ਚਾਹੁੰਦਾ ਸੀ।
ਪਹਿਲੀ ਅਗਸਤ ਤੋਂ ਚਾਰ ਅਗਸਤ ਤੱਕ ਲਗਭਗ ਪੰਜ ਹਜ਼ਾਰ ਪਾਕਿਸਤਾਨੀ ਲੁਟੇਰੇ ਭਾਰਤੀ ਕਸ਼ਮੀਰ ਵਿੱਚ ਦਾਖ਼ਲ ਹੋ ਗਏ।
੯.
"ਥਾਣੇ-ਬਾਣੇਦਾਰ ਸੈਹਬ। ਕਬੇਲੀ।" 'ਤਨ ਮਰਗ' ਤੇ ਥਾਨੇ ਵਿੱਚ ਦਾਖ਼ਲ ਹੁੰਦਿਆਂ ਕਸ਼ਮੀਰੀ ਗਭਰੂ ਨੇ ਘਬਰਾਈ ਸੁਰ ਵਿੱਚ ਕਿਹਾ।
"ਕਿਥੇ ਨੇ ਕਬਾਇਲੀ ਉਇ।" ਕੁਰਸੀ ਦੀ ਪਿੱਠ ਨਾਲ ਢੋਹ ਲਾ ਕੇ ਬੈਠੇ ਥਾਣੇਦਾਰ ਨੇ ਚੁਸਤੀ ਨਾਲ ਸਿੱਧਿਆਂ ਹੋ ਕੇ ਕਿਹਾ।
"ਸਰ-ਸਰਕਾਰ! ਜ.. ਜੰਗਲ ਵਿੱਚ" ਆਉਣ ਵਾਲੇ ਗਭਰੂ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਸਿੱਧਿਆਂ ਹੋ ਕੇ ਕਿਹਾ।
"ਬਹਿ ਜਾਹ। ਸਾਹ ਲੈ ਕੇ ਦੱਸ। ਪਾਣੀ ਪਿਆ ਇਹਨੂੰ।" ਥਾਣੇਦਾਰ ਨੇ ਸਾਰੇ ਹੁਕਮ ਪੁਲਸੀ ਰੁਹਬ ਵਿੱਚ ਦਿੱਤੇ।
"ਹਜ਼ੂਰ! ਸ਼ਰਬਤ ਨਾ ਪਿਲਾਵਾਂ ? ਰੂਹ ਅਫਜ਼ਾ ਦਿਲ ਨਿਵਾ ਮੁਹਾਫ਼ਜ਼ੇ ਏਜਾ ਮੱਕਵੀ ਖ਼ਿਜ਼ਾ।" ਮੁਨਸ਼ੀ ਮੁਹੱਰਰ ਨੇ ਖੱਬੇ ਹੱਥ ਦੀਆਂ ਉਂਗਲਾਂ ਨਚਾਉਂਦਿਆਂ ਖ਼ਾਸ ਅਦਾ ਨਾਲ ਕਿਹਾ। ਹਰ ਸ਼ਬਦ ਨੂੰ ਚਿੱਥ ਚਿੱਥ ਕੇ ਮੂੰਹੋਂ ਕੱਢਣਾ ਉਹਦੀ ਆਦਤ ਸੀ।
"ਬਹਿ ਜਾ, ਬਹਿ ਜਾ।" ਥਾਣੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਕਿਹਾ।
ਸੰਗਦਾ ਝਿਜਕਦਾ ਗੱਭਰੂ ਸਾਹਮਣੇ ਪਏ ਬੈਂਚ ਉੱਤੇ ਬੈਠ ਗਿਆ।
"ਕੀ ਨਾਂ ਏ ਤੇਰਾ ?" ਥਾਣੇਦਾਰ ਨੇ ਸੱਜੇ ਹੱਥ ਦੀਆਂ ਉਂਗਲਾਂ ਨਾਲ ਮੇਜ਼ ਖੜਕਾਉਂਦਿਆਂ ਪੁੱਛਿਆ।
"ਹਜ਼ੂਰ ਮੁਹੰਮਦ ਦੀਨ।"
"ਇਸਮ ਸ਼ਰੀਫ਼ ਹਜ਼ੂਰ ਮੁਹੰਮਦ ਦੀਨ" ਮੁਨਸ਼ੀ ਮੁਹੱਰਰ ਨੇ ਇਕ ਕਾਗਜ਼ ਉੱਤੇ ਲਿਖਦਿਆਂ ਉਸ ਪੇਂਡੂ ਗਭਰੂ ਦੇ ਸ਼ਬਦਾਂ ਨੂੰ ਵਿਅੰਗ ਨਾਲ ਦੁਹਰਾਇਆ।
"ਮੁਨਸ਼ੀ ਜੀ! ਖ਼ਾਮੋਸ਼ੀ ਨਾਲ ਲਿਖੋ। ਮਸਲਾ ਕੁਛ ਪੇਚੀਦਾ ਜਿਹਾ ਜਾਪਦਾ ਏ।" ਥਾਣੇਦਾਰ ਨੇ ਮਿੱਠੀ ਝਿੜਕ ਦੇਂਦਿਆਂ ਕਿਹਾ।
"ਬਹੁਤ ਅੱਛਾ ਸਰਕਾਰ! ਮੈਂ ਸਮਝਿਆ ਕੋਈ ਜਨਾਨਾ ਕੇਸ ਹੈ।" ਬੁੱਝੇ ਮੁਨਸ਼ੀ ਨੋ ਐਨਕ ਠੀਕ ਕਰਦਿਆਂ ਕਿਹਾ। ਆਪਣੇ ਮਨ ਭਾਉਂਦੇ ਕੇਸ ਉਹ ਬੜਾ ਮਸਾਲਾ ਲਾ ਕੇ ਲਿਖਦਾ ਹੁੰਦਾ ਸੀ।
"ਜ਼ਨਾਨਾ ਨਹੀਂ, ਮਰਦਾਨਾ ਹੈ। ਜ਼ਰਾ ਐਨਕ ਉਤਾਰ ਕੇ ਵੇਖੋ।" ਥਾਣੇਦਾਰ ਨੇ ਵੀ ਅੱਗੋਂ ਟਕੋਰ ਕਰਦਿਆਂ ਕਿਹਾ। "ਹਾਂ ਭਈ, ਕੀ ਨਾਂ ਦੱਸਿਆ ਈ ਮੁਹੰਮਦ ਦੀਨ?"
"ਹਾਂ ਜਨਾਬ।"
"ਕਿੱਥੇ ਵੇਖੇ ਨੇ ਤੂੰ ਕਬਾਇਲੀ ?"
"ਜਨਾਬ। ਮੈਂ ਗੁਲਮਰਗ ਦੇ ਉਰਲੇ ਪਾਸੇ ਪਿੰਡ ਦਰਾਕਸੀ ਦੀ ਜੂਹ ਵਿੱਚ ਮਾਲ ਚਾਰਦਾ ਸਾਂ ਪਿਆ।"
"ਗੁੱਜਰ ਏਂ ਤੂੰ ?"
"ਹਾਂ ਸਰਕਾਰ। ਮੈਂ ਆਪਣੇ ਧਿਆਨ ਬੈਠਾ ਸਾਂ, ਜਾਂ ਮੈਨੂੰ ਦੋ ਕਬੇਲੀਆਂ ਨੇ ਆ ਫੜਿਆ। ਉਹਨਾਂ ਦੇ ਤੇੜ ਹਰੀਆਂ ਸਲਵਾਰਾਂ, ਗੱਲ ਹਰੀਆਂ ਕਮੀਜ਼ਾਂ ਤੇ ਹੱਥ ਵਿੱਚ ਪੱਕੀਆਂ ਬੰਦੂਕਾਂ ਸਨ ਜੇਹੋ ਜੇਹੀਆਂ ਫ਼ੌਜ ਕੋਲ ਹੁੰਦੀਆਂ ਨੇ।"
" ਫੇਰ ?"
"ਮੈਨੂੰ ਫੜ ਕੇ ਉਹ ਲਾਗੇ ਦੇ ਜੰਗਲ ਵਿੱਚ ਲੈ ਗਏ ਜਿਥੇ ਉਹਨਾਂ ਦਾ ਡੇਰਾ ਸੀ।"
"ਓਥੇ ਡੇਰੇ ਵਿੱਚ ਕਿੰਨੇ ਆਦਮੀ ਸਨ ਉਹ ?"
"ਤਕਰੀਬਨ ਸੋ ਕੁ ਹੋਣਗੇ।" ਮੁਹੰਮਦ ਦੀਨ ਹੁਣ ਵਾਹਵਾ ਸ਼ਾਂਤ ਹੋ ਚੁੱਕਾ ਸੀ।
"ਕੌਣ ਜਾਪਦੇ ਸਨ ਉਹ ?"
"ਕੁਛ ਕਸ਼ਮੀਰੀ ਸਨ ਤੇ ਵਧੇਰੇ ਪੰਜਾਬੀ। ਇਹ ਅੰਦਾਜ਼ਾ ਮੈਂ ਉਹਨਾਂ ਦੀ
ਬੋਲੀ ਤੋਂ ਲਾਇਆ ਏ। ਉਹਨਾਂ ਕੋਲ ਬਹੁਤ ਸਾਰੇ ਹਥਿਆਰ ਤੇ ਕੁਛ ਹੋਰ ਸਮਾਨ ਸੀ।"
"ਤੈਨੂੰ ਉਹਨਾਂ ਕੀ ਕਿਹਾ ?"
"ਉਹਨਾਂ ਦਾ ਸਰਦਾਰ ਆਖਣ ਲੱਗਾ, "ਵੇਖ ਤੂੰ ਸਾਡਾ ਮੁਸਲਮਾਨ ਭਾਈ ਏਂ। ਅਸੀਂ ਤੁਹਾਨੂੰ ਕਸ਼ਮੀਰੀਆਂ ਨੂੰ ਕਾਫ਼ਰਾਂ ਦੀ ਗੁਲਾਮੀ ਤੋਂ ਅਜ਼ਾਦ ਕਰੋਣ ਆਏ ਹਾਂ। ਸਾਡੀ ਮਦਦ ਕਰੋ।"
"ਫਿਰ ਤੂੰ ਕੀ ਕਿਹਾ ਅੱਗੋਂ ?"
"ਕਹਿਣਾ ਕੀ ਸੀ, ਸਰਕਾਰ। ਮੈਂ ਡਰਦਾ ਅੱਗੋਂ ਹਾਂ-ਹਾਂ ਕਰੀ ਗਿਆ। ਉਹਨਾਂ ਕਿਹਾ ਜੇ ਤੂੰ ਸਾਡੀ ਮਰਜ਼ੀ ਮੁਤਾਬਕ ਕੰਮ ਕਰੇਂਗਾ ਤਾਂ ਤੈਨੂੰ ਚਾਰ ਸੌ ਰੁਪਈਆ ਦਿਆਂਗੇ ਤੇ ਨਹੀਂ ਤਾਂ ਫੇਰ ਆਹ ਵੇਖ।" ਮੁਹੰਮਦ ਦੀਨ ਨੇ ਹੱਥ ਵਾਲੀ ਸੋਟੀ ਨੂੰ ਬੰਦੂਕ ਵਾਂਗ ਸਿੱਧਿਆਂ ਕਰਕੇ ਸਮਝਾਇਆ, "ਮੈਨੂੰ ਤਾਂ ਉਹ ਗੋਲੀ ਮਾਰ ਦੇਣ ਲੱਗੇ ਸੀ।"
"ਫਿਰ ਤੂੰ ਕੀ ਕਿਹਾ ?
"ਮੈਂ ਕਿਹਾ, ਮੈਂ ਤੁਹਾਡਾ ਮੁਸਲਮਾਨ ਭਾਈ ਆਂ। ਮੈਂ ਹਰ ਤਰ੍ਹਾਂ ਤੁਹਾਡੀ ਮਦਦ ਕਰਾਂਗਾ। ਡਰਦਾ ਹੋਰ ਕੀ ਕਹਿੰਦਾ, ਸਰਕਾਰ। ਰੱਬ ਨੇੜੇ ਕਿ ਘਸੁੰਨ।"
"ਉਹ ਤੈਥੋਂ ਪੁੱਛਦੇ ਕੀ ਸਨ ?"
"ਏਹਾ ਕਿ ਤੁਹਾਡਾ ਬਾਨਾ ਕਿੱਥੇ ਆ। ਓਥੇ ਕਿੰਨੇ ਸਿਪਾਹੀ ਨੇ, ਕਿੰਨੇ ਹਥਿਆਰ ਨੇ। ਫਿਰ ਨੇੜੇ ਦਾ ਅਨਾਜਘਰ ਕਿੱਥੇ ਐ। ਬੱਸ, ਲਾਰੀਆਂ ਦਾ ਅੱਡਾ ਕਿੱਥੇ ਆ, ਤੇ ਕਿੰਨਾ ਈ ਹੋਰ ਕੁਛ।"
"ਹੋਰ ਕੁਛ ਕੀ, ਉਇ!"
"ਹੋਰ ਕੁਛ, ਹੋਰ ਕੁਛ।" ਮੁਹੰਮਦ ਦੀਨ ਫੇਰ ਘਬਰਾ ਗਿਆ। ਕਿ "ਸਾਡਾ ਮਜ੍ਹਬ ਇਕ ਏ, ਕੰਮ ਇਕ ਏ, ਤੁਸੀਂ ਸਾਡੀ ਮਦਦ ਕਰੋ ਤੇ ਸਾਰੀਆਂ ਥਾਵਾਂ ਦੀ ਸੂੰਹ ਕੱਢ ਕੇ ਸਾਨੂੰ ਪਤਾ ਦਿਹੋ। ਮੈਂ ਲਾਰਾ ਲਾ ਕੇ ਓਥੋਂ ਜਾਨ ਬਚਾ ਕੇ ਨੱਸਣ ਦੀ ਕੀਤੀ। ਜਾਨ ਬਚੀ ਲਾਖੋਂ ਪਾਏ। ਮੈਂ ਸਿੱਧਾ ਸਰਕਾਰ ਕੋਲ ਆ ਹਾਜ਼ਰ ਹੋਇਆ। ਹਜੂਰ ਸਾਨੂੰ ਪਿਛਲੇ ਕਬੋਲੀਆਂ ਦੀ ਕੀਤੀ ਭੁੱਲ ਤਾਂ ਨਹੀਂ ਗਈ।"
ਮੁਹੰਮਦ ਦੀਨ ਸਭ ਤੋਂ ਪਹਿਲਾ ਆਦਮੀ ਸੀ, ਜੀਹਨੇ ਚਾਰ ਅਗਸਤ ਨੂੰ ਪਾਕਿਸਤਾਨੀ ਲੁਟੇਰਿਆਂ ਦੀ ਖ਼ਬਰ ਦਿੱਤੀ।
ਦੂਸਰਾ ਕਸ਼ਮੀਰੀ ਮੁਸਲਮਾਨ ਸੀ ਵਜ਼ੀਰ ਮੁਹੰਮਦ, ਜ਼ਿਲ੍ਹਾ ਪੁਣਛ ਦਾ, ਜਿਸਨੇ ਲਾਗੇ ਦੀ ਆਪਣੀ ਫ਼ੌਜੀ ਚੌਂਕੀ ਵਿੱਚ ਪਾਕਿਸਤਾਨੀ ਲੁਟੇਰਿਆਂ ਦੀ ਖ਼ਬਰ ਦਿੱਤੀ। ਏਸ ਤਰ੍ਹਾਂ ਕਸ਼ਮੀਰ ਸਰਕਾਰ ਨੂੰ ਪਾਕਿਸਤਾਨੀ ਲੁਟੇਰਿਆਂ ਦੇ ਕਸ਼ਮੀਰ
ਵਿੱਚ ਆ ਵੜਨ ਦਾ ਪਤਾ ਲੱਗ ਗਿਆ।
ਅਗਲੇ ਕੁਝ ਦਿਨਾਂ ਵਿੱਚ ਕੁਛ ਹੋਰ ਝੜਪਾਂ ਵੀ ਹੋਈਆਂ। ਜੋਗੀਵਾਂ ਪਿੰਡ ਦੇ ਲੋਕਾਂ ਨੇ ਕੁਛ ਲੁਟੇਰੇ ਫੜ ਕੇ ਸਰਕਾਰ ਦੇ ਹਵਾਲੇ ਕਰ ਦਿੱਤੇ। ਜਿੱਥੇ ਲੁਟੇਰਿਆਂ ਦਾ ਜ਼ੋਰ ਪਿਆ, ਉਹਨਾਂ ਨਿਹੱਥੇ ਲੋਕਾਂ ਨਾਲ ਮਨ ਆਏ ਜ਼ੁਲਮ ਕੀਤੇ। ਇਕ ਬੁੱਢੇ ਮੁਸਲਮਾਨ ਨੂੰ ਏਸ ਵਾਸਤੇ ਤਸੀਹੇ ਦੇ ਕੇ ਮਾਰਿਆ ਕਿ ਉਹ ਲੁਟੇਰਿਆਂ ਦੀ ਮਦਦ ਕਰਨ ਵਾਸਤੇ ਤਿਆਰ ਨਹੀਂ ਸੀ। ਏਸ ਗੁਨਾਹ ਵਿੱਚ ਕੁਛ ਪਿੰਡ ਵੀ ਸਾੜ ਦਿੱਤੇ। ਕਈ ਥਾਵਾਂ 'ਤੇ ਲੁਟੇਰਿਆਂ ਦੀਆਂ ਪੁਲਸ ਤੇ ਫ਼ੌਜ ਨਾਲ ਵੀ ਝੜਪਾਂ ਹੋਈਆਂ।
ਦਸ ਅਗਸਤ ਨੂੰ ਪਾਕਿਸਤਾਨ ਦੀ ਬਾਕਾਇਦਾ ਫ਼ੌਜ ਵੀ ਕਈ ਥਾਵਾਂ 'ਤੇ ਕਸ਼ਮੀਰ ਵਿੱਚ ਦਾਖ਼ਲ ਹੋ ਗਈ। ਇਕ ਪਾਸੇ ਉਹਨਾਂ ਪੁਣਛ ਸੈਕਟਰ ਵਿੱਚ (ਬਾਰਾਂ ਅਗਸਤ ਨੂੰ) 'ਮੰਡੀ' ਉੱਤੇ ਕਬਜ਼ਾ ਕਰ ਲਿਆ। ਦੂਜੇ ਪਾਸੇ ਸਿਰੀਨਗਰ ਤੋਂ ਲੇਹ ਨੂੰ ਜਾਣ ਵਾਲੀ ਸੜਕ ਉੱਤੇ ਕਾਰਗਿਲ ਸੈਕਟਰ ਵਿੱਚ ਆਪਣਾ ਦਬਾਉ ਵਧਾ ਦਿੱਤਾ। ਪੰਦਰਾਂ-ਸੋਲਾਂ ਅਗਸਤ ਨੂੰ ਪਾਕਿਸਤਾਨੀ ਫ਼ੌਜ ਨੇ ਹਮਲਾ ਕਰਕੇ ਭਾਰਤ ਦੀਆਂ ਨੇ ਚੌਂਕੀਆਂ ਹੋਰ ਮੱਲ ਲਈਆਂ।
ਕੁਛ ਲੁਟੇਰੇ ਸਿਰੀਨਗਰ ਤੱਕ ਵੀ ਪਹੁੰਚ ਗਏ, ਪਰ ਉਹ ਨੁਕਸਾਨ ਕੋਈ ਨਾ ਕਰ ਸਕੇ, ਕਿਉਂਕਿ ਲੋਕਾਂ ਨੇ ਉਹਨਾਂ ਦਾ ਸਾਥ ਨਾ ਦਿੱਤਾ।
ਸੋਲਾਂ ਅਗਸਤ ਨੂੰ ਥਲ ਸੈਨਾ ਦੇ ਪ੍ਰਧਾਨ ਸੈਨਾਪਤੀ ਜੈਨਰਲ ਜੇ. ਐਨ. ਚੌਧਰੀ ਸਿਰੀ ਨਗਰ ਪੁੱਜੇ। ਉਹਨਾਂ ਦੇ ਨਾਲ ਕੁਛ ਹੋਰ ਅਫ਼ਸਰ ਵੀ ਸਨ। ਉਹਨਾਂ ਹਰ ਪੱਖ ਉੱਤੇ ਵਿਚਾਰ ਕੀਤੀ ਤਾਂ ਹਾਲਾਤ ਬਹੁਤ ਵਿਗੜੇ ਹੋਏ ਨਜ਼ਰ ਆਏ। ਲਦਾਖ਼ ਨੂੰ ਜਾਣ ਵਾਲੀ ਸੜਕ ਉੱਤੇ ਸਭ ਤੋਂ ਵਧੇਰੇ ਖ਼ਤਰਾ ਸੀ। ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਜੈਨਰਲ ਚੌਧਰੀ ਨੇ ਦਲੇਰੀ ਤੋਂ ਕੰਮ ਲਿਆ ਤੇ ਫ਼ੌਜ ਨੂੰ ਸਵੈ-ਰੱਖਿਆ ਵਾਸਤੇ ਜਵਾਬੀ ਕਾਰਵਾਈ ਕਰਨ ਦਾ ਹੁਕਮ ਦਿੱਤਾ। ਓਸੇ ਰਾਤ ਭਾਰਤੀ ਸੈਨਾ ਨੇ ਕਾਰਗਿਲ ਦੀਆਂ ਦੋ ਜ਼ਰੂਰੀ ਚੌਂਕੀਆਂ ਉੱਤੇ ਕਬਜ਼ਾ ਕਰ ਲਿਆ। ਉਹਨਾਂ ਵਿਚੋਂ ਇਕ ਦੀ ਉਚਾਈ 13620 ਫੁੱਟ ਹੈ।
ਹੁਣ ਭਾਰਤ ਸਰਕਾਰ ਵਾਸਤੇ ਜ਼ਰੂਰੀ ਹੋ ਗਿਆ ਸੀ ਕਿ ਕੋਈ ਸਖ਼ਤ ਕਦਮ ਚੁੱਕੇ। ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਫੋਰਨ ਕੈਬਨਿਟ ਦੀ ਮੀਟਿੰਗ ਬੁਲਾ ਲਈ। ਉਸ ਵਿੱਚ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਮੁੱਖੀ ਵੀ ਸ਼ਾਮਿਲ ਸਨ। ਹੋਰ ਨਾਮਵਰ ਜੈਨਰਲ ਬੁਲਾ ਲਏ ਗਏ, ਜਿਨ੍ਹਾਂ ਵਿੱਚੋਂ ਕੁਛ ਰੀਟਾਇਰਡ ਵੀ ਸਨ। ਪਾਕਿਸਤਾਨ ਵੱਲੋਂ ਹੋਏ ਹਮਲੇ ਦੇ ਹਰ ਪੱਖ ਉੱਤੇ ਖੁੱਲ੍ਹੇ ਦਿਲ ਨਾਲ ਵਿਚਾਰ ਹੋਈ। ਹਰ ਇਕ ਦੀ ਰਾਏ ਸ਼ਾਸਤਰੀ ਜੀ ਨੇ ਬੜੇ ਧਿਆਨ ਨਾਲ ਸੁਣੀ। ਏਹੋ ਜੇਹੇ ਔਕੜ ਦੇ ਸਮੇਂ ਛੇਤੀ ਹੀ ਫ਼ੈਸਲੇ 'ਤੇ ਪਹੁੰਚਣ ਦਾ ਸ਼ਾਸਤਰੀ ਜੀ ਵਿੱਚ
ਜਮਾਂਦਰੂ ਗੁਣ ਸੀ। 'ਢਿੱਲ-ਮੱਠ' ਵਿੱਚ ਸਮਾਂ ਗੁਆਉਣ ਦੀ ਗਲਤੀ ਕਰਨ ਦੇ ਉਹ ਸਖ਼ਤ ਵਿਰੋਧੀ ਸਨ। ਉਹਨਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਮਹਿਸੂਸ ਕਰਦਿਆਂ ਬੜੇ ਠਰੂੰਮੇ ਪਰ ਦ੍ਰਿੜ੍ਹਤਾ ਨਾਲ ਕਹਿਣਾ ਸ਼ੁਰੂ ਕੀਤਾ, "ਹਾਂ ਹੁਣ ਕੋਈ ਚਾਰਾ ਨਹੀਂ। ਅਸੀਂ ਅਮਨ ਨਾਲ ਰਹਿਣਾ ਚਾਹੁੰਦੇ ਸਾਂ, ਪਰ ਪਾਕਿਸਤਾਨ ਸਰਕਾਰ ਨੇ ਸਾਨੂੰ ਹਥਿਆਰ ਚੁੱਕਣ ਵਾਸਤੇ ਮਜਬੂਰ ਕਰ ਦਿੱਤਾ ਹੈ। ਸਾਡੀ ਅਮਨ-ਪਸੰਦੀ ਨੂੰ ਉਹ ਸਾਡੀ ਕਮਜ਼ੋਰੀ ਸਮਝ ਬੈਠੇ ਨੇ। ਸਾਡੇ ਸਾਮ੍ਹਣੇ ਇਸ ਵੇਲੇ ਭਾਰਤ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ। ਬੇਇੱਜ਼ਤੀ ਦੀ ਜ਼ਿੰਦਗੀ ਨਾਲੋਂ ਅਣਖ ਦੀ ਮੌਤ ਹਜ਼ਾਰਾਂ ਦਰਜੇ ਚੰਗੀ ਹੁੰਦੀ ਹੈ। ਮੈਨੂੰ ਪੂਰਨ ਭਰੋਸਾ ਹੈ ਕਿ ਭਾਰਤ ਦੇ ਫ਼ੌਜੀ ਜੈਨਰਲ ਆਪਣੇ ਫ਼ਰਜ਼ਾਂ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਆਗਿਆ ਹੈ ਕਿ ਦੇਸ਼-ਰੱਖਿਆ ਬਦਲੇ, ਜੋ ਉਹ ਠੀਕ ਸਮਝਣ, ਕਰਨ। ਅਸੀਂ ਕਿਸੇ ਦੇ ਇਲਾਕੇ ਉੱਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ, ਪਰ ਅਸੀਂ ਇਹ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਕੋਈ ਸਾਡੀ ਆਜ਼ਾਦੀ ਵਿੱਚ ਦਖ਼ਲ ਦੇਵੇ। ਜੋ ਤਾਕਤ ਨਾਲ ਸਾਡਾ ਇਲਾਕਾ ਹਥਿਆਉਣਾ ਚਾਹਵੇ, ਅਸੀਂ ਪੂਰੀ ਤਾਕਤ ਨਾਲ ਉਹਨਾਂ ਦਾ ਜਵਾਬ ਦੇਵਾਂਗੇ। ਪਾਕਿਸਤਾਨ ਸਰਕਾਰ ਨੇ ਹਥਿਆਰਬੰਦ ਲੁਟੇਰੇ ਕਸ਼ਮੀਰ ਵਿੱਚ ਭੇਜ ਕੇ ਅਮਨ-ਭੰਗ ਕੀਤਾ ਹੈ। ਇਸ ਤਰ੍ਹਾਂ ਉਹਨੇ ਨਾ ਸਿਰਫ਼ ਰਨ-ਕੱਛ ਦਾ ਸਮਝੌਤਾ ਹੀ ਤੋੜਿਆ ਹੈ, ਸਗੋਂ ਪਿਛਲੇ ਸਾਰੇ ਹੀ ਦੋਸਤੀ ਦੇ ਅਹਿਦ ਭੁਲਾ ਦਿੱਤੇ ਹਨ। ਭਾਰਤ ਸਰਕਾਰ ਵੱਲੋਂ ਫ਼ੌਜ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਬਦੇਸ਼ੀ ਲੁਟੇਰਿਆਂ ਨੂੰ ਮੁਲਕ ਵਿਚੋਂ ਮਾਰ ਬਾਹਰ ਕਰੋ। ਲੋੜ ਪਈ 'ਤੇ ਸਾਡੀ ਫ਼ੌਜ ਹੱਦ ਟੱਪ ਕੇ ਉਹਨਾਂ ਟਿਕਾਣਿਆਂ 'ਤੇ ਵੀ ਹਮਲਾ ਕਰ ਸਕਦੀ ਹੈ, ਜਿੱਥੇ ਉਹਨਾਂ ਲੁਟੇਰਿਆਂ ਦੇ ਅੱਡ ਹਨ। ਸਰਕਾਰ ਇਸਦੇ ਨਤੀਜਿਆਂ ਤੋਂ ਵੀ ਜਾਣੂ ਹੈ। ਹੋ ਸਕਦਾ ਹੈ, ਇਸ ਦੇ ਉੱਤਰ ਵਿੱਚ ਪਾਕਿਸਤਾਨੀ ਫ਼ੌਜ ਸਾਡੇ ਮੁਲਕ ਉੱਤੇ ਇਕ ਵੱਡਾ ਹਮਲਾ ਕਰ ਦੇਵੇ। ਸਾਨੂੰ ਉਸ ਟਾਕਰੇ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈ। ਭਾਰਤ ਸਰਕਾਰ ਸਮਝਦੀ ਹੈ ਕਿ ਆਪਣੀ ਰੱਖਿਆ ਹਿਤ ਹੁਣ ਤਾਕਤ ਦੀ ਵਰਤੋਂ ਬਿਨਾਂ ਕੋਈ ਚਾਰਾ ਨਹੀਂ। ਲੜਾਈ ਦੇ ਹਰ ਵੇਲੇ ਦੇ ਸਹਿਮ ਨਾਲੋਂ ਇਕ ਵਾਰ ਲੜ ਕੇ ਵੇਖ ਲੈਣਾ ਹੀ ਠੀਕ ਹੁੰਦਾ ਹੈ। ਮੈਨੂੰ ਆਪਣੀ ਫ਼ੌਜ ਦੇ ਬਹਾਦਰ ਤੇ ਸਮਝਦਾਰ ਜਰਨੈਲਾਂ ਉੱਤੇ ਮਾਣ ਹੈ। ਲੋੜ ਪਈ ਤੇ ਅੰਤਰ-ਰਾਸ਼ਟਰੀ ਹੱਦਾਂ ਨੂੰ ਪਾਰ ਕਰਨ ਦੀ ਵੀ ਉਹਨਾਂ ਨੂੰ ਆਗਿਆ ਹੈ। ਵੈਰੀ ਨੂੰ ਆਪਣੇ ਘਰ ਉਡੀਕਣ ਦੀ ਥਾਂ, ਹੱਦੋਂ ਅੱਗੇ ਵੱਧ ਕੇ ਹੀ ਉਸ ਦਾ ਟਾਕਰਾ ਕਰਨਾ ਠੀਕ ਹੁੰਦਾ ਹੈ। ਸਰਕਾਰ ਵੱਲੋਂ ਏਨੀ ਆਗਿਆ ਦਿੰਦਾ ਹੋਇਆ ਮੈਂ ਆਪਣੇ ਦਿਲ ਦੀ ਚਾਅ ਪ੍ਰਗਟ ਕਰ ਦੇਣਾ ਚਾਹੁੰਦਾ ਹਾਂ। ਪਾਕਿਸਤਾਨ ਦੀ ਜਨਤਾ ਨਾਲ ਸਾਡਾ ਕੋਈ ਵੈਰ ਨਹੀਂ। ਉਹ ਸਾਡੇ ਭਰਾ ਹਨ। ਸੋ, ਜਿੱਥੋਂ ਤੱਕ ਹੋ ਸਕੇ,
ਪਾਕਿਸਤਾਨ ਦੀ ਜਨਤਾ ਦਾ ਬਚਾਅ ਕੀਤਾ ਜਾਵੇ। ਭਾਵੇਂ ਤਾਕਤ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਹਾਂ, ਦੁਸ਼ਮਣ ਦੀ ਫ਼ੌਜ ਨੂੰ ਪੂਰੀ ਤਾਕਤ ਨਾਲ ਹੀ ਜਵਾਬ ਦੇਣਾ ਹੋਵੇਗਾ। ਸਰਕਾਰ ਹਰ ਤਰ੍ਹਾਂ ਫ਼ੌਜ ਦੇ ਨਾਲ ਹੈ। ਅਗਲੇ ਦਿਨ ਸ਼ਾਸਤਰੀ ਜੀ ਨੇ ਇਹ ਐਲਾਨ ਲੋਕ ਸਭਾ ਵਿੱਚ ਵੀ ਦੁਹਰਾ ਦਿੱਤਾ।
੧०.
"ਐਧਰ ਵੇਖੋ।" ਲੈਫਟੀਨੈਂਟ ਜੈਨਰਲ ਹਰਬਖ਼ਸ਼ ਸਿੰਘ ਨੇ ਮੇਜ਼ ਉੱਤੇ ਵਿਛੇ ਹੋਏ ਨਕਸ਼ੇ ਵੱਲ ਇਸ਼ਾਰਾ ਕਰਕੇ ਕਿਹਾ। ਉਹ ਸਾਰੇ ਪੱਛਮੀ ਮੋਰਚੇ ਦਾ ਆਰਮੀ ਕਮਾਂਡਰ ਸੀ। "ਆਹ ਏ ਉੜੀ। ਦੱਖਣ ਵੱਲ ਆਹ ਏ ਪੁਣਛ। ਦੋਹਾਂ ਦੇ ਵਿੱਚ ਪੈਂਦਾ ਏ ਦੱਰਰਾ ਹਾਜੀ ਪੀਰ, ਸਮਝ ਗਏ?"
"ਠੀਕ ਏ ਸਾਹਬ।"
"ਏਥੋਂ ਪਾਕਿਸਤਾਨ ਦੀ ਜੰਗ ਬੰਦੀ ਲਾਈਨ ਘੋੜੇ ਦੇ ਸੁੰਮ ਵਾਂਗ ਸਾਡੇ ਇਲਾਕੇ ਵਿੱਚ ਵਧੀ ਹੋਈ ਹੈ। ਏਸੇ ਰਾਹੇ, ਭਾਵ ਦੱਰਾ ਹਾਜੀ ਪੀਰ ਰਾਹੀਂ ਪਾਕਿਸਤਾਨੀ ਧਾੜਵੀ ਸਾਡੇ ਇਲਾਕੇ ਵਿੱਚ ਦਾਖ਼ਲ ਹੁੰਦੇ ਹਨ। ਅਸੀਂ ਆਹ ਲਾਈਨ ਸਿੱਧੀ ਕਰ ਦੇਣੀ ਹੈ।" ਸ. ਹਰਬਖ਼ਸ਼ ਸਿੰਘ ਨੇ ਨਕਸ਼ੇ ਉੱਤੇ ਪੈਨਸਿਲ ਨਾਲ ਲਕੀਰ ਖਿੱਚ ਕੇ ਉੜੀ ਤੇ ਪੁਣਛ ਨੂੰ ਮਿਲਾ ਦਿੱਤਾ।
"ਠੀਕ ਏ ਸਾਹਬ।"
"ਪੁਣਛ ਵਾਲੇ ਪਾਸਿਓਂ ਲੈਫਟੀਨੈਂਟ ਕਰਨਲ ਐਨ. ਐਨ. ਖੰਨਾ ਐਡਵਾਨਸ ਕਰੇਗਾ।" ਸ. ਹਰਬਖ਼ਸ਼ ਸਿੰਘ ਨੇ ਆਪਣੀ ਗੱਲ ਜਾਰੀ ਰੱਖੀ। "ਉੜੀ ਵਾਲੇ ਪਾਸਿਓਂ ਮੇਜਰ ਰਣਜੀਤ ਸਿੰਘ ਡਿਆਲ ਅੱਗੇ ਵਧੇਗਾ। ਇਸ ਪਹਾੜੀ ਨੂੰ ਸੰਖ ਚੋਟੀ ਕਹਿੰਦੇ ਹਨ। ਇਸ ਦੀ ਉਚਾਈ 8541 ਫੁੱਟ ਹੈ। ਇਸ ਉੱਤੇ ਦੁਸ਼ਮਣ ਦਾ ਸਖ਼ਤ ਮੋਰਚਾ ਹੈ। ਇਸ ਉੱਤੇ ਛੇਤੀ ਤੋਂ ਛੇਤੀ ਕਬਜ਼ਾ ਕਰ ਲੈਣਾ ਚਾਹੀਦਾ ਹੈ। ਜਿਸ ਦਾ ਸੰਖ ਚੋਟੀ ਉੱਤੇ ਕਬਜ਼ਾ, ਓਸ ਦਾ ਦਰਰਾ ਹਾਜੀ ਪੀਰ ਉੱਤੇ ਕੰਟਰੋਲ। ਸਮਝ ਗਏ ?"
"ਠੀਕ ਏ ਸਾਹਬ।"
"ਮੈਨੂੰ ਆਪਣੇ ਬਹਾਦਰ ਜਵਾਨਾਂ ਉੱਤੇ ਮਾਣ ਹੈ। ਆਸ ਹੈ, ਸਗੋਂ ਮੈਨੂੰ ਭਰੋਸਾ ਹੈ ਕਿ ਭਾਰਤੀ ਸੈਨਾ ਆਪਣੀ ਅਦੁੱਤੀ ਸ਼ਾਨ ਨੂੰ ਕਾਇਮ ਰੱਖੇਗੀ।"
ਛੱਬੀ ਅਗਸਤ, ਮੱਸਿਆ ਦੀ ਰਾਤ, ਘੁੱਪ ਹਨ੍ਹੇਰ, ਰਾਤ ਦੇ ਸਾਢੇ ਨੌ ਵੱਜ ਚੁੱਕੇ ਸਨ। ਮੇਜਰ (ਲੈਫਟੀਨੈਂਟ ਕਰਨਲ) ਰਣਜੀਤ ਸਿੰਘ ਡਿਆਲ ਆਪਣੇ ਚੋਣਵੇਂ ਜਵਾਨਾਂ ਨੂੰ ਨਾਲ ਲੈ ਕੇ ਤੁਰ ਪਿਆ। ਸੰਘਣਾ ਹਨ੍ਹੇਰਾ ਤੇ ਪਹਾੜੀ ਰਸਤਾ। ਜਵਾਨ ਬੜੇ ਸੰਭਲ ਸੰਭਲ ਕੇ ਚੱਲ ਰਹੇ ਸਨ। ਉਹ ਚਾਨਣ ਵੀ ਨਹੀਂ ਸਨ ਕਰ ਸਕਦੇ, ਮਤਾ ਦੁਸ਼ਮਣ ਨੂੰ ਉਹਨਾਂ ਦੇ ਟਿਕਾਣੇ ਦਾ ਪਤਾ ਲੱਗ ਜਾਏ। ਸਾਰੀ ਰਾਤ ਉਹ ਪੱਥਰਾਂ ਨਾਲ ਠੇਡੇ ਖਾਂਦੇ ਚਲਦੇ ਰਹੇ। ਅਗਲੀ ਸਵੇਰ ਦੇ ਚਾਰ ਵਜਦਿਆਂ ਤਕ ਉਹਨਾਂ ਪਹਿਲੀ ਪਹਾੜੀ ਉੱਤੇ ਕਬਜ਼ਾ ਕਰ ਲਿਆ। ਕੁਝ ਜਵਾਨ ਉਥੇ ਛੱਡ ਕੇ, ਮੇਜਰ ਡਿਆਲ ਫਿਰ ਅੱਗੇ ਤੁਰ ਪਿਆ। ਸਤਾਈ ਅਗਸਤ, ਸਵੇਰ ਦੇ ਨੌਂ ਵਜਦਿਆਂ ਤਕ ਉਹ 'ਸਾਰ' ਪਹਾੜੀ ਉੱਤੇ ਜਾ ਪੁੱਜੇ। ਸਾਰੀ ਰਾਤ ਚਲਦੇ ਰਹਿਣ ਕਰਕੇ ਭਾਵੇਂ ਜਵਾਨ ਥੱਕ ਗਏ ਸਨ, ਫਿਰ ਵੀ ਡਿਆਲ ਜੋਧੇ ਨੇ ਉਥੇ ਰੁਕਣਾ ਠੀਕ ਨਾ ਸਮਝਿਆ। ਸਫਲ ਓਹਾ ਹੁੰਦੇ ਹਨ, ਜੋ ਚਲਦੇ ਰਹਿਣ ਦੇ ਹਾਮੀ ਹੋਣ। ਔਕੜਾਂ ਵੇਖ ਕੇ ਰੁਕ ਜਾਣ ਵਾਲਿਆਂ ਵਾਸਤੇ ਮੰਜ਼ਲ ਦੂਰ ਹੋ ਜਾਇਆ ਕਰਦੀ ਹੈ। ਦਿਨ ਦੇ ਗਿਆਰਾਂ ਵਜੇ ਤੱਕ ਡਿਆਲ ਦਾ ਜਥਾ 'ਗੁਡਵਾਲੀ ਗਲੀ' 'ਤੇ ਜਾ ਗੱਜਿਆ। ਏਥੇ ਦੁਸ਼ਮਣ ਦੀ ਚੰਗੀ ਮਜ਼ਬੂਤ ਪਿਕਟ ਸੀ। ਵੈਰੀ ਬੜੀ ਬੇਫ਼ਿਕਰੀ ਨਾਲ ਬੈਠੇ ਸਿਗਰਟਾਂ ਪੀ ਰਹੇ ਸਨ। ਭਾਰਤੀ ਸੈਨਾ ਦੇ ਆ ਧਮਕਣ ਦਾ ਉਹਨਾਂ ਨੂੰ ਚਿੱਤ ਖ਼ਿਆਲ ਵੀ ਨਹੀਂ ਸੀ। ਉਹਨਾਂ ਨੂੰ ਪਤਾ ਤਦ ਲੱਗਾ, ਜਾਂ ਡਿਆਲ ਨੇ ਸ਼ੇਰਵਾਈ ਹੱਲਾ ਬੋਲ ਦਿੱਤਾ। ਬੱਸ, ਦੱਸ ਪੰਦਰਾਂ ਮਿੰਟ ਦੀ ਮੁੱਠਭੇੜ ਹੋਈ। ਕੁਝ ਵੈਰੀ ਮਾਰੇ ਗਏ, ਕੁਝ ਪਕੜੇ ਗਏ, ਤੇ ਕੁਝ ਜਾਨ ਬਚਾ ਕੇ ਨੱਸਣ ਵਿੱਚ ਸਫਲ ਹੋ ਗਏ। ਨੱਸਣ ਵਾਲੇ ਆਪਣੇ ਹਥਿਆਰ ਵੀ ਓਥੇ ਹੀ ਛੱਡ ਗਏ। ਉਹ 'ਜਾਨ ਬਚੀ ਲਾਖੋਂ ਪਾਏ' ਦੇ ਸਿਧਾਂਤ 'ਤੇ ਅਮਲ ਕਰਦੇ ਹੋਏ ਪਹਾੜੀ ਦੀ ਢਲਵਾਨ ਉਹਲੇ ਛਪਨ ਹੋ ਗਏ।
ਦਿਨ ਦਾ ਬਾਕੀ ਸਮਾਂ ਡਿਆਲ ਨੇ ਉਸ ਪਿਕਟ ਉੱਤੇ ਆਪਣੀ ਪੋਜ਼ੀਸ਼ਨ ਮਜ਼ਬੂਤ ਕਰਨ ਵਿੱਚ ਗੁਜ਼ਾਰਿਆ। ਏਥੋਂ ਚਾਰ ਹਜ਼ਾਰ ਫੁੱਟ ਉੱਚੀ ਉਹ ਚੋਟੀ ਨਜ਼ਰ ਆ ਰਹੀ ਸੀ, ਜੋ ਦੱਰਰਾ ਹਾਜੀ ਪੀਰ ਦੇ ਐਨ ਸਿਰ ਉੱਤੇ ਸੀ। ਸਿੱਧੀ ਚੜ੍ਹਾਈ ਤੇ ਸਾਮ੍ਹਣੇ ਦੁਸ਼ਮਣ। ਸ਼ਾਮ ਹੁੰਦਿਆਂ ਤੱਕ ਮਾੜੀ ਮਾੜੀ ਬਾਰਿਸ਼ ਸ਼ੁਰੂ ਹੋ ਗਈ। ਵੈਰੀ ਨੇ ਉਪਰੋਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਸਾਰੀਆਂ ਔਕੜਾਂ ਦੇ ਹੁੰਦਿਆਂ ਵੀ ਡਿਆਲ ਦੇ ਇਰਾਦੇ ਵਿੱਚ ਕੋਈ ਢਿੱਲ ਮੱਠ ਨਾ ਆਈ। ਉਹ ਹਰ ਕੀਮਤ ਉੱਤੇ ਪਹਾੜੀ ਫ਼ਤਹਿ ਕਰ ਲੈਣ ਦਾ ਮਨ ਬਣਾ ਚੁੱਕਾ ਸੀ।
"ਵੇਖੋ ਜਵਾਨੋ। ਮੈਨੂੰ ਸਿਰਫ਼ ਗਿਣਤੀ ਦੇ ਜਵਾਨਾਂ ਦੀ ਲੋੜ ਹੈ, ਜੋ ਮੇਰੇ ਨਾਲ ਸ਼ਹੀਦ ਹੋਣ ਵਾਸਤੇ ਤਿਆਰ ਹੋਣ।" ਤੀਹ ਸਾਲਾ ਗਭਰੂ ਮੇਜਰ ਰਣਜੀਤ ਸਿੰਘ ਡਿਆਲ ਨੇ ਸ਼ੇਰ ਵਾਂਗ ਭਬਕ ਕੇ ਕਿਹਾ। "ਪਿਛਲੀਆਂ ਪੀਹੜੀਆਂ ਦੇ ਸਾਡੇ
ਵੱਡੇ ਬੇਗਾਨਿਆਂ ਵਾਸਤੇ ਲੜਦੇ ਰਹੇ ਨੇ। ਕਦੇ ਫਰਾਂਸ ਵਿੱਚ, ਕਦੇ ਲਿਬੀਆ ਵਿੱਚ। ਇਹ ਪਹਿਲੀ ਲੜਾਈ ਹੈ, ਜੋ ਅਸਾਂ ਆਪਣੇ ਵਾਸਤੇ ਲੜਨੀ ਹੈ, ਆਪਣੇ ਦੇਸ਼ ਵਾਸਤੇ, ਆਪਣੀ ਕੌਮ ਵਾਸਤੇ। ਇਹ ਸਾਡੀ ਅਣਖ ਤੇ ਮਰਦਾਊਪੁਣੇ ਦਾ ਸਵਾਲ ਹੈ। ਕੁਝ ਜਵਾਨ ਏਥੇ ਰਹਿਣਗੇ, ਕੁਝ ਮੇਰੇ ਨਾਲ ਚਲਣਗੇ। ਦੁਨੀਆਂ ਦੀ ਕੋਈ ਰੁਕਾਵਟ ਵੀ ਸਾਡਾ ਰਾਹ ਨਹੀਂ ਰੋਕ ਸਕਦੀ। ਤਿਆਰ ਹੋ ਜਾਓ।"
ਵਰ੍ਹਦੇ ਮੀਂਹ ਵਿੱਚ ਸ਼ਾਮ ਦੇ ਛੇ ਵਜੇ ਹੀ ਡਿਆਲ ਨੇ ਫਿਰ ਕੂਚ ਕਰ ਦਿੱਤਾ। ਸੱਤ ਵੱਜਦੇ ਤੱਕ ਉਹ ਇਕ ਨਾਲੇ ਦੇ ਕੰਢੇ ਜਾ ਪੁੱਜੇ। ਪਹਾੜੀ ਨਾਲੇ ਥੋੜੇ ਜਿਹੇ ਮੀਂਹ ਨਾਲ ਵੀ ਭਰ ਉਛਲਦੇ ਹਨ। ਉਹ ਨਾਲਾ ਵੀ ਉਚਾਟ ਤੋਂ ਨਿਵਾਣ ਵੱਲ ਪੱਥਰਾਂ ਨਾਲ ਟਕਰਾ ਕੇ ਸ਼ੋਰ ਮਚਾਉਂਦਾ ਬੜਾ ਤੇਜ਼ ਵਗ ਰਿਹਾ ਸੀ। ਮੀਂਹ ਵੀ ਪੈਰੋ ਪੈਰ ਤੇਜ਼ ਹੋ ਰਿਹਾ ਸੀ। ਬੱਦਲਾਂ ਦੇ ਕਾਰਨ ਸੱਤ ਵਜੇ ਹੀ ਚੋਖਾ ਹਨ੍ਹੇਰਾ ਹੋ ਗਿਆ ਸੀ। ਪੈਰ ਪੈਰ ਉੱਤੇ ਲੁਕੇ ਹੋਏ ਵੈਰੀ ਦਾ ਵੀ ਖ਼ਤਰਾ ਸੀ। ਸ. ਰਣਜੀਤ ਸਿੰਘ ਨੇ ਸਾਥੀਆਂ ਵੱਲ ਵੇਖ ਕੇ ਉਹਨਾਂ ਦੀ ਅਣਖ ਨੂੰ ਟੁੰਬਣ ਦੇ ਇਰਾਦੇ ਨਾਲ ਕਿਹਾ, "ਵੇਖੋ ਜਵਾਨੋ! ਮਹਾਰਾਜਾ ਰਣਜੀਤ ਸਿੰਘ ਦਾ ਰਾਹ ਦਰਿਆ ਅਟਕ ਵੀ ਨਹੀਂ ਸੀ ਰੋਕ ਸਕਿਆ। ਉਹ ਸਣੇ ਫ਼ੌਜ ਠਾਠਾਂ ਮਾਰਦੇ ਕਹਿਰੀ ਅਟਕ ਵਿੱਚ ਦੀ ਪਾਰ ਹੋ ਗਿਆ ਸੀ। ਮੇਰਾ ਨਾਂ ਵੀ ਰਣਜੀਤ ਸਿੰਘ ਹੈ। ਮੈਂ ਏਸ ਨਾਲੇ ਤੋਂ ਡਰ ਕੇ ਅਟਕ ਜਾਵਾਂ, ਤਾਂ ਉਸ ਮਰਦ ਦੇ ਨਾਂ ਨੂੰ ਲਾਜ ਲੱਗੇਗੀ। ਆਓ ਮੇਰੇ ਮਗਰ ।"
ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ, "ਅਸੰਭਵ ਸ਼ਬਦ ਮਰਦਾਂ ਦੀ ਬੋਲੀ ਵਿੱਚ ਨਹੀਂ ਹੁੰਦਾ। ਸੂਰਮੇ ਜੋ ਚਾਹੁੰਣ, ਕਰਨ ਦੀ ਸ਼ਕਤੀ ਰੱਖਦੇ ਹਨ।" ਮੇਜਰ ਡਿਆਲ ਆਪਣੀ ਟੋਲੀ ਸਣੇ ਨਾਲੇ ਤੋਂ ਪਾਰ ਹੋ ਗਿਆ। ਉਸ ਵੇਲੇ ਮੀਂਹ ਪੂਰੇ ਜ਼ੋਰ ਦਾ ਵੱਸ ਰਿਹਾ ਸੀ।
ਏਥੋਂ ਅੱਗੇ ਸਿੱਧਾ ਰਸਤਾ ਛੱਡ ਕੇ ਡਿਆਲ ਦੇ ਜਥੇ ਨੇ ਇਕ ਨਵਾਂ ਰਾਹ ਚੁਣ ਲਿਆ। ਰਾਹ ਕਾਹਦਾ, ਬਿਲਕੁਲ ਡਾਂਡਾ-ਮੀਡਾ। ਨਾ ਰਾਹ, ਨਾ ਡੰਡੀ, ਔਬੜ ਬਿਖੜਾ ਪੈਂਡਾ। ਝਾੜੀਆਂ ਨਾਲ ਅੜਦੇ ਤੇ ਪੱਥਰਾਂ ਨੂੰ ਲਤਾੜਦੇ ਉਹ ਅਠਾਈ ਅਗਸਤ ਦੀ ਸਵੇਰ ਤੱਕ ਹਾਜੀ ਪੀਰ ਨੂੰ ਜਾਣ ਵਾਲੀ ਸੜਕ ਉੱਤੇ ਜਾ ਪੁੱਜੇ। ਥੋੜਾ ਜਿਹਾ ਦਮ ਲੈ ਕੇ ਉਹ ਫਿਰ ਅੱਗੇ ਤੁਰ ਪਏ। ਸਵੇਰ ਦੇ ਅੱਠ ਵੱਜਦਿਆਂ ਤੱਕ ਉਹ ਹਾਜੀ ਪੀਰ ਦੇ ਨੇੜੇ ਇਕ 'ਬੰਨ੍ਹ' ਉੱਤੇ ਪੁੱਜ ਗਏ। ਕੁਝ ਆਦਮੀ ਡਿਆਲ ਨੇ ਉਥੇ ਬਿਠਾ ਦਿੱਤੇ। ਉਹ ਪੱਥਰਾਂ ਦੀ ਆੜ ਲੈ ਕੇ ਦੁਸ਼ਮਣ ਉੱਤੇ ਗੋਲੀ ਚਲਾਉਣ ਲੱਗ ਪਏ। ਉਹਨਾਂ ਦਾ ਕੰਮ ਦੁਸ਼ਮਣ ਦਾ ਧਿਆਨ ਆਪਣੇ ਵੱਲੋਂ ਖਿੱਚੀ ਰੱਖਣਾ ਸੀ। ਦੁਸ਼ਮਣ ਏਸ ਚਾਲ ਵਿੱਚ ਆ ਗਿਆ। ਦੋਹੀਂ ਪਾਸੀਂ ਮੀਂਹ ਵਾਂਗ ਗੋਲੀ ਵਰੁਨ ਲੱਗ ਪਈ।
ਥੋੜਾ ਜਿਹਾ ਚਕਰ ਕਟ ਕ ਮਜਰ ਡਿਆਲ ਨ ਆਖ਼ਗ ਪਹਾੜ। ਚੂਤ ਚੜ੍ਹਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਉਹਦੇ ਨਾਲ ਸਿਰਫ਼ ਪੈਂਤੀ ਜਵਾਨ ਸਨ। ਉਹ ਬਿਨਾਂ ਅਵਾਜ਼ ਕੀਤੇ ਪਿਛਲੇ ਪਾਸਿਓਂ ਪਹਾੜੀ ਉੱਤੇ ਚੜ੍ਹ ਰਹੇ ਸਨ। ਰਸਤਾ ਬੜਾ ਕਠਨ ਸੀ। ਮਰਦਾਂ ਦੇ ਅਥਾਹ ਜੋਸ਼ ਅੱਗੇ ਹਰ ਕਠਿਨਾਈ ਨੂੰ ਨਰਮ ਹੋਣਾ ਪੈਂਦਾ ਹੈ। ਮੇਜਰ ਡਿਆਲ ਆਪਣੇ ਸਾਥੀਆਂ ਸਮੇਤ ਦੁਸ਼ਮਣ ਦੇ ਪਿਛਲੇ ਪਾਸੇ ਉਸ ਟਿਕਾਣੇ 'ਤੇ ਜਾ ਪੁੱਜਾ, ਜਿਥੇ ਉਹ ਵੈਰੀ ਉੱਤੇ ਅਚੁੱਕ ਵਾਰ ਕਰ ਸਕਦਾ ਸੀ। ਦੁਸ਼ਮਣ ਨੂੰ ਤਦ ਹੀ ਪਤਾ ਲੱਗਾ, ਜਾਂ ਇਕੋ ਵਾਰ ਪੈਂਤੀ ਹੈਂਡ ਗਰਨੇਡ ਉਹਨਾਂ ਦੇ ਮੋਰਚਿਆਂ ਵਿੱਚ ਆ ਫਟੇ। ਉਸ ਕਹਿਰੀ ਧਮਾਕੇ ਨਾਲ ਪਹਾੜੀ ਕੰਬ ਉੱਠੀ। ਉਸ ਅਚਨਚੇਤ ਹਮਲੇ ਨਾਲ ਪਾਕਿਸਤਾਨੀ ਫ਼ੌਜ ਏਨੀ ਘਬਰਾ ਗਈ ਕਿ ਜਿਸ ਪਾਸੇ ਕਿਸੇ ਦਾ ਮੂੰਹ ਹੋਇਆ, ਉਹ ਸਿਰ 'ਤੇ ਪੈਰ ਰੱਖ ਕੇ ਦੌੜ ਉਠਿਆ। ਹਥਿਆਰ ਓਸੇ ਤਰ੍ਹਾਂ ਮੋਰਚਿਆਂ ਵਿੱਚ ਪਏ ਰਹਿ ਗਏ। ਡਿਆਲ ਦੇ ਜਥੇ ਨੇ ਦੋ ਵਾਰ ਹੋਰ ਕੀਤੇ। ਅੱਗੋਂ ਜਵਾਬ ਕਿਸੇ ਨੇ ਨਾ ਦਿੱਤਾ। ਡਿਆਲ ਨੇ ਅੱਗੇ ਵੱਧ ਕੇ ਉਸ 9541 ਫੁੱਟ ਉੱਚੀ ਚੌਂਕੀ ਉੱਤੇ ਕਬਜ਼ਾ ਕਰ ਲਿਆ। ਵੈਰੀ ਦੇ ਕੁਝ ਸਿਪਾਹੀ ਮੋਰਚਿਆਂ ਵਿੱਚ ਮਰੇ ਪਏ ਸਨ। ਬਾਕੀ ਦੇ ਹਥਿਆਰ ਓਥੇ ਛੱਡ ਕੇ ਨੱਸ ਗਏ ਸਨ। ਅਠਾਈ ਅਗਸਤ, ਦਿਨ ਦੇ ਸਾਢੇ ਦਸ ਵਜੇ, ਮੇਜਰ ਰਣਜੀਤ ਸਿੰਘ ਡਿਆਲ ਨੇ ਹਾਜੀ ਪੀਰ ਦੱਰਰੇ ਦੀ ਉੱਚੀ ਚੋਟੀ ਉੱਤੇ ਭਾਰਤ ਦਾ ਤਿੰਨ ਰੰਗਾ ਝੰਡਾ ਝੁਲਾ ਦਿੱਤਾ। ਇਹ ਪਾਕਿਸਤਾਨ ਵਾਸਤੇ ਬਹੁਤ ਵੱਡੀ ਸੱਟ ਸੀ। ਸਮੁੱਚੇ ਦੱਰਰੇ ਹਾਜੀ ਪੀਰ ਉੱਤੇ ਭਾਰਤ ਦਾ ਕਬਜ਼ਾ ਹੋ ਗਿਆ।
ਪਿਛਲੇ ਪਹਿਰ ਪਾਕਿਸਤਾਨੀ ਫੌਜ ਦਾ ਕੈਪਟਨ ਮਸਊਦ ਆਪਣੀ ਟੁਕੜੀ ਸਣੇ ਉਥੇ ਆ ਨਿਕਲਿਆ। ਉਸਨੂੰ ਅਜੇ ਪਤਾ ਨਹੀਂ ਸੀ ਕਿ ਹਾਜੀ ਪੀਰ ਉੱਤੇ ਭਾਰਤ ਦਾ ਕਬਜ਼ਾ ਹੋ ਚੁੱਕਾ ਹੈ। ਮੇਜਰ ਰਣਜੀਤ ਸਿੰਘ ਨੇ ਉਸ ਨੂੰ ਲਲਕਾਰਿਆ, ਤੇ ਹਥਿਆਰ ਸੁੱਟਣ ਦਾ ਹੁਕਮ ਦਿੱਤਾ। ਕੈਪਟਨ ਮਸਊਦ ਨੇ ਸਿਰ ਝੁਕਾਣ ਵਿੱਚ ਹੀ ਜਾਨ ਦੀ ਸਲਾਮਤੀ ਸਮਝੀ। ਉਹ ਸਣੇ ਸਾਥੀਆਂ, ਹਥਿਆਰ ਸੁੱਟ ਕੇ ਭਾਰਤ ਦਾ ਕੈਦੀ ਬਣ ਗਿਆ।
ਅਗਲੇ ਦਿਨ ਪਾਕਿਸਤਾਨੀ ਫ਼ੌਜ ਨੇ ਜਵਾਬੀ ਹਮਲਾ ਕੀਤਾ ਪਰ ਉਸਨੂੰ ਭਾਰਤੀ ਸੈਨਾ ਹੱਥੋਂ ਬੁਰੀ ਤਰ੍ਹਾਂ ਮਾਰ ਖਾ ਕੇ ਪਿੱਛੇ ਹਟਣਾ ਪਿਆ। ਹਾਜੀ ਪੀਰ ਉੱਤੇ ਲਹਿਰਾਉਂਦਾ ਝੰਡਾ ਭਾਰਤੀ ਸੈਨਾ ਦੀ ਪਹਿਲੀ ਜਿੱਤ ਸੀ।
ਚੌਵੀ ਅਗਸਤ ਦੀ ਰਾਤ ਨੂੰ ਲਾਸ ਹੌਲਦਾਰ ਗੁਰਦੇਵ ਸਿੰਘ ਨੇ ਟਿਬਵਾਲ ਸੈਕਟਰ ਵਿੱਚ ਹੱਦਬੰਦੀ ਲਾਈਨ ਪਾਰ ਕਰਕੇ ਦੁਮਸ਼ਣ ਦੀਆਂ ਦੋ ਪ੍ਰਸਿੱਧ ਚੌਂਕੀਆਂ ਉੱਤੇ ਕਬਜ਼ਾ ਕਰ ਲਿਆ ਸੀ।
ਅਠਾਈ ਅਗਸਤ ਦੀ ਰਾਤ ਨੂੰ ਕਰਨਲ ਸੰਪੂਰਨ ਸਿੰਘ ਨੇ ਬੇਦਰ ਪਹਾੜੀ ਉੱਤੇ ਹਮਲਾ ਕੀਤਾ ਤੇ ਸਵੇਰ ਹੋਣ ਤੱਕ ਉਸ ਚੌਂਕੀ ਉੱਤੇ ਮੁਕੰਮਲ ਕਬਜ਼ਾ ਕਰ ਲਿਆ।
ਤੀਹ ਅਗਸਤ ਨੂੰ ਭਾਰਤ ਦੇ ਰੱਖਿਆ ਮੰਤਰੀ ਚਵਾਨ ਨੇ ਲੋਕ ਸਭਾ ਵਿੱਚ ਭਾਰਤੀ ਸੈਨਾ ਦੀ ਕਾਰਗੁਜ਼ਾਰੀ ਦੱਸਦਿਆਂ ਬੜੇ ਮਾਣ ਨਾਲ ਕਿਹਾ ਕਿ ਭਾਰਤੀ ਫ਼ੌਜਾਂ ਹਰ ਸੈਕਟਰ ਵਿੱਚ ਅੱਗੇ ਵਧ ਰਹੀਆਂ ਹਨ।
੧੧.
"ਅੱਜ ਕੱਲ੍ਹ ਕਸ਼ਮੀਰ ਵੱਲੋਂ ਗਰਮ ਗਰਮ ਖਵਰਾਂ ਆ ਰਹੀਆਂ ਨੇ, ਤਾਂ ਸਾਡੇ ਕਾਮਰੇਡ ਸਾਹਬ ਈ ਕਿਧਰੇ ਪਹਾੜੀ ਚੜ੍ਹ ਗਏ ਨੇ।" ਕਰਮ ਸਿੰਘ ਭਾਊ ਨੇ ਕੁਛ ਨਿਹੋਰੇ ਨਾਲ ਕਿਹਾ।
"ਮੈਂ ਵੇਖਾਂ ਹਾਜ਼ਰ ਹੋ ਗਿਆ। ਤੁਹਾਡੇ ਬਿਨਾਂ ਮੇਰਾ ਜੀਅ ਲੱਗਦਾ ਏ ਕਿਤੇ ?" ਕਾਮਰੇਡ ਨੇ ਚਾਹ ਦੀ ਚੁਸਕੀ ਲੈਂਦਿਆਂ ਕਿਹਾ।
"ਠੰਡੇ ਕਸ਼ਮੀਰ ਤੋਂ ਗਰਮ ਖਵਰਾਂ।" ਲਫਮਨ ਨੇ ਗੱਲ ਨੂੰ ਨਵਾਂ ਰੰਗ ਦੇਂਦਿਆਂ ਕਿਹਾ। "ਸੁਣਾਓ ਕੁਛ ਕਾਮਰੇਡ ਸਾਹਬ ! ਅਸੀਂ ਤਾਂ ਤੁਹਾਡੇ ਬਿਨਾਂ ਓਦਰ ਗਏ ਸੀ। ਹਸਾਬ ਕਰ ਲੋ। ਅੱਜ ਪੰਜ ਤਰੀਕ ਏ। ਕਿੰਨੇ ਦਿਨਾਂ ਦੀ ਗ਼ੈਰ ਹਾਜ਼ਰੀ ਲੱਗੀ।"
"ਓਨੇ ਦਿਨਾਂ ਦੇ ਲਛਮਣ ਦੇ ਪੈਸੇ ਮਾਰੇ ਗਏ।" ਕਿਰਪਾ ਰਾਮ ਸੇਠ ਨੇ ਵਿਅੰਗ ਕੱਸਿਆ।
"ਸੇਠਾ, ਤੂੰ ਹਰ ਵੇਲੇ ਪੈਸਿਆਂ ਦੇ ਚੱਕਰ ਵਿੱਚ ਈ ਪਿਆ ਰਹੇਂਗਾ। ਹਰ ਥਾਨ ਨੂੰ ਇਹ ਪੈਸਿਆਂ ਦੇ ਗਜ ਨਾਲ ਈ ਮਿਣੇਗਾ। ਕਿਤੇ ਔਹਰ ਸੌਹਰ ਵੀ ਹੋ ਜਾਏ ਤਾਂ ਆਖੇਗਾ ਅੱਜ ਰੁਪਈਏ ਵਿਚੋਂ ਦੁਆਨੀ ਭਰ ਅਰਾਮ ਏ।" ਮਗਰਲਾ ਵਾਕ ਲਛਮਣ ਨੇ ਬੜਾ ਚਿੱਬ ਚਿੱਥ ਕੇ ਮੂੰਹੋਂ ਕੱਢਿਆ, ਜਿਵੇਂ ਉਹ ਕਿਸੇ ਚਿਰਾਂ ਦੇ ਬੀਮਾਰ ਦੀ ਨਕਲ ਲਾ ਰਿਹਾ ਹੋਵੇ। "ਮਾਰ ਲਿਆ ਸੌਹਰੀਆਂ ਦੁਆਨੀਆਂ ਚੁਆਨੀਆਂ ਨੇ। ਹੁਣ ਰੁਪਈਏ ਵਿਚੋਂ ਦਸ ਪੈਸੇ, ਵੀਹ ਪੈਸੇ, ਪੰਜਾਹ ਪੈਸੇ ਆਖਿਆ ਕਰੋ।"
"ਕਿਉਂ ਭਈ ਹੁਣ ਲਛਮਣ ਵੀ ਚੋਖਾ ਈ ਸਿਆਣਾ ਹੋ ਗਿਐ।" ਸੁੰਦਰ ਸਿੰਘ ਅਮਲੀ ਨੇ ਮੁਸਕੜੀਆ 'ਚ ਹੱਸਦਿਆਂ ਕਿਹਾ।
"ਫੇਰ ਅਮਲੀਆ। ਅੰਤ ਤੁਹਾਡੇ ਨਾਲ ਬਹਿਣ ਉਠਣ ਵਾਲੇ ਆਂ। ਸਿਆਣਿਆਂ ਆਖਿਆ ਏ। ਤੁਖਮ, ਤਸੀਰ ਤੇ ਸੁਹਬਤ ਦਾ ਅਸਰ।" ਲਛਮਣ ਨੇ
ਕੁਝ ਛਾਤੀ ਫੈਲਾ ਕੇ ਆਖਿਆ।
"ਫਿਰ ਭਾਊ। ਸੇਠ ਉੱਤੇ ਸ਼ੁਹਰਤ ਦਾ ਅਸਰ ਕਿਉਂ ਨਹੀਂ ਹੋਇਆ।" ਕਰਮ ਸਿੰਘ ਦਾ ਭਾਊ ਦਾ ਇਸ਼ਾਰਾ ਕਿਰਪਾ ਰਾਮ ਵੱਲ ਸੀ।
"ਤੁਖਮ ਤਸੀਰ। ਹੋਰ ਕੀ।" ਲਛਮਣ ਨੇ ਭਰਵੀਂ ਚੋਟ ਕੀਤੀ। ਸੁਣ ਕੇ ਸਾਰੀ ਮੰਡਲੀ ਹੱਸ ਪਈ।
"ਉਇ ਦਾਣੇ ਭੁੰਨਣ ਵਾਲੀ ਦਿਆ ਪੁੱਤਰਾ। ਤੂੰ ਵੀ ਅੱਜ ਟਕੇ ਟਕੇ ਦੀਆਂ ਹੜਨ ਲੱਗ ਪਿਆ ਏਂ?" ਕਿਰਪਾ ਰਾਮ ਨੇ ਕੁਝ ਖਿਝ ਕੇ ਕਿਹਾ। ਉਹਦਾ ਇਸ਼ਾਰਾ ਨਛਮਣ ਦੀ ਜਾਤ ਵੱਲ ਸੀ ਕਿ ਉਹ ਮਹਿਰਾ ਹੈ।
"ਵੇਖ ਲਿਆ ਜੇ ਕਾਮਰੇਡ ਸਾਹਬ। ਹੁਣ ਸੇਠ ਹੋਛਿਆਂ ਹਥਿਆਰਾਂ 'ਤੇ ਉਤਰ ਆਇਆ ਜੇ।" ਲਛਮਣ ਨੇ ਕੁਛ ਸ਼ਕਾਇਤ ਵਜੋਂ ਕਿਹਾ। "ਮੈਂ ਦਾਣੇ ਨਣ ਵਾਲਿਆਂ ਦਾ ਪੁੱਤਰ ਆਂ, ਠੰਗਾ ਮਾਰਨ ਵਾਲਿਆਂ ਦਾ ਨਹੀਂ।"
ਸੁਣ ਕੇ ਫੇਰ ਸਾਰੇ ਹੱਸ ਪਏ।
"ਬੱਸ ਭਈ ਹੁਣ ਇਹ ਹਾਸਾ ਬੰਦ ਕਰ ਦਿਹੋ। ਜਦੋਂ ਮਿੱਤਰਾਂ ਵਿੱਚ ਮਜ਼ਾਕ ਭਵਾਂ ਹੋ ਜਾਏ ਤਾਂ ਉਹਨੂੰ ਉਸੇ ਵੇਲੇ ਛੱਡ ਦੇਣਾ ਚਾਹੀਦਾ ਹੈ।" ਕਾਰਮੋਡ ਸੰਤਾ ਸੰਘ ਨੇ ਕੁਛ ਹੁਕਮੀ ਲਹਿਜੇ ਵਿੱਚ ਕਿਹਾ।
"ਉਹ ਤਾਂ... ਪੁਛ ਲੈ ਅਮਲੀ ਨੂੰ.. ਮੈਂ ਪਹਿਲਾਂ ਈ ਕਰਾਰ ਕੀਤਾ ਹੋਇਆ 1 ਅੱਜ ਮੇਰੀ ਵਾਰੀ, ਭਲਕੇ ਸੋਠ ਦੀ।" ਲਫਮਣ ਨੇ ਏਥੇ ਵੀ ਸਾਵੀਂ ਚੋਟ ਕਰ ਲਈ।
"ਭਈ ਲਛਮਣ ਨੇ ਕਈਆਂ ਦਿਨਾਂ ਦਾ ਬਚਨ ਦਿੱਤਾ ਹੋਇਆ ਏ ਕਿ ਜਿਸ ਤਨ ਕਾਮਰੇਡ ਸਾਹਿਬ ਔਣ ਓਦਣ ਪਾਰਟੀ ਦਾ ਖਰਚ ਮੇਰਾ।" ਅਮਲੀ ਨੇ ਛਮਣ ਦੀ ਪ੍ਰੋੜ੍ਹਤਾ ਕਰ ਦਿੱਤੀ।
"ਤਾਹੀਏਂ" ਭਾਊ ਨੇ, ਲਛਮਣ ਨੂੰ ਹੱਲਾਸ਼ੇਰੀ ਦੇਣ ਵਾਲੇ ਲਹਿਜੇ ਵਿੱਚ ਕਹਾ।
"ਭਾਊ ਯਾਰਾਂ ਦਾ ਯਾਰ ਆ। ਲਛਮਣ ਕਿਸੇ ਗੱਲੋਂ ਕਸੀਸ ਵੱਟਣ ਵਾਲਾ ਹੀਂ। ਰੱਖ ਉਇ ਮੁੰਡ! ਜਲੇਬੀਆਂ ਦੀ ਪਲੇਟ।" ਸੱਚ ਮੁੱਚ ਲਛਮਣ ਨਿੱਤ ਨਾਲੋਂ ਛ ਦਲੇਰ ਹੋਇਆ ਹੋਇਆ ਸੀ।
"ਯਾਰ ਦੀ ਯਾਰੀ ਦਾ ਤਾਂ ਲਛਮਣਾ। ਭਲਕੇ ਪਰਸੋਂ ਪਤਾ ਲੱਗੇਗਾ। ਅਗਾਂ ਰਚਿਆਂ ਵਿੱਚ ਵੀ ਮਗਰ ਜਲੇਬੀਆਂ ਲੈ ਕੇ ਆਇਉਂ ਤਾਂ ਮੰਨ ਛੱਡਾਂਗੇ।" ਇਕ ਪਿਆਰਾ ਸਿੰਘ ਨੇ ਪੰਜਾਂ ਦਾ ਨੋਟ ਅਗਾਂ ਵਧਾਉਂਦਿਆਂ ਕਿਹਾ। "ਲਿਆ, ਇਕ ਕਿਲੋ ਜਲੇਬੀਆਂ।"
"ਸਰਦਾਰ ਪਿਆਰਾ ਸਿਹਾਂ। ਲਛਮਣ ਜਾਨ ਬਚਾ ਕੇ ਲੁਕਣ ਵਾਲਾ ਨਹੀਂ। : ਤੁਸੀਂ ਹੱਦ ਟੱਪੋ, ਅਸੀਂ ਵੇਖਿਓ, ਛਾਲਾਂ ਮਾਰਦੇ ਮਗਰ ਔਂਦੇ।" ਲਛਮਣ ਨੇ ਹਿੱਕ ਉੱਤੇ ਹੱਥ ਮਾਰਦਿਆਂ ਕਿਹਾ।
"ਕਿਤੇ ਉਹ ਗੱਲ ਨਾ ਨਾ ਕਰੀਂ। ਅਖੇ; ਜਿਹੜੇ ਆਹੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮਦਾਨ ਭੱਜ ਗਏ।" ਪਿਆਰਾ ਸਿੰਘ ਨੇ ਇਕ ਬੋਲੀ ਪਾਉਂਦਿਆਂ, ਜਿਵੇਂ ਲਛਮਣ ਦੀ ਅਣਖ ਨੂੰ ਜੋਹਿਆ।
"ਮਰਦਾਂ ਦੀ ਜ਼ਬਾਨ ਹੁੰਦੀ ਉ ਸਰਦਾਰ ਪਿਆਰਾ ਸਿਹਾਂ। ਜਿੱਥੇ ਫ਼ੌਜੀਆਂ ਦਾ ਮੁੜ੍ਹਕਾ ਡੁਲ੍ਹੇਗਾ, ਓਥੇ ਅਸੀਂ ਆਪਣਾ ਲਹੂ ਡੋਲ੍ਹ ਦਿਆਂਗੇ। ਮੇਜਰ ਰਣਜੀਤ ਸਿੰਘ ਡਿਆਲ ਦੀ ਬਹਾਦਰੀ ਨੇ ਸਾਡੇ ਲਹੂ ਗਰਮ ਕਰ ਦਿੱਤੇ ਨੇ।" ਲਛਮਣ ਦਾ ਚਿਹਰਾ ਉਸ ਵੇਲੇ ਜੋਸ਼ ਵਿੱਚ ਭਖ ਰਿਹਾ ਸੀ।
"ਵਾਹ। ਜੰਮਣਾ ਈ ਓਹੋ ਜੇਹੇ ਮਰਦ ਦਾ ਸੋਹੰਦਾ ਏ। ਹੋਰ ਗੀਦੀ ਦਾ ਕੀ ਜੰਮਣਾ, ਨਰਕਾਂ ਦਾ ਕੀੜਾ।" ਅਮਲੀ ਨੇ ਮਸਤੀ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਇਕ ਲਛਮਣ ਕੀ, ਲੋੜ ਪਈ ਤੇ ਸਾਰੇ ਪੰਜਾਬੀ ਫ਼ੌਜ ਦੇ ਮਗਰ ਹੋਣਗੇ।"
"ਬੱਸ, ਏਹਾ ਜੋਸ਼ ਹੈ ਜਿਸਦੇ ਭਰੋਸੇ ਸਾਨੂੰ ਜਿੱਤ ਦੀ ਪੂਰੀ ਆਸ ਏ। ਜਿਸ ਫ਼ੌਜ ਦੇ ਮਗਰ ਆਮ ਜਨਤਾ ਹੋਵੇ, ਉਹ ਕਦੀ ਨਹੀਂ ਹਾਰਦੀ।" ਕਾਮਰੇਡ ਨੇ ਇਹ ਗੱਲ ਸਿਧਾਂਤ ਵਜੋਂ ਕਹੀ।
"ਹਾਰਨ ਦਾ ਤਾਂ ਲਫ਼ਜ਼ ਈ ਮੂੰਹੋਂ ਨਾ ਕੱਢੇ ਖਾਂ ਕਾਮਰੇਡ ਸਾਹਿਬ। ਕੇਰਾਂ ਹੱਦੋਂ ਟੱਪਣ ਦਾ ਹੁਕਮ ਮਿਲ ਲੈਣ ਦਿਹੋ ਫੇਰ ਵੇਖਿਓ।" ਪਿਆਰਾ ਸਿੰਘ ਜਲੇਬੀਆਂ ਲੈ ਕੇ ਤੁਰ ਪਿਆ। ਉਹਦੇ ਚਿਹਰੇ 'ਤੇ ਅੱਜ ਕੁਝ ਅਨੋਖਾ ਜੋਸ਼ ਸੀ।
"ਹੱਦੋਂ ਟੱਪਣ ਵਾਲਾ ਸਵਾਲ ਵੀ ਹੁਣ ਵਧੇਰੇ ਨੇੜੇ ਜਾਪਦਾ ਏ।" ਕਾਮਰੇਡ ਨੇ ਕੁਝ ਗੰਭੀਰ ਸੁਰ ਵਿੱਚ ਕਿਹਾ। "ਪਾਕਿਸਤਾਨ ਨੇ ਫੇਰ ਹਮਲਾ ਕਰਕੇ ਬਲਦੀ 'ਤੇ ਤੇਲ ਪਾ ਦਿੱਤਾ ਏ। ਹੁਣ ਇਸ ਵਾਰ ਇਹ ਲੜਾਈ ਪੂਰੇ ਜ਼ੋਰ ਨਾਲ ਭੜਕ ਕੇ ਰਹੇਗੀ। ਅਖ਼ਬਾਰ ਵਿੱਚ ਜੋ ਪੜ੍ਹਦੇ ਸੁਣਦੇ ਆਂ, ਉਸ ਤੋਂ ਹਾਲਾਤ ਵਿਗੜਦੇ ਈ ਜਾਪਦੇ ਨੇ।"
"ਕਾਮਰੇਡ ਸਾਹਬ, ਸਾਨੂੰ ਅਖ਼ਬਾਰਾਂ ਦੀ ਕੱਖ ਸਮਝ ਨਹੀਂ ਜੇ ਪੈਂਦੀ। ਸਭ ਕੁਝ ਵੇਰਵੇ ਨਾਲ ਦੱਸੋ ਤੁਸੀਂ।" ਲਛਮਣ ਦੀ ਬੇਨਤੀ ਵਿੱਚ ਸ਼ਰਧਾ ਸੀ।
"ਸੁਣ। ਅਸਲ ਵਿੱਚ ਪਾਕਿਸਤਾਨ ਸਰਕਾਰ ਨੇ ਕਸ਼ਮੀਰ ਵਿੱਚ ਲੁਟੇਰੇ ਇਸ ਹੌਸਲੇ 'ਤੇ ਭੇਜੇ ਸਨ ਕਿ ਕਸ਼ਮੀਰੀ ਮੁਸਲਮਾਨ ਉਹਨਾਂ ਦੀ ਮਦਦ ਕਰਨਗੇ। ਏਸ ਤਰ੍ਹਾਂ ਉਹ ਕਸ਼ਮੀਰ ਸਰਕਾਰ ਦਾ ਤਖ਼ਤਾ ਉਲਟ ਦੇਣਗੇ, ਪਰ ਕਸ਼ਮੀਰੀ ਮੁਸਲਮਾਨ ਭੁੱਟੋ ਦੀ ਚਾਲ ਵਿੱਚ ਨਾ ਫਸੇ। ਲੁਟੇਰਿਆਂ ਦਾ ਪਹਿਲੇ ਪਹਿਲ ਪਤਾ ਦੇਣ ਵਾਲੇ
ਮੁਸਲਮਾਨ ਹੀ ਸਨ। ਇਉਂ ਸਮਝੋ ਕਿ ਕਸ਼ਮੀਰੀ ਮੁਸਲਮਾਨਾਂ ਨੇ ਸਾਬਤ ਕਰ ਦਿੱਤਾ ਪਈ ਉਹ ਭਾਰਤ ਦੇ ਧਰਮ ਨਿਰਪੱਖ ਰਾਜ ਦੇ ਵਫ਼ਾਦਾਰ ਸ਼ਹਿਰੀ ਹਨ। ਸਾਡੀ ਫੌਜ਼ ਨੇ ਲੋਕਲ ਵਸੋਂ ਦੀ ਮਦਦ ਨਾਲ ਲੁਟੇਰਿਆਂ ਨੂੰ ਮਾਰਨਾ: 'ਤੇ ਫੜਨਾ ਸ਼ੁਰੂ ਕਰ ਦਿੱਤਾ। ਕਾਰਗਿਲ, ਟਿੱਬਵਾਲ, ਉੜੀ ਤੇ ਪੁਣਛ ਸੈਕਟਰ ਵਿੱਚ ਭਾਰਤੀ ਫ਼ੌਜਾਂ ਤੇ ਪਾਕਿਸਤਾਨੀ ਫ਼ੌਜ ਤੋਂ ਕਈ ਪ੍ਰਸਿੱਧ ਟਿਕਾਣੇ ਖੋਹ ਲਏ। ਹਾਜੀ ਪੀਰ ਦੀ ਜਿੱਤ ਨੇ ਸਾਡੀ ਫ਼ੌਜ ਦੀ ਬਹਾਦਰੀ ਦਾ ਸਿੱਕਾ ਬਿਠਾ ਦਿੱਤਾ।"
"ਮਖ : ਸ਼ੇਰਾਂ ਨੇ ਹੱਦ ਕਰ ਦਿੱਤੀ ਕਿ।" ਅਮਲੀ ਨੇ ਭਾਰਤੀ ਜਵਾਨਾਂ ਦੀ ਸਲਾਹੁਤਾਂ ਕਰਦਿਆਂ ਕਿਹਾ।
"ਮੁੱਕਦੀ ਗੱਲ, ਸਭ ਥਾਵਾਂ ਤੋਂ ਪਾਕਿਸਤਾਨੀ ਲੁਟੇਰਿਆਂ ਦੇ ਪੈਰ ਉਖੜ ਗਏ ਸ ਗੱਲ ਤੋਂ ਖਿੱਝ ਕੇ ਅਯੂਬ ਸਰਕਾਰ ਨੇ ਪਹਿਲੀ ਸਤੰਬਰ ਨੂੰ ਛੱਡ ਸੈਕਟਰ ਉੱਤੇ ਲਾ ਬੋਲ ਦਿੱਤਾ। ਪਾਕਿਸਤਾਨੀ ਫ਼ੌਜ ਨੇ ਅੰਤਰਰਾਸ਼ਟਰੀ ਹੱਦ ਟੱਪ ਕੇ ਇਹ ਹੱਲਾ ਰੇ ਜ਼ੋਰ ਨਾਲ ਕੀਤਾ। ਇਸਦਾ ਅਰਥ ਸੀ - ਭਾਰਤ ਵਿੱਚ ਖੁੱਲ੍ਹੀ ਲੜਾਈ। ਪੂਰੇ ਗੇਡ ਨਾਲ ਧਾਵਾ ਬੋਲਿਆ ਗਿਆ। ਬ੍ਰਿਗੇਡ ਵਿੱਚ ਤਿੰਨ ਹਜ਼ਾਰ ਤੋਂ ਉਪਰ ਵਾਨ ਹੁੰਦੇ ਹਨ। ਪਹਿਲੇ ਦਿਨ ਹੀ ਪਾਕਿਸਤਾਨ ਨੇ ਸੌ ਟੈਂਕ ਵਰਤਿਆ। ਸੋ ਵਿਚੋਂ ਤਰ ਕੇਵਲ ਪੈਂਟਨ ਟੈਂਕ ਸਨ, ਜਿੰਨ੍ਹਾਂ ਬਾਰੇ ਪਾਕਿਸਤਾਨ ਨੂੰ ਯਕੀਨ ਸੀ, ਕਿ ਹਨਾਂ ਨੂੰ ਕੋਈ ਤੋੜ ਨਹੀਂ ਸਕਦਾ। ਪਰ ਪਾਕਿਸਤਾਨ ਦਾ ਖ਼ਿਆਲ ਪਹਿਲੇ ਦਿਨ ਹੀ ਗਲਤ ਸਾਬਤ ਹੋ ਗਿਆ। ਸਾਡੇ ਸੂਰਮਿਆਂ ਨੇ ਪਹਿਲੇ ਦਿਨ ਹੀ ਦੁਸ਼ਮਣ ਦੇ ਰਾਂ ਟੈਂਕ ਤਬਾਹ ਕਰ ਦਿੱਤੇ।"
"ਉਹ ਕਿਵੇਂ ?" ਕਰਮ ਸਿੰਘ ਭਾਊ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
"ਇਹ ਵੀ ਇਕ ਅਨੋਖੀ ਤੇ ਬੇ-ਮਿਸਾਲ ਬਹਾਦਰੀ ਦੀ ਕਹਾਣੀ ਏ। ਜਾਣਦੇ , ਜਿਹੜਾ ਪਹਿਲ ਕਰਦਾ ਏ ਉਹ ਕੁਝ ਇਲਾਕਾ ਤਾਂ ਮੱਲ ਈ ਲੈਂਦਾ ਏ ਨਾ।"
"ਤਾਹੀਏਂ ਤਾਂ ਆਖੀਦਾ ਏ ਪਹਿਲ ਸਾਨੂੰ ਕਰਨੀ ਚਾਹੀਦੀ ਸੀ।" ਅਮਲੀ ਨੂੰ ਸ ਗੱਲ 'ਤੇ ਅਫ਼ਸੋਸ ਸੀ ਕਿ ਭਾਰਤ ਨੇ ਓਥੇ ਪਹਿਲ ਕਿਉਂ ਨਹੀਂ ਕੀਤੀ।
“ਖ਼ੈਰ, ਪਾਕਿਸਤਾਨੀ ਫ਼ੌਜ ਪੈਂਦੀ ਸੱਟੇ ਛੇ ਸੱਤ ਮੀਲ ਸਾਡੇ ਇਲਾਕੇ ਵਿੱਚ ਗੇ ਵੱਧ ਆਈ। ਓਸ ਇਲਾਕੇ ਵਿੱਚ ਸਾਡੀ ਸੈਕੰਡ ਸਿੱਖ ਲਾਈਟ ਇਨਫੈਂਟਰੀ । ਅਖ਼ਬਾਰਾਂ ਵਿੱਚ ਤਾਂ ਨਹੀਂ ਛਪਿਆ ਪਰ ਜੋ ਕੁਝ ਜ਼ਬਾਨੀ ਸੁਣਿਆ ਏਂ ਲਹੂ ੱਚ ਚੰਗਿਆੜੀ ਪੈਦਾ ਕਰ ਦੇਣ ਵਾਲਾ ਏ। ਸਾਡੇ ਕੁਛ ਫ਼ੌਜੀ ਗਭਰੂਆਂ ਨੇ ਸਰੀਰ ਲ ਬੰਬ ਬੰਨ੍ਹ ਕੇ ਦੁਸ਼ਮਣ ਦੇ ਟੈਂਕਾਂ ਥੱਲੇ ਛਾਲਾਂ ਮਾਰ ਦਿੱਤੀਆਂ। ਉਹਨਾਂ ਦੀਆਂ ਡੀਆਂ ਤਾਂ ਚੂਰਾ ਹੋ ਗਈਆਂ ਪਰ ਵੈਰੀ ਦੇ ਕਈ ਟੈਂਕ ਬੰਬ ਫਟਣ ਨਾਲ ਹਵਾ ਚ ਉਡ ਗਏ।"
"ਬੱਲੇ ਉਇ ਸੂਰਮਿਓ।"
"ਰੱਖ ਵਖਾਈ ਜੇ ਦੇਸ਼ ਦੀ।"
"ਧੰਨ ਉਹਨਾਂ ਦੀਆਂ ਮਾਵਾਂ ਨੇ।"
"ਊਂ, ਜੰਮਣਾ ਵੀ ਏਹੋ ਜੇਹੇ ਮਰਦਾਂ ਦਾ ਈ ਹੁੰਦਾ ਏ ਕਿ।"
ਇਕੋ ਵਾਰ ਸਰੋਤਿਆਂ ਵਿਚੋਂ ਕੋਈ 'ਵਾਜ਼ਾਂ ਆਈਆਂ। ਸਾਰੇ ਇਉਂ ਮਾਣ ਮਹਿਸੂਸ ਕਰ ਰਹੇ ਸਨ, ਜਿਵੇਂ ਇਹ ਬਹਾਦਰੀ ਦਾ ਕਾਰਨਾਮਾ ਉਹਨਾਂ ਆਪ ਕੀਤਾ ਹੋਵੇ।
"ਉਹਨਾਂ ਸਿਰਲੱਥ ਯੋਧਿਆਂ ਦੀ ਏਸ ਕੁਰਬਾਨੀ ਨੇ ਕਸ਼ਮੀਰ ਬਚਾ ਲਿਆ। ਦੁਸ਼ਮਣ ਦੀ ਫ਼ੌਜ ਨੂੰ ਡੱਕਾ ਪੈ ਗਿਆ। ਨਹੀਂ ਤਾਂ ਜੇ ਪਾਕਿਸਤਾਨੀ ਫ਼ੌਜ ਇਕ ਵਾਰ ਅਖਨੂਰ ਵਾਲੀ ਸੜਕ 'ਤੇ ਕਬਜ਼ਾ ਕਰ ਲੈਂਦੀ ਤਾਂ ਕਸ਼ਮੀਰ ਸਾਡੇ ਹੱਥੋਂ ਗਿਆ ਸੀ। ਓਨੇ ਚਿਰ ਨੂੰ ਸਾਡੇ ਹਵਾਈ ਜਹਾਜ਼ ਵੀ ਪਹੁੰਚ ਗਏ ਤੇ ਸਾਡੇ ਕੋਲ ਸਨ ਬੰਗਲੌਰ ਦੇ ਬਣੇ ਹੋਏ ਛੋਟੇ ਜਹਾਜ਼ ਨੈੱਟ। ਉਹਨਾਂ ਜਾਂਦਿਆਂ ਐਸੇ ਨਿਸ਼ਾਨੇ ਮਾਰੇ ਕਿ ਦੁਸ਼ਮਣ ਦੇ ਤਿੰਨ ਟੈਂਕ ਬੰਬਾਂ ਨਾਲ ਉਡਾ ਦਿੱਤੇ। ਏਸ ਤਰ੍ਹਾਂ ਵੈਰੀ ਦੇ ਕੁੱਲ ਤੇਰਾਂ ਟੈਂਕ ਤਬਾਹ ਹੋਏ। ਇਹ ਪਹਿਲੇ ਦਿਨ ਦੀ ਕਾਰਗੁਜ਼ਾਰੀ ਹੈ।"
"ਤੇ ਭਾਊ ਦੂਜੇ ਦਿਨ ?" ਲਛਮਣ ਨੇ ਗੱਲ ਨੂੰ ਜਾਰੀ ਰੱਖਣ ਵਾਸਤੇ ਸਵਾਲ ਕਰ ਦਿੱਤਾ।
"ਅਗਲੇ ਦਿਨ ਪਾਕਿਸਤਾਨੀ ਹਵਾਈ ਜਹਾਜ਼ ਨੇ ਸਿਵਲ ਆਬਾਦੀ ਉੱਤੇ ਹਮਲੇ ਸ਼ੁਰੂ ਕਰ ਦਿੱਤੇ। ਛੰਭ ਤੇ ਅਖਨੂਰ ਦੇ ਸੰਨ੍ਹ ਵਿੱਚ ਜੋੜੀਆਂ ਇਕ ਚੰਗਾ ਕਸਬਾ ਹੈ। ਮੁਸਲਮਾਨ ਮਸੀਤ ਵਿੱਚ ਨਮਾਜ਼ ਪੜ੍ਹ ਰਹੇ ਸਨ। ਪਾਕਿਸਤਾਨੀ ਜਹਾਜ਼ ਨੇ ਉਹਨਾਂ ਉੱਤੇ ਬੰਬੇ ਮਾਰੇ। ਮਸੀਤ ਦਾ ਇਕ ਪਾਸਾ ਢਹਿ ਗਿਆ ਤੇ ਪੰਜਾਹ ਮੁਸਲਮਾਨ ਨਮਾਜ਼ ਪੜ੍ਹਦੇ ਮਾਰੇ ਗਏ।"
"ਉ ਤੁਹਾਡਾ ਬੇੜਾ ਗਰਕ।" ਪਿੱਛੋਂ ਤਾਰਾ ਸਿੰਘ ਦੀ 'ਵਾਜ਼ ਆਈ। "ਅਜੇ ਆਹੰਦੇ ਨੇ ਅਸੀਂ ਕਸ਼ਮੀਰੀ ਮੁਸਲਮਾਨਾਂ ਦੇ ਖ਼ੈਰ ਖ਼ਾਹ ਆਂ।"
"ਏਸ ਮਸੀਤ ਵਾਲੀ ਘਟਨਾ ਨੇ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਅੱਖਾਂ ਖੁਹਲ ਦਿੱਤੀਆਂ ਨੇ ਤੇ ਪਾਕਿਸਤਾਨ ਸਰਕਾਰ ਦੇ ਮੱਥੇ 'ਤੇ ਇਹ ਬਦਨੁਮਾ ਦਾਗ ਹੈ। ਤਿੰਨ ਸਤੰਬਰ ਨੂੰ ਪਾਕੀ ਫ਼ੌਜ ਨੇ ਫੇਰ ਜ਼ੋਰ ਨਾਲ ਅੱਗੇ ਵਧਣਾ ਸ਼ੁਰੂ ਕੀਤਾ। ਉਹਨਾਂ ਦੇ ਟੈਂਕਾਂ ਦੀ ਰਖਵਾਲੀ ਅਮਰੀਕਾ ਦੇ ਬਖ਼ਸ਼ੇ ਹੋਏ ਐਫ 86 ਸੈਬਰ ਜੈੱਟ (F- 86 Sabre Jet) ਤੇ ਐਫ -104 ਸੁਪਰਸੋਨਿਕ ਸਟਾਰਫਾਈਟਰ (F-104 Super- sonic Starfighters) ਕਰ ਰਹੇ ਸਨ। ਸਾਮ੍ਹਣੇ ਸਾਡੇ ਕੋਲ ਸਨ ਛੋਟੇ ਛੋਟੇ ਜਹਾਜ਼ (Gnat) ਸਾਡੇ ਆਪਣੇ ਕਾਰਖ਼ਾਨੇ ਦੇ ਬਣ ਹੋਏ।"
"ਹੱਛਾ, ਅਸੀਂ ਆਪ ਵੀ ਜਹਾਜ਼ ਬਨੌਣ ਲੱਗ ਪਏ ਆਂ ?" ਕਰਮ ਸਿੰਘ ਭਾਊ ਨੇ ਕੁਛ ਹੈਰਾਨੀ ਨਾਲ ਪੁੱਛਿਆ।
"ਨਿਰੇ ਜਹਾਜ਼ ਈ ਨਹੀਂ, ਅਸੀਂ ਬਹੁਤ ਕੁਛ ਬਨਾਉਣ ਲੱਗ ਪਏ ਆਂ।" ਕਾਮਰੇਡ ਨੇ ਭਾਊ ਵੱਲ ਕੁਛ ਭੇਤ ਭਰੀ ਨਜ਼ਰ ਨਾਲ ਤਕਦਿਆਂ ਕਿਹਾ। "ਪਹਿਲੇ ਹੱਲੇ ਈ ਸਾਡੇ ਛੋਟੇ ਨੈੱਟ ਨੇ ਪਾਕਿਸਤਾਨ ਦਾ ਮੈਂਬਰ ਜੈੱਟ ਮਾਰ ਗਿਰਾਇਆ।"
"ਦੇ ਮਾਰਾ ਸ਼ਾਬਾਸ਼!.... ਬੋ ਕਾਟਾ!" ਪਿੱਛੋਂ ਕਈ ’ਵਾਜ਼ਾਂ ਕੱਠੀਆਂ ਆਈਆਂ।
"ਤੇ ਇਹ ਬੋਹਣੀ ਕੀਤੀ ਸਕੂਆਰਡਨ ਲੀਡਰ ਟਰੈਵਰ ਕੀਲਰ (Sqn. Ldr. Trevor Keelor) ਨੇ। ਅਗਲੇ ਦਿਨ ਫੇਰ ਸੋਬਰ ਜੈੱਟਾਂ ਤੇ ਸਾਡੇ ਨੈੱਟ ਜਹਾਜ਼ਾਂ ਦੀ ਟੱਕਰ ਹੋਈ। ਸਾਡੇ ਸੂਰਮੇ ਆਏ ਦੁਸ਼ਮਣ ਨੂੰ ਸੁੱਕਿਆਂ ਨਹੀਂ ਜਾਣ ਦੇਂਦੇ। ਫ਼ਲਾਈਟ ਲੈਫ਼ਟੀਨੈਂਟ ਸ. ਵੀਰੇਂਦਰ ਸਿੰਘ ਨੇ ਇਕ ਮੈਂਬਰ ਜੈੱਟ ਹੋਰ ਮਾਰ ਗਿਰਾਇਆ। ਪਹਿਲਾਂ ਉਹਨੇ ਛੇ ਸੌ ਗਜ਼ ਦੇ ਫ਼ਾਸਲੇ ਤੋਂ ਵਾਰ ਕੀਤਾ, ਫੇਰ ਪੰਜ ਸੌ ਗਜ਼ ਤੋਂ ਤੇ ਤੀਸਰਾ ਵਾਰ ਚਾਰ ਸੋ ਗਜ਼ ਦੇ ਫ਼ਾਸਲੇ ਤੋਂ ਕੀਤਾ। ਮੁੱਕਦੀ ਗੱਲ, ਓਨਾ ਚਿਰ ਉਹਨੇ ਦੁਸ਼ਮਣ ਦਾ ਪਿੱਛਾ ਨਾ ਛੱਡਿਆ ਜਿੰਨਾ ਚਿਰ, ਜਹਾਜ਼ ਸੋਹਲੇ ਛੱਡਦਾ ਧਰਤੀ 'ਤੇ ਨਹੀਂ ਆ ਪਿਆ।"
"ਫਿਰ ਜਦ ਮਗਰ ਈ ਲੱਗ ਪਏ, ਤਾਂ ਕੰਮ ਅਧੂਰਾ ਕੀ ਛੱਡਣਾ ਹੋਇਆ।" ਅਮਲੀ ਨੇ ਦਿਲੀ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ।
"ਇਹਨਾਂ ਤਿੰਨਾਂ ਦਿਨਾਂ ਦੀ ਲੜਾਈ ਵਿੱਚ ਪਾਕਿਸਤਾਨ ਤੇ ਉਹਦੇ ਦੋਸਤਾਂ ਵਿੱਚ ਘਬਰਾਹਟ ਪੈਦਾ ਹੋ ਗਈ ਏ।" "ਹੋਣੀ ਈ ਸੀ, ਸਿਰ ਮੁੰਨਦਿਆਂ ਈ ਤਾਂ ਗੜ੍ਹੇ ਵਰਨੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਵਿਚੋਂ ਸੋਲਾਂ ਪੈਟਨ ਸਨ। ਘਬਰਾਹਟ ਦਾ ਪਤਾ ਏਸ ਗੱਲ ਤੋਂ ਲਗਦਾ ਏ, ਕਿ ਚੀਨ ਦਾ ਬਦੇਸ਼ ਮੰਤਰੀ ਮਾਰਸ਼ਲ ਚੇਂਨ ਯੀ (Chen Yi) ਕੱਲ ਕਰਾਚੀ ਭੱਜਾ ਭੱਜਾ ਆਇਆ ਏ, ਤੇ ਉਹਨੇ ਲਗਾਤਾਰ ਛੇ ਘੰਟੇ ਭੁੱਟੋ ਨਾਲ ਮੁਲਾਕਾਤ ਕੀਤੀ ਏ।"
"ਇਹ ਆਖਣ ਆਇਆ ਹੋਣਾ ਏਂ, ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੇਗਾ।"
"ਕਿਉਂ ? ਭਾਊ, ਅਮਲੀ ਦਾ ਨਸ਼ਾ ਵੀ ਖਿੜਿਆ ਈ, ਸੂਰਮਿਆਂ ਦੀਆਂ ਗੱਲਾਂ ਸੁਣ ਕੇ।" ਭਾਊ ਨੇ ਅਮਲੀ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ।
"ਮਖ : ਪੁੱਛ ਕੁਛ ਨਾ ਕਿ। ਫੀਮ ਖਾਣੀ ਤਾਂ ਚਰੋਕਣੀ ਛੱਡ ਦਿੱਤੀ ਏ। ਹੁਣ ਏਨਾ ਨਸ਼ਾ ਏ ਕਿ ਸਾਡਾ ਦੇਸ਼ ਜਿੱਤੇ।" ਸੱਚ ਮੁੱਚ ਹੀ ਅਮਲੀ ਹੁਣ ਨਾਂ ਦਾ ਅਮਲੀ ਸੀ। ਅਫ਼ੀਮ ਖਾਣੀ ਉਹ ਕਈ ਸਾਲ ਤੋਂ ਛੱਡ ਚੁੱਕਾ ਸੀ।
"ਚੀਨ ਲੜਾਈ ਪਸੰਦ ਦੇਸ਼ ਏ। ਉਹ ਨਹੀਂ ਚਾਹੁੰਦਾ ਕਿ ਪਾਕਿਸਤਾਨ ਤੇ
ਭਾਰਤ ਦੀ ਲੜਾਈ ਬੰਦ ਹੋਵੇ। ਇਕ ਪਾਸੇ ਯੂ. ਐੱਨ. ਓ. ਇਹ ਲੜਾਈ ਬੰਦ ਕਰਾਉਣ ਦਾ ਯਤਨ ਕਰ ਰਹੀ ਏ। ਦੂਜੇ ਪਾਸੇ ਚੀਨ ਏਸ ਅੱਗ ਨੂੰ ਹਵਾ ਦੇ ਰਿਹਾ ਏ।"
"ਕਾਮਰੇਡ ਸਾਹਬ: ਇੱਕ ਵਾਰ ਦੋਹਾਂ ਧਿਰਾਂ ਦਾ ਬੁੱਘ ਬਲ੍ਹਾਟ ਨਿਕਲ ਈ ਲੈਣ ਦੇਣਾ ਚਾਹੀਦਾ ਏ। ਹੁਣ ਲੜਾਈ ਬੰਦ ਹੋ ਗਈ ਤਾਂ ਦੇ ਮਹੀਨਿਆਂ ਨੂੰ ਭੁੱਟੋ ਫੇਰ ਔਖਾ ਹੋਣ ਲੱਗ ਪਵੇਗਾ। ਕੱਚਾ ਫੜਾ ਚੀਰਿਆ, ਭਾਉ। ਆਹੰਦੇ ਨੇ, ਸਗੋਂ ਵਧੇਰੇ ਵਿਛੜ ਜਾਂਦਾ ਏ। ਇਕ ਵੇਰਾਂ ਜ਼ੋਰ ਲੱਗ ਲੈਣ ਦਿਹੇ ਦੋਹਾਂ ਧਿਰਾਂ ਦਾ।"
"ਭਾਊ ਕਰਮ ਸਿਹਾਂ। ਮੇਰਾ ਖ਼ਿਆਲ ਏ, ਜ਼ੋਰ ਲਾ ਕੇ ਈ ਖਲੋਣਗੇ ਦੋਵੇਂ ਧਿਰਾਂ। ਛੰਭ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਦਾ ਦੱਬਾ ਵੱਧ ਰਿਹਾ ਏ। ਉਸ ਦੀ ਰੋਕ ਥਾਮ ਵਾਸਤੇ ਹੋ ਸਕਦਾ ਏ ਸਾਡੀ ਸਰਕਾਰ ਦੂਸਰਾ ਮੋਰਚਾ ਖੁਹਲ ਦੇਵੇ।"
"ਜ਼ਰੂਰ ਚਾਹੀਦਾ ਏ। ਗੁਰੂ ਮਹਾਰਾਜ ਨੇ ਆਖਿਆ ਏ ; ਮੂਰਖ ਗੰਢੁ ਪਵੈ ਮੁਹਿ ਮਾਰ।" ਅਮਲੀ ਨੇ ਗੁਰਬਾਣੀ ਦਾ ਪ੍ਰਮਾਣ ਦਿੱਤਾ।
“ਭਾਊ। ਬੂਥੇ 'ਤੇ ਵੱਜੇ ਫੇਰ ਅਗਲਾ ਖਲੋਂਦਾ ਏ।" ਭਾਊ ਨੇ ਬੜੀ ਠੇਠ ਬੋਲੀ ਵਿੱਚ ਅਮਲੀ ਦੀ ਪ੍ਰੋੜ੍ਹਤਾ ਕੀਤੀ।
"ਵੇਖੋ, ਮੇਰਾ ਖ਼ਿਆਲ ਏ, ਹੁਣ ਪੰਜਾਬ ਦੀਆਂ ਹੱਦਾਂ ਉੱਤੇ ਛੇੜ ਛਾੜ ਹੋਵੇਗੀ। ਤੀਜੇ ਦਿਨ ਦੀਆਂ ਸਾਡੀਆਂ ਫ਼ੌਜਾਂ ਹੱਦ ਉੱਤੇ ਢੁੱਕ ਰਹੀਆਂ ਨੇ। ਕੱਲ੍ਹ ਦੇ ਫ਼ੌਜੀ ਡਾਕਖ਼ਾਨੇ ਵਿੱਚ ਸਾਰਾ ਦਿਨ ਮਨੀ ਆਰਡਰ ਕਰਾਉਂਦੇ ਰਹੇ ਨੇ। ਸ਼ਾਇਦ ਉਹਨਾਂ ਨੂੰ ਪੇਸ਼ਗੀ ਤਨਖ਼ਾਹਾਂ ਮਿਲ ਗਈਆਂ ਨੇ। ਵੇਖੋ ਭਲਕੇ ਪਰਸੋਂ ਤੱਕ ਕੀ ਹੁੰਦਾ ਏ।"
"ਯਾਰ ਹੋਣ ਦਿਹੋ ਜੋ ਹੁੰਦਾ ਏ। ਚਲੋ ਹੁਣ ਉਠੀਏ।" ਅਮਲੀ ਦੇ ਉਠਣ ਨਾਲ ਬਾਕੀ ਸਾਥੀ ਵੀ ਉਠ ਬੈਠੇ।
੧੨.
ਛੇ ਸਤੰਬਰ ਨੂੰ ਤੜਕੇ ਭਾਰਤੀ ਫ਼ੌਜ ਨੇ ਕਈ ਥਾਵਾਂ ਤੋਂ ਅੰਤਰਰਾਸ਼ਟਰੀ ਹੱਦ ਟੱਪ ਕੇ ਪਾਕਿਸਤਾਨੀ ਪੰਜਾਬ ਉੱਤੇ ਹਮਲਾ ਕਰ ਦਿੱਤਾ। ਖਾਲੜੇ ਤੋਂ ਅੱਗੇ ਵਧਣ ਵਾਲੀ ਫ਼ੌਜ ਦੀ ਕਮਾਨ ਮੇਜਰ ਜਨਰਲ ਹਰਕਿਸ਼ਨ ਸਿੱਥਲ ਕਰ ਰਹੇ ਸਨ। ਸਭ ਤੋਂ ਅੱਗੇ ਚਾਰ ਸਿੱਖ ਰਜਮੈਂਟ ਸੀ। ਨਹਿਰ ਦੇ ਪੁੱਲ ਤੋਂ ਪਾਰ ਹੁੰਦਿਆਂ ਹੀ ਫ਼ੌਜੀਆਂ ਨੇ ਸਰਹੱਦੀ ਫਾਟਕ ਉਡਾ ਦਿੱਤਾ। ਤੂਫ਼ਾਨ ਵਾਂਗ ਚੜ੍ਹੀ ਆ ਰਹੀ ਭਾਰਤੀ ਸੈਨਾ ਨੂੰ ਵੇਖ ਕੇ ਪਾਕਿਸਤਾਨੀ ਸਿਪਾਹੀਆਂ ਨੂੰ ਟਾਕਰਾ ਕਰਨ ਦੀ ਹਿੰਮਤ ਨਾ ਪਈ। ਜਿਸ
ਪਾਸੇ ਕਿਸੇ ਦਾ ਮੂੰਹ ਹੋਇਆ, ਉਹ ਜਾਨ ਬਚਾ ਕੇ ਨੱਸ ਉਠਿਆ। ਹੁਡਿਆਰੇ ਤਕ ਅੱਗੋਂ ਕਿਸੇ ਗੋਲੀ ਨਾ ਦਾਗੀ। ਉਥੇ ਬਰਸਾਤੀ ਨਾਲੇ ਦੇ ਕੰਢਿਆਂ ਉੱਤੇ ਪਾਕਿਸਤਾਨ ਨੇ ਮਜ਼ਬੂਤ ਮੋਰਚੇ ਬਣਾਏ ਹੋਏ ਸਨ। ਉਹਨਾਂ ਦੇ ਆਸਰੇ ਦੁਸ਼ਮਣ ਨੇ ਡੱਟ ਕੇ ਮੁਕਾਬਲਾ ਕੀਤਾ। ਕੁਛ ਘੰਟੇ ਚੰਗੀ ਘਮਾਸਾਣ ਲੜਾਈ ਹੋਈ। ਪਾਕਿਸਤਾਨ ਸਰਕਾਰ ਦੀਆਂ ਨਿੱਤ ਦੀਆਂ ਵਧੀਕੀਆਂ ਦੇ ਕਾਰਨ ਭਾਰਤੀ ਫ਼ੌਜ ਗੁੱਸੇ ਵਿੱਚ ਭਰੀ ਹੋਈ ਸੀ। ਭੁੱਟ ਦੀਆਂ ਜ਼ਹਿਰੀਲੀਆਂ ਤਕਰੀਰਾਂ ਨੇ ਭਾਰਤੀ ਜਵਾਨਾਂ ਦੇ ਅੰਦਰ ਅੱਗ ਲਾਈ ਹੋਈ ਸੀ। ਭੜਕੇ ਹੋਏ ਭਾਰਤੀ ਸਿਪਾਹੀਆਂ ਨੇ ਏਨੇ ਜੋਸ਼ ਵਿੱਚ ਧਾਵਾ ਬੋਲਿਆ ਕਿ ਦੁਸ਼ਮਣ ਦਲ ਨੂੰ ਪਿੜ ਛੱਡਣ 'ਤੇ ਮਜਬੂਰ ਹੋਣਾ ਪਿਆ। ਪਿੱਛੇ ਹਟਦੇ ਪਾਕਿਸਤਾਨੀਆਂ ਨੇ ਉਸ ਬਰਸਾਤੀ ਨਾਲੇ ਦਾ ਪੁਲ ਉਡਾ ਦਿੱਤਾ। ਉਹ ਨਾਲਾ ਕਾਫ਼ੀ ਚੌੜਾ ਤੇ ਡੂੰਘਾ ਹੈ। ਪੁਲ ਉਡ ਜਾਣ ਕਰਕੇ ਭਾਰਤੀ ਫ਼ੌਜ ਦੇ ਸਾਮ੍ਹਣੇ ਇਕ ਰੁਕਾਵਟ ਆ ਗਈ। ਡਿੱਗੇ ਹੋਏ ਪੁਲ ਨੂੰ ਠੀਕ ਕਰਨ ਤੇ ਲਾਗੇ ਕੰਮ ਚਲਾਊ ਨਵਾਂ ਪੁਲ ਬੰਨ੍ਹਣ ਵਿੱਚ ਚੋਖਾ ਚਿਰ ਲੱਗ ਗਿਆ। ਏਸੇ ਨਾਲ ਵੈਰੀ ਨੂੰ ਸੰਭਲਣ ਦਾ ਸਮਾਂ ਮਿਲ ਗਿਆ।
ਅਗਲੇ ਦਿਨ ਪਾਕਿਸਤਾਨੀ ਫ਼ੌਜ ਨੇ ਏਸ ਮੋਰਚੇ 'ਤੇ ਜਵਾਬੀ ਹਮਲਾ ਕੀਤਾ। ਪਾਕਿਸਤਾਨ ਨੇ ਏਸ ਇਲਾਕੇ ਵਿੱਚ ਬੜੀ ਤਿਆਰੀ ਕੀਤੀ ਹੋਈ ਸੀ। ਥਾਂ ਥਾਂ ਪੱਕੇ ਮੋਰਚੇ ਬਣਾਏ ਹੋਏ ਸਨ। ਫ਼ੌਜ ਦੀ ਗਿਣਤੀ ਲੋੜ ਤੋਂ ਕਿਤੇ ਵਧੇਰੇ ਸੀ। ਸੱਤ ਤਾਰੀਖ਼ ਨੂੰ ਉਸਦਾ ਪ੍ਰੋਗਰਾਮ ਸੀ ਜ਼ਿਲ੍ਹਾ ਅੰਮ੍ਰਿਤਸਰ ਉੱਤੇ ਹਮਲਾ ਕਰਨ ਦਾ। ਸੋ ਉਹਨਾਂ ਵੱਲੋਂ ਜਵਾਬੀ ਹਮਲਾ ਕਾਫ਼ੀ ਸਖ਼ਤ ਸੀ। ਇਕ ਇਕ ਇੰਚ ਧਰਤੀ ਬਦਲੇ ਬੜੀ ਲਹੂ ਡੋਲਵੀਂ ਲੜਾਈ ਹੋਈ। ਹਰ ਪਾਸੇ ਗੋਲੀਆਂ ਦਾ ਮੀਂਹ ਵਰ੍ਹਾ ਰਿਹਾ ਸੀ। ਤੋਪਾਂ ਦੀ ਗੜਗੜਾਹਟ ਨਾਲ ਧਰਤੀ ਕੰਬ ਰਹੀ ਸੀ। ਫ਼ਸਲਾਂ ਨੂੰ ਲਤਾੜਦੇ ਟੈਂਕ ਅੱਗ ਉਗਲ ਰਹੇ ਸਨ। ਮਾਵਾਂ ਦੇ ਲਾਲ ਜੰਗ ਦੇ ਖੂਨੀ ਦੈਂਤ ਦਾ ਲੁਕਮਾ ਬਣ ਰਹੇ ਸਨ। ਗਭਰੂਆਂ ਦੇ ਲਹੂ ਨਾਲ ਮਾਝੇ ਦੀ ਜ਼ਮੀਨ ਸਿੰਜੀ ਜਾ ਰਹੀ ਸੀ। ਪੰਜਾਬੀ, ਪੰਜਾਬੀ ਦੇ ਲਹੂ ਨਾਲ ਹੋਲੀ ਖੇਡ ਰਿਹਾ ਸੀ।
ਪਾਕਿਸਤਾਨੀ ਫ਼ੌਜ ਨੇ ਸਾਰਾ ਟਿੱਲ ਲਾਇਆ, ਪਰ ਉਹ ਭਾਰਤੀ ਫ਼ੌਜ ਨੂੰ ਅੱਗੇ ਵਧਣ ਤੋਂ ਰੋਕ ਨਾ ਸਕੀ। ਪਾਕਿਸਤਾਨੀ ਵੀ ਮਰਨ ਮਾਰਨ 'ਤੇ ਤੁਲੇ ਖੜੇ ਸਨ। ਭਾਰਤੀ ਜਵਾਨਾਂ ਨੂੰ ਹਰ ਨਵਾਂ ਕਦਮ ਅੱਗੇ ਰੱਖਣ ਵਾਸਤੇ ਕਿਸੇ ਪਾਕਿਸਤਾਨੀ ਦੀ ਲੋਬ ਨਾਲ ਟਕਰਾਉਣਾ ਪੈਂਦਾ ਸੀ। ਦੋਹਾਂ ਧਿਰਾਂ ਦੇ ਯੋਧੇ ਮੌਤ ਦਾ ਭੈਅ ਲਾਹ ਕੇ ਲੜ ਰਹੇ ਸਨ। ਅੱਠ ਤਰੀਕ ਦੀ ਸ਼ਾਮ ਤੱਕ ਭਾਰਤੀ ਸੈਨਾ ਕਸਬਾ ਬਰਕੀ ਦੀ ਜੂਹ ਵਿੱਚ ਜਾ ਪੁੱਜੀ।
"ਲੈ ਉ ਪਿਆਰਾ ਸਿੰਹਾਂ। ਅਹੁ ਦੀਹਦੀਆਂ ਬਰਕੀ ਦੀਆਂ ਕੰਧਾਂ। ਤਕੜਾ ਹੋ
ਜਾ।" ਸੂਬੇਦਾਰ ਅਜੀਤ ਸਿੰਘ ਨੇ ਨਾਇਕ ਪਿਆਰਾ ਸਿੰਘ ਨੂੰ ਲਲਕਾਰਿਆ।
"ਸਾਹਬ। ਹੁਣ ਸਾਨੂੰ ਬਰਕੀ ਫਤਹਿ ਕਰਨ ਤੋਂ ਕੋਈ ਸ਼ਕਤੀ ਨਹੀਂ ਰੋਕ ਸਕਦੀ।" ਨਾਇਕ ਪਿਆਰਾ ਸਿੰਘ ਨੇ ਆਪਣੇ ਅਫ਼ਸਰ ਨੂੰ ਦਲੇਰੀ ਭਰਿਆ ਉੱਤਰ ਦਿੱਤਾ। "ਤਕੜੇ ਹੋ ਜੋ ਬਹਾਦਰੋ! ਅੱਜ ਇਕ ਏਕੜੀ ਕਰਕੇ ਖਲੋਣਾ ਜੇ। ਉਡਾ ਦਿਹੋ ਜੋ ਸਾਮ੍ਹਣੇ ਅੜੇ। ਬੋਲੇ-ਸੋ ਨਿਹਾਲ।" ਪਿਆਰਾ ਸਿੰਘ ਨੇ ਆਪਣੇ ਮਾਤਹਿਤ ਜਵਾਨਾਂ ਦਾ ਹੌਸਲਾ ਵਧਾਉਣ ਵਾਸਤੇ ਜੈਕਾਰਾ ਛੱਡਿਆ।
" ਸਤਿ ਸ੍ਰੀ ਅਕਾ.......ਲ।"
ਜੈਕਾਰੇ ਨਾਲ ਜ਼ਮੀਨ ਅਸਮਾਨ ਗੂੰਜ ਉੱਠੇ। ਇਸ ਜੰਗੀ ਨਾਹਰੇ ਨਾਲ ਗਭਰੂਆਂ ਦਾ ਲਹੂ ਉਬਲਣ ਲੱਗ ਪਿਆ।
"ਤਕੜੇ ਹੋ ਜੋ ਬਹਾਦਰੋ! ਅੱਜ ਵੇਲਾ ਜੇ ਦੇਸ਼ ਦਾ ਨਾਂ ਉੱਚਾ ਕਰਨ ਦਾ। ਚੀਨ ਦੀ ਲੜਾਈ ਵਾਲੇ ਦਾਗ਼ ਧੋ ਘੱਤੋਂ।" ਹੌਲਦਾਰ ਜਰਨੈਲ ਸਿੰਘ ਨੇ ਆਪਣੇ ਸਾਥੀਆਂ ਨੂੰ ਲਲਕਾਰਿਆ।
"ਸਾਹਬ! ਵੇਖਦੇ ਰਹੋ। ਜਿੱਤਾਂਗੇ ਜਾਂ ਮਰਾਂਗੇ। ਪਿੱਛੇ ਨਹੀਂ ਹਟਾਂਗੇ।" ਬਾਲਮ ਰਾਮ ਸਿਪਾਹੀ ਦੀਆਂ ਅੱਖਾਂ ਵਿੱਚ ਲਹੂ ਸਿੰਮ ਰਿਹਾ ਸੀ।
ਬਰਕੀ ਦੀ ਰੱਖਿਆ ਵਾਸਤੇ ਪਾਕਿਸਤਾਨ ਨੇ ਕੰਕਰੀਟ ਦੇ ਪੱਕੇ ਬੰਕਰ ਬਣਾਏ ਹੋਏ ਸਨ। ਉਹ ਏਨੇ ਮਜ਼ਬੂਤ ਸਨ ਕਿ ਗੋਲੀ ਉਹਨਾਂ 'ਤੇ ਅਸਰ ਨਹੀਂ ਸੀ ਕਰਦੀ। ਪੰਜ-ਛੇ ਆਦਮੀ ਉਸਦੇ ਅੰਦਰ ਬਹਿ ਕੇ ਦੁਸ਼ਮਣ 'ਤੇ ਅੱਗ ਵਰ੍ਹਾ ਸਕਦੇ ਸਨ। ਚੁਫ਼ੇਰੇ ਕੰਧਾਂ ਵਿੱਚ ਮਸ਼ੀਨ ਗੰਨਾਂ ਜਾਂ ਛੋਟੀਆਂ ਤੋਪਾਂ ਨਾਲ ਫ਼ਾਇਰ ਕਰਨ ਵਾਸਤੇ ਮੋਰਚੇ ਰੱਖੇ ਹੋਏ ਸਨ। ਲੋੜ ਪਈ 'ਤੇ ਉਹ ਮੋਰਚੇ ਵੀ ਲੋਹੇ ਦੀਆਂ ਮੋਟੀਆਂ ਪਲੇਟਾਂ ਨਾਲ ਬੰਦ ਕੀਤੇ ਜਾ ਸਕਦੇ ਸਨ। ਉਹਨਾਂ ਬੇਕਰਾਂ ਦੇ ਤਾਣ ਉੱਤੇ-ਮੌਤ ਤੇ ਬੇ-ਫ਼ਿਕਰ ਬੈਠੇ-ਪਾਕਿਸਤਾਨੀ ਸਿਪਾਹੀ ਟਾਕਰਾ ਕਰ ਰਹੇ ਸਨ। ਅੱਗੇ ਵਧ ਰਹੀ ਭਾਰਤੀ ਫ਼ੌਜ ਦਾ ਉਹ ਬਹੁਤ ਨੁਕਸਾਨ ਕਰ ਰਹੇ ਸਨ। ਇਕ ਧਿਰ ਨੇ ਮੋਰਚਿਆਂ ਵਿੱਚ ਬੈਠ ਲੜਨਾ ਤੇ ਇਕ ਧਿਰ ਦਾ ਪੱਧਰੇ ਮੈਦਾਨ ਵਿੱਚ ਅੱਗੇ ਵਧਣਾ। ਦੋਹਾਂ ਹਾਲਤ ਵਿੱਚ ਬੜਾ ਭਾਰਾ ਫ਼ਰਕ ਸੀ।
ਬਰਕੀ ਦੀਆਂ ਕੰਧਾਂ ਤੋਂ ਪੰਜ ਕੁ ਸੌ ਗਜ਼ ਲਹਿੰਦੇ ਪਾਸੇ 'ਈਚੋਗਿਲ ਨਹਿਰ ਲੰਘਦੀ ਸੀ। ਸੋ ਫੁੱਟ ਚੌੜੀ ਤੇ ਪੰਦਰਾਂ ਫੁੱਟ ਡੂੰਘੀ ਨਹਿਰ। ਖੇਤੀ ਬਾੜੀ ਨਾਲੋਂ ਵਧੇਰੇ ਉਹ ਫ਼ੌਜੀ ਕੰਮ ਵਾਸਤੇ ਹੈ। ਉਹਦੀ ਉੱਚੀ ਪਹਾੜੀ ਵਿੱਚ ਸੁਰੰਗ ਵਰਗਾ ਲੰਮਾ ਮੋਰਚਾ ਹੈ, ਜਿਸ ਵਿੱਚ ਤਿੰਨ ਚਾਰ ਆਦਮੀ ਪਰਾ-ਬਰਾਬਰ ਸਮਾਨ ਲੈ ਕੇ ਚਲ ਸਕਦੇ ਹਨ। ਉਸ ਨਾਲ ਮਿਲੇ ਹੋਏ ਪਹਾੜੀ ਦੇ ਉੱਤੇ ਥਾਂ ਥਾਂ ਮਜ਼ਬੂਤ ਬੰਕਰ ਹਨ। ਲਾਹੌਰ ਦੀ ਰੱਖਿਆ ਵਾਸਤੇ ਫ਼ਰਾਂਸ ਦੀ ਮੈਗਨਟ (ਫ਼ਰਾਂਸੀਸੀ ਸ਼ਬਦ ਮੈਜੀਨਟ
Maginot) ਲਾਈਨ ਵਾਂਗ ਹੈ । ਉਹਨਾਂ ਸਾਰੇ ਮੋਰਚਿਆਂ ਵਿੱਚੋਂ ਭਾਰਤੀ ਫ਼ੌਜ ਉੱਤੇ ਕਿਆਮਤ ਦੀ ਅੱਗ ਵਰ੍ਹ ਰਹੀ ਸੀ। ਫਿਰ ਵੀ ਭਾਰਤੀ ਫ਼ੌਜ ਦੇ ਪੈਰ ਉਖੜੇ ਜਾਂ ਰੁਕੇ ਨਹੀਂ। ਸਹਿਜ ਸਹਿਜ ਉਹ ਅੱਗੇ ਵਧਦੀ ਹੀ ਗਈ।
ਰਾਤ ਦੇ ਹਨ੍ਹੇਰੇ ਵਿੱਚ ਜ਼ਰਾ ਕੁ ਸਾਹ ਕੱਢਣ ਦਾ ਸਮਾਂ ਮਿਲਦਾ ਤਾਂ ਮੋਹਰਲਿਆਂ ਮੋਰਚਿਆਂ ਵਿੱਚ ਲੜਨ ਵਾਲੇ ਜਵਾਨਾਂ ਦੀ ਥਾਂ ਨਵੇਂ ਸਿਪਾਹੀ ਆ ਜਾਂਦੇ। ਉਨੀਂਦਰੇ ਤੇ ਥਕੇਵੇਂ ਹੱਥੋਂ ਸਾਹ ਦੁਆਉਣ ਵਾਸਤੇ ਜਵਾਨਾਂ ਦੀ ਅਦਲਾ ਬਦਲੀ ਜ਼ਰੂਰੀ ਸੀ।
ਏਸੇ ਤਰ੍ਹਾਂ ਅੱਠ ਤੇ ਨੌ ਸਤੰਬਰ ਦੇ ਦੋਵੇਂ ਦਿਨ ਬੀਤ ਗਏ। ਪਾਕਿਸਤਾਨੀ ਫ਼ੌਜ ਵੀ ਏਸ ਮੋਰਚੇ 'ਤੇ ਸਿਰ ਧੜ ਦੀ ਬਾਜ਼ੀ ਲਾਈ ਬੈਠੀ ਸੀ। ਉਹਨਾਂ ਦੇ ਜਰਨੈਲ ਜਾਣਦੇ ਸਨ ਕਿ ਜੇ ਇਹ ਮੋਰਚਾ ਤੋੜ ਕੇ ਭਾਰਤੀ ਫ਼ੌਜ ਈਚੋਗਿਲ ਨਹਿਰ ਪਾਰ ਕਰ ਗਈ ਤਾਂ ਫਿਰ ਲਾਹੌਰ ਨੂੰ ਕੋਈ ਸ਼ਕਤੀ ਨਹੀਂ ਬਚਾ ਸਕੇਗੀ।
ਨੌ ਸਤੰਬਰ ਦੀ ਰਾਤ ਪੈਰੋ ਪੈਰ ਬੀਤਦੀ ਜਾ ਰਹੀ ਸੀ। ਚੰਦ ਆਪਣੇ ਪੂਰੇ ਜੋਬਨ 'ਤੇ ਸੀ। ਪਰ ਸਿਆਣਿਆਂ ਦਾ ਕਥਨ ਹੈ—ਸਤਰ ਹੋਵੇ ਚਾਨਣੀ, ਦਿਨ ਵਰਗੀ ਨਹੀਂ ਰਾਤ। ਰਾਤ ਫਿਰ ਵੀ ਰਾਤ ਹੀ ਹੁੰਦੀ ਹੈ। ਚੰਦ ਦੇ ਚਾਨਣ ਵਿੱਚ ਹੀ ਲੁਕਣ ਵਾਸਤੇ ਓਟ ਮਿਲ ਸਕਦੀ ਹੈ।
ਮੇਜਰ ਜਨਰਲ ਹਰਿਕਿਸ਼ਨ 'ਸਿੱਥਲ' ਨੇ ਚਾਰ ਸਿੱਖ ਰਜਮੈਂਟ ਦੇ ਜਵਾਨਾਂ ਨੂੰ ਲਲਕਾਰਦਿਆਂ ਕਿਹਾ, "ਵੇਖੋ ਜਵਾਨੋ। ਭਾਰਤ ਨੂੰ ਆਪਣੇ ਸਿਪਾਹੀਆਂ ਉੱਤੇ ਬਹੁਤ ਮਾਣ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਨਵਾਂ ਜੀਵਨ ਦਿੱਤਾ ਹੈ, ਸੁਰੱਖਿਆ ਦਾ ਜੀਵਨ। ਤੁਸੀਂ ਦੇਸ਼ ਦੀ ਰੱਖਿਆ ਵਾਸਤੇ ਸਾਜੇ ਗਏ ਹੋ। ਤੁਹਾਡੇ ਹੁੰਦਿਆਂ ਵੀ ਬਰਕੀ ਫਤਹਿ ਨਾ ਹੋਵੇ ਤਾਂ ਬੜੀ ਨਮੋਸ਼ੀ ਦੀ ਗੱਲ ਹੈ। ਮੈਂ ਸੌਂਹ ਚੁੱਕਦਾ ਹਾਂ ਕਿ ਭਲਕ ਦੀ ਰਾਤ ਪੈਣ ਤੱਕ ਬਰਕੀ ਫਤਹਿ ਹੋ ਜਾਵੇ। ਗਿਆਰਾਂ ਸਤੰਬਰ ਦਾ ਸੂਰਜ, ਈਚੋਗਿਲ ਨਹਿਰ ਉੱਤੇ ਤਿੰਨ ਰੰਗਾ ਝੰਡਾ ਝੁਲਦਾ ਵੇਖੋ।"
"ਸਾਹਿਬ। ਐਸਾ ਹੀ ਹੋਵੇਗਾ।" ਸੂਬੇਦਾਰ ਅਜੀਤ ਸਿੰਘ ਨੇ ਜੋਸ਼ ਵਿੱਚ ਮੱਥੇ 'ਤੇ ਤਿਉੜੀਆਂ ਪਾ ਕੇ ਕਿਹਾ। "ਮੇਰੇ ਬਹਾਦਰ ਜਵਾਨੋ!" ਫਿਰ ਸੂਬੇਦਾਰ ਨੇ ਆਪਣੇ ਸਿਪਾਹੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਇਹ ਸਮਾਂ ਫਿਰ ਨਹੀਂ ਔਣਾ। ਸੂਰਮੇ ਦੀ ਮੌਤ ਕੰਮ ਦੀ ਜ਼ਿੰਦਗੀ ਹੁੰਦੀ ਹੈ। ਮੇਰੇ ਨਾਲ ਉਹ ਸੂਰਮੇ ਅੱਗੇ ਵਧੋ, ਜਿਨ੍ਹਾਂ ਸ਼ਹੀਦ ਹੋਣਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰੋ! ਅੱਜ ਸਾਹਿਬਜ਼ਾਦਿਆਂ ਵਾਲੀ ਕਰ ਵਿਖਾਓ।"
"ਸੂਬੇਦਾਰ ਸਾਹਬ। ਨਿਰੇ ਸਿੱਖਾਂ ਨੂੰ ਲਲਕਾਰੀ ਜਾਂਦੇ ਓ, ਪਿੱਛੇ ਅਸੀਂ ਵੀ ਨਹੀਂ ਰਹਿੰਦੇ।" ਸਿਪਾਹੀ ਬਾਲਮ ਰਾਮ ਨੇ ਖਲੇ ਹੋ ਕੇ ਉੱਤਰ ਦਿੱਤਾ। ਜੋਸ਼ ਵਿੱਚ
ਉਹਦੇ ਡੋਲੇ ਫਰਕ ਰਹੇ ਸਨ।
"ਸ਼ਾਬਾਸ਼। ਸਿੱਖ ਕੀ, ਹਿੰਦੂ ਕੀ, ਜੋ ਦੇਸ਼ ਲਈ ਕੁਰਬਾਨ ਹੋਵੇਗਾ, ਓਹਾ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਹੋਵੇਗਾ। ਜਾਨ ਬਚਾ ਕੇ ਨੱਸਣ ਵਾਲੇ ਸਿੱਖ ਨੂੰ ਵੀ ਮਹਾਰਾਜ ਚਰਨੀ ਨਹੀਂ ਲੈਂਦੇ, ਸਗੋਂ ਉਸ ਨੂੰ 'ਬੇਦਾਵੀਆ ਕਹਿੰਦੇ ਹਨ। ਹੱਛਾ ਹੁਣ ਮੇਰੀ ਤਜਵੀਜ਼ ਸੁਣੇ ਤੇ ਅੱਗੇ ਵਧੇ।" ਫਿਰ ਦੋ ਮਿੰਟ ਵਿੱਚ ਸੂਬੇਦਾਰ ਅਜੀਤ ਸਿੰਘ ਨੇ ਆਪਣੀ ਤਜਵੀਜ਼ ਵੇਰਵੇ ਨਾਲ ਸਮਝਾ ਦਿੱਤੀ।
ਅੱਧੇ ਘੰਟੇ ਬਾਅਦ ਕਈ ਭਾਰਤੀ ਜਵਾਨ ਜ਼ਮੀਨ 'ਤੇ ਢਿੱਡ ਪਰਨੇ ਪਏ ਘਿਸਰਦੇ ਘਿਸਰਦੇ ਦੁਸ਼ਮਣ ਦੇ ਬੰਕਰ ਵੱਲ ਵਧ ਰਹੇ ਸਨ। ਚੰਦ ਦਾ ਚਾਨਣ ਉਹਨਾਂ ਦੇ ਰਾਹ ਵਿੱਚ ਬੜੀ ਭਾਰੀ ਰੁਕਾਵਟ ਸੀ, ਪਰ ਜਿਨ੍ਹਾਂ ਮਰਨ ਮੱਲਿਆ ਹੋਵੇ ਉਹਨਾਂ ਦੇ ਰਾਹ ਵਿੱਚ ਕੋਈ ਵਿਰੋਧੀ ਤਾਕਤ ਵੀ ਰੋਕ ਨਹੀਂ ਪਾ ਸਕਦੀ। ਜਿਥੇ ਜ਼ਰਾ ਕੁ ਕਿਸੇ ਹਿਲਦੀ ਚੀਜ਼ ਦਾ ਸ਼ੱਕ ਪੈਂਦਾ, ਵੈਰੀ ਓਸੇ ਟਿਕਾਣੇ 'ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦੇਂਦਾ। ਦੋਹਾਂ ਪਾਸਿਆਂ ਦੀਆਂ ਤੋਪਾਂ ਤੇ ਮਸ਼ੀਨਰੀਨਾਂ ਅੰਦਰ ਦਾ ਸਾੜ ਕੱਢ ਰਹੀਆਂ ਸਨ। ਕਈ ਉਹਨਾਂ ਦਾ ਨਿਸ਼ਾਨਾ ਵੀ ਬਣ ਰਹੇ ਸਨ, ਪਰ ਮੰਜ਼ਲ 'ਤੇ ਪਹੁੰਚਣ ਦੇ ਚਾਹਵਾਨ ਅੱਗੇ ਵਧਦੇ ਜਾ ਰਹੇ ਸਨ।
"ਉ ਪਿਆਰਿਆ! ਭਲਕੇ ਤੁਹਾਡੇ ਘਰ ਬਹਿ ਕੇ ਚਾਹ ਪੀਣੀ ਏ।" ਸੁੱਚਾ ਸਿੰਘ ਨੇ ਜ਼ਰਾ ਨੇੜੇ ਸਰਕ ਕੇ ਕਿਹਾ। ਉਹ ਵੀ ਪਿਆਰਾ ਸਿੰਘ ਦੇ ਨਾਲ ਨਾਲ ਧਰਤੀ 'ਤੇ ਪੀਂਘਦਾ ਹੋਇਆ ਅੱਗੇ ਵਧ ਰਿਹਾ ਸੀ।
"ਐਸ ਵੇਲੇ ਸਿਰਫ਼ ਆਪਣੇ ਨਿਸ਼ਾਨੇ 'ਤੇ ਪਹੁੰਚਣ ਬਾਰੇ ਸੋਚ। ਮੈਂ ਅਹੁ ਖੱਬੇ ਹੱਥ ਵਾਲਾ ਬੰਕਰ ਉਡਾਵਾਂਗਾ। ਤੂੰ ਸੱਜੇ ਹੱਥ ਵੱਲ ਵਧ। ਤੈਨੂੰ ਬਾਲਮ ਰਾਮ ਦੀ ਮਦਦ 'ਤੇ ਜਾਣਾ ਚਾਹੀਦਾ ਹੈ।" ਪਿਆਰਾ ਸਿੰਘ ਨੇ ਕੁਛ ਹੁਕਮੀ ਲਹਿਜੇ ਵਿੱਚ ਕਿਹਾ।
ਸੁੱਚਾ ਸਿੰਘ ਰੀਂਘਦਾ ਹੋਇਆ ਜ਼ਰਾ ਸੱਜੇ ਹੱਥ ਨੂੰ ਹੋ ਗਿਆ। ਦਸ ਮਿੰਟ ਬੀਤੇ ਸਨ ਕਿ ਦੁਸ਼ਮਣ ਦੀਆਂ ਕਈ ਗੋਲੀਆਂ ਸੁੱਚਾ ਸਿੰਘ ਦੇ ਸਰੀਰ ਵਿੱਚ ਆ ਧਸੀਆਂ। ਲਹੂ ਪਰਨਾਲਿਆਂ ਵਾਂਗ ਵਗ ਤੁਰਿਆ। ਸੁੱਚਾ ਸਿੰਘ ਨੇ ਸਾਰੀ ਸ਼ਕਤੀ ਇਕੱਠੀ ਕਰਕੇ ਮਿੱਤਰ ਨੂੰ ਵਾਜ ਦਿੱਤੀ "ਪਿਆਰਿਆ। ਮੈਂ ਜਾ ਰਿਹਾ ਹਾਂ, ਤੇਰਾ ਜਿਗਰੀ ਦੋਸਤ ਸੁੱਚਾ। ਮੇਰੀ ਅੰਤਮ ਫਤਹਿ ।" ਵਾਕ ਪੂਰਾ ਵੀ ਨਾ ਹੋਇਆ ਜਾਂ ਸੁੱਚਾ ਸਿੰਘ ਦਾ ਸਰੀਰ ਠੰਡਾ ਹੋ ਗਿਆ।
“ਸੁੱਚਿਆ! ਤੇਰਾ ਬਦਲਾ ਲੈ ਕੇ ਰੁਕਾਂਗਾ। ਜਾਂ ਫਤਹਿ ਜਾਂ ਤੇਰੇ ਵਾਂਗ ਸ਼ਹੀਦੀ।" ਪਿਆਰਾ ਸਿੰਘ ਦਾ ਸਾਰਾ ਸਰੀਰ ਜੋਸ਼ ਵਿੱਚ ਕੰਬ ਉੱਠਿਆ।
ਪਿੰਡ ਦੇ ਉਤਰ ਵੱਲ ਮੋਰਚੇ 'ਤੇ ਬੀੜੀ ਹੋਈ ਇਕ ਤੋਪ ਭਾਰਤੀ ਫ਼ੌਜ ਉੱਤੇ
ਕਹਿਰ ਢਾਹ ਰਹੀ ਸੀ। ਉਹਦੀ ਮਾਰ ਸਾਮ੍ਹਣੇ ਕੁਛ ਸਮੇਂ ਵਾਸਤੇ ਭਾਰਤੀ ਜਵਾਨਾਂ ਦਾ ਅੱਗੇ ਵਧਣਾ ਰੁਕ ਗਿਆ।
"ਪਹਿਲਾਂ ਇਸ ਨੂੰ ਚੁੱਪ ਕਰਵਾਉਣਾ ਹੋਵੇਗਾ।" ਬੱਤੀ ਸਾਲਾ ਜਵਾਨ ਸੂਬੇਦਾਰ ਅਜੀਤ ਸਿੰਘ ਨੇ ਉਸ ਤੋਪ ਵੱਲ ਵਧਣਾ ਸ਼ੁਰੂ ਕਰ ਦਿੱਤਾ। ਸੱਜੇ ਹੱਥ ਵੱਲ ਥੋੜਾ ਜਿਹਾ ਚੱਕਰ ਕੱਟ ਕੇ ਉਹ ਤੋਪ ਦੇ ਐਨ ਪਿਛਲੇ ਪਾਸੇ ਪਹੁੰਚ ਗਿਆ। ਆਪਣੀ ਮੰਜ਼ਲ 'ਤੇ ਪਹੁੰਚਦਿਆਂ ਤਕ ਉਹਨੂੰ ਇਕ ਘੰਟਾ ਲੱਗ ਗਿਆ। ਧਰਤੀ 'ਤੇ ਘਿਸਰਦਿਆਂ ਘਿਸਰਦਿਆਂ ਉਹ ਕਾਹਲਾ ਪੈ ਗਿਆ ਸੀ। ਛਾਲ ਮਾਰ ਕੇ ਹੇਠਾਂ ਆ ਗਿਆ ਤਾਂ ਉਹਨੇ ਇਕੋ ਵਾਰ ਖੜੇ ਹੋ ਕੇ ਤੋਪ ਉੱਤੇ ਹੈਂਡ ਗਰਨੇਡ ਮਾਰਿਆ। ਵਾਰ ਕਰਕੇ ਉਹ ਫਿਰ ਧਰਤੀ 'ਤੇ ਡਿੱਗ ਪਿਆ। ਕੁਛ ਸੈਕੰਡਾਂ ਬਾਅਦ ਗਰਨੇਡ ਫਟਣ ਨਾਲ ਜ਼ੋਰਦਾਰ ਧਮਾਕਾ ਪਿਆ। ਨਾਲ ਹੀ ਤੋਪ ਦੇ ਅਮਲੇ ਵਿਚੋਂ ਕੁਛ ਹਾਏ.. ਮਾਰੇ ਗਏ ਦੀਆਂ 'ਵਾਜ਼ਾਂ ਆਈਆਂ। ਸੂਬੇਦਾਰ ਨੇ ਇਕ ਗਰਨੇਡ ਹੋਰ ਪਹਿਲੇ ਟਿਕਾਣੇ ਉੱਤੇ ਚਲਾ ਦਿੱਤਾ। ਤੋਪ ਸਦਾ ਵਾਸਤੇ ਚੁੱਪ ਹੋ ਗਈ। ਉਹਦਾ ਅਮਲਾ ਮਾਰਿਆ ਗਿਆ, ਪਰ ਸੂਬੇਦਾਰ ਅਜੀਤ ਸਿੰਘ ਦੇ ਟਿਕਾਣੇ ਦਾ ਦੁਸ਼ਮਣ ਨੂੰ ਪਤਾ ਲੱਗ ਗਿਆ। ਉਹ ਉਠ ਕੇ ਤੋਪ ਵਲ ਵਧਣ ਹੀ ਲੱਗਾ ਸੀ ਜਾਂ ਸੱਜੇ ਪਾਸਿਓਂ ਕਈ ਗੋਲੀਆਂ ਉਹਦੇ ਸਰੀਰ ਵਿੱਚ ਧਸ ਗਈਆਂ।
“ਹੱਛਾ ਇਸ ਪਾਸੇ ਵੀ ਹੈਗੋ ਓ।" ਸੂਬੇਦਾਰ ਅਜੀਤ ਸਿੰਘ ਜ਼ਖ਼ਮੀ ਸ਼ੇਰ ਵਾਂਗ ਗੁਰਰਾਇਆ ਤੇ ਸੱਜੇ ਪਾਸੇ ਨੂੰ ਝਪਟਿਆ। ਥੋੜੀ ਵਿੱਥ ਉੱਤੇ ਦੁਸ਼ਮਣ ਦੀ ਮਸ਼ੀਨਗੰਨ ਅੱਗ ਉਗਲ ਰਹੀ ਸੀ। ਇਕ ਦੋ ਗਿੱਠ। ਤੀਸਰਾ ਗਰਨੇਡ ਸ. ਅਜੀਤ ਸਿੰਘ ਦਾ ਟਿਕਾਣੇ 'ਤੇ ਲੱਗਾ। ਤੋਪ ਵੀ ਤੇ ਮਸ਼ੀਨਗੰਨ ਵੀ ਠੰਡੀ ਹੋ ਗਈ।
"ਮਾਰ ਲਿਆ। ਫਤਹਿ ਫਤਹਿ।" ਤੇ ਨਾਲ ਹੀ ਸੂਬੇਦਾਰ ਅਜੀਤ ਸਿੰਘ ਮੂੰਹ ਭਾਰ ਡਿੱਗ ਪਿਆ। ਉਹਦਾ ਮੂੰਹ ਓਸ ਵੇਲੇ ਵੀ ਦੁਸ਼ਮਣ ਦੇ ਘਰ ਵਲ ਸੀ। ਆਖ਼ਰੀ ਸਵਾਸ ਬਾਹਰ ਆਇਆ ਤੇ ਉਹ ਕੌਮੀ ਸ਼ਹੀਦ ਸਦਾ ਵਾਸਤੇ ਅਮਰ ਹੋ ਗਿਆ।
ਹੁਣ ਜਵਾਨਾਂ ਨੂੰ ਅੱਗੇ ਵਧਣ ਦਾ ਸਮਾਂ ਮਿਲ ਗਿਆ।
ਇਕ ਘੰਟੇ ਬਾਅਦ ਦੁਸ਼ਮਣ ਦਾ ਇਕ ਹੋਰ ਬੰਕਰ ਚੁੱਪ ਹੋ ਗਿਆ। ਤੀਹ ਸਾਲਾ ਜਵਾਨ ਹੌਲਦਾਰ ਅਜਮੇਰ ਸਿੰਘ ਜ਼ਮੀਨ 'ਤੇ ਪੀਂਘਦਾ ਪੀਂਘਦਾ ਦੁਸ਼ਮਣ ਦੇ ਬੰਕਰ ਤੱਕ ਪਹੁੰਚ ਗਿਆ ਸੀ। ਅੰਦਰੋਂ ਬਾਹਰ ਨੂੰ ਫ਼ਾਇਰ ਕਰਨ ਵਾਸਤੇ ਰੱਖੇ ਹੋਏ ਮਘੇਰੇ ਵਿਚਦੀ ਉਹਨੇ ਗਰਨੇਡ ਅੰਦਰ ਸੁੱਟ ਦਿੱਤਾ। ਉਹਦੇ ਫਟਣ ਨਾਲ ਅੰਦਰਲੇ ਪੰਜ ਪਾਕਿਸਤਾਨੀ ਜਵਾਨ ਮਾਰੇ ਗਏ। ਹੌਲਦਾਰ ਅਜਮੇਰ ਸਿੰਘ ਨੇ ਬੰਕਰ ਉੱਤੇ ਕਬਜ਼ਾ ਕਰ ਲਿਆ।
ਏਸੇ ਤਰ੍ਹਾਂ ਹੌਲਦਾਰ ਜਰਨੈਲ ਸਿੰਘ, ਲਾਸ ਨਾਇਕ ਗੁਰਨਾਮ ਸਿੰਘ, ਲਾਸ ਨਾਇਕ ਪ੍ਰੀਤਮ ਸਿੰਘ ਤੇ ਸਿਪਾਹੀ ਬਾਲਮ ਰਾਮ ਨੇ ਇਕ ਇਕ ਬੰਕਰ ਬੰਬਾਂ ਨਾਲ ਉਡਾ ਦਿੱਤਾ।
ਇਹਨਾਂ ਲਗਾਤਾਰ ਧਮਾਕਿਆਂ ਨੇ ਬਾਕੀ ਜਵਾਨਾਂ ਦੇ ਹੌਸਲੇ ਵੀ ਵਧਾ ਦਿੱਤੇ। ਏਸੇ ਵੇਲੇ ਨਾਇਕ ਪਿਆਰਾ ਸਿੰਘ ਵੀ ਆਪਣੀ ਮੰਜ਼ਲ 'ਤੇ ਪੁੱਜ ਗਿਆ। ਉਸ ਬੰਕਰ ਵਿਚੋਂ ਦੁਸ਼ਮਣ ਬਾਹਰ ਦੀ ਅੱਗ ਵਰ੍ਹਾ ਰਿਹਾ ਸੀ। ਇਹ ਲਾਹੌਰ ਨੂੰ ਜਾਣ ਵਾਲੀ ਸੜਕ ਦੇ ਐਨ ਕਿਨਾਰੇ ਉੱਤੇ ਵਾਕਿਆ ਸੀ। ਇਕ ਮਘੋਰੇ ਰਾਹੀਂ ਹੇਠ ਇਕ ਦੋ ਵਾਰ 'ਹਾਇ-ਹਾਇ' ਦੀ 'ਵਾਜ਼ ਆ ਕੇ ਖ਼ਤਮ ਹੋ ਗਈ। ਅੰਦਰਲੇ ਛੇ ਆਦਮੀ ਮੌਤ ਦਾ ਲੁਕਮਾ ਬਣ ਗਏ। ਪਿਆਰਾ ਸਿੰਘ ਦਾ ਜੋਸ਼ ਬੇਕਾਬੂ ਹੋ ਗਿਆ। ਉਹ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਦਾ ਬੰਕਰ ਦੀ ਛੱਤ 'ਤੇ ਚੜ੍ਹ ਗਿਆ। ਉਹਦੀ ਨਜ਼ਰ ਉਸ ਵੇਲੇ ਆਪਣੇ ਘਰ ਉੱਤੇ ਟਿਕੀ ਹੋਈ ਸੀ।
"ਜਵਾਨ! ਨੀਚੇ ਧਰਤੀ ਪਰ ਲੇਟ ਜਾਉ।" ਪਿੱਛੋਂ ਕੰਪਨੀ ਕਮਾਂਡਰ ਦੀ ਗਰਜਵੀਂ ਅਵਾਜ਼ ਆਈ।
ਪਿਆਰਾ ਸਿੰਘ ਨੂੰ ਆਪਣੇ ਆਪ ਦੀ ਹੋਸ਼ ਆਈ ਤੇ ਉਹ ਥੱਲੇ ਛਾਲ ਮਾਰ ਕੇ ਧਰਤੀ 'ਤੇ ਲੇਟ ਗਿਆ। ਓਸੇ ਬੰਕਰ ਦੀ ਓਟ ਲੈ ਕੇ ਉਹਨੇ ਮੋਰਚਾ ਸੰਭਾਲ ਲਿਆ। ਅੱਧ ਮਿੰਟ ਬਾਅਦ ਉਹ ਉਸੇ ਪਾਸੇ ਮੂੰਹ ਕਰਕੇ ਫਾਇਰ ਕਰ ਰਿਹਾ ਸੀ ਜਿਸ ਪਾਸਿਓਂ ਵੈਰੀ ਦੀ ਗੋਲੀ ਆ ਰਹੀ ਸੀ।
ਦਸ ਸਤੰਬਰ ਦਾ ਸੂਰਜ ਚੜ੍ਹਨ ਤੱਕ ਚੜ੍ਹਦੇ ਪਾਸਿਓਂ ਭਾਰਤੀ ਫ਼ੌਜਾਂ ਬਰਕੀ ਪਿੰਡ ਵਿੱਚ ਦਾਖਲ ਹੋ ਚੁੱਕੀਆਂ ਸਨ।
ਬਰਕੀ ਬਚਾਉਣ ਵਾਸਤੇ ਪਾਕਿਸਤਾਨੀ ਫੌਜ ਨੇ ਸਾਰਾ ਤਾਣ ਲਾ ਦਿੱਤਾ। ਚੱਪਾ ਚੱਪਾ ਥਾਂ ਬਦਲੇ ਉਹ ਪੂਰੀ ਬਹਾਦਰੀ ਨਾਲ ਲੜੇ। ਇਕ ਇਕ ਘਰ ਨੂੰ ਉਹਨਾਂ ਮੋਰਚੇ ਵਾਂਗ ਵਰਤਿਆ। ਜਿੰਨੇ ਥਾਂ ਤੋਂ ਉਹ ਹਟਦੇ, ਆਪਣੇ ਲਹੂ ਨਾਲ ਰੰਗ ਕੇ ਹਟਦੇ। ਪੰਜਾਬੀਪਣ ਦਾ ਉਹਨਾਂ ਪੂਰਾ ਸਬੂਤ ਦਿੱਤਾ। ਪਰ ਦੂਸਰੇ ਪਾਸੋ ਟਾਕਰੇ 'ਤੇ ਵੀ ਪੰਜਾਬੀ ਸਨ ਤੇ ਉਹਨਾਂ ਵਿਚੋਂ ਵੀ ਵਧੇਰੇ ਸਿੱਖ ਚਾਰ ਸਿੱਖ ਰਜਮੈਂਟ ਦੇ ਜਵਾਨ 'ਸਤਿ ਸ੍ਰੀ ਅਕਾਲ' ਦਾ ਜੈਕਾਰਾ ਛੱਡਦੇ ਅੱਗੇ ਵਧਦੇ ਤਾਂ ਪਾਕਿਸਤਾਨੀਆਂ ਨੂੰ ਪਿੱਛੇ ਹਟਣਾ ਪੈਂਦਾ।
ਭਾਰਤੀ ਸੈਨਾ ਹਰ ਕੀਮਤ ਉੱਤੇ ਬਰਕੀ ਫਤਹਿ ਕਰਨ ਦਾ ਪ੍ਰਣ ਕਰ ਚੁੱਕੀ ਸੀ। ਇਹ ਪਾਕਿਸਤਾਨੀ ਫ਼ੌਜ ਦੀ ਬਹਾਦਰੀ ਹੀ ਸਮਝੋ ਜੋ ਐਨਾ ਚਿਰ ਭਾਰਤੀ ਯੋਧਿਆਂ ਦੇ ਸਾਹਮਣੇ ਖਲੋ ਸਕੀ। ਗਲੀਆਂ ਬਜ਼ਾਰਾਂ ਕੀ, ਬਰਕੀ ਦੇ ਇਕ ਇਕ ਘਰ ਵਿੱਚ ਲਹੂ ਡੋਲ੍ਹਵੀਂ ਲੜਾਈ ਹੋਈ। ਅੰਤ ਦਸ ਸਤੰਬਰ ਦਾ ਸੂਰਜ ਛਿਪਣ ਤਕ
ਭਾਰਤੀ ਸੈਨਾ ਨੇ ਪਾਕਿਸਤਾਨੀ ਫ਼ੌਜ ਨੂੰ ਬਰਕੀ ਵਿਚੋਂ ਧੱਕ ਕੇ ਲਾਹੌਰ ਵੱਲ ਨਹਿਰੋਂ ਪਾਰ ਕਰ ਦਿੱਤਾ। ਬਰਕੀ ਦੇ ਥਾਣੇ ਉੱਤੇ ਤਿੰਨ ਰੰਗਾ ਝੰਡਾ ਝੁਲਾ ਦਿੱਤਾ ਗਿਆ। ਸਾਰਾ ਪਿੰਡ ਭਾਰਤੀ ਸੈਨਾ ਦੇ ਫਤਹਿ ਦੇ ਨਾਹਰਿਆਂ ਨਾਲ ਗੂੰਜ ਉੱਠਿਆ।
ਪਾਕਿਸਤਾਨੀ ਫ਼ੌਜ ਨੂੰ ਇਹ ਬੜੀ ਭਾਰੀ ਸੱਟ ਪਈ। ਬਰਕੀ ਦੀ ਸ਼ਕੱਸਤ ਨਾਲ ਉਹਦਾ ਲੱਕ ਟੁੱਟ ਗਿਆ। ਦੁਬਾਰਾ ਬਰਕੀ ਵਾਪਸ ਲੈ ਲੈਣ ਦਾ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ। ਹੁਣ ਤਾਂ ਲਾਹੌਰ ਨੂੰ ਬਚਾਉਣ ਦਾ ਸਵਾਲ ਸੀ। ਸੋ ਈਚੋਗਲ ਨਹਿਰ ਦਾ ਉਹਨਾਂ ਪੁਲ ਤੋੜ ਦਿੱਤਾ। ਇਸ ਤੋਂ ਬਿਨਾਂ ਭਾਰਤੀ ਸੈਨਾ ਨੂੰ ਰੋਕ ਸਕਣ ਦਾ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ।
"ਨਹਿਰ ਦੇ ਲਹਿੰਦੇ ਪਾਸੇ ਪਾਕਿਸਤਾਨੀ ਤੇ ਚੜ੍ਹਦੇ ਪਾਸੇ ਭਾਰਤੀ ਜਵਾਨ ਆਮ੍ਹਣੇ ਸਾਮ੍ਹਣੇ ਛਾਤੀਆਂ ਤਾਣੀ ਖੜੇ ਸਨ। ਭਾਰਤੀ ਜਵਾਨਾਂ ਨੇ ਆਪਣੇ ਉੱਚ- ਅਧਿਕਾਰੀਆਂ ਤੋਂ ਨਹਿਰ ਪਾਰ ਕਰਨ ਦੀ ਆਗਿਆ ਮੰਗੀ। ਜਵਾਬ ਵਿੱਚ ਮੇਜਰ ਜੈਨਰਲ ਹਰਕਿਸ਼ਨ 'ਸਿੱਥਲ ਨੇ ਉਤਰ ਦਿੱਤਾ, "ਮੈਨੂੰ ਆਪਣੇ ਜਵਾਨਾਂ ਉੱਤੇ ਮਾਣ ਹੈ, ਪਰ ਸਾਡੀ ਪਾਲਿਸੀ ਅਜੇ ਨਹਿਰ ਤੋਂ ਪਾਰ ਲੰਘਣ ਦੀ ਨਹੀਂ।"
"ਸਾਹਬ! ਸਿਰਫ਼ ਦੋ ਦਿਨ ਦੀ ਮੁਹਲਤ ਹੋਰ ਦਿਹੈ ਤੇ ਲਾਹੌਰ ਸਾਡੇ ਕਬਜ਼ੇ ਵਿੱਚ ਹੋਵੇਗਾ।" ਇਕ ਨਹੀਂ, ਇਹ ਕਈਆਂ ਜਵਾਨਾਂ ਦੀ ਅਵਾਜ਼ ਸੀ। ਉਸ ਵੇਲੇ ਜਿੰਨਾ ਜੋਸ਼ ਉਹਨਾਂ ਦੇ ਅੰਦਰ ਸੀ, ਉਸ ਦੇ ਸਾਮ੍ਹਣੇ ਲਾਹੌਰ ਲੈ ਲੈਣਾ ਮੁਸ਼ਕਲ ਨਹੀਂ ਸੀ।
"ਨਹੀਂ ਬਹਾਦਰੋ! ਮੇਜਰ ਜੈਨਰਲ ਹਰਕਿਸ਼ਨ ਨੇ ਦੁਬਾਰਾ ਹੁਕਮ ਦਿੱਤਾ, "ਸਰਕਾਰ ਦੀ ਆਗਿਆ ਦਾ ਪਾਲਣ ਕਰਨਾ ਹੋਵੇਗਾ। ਕੇਵਲ ਈਚੋਗਿਲ ਨਹਿਰ ਤੱਕ।"
੧੩.
ਰਾਤ ਦੇ ਹਨ੍ਹੇਰੇ ਵਿੱਚ ਅਗਲੇ ਮੋਰਚਿਆਂ ਤੋਂ ਜਵਾਨਾਂ ਦੀ ਬਦਲੀ ਕੀਤੀ ਗਈ। ਬਰਕੀ ਦੇ ਚੜ੍ਹਦੇ ਪਾਸੇ ਦੇ ਘਰ, ਦੁਸ਼ਮਣ ਦੀ ਮਾਰ ਤੋਂ ਕਾਫ਼ੀ ਸੁਰੱਖਿਅਤ ਸਨ। ਬਹੁਤ ਸਾਰੇ ਜਵਾਨਾਂ ਨੂੰ ਉਹਨਾਂ ਘਰਾਂ ਵਿੱਚ ਆਰਾਮ ਕਰਨ ਵਾਸਤੇ ਥਾਂ ਦਿੱਤੀ ਗਈ।
ਨਾਇਕ ਪਿਆਰਾ ਸਿੰਘ ਆਪਣੇ ਵਿਹੜੇ ਵਿੱਚ ਮੰਜੇ ਉੱਤੇ ਲੇਟਿਆ ਹੋਇਆ ਸੀ। ਉਹਦੇ ਲਾਗੇ ਹੀ ਹੌਲਦਾਰ ਬੇਲਾ ਸਿੰਘ, ਸਿਪਾਹੀ ਤਾਰਾ ਚੰਦ ਤੇ ਲਾਸ ਨਾਇਕ ਗੱਜਣ ਸਿੰਘ ਸੁੱਤੇ ਪਏ ਸਨ। ਸਾਰੇ ਜਵਾਨ ਥਕੇਵੇਂ ਨਾਲ ਚੂਰ ਹੋਏ ਪਏ
ਸਨ। ਨੀਂਦ ਦੀ ਗੋਦ ਵਿੱਚ ਉਹ ਸਾਰੇ ਫ਼ਿਕਰ ਜੁਲਾਈ ਪਏ ਸਨ। ਇਕ ਪਿਆਰਾ ਸਿੰਘ ਹੀ ਸੀ, ਜਿਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ। ਯਾਦਾਂ ਉਸ ਦੀ ਸੁਰਤ ਨੂੰ ਅਠਾਰਾਂ ਸਾਲ ਪਿੱਛੇ ਲੈ ਗਈਆਂ ਸਨ। ਉਹਦੀ ਨਿਗ੍ਹਾ ਅਸਮਾਨ 'ਤੇ ਚਮਕ ਰਹੇ ਤਾਰਿਆਂ ਉੱਤੇ ਟਿਕੀ ਹੋਈ ਸੀ, ਪਰ ਉਹਦੀ ਸੁਰਤ ਕੁਛ ਹੋਰ ਹੀ ਵੇਖ ਰਹੀ ਸੀ।
ਅੱਠ ਕੁ ਸਾਲ ਦਾ ਪਿਆਰਾ ਸਿੰਘ ਦਰਬਾਰ ਸਾਹਿਬ ਅੱਗੇ ਹੱਥ ਜੋੜੀ ਖਲਾ ਅਰਦਾਸ ਕਰ ਰਿਹਾ ਸੀ। 'ਗੁਰੂ ਬਾਬਾ! ਇਕ ਵੀਰ, ਇਕ ਵੀਰ, ਸਿਰਫ਼ ਮੇਰੇ ਨਾਲ ਖੇਡਣ ਵਾਸਤੇ। ਪਰ ਮੇਰੇ ਵਰਗਾ ਹੋਵੇ।" ਫਿਰ ਪਿਆਰਾ ਛੋਟੇ ਪ੍ਰੀਤੂ ਨੂੰ ਗੋਦ ਵਿੱਚ ਲਈ ਬੈਠਾ ਸੀ। ਛੋਟਾ ਭਰਾ ਮਾਸ ਦਾ ਲੋਥੜਾ, ਸਾਹ ਲੈ ਰਿਹਾ ਬੋਟ। “ਬੇਬੇ, ਇਹ ਤਾਂ ਪਿਆਰੇ ਦੀਆਂ ਦੁਆਵਾਂ ਨੂੰ ਈ ਅੱਲ੍ਹਾ ਤਾਲਾ ਨੇ ਭਾਗ ਲਾਇਆ ਏ। ਨਿਰਾ ਪੂਰਾ ਓਸੇ ਵਰਗਾ ਏ।" ਦਾਈ ਦੀਆਂ ਗੱਲਾਂ ਪਿਆਰੇ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ।
ਲੰਮੇ ਪਏ ਪਿਆਰਾ ਸਿੰਘ ਨੇ ਸਿਰ ਛੱਡ ਕੇ ਪੁਰਾਣੀਆਂ ਯਾਦਾਂ ਨੂੰ ਅਗਾਂ ਤੋਰਨ ਦਾ ਯਤਨ ਕੀਤਾ। ਏਨੇ ਸਮੇਂ ਵਿੱਚ ਪ੍ਰੀਤੂ ਪੰਜਾਂ ਦਾ ਹੋ ਗਿਆ। "ਚੱਲ, ਬੋਤਿਆ! ਚੱਲ।” ਉਹ ਅੱਡੀਆਂ ਮਾਰਦਾ ਆਪਣੇ ਬੋਤੇ ਨੂੰ ਭਜਾਈ ਆ ਰਿਹਾ ਸੀ "ਵੇਖਾਂ ਵਹਿੜਕਾ ਸਾਰਾ। ਛੋਟਾ ਏ, ਵੱਡੇ ਭਰਾ ਦੇ ਕੰਧਾੜੇ ਚੜ੍ਹਿਆ ਫਿਰਦਾ ਏ?" ਪਿਆਰਾ ਸਿੰਘ, ਮਾਂ ਦੀ ਅਵਾਜ਼ ਨੂੰ ਹੂ-ਬ-ਹੂ ਪਛਾਣ ਰਿਹਾ ਸੀ।
"ਊਂਹ। ਇਹ ਤਾਂ ਮੇਰਾ ਬੋਤਾ ਏ।"
"ਇਹ ਬੋਤਾ ਏ, ਤਾਂ ਤੂੰ ਕੀ ਏਂ ? ਗਧਾ ?"
"ਮਾਂ।" ਪਿਆਰੇ ਦੀ ਜਿਵੇਂ ਚੀਕ ਨਿਕਲ ਗਈ। ਉਹ ਬਰਦਾਸ਼ਤ ਨਹੀਂ ਸੀ ਕਰ ਸਕਦਾ, ਕਿ ਕੋਈ ਉਸਦੇ ਪ੍ਰੀਤੂ ਨੂੰ ਗਧਾ ਕਹੇ।
ਪਿਆਰਾ ਸਿੰਘ ਉੱਠ ਕੇ ਬਹਿ ਗਿਆ। ਉਹਨੇ ਹਵੇਲੀ ਵਿੱਚ ਚੁਫ਼ੇਰੇ ਝਾਤੀ ਮਾਰੀ। ਘਰ ਦਾ ਹਾਸ਼ੀਆ ਕਾਫ਼ੀ ਬਦਲਿਆ ਹੋਇਆ ਸੀ। ਕਦੇ ਇਸ ਘਰ ਵਿੱਚ ਸਰਦਾਰ ਧਰਮ ਸਿੰਘ ਤੇ ਉਹਦਾ ਪਰਿਵਾਰ ਰਹਿੰਦਾ ਸੀ। ਛੋਟਾ ਜਿਹਾ ਪਰਿਵਾਰ ਤੇ ਸਾਫ਼ ਸੁਥਰੀ ਰਹਿਣੀ। ਹੁਣ ਇਸ ਘਰ ਵਿੱਚ ਕੋਈ ਅੱਲ੍ਹਾ ਦਿੱਤਾ ਜਾਂ ਨੂਰ ਦੀਨ ਰਹਿੰਦਾ ਹੋਵੇਗਾ। ਥਾਂ ਥਾਂ ਚਿਲਮਾਂ ਦੀ ਸੁਆਹ ਖਿੱਲਰੀ ਹੋਈ ਸੀ। ਪਿਆਰਾ ਸਿੰਘ ਨੂੰ ਹਵਾ ਵਿੱਚ ਮਿਲੀ ਹੋਈ ਤਮਾਕੂ ਦੀ ਬਦਬੂ ਆਉਣ ਲੱਗ ਪਈ। ਉਹ ਮੰਜੇ ਤੋਂ ਉੱਠ ਕੇ ਵਿਹੜੇ ਵਿੱਚ ਟਹਿਲਣ ਲੱਗ ਪਿਆ। ਉਹ ਚੌਂਕੇ ਦੀ ਕੰਧ ਵੱਲ ਜਾ ਖਲਾ। ਚੌਂਕਾ ਸਾਫ਼ ਤੇ ਲਿਬਿਆ ਪੋਚਿਆ ਨਹੀਂ ਸੀ, ਜਿਵੇਂ ਉਹਦੀ ਮਾਂ ਹਰ ਵੇਲੇ ਰੱਖਿਆ ਕਰਦੀ ਸੀ। 'ਉਹ ਹੈ। ਕੀ ਹਾਲ ਹੋ ਗਿਆ ਏ ਘਰ ਦਾ।' ਪਿਆਰਾ ਸਿੰਘ ਦੇ ਅੰਦਰੋਂ ਸੁੱਤੇ ਹੀ ਇਕ ਲੰਮਾ ਸਾਰਾ ਠੰਡਾ ਹਉਕਾ ਨਿਕਲ ਗਿਆ। 'ਘਰ। ਕੀਹਦਾ ਘਰ?
ਹੁਣ ਤਾਂ ਏਸ ਘਰ ਦੇ ਮਾਲਕ ਕੋਈ ਹੋਰ ਬਣੇ ਹੋਏ ਨੇ। ਬੇਗਾਨੇ। ਤੇ ਬੇਗਾਨਿਆਂ ਨੂੰ ਕਾਹਦਾ ਦਰਦ। ਕਿਤੇ ਕਿਤੇ ਇਹ ਫੈਸਲਾ ਨਾ ਹੋ ਜਾਵੇ ਕਿ ਜਿਹੜਾ ਇਲਾਕਾ ਕਿਸੇ ਜਿੱਤ ਲਿਆ ਏ, ਉਹਨਾਂ ਦੇ ਕਬਜ਼ੇ ਵਿੱਚ ਹੀ ਰਹੇਗਾ। ਹੱਦ ਖਾਲੜਾ ਦੀ ਜਾਂ ਈਚੋਗਿਲ ਵਾਲੀ ਨਹਿਰ ਬਣ ਜਾਵੇ, ਤਾਂ ਅਸੀਂ ਅਗਲੇ ਭਲਕ ਈ ਏਥੇ ਆ ਵੱਸੀਏ। ਫਿਰ ਬਾਬੇ ਇਲਮ ਦੀਨ । ਖਵਰੇ ਬਾਬੇ ਇਲਮਦੀਨ ਦਾ ਕੀ ਹਾਲ ਹੋਵੇਗਾ। ਉਹ ਵਿਚਾਰਾ ਵੀ ਬਾਕੀ ਲੋਕਾਂ ਵਾਂਗ ਲਾਹੌਰ ਨੂੰ ਨੱਸ ਗਿਆ ਹੋਵੇਗਾ। ਕਿੰਨਾ ਚੰਗਾ ਬੰਦਾ ਸੀ। ਉਹਦਾ ਵੱਸ ਚੱਲਦਾ, ਵੱਸ ਵੱਲਦਾ, ਤਾਂ ਉਹ ਖ਼ੁਸ਼ੀ ਨਾਲ ਨੂਰਾਂ ਦਾ ਵਿਆਹ ਮੇਰੇ ਨਾਲ ਕਰ ਦਿੰਦਾ। ਨੂਰਾਂ! ਨੂਰਾਂ ਤੂੰ ਅਜੇ ਵੀ ਮੈਨੂੰ ਨਹੀਂ ਭੁੱਲੀ। ਮੈਂ ਜਾਣਦਾ ਹਾਂ, ਕਿ ਤੂੰ ਕਿਸੇ ਦੀ ਹੋ ਗਈ ਹੈਂ। ਨਹੀਂ, ਨਹੀਂ, ਤੂੰ ਆਪ ਕਿਸੇ ਦੀ ਨਹੀਂ ਹੋਈ। ਮੱਲੋ ਮੱਲੀ ਤੂੰ ਕਿਸੇ ਦੀ ਬਣਾ ਦਿੱਤੀ ਗਈ ਏਂ। ਤੇਰੇ ਨਾਲ ਜ਼ੁਲਮ ਹੋਇਆ ਏ। ਬਾਬਾ ਇਲਮਦੀਨ ਵੀ ਆਹਦਾ ਸੀ, ਤੇਰੇ ਨਾਲ ਜ਼ੁਲਮ ਹੋਇਆ ਏ। ਤੇਰੀ ਮਾਂ ਨੇ ਜ਼ੁਲਮ ਕੀਤਾ ਏ। ਤੇਰੇ ਮਾਮੇ ਨੇ ਜ਼ੁਲਮ ਕੀਤਾ ਏ। ਅੱਗੇ ਮੈਂ ਏਹਾ ਸਮਝਦਾ ਸੀ। ਪਰ ਅੱਜ ? ਅੱਜ ਮੈਨੂੰ ਮੰਨਣ ਤੋਂ ਕੋਈ ਝਿਜਕ ਨਹੀਂ ਕਿ ਸਭ ਤੋਂ ਵਧੇਰੇ ਜ਼ੁਲਮ ਤੇਰੇ ਨਾਲ ਮੈਂ ਕੀਤਾ ਏ। ਨੂਰਾਂ! ਮੈਂ। ਮੈਂ ਤੇਰੇ ਨਾਲ ਜ਼ੁਲਮ ਕੀਤਾ ਏ। ਤੇਰੇ ਸਾਰੇ ਦੁੱਖਾਂ ਦਾ ਕਾਰਨ ਮੈਂ ਆਂ। ਮੈਂ ਓਦੋਂ ਤੇਰੇ ਆਖੇ ਲੱਗ ਜਾਂਦਾ, ਤਾਂ.. ਤਾਂ... ਫੇਰ ਫੇਰ... ਪਤਾ ਨਹੀਂ, ਫੇਰ ਵੀ ਕੀ ਹੁੰਦਾ। ਸ਼ਾਇਦ ਫੇਰ ਵੀ ਜ਼ਮਾਨਾ ਤੈਨੂੰ ਮੈਥੋਂ ਨਿਖੇੜ ਦੇਂਦਾ। ਇਹ ਜ਼ਮਾਨਾ ਕੀ ਚੀਜ਼ ਏ। ਇਹ ਸਮਾਜ, ਇਹ ਧਰਮ, ਇਹ ਮਜ਼੍ਹਬ, ਇਹ ਭਾਈਚਾਰਾ। ਮੇਰਾ ਵੱਸ ਚੱਲੇ, ਤਾਂ ਮੈਂ ਸਭ ਕੁਝ ਬਦਲ ਦੇਵਾਂ। ਸਾਰੇ ਰਵਾਜ। ਸਾਰੇ ਕਾਨੂੰਨ, ਤਾਂ ਕਿ ਫੇਰ ਕਿਸੇ ਨੂਰਾਂ ਤੇ ਪਿਆਰੇ ਨੂੰ ਕੋਈ ਨਿਖੇੜ ਨਾ ਸਕੇ। ਨਾ ਕੋਈ ਮੁੱਲਾਂ, ਨਾ ਕੋਈ ਭਾਈ, ਨਾ ਪੰਡਤ। ਕੋਈ ਵੀ ਦੋ ਦਿਲਾਂ ਦੇ ਪਿਆਰ ਵਿੱਚ ਭੰਗ ਨਾ ਪਾ ਸਕੇ। ਨੂਰਾਂ। ਨੂਰਾਂ। ਸਮਾਜ ਜ਼ਰੂਰ ਬਦਲੇਗਾ। ਅਸੀਂ ਨਹੀਂ ਹੋਵਾਂਗੇ, ਪਰ ਓਦੋਂ ਵੀ ਲੱਖਾਂ ਨੂਰਾਂ ਤੇ ਲੱਖਾਂ ਪਿਆਰੇ ਹੋਣਗੇ। ਉਹਨਾਂ ਨੂੰ ਨਿਖੇੜਨ ਵਾਲਾ ਕੋਈ ਨਹੀਂ ਹੋਵੇਗਾ।"
ਸਾਰੀ ਰਾਤ ਪਿਆਰਾ ਸਿੰਘ ਨੇ, ਕੁਛ ਸਮਾਂ ਵਿਹੜੇ ਵਿੱਚ ਫਿਰਦਿਆਂ ਤੇ ਕੁਛ ਮੰਜੇ 'ਤੇ ਪਏ ਉਂਘਲਾਉਂਦਿਆਂ ਗੁਜ਼ਾਰ ਦਿੱਤੀ। ਜ਼ਰਾ ਕੁ ਕਿਤੇ ਝਪਕੀ ਆਉਂਦੀ ਤਾਂ ਉਹਦੀਆਂ ਅੱਖਾਂ ਅੱਗੇ ਨੂਰਾਂ ਜਾਂ ਪ੍ਰੀਤੂ ਹੁੰਦਾ। ਕਦੇ ਉਹ ਆਪਣੇ ਆਪ ਨੂੰ ਸਕੂਲ ਦੇ ਬੂਹੇ ਅੱਗੇ ਖਲਾ ਵੇਖਦਾ, ਸਾਹਮਣੇ ਪ੍ਰੀਤੂ ਗਲ ਵਿੱਚ ਬਸਤਾ ਪਾਈ ਭੱਜਾ ਆਉਂਦਾ ਜਾਪਦਾ। ਸੁਰਤ ਛੜੱਪਾ ਮਾਰਦੀ। ਤਸਵੀਰ ਬਦਲ ਜਾਂਦੀ। ਨਵਾਂ ਸੀਨ ਅੱਖਾਂ ਸਾਮ੍ਹਣੇ ਆ ਜਾਂਦਾ। ਨੂਰਾ ਪਿਆਰੇ ਦੇ ਦੋਵੇਂ ਹੱਥ ਫੜ ਕੇ ਕਹਿ ਰਹੀ ਹੁੰਦੀ, "ਪੱਕਾ ਕੌਲ ਦੇਹ ਪਿਆਰਿਆ ਕਿ ਇਹ ਫੜੇ ਹੋਏ ਹੱਥ ਤੂੰ ਕਦੇ ਨਹੀਂ
ਛੱਡੇਂਗਾ, ਆਖ, ਕਦੇ ਨਹੀਂ ਛੱਡੇਂਗਾ।"
ਨੂਰਾਂ ਦੇ ਬਲਦੇ ਹਉਕਿਆਂ ਤੋਂ ਡਰਦੀ ਨੀਂਦ ਪਾਸਾ ਵੱਟ ਜਾਂਦੀ। ਪਿਆਰਾ ਸਿੰਘ ਫਿਰ ਉਹਨਾਂ ਸੋਚਾਂ ਵਿੱਚ ਡੁੱਬ ਜਾਂਦਾ। "ਰੱਬ ਜਾਣੇ ਵਿਚਾਰੀ ਨੂਰਾਂ ਨਾਲ ਕੀ ਬੀਤੀ ਹੋਵੇਗੀ। ਸ਼ੁਹਦੀ ਸੜਦੀ ਸੜਦੀ ਮੁੱਕ ਗਈ ਹੋਵੇਗੀ, ਦੀਵੇ ਦੀ ਵੱਟੀ ਵਾਂਗ। ਕੀ ਪਤਾ, ਹੈ ਵੀ ਕਿ ਨਹੀਂ।... ਇਹ ਵੀ ਹੋ ਸਕਦਾ ਏ, ਮੇਰੇ ਵਾਂਗ ਉਹ ਵੀ ਆਪਣੇ ਬਾਲ ਬੱਚੇ ਵਿੱਚ ਪਰਚ ਗਈ ਹੋਵੇਗੀ। ਮੈਂ ਵੇਖਾਂ ਮੈਂ ਮੈਂ ਵੀ ਕਿਵੇਂ ਕੱਟ ਈ ਰਿਹਾ ਆਂ ਨਾ। ਜਸਬੀਰ ਨੇ ਮੇਰਾ ਦਿਲ ਕਾਫ਼ੀ ਹੱਦ ਤੱਕ ਮੱਲ ਲਿਆ ਏ। ਫਿਰ ਜੀਤੂ ਤੇ ਮੀਤੂ। ਪ੍ਰੀਤੋ, ਪ੍ਰੀਤੂ ਦੀ ਥਾਂ ਪ੍ਰੀਤੋ। ਨੂਰਾਂ ਵੀ, ਉਹਦੇ ਬੱਚੇ, ਉਹਦਾ ਮਾਲਕ। ਕਾਮਰੇਡ ਆਹੰਦਾ ਹੁੰਦਾ ਏ, ਕਈ ਵਾਰ ਮਜਬੂਰ ਹੋ ਕੇ ਵੀ ਆਦਮੀ ਨੂੰ ਜ਼ਿੰਦਗੀ ਨਾਲ ਸਮਝੌਤਾ ਕਰਨਾ ਪੈਂਦਾ ਏ। ਖਵਰੇ ਨੂਰਾਂ ਨੇ ਵੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਹੋਵੇਗਾ। ਚੰਗਾ ਹੋਵੇ, ਜੇ ਉਹਨੇ ਕਿਸਮਤ ਦੇ ਸਾਮ੍ਹਣੇ ਸਿਰ ਝੁਕਾ ਕੇ, ਜਿਵੇਂ ਕਿਹਾ ਏ, ਸਮਝੌਤਾ ਕਰ ਲਿਆ ਹੋਵੇ। ਵਿਚਾਰੀ ਦੇ ਦਿਨ ਕੁਛ ਚੰਗੇ ਲੰਘ ਗਏ ਹੋਣਗੇ। ਮੇਰੇ ਨਾਲ ਉਹ ਗੁੱਸੇ ਹੋ ਗਈ ਸੀ। ਗੁੱਸੇ ਵਿੱਚ ਆ ਕੇ ਉਹ ਮੈਨੂੰ ਭੁੱਲ ਗਈ ਹੋਵੇ ਤਾਂ ਸਗੋਂ ਚੰਗਾ ਏ। ਗੁਰੂ ਕਰੇ ਉਹ ਸੁਖੀ ਹੋਵੇ।" ਪਿਆਰਾ ਸਿੰਘ, ਨੂਰਾਂ ਦੇ ਸੁੱਖ ਦੀ ਕਲਪਨਾ ਕਰ ਰਿਹਾ ਸੀ। 'ਭਲਾ ਬਾਬੇ ਇਲਮਦੀਨ ਤੋਂ ਪੁੱਛਾਂ ਜਾ ਕੇ?" ਲੰਮਾ ਪਿਆ ਪਿਆਰਾ ਸਿੰਘ ਉੱਠ ਕੇ ਬਹਿ ਗਿਆ। ਉਹ ਹੋ। ਬਾਬਾ ਇਲਮਦੀਨ - ਤਾਂ ਸੁਣਿਆ ਸੀ- ਵਿਚਾਰਾ ਗੁਜ਼ਰ ਗਿਆ ਏ। ਪਿਆਰਾ ਸਿੰਘ ਨੂੰ ਕਿਸੇ ਦੇ ਮੂੰਹੋਂ ਸੁਣੀ ਸੁਣਾਈ ਗੱਲ ਯਾਦ ਆ ਗਈ, ਖਵਰੇ ਇਹ ਵੀ ਝੂਠ ਈ ਹੋਵੇ। ਉਹਨਾਂ ਦੇ ਘਰੋਂ ਭਲਾ ਇਸ ਵੇਲੇ ਘਰ ਕੌਣ ਹੋਣਾ ਏ। ਬਾਕੀ ਲੋਕਾਂ ਵਾਂਗ ਉਹ ਵੀ ਜਾਨ ਬਚਾ ਕੇ ਨੱਸ ਗਏ ਹੋਣਗੇ। ਫਿਰ ਵੀ।"
ਦਿਨ ਦਾ ਚਾਨਣ ਪੈਰ ਪੈਰ ਵਧ ਰਿਹਾ ਸੀ। ਸਾਥੀਆਂ ਨੂੰ ਸੁੱਤੇ ਪਏ ਛੱਡ ਕੇ ਪਿਆਰਾ ਸਿੰਘ ਇਲਮਦੀਨ ਦੇ ਘਰ ਨੂੰ ਤੁਰ ਪਿਆ। ਉਹਦੇ ਪੈਰ ਨੂਰਾਂ ਦੇ ਵਿਹੜੇ ਦੇ ਵਿਚਕਾਰ ਜਾ ਕੇ ਰੁਕ ਗਏ। ਸੁੰਞਾ ਘਰ ਭਾਂ ਭਾਂ ਕਰ ਰਿਹਾ ਸੀ। ਘਰ ਵਾਲੇ ਓਸੇ ਤਰ੍ਹਾਂ ਖੁੱਲੇ ਬੂਹੇ ਛੱਡ ਕੇ ਨੱਸੇ ਜਾਪਦੇ ਸਨ, ਜਿਵੇਂ ਅਠਾਰਾਂ ਸਾਲ ਪਹਿਲਾਂ ਪਿਆਰੇ ਹੋਰੀਂ ਨੱਸੇ ਸਨ। ਪਿਆਰਾ ਸਿੰਘ, ਵਧੇਰੇ ਉਦਾਸ ਹੋ ਗਿਆ। ਉਹਨੂੰ ਆਪਣੇ ਅੰਦਰੋਂ ਇਉਂ 'ਵਾਜ਼ਾਂ ਆ ਰਹੀਆਂ ਸਨ, ਜਿਵੇਂ ਨਾਰਾਜ਼ ਨੂਰਾਂ ਕਹਿ ਰਹੀ ਹੋਵੇ, "ਪਿਆਰਿਆ। ਹੁਣ ਏਥੇ ਕੀ ਲੈਣ ਆਇਆ ਏਂ ? ਮੈਂ ਆਖ ਨਹੀਂ ਸੀ ਰਹੀ ? ਯਾਦ ਈ ਨਾ ਉਹ ਰਾਤ। ਡਰਾਕਲ ਕਿਸੇ ਥਾਂ ਦਾ। ਆਪਣੇ ਹੱਥੀਂ ਅੱਗ ਲਾ ਕੇ ਹੁਣ ਏਥੋਂ ਕੀ ਭਾਲਦਾ ਏਂ। ਹੱਛਾ, ਰਾਜੀ ਰਹੁ। ਸਾਡਾ ਅੱਲ੍ਹਾ ਵਾਲੀ।"
ਪਿਆਰਾ ਸਿੰਘ ਦੇ ਅੰਦਰੋਂ ਇਕ ਲੰਮਾ ਸਾਰਾ ਬਲਦਾ ਹਉਕਾ ਨਿਕਲਿਆ।
ਉਹ ਹੋ।
"ਜਾ ਮੁੜ ਜਾਹ ਜੱਟਾ ਮਿਰਜ਼ਿਆ
ਮੇਰੀ ਲੋਥ 'ਤੇ ਵੈਣ ਨ ਪਾ।
ਆਪਾਂ ਹੱਥੀਂ ਆਪਣੇ ਸੁਰਗ ਨੂੰ
ਆਪੇ ਲਏ ਨੇ ਲੰਬੂ ਲਾ।"
'ਸੱਚ ਮੁੱਚ ਈ ਆਪਣੇ ਹੱਥੀਂ ਮੈਂ ਸੁਰਗ ਨੂੰ ਲੱਬੂ ਲਾਇਆ ਸੀ। ਨੂਰਾਂ ਨੇ ਪੂਜਾ ਦਿੱਤੀ ਸੀ। ਦੋਸ਼ ਮੇਰਾ ਸੀ। ਮੇਰੀ ਗਲਤੀ ਦੀ ਹੀ ਦੋਹਾਂ ਨੂੰ ਸਜ਼ਾ ਭੁਗਤਣੀ ਪਈ ਏ।
ਨੀਵੀਂ ਪਾਈ ਪਿਆਰਾ ਸਿੰਘ ਪਿਛਾਂਹ ਮੁੜ ਪਿਆ। ਘਰ ਪਰਤਣ ਦੀ ਥਾਂ ਉਹ ਆਪਣੇ ਖੇਤਾਂ ਨੂੰ ਤੁਰ ਪਿਆ। ਉਹਨੇ ਸਾਰੇ ਥਾਂ ਫਿਰ ਕੇ ਵੇਖੇ, ਜਿਥੇ ਕਦੇ ਉਹ ਨੂਰਾਂ ਨੂੰ ਮਿਲਿਆ ਸੀ, ਜਿੱਥੇ ਕਦੇ ਨੂਰਾਂ ਨਾਲ ਜ਼ਬਾਨ ਸਾਂਝੀ ਕੀਤੀ ਸੀ। ਜਿੱਥੇ ਕਿਸੇ ਵੱਟ 'ਤੇ ਬਹਿ ਕੇ ਉਹਨੇ ਤੇ ਪ੍ਰੀਤੂ ਨੇ ਰੋਟੀ ਖਾਧੀ ਸੀ। ਪ੍ਰੀਤੂ ਤੇ ਨੂਰਾਂ। ਨੂਰਾਂ ਤੇ ਪ੍ਰੀਤ। ਦੋਵੇਂ ਨਿਰਦੇਸ਼ ਜਿੰਦਾਂ ਪਿਆਰਾ ਸਿੰਘ ਦੇ ਸਾਹ ਵਿੱਚ ਘੁਲੀਆਂ ਮਿਲੀਆਂ ਹੋਈਆਂ ਸਨ।
ਪਿਆਰਾ ਸਿੰਘ ਘਰ ਪਰਤਿਆ ਤਾਂ ਅੱਗੇ ਉਹਦੇ ਸਾਥੀ ਚਾਹ ਪੀ ਰਹੇ ਸਨ।
"ਪਿਆਰਾ ਸਿਹਾਂ। ਪਿੰਡ ਦੀ ਜੂਹ ਯਾਦ ਆ ਗਈ ? ਸਾਨੂੰ ਸੁੱਤਿਆਂ ਪਿਆ ਛੱਡ ਕੇ ਤੁਰ ਗਿਆ ਸੈਂ ?" ਬੇਲਾ ਸਿੰਘ ਹੌਲਦਾਰ ਨੇ ਹਮਦਰਦੀ ਨਾਲ ਕਿਹਾ।
"ਬਾਬਾ, ਪਿੰਡ ਦੀ ਜੂਹ, ਪਿੰਡ ਦੀਆਂ ਗਲੀਆਂ, ਕੁਛ ਨਾ ਪੁਛ।" ਪਿਆਰਾ ਸਿੰਘ ਨੇ ਉਦਾਸੀ ਹੋਈ ਸੁਰ ਵਿੱਚ ਉਤਰ ਦਿੱਤਾ।
"ਸੱਚ ਆਹਨਾਂ ਏਂ। ਉਹ ਜੂਹਾਂ, ਉਹ ਗਲੀਆਂ ਕਦੇ ਨਹੀਂ ਭੁੱਲਦੀਆਂ, ਜਿੱਥੇ ਆਦਮੀ ਨੇ ਬਚਪਨ ਮਾਣਿਆ ਹੋਵੇ।" ਬੇਲਾ ਸਿੰਘ ਨੇ ਚਾਹ ਦਾ ਕੱਪ ਥੱਲੇ ਰੱਖਦਿਆਂ ਕਿਹਾ, "ਬਹਿ ਜਾਹ। ਚਾਹ ਪੀ ਲੈ। ਤੂੰ ਤਾਂ ਜਾਪਦਾ ਏ-ਰਾਤ ਸੁੱਤਾ ਵੀ ਨਹੀਂ। ਤੇਰੀਆਂ ਅੱਖਾਂ ਪਈਆਂ ਦੱਸਦੀਆਂ ਨੇ।"
"ਨੀਂਦ ਆ ਜਾਂਦੀ ਫੇਰ ਕੀ ਸੀ" ਪਿਆਰਾ ਸਿੰਘ ਲਾਗਲੇ ਮੰਜੇ 'ਤੇ ਬਹਿ ਗਿਆ। ਉਹਦੇ ਅੰਦਰਲੀ ਬੇਚੈਨੀ ਚਿਹਰੇ 'ਤੇ ਪਰਗਟ ਹੋ ਰਹੀ ਸੀ।
"ਲੈ ਫੜ, ਚਾਹ ਪੀ।" ਬੇਲਾ ਸਿੰਘ ਨੇ ਚਾਹ ਦਾ ਕੱਪ ਪਿਆਰਾ ਸਿੰਘ ਦੇ ਹੱਥ ਫੜਾ ਦਿੱਤਾ।
"ਨਾਇਕ ਸਾਹਬ! ਏਸ ਤਰ੍ਹਾਂ ਓਦਰਿਆਂ ਕੁਛ ਨਹੀਂ ਬਣਨਾ। ਅਜੇ ਤਾਂ ਆਪਾਂ ਲਾਹੌਰ ਲੈਣਾ ਏ। ਲਓ ਫੜੋ। ਖਾਉ ਪੀਓ ਕੁਛ।" ਲਾਸ ਨਾਇਕ ਗੱਜਣ ਸਿੰਘ ਨੇ ਸੁੱਕੇ ਮੇਵਿਆਂ ਦੀ ਭਰੀ ਹੋਈ ਪਲੇਟ ਪਿਆਰਾ ਸਿੰਘ ਅੱਗੇ ਧਰ ਦਿੱਤੀ।
ਉਸ ਵਿੱਚ ਕਾਜੂ, ਸੋਗੀ, ਅਖਰੋਟਾਂ ਤੇ ਬਦਾਮਾਂ ਦੀਆਂ ਗਿਰੀਆਂ ਮਿਲੀਆਂ ਹੋਈਆਂ ਸਨ। ਹਮਲਾ ਕਰਨ ਤੋਂ ਪਹਿਲਾਂ ਹਰ ਜਵਾਨ ਨੂੰ ਲੋੜ ਅਨੁਸਾਰ ਸੁੱਕੇ ਫਲ ਦਿੱਤੇ ਗਏ ਸਨ।
"ਲਾਹੌਰ ਦੀ ਕਿਹੜੀ ਗੱਲ ਏ। ਉਹ ਤਾਂ ਆਪਾਂ ਲੈਣਾ ਏਂ, ਭਲਕੇ ਨਾ ਸਹੀ, ਪਰਸੋਂ ਸਹੀ।" ਬੇਲਾ ਸਿੰਘ ਨੇ ਫ਼ੌਜੀਆਂ ਵਾਲੇ ਉਤਸ਼ਾਹ ਨਾਲ ਕਿਹਾ।
"ਵਿਚਾਰਾ ਸੁੱਚਾ ਸਿੰਘ ਵੀ ਹੁੰਦਾ ਤਾਂ ।" ਗੱਜਣ ਸਿੰਘ ਨੇ ਵਾਕ ਅਧੂਰਾ ਛੱਡ ਦਿੱਤਾ।
"ਸੁੱਚਿਆ।" ਪਿਆਰਾ ਸਿੰਘ ਨੇ ਚੁਫ਼ੇਰੇ ਤਕਦਿਆਂ ਕਿਹਾ ਜਿਵੇਂ ਕਿਤੇ ਸੱਜੇ ਖੱਬੇ ਲੁਕਿਆ ਬੈਠਾ ਸੁੱਚਾ ਸਿੰਘ ਉਹਦੀ 'ਵਾਜ਼ ਸੁਣ ਰਿਹਾ ਹੋਵੇ, "ਤੂੰ ਕਿਹਾ ਸੀ, ਭਲਕੇ ਤੁਹਾਡੇ ਘਰ ਬਹਿ ਕੇ ਚਾਹ ਪੀਵਾਂਗੇ। ਘਰ ਵੀ ਸਾਡਾ ਏ। ਚਾਹ ਵੀ ਪੀ ਰਹੇ ਆਂ। ਇਕ ਤੂੰ ਈ ਨਹੀਂ।"
“ਪਿਆਰਾ ਸਿੰਹਾਂ। ਫ਼ੌਜੀ ਤਾਂ ਏਹੋ ਜਿਹੀਆਂ ਗੱਲਾਂ ਨਹੀਂ ਕਰਿਆ ਕਰਦੇ। ਜਾਣਦੇ ਆਂ, ਸੁੱਚਾ ਤੇਰਾ ਦੋਸਤ ਸੀ ਪਰ ਏਥੇ ਤਾਂ ਕਈ ਸੁੱਚਾ ਸਿੰਘ ਸ਼ਹੀਦ ਹੋ ਗਏ ਨੇ, ਇਕ ਭਰਾ ਗੋਲੀ ਖਾ ਕੇ ਡਿੱਗ ਪੈਂਦਾ ਏ ਤਾਂ ਦੂਜਾ ਲਲਕਾਰੇ ਮਾਰਦਾ ਅੱਗੇ ਵਧ ਜਾਂਦਾ ਏ। ਫ਼ੌਜੀ ਦਾ ਸੁਭਾਅ ਵੀ ਏਹੋ ਜਿਹਾ ਬਣ ਜਾਂਦਾ ਏ। ਉਹ ਮੋਇਆਂ ਨੂੰ ਰੋਣ ਬਹਿ ਜਾਏ ਤਾਂ ਲੜੇ ਕਿਵੇਂ। ਤਕੜੇ ਹੋਵੋ ਸਾਰੇ। ਐਧਰ ਸੁਣੋ। ਤੋਪਾਂ ਦੀਆਂ 'ਵਾਜ਼ਾਂ ਸਾਨੂੰ ਵੰਗਾਰ ਰਹੀਆਂ ਨੇ।" ਬੇਲਾ ਸਿੰਘ ਨੇ ਪਿਆਰਾ ਸਿੰਘ ਨੂੰ ਹੌਸਲਾ ਦੇਂਦਿਆਂ ਕਿਹਾ, "ਦਿਲ ਨਹੀਂ ਛੱਡੀਦਾ।"
“ਦਿਲ ਤਾਂ ਨਹੀਂ ਛੱਡਿਆ ਬਾਬਾ। ਅੱਜੇ ਹਮਲਾ ਕਰਨ ਤਾਂ ਤਿਆਰ ਆਂ। ਪਰ....।" ਪਿਆਰਾ ਸਿੰਘ ਨੇ ਵਾਕ ਅਧੂਰਾ ਛੱਡ ਦਿੱਤਾ।
"ਇਹ 'ਪਰ' ਕੀ ਉਇ।" ਬੋਲਾ ਸਿੰਘ ਨੇ ਕੁਛ ਰੋਹ ਨਾਲ ਕਿਹਾ।
"ਫ਼ੌਜੀਆਂ ਦੀ ਬੋਲੀ ਵਿੱਚ ਤਾਂ 'ਪਰ' ਪ੍ਰੰਤੂ ਨਹੀਂ ਹੁੰਦਾ।"
"ਸਗੋਂ ਕੋਈ ਬੋਲਣ ਬੂਲਣ ਤਾਂ ਯਾਦ ਨਹੀਂ ਆ ਗਈ, ਨਾਇਕ ਸਾਹਿਬ।" ਗੱਜਣ ਸਿੰਘ ਨੇ ਕੁਛ ਸੰਗਦਿਆਂ ਝਿਜਕਦਿਆਂ ਕਿਹਾ।
"ਬਹੁਤ ਕੁਛ ਯਾਦ ਆ ਰਿਹਾ ਏ, ਗੱਜਣ ਸਿਹਾਂ। ਬਹੁਤ ਕੁਛ। ਮੈਂ ਸੋਚਦਾਂ, ਇਹ ਸਭ ਕੀ ਏ? ਪਾਕਿਸਤਾਨ ਬਣਿਆ, ਮੁਸਲਮਾਨਾਂ ਨੇ ਸਾਨੂੰ ਏਥੋਂ ਮਾਰ ਭਜਾਇਆ। ਹੁਣ ਸਾਡਾ ਜ਼ੋਰ ਚੜ੍ਹਿਆ ਹੈ, ਅਸਾਂ ਉਹਨਾਂ ਨੂੰ ਏਥੋਂ ਕੱਢ ਦਿੱਤਾ ਏ। ਇਹ ਲੜਾਈਆਂ ਝਗੜੇ, ਇਹ ਖੂਨ ਖ਼ਰਾਬਾ। ਕੀ ਝਮੇਲਾ ਏ ਇਹ।"
"ਪਿਆਰਾ ਸਿਹਾਂ। ਅਜੇ ਇਹਨਾਂ ਗੱਲਾਂ 'ਤੇ ਵਿਚਾਰ ਕਰਨ ਦਾ ਸਮਾਂ ਨਹੀਂ।
ਜਦੋਂ ਪੈਨਸ਼ਨ ਲੈ ਕੇ ਘਰ ਪੁੱਤਾਂ ਪੋਤਰਿਆਂ ਵਿੱਚ ਬਹਾਂਗੇ, ਉਦੋਂ ਏਹੋ ਜਿਹੀਆਂ ਗੱਲਾਂ ਕਰੀਂ। ਹੁਣ ਤਾਂ ਫੜ ਲੈ, ਮਾਰ ਲੈ, ਤਬਾਹ ਕਰ ਦਿਹੋ। ਫ਼ੌਜੀ ਨੂੰ ਇਸ ਤੋਂ ਬਿਨਾਂ ਹੋਰ ਕੁਛ ਨਹੀਂ ਸੋਚਣਾ ਚਾਹੀਦਾ।" ਖੇੜਾ ਸਿੰਘ ਨੇ ਪਿਆਰੇ ਦੀ ਕੰਡ ਥਾਪੜਦਿਆਂ ਕਿਹਾ।
"ਬਾਬਾ। ...ਹੱਛਾ, ਵਾਹਵਾ।" ਪਿਆਰਾ ਸਿੰਘ ਨੇ ਦਿਲ ਦੀ ਗੱਲ ਦਿਲ ਵਿੱਚ ਰੋਕ ਲਈ।
"ਸਰਦਾਰ ਪਿਆਰਾ ਸਿਹਾਂ। ਲਛਮਣ ਪਹੁੰਚ ਪਿਆ ਈ।" ਲਛਮਣ ਚਾਹ ਵਾਲੇ ਨੇ ਬੂਹਿਆਂ ਅੰਦਰ ਪੈਰ ਧਰਦਿਆਂ ਕਿਹਾ। "ਤੂੰ ਯਾਰਾਂ ਦਾ ਮਿਹਣਾ ਮਾਰਿਆ ਸੀ। ਲਓ, ਛਕੋ ਜਲੇਬੀਆਂ। ਅਖੇ: ਯਾਰ ਹੋਣਗੇ ਮਿਲਣਗੇ ਆਪੇ, ਚਿੱਤ ਨੂੰ ਟਕਾਣੇ ਰੱਖੀਏ। ਬਰਕੀ ਫਤਹਿ ਕਰਕੇ ਤੁਸੀਂ ਰੱਖ ਵਖਾਈ ਏ। ਅੱਜ ਤਾਂ ਫ਼ੌਜੀ ਜਾਨ ਵੀ ਮੰਗਣ ਤਾਂ ਹਾਜ਼ਰ ਏ।" ਲਛਮਣ ਨੇ ਜਲੇਬੀਆਂ ਵਾਲੀ ਟੋਕਰੀ ਪਿਆਰਾ ਸਿੰਘ ਦੇ ਸਾਹਮਣੇ ਲਿਆ ਧਰੀ। ਲਛਮਣ ਦੇ ਅੰਗ ਅੰਗ ਵਿੱਚੋਂ ਉਸ ਵੇਲੇ ਖ਼ੁਸ਼ੀ ਅੰਗੜਾਈਆਂ ਲੈ ਰਹੀ ਸੀ, ਜਿਵੇਂ ਬਰਕੀ ਓਸੇ ਨੇ ਫਤਹਿ ਕੀਤੀ ਹੋਵੇ।
"ਲਛਮਣਾ! ਭਈ ਤੂੰ ਵੀ ਰੱਖ ਵਖਾਈ ਏ। ਏਥੇ ਵਰ੍ਹਦੀ ਅੱਗ ਵਿੱਚ।" ਪਿਆਰਾ ਸਿੰਘ ਨੇ ਲਛਮਣ ਦਾ ਸਤਿਕਾਰ ਕਰਦਿਆਂ ਕਿਹਾ। ਪਲ ਦਾ ਪਲ ਉਹ ਆਪਣੇ ਗ਼ਮ ਨੂੰ ਭੁੱਲ ਗਿਆ।
"ਫਿਰ ਆਪੇ ਤਾਂ ਸੁਣੋਦਾ ਹੁੰਦਾ ਏਂ, ਮਰਦ ਨਾ ਹਾਰਨ ਕੋਲ। ਮਰੀ ਨੂੰ ਡੁੱਬਣ ਮਿਹਣਾ, ਮਰਦਾਂ ਨੂੰ ਕੋਲ ਕਰਕੇ ਨੱਸਣਾ ਮਿਹਣਾ। ਲੈ ਛਕੋ। ਪਰ ਠੰਡੀਆਂ ਨੇ, ਗਰਮ ਨਹੀਂ, ਛਕੋ ਹੌਲਦਾਰ ਸਾਹਿਬ।" ਲਛਮਣ ਨੇ ਜਲੇਬੀਆਂ ਉਤੋਂ ਕਾਗ਼ਜ਼ ਲਾਹ ਕੇ ਟੋਕਰੀ ਸਾਰਿਆਂ ਦੇ ਵਿੱਚ ਧਰ ਦਿੱਤੀ। ਆਪ ਉਹ ਪਿਆਰਾ ਸਿੰਘ ਦੀ ਪੈਂਦ ਵੱਲ ਬਹਿ ਗਿਆ।
"ਵਾਹ ਵਈ ਲਛਮਣਾ। ਅਸੀਂ ਤਾਂ ਤੈਨੂੰ ਨਿਰਾ ਹਟਵਾਣੀਆਂ ਈ ਸਮਝਦੇ ਰਹੇ, ਪਰ ਤੂੰ ਤਾਂ ਯਾਰਾਂ ਦਾ ਯਾਰ ਨਿਕਲਿਉਂ।" ਹੌਲਦਾਰ ਬੇਲਾ ਸਿੰਘ ਨੇ ਵੀ ਲਛਮਣ ਦੀ ਦਾਦ ਦੇਂਦਿਆਂ ਕਿਹਾ। "ਪਰ ਤੈਨੂੰ ਵਰ੍ਹਦੀਆਂ ਗੋਲੀਆਂ ਵਿੱਚ ਏਥੋਂ ਤੱਕ ਆਉਂਦਿਆਂ ਡਰ ਨਾ ਲੱਗਾ ?"
"ਹੌਲਦਾਰ! ਡਰ ਕਿਸ ਗੱਲ ਦਾ।" ਲਛਮਣ ਨੇ ਬੜੀ ਦਲੇਰੀ ਨਾਲ ਉਤਰ ਦਿੱਤਾ। ਜਿਉਂ ਹੁਡਿਆਰਿਓਂ ਅਗਾਂ ਲੰਘੇ ਤਾਂ ਮਾਰ ਲੋਥਾਂ ਹੀ ਲੋਥਾਂ। ਇਹ ਨਜ਼ਾਰਾ ਵੇਖ ਕੇ, ਸਗੋਂ ਅਸਲੋਂ ਈ ਭੈਅ ਜਾਂਦਾ ਰਿਹਾ ਏ। ਜਿੱਥੇ ਸਾਡੇ ਐਨੇ ਹੀਰਿਆਂ ਵਰਗੇ ਜਵਾਨ ਸ਼ਹੀਦ ਹੋਏ ਪਏ ਨੇ, ਜੇ ਇਕ ਗੋਲੀ ਲਛਮਣ ਨੂੰ ਵੀ ਆ ਵੱਜੂ ਤਾਂ ਕਿਹੜਾ ਦੇਸ਼ ਸੁੰਞਾ ਹੋ ਚੱਲਿਆ ਏ। ਸੱਚੀ ਪੁੱਛੇ ਤਾਂ ਅੱਜ ਆਪਣੇ ਜਵਾਨਾਂ ਦੇ
ਮਗਰ ਇਕ ਪੇਂਡੂ ਮਰਨ ਵਾਸਤੇ ਤਿਆਰ ਏ।"
"ਵਾਹ ਭਈ ਵਾਹ। ਲੋਕ ਏਥੋਂ ਤੱਕ ਸਾਡੇ ਮਗਰ ਨੇ ਤਾਂ ਫੇਰ ਨਹੀਂ ਅਸੀਂ ਲਈਦੇ।" ਹੌਲਦਾਰ ਨੇ ਬੜੇ ਉਤਸ਼ਾਹ ਨਾਲ ਕਿਹਾ। "ਲੈ ਫੜ ਪੀ ਚਾਹ।"
"ਮਖ ਹੌਲਦਾਰਾ! ਪੁੱਛ ਈ ਕੁਛ ਨਾ, ਹਰ ਇਕ ਪੱਗ-ਬੰਨ੍ਹ ਤਲੀ 'ਤੇ ਸਿਰ ਰੱਖੀ ਬੈਠਾ ਈ। ਏਨਾ ਜੋਸ਼ ਏ ਲੋਕਾਂ ਵਿੱਚ, ਏਨਾ ਜੋਸ਼ ਕਿ ਬੱਸ ਗੱਲ ਈ ਨਾ ਕਰ।" ਲਛਮਣ ਦਾ ਆਪਣਾ ਚਿਹਰਾ ਵੀ ਜੋਸ਼ ਵਿੱਚ ਭਖ ਕੇ ਲਾਲ ਹੋਇਆ ਹੋਇਆ ਸੀ। 'ਅਸੀਂ ਹੁਡਿਆਰਿਓਂ ਅਗਾਂ ਲੰਘੇ ਤਾਂ ਸਾਨੂੰ ਆਪਣੇ ਅਫ਼ਸਰਾਂ ਨੇ ਰੋਕ ਲਿਆ। ਆਖਣ, ਤੁਸੀਂ ਅਗਾਂ ਮੋਰਚੇ ਤੱਕ ਨਹੀਂ ਜਾ ਸਕਦੇ। ਓਥੇ ਦੁਸ਼ਮਣ ਦੀ ਗੋਲੀ ਦਾ ਡਰ ਏ। ਅਸਾਂ ਆਖਿਆ ਉਇ! ਸਾਡੀਆਂ ਜਾਨਾਂ ਤੁਹਾਡੇ ਨਾਲੋਂ ਕਿਤੇ ਵਧੇਰੇ ਕੀਮਤੀ ਨੇ ? ਜਿਹੜੇ ਸ਼ਹੀਦ ਹੁੰਦੇ ਨੇ ਪਏ, ਉਹ ਸਾਡੇ ਕੁਛ ਨਹੀਂ ਲਗਦੇ ? ਉਹ ਸਾਡੇ ਵਾਸਤੇ ਜਾਨਾਂ ਵਾਰ ਰਹੇ ਨੇ ਤਾਂ ਅਸੀਂ ਪਿਛਾਂਹ ਕਿਵੇਂ ਰਹੀਏ। ਸ਼ੈਦ ਸਾਨੂੰ ਨਾ ਈ ਲੰਘਣ ਦੇਂਦੇ, ਪਰ ਕਾਮਰੇਡ ਨੇ ਐਸੀ ਗਿਟਮਿਟ ਮਾਰੀ ਕਿ ਅਫ਼ਸਰ ਨੇਂ' ਜਾਜ਼ਤ ਦੇ ਦਿੱਤੀ। ਅਸੀਂ ਜਿਉਂ ਟਰੱਕ ਦਬਾਇਆ ਐਥੇ ਠਾਣੇ ਦੇ ਬੂਹੇ ਅੱਗੇ ਲਿਆ ਖਲ੍ਹਾਰਿਆ।"
"ਹੱਛਾ, ਕਾਮਰੇਡ ਸਾਹਿਬ ਵੀ ਆਏ ਨੇ?" ਹੌਲਦਾਰ ਨੇ ਟੋਕਰੀ ਵਿਚੋਂ ਜਲੇਬੀ ਫੜਦਿਆਂ ਪੁੱਛਿਆ।
"ਹਾਂ ਕਾਮਰੇਡ, ਅਮਲੀ, ਭਾਊ, ਸੇਠ ਤੇ ਅੱਠ ਦੱਸ ਬੰਦੇ ਹੋਰ ਨੇ। ਐਸ ਵੇਲੇ ਸਾਰੇ ਠਾਣੇ ਵਿੱਚ ਜੁੜੇ ਬੈਠੇ ਨੇ। ਓਥੇ ਆਪਣਾ ਝੰਡਾ ਝੁਲਦਾ ਵੇਖ ਕੇ ਸੇਰ ਲਹੂ ਵਧ ਗਿਆ ਏ।" ਲਛਮਣ ਨੇ ਮਾਣ ਨਾਲ ਛਾਤੀ ਫੁਲਾ ਕੇ ਕਿਹਾ।
"ਚੱਲੋ, ਫਿਰ, ਛੇਤੀ ਚਾਹ ਪੀਓ। ਚੱਲ ਕੇ ਕਾਮਰੇਡ ਦੀਆਂ ਚਾਰ ਗੱਲਾਂ ਸੁਣੀਏ। ਅਸੀਂ ਜਿਉਂ ਖਾਲੜਾ ਲੰਘੇ ਤਾਂ ਆਪਣੇ ਆਪ ਦੀ ਵੀ ਹੋਸ਼ ਨਹੀਂ। ਬਾਕੀ ਮੋਰਚਿਆਂ ਬਾਰੇ ਕਾਮਰੇਡ ਤੋਂ ਪਤਾ ਲੱਗੇਗਾ। ਬੜਾ ਸੋਝੀ ਵਾਲਾ ਬੰਦਾ ਏ। ਛੇਤੀ ਕਰੋ ਉਇ ਮੁੰਡਿਓ।" ਹੌਲਦਾਰ ਨੇ ਜਲੇਬੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ।
੧੪.
"ਅਸਲ ਵਿੱਚ ਇਹ ਲੜਾਈ, ਭਾਰਤ ਸਰਕਾਰ ਦਾ ਇਮਤਿਹਾਨ ਹੈ।" ਕਾਮਰੇਡ ਸੰਤਾ ਸਿੰਘ ਕੁਰਸੀ 'ਤੇ ਬੈਠਾ ਆਪਣੇ ਰੋ ਵਿੱਚ ਕਹੀ ਜਾ ਰਿਹਾ ਸੀ। ਦੋਵੇਂ ਹੱਥ ਉਹਨੇ ਮੇਜ਼ ਉੱਤੇ ਰੱਖੇ ਹੋਏ ਸਨ। ਜਿਸ ਕੌਮ ਵਿੱਚ ਆਪਣੀ ਰੱਖਿਆ ਆਪ ਕਰਨ ਦੀ ਹਿੰਮਤ ਨਾ ਹੋਵੇ, ਉਸਨੂੰ ਜ਼ਿੰਦਾ ਰਹਿਣ ਦਾ ਕੋਈ ਹੱਕ ਨਹੀਂ। ਤੇ ਨਾ ਹੀ
ਦੁਨੀਆ ਉਹਨੂੰ ਜਿਊਣ ਦੇਂਦੀ ਏ। ਕਿਸੇ ਨੇ ਠੀਕ ਕਿਹਾ ਏ :
"ਇਹ ਦੁਨੀਆ ਨਹੀਂ ਕਮਜ਼ੋਰਾਂ ਦੀ
ਇਹ ਪਿੜ ਹੈ ਸ਼ਾਹ-ਅਸਵਾਰਾਂ ਦਾ
ਮੁਸਾਵਿ ਹਸਤੀ ਦੀ ਕਸ਼ਮਕਸ਼ ਵਿਚ
ਹਜ਼ਾਰ ਮੁਸ਼ਕਲ ਹੈ ਬਚ ਕੇ ਰਹਿਣਾ
ਅਸੀਰ ਕਰ, ਯਾ ਅਸੀਰ ਹੋ ਜਾ
ਸ਼ਕਾਰ ਕਰ ਯਾ ਸ਼ਕਾਰ ਹੋ ਜਾ।"
"ਵਾਹ। ਕਿਆ ਕਿਹਾ ਹੈ।" ਹੌਲਦਾਰ ਬੇਲਾ ਸਿੰਘ ਨੇ ਮਸਤੀ ਵਿੱਚ ਝੂਮਦਿਆਂ ਕਿਹਾ।
"ਮੁੱਕਦੀ ਗੱਲ।" ਕਾਮਰੇਡ ਨੇ ਮੇਜ਼ ਉੱਤੇ ਧੱਫਾ ਮਾਰਦਿਆਂ ਕਿਹਾ, "ਅਣਖ ਨਾਲ ਜਿਉਣ ਵਾਸਤੇ ਤਾਕਤਵਰ ਹੋਣਾ ਜ਼ਰੂਰੀ ਹੈ। ਦੁਸ਼ਮਣ ਨੇ ਸਾਨੂੰ ਕਮਜ਼ੋਰ ਸਮਝ ਕੇ ਹਮਲਾ ਕੀਤਾ ਸੀ।"
"ਹੁਣ ਤਾਂ ਉਹਦਾ ਭੁਲੇਖਾ ਦੂਰ ਹੋ ਗਿਆ ਹੋਣਾ ਏ।" ਬੇਲਾ ਸਿੰਘ ਨੇ ਛਾਤੀ ਫੁਲਾ ਕੇ ਮਾਣ ਨਾਲ ਕਿਹਾ।
"ਹੋ ਜਾਣਾ ਚਾਹੀਦਾ ਸੀ, ਪਰ ਉਹਦੇ ਚਲਾਕ ਮਿੱਤਰ ਨਹੀਂ ਪੇਸ਼ ਜਾਣ ਦੇਂਦੇ। ਇਕ ਪਾਸਿਓਂ ਚੀਨ ਹੱਲਾਸ਼ੇਰੀ ਦੇ ਰਿਹਾ ਏ। ਅਖੇ : ਚੜ੍ਹ ਜਾ ਬੱਚਾ ਸੂਲੀ ਰੱਬ ਭਲੀ ਕਰੇਗਾ। ਦੂਜੇ ਪਾਸਿਓਂ ਬਰਤਾਨੀਆ ਚੁਆਤੀਆਂ ਲਾ ਰਿਹਾ ਏ। ਕਸ਼ਮੀਰ ਵਿੱਚ ਪਾਕਿਸਤਾਨ ਨੇ ਹਥਿਆਰਬੰਦ ਧਾੜਵੀ ਭੇਜ ਕੇ ਅਮਨ ਭੰਗ ਕੀਤਾ ਤਾਂ ਬਰਤਾਨੀਆ ਚੁੱਪ ਰਿਹਾ। ਪੂਰੇ ਬਰਗੇਡ ਨਾਲ ਪਾਕਿਸਤਾਨ ਨੇ ਛੰਭ ਉੱਤੇ ਧਾਵਾ ਬੋਲ ਦਿੱਤਾ ਤਾਂ ਬਰਤਾਨੀਆ ਨੇ ਫੇਰ ਵੀ ਜ਼ੁਬਾਨ ਨਾ ਖੋਲ੍ਹੀ। ਪਰ ਛੇ ਸਤੰਬਰ ਨੂੰ ਅਸਾਂ ਲਾਹੌਰ ਵੱਲ ਮੂੰਹ ਕੀਤਾ ਤਾਂ ਬਰਤਾਨੀਆ ਦਾ ਵਜ਼ੀਰ ਆਜ਼ਮ ਮਿਸਟਰ ਵਿਲਸਨ ਪਿੱਟ ਉੱਠਿਆ। ਉਹਨੇ ਬਿਆਨ ਜਾਰੀ ਕਰ ਦਿੱਤਾ ਕਿ ਭਾਰਤ ਨੇ ਪਾਕਿਸਤਾਨ ਉੱਤੇ ਹਮਲਾ ਕਰ ਦਿੱਤਾ ਏ।"
"ਓਹਾ ਗੱਲ ਕਿ ਆਪਣੀ ਅੱਖ ਦਾ ਛਤੀਰ ਨਜ਼ਰ ਨਹੀਂ ਔਂਦਾ ਤੇ ਦੂਜੇ ਦਾ ਤੀਲਾ ਦਿਸ ਪੈਂਦਾ ਏ।"
"ਹੌਲਦਾਰ ਸਾਹਬ।" ਕਾਮਰੇਡ ਨੇ ਹੌਲਦਾਰ ਬੋਲਾ ਸਿੰਘ ਵੱਲ ਤਕਦਿਆਂ ਕਿਹਾ, "ਇਸ ਦਾ ਅਰਥ ਹੈ, ਪਾਕਿਸਤਾਨ ਨੂੰ ਨਾਜਾਇਜ਼ ਹੱਲਾਸ਼ੇਰੀ ਦੇਣਾ ਕਿ ਕਿਤੇ ਉਹ ਲੜਾਈ ਤੋ ਭੈੜਾ ਨਾ ਪੈ ਜਾਵੇ। ਪਰ ਯਾਦ ਰੱਖੋ ਇਹ ਲੜਾਈ ਨੂੰ ਹਵਾ ਦੇਣ ਵਾਲੇ ਸ਼ਰਾਰਤੀ, ਕਿਸੇ ਦੇ ਵੀ ਮਿੱਤਰ ਨਹੀਂ ਹੁੰਦੇ। ਇਹ ਤਾਂ ਦੋਹਾਂ ਨੂੰ ਡਾਹ ਕੇ ਮਰਵਾਉਣਾ ਚਾਹੁੰਦੇ ਹਨ। ਚੀਨ ਵਾਂਗ ਦੂਜੇ ਪਾਸੇ ਇੰਡੋਨੇਸ਼ੀਆ ਲਲਕਾਰੇ ਮਾਰ
ਰਿਹਾ ਹੈ ਕਿ ਪਾਕਿਸਤਾਨ ਦੀ ਮਦਦ ਕਰਾਂਗਾ।"
"ਆ ਜੇ ਉਹ ਵੀ ਲੈ ਲਏ ਛਾਂਦਾ।" ਬੇਲਾ ਸਿੰਘ ਨੇ ਵਿਅੰਗ ਨਾਲ ਕਿਹਾ।
"ਆਉਣਾ ਕਿਸੇ ਵੀ ਨਹੀਂ। ਨਾ ਚੀਨ, ਨਾ ਇੰਡੋਨੇਸ਼ੀਆ। ਪਿਆਰਾ ਸੁੰਹ ਗੇਂਦਾ ਹੁੰਦਾ ਏ ਨਾ : ਭੇਖੀ ਮਿੱਤ ਨਾ ਬਹੁੜਦੇ ਜਦ ਹੋਣ ਸਿਰਾਂ 'ਤੇ ਵਾਰ। ਵਜਦੀਆਂ ਵੇਲੇ ਅੱਗੇ ਹੋ ਕੇ ਸਿਰ ਕੋਈ ਨਹੀਂ ਡਾਹੁੰਦਾ। ਸਭ ਪਾਸੇ 'ਤੇ ਖਲੋ ਕੇ ਤੁਣਖੀਆਂ ਦੇਂਦੇ ਹੁੰਦੇ ਨੇ। ਅਸਲ ਵਿੱਚ ਬਰਤਾਨੀਆ, ਚੀਨ, ਇੰਡੋਨੇਸ਼ੀਆ ਆਦਿ ਇਹ ਸਾਰੇ ਮੁਲਕ ਚਾਹੁੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਲੜ ਕੇ ਕਮਜ਼ੋਰ ਹੋ ਜਾਣ। ਸੱਚੇ ਦਿਲੋਂ ਸਮਾਈ ਕਰਾਉਣ ਵਾਲਾ ਇਹਨਾਂ ਵਿਚੋਂ ਕੋਈ ਵੀ ਨਹੀਂ।"
"ਔਂਦਿਆਂ ਰਾਹ ਵਿੱਚ ਦੱਸਦੇ ਸਾਜੇ ਕਿ ਉਹ ਓ ਬਾਂਟ, ਖਵਣੀ ਕੌਣ ਆਇਆ ਹੋਇਆ ਏ ਸੁਲ੍ਹਾ ਕਰੋਣ।" ਅਮਲੀ ਨੇ ਵਿਚੋਂ ਗੱਲ ਟੋਕ ਕੇ ਕਹਿ ਦਿੱਤਾ।
"ਹਾਂ, ਇਤਿਹਾਦੀ ਸਭਾ ਦਾ ਜੈਨਰਲ ਸੈਕਟਰੀ ਓ ਬਾਂਟ ਆਇਆ ਹੋਇਐ। ਪਰ ਮੈਂ ਕਹਾਂਗਾ ਨਿਰਪੱਖ ਉਹ ਵੀ ਨਹੀਂ। ਇਤਿਹਾਦੀ ਸਭਾ ਉੱਤੇ ਪੱਛਮੀ ਦੇਸ਼ਾਂ ਦਾ ਵਧੇਰੇ ਜ਼ੋਰ ਹੈ। ਓ ਬਾਂਟ ਵੀ ਓਹਾ ਬੋਲੀ ਬੋਲਦਾ ਏ ਜੋ ਅਮਰੀਕਾ ਤੇ ਬਰਤਾਨੀਆ ਨੂੰ ਪਸੰਦ ਹੋਵੇ। ਇਤਿਹਾਦੀ ਸਭਾ ਨਿਰਪੱਖ ਹੋ ਕੇ ਸੱਚੇ ਦਿਲੋਂ ਝਗੜਾ ਨਿਬੇੜਨਾ ਚਾਹੇ ਤਾਂ ਉਹ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਆਖੋ। ਇਸ ਵਿੱਚ ਕੋਈ ਲੁਕ-ਲੁਕਾ ਹੀ ਨਹੀਂ ਕਿ ਹਮਲਾ ਪਹਿਲਾਂ ਪਾਕਿਸਤਾਨ ਨੇ ਕੀਤਾ ਹੈ, ਭਾਰਤ ਨੇ ਸਿਰਫ਼ ਸਵੈ- ਰੱਖਿਆ ਵਾਸਤੇ ਜਵਾਬੀ ਹਮਲਾ ਕੀਤਾ ਹੈ। ਅਸੀਂ ਇਸ ਪਾਸੋਂ ਹਮਲਾ ਨਾ ਕਰਦੇ ਤਾਂ ਫੇਰ ਪਾਕਿਸਤਾਨ ਨੂੰ ਰੋਕਿਆ ਨਹੀਂ ਸੀ ਜਾ ਸਕਦਾ। ਲਾਹੌਰ ਉੱਤੇ ਸਾਡਾ ਦਬਾ ਪਿਆ ਏ, ਤਾਂ ਛੰਭ ਵਿਚੋਂ ਉਹ ਪਿੱਛੇ ਹਟਣ ਲੱਗ ਪਏ ਨੇ। ਸੇ ਪਹਿਲਾਂ ਹਮਲਾ ਕਰਨ ਵਾਲੇ ਨੂੰ ਤੇ ਉਸਦੇ ਜਵਾਬ ਵਿੱਚ ਹਮਲਾ ਕਰਨ ਵਾਲੇ ਨੂੰ ਇਕੋ ਪੱਧਰ ਉੱਤੇ ਰੱਖਣਾ ਸਭ ਤੋਂ ਵੱਡੀ ਬੇਇਨਸਾਫੀ ਏ। ਤੇ ਇਹ ਕੁਛ ਕਰ ਰਹੀ ਹੈ ਇਤਿਹਾਦੀ ਸਭਾ। ਆਖੇ : ਤੁਸੀਂ ਦੋਵੇਂ ਇਕੋ ਜਿਹੇ ਹੋ। ਤੁਸੀਂ ਦੋਵੇਂ ਲੜਾਈ ਬੰਦ ਕਰ ਦਿਹੋ ਤੇ ਸਦਰ ਅਯੂਬ ਲੜਾਈ ਬੰਦ ਕਰਨ ਵਾਸਤੇ ਅੱਗੋਂ ਇਉਂ ਸ਼ਰਤਾਂ ਪੇਸ਼ ਕਰ ਰਿਹਾ ਏ ਜਿਵੇਂ ਉਹ ਜਿੱਤਿਆ ਹੋਇਆ ਹੋਵੇ।"
"ਹੂੰਹ। ਭਾਰਤੀ ਜਵਾਨਾਂ ਨੂੰ ਜਿੱਤ ਲੈਣਾ ਕਿਤੇ ਖਾਲਾ ਜੀ ਦਾ ਵਾੜਾ ਏ ? ਐਸ ਮੋਰਚੇ 'ਤੇ ਤਾਂ ਮੂੰਹ ਭੁਆ ਦਿੱਤੇ ਨੇ, ਬਾਕੀ ਥਾਵਾਂ ਦਾ ਸਾਨੂੰ ਪਤਾ ਨਹੀਂ।" ਬੋਲਾ ਸਿੰਘ ਨੇ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ।
"ਹੌਲਦਾਰ ਸਾਹਿਬ। ਤੁਹਾਡੀ ਬਹਾਦਰੀ ਹਰ ਪੱਖ ਤੋਂ ਸਲਾਹੁਣ ਯੋਗ ਏ। ਜੋ ਕੁਛ ਸਾਡੇ ਬਹਾਦਰਾਂ ਨੇ ਏਥੇ ਕਰ ਵਿਖਾਇਆ ਏ, ਕਰਾਮਾਤ ਤੋਂ ਘੱਟ ਨਹੀਂ। ਪਰ ਤੁਸੀਂ ਸੁਣ ਕੇ ਖ਼ੁਸ਼ ਹੋਵੋਗੇ ਕਿ ਘੱਟ ਸਾਡੇ ਜਵਾਨਾਂ ਨੇ ਕਿਸੇ ਮੋਰਚੇ 'ਤੇ ਵੀ ਨਹੀਂ ਕੀਤੀ।"
"ਮੈਂ ਆਹਨਾਂ ਸੂਰਮਿਆਂ ਨੇ ਅਖ਼ੀਰ ਕਰ ਦਿੱਤੀ ਏ ਕਿ। " ਅਮਲੀ ਸੁੰਦਰ ਸਿੰਘ ਨੇ ਕਾਮਰੇਡ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ।
"ਲੈ ਮੈਂ ਤੁਹਾਨੂੰ ਇਕ ਦੋ ਅਨੋਖੀਆਂ ਕੁਰਬਾਨੀਆਂ ਦੀ ਗੱਲ ਸੁਣਦਾਂ। ਸਾਡੇ ਹਵਾਈ ਜਹਾਜ਼ ਸਰਗੋਧੇ ਹਵਾਈ ਅੱਡੇ ਤੇ ਬੰਬਾਰੀ ਕਰਨ ਜਾਂਦੇ ਸਨ, ਪਰ ਖ਼ਾਲੀ ਮੁੜ ਆਉਂਦੇ ਸਨ। ਇਹਨਾਂ ਦੇ ਪੁੱਜਣ ਤੋਂ ਪਹਿਲਾਂ ਹੀ ਪਾਕਿਸਤਾਨੀ ਫ਼ੌਜਾਂ ਅਸਮਾਨੀ ਫਾਇਰ ਸ਼ੁਰੂ ਕਰ ਦੇਂਦੀਆਂ ਸਨ।"
"ਉਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਸੀ ?" ਕਰਮ ਸਿੰਘ ਭਾਊ ਨੇ ਫਾਹ ਸਵਾਲ ਕੱਢ ਮਾਰਿਆ। ਉਹ ਕਦੇ ਦਾ ਉੱਗਰੀ ਖਲਾ ਸੀ।
"ਇਕ ਜੰਤਰ ਹੁੰਦਾ ਏ, ਇਸ ਨੂੰ 'ਰਾਡਾਰ' ਕਹਿੰਦੇ ਹਨ। ਮਸ਼ੀਨ ਸਮਝ ਲੈ। ਦੂਰ ਤੱਕ ਅਸਮਾਨ ਵਿੱਚ ਉਡਦੀ ਚੀਜ਼ ਉਹਦੇ ਵਿੱਚ ਦਿੱਸ ਪੈਂਦੀ ਹੈ। ਗੁੱਜਰਾਂਵਾਲੇ ਤੋਂ ਦਸ ਕੁ ਮੀਲ ਪਰਲੇ ਪਾਸੇ ਪਾਕਿਸਤਾਨ ਦਾ ਰਾਡਾਰ ਸਿਸਟਮ ਸੀ। ਸਾਡੇ ਹਵਾਈ ਜਹਾਜ਼ ਅੱਡਿਆਂ ਤੋਂ ਉਡਦੇ ਸਨ ਤਾਂ ਉਸ ਰਾਡਾਰ ਕਰ ਕੇ ਦੁਸ਼ਮਣ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ। ਉਹ ਖ਼ਬਰਦਾਰ ਹੋ ਜਾਂਦੇ ਸਨ। ਸਾਡਾ ਦਾਅ ਨਹੀਂ ਸੀ ਲੱਗਦਾ। ਬੰਬਾਰੀ ਕਰਨ ਵਾਸਤੇ ਘੱਟ ਤੋਂ ਘੱਟ ਚਾਰ ਜਹਾਜ਼ ਇਕੱਠੇ ਉਡਦੇ ਨੇ ਜਿਸ ਨੂੰ ਇਕ ਸਕੁਆਰਡਨ ਕਹਿੰਦੇ ਹਨ। ਸਾਡੇ ਜਹਾਜ਼ ਸਰਗੋਧੇ ਵੱਲੋਂ ਵਾਪਸ ਮੁੜੇ ਆ ਰਹੇ ਸਨ ਜਾਂ ਇਕ ਹਵਾਬਾਜ਼ ਦੀ ਨਿਗ੍ਹਾ ਉਸ ਰਾਡਾਰ 'ਤੇ ਪੈ ਗਈ। ਉਸ ਦੀ ਸੂਹ ਸਾਨੂੰ ਪਹਿਲਾਂ ਹੀ ਲੱਗ ਚੁੱਕੀ ਸੀ। ਉਹਨੇ ਉਥੋਂ ਹੀ ਆਪਣਾ ਜਹਾਜ਼ ਵਾਪਸ ਮੋੜ ਕੇ ਰਾਡਾਰ ਵਲ ਸਿੱਧਾ ਕਰ ਦਿੱਤਾ। ਉਹ ਚਾਹੁੰਦਾ ਤਾਂ ਆਪ ਛਤਰੀ ਰਾਹੀਂ ਛਾਲ ਮਾਰ ਕੇ ਜਾਨ ਬਚਾ ਸਕਦਾ ਸੀ। ਪਰ ਉਸ ਸੋਚਿਆ ਜੇ ਇਸ ਤਰ੍ਹਾਂ ਜਹਾਜ਼ ਟਿਕਾਣੇ 'ਤੇ ਨਾ ਵੱਜਾ ਤਾਂ। ਮੁੱਕਦੀ ਗੱਲ, ਜਾਨ ਦੀ ਪਰਵਾਹ ਨਾ ਕਰਦਾ ਹੋਇਆ, ਉਹ ਆਪਣੀ ਸੀਟ 'ਤੇ ਡਟਿਆ ਰਿਹਾ। ਜਹਾਜ਼ ਰਾਡਾਰ ਦੇ ਵਿੱਚ ਵੱਜਾ। ਪਾਕਿਸਤਾਨ ਦਾ ਰਾਡਾਰ ਤਬਾਹ ਹੋ ਗਿਆ। ਸਾਡਾ ਜਹਾਜ਼ ਵੀ ਸੜ ਗਿਆ ਤੇ ਉਹ ਯੋਧਾ ਵੀ ਜਹਾਜ਼ ਦੇ ਵਿੱਚ ਸਤੀ ਹੋ ਗਿਆ।"
"ਵਾਹ ਸ਼ੇਰਾ।.... ਧੰਨ ਜਨਮ ਏ।" ਇਕੋ ਵਾਰ ਕਈ 'ਵਾਜ਼ਾਂ ਆਈਆਂ।
"ਜਿਸ ਜਪਾਨੀ ਯੋਧੇ ਨੇ ਸਿੰਘਾਪੁਰ ਦੇ ਪਾਣੀਆਂ ਵਿਚ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਜਹਾਜ਼ 'ਪ੍ਰਿੰਸ ਆਫ਼ ਵੇਲਜ਼ ਡੋਬਿਆ ਸੀ, ਉਸਨੂੰ ਦੂਸਰੇ ਸੰਸਾਰ ਯੁੱਧ ਦਾ ਸਭ ਤੋਂ ਵੱਡਾ 'ਬਹਾਦਰ' ਮੰਨਿਆ ਜਾਂਦਾ ਏ। ਮਾਰੂ ਬੰਬ ਲੈ ਕੇ ਉਹਨੇ ਜਹਾਜ਼ ਦੀ ਚਿਮਨੀ ਵਿੱਚ ਛਾਲ ਮਾਰੀ ਸੀ। ਆਪ ਸੜ ਗਿਆ ਸੀ ਉਹ ਤੇ ਜਹਾਜ਼ ਨੂੰ ਸਮੁੰਦਰ ਵਿੱਚ ਗਰਕ ਕਰ ਗਿਆ ਸੀ। ਏਸ ਕੰਮ ਵਾਸਤੇ ਤੁਰਨ ਤੋਂ ਪਹਿਲਾਂ ਜਾਪਾਨ ਸਰਕਾਰ ਨੇ
ਉਹਨੂੰ ਸਭ ਤੋਂ ਵੱਡਾ 'ਸਨਮਾਨ' ਦਿੱਤਾ ਸੀ ਤੇ ਉਹਦੇ ਪਰਿਵਾਰ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਕੌਮ ਨੇ ਆਪਣੇ ਸਿਰ ਲੈ ਲਈ ਸੀ। ਪਰ ਅਫਸੋਸ! ਸਾਡੀ ਸਰਕਾਰ ਨੇ ਇਹ ਰਾਡਾਰ ਉਡਾਉਣ ਵਾਲੇ ਯੋਧੇ ਦਾ ਅਜੇ ਨਾਂ ਤੱਕ ਨਹੀਂ ਦੱਸਿਆ।"
"ਉਇ, ਉਹਦਾ ਤਾਂ ਸਮਾਰਕ-ਕੀ ਆਹੰਦੇ ਹੁੰਦੇ ਜੇ-ਯਾਦਗਾਰ ਬਨੌਣੀ ਚਾਹੀਦੀ ਏ। ਤੇ ਸਰਕਾਰ ਅਜੇ ਨਾਂ ਵੀ ਨਹੀਂ ਦੱਸਦੀ?" ਅਮਲੀ ਨੇ ਕੁਝ ਰੋਸ ਵਜੋਂ ਕਿਹਾ।
"ਇਹ ਘਟਨਾ ਸੱਤ ਸਤੰਬਰ ਦੀ ਏ। ਅਗਲੇ ਦਿਨ ਦੀ ਸਾਡੇ ਜਹਾਜ਼ਾਂ ਨੇ ਬੰਬਾਰੀ ਕਰਕੇ ਸਰਗੋਧੇ ਦਾ ਅੱਡਾ ਉਡਾ ਦਿੱਤਾ। ਉਹ ਦੁਨੀਆ ਦੇ ਬਹੁਤ ਵੱਡਿਆਂ ਅੱਡਿਆਂ ਵਿਚੋਂ ਇਕ ਏ।"
"ਬਾਊ ਫੇਰ ਤਾਂ ਸਾਡੇ ਜੁਆਨਾਂ ਨੇ ਸੁੱਤੇ ਪਏ ਕਬੂਤਰਾਂ ਨੂੰ ਜਾ ਦੱਬਿਆ ਹੋਊ। ਅਸ਼ਕੇ ਆਖੋ ਓਸ ਮਰਦ ਦੇ ਜਿਹੜਾ ਆਪਣੀ ਜਾਨ ਵਾਰ ਕੇ ਮਰੇ....।" ਕਰਮ ਸਿੰਘ ਭਾਊ ਨੇ ਆਦਤ ਅਨੁਸਾਰ ਵਾਕ ਅਧੂਰਾ ਛੱਡ ਦਿੱਤਾ।
"ਹੋਰ ਸੁਣੋ ਦੂਸਰਾ ਸੂਰਮਾ ਨਾਇਕ ਮਹਿੰਦਰ ਸਿੰਘ। ਸੱਤ ਸਤੰਬਰ ਨੂੰ ਪਾਕਿਸਤਾਨੀ ਟੈਂਕ ਡੇਹਰਾ ਬਾਬਾ ਨਾਨਕ ਵੱਲੋਂ ਹਮਲਾ ਕਰਨ ਵਾਸਤੇ ਵਧੇ। ਇਹ ਹਮਲਾ ਬਹੁਤ ਖ਼ਤਰਨਾਕ ਸੀ। ਸਾਡਾ ਵਧੇਰੇ ਜ਼ੋਰ ਸਿਆਲਕੋਟ ਤੇ ਲਾਹੌਰ ਉੱਤੇ ਸੀ। ਪਾਕਿਸਤਾਨੀ ਡੇਹਰਾ ਬਾਬਾ ਨਾਨਕ ਤੋਂ ਵੱਧ ਕੇ ਸਿੱਧਾ ਅੰਮ੍ਰਿਤਸਰ ਤੇ ਬਿਆਸ ਉੱਤੇ ਪੈਣਾ ਚਾਹੁੰਦੇ ਸਨ। ਓਸ ਮੋਰਚੇ 'ਤੇ ਸਾਡੀ ਫ਼ੌਜ ਵੀ ਥੋੜੀ ਸੀ। ਹਮਲਾ ਕਰਨ ਵਾਲੀ ਪਾਕਿਸਤਾਨੀ ਸਾਰੀ ਫ਼ੌਜ ਉਥੋਂ ਕਾਫ਼ੀ ਟੱਪ ਔਂਦੀ, ਤਾਂ ਸਾਡਾ ਬਹੁਤ ਨੁਕਸਾਨ ਹੋ ਜਾਣਾ ਸੀ। ਪੁਲ ਉੱਤੇ ਟੈਂਕਾਂ ਦੀ ਪਾਲ ਚਲੀ ਆ ਰਹੀ ਸੀ। ਅਜੇ ਪਹਿਲਾ ਟੈਂਕ ਹੀ ਪੁਲ ਦੇ ਉਰਲੇ ਸਿਰੇ 'ਤੇ ਪੁੱਜਾ ਸੀ। ਪੁਲ ਦੀ ਰੱਖਿਆ ਵਾਸਤੇ ਮੋਰਚਾ ਮੱਲੀ ਬੈਠਾ ਸੀ ਨਾਇਕ ਮਹਿੰਦਰ ਸਿੰਘ। ਵੈਰੀ ਦਾ ਟੈਂਕ ਬਰਾਬਰ 'ਤੇ ਆਇਆ, ਤਾਂ ਸੂਰਮਾ ਮਹਿੰਦਰ ਸਿੰਘ ਮਗਰਲੇ ਪਾਸੇ ਦੀ ਮਾਰ ਕੇ ਛਾਲ ਟੈਂਕ ਉੱਤੇ ਚੜ੍ਹ ਗਿਆ। ਹੈਂਡ ਗਰਨੇਡ ਦੀ ਪਿੱਠ ਖੋਲ੍ਹ ਕੇ ਉਹਨੇ ਟੈਂਕ ਦੇ ਉਪਰਲੇ ਪਾਸਿਓਂ ਕਾਰਪਿੱਟ (ਗੱਦੀ) ਵਿੱਚ ਹੱਥ ਲਮਕਾ ਦਿੱਤਾ। ਪਿੰਨ ਖੁਹਲਣ ਪਿੱਛੋਂ ਤਕਰੀਬਨ ਚਾਰ ਸੈਕੰਡ ਬਾਅਦ ਗਰਨੇਡ ਚਲਦਾ ਏ। ਮਹਿੰਦਰ ਸਿੰਘ ਨੇ ਗਰਨੇਡ ਹੱਥੋਂ ਏਸ ਵਾਸਤੇ ਨਾ ਛੱਡਿਆ, ਕਿ ਉਸਦੇ ਫਟਣ ਤੋਂ ਪਹਿਲਾਂ ਹੀ ਦੁਸ਼ਮਣ ਗਰਨੇਡ ਚੁੱਕ ਕੇ ਬਾਹਰ ਨਾ ਸੁੱਟ ਦੇਵੇ। ਨਤੀਜਾ ਇਹ ਨਿਕਲਿਆ, ਕਿ ਗਰਨੇਡ ਫਟਣ ਨਾਲ ਮਹਿੰਦਰ ਸਿੰਘ ਦਾ ਹੱਥ ਉੱਡ ਗਿਆ, ਪਰ ਟੈਂਕ ਵਿਚਲੇ ਸਾਰੇ ਕਦੇ ਵੀ ਨਾ ਉੱਠ ਸਕੇ। ਉਹ ਟੈਂਕ ਖ਼ਰਾਬ ਹੋ ਕੇ ਖਲੋ ਗਿਆ, ਤੇ ਪਿਛਲੇ ਟੈਂਕਾਂ ਨੂੰ ਵੀ ਅਟਕਾ ਪੈ ਗਿਆ। ਏਨੇ ਚਿਰ ਨੂੰ ਸਾਡੇ ਹਵਾਈ ਜਹਾਜ਼ ਅਪੜ ਪਏ। ਦੁਸ਼ਮਣ ਨੂੰ
ਮਾਰ ਖਾ ਕੇ ਪਿੱਛੇ ਹਟਣਾ ਪਿਆ। ਜਾਂਦਾ ਹੋਇਆ ਦੁਸ਼ਮਣ ਡੇਹਰਾ ਬਾਬਾ ਨਾਨਕ ਵਾਲਾ ਪੁਲ ਉਡਾ ਗਿਆ। ਸੋ ਹੁਣ ਤੱਕ ਦੀ ਹੋਈ ਲੜਾਈ ਵਿੱਚ ਜਿੱਤ ਦਾ ਸੋਹਰਾ ਮੈਂ ਇਨ੍ਹਾਂ ਦੋਹਾਂ ਸੂਰਮਿਆਂ ਸਿਰ ਸਮਝਦਾ ਹਾਂ, ਇਕ ਨਾਇਕ ਮਹਿੰਦਰ ਸਿੰਘ ਤੇ ਦੂਸਰਾ ਉਹ ਰਾਡਾਰ ਉਡਾਉਣ ਵਾਲਾ ਯੋਧਾ।"
"ਠੀਕ ਏ। ਉਹਨਾਂ ਦੀ ਕੁਰਬਾਨੀ ਬੇ-ਮਿਸਾਲ ਹੈ। ਪਰ ਕਾਮਰੇਡ ਸਾਹਿਬ। ਘਟ ਸਾਡੇ ਜਵਾਨਾਂ ਵੀ ਨਹੀਂ ਕੀਤੀ। ਹਿੱਕ ਵਿੱਚ ਗੋਲੀਆਂ ਖਾ ਕੇ ਵੀ ਉਹ ਲਕਾਰੇ ਮਾਰਦੇ ਅਗਾਂ ਈ ਵਧਦੇ ਰਹੇ ਨੇ। ਇਹਨਾਂ ਦੀ ਬਹਾਦਰੀ ਦਾ ਸਬੂਤ ਅਹੁ ਵੇਖੋ, ਈਚੋਗਿਲ ਨਹਿਰ ਉੱਤੇ ਝੂਲਦਾ ਤਿੰਨ ਰੰਗਾ।" ਹੌਲਦਾਰ ਬੇਲਾ ਸਿੰਘ ਨੂੰ ਆਪਣੇ ਜਵਾਨਾਂ ਦੀ ਕੁਰਬਾਨੀ ਉੱਤੇ ਵੀ ਮਾਣ ਸੀ।
"ਕੁਰਬਾਨੀ ਵੱਲੋਂ, ਹੌਲਦਾਰ ਸਾਹਬ। ਕਿਸੇ ਵੀ ਘੱਟ ਨਹੀਂ ਕੀਤੀ। ਲੈਫਟੀਨੈਂਟ ਕਰਨਲ ਖੰਨੇ ਦੀ ਕਹਾਣੀ ਸੁਣੀ ਜੇ ਨਾ ?" ਕਾਮਰੇਡ ਦੇ ਦਿਲ ਵਿੱਚ ਸਾਰੇ ਬਹਾਦਰਾਂ ਵਾਸਤੇ ਬਰਾਬਰ ਦਾ ਸਤਿਕਾਰ ਸੀ।
"ਐਵੇਂ ਉਡਦੀ ਉਡਦੀ। ਵੇਰਵੇ ਨਾਲ ਦੱਸੋ ਜ਼ਰਾ।" ਨਾਇਕ ਸੂਬੇਦਾਰ ਰਾਮ ਚੰਦ ਨੇ ਉਤਸੁਕਤਾ ਨਾਲ ਪੁੱਛਿਆ।
"ਮੋਰਚੇ 'ਤੇ ਲੜ ਰਹੇ ਜੁਆਨਾਂ ਕੋਲ ਦੂਜਿਆਂ ਦੀਆਂ ਗੱਲਾਂ ਸੁਣਨ ਦਾ ਸਮਾਂ ਹੀ ਕਿੱਥੇ ਹੁੰਦਾ ਏ। ਆਹ ਤੀਜੇ ਦਿਨ ਪਿੱਛੋਂ ਮੁੰਡਿਆਂ ਨੂੰ ਦੋ ਘੜੀਆਂ ਬੈਠਣ ਦਾ ਵਕਤ ਮਿਲਿਆ ਏ।" ਸੂਰਮਿਆਂ ਨੂੰ ਸੂਰਮਿਆਂ ਦੀਆਂ ਗੱਲਾਂ ਹੀ ਚੰਗੀਆਂ ਲੱਗਦੀਆਂ ਹਨ।
"ਹਾਜੀ-ਪੀਰ ਦੱਰਰੇ ਦੇ ਇਕ ਪਾਸੇ ਉੜੀ ਏ, ਇਕ ਪਾਸੇ ਪੁਣਛ। ਉੜੀ ਵਾਲੇ ਪਾਸਿਓਂ ਮੇਜਰ ਰਣਜੀਤ ਸਿੰਘ ਡਿਆਲ ਨੇ ਹਮਲਾ ਕਰਕੇ ਹਾਜੀ ਪੀਰ ਦੇ ਸਿਰ ਉੱਤੇ ਝੰਡਾ ਜਾ ਗੱਡਿਆ ਸੀ। ਪੁਣਛ ਵਾਲੇ ਪਾਸਿਓ ਲੈਫਟੀਨੈਂਟ ਕਰਨਲ ਐੱਨ.ਐੱਨ. ਖੰਨਾ ਅੱਗੇ ਵਧਿਆ। ਉਹਨੇ 'ਰਾਜਾ ਪਹਾੜੀ' ਉੱਤੇ ਕਬਜ਼ਾ ਕਰਨਾ ਸੀ। ਰਾਜਾ ਪਹਾੜੀ ਉੱਤੇ ਦੁਸ਼ਮਣ ਨੇ ਬੜੇ ਪੱਕੇ ਮੋਰਚੇ ਬਣਾਏ ਹੋਏ ਸਨ। ਏਸੇ ਤਰ੍ਹਾਂ ਬਰਕੀ ਵਾਂਗ ਸੀਮਿੰਟ ਦੇ ਪੱਕੇ ਬੱਕਰ। ਉਹ ਅੱਗੋਂ ਮਸ਼ੀਨ ਗੰਨਾਂ ਨਾਲ ਗੋਲੀਆਂ ਦਾ ਮੀਂਹ ਵਰ੍ਹਾ ਰਹੇ ਸਨ। ਖੰਨਾ ਸਾਹਿਬ ਨੇ ਆਪਣੀ ਬਟਾਲੀਅਨ ਨਾਲ ਇਕ ਸ਼ੇਰਵਾਈ ਹੱਲਾ ਬੋਲਿਆ। ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਸੂਰਮੇ ਅੱਗੇ ਵਧਦੇ ਗਏ।"
"ਦੁਸ਼ਮਣ ਦੀਆਂ ਗੋਲੀਆਂ ਦੀ ਤਾਂ ਸਾਡੇ ਜਵਾਨ ਪਰਵਾਹ ਈ ਨਹੀਂ ਕਰਦੇ। ਇਉਂ ਸਮਝਦੇ ਨੇ, ਜਿਵੇਂ ਭਾਬੀਆਂ ਰੋੜ ਮਾਰਦੀਆਂ ਹੋਣ।" ਹੌਲਦਾਰ ਬੇਲਾ ਸਿੰਘ ਨੇ ਜਵਾਨਾਂ ਦੀ ਤਾਰੀਫ਼ ਕਰਦਿਆਂ ਕਿਹਾ।
"ਵਾਹ ਬਾਬਾ। ਸੁਆਦ ਕਰ ਦਿੱਤਾ ਈ। ਭਾਬੀਆਂ ਜਾਂ ਸਾਲੀਆਂ।" ਗੱਜਣ
ਸਿੰਘ ਨੂੰ ਉਸ ਵੇਲੇ ਸੌਹਰੇ ਪਿੰਡ ਮਾਣੇ ਹੋਏ ਤੀਆਂ ਦੇ ਦਿਨ ਯਾਦ ਆ ਗਏ।
“ਸਾਰੀ ਰਾਤ ਉਹ ਬਟਾਲੀਅਨ ਅੱਗੇ ਵਧਦੀ ਗਈ। ਕਰਨਲ ਖੰਨੇ ਦੇ ਮਾਤਹਿਤ ਸੈਕੰਡ ਸਿੱਖ ਰਜਮੈਂਟ ਸੀ। ਉਹਨੇ ਗਭਰੂਆਂ ਨੂੰ ਲਲਕਾਰ ਕੇ ਕਿਹਾ, ਮੇਰੇ ਬਹਾਦਰ ਜਵਾਨੋ। ਹੁਣ ਗੁਰੂ ਮਹਾਰਾਜ ਦਾ ਦੱਸਿਆ ਉਹ ਸ਼ਬਦ ਪੜ੍ਹਦੇ ਹੋਏ ਅੱਗੇ ਵਧ ਜਿਸਦੇ ਪੜ੍ਹਨ ਨਾਲ ਸਿੱਖ ਕਦੇ ਹਾਰਦਾ ਨਹੀਂ। ਤੇ ਮੈਂ ਤੁਹਾਡੇ ਨਾਲ ਹਾਂ। ਭਾਰਤੀ ਫ਼ੌਜ ਦੇ ਅਫ਼ਸਰ ਜਾਨ ਬਚਾਉਣ ਵਾਸਤੇ ਪਿੱਛੇ ਨਹੀਂ ਰਹਿਣਗੇ।" ਏਸੇ ਵੇਲੇ ਖੰਨੇ ਦੀ ਖੱਬੀ ਬਾਂਹ ਵਿੱਚ ਗੋਲੀ ਆ ਲੱਗੀ। ਖੰਨੇ ਨੇ ਕਿਹਾ, "ਕੋਈ ਗੱਲ ਨਹੀਂ। ਗਰਨੇਡ ਸੁੱਟਣ ਵਾਸਤੇ ਅਜੇ ਮੇਰੀ ਸੱਜੀ ਬਾਂਹ ਠੀਕ ਹੈ।" ਇਹ ਸੁਣ ਕੇ ਜਵਾਨਾਂ ਨੂੰ ਜੋਸ਼ ਆ ਗਿਆ। ਉਥੋਂ ਦੂਣੇ ਗੁੱਸੇ ਨਾਲ ਅੱਗੇ ਵਧੇ। ਉਸ ਵੇਲੇ ਦੁਸ਼ਮਣ ਦੀ ਚੌਂਕੀ ਸਿਰਫ਼ ਵੀਹ ਗਜ਼ ਦੂਰ ਰਹਿ ਗਈ ਸੀ। ਫਿਰ ਖੰਨੇ ਦੇ ਸੱਜੇ ਮੋਢੇ ਤੇ ਅਖ਼ੀਰ ਪੇਟ ਵਿੱਚ ਗੋਲੀਆਂ ਆ ਲੱਗੀਆਂ। ਡਿੱਗਣ ਲੱਗਿਆਂ ਵੀ ਖੰਨੇ ਦੇ ਮੂੰਹੋਂ ਏਹਾ ਸ਼ਬਦ ਨਿਕਲੇ 'ਬਹਾਦਰੋ। ਰਾਜਾ ਪਹਾੜੀ ਫਤਹਿ ਕੀਤੇ ਬਿਨਾਂ ਨਹੀਂ ਰੁਕਣਾ। ਜਿਸ ਫ਼ੌਜ ਦੇ ਅਫ਼ਸਰ ਏਸ ਤਰ੍ਹਾਂ ਛਾਤੀ ਡਾਹ ਕੇ ਲੜਨ ਤੇ ਵਧ ਚੜ੍ਹ ਕੇ ਕੁਰਬਾਨੀਆਂ ਕਰਨ, ਉਹ ਫ਼ੌਜ ਕੁਰਬਾਨੀ ਤੋਂ ਕਦੋਂ ਝਿਜਕਦੀ ਏ। ਅੱਠ ਸਤੰਬਰ ਨੂੰ ਭਾਰਤੀ ਫ਼ੌਜਾਂ ਨੇ ਰਾਜਾ ਪਹਾੜੀ ਉੱਤੇ ਤਿੰਨ-ਰੰਗਾ ਝੰਡਾ ਝੁਲਾ ਦਿੱਤਾ।"
"ਬਾਵਾ, ਯੋਧਿਓ।" ਇਕ ਵਾਰ ਕਈ 'ਵਾਜ਼ਾਂ ਆਈਆਂ।
"ਖੰਨਾ ਅੰਤਮ ਸਵਾਸਾਂ 'ਤੇ ਪਿਆ ਸੀ, ਜਾਂ ਉਹਨੂੰ ਰਾਜਾ ਪਹਾੜੀ ਦੀ ਫਤਹਿ ਦੀ ਖ਼ਬਰ ਮਿਲੀ। ਉਸ ਵੇਲੇ ਵੀ ਉਹਦਾ ਚਿਹਰਾ ਇਕ ਵਾਰ ਜੋਸ਼ ਨਾਲ ਲਾਲ ਹੋ ਗਿਆ। ਆਖ਼ਰੀ ਵਾਕ ਉਹਦੇ ਮੂੰਹੋਂ ਨਿਕਲਿਆ, 'ਮੇਰੇ ਵੱਲੋਂ ਜਵਾਨਾਂ ਨੂੰ ਫਤਹਿ ਬੁਲਾਉਣੀ ਤੇ ਸ਼ਾਬਾਸ਼ ਕਹਿਣਾ। ਇਉਂ ਸੂਰਮਿਆਂ ਵਾਂਗ ਸ਼ਹੀਦੀ ਪ੍ਰਾਪਤ ਕੀਤੀ ਕਰਨਲ ਖੰਨਾ ਸਾਹਿਬ ਨੇ।"
"ਸੁਆਦ ਵੀ ਏਸੇ ਤਰ੍ਹਾਂ ਏ। ਦੇਸ਼ ਦੀ ਖ਼ਾਤਰ ਲੜਨਾ, ਤੇ ਫੇਰ ਮਰਨੋਂ ਕੀ ਡਰਨਾ।" ਬੇਲਾ ਸਿੰਘ ਨੇ ਜੋਸ਼ ਵਿੱਚ ਸਿਰ ਹਿਲਾਉਂਦਿਆਂ ਕਿਹਾ।
"ਹੁਣ ਸਿਆਲਕੋਟ ਦੀ ਗੱਲ ਦੱਸੋ ਕੁਛ।" ਨਾਇਬ ਸੂਬੇਦਾਰ ਰਾਮ ਚੰਦ ਨੇ ਨਵਾਂ ਪ੍ਰਸੰਗ ਛੇੜ ਦਿੱਤਾ। ਅਸਲ ਵਿੱਚ ਉਹ ਸਾਰੇ ਮੁਹਾਜ਼ਾਂ ਬਾਰੇ ਸੁਣਨਾ ਚਾਹੁੰਦਾ ਸੀ।
"ਗੱਲਾਂ ਤਾਂ ਬਹੁਤ ਹਨ, ਪਰ ਹੁਣ ਮੈਂ ਥੋੜੇ ਵਿੱਚ ਈ ਦੱਸ ਦੇਂਦਾਂ।"
"ਕਿਉਂ ਵਾਪਸ ਮੁੜਨ ਦੀ ਕਾਹਲੀ ਏ ? ਸਗੋਂ ਡਰ ਲੱਗਦਾ ਏ ਏਥੇ ਵੈਰੀ ਦੀਆਂ ਗੋਲੀਆਂ ਦਾ ?" ਰਾਮ ਚੰਦ ਨੇ ਹਾਸੇ ਨਾਲ ਕਿਹਾ।
"ਡਰ ਤਾਂ ਪੰਜਾਬੀਆਂ ਦੇ ਸੁਭਾਅ ਵਿੱਚ ਈ ਨਹੀਂ ਹੁੰਦਾ। ਡਰ ਹੁੰਦਾ ਤਾਂ
ਐਥੋਂ ਤੱਕ ਕਿਵੇਂ ਪਹੁੰਚ ਪੈਂਦੇ। ਅਫ਼ਸੋਸ ਏ, ਕਿ ਛੇ ਤੇ ਸੱਤ ਨੂੰ ਅਸੀਂ ਤੁਹਾਡੇ ਮਗਰ ਨਹੀਂ ਪਹੁੰਚ ਸਕੇ। ਅੱਜ ਤੋਂ ਅਸਾਂ ਪ੍ਰਬੰਧ ਕਰ ਲਿਆ ਏ। ਦੁੱਧ, ਚਾਹ, ਪੱਕੇ ਹੋਏ ਪਰੌਂਠੇ, ਭੁੱਜੇ ਦਾਣੇ, ਤੇ ਹੋਰ ਜੋ ਕੁਝ ਲੋਕਾਂ ਵਲੋਂ ਸ਼ਰਧਾ ਨਾਲ ਮਿਲਦਾ ਏ, ਸਾਡੇ ਬੰਦੇ ਹੁਡਿਆਰੇ ਤੱਕ ਪੁਚਾ ਕੇ ਜਾਂਦੇ ਨੇ। ਇਕ ਅਸੀਂ ਹੀ ਨਹੀਂ, ਵਾਘੇ ਵੱਲ ਵੀ ਲੋਕ ਏਸੇ ਤਰ੍ਹਾਂ ਖਾਣ ਵਾਲੀਆਂ ਚੀਜ਼ਾਂ ਅਗਲੇ ਮੋਰਚਿਆਂ ਤੱਕ ਪੁਚਾ ਰਹੇ ਨੇ। ਇਹ ਤੁਸਾਂ ਸੁਣ ਈ ਲਿਆ ਹੋਵੇਗਾ, ਕਿ ਦੁਸ਼ਮਣ ਦਾ ਲਾਹੌਰ ਵਾਲਾ ਰੇਡੀਓ ਸਟੇਸ਼ਨ ਬੰਦ ਹੋ ਗਿਆ ਏ।" ਕਾਮਰੇਡ ਨੇ ਸਾਰੇ ਸਰੋਤਿਆਂ ਵੱਲ ਤਕਦਿਆਂ ਕਿਹਾ।
"ਏਥੇ ਤਾਂ ਅਫਵਾਹ ਏ, ਕਿ ਸਾਡੀਆਂ ਫ਼ੌਜਾਂ ਵਾਘੋ ਵੱਲੋਂ ਈਚੋਗਿਲ ਨੀਹਰ ਵੀ ਟੱਪ ਗਈਆਂ ਨੇ।" ਗੱਜਣ ਸਿੰਘ ਨੇ ਤਸਦੀਕ ਕਰਨ ਵਾਸਤੇ ਪੁੱਛਿਆ।
"ਜਾਪਦਾ ਏ, ਸਾਡੀ ਸਰਕਾਰ ਦੀ ਪਾਲਿਸੀ ਹੀ ਨਹੀਂ ਈਚੋਗਿਲ ਨਹਿਰ ਟੱਪਣ ਦੀ। ਨਹੀਂ ਤਾਂ ਤੁਸੀਂ ਸਭ ਤੋਂ ਪਹਿਲਾਂ ਨਹਿਰੋਂ ਪਾਰ ਲੰਘੇ ਹੁੰਦੇ।"
"ਸਿਆਲਕੋਟ ਤਾਂ ਲੈ ਲਿਆ ਨੇ ਨਾ।" ਬੇਲਾ ਸਿੰਘ ਦਾ ਮਨ ਇਹ ਖ਼ਬਰ ਸੁਣਨ ਲਈ ਕਾਹਲਾ ਪੈ ਰਿਹਾ ਸੀ।
"ਨਹੀਂ। ਓਥੇ ਵੀ ਏਹਾ ਨੀਤੀ ਕੰਮ ਕਰ ਰਹੀ ਜਾਪਦੀ ਏ। ਇਸ ਵੇਲੇ ਸਾਡੀਆਂ ਫ਼ੌਜਾਂ ਸਿਆਲਕੋਟ ਸ਼ਹਿਰ ਤੋਂ ਸਿਰਫ਼ ਤਿੰਨ ਮੀਲ ਦੂਰ ਨੇ। ਸਿਆਲਕੋਟ ਵੱਲੋਂ ਸਿੱਖਾਂ ਦੀ ਤੇਰਾਂ ਫ਼ੀਲਡ ਰਜਮੈਂਟ ਤੇ ਚਵਿੰਡੇ ਵੱਲ ਸਿੱਖਾਂ ਦੀ ਇਕ ਸੋ ਛਿਆਹਟ ਫ਼ੀਲਡ ਰਜਮੈਂਟ ਅੱਗੇ ਵਧ ਰਹੀਆਂ ਨੇ। ਓਥੇ ਦੁਸ਼ਮਣ ਦਾ ਬਹੁਤ ਨੁਕਸਾਨ ਹੋਇਆ ਏ। ਏਥੇ ਈ ਬੱਸ ਨਹੀਂ, ਸਿੰਧ ਵਿੱਚ ਹੱਦ ਟੱਪ ਕੇ ਸਾਡੀਆਂ ਫ਼ੌਜਾਂ ਨੇ ਗਦਰਾ ਬਹਿਰ ਮੱਲ ਲਿਆ ਏ।"
"ਆਹ ਖੇਮ ਕਰਨ ਵੱਲੋਂ ਬੜੀ ਥੋੜੀ ਜੇਹੀ ਨਮੋਸ਼ੀ ਦੁਆਈ ਏ ਸਾਡੇ ਭਰਾਵਾਂ ਨੇ ਨਹੀਂ ਤਾਂ ਹੋਰ ਤਾਂ ਸਾਰੇ ਪਾਸੇ ਠੀਕ ਨੇ।" ਬੇਲਾ ਸਿੰਘ ਆਪਣੇ ਅੰਦਰ ਬੜਾ ਦੁੱਖ ਮਹਿਸੂਸ ਕਰ ਰਿਹਾ ਸੀ, ਕਿ ਖੇਮਕਰਨ ਉੱਤੇ ਵੈਰੀ ਨੇ ਕਬਜ਼ਾ ਕਰ ਲਿਆ ਸੀ।
"ਪਰ ਹੁਣ ਤਾਂ ਉਹ ਨਮੋਸ਼ੀ ਵੀ ਸਾਡੇ ਜਵਾਨਾਂ ਨੇ ਧੋ ਦਿੱਤੀ ਏ।" ਕਾਮਰੇਡ ਨੇ ਬੜੇ ਉਤਸ਼ਾਹ ਨਾਲ ਕਿਹਾ।
"ਉਹ ਕਿਵੇਂ ? ਇਹ ਗੱਲ ਜ਼ਰਾ ਵੇਰਵੇ ਨਾਲ ਸੁਣਾਓ।" ਬੇਲਾ ਸਿੰਘ ਦੇ ਚਿਹਰੇ 'ਤੇ ਫੇਰ ਖ਼ੁਸ਼ੀ ਪਰਤ ਆਈ।
"ਹੌਲਦਾਰ ਸਾਹਬ! ਇਹ ਲੜਾਈ ਦੀਆਂ ਚਾਲਾਂ ਹੁੰਦੀਆਂ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਏ ਕਿ ਪਾਕਿਸਤਾਨ ਦੀ ਸਕੀਮ ਖੇਮਕਰਨ ਤੋਂ ਸਾਡੇ ਇਲਾਕੇ ਵਿੱਚ ਦਾਖ਼ਲ ਹੋ ਕੇ ਹਰੀਕੇ ਦਾ ਪੁਲ ਤੋੜਨ ਦੀ ਸੀ। ਏਸ ਕੰਮ ਵਾਸਤੇ ਉਹਨਾਂ ਦੀ ਸਭ ਤੋਂ ਤਾਕਤਵਰ ਫ਼ੌਜ ਫਸਟ ਆਰਮਡ ਡਵੀਯਨ' ਰਾਏਵਿਡ ਬੈਠੀ ਸੀ। ਉਹ
ਅੱਗੇ ਵਧ ਕੇ ਕਸੂਰ ਆ ਗਈ। ਏਹਾ ਈਚੋਗਿਲ ਨਹਿਰ ਖੇਮਕਰਨ ਤੇ ਕਸੂਰ ਦੇ ਵਿੱਚ ਦੀ ਲੰਘਦੀ ਏ। ਕਸੂਰ ਵੀ ਪਾਕਿਸਤਾਨ ਨੇ ਬੜੇ ਮੋਰਚੇ ਬਣਾਏ ਹਨ। ਓਥੇ ਹੱਦ ਟੱਪ ਕੇ ਉਹਨਾਂ ਖੇਮਕਰਨ 'ਤੇ ਜ਼ੋਰ ਪਾਇਆ ਤਾਂ ਸਾਡੀ ਫ਼ੌਜ ਨੇ ਇਕ ਚਾਲ ਖੇਡੀ। ਸਾਡੇ ਜਵਾਨ ਖੇਮਕਰਨ-ਭਿੱਖੀਵਿੰਡ ਸੜਕ ਉੱਤੇ ਬੜੀ ਤੇਜ਼ੀ ਨਾਲ ਪਿੱਛੇ ਹਟੇ। ਦੁਸ਼ਮਣ ਇਸ ਚਾਲ ਵਿੱਚ ਆ ਗਿਆ। ਉਹ ਆਪਣੇ ਭਾਰੇ ਟੈਂਕ ਲੈ ਕੇ ਜ਼ੋਰ ਨਾਲ ਅੱਗੇ ਵਧਿਆ। ਏਥੋਂ ਤੱਕ ਕਿ ਉਹਦੇ ਮੋਹਰਲੇ ਟੈਂਕ ਡਿੱਬੀ ਪੂਰੇ ਤੱਕ ਆ ਪੁੱਜੇ। ਦੁਸ਼ਮਣ ਦੀ ਵਧੇਰੇ ਤਾਕਤ 'ਆਸਲ ਉਤਾੜ' ਕੋਲ ਸੀ। ਸਾਡੀਆਂ ਫ਼ੌਜਾਂ ਨੇ ਉਹਨਾਂ ਨੂੰ ਸੱਜੇ ਖੱਬੇ ਤੋਂ ਘੇਰਾ ਪਾ ਲਿਆ। ਸਭ ਤੋਂ ਵਧੇਰੇ ਨੁਕਸਾਨ ਦੁਸ਼ਮਣ ਨੂੰ 'ਆਸਲ ਉਤਾੜ' ਦੀ ਲੜਾਈ ਵਿੱਚ ਉਠਾਉਣਾ ਪਿਆ। ਨੌ-ਦਸ ਸਤੰਬਰ ਦੇ ਦਿਨਾਂ ਦੀ ਲੜਾਈ ਵਿੱਚ ਦੁਸ਼ਮਣ ਦੇ ਸਤਾਨਵੇਂ ਟੈਂਕ ਤਬਾਰ ਹੋਏ।"
"ਸਤਾਨਵੇਂ!" ਕਰਮ ਸਿੰਘ ਭਾਊ ਨੇ ਹੈਰਾਨੀ ਨਾਲ ਕਿਹਾ।
"ਤੇ ਉਹਨਾਂ ਵਿਚੋਂ ਵਧੇਰੇ ਪੈਟਨ ਟੈਂਕ ਸਨ। ਨੌ ਟੈਂਕ ਅਸਾਂ ਬਿਲਕੁਲ ਚਾਲੂ ਹਾਲਤ ਵਿੱਚ ਫੜ ਲਏ। ਕੁਛ ਦਾ ਅਮਲਾ ਛੱਡ ਕੇ ਨੱਸ ਗਿਆ, ਤੇ ਕੁਛ ਦੇ ਸਿਪਾਹੀ ਚਿੱਟੇ ਝੰਡੇ ਖੜੇ ਕਰਕੇ ਸਾਡੇ ਕੈਦੀ ਬਣ ਗਏ। ਟੈਂਕਾਂ ਵੱਲੋਂ ਤਾਂ ਇਉਂ ਸਮਝੋ ਕਿ ਇਹ ਮੈਦਾਨ ਪਾਕਿਸਤਾਨੀ ਟੈਂਕਾਂ ਦਾ ਕਬਰਸਤਾਨ ਹੈ। ਏਥੇ ਹੀ ਪਾਕਿਸਤਾਨ ਦੇ 'ਫਸਟ ਆਰਮਡ ਡਵੀਜ਼ਨ' ਦਾ ਜੈਨਰਲ ਆਫ਼ੀਸਰ ਕਮਾਂਡਰ ਮੇਜਰ ਜੈਨਰਲ ਨਾਸਿਰ ਅਹਿਮਦ ਖ਼ਾਂ ਮਾਰਿਆ ਗਿਆ। ਉਹਦੇ ਨਾਲ ਹੀ ਤੋਪਖਾਨੇ ਦਾ ਕਮਾਂਡਰ ਬ੍ਰਿਗੇਡੀਅਰ ਏ. ਆਰ. ਸੰਮੀ ਮਾਰਿਆ ਗਿਆ। ਜੈਨਰਲ ਦੀ ਲੋਥ ਤਾਂ ਕਿਵੇਂ ਨਾ ਕਿਵੇਂ ਪਿੱਛੇ ਹੱਟਦੀ ਪਾਕਿਸਤਾਨੀ ਫ਼ੌਜ ਲੈ ਗਈ ਪਰ ਬ੍ਰਿਗੇਡੀਅਰ ਦੀ ਲੋਥ ਸਾਡੇ ਕਬਜ਼ੇ ਵਿੱਚ ਆ ਗਈ। ਦੁਸ਼ਮਣ ਦੇ ਲੈਫਟੀਨੈਂਟ ਕਰਨਲ, ਛੇ ਮੇਜਰ ਤੇ ਛੇ ਹੋਰ ਫ਼ੌਜੀ ਅਫ਼ਸਰ ਹਥਿਆਰ ਸੁੱਟ ਕੇ ਸਾਡੇ ਕੈਦੀ ਬਣ ਗਏ।"
"ਚਲੋ, ਜਾਨ ਤਾਂ ਬਚਾ ਲਈਓ ਨੇ।" ਬੇਲਾ ਸਿੰਘ ਦੀ ਗੱਲ ਵਿੱਚ ਵਿਅੰਗ ਲੁਕਿਆ ਹੋਇਆ ਸੀ।
'ਏਸ ਲੜਾਈ ਵਿੱਚ ਸਾਡੇ ਇਕ ਮੁਸਲਮਾਨ ਯੋਧੇ ਨੇ ਵੀ ਕਮਾਲ ਦੀ ਬਹਾਦਰੀ ਵਖਾਈ ਏ।"
"ਮੁਸਲਮਾਨ ਨੇਂ?" ਭਾਊ ਦਾ ਮੂੰਹ ਹੈਰਾਨੀ ਨਾਲ ਟੰਗਿਆ ਰਹਿ ਗਿਆ।
"ਕਿਉਂ, ਸਾਡੇ ਵਿੱਚ ਮੁਸਲਮਾਨ ਕੋਈ ਨਹੀਂ ?" ਕਾਮਰੇਡ ਨੇ ਕਰਮ ਸਿੰਘ ਭਾਊ ਵੱਲ ਤਕਦਿਆਂ ਕਿਹਾ, "ਭਾਰਤ ਵਿੱਚ ਲਗਭਗ ਛੇ ਕਰੋੜ ਮੁਸਲਮਾਨ ਵੱਸਦੇ ਨੇ। ਦਿੱਲੀ ਸਰਕਾਰ ਵਿੱਚ ਵਜ਼ੀਰ ਮੁਸਲਮਾਨ, ਉੱਪ-ਰਾਸ਼ਟਰਪਤੀ ਮੁਸਲਮਾਨ ਤੇ ਸਾਡੀ ਫ਼ੌਜ ਵਿੱਚ ਕਈ ਅਫ਼ਸਰ ਮੁਸਲਮਾਨ। ਜਿਸ ਦੀ ਗੱਲ ਮੈਂ ਕਰਨ ਲੱਗਾ ਸਾਂ,
ਇਹ ਸੀ, ਕੰਪਨੀ ਕੁਆਰਟਰ ਮਾਸਟਰ ਹੋਲਦਾਰ ਅਬਦੁਲ ਹਮੀਦ। ਉਹਨੇ ਪਾਕਿਸਤਾਨ ਦੇ ਤਿੰਨ ਟੈਂਕ ਉਡਾ ਦਿੱਤੇ। ਚੌਥੇ ਟੈਂਕ ਉੱਤੇ ਉਹ ਹਮਲਾ ਕਰਨ ਵਾਲਾ ਸੀ, ਜਾਂ ਦੁਸ਼ਮਣ ਦਾ ਗੋਲਾ ਉਹਦੀ ਛਾਤੀ ਵਿੱਚ ਆ ਵੱਜਾ। ਦੇਸ਼ ਦੀ ਖ਼ਾਤਰ ਲੜਦਾ ਹੋਇਆ ਸੂਰਮਾ ਇਉਂ ਸ਼ਹੀਦੀ ਪਾ ਗਿਆ।"
"ਸ਼ਹੀਦ ਅਬਦੁਲ ਹਮੀਦ ਜ਼ਿੰਦਾਬਾਦ।" ਹੌਲਦਾਰ ਬੇਲਾ ਸਿੰਘ ਨੇ ਸੱਜੀ ਬਾਂਹ ਖਲੀ ਕਰਕੇ ਕਿਹਾ।
"ਹੁਣ ਸਾਨੂੰ ਪਿੰਡਾਂ ਵਾਲਿਆਂ ਦੀ ਗੱਲ ਸੁਣਾਓ। ਸਾਰੇ ਤੁਹਾਡੇ ਵਾਂਗ ਹੌਸਲੇ ਵਾਲੇ ਨੇ, ਕਿ....।" ਸੂਬੇਦਾਰ ਨੇ ਵਾਕ ਅਧੂਰਾ ਛੱਡ ਦਿੱਤਾ।
"ਪਿੰਡਾਂ ਵਾਲਿਆਂ ਦੇ ਹੌਸਲੇ ਦੀ ਕੁਛ ਨਾ ਪੁੱਛੇ। ਇਕ ਤੋਂ ਦੂਜਾ ਅੱਗੇ ਵਧ ਕੇ ਦੇਸ਼ ਬਦਲੇ ਮਰਨ ਲਈ ਤਿਆਰ ਨੇ। ਫ਼ੌਜੀ ਭਰਤੀ ਕਿਤੇ ਹੁੰਦੀ ਏ, ਤਾਂ ਗੱਭਰੂ ਏਨੇ ਚਾਅ ਨਾਲ ਭਰਤੀ ਹੁੰਦੇ ਨੇ, ਜਿਵੇਂ ਜੰਞ ਚੜ੍ਹਨਾ ਹੋਵੇ। ਫਿਰ ਸਾਰੇ ਪੰਜਾਬ ਵਿੱਚ ਥਾਂ ਥਾਂ ਚਾਹ ਪਾਣੀ ਦੀਆਂ ਕੰਟੀਨਾਂ ਲੱਗੀਆਂ ਹੋਈਆਂ ਨੇ। ਫ਼ੌਜੀ ਟਰੱਕ ਲੰਘਦੇ ਨੇ ਤਾਂ ਉਹ ਮੱਲੋ ਮੱਲੀ ਰੋਕ ਕੇ ਖੁਆਉਂਦੇ ਪਿਆਉਂਦੇ ਨੇ। ਚੰਗੇ ਘਰਾਂ ਦੀਆਂ ਸੁਆਣੀਆਂ ਆਪ ਜਾ ਕੇ ਸੇਵਾ ਕਰਦੀਆਂ ਨੇ। ਜਿਵੇਂ ਉਹ ਓਪਰੇ ਸਿਪਾਹੀ ਉਹਨਾਂ ਦੇ ਆਪਣੇ ਹੀ ਪੁੱਤ-ਭਰਾ ਹੋਣ। ਇਕ ਫ਼ੌਜੀ ਨੇ ਗੱਲ ਸੁਣਾਈ। ਇਕ ਅਧਖੜ ਉਮਰ ਦੀ ਪੇਂਡੂ ਮਾਈ ਰਾਹ ਉੱਤੇ ਦੁੱਧ ਦੀ ਬਾਲਟੀ ਲਈ ਖੜੀ ਸੀ। ਉਹਨੇ ਅੱਗੇ ਹੋ ਕੇ ਟਰੱਕ ਰੋਕ ਲਿਆ। ਆਖਣ ਲੱਗੀ, ਮੇਰਾ ਵੀ ਪੁੱਤ ਫ਼ੌਜ ਵਿੱਚ ਏ। ਤੁਸੀਂ ਵੀ ਸਾਰੇ ਮੇਰੇ ਪੁੱਤ ਓ। ਮੈਂ ਦੁੱਧ ਪਿਆਏ ਬਿਨਾਂ ਨਹੀਂ ਜਾਣ ਦੇਣਾ।" ਇਕ ਸਿਪਾਹੀ ਨੇ ਹੱਸ ਕੇ ਕਿਹਾ-
"ਮਾਂ ਕੋਈ ਸੁਨੇਹਾ ਦੇ ਛੱਡ ਪੁੱਤਰ ਨੂੰ।" ਦੱਸਦੇ ਨੇ ਮਾਈ ਦਾ ਚਿਹਰਾ ਜੋਸ਼ ਨਾਲ ਲਾਲ ਹੋ ਗਿਆ। ਉਹ ਛਾਤੀ ਤਾਣ ਕੇ ਸਾਮ੍ਹਣੇ ਖਲੋ ਗਈ। ਕਹਿਣ ਲੱਗੀ, "ਜਾਣਦੇ ਓ ਤਾਂ ਮੇਰੇ ਵੱਲੋ ਕਹਿ ਦਿਓ ਜੇ, ਵੈਰੀ ਦੀ ਗੋਲੀ ਮਰਦਾਂ ਵਾਂਗ ਹਿੱਕ ਡਾਹ ਕੇ ਝੱਲੇ। ਜਾਂ ਜਿੱਤ ਹਾਸਲ ਕਰੋ ਜਾਂ ਸ਼ਹੀਦ ਹੋ ਜਾਏ। ਗੀਦੀਆਂ ਵੰਗ ਕੰਡ ਵਿਖਾ ਕੇ ਨੱਸ ਆਇਆ, ਤਾਂ ਮੈਂ ਉਹਨੂੰ ਬੱਤੀ ਧਾਰਾਂ ਨਹੀਂ ਬਖਸ਼ਾਂਗੀ।"
"ਵਾਹ! ਧੰਨ ਜਨਮ ਏ ਉਸ ਮਾਈ ਦਾ।” ਬੇਲਾ ਸਿੰਘ ਨੇ ਸ਼ਰਧਾ ਨਾਲ ਸਿਰ ਹਿਲਾ ਕੇ ਕਿਹਾ।
"ਮੈਂ ਆਖਿਆ, ਇਹ ਜਜ਼ਬਾ ਏ, ਜਿਸ ਦੇ ਭਰੋਸੇ 'ਤੇ ਅਸੀਂ ਕਹਿੰਦੇ ਹਾਂ ਕਿ, ਜਿੱਤ ਸਾਡੀ ਹੋਵੇਗੀ। ਲੋਕ ਖਾਣ ਵਾਲੀਆਂ ਚੀਜ਼ਾਂ ਦੇ ਰਹੇ ਨੇ, ਚੰਦੇ ਦੇ ਰਹੇ ਨੇ। ਨਰੋਏ ਬੰਦੇ ਫੱਟੜ ਜਵਾਨਾਂ ਵਾਸਤੇ ਆਪਣਾ ਲਹੂ ਦੇ ਰਹੇ ਨੇ। ਫਿਰ ਮੋਰਚਿਆਂ ਉੱਤੇ ਮਗਰ ਆ ਰਹੇ ਨੇ। ਤੁਸੀਂ ਐਧਰ ਈ ਵੇਖ ਲੋ ਖਾਂ, ਆਹ ਸਾਡਾ ਲਛਮਣ ਸ਼ੇਰ।
ਇਹਨੇ ਮਣ ਪੱਕੇ ਜਲੇਬ ਤਿਆਰ ਕੀਤੇ ਆਪਣੇ ਪੱਲਿਓਂ। ਤੇ ਆਖਣ ਲੱਗਾ, "ਧੁਰ ਓਥੇ ਚੱਲਣਾ ਏ, ਜਿੱਥੇ ਮੋਰਚੇ 'ਤੇ ਸਾਡੇ ਜਵਾਨ ਲੜ ਰਹੇ ਨੇ।"
"ਭਈ, ਫਿਰ ਸਰਦਾਰ ਪਿਆਰਾ ਸਿੰਘ ਨਾਲ ਬਚਨ ਕੀਤਾ ਹੋਇਆ ਸੀ।" ਲਛਮਣ ਖ਼ੁਸ਼ ਸੀ, ਕਿ ਉਹ ਬਚਨ 'ਤੇ ਪੂਰਾ ਉਤਰ ਪਿਆ ਸੀ।
"ਪਰ ਅੱਜ ਪਿਆਰਾ ਸੂੰਹ ਕਿਉਂ ਚੁੱਪ ਚੁੱਪ ਏ। ਮੈਨੂੰ ਇਸ ਗੱਲ ਦੀ ਸਮਝ ਨਹੀਂ ਪਈ।" ਕਾਮਰੇਡ ਨੇ ਪਿਆਰਾ ਸਿੰਘ ਵੱਲ ਤਕਦਿਆਂ ਕਿਹਾ।
"ਕੁਛ ਉਦਾਸ ਜਾਪਦਾ ਏ।" ਕੋਲੋਂ ਅਮਲੀ ਨੇ ਵੀ ਪ੍ਰੋੜ੍ਹਤਾ ਕਰਦਿਆਂ ਕਿਹਾ।
"ਕਾਮਰੇਡ ਸਾਹਬ! ਈਚੋਗਿਲ ਨਹਿਰ ਟੱਪਣ ਦੀ ਆਗਿਆ ਲੈ ਦਿਓ, ਜਾਂ ਕਿਸੇ ਹੋਰ ਮੋਰਚੇ 'ਤੇ ਭੇਜ ਦਿਹੇ। ਵਿਹਲੇ ਬੈਠੇ ਸਿਪਾਹੀ ਨੇ ਤਾਂ ਉਦਾਸ ਈ ਹੋਣਾ ਹੁੰਦਾ ਏ। ਐਧਰ ਵਾਘਾ ਫਰੰਟ ਉੱਤੇ ਭੇਜ ਦਿਹੋ ਸਾਨੂੰ। ਵੇਖਿਓ ਫਿਰ।" ਪਿਆਰਾ ਸਿੰਘ ਨੇ ਦਿਲ ਦੀ ਕਹਿ ਸੁਣਾਈ।
"ਸਾਨੂੰ ਆਪਣੇ ਜਵਾਨਾਂ ਉੱਤੇ ਮਾਣ ਏ ਕਿ ਉਹ ਹਰ ਮੋਰਚੇ 'ਤੇ ਫਤਹਿ ਪ੍ਰਾਪਤ ਕਰਨਗੇ। ਜਿਸ ਬਹਾਦਰੀ ਨਾਲ ਤੁਸਾਂ ਪੈਟਨ ਟੈਂਕਾਂ ਤੇ ਸੈਬਰ ਜੈੱਟ ਜਹਾਜ਼ਾਂ ਉੱਤੇ ਫਤਹਿ ਪਾਈ ਏ, ਸਾਰੀ ਦੁਨੀਆ ਤੁਹਾਨੂੰ ਮੰਨ ਗਈ। ਐਹਨਾਂ ਥੋੜੇ ਜਿਹੇ ਦਿਨਾਂ ਵਿੱਚ ਪਾਕਿਸਤਾਨ ਦੇ ਇਕ ਸੌ ਛਪੰਜਾ ਟੈਂਕ ਤਬਾਹ ਹੋ ਚੁੱਕੇ ਨੇ। ਹਾਂ ਸੱਚ, ਇਕ ਗੱਲ ਦੱਸਣੀ ਤਾਂ ਭੁੱਲ ਈ ਚੱਲਿਆ ਸਾਂ। ਪਾਕਿਸਤਾਨ ਨੇ ਪਠਾਨਕੋਟ, ਪਟਿਆਲੇ, ਅੰਬਾਲੇ ਤੇ ਆਦਮਪੁਰ ਕੋਲ ਪੈਰਾਸ਼ੂਟਾਂ ਰਾਹੀਂ ਕੁਛ ਆਦਮੀ ਉਤਾਰੇ ਸਨ। ਉਹਨਾਂ ਵਿਚੋਂ ਬਹੁਤੇ ਲੋਕਾਂ ਨੇ ਹੱਥ ਹੱਥੀ ਹੀ ਫੜ ਲਏ ਸਨ। ਫਿਰ ਟੈਂਕਾਂ ਦੇ ਨਾਲ ਨਾਲ ਹੁਣ ਹਵਾਈ ਲੜਾਈ ਵੀ ਤੇਜ਼ ਹੋ ਗਈ ਏ। ਇਕ ਦੋ ਜਹਾਜ਼ ਦੁਸ਼ਮਣ ਦੇ ਰੋਜ਼ ਈ ਡੇਗ ਲਏ ਜਾਂਦੇ ਨੇ।"
"ਮਖ ਅਸੀਂ ਤਾਂ ਖੰਘਣ ਨਹੀਂ ਦੇਂਦੇ।" ਰੋਹਬ ਨਾਲ ਬੇਲਾ ਸਿੰਘ ਦਾ ਹੱਥ ਉਸ ਵੇਲੇ ਮੁੱਛ ਉੱਤੇ ਸੀ।
"ਹੱਛਾ, ਹੁਣ ਆਗਿਆ ਦਿਹੈ। ਪਰਸੋਂ ਜਾਂ ਚੌਥ ਅਸੀਂ ਫੇਰ ਆਵਾਂਗੇ। ਸਿਵਲ ਦੇ ਟਰੱਕ ਤਾਂ ਰੋਜ਼ ਆਉਂਦੇ ਈ ਨੇ। ਭਾਈ, ਇਹਨਾਂ ਟਰੱਕਾਂ ਵਾਲਿਆਂ ਦਾ ਵੀ ਸਾਨੂੰ ਧੰਨਵਾਦ ਕਰਨਾ ਚਾਹੀਦਾ ਏ। ਐਨ ਮੋਰਚਿਆਂ ਤਕ ਸਾਮਾਨ ਲਿਆ ਪੁਚਾਉਂਦੇ ਨੇ। ਦੇਸ਼ ਦੇ ਬੱਚੇ ਬੱਚੇ ਅੰਦਰ ਅੱਜ ਅਥਾਹ ਜੋਸ਼ ਭਰਿਆ ਪਿਆ ਏ।"
"ਕਾਮਰੇਡ ਸਾਹਬ! ਏਸੇ ਜੋਸ਼ ਦੇ ਸਿਰ 'ਤੇ ਫ਼ੌਜ ਲੜਿਆ ਕਰਦੀ ਏ। ਜੇ ਸਿਵਲੀਅਨ ਫ਼ੌਜ ਦੇ ਮਗਰ ਨਾ ਹੋਣ ਤਾਂ ਉਹ ਵੀ ਦਿਲ ਹਾਰ ਜਾਇਆ ਕਰਦੀ ਏ।" ਸੂਬੇਦਾਰ ਨੇ ਵੱਡੇ ਦਾਰਸ਼ਨਿਕਾਂ ਵਾਂਗ ਕਿਹਾ।
"ਮੁੱਕਦੀ ਗੱਲ, ਭਾਰਤ ਨੇ ਸਾਬਤ ਕਰ ਦਿੱਤਾ ਏ, ਕਿ ਉਹਨੂੰ ਜਿਉਣ ਦਾ ਕ ਹੈ : ਕਹਿੰਦੇ ਨੇ ਨਾਂ : ਜਿਸੇ ਮਰਨਾ ਨਹੀਂ ਆਇਆ, ਉਸੇ ਜੀਨਾ ਨਹੀਂ ਮਾਇਆ।" ਕਹਿੰਦਾ ਹੋਇਆ ਕਾਮਰੇਡ ਕੁਰਸੀ ਤੋਂ ਉੱਠ ਬੈਠਾ, "ਚੱਲ ਭਈ ਨਛਮਣਾ।"
"ਚਲੋ ਜੀ।" ਲਛਮਣ ਵੀ ਕੁਰਸੀ ਤੋਂ ਉੱਠ ਬੈਠਾ। "ਹੱਛਾ ਬਈ ਸਰਦਾਰ ਪਿਆਰਾ ਸਿਹਾਂ।" ਉਹਨੇ ਪਿਆਰਾ ਸਿੰਘ ਨਾਲ ਹੱਥ ਮਿਲਾਉਂਦਿਆਂ ਕਿਹਾ, “ਹੁਣ ਤਾਂ ਨਾ ਨਾ ਆਖੇਂਗਾ, ਜਿਹੜੇ ਆਹੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ।"
੧੫.
"ਪਿਆਰਾ ਸਿੰਹਾਂ! ਕੀ ਗੱਲ ਏ?" ਹੋਲਦਾਰ ਬੇਲਾ ਸਿੰਘ ਨੇ ਪਿਆਰ ਨਾਲ ਕੰਡ 'ਤੇ ਹੱਥ ਫੇਰਦਿਆਂ ਕਿਹਾ। "ਬਰਕੀ ਦੀ ਲੜਾਈ ਤੋਂ ਪਿੱਛੋਂ ਤੈਨੂੰ ਕਦੇ ਹੱਸਦਿਆਂ ਨਹੀਂ ਵੇਖਿਆ। ਤੂੰ ਸਦਾ ਉਦਾਸ ਰਹਿੰਦਾ ਏਂ, ਸਗੋਂ ਨੂਰਾਂ ਯਾਦ ਔਂਦੀ ਏ?"
"ਬਾਬਾ।" ਪਿਆਰਾ ਸਿੰਘ ਨੇ ਪਲ ਦਾ ਪਲ ਨਜ਼ਰ ਮਿਲਾ ਕੇ ਫਿਰ ਅੱਖਾਂ ਨੀਵੀਆਂ ਕਰ ਲਈਆਂ। "ਮੁੱਕਰਦਾ ਨਹੀਂ ਮੈਂ। ਨੂਰਾਂ ਵੀ ਯਾਦ ਔਂਦੀ ਏ, ਪਰ ਵਧੇਰੇ ਤੜਫੋਂਦੀ ਏ ਪ੍ਰੀਤੂ ਦੀ ਯਾਦ। ਉਹਦਾ ਭੋਲਾ ਭਾਲਾ ਮੂੰਹ ਕਿਸੇ ਵੇਲੇ ਅੱਖਾਂ ਤੋਂ ਉਹਲੇ ਹੁੰਦਾ ਈ ਨਹੀਂ। ਭਰਾ, ਭਰਾ ਹੀ ਹੁੰਦੇ ਨੇ। ਬਾਬਾ। ਸੁੱਝਦੀ ਨਹੀਂ ਕਿ ਦਿਲ ਵਿੱਚ ਲੱਗੀ ਕਿਵੇਂ ਦੱਸਾਂ। ਬਰਕੀ ਦੀ ਲੜਾਈ ਨੇ ਮੇਰੇ ਮਨ 'ਤੇ ਬੜਾ ਅਸਰ ਕੀਤਾ। ਏ। ਮੈਂ ਸੋਚਦਾਂ ਬਰਕੀ ਦੇ ਜੰਮਣ ਵਾਲੇ, ਜਿਨ੍ਹਾਂ ਨਾਲ ਰਲ ਕੇ ਮੈਂ ਲੁਕਣ-ਮੀਟੀ, ਗੁੱਲੀ-ਡੰਡਾ ਤੇ ਕਬੱਡੀ ਖੇਡਦਾ ਰਿਹਾ ਸਾਂ, ਉਹਨਾਂ ਵਿਚੋਂ ਕਿੰਨੇ ਹੋਣਗੇ, ਜਿਨ੍ਹਾਂ ਦੀਆਂ ਛਾਤੀਆਂ ਮੈਂ ਗੋਲੀਆਂ ਨਾਲ ਛਾਨਣੀ ਕੀਤੀਆਂ ਹੋਣਗੀਆਂ। ਬਚਪਨ ਦੇ ਬੇਲੀ, ਅਸੀਂ ਇਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ। ਕਿਉਂ ? ਬਾਬਾ ਇਲਮ ਦੀਨ ਬਾਰੇ ਮੈਂ ਤੈਨੂੰ ਕਈ ਵਾਰ ਦੱਸਿਆ ਏ।"
"ਹਾਂ। ਜਾਣਦਾਂ ਮੈਂ।" ਹੌਲਦਾਰ ਬੋਲਾ ਸਿੰਘ ਨੇ ਹੁੰਗਾਰਾ ਭਰਿਆ।
"ਉਹਦਾ ਤੇ ਮੇਰੇ ਬਾਪੂ ਦਾ ਬਹੁਤ ਪਿਆਰ ਸੀ। ਮੈਨੂੰ ਵੀ ਉਹ ਪੁੱਤਰਾਂ ਵਾਂਗ ਸਮਝਦਾ ਸੀ। ਕੀ ਪਤਾ ਇਲਮਦੀਨ ਦਾ ਈ ਕੋਈ ਪੁੱਤਰ ਮੇਰੇ ਹੱਥੋਂ ਮਾਰਿਆ ਗਿਆ ਹੋਵੇ।"
"ਹੋ ਸਕਦਾ ਏ।"
"ਉਹਦਾ ਛੋਟਾ ਪੁੱਤਰ- ਫੱਜਾ- ਸਾਡੇ ਪ੍ਰੀਤੂ ਦਾ ਹਾਣੀ ਤੇ ਬੇਲੀ ਸੀ। ਫੱਜਾ ਵੀ ਸਾਮ੍ਹਣੇ ਆ ਜਾਵੇ ਤਾਂ ਕੀ ਮੈਂ ਉਹਨੂੰ ਗੋਲੀ ਮਾਰਨੋਂ ਝਕਾਂਗਾ ?"
ਹੌਲਦਾਰ ਨੇ ਸਿਰਫ ਅੱਗੋਂ ਸਿਰ ਹਲਾ ਕੇ ਹਾਮੀ ਭਰੀ।
"ਤੇ ਫੱਜਾ ਈ ਕਿਉਂ ? ਮੁਸਲਮਾਨ ਦੇ ਰੂਪ ਵਿੱਚ ਮੇਰਾ ਮਤਲਬ ਏ, ਪਾਕਿਸਤਾਨੀ ਸਿਪਾਹੀ ਦੇ ਰੂਪ ਵਿੱਚ ਭਾਵੇਂ ਪ੍ਰੀਤੂ ਈ ਸਾਮ੍ਹਣੇ ਆ ਜਾਵੇ, ਮੈਂ ਅੱਖਾਂ ਮੀਟ ਕੇ ਗੋਲੀ ਮਾਰ ਦਿਆਂਗਾ। ਠੀਕ ਏ ਨਾ।"
"ਪਿਆਰਾ ਸਿੰਹਾਂ! ਅੱਜ ਤੂੰ ਕਿਨ੍ਹਾਂ ਵਹਿਣਾਂ ਵਿੱਚ ਪੈ ਗਿਆ ਏਂ ? ਪ੍ਰੀਤੂ ਵਿਚਾਰਾ ਕਿੱਥੇ ਹੋਣਾ ਏ ?" ਬੇਲਾ ਸਿੰਘ ਨੇ ਪ੍ਰੀਤੂ ਦੀ ਕਿਸਮਤ ਉੱਤੇ ਅਫ਼ਸੋਸ ਕਰਦਿਆਂ ਕਿਹਾ।
"ਬਾਬਾ! ਪ੍ਰੀਤੂ ਜਿਊਂਦਾ ਏ। ਮੇਰਾ ਦਿਲ ਆਹਂਦਾ ਏ, ਉਹ ਜਿਊਂਦਾ ਏ। ਪਰ ਏਸ ਝਗੜੇ ਨੂੰ ਛੱਡ ਤੂੰ। ਮੈਂ ਪੁੱਛਦਾਂ, ਏਸੇ ਤਰ੍ਹਾਂ ਮਿੱਤਰ ਦਾ ਮਿੱਤਰ ਤੇ ਭਰਾ ਦਾ ਭਰਾ ਵੈਰੀ ਕਿਉਂ ਬਣ ਜਾਂਦਾ ਏ? ਜਿਨ੍ਹਾਂ ਨੂੰ ਹੱਥੀਂ ਖਿਡਾਇਆ ਹੁੰਦਾ ਏ, ਬੰਦਾ ਉਹਨਾਂ ਦਾ ਲਹੂ ਡੋਲ੍ਹਣ ਵਾਸਤੇ ਕਿਉਂ ਤਿਆਰ ਹੋ ਜਾਂਦਾ ਏ ?"
"ਤੇਰਾ ਦਿਲ ਅੱਜ ਬਹੁਤ ਖ਼ਰਾਬ ਏ। ਮੈਂ ਕਹਿਨਾਂ.....।"
"ਸੁਣ।” ਪਿਆਰਾ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਬੇਲਾ ਸਿੰਘ ਨੂੰ ਰੋਕਦਿਆਂ, ਗੱਲ ਜਾਰੀ ਰੱਖੀ। "ਅਸੀਂ ਆਹੰਨੇ ਆਂ ਲੜਾਈ ਸ਼ੁਰੂ ਕੀਤੀ ਏ ਭੁੱਟੋ ਨੇ, ਸਦਰ ਅਯੂਬ ਨੇ। ਏਸ ਵਿੱਚ ਵੀ ਝੂਠ ਨਹੀਂ। ਪਰ ਭੁੱਟੋ ਤੇ ਅਯੂਬ ਦਾ ਕੀ ਵਿਗੜਿਆ ? ਮਾਰੇ ਜਾਣਗੇ ਕੋਈ ਬਾਲਮ ਰਾਮ ਤੇ ਅਬਦੁਲ ਹਮੀਦ। ਮਾਰੇ ਜਾਣਗੇ ਕੋਈ ਪਿਆਰਾ ਸਿੰਘ ਤੇ ਫਜ਼ਲ ਦੀਨ। ਵਿਧਵਾ ਹੋ ਜਾਣਗੀਆਂ ਕੋਈ ਨੂਰਾਂ ਤੇ ਜਸਬੀਰ ਕੋਰਾਂ। ਕਿਉਂ ਆਖਰ ਕਿਉਂ ? ਮੈਨੂੰ ਏਸ ਗੱਲ ਦਾ ਜਵਾਬ ਦਿਹ।"
"ਕੀ ਜਵਾਬ ਦੇਵਾਂ ?"
"ਬਾਬਾ! ਆਪਣੇ ਧਰਮ ਨੂੰ ਯਾਦ ਕਰਕੇ ਦੱਸੀਂ ਜੋ ਲੜਾਈ ਛੇੜਨੀ ਤੇ ਬੰਦ ਕਰਨੀ ਤੇਰੇ ਮੇਰੇ ਹੱਥ ਵੱਸ ਹੋਵੇ ਤਾਂ ਆਪਣੇ ਬਚਪਨ ਦੇ ਬੇਲੀਆਂ ਨਾਲ ਏਸ ਤਰ੍ਹਾਂ ਲੜੇ ? ਉਹਨਾਂ ਦੀ ਹਿੱਕ ਵਿੱਚ ਗੋਲੀ ਮਾਰਨ ਲਈ ਤਿਆਰ ਹੋਵੇਂ ?"
"ਸੱਚ ਆਹਨਾਂ ਏਂ ਪਿਆਰਾ ਸਿੰਹਾਂ, ਪਰ ਬੰਦਾ ਕਰੇ ਕੀ ? ਜੀਅ ਤਾਂ ਕਿਸੇ ਦਾ ਵੀ ਨਹੀਂ ਕਰਦਾ। ਆਹ ਪਰਸੋਂ ਦੀ ਗੱਲ ਸੁਣੀ ਊ ?"
"ਕੀ?"
"ਆਪਣਾ ਮੇਜਰ ਏ ਨਾ ਸ. ਅਮਰ ਸਿੰਘ ਸੰਧੂ।"
“ਹਾਂ।”
"ਉਹ ਵਾਇਰਲੈੱਸ 'ਤੇ ਗੱਲਾਂ ਕਰਨ ਲੱਗਾ ਤਾਂ ਉਹਦੀ 'ਵਾਜ਼ ਕਿਸੇ
ਪਾਕਿਸਤਾਨੀ ਕੈਪਟਨ ਨਾਲ ਮਿਲ ਗਈ।"
"ਫੇਰ!"
"ਦੋਹਾਂ ਨੇ ਇਕ ਦੂਜੇ ਦੀ 'ਵਾਜ਼ ਪਛਾਣ ਲਈ ਜਾਂ ਕਿਵੇਂ ਪਤਾ ਲੱਗਾ। ਉਹ ਵੇਂ ਇਕ ਦੂਜੇ ਦੇ ਮਿੱਤਰ ਨਿਕਲ ਪਏ। ਉਹ ਦੋਵੇਂ ਪਿੱਛੋਂ 'ਭੜਾਣੇ" ਦੇ ਨੇ। ਉਹ ਵੇਂ ਕੱਠੇ ਜੰਮੇ ਪਲੇ, ਕੱਠੇ ਖੇਡੇ, ਕੱਠੇ ਸਕੂਲ ਪੜ੍ਹੋ। ਉਹ ਯਾਰੀ ਤੇ ਮੁਹੱਬਤ ਉਹਨਾਂ : ਅਜੇ ਤੱਕ ਨਹੀਂ ਭੁੱਲੀ। ਇਕ ਭਾਰਤੀ ਫ਼ੌਜ ਦਾ ਮੇਜਰ ਤੇ ਇਕ ਪਾਕਿਸਤਾਨੀ ਜ ਦਾ ਕੈਪਟਨ। ਦੋਵੇਂ ਐਸ ਫਰੰਟ 'ਤੇ ਲੜ ਰਹੇ ਨੇ। ਉਸ ਮੁਸਲਮਾਨ ਕੈਪਟਨ ਰੀਮ ਬਖ਼ਸ਼ ਨੇ ਪੁੱਛਿਆ ‘ਅਮਰ ਸਿੰਹਾਂ। ਤੁਸਾਂ ਭੜਾਣਾ ਫਤਹਿ ਕੀਤਾ ਏ ਤਾਂ ਰੀ ਬੁਢੜੀ ਮਾਂ ਓਥੇ ਤੁਹਾਡੀ ਫ਼ੌਜ ਦੇ ਕਾਬੂ ਆ ਗਈ ਏ। ਬਚਪਨ ਦੀ ਯਾਰੀ ਦਾ ਈ ਖ਼ਿਆਲ ਹੋਵੇ ਤਾਂ ਉਸਦੀ ਜ਼ਿੰਮੇਵਾਰੀ ਤੇਰੇ ਸਿਰ ਈ। ਅੱਗੋਂ
"ਫੇਰ ?" ਪਿਆਰਾ ਸਿੰਘ ਵਿਚੋਂ ਹੀ ਗੱਲ ਟੋਕ ਕੇ ਬੋਲ ਉੱਠਿਆ।
"ਅੱਗੋਂ ਸੰਧੂ ਸਾਹਬ ਨੇ ਜਵਾਬ ਦਿੱਤਾ ਰਹੀਮ ਬਖ਼ਸ਼ਾ! ਆਪਾਂ ਮੁਲਕ ਵੰਡ ਲਿਆ ਏ, ਇੱਜ਼ਤ ਤੇ ਲਹੂ ਤਾਂ ਨਹੀਂ ਵੰਡ ਲਿਆ। ਆਪਾਂ ਅੰਤ ਇਕੋ ਈ ਅੰਸ਼ ਮਾਂ। ਭੜਾਣੇ ਦੇ ਜੱਟ ਸਿੱਖ ਤੇ ਮੁਸਲਮਾਨ ਚੌਧਰੀ ਇਕੋ ਖ਼ਾਨਦਾਨ ਵਿਚੋਂ ਨੇ ਦੋਵੇਂ ਧੂ। ਸੋ ਮੇਜਰ ਨੇ ਕਿਹਾ "ਤੇਰੀ ਮਾਂ ਨੂੰ ਮੈਂ ਆਪਣੀ ਮਾਂ ਸਮਝਦਾ ਹਾਂ। ਉਹਦੀ ਇੱਜ਼ਤ ਪਤ ਦੀ ਜ਼ਿੰਮੇਵਾਰੀ ਹੁਣ ਮੇਰੇ ਸਿਰ ਏ।" ਅਗਲੇ ਦਿਨ ਈ ਮੇਜਰ ਸਾਹਿਬ : ਉਸ ਮਾਈ ਦਾ ਸਾਰਾ ਪ੍ਰਬੰਧ ਕਰ ਦਿੱਤਾ। ਹੁਣ ਉਹ ਮਾਈ ਅੰਮ੍ਰਿਤਸਰ ਕੈਂਪ ਵੱਚ ਏ। ਉਹਦੀ ਸੇਵਾ ਸੰਭਾਲ ਬਾਰੇ ਮੇਜਰ ਸਾਹਬ ਨੇ ਬੜਾ ਕਰੜਾ ਹੁਕਮ ਭੇਜ ਦਿੱਤਾ ਏ। ਐਹੋ ਜੇਹੇ ਦੋਸਤਾਂ ਨਾਲ ਸਾਨੂੰ ਲੜਨਾ ਪੈ ਰਿਹਾ ਏ ?"
"ਮੈਂ ਏਹਾ ਪੁੱਛਦਾਂ ਨਾ ਕਿ ਕਿਉਂ ? ਕਿਉਂ ਲੜਨਾ ਪੈ ਰਿਹਾ ਏ ?"
"ਬੱਸ, ਲੜਨਾ ਪੈ ਰਿਹਾ ਏ। ਵਧੇਰੇ ਮੈਂ ਕੁਛ ਨਹੀਂ ਜਾਣਦਾ। ਲੜਾਈ ਸਾਡੇ ਕਰ ਮੜ ਦਿੱਤੀ ਗਈ ਏ।"
"ਠੀਕ ਏ। ਭੁੱਟੋ ਤੇ ਅਯੂਬ ਨੇ ਲੜਾਈ ਸਾਡੇ ਸਿਰ ਮੜ੍ਹ ਦਿੱਤੀ ਤੇ ਅਸੀਂ ਮਾਪਸ ਵਿੱਚ ਲੜ ਰਹੇ ਆਂ ਹਿੰਦੋਸਤਾਨੀ। ਪੰਜਾਬੀ-ਪੰਜਾਬੀ। ਭਰਾ-ਭਰਾ। ਇਕ ਨਹੂ ਤੇ ਹੋਰ ਕੀ ਕਹਾਂ? ਸਮਝ ਨਹੀਂ ਪੈਂਦੀ ਪਰ ਏਸ ਲੜਾਈ ਦਾ ਸਿੱਟਾ ਕੀ ਨਿਕਲੇਗਾ ? ਸਮਝਾ ਸਕਦਾ ਏਂ ?"
"ਮੈਂ ਆਪ ਨਹੀਂ ਜਾਣਦਾ ਤੇ ਤੈਨੂੰ ਕੀ ਸਮਝਾਵਾਂ। ਤੂੰ ਤੂੰ ਤੂੰ ਸਗੋਂ ਨੜਾਈ ਤੋਂ ਡਰ ਤਾਂ ਨਹੀਂ ਗਿਆ ?" ਬੋਲਾ ਸਿੰਘ ਇਸ ਬਹਿਸ ਤੋਂ ਕਾਹਲਾ ਪੈ ਗਿਆ ਸੀ।
"ਡਰ ? ਲੜਾਈ ਦਾ ? ਮੌਤ ਦਾ ? ਸਵਾਲ ਈ ਪੈਦਾ ਨਹੀਂ ਹੁੰਦਾ।" ਪਿਆਰਾ
ਸਿੰਘ ਨੇ ਜ਼ਰਾ ਜੋਸ਼ ਨਾਲ ਕਿਹਾ। "ਇਕ ਮੈਂ ਸਿੱਖ ਆਂ, ਦੂਜਾ ਜੱਟ। ਜੱਟ ਵੱਟੇ-ਬੰਨੇ ਤੋਂ ਲੜ ਪੈਣ ਤਾਂ ਅੱਗਾ ਪਿੱਛਾ ਨਹੀਂ ਵਿਹੰਦੇ ਤਾਂ ਆਪਾਂ ਤਾਂ ਦੇਸ਼ ਦੀ ਖ਼ਾਤਰ ਲੜ ਰਹੇ ਆਂ, ਦੇਸ਼ ਦੀ ਅਜ਼ਾਦੀ ਬਦਲੇ ।"
"ਫਿਰ, ਹੋਰ ਕੀ ?"
"ਸੁੱਚਾ ਸਿੰਘ ਦੀ ਯਾਦ ਕਿਸੇ ਵੇਲੇ ਦਿਲ ਵਿੱਚ ਔਂਦੀ ਏ। ਉਹ ਤਿੰਨ ਭਰਾ ਸਨ। ਇਕ ਸ਼ਹੀਦ ਹੋ ਗਿਆ ਏ ਤਾਂ ਦੋ ਪਿੱਛੇ ਹੈਗੇ ਨੇ। ਪ੍ਰੀਤ ਹੁੰਦਾ ਤਾਂ ਮੇਰੇ ਸ਼ਹੀਦ ਹੋ ਜਾਣ ਪਿੱਛੋਂ ਮੇਰੇ ਮਾਪਿਆਂ ਦੀ ਦੁਨੀਆ ਵਿੱਚ ਹਨ੍ਹੇਰਾ ਤਾਂ ਨਾ ਹੋ ਜਾਂਦਾ ? ਬੱਸ ਏਹਾ...।" ਪਿਆਰਾ ਸਿੰਘ ਵਾਕ ਪੂਰਾ ਨਾ ਕਰ ਸਕਿਆ। "ਕਿਤੇ ਵੇਲੇ ਸਿਰ ਜ਼ਮੀਨ ਮਿਲ ਜਾਂਦੀ ਤਾਂ......।"
"ਗੱਲ ਤੇਰੀ ਠੀਕ ਏ। ਪਰ ਫ਼ੌਜੀ ਏਸ ਤਰ੍ਹਾਂ ਸੋਚਣ ਲੱਗਣ ਤਾਂ ਕੱਟਣ ਕਿਵੇਂ ?" ਫ਼ੌਜੀਆਂ ਦੇ ਦਮਾਗ਼ ਵਿੱਚ ਤਾਂ ਇਕੋ ਗੱਲ ਬੈਠੀ ਹੁੰਦੀ ਏ ਕਿ ਜਿਹੜੀ ਗੋਲੀ ਉਹਨਾਂ ਵਾਸਤੇ ਬਣੀ ਏ ਸਿਰਫ਼ ਓਹਾ ਉਹਨਾਂ ਨੂੰ ਲੱਗੇਗੀ। ਦੂਸਰੀ ਨਹੀਂ ਲੱਗਦੀ, ਭਾਵੇਂ ਗੋਲੀਆਂ ਦਾ ਮੀਂਹ ਪਿਆ ਵਰ੍ਹੇ। ਏਸ ਭਰੋਸੇ ਨਾਲ ਫ਼ੌਜੀ ਲੜਦਾ ਏ ਤੇ ਮੌਤ ਨਾਲ ਭਿੜ ਜਾਂਦਾ ਏ। ਇਹ ਢਹਿੰਦੀ ਕਲਾ ਦੀਆਂ ਸੋਚਾਂ ਛੱਡ ਕੇ ਉਹਨਾਂ ਸੂਰਮਿਆਂ ਵੱਲ ਵੇਖ, ਜਿਨ੍ਹਾਂ ਏਸ ਲੜਾਈ ਵਿੱਚ ਅਖ਼ੀਰ ਕਰ ਵਖਾਈ ਏ।"
"ਨਾ, ਸਮਾਂ ਬਣੇ ਤੇ ਪਿੱਛੇ ਮੈਂ ਵੀ ਨੀ ਹੱਟਦਾ। ਮੈਂ ਕੀ, ਸਾਡਾ ਕੋਈ ਜਵਾਨ ਵੀ ਪਿੱਛੇ ਨਹੀਂ ਹਟੇਗਾ। ਇਕ ਜਾਨ ਬਦਲੇ ਸਾਰੀ ਕੌਮ ਨੂੰ ਲਾਜ ਕੌਣ ਲੁਆਵੇ।"
"ਫਿਰ ਤੂੰ ਚੌਂਹਦਾ ਕੀ ਏਂ.... ਇੰ।" ਆਖ਼ਰੀ ਸ਼ਬਦ ਬੇਲਾ ਸਿੰਘ ਨੇ ਜ਼ਰਾ ਲਮਕਾ ਕੇ ਕਿਹਾ।
"ਮੈਂ ਚੌਂਹਦਾਂ ਕਿ ਜੋ ਹੋਣਾ ਏ ਛੇਤੀ ਹੋ ਜਾਵੇ। ਇਕ ਸਖ਼ਤ ਲੜਾਈ, ਡਾਢੀ ਸਖ਼ਤ ਟੱਕਰ ਤੇ ਫਿਰ ਬੱਸ।"
"ਸੁਣ ਲੈ ਫਿਰ।" ਬੇਲਾ ਸਿੰਘ ਨੇ ਜ਼ਰਾ ਮੂੰਹ ਨੇੜੇ ਕਰਕੇ ਕਿਹਾ, "ਮੇਰਾ ਖ਼ਿਆਲ ਏ ਭਲਕੇ ਬੜੀ ਘਮਸਾਣ ਦੀ ਲੜਾਈ ਹੋਵੇਗੀ। ਅਸੀਂ ਤੜਕੇ ਈ 'ਡੋਗਰਾਈ' ਉੱਤੇ ਧਾਵਾ ਬੋਲ ਦਿਆਂਗੇ।"
"ਕੀਹਨੇ ਦੱਸਿਆ ਏ ਤੈਨੂੰ ?"
"ਦੱਸਿਆ ਕਿਸੇ ਨਹੀਂ, ਪਰ ਮੈਂ ਤਿਆਰੀਆਂ ਤੋਂ ਜਾਚ ਲਿਆ ਏ। ਕਾਲਿਆਂ ਤੋਂ ਧੌਲੇ ਆ ਗਏ ਨੇ ਫ਼ੌਜ ਵਿੱਚ ਤੇ ਅਜੇ ਏਨਾ ਤਜਰਬਾ ਵੀ ਨਹੀਂ ਹੋਇਆ ?" ਬੇਲਾ ਸਿੰਘ ਨੂੰ ਆਪਣੇ ਤਜਰਬੇ ਉੱਤੇ ਭਰੋਸਾ ਸੀ।
"ਖਾਲਸਾ ਤਿਆਰ ਬਰ ਤਿਆਰ ਏ। ਐਸੀ ਚੋਟ ਮਾਰਾਂਗੇ ਕਿ ਗੱਲ ਹਨ ਜਾਂ ਬੰਨੇ।" ਪਿਆਰਾ ਸਿੰਘ ਦੇ ਚਿਹਰੇ ਉੱਤੇ ਸਿਪਾਹੀਆਂ ਵਾਲਾ ਜੋਸ਼ ਆ ਗਿਆ।
ਦੋ ਮਿੰਟ ਦੋਵੇਂ ਚੁੱਪ ਬੈਠੇ ਰਹੇ। ਸ਼ਾਇਦ ਆਪਣੀਆਂ ਗੱਲਾਂ ਨੂੰ ਨਵਾਂ ਮੋੜ ਦੇਣ ਵਾਸਤੇ।
"ਲੈ ਅਹੁ ਲੁੱਚ-ਮੰਡਲੀ ਵੀ ਆ ਗਈ ਉ। ਹੈ ਕੋਈ ਫ਼ਿਕਰ-ਫਾਕਾ?" ਬੋਲਾ ਸਿੰਘ ਨੇ ਆ ਰਹੇ ਜਵਾਨਾਂ ਵੱਲ ਤੱਕ ਕੇ ਕਿਹਾ।
ਗੱਜਣ ਸਿੰਘ, ਤਾਰਾ ਚੰਦ, ਲਹਿਣਾ ਸਿੰਘ ਆਦਿ ਪੰਜ ਛੇ ਗਭਰੂ ਉਹਨਾਂ ਵੱਲ ਚਲੇ ਆ ਰਹੇ ਸਨ।
"ਬਾਬਾ! ਖ਼ੁਸ਼ੀ ਰਾਹ ਮੱਲ ਕੇ ਉਡੀਕੇ। ਅੱਜ ਮਾਈ ਭਾਗੋ ਨਹੀਂ ਔਂਦੀ।" ਗੱਜਣ ਸਿੰਘ ਨੇ ਕੋਲ ਅਪੜ ਕੇ ਕਿਹਾ।
"ਆਵੇਗੀ ਕਿਉਂ ਨਾ! ਉਹ ਕੱਲ ਈ ਮਸਾਂ ਬਚੀ ਏ।"
"ਬੱਸ ਇਕ ਇੰਚ ਗੋਲੀ ਐਧਰ ਹੋ ਜਾਂਦੀ ਤਾਂ ਬੇੜਾ ਪਾਰ ਸੀ।"
"ਸੱਜਾ ਕੰਨ ਤਾਂ ਉੱਡ ਗਿਆ ਏ ਵਿਚਾਰੀ ਦਾ।"
"ਫਿਰ ਅੱਜ ਨਾ ਆਈ ਤਾਂ ਮਾਈ ਭਾਗੋ ਵੀ ਨਹੀਂ।"
"ਆਉ ਬਹਿ ਜੋ।" ਹੌਲਦਾਰ ਬੇਲਾ ਸਿੰਘ ਨੇ ਹੱਥ ਦਾ ਇਸ਼ਾਰਾ ਕਰਕੇ ਕਿਹਾ। "ਮੇਰਾ ਖ਼ਿਆਲ ਏ ਉਹ ਆਵੇਗੀ।"
ਸਾਰੇ ਸਿਪਾਹੀ ਬਾਬੇ ਬੇਲਾ ਸਿੰਘ ਨੂੰ ਘੇਰਾ ਪਾ ਕੇ ਬਹਿ ਗਏ। ਉਮਰੋਂ ਵਡੇਰਾ ਹੋਣ ਕਰਕੇ ਬੇਲਾ ਸਿੰਘ ਨੂੰ ਸਾਰੇ ਬਾਬਾ ਕਹਿੰਦੇ ਸਨ। ਇਕ ਤਰ੍ਹਾਂ ਬਾਬਾ ਸ਼ਬਦ ਉਹਦੇ ਨਾਮ ਦਾ ਹਿੱਸਾ ਹੀ ਬਣ ਗਿਆ ਸੀ। ਵੱਡੇ ਅਫ਼ਸਰ ਵੀ ਕਈ ਵਾਰ ਉਹਨੂੰ 'ਬਾਬਾ' ਕਹਿਕੇ ਬੁਲਾਉਂਦੇ ਤਾਂ ਬਾਬਾ ਜੀ ਯਾਰਾਂ ਦਾ ਯਾਰ, ਬੜੇ ਦਿਲ ਵਾਲਾ ਬੰਦਾ।
ਮਾਈ ਭਾਗੋ ਦੇ ਆਉਣ ਦਾ ਨਿੱਤ ਦਾ ਵੇਲਾ ਬੀਤਦਾ ਜਾ ਰਿਹਾ ਸੀ। ਸਾਰੇ ਜਵਾਨ ਉਸੇ ਦੀਆਂ ਗੱਲਾਂ ਕਰ ਰਹੇ ਸਨ। ਜਿਸ ਦਿਨ ਦੀਆਂ ਫ਼ੌਜਾਂ ਵਾਘੇ ਤੋਂ ਲਹਿੰਦੇ ਪਾਸੇ ਟੱਪੀਆਂ ਸਨ, ਮਾਈ ਭਾਗੋ ਨੇਮ ਨਾਲ ਮਗਰ ਪਹੁੰਚਿਆ ਕਰਦੀ ਸੀ। 'ਮਾਈ ਭਾਗੋ' ਵੀ ਫ਼ੌਜੀਆਂ ਦਾ ਰੱਖਿਆ ਹੋਇਆ ਨਾਮ ਸੀ। ਅਸਲੀ ਨਾਂ ਉਹਦਾ ਕਰਮ ਕੌਰ ਸੀ। ਉਹ ਤੜਕੇ ਉੱਠ ਕੇ ਘਰ ਦੇ ਘਿਓ ਦੇ ਪਰੌਂਠੇ ਪਕਾ ਕੇ ਤੇ ਮੱਖਣ ਦਾ ਡੱਬਾ ਭਰਕੇ ਅਗਲੇ ਮੋਰਚਿਆਂ ਤੱਕ ਅਪੜ ਪਿਆ ਕਰਦੀ ਸੀ। ਅਫ਼ਸਰ ਉਸ ਨੂੰ ਰੋਕਦੇ ਪਰ ਪਿਆਰ ਜਾਂ ਕਹੋ ਹੱਠ ਅੱਗੇ ਉਹ ਹਾਰ ਜਾਂਦੇ। ਪਹਿਲੇ ਇਕ ਦੋ ਦਿਨ ਤਾਂ ਉਹ ਸਿਰਫ਼ ਆਪਣੇ ਘਰੋਂ ਹੀ ਦੋ ਮਹੀਂ ਦਾ ਮੱਖਣ ਲਿਆਉਂਦੀ ਰਹੀ। ਫਿਰ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਾ, ਗੁਆਂਢੀ ਘਰਾਂ ਵਿਚੋਂ ਵੀ ਪੱਕੇ ਹੋਏ ਪਰੌਂਠੇ ਤੇ ਮੱਖਣ ਆਉਣ ਲੱਗ ਪਿਆ। ਉਹ ਪਚਵੰਜਾ ਸਾਲ ਦੀ ਬਿਰਧ ਮਾਈ ਜਿੰਨਾ ਭਾਰ ਚੁੱਕ ਸਕਦੀ, ਚੁੱਕ ਕੇ ਤੁਰ ਪੈਂਦੀ। ਕਿਸੇ ਦਿਨ ਤਿੰਨ ਪਰਦਿਆਂ ਵਾਲੀਆਂ ਦੋੜਾਂ,
ਕਿਸੇ ਦਿਨ ਚੌਰਸ ਪਰੌਂਠੇ ਤੇ ਕਿਸੇ ਦਿਨ ਖੰਡ ਵਾਲੀ ਚੂਰੀ। ਹਰ ਚੀਜ਼ ਵਿੱਚ ਘਿਉ ਸਿਮਦਾ ਹੁੰਦਾ। ਹੋਰ ਵੀ ਬਹੁਤ ਸਾਰੇ ਲੋਕ ਦੁੱਧ, ਚਾਹ, ਮੱਖਣ, ਪਰੌਂਠੇ, ਭੁੱਜੇ ਦਾਣੇ ਆਦਿ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਆਉਂਦੇ। ਉਹਨਾਂ ਨੂੰ ਅਫ਼ਸਰ ਥੋੜਾ ਪਿਛਾਂਹੋਂ ਹੀ ਮੋੜ ਦੇਂਦੇ, ਪਰ ਮਾਈ ਕਰਮ ਕੌਰ ਨਾ ਮੰਨਦੀ। ਉਹ ਕਿਸੇ ਵੀ ਵੱਡੇ ਛੋਟੇ ਰੋਕਣ ਵਾਲੇ ਅਫ਼ਸਰ ਨੂੰ ਕਹਿ ਦੇਂਦੀ, "ਵੇ ਪੁੱਤ। ਮਾਂ ਨੇ ਤਾਂ ਹੁਣ ਖਾ ਹੰਢਾ ਲਿਆ। ਪਿੱਛੋਂ ਘਰ ਸੰਭਾਲਣ ਵਾਲੀ ਨੀਂਹ ਵੀ ਰੱਬ ਨੇ ਚੰਗੀ ਦਿੱਤੀ ਏ। ਹੁਣ ਮੌਤ ਦਾ ਕੀ ਡਰ। ਮੈਨੂੰ ਉਹਨਾਂ ਪੁੱਤਾਂ ਦਾ ਦਰਸ਼ਨ ਕਰ ਲੈਣ ਦਿਹੋ, ਜਿਹੜੇ ਸਾਡੇ ਬਦਲੇ ਅੱਗੇ ਹੋ ਕੇ ਲੜ ਰਹੇ ਨੇ।"
"ਲਓ ਅਹੁ ਤੁਰੀ ਔਂਦੀ ਜੇ।" ਬੇਲਾ ਸਿੰਘ ਨੇ ਸੱਜੇ ਹੱਥ ਦੀ ਉਂਗਲ ਦਾ ਇਸ਼ਾਰਾ ਕਰਦਿਆਂ ਕਿਹਾ। "ਮੈਂ ਆਖਿਆ ਸੀ ਨਾ!"
"ਹਾਂ ਭਈ। ਸੱਚ ਈ ਮਾਈ ਭਾਗੋ ਬਣ ਗਈ ਜੇ ਉਹ। ਅਸ਼ਕੇ ਆਖੋ ਖਾਂ।" ਤਾਰਾ ਚੰਦ ਨੇ ਸ਼ਰਧਾ ਨਾਲ ਕਿਹਾ।
ਸਾਰਿਆਂ ਦਾ ਧਿਆਨ ਓਧਰੇ ਹੋ ਗਿਆ। ਓਨਾ ਚਿਰ ਸਭ ਦੀਆਂ ਨਜ਼ਰਾਂ ਉਧਰੇ ਟਿਕੀਆਂ ਰਹੀਆਂ, ਜਿੰਨਾ ਚਿਰ ਉਹ ਕੋਲ ਨਾ ਪਹੁੰਚ ਗਈ।
"ਫੜਿਓ ਦੇ ਪੁੱਤ। ਅੱਜ ਜਿਦੋ ਜਿਦੀ ਕਿੰਨਾ ਭਾਰ ਮੇਰੇ ਸਿਰ 'ਤੇ ਧਰ ਦਿੱਤਾ ਨੇ। ਮੇਰੀ ਧੌਣ ਟੁੱਟਣ 'ਤੇ ਆ ਗਈ ਏ।" ਮਾਈ ਨੇ ਨੇੜੇ ਆ ਕੇ ਕਿਹਾ।
"ਮਾਂ ਤੂੰ ਸਾਨੂੰ ਦੂਰੋਂ ਵਾਜ਼ ਮਾਰਨੀ ਸੀ" ਤਾਰਾ ਚੰਦ ਨੇ ਛੇਤੀ ਨਾਲ ਅੱਗ ਵਧ ਕੇ ਮਾਈ ਦੇ ਸਿਰ ਤੋਂ ਪਰਾਤ ਚੁੱਕ ਲਈ।
"ਵਾ ਗੁਰੂ!" ਮਾਈ ਨੇ ਲੰਮਾ ਸਾਹ ਲੈ ਕੇ ਥਕੇਵਾਂ ਲਾਹਿਆ। ਸਿਰ 'ਤੇ ਹੱਥ ਫੇਰਦੀ ਉਹ ਸਾਰਿਆਂ ਦੇ ਕੋਲ ਆ ਬੈਠੀ। "ਅੱਜ ਤਾਂ ਬੁਰੀ ਹੋਈ। ਦੋ ਵਾਰ ਸਾਹ ਲੈ ਕੇ ਅਪੜੀ ਆਂ। ਐਧਰੋਂ ਅਹੁ ਆਈ, 'ਮਾਂ। ਆਹ ਵੀ ਲਈ ਜਾਈਂ। ਐਧਰੋਂ ਦੂਜੀ ਆਈ, 'ਮਾਂ! ਆਹ ਵੀ ਸੰਭਾਲੀ ਵਛੇਰੀਆਂ! ਸਾਰੀ ਦਿਹਾੜੀ ਗਲੀਆਂ ਵਿੱਚ ਦੜੰਗੇ ਲੌਂਦੀਆਂ ਫਿਰਨਗੀਆਂ, ਤੇ ਏਨਾ ਨਹੀਂ, ਪਈ ਦਸ ਪੈਲੀਆਂ ਤੱਕ ਮਾਂ ਨੂੰ ਪੁਚਾ ਔਣ। ਅੱਜ ਕੱਲ੍ਹ ਦੀਆਂ ਮੁਟਿਆਰਾਂ ਤਾਂ ਸੇਰ ਭਾਰ ਚੁੱਕਦੀਆਂ ਮਰਦੀਆਂ ਨੇ। ਅਸੀਂ ਮਾਪਿਆਂ ਦੇ ਘਰ ਵੀ ਚਾਟੀ ਲੱਸੀ ਦੀ ਚੁੱਕ ਕੇ ਦੋ ਕੋਹਾਂ 'ਤੇ ਅਪੜ ਪੈਂਦੀਆਂ ਸਾਂ। ਤੇ ਹੁਣ ਦੀਆਂ ਕੁੜੀਆਂ ਨੂੰ ਤਾਂ ਕੰਘੀ ਦੇ ਭਾਰ ਨਾਲ ਈ ਕੁੜੱਲਾਂ ਪੈਣ ਲੱਗ ਪੈਂਦੀਆਂ ਨੇ। ਮਜ਼ਾਲ ਕੀ ਏ ਚਾਰ ਸੇਰ ਭਾਰ ਚੁੱਕ ਕੇ ਦੋ ਪੈਲੀਆਂ ਤੁਰ ਲੈਣ। ਨਖਰਿਆਂ ਸੜੀਆਂ। ਹਰ ਪਾਸੇ ਸੱਸਾਂ ਨੂੰ ਬਲਦੀ ਦੇ ਬੁੱਥੇ ਡੋਹਣਗੀਆਂ। ਖੈਰ, ਏਥੇ ਤਾਂ ਮੈਂ ਤੁਹਾਡੇ ਮੋਹ ਦੀ ਮਾਰੀ ਔਂਦੀ ਆ ਨਾਂ। ਬਾਕੀ ਦੇ ਕੰਮ ਸੰਭਾਲਣ ਹੁਣ ਆਪੇ। ਹਾਹੋ। ਬਥੇਰਾ ਚਿਰ ਉਹਨਾਂ ਦੀ ਛੱਟ ਚੁੱਕੀ ਏ।" ਮਾਈ ਕਰਮ ਕੌਰ ਆਪਣੇ
ਰੋ ਵਿੱਚ ਹੀ ਕਹੀ ਜਾ ਰਹੀ ਸੀ।
"ਵਾਹ, ਭਈ। ਅੱਜ ਮਾਂ ਨੇ ਚੂਰੀ ਲਿਆਂਦੀ ਜੇ, ਚੂਰੀ।" ਗੱਜਣ ਸਿੰਘ ਨੇ ਪਰਾਤ ਉਤੋਂ ਪੋਣਾ ਲਾਹੁੰਦਿਆਂ ਖ਼ੁਸ਼ੀ ਨਾਲ ਕਿਹਾ।
"ਫਿਰ ਮਾਵਾਂ ਪੁੱਤਰਾਂ ਵਾਸਤੇ ਚੂਰੀ ਨਾ ਲਿਆਉਣ, ਤਾਂ ਹੋਰ ਕੌਣ ਲਿਆਵੇ। ਵਾਹ। ਅੱਧ ਸ਼ੁੱਧ ਘਿਉ।" ਬੇਲਾ ਸਿੰਘ ਨੇ ਸ਼ਰਧਾ ਨਾਲ ਕਿਹਾ।
"ਅੱਜ ਜਿਦੋ ਜਿਦੀ ਸਾਰੀਆਂ ਨੇ ਮੱਖਣ ਕੱਠਾ ਕਰ ਲਿਆਂਦਾ। ਮੈਂ ਵੀ ਆਖਿਆ, ਸੁੱਟ ਪਰਾਤ ਵਿੱਚ। ਅੱਜ ਮੈਂ ਪੁੱਤਰਾਂ ਵਾਸਤੇ ਚੂਰੀ ਲੈ ਕੇ ਜਾਵਾਂਗੀ। ਅਜੇ ਅੱਧੀ ਤਾਂ ਮੈਂ ਪਿਛਲੀਆਂ ਦੇ ਚੌਂਕੀਆਂ 'ਤੇ ਛੱਡ ਆਈ ਆਂ।"
"ਹੱਛਾ, ਉਹ ਵੀ ਤਾਂ ਤੇਰੇ ਪੁੱਤਰ ਈ ਨੇ।" ਤਾਰਾ ਚੰਦ ਨੇ ਚੂਰੀ ਦਾ ਰੁੱਗ ਭਰਦਿਆਂ ਕਿਹਾ।
"ਖਾਹੋ, ਖਾਹੋ, ਤੁਹਾਨੂੰ ਖਾਂਦਿਆਂ ਵੇਖ ਕੇ ਮੇਰਾ ਜੀਅ ਬੜਾ ਰਾਜੀ ਹੁੰਦਾ ਏ। ਅੱਗੇ ਤਾਂ ਮੈਂ ਸਮਝਦੀ ਹੁੰਦੀ ਸਾਂ, ਮੇਰਾ ਇਕੋ ਪੁੱਤਰ ਏ। ਪਰ ....।"
"ਤੇ ਹੁਣ।" ਗੱਜਣ ਸਿੰਘ ਨੇ ਚੂਰੀ ਦੀ ਬੁਰਕੀ ਅੰਦਰ ਲੰਘਾਉਂਦਿਆਂ ਕਿਹਾ।
"ਹੁਣ ਤਾਂ ਤੁਸੀਂ ਸਾਰੇ ਮੈਨੂੰ ਆਪਣੇ ਪੁੱਤਰ ਈ ਜਾਪਦੇ ਓ।" ਮਾਂ ਨੇ ਸਾਰਿਆਂ ਵੱਲ ਹੱਥ ਕਰਕੇ ਕਿਹਾ।
"ਹਾਂ ਵੀ ਤੇਰੇ ਪੁੱਤਰ ਈ ਕਿ। ਮਾਵਾਂ ਬਿਨਾਂ ਭਲਾ ਐਸ ਤਰ੍ਹਾਂ ਵਰ੍ਹਦੀ ਅੱਗ ਵਿੱਚ ਕੋਈ ਮਗਰ ਪਹੁੰਚਦਾ ਏ ?" ਹਰ ਸਿਪਾਹੀ, ਉਸ ਨੂੰ ਆਪਣੀ ਮਾਂ ਹੀ ਸਮਝਦਾ ਸੀ।
"ਵੇ ਪੁੱਤ। ਆਂਦਰਾਂ ਖਿੱਚ ਕੇ ਲੈ ਔਂਦੀਆਂ ਨੇ। ਦੂਜੀਆਂ ਦਾ ਵੱਸ ਚੱਲੇ ਤਾਂ ਕੋਈ ਵੀ ਪਿੱਛੇ ਨਾ ਰਹੇ।"
"ਮਾਂ। ਜਾਣਦੀ ਏਂ, ਇਹਨਾਂ ਮੁੰਡਿਆਂ ਨੇ ਤੇਰਾ ਨਾਂ ਰਖਿਆ ਏ। ਨਾਂ ਰੱਖਣ ਦਾ ਰਵਾਜ ਤਾਂ ਨਹੀਂ। ਨਾਂ ਤਾਂ ਸੱਸਾਂ ਰੱਖਦੀਆਂ ਹੁੰਦੀਆਂ ਨੇ।"
"ਮਾਂ। ਗੁੱਸੇ ਨਾ ਹੋਵੀਂ। ਨਾ ਰੱਖਿਆ ਬੜਾ ਵਧੀਆ ਨੇ- ਮਾਈ ਭਾਗੋ।" ਤਾਰਾ ਚੰਦ ਨੇ ਬੜੀ ਮਿੱਠੀ ਸੁਰ ਵਿੱਚ ਕਿਹਾ।
"ਵੇ ਪੁੱਤ! ਮਾਈ ਭਾਗੋ ਦੇ ਤਾਂ ਮੈਂ ਪੈਰਾਂ ਵਰਗੀ ਵੀ ਨਹੀਂ। ਅਖੇ: ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ। ਮਾਈ ਭਾਗੋ ਨੇ ਤਾਂ ਟੁੱਟੀ ਗੰਢ ਦਿੱਤੀ ਸੀ ਤੇ ਮੈਂ ਨਿਮਾਣੀ ਕਾਹਦੇ ਜੋਗੀ ਆਂ।"
"ਮਾਂ, ਇਉਂ ਨਾ ਆਖ। ਤੇਰੇ ਹੌਸਲੇ ਵੇਖ ਕੇ ਸਾਡੇ ਜਵਾਨ ਮੌਤ ਦੀ ਪਰਵਾਹ ਨਹੀਂ ਕਰਦੇ। ਫਿਰ ਅੱਜ ਤਾਂ ਤੇਰੇ ਆਉਣ ਨੇ ਸਾਰਿਆਂ ਨੂੰ ਹਰੀ ਸਿੰਘ ਨਲੂਏ ਬਣਾ
ਦਿੱਤਾ ਏ। ਤੇਰੀ ਚੂਰੀ ਕੋਈ ਹਰਾਮ ਨਹੀਂ ਕਰੇਗਾ। ਭਲਕੇ ਭਾਵੇਂ ਮੌਤ ਵੱਲੋਂ ਮੂੰਹ ਕਰਾ ਦੇਣ।" ਬੇਲਾ ਸਿੰਘ ਦੇ ਮੂੰਹੋਂ ਹਰ ਸਿਪਾਹੀ ਦੀ ਆਤਮਾ ਬੋਲ ਰਹੀ ਸੀ।
"ਛੱਡੋ ਵੇ। ਹਰ ਕੋਈ ਆਪਣੀ ਮਾਂ ਦੀਆਂ ਤਰੀਫ਼ਾਂ ਏਸੇ ਤਰ੍ਹਾਂ ਕਰਿਆ ਕਰਦਾ ਏ। ਚੁੱਪ ਕਰਕੇ ਖਾਹੋ। ਮੈਂ ਛੇਤੀ ਪਿਛਾਂਹ ਮੁੜਨਾ ਏ।"
"ਮਾਂ! ਸੱਚ ਕੰਨ ਦੀ ਸੁਣਾ। ਵਧੇਰੇ ਦਰਦ ਤਾਂ ਨਹੀਂ ਕਰਦਾ ?"
"ਵੇ, ਕੰਨ ਦੀ ਕਿਹੜਾ ਛਾਵੇਂ ਬਹਿਣਾ ਏ। ਨਾਲੇ ਮਾਂ ਨੇ ਹੁਣ ਕਿਹੜੀਆਂ ਡੰਡੀਆਂ ਪੌਣੀਆਂ ਨੇ, ਜਿਹੜੀਆਂ ਕੰਨ ਬਿਨਾਂ ਸੂਤ ਨਾ ਔਣਗੀਆਂ।"
ਪਰ ਅਸੀਂ ਸੋਚਦੇ ਆਂ, ਜੇ ਕਿਤੇ ਗੋਲੀ...।
"ਹਿੱਕ ਵਿੱਚ ਵੱਜ ਜਾਂਦੀ ਤਾਂ ?" ਰਾਮ ਸਿੰਘ ਦਾ ਛੱਡਿਆ ਵਾਕ ਮਾਈ ਨੇ ਆਪ ਹੀ ਪੂਰਾ ਕਰ ਦਿੱਤਾ। "ਮਾਂ ਭਾਗਾਂ ਵਾਲੀ ਨਾ ਹੋ ਜਾਂਦੀ ? ਜਿਹੜੀ ਗੋਲੀ ਮੇਰੀ ਹਿੱਕ ਵਿੱਚ ਬੁੱਝ ਜਾਂਦੀ, ਉਹ ਮੇਰੇ ਇਕ ਪੁੱਤ ਨੂੰ ਨਾ ਵੱਜਦੀ।” ਉਸ ਵੇਲੇ ਮਾਈ ਦੀਆਂ ਅੱਖਾਂ ਵਿੱਚ ਕੋਈ ਅਨੋਖੀ ਚਮਕ ਸੀ।
"ਵਾਹ! ਮਾਂ, ਤੇਰਾ ਆਹ ਹੌਸਲਾ ਤੇ ਜਜ਼ਬਾ। ਭਰੋਸਾ ਰੱਖ, ਤੇਰੇ ਪੁੱਤਰ ਮਰਦਾਂ ਵਾਂਗ ਸ਼ਹੀਦ ਹੋ ਜਾਣਗੇ, ਪਰ ਪਿੜ ਵਿੱਚ ਹਾਰਨਗੇ ਨਹੀਂ। ਵੈਰੀ ਨੂੰ ਕੰਡ ਵਿਖੈਣ ਵਾਲੇ ਐਹੋ ਜਿਹੀਆਂ ਬਹਾਦਰ ਮਾਵਾਂ ਦੇ ਸਾਮ੍ਹਣੇ ਕਿਹੜਾ ਮੂੰਹ ਲੈ ਕੇ ਜਾਣਗੇ। ਵਾਹ! ਭਾਰਤ ਮਾਂ। ਮਾਈ ਭਾਗੋ! ਕੀ ਤੂੰ ਤਾਂ ਆਪ ਭਾਰਤ ਮਾਂ ਏਂ।" ਬੇਲਾ ਸਿੰਘ ਨੇ ਸ਼ਰਧਾ ਨਾਲ ਸਿਰ ਹਿਲਾਉਂਦਿਆਂ ਕਿਹਾ।
"ਬਸ ਰਹਿਣ ਦਿਹੋ ਰੱਬ ਨੂੰ। ਤੁਸੀਂ ਦੱਸੋ ਚੂਰੀ ਵਿੱਚ ਮਿੱਠਾ ਪੂਰਾ ਏ ?" ਮਾਈ ਨੇ ਗੱਲ ਪਾਸੇ ਟਾਲ ਦਿੱਤੀ।
ਚੂਰੀ ਖੁਆ ਕੇ ਮਾਈ ਪਿਛਾਂਹ ਨੂੰ ਮੁੜ ਪਈ। ਜਵਾਨ ਬੈਠੇ ਓਨਾ ਚਿਰ ਉਹਦੀ ਜਾਂਦੀ ਦੀ ਕੰਡ ਵਿਹੰਦੇ ਰਹੇ, ਜਦ ਤੱਕ ਉਹ ਅੱਖਾਂ ਤੋਂ ਉਹਲੇ ਨਾ ਹੋ ਗਈ।
੧੬.
"ਵਾਹ! ਸੁਆਦ ਕਰ ਦਿੱਤਾ ਏ ਸ਼ੋਰਾਂ ਨੇ ।" ਅਖ਼ਬਾਰ ਪੜ੍ਹਦਾ-ਪੜ੍ਹਦਾ ਕਾਮਰੇਡ ਸੰਤਾ ਸਿੰਘ ਇਕੋ ਵਾਰ ਜੋਸ਼ ਭਰੀ ਖ਼ੁਸ਼ੀ ਵਿੱਚ ਪੁਕਾਰ ਉੱਠਿਆ।
"ਕੀ ?... ਕੀ ?" ਇਕੱਠੀਆਂ ਕਈ 'ਵਾਜ਼ਾਂ ਆਈਆਂ।
"ਪੰਦਰਾਂ ਸਤੰਬਰ ਨੂੰ, ਸਿਆਲਕੋਟ ਸੈਕਟਰ ਵਿੱਚ ਹੋਈ ਲੜਾਈ ਬਾਰੇ ਕਿੰਨਾ ਸੁੰਦਰ ਲਿਖਿਆ ਏ।" ਕਾਮਰੇਡ ਨੇ ਅਖ਼ਬਾਰ ਉੱਤੇ ਨਜ਼ਰ ਟਿਕਾਈ ਕਿਹਾ, "ਲਿਖਦਾ
ਹੈ ਕਿ ਦੂਸਰੇ ਸੰਸਾਰ ਯੁੱਧ ਨੂੰ ਦੁਨੀਆ ਦੇ ਲੋਕ ਦੇਰ ਤੱਕ ਯਾਦ ਰੱਖਣਗੇ। ਜਰਮਨੀ ਦੇ ਪ੍ਰਸਿੱਧ ਜਰਨੈਲ ਰੋਮੇਲ ਨੂੰ ਉਸ ਸਮੇਂ ਦਾ ਮਹਾਨ ਯੋਧਾ ਮੰਨਿਆ ਜਾਂਦਾ ਹੈ। ਅਨਾਮੀਲ ਦੀ ਲੜਾਈ ਵਿੱਚ ਰੋਮੇਲ ਦੀਆਂ ਫ਼ੌਜਾਂ ਨੇ ਇਕ ਦਿਨ ਵਿੱਚ ਦੁਸ਼ਮਣ ਦੇ ਸੱਤ ਟੈਂਕ ਤਬਾਹ ਕੀਤੇ ਸਨ। ਵਰਤਮਾਨ ਭਾਰਤ ਪਾਕਿਸਤਾਨ ਦੀ ਲੜਾਈ ਨੇ ਉਸ ਭਿਆਨਕ ਯੁੱਧ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਪੰਦਰਾਂ ਸਤੰਬਰ ਦੇ ਦੋ ਸੂਰਜਾਂ ਅੰਦਰ, ਭਾਵ ਸਿਰਫ਼ ਬਾਰਾਂ ਘੰਟਿਆਂ ਵਿੱਚ ਭਾਰਤ ਦੀ ਬੀਰ ਸੈਨਾ ਨੇ ਪਾਕਿਸਤਾਨ ਦੇ 66 ਟੈਂਕ ਤਬਾਹ ਕੀਤੇ ਹਨ, ਜਿਨ੍ਹਾਂ ਵਿਚੋਂ ਬਹੁਤੇ ਪੈਟਨ ਟੈਂਕ ਸਨ। ਅੱਗੇ ਲਿਖਦਾ ਹੈ, ਪਰ ਦੋਹਾਂ ਲੜਾਈਆਂ ਵਿੱਚ ਇਕ ਵੱਡਾ ਫ਼ਰਕ ਹੈ। ਜਿੱਥੇ ਸੱਠਾਂ ਦੇ ਮੁਕਾਬਲੇ 'ਤੇ ਜਰਮਨੀ ਦੇ ਪੰਜਤਾਲੀ ਟੈਂਕ ਤਬਾਹ ਹੋਏ ਹਨ, ਉਥੇ ਛਿਆਹਠਾਂ ਦੇ ਟਾਕਰੇ ਭਾਰਤ ਦੇ ਸਿਰਫ਼ ਅਠਾਈ। ਇਹ ਭਾਰਤੀ ਸੈਨਾ ਦੀ ਮਹਾਨ ਜਿੱਤ ਹੈ।"
"ਵਾਹ! ਯੋਧਿਆਂ ਹੱਦ ਮੁਕਾ ਦਿੱਤੀ ਕਿ।" ਅਮਲੀ ਨੇ ਆਪਣੀ ਫ਼ੌਜ ਦੀ ਜਿੱਤ ਦੀ ਖ਼ੁਸ਼ੀ ਵਿੱਚ ਝੂਮਦਿਆਂ ਕਿਹਾ।
“ਭਾਊ! ਅਸੀਂ ਨਾ ਲੜੀਏ, ਤਾਂ ਭਾਵੇਂ ਉਤੋਂ ਦੀ ਗੱਡੀ ਲੰਘ ਜਾਵੇ, ਤੇ ਜੇ ਲੜ ਪਈਏ ਤਾਂ, ਮਖ, ਹਾਹੋ ।" ਨਵੇਂ ਅੱਗੇ ਵਧੂ ਕਲਾਕਾਰ ਦੀ ਅਧੂਰੀ ਕਹਾਣੀ ਵਾਂਗ ਕਰਮ ਸਿੰਘ ਭਾਊ ਨੇ ਵਾਕ ਅਧੂਰਾ ਛੱਡ ਦਿੱਤਾ।
"ਫਿਰ ਚੌਂਤੀ ਸਾਲਾ ਜਵਾਨ, ਟੈਂਕ ਡਵੀਜ਼ਨ ਦੇ ਮੇਜਰ ਭੁਪਿੰਦਰ ਸਿੰਘ ਨੇ ਇਸ ਲੜਾਈ ਵਿੱਚ ਬਹਾਦਰੀ ਦਾ ਇਕ ਨਵਾਂ ਰੀਕਾਰਡ ਕਾਇਮ ਕਰ ਦਿੱਤਾ ਏ।"
"ਉਹ ਵੀ ਫਰਮਾ ਦਿਹੋਂ।" ਅਮਲੀ ਨੇ ਸ਼ਰਧਾ ਨਾਲ ਕਿਹਾ।
"ਉਸ ਦਿਨ ਮੈਂ ਤੁਹਾਨੂੰ ਖੇਮਕਰਨ ਦੀ ਲੜਾਈ ਵਿੱਚ ਪਾਕਿਸਤਾਨ ਦੇ ਤਿੰਨ ਟੈਂਕ ਉਡਾਉਣ ਵਾਲੇ ਯੋਧੇ ਅਬਦੁਲ ਹਮੀਦ ਬਾਰੇ ਦੱਸਿਆ ਸੀ।"
"ਹਾਂ।" ਅਮਲੀ ਨੇ ਰਸਮੀ ਤੌਰ 'ਤੇ ਹੁੰਗਾਰਾ ਭਰਿਆ।
"ਭਾਰਤ ਸਰਕਾਰ ਨੇ ਉਸ ਸੂਰਮੇ ਨੂੰ 'ਪਰਮਵੀਰ ਚੱਕਰ' ਦਾ ਫ਼ੌਜੀ ਸਨਮਾਨ ਦਿੱਤਾ ਹੈ।"
"ਚਾਹੀਦਾ ਹੀ ਸੀ। ਜਿਹੜਾ ਕੋਈ ਸੂਰਮਗਤੀ ਦਾ ਕਾਰਨਾਮਾ ਕਰੇ, ਉਹਦਾ ਆਦਰ ਸਨਮਾਨ ਕਰਨਾ ਸਾਡਾ ਫ਼ਰਜ਼ ਹੈ।"
"ਮੇਜਰ ਭੁਪਿੰਦਰ ਸਿੰਘ ਨੇ ਸਿਰਫ਼ ਢਾਈ ਮਿੰਟਾਂ ਵਿੱਚ ਪਾਸਿਤਾਨ ਦੇ ਸੱਤ ਟੈਂਕ ਤਬਾਹ ਕੀਤੇ ਨੇ।"
“ਭਾਊ! ਜੰਮਣਾ ਈ ਏਹੋ ਜਿਹੇ ਮਰਦਾਂ ਦਾ ਏ। ਹੋਰ ਗੀਦੀ ਦਾ ਕੀ ਨਾਂ ਲੈਣਾ ਹੁੰਦਾ ਏ।"
"ਸਾਰੀ ਛਾਤੀ ਗੋਲੀਆਂ ਨਾਲ ਛਾਨਣੀ ਹੋ ਗਈ ਪਰ ਮਰਦ ਓਨਾ ਚਿਰ ਜੈਕਾਰੇ ਛੱਡਦਾ ਲੜਦਾ ਰਿਹਾ, ਜਿੰਨਾ ਚਿਰ ਬੇਸੁੱਧ ਹੋ ਕੇ ਡਿੱਗ ਨਹੀਂ ਪਿਆ।"
"ਉਹਨੂੰ ਤਾਂ ਫਿਰ ਸਰਕਾਰ ਅਬਦੁਲ ਹਮੀਦ ਨਾਲੋਂ ਵੀ ਵੱਡਾ ਖ਼ਤਾਬ ਦੇਵੇਗੀ।"
"ਅਮਲੀਆ। ਖ਼ਤਾਬਾਂ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਕਈ ਵਾਰ ਮਾਮੂਲੀ ਕੰਮ ਕਰਨ ਵਾਲੇ ਜਾਂ ਅਨਅਧਿਕਾਰੀਆਂ ਨੂੰ ਵੱਡੇ ਵੱਡੇ ਸਨਮਾਨ ਮਿਲ ਜਾਇਆ ਕਰਦੇ ਨੇ, ਤੇ ਉਹਨਾਂ ਸਨਮਾਨਾਂ ਨੇ ਹੱਕਦਾਰਾਂ ਨੂੰ ਜਾਣ ਬੁੱਝ ਕੇ, ਜਾਂ ਅਣਜਾਣੇ ਈ ਅੱਖਾਂ ਤੋਂ ਓਹਲੇ ਕਰ ਦਿੱਤਾ ਜਾਂਦਾ ਹੈ। ਇਹ ਤਾਂ ਸਨਮਾਨ ਦੇਣ ਵਾਲਿਆਂ ਦੇ ਈਮਾਨ, ਇਨਸਾਫ ਜਾਂ ਤਰਫਦਾਰੀ 'ਤੇ ਨਿਰਭਰ ਹੈ, ਪਰ ਆਉਣ ਵਾਲਾ ਇਤਿਹਾਸ ਕਿਸੇ ਦੀ ਬਹਾਦਰੀ ਨੂੰ ਖ਼ਤਾਬਾਂ ਦੇ ਗਜ਼ ਨਾਲ ਨਹੀਂ ਮਿਣਿਆ ਕਰਦਾ। ਉਹ ਤਾਂ ਕੀਤੇ ਹੋਏ ਕਾਰਨਾਮਿਆਂ ਨੂੰ ਯਾਦ ਰੱਖਦਾ ਹੈ। ਸੋ, ਸਾਡੇ ਇਹ ਸਿਰਲੱਥ ਯੋਧੇ ਚਿਰ ਤੱਕ ਯਾਦ ਰਹਿਣਗੇ। ਸਰਕਾਰ ਭਾਵੇਂ ਕਿਸੇ ਨੂੰ ਵੱਡਾ ਸਨਮਾਨ ਦੇਵੇ, ਤੇ ਭਾਵੇਂ ਛੋਟਾ, ਪਰ ਵੱਡਾ ਤੇ ਛੋਟਾ ਹਰ ਇਕ ਨੇ ਆਪਣੀ ਕੀਤੀ ਕੁਰਬਾਨੀ ਦੇ ਆਧਾਰ 'ਤੇ ਬਣਨਾ ਹੈ। ਮੇਜਰ ਭੁਪਿੰਦਰ ਸਿੰਘ ਬਾਰੇ ਇਕ ਗੱਲ ਹੋਰ ਸੁਣੋ। ਇਸ ਵੇਲੇ ਉਹ ਦਿੱਲੀ ਦੇ ਹਸਪਤਾਲ ਵਿੱਚ ਪਿਆ ਏ। ਉਹਦੇ ਸਰੀਰ ਦਾ ਕੋਈ ਅੰਗ ਨਹੀਂ, ਜਿੱਥੇ ਕੋਈ ਫੱਟ ਨਾ ਲੱਗਾ ਹੋਵੇ। ਪੱਟੀਆਂ ਵਿੱਚ ਸਾਰਾ ਸਰੀਰ ਜਕੜਿਆ ਪਿਆ ਏ। ਸਾਡੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਉਹਦੀ ਸੁਰਤ ਨੂੰ ਗਏ। ਅੱਗੋਂ ਸ. ਭੁਪਿੰਦਰ ਸਿੰਘ ਨੇ ਮੁਸਕਰਾਉਂਦੇ ਚਿਹਰੇ ਤੋਂ ਉੱਤਰ ਦਿੱਤਾ, ਸ੍ਰੀ ਮਾਨ ਜੀ। ਖਿਮਾ ਕਰਨਾ। ਮੈਂ ਆਪ ਜੀ ਨੂੰ ਉੱਠ ਕੇ ਸਲੂਟ ਕਰਨ ਦੀ ਹਾਲਤ ਵਿੱਚ ਨਹੀਂ ਹਾਂ। ਮਤਲਬ, ਕਿ ਉਸ ਵੇਲੇ ਵੀ ਉਹਨੂੰ ਆਪਣੇ ਫ਼ਰਜ਼ ਦਾ ਕਿੰਨਾ ਧਿਆਨ ਸੀ। ਧਰਮ ਕੀ ਏ ? ਆਪਣੇ ਫ਼ਰਜ਼ ਦੀ ਪਛਾਣ।"
"ਵਾਹ। ਸੂਰਮਾ ਮਰਨ ਕਿਨਾਰੇ ਪਿਆ ਵੀ ਆਪਣੇ ਫ਼ਰਜ਼ ਨੂੰ ਨਹੀਂ ਭੁੱਲਿਆ।" ਅਮਲੀ ਨੇ ਸ਼ਰਧਾ ਨਾਲ ਸਿਰ ਹਿਲਾਉਂਦਿਆਂ ਕਿਹਾ।
"ਅਮਲੀਆ! ਜਿਹੜੀਆਂ ਕੌਮਾਂ ਆਪਣੇ ਫ਼ਰਜ਼ ਨੂੰ ਸਮਝਣ ਲੱਗ ਪੈਣ ਦੁਨੀਆ ਦੀ ਕੋਈ ਸ਼ਕਤੀ ਵੀ ਉਹਨਾਂ ਨੂੰ ਝੁਕਾ ਨਹੀਂ ਸਕਦੀ। ਅਸਲੀ ਦੋਸ਼- ਭਗਤੀ, ਧਾਰਮਿਕਤਾ, ਜਾਂ ਬਹਾਦਰੀ ਇਸੇ ਦਾ ਨਾਮ ਹੈ।" ਕਾਮਰੇਡ ਨੇ ਆਪਣੇ ਸ਼ਬਦਾਂ 'ਤੇ ਜ਼ੋਰ ਦੇਂਦਿਆਂ ਕਿਹਾ।
"ਆਹੰਦੇ ਨੇ, ਕੋਈ ਤਾਰਾਪੁਰੀਆ ਵੀ ਬੜੀ ਬਹਾਦਰੀ ਨਾਲ ਲੜਿਆ ਏ।" ਲਛਮਣ ਹੋਰ ਬਹਾਦਰਾਂ ਦੀਆਂ ਕਹਾਣੀਆਂ ਸੁਣਨ ਦਾ ਵੀ ਚਾਹਵਾਨ ਸੀ।
"ਹਾਂ! ਲੈਫਟੀਨੈਂਟ ਕਰਨਲ ਏ. ਬੀ. ਤਾਰਾਪੁਰ।"
"ਭਾਊ। ਇਹ ਏ. ਬੀ. ਕੀ ਹੋਇਆ ?" ਕਰਮ ਸਿੰਘ ਭਾਊ ਨੇ ਵਿੱਚੋਂ ਹੀ ਸਵਾਲ ਜੋੜ ਦਿੱਤਾ। ਸ਼ਾਇਦ ਉਹਦੇ ਦਿਲ ਵਿੱਚ ਆਈ ਹੋਵੇ, ਕਿ ਸਵਾਲ ਕਰਨ ਵਿੱਚ ਉਹ ਬਾਕੀ ਸਰੋਤਿਆਂ ਨਾਲੋਂ ਪਿੱਛੇ ਨਾ ਰਹਿ ਜਾਵੇ।
"ਇਹ ਸਾਡੇ ਮੁਲਕ ਉੱਤੇ ਅੰਗਰੇਜ਼ੀ ਦਾ ਪ੍ਰਭਾਵ ਹੈ। ਅੰਗਰੇਜ਼ੀ ਦੇ ਅਸੀਂ ਕਈ ਪੀੜ੍ਹੀਆਂ ਤੋਂ ਗੁਲਾਮ ਜੋ ਰਹੇ ਆਂ। ਉਂਞ ਹੁਣ ਸਾਨੂੰ ਉਹ ਗੁਲਾਮੀ ਵਾਲੀ ਆਦਤ ਛੱਡ ਦੇਣੀ ਚਾਹੀਦੀ ਏ। ਖ਼ੈਰ, ਅੰਗਰੇਜ਼ਾਂ ਦੀ ਰੀਸ ਨਾਲ, ਸਾਡੇ ਲੋਕ ਵੀ ਨਾਂ ਦੇ ਪਹਿਲੇ ਅੱਖਰ ਲਿਖ ਕੇ ਅੱਗੇ ਆਪਣੀ ਗੋਤ ਆਦਿ ਲਿਖ ਦੇਂਦੇ ਨੇ। ਗੋਤ ਨਹੀਂ, ਤਾਂ ਪਿੰਡ ਜਾਂ ਇਲਾਕੇ ਦਾ ਨਾਂ ਹੀ ਸਹੀ। ਜਿਵੇਂ ਛੰਭ ਵਿੱਚ ਸਭ ਤੋਂ ਪਹਿਲਾਂ ਪਾਕਿਸਤਾਨੀ ਸੈਬਰ ਜੈੱਟ ਜਹਾਜ਼ ਡੇਗਣ ਦੀ ਬੋਹਣੀ ਕਰਨ ਵਾਲਿਆਂ ਯੋਧਿਆਂ ਦੇ ਨਾਮ ਟਰੈਵਰ ਕੀਲਰ ਤੇ ਵੀ. ਐੱਸ. ਪਠਾਣੀਆ ਹਨ। ਉਹਨਾਂ ਦੋਹਾਂ ਨੂੰ ਸਰਕਾਰ ਨੇ 'ਵੀਰ ਚੱਕਰ' ਦਿੱਤੇ ਨੇ। ਏਥੇ ਵੀ. ਐੱਸ. ਨਾਮ ਦੇ ਦੋਵੇਂ ਪਹਿਲੇ ਅੱਖਰ ਨੇ। ਉਹਦਾ ਪੂਰਾ ਨਾਂ ਵੀਰੇਂਦਰ ਸਿੰਘ ਪਠਾਣੀਆ ਏ। ਏਸੇ ਤਰ੍ਹਾਂ ਏ. ਬੀ. ਵੀ ਤਾਰਾਪੁਰ ਦੇ ਪਹਿਲੇ ਅੱਖਰ ਨੇ। ਉਸ ਦਾ ਪੂਰਾ ਨਾਂ ਮੈਂ ਨਹੀਂ ਜਾਣਦਾ। ਸਰਕਾਰ ਨੂੰ ਚਾਹੀਦਾ ਹੈ, ਕਿ ਇਹੋ ਜਿਹੇ ਯੋਧਿਆਂ ਦੇ ਪੂਰੇ ਪੂਰੇ ਨਾਮ ਪ੍ਰਕਾਸ਼ਤ ਕਰੇ। ਅੰਤ ਅਸੀਂ ਭਾਰਤੀ ਹਾਂ। ਸਾਨੂੰ ਭਾਰਤੀ ਢੰਗ ਦੇ ਨਾਮ ਈ ਚੰਗੇ ਲੱਗਦੇ ਹਨ।"
"ਚਲੋ, ਨਾਂ ਨਾਲ ਕੀ ਫ਼ਰਕ ਪੈ ਚੱਲਿਆ ਏ। ਤੁਸੀਂ ਉਸ ਸੂਰਮੇ ਦੀ ਗੱਲ ਸੁਣਾਓ।" ਅਮਲੀ ਨੇ ਰੁਕੀ ਹੋਈ ਵਾਰਤਾ ਅਗਾਂ ਤੋਰਨ ਦੇ ਇਰਾਦੇ ਨਾਲ ਕਿਹਾ।
"ਸੁਣੋ। ਬਰਕੀ ਵਾਂਗ, ਸਿਆਲਕੋਟ ਸੈਕਟਰ ਵਿੱਚ ਫਲੋਰਾ ਦੀ ਲੜਾਈ ਵੀ ਬੜੀ ਪ੍ਰਸਿੱਧ ਹੈ। ਲੈਫਟੀਨੈਂਟ ਕਰਨਲ ਤਾਰਾਪੁਰ ਆਪਣੀ ਰਜਮੈਂਟ ਦੀ ਕਮਾਨ ਕਰ ਰਿਹਾ ਸੀ। ਉਸ ਨੇ ਪੂਰੀ ਤਿਆਰੀ ਨਾਲ ਫਲੌਰਾ ਉੱਤੇ ਧਾਵਾ ਬੋਲਿਆ। ਲਾਗੇ ਹੀ ਵਜ਼ੀਰਾਵਾਲੀ ਕੋਲ ਵੈਰੀ ਵੀ ਪੂਰੀ ਤਿਆਰੀ ਨਾਲ ਬੈਠੇ ਸਨ। ਉਹਨਾਂ ਪਾਸੇ ਤੋਂ ਟੈਂਕਾਂ ਤੇ ਤੋਪਾਂ ਨਾਲ ਤਾਰਾਪੁਰ ਦੀ ਫ਼ੌਜ ਉੱਤੇ ਧਾਵਾ ਬੋਲ ਦਿੱਤਾ। ਇਹ ਜਵਾਬੀ ਹਮਲਾ ਬੜਾ ਕਹਿਰੀ ਸੀ, ਪਰ ਤਾਰਾਪੁਰ ਘਬਰਾਇਆ ਨਹੀਂ। ਉਹਨੇ ਜਵਾਨਾਂ ਨੂੰ ਲਲਕਾਰ ਕੇ ਕਿਹਾ, "ਬਹਾਦਰੋ। ਇਹ ਦੇਸ਼ ਦੀ ਅਣਖ ਤੇ ਆਜ਼ਾਦੀ ਦਾ ਸਵਾਲ ਹੈ। ਜਾਂ ਅਸੀਂ ਜਿੱਤਾਂਗੇ, ਜਾਂ ਸ਼ਹੀਦ ਹੋ ਜਾਵਾਂਗੇ, ਤਕੜੇ ਹੋ ਕੇ ਅੱਗੇ ਵਧੋ।" ਤਾਰਾਪੁਰ ਆਪ ਵੀ ਜਵਾਨਾਂ ਦੇ ਬਰਾਬਰ ਛਾਤੀ ਤਾਣ ਕੇ ਲੜ ਰਿਹਾ ਸੀ। ਦੋਹੀਂ ਪਾਸੀਂ ਕਹਿਰ ਦੀ ਅੱਗ ਵਰ ਰਹੀ ਸੀ। ਤਾਰਾਪੁਰ ਬੁਰੀ ਤਰ੍ਹਾਂ ਫੱਟੜ ਹੋ ਗਿਆ ਪਰ ਮਰਦ ਨੇ ਹੌਸਲਾ ਨਾ ਹਾਰਿਆ। ਉਹਦੇ ਅੱਗੇ ਵਧ ਰਹੇ ਕਦਮ ਰੁਕੇ ਨਹੀਂ। ਅੰਤ ਉਹ ਸ਼ਹੀਦ ਹੋ ਕੇ ਮੈਦਾਨ ਵਿੱਚ ਡਿੱਗ ਪਿਆ, ਪਰ ਸੂਰਮੇ ਨੇ ਫਲੌਰਾ ਫਤਹਿ ਕਰ ਲਿਆ।"
"ਵਾਹ ਸ਼ੇਰਾ।" ਅਮਲੀ ਨੇ ਖ਼ੁਸ਼ੀ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਕਿ ਸੁਣਦੇ ਹੁੰਦੇ ਜੇ, ਮਰਦ ਜੋ ਕਹਿੰਦੇ ਹੈਂ......"
"ਮਰਦ ਜੋ ਕਹਿਤੇ ਹੈਂ ਸੋ ਕਰਕੇ ਦਿਖਾ ਦੇਤੇਂ ਹੈਂ।" ਅਮਲੀ ਦਾ ਛੱਡਿਆ ਹੋਇਆ ਵਾਕ ਕਾਮਰੇਡ ਨੇ ਪੂਰਾ ਕਰ ਦਿੱਤਾ। "ਅਮਲੀਆ। ਮੈਂ ਕਿਹੜੇ-ਕਿਹੜੇ ਸੂਰਮੇ ਦੀ ਤੁਹਾਨੂੰ ਗੱਲ ਸੁਣਾਵਾਂ। ਕੈਪਟਨ ਬੀ. ਐਮ. ਸੰਧੂ ਲੜਾਈ ਵਿੱਚ ਬੁਰੀ ਤਰ੍ਹਾਂ ਘਾਇਲ ਹੋ ਗਿਆ। ਉਹ ਅੰਬਾਲਾ ਹਸਪਤਾਲ ਵਿੱਚ ਪਿਆ ਸੀ। ਉਹਦਾ ਪਿਤਾ ਸ. ਸੰਪੂਰਨ ਸਿੰਘ ਮਿਲਣ ਗਿਆ, ਤਾਂ ਕੈਪਟਨ ਸੰਧੂ ਅੱਗੋਂ ਹੱਸ ਕੇ ਕਹਿਣ ਲੱਗਾ, ਪਿਤਾ ਜੀ! ਵੇਖ ਲੋ, ਮੇਰੀ ਕੰਡ ਵਿੱਚ ਕੋਈ ਗੋਲੀ ਨਹੀਂ ਲੱਗੀ।"
"ਫਿਰ ਮਰਦ ਵੀ ਕਦੇ ਕੰਡ ਵਿੱਚ ਗੋਲੀ ਖਾਂਦੇ ਨੇ? ਉਹ ਤਾਂ ਹਿੱਕ ਵਿੱਚ ਮਾਰਨਗੇ ਤੇ ਹਿੱਕ ਵਿੱਚ ਖਾਣਗੇ।" ਅਮਲੀ ਨੇ ਜੋਸ਼ ਨਾਲ ਆਪਣੀ ਹਿੱਕ ਥਾਪੜਦਿਆਂ ਕਿਹਾ, "ਆਪਣੇ ਸੁਰਿੰਦਰ ਦੇ ਵੀ ਤਿੰਨ ਗੋਲੀਆਂ ਲੱਗੀਆਂ ਨੇ, ਤੇ ਤਿੰਨੇ ਸਾਮ੍ਹਣੇ ਪਾਸੇ।"
"ਕਿਸੇ ਵੀ ਸੂਰਮੇ ਨੇ ਘੱਟ ਨਹੀਂ ਕੀਤੀ। ਰਾਏਵਿੰਡ ਸਟੇਸ਼ਨ ਉੱਤੇ ਦੁਸ਼ਮਣ ਦੀ ਗੱਡੀ ਖਲੀ ਸੀ। ਉਹ ਕਸੂਰ ਵੱਲ ਫ਼ੌਜੀ ਸਮਾਨ ਤੇ ਪਟਰੌਲ ਲੈ ਕੇ ਆ ਰਹੀ ਸੀ। ਸਾਡੇ ਹਵਾਬਾਜ਼ਾਂ ਦੀ ਨਿਗ੍ਹਾ ਪੈ ਗਿਆ ਸ਼ਕਾਰ। ਵੈਰੀ ਨੇ ਵੀ ਜਹਾਜ਼-ਡੇਂਗੂ ਤੋਪਾਂ ਦੇ ਫਾਇਰ ਸ਼ੁਰੂ ਕਰ ਦਿੱਤੇ, ਪਰ ਸਾਡੇ ਸੂਰਮੇ ਘਬਰਾਏ ਨਹੀਂ। ਫਲਾਈਟ ਲੈਫਟੀਨੈਂਟ ਕੇ. ਕੇ. ਮੈਨਨ ਉਹ ਗੱਡੀ ਤਬਾਹ ਕਰ ਕੇ ਹੀ ਮੁੜੇ।"
"ਜਦੋਂ ਮਗਰ ਲੱਗ ਈ ਪਏ ਤਾਂ ਕੰਮ ਅਧੂਰਾ ਛੱਡ ਕੀ ਮੁੜਨਾ ਹੋਇਆ।"
"ਤੇ ਉਹ ਅੰਮ੍ਰਿਤਸਰ ਜਹਾਜ਼ ਡੇਗਣ ਵਾਲਾ।" ਲਛਮਣ ਨੇ ਨਵਾਂ ਸਵਾਲ ਕਰ ਦਿੱਤਾ।
"ਉਹ ਬੱਤੀ ਸਾਲ ਦਾ ਜਵਾਨ ਸੂਬੇਦਾਰ ਰਾਜੂ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲਾ ਹੈ। ਬੜਾ ਦਲੇਰ ਤੇ ਨਿਸ਼ਾਨੇਬਾਜ਼, ਅੱਜ ਤੱਕ ਉਹਨੇ ਕੋਈ ਜਹਾਜ਼ ਬਚ ਕੇ ਨਹੀਂ ਜਾਣ ਦਿੱਤਾ।"
"ਮਖ, ਜਹਾਜ਼ ਤਾਂ ਭਾਊ! ਉਹ ਇਉਂ ਡੇਗ ਦੇਂਦਾ ਹੈ, ਜਿਵੇਂ ਗੁਲੇਲਾ ਮਾਰ ਕੇ ਘੁੱਗੀ ਫੜਕ ਘੱਤੀ ਦੀ ਏ।" ਭਾਊ ਨੇ ਆਪਣੀ ਠੇਠ ਬੋਲੀ ਵਿੱਚ ਕਿਹਾ।
"ਸਾਡੇ ਤੋਪਚੀ, ਸਾਡੇ ਹਵਾਬਾਜ਼ ਹਰ ਇਕ ਆਪਣੇ ਕੰਮ ਦਾ ਮਾਹਿਰ ਏ। ਫਿਰ ਦੇਸ਼-ਭਗਤੀ ਤਾਂ ਉਹਨਾਂ ਦੇ ਲਹੂ ਵਿੱਚ ਰਚੀ ਹੋਈ ਏ। ਫ਼ਲਾਇਟ ਲੈਫ਼ਟੀਨੈਂਟ ਗੁਰਬਖ਼ਸ਼ ਸਿੰਘ ਦੀ ਬਹਾਦਰੀ ਵੀ ਕਿਸੇ ਤੋਂ ਘੱਟ ਨਹੀਂ। ਉਹ ਸਰਗੋਧੇ 'ਤੇ ਬੰਬਾਰੀ ਕਰਕੇ ਵਾਪਸ ਮੁੜ ਰਿਹਾ ਸੀ। ਵੈਰੀ ਦੀ ਫ਼ਾਇਰਿੰਗ ਨਾਲ ਉਹਦਾ ਜਹਾਜ਼ ਵੀ ਨਕਾਰਾ ਹੋ ਗਿਆ ਤੇ ਉਹ ਆਪ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਪਰ ਉਹਦੇ
ਹੌਸਲੇ ਦੀ ਦਾਦ ਦਿਹੈ। ਡਿੱਗਦੇ ਡੋਲਦੇ ਜਹਾਜ਼ ਨੂੰ ਵਾਪਸ ਹਲਵਾਰੇ ਲੈ ਆਇਆ। ਆਪ ਜਹਾਜ਼ ਵਿੱਚੋਂ ਨਿਕਲਿਆ ਤਾਂ ਦੋ ਕਦਮ ਚੁੱਕਣ ਦੀ ਵੀ ਹਿੰਮਤ ਨਹੀਂ ਸੀ ਰਹਿ ਗਈ। ਉਸ ਵੇਲੇ ਤੱਕ ਜ਼ਖ਼ਮਾਂ ਦੇ ਕਾਰਨ ਉਹਦਾ ਸਾਰਾ ਲਹੂ ਨੁੱਚੜ ਚੁੱਕਾ ਸੀ। ਉਹ ਧਰਤੀ 'ਤੇ ਢਹਿ ਪਿਆ ਤੇ ਸ਼ਹੀਦ ਹੋ ਗਿਆ। ਇਉਂ ਸਮਝੋ ਕਿ ਵਾਪਸ ਮੁੜਨ ਤੱਕ ਉਹਨੇ ਮੌਤ ਨੂੰ ਰੋਕ ਰੱਖਿਆ ਹੋਵੇ। ਏਹਾ ਖ਼ਿਆਲ ਕਿ ਵੈਰੀ ਦੇ ਇਲਾਕੇ ਵਿੱਚ ਡਿੱਗ ਪਿਆ ਤਾਂ ਕਈ ਕਿਸਮ ਦੇ ਕਾਗ਼ਜ਼ ਪੱਤਰ ਦੁਸ਼ਮਣ ਦੇ ਹੱਥ ਆ ਜਾਣਗੇ।"
"ਕਿਉਂ ? ਭਾਊ। ਇਹਨੂੰ ਆਹੰਦੇ ਈ ਦੇਸ਼ ਭਗਤੀ।"
"ਏਸੇ ਤਰ੍ਹਾਂ ਸਾਡਾ ਮੁਸਲਮਾਨ ਯੋਧਾ ਹੁਸੈਨ ਵੀ ਆਪਣਾ ਜਹਾਜ਼ ਵਾਪਸ ਲੈ ਆਇਆ। ਜਹਾਜ਼ ਨੂੰ ਅੱਗ ਲੱਗ ਗਈ ਤਾਂ ਉਹਨੇ ਛਤਰੀ ਰਾਹੀਂ ਛਾਲ ਮਾਰ ਦਿੱਤੀ ਪਰ ਆਪਣੇ ਇਲਾਕੇ ਵਿੱਚ ਆ ਕੇ।"
"ਭਈ ਸਾਡੇ ਮੁਸਲਮਾਨਾਂ ਨੇ ਵੀ ਬਥੇਰੀਆਂ ਕੁਰਬਾਨੀਆਂ ਕੀਤੀਆਂ ਨੇ।"
"ਅਮਲੀਆ! ਏਹਾ ਤਾਂ ਸਾਡੀ ਸਭ ਤੋਂ ਵੱਡੀ ਜਿੱਤ ਏ। ਸਾਡੇ ਦੇਸ਼ ਵਿੱਚ ਧਰਮ ਨਿਰਪੱਖ ਰਾਜ ਹੈ, ਸੈਕੂਲਰ। ਜਾਂ ਇਉਂ ਸਮਝੋ ਕਿ ਏਸ ਦੇਸ਼ ਵਿੱਚ ਸਾਰੇ ਧਰਮਾਂ ਦਾ ਸਾਂਝਾ ਰਾਜ ਹੈ। ਹਿੰਦੂ, ਮੁਸਲਮ ਤੇ ਸਿੱਖ ਇਸਾਈ, ਸਾਰੇ ਹੀ ਇਸ ਦੇਸ਼ ਦੇ ਬਰਾਬਰ ਦੇ ਸ਼ਹਿਰੀ ਹਨ। ਰਸਾਲਦਾਰ ਮੇਜਰ ਅਯੂਥ ਖ਼ਾਂ ਨੇ ਪਾਕਿਸਤਾਨ ਦਾ ਟੈਂਕ ਗੋਲਾ ਮਾਰ ਕੇ ਉਡਾ ਦਿੱਤਾ। ਅੱਗੇ ਸੁਣੋ, ਉਹ ਆਪਣੇ ਕਮਾਂਡਰ ਨੂੰ ਰੀਪੋਰਟ ਕਿੰਨ੍ਹਾਂ ਸ਼ਬਦਾਂ ਵਿੱਚ ਦੇਂਦਾ ਹੈ। ਲਿਖਦਾ ਹੈ, ਰਸਾਲਦਾਰ ਅਯੂਬ ਖ਼ਾਂ ਨੇ ਫ਼ੀਲਡ ਮਾਰਸ਼ਲ ਅਯੂਬ ਖ਼ਾਂ ਦਾ ਟੈਂਕ ਉਡਾ ਦਿੱਤਾ ਹੈ।"
"ਵਾਹ। ਉਧਰ ਪਾਕਿਸਤਾਨ ਦਾ ਸਦਰ ਅਯੂਬ ਖ਼ਾਂ ਤੇ ਏਧਰ ਸਾਡਾ ਬਹਾਦਰ ਰਸਾਲਦਾਰ ਅਯੂਬ ਖ਼ਾਂ। ਵਾਹ ਓ ਸ਼ੇਰਾ।" ਅਮਲੀ ਉਸਦੇ ਸ਼ਬਦ ਸੁਣ ਕੇ ਝੂਮ ਉੱਠਿਆ।
"ਅਸਲ ਵਿੱਚ ਸਾਡੇ ਵੱਲੋਂ ਇਹ ਇਕ ਕਿਸਮ ਦਾ ਧਰਮ-ਯੁੱਧ ਹੀ ਰਿਹਾ ਹੈ।"
"ਉਹ ਕਿਵੇਂ?" ਲਛਮਣ ਹਰ ਗੱਲ ਬੜੇ ਧਿਆਨ ਨਾਲ ਸੁਣਨ ਦਾ ਆਦੀ ਸੀ।
"ਪਹਿਲੇ ਹੱਲੇ ਹੀ ਸਾਡੀਆਂ ਫ਼ੌਜਾਂ ਸਿਆਲਕੋਟ ਸ਼ਹਿਰ ਦੀਆਂ ਕੰਧਾਂ ਤੱਕ ਜਾ ਅਪੜੀਆਂ। ਜਰਨੈਲਾਂ ਨੇ ਸਿਆਲਕੋਟ ਸ਼ਹਿਰ 'ਤੇ ਕਬਜ਼ਾ ਕਰਨ ਦੀ ਆਗਿਆ ਮੰਗੀ। ਉਤੋਂ ਸਰਕਾਰ ਨੇ ਕਿਹਾ, "ਨਹੀਂ। ਸਾਡੀ ਪਾਲਸੀ ਪਾਕਿਸਤਾਨ ਦੀ ਜਨਤਾ ਨੂੰ ਦੁੱਖ ਦੇਣ ਦੀ ਨਹੀਂ। ਅਸੀਂ ਤਾਂ ਸਿਰਫ਼ ਪਾਕਿਸਤਾਨੀ ਸਰਕਾਰ ਦੀ ਫ਼ੌਜੀ
ਤਾਕਤ ਦਾ ਜਵਾਬ ਦੇਣਾ ਹੈ।" ਸੋ ਤਾਕਤ ਹੁੰਦਿਆਂ ਵੀ ਅਸਾਂ ਸਿਆਲਕੋਟ 'ਤੇ ਕਬਜ਼ਾ ਨਹੀਂ ਕੀਤਾ। ਲਾਹੌਰ ਤੇ ਕਸੂਰ ਸਾਡੀਆਂ ਤੋਪਾਂ ਦੀ ਮਾਰ ਥੱਲੇ ਸਨ, ਪਰ ਅਸਾਂ ਸ਼ਹਿਰ ਉੱਤੇ ਗੋਲਾਬਾਰੀ ਨਹੀਂ ਕੀਤੀ। ਅਸਾਂ ਪਾਕਿਸਤਾਨ ਦੇ ਟੈਂਕ ਤੋੜੇ ਹਨ। ਜਹਾਜ਼ ਡੇਗੇ ਹਨ, ਤੇ ਸਰਗੋਧਾ, ਚਕਲਾਲਾ, ਪੇਸ਼ਾਵਰ, ਬੰਨੂੰ, ਕੁਹਾਟ ਆਦਿ ਹਵਾਈ ਅੱਡੇ ਤਬਾਹ ਕੀਤੇ ਹਨ। ਪੇਸ਼ਾਵਰ ਹਵਾਈ ਅੱਡੇ 'ਤੇ ਬੰਬਾਰੀ ਕਰਦਿਆਂ ਕਰਦਿਆਂ ਪਾਕਿਸਤਾਨ ਦੇ ਚਾਲੀ ਵੱਡੇ ਅਫ਼ਸਰ ਇਕ ਦਿਨ ਮਾਰੇ ਗਏ। ਮੁੱਕਦੀ ਗੱਲ ਅਸਾਂ ਦੁਸ਼ਮਣ ਦੀ ਫ਼ੌਜ ਦਾ ਪੁੱਜ ਕੇ ਨੁਕਸਾਨ ਕੀਤਾ ਹੈ, ਪਰ ਪਾਕਿਸਤਾਨੀ ਜਨਤਾ ਦਾ ਗਿਣ ਮਿਥ ਕੇ ਬੁਰਾ ਨਹੀਂ ਮੰਗਿਆ। ਪਰ ਪਾਕਿਸਤਾਨ ਨੇ ਇਸ ਨਿਯਮ ਨੂੰ ਨਹੀਂ ਨਿਭਾਇਆ। ਪਹਿਲੇ ਹੱਥ ਉਹਨਾਂ ਜੋਜ਼ੀਆਂ ਦੀ ਮਸੀਤ ਉਤੇ ਬੰਬ ਸੁੱਟੇ। ਪੰਜਾਹ ਮੁਸਲਮਾਨ ਉੱਥੇ ਨਮਾਜ਼ ਪੜ੍ਹਦੇ ਮਾਰੇ ਗਏ। ਫਿਰ ਜੰਮੂ ਦੇ ਇਲਾਕੇ ਵਿੱਚ ਇਕ ਗੁਰਦੁਆਰਾ ਤਬਾਹ ਕਰ ਦਿੱਤਾ। ਲੁਧਿਆਣੇ ਜ਼ਿਲ੍ਹੇ ਵਿੱਚ ਗੁਰਦੁਆਰਾ ਆਲਮਗੀਰ ਤੇ ਗੁਰਦੁਆਰਾ ਨਾਨਕਸਰ ਉੱਤੇ ਬੰਬ ਸੁੱਟੇ, ਪਰ ਦੋਹੀਂ ਥਾਂਈਂ ਨਿਸ਼ਾਨੇ ਖੁੰਝ ਗਏ ਤੇ ਬੰਬ ਪਾਸ ਖੇਤਾਂ ਵਿੱਚ ਡਿੱਗੇ।
"ਉਹ ਆਪ ਜੁ ਰੱਖਣ ਵਾਲਾ ਸੀ।" ਅਮਲੀ ਦੇ ਅੰਦਰ ਧਾਰਮਕ ਸ਼ਰਧਾ ਸੀ।
"ਏਥੇ ਹੀ ਬੱਸ ਨਹੀਂ। ਅੰਬਾਲਾ ਸ਼ਹਿਰ ਦੇ ਹਸਪਤਾਲ ਤੇ ਸਕੂਲ ਉੱਤੇ ਬੰਬਾਰੀ ਕੀਤੀ ਗਈ। ਤੇ ਸਭ ਤੋਂ ਬੁਰੀ ਕਰਤੂਤ ਅੰਬਾਲੇ ਵਿੱਚ ਇਕ ਸੌ ਅੱਠ ਸਾਲ ਪੁਰਾਣਾ ਸੈਂਟ ਪਾਲ ਦਾ ਗਿਰਜਾ ਤਬਾਹ ਕਰ ਦਿੱਤਾ।"
"ਪਾਕਿਸਤਾਨ ਦਾ ਕਿੰਨਾ ਕੁ ਨੁਕਸਾਨ ਹੋਇਆ ਏ ? ਸਾਨੂੰ ਏਹ ਦੱਸੋ।" ਆਪਣੇ ਨੁਕਸਾਨ ਬਾਰੇ ਸੁਣ ਕੇ ਲਛਮਣ ਨੂੰ ਗੁੱਸਾ ਆ ਰਿਹਾ ਸੀ।
"ਪਾਕਿਸਤਾਨ ਦਾ ? ਫ਼ੌਜੀ ਨੁਕਸਾਨ ਸਾਡੇ ਨਾਲੋਂ ਵਧੇਰੇ ਹੋਇਆ ਏ। ਹੁਣ ਤੱਕ ਉਹਦੇ ਤਿੰਨ ਸੌ ਇਕਾਨਵੇਂ ਟੈਂਕ ਤਬਾਹ ਹੋਏ ਨੇ ਤੇ ਸਾਡੇ ਸੌ ਦੇ ਕਰੀਬ। ਪਾਕਿਸਤਾਨ ਦੇ ਚੌਂਹਠ ਜਹਾਜ਼ ਬਰਬਾਦ ਹੋਏ ਤੇ ਸਾਡੇ ਸਿਰਫ਼ ਬੱਤੀ। ਹਾਜੀ ਪੀਰ ਤੇ ਪੁਣਛ ਵਿੱਚ ਸਾਡੀਆਂ ਫ਼ੌਜਾਂ ਆਪਸ ਵਿੱਚ ਮਿਲ ਗਈਆਂ ਨੇ। ਸਿਆਲਕੋਟ- ਪਸਰੂਰ ਰੇਲਵੇ ਲਾਇਨ ਅਸਾਂ ਕੱਟ ਦਿੱਤੀ ਏ ਭਾਵ ਫਲੋਰਾ ਦੇ ਨੇੜੇ ਕੁਛ ਹਿੱਸੇ ਉੱਤੇ ਸਾਡਾ ਕਬਜ਼ਾ ਹੈ।"
"ਅੱਛਾ ਇਹ ਦੱਸੋ ਕਿ ਏਸ ਲੜਾਈ ਦਾ ਸਿੱਟਾ ਕੀ ਨਿਕਲੇਗਾ ?" ਅਮਲੀ ਨੇ ਆਖ਼ਰੀ ਸਵਾਲ ਕੀਤਾ। ਉਹ ਜਿਵੇਂ ਗੱਲਾਂ ਦਾ ਭੋਗ ਪਾ ਦੇਣਾ ਚਾਹੁੰਦਾ ਸੀ।
"ਸਿੱਟਾ ? ਕੁਛ ਮਾਵਾਂ ਬੇ-ਔਲਾਦ ਹੋ ਜਾਣਗੀਆਂ। ਕੁਛ ਮੁਟਿਆਰਾਂ ਵਿਧਵਾ ਹੋ ਜਾਣਗੀਆਂ। ਕੁਛ ਬੱਚੇ ਯਤੀਮ ਹੋ ਜਾਣਗੇ। ਤੇ ਲੜਾਈ ਦੇ ਖ਼ਰਚ ਵਜੋਂ ਅਰਬਾਂ ਰੁਪਏ ਦਾ ਭਾਰ ਦੋਹਾਂ ਦੇਸ਼ਾਂ ਦੀ ਗ਼ਰੀਬ ਜਨਤਾ ਦੇ ਸਿਰ ਪੈ ਜਾਵੇਗਾ।" ਕਾਮਰੇਡ
ਨੇ ਬੜੇ ਦੁੱਖ ਨਾਲ ਕਿਹਾ।
"ਬੱਸ ? ਐਨੇ ਖੂਨ ਖ਼ਰਾਬੇ ਦਾ ਸਿੱਟਾ ਏਨਾ ਹੀ ?"
"ਅਮਲੀਆ। ਚੇਤੇ ਰੱਖੋ ਕਿ ਵਰਤਮਾਨ ਯੁੱਗ ਵਿੱਚ ਕਿਸੇ ਮੁਲਕ ਨੂੰ ਵੀ ਲੜਾਈ ਤੋਂ ਫ਼ਾਇਦਾ ਨਹੀਂ ਪਹੁੰਚ ਸਕਦਾ। ਏਸ ਵਾਸਤੇ ਸਾਡੇ ਨੇਤਾ ਕਹਿੰਦੇ ਨੇ ਕਿ ਆਓ ਸਾਰੇ ਝਗੜੇ ਆਪਾਂ ਗੱਲਬਾਤ ਰਾਹੀਂ ਨਜਿੱਠ ਲਈਏ। ਫ਼ੌਜੀ ਤਾਕਤ ਵਰਤਣ ਦਾ ਇਰਾਦਾ ਹਮੇਸ਼ਾ ਵਾਸਤੇ ਛੱਡ ਦੇਈਏ।"
“ਭਈ, ਸੁਲ੍ਹਾ ਸਫ਼ਾਈ ਨਾਲ ਦੀ ਚੀਜ਼ ਤਾਂ ਨਹੀਂ ਕੋਈ, ਪਰ ਹੰਕਾਰਿਆ ਇਆ ਬੰਦਾ ਸਮਝਦਾ ਨਹੀਂ।" "ਫ਼ਿਕਰ ਨਾ ਕਰ ਅਮਲੀਆ। ਹੁਣ ਆਪੇ ਸਮਝ ਜਾਣਗੇ। ਤੁਸੀਂ ਇਹ ਦੱਸੋ ਕਿ ਅੱਜ ਦੀ ਚਾਹ ਦਾ ਬਿੱਲ ਕੀਹਦੇ ਜੁੰਮੇ ਏ ?" ਭਾਊ ਨੇ ਸਾਰਿਆਂ ਵੱਲ ਝਾਤੀ ਪਾਰਦਿਆਂ ਪੁੱਛਿਆ।
"ਸੇਠ ਦੇ ਜੁੰਮੇ।" ਅਮਲੀ ਨੇ ਕੁਰਸੀ ਤੋਂ ਉਠਦਿਆਂ ਕਿਹਾ।
"ਹੱਛਾ, ਤਾਹੀਂ ਸੇਠ ਸ਼ਹਿ ਮਾਰ ਕੇ ਬੈਠਾ ਹੋਇਆ ਏ ? ਅੱਜ ਗੱਲਾਂ ਬਾਤਾਂ ਵੱਚ ਬੋਲਿਆ ਤੱਕ ਨਹੀਂ। ਜਿਵੇਂ ਮੂੰਹ ਵਿੱਚ ਜ਼ੁਬਾਨ ਤੱਕ ਨਹੀਂ ਹੁੰਦੀ।"
'ਜੇਬ ਵਿੱਚ ਪੈਸੇ ਤਾਂ ਹੋਣੇ ਚਾਹੀਦੇ ਨੇ। ਬਾਕੀ ਖੈਰ ਏ।"
"ਕਾਮਰੇਡ ਸਾਹਬ! ਪੈਸੇ ਤਾਂ ਹੈਗੇ ਨੇ। ਮੈਂ ਤਾਂ ਏਸੇ ਸੋਚ ਵਿੱਚ ਡੁੱਬਾ ਰਿਹਾ ਕਿ ਇਹ ਲੜਾਈ ਮੁੱਕੇਗੀ ਕਦੋਂ।"
"ਸੇਠਾ! ਇਹ ਤੂੰ ਹੀ ਨਹੀਂ, ਸਾਰੀ ਜਨਤਾ ਚਾਹੁੰਦੀ ਏ ਕਿ ਲੜਾਈ ਛੇਤੀ ਕ ਜਾਵੇ।... ਵੇਖੋ ਮੁਕਣੀ ਈ ਏ ਅੰਤ। ਸਦਾ ਤਾਂ ਕੋਈ ਲੜਾਈ ਵੀ ਨਹੀਂ ਚੱਲ ਸਕਦੀ।"
ਇਤਿਹਾਦੀ ਸਭਾ ਵੱਲੋਂ ਲੜਾਈ ਬੰਦ ਕਰਵਾਉਣ ਦੇ ਯਤਨ ਹੋ ਰਹੇ ਸਨ। ਇਸ ਵਾਸਤੇ ਦੋਵੇਂ ਮੁਲਕ ਇਕ ਦੂਸਰੇ ਉੱਤੇ ਇਕ ਕਰਾਰੀ ਚੋਟ ਕਰਨਾ ਚਾਹੁੰਦੇ ਨ। ਪਾਕਿਸਤਾਨੀ ਫ਼ੌਜ ਜ਼ੋਰ ਦੇ ਕੇ ਪਿੰਡ ਰਣੀਆਂ ਕੋਲੋਂ ਹੱਦ ਟੱਪੀ। ਪਰ ਭਾਰਤੀ ਨਾ ਨੇ ਪੂਰੀ ਤਾਕਤ ਨਾਲ ਉਸਨੂੰ ਪਿੱਛੇ ਧੱਕ ਦਿੱਤਾ। ਫਿਰ ਵਾਰੀ ਆਈ ਭਾਰਤੀ ਨਾ ਦੀ। ਬਰਕੀ ਦੀ ਫ਼ਤਹਿ ਨਾਲ ਦੱਖਣ ਵੱਲ 'ਜਾਹਮਣ' ਤੱਕ ਈਚੋਗਿਲ ਹਿਰ ਦਾ ਪੂਰਬੀ ਕਿਨਾਰਾ ਭਾਰਤੀ ਫ਼ੌਜ ਦੇ ਕਬਜ਼ੇ ਵਿੱਚ ਆ ਗਿਆ ਸੀ। ਬਰਕੀ ਵਾਂਗ ਪਾਕਿਸਤਾਨ ਦਾ ਦੂਸਰਾ ਮਜ਼ਬੂਤ ਗੜ੍ਹ 'ਡੋਗਰਾਈ' ਇਹ ਲਾਹੌਰ ਅੰਮ੍ਰਿਤਸਰ ੜਕ ਉੱਤੇ ਵੱਸਿਆ ਟਾਊਨ ਹੈ। ਭਾਰਤੀ ਸੈਨਾ ਦੀ ਅੱਖ ਇਸ ਉੱਤੇ ਸੀ।
ਇਸ ਇਲਾਕੇ ਦੀ ਕਮਾਨ ਕਰ ਰਿਹਾ ਸੀ ਮੇਜਰ ਜੈਨਰਲ ਮਹਿੰਦਰ ਸਿੰਘ। 'ਸਨੇ ਡਗਰਾਈ ਉੱਤੇ ਤਿੰਨਾਂ ਪਾਸਿਆਂ ਤੋਂ ਹਮਲਾ ਕਰਨ ਦੀ ਠਾਣੀ। ਇਕ
ਪਾਸਿਓਂ ਮੇਜਰ ਆਸਾ ਰਾਮ ਤਿਆਗੀ ਤੇ ਇਕ ਪਾਸਿਓਂ ਜਾਟ ਰਜਮੈਂਟ ਸਮੇਤ ਲੈਫਟੀਨੈਂਟ ਕਰਨਲ ਡੀ. ਹਾਈਡ ਅੱਗੇ ਵੱਧੇ। ਸਾਮ੍ਹਣੇ ਪਾਸਿਓਂ ਲੈਫਟੀਨੈਂਟ ਮਨਜੀਤ ਸਿੰਘ ਨੂੰ ਸਿੱਖ ਰਜਮੈਂਟ ਲੈ ਕੇ ਹਮਲਾ ਕਰਨ ਦਾ ਹੁਕਮ ਹੋਇਆ।
ਇੱਕੀ ਸਤੰਬਰ ਦਾ ਸੂਰਜ ਚੜ੍ਹਨ ਵਿੱਚ ਅਜੇ ਦੋ ਘੰਟੇ ਬਾਕੀ ਸਨ। ਭਾਰਤੀ ਫ਼ੌਜਾਂ ਤਿੰਨਾਂ ਪਾਸਿਆਂ ਤੋਂ ਅੱਗੇ ਵਧਣੀਆਂ ਸ਼ੁਰੂ ਹੋਈਆਂ। ਪਾਕਿਸਤਾਨ ਨੇ ਵੀ ਡੋਗਰਾਈ ਨੂੰ ਬਚਾਉਣ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਬਰਕੀ ਵਾਂਗ ਡੋਗਰਾਈ ਦੇ ਬਚਾਉ ਵਾਸਤੇ ਵੀ ਚੁਫ਼ੇਰੇ ਪੱਕੇ ਮੋਰਚੇ (ਸੀਮਿੰਟ-ਕੰਕਰੀਟ ਦੇ ਬੰਕਰ) ਬਣੇ ਹੋਏ ਸਨ। ਭਾਰਤੀ ਸੈਨਾ ਦੇ ਜਵਾਬ ਵਿੱਚ ਪਾਕਿਸਤਾਨੀ ਫ਼ੌਜਾਂ ਨੇ ਵੀ ਅੱਗੋਂ ਤੋਪਾਂ ਤੇ ਮਸ਼ੀਨ ਗੰਨਾਂ ਦੇ ਮੂੰਹ ਖੁਹਲ ਦਿੱਤੇ। ਦੋਹਾਂ ਧਿਰਾਂ ਨੇ ਪੂਰੇ ਜ਼ੋਰ ਨਾਲ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਗੋਲਿਆਂ ਦੇ ਫਟਣ ਨਾਲ ਧਰਤੀ ਕੰਬ ਉੱਠੀ। ਦੋਹਾਂ ਪਾਸਿਆਂ ਦੇ ਅਫ਼ਸਰ ਲਲਕਾਰੀ ਮਾਰ ਕੇ ਆਪਣੇ ਜਵਾਨਾਂ ਦੇ ਦਿਲ ਵਧਾਉਣ ਲੱਗੇ ।
"ਲੈ ਓ ਪਿਆਰਾ ਸਿੰਹਾਂ। ਇਹ ਮੋਰਚਾ ਵੀ ਦੂਸਰੀ 'ਬਰਕੀ' ਊ। ਅੱਜ ਸੂਰਮਿਆਂ ਦੇ ਹੌਸਲੇ ਵੇਖੇ ਜਾਣਗੇ। ਮੈਂ ਵੀ ਸਾਰੀ ਉਮਰ ਲੜਾਈ ਤੋਂ ਬਚਿਆ ਰਿਹਾ ਸਾਂ। ਅੱਜ ਦੇਸ਼ ਦਾ ਖਾਧਾ ਪੀਤਾ ਹੱਕ-ਹਲਾਲ ਕਰ ਦੇਣਾ ਏਂ।" ਬੇਲਾ ਸਿੰਘ ਹੌਲਦਾਰ ਨੇ ਆਪਣੇ ਦਿਲ ਦੀ ਕਹਿ ਸੁਣਾਈ।
"ਬਾਬਾ! ਇਹ ਵੇਲਾ ਗੱਲਾਂ ਕਰਨ ਦਾ ਨਹੀਂ, ਕੰਮ ਕਰਨ ਦਾ ਏ।" ਮਿੱਠਬੋਲੇ ਪਿਆਰਾ ਸਿੰਘ ਦੀ 'ਵਾਜ਼ ਜੋਸ਼ ਵਿੱਚ ਖਰ੍ਹਵੀ ਹੋ ਗਈ ਸੀ। "ਤਕੜੇ ਹੋ ਜੋ ਜਵਾਨੋ!" ਫਿਰ ਉਹਨੇ ਆਪਣੇ ਸਾਥੀਆਂ ਨੂੰ ਲਲਕਾਰਿਆ।
"ਸ਼ਾਬਾਸ਼! ਇੱਟ ਨਾਲ ਇੱਟ ਖੜਕਾ ਦਿਆਂਗੇ।" ਇਕ ਸਿਪਾਹੀ ਨੇ ਸਾਰਿਆਂ ਜਵਾਨਾਂ ਦੇ ਦਿਲਾਂ ਦੀ ਕਹਿ ਸੁਣਾਈ।
"ਬੋਲੇ-ਸੋ ਨਿਹਾਲ।"
"ਸਤਿ ਸ੍ਰੀ ਅਕਾਲ-ਲ।"
ਸਿੱਖ ਰਜਮੈਂਟ ਨੇ ਜੈਕਾਰੇ ਨਾਲ ਵਾਤਾਵਰਨ ਗੂੰਜਾ ਦਿੱਤਾ। ਇਸ ਜੰਗੀ ਨਾਹਰੇ ਨੇ ਜਵਾਨਾਂ ਦਾ ਲਹੂ ਗਰਮਾ ਦਿੱਤਾ।
ਪਾਕਿਸਤਾਨੀ ਫ਼ੌਜ ਨੇ ਦੂਣੇ ਜੋਸ਼ ਨਾਲ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਪਰਬਤਾਂ ਵਰਗੇ ਟੈਂਕ ਗੜਗੜਾਉਂਦੇ ਅੱਗੇ ਵਧੇ। ਸਿੱਖ ਰਜਮੈਂਟ ਦਾ ਅੱਗੇ ਵਧਣਾ ਰੁਕ ਗਿਆ। ਉਹ ਆਪਣੇ ਕਦਮਾਂ ਉੱਤੇ ਇਉਂ ਖਲੇ ਗਏ ਜਿਵੇਂ ਮੌਤ-ਭੈ ਤੋਂ ਰਹਿਤ ਲੋਹੇ ਦੇ ਥੰਮ੍ਹ ਗਡੇ ਹੋਣ। ਵੈਰੀ ਦੀ ਗੋਲੀ ਛਾਤੀ ਵਿੱਚ ਖਾ ਕੇ ਵੀ ਭਾਰਤੀ ਜਵਾਨ ਅਗਲੇ ਪਾਸੇ ਮੂੰਹ ਭਾਰ ਡਿੱਗਦਾ, ਕਦਮ ਪਿੱਛੇ ਨਾ ਹਟਦਾ।
"ਸਾਮ੍ਹਣੇ ਫਰੰਟ ਵਾਲੇ ਜਵਾਨ ਆਪਣੇ ਕਦਮਾਂ 'ਤੇ ਡਟੇ ਰਹਿਣਗੇ। ਕਰਨਲ ਹਾਇਡ ਤੇ ਮੇਜਰ ਤਿਆਗੀ ਅੱਗੇ ਵਧਣਗੇ। ਸ਼ੇਰਵਾਈ ਹੱਲਾ।" ਪਿੱਛੋਂ ਵਾਇਰਲੈੱਸ 'ਤੇ ਮੇਜਰ ਜੈਨਰਲ ਮਹਿੰਦਰ ਸਿੰਘ ਨੇ ਹੁਕਮ ਦਿੱਤਾ।
ਮੇਜਰ ਤਿਆਗੀ ਤੇ ਕਰਨਲ ਹਾਇਡ ਨੇ ਪਾਸਿਆਂ ਤੋਂ ਏਨਾ ਦਬਾਅ ਪਾਇਆ ਕਿ ਪਾਕਿਸਤਾਨੀ ਫ਼ੌਜ ਨੂੰ ਮਜਬੂਰਨ ਪਿੱਛੇ ਹਟਣਾ ਪਿਆ। ਅਗਲੇ ਮੋਰਚੇ ਛੱਡ ਕੇ ਉਹ ਡੋਗਰਾਈ ਦੀਆਂ ਕੰਧਾਂ ਤੱਕ ਪਿੱਛੇ ਹਟ ਗਈ। ਪਰ ਇਕ ਇਕ ਇੰਚ ਧਰਤੀ ਉਹਨਾਂ ਲਹੂ ਨਾਲ ਰੰਗ ਛੱਡੀ। ਪਾਕਿਸਤਾਨੀ ਸਿਪਾਹੀਆਂ ਦੇ ਮਨ ਉੱਤੇ ਇਸ ਗੱਲ ਦਾ ਭੈਅ ਬਹਿ ਗਿਆ ਸੀ ਕਿ ਭਾਰਤੀ ਸੈਨਾ ਦਾ ਹੱਲਾ ਰੋਕਣ ਦੀ ਤਾਕਤ ਉਨ੍ਹਾਂ ਵਿੱਚ ਨਹੀਂ। ਖ਼ਾਸ ਕਰ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਦੀ ਗੂੰਜ ਨੂੰ ਤਾਂ ਉਹ ਅਜ਼ਰਾਈਲ ਦੀ ਵਾਜ਼ ਸਮਝ ਕੇ ਸਹਿਮ ਜਾਂਦੇ।
ਪਾਸਿਆਂ ਤੋਂ ਭਾਰਤੀ ਫ਼ੌਜਾਂ ਦੇ ਦਬਾਉ ਕਾਰਣ, ਸਾਮ੍ਹਣੇ ਪਾਸਿਓਂ ਵੀ ਪਾਕਿਸਤਾਨੀ ਫ਼ੌਜ ਪਿੱਛੇ ਹਟਣ ਲੱਗ ਪਈ। ਮੈਦਾਨੀ ਮੋਰਚੇ ਛੱਡ ਕੇ ਉਹਨਾਂ ਬੱਕਰਾਂ ਨੇ ਡੋਗਰਾਈ ਦੀਆਂ ਕੰਧਾਂ ਦਾ ਆਸਰਾ ਲੈ ਲਿਆ। ਇਸ ? ਆੜ ਵਿੱਚ ਬਹਿ ਕੇ ਉਹਨਾਂ ਭਾਰਤੀ ਸੈਨਾ 'ਤੇ ਅੱਗ ਵਰ੍ਹਾਈ।
ਭਾਰਤੀ ਸੈਨਾ ਦਾ ਜੋਸ਼ ਬੇ-ਮਿਸਾਲ ਸੀ। ਇਕ ਪਾਸਿਓਂ ਜਾਟ ਰਜਮੈਂਟ ਤੇ ਇਕ ਪਾਸਿਓਂ ਸਿੱਖ ਰਜਮੈਂਟ ਸਿਰਾਂ ਧੜਾਂ ਦੀ ਬਾਜ਼ੀ ਲਾ ਕੇ ਲੜ ਰਹੀਆਂ ਸਨ। ਇਕ ਸੂਰਮਾ ਗੋਲੀ ਖਾ ਕੇ ਡਿੱਗ ਪੈਂਦਾ ਤੇ ਦੋਹਾਂ ਪਾਸਿਆਂ ਦੇ ਜਵਾਨ ਜੈਕਾਰੇ ਛੱਡਦੇ ਦੂਣੇ ਜੋਸ਼ ਨਾਲ ਅੱਗੇ ਵਧਦੇ। ਮੌਤ ਦਾ ਭੈਅ ਜਿਵੇਂ ਉਹਨਾਂ ਦੇ ਦਿਲਾਂ ਤੋਂ ਉਠ ਹੀ ਗਿਆ ਸੀ। ਉਸ ਵੇਲੇ ਉਹਨਾਂ ਦੇ ਸਾਮ੍ਹਣੇ ਸਿਰਫ਼ ਇਕੋ ਨਿਸ਼ਾਨਾ ਸੀ, ਡੋਗਰਾਈ ਦੀ ਫਤਹਿ।
ਇਸ ਮੋਰਚੇ 'ਤੇ ਪਾਕਿਸਤਾਨੀ ਫ਼ੌਜ ਵੀ ਬੜੀ ਦਲੇਰੀ ਨਾਲ ਲੜੀ। ਉਹਨਾਂ ਦੇ ਅਫ਼ਸਰ ਪਿੱਛੇ ਲਲਕਾਰ ਰਹੇ ਸਨ, "ਗਾਜ਼ੀਓ। ਏਸੇ ਮੋਰਚੇ ਵਿੱਚ ਸ਼ਹੀਦ ਹੋ ਜਾਓ। ਪਿੱਛੇ ਹਟਣ ਨਾਲੋਂ ਮੌਤ ਨੂੰ ਤਰਜੀਹ ਦਿਹੋ। ਯਾਦ ਰੱਖੋ, ਜੇ ਅਸੀਂ ਇਥੇ ਹਾਰ ਗਏ, ਤਾਂ ਡੋਗਰਾਈ ਦੇ ਨਾਲ ਹੀ ਲਾਹੌਰ ਵੀ ਸਾਡੇ ਹੱਥੋਂ ਚਲਾ ਜਾਵੇਗਾ। ਫਿਰ ਦੁਸ਼ਮਣ-ਫ਼ੌਜ ਨੂੰ ਨਹਿਰ ਪਾਰ ਕਰਨ ਤੋਂ ਨਹੀਂ ਰੋਕਿਆ ਜਾ ਸਕੇਗਾ। ਤੇ ਲਾਹੌਰ ਸਾਡੇ ਹੱਥੋਂ ਚਲੇ ਜਾਣ ਦਾ ਮਤਲਬ ਹੈ, ਪਾਕਿਸਤਾਨ ਦਾ ਖ਼ਾਤਮਾ। ਬੱਸ ਤਕੜੇ ਹੋ ਕੇ ਲੜੇ। ਪਾਕਿਸਤਾਨ ਦੀ ਖ਼ਾਤਰ। ਇਸਲਾਮ ਦੀ ਖ਼ਾਤਿਰ।"
ਭਾਰਤੀ ਸੈਨਾ ਨੇ ਤਿੰਨਾਂ ਪਾਸਿਆਂ ਤੋਂ ਘੇਰਾ ਹੋਰ ਤੰਗ ਕਰ ਦਿੱਤਾ। ਸ਼ਾਮ ਹੁੰਦਿਆਂ ਤੱਕ ਲੜਾਈ ਡੋਗਰਾਈ ਦੀਆਂ ਕੰਧਾਂ ਤੱਕ ਪੁੱਜ ਗਈ। ਪਰ ਦੁਸ਼ਮਣ ਦੇ ਬੰਕਰ ਅਜੇ ਕਾਇਮ ਖਲੇ ਸਨ। ਉਹਨਾਂ ਦੇ ਆਸਰੇ ਬੈਠਾ ਵੈਰੀ ਕਹਿਰ ਦੀ ਅੱਗ
ਬਰਸਾ ਰਿਹਾ ਸੀ। ਮਾਂਵਾਂ ਦੇ ਹੀਰਿਆਂ ਵਰਗੇ ਪੁੱਤ ਸ਼ਹੀਦ ਹੋ ਰਹੇ ਸਨ।
"ਬਹਾਦਰੋ। ਇਹ ਇੱਟਾਂ ਪੱਥਰਾਂ ਦੇ ਬੰਕਰ ਸਾਡਾ ਰਾਹ ਰੋਕੀ ਖਲੇ ਹਨ। ਕੁਛ ਹਿੰਮਤ ਕਰਨੀ ਪਵੇਗੀ। ਅਸੀਂ ਉਹਨਾਂ ਦੀ ਔਲਾਦ ਹਾਂ ਜਿਨ੍ਹਾਂ ਮੁਲਤਾਨ ਦਾ ਕਿਲ੍ਹਾ ਉਡਾ ਦਿੱਤਾ ਸੀ।" ਲੈਫਟੀਨੈਂਟ ਮਨਜੀਤ ਸਿੰਘ ਨੇ ਜਵਾਨਾਂ ਦੀ ਅਣਖ ਨੂੰ ਟੁੰਬਣ ਦੇ ਇਰਾਦੇ ਨਾਲ ਕਿਹਾ।
"ਸਾਹਬ। ਥੋੜਾ ਜਿਹਾ ਹਨ੍ਹੇਰਾ ਹੋ ਲੈਣ ਦਿਹੇ। ਬਰਕੀ ਵਾਂਗ ਸਭ ਉਡਾ ਦਿੱਤੇ ਜਾਣਗੇ।" ਪਿਆਰਾ ਸਿੰਘ ਨੇ ਦ੍ਰਿੜ ਭਰੋਸੇ ਨਾਲ ਕਿਹਾ।
ਚੰਨ ਕਿਤੇ ਪਹਿਰ ਦੇ ਤੜਕੇ ਚੜ੍ਹਨਾ ਸੀ। ਸੋ, ਸੂਰਜ ਛਿਪਦੇ ਸਾਰ ਹੀ ਹਨ੍ਹੇਰਾ ਵਧਣਾ ਸ਼ੁਰੂ ਹੋ ਗਿਆ। ਘੰਟੇ-ਡੇਢ ਘੰਟੇ ਰਾਤ ਜਾਂਦਿਆਂ ਤੱਕ ਘੁੱਪ ਹਨ੍ਹੇਰਾ ਛਾ ਗਿਆ। ਬਰਕੀ ਦੀ ਲੜਾਈ ਦਾ ਬਹੁਤ ਸਾਰੇ ਜਵਾਨਾਂ ਨੂੰ ਤਜਰਬਾ ਸੀ। ਕਈ ਗਭਰੂਆਂ ਨੇ ਧਰਤੀ 'ਤੇ ਲੇਟ ਕੇ ਅੱਗੇ ਵਧਣਾ ਸ਼ੁਰੂ ਕੀਤਾ। ਨਤੀਜੇ ਵਜੋਂ ਇਕ ਤੋਂ ਬਾਅਦ ਦੂਸਰਾ ਬੰਕਰ ਉੱਡਣਾ ਸ਼ੁਰੂ ਹੋ ਗਿਆ। ਪਹਿਰ ਰਾਤ ਜਾਂਦੀ ਤੱਕ ਲੜਾਈ ਡੋਗਰਾਈ ਦੀਆਂ ਕੰਧਾਂ ਦੇ ਅੰਦਰ ਪਹੁੰਚ ਗਈ।
ਹੁਣ ਲੜਾਈ ਡੋਗਰਾਈ ਦੀਆਂ ਗਲੀਆਂ ਬਜ਼ਾਰਾਂ ਵਿੱਚ ਹੋ ਰਹੀ ਸੀ। ਟੈਂਕਾਂ ਤੇ ਤੋਪਾਂ ਦਾ ਕੰਮ ਮੁੱਕ ਗਿਆ ਸੀ। ਹੁਣ ਬੰਦੂਕਾਂ ਤੇ ਸੰਗੀਨਾਂ ਦੀ ਵਾਰੀ ਸੀ। ਆਹਮੋ-ਸਾਹਮਣੇ ਇਕ ਦੂਜੇ ਨੂੰ ਵੰਗਾਰ ਕੇ ਯੋਧੇ ਹੱਥ ਹੱਥ ਲੜ ਰਹੇ ਸਨ। ਲਹੂ ਭਰੀਆਂ ਸੰਗੀਨਾਂ ਵਧੇਰੇ ਭਿਆਨਕ ਰੂਪ ਧਾਰੀ ਨਜ਼ਰ ਆ ਰਹੀਆਂ ਹਨ।
"ਲੈ ਓ ਪਿਆਰਾ ਸਿੰਹਾਂ! ਆਪਾਂ ਵੀ ਚੱਲੇ ਈ।" ਹਰਮਨ-ਪਿਆਰੇ ਹੌਲਦਾਰ ਬੇਲਾ ਸਿੰਘ ਦੀ 'ਵਾਜ਼ ਆਈ। ਚਾਰ ਗੋਲੀਆਂ ਖਾ ਕੇ ਉਹ ਮੂੰਹ ਭਾਰ ਜਾ ਪਿਆ।
"ਬਾਬਾ।” ਇਸ ਤੋਂ ਅੱਗੇ ਪਿਆਰਾ ਸਿੰਘ ਨੂੰ ਸ਼ਬਦ ਨਾ ਅਹੁੜੇ ਕਿ ਉਹ ਕੀ ਕਹੇ।
"ਅਫ਼ਸੋਸ ਨਾ ਕਰੀਂ। ਇਹ ਸ਼ਹੀਦਾਂ ਦੀ ਮੌਤ ਏ, ਸ਼ਹੀਦਾਂ ਦੀ।" ਬੋਲਾ ਸਿੰਘ ਦੇ ਇਹ ਆਖ਼ਰੀ ਸ਼ਬਦ ਸਨ।
"ਜਵਾਨੋ! ਬਾਬੇ ਦਾ ਬਦਲਾ ਲੈ ਕੇ ਖਲੋਵਾਂਗੇ। ਤਕੜੇ ਹੋਵੇ। ਖੱਬੇ ਪਾਸੇ" ਪਿਆਰਾ ਸਿੰਘ ਨੇ ਆਪਣੇ ਸਾਥੀਆਂ ਨੂੰ ਲਲਕਾਰਿਆ।
ਇਕ ਇਕ ਬੂਹੇ ਅੱਗੇ ਲੜਾਈ ਹੋਈ। ਪਾਕਿਸਤਾਨੀ ਫ਼ੌਜ ਪਿੱਛੇ ਹਟ ਰਹੀ ਸੀ। ਕਸਬੇ ਦਾ ਬਹੁਤਾ ਹਿੱਸਾ ਭਾਰਤੀ ਸੈਨਾ ਦੇ ਕਬਜ਼ੇ ਵਿੱਚ ਜਾ ਚੁੱਕਾ ਸੀ। ਚੜ੍ਹੇ ਆ ਰਹੇ ਹੜ੍ਹ ਨੂੰ ਠੱਲ੍ਹ ਲੈਣਾ ਹੁਣ ਪਾਕਿਸਤਾਨੀ ਫ਼ੌਜ ਦੇ ਵੱਸ ਦਾ ਰੋਗ ਨਹੀਂ ਸੀ ਰਹਿ ਗਿਆ।
ਦੁਆਦਸ਼ੀ ਦਾ ਚੰਨ ਚੜ੍ਹ ਪਿਆ। ਉਹਦਾ ਨਿੰਮ੍ਹਾ-ਨਿੰਮਾ ਉਦਾਸ ਚਾਨਣ
ਧਰਤੀ 'ਤੇ ਪੈ ਰਿਹਾ ਸੀ। ਮਰਨ ਮਾਰਨ ਵਾਲੇ ਇਕ ਦੂਜੇ ਦੇ ਚਿਹਰੇ ਨੂੰ ਪਛਾਣ ਸਕਦੇ ਸਨ, ਪਰ ਪਛਾਣਨ ਦਾ ਜਾਂ ਧਿਆਨ ਨਾਲ ਵੇਖਣ ਦਾ ਉਹਨਾਂ ਕੋਲ ਸਮਾਂ ਹੀ ਕਦੋਂ ਸੀ। ਗੋਲੀ ਦਾਗੀ, ਸੰਗੀਨ ਖੋਭੀ ਤੇ ਲੋਥ ਲਤਾੜ ਕੇ ਅੱਗੇ ਲੰਘਣ ਦੀ ਕੀਤੀ।
"ਤਕੜਾ ਹੋ ਜਵਾਨਾ!" ਗਲੀ ਦੇ ਮੋੜ ਉੱਤੇ ਸੱਜੇ ਪਾਸਿਓਂ ਇਕ ਪਤਲੇ ਜੇਹੇ ਗਭਰੂ ਨੇ ਪਿਆਰਾ ਸਿੰਘ ਨੂੰ ਲਲਕਾਰਿਆ।
ਬਿਜਲੀ ਦੀ ਫੁਰਤੀ ਨਾਲ ਪਿਆਰਾ ਸਿੰਘ ਪੈਂਤੜਾ ਬਦਲ ਕੇ ਸੱਜੇ ਪਾਸੇ ਘੁੰਮਿਆ। ਉਹਦੇ ਸੰਭਲਣ ਤੋਂ ਪਹਿਲਾਂ ਹੀ ਦੁਸ਼ਮਣ ਦੀ ਗੋਲੀ ਪਿਆਰਾ ਸਿੰਘ ਦੇ ਪੱਟ ਦਾ ਮਾਸ ਚੀਰਦੀ ਨਿਕਲ ਗਈ। ਇਕ ਤਿੱਖੀ ਜਿਹੀ ਜਲਨ ਵਿੱਚ ਚੁਭਵਾਂ ਜਿਹਾ ਸਾੜ। ਵੱਟ ਖਾ ਕੇ ਪਿਆਰਾ ਸਿੰਘ ਜ਼ਖ਼ਮੀ ਸ਼ੇਰ ਵਾਂਗ ਗੁੱਸੇ ਵਿੱਚ ਪਾਗਲ ਹੋ ਉੱਠਿਆ।
"ਸਦਕੇ ਸ਼ੇਰਾ।" ਪਿਆਰਾ ਸਿੰਘ ਸ਼ੀਹ ਵਾਂਗ ਭਬਕ ਕੇ ਵੈਰੀ ਉੱਤੇ ਜਾ ਪਿਆ।
ਵੈਰੀ ਨੂੰ ਸੰਭਲਣ ਦਾ ਸਮਾਂ ਨਾ ਮਿਲਿਆ। ਪਿਆਰਾ ਸਿੰਘ ਦੀ ਸੰਗੀਨ ਗਿੱਠ ਭਰ ਦੁਸ਼ਮਣ ਦੀ ਛਾਤੀ ਵਿੱਚ ਧਸ ਗਈ।
ਵਾਰ ਬੜਾ ਮਾਰੂ ਸੀ। ਵੈਰੀ ਸਿਰ ਤੋਂ ਪੈਰ ਤੱਕ ਕੰਬ ਗਿਆ। ਉਹਦੇ ਹੱਥੋਂ ਬੰਦੂਕ ਡਿੱਗ ਪਈ, ਉਹ ਇਕ ਪਾਸੇ ਉਲਰਿਆ, ਬਾਹੀਂ ਫੈਲਾ ਕੇ ਕੰਡ ਪਰਨੇ ਜਾ ਪਿਆ। ਡਿਗਦਿਆਂ ਉਹਦੇ ਅੰਦਰੋਂ ਜਿਵੇਂ ਚੀਕ ਕੇ ਵਾਜ ਨਿਕਲੀ, "ਧੰਨ ਗੁਰੂ"।
"ਧੰਨ ਗੁਰੂ ?" "ਵਾਜ਼ ਸੁਣਦਿਆਂ ਪਿਆਰਾ ਸਿੰਘ ਠਠੰਬਰ ਗਿਆ। ਦੂਜਾ ਵਾਰ ਕਰਨ ਵਾਸਤੇ ਉਠੇ ਹੋਏ ਉਹਦੇ ਹੱਥ ਉੱਥੇ ਹੀ ਖਲੇ ਗਏ। "ਕੌਣ ਏਂ ਤੂੰ ਉਇ!"
"ਮੈਂ ?" ਫੱਟੜ ਨੇ ਇਕ ਹੱਥ ਦੀ ਉਂਗਲ ਨਾਲ ਦੂਜੀ ਵੀਣੀ ਉੱਤੇ ਉਕਰੇ ਹੋਏ ਅੱਖਰਾਂ ਵੱਲ ਇਸ਼ਾਰਾ ਕੀਤਾ।
ਚੰਦਰਮਾ ਦਾ ਫਿੱਕਾ ਜਿਹਾ ਚਾਨਣ ਫੱਟੜ ਦੇ ਚਿਹਰੇ ਉੱਤੇ ਸਿੱਧਾ ਪੈ ਰਿਹਾ ਸੀ। ਪਿਆਰਾ ਸਿੰਘ ਨੇ ਉਹਦੀ ਵੀਣੀ ਵੱਲ ਧਿਆਨ ਨਾਲ ਤਕਿਆ। ਉਖੜੇ ਹੋਏ ਉਹਦੇ ਅੱਖਰ ਹਉਕਾ ਭਰ ਰਹੇ ਸਨ। ਨਿਗ੍ਹਾ ਪੈਂਦਿਆਂ ਹੀ ਪਿਆਰਾ ਸਿੰਘ ਦਾ ਤ੍ਰਾਹ ਨਿਕਲ ਗਿਆ।
"ਉਇ ਤੂੰ ਪ੍ਰੀਤੂ ਏਂ ?" ਪਿਆਰਾ ਸਿੰਘ ਦੇ ਹੱਥੋਂ ਬੰਦੂਕ ਡਿੱਗ ਪਈ। "ਹਾਂ! ਕਦੇ ਮੈਂ ਪ੍ਰੀਤੂ ਸੀ। ਮਾਪਿਆਂ ਦਾ ਪ੍ਰੀਤੂ, ਭਰਾ ਦਾ ਲਾਡਲਾ, ਤੇ ਮੈਨੂੰ ਨੂਰਦੀਨ ਬਣਾ ਦਿੱਤਾ ਗਿਆ। ਹੁਣ ਮੈਂ....।"
"ਪ੍ਰੀਤੂ! ਪ੍ਰੀਤੂ। ਮੈਂ ਇਹ ਕੀ ਕਰ ਬੈਠਾਂ।" ਪਿਆਰਾ ਸਿੰਘ ਦੀਆਂ ਧਾਹੀਂ ਨਿਕਲ ਗਈਆਂ। ਕੱਟੇ ਹੋਏ ਟਾਹਣੇ ਵਾਂਗ ਉਹ ਛੋਟੇ ਭਰਾ ਉੱਤੇ ਡਿੱਗ ਪਿਆ।
ਮਿੰਟ ਬਾਅਦ ਉਹ ਸੰਭਲਿਆ, ਤਾਂ ਛੋਟੇ ਭਰਾ ਦਾ ਸਿਰ ਉਹਦੀ ਗੋਦ ਵਿੱਚ ਸੀ। ਚੰਦ ਦਾ ਚਾਨਣ ਪ੍ਰੀਤੂ ਦੇ ਚਿਹਰੇ 'ਤੇ ਪੈ ਰਿਹਾ ਸੀ, ਉਦਾਸ, ਉਦਾਸ, ਸੋਗ ਮਈ। ਉਹਦਾ ਰੰਗ ਪੈਰ ਪੈਰ ਬਦਲਦਾ ਜਾ ਰਿਹਾ ਸੀ। ਮੌਤ ਦੇ ਪ੍ਰਛਾਵੇਂ ਉਹਦੀਆਂ ਪਲਕਾਂ ਵਿੱਚ ਝਲਕ ਰਹੇ ਸਨ।
"ਪ੍ਰੀਤ। ਪ੍ਰੀਤੂ! ਹੋਸ਼ ਕਰ ਖਾਂ।" ਪਿਆਰਾ ਸਿੰਘ ਨੇ ਪ੍ਰੀਤੂ ਨੂੰ ਹਿਲਾ ਕੇ ਕਿਹਾ। ਉਹਦੀਆਂ ਅੱਖਾਂ ਦਾ ਗਰਮ ਪਾਣੀ ਫੱਟੜ ਦੇ ਚਿਹਰੇ 'ਤੇ ਪੈ ਰਿਹਾ ਸੀ। "ਕੋਈ ਗੱਲ ਕਰ ਖਾਂ।"
ਪ੍ਰੀਤੂ ਨੇ ਨਿਗ੍ਹਾ ਭਰ ਕੇ ਤੱਕਿਆ। ਉਹ ਕਿਸੇ ਚਿਹਰੇ ਨੂੰ ਸਿਆਨਣ ਦਾ ਯਤਨ ਕਰ ਰਿਹਾ ਸੀ। ਭੁੱਲੀਆਂ ਹੋਈਆਂ ਯਾਦਾਂ ਉਹਦੇ ਅੰਦਰ ਹਲਚਲ ਮਚਾ ਰਹੀਆਂ ਸਨ। ਸਰੀਰ ਦੀ ਸਾਰੀ ਸ਼ਕਤੀ ਇਕੱਠੀ ਕਰਕੇ ਉਹਨੇ ਮੂੰਹੋਂ ਸ਼ਬਦ ਕੱਢੇ, "ਗੱਲ ਕਰਾਂ ?... ਮੇਰਾ ਇਕ ਭਰਾ ਏ, ਪਿਆਰਾ ਸਿੰਘ। ਕਿਤੇ ਉਹ ਤੈਨੂੰ ਮਿਲ ਪਏ, ਤਾਂ ਸੁਨੇਹਾ ਦੇਈਂ।"
"ਪ੍ਰੀਤੂ! ਮੈਂ ਈ ਤੇਰਾ ਭਰਾ ਆ, ਪਿਆਰਾ।" ਪਿਆਰਾ ਸਿੰਘ ਨੇ ਉਹਦੇ ਉੱਤੇ ਵਧੇਰੇ ਝੁਕ ਕੇ ਕਿਹਾ।
"ਉਹਨੂੰ ਆਖੀਂ।" ਪ੍ਰੀਤੂ ਨੇ ਮਰਦੇ ਜੇਹੇ ਹੱਥਾਂ ਨਾਲ ਪਿਆਰਾ ਸਿੰਘ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ, "ਪ੍ਰੀਤੂ ਮਰ ਗਿਆ ਏ। ਹੁਣ ਉਹਨੂੰ ਯਾਦ ਕਰਨਾ ਛੱਡ ਦੇਵੇ।"
"ਪ੍ਰੀਤੂ! ਮੈਂ ਤੇਰਾ ਪਿਆਰਾ ਆਂ। ਤੇਰਾ ਕਾਤਲ।"
"ਇਹ ਵੀ ਆਖ ਦੇਵੀਂ ਸੂ ਕਿ ਪ੍ਰੀਤੂ ਬੇਗੁਨਾਹ ਮਾਰਿਆ ਗਿਆ ਏ। ਉਹਦਾ ਦੋਸ਼ ਕੋਈ ਨਹੀਂ ਸੀ।"
"ਪ੍ਰੀਤੂ! ਗੁਨਾਹ ਮੇਰਾ ਏ। ਮੈਂ ਹੀ ਤੈਨੂੰ ਮਾਰਨ ਵਾਲਾ ਆਂ।"
"ਸ ਰ ਦਾ ਰਾ। ਗੁਨਾਹ ਤੇਰਾ ਕੋਈ ਨਹੀਂ। ਮਰਨ ਵਾਲਾ ਵੀ ... ਤੇ ਮਾਰਨ ਵਾਲਾ ਵੀ.... ਦੋਵੇਂ ਬੇਗੁਨਾਹ ਨੇ। ਗੁਨਾਹ ਗਾਰ ਨੇ।" ਪ੍ਰੀਤੂ ਵਾਕ ਪੂਰਾ ਨਾ ਕਰ ਸਕਿਆ। ਪੰਖੇਰੂ ਉਡ ਗਿਆ ਤੇ ਸਿਰ ਇਕ ਪਾਸੇ ਨੂੰ ਉਲਰ ਪਿਆ।
"ਪ੍ਰੀਤੂ! ਪ੍ਰੀਤੂ।" ਪਿਆਰਾ ਸਿੰਘ ਉੱਚੀ ਉੱਚੀ ਪਾਗਲਾਂ ਵਾਂਗ ਚਿੱਲਾ ਰਿਹਾ ਸੀ। "ਇਹ ਤੂੰ ਕੀ ਕਰ ਚੱਲਿਆ ਏਂ, ਇਹ ਮੈਂ ਕੀ ਕਰ ਬੈਠਾਂ। ਪ੍ਰੀਤੂ ਮੈਂ... ਮੈਂ ਤੇਰਾ ਕਾਤਲ ਹਾਂ, ਸਕਾ ਭਰਾ, ਭਰਾ ਦਾ ਕਾਤਲ। ਇਕੋ ਲਹੂ, ਇਕ ਮਾਂ-ਪਿਓ ਜਾਏ। ਤੂੰ ਠੀਕ ਬੇਗੁਨਾਹ ਏਂ, ਪਰ ਮੈਂ ਬੇਗੁਨਾਹ ਨਹੀਂ। ਮੈਂ ਤੇਰਾ ਕਾਤਲ ਆਂ। ਨਹੀਂ, ਤੂੰ
ਠੀਕ ਆਖਿਆ ਏ। ਮੈਂ ਵੀ ਬੇਗੁਨਾਹ ਆਂ। ਦੋਵੇਂ ਬੇਗੁਨਾਹ ਆਂ। ਫਿਰ ਇਹ ਸਾਰਾ ਗੁਨਾਹ ਕੀਹਦਾ ਏ? ਕੋਈ ਦੱਸੇ ਮੈਨੂੰ। ਇਹ ਸਾਰਾ ਗੁਨਾਹ ਕੀਹਦਾ ਏ ? ਜੀਹਨੇ ਸਕੇ ਭਰਾ ਨੂੰ ਭਰਾ ਦਾ ਕਾਤਲ ਬਣਾ ਦਿੱਤਾ। ਇਕ ਭਰਾ ਨੂੰ ਹੀ ਨਹੀਂ, ਸੈਂਕੜੇ ਭਰਾਵਾਂ ਦੇ ਕਾਤਲ ਬਣਾ ਦਿੱਤਾ ਏ। ਕੋਈ... ਕੋਈ ਨਿਆਂ ਕਰਨ ਵਾਲਾ ਇਹਦਾ ਜਵਾਬ ਦੇਵੇਗਾ ?
ਬਾਈ ਸਤੰਬਰ ਨੂੰ ਤੜਕੇ ਤਿੰਨ ਵਜੇ ਭਾਰਤੀ ਸੈਨਾ ਨੇ ਡੋਗਰਾਈ ਫਤਹਿ ਕਰ ਲਿਆ। ਪਿਆਰਾ ਸਿੰਘ ਅਜੇ ਵੀ ਭਰਾ ਦੀ ਲੋਥ ਨੂੰ ਗੋਦ ਵਿੱਚ ਲਈ ਬੈਠਾ ਸੀ। ਦੋਹਾਂ ਸਕੇ ਭਰਾਵਾਂ ਦਾ ਲਹੂ, ਵੰਡੀ ਹੋਈ ਧਰਤੀ 'ਤੇ ਵਗ ਵਗ ਕੇ ਆਪਸ ਵਿੱਚ ਮਿਲ ਰਿਹਾ ਸੀ, ਟੁੱਟੀਆਂ ਹੋਈਆਂ ਸਾਂਝਾਂ ਨਵੇਂ ਸਿਰਿਓਂ ਸੁਰਜੀਤ ਕਰਨ ਵਾਸਤੇ।
ਸੀਤਲ ਭਵਨ ਸੋਹਣ ਸਿੰਘ 'ਸੀਤਲ'
ਮਾਡਲ ਗਰਾਮ ਲੁਧਿਆਣਾ 17.2.1966 ਈ.
ਅੰਤਕਾ
ਇਤਿਹਾਦੀ ਸਭਾ ਦੇ ਉੱਦਮ ਨਾਲ ਤੇਈ ਸਤੰਬਰ (1965) ਨੂੰ ਤੜਕੇ ਸਾਢੇ ਤਿੰਨ ਵਜੇ ਲੜਾਈ ਬੰਦ ਹੋ ਗਈ। ਗੋਲਾਬਾਰੀ ਬੰਦ ਹੋ ਗਈ, ਪਰ ਪੂਰੀ ਤਰ੍ਹਾਂ ਸ਼ਾਂਤੀ ਨਹੀਂ ਹੋਈ। ਹੱਦ ਉੱਤੇ ਖਿੱਚੋਤਾਣ ਤੇ ਮਨਾਂ ਵਿੱਚ ਗੁੱਸਾ ਓਵੇਂ ਕਾਇਮ ਸੀ।
ਅੰਤ ਦੋਹਾਂ ਦੇਸ਼ਾਂ ਦੇ ਸੱਚੇ ਮਿੱਤਰ 'ਰੂਸ' ਦੇ ਯਤਨ ਤੇ ਅਸਰ-ਰਸੂਖ਼ ਨਾਲ ਦਸ ਜਨਵਰੀ (1966) ਨੂੰ 'ਤਾਸ਼ਕੰਦ ਸਮਝੌਤਾ' ਹੋ ਗਿਆ। ਦੋਹਾਂ ਸਰਕਾਰਾਂ ਨੇ ਮੰਨ ਲਿਆ, ਕਿ ਦੂਸਰੇ ਦੇ ਜਿੱਤੇ ਹੋਏ ਇਲਾਕੇ ਖ਼ਾਲੀ ਕਰ ਕੇ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪੰਜ ਅਗਸਤ, 1965 ਵਾਲੇ ਟਿਕਾਣਿਆਂ 'ਤੇ ਵਾਪਸ ਚਲੀਆਂ ਜਾਣਗੀਆਂ। ਦੋਹਾਂ ਸਰਕਾਰਾਂ ਨੇ ਇਹ ਅਸੂਲ ਵੀ ਮੰਨ ਲਿਆ ਕਿ ਅੱਗੇ ਵਾਸਤੇ ਸਾਂਝੇ ਮਸਲੇ ਜਾਂ. ਝਗੜੇ ਨਜਿੱਠਣ ਲਈ ਤਾਕਤ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
ਇਸ ਸਮਝੌਤੇ ਦਾ ਸਵਾਗਤ ਕਰਦਿਆਂ ਸਾਰੇ ਸੰਸਾਰ ਦੇ (ਖ਼ਾਸ ਕਰ ਭਾਰਤ ਤੇ ਪਾਕਿਸਤਾਨ ਦੇ) ਲੋਕਾਂ ਨੇ ਸੁੱਖ ਦਾ ਸਾਹ ਲਿਆ।
ਉਪਰੋਕਤ ਸਮਝੌਤੇ ਦੀ ਪਾਲਣਾ ਕਰਦਿਆਂ ਹੋਇਆਂ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ (ਪੰਜ ਫਰਵਰੀ 1966 ਤੱਕ) ਦੂਸਰੇ ਦੇ ਮੱਲੇ ਹੋਏ ਇਲਾਕੇ ਖ਼ਾਲੀ ਕਰਕੇ ਵਾਪਸ ਚਲੀਆਂ ਗਈਆਂ।
ਐਨੇ ਖੂਨ ਖ਼ਰਾਬੇ ਦਾ ਸਿੱਟਾ ਕੀ ਨਿਕਲਿਆ? ਇਕ ਪਾਤਰ ਦੀ ਜ਼ਬਾਨੀ... "ਸਿੱਟਾ ? ਕੁਛ ਮਾਵਾਂ ਬੇਔਲਾਦ ਹੋ ਜਾਣਗੀਆਂ। ਕੁਛ ਮੁਟਿਆਰਾਂ ਵਿਧਵਾ ਹੋ ਜਾਣਗੀਆਂ। ਕੁਛ ਬੱਚੇ ਯਤੀਮ ਹੋ ਜਾਣਗੇ। ਤੇ ਲੜਾਈ ਦੇ ਖ਼ਰਚ ਵਜੋਂ ਅਰਥਾਂ ਰੁਪਏ ਦਾ ਭਾਰ ਦੋਹਾਂ ਦੇਸ਼ਾਂ ਦੀ ਗ਼ਰੀਬ ਜਨਤਾ ਦੇ ਸਿਰ ਪੈ ਜਾਵੇਗਾ।"
ਓਹਾ ਪਾਤਰ ਹੋਰ ਕਹਿੰਦਾ ਹੈ. "ਚੇਤੇ ਰੱਖੋ, ਵਰਤਮਾਨ ਯੁੱਗ ਵਿੱਚ ਕਿਸੇ ਮੁਲਕ ਨੂੰ ਵੀ ਲੜਾਈ ਤੋਂ ਫ਼ਾਇਦਾ ਨਹੀਂ ਪਹੁੰਚ ਸਕਦਾ।"
- ਸਮਾਪਤ -