ਈਚੋਗਿਲ ਨਹਿਰ ਤਕ
ਸੋਹਣ ਸਿੰਘ ਸੀਤਲ
page-break
ਸਮਰਪਣ
ਉਹਨਾਂ ਸੂਰਬੀਰਾਂ ਨੂੰ !
ਜੋ ਹਿੰਦ-ਪਾਕ ਜੰਗ ਵਿਚ
ਦੇਸ਼ ਦੀ ਰੱਖਿਆ
ਵਾਸਤੇ ਲੜਦੇ ਹੋਏ
ਸ਼ਹੀਦ ਹੋਏ!! page-break
ਪਹਿਲਾ ਭਾਗ
੧.
"ਚਲ ਬੋਤਿਆ ! ਚਲ।" ਪ੍ਰੀਤੂ ਨੇ ਦੋਵੇਂ ਅੱਡੀਆਂ ਮਾਰਦਿਆਂ ਪਿਆਰੇ ਦੇ ਜੂੜੇ ਨੂੰ ਜ਼ੋਰ ਦੀ ਹਿਲਾ ਕੇ ਕਿਹਾ।
"ਬੱ-ਬੱ-ਬੱ।" ਪਿਆਰੇ ਨੇ ਬੋਤੇ ਵਾਂਗ ਬੱਭਲੀ ਪਾਉਂਦਿਆਂ ਸੱਜੇ ਖੱਬੇ ਮੋਢੇ ਮਾਰਨੇ ਸ਼ੁਰੂ ਕਰ ਦਿੱਤੇ।
"ਬੱਸ ਬੱਸ। ਪੁੱਚ ਪੁੱਚ।" ਪ੍ਰੀਤੂ ਨੇ ਬੇਕਾਬੂ ਹੋ ਰਹੇ ਜਾਨਵਰ ਨੂੰ ਪੁਚਕਾਰਿਆ।
ਭੂਤਰਿਆ ਹੋਇਆ ਬੋਤਾ ਸਗੋਂ ਭੁੜਕਣ ਲੱਗ ਪਿਆ। ਕਦੇ ਉਹ ਸੱਜੀ ਲੱਤ ਨਿਸਲ ਕਰਕੇ ਊਠ ਵਾਂਗ ਦੜਾਂ ਮਾਰਦਾ ਤੇ ਕਦੇ ਖੱਬੀ ਲੱਤ ਓਸੇ ਤਰ੍ਹਾਂ ਛੱਡਦਾ।
"ਵੇਖ ਉਇ। ਡੇਗ ਦੇਣਾ ਈ ?" ਡਿਗਣ ਦੇ ਡਰ ਤੋਂ ਪ੍ਰੀਤੂ ਨੇ ਭਰਾ ਦੇ ਸਿਰ ਨੂੰ ਬਾਹੀਂ ਵਿੱਚ ਘੁੱਟ ਲਿਆ।
"ਬੋਤਾ ਬੀਬਾ ਬਣ ਕੇ ਤੁਰੇ ਖਾਂ। ਮੈਂ ਬੋਤੇ ਦਾ ਨਿੱਕਾ ਵੀਰ ਹੋਇਆ।" ਪ੍ਰੀਤੂ ਨੇ ਭਰਾ-ਪੁਣੇ ਦਾ-ਮਾਨੋ ਵਾਸਤਾ ਪਾ ਕੇ ਕਿਹਾ।
"ਹੱਛਾ; ਮੇਰੇ ਵਾਲ ਛੱਡ ਦਿਹ। ਹੁਣ ਨਹੀਂ ਬੋਤਾ ਭੁੜਕਦਾ।"
ਦੋਹਾਂ ਵਿੱਚ ਸਮਝੌਤਾ ਹੋ ਗਿਆ। ਅਸਵਾਰ ਨੇ ਸਖ਼ਤੀ ਕਰਨੀ ਛੱਡ ਦਿੱਤੀ, ਤਾਂ ਬੋਤਾ ਵੀ ਆਪਣੀ ਸਿਧੀ ਚਾਲੇ ਪੈ ਤੁਰਿਆ। ਹੱਸਦੇ ਖੇਡਦੇ ਦੋਵੇਂ ਭਰਾ ਘਰ ਆ ਪੁੱਜੇ।
"ਇਹ ਛੋਟਾ ਏ ਵਹਿੜਕਾ ਸਾਰਾ ? ਹਰ ਵੇਲੇ ਇਹਨੂੰ ਮੋਢਿਆਂ 'ਤੇ ਚੁੱਕੀ ਫਿਰਦਾ ਏਂ।" ਮਾਂ ਨੇ ਵੱਡੇ ਪੁੱਤਰ ਨੂੰ ਮਿੱਠੀ ਜੇਹੀ ਝਿੜਕ ਦੇਂਦਿਆਂ ਕਿਹਾ।
"ਮਾਂ ? ਇਹ ਤਾਂ ਮੇਰਾ ਬੋਤਾ ਏ।" ਪ੍ਰੀਤੂ ਨੇ ਭਰਾ ਦੇ ਮੋਢਿਆਂ ਤੋਂ ਉਤਰਦਿਆਂ ਕਿਹਾ।
"ਵੱਡੇ ਭਰਾ ਨੂੰ ਬੋਤਾ ਆਹੰਦਿਆਂ ਸ਼ਰਮ ਨਹੀਂ ਔਂਦੀ ?" ਮਾਂ ਨੇ ਨਿੱਕੇ ਨੂੰ ਝਿੜਕਣਾ ਵੀ ਜ਼ਰੂਰੀ ਸਮਝਿਆ, ਭਾਵੇਂ ਝਿੜਕ ਝੰਬ ਬਿਲਕੁਲ ਬਨਾਉਟੀ ਸੀ। ਉਹਦੇ ਖਿੜੇ ਹੋਏ ਚਿਹਰੇ 'ਤੇ ਘੂਰੀ ਦੀ ਥਾਂ ਮੁਸਕਰਾਹਟ ਫੈਲੀ ਹੋਈ ਸੀ।
"ਉਹ ਬੋਤਾ ਏ, ਤਾਂ ਤੂੰ ਕੀ ਏਂ ? ਗਧਾ ?"page-break
"ਨਹੀਂ, ਮੈਂ ਤਾਂ ਪ੍ਰੀਤੂ ਆਂ, ਸਰਦਾਰ ਪ੍ਰੀਤਮ ਸਿੰਘ।" ਪ੍ਰੀਤੂ ਨੇ ਛਾਤੀ ਫੁਲਾ ਕੇ ਜ਼ਰਾ ਮਾਣ ਨਾਲ ਕਿਹਾ।
"ਤੇ ਉਹ ਮੇਰਾ ਪੁੱਤ ਏ, ਸਰਦਾਰ ਪਿਆਰਾ ਸਿੰਘ। ….ਹੱਥ ਧੋਵੇ ਤੇ ਰੋਟੀ ਖਾਓ ਸਵਖਤੇ ਸਵਖਤੇ।"
ਦੋਵੇਂ ਭਰਾ ਹੱਥ ਧੋ ਕੇ ਚੌਂਕੇ ਵਿੱਚ ਆ ਬੈਠੇ। ਦਲੀਪ ਕੌਰ ਨੇ ਇਕੇ ਥਾਂ ਰੋਟੀ ਪਾ ਕੇ ਅੱਗੇ ਧਰ ਦਿੱਤੀ।
"ਭਾਊ! ਪਹਿਲਾਂ ਮੈਂ ਖਾਵਾਂਗਾ।" ਪ੍ਰੀਤੂ ਨੇ ਆਪਣਾ ਹੱਕ ਜਤਾਂਦਿਆਂ ਕਿਹਾ।
"ਪਹਿਲਾਂ ਵੱਡੇ ਭਰਾ ਖਾਂਦੇ ਨੇ ਕਿ ਛੋਟੇ।" ਕੋਲੋਂ ਦਲੀਪ ਕੌਰ ਨੇ ਨਿੱਕੇ ਪੁੱਤਰ ਦੀ ਗੱਲ ਟੋਕੀ।
"ਮੈਂ ਵੱਡਾ।" ਪ੍ਰੀਤੂ ਨੇ ਸੱਜਾ ਗੋਡਾ ਹਿਲਾਉਂਦਿਆਂ ਵਾਜ 'ਤੇ ਜ਼ੋਰ ਦੇ ਕੇ ਕਿਹਾ।
"ਖਾਣ ਪੀਣ ਨੂੰ ਤੂੰ ਵੱਡਾ, ਕੰਧਾੜੇ ਚੜ੍ਹਨ ਨੂੰ ਛੋਟਾ। ਘਰ ਨੂੰ ਸਿਆਣਾ ਕਿੰਨਾ ਏ ਟੈਣਾ ਜਿਹਾ। ਪਹਿਲਾਂ ਮੇਰੇ ਵੱਡੇ ਪੁੱਤ ਨੂੰ ਖਾਣ ਦਿਹ।"
"ਭਾਊ। ਮੈਂ ਵੱਡਾ ਆਂ ਨਾ ?" ਪ੍ਰੀਤੂ ਨੇ ਮਾਂ ਵੱਲੋਂ ਹਮਾਇਤ ਨਾ ਹੁੰਦੀ ਵੇਖ ਕੇ ਭਰਾ ਕੋਲੋਂ ਪੁੱਛਿਆ, ਜਿਸ ਦੇ ਵਿਰੁੱਧ ਉਹ ਦਾਹਵਾ ਪੇਸ਼ ਕਰ ਰਿਹਾ ਸੀ।
"ਹਾਂ ਹਾਂ, ਤੂੰ ਵੱਡਾ। ਖਾਹ ਤੂੰ। ਮੈਂ ਪਿੱਛੋਂ ਖਾ ਲਵਾਂਗਾ। ਪਿਆਰੇ ਨੇ ਇਕਵੱਲੀ ਸੁਲ੍ਹਾ ਮੰਨ ਕੇ ਹਥਿਆਰ ਸੁੱਟ ਦਿੱਤੇ।
"ਹੱਛਾ, ਦੋਵੇਂ ਖਾਈਏ। ਪਹਿਲੀ ਬੁਰਕੀ ਮੈਂ, ਦੂਜੀ ਤੂੰ।" ਪ੍ਰੀਤੂ ਨੇ ਬੜੇ ਖੁਲ੍ਹੇ ਦਿਲ ਨਾਲ ਕਿਹਾ।
ਦੋਹਾਂ ਪੁੱਤਰਾਂ ਨੂੰ 'ਕੱਠਿਆਂ ਖਾਂਦਿਆਂ ਵੇਖ ਕੇ ਮਾਂ ਦਾ ਦਿਲ ਖ਼ੁਸ਼ੀ ਵਿੱਚ ਉਛਲ ਰਿਹਾ ਸੀ।
"ਮਾਂ, ਪ੍ਰੀਤੂ ਪੰਜਾਂ ਵਰ੍ਹਿਆਂ ਦਾ ਹੋ ਗਿਆ ਏ ?" ਪਾਣੀ ਪੀ ਕੇ ਗਲਾਸ ਥੱਲੇ ਰਖਦਿਆਂ ਪਿਆਰੇ ਨੇ ਅਚਨਚੇਤ ਪੁੱਛਿਆ।
"ਸੁੱਖ ਨਾਲ ਛੇਵਾਂ ਜਾ ਰਿਹਾ ਏ। ਕਿਉਂ ?" ਦਲੀਪ ਕੌਰ ਸਵਾਲੀਆ ਨਜ਼ਰ ਨਾਲ ਵੱਡੇ ਪੁੱਤਰ ਵੱਲ ਵੇਖਣ ਲੱਗ ਪਈ।
“ਮੇਰੀ ਸਲਾਹ ਏ, ਇਹਨੂੰ ਪੜ੍ਹਨੇ ਪਾ ਦੇਈਏ। ਕੱਲ੍ਹ ਮੁਨਸ਼ੀ ਆਹੰਦਾ ਸੀ।"
“ਇਨੇ ਕਿਹੜਾ ਪੜ੍ਹ ਕੇ ਡਿਪਟੀ ਬਣ ਜਾਣਾ ਏਂ। ਨਾਲੇ ਸਾਥੋਂ ਪੜ੍ਹਾਈਆਂ ਦੇ ਖ਼ਰਚ ਪੁੱਜਦੇ ਨੇ ?" ਮਾਂ ਨੇ ਘਰ ਦੀ ਤੰਗੀ ਨੂੰ ਮੁਖ ਰੱਖ ਕੇ ਕਿਹਾ।
"ਹੱਛਾ, ਮੈਂ ਭਲਕੇ ਵੱਡੇ ਮਾਸਟਰ ਨੂੰ ਪੁੱਛਾਂਗਾ। ਜੇ ਉਹਨੇ ਪਹਿਲਾਂ ਈ ਇਹਨੂੰ page-break
ਡਿਪਟੀ ਬਣਾ ਦਿੱਤਾ ਤਾਂ ਫੇਰ ਆਪਾਂ ਇਹਨੂੰ ਪੜ੍ਹਨੇ ਪਾ ਦਿਆਂਗੇ।" ਪਿਆਰੇ ਦੇ ਸਾਰੇ ਚਿਹਰੇ 'ਤੇ ਮੁਸਕਰਾਹਟ ਫੈਲੀ ਹੋਈ ਸੀ।
"ਡਿਪਟੀ ਛੱਡਿਆ, ਉਹ ਤਾਂ ਇਹਨੂੰ ਠਾਣੇਦਾਰ ਬਣਾ ਦੇਵੇਗਾ ਘਰ ਬੈਠੇ ਨੂੰ।" ਅਨਪੜ੍ਹ ਮਾਂ ਨੂੰ ਕੀ ਪਤਾ ਕਿ ਡਿਪਟੀ ਵੱਡਾ ਹੁੰਦਾ ਹੈ ਜਾਂ ਥਾਣੇਦਾਰ। "ਨਾਲੇ ਹੁਣ ਕੋਲੋਂ ਰੱਸਾ ਪੈੜਾ ਫੜੌਣ ਜੋਗਾ ਹੋਇਆ ਏ ਤਾਂ ਪੜ੍ਹਨੇ ਪਾ ਦਿਓ ਸੂ।"
“ਹੱਛਾ ਭਈ ਤੂੰ ਦੱਸ, ਪੜ੍ਹਨਾ ਏਂ ਜਾਂ ਡੰਗਰ ਚਾਰਨੇ ਨੇ?" ਪਿਆਰੇ ਨੇ ਮਾਂ ਦੀ ਗੱਲ ਦਾ ਉੱਤਰ ਦੇਣ ਦੀ ਥਾਂ ਪ੍ਰੀਤੂ ਕੋਲੋਂ ਫ਼ੈਸਲਾ ਲੈਣਾ ਠੀਕ ਸਮਝਿਆ। "ਪੜ੍ਹਨਾ ਏਂ।” ਪ੍ਰੀਤੂ ਨੇ ਬੜੀ ਕਾਹਲੀ ਨਾਲ ਉੱਤਰ ਦਿੱਤਾ। "ਪਰ ਜੋ ਜੋ ਤੂੰ ਆਖਿਆ ਠੀਕ ਏ ਨਾ।"
"ਹਾਂ ਹਾਂ ਠੀਕ! ਪੜ੍ਹਨ ਵਾਲਿਆਂ ਦੇ ਪੈਰੀਂ ਬੂਟ, ਤੇੜ ਪਜਾਮਾ, ਗਲੀਂ ਕੋਟ ਤੇ ਡੰਗਰ ਚਾਰਨ ਵਾਲਿਆਂ ਦੀਆਂ ਟੁੱਟੀਆਂ ਹੋਈਆਂ ਜੁੱਤੀਆਂ। ਔਹ ਵੇਖ ਲੈ ਚੌਂਕੇ ਤੋਂ ਥੱਲੇ ਪਈ ਮੇਰੀ ਜੁੱਤੀ। ਬੱਸ ਏਹਾ ਨਮੂਨਾ।"
ਸਾਰੀ ਦੁਪਹਿਰ ਦੋਵੇਂ ਭਰਾਵਾਂ ਵਿੱਚ ਇਕ ਗੁਪਤ ਸਮਝੌਤਾ ਹੁੰਦਾ ਰਿਹਾ ਸੀ। ਪਿਆਰੇ ਨੇ ਉਸ ਸਮਝੋਤੇ ਉੱਤੇ ਦੁਬਾਰਾ ਮੋਹਰ ਲਾ ਦਿੱਤੀ।
"ਨਾਲੇ ਮੇਰੀ ਫੱਟੀ ਤੂੰ ਪੋਚਿਆ ਕਰਨੀ ਊਂ ਤੇ ਸ਼ਾਮੀ ਸਕੂਲੋਂ, ਚੁੱਕ ਕੇ ਲਿਔਣਾ ਹੋਵੇਗਾ, ਰੋਜ਼।" ਪ੍ਰੀਤੂ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਖਲੀ ਕਰਕੇ ਬੜੇ ਰੁਹਬ ਨਾਲ ਕਿਹਾ, ਕਿਸੇ ਜੇਤੂ ਜਰਨੈਲ ਵਾਂਗ।
"ਦੋਵੇਂ ਸ਼ਰਤਾਂ ਮਨਜ਼ੂਰ ਭਈ।" ਪਿਆਰੇਂ -ਨੇ ਸਿਰ ਹਿਲਾ ਕੇ ਹਾਮੀ ਭਰ ਦਿੱਤੀ।
"ਪੋਚਿਆ ਕਿਉਂ ਨਾ ਕਰੇਗਾ। ਤੇਰਾ ਨੌਕਰ ਜੁ ਹੋਇਆ! ਭਲਕੇ ਲਿਖ ਪੜ੍ਹ ਕੇ ਕੋਈ ਅਫ਼ਸਰ ਬਣ ਗਿਉਂ ਤਾਂ ਆਪਣੇ ਹਲ-ਵਾਹ ਭਰਾ ਨੂੰ ਸਿਆਣਨਾ ਵੀ ਨਹੀਂਉਂ।" ਓਸੇ ਮਾਂ ਦੀਆਂ ਅੱਖਾਂ ਵਿੱਚ ਅਫ਼ਸਰੀ ਦੇ ਲਾਰੇ ਝਲਕਣ ਲੱਗ ਪਏ ਜੋ ਦੋ ਮਿੰਟ ਪਹਿਲਾਂ ਪੜ੍ਹਾਈ ਦਾ ਵਿਰੋਧ ਕਰ ਰਹੀ ਸੀ।
“ਭਾਊ! ਤੂੰ ਮੇਰਾ ਨੌਕਰ ਏਂ ਨਾ!" ਪ੍ਰੀਤੂ ਨੇ ਬੜੀ ਹਲੀਮੀ ਨਾਲ ਵੱਡੇ ਭਰਾ ਦੀ ਬਾਂਹ ਹਿਲਾ ਕੇ ਪੁੱਛਿਆ। ਸ਼ਾਇਦ ਉਸ ਦੇ ਅੰਦਰ ਭੈਅ ਪੈਦਾ ਹੋ ਗਿਆ ਸੀ ਕਿ ਮਾਂ ਦੇ ਵਿਰੋਧ ਕਰਕੇ ਉਹਦੀ ਮੰਗ ਠੁਕਰਾਈ ਨਾ ਜਾਂਦੀ ਹੋਵੇ।
"ਨੌਕਰ, ਸਰਦਾਰ ਜੀ! ਹੱਥੀ ਬੱਧੀ ਗ਼ੁਲਾਮ।"
"ਫੇਰ ਮੇਰੀ ਫੱਟੀ ਪੋਚ ਦਿਆ ਕਰੇਂਗਾ ਨਾ।"
"ਜ਼ਰੂਰ।”
"ਕਿਉਂ ਤੇਰੇ ਹੱਥਾਂ ਦੀ ਮਹਿੰਦੀ ਲਹਿੰਦੀ ਏ ਪੋਚਦਿਆਂ।" ਮਾਂ ਨੇ ਫਿਰ ਵਿਰੋਧ page-break
ਕੀਤਾ। ਭਾਵੇਂ ਇਹ ਸਾਰਾ ਵਿਰੋਧ ਬੱਚਿਆਂ ਦੀਆਂ ਗੱਲਾਂ ਦਾ ਰਸ ਲੈਣ ਵਾਸਤੇ ਹੀ ਸੀ।
"ਤੇ ਪਾਲੇ ਦੀ ਫਟੀ ਬੀਰੋ ਨਹੀਂ ਪੋਚਦੀ ਹੁੰਦੀ ?” ਆਪਣਾ ਹੱਕ ਸਾਬਤ ਕਰਨ ਬਦਲੇ ਪ੍ਰੀਤੂ ਨੇ ਗਵਾਂਢੀ ਦੀ ਮਿਸਾਲ ਪੇਸ਼ ਕਰ ਦਿੱਤੀ।
"ਫਿਰ ਤੂੰ ਵੀ ਰੱਬ ਕੋਲੋਂ ਇਕ ਭੈਣ ਮੰਗ ਲੈਂਦੇਂ ਜਿਹੜੀ ਤੇਰੀਆਂ ਫੱਟੀਆਂ ਪੋਚ ਦਿਆ ਕਰਦੀ।" ਅਜੇ ਵੀ ਦਲੀਪ ਕੌਰ ਦੀ ਮਮਤਾ ਧੀ ਵਾਸਤੇ ਤਰਸ ਰਹੀ ਸੀ।
“ਭਾਊ। ਆਪਾਂ ਹੁਣ ਰੱਬ ਕੋਲੋਂ ਇਕ ਭੈਣ ਮੰਗ ਲਈਏ ਖਾਂ।" ਪ੍ਰੀਤੂ ਨੇ ਭਰਾ ਵੱਲ ਸ਼ਰਧਾ ਭਰੀਆਂ ਅੱਖਾਂ ਨਾਲ ਤੱਕਦਿਆਂ ਕਿਹਾ।
ਤੇਰਾਂ ਚੌਦਾਂ ਸਾਲ ਦੇ ਪਿਆਰੇ ਨੇ ਛੋਟੇ ਭਰਾ ਦੀ ਮੰਗ ਦਾ ਕੋਈ ਉੱਤਰ ਨਾ ਦਿੱਤਾ। ਉਹ ਇਸ ਭੇਤ ਨੂੰ ਕੁਝ-ਕੁਝ ਸਮਝਣ ਲੱਗ ਪਿਆ ਸੀ।
"ਹੋਰ ਰੋਟੀ ਲੈਣੀ ਊਂ ?" ਪਿਆਰੇ ਨੇ ਗੱਲ ਹੋਰ ਪਾਸੇ ਟਾਲ ਦਿੱਤੀ।
"ਬੱਸ ।"
"ਚਲ ਉਠ ਫਿਰ ਹੱਥ ਧੋ ਕੇ ਆਪਾਂ ਸਵੀਏਂ।”
"ਫਿਰ ਓਦਣ ਵਾਲੀ ਬਾਤ ਸੁਣਾਵੇਂਗਾ ਨਾ।”
"ਸੁਣਾਵਾਂਗਾ।” ਛੋਟਾ ਜਿਹਾ ਉੱਤਰ ਦੇ ਕੇ ਪਿਆਰੇ ਨੇ ਗੱਲ ਮੁਕਾ ਦਿੱਤੀ। ਉਹ ਛੇਤੀ ਤੋਂ ਛੇਤੀ ਮਾਂ ਕੋਲੋਂ ਦੂਰ ਭੱਜ ਜਾਣਾ ਚਾਹੁੰਦਾ ਸੀ। 'ਭੈਣ ਮੰਗਣ' ਦੇ ਅਰਥਾਂ ਬਾਰੇ ਸੋਚਦਿਆਂ ਉਹ ਅਜੀਬ ਕਿਸਮ ਦੀ ਸ਼ਰਮ ਮਹਿਸੂਸ ਕਰ ਰਿਹਾ ਸੀ।
ਦੋਵੇਂ ਭਰਾ ਵਿਹੜੇ ਦੇ ਵਿਚਕਾਰ ਡੱਠੇ ਮੰਜੇ 'ਤੇ ਲੰਮੇ ਜਾ ਪਏ। ਨਿੱਕੇ ਨੇ ਬਾਂਹ ਵੱਡੇ ਦੇ ਗਲ ਵਿੱਚ ਪਾ ਲਈ ਅਤੇ ਲੱਤ ਉਹਦੇ ਢਿੱਡ ਉੱਤੇ ਰੱਖ ਦਿੱਤੀ। ਵੱਡਾ ਇਕ ਸ਼ਹਿਜ਼ਾਦੇ ਤੇ ਸੁਨਹਿਰੀ ਵਾਲਾਂ ਵਾਲੀ ਸ਼ਹਿਜ਼ਾਦੀ ਦੀ ਕਹਾਣੀ ਸੁਨਾਉਣ ਲੱਗ ਪਿਆ। ਨਿੱਕਾ ਉਹਦਾ ਹੁੰਗਾਰਾ ਭਰਨ ਵਿੱਚ ਲੀਨ ਹੋ ਗਿਆ।
ਖਾਲੜੇ ਤੋਂ ਲਾਹੌਰ ਨੂੰ ਜਾਣ ਵਾਲੀ ਪੱਕੀ ਸੜਕ ਉੱਤੇ 'ਬਰਕੀ' ਇਕ ਘੁਗ ਵਸਦਾ ਕਸਬਾ ਸੀ। ਉਸ ਵਿੱਚ ਸਿੱਖ, ਹਿੰਦੂ, ਮੁਸਲਮਾਨ ਅਤੇ ਹਰੀਜਨ ਸਾਰੇ ਭਰਾਵਾਂ ਵਾਂਗ ਵਸਦੇ ਸਨ। ਲਾਹੌਰ ਸ਼ਹਿਰ ਸਿਰ 'ਤੇ ਹੋਣ ਕਰਕੇ ਕੁਝ ਲੋਕਾਂ ਦਾ ਨਿਰਬਾਹ ਸ਼ਹਿਰ ਵਿੱਚ ਮਿਹਨਤ ਮਜ਼ਦੂਰੀ ਕਰਨ ਨਾਲ ਹੁੰਦਾ ਸੀ। ਜੱਟ ਸਿੱਖ ਵਧੇਰੇ ਵਾਹੀ 'ਤੇ ਗੁਜ਼ਾਰਾ ਕਰਦੇ ਸਨ। ਪੁਰਾਣੀ ਵਸੋਂ ਹੋਣ ਕਰਕੇ ਕਈਆਂ ਘਰਾਂ ਕੋਲ ਜ਼ਮੀਨ ਅਸਲੋਂ ਥੋੜ੍ਹੀ-ਥੋੜ੍ਹੀ ਰਹਿ ਗਈ। ਧਰਮ ਸਿੰਘ ਵੀ ਏਸੇ ਸ਼ਰੇਣੀ ਵਿੱਚੋਂ ਸੀ। ਆਪਣੀ ਮਾਲਕੀ ਉਹਦੇ ਕੋਲ ਮਸਾਂ ਦਸ ਘੁਮਾਂ ਸੀ। ਦੋ ਚਾਰ ਘੁਮਾਂ ਉਹ ਕਿਸੇ ਗਵਾਂਢੀ ਕੋਲੋਂ ਹਿੱਸੇ 'ਤੇ ਲੈ ਲੈਂਦਾ। ਮਿਹਨਤੀ ਸੁਭਾਅ ਦਾ ਮਾਲਕ ਹੋਣ ਕਰਕੇ ਉਹ page-break
ਆਪਣੇ ਛੋਟੇ ਪਰਿਵਾਰ ਦਾ ਨਿਰਬਾਹ ਕਰੀ ਜਾ ਰਿਹਾ ਸੀ। ਉਹਦੀ ਜੀਵਨ ਸਾਥਣ ਦਲੀਪ ਕੌਰ ਵੀ ਗੰਧਮੀ ਰੰਗ, ਸਡੋਲ ਸਰੀਰ ਤੇ ਚੰਗੀ ਸਿਹਤ ਵਾਲੀ ਇਸਤਰੀ ਸੀ।
ਵਿਆਹ ਤੋਂ ਪੰਜ ਵਰ੍ਹੇ ਪਿੱਛੋਂ ਉਹਨਾਂ ਦੇ ਘਰ ਪਲੇਠੀ ਦਾ ਪੁੱਤਰ ਹੋਇਆ। ਮਾਪਿਆਂ ਨੂੰ ਤਾਂ ਸਾਰੇ ਹੀ ਪਿਆਰੇ ਹੁੰਦੇ ਹਨ, ਪਰ ਉਸ ਬੱਚੇ ਦਾ ਭੋਲਾ-ਭਾਲਾ ਚਿਹਰਾ ਹਰ ਵੇਖਣ ਵਾਲੇ ਨੂੰ ਪਿਆਰਾ ਲੱਗਦਾ ਸੀ। ਮਾਪਿਆਂ ਨੇ ਉਹਦਾ ਨਾਂ ਵੀ ਪਿਆਰਾ ਸਿੰਘ ਰੱਖ ਦਿੱਤਾ। ਜਵਾਨ ਜੋੜੇ ਦਾ ਵਿਆਹ ਪਿੱਛੋਂ ਪੰਜ ਸਾਲ ਤਕ ਬੱਚੇ ਦਾ ਰਾਹ ਉਡੀਕਣਾ ਬੜਾ ਲੰਮਾ ਸਮਾਂ ਹੁੰਦਾ ਹੈ, ਪਰ ਪਿਆਰਾ ਸਿੰਘ ਦੇ ਆਉਣ ਨੇ ਉਹਨਾਂ ਦੇ ਸਬਰ ਦਾ ਮੁੱਲ ਮੋੜ ਦਿੱਤਾ। ਉਹ ਖ਼ੁਸ਼ੀਆਂ ਵਿੱਚ ਇਕ ਤੋਂ ਚਾਰ ਹੋਏ ਫਿਰਦੇ! ਪਿਆਰੇ ਦੇ ਪੈਰੀਂ ਚਾਂਦੀ ਦੀਆਂ ਕੜੀਆਂ ਦੇ ਛਣਕਦੇ ਬੇਰ ਸਾਰੇ ਵਿਹੜੇ ਵਿੱਚ ਰੌਣਕ ਲਾਈ ਰੱਖਦੇ।
ਇਕ ਅੰਞਾਣੇ ਨਾਲ ਉਹਨਾਂ ਨੂੰ ਆਪਣਾ ਵਿਹੜਾ ਭੀੜਾ-ਭੀੜਾ ਲੱਗਣ ਲੱਗ ਪਿਆ ਸੀ। ਸੀ ਵੀ ਭੀੜਾ ਹੀ। ਦੋ ਬਲਦ ਤੇ ਇਕ ਮਹਿੰ ਬੰਨ੍ਹਣ ਪਿੱਛੋਂ ਵਿਹੜੇ ਵਿੱਚ ਦੋ ਮੰਜੇ ਡਾਹੁਣ ਜੋਗੀ ਥਾਂ ਨਹੀਂ ਸੀ ਬਚਦੀ। ਉਹਨਾਂ ਪਿੰਡ ਦੇ ਅੰਦਰਲਾ ਘਰ ਵੇਚ ਕੇ ਬਾਹਰ ਖੇਤ ਵਿੱਚ ਆ ਹਵੇਲੀ ਵਲੀ। ਭਾਗਾਂ ਨਾਲ ਉਹਨਾਂ ਦੀ ਤਿੰਨ ਘੁਮਾਂ ਜਮੀਨ ਖਾਲੜੇ ਨੂੰ ਜਾਣ ਵਾਲੀ ਸੜਕ ਉੱਤੇ ਆ ਗਈ ਸੀ। ਪਿੰਡ ਦੇ ਆਖ਼ਰੀ ਘਰ ਤੋਂ ਮਸਾਂ ਸੱਠ ਸੱਤਰ ਕਰਮਾਂ ਦੂਰ ਸੀ। ਪਹਿਲਾਂ ਤਾਂ ਉਹ ਬੜੇ ਇਕੱਲੇ-ਇਕੱਲੇ ਮਹਿਸੂਸ ਕਰਨ ਲੱਗੇ। ਨਾ ਆਂਢ ਨਾ ਗੁਆਂਢ, ਪਰ ਦੋ ਸਾਲਾਂ ਵਿੱਚ ਹੀ ਵਸੋਂ ਉਹਨਾਂ ਤਕ ਅੱਪੜ ਗਈ। ਅਗਲੇ ਸਾਲ ਉਹਨਾਂ ਤੋਂ ਚੜ੍ਹਦੇ ਪਾਸੇ ਚਾਰ ਪੰਜ ਘਰ ਆ ਵੱਸੇ।
ਪਲੇਨੀ ਦੇ ਪੁੱਤਰ ਪਿੱਛੋਂ ਉਹਨਾਂ ਨੂੰ ਫਿਰ ਸਾਢੇ ਅੱਠ ਸਾਲ ਉਡੀਕਣਾ ਪਿਆ। ਕਿਸੇ-ਕਿਸੇ ਵੇਲੇ ਉਹ ਦੋਵੇਂ ਕੁਛ ਉਦਾਸ ਵੀ ਹੋ ਜਾਂਦੇ। ਦਲੀਪ ਕੌਰ ਨੇ ਠੰਡਾ ਸਾਹ ਭਰ ਕੇ ਕਿਹਾ, "ਰੱਬ ਸਾਡੀ ਜੋੜੀ ਰਲਾ ਦੇਂਦਾ ਤਾਂ ਉਹਦੇ ਘਰ ਕੀ ਘਾਟਾ ਸੀ।"
"ਭਲੀਏ ਲੋਕੇ! ਏਹਾ ਗੱਲ ਤਾਂ ਉਹਨੇ ਆਪਣੇ ਹੱਥ ਰੱਖੀ ਏ। ਤੂੰ ਗੁਰੂ ਮਹਾਰਾਜ ਅੱਗੇ ਸੁੱਖ ਸੁੱਖਿਆ ਕਰ ਸਾਡਾ ਇਕੋ ਈ ਜਿਉਂਦਾ ਰਹੇ। ਜਿਹੜੇ ਇਕ ਨੂੰ ਵੀ ਤਰਸਦੇ ਨੇ, ਉਹਨਾਂ ਵੱਲੇ ਵੇਖ ਖਾਂ। ਕਈ ਵਿਚਾਰੇ ਧੀ ਦਾ ਮੂੰਹ ਵੇਖਣ ਨੂੰ ਵੀ ਸਹਿਕਦੇ ਨੇ। ਜੋ ਉਹਨੂੰ ਭਾਵੇਂ।” ਧਰਮ ਸਿੰਘ ਬੜੇ ਧੀਰਜ ਨਾਲ ਕਹਿੰਦਾ, ਭਾਵੇਂ ਅੰਦਰੋਂ ਉਹ ਵੀ ਓਨਾ ਹੀ ਉਦਾਸ ਹੁੰਦਾ।”
"ਠੀਕ ਏ, ਪਰ ਜੱਟ ਦੇ ਕੱਲ੍ਹੇ ਪੁੱਤ ਨੂੰ ਤਾਂ ਕੋਈ ਬਾਹਰ ਨਹੀਂ ਨਿਕਲਣ page-break
ਦੇਂਦਾ। ਕੱਲੀ ਹੋਵੇ ਨਾ ਵਣਾਂ ਵਿੱਚ ਲੱਕੜੀ। ਕੱਲੇ ਕਾਰੇ ਰੁੱਖ ਦੀ ਛਾਵੇਂ ਡਰਦਾ, ਰਾਹੀ ਵੀ ਨਹੀਂ ਬਹਿੰਦਾ।" ਦਲੀਪ ਕੌਰ ਦੇ ਸੁਨੱਖੇ ਚਿਹਰੇ ਉੱਤੇ ਉਦਾਸੀ ਦੇ ਪਰਛਾਵੇਂ ਛਾ ਜਾਂਦੇ।
"ਚਲੋ, ਭਜਨ ਕਰਿਆ ਕਰੋ। ਹਰ ਇਕ ਨੇ ਆਪਣੇ ਭਾਗ ਲੈਣੇ ਹੁੰਦੇ ਨੇ।" ਧਰਮ ਸਿੰਘ ਦਿਲ ਛੱਡਣ ਦੇ ਹੱਕ ਵਿੱਚ ਨਹੀਂ ਸੀ।
ਇਕ ਦਿਨ ਬਾਹਰੋਂ ਖੇਡਦਾ ਖੇਡਦਾ ਪਿਆਰਾ ਆਇਆ ਤਾਂ ਉਹਦਾ ਚਿਹਰਾ ਬਹੁਤ ਉਦਾਸ ਸੀ। ਉਹ ਚੁੱਪਚਾਪ ਨੀਵੀਂ ਪਾਈ ਬੈਠਾ ਰੋਟੀ ਖਾਂਦਾ ਰਿਹਾ। ਇਕ ਵਾਰ ਵੀ ਉਹਨੇ ਨਿਗ੍ਹਾ ਚੁੱਕ ਕੇ ਮਾਂ ਵੱਲ ਨਾ ਵੇਖਿਆ।
"ਪਿਆਰਿਆ! ਸਗੋਂ ਕਿਸੇ ਨਾਲ ਲੜ ਕੇ ਆਇਆ ਏਂ?" ਪੁੱਤਰ ਦਾ ਉਦਾਸ ਚਿਹਰਾ ਮਾਂ ਤੋਂ ਬਹੁਤਾ ਚਿਰ ਵੇਖਿਆ ਨਾ ਗਿਆ। ਅੰਤ ਉਹਨੇ ਪੁੱਛ ਹੀ ਲਿਆ।
ਉੱਤਰ ਦੇਣ ਦੀ ਥਾਂ ਅੱਧਾ ਫੁਲਕਾ ਵਿਚੇ ਛੱਡ ਕੇ ਉੱਠ ਬੈਠਾ। ਉਹਦੀਆਂ ਅੱਖਾਂ ਅਜੇ ਵੀ ਧਰਤੀ 'ਤੇ ਟਿਕੀਆਂ ਹੋਈਆਂ ਸਨ।
"ਸਗੋਂ ਕਿਸੇ ਮਾਰਿਆ ਈ ?" ਮਾਂ ਦੇ ਦਿਲ ਨੂੰ ਵਲ੍ਹੇਟ ਫਿਰ ਰਹੇ ਸਨ।
" ਨਹੀਂ ।"
"ਫਿਰ ਬੋਲਦਾ ਕਿਉਂ ਨਹੀਂ? ਆ ਖਾਂ ਮੇਰੇ ਲਾਲ।" ਮਾਂ ਨੇ ਬਾਹੋਂ ਫੜ ਕੇ ਪੁੱਤਰ ਨੂੰ ਆਪਣੇ ਵੱਲ ਖਿੱਚ ਲਿਆ।
"ਪਾਲੂ ਹੋਰੀਂ ਪੰਜ ਭਰਾ ਹੋ ਗਏ। ਅੱਜ ਫੇਰ ਉਹਨਾਂ ਘਰ ਮੁੰਡਾ ਜੰਮਿਆ ਏਂ। ਪੰਜ ਭਰਾ ਤੇ ਦੋ ਭੈਣਾਂ।" ਪਿਆਰੇ ਦੀਆਂ ਅੱਖਾਂ ਵਿੱਚ ਅਟਕੇ ਹੋਏ ਹੰਝੂ ਬਾਹਰ ਡੁੱਲ੍ਹ ਪਏ।
"ਮਾਂ ਮਰ ਜੇ! ਤੂੰ ਕਿਹਾ ਹੇਰਵਾ ਲਾ ਲਿਆ ਏ। ਸਾਡਾ ਤੂੰ ਸਵਾ ਲੱਖ ਈ ਸ਼ੇਰ ਏਂ।" ਮਾਂ ਨੇ ਪੁੱਤ ਨੂੰ ਖਿੱਚ ਕੇ ਛਾਤੀ ਨਾਲ ਲਾ ਲਿਆ। "ਰਣਾ ਕਿਉਂ ਏਂ। ਤੂੰ ਸਵੇਰੇ ਉੱਠ ਕੇ ਗੁਰਦਵਾਰੇ ਜਾਇਆ ਕਰ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰ। ਬਾਬਾ ਤੈਨੂੰ ਵੀ ਇਕ ਵੀਰ ਦੇਵੇਗਾ।"
"ਗੁਰਦੁਆਰੇ ਵਾਲਾ ਬਾਬਾ ਆਹੰਦਾ ਹੁੰਦਾ ਏ ਸੱਖਣੇ ਹੱਥੀਂ ਮੱਥਾ ਟੇਕਣ ਨਹੀਂ ਆਈਦਾ, ਔਗਣ ਹੁੰਦਾ ਏ।” ਪਿਆਰੇ ਨੇ ਉਦਾਸ ਸੁਰ ਵਿੱਚ ਕਿਹਾ।
"ਹੱਛਾ ਤੂੰ ਮੈਥੋਂ ਆਟਾ ਲੈ ਜਾਇਆ ਕਰ। ਸੁਣਿਆ ? ਗੁਰੂ ਬਾਬਾ ਤੇਰੀ ਅਰਦਾਸ ਜ਼ਰੂਰ ਮੰਨ ਲਵੇਗਾ। ਉਹ ਵੱਡਿਆਂ ਦੀ ਭਾਵੇਂ ਨਾ ਮੰਨੇ, ਪਰ ਤੇਰੇ ਜਿੱਡਿਆਂ ਦੀ ਆਖੀ ਨਹੀਂ ਮੋੜਦਾ।"
ਅਗਲੇ ਦਿਨ ਸਵੇਰੇ ਛੋਟੀ ਜੇਹੀ ਕੋਲੀ ਵਿੱਚ ਅੱਧ ਕੁ ਪਾ ਆਟਾ ਪਾ ਕੇ ਮਾਂ page-break
ਨੇ ਪੁੱਤਰ ਨੂੰ ਗੁਰਦੁਆਰੇ ਅਰਦਾਸ ਕਰਨ ਲਈ ਭੇਜ ਦਿੱਤਾ। ਪਿਆਰਾ ਗੁਰੂ ਗ੍ਰੰਥ ਸਾਹਿਬ ਅੱਗੇ ਆਟਾ ਢੇਰੀ ਕਰਕੇ ਕਿੰਨਾ ਚਿਰ ਹੱਥ ਜੋੜ ਕੇ ਖਲੋ ਰਿਹਾ। ਉਹਦੀਆਂ ਅੱਖਾਂ ਬੰਦ ਤੇ ਚਿਹਰਾ ਬੜਾ ਸ਼ਾਂਤ ਸੀ। ਦੋ ਮਿੰਟ ਗ੍ਰੰਥੀ ਉਸ ਬਾਲਕ ਵੱਲ ਬੜੇ ਧਿਆਨ ਨਾਲ ਵੇਖਦਾ ਰਿਹਾ। ਅੰਤ ਉਹਨੇ ਥੋੜ੍ਹਾ ਜੇਹਾ ਮੁਸਕਰਾਉਂਦਿਆਂ ਠਠੇ ਨਾਲ ਪੁੱਛਿਆ "ਕਿਉਂ ਉਇ। ਛਟਾਕੀ ਆਟਾ ਸਾਮ੍ਹਣੇ ਧਰ ਕੇ ਗੁਰੂ ਕੋਲੋਂ ਸੁਰਗਾਂ ਦਾ ਰਾਜ ਮੰਗਦਾ ਏਂ ਜਾਂ ਮੁਕਤੀ।"
"ਨਹੀਂ ਮੈਂ ਵੀਰ ਮੰਗਦਾਂ।" ਪਿਆਰੇ ਨੇ ਗੁਰੂ ਅੱਗੇ ਮੱਥਾ ਟੇਕਦਿਆਂ ਉੱਤਰ ਦਿੱਤਾ।
"ਹੱਛਾ ਤੇਰੀ ਸੁਣ ਲਵੇਗਾ ਗੁਰੂ ?" ਗ੍ਰੰਥੀ ਨੇ ਵਿਅੰਗ ਨਾਲ ਕਿਹਾ। ਉਹਦੇ ਖ਼ਿਆਲ ਵਿੱਚ ਗੁਰੂ ਅੱਗੇ ਅਰਦਾਸ ਸਿਰਫ਼ ਉਸੇ ਦੀ ਮਾਰਫ਼ਤ ਕੀਤੀ ਜਾ ਸਕਦੀ ਸੀ।
"ਮੇਰੀ ਮਾਂ ਆਹੰਦੀ ਸੀ ਬਾਬਾ ਵੱਡਿਆਂ ਦੀ ਭਾਵੇਂ ਨਾ ਸੁਣੇ, ਅੰਞਾਣਿਆਂ ਦੀ ਜ਼ਰੂਰ ਸੁਣ ਲੈਂਦਾ ਏ।" ਪਿਆਰੇ ਨੇ ਪੂਰੇ ਵਿਸ਼ਵਾਸ ਨਾਲ ਉੱਤਰ ਦਿੱਤਾ।
“ਆਹੋ, ਤੇਰੀ ਮਾਂ ਸੋਢੀਆਂ ਦੀ ਧੀ ਜੂ ਹੋਈ। ਉਹ ਗੁਰੂ ਘਰ ਬਾਰੇ ਬਹੁਤ ਜਾਣਦੀ ਏ। ਉਹਨੂੰ ਆਖੀਂ, ਮੱਸਿਆ ਵਾਲੇ ਦਿਨ ਪੰਜ ਰੁਪਏ ਧਰ ਕੇ ਅਰਦਾਸ ਕਰਾਏ ਤੇ ਨਾਲ ਪਾਠ ਸੁੱਖੇ, ਜੇ ਹੋਰ ਮੁੰਡਾ ਖਿਡਾਉਣ ਦੀ ਸਲਾਹ ਸੂ। ਨਹੀਂ ਤਾਂ ਭੱਜੀ ਰਹੇ ਦੇਵੀ-ਦੇਵਤਿਆਂ ਦੇ ਜਿਥੇ ਜੀ ਕਰਦਾ ਸੂ। ਮੈਂ ਸੱਖਣੇ ਹੱਥੀਂ ਅਰਦਾਸ ਨਹੀਂ ਕਰਨ ਲੱਗਾ।" ਗਰੰਥੀ ਨੇ ਏਨੇ ਘੁਮੰਡ ਨਾਲ ਕਿਹਾ ਜਿਵੇਂ ਉਹਦੇ ਬਿਨਾਂ ਗੁਰੂ ਹੋਰ ਕਿਸੇ ਦੀ ਸੁਣਦਾ ਹੀ ਨਹੀਂ।
ਪਿਆਰੇ ਨੇ ਗੁਸੇ ਨਾਲ ਗਰੰਥੀ ਵੱਲ ਵੇਖਿਆ ਤੇ ਕੌਲੀ ਚੁੱਕ ਕੇ ਘਰ ਨੂੰ ਤੁਰ ਪਿਆ।
"ਮੱਥਾ ਟੇਕ ਆਇਆ ਮੇਰੇ ਲਾਲ!" ਮਾਂ ਨੇ ਪੁੱਤਰ ਨੂੰ ਬਾਹੀਂ ਵਿੱਚ ਲੈ ਕੇ ਲਾਡ ਨਾਲ ਕਿਹਾ।
ਪਿਆਰੇ ਨੇ ਹਾਂ ਵਿੱਚ ਸਿਰ ਹਿਲਾ ਕੇ ਮੂੰਹ ਇਕ ਪਾਸੇ ਕਰ ਲਿਆ।
"ਕਿਉਂ, ਕੀ ਗੱਲ ਏ ? ਸਗੋਂ ਬਾਬੇ ਨੇ ਕੁਝ ਕਿਹਾ ਸੀ ?" ਮਾਂ ਨੇ ਜ਼ਰਾ ਚਿੰਤਾ ਨਾਲ ਪੁੱਛਿਆ।
“ਬਾਬਾ ਆਹੰਦਾ ਸੀ, ਪੰਜ ਰੁਪਏ ਦੇ ਕੇ ਮੇਰੇ ਕੋਲੋਂ ਅਰਦਾਸ ਕਰਾਉ।" ਪਿਆਰੇ ਨੇ ਕੁੱਛ ਰੁੱਖੀ ਜੇਹੀ 'ਵਾਜ ਵਿੱਚ ਕਿਹਾ।
"ਫੇਰ ਕੀ ਹੋਇਆ ? ਆਪਾਂ ਪੰਜ ਰੁਪਈਏ ਦੇ ਦਿਆਂਗੇ।" ਮਾਂ ਨੇ ਪੁੱਤਰ ਦਾ ਦਿਲ ਧਰਾਉਣ ਵਾਸਤੇ ਕਿਹਾ। page-break
"ਨਹੀਂ।” ਪਿਆਰੇ ਨੇ ਬੜੀ ਦ੍ਰਿੜ੍ਹਤਾ ਨਾਲ ਸਿਰ ਹਿਲਾ ਕੇ ਕਿਹਾ, "ਮੈਂ ਉਹਥੋਂ ਅਰਦਾਸ ਨਹੀਂ ਕਰਾਉਣੀ, ਨਹੀਂ ਤਾਂ ਉਹਦੇ ਵਰਗਾ ਕਾਲਾ ਵੀਰ ਹੋਵੇਗਾ। ਮੈਂ ਆਪੇ ਗੁਰੂ ਮਹਾਰਾਜ ਨੂੰ ਆਖ ਲਵਾਂਗਾ 'ਗੁਰੂ ਬਾਬਾ! ਮੇਰੇ ਵਰਗਾ ਵੀਰ ਦੇਈਂ।' ਮੇਰੀ ਆਖੀ ਗੁਰੂ ਕਦੇ ਨਹੀਂ ਮੋੜੇਗਾ।"
"ਤੈਨੂੰ ਕਿਵੇਂ ਪਤਾ ਏ ਕਿ ਤੇਰੀ ਆਖੀ ਗੁਰੂ ਬਾਬਾ ਮੰਨ ਲਵੇਗਾ ?" ਮਾਂ ਨੇ ਕੁਝ ਹੈਰਾਨੀ ਭਰੀ ਮੁਸਕਰਾਹਟ ਨਾਲ ਕਿਹਾ।
"ਮੈਨੂੰ ਲੋੜ ਜੁ ਏ। ਇਕ ਗਿਆਨੀ ਆਹੰਦਾ ਸੀ, ਗੁਰੂ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਏ।" ਸੱਤ ਸਾਲ ਦੇ ਪਿਆਰੇ ਨੂੰ ਆਪਣੇ ਗੁਰੂ ਉੱਤੇ ਕਿੰਨਾ ਵਿਸ਼ਵਾਸ ਸੀ।
ਡੇਢ ਸਾਲ ਪਿੱਛੋਂ ਧਰਮ ਸਿੰਘ ਦੇ ਘਰ ਪ੍ਰੀਤੂ ਹੋਇਆ। ਪ੍ਰੀਤੂ ਦੇ ਜਨਮ ਤੋਂ ਦੋ ਘੰਟੇ ਪਿੱਛੋਂ ਪਿਆਰਾ ਉਹਨੂੰ ਗੋਦੀ ਵਿੱਚ ਲਈ ਬੈਠਾ ਸੀ।
"ਬੇਬੇ! ਇਹ ਤਾਂ ਪਿਆਰੇ ਦੀਆਂ ਦੁਆਵਾਂ ਨੂੰ ਹੀ ਅੱਲਾ ਤਾਲਾ ਨੇ ਭਾਗ ਲਾਇਆ ਈ। ਅੱਲਾ ਮੀਆਂ ਤੇਰੀਆਂ ਜੋੜੀਆਂ ਨੂੰ ਸਹੀ ਸਲਾਮਤ ਰੱਖੇ।" ਬੁੱਢੀ ਦਾਈ ਕਰੀਮਾਂ ਨੇ ਦਲੀਪ ਕੌਰ ਨੂੰ ਵਧਾਈ ਵਜੋਂ ਕਿਹਾ।
२.
"ਮਾਂ ! ਬਾਪੂ ਨਹੀਂ ਆਇਆ ਅਜੇ ?" ਪਿਆਰੇ ਨੇ ਬਲਦਾਂ ਦੀ ਪੰਜਾਲੀ ਲਾਹੁੰਦਿਆਂ ਪੁੱਛਿਆ।
"ਆ ਜਾਏਗਾ। ਉਹਨੂੰ ਕੋਈ ਲੋੜ ਏ ਘਰ ਦੀ। ਉਹਦੀ ਤਾਂ ਉਹ ਗੱਲ ਏ, ਅਖੇ : ਜੀਹਨੇ ਲਾਈ ਗੱਲੀਂ ਓਸੇ ਨਾਲ ਉਠ ਚਲੀ। ਅੱਜ ਚੌਥਾ ਦਿਨ ਹੋ ਗਿਆ ਏ। ਇਕ ਤਾਂ ਉਹ ਨਖਾਫਣਾ ਅਮਲੀ ਟਿਕਣ ਨਹੀਂ ਦੇਂਦਾ। ਅਖੇ : ਅਸੀਂ ਅੰਬਰ ਸਿੱਧੂ (ਅਮਰ ਸਿੱਧੂ) ਤੋਂ ਹੋ ਕੇ ਤਕਾਲਾਂ ਨੂੰ ਆਏ। ਕੀ ਪਤਾ ਓਥੋਂ ਜਾਮ੍ਹਣ ਜਾ ਵੜੇ ਹੋਣ। ਜਾਮ੍ਹ ਭੜਾਣੇ ਤੇ ਭਾਵੇਂ ਸੂਰ ਸਿੰਘ ਹੋ ਕੇ ਮੁੜਨ।" ਦਲੀਪ ਕੌਰ ਨੇ ਉਹ ਸਾਰੇ ਪਿੰਡ ਗਿਣ ਛੱਡੇ ਜਿਥੇ-ਜਿਥੇ ਉਹਨਾਂ ਦੀ ਸਾਕਾਚਾਰੀ ਸੀ।
"ਤੇ ਪ੍ਰੀਤੂ ਵੀ ਨਹੀਂ ਆਇਆ ਸਕੂਲੋਂ ?" ਪਿਆਰੇ ਨੇ ਗੱਲ ਹੋਰ ਪਾਸੇ ਟਾਲਣ ਦੇ ਇਰਾਦੇ ਨਾਲ ਪੁੱਛਿਆ।
"ਉਹ ਤਾਂ ਆ ਗਿਆ ਏ। ਉਹ ਤੇ ਫੱਜਾ ਮਹਿੰ ਨੂੰ ਪਾਣੀ ਡਾਹਣ ਗਏ ਨੇ ਛੱਪੜ 'ਤੇ।" ਇਸ ਵਾਰ ਦਲੀਪ ਕੌਰ ਨੇ ਨਰਮ ਸੁਰ ਵਿੱਚ ਉੱਤਰ ਦਿੱਤਾ।
"ਉਹਨੂੰ ਕਾਹਨੂੰ ਘੱਲਣਾ ਸੀ ਐਨੀ ਗਰਮੀ ਵਿੱਚ। ਮੈਂ ਆਪੇ ਡਾਹ ਲਿਔਂਦਾ।” page-break
ਪਿਆਰੇ ਨੂੰ ਨਿੱਕੇ ਭਰਾ ਦਾ ਹਰ ਵੇਲੇ ਖ਼ਿਆਲ ਰਹਿੰਦਾ ਸੀ।
"ਕਿਉਂ ਉਹਦਾ ਰੰਗ ਮੈਲਾ ਹੋ ਜਾਏਗਾ ? ਉਹਦੇ ਜਿੱਡੇ ਸਾਰਾ ਦਿਨ ਵੱਗ ਚਾਰ ਕੇ ਲਿਔਂਦੇ ਨੇ, ਤੇ...।”
"ਰੰਗ ਤਾਂ ਮੈਲਾ ਹੁੰਦਾ ਈ ਏ। ਇਹਦੇ ਵਿੱਚ ਕੀ ਝੂਠ ਏ।" ਪਿਆਰੇ ਨੇ ਥੋੜ੍ਹਾ ਜਿਹਾ ਮੁਸਕਰਾ ਕੇ ਕਿਹਾ।
"ਛਤਰੀ ਲਈ ਫਿਰਿਆ ਕਰ ਚੱਤੇ ਪਹਿਰ ਉਹਦੇ ਮਗਰ-ਮਗਰ। ਕਿਧਰ ਤੁਰ ਪਿਆ ਏਂ ? ਪਾਣੀ ਤਾਂ ਪੀ ਜਾਹ।"
"ਮੈਂ ਹੁਣੇ ਆਇਆ।" ਬਲਦ ਖੁਰਲੀ 'ਤੇ ਬੰਨ੍ਹ ਕੇ ਪਿਆਰਾ ਬਾਹਰ ਨੂੰ ਤੁਰ ਪਿਆ।
"ਵੇਖਿਆ ਜੇ ਏਸ ਮੁੰਡੇ ਦੇ ਚਾਲੇ ? ਅੱਧੀ ਰਾਤ ਦਾ ਗਿਆ ਹੋਇਆ ਢਲੇ ਦਿਨ ਮੁੜਿਆ ਏ। ਨਾ ਪਾਣੀ ਨਾ ਧਾਣੀ ਤੇ ਉਹਨੀਂ ਪੈਰੀਂ ਓਸ ਕੁ-ਲੱਗਦੇ ਦੇ ਮਗਰ ਟੁਰ ਪਿਆ ਏ। ਇਹ ਤਾਂ ਇਉਂ ਉਹਦਾ ਹੇਜ ਕਰਦਾ ਏ, ਜਿਵੇਂ ਉਹ ਏਸੇ ਨੇ ਜੰਮਿਆ ਹੋਵੇ। ਇਹ ਨਹੀਂ ਸਮਝਦਾ ਕਿ ਏਨਾ ਲਾਡ ਕਰਨ ਨਾਲ ਅੰਞਾਣਾ ਉਲਟਾ ਵਿਗੜ ਜਾਂਦਾ ਏ। ਸਿਆਣਿਆਂ ਆਖਿਆ ਏ ਮੁੰਡਾ ਤੇ ਰੰਬਾ ਚੰਡਿਆਂ ਈ ਕੰਮ ਔਂਦਾ ਏ, ਪਰ ਇਹਨੇ ਤਾਂ ਉਹਨੂੰ ਅਸਲੋਂ ਪੁੱਟ ਛੱਡਿਆ ਏ। ਹਰ ਵੇਲੇ ਬੁੱਚ-ਬੁੱਚ, ਹਰ ਵੇਲੇ ਬੁੱਚ-ਬੁੱਚ। ਸਭ ਏਸੇ ਦਾ ਵਗਾੜ ਏ। ਅੱਠਾਂ ਵਰ੍ਹਿਆਂ ਦਾ ਹੋ ਚੱਲਿਆ ਏ, ਸੁੱਖ ਨਾਲ ਨਾਵਾਂ ਚੜ੍ਹਿਆ ਸੂ। ਤੇ ਕਿਤੇ ਭੁੱਲੇ ਚੁੱਕੇ ਕੰਮ ਦੱਸੋ, ਤਾਂ ਵੱਢੀ ਉਂਗਲ 'ਤੇ ਨਹੀਂ ਮੂਤਦਾ। ਐਨਾ ਲਾਡ ਪਿਆਰ ਵੀ ਕੀ ਆਖ।" ਦਲੀਪ ਕੌਰ ਦਾ ਇਹ ਭਾਸ਼ਣ ਓਦੋਂ ਬੰਦ ਹੋਇਆ, ਜਦ ਗੁਆਂਢਣ ਉਸ ਤੋਂ ਰਿੱਧਾ ਮੰਗਣ ਵਾਸਤੇ ਆ ਧਮਕੀ।
“ਬੇਬੇ, ਕੀਹਦੇ ਨਾਲ ਬੋਲਣ ਡਹੀ ਹੋਈ ਏਂ।" ਈਸ਼ਰ ਕੌਰ ਨੇ ਐਵੇਂ ਗੱਲ ਸ਼ੁਰੂ ਕਰਨ ਵਾਸਤੇ ਕਿਹਾ।
"ਬੋਲਣਾ ਕੀਹਦੇ ਨਾਲ ਏ। ਆਹ ਸਾਡਾ ਵੱਡਾ, ਨਿੱਕੇ ਦਾ ਇਕ ਬਿੰਦ ਵਸਾਹ ਨਹੀਂ ਕਰਦਾ। ਬੱਸ ਅੱਠੇ ਪਹਿਰ
“ਭਾਗਾਂ ਵਾਲੀ ਏਂ ਜੀਹਦੇ ਥਫਾਕ ਨਾਲ ਰਹਿੰਦੇ ਨੇ। ਸਾਡੇ ਤਾਂ ਟੁੱਟ ਪੈਣੇ ਚੱਤੇ ਪਹਿਰ ਇਕ ਦੂਜੇ ਦੀਆਂ ਬੋਦੀਆਂ ਖੋਹੰਦੇ ਰਹਿੰਦੇ ਨੇ।" ਈਸ਼ਰ ਕੌਰ ਨੇ ਗਵਾਂਢਣ ਦੇ ਮੁੰਡਿਆਂ ਦੀ ਵਡਿਆਈ ਕਰਨ ਬਦਲੇ ਆਪਣਿਆਂ ਦੀ ਬਦਖੋਈ ਕਰਨੀ ਜ਼ਰੂਰੀ ਸਮਝੀ। "ਕੀ ਧਰਿਆ ਈ ?" ਉਹਨੇ ਹੱਥ ਵਿਚਲਾ ਕੌਲ ਚੌਂਕੇ ਦੀ ਕੰਧ ਉੱਤੇ ਧਰਦਿਆਂ ਕਿਹਾ।
"ਦਾਲ ਧਰੀ ਏ। ਲੈ ਜਾਹ ਹਿੱਸੇ ਔਂਦੀ ਤੂੰ ਵੀ।" ਕੋਈ ਵੀ ਪੇਂਡੂ ਇਸਤ੍ਰੀ page-break
ਆਂਢ-ਗੁਆਂਢ ਨੂੰ ਰਿੱਧੇ ਪੱਕੇ ਤੋਂ ਨਹੀਂ ਮੋੜਦੀ।
ਈਸ਼ਰ ਕੌਰ ਦਾਲ ਲੈ ਕੇ ਚਲੀ ਗਈ। ਦਲੀਪ ਕੌਰ ਫੇਰ ਆਪਣੇ ਮੁੰਡਿਆਂ ਦੀਆਂ ਗੱਲਾਂ ਵਿੱਚ ਰੁੱਝ ਗਈ। ਉਹ ਵੀ ਛੋਟੇ ਨੂੰ ਘੱਟ ਪਿਆਰ ਨਹੀਂ ਸੀ ਕਰਦੀ। ਸਾਰੇ ਜੀਵਨ ਵਿੱਚ ਉਹਨੇ ਮਸਾਂ ਦੋ ਜਿੰਦਾਂ ਲੱਭੀਆਂ ਸਨ। ਹੋਰ ਬਾਲ ਹੋਣ ਦੀ ਹੁਣ ਉਹਨੂੰ ਕੋਈ ਆਸ ਨਹੀਂ ਸੀ। ਭਾਵੇਂ ਇਹ ਕੁਦਰਤ ਦੀ ਉਹਦੇ ਉੱਤੇ ਮਹਾਨ ਕਿਰਪਾ ਸੀ। ਥੋੜ੍ਹੀ ਔਲਾਦ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਪਰ ਅਨਪੜ੍ਹ ਦਲੀਪ ਕੌਰ ਦਾ ਮਨ ਅਜੇ ਭਰਿਆ ਨਹੀਂ ਸੀ ਜਾਪਦਾ। ਉਹ ਉਸ ਵਾਤਾਵਰਣ ਵਿੱਚ ਜੰਮੀ ਪਲੀ ਸੀ, ਜਿੱਥੇ ਹਰ ਸਵਾਣੀ ਨੂੰ ਸੱਤ ਪੁੱਤੀ ਹੋਣ ਦੀ ਅਸੀਸ ਦਿੱਤੀ ਜਾਂਦੀ ਸੀ।
ਦਲੀਪ ਕੌਰ ਨੂੰ ਕੋਈ ਪੁੱਛਦਾ ਕਿ ਤੂੰ ਦੋਹਾਂ ਪੁੱਤਾਂ ਵਿੱਚੋਂ ਕੀਹਨੂੰ ਵਧੇਰੇ ਪਿਆਰ ਕਰਦੀ ਏਂ, ਤਾਂ ਉਹ ਕੋਈ ਉੱਤਰ ਨਹੀਂ ਦੇ ਸਕਦੀ। ਸ਼ਾਇਦ ਕੋਈ ਵੀ ਮਾਂ ਇਸ ਪ੍ਰਸ਼ਨ ਦੇ ਉੱਤਰ ਨਾ ਦੇ ਸਕਦੀ। ਸਾਰੇ ਪੁੱਤਰਾਂ ਵਿੱਚ ਇਕੋ ਜਿਹਾ ਲਹੂ ਹੁੰਦਾ ਹੈ, ਪਰ ਏਥੇ ਇਕ ਹੋਰ ਕਾਰਨ ਸੀ। ਪਿਆਰਾ ਛੋਟੇ ਭਰਾ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ। ਸ਼ਾਇਦ ਏਸੇ ਗੱਲੇ ਮਾਂ ਦੇ ਦਿਲ ਵਿੱਚ ਬੇਮਾਲੂਮੀ ਜੇਹੀ ਈਰਖਾ ਪੈਦਾ ਹੋ ਗਈ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਹਦੇ ਛੋਟੇ ਪੁੱਤਰ ਨੂੰ ਉਹਦੇ ਨਾਲੋਂ ਕੋਈ ਹੋਰ ਵਧੇਰੇ ਪਿਆਰ ਕਰੇ। ਇਹ ਈਰਖਾ ਵੀ ਉੱਤੋਂ-ਉੱਤੋਂ ਹੀ ਸੀ। ਮਾਂ ਦੇ ਅਚੇਤ ਮਨ ਵਿੱਚ ਦੋਵੇਂ ਪੁੱਤਰ ਇਸ਼ਟ ਦੇਵ ਵਾਂਗ ਵਸੇ ਹੋਏ ਸਨ।
ਪ੍ਰੀਤੂ ਤੇ ਫੱਜਾ ਛੱਪੜ ਤੋਂ ਮਹਿੰ ਨੂੰ ਪਾਣੀ ਪਿਆ ਕੇ ਵਾਪਸ ਮੁੜੇ ਆ ਰਹੇ ਸਨ। ਪਿਆਰਾ ਉਹਨਾਂ ਨੂੰ ਅੱਧ ਵਿੱਚ ਜਾ ਮਿਲਿਆ।
"ਐਨੀ ਕੜਕਦੀ ਧੁੱਪ ਵਿੱਚ ਤੂੰ ਕਿਉਂ ਆਇਆ ਸੈਂ ਪਾਣੀ ਡਹੌਣ। ਮੈਂ ਆਪੇ ਆ ਕੇ ਡਹਾ ਲਿਔਂਦਾ।" ਪਿਆਰੇ ਨੇ ਛੋਟੇ ਦੇ ਮੱਥੇ ਤੋਂ ਹੱਥ ਨਾਲ ਮੁੜ੍ਹਕਾ ਪੂੰਝਦਿਆਂ ਕਿਹਾ।
"ਮਾਂ ਗਾਲ੍ਹੀ ਕੱਢਦੀ ਸੀ। ਪਤਾ ਈ ਨਾ ਉਹਦਾ।" ਪ੍ਰੀਤੂ ਨੇ ਸਾਰਾ ਦੋਸ਼ ਮਾਂ ਦੇ ਸਿਰ ਥੱਪ ਦਿੱਤਾ।
"ਕੋਈ ਨਹੀਂ। ਮਾਂ ਦਾ ਸੁਭਾ ਜੂ ਓਹੋ ਜਿਹਾ ਹੋਇਆ। ਭਲਾ ਮਾਂ ਦੀਆਂ ਗਾਲ੍ਹਾਂ ਦਾ ਕਾਹਦਾ ਗੁੱਸਾ।" ਪਿਆਰੇ ਨੇ ਪ੍ਰੀਤੂ ਨੂੰ ਚੁੱਕ ਕੇ ਮਹਿੰ ਉੱਤੇ ਬਹਾ ਦਿੱਤਾ। ਅਤ
"ਭਾਊ! ਫੱਜੇ ਨੂੰ ਮੇਰੇ ਮਗਰ ਬਹਾ ਦਿਹ।” ਪ੍ਰੀਤੂ ਨੇ ਖੱਬੇ ਹੱਥ ਨਾਲ ਮਹਿੰ ਦੀ ਕੰਡ ਉੱਤੇ ਇਸ਼ਾਰਾ ਕਰਦਿਆਂ ਕਿਹਾ।
"ਕਿਉਂ ਉਇ। ਬਹਿਣਾ ਏਂ ਤੂੰ ਵੀ ?" ਪਿਆਰੇ ਨੇ ਇਸ ਵਾਸਤੇ ਪੁੱਛਿਆ, ਕਿ ਸ਼ਾਇਦ ਫੱਜਾ ਆਪੇ ਨਾਂਹ ਕਰ ਦੇਵੇ। ਪਿਆਰਾ ਫੱਜੇ ਨੂੰ ਮਹਿੰ 'ਤੇ ਬਿਠਾਉਣਾ page-break
ਨਹੀਂ ਸੀ ਚਾਹੁੰਦਾ; ਪਰ ਇਨਕਾਰ ਵੀ ਨਹੀਂ ਸੀ ਕਰ ਸਕਦਾ।
"ਹਾਹੋ।” ਫੱਜੇ ਨੇ ਦੋਵੇਂ ਹੱਥ ਉਤਾਂਹ ਚੁੱਕ ਕੇ ਕਿਹਾ।
ਪਿਆਰੇ ਨੇ ਉਹਨੂੰ ਵੀ ਚੁੱਕ ਕੇ ਮਗਰ ਬਹਾ ਦਿੱਤਾ।
"ਨੂਰਾਂ ਭੈਣ ਆਹੰਦੀ ਸੀ, ਪ੍ਰੀਤੂ ਨਾਲ ਖੇਡਿਆ ਕਰ। ਉਹ ਬੜਾ ਚੰਗਾ ਮੁੰਡਾ ਏ। ਨਾਲੇ ਆਹੰਦੀ ਸੀ, ਪ੍ਰੀਤੂ ਦਾ ਭਾ ਵੀ ਚੰਗਾ ਏ। ਮਾੜਿਆਂ ਮੁੰਡਿਆਂ ਦਾ ਮੈਂ ਕਦੇ ਬੇਲੀ ਈ ਨਹੀਂ ਬਣਿਆ।” ਮਹਿੰ ਦੀ ਕੰਡ 'ਤੇ ਬਹਿ ਫੱਜੇ ਨੇ ਪਿਆਰੇ ਤੇ ਪ੍ਰੀਤੂ ਦੀ ਚਾਪਲੂਸੀ ਕਰਨੀ ਜ਼ਰੂਰੀ ਸਮਝੀ।
ਨੂਰਾਂ ਦਾ ਨਾਂ ਸੁਣਦਿਆਂ ਪਿਆਰੇ ਦਾ ਗੋਰਾ ਚਿਹਰਾ ਭਖ ਕੇ ਲਾਲ ਸੁਰਖ਼ ਹੋ ਗਿਆ। ਉਹਨੇ ਬੜੇ ਪਿਆਰ ਨਾਲ ਫੱਜੇ ਵੱਲ ਵੇਖਿਆ। ਸੱਤ-ਅੱਠ ਸਾਲ ਦੇ ਬਾਲਕ ਦੇ ਚਿਹਰੇ 'ਤੇ ਉਹਨੂੰ ਮੁਟਿਆਰ ਨੂਰਾਂ ਦੀ ਛਬ ਝਲਕਦੀ ਦਿੱਸੀ। ਆਪਣੇ ਘਰ ਤਕ ਉਹ ਨੂਰਾਂ ਬਾਰੇ ਹੀ ਸੋਚਦਾ ਗਿਆ। ਉਹਦੀ ਸਾਰੀ ਦੀ ਸਾਰੀ ਆਤਮਾ ਉਸ ਵੇਲੇ ਨੂਰਾਂ ਨੇ ਮੱਲੀ ਹੋਈ ਸੀ।
“ਭਾਊ! ਸਾਨੂੰ ਐਥੇ ਬਾਹਰ ਹੀ ਉਤਾਰ ਦਿਹ। ਮਾਂ ਨੇ ਵੇਖ ਲਿਆ, ਤਾਂ ਤੈਨੂੰ ਵੀ ਗੁੱਸੇ ਹੋਵੇਗੀ।" ਪ੍ਰੀਤੂ ਨੇ ਹਵੇਲੀ ਦੇ ਬਾਹਰਲੇ ਬੂਹੇ ਕੋਲ ਪਹੁੰਚ ਕੇ ਚਿਤਾਵਨੀ ਦਿੱਤੀ।
ਪਿਆਰੇ ਨੇ ਮਹਿੰ ਨੂੰ ਖਲ੍ਹਾਰ ਕੇ ਦੋਹਾਂ ਨੂੰ ਥੱਲੇ ਉਤਾਰ ਦਿੱਤਾ। ਦਲੀਪ ਕੌਰ ਦੇ ਸੁਭਾ ਤੋਂ ਸਾਰੇ ਹੀ ਡਰਦੇ ਸਨ।
"ਜਦੋਂ ਤੂੰ ਪੜ੍ਹਦਾ ਸੈਂ, ਤੇਰੇ ਮਗਰ ਵੀ ਕੋਈ ਏਸ ਤਰ੍ਹਾਂ ਜਾਂਦਾ ਹੁੰਦਾ ਸੀ ?" ਘਰ ਵੜਦੇ ਪਿਆਰੇ ਨੂੰ ਮਾਂ ਨੇ ਤਾੜਨਾ ਭਰੀ ਸੁਰ ਵਿੱਚ ਕਿਹਾ।
"ਮੇਰੇ ਮਗਰ ਜਾਂਦੀ ਸੀ ਮੇਰੀ ਮਾਂ। ਹੋਰ ਕੀਹਨੇ ਜਾਣਾ ਸੀ।" ਪਿਆਰੇ ਨੇ ਮਾਂ ਨੂੰ ਖ਼ੁਸ਼ ਕਰਨ ਦੇ ਇਰਾਦੇ ਨਾਲ ਕਿਹਾ। "ਨਾਲੇ ਮੇਰਾ ਕਿਹੜਾ ਰੰਗ ਮੈਲਾ ਹੋਣਾ ਹੁੰਦਾ ਸੀ।"
"ਆਹੋ ਇਹ ਤੇਰੇ ਨਾਲੋਂ ਵਧੇਰੇ ਸੋਹਣਾ ਹੋਣਾ ਏਂ।"
"ਤੇ ਹੋਰ ਕੀ, ਵੇਖ ਲੈ, ਏਨੇ 'ਚ ਈ ਇਹਦਾ ਮੂੰਹ ਪੇਂਡੂ ਵਰਗਾ ਹੋ ਗਿਆ ਈ।"
“ਪੇਂਝੂ ਵਰਗਾ ਛੱਡ ਕੇ, ਕੇਸੂ ਵਰਗਾ ਹੋਇਆ ਪਿਆ ਕਿ। ਕੋਈ ਲੇਖਾ ਏ! ਮਹਿ ਬੰਨ੍ਹ ਕੇ, ਪਾਣੀ ਪੀ ਬਹਿ ਕੇ।"
ਦਲੀਪ ਕੌਰ ਹਰ ਵੇਲੇ ਗੱਲਾਂ ਕਰਦੀ ਰਹਿੰਦੀ ਸੀ। ਕਿਸੇ ਵੇਲੇ ਵੀ ਉਹਦੀ ਜ਼ਬਾਨ ਬੰਦ ਨਹੀਂ ਸੀ ਹੁੰਦੀ। ਕਈ ਵਾਰ ਇਲਮਦੀਨ ਆਖਿਆ ਕਰਦਾ, "ਪਿਆਰਿਆ! ਤੇਰੀ ਮਾਂ ਹਰ ਪਹਿਲੂ ਤੋਂ ਪੂਰੀ ਇਸਤਰੀ ਏ, ਜੋ ਸਾਰੀਆਂ ਜ਼ਨਾਨੀਆਂ page-break
ਦੀ ਨੁਮਾਇੰਦਗੀ ਕਰਦੀ ਏ, ਸਮੁੱਚੀ ਔਰਤ ਜਾਤ ਦੀ।"
"ਬਾਬਾ! ਉਹ ਕਿਵੇਂ।” ਕਈ ਵਾਰ ਪਿਆਰਾ ਪੁੱਛ ਬਹਿੰਦਾ।
“ਭਈ, ਔਰਤ ਦੀ ਫ਼ਿਤਰਤ ਐ ਹਰ ਵਕਤ ਜ਼ਬਾਨ ਚਲਾਈ ਰੱਖਣੀ। ਜਿਹੜੀ ਚੁੱਪ ਕਰਕੇ ਕੰਮ ਕਰਦੀ ਫਿਰੇ ਉਹ ਤਾਂ ਅੱਧੀ ਔਰਤ ਹੁੰਦੀ ਏ। ਏਸੇ ਗੁਣ ਕਰਕੇ ਤਾਂ ਔਰਤ ਨੂੰ ਘਰ ਦੀ ਰੌਣਕ ਕਹਿੰਦੇ ਨੇ। ਸੋ, ਭੈਣ ਦਲੀਪ ਕੌਰ ਵੀ ਜਿਥੇ ਹੋਵੇ, ਰੌਣਕ ਲੱਗੀ ਰਹਿੰਦੀ ਏ। ਘਰ ਵਸਦਾ ਜਾਪਦਾ ਏ।" ਇਲਮਦੀਨ ਦੇ ਉਚਾਰਨ ਢੰਗ ਤੋਂ ਪਤਾ ਨਹੀਂ ਸੀ ਲੱਗਦਾ, ਕਿ ਉਹ ਵਿਅੰਗ ਨਾਲ ਕਹਿ ਰਿਹਾ ਹੈ, ਜਾਂ ਸੁਭਾਵਕ ਹੀ।
"ਪਰ ਬਾਬਾ! ਰੌਣਕ ਲਾਈ/ ਰੱਖਣ ਵੱਲੋਂ ਤਾਂ ਤਾਈ ਫ਼ਾਤਮਾ ਵੀ ਘੱਟ ਨਹੀਂ।" ਕਦੇ-ਕਦੇ ਪਿਆਰਾ ਵੀ ਅੱਗੋਂ ਹਾਸੇ ਠੱਠੇ ਵਜੋਂ ਕਹਿ ਦੇਂਦਾ।
"ਹਾਂ, ਏਸ ਗੱਲੋਂ ਉਹਦੇ ਉੱਤੇ ਵੀ ਖ਼ੁਦਾ ਦੀ ਮਿਹਰ ਏ, ਪਰ ਉਹਦੀ ਤਕਰੀਰ ਵਿੱਚ ਜ਼ਰਾ ਨਮਕ ਮਿਰਚ ਜ਼ਿਆਦਾ ਹੁੰਦਾ ਏ।" ਉੱਤਰ ਦੇਣ ਲੱਗਾ ਇਲਮਦੀਨ ਥੋੜ੍ਹਾ ਜਿਹਾ ਮੁਸਕਰਾ ਪੈਂਦਾ। "ਪੁੱਤ ਪਿਆਰਿਆ! ਇਕ ਗੱਲ ਚੇਤੇ ਰੱਖ, ਜਿਥੇ ਆਦਮੀ ਸ਼ਰੀਫ਼ ਤੇ ਨਰਮ ਹੋਵੇਗਾ, ਓਥੇ ਜ਼ਨਾਨੀ ਜ਼ਰੂਰ ਤੇਜ਼ ਹੋਵੇਗੀ। ਤੇ ਜੇ ਮਰਦ ਦਾ ਸੁਭਾ ਗਰਮ ਹੋਵੇ, ਤਾਂ ਜ਼ਨਾਨੀ ਨੂੰ ਆਪ ਨਰਮ ਹੋਣਾ ਪੈਂਦਾ ਏ। ਤੂੰ ਆਪਣੇ ਦੋਹਾਂ ਘਰਾਂ ਵੱਲ ਈ ਵੇਖ ਲੈ ਖਾਂ।"
ਮਹਿੰ ਬੰਨ੍ਹ ਕੇ ਪਿਆਰਾ ਹੱਥ ਮੂੰਹ ਧੋ ਕੇ ਮੇਜ਼ 'ਤੇ ਬੈਠ ਗਿਆ। ਦਲੀਪ ਕੌਰ ਨੇ ਸਾਮ੍ਹਣੇ ਰੋਟੀ ਲਿਆ ਧਰੀ। ਨਾਲ-ਨਾਲ ਉਹ ਪਿਆਰੇ ਦੇ ਪਿਉ ਬਾਰੇ ਕੁਛ ਕਹੀ ਜਾ ਰਹੀ ਸੀ। ਪਿਆਰਾ ਰੋਟੀ ਖਾਂਦਾ ਹੋਇਆ ਵੀ ਬਾਬੇ ਇਲਮ ਦੀਨ ਦੀਆਂ ਗੱਲਾਂ ਬਾਰੇ ਸੋਚੀ ਜਾ ਰਿਹਾ ਸੀ।
३.
"ਬਾਬਾ! ਪਾੜਾ ਲਵੀਂ ਧਿਆਨ ਨਾਲ।" ਪਿਆਰੇ ਨੇ ਮਗਰਲੇ ਹਾਲੀ ਨੂੰ ਖ਼ਬਰਦਾਰ ਕੀਤਾ।
"ਫ਼ਿਕਰ ਨਾ ਕਰ। ਵੱਡੇ ਆਦਮੀ ਹੁੰਦੇ ਈ ਗੱਭਰੂਆਂ ਦੀਆਂ ਗਲਤੀਆਂ ਦਰੁੱਸਤ ਕਰਨ ਵਾਸਤੇ ਨੇ।" ਇਲਮਦੀਨ ਨੇ ਹੇਠਲੇ ਬਲਦ ਨੂੰ ਉਤਾਂਹ ਹਿੱਕਦਿਆਂ ਕਿਹਾ।
"ਬੜੀ ਡੂੰਘੀ ਰਮਜ਼ ਏ ਤੇਰੀ। ਸਾਡੀ ਸਮਝ ਤੋਂ ਪਰੇ।” ਪਿਆਰੇ ਨੇ ਥੋੜ੍ਹਾ ਜਿਹਾ ਸਿਰ ਹਿਲਾਉਂਦਿਆਂ ਕਿਹਾ। page-break
"ਮੇਰੀ ਰਮਜ਼ ਸਿਰਫ਼ ਇਕ ਆਦਮੀ ਸਮਝ ਸਕਦਾ ਏ, ਇਕ ਤੇਰਾ ਬਾਪੂ ਬੱਸ।” ਇਲਮਦੀਨ ਨੇ ਹਲ ਅੱਗੋਂ ਪਰਾਣੀ ਨਾਲ ਉਗੀਲਾ ਕੱਢਦਿਆਂ ਕਿਹਾ।
ਤੁਹਾਡੀ ਦੋਹਾਂ ਦੀ ਮੀਜਾ ਵਾਹਵਾ ਮਿਲਦੀ ਏ, ਪਰ ਲੋਕ ਤਾਂ ਤੁਹਾਨੂੰ...। "
"ਕਮਲੇ ਈ ਸਮਝਦੇ ਨੇ।” ਪਿਆਰੇ ਦਾ ਛੱਡਿਆ ਹੋਇਆ ਵਾਕ ਇਲਮਦੀਨ ਨੇ ਪੂਰਾ ਕਰ ਦਿੱਤਾ। "ਏਹੋ ਆਖਣ ਲੱਗਾ ਸੈਂ ਨਾ!"
"ਨਹੀਂ। ਮੈਂ ਇਉਂ ਆਖ ਸਕਦਾ ਸਾਂ ?" ਪਿਆਰਾ ਆਪਣੇ ਵਿੱਚ ਕੁਛ ਸ਼ਰਮ ਮਹਿਸੂਸ ਕਰ ਰਿਹਾ ਸੀ।
"ਪਿਉ ਤੇ ਤਾਏ ਦਾ ਲਿਹਾਜ਼ ਕਰਕੇ ?"
"ਲਿਹਾਜ਼ ਵੀ ਤਾਂ ਕਰਨਾ ਹੋਇਆ ਨਾ।"
“ਪੁੱਤ ਪਿਆਰਿਆ! ਜਿਹੜੇ ਇਨਸਾਨ ਕੁਝ ਅਸਲੀਅਤ ਨੂੰ ਸਮਝਣ ਲੱਗ ਪੈਂਦੇ ਨੇ, ਲੋਕ ਉਹਨਾਂ ਨੂੰ ਕਮਲੇ ਹੀ ਕਿਹਾ ਕਰਦੇ ਨੇ। ਭਗਤ ਕਬੀਰ ਤੇ ਗੁਰੂ ਨਾਨਕ ਵਰਗੇ ਮਹਾਂਪੁਰਸ਼ਾਂ ਨੂੰ ਭੁੱਲੜ ਲੋਕ ਕੁਰਾਹੀਏ ਕਹਿੰਦੇ ਸਨ। ਸਰਮਦ ਦੇ ਸ਼ਮਸ ਤਬਰੇਜ਼ ਵਰਗਿਆਂ ਨਾਲ ਤੰਗ ਦਿਲ ਬੰਦਿਆਂ ਨੇ ਕੀ ਸਲੂਕ ਕੀਤਾ ਸੀ। ਬੁੱਲ੍ਹੇ ਵਿਚਾਰੇ ਨੂੰ ਰੋਜ਼ਿਆਂ ਦੇ ਦਿਨੀਂ ਇੱਟੇ ਵੱਟੇ ਖਾਣੇ ਪਏ। ਤੇ ਅਸੀਂ ਦੋ ਨਗੂਣੇ ਜਿਹੇ ਬੰਦੇ ਕੀਹਦੇ ਪਾਣੀਹਾਰ ਆਂ। ਵਾਹ ਮੌਲਾ। ਤੇਰੀ ਰਜ਼ਾ।”
"ਬਾਬਾ! ਸੱਚੋ ਸੱਚ ਦੱਸੀਂ, ਤੁਹਾਨੂੰ ਲੋਕਾਂ ਦੀਆਂ ਗੱਲਾਂ 'ਤੇ ਗੁੱਸਾ ਨਹੀਂ ਔਂਦਾ ? ਤੱਤ-ਤੱਤ, ਤਾਂਹ ਉਇ। ਕਮਲੀ ਦਿਆ ਪੁੱਤਰਾ!" ਪਿਆਰੇ ਨੇ ਹੇਠਲੇ ਬਲਦ ਨੂੰ ਸੋਟੀ ਨਾਲ ਛੇੜਦਿਆਂ ਲਲਕਾਰਿਆ।
"ਪਹਿਲਾਂ ਪਹਿਲਾਂ ਗੁੱਸਾ ਆਉਂਦਾ ਹੁੰਦਾ ਸੀ। ਪਰ ਹੁਣ ਨਹੀਂ।”
"ਕਿਉਂ, ਮੱਚ ਮਰ ਗਿਆ ਏ ਸਗੋਂ ?"
"ਨਹੀਂ। ਮੱਚ ਮਰ ਜਾਏ ਤਾਂ ਬੰਦਾ ਖ਼ੁਦਾ ਨਾ ਬਣ ਜਾਏ ? ਮੱਚ ਮਰਨਾ ਬੜਾ ਔਖਾ। ਇਹ ਮੰਜ਼ਲ ਅਜੇ ਦੂਰ ਏ। ਹੁਣ ਤਾਂ ਥੋੜ੍ਹੀ-ਛੋੜ੍ਹੀ ਅੱਲ੍ਹਾ ਦੇ ਘਰ ਦੀ ਸੋਝੀ ਔਣ ਲੱਗ ਪਈ ਏ। ਭਗਤ ਕਬੀਰ, ਸ਼ੇਖ਼ ਫ਼ਰੀਦ, ਸਾਈਂ ਬੁੱਲ੍ਹੇ ਸ਼ਾਹ, ਬਾਬਾ ਨਾਨਕ ਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਦਿਲ ਲਾ ਕੇ ਪੜ੍ਹੋ, ਤੁਹਾਨੂੰ ਆਪਣੇ ਆਪ ਦਾ ਗਿਆਨ ਹੋ ਜਾਏਗਾ। ਉਸ ਦਿਨ ਤੇਰਾ ਬਾਪੂ 'ਸੁਖਮਨੀ ਸਾਹਿਬ' ਪੜ੍ਹ ਕੇ ਸੁਣਾ ਰਿਹਾ ਸੀ। ਵਾਹ ਕਿੰਨਾ ਉੱਚਾ ਗਿਆਨ ਏ। ਅੱਲ੍ਹਾ ਦੇ ਇਸ਼ਕ ਵਿੱਚ ਰੱਤਿਆਂ ਦਾ ਕੀ ਕਹਿਣਾ।" ਇਲਮਦੀਨ ਨੇ ਸ਼ਰਧਾ ਨਾਲ ਸਿਰ ਹਿਲਾਉਂਦਿਆਂ ਕਿਹਾ।
"ਇਹ ਗਿਆਨ ਦੀਆਂ ਗੱਲਾਂ ਤੁਹਾਨੂੰ ਬੁੱਢਿਆਂ ਨੂੰ ਹੀ ਚੰਗੀਆਂ ਲੱਗਦੀਆਂ ਨੇ। ਗੱਭਰੂ ਤਾਂ ਸੋਹਣੀ ਮਹੀਂਵਾਲ ਤੇ ਹੀਰ ਰਾਂਝਾ ਪੜ੍ਹਨ ਵਿੱਚ ਈ ਖ਼ੁਸ਼ ਰਹਿੰਦੇ ਨੇ।” ਪਿਆਰੇ ਨੇ ਆਪਣੇ ਜਵਾਨ ਹਿਰਦੇ ਦੀ ਗੱਲ ਕਹਿ ਦਿੱਤੀ। page-break
"ਪੁੱਤ ਪਿਆਰਿਆ! ਕੋਈ ਧਿਆਨ ਨਾਲ ਪੜ੍ਹੇ ਸੁਣੇ, ਤਾਂ ਇਹਨਾਂ ਪ੍ਰੇਮ- ਕਹਾਣੀਆਂ ਵਿੱਚ ਵੀ ਡੂੰਘੀ ਰਮਜ਼ ਹੁੰਦੀ ਏ। 'ਚਰਾਗਾਂ ਦੇ ਮੇਲੇ' ਇਕ ਢਾਡੀ ਕੋਲੋਂ ਹੀਰ ਦੀ ਕਲੀ ਸੁਣੀ ਸੀ, 'ਇਕ ਨਾਲ ਲੌਣੀ, ਬਾਕੀ ਛੱਡਣੀ ਦੁਨੀਆਂ ਸਾਰੀ।' ਵਾਹ ਕਿੰਨੀ ਢੁੱਕਵੀਂ ਸੱਟ ਮਾਰੀ। ਸਾਰੀ ਦੁਨੀਆਂ ਛੱਡ ਕੇ ਇਕ ਨਾਲ ਲੌਣੀ ਬੜੀ ਔਖੀ ਹੁੰਦੀ ਏ। ਇਕ ਨਾਲ, ਸਿਰਫ਼ ਇਕ ਨਾਲ।"
"ਪਰ ਕੋਈ ਤਾਂ ਆਹੁੰਦੇ ਨੇ ‘ਰਾਂਝਾ ਹੀਰ', 'ਸੋਹਣੀ ਮਹੀਂਵਾਲ' ਤੇ 'ਮਿਰਜ਼ਾ ਸੈਹਬਾਂ' ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ।" ਪਿਆਰੇ ਨੇ ਪੀਡਾ ਮੂੰਹ ਬਣਾ ਕੇ ਵਡੇਰੇ ਦਾਨਿਆਂ ਵਾਂਗ ਕਿਹਾ। ਅਸਲ ਵਿੱਚ ਉਹ ਬਾਬੇ ਇਲਮਦੀਨ ਕੋਲੋਂ ਇਸ ਬਾਰੇ ਕੁਝ ਹੋਰ ਵੀ ਸੁਣਨਾ ਚਾਹੁੰਦਾ ਸੀ। ਸੋਲ੍ਹਾਂ-ਸਤਾਰਾਂ ਸਾਲ ਦੀ ਅਲ੍ਹੜ ਜਵਾਨੀ ਆਸ਼ਕਾਂ ਦਾ ਨਾਂ ਸੁਣ ਕੇ ਨੱਚ ਉੱਠਦੀ ਹੈ।
“ਭਾਈ, ਮਾਰਫ਼ਤ ਦੀਆਂ ਗੱਲਾਂ ਦੋਹੀਂ ਪਾਸੀਂ ਲੱਗ ਜਾਂਦੀਆਂ ਨੇ। ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਵਿੱਚ ਬੜਾ ਥੋੜ੍ਹਾ ਫ਼ਰਕ ਏ। ਸਮਝਣ ਵਾਲਾ ਆਪਣੇ ਮਤਲਬ ਦੇ ਮਾਨ੍ਹੇ ਕੱਢ ਲੈਂਦਾ ਏ। ਰੱਬ ਵਾਲਿਆਂ ਨੂੰ ਤਾਂ ਹੋਰ ਥਾਂ ਓਹਾ ਹੀ ਨਜ਼ਰ ਔਂਦਾ ਏ। ਉਸ ਦਿਨ ਤੇਰਾ ਬਾਪੂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹ ਰਿਹਾ ਸੀ। ਅਖੇ : ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ।
ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ।
ਅਗਾਂ ਯਾਦ ਨਹੀਂ, ਕੀ ਲਿਖਿਆ ਏ। ਕੋਈ ਆਸ਼ਕਾਂ ਦੇ ਨਾਂ ਔਂਦੇ ਨੇ। ਸੱਚਾ ਆਸ਼ਕ ਵੀ ਵਲੀਆਂ ਨਾਲੋ ਘੱਟ ਨਹੀਂ। ਪਰ ਸੱਚਾ ਹੋਵੇ। ਆਸ਼ਕਾਂ ਦੇ ਨਾਂ ਨੂੰ ਵੱਟਾ ਲੌਣ ਵਾਲਾ ਨਾ ਹੋਵੇ। ਸ਼ੇਖ਼ ਫ਼ਰੀਦ ਕਹਿੰਦਾ ਏ : ਜਿੱਥੇ ਲੱਬ ਹੋਵੇ, ਓਥੇ ਨੇਹੁ ਕਿਹਾ। ਠੀਕ ਏ, ਲੱਬ ਲਾਲਚ ਤੇ ਪ੍ਰੇਮ ਦਾ ਕੋਈ ਮੇਲ ਨਹੀਂ। ਜਿੱਥੇ ਨਫ਼ਸ ਦੀ ਖ਼ਾਹਸ਼ ਹਵੇ, ਉਹ ਤਾਂ ਨਿਰੀ ਖ਼ੁਦਗ਼ਰਜ਼ੀ ਏ, ਇਸ਼ਕ ਨਹੀਂ। ਨਹੀਂ, ਉਹ ਇਸ਼ਕ ਨਹੀਂ।" ਇਲਮਦੀਨ ਜਿਵੇਂ ਮਸਤ ਹੋਇਆ ਆਪਣੇ ਆਪ ਨੂੰ ਕਹੀ ਜਾ ਰਿਹਾ ਸੀ।
ਦਸ ਮਿੰਟ ਦੋਹੀਂ ਪਾਸੀਂ ਚੁੱਪ ਛਾਈ ਰਹੀ। 'ਹਾਹਾ-ਹਾਹਾ, ਤੱਤਾ-ਤੱਤਾ' ਤੋਂ ਬਿਨਾਂ ਕੋਈ ਵਾਜ ਨਹੀਂ ਸੀ ਆ ਰਹੀ। ਇਲਮਦੀਨ ਆਪਣੀ ਮਸਤੀ ਵਿੱਚ ਤੇ ਪਿਆਰਾ ਆਪਣੀਆਂ ਸੋਚਾਂ ਵਿੱਚ ਡੁੱਬਾ ਹੋਇਆ ਸੀ।
"ਵਾਹ।" ਇਲਮਦੀਨ ਕਿਸੇ ਆਪਣੇ ਹੀ ਸੁਆਦ ਵਿੱਚ ਪੁਕਾਰ ਉੱਠਿਆ। "ਰਾਗ ਨਾਦ ਵਿੱਚ ਵੀ ਕਿੰਨੀ ਜ਼ਿੰਦਗੀ ਹੁੰਦੀ ਹੈ। ਜ਼ਿੰਦਗੀ ਮੁਰਦਾ ਦਿਲ ਖ਼ਾਕ ਜੀਆ ਕਰਤੇ ਹੈਂ ? ਇਕ ਨਾਲ ਲੌਣੀ ਬਾਕੀ ਛੱਡਣੀ ਦੁਨੀਆਂ ਸਾਰੀ । ਵਾਹ! ਪੁੱਤ ਪਿਆਰਿਆ। ਸੁਣਾ ਕੁਛ। ਤੂੰ ਮਿਰਜ਼ੇ ਦੀ ਸੁਰ ਲੈਂਦਾ ਏਂ, ਤਾਂ ਮੈਂ ਮਸਤ ਹੋ ਜਾਂਦਾਂ।"
"ਲੇ ਬਾਬਾ! ਗੋਲੀ ਕੀਹਦੀ ਤੇ ਗਹਿਣੇ ਕੀਹਦੇ। ਤੇਰਾ ਹੁਕਮ ਤੇ ਸਾਡਾ page-break
ਮੰਨਣਾ।" ਪਿਆਰੇ ਨੇ ਇਲਮਦੀਨ ਦੀ ਬਜ਼ੁਰਗੀ ਵਾਸਤੇ ਇਕ-ਵਚਨ ਤੇ ਆਪਣੀ ਜਵਾਨੀ ਵਾਸਤੇ ਬਹੁ-ਵਚਨ ਸ਼ਬਦ ਵਰਤੇ। ਸੱਜੇ ਹੱਥ ਨਾਲ ਹਲ ਦੀ ਜੰਘੀ ਕਾਬੂ ਕਰਦਿਆਂ ਉਹਨੇ ਖੱਬਾ ਹੱਥ ਕੰਨ 'ਤੇ ਧਰ ਕੇ ਸੁਰ ਚੁੱਕੀ:
"ਮਿਰਜ਼ਾ ਕਹਿੰਦਾ, ਸਾਹਿਬਾਂ!
ਫਿੱਕੇ ਬੋਲ ਨਾ ਬੋਲ।
ਕਦੇ ਆਸ਼ਕ ਸੁਖਨ ਨਾ ਹਾਰਦੇ
ਉਹ ਪਰਬਤ ਵਾਂਗ ਅਡੋਲ।
ਝੂਠੇ ਲੋਕ ਪਤਾਸੇ ਵੰਡਦੇ
ਆਸ਼ਕ ਜਿੰਦੜੀ ਦੇਂਦੇ ਘੋਲ।
ਉਹ ਗਲੀ ਢੰਡੋਰਾ ਪਿੱਟਦੇ
ਜਿਨ੍ਹਾਂ ਅੰਦਰ ਹੋਵੇ ਪੋਲ।
ਉਹ ਉੱਚੀ ਸਾਹ ਨਾ ਕੱਢਦੇ
ਹੋਵੇ ਸਿਦਕ ਜਿਨ੍ਹਾਂ ਦੇ ਕੋਲ
ਉਹ ਹੂਰਾਂ ਵੱਲ ਨਾ ਝਾਕਦੇ
ਜਿਨ੍ਹਾਂ ਹਾਣੀ ਲੱਭ ਲੈ ਟੋਲ।
ਉਹ ਸੌਦੇ ਕਰਦੇ ਦਿਲਾਂ ਦੇ
ਸਿਰ ਇਸ਼ਕ ਦੀ ਤਕੜੀ ਤੋਲ
ਨਹੀਂ ਸੂਰਜ ਚੜ੍ਹਦਾ ਲਹਿੰਦਿਓਂ ਜੱਟੀਏ!
ਤੇ ਮਰਦ ਨਾ ਹਾਰਨ ਕੌਲ, ਓਹ ਜੱਟਾ ਮਿਰਜ਼ਿਆ ਆ।"
ਪਿਆਰੇ ਨੇ ਇਕ ਲੰਮੀ ਹੇਕ ਵਿੱਚ ਸੁਰ ਖ਼ਤਮ ਕੀਤੀ।
"ਵਾਹ, ਵਾਹ!” ਇਲਮਦੀਨ ਨੇ ਮਸਤੀ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਕਦੇ ਮਰਦ ਨਾ ਹਾਰਨ ਕੌਲ। ਉਹ ਮਰਦ ਕਾਹਦਾ ਜਿਹੜਾ ਕੌਲ ਦਾ ਪੂਰਾ ਨਾ ਹੋਵੇ। ਠੀਕ ਕਿਹਾ ਈ ਭਈ ਗੱਭਰੂਆ! ਬਹੁਤ ਖੂਬ !”
ਇਲਮਦੀਨ ਰਾਜਪੂਤ ਮੁਸਲਮਾਨ ਸੀ, ਪਰ ਗ਼ਰੀਬ ਹੋਣ ਕਰਕੇ ਲੋਕ ਉਸ ਨੂੰ ਤੇ ਉਹਦੀ ਬਰਾਦਰੀ ਨੂੰ ਰੰਘੜ ਹੀ ਕਹਿੰਦੇ ਸਨ। ਅਖਾਣ ਹੈ ਨਾ! ਰੱਜਿਆ ਰਾਜਪੂਤ ਤੇ ਭੁੱਖਾ ਰੰਘੜ। ਇਲਮਦੀਨ ਨੂੰ ਏਸ ਗੱਲ ਨਾਲ ਕੋਈ ਫ਼ਰਕ ਨਹੀਂ ਸੀ। ਉਹ ਸੂਫ਼ੀ ਖ਼ਿਆਲਾਂ ਦਾ ਇਕ ਨੇਕ ਇਨਸਾਨ ਸੀ, ਸੁਲ੍ਹਾ-ਕੁੱਲ। ਖ਼ਲਕਿ ਖ਼ੁਦਾ ਨੂੰ ਖ਼ੁਦਾ ਦਾ ਨੂਰ ਸਮਝਣਾ ਉਹਦਾ ਮਜ਼ਹਬ ਸੀ। ਏਸੇ ਵਾਸਤੇ ਮਸੀਤ ਦੇ ਮੁੱਲਾਂ ਤੇ ਮੁੱਲਾਂ ਦਿਆਂ ਹਿਮਾਇਤੀਆਂ ਨਾਲ ਉਹਦੀ ਨਹੀਂ ਸੀ ਬਣਦੀ। ਇਕ ਵਾਰ ਰੋਜ਼ਿਆਂ ਦੇ ਦਿਨਾਂ ਵਿੱਚ ਰੋਜ਼ੇ ਨਾ ਰੱਖਣ ਦੇ ਕਾਰਨ ਬਰਾਦਰੀ ਨੇ ਉਹਨੂੰ ਛੇਕ ਵੀ ਦਿੱਤਾ page-break
ਸੀ, ਪਰ ਉਹਨੂੰ ਇਸ ਗੱਲ ਨਾਲ ਕੀ ਫਰਕ। ਸਾਰਾ ਮਹੀਨਾ ਰਮਜ਼ਾਨ ਦਾ ਉਹ ਸਰਘੀ ਵੇਲੇ ਆਪਣੇ ਕੋਠੇ ਦੀ ਛੱਤ 'ਤੇ ਚੜ੍ਹ ਕੇ ਉੱਚੀ-ਉੱਚੀ ਗਾਉਣ ਲੱਗ ਪੈਂਦਾ :
"ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ
ਜਿਸ 'ਤੇ ਤਾਮ ਪਕਾਈਦਾ
ਬਹਿ ਫ਼ਕੀਰਾਂ ਨੇ ਮਜਲਸ ਕੀਤੀ
ਭੋਰਾ ਭੋਰਾ ਵਰਤਾਈਦਾ।"
ਠੀਕ ਆਹੰਦੇ ਨੇ : ਦੁਨੀਆਂ ਝੁਕਾਉਂਦੀ ਹੈ, ਪਰ ਜੇ ਕੋਈ ਅਣਖੀਲਾ ਝੁਕਣ ਲਈ ਤਿਆਰ ਨਾ ਹੋਵੇ ਤਾਂ ਦੁਨੀਆਂ ਆਪ ਝੁਕ ਜਾਂਦੀ ਹੈ। ਇਲਮਦੀਨ ਮਰਦਾਂ ਵਾਂਗ ਡਟਿਆ ਰਿਹਾ। ਦੋ ਮਹੀਨੇ ਬੀਤਣ 'ਤੇ ਮੌਲਵੀ ਨੇ ਆਪ ਹੀ ਆਪਣਾ ਫ਼ਤਵਾ ਵਾਪਸ ਲੈ ਲਿਆ। ਉਹਨੇ ਵੱਡਾ ਸਾਰਾ ਅਹਿਸਾਨ ਜਤਾਉਂਦਿਆਂ ਕਿਹਾ, "ਮਾਈ ਫ਼ਾਤਮਾ! ਤੇਰੀ ਖ਼ਾਤਰ ਅਸੀਂ ਇਲਮਦੀਨ ਨੂੰ ਫਿਰ ਬਰਾਦਰੀ ਵਿੱਚ ਸ਼ਾਮਲ ਕਰ ਲੈਂਦੇ ਆਂ, ਨਹੀਂ ਤਾਂ ਉਹ ਤਾਂ ਅੱਧਾ ਕਾਫ਼ਰ ਏ। ਤੇਰਾ ਇਲਮਦੀਨ 'ਤੇ ਪੂਰਾ ਇਤਕਾਦ ਏ। ਸੋ ਤੇਰੇ ਪਿੱਛੇ ਉਹਨੂੰ ਵੀ ਮਾਫ਼ ਕਰ ਦੇਂਦੇ ਆਂ, ਲੇਕਿਨ ਆਇੰਦਾ ਵਾਸਤੇ ਜ਼ਰਾ ਉਹਨੂੰ ਸਮਝਾ ਛੱਡੀ।" ਤੇ ਵਿਚਲੀ ਗੱਲ ਇਹ ਸੀ ਕਿ ਮੌਲਵੀ ਇਹ ਸਹਿ ਹੀ ਨਹੀਂ ਸੀ ਸਕਦਾ, ਪਈ ਮੁਰੀਦਾਂ ਦਾ ਇਕ ਘਰ ਉਹਦੇ ਘੇਰੇ ਵਿੱਚੋਂ ਨਿਕਲ ਜਾਏ।
ਫ਼ਾਤਮਾ ਨੇ ਸਿਰ ਝੁਕਾ ਕੇ ਮੌਲਵੀ ਨੂੰ ਸਲਾਮ ਕੀਤਾ ਤੇ ਹਰ ਜੁੰਮੇ ਦੇ ਦਿਨ ਲੱਸੀ ਨਾਲ ਕੁਝ ਮੱਖਣ ਦੇਣ ਦਾ ਵੀ ਇਕਰਾਰ ਕੀਤਾ।
ਮਸੀਤ ਦੇ ਮੁੰਡੇ ਇਲਮਦੀਨ ਦੇ ਘਰੋਂ ਸਵੇਰੇ-ਸਵੇਰੇ ਲੱਸੀ ਲੈਣ ਵਾਸਤੇ ਆਉਣ ਲੱਗ ਪਏ। ਜੁੰਮੇ ਵਾਲੇ ਦਿਨ ਮੌਲਵੀ ਆਪ ਆ ਧਮਕਿਆ। ਸ਼ਾਇਦ ਉਹਨੂੰ ਡਰ ਸੀ ਕਿ ਮਾਈ ਫ਼ਾਤਮਾ ਦਾ ਦਿੱਤਾ ਹੋਇਆ ਮੱਖਣ ਕਿਤੇ ਮੁੰਡੇ ਰਾਹ ਵਿੱਚ ਹੀ ਨਾ ਚਟਮ ਕਰ ਆਉਣ। ਇਲਮਦੀਨ ਸਬੱਬ ਨਾਲ ਘਰੇ ਹੀ ਬੈਠਾ ਸੀ। ਉਹਦੇ ਨਾਲ ਦੁਆ ਸਲਾਮ ਕੀਤੇ ਬਿਨਾਂ ਹੀ ਮੌਲਵੀ ਨੇ ਚੌਂਕੇ ਦੀ ਕੰਧ ਉੱਤੇ ਲੋਟਾ ਜਾ ਧਾਰਿਆ। ਘਰ ਆਏ ਮੌਲਵੀ ਦੇ ਸਤਿਕਾਰ ਵਜੋਂ ਫ਼ਾਤਮਾ ਨੇ ਆਪਣੀ ਸ਼ਰਧਾ ਨਾਲੋਂ ਵਧੇਰੇ ਮੱਖਣ ਲੱਸੀ ਵਿੱਚ ਪਾ ਦਿੱਤਾ, ਪਰ ਮੌਲਵੀ ਦੀ ਖ਼ਾਹਿਸ਼ ਨਾਲੋਂ ਉਹ ਬਹੁਤ ਥੋੜ੍ਹਾ ਸੀ। ਮੌਲਵੀ ਦੇ ਚਿਹਰੇ 'ਤੇ ਪਈਆਂ ਹੋਈਆਂ ਤਿਉੜੀਆਂ ਤੋਂ ਇਲਮਦੀਨ ਨੇ ਸਾਰੀ ਗੱਲ ਸਮਝ ਲਈ।
"ਅੱਜ ਇਹ ਕਾਫ਼ਰ ਫੇਰ ਆ ਗਿਆ ਏ।" ਮੌਲਵੀ ਦੇ ਬੂਹਿਉਂ ਬਾਹਰ ਨਿਕਲਣ ਤੋਂ ਪਿੱਛੋਂ ਇਲਮਦੀਨ ਨੇ ਜ਼ਰਾ ਚੁਭਵੀਂ ਸੁਰ ਵਿੱਚ ਕਿਹਾ। ਉਹ ਸਵੇਰੇ page-break
ਫ਼ਾਤਮਾ ਦੀਆਂ ਨੋਕਾਂ ਟੋਕਾਂ ਸੁਣਦਾ ਤੰਗ ਆਇਆ ਬੈਠਾ ਸੀ।
"ਕਾਫ਼ਰ ਉਹ ਨਹੀਂ, ਕਾਫ਼ਰ ਤੂੰ ਏਂ। ਪਾਜੀ ਬੰਦਿਆ! ਤੂੰ।" ਫ਼ਾਤਮਾ ਨੇ ਰਜ ਕੇ ਕਿਹਾ, "ਨਾ ਤੂੰ ਨਮਾਜ ਪੜ੍ਹ ਨਾ ਰੋਜਾ ਰੱਖੋ, ਨਾ ਮਸੀਤੇ ਜਾਏਂ। ਕਾਫ਼ਰ ਹੋਇਓਂ ਕਿ ਉਹ। ਹੈ, ਹੈ, ਸੜ ਗਏ ਮੇਰੇ ਲੇਖ।" ਫ਼ਾਤਮਾ ਨੇ ਮੱਥੇ ਨੂੰ ਹੱਥ ਮਾਰ ਪਟਾਕਾ ਪਾਉਂਦਿਆਂ ਕਿਹਾ। "ਅੱਲ੍ਹਾ ਤੇਰੀ ਜੀਭ ਸੜ ਜੈ ਮੌਲਵੀ ਨੂੰ ਕਾਫ਼ਰ ਆਖਣ ਵਾਲੇ ਦੀ।"
"ਭਲੀਏ ਲੋਕੇ! ਸੱਚੀ ਗੱਲ ਤੋਂ ਏਨਾ ਨਹੀਂ ਚਿੜੀ ਦਾ ਹੁੰਦਾ।" ਇਲਮਦੀਨ ਬੜੇ ਠਰਮੇ ਨਾਲ ਕਿਹਾ।
“ਸੱਚੀ ਗੱਲ ? ਇਹ ਤੂੰ ਸੱਚੀ ਗੱਲ ਕੀਤੀ ਏ ? ਹੈ ਹੈ ਅੱਲ੍ਹਾ।"
"ੳ ਨੇਕ-ਬਖ਼ਤੇ ਅੱਲ੍ਹਾ ਵਿਚਾਰੇ ਨੂੰ 'ਹੈ ਹੈ' ਕਾਹਨੂੰ ਪੌਂਦੀ ਏਂ। ਚਲੋ, ਮੈਂ ਆਪਣੀ ਗਲਤੀ ਮੰਨ ਲੈਂਦਾਂ। ਉਹ ਕਾਫ਼ਰ ਨਹੀਂ। ਕਾਫ਼ਰ ਉਹ ਹੁੰਦਾ ਏ, ਜਿਹੜਾ ਖ਼ੁਦਾ ਦੀ ਹਸਤੀ ਨੂੰ ਨਹੀਂ ਮੰਨਦਾ, ਪਰ ਉਹ ਕਾਫ਼ਰ ਨਾਲੋਂ ਹਜ਼ਾਰ ਦਰਜਾ ਬੁਰਾ ਹੁੰਦਾ ਏ, ਜੋ ਆਪਣੀ ਖ਼ੁਦਗਰਜ਼ੀ 'ਤੇ ਪਰਦਾ ਪੌਣ ਵਾਸਤੇ ਖ਼ੁਦਾ ਨੂੰ ਮੰਨਣ ਦਾ ਪਾਖੰਡ ਕਰਦਾ ਏ। ਇਹ ਤਾਂ ਮੰਨਦੀ ਏਂ ਨਾ।"
"ਹੈ ਹੈ, ਇਹ ਵੀ ਤੂੰ ਓਸੇ ਨੂੰ ਲਾ ਕੇ ਆਖੀ ਏ। ਸੜ ਗਈ ਮੇਰੀ ਕਿਸਮਤ, ਜੀਹਨੂੰ ਮਾਪਿਆਂ ਨੇ ਤੇਰੇ ਵਰਗੇ ਨਮਰੂਦ ਦੇ ਲੜ ਲਾ ਦਿੱਤੀ।" ਫ਼ਾਤਮਾ ਨੇ ਝੂਠੀ ਮੂਠੀ ਦੀਆਂ ਅੱਖਾਂ ਪੂੰਝਦਿਆਂ ਕਿਹਾ। ਦਿਨ ਤੇ
"ਕਰਮਾਂ ਵਾਲੀਏ। ਨਮਰੂਦ ਨਹੀਂ, ਮਰਦੂਦ ਆਖ! ਜੀਹਨੂੰ ਪਾਈਆ ਮੱਖਣ ਦਿੱਤਾ ਈ, ਉਸ ਤੋਂ ਲਫ਼ਜ਼ ਤਾਂ ਠੀਕ ਬੋਲਣਾ ਸਿੱਖ ਲਏ ਆ ? ਹੱਛਾ ਅੱਲ੍ਹਾ ਬੇਲੀ। ਆਪਾਂ ਚੱਲੇ ਆਂ ਧਰਮ ਸੁੰਹ ਵੱਲੇ। ਤੂੰ ਹੁਣ ਪੇਸ਼ੀ ਵੇਲੇ ਤਕ ਆਹਰੇ ਲੱਗੀ ਰਹੀ। ਉਹ ਘਰ ਤਾਂ ਕਬਰਸਤਾਨ ਵਰਗਾ ਸੁੰਨ-ਮਸੁੰਨ ਹੁੰਦਾ ਏ, ਜਿੱਥੇ ਘਰ ਦੀ ਰੌਣਕ ਬੋਲੇ ਚੱਲੇ ਈ ਨਾ। ਵੇਖਾਂ ਤੇਰੀ ਮਿਹਰ ਨਾਲ ਆਪਣਾ ਘਰ ਆਂਢ-ਗਵਾਂਢ ਵਿੱਚ ਵਸਦਾ ਮਾਲੂਮ ਹੁੰਦਾ ਹੈ।”
ਇਲਮਦੀਨ ਬਾਹਰ ਨੂੰ ਚਲਾ ਗਿਆ। ਫ਼ਾਤਮਾ ਟੇਪ ਰਿਕਾਰਡ ਵਾਂਗ ਬਿਨਾਂ ਸਾਹ ਲਏ ਦੁਪਹਿਰ ਤਕ ਲੱਗੀ ਰਹੀ।
ਪਰ ਹੁਣ ਇਲਮਦੀਨ ਦੇ ਸੁਭਾ ਵਿੱਚ ਫ਼ਰਕ ਆ ਗਿਆ ਸੀ, ਅੱਤ ਦੀ ਨਰਮੀ ਤੇ ਹਲੀਮੀ। ਨਾ ਹੁਣ ਉਹਦੇ ਮਨ ਉੱਤੇ ਮੌਲਵੀ ਦੀ ਤੰਗ-ਦਿਲੀ ਦਾ ਅਸਰ ਹੁੰਦਾ ਸੀ, ਨਾ ਫ਼ਾਤਮਾ ਦੀ ਅੱਠੇ ਪਹਿਰ ਦੀ ਬਕ-ਬਕ ਦਾ। ਉਹ ਆਪਣੇ ਕੰਮ ਵਿੱਚ ਜਾਂ ਵਿਹਲੇ ਵੇਲੇ ਸੂਫ਼ੀ ਸਾਹਿਤ ਪੜ੍ਹਨ ਵਿੱਚ ਮਸਤ ਰਹਿੰਦਾ। ਭਗਤ ਕਬੀਰ, ਸ਼ੇਖ਼ ਫਰੀਦ, ਸੱਯਦ ਬੁੱਲ੍ਹੇ ਸ਼ਾਹ, ਮੀਰਾਂ ਬਾਈ ਆਦਿ ਦੀਆਂ ਰਚਨਾਵਾਂ page-break
ਵਿੱਚੋਂ ਉਹਨੂੰ ਬਹੁਤ ਰਸ ਆਉਂਦਾ। ਧਰਮ ਸਿੰਘ ਕੋਲੋਂ ਸੁਖਮਨੀ ਸਾਹਿਬ ਸੁਣ ਕੇ ਇਲਮਦੀਨ ਬਹੁਤ ਪ੍ਰਭਾਵਤ ਹੋਇਆ। ਇਕ ਦਿਨ ਉਹ ਲਾਹੌਰ ਗਿਆ ਖ਼ਵਾਜਾ ਦਿਲ ਮੁਹੰਮਦ ਦਾ ਲਿਖਿਆ 'ਜਪੁਜੀ ਸਾਹਿਬ' ਤੇ 'ਸੁਖਮਨੀ ਸਾਹਿਬ' ਦਾ ਉਰਦੂ ਨਜ਼ਮ ਵਿੱਚ ਤਰਜਮਾ ਲੈ ਆਇਆ। ਉਹ ਪੜ੍ਹ ਕੇ ਤਾਂ ਇਲਮਦੀਨ ਕਿਸੇ ਬੇ-ਖ਼ੁਦੀ ਦੇ ਆਲਮ ਵਿੱਚ ਪਹੁੰਚ ਗਿਆ। ਇਕ ਦਿਨ ਉਹਨੇ ਗਿਲ੍ਹੇ ਵਾਲੀ ਸੁਰ ਵਿੱਚ ਕਿਹਾ, "ਧਰਮ ਸਿਹਾਂ! ਮੈਨੂੰ ਆਪਣੇ ਆਪ 'ਤੇ ਬੜਾ ਅਫ਼ਸੋਸ ਏ, ਕਿ ਇਹ ਚੀਜ਼ ਮੈਂ ਅੱਜ ਤਕ ਪਹਿਲਾਂ ਕਿਉਂ ਨਹੀਂ ਪੜ੍ਹੀ। ਵਾਹ। ਬੁੱਲ੍ਹੇ ਸ਼ਾਹ ਨੇ ਆਖਿਆ ਸੀ : ਇਕੋ ਅਲਫ਼ ਮੇਰੇ ਦਰਕਾਰ। ਮੇਰੇ ਵਰਗੇ ਮੂੜ ਬੰਦੇ ਦਾ ਇਕ ਅਲਫ਼ ਨਾਲ ਭਾਵੇਂ ਨਾ ਸਰੇ, ਪਰ ਇਸ ਇਕ ਰੱਬੀ ਕਤਾਬ ਨਾਲ ਸਰ ਜਾਂਦਾ ਏ। ਬੱਸ ਜ਼ਿੰਦਗੀ ਨੂੰ ਸਮਝਣ ਵਾਸਤੇ ਇਹ ਕਾਫ਼ੀ ਏ। ਹੋਰ ਵੇਦ ਪੁਰਾਨ ਤੇ ਹਦੀਸਾਂ ਤਫ਼ਸੀਰਾਂ-ਪੜ੍ਹਨ ਦੀ ਲੋੜ ਨਹੀਂ।"
ਧਰਮ ਸਿੰਘ ਨਾਲ ਇਲਮਦੀਨ ਦੀ ਬਚਪਨ ਤੋਂ ਹੀ ਚੰਗੀ ਦੋਸਤੀ ਸੀ। ਦੋਹਾਂ ਦੇ ਸੁਭਾ ਮਿਲਦੇ ਸਨ, ਇਸ ਵਾਸਤੇ ਦਿਲ ਵੀ ਮਿਲ ਗਏ। ਵੱਡੇ ਹੋ ਕੇ ਉਹਨਾਂ ਦੇ ਰਾਹ ਵੀ ਮਿਲ ਗਏ।
ਧਰਮ ਸਿੰਘ ਮਸਾਂ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਮਾੜੀ ਮੋਟੀ ਗੁਰਮੁਖੀ ਹੀ ਪੜ੍ਹਿਆ ਸੀ। ਹਾਂ, ਮਾੜੀ ਮੋਟੀ। ਉਹ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਪੰਜ- ਗ੍ਰੰਥੀ ਪੜ੍ਹ ਕੇ ਉੱਠ ਬੈਠਾ ਸੀ। ਪਿੱਛੋਂ ਅਭਿਆਸ ਨਾਲ ਉਹ ਵਾਹਵਾ ਪੜ੍ਹਨ ਜੋਗਾ ਹੋ ਗਿਆ, ਪਰ ਲਿਖਦਾ ਉਹ ਅਜੇ ਵੀ ਆਪਣੇ ਪੜ੍ਹਨ ਜੋਗਾ ਹੀ ਸੀ। ਸਿਹਾਰੀ ਦੀ ਥਾਂ ਬਿਹਾਰੀ ਤੇ ਹੋੜੇ ਦੀ ਥਾਂ ਕਨੌੜਾ ਓਹ ਕਈ ਵਾਰ ਲਾ ਜਾਂਦਾ ਸੀ। ਏਸ ਗ਼ਲਤੀ ਵੱਲੋ ਕੋਈ ਉਹਦਾ ਧਿਆਨ ਦੁਆਉਂਦਾ, ਤਾਂ ਉਹ ਅੱਗੋਂ ਹਾਸੇ ਨਾਲ ਕਿਹਾ ਕਰਦਾ, "ਭਈ, ਉਹ ਪੜ੍ਹਾਈ ਕਿਸ ਕੰਮ, ਜਿਸ ਨਾਲ ਕਿਸੇ ਦਾ ਲਿਖਿਆ ਦੂਸਰਾ ਪੜ੍ਹ ਲਏ। ਆਪਾਂ ਉਹ ਇਲਮ ਪੜ੍ਹੇ ਆਂ ਜਿਹੜਾ ਲਿਖਿਆ ਆਪ ਹੀ ਪੜ੍ਹ ਸਕਦੇ ਆਂ।"
ਇਲਮਦੀਨ ਨੂੰ ਸਕੂਲ ਵਿੱਚ ਅੱਠ ਜਮਾਤਾਂ ਪੜ੍ਹਨ ਦਾ ਮੌਕਾ ਮਿਲ ਗਿਆ ਸੀ। ਮਿਡਲ ਪਾਸ ਕਰਨ ਪਿੱਛੋਂ ਉਹਦੇ ਪਿਉ ਨੇ ਉਹਨੂੰ ਪਟਵਾਰੀ ਬਣਾਉਣ ਵਾਸਤੇ ਬੜਾ ਜ਼ੋਰ ਲਾਇਆ, ਪਰ ਇਲਮਦੀਨ ਨਾ ਮੰਨਿਆ। ਇਕ ਦਿਨ ਉਹਨੇ ਦਿਲ ਦੀ ਕਹਿ ਹੀ ਦਿੱਤੀ, "ਅੱਬਾ! ਜ਼ੋਰ ਦੇਂਦੇ ਓ, ਤਾਂ ਮੈਂ ਪਟਵਾਰੀ ਬਣ ਜਾਂਦਾਂ, ਪਰ ਯਾਦ ਰੱਖੋ, ਮੈਂ ਕਿਸੇ ਕੋਲੋਂ ਰਿਸ਼ਵਤ ਨਹੀਂ ਜੇ ਲਿਆ ਕਰਨੀ। ਇਹ ਹਰਾਮ ਦੀ ਕਮਾਈ ਮੈਂ ਨਹੀਂ ਖਾ ਸਕਾਂਗਾ।"
"ਚੰਗਾ ਫਿਰ ਮਰ ਭੁੱਖਾ। ਕੁੱਟ ਸਾਰੀ ਉਮਰ ਝੋਟਿਆਂ ਦੇ ਖੁੱਡੇ। ਇਹਨੂੰ ਜੰਮਦੇ page-break
ਹੀ ਹਲਾਲ ਹਰਾਮ ਦੀ ਪੈ ਗਈ ਏ। ਅੱਠ ਜਮਾਤਾਂ ਪੜ੍ਹਾ ਕੇ ਐਵੇਂ ਖਾਤੇ ਈ ਪਾ ਦਿੱਤੀਆਂ।” ਇਲਮਦੀਨ ਦੇ ਪਿਉ ਨੇ ਦੁਖੀ ਹੋ ਕੇ ਕਿਹਾ ਸੀ।
“ਹਾਂ, ਸੰਢਿਆਂ ਦੇ ਖੁੱਡੇ ਕੁੱਟਣੇ ਮੈਨੂੰ ਮਨਜ਼ੂਰ ਨੇ। ਇਹ ਹੱਕ-ਹਲਾਲ ਦੀ ਕਮਾਈ ਏ।” ਤੇ ਉਸੇ ਦਿਨ ਤੋਂ ਇਲਮਦੀਨ ਨੇ ਹਲ ਦੀ ਜੰਘੀ ਫੜ ਲਈ।
ਤਿੰਨ ਘੁਮਾ ਜ਼ਮੀਨ ਇਲਮਦੀਨ ਨੂੰ ਪਿਉਂ ਕੋਲੋਂ ਵਿਰਸੇ ਵਿੱਚ ਮਿਲੀ ਸੀ। ਉਹ ਕਰਮ ਸਿੰਘ ਕੇ ਮੌਰੂਸ ਸਨ। ਉਹ ਤਿੰਨ ਘੁਮਾ ਪਿੰਡ ਤੋਂ ਮੀਲ ਭਰ ਦੂਰ ਸੀ, ਪਰ ਧਰਤੀ ਚੰਗੀ ਉਪਜਾਊ ਸੀ। ਪੰਜ ਸੱਤ ਘੁਮਾ ਇਲਮਦੀਨ ਹੋਰ ਹਿੱਸੇ 'ਤੇ ਲੈ ਲੈਂਦਾ। ਓਸੇ ਵਿੱਚੋਂ ਉਹ ਆਪਣੇ ਪਰਿਵਾਰ ਦਾ ਨਿਰਬਾਹ ਕਰੀ ਜਾ ਰਿਹਾ ਸੀ।
ਧਰਮ ਸਿੰਘ ਤੇ ਇਲਮਦੀਨ ਦੀ ਦੋਸਤੀ ਬਚਪਨ ਤੋਂ ਚਲੀ ਆ ਰਹੀ ਸੀ। ਉਹਨਾਂ ਦੇ ਹਲ ਵੀ ਸਦਾ ਇਕੱਠੇ ਵਗਦੇ। ਫੇਰ ਵੀ ਉਹ ਭਾਈਵਾਲੀ ਕਦੇ ਨਾ ਕਰਦੇ। ਉਹਨਾਂ ਦੋਹਾਂ ਦਾ ਖ਼ਿਆਲ ਸੀ ਕਿ ਭਾਈਵਾਲੀ ਕਰਨ ਨਾਲ ਕਦੇ ਨਾ ਕਦੇ ਦੋਹ ਫਿਕ ਪੈ ਜਾਣ ਦਾ ਡਰ ਰਹਿੰਦਾ ਹੈ। ਸੋ ਏਨਾ ਨੇੜੇ ਹੋਣ ਕਰਕੇ ਵੀ ਉਹਨਾਂ ਸਾਂਝ ਭਿਆਲੀ ਨਾ ਕੀਤੀ, ਪਰ ਇਕ ਢੰਗ ਨਾਲ ਉਹਨਾਂ ਦੀ ਵਿੜੀ ਸਾਰੀ ਉਮਰ ਨਿਭ ਗਈ। ਅੱਜ ਇਕ ਵੱਲੇ ਦੋਵੇਂ ਹਲ ਵਗਦੇ ਤਾਂ ਅਗਲੇ ਦਿਨ ਦੂਸਰੇ ਦੇ ਖੇਤ ਵਿੱਚ ਜਾ ਵਗਦੇ। ਲੋੜ 'ਤੇ ਉਹ ਏਸੇ ਗੱਲ ਦੀ ਵੀ ਨਿੰਦ ਵਿਚਾਰ ਨਾ ਕਰਦੇ ਕਿ ਜਿੰਨੇ ਜੋਤਰੇ ਇਕ ਵੱਲ ਲੱਗੇ ਹਨ, ਦੂਸਰੇ ਵੱਲ ਉਸ ਤੋਂ ਵਧੇਰੇ ਕਿਉਂ ਲੱਗ ਗਏ।
ਪਹਿਲਾ ਧਰਮ ਸਿੰਘ ਇਲਮਦੀਨ ਦਾ ਮੋਹਰੀ ਹਾਲੀ ਹੁੰਦਾ ਸੀ। ਪਿਛਲੇ ਵੀ ਦੀ ਸਾਲ ਤੋਂ ਧਰਮ ਸਿੰਘ ਦੀ ਥਾਂ ਹਲ ਦੀ ਜੰਘੀ ਪਿਆਰੇ ਨੇ ਸੰਭਾਲ ਲਈ ਸੀ। ਲਤੀ ਇਲਮਦੀਨ ਉਹਦੇ ਨਾਲ ਵੀ ਮਿੱਤਰਾਂ ਵਾਲਾ ਹੀ ਵਰਤਾਉ ਕਰਦਾ। ਅਸਲ ਵਿੱਚ ਇਲਮਦੀਨ ਹਰ ਇਕ ਦਾ ਬੇਲੀ ਸੀ, ਇਕ ਮਸੀਤ ਦੇ ਮੌਲਵੀ ਨੂੰ ਛੱਡ ਕੇ।
ਇਲਮਦੀਨ ਦਾ ਵੱਡਾ ਮੁੰਡਾ ਨੂਰਦੀਨ ਛੋਟਾ ਹੁੰਦਾ ਹੀ ਨਾਨਕਿਆਂ ਕੋਲ ਲਾਹੌਰ ਬਗਵਾਨ ਪੁਰੇ ਜਾ ਵੱਸਿਆ ਸੀ। ਓਥੇ ਉਸ ਨੇ ਹੱਥ ਖੱਡੀ ਦਾ ਕੰਮ ਸਿੱਖ ਲਿਆ। ਉਹ ਗਭਰੇਟ ਹੋਇਆ ਤਾਂ ਉਹਦਾ ਵਿਆਹ ਮਾਮੇ ਦੀ ਲੜਕੀ ਨਾਲ ਹੋ ਗਿਆ।
ਉਸ ਤੋਂ ਛੋਟੀ ਨੂਰਾਂ ਵੀ ਇਸ ਵੇਲੇ ਪੰਦਰਾਂ ਸੋਲਾਂ ਸਾਲ ਦੀ ਸੁਨੱਖੀ ਮੁਟਿਆਰ ਬਣ ਗਈ ਸੀ। ਉਹ ਘਰ ਤੇ ਬਾਹਰ ਦੇ ਦੋਹਾਂ ਕੰਮਾਂ ਵਿੱਚ ਮਾਂ ਪਿਉ ਦਾ ਹੱਥ ਵਟਾਉਂਦੀ। ਖ਼ਾਸ ਕਰਕੇ ਉਸ ਵੇਲੇ ਖੇਤ ਵਿੱਚ ਕੰਮ ਕਰਨਾ ਉਸ ਨੂੰ ਬਹੁਤ ਚੰਗਾ ਲੱਗਦਾ, ਜਦ ਪਿਆਰਾ ਵੀ ਓਥੇ ਹੁੰਦਾ।
ਨੂਰਾਂ ਤੋਂ ਛੋਟੀ ਇਕ ਲੜਕੀ ਦੋ ਸਾਲ ਦੀ ਹੋ ਕੇ ਗੁਜ਼ਰ ਗਈ ਸੀ। ਉਸ ਤੋਂ ਛੋਟਾ ਫੱਜਾ ਸੀ, ਜੋ ਪ੍ਰੀਤੂ ਦਾ ਜਮਾਤੀ ਤੇ ਬੇਲੀ ਸੀ। page-break
"ਚਾਚੀ! ਅਜੇ ਚੌਂਕੇ ਵਿੱਚ ਈ ਬੈਠੀ ਏਂ, ਕਪਾਹ ਚੁਗਣ ਨਹੀਂ ਚਲਣਾ ? ਅੱਜ ਤੁਹਾਡੀ ਵਾਰੀ ਏ।" ਨੂਰਾਂ ਨੇ ਚੌਂਕੇ ਦੇ ਨੇੜੇ ਪਹੁੰਚ ਕੇ ਕਿਹਾ।
"ਕੁੜੇ, ਮੈਂ ਕਿਥੇ ਆਂ ਜਾਣ ਜੋਗੀ। ਮੈਂ ਤਾਂ ਚੌਥੇ ਦਿਨ ਦੀ ਪੈਰ ਹੱਥੋਂ ਬੈਠੀ ਆਂ।" ਕਾਹੜਨੀ ਕੂਚਦੀ ਦਲੀਪ ਕੌਰ ਦਾ ਧਿਆਨ ਆਪਣੇ ਖੱਬੇ ਪੈਰ ਵੱਲ ਚਲਾ ਗਿਆ।
"ਕਿਉਂ ? ਕੀ ਹੋਇਆ ?" ਨੂਰਾਂ ਨੇ ਬੜੀ ਹੈਰਾਨੀ ਨਾਲ ਪੁੱਛਿਆ।
“ਹੋਣਾ ਕੀ ਸੀ। ਤੜਕੇ ਮੈਂ ਪਸ਼ੂਆਂ ਨੂੰ ਪੱਠੇ ਪੌਣ ਉੱਠੀ। ਇੱਟ ਤੋਂ ਪੈਰ ਤਿਲਕ ਕੇ ਗਿੱਟੇ ਦੀ ਮੋਚ ਨਿਕਲ ਗਈ। ਸਣੇ ਟੋਕਰੇ ਮੈਂ ਮੂੰਹ ਭਾਰ ਜਾ ਡਿੱਗੀ। ਪਿਆਰੇ ਨੇ ਚੁੱਕ ਕੇ ਮੈਨੂੰ ਮੰਜੇ 'ਤੇ ਪਾਇਆ।"
"ਹਾਏ ਮੈਂ ਮਰ ਗਈਂ।" ਨੂਰਾਂ ਦਾ ਜਿਵੇਂ ਤਰਾਹ ਨਿਕਲ ਗਿਆ। "ਵਖਾ ਖਾਂ ਪੈਰ।”
“ਪੈਰ ਕੀ ਵੇਖੇਂਗੀ, ਸੁਜ ਕੇ ਹਾਥੀ ਹੋਇਆ ਪਿਆ ਏ। ਤੂੰ ਵੇਖਾਂ ਚਾਚੀ ਦੀ ਸੁਰਤ ਨੂੰ ਆਈ ਸੁਣ ਕੇ।" ਦਲੀਪ ਕੌਰ ਨੇ ਗਿਲ੍ਹਾ ਕਰਦਿਆਂ ਕਿਹਾ।
"ਅਮਾਨ ਨਾਲ ਚਾਚੀ! ਤੇਰੀ ਸਹੁੰ ਮੈਂ ਸੁਣਿਆ ਈ ਨਹੀਂ। ਭਲਾ ਮੈਂ ਸੁਣਦੀ ਤਾਂ ਓਸੇ ਵੇਲੇ ਭੱਜੀ ਨਾ ਔਂਦੀ ?"
“ਭਾਈ ਤਾਂ ਅਗਲੀ ਸਵੇਰ ਹੀ ਵੇਖ ਗਿਆ ਸੀ। ਓਸੇ ਮੇਰਾ ਗਿੱਟਾ ਮਲ ਕੇ ਬੱਧਾ ਸੀ।" ਦਲੀਪ ਕੌਰ ਦਾ ਇਸ਼ਾਰਾ ਨੂਰਾਂ ਦੇ ਪਿਤਾ ਇਲਮਦੀਨ ਵੱਲ ਸੀ।
"ਘਰ ਤਾਂ ਅੱਬਾ ਨੇ ਗੱਲ ਈ ਨਹੀਂ ਕੀਤੀ। ਨਾ ਈ ਫੱਜੇ ਨੇ ਦੱਸਿਆ। ਨਹੀਂ ਤਾਂ ਭਲਾ ਮੈਂ ਜਿੰਨੇ ਜੋਗੀ ਸੀ, ਕੋਲੋਂ ਆ ਕੇ ਕੁਛ ਕਰਦੀ ਧਰਦੀ ਨਾ।" ਨੂਰਾਂ ਨੇ ਬੜੀ ਹਮਦਰਦੀ ਨਾਲ ਕਿਹਾ।
"ਕਰਨਾ ਕੀ ਸੀ, ਤੂੰ ਮੇਰੀਆਂ ਰੋਟੀਆਂ ਪਕਾ ਦੇਣੀਆਂ ਸੀ ?"
"ਚਾਚੀ! ਮੈਂ ਤਾਂ ਸੌਂ ਵਾਰੀ ਪਕਾ ਦੇਂਦੀ, ਤੁਸਾਂ ਮੇਰੇ ਹੱਥ ਦੀਆਂ ਖਾਣੀਆਂ ਵੀ ਹੋਣ।" ਨੂਰਾਂ ਨੇ ਸਮਾਜ ਦੀ ਤੰਗ-ਦਿਲੀ ਨੂੰ ਮੁੱਖ ਰੱਖ ਕੇ ਕਿਹਾ।
"ਕਿਉਂ, ਤੇਰੇ ਹੱਥਾਂ ਨੂੰ ਕੀ ਏ ? ਚੰਦ ਵਰਗੀ ਏਂ ਤੂੰ। ਪਿਛਲੀ ਪੁੰਨਿਆਂ ਨੂੰ 'ਲੰਮਿਆਂ' ਦੇ ਘਰੋਂ ਨਹੀਂ ਸਾਰੇ ਖਾ ਕੇ ਆਏ ?" ਹਰਨਾਮ ਸਿੰਘ ਕੀ ਪੱਤੀ ਦੀ ਅੱਲ 'ਲੰਮੇ' ਪਈ ਹੋਈ ਸੀ। ਦਲੀਪ ਕੌਰ ਦਾ ਇਸ਼ਾਰਾ ਉਹਨਾਂ ਵੱਲ ਸੀ। "ਉਹ ਪਤਾ ਨਹੀਂ ਕੁਦੇਸਨ ਜਹੀ ਚਮਿਆਰੀ ਏ, ਕਿ ਕੌਣ ਜੀਹਨੂੰ ਓਦਣ ਅੰਮਰਤ ਛਕਾ ਕੇ ਨਾਲ ਰਲਾਇਆ ਨੇ। ਸਣੇ ਤੇਰੇ ਚਾਚੇ ਸਾਰੇ ਉਹਦੇ ਹੱਥਾਂ ਦਾ ਖਾ ਆਏ ਨੇ ਤੇ ਤੂੰ page-break
ਤਾਂ ਸਾਡੀ ਆਪਣੀ ਧੀ ਏਂ। ਤੇਰੇ ਹੱਥਾਂ ਨਾਲੋਂ ਭਿੱਟ ਚੜ੍ਹ ਚਲੀ ਏ ?" ਦਲੀਪ ਕੌਰ ਦੇ ਚਿਹਰੇ 'ਤੇ ਭੇਤ ਭਰੀ ਮੁਸਕਰਾਹਟ ਫੈਲੀ ਹੋਈ ਸੀ।
"ਐਵੇਂ, ਮੁੱਲਾਂ ਮੁਲਾਣਿਆਂ ਦੀਆਂ ਹੱਦਾਂ ਪਈਆਂ ਹੋਈਆਂ ਨੇ। ਅਖੇ ਸਿੱਖ ਮੁਸਲਮਾਨ ਦੇ ਹੱਥਾਂ ਦਾ ਨਾ ਖਾਣ, ਮੁਸਲਮਾਨ ਸਿੱਖਾਂ ਹੱਥੋਂ ਨਾ ਪੀਣ। ਨਹੀਂ ਤਾਂ ਹਾਂ ਤਾਂ ਸਾਰੇ ਇਕੋ ਰੂਪ। ਅੱਬਾ ਪੜ੍ਹਦਾ ਹੁੰਦਾ ਏ, ਸਾਰੇ ਰੱਬ ਦੇ ਬੰਦੇ ਨੇ।" ਉਸ ਵੇਲੇ ਨੂਰਾਂ ਦੇ ਦਿਲ 'ਤੇ ਆਪਣੇ ਪਿਤਾ ਦੇ ਖ਼ਿਆਲ ਪੂਰੀ ਤਰ੍ਹਾਂ ਛਾਏ ਹੋਏ ਸਨ।
"ਤੇਰੇ ਅੱਬਾ ਵਰਗੇ ਸਾਰੇ ਹੋਣ ਤਾਂ ਦੁਨੀਆਂ ਸੁਖੀ ਨਾ ਵਸੇ ? ਕਿਸੇ ਜਨਮ ਦਾ ਸਾਈਂ ਲੋਕ ਏ ਉਹ। ਤੇਰੇ ਚਾਚੇ ਤੇ ਅੱਬਾ ਦਾ ਸੁਭਾ ਬਿਲਕੁਲ ਮਿਲਦਾ ਏ।"
"ਤੇਰਾ ਤੇ ਮੇਰੀ ਮਾਂ ਦਾ ਤਾਂ ਨਹੀਂ ਮਿਲਦਾ। ਤੂੰ ਜਿੰਨੀ ਮਿੱਠ-ਬੋਲੀ ਏਂ, ਉਹ ਓਨੀ ਕੌੜ-ਗੰਦਲ।"
"ਨਾ ਕੁੜੇ ਮਾਂ ਦੀ ਨਿੰਦਿਆ ਨਹੀਂ ਕਰੀਦੀ। ਫਿਰ ਵੀ ਉਹ ਤੇਰੀ ਮਾਂ ਏ।" ਦਲੀਪ ਕੌਰ ਨੇ ਨੂਰਾਂ ਨੂੰ ਮਿੱਠੀ ਜੇਹੀ ਝਿੜਕ ਦੇਂਦਿਆਂ ਕਿਹਾ।
'ਮਾਵਾਂ ਦੀ ਨਿੰਦਿਆ ਕਰਨ ਨੂੰ ਜੀ ਤਾਂ ਨਹੀਂ ਕਰਦਾ ਪਰ ਚਾਚੀ, ਸੱਚ ਜਾਣ, ਮਾਂ ਨੇ ਸਾਡਾ ਘਰ ਦੋਜਕ ਬਣਾ ਛੱਡਿਆ ਏ। ਅੱਠੇ ਪਹਿਰ ਉਹ ਅੱਬਾ ਨਾਲ ਲੜਦੀ ਰਹਿੰਦੀ ਏ ਤੇ ਕਲ੍ਹੇ ਦਾ ਮੁੱਢ ਹੈਗਾ ਈ ਨਖ਼ਾਫਣਾ ਮੌਲਵੀ ਔਂਤਰਾ ਸੇਹ ਦਾ ਤਕਲਾ। ਅੱਲ੍ਹਾ ਕਰੇ ਜਾਏ ਜਹਾਨੋਂ ਏਡਾ-ਕੁ-ਏਡਾ। ਜਦੋਂ ਆਵੇਗਾ, ਮਾਂ ਦੇ ਕੰਨ ਭਰਦਾ ਰਹੇਗਾ। ਅਖੇ : ਸਿੱਖਾਂ ਦੇ ਹੱਥ ਦਾ ਨਾ ਖਾਇਆ ਕਰੋ, ਇਹ ਕਾਫ਼ਰ ਹੁੰਦੇ ਨੇ, ਤੁਸੀਂ ਇਹਨਾਂ ਨਾਲੋਂ ਵਾਹੀ ਨਖੇੜ ਲੌ। ਅਗ੍ਹਾਂ ਕੀ ਦੱਸਾਂ, ਜੋ ਕੁਛ ਉਹ ਮੇਰੇ ਬਾਰੇ ਆਹੰਦਾ ਏ। ਜੀ ਕਰਦਾ ਏ, ਕਿਸੇ ਖੂਹ ਟੋਭੇ ਵਿੱਚ ਪੈ ਕੇ ਮਰ ਜਾਵਾਂ। ਕੀ ਲੈਣਾ ਏਂ ਜਿਉਂ ਕੇ। ਨੂਰਾਂ ਸਿਰ ਦੀ ਚੁੰਨੀ ਨਾਲ ਅੱਖਾਂ ਪੂੰਝਣ ਲੱਗ ਪਈ।
"ਹਾਇ ਮਾਂ ਮਰ ਜੈ। ਤੂੰ ਕਿਉਂ ਖੂਹ ਟੋਭੇ ਪਵੇਂ। ਉਹੋ ਜੱਗੋਂ ਜਾਣਾ ਪਵੇ ਖਾਂ। ਨਾ ਰੋ ਮੇਰੀ ਧੀ।" ਦਲੀਪ ਕੌਰ ਨੇ ਨੂਰਾ ਦਾ ਦੁੱਖ ਮਹਿਸੂਸ ਕਰਦਿਆਂ ਕਿਹਾ। "ਤੇਰੀ ਮਾਂ ਨੂੰ ਕੀ ਆਖਾਂ! ਮੈਨੂੰ ਰੱਬ ਨੇ ਧੀ ਨਹੀਂ ਦਿੱਤੀ, ਤਾਂ ਮੈਂ ਉਂਞ ਝੂਰਦੀ ਆਂ। ਤੇਰੀ ਮਾਂ ਨੂੰ-ਆਹੰਦੇ-ਹੁੰਦੇ—'ਖੀਰ ਨਹੀਂ ਪਚਦੀ' ਵਾਲੀ ਗੱਲ ਏ ਨਾ। ਤੇਰੇ ਵਰਗੀ ਸਿਆਣੀ ਧੀ ਤਾਂ ਰੱਬ ਹਰ ਇਕ ਨੂੰ ਦੇਵੇ।”
"ਪਰ ਚਾਚੀ! ਮੈਂ ਤਾਂ ਮਾਂ ਹੱਥੋਂ ਮਰਨਾ ਈਂ, ਜਿੱਦਣ ਮਰੀ। ਢਿੱਡ ਪਾੜ ਕੇ ਕੀ ਦੱਸਾਂ ਤੈਨੂੰ। ਅੱਲ੍ਹਾ ਮੇਰੇ ਵਰਗਾ ਕੋਈ ਨਾ ਜੀਵੇ। ਤੇਰੇ ਵਰਗੀ ਮਾਂ ਹੁੰਦੀ ਤਾਂ ਮੈਂ ਸਾਰੀ ਉਮਰ ਪੈਰ ਧੋ-ਧੋ ਪੀਂਦੀ।" ਨੂਰਾਂ ਉੱਚੀ-ਉੱਚੀ ਡੁਸਕਣ ਲੱਗ ਪਈ।
"ਨੀ ਛੱਡ ਠਾਂਹ, ਕਮਲੀ ਨਾ ਹੋਵੇ ਤੇ। ਬਾਲਾਂ ਵਾਂਗ ਡੁਸਕਣ ਡਹੀ ਹੋਈ ਏਂ। ਮਿਲ ਲੈਣ ਦਿਹ ਤੇਰੀ ਮਾਂ ਨੂੰ। ਆਖਾਂਗੀ, ਬਹੁਤ ਔਖੀ ਏਂ ਤਾਂ ਦੇ ਦਿਹ ਮੈਨੂੰ page-break
ਨੂਰਾਂ। ਮੈਂ ਆਪੇ ਮੰਗ ਵਿਆਹ ਲਵਾਂਗੀ।"
"ਨਾ ਚਾਚੀ! ਦੁਹਾਈ ਅੱਲ੍ਹਾ ਦੀ। ਉਹਦੇ ਨਾਲ ਮੇਰੇ ਬਾਰੇ ਕੋਈ ਗੱਲ ਨਾ ਕਰੀਂ, ਨਹੀਂ ਤਾਂ ਉਹ ਮੇਰੇ ਵਧੇਰੇ ਵੈਰ ਪੈ ਜਾਏਗੀ।" ਨੂਰਾਂ ਨੇ ਨਾਂਹ ਵਿੱਚ ਹੱਥ ਹਿਲਾਉਂਦਿਆਂ ਕਿਹਾ।
"ਹੱਛਾ, ਭਾਈ ਨਾਲ ਤਾਂ ਮੈਂ ਗੱਲ ਕਰਾਂਗੀ।”
"ਅੱਬਾ ਵਿਚਾਰੇ ਦੇ ਵੱਸ ਨਹੀਂ। ਮੇਰੀ ਕਿਸਮਤ। ਧੀਆਂ ਤਾਂ ਰੱਬ ਕਰਕੇ ਜੰਮਣ ਈ ਨਾ।" ਨੂਰਾਂ ਆਪਣੇ ਭਾਗਾਂ ਨੂੰ ਕੋਸ ਰਹੀ ਸੀ।
"ਧੀਆਂ ਨਾ ਜੰਮਣ ਤਾਂ ਫਿਰ ਦੁਨੀਆਂ ਕਿਵੇਂ ਵਧੇ ਫੁੱਲੇ!" ਦਲੀਪ ਕੌਰ ਨੇ ਦਾਰਸ਼ਨਿਕਾਂ ਵਾਂਗ ਕਿਹਾ, "ਫ਼ਿਕਰ ਨਾ ਕਰ ਤੂੰ। ਮੈਂ ਦੇਖਾਂ ਤੇਰੇ ਸਿਰ 'ਤੇ। ਮੈਂ ਵੀ ਤੇਰੀ ਮਾਂ ਈ ਆਂ।"
"ਤੇਰੇ 'ਤੇ ਤਾਂ ਚਾਚੀ ਮੈਨੂੰ ਮਾਂ ਨਾਲੋਂ ਵੀ ਵਧੇਰੇ ਮਾਣ ਏਂ। ਪਰ...।" ਨੂਰਾਂ ਨੇ ਵਾਕ ਅਧੂਰਾ ਹੀ ਛੱਡ ਦਿੱਤਾ। ਬੁੱਲਾਂ 'ਤੇ ਆਉਂਦੀ-ਆਉਂਦੀ ਗੱਲ ਉਹਨੇ ਰਾਹੇ ਰੋਕ ਲਈ।
ਕੁਛ ਚਿਰ ਹੋਰ ਏਧਰ ਉਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਨੂਰਾਂ ਨੇ ਫੇਰ ਅਸਲੀ ਸਵਾਲ ਵੱਲ ਆਉਂਦਿਆਂ ਪੁੱਛਿਆ "ਚਾਚੀ! ਫਿਰ ਕਪਾਹ ਦਾ ਕੀ ਬਣੇਗਾ ?"
"ਬੀਬੀ ਧੀ, ਤੂੰ ਏਂ ਚੁਗਾ ਲਿਆਵੀਂ। ਇਕ ਲੱਛ ਨੂੰ ਆਖਿਆ ਹੋਇਆ ਏ। ਉਹ ਅੱਪੜ ਪਵੇਗੀ। ਪਿਆਰਾ ਵੀ ਤੁਹਾਡੇ ਨਾਲ ਲੱਗ ਪਵੇਗਾ। ਪ੍ਰੀਤੂ ਔਂਦਾ ਏ ਤਾਂ ਮੈਂ ਤੁਹਾਡੇ ਘਰ ਸੁਨੇਹਾ ਭੇਜ ਦਿਆਂਗੀ।"
“ਤੇਰਾ ਕਿਹਾ ਤਾਂ ਮੈਂ ਨਹੀਂ ਮੋੜਦੀ। ਮਾਂ ਚੰਗੀ ਮੰਦੀ ਆਖੇਗੀ ਵੀ, ਤਾਂ ਮੂੰਹ ਠਾਂਹ ਕਰ ਛੱਡਾਂਗੀ ਤੇ ਪ੍ਰੀਤੂ ਨੇ ਪਿਆਰੇ ਦੀ ਰੋਟੀ ਲੈ ਕੇ ਨਹੀਂ ਔਣਾ ? ਮੈਂ ਈ ਫੜੀ ਜਾਵਾਂ, ਪਰ ਮੇਰੇ ਹੱਥਾਂ ਦੀ ਉਹਨੇ ਨਾ ਖਾਧੀ ਤਾਂ।" ਨੂਰਾਂ ਇਕੋ ਸਾਹ ਏਨਾ ਕੁਝ ਆਖ ਗਈ।
"ਪਿਆਰਾ ਛੱਡਿਆ, ਉਹਦਾ ਪਿਉ ਵੀ ਖਾਏਗਾ। ਨਾਲੇ ਤੂੰ ਤਾਂ ਮੇਰੀ ਧੀ ਹੋਈਓਂ।” ਦਲੀਪ ਕੌਰ ਨੇ ਆਪਣਾ ਰੁਹਬ ਰੱਖਣ ਵਾਸਤੇ ਕਹਿ ਦਿੱਤਾ।
ਇਨਸਾਨੀ ਸੁਭਾਉ। ਜੋ ਕੁਝ ਕਰਨ ਦੇ ਉਹ ਵਿਰੁੱਧ ਹੁੰਦਾ ਹੈ, ਕਈ ਵਾਰ ਵਡੱਪਣ ਜਾਂ ਹੱਠ ਪ੍ਰੇਰਿਆ ਉਹ ਓਹਾ ਕੁਝ ਕਰਨ ਵਾਸਤੇ ਤਿਆਰ ਹੋ ਪੈਂਦਾ ਹੈ। ਦਲੀਪ ਕੌਰ ਇਹ ਸੋਚ ਵੀ ਨਹੀਂ ਸੀ ਸਕਦੀ ਕਿ ਇਕ ਮੁਸਲਮਾਨ ਲੜਕੀ ਦੇ ਹੱਥਾਂ ਦਾ ਛੋਹਿਆ ਹੋਇਆ ਉਨ੍ਹਾਂ ਦੇ ਪਰਿਵਾਰ ਦਾ ਕੋਈ ਜੀ ਖਾਵੇ। ਕਈ ਵਾਰ ਉਹ ਇਸ ਸੁੱਚ ਭਿੱਟ ਦੇ ਮਸਲੇ ਤੋਂ ਆਪਣੇ ਪਤੀ ਨਾਲ ਝਗੜ ਵੀ ਪਈ ਸੀ, ਪਰ ਅੱਜ page-break
ਗੱਲਾਂ ਦੇ ਜਾਲ ਵਿੱਚ ਫਸੀ ਹੋਈ, ਉਹ ਆਪ ਹੀ ਇਸ ਕੰਮ ਲਈ ਤਿਆਰ ਹੋ ਪਈ।
“ਚਾਚਾ ਤਾਂ ਖਾ ਈ ਲਵੇਗਾ। ਉਸ ਨੂੰ ਮੇਰੇ ਅੱਬਾ ਵਾਂਗ ਕੋਈ ਨਿੰਦ ਵਚਾਰ ਨਹੀਂ, ਪਰ ਜੇ ਪਿਆਰੇ ਨੇ ਨਾ ਖਾਧੀ ਤਾਂ।" ਨੂਰਾਂ ਨੇ ਚਾਚੀ ਨੂੰ ਹੋਰ ਪੱਕਿਆਂ ਕਰਨ ਵਾਸਤੇ ਕਿਹਾ। ਭਾਵੇਂ ਉਹਦਾ ਦਿਲ ਕਹਿ ਰਿਹਾ ਸੀ ਕਿ ਪਿਆਰਾ ਤਾਂ ਉਹਦੇ ਹੱਥੋਂ ਰੋਟੀ ਲੈ ਕੇ ਧੰਨ ਭਾਗ ਸਮਝੇਗਾ।
"ਬਹੁਤੀਆਂ ਗੱਲਾਂ ਨਾ ਬਣਾ। ਮੈਂ ਤੁਹਾਡੇ ਢਿੱਡਾਂ ਦੀਆਂ ਜਾਣਦੀ ਆਂ। ਖੇਖਣ ਹੱਥੀ ਨਾ ਹੋਵੇ।"
ਨੂਰਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਾਂ ਦਲੀਪ ਕੌਰ ਨੇ ਪੌਣੇ ਵਿੱਚ ਰੋਟੀਆਂ ਬੰਨ੍ਹ ਕੇ ਨੂਰਾਂ ਦੇ ਹੱਥ ਫੜਾ ਦਿੱਤੀਆਂ।
"ਸੱਜੇ ਹੱਥ ਲੱਸੀ ਦੀ ਬਾਲਟੀ ਫੜ ਕੇ ਤੁਰਦੀ ਬਣ। ਹਾਲੀ ਪਿੰਡ ਵੱਲੇ ਭੌਂ- ਭੌਂ ਵਿਹੰਦੇ ਹੋਣਗੇ।” ਦਲੀਪ ਕੌਰ ਨੇ ਪੂਰੇ ਅਧਿਕਾਰ ਨਾਲ ਹੁਕਮ ਦਿੱਤਾ।
ਦਲੀਪ ਕੌਰ ਦੇ ਅਖ਼ੀਰਲੇ ਵਾਕ ਸੁਣ ਕੇ ਨੂਰਾਂ ਸ਼ਰਮ ਨਾਲ ਲਾਲ ਸੂਹੀ ਹੋ ਗਈ। ਮੁਟਿਆਰ ਦਾ ਉਹ ਰੂਪ ਦਲੀਪ ਕੌਰ ਨੂੰ ਬਹੁਤ ਪਿਆਰਾ ਲੱਗਾ। ਨੂਰਾਂ ਛੇਤੀ ਨਾਲ ਪਿੱਛਾਂ ਪਰਤ ਕੇ ਬਾਹਰ ਨੂੰ ਤੁਰ ਪਈ। ਦਲੀਪ ਕੌਰ ਦੀ ਨਿਗਾ ਓਨਾ ਚਿਰ ਨੂਰਾਂ 'ਤੇ ਟਿਕੀ ਰਹੀ, ਜਿੰਨਾ ਚਿਰ ਉਹ ਬੂਹਿਓਂ ਉਹਲੇ ਨਾ ਹੋ ਗਈ। 'ਨੂਰਾਂ' ਕਿਤੇ ਤੂੰ ਜੱਟਾਂ ਦੀ ਧੀ ਹੁੰਦੀਓਂ ਤਾਂ ਤੇਰੇ ਸਿਰ ਤੋਂ ਪਾਣੀ ਦੀ ਥਾਂ ਦੁੱਧ ਵਾਰ ਕੇ ਪੀਂਦੀ। ਦਲੀਪ ਕੌਰ ਨੇ ਠੰਢਾ ਸਾਹ ਭਰ ਕੇ ਦਿਲ ਹੀ ਦਿਲ ਵਿੱਚ ਕਿਹਾ।
ਹਵੇਲੀਓਂ ਨਿਕਲ ਕੇ ਨੂਰਾਂ ਰਾਹੇ-ਰਾਹੇ ਜਾਣ ਦੀ ਥਾਂ ਸਿੱਧੀ ਡੰਡੀਏ ਪੈ ਗਈ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਮੁਸੀਬਤ, ਉਹਦਾ ਕੋਈ ਹੱਥ ਵੀ ਵਿਹਲਾ ਨਹੀਂ ਸੀ, ਜਿਸ ਨਾਲ ਮੱਛਰਦੇ ਦਿਲ ਨੂੰ ਕਾਬੂ ਰੱਖ ਸਕਦੀ। ਉਹਦੀ ਤੋਰ ਸੁਭਾਵਕ ਨਹੀਂ ਸੀ ਰਹੀ। ਉਹ ਬੜੇ ਕਾਹਲੇ ਕਦਮੀ ਤੁਰ ਰਹੀ ਸੀ। ਹਵਾ ਨਾਲ ਚੁੰਨੀ ਦਾ ਹਿਲਦਾ ਪੱਲਾ ਵੇਖ ਕੇ ਉਹਦਾ ਮਨ ਉੱਡਣ ਨੂੰ ਕਰ ਰਿਹਾ ਸੀ। ਉਹਦੇ ਗੋਰੇ ਮੂੰਹ ਉੱਤੇ ਸੂਹੀ ਮੁਸਕਰਾਹਟ ਤੇ ਦਿਲ ਵਿੱਚ ਮਿੱਠੀਆਂ ਸੋਚਾਂ ਸਨ। 'ਹਾਇ ਮੈਂ ਮਰ ਗਈ। ਭਾਵੇਂ ਚਾਚੀ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਹੋਵੇ। ਗੱਲਾਂ ਕਰਦਿਆਂ ਉਹ ਵਿੱਚ ਟਕੋਰਾਂ ਤਾਂ ਲੈਂਦੀ ਸੀ। ਹੁਣ ਮੈਂ ਕੀ ਕਰਾਂ ?' ਇਕ ਗੱਲੋਂ ਤਾਂ ਚੰਗਾ ਈ ਹੋਇਆ। ਉਸ ਨੂੰ ਪਤਾ ਲੱਗ ਗਿਆ। ਅਚਨਚੇਤ ਇਕੇ ਵਾਰ ਕੋਈ ਗੱਲ ਹੁੰਦੀ ਤਾਂ ਉਹ ਅਚੰਭੇ ਤੇ ਗੁੱਸੇ ਨਾਲ ਭੜਕ ਉਠਦੀ। ਹੁਣ ਸਹਿਜ-ਸਹਿਜ ਉਹਦਾ ਗੁੱਸਾ ਮੱਠਾ ਹੋ ਜਾਵੇਗਾ। ਖਵਰੇ ਅਜੇ ਵਰ੍ਹਾ ਲੰਘ ਜਾਏ ਕਿ ਦੋ ਵਰ੍ਹੇ। ਮੇਰੀ ਮਾਂ ਕਿਹੜਾ ਛੇਤੀ ਮੰਨਣ ਲੱਗੀ ਏ। ਚਲੋ; ਚਾਚੇ ਵੱਲੋਂ ਤਾਂ ਡਰ ਘਟਿਆ। ..ਪਰ ਇਹ page-break
ਤਾਂ ਮੇਰੇ ਦਿਲ ਦੀਆਂ ਈਂ ਨੇ ਨਾ ਕੀ ਪਤਾ ਚਾਚੀ ਨੇ ਆਖ ਦਿੱਤਾ ਕਿ ਮੈਂ ਵੀ ਤੇਰੀ ਮਾਂ ਈ ਆਂ। ਅੱਬਾ ਨਹੀਂ ਪਿਆਰੇ ਨੂੰ ਪੁੱਤ ਆਖ ਦਿਆ ਕਰਦਾ ? ਐਵੇਂ ਸ਼ੇਖ਼ ਚਿਲੀ ਵਾਂਗ ਸੁਫਨੇ ਵੇਖ ਰਹੀ ਸੀ। ਐਡੀ ਕਿਸਮਤ ਕਿੱਥੇ ? ਪਰ ਜੇ ਇਹ ਗੱਲ ਸਿਰੇ ਨਾ ਚੜ੍ਹੀ ਤਾਂ ਮੈਂ ਕਿਵੇਂ ਜੀਵਾਂਗੀ। ਮੈਂ ਤੇ ਪਿਆਰਾ ਨਿੱਕੇ ਹੁੰਦਿਆਂ ਤੋਂ ਕੱਠੇ ਖੇਡਦੇ ਆਏ ਆਂ। ਸਹਿਜ-ਸਹਿਜ ਪਿਆਰ ਹੱਡਾਂ ਵਿੱਚ ਰਚ ਗਿਆ। ਅੱਬਾ ਪੜ੍ਹਦਾ ਹੁੰਦਾ ਏ, ਇਸ਼ਕ ਨਾ ਪੁੱਛੇ ਜਾਤ ਓਹਾ ਗੱਲ ਹੋਈ। ਸਾਡੇ ਦੋਹਾਂ ਦੇ ਦਿਲ ਮਿਲ ਗਏ ਨੇ। ਓਦਣ ਪਿਆਰਾ ਵੀ ਆਹੰਦਾ ਸੀ, 'ਨੂਰਾਂ, ਮੈਂ ਤੇਰੇ ਬਿਨਾਂ ਜਿਉਣ ਨਹੀਂ ਲੱਗਾ।' ਤੇ ਸੱਚੀ ਗੱਲ ਏ, ਆਪਣੇ ਪਿਆਰੇ ਬਿਨਾਂ ਜਿਉਣਾ ਵੀ ਕਾਹਦਾ। ਹਾਇ ਅੱਲ੍ਹਾ! ਅਸੀਂ ਲੁਕ ਛਿਪ ਕੇ ਸੁਖਨ ਕਰ ਲੈ, ਇਕ ਦੂਜੇ ਨੂੰ ਕੌਲ ਦੇ ਦਿੱਤੇ, ਹੁਣ ਇਹ ਕੌਲ ਕਰਾਰ ਸਿਰੇ ਚੜ੍ਹਨ, ਤਾਂ ਤਦ ਏ। ਉਂਞ ਅਸਾਂ ਤੈਨੂੰ ਜਾਮਨ ਰੱਖਿਆ ਏ, ਤਾਂ ਵੇਖ ਲੈ ਤੇਰੀ ਪਾਕ ਜਾਤ ਨੂੰ ਦਾਗ਼ ਨਹੀਂ ਲੱਗਣ ਦਿੱਤਾ। ਅਸੀਂ ਦੋਵੇਂ ਪਾਕ ਸਾਫ਼ ਆਂ, ਗੁਨਾਹ ਦੇ ਭਾਗੀ ਨਹੀਂ ਬਣੇ। ਹੁਣ ਤੇਰੇ ਹੱਥ ਸਾਡੀਆਂ ਸ਼ਰਮਾਂ ਨੇ। ਅੱਲ੍ਹਾ ਮਿਹਰ ਕਰ ਦੇਵੇ, ਤਾਂ ਜੋੜੀ ਰਲੇ, ਪਈ ਹੱਦ ਮੁਕ ਜੈ। ਅੱਬਾ ਤੇ ਚਾਚਾ ਤਾਂ ਨਰਾਜ਼ ਨਹੀਂ ਹੋਣ ਲੱਗੇ। ਅੰਮਾ ਖ਼ੁਸ਼ੀ ਨਾਲ ਮੰਨਣ ਨਹੀਂ ਲੱਗੀ। ਬਾਕੀ ਰਹੀ ਚਾਚੀ, ਉਹ ਵੀ ਸਹਿਜ-ਸਹਿਜ ਠੀਕ ਹੋ ਜਾਏਗੀ। ਮੈਂ ਉਹਦੀ ਐਨੀ ਸੇਵਾ ਕਰਾਂਗੀ, ਕਿ ਉਹ... ਉਹ... ਅੰਤ ਉਹ ਮੈਨੂੰ ਪਿਆਰ ਕਰਨ ਲੱਗ ਈ ਪਵੇਗੀ। ਲੋਕੀਂ ? ਹਾਂ ਚੁਗ਼ਲਖ਼ੋਰ ਲੋਕ ਜ਼ਰੂਰ ਗੱਲਾਂ ਕਰਨਗੇ। ਵੇਖੋ ਨੀ! ਤੇ ਉਹ ਸਿੱਖ ਤੇ ਮੁਸਲਮਾਨੀ। ਹਾਇ ਹੈ ਨੀ! ਬਥੇਰੀਆਂ ਹੈ ਹੈ ਹੋਣਗੀਆਂ। ਤੇ ਮਗਰੋਂ ਲਹਿਣ ਗੱਲਾਂ ਕਰਨ ਵਾਲੇ। ਸਾਡਾ ਕੀ ਕਰ ਲੈਣਗੇ। ਆਪੇ ਦਸ ਦਿਨ ਚਿੜ-ਚਿੜ ਕਰਕੇ ਚੁੱਪ ਕਰ ਜਾਣਗੇ। ਅਖੋ : ਮੀਆਂ ਬੀਬੀ ਰਾਜੀ ਤੇ ਕੀ ਕਰੇਗਾ ਕਾਜੀ। ਉਹ ਮਰ ਗਿਆ ਕਾਜੀ ਮਗਰੋਂ ਲਹਿ ਜਾਵੇ, ਤਾਂ ਸਭ ਠੀਕ ਹੋ ਜਾਵੇ। ਹੱਛਾ, ਅੱਲ੍ਹਾ ਅੱਗੇ ਈ ਦੁਆ ਏ। ਸਾਡੀ ਪਾਕਿ ਮੁਹੱਬਤ ਏ। ਆਪੇ ਲਾਜ ਰੱਖੇਗਾ। ਪਿਆਰਾ ਸੌਂਦਾ ਹੁੰਦਾ ਏ, ਅਖੇ : ਪਾਕ ਮੁਹੱਬਤ ਜਿਨ੍ਹਾਂ ਦੀ, ਰੱਬ ਉਹਨਾਂ ਦੇ ਨਾਲ।
ਏਹਾ ਸੋਚਾਂ ਸੋਚਦੀ ਨੂਰਾਂ ਖੇਤ ਜਾ ਪਹੁੰਚੀ। ਅੱਗੇ ਖਾਲ ਦੀ ਵੱਟ 'ਤੇ ਬੈਠਾ ਪਿਆਰਾ ਪਿੰਡ ਵੱਲ ਵੇਖ ਰਿਹਾ ਸੀ। ਉਹਨੇ ਕਣਕ ਦੀ ਰੌਣੀ ਵਾਸਤੇ ਵਾਹਣ ਨੂੰ ਪਾਣੀ ਲਾਇਆ ਹੋਇਆ ਸੀ।
"ਪਿਆਰਿਆ! ਅੱਜ ਕੁਝ ਵੰਡ ਵੇ! ਮੈਂ ਤੇਰੀ ਰੋਟੀ ਲੈ ਕੇ ਆਈ।" ਕੋਲ ਪਹੁੰਚ ਕੇ ਨੂਰਾਂ ਨੇ ਅਨੋਖੇ ਉਤਸ਼ਾਹ ਨਾਲ ਕਿਹਾ।
"ਧਰਮ ਨਾਲ।" ਹੈਰਾਨੀ ਮਿਲੀ ਖ਼ੁਸ਼ੀ ਵਿੱਚ ਪਿਆਰਾ ਦੀਵਾਨਿਆਂ ਵਾਂਗ ਉਠ ਕੇ ਖਲੋ ਗਿਆ। page-break
"ਸਹੁੰ ਅੱਲ੍ਹਾ ਦੀ। ਆਹ ਵੇਖ ਲੱਸੀ ਦੀ ਬਾਲਟੀ ਵੀ। ਚਾਚੀ ਨੇ ਆਖਿਆ, ਤੂੰ ਤਾਂ ਮੇਰੀ ਧੀ ਏਂ। ਤੂੰ ਆ ਕੇ ਮੇਰੀਆਂ ਰੋਟੀਆਂ ਪਕਾਇਆ ਕਰ। ਪਿਆਰਾ ਤੇਰੇ ਹੱਥਾਂ ਦੀ ਖਾਏਗਾ। ਕਿਉਂ ਨਹੀਂ। ਤੂੰ ਤਾਂ ਚੰਦ ਵਰਗੀ ਏਂ। ਮੈਂ ਤੇਰੀ ਮਾਂ ਕੋਲੋਂ ਤੈਨੂੰ ਮੰਗ ਲਵਾਂਗੀ। ਉਸ ਨੇ ਉਹਨੇ ਵੇਖ ਨਾ ਤੇਰੀ ਸਹੁੰ! ਉਹਨੇ ਚਾਚੀ ਨੇ ਕਿਹਾ... ਤੇ ਮੈਂ ਸ਼ਰਮ ਨਾਲ ਮਰਦੀ ਜਾਵਾਂ। ਤੇ ਮੈਂ ।" ਨੂਰਾਂ ਨੂੰ ਉਸ ਵੇਲੇ ਆਪਣੇ ਆਪ ਦਾ ਵੀ ਗਿਆਨ ਨਹੀਂ ਸੀ ਕਿ ਉਹ ਪਾਗ਼ਲਾਂ ਵਾਂਗ ਕੀ ਬਕੀ ਜਾ ਰਹੀ ਸੀ।
"ਹੈਂ ਹੈਂ ? ਕੀ ਹੋ ਗਿਆ ਏ ਤੈਨੂੰ! ਕਿਤੇ ਖ਼ੁਸ਼ੀ ਵਿੱਚ ਕਮਲੀ ਹੀ ਨਾ ਹੋ ਜਾਵੀਂ। ਲਿਆ ਕਰ।" ਪਿਆਰੇ ਨੇ ਸਿਰ ਤੋਂ ਰੋਟੀਆਂ ਫੜ ਲਈਆਂ ਤੇ ਉਹਨੂੰ ਬਾਹੋਂ ਖਿੱਚ ਕੇ ਕੋਲ ਬਹਾ ਲਿਆ।
"ਹਾਏ ਅੱਲ੍ਹਾ! ਮੈਂ ਕੀ ਕੁਝ ਬਕ ਗਈ ਆਂ।" ਆਪਣੇ ਆਪ ਦੀ ਸੋਝੀ ਆਉਣ 'ਤੇ ਨੂਰਾਂ ਨੇ ਸ਼ਰਮਾ ਕੇ ਦੋਹਾਂ ਹੱਥਾਂ ਨਾਲ ਮੂੰਹ ਢੱਕ ਲਿਆ।
"ਵਾਹ ਭਈ! ਨਖ਼ਰਾ ਕਰਨ ਵਿੱਚ ਤਾਂ ਸੈਹਬਾਂ ਨੂੰ ਮਾਤ ਪਾ ਦਿੱਤਾ ਈ। ਉਹਨੇ ਆਖਿਆ ਸੀ ਛੱਡ ਵੇ ਜੱਟਾ ਮਿਰਜਿਆ, ਮੈਨੂੰ ਮੈਲੇ ਹੱਥ ਨਾ ਲਾ।" ਕਿਤੇ ਮਿਰਜ਼ੇ ਬਾਰੇ ਉਹਨੇ ਸੁਣ ਰੱਖਿਆ ਸੀ ਕਿ ਉਹਨਾਂ ਦੀ ਮੁਹੱਬਤ ਰੱਬ ਦੀ ਜ਼ਾਤ ਵਾਂਗ ਪਾਕ ਹੈ।
"ਮੈਲੇ ਹੱਥ ਹੋਣਗੇ ਮਿਰਜ਼ੇ ਦੇ, ਮੈਲੀ ਨੀਤ ਹੋਵੇਗੀ ਸੈਹਬਾਂ ਦੀ। ਸਾਡੇ ਤਾਂ ਹੱਥ ਵੀ ਤੇ ਦਿਲ ਵੀ ਪਾਕ ਨੇ। ਅੜਿਆ। ਮੁੜ ਕੇ ਮੈਨੂੰ ਸੈਹਬਾਂ ਨਾ ਆਖੀਂ। ਮੈਂ ਤਾਂ ਆਪਣੇ ਪਿਆਰੇ ਦੀ ਨੂਰਾਂ ਆਂ। ਵਿਆਹ ਪਿੱਛੋਂ ਤੂੰ ਭਾਵੇਂ ਮੇਰਾ ਨਾਂ ਬੰਤੋ ਰੱਖ ਲਵੀਂ।" ਨੂਰਾਂ ਨੇ ਓਸੇ ਤਰ੍ਹਾਂ ਅੱਖਾਂ ਅੱਗੇ ਹੱਥ ਦਿੱਤੀ ਕਿਹਾ।
“ਹੱਛਾ ਸੈਹਬਾਂ ਨਾ ਸਹੀ, ਸੋਹਣੀ ਸਹੀ। ਲਿਆਓ ਸਰਕਾਰ, ਹੁਣ ਫੜਾਉ ਰੋਟੀ ਤੇ ਪਾਓ ਲੱਸੀ। ਤੇਰੇ ਹੱਥਾਂ ਦੀ ਰੋਟੀ ਵਿੱਚੋਂ ਤਾਂ, ਅੱਜ ਹੀਰ ਦੀ ਚੂਰੀ ਨਾਲੋਂ ਵਧੇਰੇ ਸੁਆਦ ਆਵੇਗਾ।" ਪਿਆਰੇ ਨੇ ਮੱਲੋ ਮੱਲੀ ਨੂਰਾਂ ਦੇ ਹੱਥ ਫੜ ਕੇ ਅੱਖਾਂ ਤੋਂ ਵੱਖ ਕਰ ਦਿੱਤੇ।
ਕਿੰਨਾ ਚਿਰ ਉਹ ਦੋਵੇਂ ਇਕ ਦੂਜੇ ਦੀਆਂ ਅੱਖਾਂ ਵਿੱਚ ਵਿਹੰਦੇ ਰਹੇ। ਦੋਵੇਂ ਜਵਾਨ ਦਿਲ ਇਉਂ ਮਹਿਸੂਸ ਕਰ ਰਹੇ ਸਨ, ਜਿਵੇਂ ਚਲਦਾ ਸਮਾਂ ਉਹਨਾਂ ਵਾਸਤੇ ਇਕ ਥਾਂ 'ਤੇ ਰੁਕ ਗਿਆ ਹੋਵੇ।
"ਪਿਆਰਿਆ! ਕੌਲ ਦਿਹ, ਕਿ ਇਹ ਫੜੇ ਹੋਏ ਹੱਥ ਛੱਡੇਂਗਾ ਨਹੀਂ। ਕਦੇ ਵੀ ਨਹੀਂ ਛੱਡੇਂਗਾ।" ਨੂਰਾਂ ਨੇ ਦੋਵੇਂ ਹੱਥ ਹਿਲਾ ਕੇ ਜ਼ੋਰ ਨਾਲ ਕਿਹਾ।
"ਮਰਦਾਂ ਵਾਲਾ ਕੌਲ। ਮਰਦ ਬਾਂਹਾਂ ਫੜੀ ਨਾ ਛੱਡਦੇ, ਜੱਟੀਏ। ਸਿਰ ਧੜ ਦੀ ਦੇਂਦੇ ਲਾ।" ਪਿਆਰੇ ਨੇ ਮਿਰਜ਼ੇ ਦੀ ਸੁਰ ਦੇ ਰਹਾ 'ਤੇ ਕਿਹਾ। page-break
"ਤੇ ਮੈਂ ਵੀ ਪਿਆਰਿਆ। ਤੇਰੀ ਹੋ ਕੇ ਰਹਾਂਗੀ, ਇਕ ਤੇਰੀ। ਆਪੇ ਸੌਂਦਾ ਹੁੰਦਾ ਏਂ ਨਾ : ਮੇਰੀ ਰੂਹ ਅਮਾਨਤ ਯਾਰ ਦੀ ਪਰ ਤਨ 'ਤੇ ਨਹੀਂਗਾ ਜ਼ੋਰ। ਪਿਆਰਿਆ!....।”
ਦੋਵੇਂ ਜਵਾਨ ਦਿਲ ਸਾਂਝੀ ਲੈ ਵਿੱਚ ਧੜਕਦੇ ਰਹੇ ਤੇ ਪਤਾ ਨਹੀਂ ਕਿੰਨਾ ਚਿਰ ਉਹ ਆਪਣੇ ਕੌਲ ਕਰਾਰ ਮੁੜ-ਮੁੜ ਦੁਹਰਾਉਂਦੇ ਰਹੇ।
"ਹਾਇ ਮੈਂ ਮਰ ਗਈ!" ਨੂਰਾਂ ਇਕੇ ਵਾਰ ਭਕ ਕੇ ਬੋਲੀ, “ਚਾਚੇ ਤੇ ਅੱਬਾ ਦੀ ਰੋਟੀ ਲਜਾਣ ਦਾ ਚੇਤਾ ਈ ਭੁੱਲ ਗਿਆ ਸੀ।"
"ਨੂਰਾਂ! ਸੱਚ ਦੱਸੀਂ, ਤੂੰ ਅੱਜ ਖ਼ੁਸ਼ ਨਹੀਂ ? ਆਪਣੇ ਪਿਆਰੇ ਦੀ ਰੋਟੀ ਲੈ ਕੇ ਆਈ ਏਂ।"
"ਬਹੁਤ ਖ਼ੁਸ਼।" ਨੂਰਾਂ ਨੇ ਸਿਰ ਹਿਲਾ ਕੇ ਕਿਹਾ, “ਪਰ ਪੂਰੀ ਖ਼ੁਸ਼ ਓਦਣ ਹੋਵਾਂਗੀ, ਜਿੱਦਣ ਆਪਣੇ ਹੱਥੀਂ ਪਕਾ ਕੇ ਤੇ ਘੁੰਡ ਕੱਢ ਕੇ ਆਪਣੇ ਮਾਹੀ ਦਾ ਭੱਤਾ ਲੈ ਕੇ ਆਵਾਂਗੀ। ਓਨਾ ਚਿਰ ਸਬਰ ਨਾਲ ਉਡੀਕ। ਹਾਂ ਸੱਚ, ਮੈਂ ਰੋਟੀ ਖੁਆ ਕੇ ਔਂਦੀ ਆਂ। ਫਿਰ ਦੋਵੇਂ ਕਪਾਹ ਚੁਗਾਂਗੇ।" ਨੂਰਾਂ ਬਾਕੀ ਰੋਟੀ ਚੁੱਕ ਕੇ ਤੁਰ ਪਈ।
ਚਰੀ ਦੇ ਦੂਸਰੇ ਪਾਸੇ ਦੋ ਪੈਲੀਆਂ ਦੀ ਵਿੱਥ 'ਤੇ ਧਰਮ ਸਿੰਘ ਤੇ ਇਲਮਦੀਨ ਹਲ ਵਾਹ ਰਹੇ ਸਨ।
੫.
"ਧਰਮ ਸਿਹਾਂ। ਮੈਂ ਸੋਚਦਾਂ, ਬਣੇਗਾ ਕੀ! ਮੈਨੂੰ ਰਾਤ ਭਰ ਨੀਂਦ ਨਹੀਂ ਔਂਦੀ।" ਇਲਮਦੀਨ ਨੇ ਅਫ਼ਸੋਸ ਵਿੱਚ ਸਿਰ ਹਿਲਾਉਂਦਿਆਂ ਕਿਹਾ।
"ਤੇਰੇ ਵਰਗੇ ਬੰਦੇ ਨੂੰ ਨੀਂਦ ਨਹੀਂ ਔਂਦੀ, ਤਾਂ ਹਮਾਤੜਾਂ ਦਾ ਕੀ ਹਾਲ।” ਧਰਮ ਸਿੰਘ ਨੇ ਇਲਮਦੀਨ ਦੇ ਧੀਰਜ ਦੀ ਦਿਲੋਂ ਸਲਾਹੁਤ ਕਰਦਿਆਂ ਕਿਹਾ। ਦੋਵੇਂ ਜਣੇ ਇਲਮਦੀਨ ਦੀ ਪੈਲੀ ਵਿੱਚ ਹਲ ਵਾਹ ਰਹੇ ਸਨ।
“ਪੰਜ ਛੇ ਦਿਨ ਹੋਏ, ਮੈਂ ਨੂਰਾਂ ਦੀ ਮਾਂ ਦਾ ਧੱਕਿਆ ਧਕਾਇਆ ਲਾਹੌਰ ਗਿਆ ਸੀ।” ਇਲਮਦੀਨ ਨੇ ਉਦਾਸੀ ਹੋਈ ਸੁਰ ਵਿੱਚ ਕਿਹਾ, "ਓਥੇ ਮੈਂ ਜੋ ਕੁਝ ਵੇਖਿਆ ਸੁਣਿਆ, ਬੱਸ ਮੇਰੇ ਦਿਲ ਦਾ ਅਮਨ ਈ ਜਾਂਦਾ ਰਿਹਾ।"
“ਉ ਛੱਡ ਠਾਂਹ! ਤੂੰ ਐਵੇਂ ਦਿਲ ਨੂੰ ਲਾ ਲੈਂਦਾ ਏਂ। ਇਹ ਚਾਰ ਦਿਨ ਦਾ ਰੌਲਾ ਗੋਲਾ ਏ। ਆਪੇ ਠੰਡ-ਠੰਢੇੜਾ ਹੋ ਜਾਏਗਾ।" ਧਰਮ ਸਿੰਘ ਨੇ ਹੌਂਸਲਾ ਦੇਂਦਿਆਂ ਕਿਹਾ, ਭਾਵੇਂ ਉਹਦੇ ਆਪਣੇ ਮਨ ਵਿੱਚ ਵੀ ਬੜੀ ਡੂੰਘੀ ਚਿੰਤਾ ਸੀ।
"ਨਹੀਂ।” ਇਲਮਦੀਨ ਨੇ ਨਿਰਾਸਤਾ ਵਿੱਚ ਸਿਰ ਧੁਣਦਿਆਂ ਕਿਹਾ, “ਚਾਰ page-break
ਦਿਨ ਦਾ ਰੌਲਾ ਨਹੀਂ, ਇਹ ਬੜੀ ਗਿਣੀ ਮਿਥੀ ਚਾਲ ਏ। ਪਿਛਲੇ ਦਿਨੀਂ ਕਲਕੱਤੇ ਵਿੱਚ ਜੋ ਕੁਝ ਹੋਇਆ ਏ, ਚੇਤੇ ਈ ਨਾ।"
"ਸ਼ਹਿਰੀਆਂ ਦੇ ਤਾਂ ਲਹੂ ਬੱਗੇ ਹੋਏ ਹੁੰਦੇ ਨੇ।" ਧਰਮ ਸਿੰਘ ਵਿੱਚੋਂ ਹੀ ਬੋਲ ਉੱਠਿਆ, "ਨਾ ਉਹਨਾਂ ਨੂੰ ਕਿਸੇ ਦਾ ਅੱਖ ਲਿਹਾਜ, ਨਾ ਕੋਈ ਬਰਾਦਰੀ ਭਾਈਚਾਰਾ। ਕੋਈ ਕਿਤੋਂ ਆ ਕੇ ਵੱਸਿਆ ਹੁੰਦਾ ਏ, ਕੋਈ ਕਿਤੋਂ। ਤੇ ਭਲਾ ਪਿੰਡਾਂ ਵਾਲੇ ਕਿਵੇਂ ਪਾਟ ਜਾਣਗੇ, ਜਿਨ੍ਹਾਂ ਦੀ ਮੁੱਢ ਕਦੀਮਾਂ ਦੀ ਸਾਂਝ ਏ।"
"ਭਲਿਆ ਲੋਕਾ! ਸਭ ਸਾਂਝਾਂ ਟੁੱਟ ਜਾਂਦੀਆਂ ਨੇ, ਜਦੋਂ ਸਿਆਸਤ ਈਮਾਨ ਉੱਤੇ ਹਾਵੀ ਹੋ ਜਾਂਦੀ ਏ।”
"ਉ ਛੱਡ ਠਾਂਹ! ਬੇਹੌਂਸਲਿਆਂ ਵਾਲੀਆਂ ਗੱਲਾਂ। ਕੀ ਕਰ ਲਏਗੀ ਕਿਸੇ ਦੀ ਸਿਆਸਤ ? ਕੀ ਮੈਂ ਤੈਨੂੰ ਮਾਰਨ ਵਾਸਤੇ ਤਿਆਰ ਹੋ ਜਾਵਾਂਗਾ, ਜਾਂ ਤੂੰ ਮੈਨੂੰ ਮਾਰਨ ਵਾਸਤੇ।" ਧਰਮ ਸਿੰਘ ਆਪਣਾ ਦੋਸਤੀ ਦਾ ਰਿਸ਼ਤਾ ਅਟੁੱਟ ਸਮਝਦਾ ਸੀ।
"ਠੀਕ ਏ। ਨਾ ਮੈਂ ਤੈਨੂੰ ਮਾਰਾਂਗਾ, ਨਾ ਤੂੰ ਮੈਨੂੰ, ਪਰ ਧਰਮ ਸਿੰਘ ਨੂੰ ਮਾਰਨ ਵਾਸਤੇ ਕੋਈ ਕਰਮਦੀਨ ਤਿਆਰ ਹੋ ਜਾਏਗਾ ਤੇ ਇਲਮਦੀਨ ਨੂੰ ਮਾਰਨ ਵਾਸਤੇ ਕੋਈ ਰਾਮ ਸਿੰਘ ਮੈਦਾਨ ਵਿੱਚ ਆ ਜਾਏਗਾ।"
"ਤੂੰ 'ਪਾਕਿਸਤਾਨ ਜ਼ਿੰਦਾਬਾਦ' ਤੇ 'ਪਾਕਿਸਤਾਨ ਮੁਰਦਾਬਾਦ' ਦੇ ਨਾਹਰਿਆਂ ਤੋਂ ਡਰ ਗਿਆ ਜਾਪਦਾ ਏਂ। ਇਹ ਤਾਂ ਅੰਞਾਣਿਆਂ ਵਾਲੀ ਚਾਰ ਦਿਨ ਦੀ ਖੇਡ ਏ। ਪਾ ਲੈਣ ਦਸ ਦਿਨ ਲੁੱਡੀ ਇਹ ਵਿਹਲੇ ਲੀਡਰ ਲੋਕ। ਹੋਰ ਪਾਕਸਤਾਨ ਬਣਨਾ ਬਨੌਣਾ ਕੋਈ ਨਹੀਂ।" ਧਰਮ ਸਿੰਘ ਨੂੰ ਵਾਪਰਨ ਵਾਲੀ ਭਾਵੀ 'ਤੇ ਯਕੀਨ ਨਹੀਂ ਸੀ।
"ਇਹ ਖ਼ਿਆਲ ਤੇਰਾ ਗ਼ਲਤ ਏ। ਪਾਕਿਸਤਾਨ ਜ਼ਰੂਰ ਬਣ ਜਾਣਾ ਏਂ।” ਪਿਛਲੇ ਦਿਨ ਇਲਮਦੀਨ ਜੋ ਲਾਹੌਰੋਂ ਸੁਣ ਕੇ ਆਇਆ ਸੀ, ਉਸ ਉੱਤੇ ਉਹਨੂੰ ਬਹੁਤ ਕੁਛ ਯਕੀਨ ਹੋ ਗਿਆ ਸੀ।
"ਪਰ ਮੈਂ ਆਹਨਾਂ ਬਣਾਵੇਗਾ ਕੌਣ ? ਪੀਹੜੀਆਂ ਤੋਂ ਕੱਠੇ ਵਸਦੇ ਆ ਰਹੇ ਹਿੰਦੂ ਮੁਸਲਮਾਨਾਂ ਨੂੰ ਵੱਖ-ਵੱਖ ਕੌਣ ਕਰੇਗਾ। ਮੈਂ ਨਹੀਂ ਮੰਨਦਾ।" ਧਰਮ ਸਿੰਘ ਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ।
“ਪਾਕਿਸਤਾਨ ਬਣਾਏਗਾ ਅੰਗਰੇਜ਼। ਬਣਾਉਣਗੇ ਹਿੰਦੂ ਤੇ ਮੁਸਲਮਾਨ ਆਪ ਧਰਮ ਸਿਹਾਂ! ਸਾਰਿਆਂ ਦੇ ਦਿਲ ਅੰਦਰੋ-ਅੰਦਰ ਦੂਰ ਹੋ ਚੁੱਕੇ ਨੇ।"
"ਤੇਰੀ ਗੱਲ ਮੰਨ ਲੈਂਦੇ ਆਂ। ਸਮਝ ਲਵੋ ਪਾਕਿਸਤਾਨ ਬਣ ਵੀ ਜਾਂਦਾ ਏ ਤਾਂ ਅਸੀਂ ਤੁਸੀਂ ਤਾਂ ਨਹੀਂ ਨਿੱਖੜ ਚੱਲੇ। ਪਾਕਿਸਤਾਨ 'ਤੇ ਜਿਨਾਹ ਰਾਜ ਕਰੇਗਾ ਪਿਆ ਤੇ ਹਿੰਦੁਸਤਾਨ 'ਤੇ ਨਹਿਰੂ। ਹਮਾਤੜਾਂ ਤੁਮ੍ਹਾਤੜਾਂ ਨੂੰ ਕੀ ਫ਼ਰਕ। ਆਪਾਂ page-break
ਤਾਂ ਮਾਮਲਾ ਈ ਦੇਣਾ ਏ ਸਰਕਾਰ ਨੂੰ।"
"ਮੇਰਾ ਦੋਸਤ ਧਰਮ ਸੁੰਹ ਕਿੱਡਾ ਭੋਲਾ ਏ। ਤੂੰ ਤਾਂ ਸੁਖਮਨੀ ਸਾਹਬ ਪੜ੍ਹਦਾ- ਪੜ੍ਹਦਾ ਨਿਰਾ ਧਰਮਾਤਮਾ ਬਣ ਗਿਆ ਏਂ। ਭਲਿਆ ਲੋਕਾ! ਫ਼ਰਕ ਈ ਤੈਨੂੰ ਮੈਨੂੰ ਪੈਣਾ ਏਂ। ਹੋਰ ਵੱਡਿਆਂ ਦੇ ਤਾਂ ਦੋਹੀਂ ਹੱਥੀਂ ਲੱਡੂ ਨੇ। ਸੁਣ ਕੀ ਹੋਣ ਵਾਲਾ ਏ।" ਇਲਮਦੀਨ ਨੇ ਪਲ ਕੁ ਸਾਹ ਲੈ ਕੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ :
"ਪਾਕਸਤਾਨ ਬਣ ਜਾਣਾ ਏਂ, ਜ਼ਰੂਰ ਬਣ ਜਾਣਾ ਏਂ ਤੇ ਇਹ ਗੱਲ ਵੀ ਲੋਹੇ 'ਤੇ ਲਕੀਰ ਸਮਝ ਕਿ ਪਾਕਿਸਤਾਨ ਵਿੱਚ ਕੋਈ ਹਿੰਦੂ ਸਿੱਖ ਨਹੀਂ ਰਹਿਣ ਦਿੱਤਾ ਜਾਵੇਗਾ। ਸਭ ਤੋਂ ਵਧੇਰੇ ਲਹੂ ਵਗੇਗਾ ਸਾਡੇ ਸੂਬੇ ਵਿੱਚ ਮਗਰਬੀ ਪੰਜਾਬ ਵਿੱਚ। ਹਿੰਦੂ ਸਿੱਖਾਂ ਦੀ ਕਤਲਾਮ ਹੋਵੇਗੀ ਤੇ ਮਸ਼ਰਕੀ ਪੰਜਾਬ ਵਿੱਚ ਮੁਸਲਮਾਨਾਂ ਦਾ ਲਹੂ ਪਾਣੀ ਵਾਂਗ ਵਗੇਗਾ।"
"ਮੈਂ ਤੇਰੀ ਇਕ ਗੱਲ ਨਹੀਂ ਮੰਨਦਾ। ਜਿਵੇਂ ਤੂੰ ਦੱਸਦਾ ਹੁੰਦਾ ਏਂ ਜਾਂ ਜਿਵੇਂ ਤੁਹਾਡਾ ਮੌਲਵੀ ਆਹੰਦਾ ਹੁੰਦਾ ਏ ਕਿ ਮੁਸਲਮਲੀਗ ਦਾ ਪ੍ਰੋਗਰਾਮ ਹਿੰਦੂ ਸਿੱਖਾਂ ਨੂੰ ਲੁੱਟ ਕੇ, ਮਾਰ ਕੇ ਏਥੋਂ ਭਜਾ ਦੇਣਾ ਏ। ਸੋ ਮੁਸਲਮਲੀਗ ਦਾ ਪ੍ਰੋਗਰਾਮ ਹਿੰਦੂ ਸਿੱਖਾਂ ਨੂੰ ਭਾਵੇਂ ਮਾਰਨ, ਚੜ੍ਹਦੇ ਪਾਸੇ ਮੁਸਲਮਾਨਾਂ ਨੂੰ ਕੋਈ ਨਹੀਂ ਕੁਛ ਆਖਣ ਲੱਗਾ। ਭੈੜਿਆ, ਬੰਦਾ ਮਾਰਨ ਵਰਗਾ ਪਾਪ ? ਹੈ ਕੋਈ? ਫਿਰ ਨਿਰਦੋਸ਼ਾਂ ਨੂੰ ਮਾਰਨਾ ?”
“ਉਹ ਵੀ ਮਾਰਨਗੇ, ਦੂਣੇ ਜੋਸ਼ ਨਾਲ ਮਾਰਨਗੇ। ਜੇ ਉਹ ਪਹਿਲ ਨਹੀਂ ਕਰਨਗੇ, ਤਾਂ ਜਿਹੜੇ ਇਧਰੋਂ ਉਜੜ ਕੇ ਜਾਣਗੇ, ਉਹ ਸ਼ੁਰੂ ਕਰ ਦੇਣਗੇ। ਫੇਰ ਦੂਸਰੇ ਵੀ ਉਹਨਾਂ ਦਾ ਸਾਥ ਦੇਣ ਲਈ ਮਜਬੂਰ ਹੋ ਜਾਣਗੇ। ਜਿਸ ਵੇਲੇ ਇਨਸਾਨ ਪਾਗ਼ਲ ਹੋ ਜਾਂਦਾ ਏ, ਓਦੋਂ ਪੁੰਨ ਪਾਪ ਦੀ ਕੋਈ ਸੋਝੀ ਨਹੀਂ ਰਹਿੰਦੀ। ਯਾ ਅੱਲਾਹ? ਚੰਗਾ ਭਲਾ ਇਨਸਾਨ ਸ਼ੈਤਾਨ ਕਿਉਂ ਬਣ ਜਾਂਦਾ ਏ।" ਆਖ਼ਰੀ ਵਾਕ ਜਿਵੇਂ ਇਲਮਦੀਨ ਨੇ ਆਪਣੇ ਆਪ ਨੂੰ ਹੀ ਕਿਹਾ। ਉਹਦਾ ਦਿਲ ਕਿਸੇ ਅਥਾਹ ਦੁੱਖ ਵਿੱਚ ਡੁੱਬਾ ਹੋਇਆ ਸੀ।
ਕੁਛ ਚਿਰ ਦੋਵੇਂ ਚੁੱਪਚਾਪ ਹਲ ਹਿੱਕੀ ਗਏ। ਧਰਮ ਸਿੰਘ ਅੱਜ ਕਈ ਦਿਨਾਂ ਪਿੱਛੋਂ ਹਾਲੀ ਆਇਆ ਸੀ। ਪਿਆਰੇ ਨੇ ਪਾਣੀ ਲਾਇਆ ਹੋਇਆ ਸੀ। ਇਸ ਵਾਸਤੇ ਉਹਦੀ ਵਾਰੀ ਅੱਜ ਧਰਮ ਸਿੰਘ ਨੂੰ ਭੁਗਤਣੀ ਪੈ ਗਈ ਸੀ।
"ਤਾਂ ਅਸੀਂ ਸੱਚਮੁੱਚ ਵੱਖ-ਵੱਖ ਹੋ ਜਾਵਾਂਗੇ ? ਤਾਂ ਕੀ ਬਣੇਗਾ ?" ਧਰਮ ਸਿੰਘ ਨੇ ਜਿਵੇਂ ਦੁੱਖ ਨਾਲ ਹਉਕਾ ਭਰ ਕੇ ਕਿਹਾ।
"ਤੇਰੇ ਨਾਲੋਂ ਵਧੇਰੇ ਫ਼ਿਕਰ ਮੈਨੂੰ ਏ। ਮੋਮਨਾਂ ਵਾਸਤੇ ਪਾਕਿਸਤਾਨ ਬਣ ਜਾਵੇਗਾ। ਧਰਮੀਆਂ ਵਾਸਤੇ ਹਿੰਦੁਸਤਾਨ ਰਹਿ ਜਾਵੇਗਾ, ਪਰ ਮੇਰੇ ਵਰਗੇ ਕਾਫ਼ਰ ਕਿੱਧਰ ਜਾਣਗੇ। ਮੈਂ ਤਾਂ ਨਾ ਇਧਰ ਦਾ ਨਾ ਓਧਰ ਦਾ। ਜਿਹੜਾ ਮੁਸਲਮਾਨਾਂ ਦੇ page-break
ਘਰ ਜੰਮ ਕੇ ਵੀ ਨਮਾਜ਼ ਨਹੀਂ ਪੜ੍ਹਦਾ, ਰੋਜ਼ੇ ਨਹੀਂ ਰੱਖਦਾ, ਉਹਨੂੰ ਮੌਲਵੀ ਅਬਦੁਲ ਹੱਕ ਦੇ ਭਰਾ ਭਾਈ ਕਿਵੇਂ ਬਰਦਾਸ਼ਤ ਕਰਨਗੇ। ਵਾਹ ਅੱਲਾਹ।"
“ਚਲੋ, ਉਹਨਾਂ ਨੂੰ ਤਾਂ ਪਾਕਿਸਤਾਨ ਮਿਲ ਜਾਵੇਗਾ ਨਾ। ਤੇਰੇ ਮੇਰੇ ਵਰਗੇ ਬੰਦਿਆਂ ਦਾ ਰੱਬ ਵਾਲੀ। ਉਹਨਾਂ ਦੀ ਇਸਲਾਮ ਦੀ ਸੇਵਾ ਕੀਤੀ ਸਫਲ ਪਵੇ।”
"ਇਸਲਾਮ ਦੀ ਸੇਵਾ ਵੀ ਨਹੀਂ, ਧਰਮ ਸਿਹਾਂ! ਇਹ ਵੀ ਫ਼ਰੇਬ ਏ, ਧੋਖਾ ਏ।" ਇਲਮਦੀਨ ਨੇ ਕੁਛ ਜੋਸ਼ ਵਿੱਚ ਆ ਕੇ ਕਿਹਾ, "ਇਹ ਤਾਂ ਇਕ ਕਿਸਮ ਦਾ ਜ਼ਹਿਰ ਬੀਜਿਆ ਜਾ ਰਿਹਾ ਏ, ਉਲਟਾ ਇਸਲਾਮ ਦੇ ਖ਼ਿਲਾਫ਼ 'ਜ਼ਹਿਰ। ਅੱਜ ਮੁਸਲਮਾਨਾਂ ਨੂੰ ਹਿੰਦੂਆਂ ਨਾਲੋਂ ਨਖੇੜ ਰਹੇ ਨੇ, ਕੱਲ੍ਹ ਨੂੰ ਈਸਾਈਆਂ ਨਾਲੋਂ, ਬੋਧੀਆਂ ਨਾਲੋਂ, ਪਾਰਸੀਆਂ ਨਾਲੋਂ ਵੀ ਮੁਸਲਮਾਨਾਂ ਨੂੰ ਦੂਰ ਹੋਣਾ ਪਵੇਗਾ। ਇਕ ਦੀ ਤੰਗਦਿਲੀ ਦੂਸਰਿਆਂ ਦੇ ਅੰਦਰ ਤੰਗਦਿਲੀ ਨੂੰ ਜਨਮ ਦੇਂਦੀ ਏ। ਸਮਝਿਆ ? ਜੇ ਇਹ ਇਸਲਾਮ ਦਾ ਨਾਹਰਾ ਲੌਣਗੇ ਤਾਂ ਦੂਸਰੇ ਮਜ਼ਬਾਂ ਵਾਲੇ ਆਪਣਾ- ਆਪਣਾ ਨਾਹਰਾ ਲਾ ਲੈਣਗੇ ? ਉਸ ਦਾ ਨਤੀਜਾ ? ਮੁਸਲਮਾਨ ਸਾਰੀ ਦੁਨੀਆਂ ਨਾਲੋਂ ਵੱਖ ਹੋ ਜਾਣਗੇ, ਇਕ ਤਰ੍ਹਾਂ ਛੇਕੇ ਜਾਣਗੇ। ਇਹ ਹੋਵੇਗਾ ਇਸ ਦਾ ਆਖ਼ਰੀ ਨਤੀਜਾ, ਬਹੁਤ ਬੁਰਾ।”
"ਫਿਰ ਇਹ ਜਾਣ ਬੁੱਝ ਕੇ ਐਹੋ ਜਿਹਾ ਮੂਰਖਪੁਣਾ ਕਿਓਂ ਕਰਦੇ ਨੇ ?” ਧਰਮ ਸਿੰਘ ਨੇ ਨਵਾਂ ਸਵਾਲ ਕੀਤਾ। ਉਹ ਮੰਨਦਾ ਸੀ ਕਿ ਏਹੋ ਜੇਹੀਆਂ ਗੱਲਾਂ ਵਿੱਚ ਇਲਮਦੀਨ ਨਾਲੋਂ ਵਧੇਰੇ ਸਮਝ ਰੱਖਦਾ ਹੈ।
"ਸਿਰਫ਼ ਤਅੱਸਬ ਤੇ ਨਫ਼ਰਤ ਵਿੱਚ ਅੰਨ੍ਹੇ ਹੋਏ-ਹੋਏ। ਇਹ ਮੈਂ ਮੰਨਦਾ ਹਾਂ ਕਿ ਇਸ ਨਫ਼ਰਤ ਨੂੰ ਜਨਮ ਦੇਣ ਵਿੱਚ ਸਭ ਤੋਂ ਵਧੇਰੇ ਹੱਥ ਕੱਟੜ ਪੰਥੀ ਹਿੰਦੂਆਂ ਦਾ ਹੈ। ਮੇਰੀ ਗੱਲ ਦਾ ਗੁੱਸਾ ਨਾ ਕਰੀਂ।"
"ਨਹੀਂ, ਸੱਚੀ ਗੱਲ ਦਾ ਕਾਹਦਾ ਗੁੱਸਾ।" ਧਰਮ ਸਿੰਘ ਨੇ ਐਵੇਂ ਹੁੰਗਾਰਾ ਭਰਨ ਵਜੋਂ ਕਿਹਾ।.
"ਹਿੰਦੂ ਕਈ ਸਦੀਆਂ ਤਕ ਮੁਸਲਮਾਨ ਬਾਦਸ਼ਾਹ ਦੇ ਗੁਲਾਮ ਰਹੇ, ਉਹਨਾਂ ਅੱਗੇ ਸਿਜਦੇ ਕਰਦੇ ਰਹੇ, ਪਰ ਸਮਾਜਿਕ ਤੌਰ 'ਤੇ ਉਹਨਾਂ ਨੂੰ ਬਰਾਬਰ ਦੇ ਇਨਸਾਨ ਸਮਝਣ ਵਾਸਤੇ ਤਿਆਰ ਨਾ ਹੋਏ। ਕੁੱਤਾ ਚੌਂਕੇ 'ਤੇ ਚੜ੍ਹ ਜਾਵੇ ਤਾਂ ਬਰਦਾਸ਼ਤ ਕੀਤਾ ਜਾਂਦਾ ਏ, ਪਰ ਮੁਸਲਮਾਨ ਦਾ ਪਰਛਾਵਾਂ ਪੈ ਜਾਣ ਨਾਲ ਵੀ ਹਿੰਦੂ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ। ਇਹ ਹੈ ਇਕ ਮਿਸਾਲ। ਏਸ ਦੀ ਤੰਗ-ਦਿਲੀ ਦਾ ਨਤੀਜਾ ਹੈ ਪਾਕਿਸਤਾਨ। ਪਰ ਸਿਆਣਿਆਂ ਆਖਿਆ ਏ, ਲਹੂ ਦੇ ਨਾਲ ਲਹੂ ਦੇ ਦਾਗ਼ ਨਹੀਂ ਧੋਤੇ ਜਾ ਸਕਦੇ, ਸਗੋਂ ਐਸਾ ਕਰਨਾ ਬੇਵਕੂਫ਼ੀ ਏ। ਏਸੇ ਵਾਸਤੇ ਮੈਂ ਕਹਿੰਦਾ ਹਾਂ ਕਿ ਪਾਕਿਸਤਾਨ ਬਣਨ ਨਾਲ ਇਸਲਾਮ ਦਾ ਕੋਈ ਭਲਾ ਨਹੀਂ। page-break
ਪਾਕਿਸਤਾਨ ਨਫ਼ਰਤ ਤੇ ਫ਼ਿਰਕਾਪ੍ਰਸਤੀ ਦੀ ਪੈਦਾਵਾਰ ਏ। ਇਸ ਦਾ ਨਤੀਜਾ ਪਾਕਿਸਤਾਨ ਜਾਂ ਕਹੋ ਇਸਲਾਮ ਦੇ ਬਰਖ਼ਿਲਾਫ਼ ਦੂਸਰੇ ਮਜ਼ਬਾਂ ਵਿੱਚ ਵੀ ਨਫ਼ਰਤ ਵਧੇਗੀ।"
"ਮੈਂ ਏਹਾ ਪੁੱਛਦਾ ਹਾਂ ਕਿ ਉਹਨਾਂ ਨੂੰ ਏਸ ਗੱਲ ਦੀ ਸਮਝ ਨਹੀਂ ?"
"ਸ਼ਾਇਦ ਉਹ ਸੋਚਦੇ ਹੋਣ ਕਿ ਰਾਵੀ ਤੋਂ ਲੈ ਕੇ ਬਹਿਰਾ ਰੂਮ ਤਕ ਅਰਬ ਤੇ ਮਿਸਰ ਸਾਰੇ ਮੁਸਲਮਾਨ ਮੁਲਕ ਨੇ। ਅਸੀਂ ਸਾਰੇ ਮਿਲ ਕੇ ਬੜੀ ਵੱਡੀ ਤਾਕਤ ਬਣ ਜਾਵਾਂਗੇ। ਪਰ ਜੇ ਇਹਨਾਂ ਦੇ ਇਹ ਸੁਫਨੇ ਸੱਚੇ ਵੀ ਹੋ ਜਾਣ ਤਾਂ ਫਿਰ ਵੀ ਇਸਲਾਮ ਨੂੰ ਘਾਟਾ ਹੀ ਹੈ।"
"ਉਹ ਕਿਵੇਂ ?”
"ਮੈਂ ਇਹ ਨਹੀਂ ਜਾਣਦਾ ਕਿ ਸਾਰੀ ਦੁਨੀਆਂ ਵਿੱਚ ਮੁਸਲਮਾਨਾਂ ਦੀ ਗਿਣਤੀ ਕਿੰਨੀ ਕੁ ਹੈ, ਪਰ ਸੁਣਿਆ ਏ ਕਿ ਮੁਸਲਮਾਨਾਂ ਨਾਲੋਂ ਈਸਾਈਆਂ ਤੇ ਬੋਧੀਆਂ ਦੀ ਗਿਣਤੀ ਕਿਤੇ ਵਧੇਰੇ ਹੈ। ਜੋ ਮੁਸਲਮਾਨ ਸਾਰੇ ਕੱਠੇ ਹੋ ਕੇ ਇਕ ਧੜਾ ਬਨੌਣਗੇ ਤਾਂ ਦੂਸਰੇ ਮਜ਼ਬਾਂ ਵਾਲੇ ਮਿਲ ਕੇ ਧੜਾ ਨਹੀਂ ਬਨੌਣਗੇ ? ਉਸ ਹਾਲਤ ਵਿੱਚ ਮੈਨੂੰ ਸਮਝੌਣ, ਮੁਸਲਮਾਨਾਂ ਨੂੰ ਕੀ ਫ਼ਾਇਦਾ ਪਹੁੰਚਿਆ।.... ਸੱਚੀ ਪੁੱਛਦਾ ਏਂ ਤਾਂ ਸਭ ਗੱਦੀ ਦਾ ਝਗੜਾ ਈ, ਹੋਰ ਕੁਝ ਨਹੀਂ।"
"ਇਹ ਤਾਂ ਸਾਰਿਆਂ ਵਾਸਤੇ ਬੁਰਾ ਹੋਵੇਗਾ।”
“ਬੁਰੇ ਵਰਗਾ ਬੁਰਾ ? ਧਰਮ ਸਿਹਾਂ ਬੁੱਲ੍ਹੇ ਸ਼ਾਹ, ਸ਼ੇਖ਼ ਫ਼ਰੀਦ ਤੇ ਬਾਬੇ ਨਾਨਕ ਦਾ ਦੇਸ਼ ਵੰਡਿਆ ਜਾਵੇਗਾ। ਸਾਡਾ ਇਤਫ਼ਾਕ ਲੀਰਾਂ-ਲੀਰਾਂ ਹੋ ਜਾਵੇਗਾ। ਹਜ਼ਾਰਾਂ ਨਹੀਂ, ਲੱਖਾਂ ਧਰਮ ਸਿੰਘ ਤੇ ਇਲਮਦੀਨ ਨਿਖੜ ਜਾਣਗੇ। ਜਿਨ੍ਹਾਂ ਕੱਠਿਆਂ ਖਾਧਾ ਪੀਤਾ ਏ, ਉਹ ਇਕ ਦੂਜੇ ਦੇ ਲਹੂ ਵਿੱਚ ਨਹੌਣਗੇ। ਓਨਾ ਚਿਰ ਭਰਾ ਨਾਲ ਭਰਾ ਲੜਦੇ ਰਹਿਣਗੇ, ਜਿੰਨਾ ਚਿਰ ਸਾਡੀ ਔਣ ਵਾਲੀ ਨਸਲ ਤੇ ਸਮਝਦਾਰ ਬੰਦੇ ਇਸ ਗ਼ਲਤੀ ਨੂੰ ਮਹਿਸੂਸ ਨਹੀਂ ਕਰ ਲੈਂਦੇ। ਇਹ ਬੀਮਾਰੀ ਦਾ ਗ਼ਲਤ ਇਲਾਜ ਹੋ ਰਿਹਾ ਹੈ, ਬਿਲਕੁਲ ਗ਼ਲਤ।”
"ਗ਼ਲਤ ? ਉਹ ਕਿਵੇਂ ?" ਧਰਮ ਸਿੰਘ ਨੇ ਬੜੀ ਹੈਰਾਨੀ ਨਾਲ ਪੁੱਛਿਆ।
"ਸੁਣ ਲੈ, ਮੁਸਲਮਲੀਗੀ ਲੀਡਰ ਕਹਿੰਦੇ ਨੇ, ਸਾਨੂੰ ਹਿੰਦੂ ਅਕਸਰੀਅਤ ਯਾਨੀ ਬਹੁ-ਗਿਣਤੀ ਤੋਂ ਖ਼ਤਰਾ ਹੈ। ਇਸ ਲਈ ਘੱਟ ਗਿਣਤੀ ਆਪਣਾ ਮੁਲਕ ਵੱਖਰਾ ਕਰ ਲੈਣਾ ਚਾਹੁੰਦੀ ਏ। ਮੈਂ ਪੁੱਛਦਾਂ, ਮੁਲਕ ਦੀ ਵੰਡ ਪਿੱਛੋਂ ਇਹ ਮਸਲਾ ਹੱਲ ਹੋ ਜਾਵੇਗਾ ? ਫੇਰ ਹਿੰਦੁਸਤਾਨ ਵਿੱਚ ਘੱਟ ਗਿਣਤੀ ਨਹੀਂ ਰਹੇਗੀ ਜਾਂ ਪਾਕਿਸਤਾਨ ਵਿੱਚ ਘੱਟ ਗਿਣਤੀ ਕੋਈ ਨਹੀਂ ਹੋਵੇਗੀ ?"
“ਹੱਛਾ! ਘੱਟ ਵੱਧ ਗਿਣਤੀ ਦਾ ਫੇਰ ਵੀ ਪੁਆੜਾ ਬਣਿਆ ਰਹੇਗਾ ? page-break
"ਹਾਂ, ਹਿੰਦੁਸਤਾਨ ਵਿੱਚ ਫੇਰ ਵੀ ਕਰੋੜਾਂ ਮੁਸਲਮਾਨ ਰਹਿਣਗੇ। ਫਿਰ ਸਿੱਖ ਹੋਣਗੇ, ਈਸਾਈ ਹੋਣਗੇ। ਬੋਧੀ, ਜੈਨੀ, ਪਾਰਸੀ ਕੋਈ ਘੱਟ ਗਿਣਤੀ ਵਾਲੇ ਫ਼ਿਰਕੇ ਹੋਣਗੇ ਤੇ ਸਭ ਤੋਂ ਅਕਲੀਅਤ ਯਾਨੀ ਘੱਟ ਗਿਣਤੀ ਹੋਵੇਗੀ ਉੱਚ ਜਾਤੀਏ ਹਿੰਦੂਆਂ ਦੇ ਮੁਕਾਬਲੇ 'ਤੇ ਅਛੂਤ ਜਿਨ੍ਹਾਂ ਨੂੰ ਹਰੀਜਨ ਦਾ ਖ਼ਤਾਬ ਦਿੱਤਾ ਗਿਆ ਏ ।"
"ਪਰ ਪਾਕਿਸਤਾਨ ਵਿੱਚ ਤਾਂ ਘੱਟ ਗਿਣਤੀ ਕੋਈ ਨਹੀਂ ਨਾ ਹੋਵੇਗੀ। ਉਹਨਾਂ ਦਾ ਮਸਲਾ ਸਿੱਧ ਹੋ ਜਾਏਗਾ ਨਾ।"
“ਪਾਕਿਸਤਾਨ ਵਿੱਚ ਵੀ ਘੱਟ ਗਿਣਤੀਆਂ ਹੋਣਗੀਆਂ। ਪਹਿਲੀ ਗੱਲ ਤਾਂ ਸ਼ਾਇਦ ਸਾਰੇ ਹਿੰਦੂ ਪਾਕਿਸਤਾਨ ਵਿੱਚੋਂ ਨਾ ਕੱਢੇ ਜਾ ਸਕਣ। ਸੁਣਿਆ ਏਂ, ਬੰਗਾਲੀ ਹਿੰਦੂ ਮੁਸਲਮਾਨਾਂ ਵਿੱਚ ਏਨੀ ਨਫ਼ਰਤ ਨਹੀਂ। ਭਲਾ ਜੇ ਹਿੰਦੂ ਸਾਰੇ ਜਾਣਗੇ। ਹੋਰ ਤਾਂ ਹੋਰ ਮੁਸਲਮਾਨਾਂ ਵਿੱਚ ਅੱਗੇ ਕੋਈ ਫਿਰਕੇ ਨੇ। ਜਿਵੇਂ ਸੁਨੀ, ਸ਼ੀਆ, ਮਿਰਜ਼ਈ। ਮਗਰਲੇ ਦੋਵੇਂ ਘੱਟ ਗਿਣਤੀ ਵਿੱਚ ਹਨ। ਕੋਈ ਵਾਰ ਸ਼ੀਆ ਤੇ ਸੁਨੀਆਂ ਵਿੱਚ ਫ਼ਸਾਦ ਹੋ ਪੈਂਦੇ ਨੇ। ਇਸ ਵਾਸਤੇ ਮੈਂ ਕਹਿੰਦਾਂ ਕਿ ਇਹ ਇਲਾਜ ਤੇ ਗ਼ਲਤ ਏ।"
"ਫਿਰ ਸਹੀ ਇਲਾਜ ਕੀ ਏ।"
"ਸਹੀ ਇਲਾਜ ? ਸਹੀ ਇਲਾਜ ਏ ਇਕ ਦੂਜੇ ਨੂੰ ਬਰਦਾਸ਼ਤ ਕਰਨਾ, ਪਿਆਰ ਕਰਨਾ, ਦੂਸਰੇ ਦੇ ਦਿਲੀ ਜਜ਼ਬਾਤ ਦਾ ਸਤਿਕਾਰ ਕਰਨਾ। ਦੂਸਰੇ ਦੇ ਦੁੱਖ ਪੀੜ ਨੂੰ ਆਪਣਾ ਦੁੱਖ ਦਰਦ ਸਮਝਣਾ। ਵਧੇਰੇ ਗਿਣਤੀ ਵਾਲੇ ਫ਼ਿਰਕੇ ਦੇ ਦਿਲ ਖੁੱਲ੍ਹੇ ਹੋਣੇ ਚਾਹੀਦੇ ਨੇ ਤੇ ਘੱਟ ਗਿਣਤੀ ਨੂੰ ਕੁਛ ਜੇਰਾ ਰੱਖਣਾ ਚਾਹੀਦਾ ਹੈ। ਫੇਰ ਵੀ ਕੋਈ ਡਰ ਧੜਕੂ ਰਹੇ ਤਾਂ ਸਰਕਾਰ ਨੂੰ ਐਹੋ ਜਹੇ ਕਾਨੂੰਨ ਬਣਾ ਦੇਣੇ ਚਾਹੀਦੇ ਨੇ, ਜਿਨ੍ਹਾਂ ਦੀ ਮੌਜੂਦਗੀ ਵਿੱਚ ਬਹੁ-ਗਿਣਤੀ ਘੱਟ ਗਿਣਤੀ ਦੇ ਹੱਕ ਨਾ ਮਾਰ ਸਕੇ। ਪਰ ਅਸਲ ਸਾਂਝ ਹੁੰਦੀ ਏ ਸੱਚੇ ਪਿਆਰ ਦੀ, ਮੁਹੱਬਤ ਦੀ। ਸਾਂਈਂ ਲੋਕ ਤਾਂ ਮੁਹੱਬਤ ਨੂੰ ਖ਼ੁਦਾ ਦਾ ਰੁਤਬਾ ਦੇਂਦੇ ਨੇ। ਅਖੇ ਖ਼ੁਦਾ ਹੈ ਮੁਹੱਬਤ ਤੇ ਮੁਹੱਬਤ ਖ਼ੁਦਾ ਹੈ।"
"ਉਹ ਤਾਂ ਗੁਰੂ ਮਹਾਰਾਜ ਨੇ ਵੀ ਫ਼ੁਰਮਾਇਆ ਏ 'ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ' ਪਰ ਅੱਜ ਕੱਲ ਦੇ ਬੰਦਿਆਂ ਵਿੱਚ ਸੱਚੀ ਮੁਹੱਬਤ ਵੀ ਕਿੱਥੇ ਰਹਿ ਗਈ ਏ। ਭਰਾ ਦਾ ਭਰਾ ਵੈਰੀ ਬਣ ਗਿਆ। ਚਲੋ ਵੱਖ ਹੋ ਜਾਣ ਇਹ ਲੜਾਈ ਝਗੜਾ ਤਾਂ ਮੁੱਕੇ।"
"ਮੁੱਕਣਾ ਕਿੱਥੇ ਆ ਸਗੋਂ ਇਕ ਵੱਡੇ ਝਗੜੇ ਦਾ ਮੁੱਢ ਬਝ ਜਾਵੇਗਾ। ਅੱਜ ਇਹ ਲੋਕ ਛੁਰੀਆਂ ਤੇ ਬਰਛਿਆਂ ਨਾਲ ਲੜਦੇ ਨੇ, ਕਿਸੇ ਦਿਨ ਟੈਂਕਾਂ ਤੇ ਜਹਾਜ਼ਾਂ page-break
ਨਾਲ ਲੜਨਗੇ।"
"ਫਿਰ ਕੀ ਬਣੇਗਾ ?"
"ਬਣਨਾ ਕੀ ਏ। ਮੁਲਕ ਦੀ ਬਦਕਿਸਮਤੀ। ਭਾਣਾ ਮਾਲਕ ਦਾ। ਵਾਰਸ ਸ਼ਾਹ ਨੇ ਲਿਖਿਆ ਏ : ਤਕਦੀਰ ਕਿਸੇ ਤੋਂ ਟਲੀ ਹੈ ਜੇ।" ਇਲਮਦੀਨ ਨੇ ਅਫ਼ਸੋਸ ਵਿੱਚ ਸਿਰ ਹਿਲਾਉਂਦਿਆਂ ਕਿਹਾ, "ਤੇ ਅਸੀਂ ਆਪ ਆਪਣੇ ਹੱਥੀਂ ਤਕਦੀਰ ਵਿਗਾੜ ਰਹੇ ਆਂ।”
ਦੋਹੀਂ ਪਾਸੀਂ ਮੌਤ ਵਰਗੀ ਚੁੱਪ ਛਾ ਗਈ। ਕੁਛ ਸਮੇਂ ਵਾਸਤੇ ਦੋਵੇਂ ਜਣੇ ਆਪੋ ਆਪਣੀਆਂ ਸੋਚਾਂ ਵਿੱਚ ਡੁੱਬੇ ਰਹੇ। ਸ਼ਹਿਰਾਂ ਵਿੱਚ ਸੁਲਘ ਰਹੀ ਅੱਗ ਦਾ ਸੇਕ ਪਿੰਡ ਵਿੱਚ ਵੀ ਅੱਪੜ ਪੈਣ ਲੱਗਾ ਸੀ। ਸਮਝਦਾਰ ਬੰਦਿਆਂ ਦੇ ਅੰਦਰ ਦਿਨੋ-ਦਿਨ ਚਿੰਤਾ ਵੱਧ ਰਹੀ ਸੀ। ਲੋਕ ਉਪਰੋਂ ਹੱਸਦੇ ਬੋਲਦੇ, ਪਰ ਦਿਲਾਂ ਤੋਂ ਦੂਰ ਹੁੰਦੇ ਜਾ ਰਹੇ ਸਨ। ਜ਼ਹਿਰੀਲੇ ਪਰਚਾਰ ਦਾ ਅਸਰ ਬੜੀ ਤੇਜ਼ੀ ਨਾਲ ਹੋ ਰਿਹਾ ਸੀ।
"ਅੱਬਾ! ਰੋਟੀ ਖਾ ਲੈ।" ਨੂਰਾਂ ਨੇ ਵੱਟ ਉੱਤੇ ਖਲ੍ਹੀ ਟਾਲ੍ਹੀ ਦੇ ਲਾਗੇ ਰੋਟੀਆਂ ਰਖਦਿਆਂ ਕਿਹਾ। “ਚਾਚਾ! ਅੱਜ ਚ-ਚਾਚੀ ਨੇ ਤੇਰੀ ਰੋਟੀ ਵੀ ਮੇਰੇ ਹੱਥ ਘੱਲ ਦਿੱਤੀ ਏ। ਮੈਂ ਡਰਦੀ-ਡਰਦੀ ਲੈ ਆਈ।"
“ਪੁੱਤ! ਡਰ ਕਿਸ ਗੱਲ ਦਾ। ਓਹੋ-ਓਹੋ-ਅ।" ਧਰਮ ਸਿੰਘ ਨੇ ਬਲਦਾਂ ਨੂੰ ਪੁਚਕਾਰ ਕੇ ਹਲ ਖਲ੍ਹਾਰ ਦਿੱਤਾ। "ਹੁਣ ਤਾਂ ਉਲਟੇ ਹੋਰ ਸਹਿਮ ਮਨ ਵਿੱਚ ਵੱਸੇ ਹੋਏ ਨੇ। ਤੂੰ ਡਰਦੀ ਹੋਵੇਂਗੀ, ਕਿ ਪਤਾ ਨਹੀਂ, ਮੈਂ ਤੇਰੇ ਹੱਥ ਦੀ ਖਾਵਾਂਗਾ ਜਾਂ ਨਹੀਂ ਤੇ ਮੈਂ ਡਰ ਰਿਹਾ ਹਾਂ ਕਿ ਤੇਰੇ ਵਰਗੀ ਸੁਚੱਜੀ ਧੀ ਦੇ ਹੱਥਾਂ ਦੀਆਂ ਬਹੁਤਾ ਚਿਰ ਨਸੀਬ ਹੋਣਗੀਆਂ ਜਾਂ ਨਹੀਂ। ਸਭ ਕੁਛ ਓਸੇ ਦੇ ਵੱਸ ਏ।”
ਧਰਮ ਸਿੰਘ ਤੇ ਇਲਮਦੀਨ ਨੂਰਾਂ ਕੋਲ ਰੋਟੀ ਖਾਣ ਬਹਿ ਗਏ। ਉਹਨਾਂ ਦੇ ਅੰਦਰ ਅੱਜ ਮਾਰੂ ਸੋਚਾਂ ਦੇ ਤੂਫ਼ਾਨ ਝੁੱਲੇ ਹੋਏ ਸਨ। ਉਹ ਚੁੱਪ ਸਨ, ਬੜੇ ਗੰਭੀਰ। ਨੂਰਾਂ ਵਿਚਾਰੀ ਕਿੰਨਾ ਚਿਰ ਧਰਮ ਸਿੰਘ ਦੇ ਚਿਹਰੇ ਵੱਲ ਵੇਖਦੀ ਰਹੀ। ਉਹ ਉਹਦੇ ਕਹੇ ਵਾਕਾਂ ਦੇ ਅਰਥ ਸਮਝਣ ਦਾ ਯਤਨ ਕਰ ਰਹੀ ਸੀ। ਫੇਰ ਉਹਨੇ ਆਪਣੇ ਅੱਬਾ ਵੱਲ ਵੇਖਿਆ। ਉਹਦਾ ਵੀ ਚਿਹਰਾ ਉਦਾਸ ਸੀ। ਨੂਰਾਂ ਨੇ ਅੱਖਾਂ ਨੀਵੀਆਂ ਕਰ ਲਈਆਂ। “ਸਗੋਂ ਕਿਤੇ ਦੋਹਾਂ ਵਿੱਚ ਮੇਰੇ ਤੇ ਪਿਆਰੇ ਬਾਰੇ ਤਾਂ ਕੋਈ ਗੱਲਬਾਤ ਨਹੀਂ ਹੋਈ ? ਦੋਵੇਂ ਕਿਵੇਂ ਚੁੱਪ ਨੇ, ਬੜੇ ਘੁੱਟੇ। ਯਾ ਅੱਲ੍ਹਾ! ਸਾਡੀ ਪਾਕ ਮੁਹੱਬਤ!” ਨੂਰਾਂ ਨੇ ਅਗਾਂ ਸੋਚਣਾ ਬੰਦ ਕਰ ਦਿੱਤਾ। ਉਹਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮਗਰ ਨਾ ਚਾਹੁੰਦੀ ਹੋਈ ਵੀ ਉਹ ਬਹੁਤ ਕੁਛ ਸੋਚੀ ਜਾ ਰਹੀ ਸੀ।
ਦੋਵੇਂ ਚੁੱਪ ਚਾਪ ਰੋਟੀ ਖਾ ਕੇ ਉੱਠ ਬੈਠੇ। ਕੁਛ ਹੌਸਲਾ ਕਰਕੇ ਨੂਰਾਂ ਨੇ ਜ਼ਬਾਨ ਖੋਹਲੀ, "ਅੱਬਾ! ਚਾਚੀ ਆਹੰਦੀ ਸੀ, ਸਾਡੀ ਕਪਾਹ ਚੁਗਾਈ ਲਿਆਵੀਂ।” ਉਹ page-break
ਇਸ ਕੰਮ ਵਾਸਤੇ ਆਪਣੇ ਪਿਤਾ ਦੀ ਆਗਿਆ ਲੈਣੀ ਜ਼ਰੂਰੀ ਸਮਝ ਰਹੀ ਸੀ।
"ਹਾਂ, ਚਾਚੀ ਤੇਰੀ ਦਾ ਪੈਰ ਪੀੜ ਕਰਦਾ ਏ ਨਾ! ਤੂੰ ਧਿਆਨ ਨਾਲ ਕਪਾਹ ਚੁਗਾ।
ਅਸੀਂ ਜਾਂਦੇ ਹੋਏ ਚੁਕੀ ਚੱਲਾਂਗੇ। ਜਾਂ ਆਪੇ ਪਿਆਰਾ ਚੁੱਕ ਲੈ ਚੱਲੇਗਾ।” ਉਦਾਸ ਜੇਹੀ ਸੁਰ ਵਿੱਚ ਉੱਤਰ ਦੇ ਕੇ ਇਲਮਦੀਨ ਹਲ ਮਗਰ ਜਾ ਲੱਗਾ।
ਪਿਆਰੇ ਦਾ ਨਾਂ ਸੁਣ ਕੇ ਨੂਰਾਂ ਦੇ ਸਾਰੇ ਚਿਹਰੇ 'ਤੇ ਲਾਲੀ ਫਿਰ ਗਈ। ਉਹਦੇ ਵਾਸਤੇ ਏਨਾ ਹੀ ਕਾਫ਼ੀ ਸੀ।
੬.
ਇਲਮਦੀਨ ਦਿਨ ਛਿਪੇ ਘਰ ਆਇਆ। ਅੱਗੇ ਘਰ ਵਿੱਚ ਮੌਤ ਵਰਗੀ ਚੁੱਪ ਵਰਤੀ ਹੋਈ ਸੀ। ਫ਼ਾਤਮਾ ਚੌਂਕੇ ਵਿੱਚ ਚੁੱਪ ਬੈਠੀ ਰੋਟੀਆਂ ਪਕਾ ਰਹੀ ਸੀ। ਇਹ ਗੱਲ ਇਲਮਦੀਨ ਨੂੰ ਕੁਛ ਅਨੋਖੀ ਜੇਹੀ ਜਾਪੀ। ਫ਼ਾਤਮਾ ਵਾਸਤੇ ਚੁੱਪ ਕਰਕੇ ਬੈਠਣਾ ਇਕ ਅਨਹੋਣੀ ਗੱਲ ਸੀ। ਉਹ ਇਕੱਲੀ ਵੀ ਹੋਵੇ, ਤਾਂ ਆਪਣੇ ਆਪ ਹੀ ਬੁੜਬੁੜਾਈ ਜਾਇਆ ਕਰਦੀ ਸੀ। ਪਰ ਅੱਜ ? ਇਲਮਦੀਨ ਨਿਰਾ ਹੈਰਾਨ ਹੀ ਨਹੀਂ, ਕੁਝ ਭੈਭੀਤ ਵੀ ਹੋ ਗਿਆ ਸੀ। ਉਹਨੇ ਆਸੇ ਪਾਸੇ ਨਜ਼ਰ ਦੌੜਾਈ। ਨੂਰਾਂ ਤੇ ਫੱਜਾ ਵੀ ਕਿਤੇ ਨਜ਼ਰ ਨਾ ਆਏ। ਅਨ ਮਨ ਜਿਹਾ ਇਲਮਦੀਨ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰਨ ਜਾ ਲੱਗਾ। ਉਹ ਅੰਦਰੇ ਅੰਦਰ ਸੋਚੀ ਜਾ ਰਿਹਾ ਸੀ, ਅੱਜ ਜ਼ਰੂਰ ਕੋਈ ਗੱਲ ਏ। ਮਾਈ ਹੱਵਾ ਦੀ ਬੇਟੀ ਜੋ ਏਨੀ ਘੁੱਟੀ ਵੱਟੀ ਬੈਠੀ ਏ, ਜ਼ਰੂਰ ਹਨੇਰੀ ਝੁੱਲ ਕੇ ਰਹੇਗੀ। ਪਰ ਵਜ੍ਹਾ ਕੀ ਹੋਵੇ ? ਕਿਤੇ ਮੌਲਵੀ ਤਾਂ ਨਹੀਂ ਚੁਆਤੀ ਲਾ ਗਿਆ ? ਉਹ ਮਰਦੂਦ ਦੀ ਫ਼ਿਤਰਤ ਹੀ ਏ, ਸਭ ਦੇ ਘਰਾਂ ਵਿੱਚ ਅੱਗ ਲਾਈ ਰੱਖਣੀ। ਇਹ ਮੁੱਲਾਂ-ਮੁਲਾਣੇ ਮਜ਼੍ਹਬ ਦੇ ਠੇਕੇਦਾਰ ਵੀ ਅੱਲ੍ਹਾ ਮੀਆਂ ਨੇ ਇਕ ਅਨੋਖੀ ਜਿਨਸ ਪੈਦਾ ਕੀਤੀ ਏ। ਇਨਸਾਨ ਦੀ ਖ਼ੁਸ਼ੀ ਤਾਂ ਇਹਨਾਂ ਨੂੰ ਭਾਉਂਦੀ ਈ ਨਹੀਂ। ਆਖ ਗਿਆ ਹੋਣਾ ਏਂ, ਕਿ ਮੁਸਲਮਲੀਗ ਨੇ ਸਭ ਗ਼ੈਰ-ਮੁਸਲਮ ਦਾ ਬਾਈਕਾਟ ਕਰ ਦਿੱਤਾ ਹੈ, ਸੋ ਤੁਸੀਂ ਵੀ ਸਿੱਖਾਂ ਨਾਲੋਂ ਭਾਈਵਾਲੀ ਨਖੇੜ ਲਵੋ। ਪਰ ਜੋ ਏਨੀ ਹੀ ਗੱਲ ਹੁੰਦੀ ਤਾਂ, ਇਹ ਔਂਦਿਆਂ ਹੀ ਪੰਜੇ ਚੁੱਕ ਕੇ ਪੈਂਦੀ "ਛੱਡ ਦਿੱਤਾ ਤੈਨੂੰ ਤੇਰੇ ਦੋਸਤ ਨੇ ? ਪਰ੍ਹਾਂ ਓਧਰੇ ਈ ਮੰਜੀ ਜੁੱਲੀ ਲੈ ਜਾਹ। ਮੈਂ ਸਮਝਾਂਗੀ, ਮੇਰਾ ਕੋਈ ਨਹੀਂ। ਜਿਨ੍ਹਾਂ ਦੇ ਮਰ ਜਾਂਦੇ ਨੇ, ਉਹ ਵੀ ਕਿਵੇਂ ਦਿਨ ਕੱਟ ਈ ਲੈਂਦੀਆਂ ਨੇ ਨਾਂ।” ਉਹ! ਕਿੰਨਾ ਚਾਅਹੁੰਦਾ ਏ, ਜ਼ਨਾਨੀ ਨੂੰ ਰੰਡੀ ਹੋਣ ਦਾ। ਖ਼ਾਵੰਦ ਦੇ ਜਿਉਂਦਿਆਂ ਇਹ ਹਜ਼ਾਰ ਵਾਰ ਆਖੇਗੀ, ਮੈਂ ਰੰਡੀ ਕੱਟ ਲਵਾਂਗੀ। ਅੱਲ੍ਹਾ ਨਾ ਕਰੇ ਜੇ ਰੰਡੀ ਹੋ ਜਾਏ, ਤਾਂ ਫੇਰ ਪਤਾ ਲੱਗਦਾ ਏ। ਠੀਕ ਆਹੰਦੇ ਨੇ ਜ਼ਨਾਨੀ ਨੂੰ ਅਕਲ page-break
ਔਂਦੀ ਏ ਖਸਮ ਨੂੰ ਖਾ ਕੇ। ਜਿੰਨਾ ਚਿਰ ਮਰਦ ਸਿਰ 'ਤੇ ਹੋਵੇ, ਓਨਾ ਚਿਰ ਇਹ ਆਪਣੇ ਆਪ ਨੂੰ ਗੁਲਾਮ ਈ ਸਮਝਦੀ ਏ। ਫਿਰ ਮੇਰੇ ਵਰਗੇ ਧੀਰਜ ਵਾਲੇ ਬੰਦੇ ਨਾਲ ਕੱਟਣੀ ਤਾਂ ਔਰਤ ਵਾਸਤੇ ਹੋਰ ਵੀ ਔਖਾ ਹੈ। ਸ਼ਾਇਦ ਸਖ਼ਤ ਸੁਭਾ ਮਰਦ ਨਾਲ ਔਰਤ ਵਧੇਰੇ ਖ਼ੁਸ਼ ਰਹਿੰਦੀ ਏ। ਦਿਲੋਂ ਖ਼ੁਸ਼ ਨਾ ਵੀ ਹੁੰਦੀ ਹੋਵੇ, ਪਰ ਉੱਤੋਂ- ਉੱਤੋਂ ਬੜੀ ਸ਼ਰੀਫ਼ ਬਣ ਕੇ ਰਹਿੰਦੀ ਏ ਹੋਰ ਕੀ ? ਸਦੀਆਂ ਦੀ ਬਣੀ ਹੋਈ ਗ਼ੁਲਾਮ ਜ਼ਹਿਨੀਅਤ। ਪਰ.. ਪਰ ਅੱਜ ਤਾਂ ਕੋਈ ਬਹੁਤ ਵੱਡਾ ਤੂਫ਼ਾਨ ਉੱਠਣ ਵਾਲਾ ਜਾਪਦਾ ਏ। ਹੱਛਾ, ਜੋ ਅੱਲ੍ਹਾ ਨੂੰ ਮਨਜੂਰ। ਇਲਮਦੀਨ ਚੁੱਪ ਚਾਪ ਚੌਂਕੇ ਦੇ ਨੇੜੇ ਮੰਜੇ 'ਤੇ ਆ ਬੈਠਾ। ਉਹਨੇ ਚੋਰ ਨਜ਼ਰ ਨਾਲ ਫ਼ਾਤਮਾ ਵੱਲ ਵੇਖਿਆ। ਅੱਗੇ ਫ਼ਾਤਮਾ ਦੇ ਸਾਉਲੇ ਮੱਥੇ ਉੱਤੇ ਕਈ ਵੱਟ ਪਏ ਹੋਏ ਸਨ। ਹਰ ਤਿਉੜੀ ਵਿੱਚ ਜਿਵੇਂ ਬਿਸੀਅਰ ਵਿੱਸ ਘੋਲ ਰਹੇ ਸਨ। ਇਲਮਦੀਨ ਨੇ ਅੱਖਾਂ ਨੀਵੀਆਂ ਕਰ ਲਈਆਂ।
'ਕੋਈ ਚਾਰਾ ਨਹੀਂ। ਦਿਲ ਵਿੱਚ ਸੋਚਦਿਆਂ ਇਲਮਦੀਨ ਨੇ ਸਿਰ ਹਿਲਾਇਆ। "ਏਥੇ ਕਿਸੇ ਬੁੱਲ੍ਹੇ ਸ਼ਾਹ ਜਾਂ ਸ਼ੇਖ਼ ਫ਼ਰੀਦ ਦਾ ਕਲਾਮ ਮਦਦ ਨਹੀਂ ਕਰ ਸਕਦਾ। ਮਾਈ ਹੱਵਾ ਦੀ ਬੇਟੀ ਦੇ ਸਾਮ੍ਹਣੇ ਸ਼ੇਖ਼ ਸਾਅਦੀ ਦੀਆਂ ਹਕਾਇਤਾਂ ਵੀ ਕੰਮ ਨਹੀਂ ਔਂਦੀਆਂ। ਏਥੇ ਤਾਂ ਚੁੱਪ ਵੇ, ਲੋਕਾ! ਚੁੱਪ। ਇਕ ਚੁੱਪ ਸੌ ਸੁੱਖ। ਪਰ ਚੁੱਪ ਰਹਿ ਕੇ ਵੀ ਮੈਂ ਏਸ ਮੁਸੀਬਤ ਨੂੰ ਕਿੰਨਾ ਚਿਰ ਟਾਲ ਸਕਾਂਗਾ। ਬੱਕਰੇ ਦੀ ਮਾਂ ਕਿੰਨਾ ਚਿਰ ਖ਼ੈਰ ਮਨਾਏਗੀ। ਜੋ ਕਿਸਮਤ।"
"ਇਸ ਹਾਲਤ ਵਿੱਚ ਚੁੱਪ ਵੀ ਕਿੰਨਾ ਚਿਰ ਰਿਹਾ ਜਾ ਸਕਦਾ ਹੈ, ਫੱਜੇ ਬਾਰੇ ਪੁੱਛਾਂ ਭਲਾ ?” ਇਲਮਦੀਨ ਨੇ ਦਿਲ ਵਿੱਚ ਵਿਉਂਤ ਬਣਾਈ। 'ਫੱਜਾ ਕਿਤੇ ਬਾਹਰ ਹਾਣੀਆਂ ਨਾਲ ਖੇਡਣ ਗਿਆ ਹੋਵੇਗਾ, ਉਹਦੇ ਬਾਰੇ ਕੀ ਪੁੱਛਾਂ।' ਉਹਨੇ ਆਪਣੀ ਯੋਜਨਾ ਆਪ ਹੀ ਰੱਦ ਕਰ ਦਿੱਤੀ। 'ਨੂਰਾਂ ਵੀ ਕਿਤੇ ਨਹੀਂ ਦੀਂਹਦੀ। ਉਹ ਤਾਂ ਐਸ ਵੇਲੇ ਕਿਤੇ ਨਹੀਂ ਜਾ ਸਕਦੀ।' ਇਲਮਦੀਨ ਨੇ ਇਕ ਵਾਰ ਫਿਰ ਫ਼ਾਤਮਾ ਵੱਲੋਂ ਵੇਖ ਕੇ ਨੀਵੀਂ ਪਾ ਲਈ। ਉਸ ਦਾ ਹੌਸਲਾ ਨਾ ਪਿਆ ਘਰ ਵਾਲੀ ਨੂੰ ਬੁਲਾਉਣ ਦਾ। ਕੁਛ ਚਿਰ ਦੋਵੇਂ ਧਿਰ ਉਡੀਕ ਵਿੱਚ ਬੈਠੇ ਰਹੇ। ਸ਼ਾਇਦ ਇਕ ਜਣਾ ਅੰਦਰ ਦਾ ਗੁੱਸਾ ਕੱਢਣ ਵਾਸਤੇ ਤੇ ਦੂਸਰਾ ਉਸ ਕ੍ਰੋਧ ਅਗਨੀ ਨੂੰ ਸਹਾਰਨ ਵਾਸਤੇ ਅੰਦਰੇ- ਅੰਦਰ ਸ਼ਕਤੀ ਇਕੱਠੀ ਕਰ ਰਹੇ ਸਨ।
"ਨੂਰਾਂ ਕਿੱਥੇ ਆ ?” ਇਲਮਦੀਨ ਤੋਂ ਰਿਹਾ ਨਾ ਗਿਆ, ਤਾਂ ਉਹਨੇ ਡਰਦੇ- ਡਰਦੇ ਪੁੱਛ ਹੀ ਲਿਆ।
"ਔ ਬੈਠੀ ਊ ਤੇਰੀ ਨੇਕ ਪਾਕ ਲਾਡਲੀ।" ਫ਼ਾਤਮਾ ਇਕੋ ਵਾਰ ਆਤਸ਼ਬਾਜ਼ੀ ਪਟਾਕੇ ਵਾਂਗ ਫਟ ਪਈ। “ਮੂਰਿਆ! ਮੂਰਿਆ। ਹੁਣ ਵੀ ਦਾੜ੍ਹੀ ਕੱਢ ਕੇ ਪਰ੍ਹੇ ਵਿੱਚ ਬਹਿਣ ਜੋਗਾ ਹੋ ਰਹਿ ਗਿਆ ਏਂ ? ਚਪਣੀ 'ਚ ਨੱਕ ਡੋਬ ਕੇ ਮਰ ਜੋ ਦੋਵੇਂ ਪਿਉ page-break
ਧੀ"
"ਪਰ ਹੋਇਆ ਕੀ ਏ।" ਇਲਮਦੀਨ ਨੇ ਏਨੀਆਂ ਸੁਣ ਕੇ ਵੀ ਬੜੇ ਧੀਰਜ ਨਾਲ ਪੁੱਛਿਆ।
"ਅਜੇ ਪੁੱਛਦੈਂ ਹੋਇਆ ਕੀ ਏ। ਓਸੇ ਨੇਕਬਖਤ ਤੋਂ ਪੁੱਛ। ਮੈਂ ਆਏ ਦਿਨ ਪਿਟਦੀ ਸਾਂ, ਨਿੱਤ ਦਿਹਾੜੇ।... ਪਰ ਮੇਰੀ ਕੁੱਤੀ ਦੀ ਸੁਣਦਾ ਕੌਣ ਸੀ। ਮਿਲ ਗਿਆ ਈ ਨਾ ਫਲ ਕਾਫ਼ਰ ਦੀ ਦੋਸਤੀ ਦਾ। ਹੁਣ ਸਾਰੇ ਆਲਮ ਵਿੱਚ ਢੋਲ ਵੱਜ ਗਏ ਨੇ। ਉਹ ਟੁੱਟ ਪੈਣਾ ਮਿਰਜ਼ੇ ਦੀਆਂ ਸੁਰਾਂ ਤੈਨੂੰ ਨਹੀਂ ਸੀ ਸੁਣੋਦਾ, ਏਸ ਸੈਹਬਾਂ ਨੂੰ ਸੁਣੌਦਾ ਹੁੰਦਾ ਸੀ। ਅੱਲ੍ਹਾ ਜਾਏ ਜੁਆਨੀਉਂ ਏਡਾ-ਕੁ ਏਡਾ। ਪਰਸੋਂ ਕਪਾਹ ਚੁਗਣ ਦੇ ਬਹਾਨੇ ਸਾਰਾ ਦਿਨ ਉਸੇ ਰਾਂਝੇ ਕੋਲ ਰਹੀ ਉ। ਹੋਰ ਸੁਣਨਾ ਈਂ ਕੁਛ ? ਸੁਣ ਕੇ ਹਿੱਕ ਠੰਡੀ ਹੋ ਜਾਊਗੀ। ਦੋਵੇਂ ਹੱਥਾਂ 'ਚ ਹੱਥ ਪਾਈ ਕੋਲ ਕਰਾਰ ਕਰ ਰਹੇ ਸਨ : ਅਖ : ਪਿਆੜਿਆ।" ਫ਼ਾਤਮਾ ਨੇ ਮੂੰਹ ਚਿੜਾ ਕੇ ਧੀ ਦੀ ਸਾਂਗ ਲਾਉਂਦਿਆਂ ਕਿਹਾ, "ਸਾਡਾ ਅੱਲਾ ਜ਼ਾਮਨ ਈਂ। ਬਾਂਹ ਫੜੀ ਦੀ ਲਾਜ ਰੱਖੀਂ। ਮੈਂ ਤੇਰੇ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਇਹ ਹੀਰ ਹੁਣ ਓਸ ਰਾਂਝੇ ਬਿਨਾਂ ਨਹੀਓਂ ਰਹਿ ਸਕਦੀ। ਤੇ ਨਾ ਇਹਦੇ ਰਹਿਣ ਦੇ ਚਾਲੇ ਈ। ਪਹਿਲਾਂ ਇਹ ਓਸ ਰਾਂਝੇ ਦੀਆਂ ਰੋਟੀਆਂ ਲੈ ਕੇ ਗਈ ਊ।”
"ਤੇ ਤੂੰ ਬੱਸ ਰੋਟੀ ਲਜਾਣ ਤੋਂ ਈ ਸਭ ਕਿਆਫ਼ੇ ਲਾ ਲਏ ਨੇ ?" ਇਲਮ ਦੀਨ ਨੇ ਕੁਛ ਕਾਹਲੇ ਪੈ ਕੇ ਕਿਹਾ। ਉਹਨੂੰ ਫ਼ਾਤਮਾ ਦੀ ਕਿਸੇ ਗੱਲ 'ਤੇ ਵੀ ਇਤਬਾਰ ਨਹੀਂ ਸੀ ਆਇਆ।
"ਹਾਇ ਮੈਂ ਮਰ ਗਈ।" ਫ਼ਾਤਮਾ ਨੇ ਮੱਥੇ ਨੂੰ ਦੁਹੱਥੜ ਮਾਰ ਕੇ ਕਿਹਾ; "ਔਤਰਿਆ ਤੂੰ ਕਿਆਫੇ ਆਹੰਦਾ ਏਂ ? ਸੜ ਗਈ ਮੇਰੀ ਕਿਸਮਤ। ਝੁੱਡੂਆ। ਏਥੇ ਤਾਂ ਅੰਦਰੇ ਅੰਦਰ ਦੋ ਵਰ੍ਹਿਆਂ ਦੀਆਂ ਪਕਦੀਆਂ ਨੇ ਪਈਆਂ। ਉਹ ਜੁੱਗੋਂ ਜਾਣਾ ਆਹੰਦਾ ਸਈ, ਮੈਂ ਤੈਨੂੰ ਅੰਮ੍ਰਿਤ ਛਕਾ ਕੇ ਸਿੱਖਣੀ ਬਣਾ ਲਵਾਂਗਾ। ਹੋਰ ਸੁਣਨਾ ਈਂ ? ਅੱਲ੍ਹਾ ਮੰਗਦਿਆਂ ਰਿਜਕ ਨਾ ਜੁੜੇ ਨੇ। ਉਹਦੇ ਮਾਂ ਪਿਉ ਵੀ ਰਾਜੀ ਊ। ਇਹ ਤਾਂ ਭਲਾ ਹੋਵੇ ਓਸ ਵਿਚਾਰੀ ਦਾ, ਜੀਹਨੇ ਸਾਨੂੰ ਲਾਧ ਕਰ ਦਿੱਤੀ। ਨਹੀਂ ਤਾਂ ਮੈਨੂੰ ਨਖੱਤੀ ਨੂੰ ਕਿੱਤੋਂ ਪਤਾ ਲੱਗਣਾ ਸੀ। ਨਿੱਜ ਨੂੰ ਜੰਮਦੀ ਇਹ ਮੇਰੇ ਘਰ ਨੂੰ ਦਾਗ਼ ਲੌਣੀ। ਮੈਂ ਤਾਂ ਜੋ ਕੁਝ ਸੁਣਿਆ ਏਂ ਮੇਰਾ ਕਲੇਜਾ ਪਾਟ ਗਿਆ ਏ। ਕਿਤੇ ਰਹੀ ਆਂ ਮੂੰਹ ਦੇਣ ਜੋਗੀ ਮੈਂ ? ਤੇ ਤੂੰ ਚੌਰਿਆ! ਅਜੇ ਵੀ 'ਤਬਾਰ ਨਹੀਂ ਕਰਦਾ ? ਪਰ ਮੈਨੂੰ ਕੀ। ਆਪੇ ਅੱਖਾਂ ਖੁੱਲ੍ਹਣਗੀਆਂ ਤੇਰੀਆਂ, ਜਦੋਂ ਏਸ ਨੇਕ ਪਾਕ ਨੂੰ ਵੈਦਾਂ ਹਕੀਮਾਂ ਕੋਲ ਲਈ ਫਿਰੇਂਗਾ।”
"ਨੂਰਾਂ ਦੀ ਮਾਂ!” ਇਲਮਦੀਨ ਦੇ ਅੰਦਰੋਂ ਜਿਵੇਂ ਚੀਰ ਕੇ ਇਹ ਛੋਟਾ ਜਿਹਾ page-break
ਵਾਕ ਨਿਕਲਿਆ। ਏਸ ਗੁੱਝੀ ਟਕੋਰ ਨੂੰ ਉਹ ਸਹਾਰ ਨਾ ਸਕਿਆ। ਸ਼ਾਇਦ ਕੋਈ ਪਿਤਾ ਵੀ ਨਹੀਂ ਸਹਾਰ ਸਕਦਾ।
"ਕਿਉਂ ? ਸੱਚੀ ਸੁਣ ਕੇ ਮਿਰਚਾਂ ਕਿਉਂ ਲੱਗੀਆਂ ਈਂ। ਕਿੰਨਾ ਚਿਰ ਪੜਦੇ ਪਾਵੇਂਗਾ ਉਸ ਕਲਹਿਣੀ ਦੀ ਕਰਤੂਤ 'ਤੇ।"
"ਅੱਬਾ!" ਨੂਰਾਂ ਚੀਕਦੀ ਹੋਈ ਪਿਉ ਦੇ ਪੈਰਾਂ ਵਿੱਚ ਆ ਡਿੱਗੀ। ਮਾਂ ਦਾ ਇਹ ਝੂਠਾ ਤਾਹਨਾ ਉਸ ਤੋਂ ਸਹਾਰਿਆ ਨਾ ਗਿਆ। ਉਹ ਡੇਢ ਘੰਟੇ ਦੀ ਅੰਦਰ ਬੈਠੀ ਰੋ ਰਹੀ ਸੀ। ਇਕੱਲੀ ਨੇ ਉਹਨੇ ਮਾਂ ਦੇ ਮੂੰਹੋਂ ਬਹੁਤ ਕੁਛ ਸਹਾਰ ਲਿਆ ਸੀ, ਪਰ ਪਿਉ ਦੇ ਸਾਮ੍ਹਣੇ ਉਸ ਤੋਂ ਇਹ ਝੂਠੀ ਉਜ ਸਹਾਰੀ ਨਾ ਗਈ। "ਅੱਬਾ! ਮੈਂ ਬੇਗੁਨਾਹ ਆਂ। ਤੇਰੀ ਸੌਂਹ ਅੱਬਾ! ਅੱਲ੍ਹਾ ਪਾਕ ਜ਼ਾਮਨ ਏਂ, ਮੈਂ ਬੇਗੁਨਾਹ ਆਂ, ਮੇਰਾ ਕੋਈ ਕਸੂਰ ਨਹੀਂ। ਅੱਲ੍ਹਾ ਕਰੇ, ਦੋਜ਼ਕ ਢੋਈ ਨਾ ਮਿਲੇ, ਜੇ ਮੈਂ ਆਪਣੇ ਪਾਕ ਤਨ ਨੂੰ ਕਿਸੇ ਦਾ ਮੈਲਾ ਹੱਥ ਵੀ ਲੱਗਣ ਦਿੱਤਾ ਹੋਵੇ ਤਾਂ। ਯਕੀਨ ਕਰ ਅੱਬਾ! ਮੈਂ ਤੇਰੀ ਧੀ ਆਂ ਤੇਰੀ। ਇੱਜ਼ਤ ਬਦਲੇ ਮੈਂ ਆਪਣੀ ਜਾਨ ਦੇ ਦਿਆਂਗੀ।"
ਧੀ ਦੇ ਦੁੱਖ ਨੂੰ ਅਨੁਭਵ ਕਰਕੇ ਇਲਮਦੀਨ ਦਾ ਦਿਲ ਭਰ ਆਇਆ। ਉਹਨੇ ਨੂਰਾਂ ਦੇ ਸਿਰ ਨੂੰ ਪਿਆਰ ਨਾਲ ਪਲੋਸਦਿਆਂ ਏਨਾ ਹੀ ਕਿਹਾ, "ਕਮਲੀ ਨਾ ਹੋਵੇ ਤੇ। ਜਾਹ ਬਹੁ ਅੰਦਰ।"
"ਬੱਸ, ਏਨੇ ਨਾਲ ਈ ਜਕੀਨ ਆ ਗਿਆ ? ਉਸ ਖੇਖਨਹਾਰੀ ਦੇ ਹੰਝੂ ਵੇਖ ਕੇ ਈ ?" ਫ਼ਾਤਮਾ ਨੇ ਸੱਜਾ ਹੱਥ ਨਚਾਉਂਦਿਆਂ ਕਿਹਾ।
"ਹਾਂ। ਨੂਰਾਂ ਉੱਤੇ ਯਕੀਨ ਏ।" ਇਲਮਦੀਨ ਨੇ ਬੜੇ ਠਰਮੇ ਨਾਲ ਕਿਹਾ।
"ਬੇਜਕੀਨੀ ਮੈਂ ਹੋਈ। ਨਖਾਫ਼ਣਿਆਂ! ਤੂੰ ਤਾਂ ਲੂਣ ਕੁੱਟਣ ਵਾਲੇ ਵੱਟੇ ਨਾਲੋਂ ਵੀ ਗਿਆ ਗੁਜ਼ਰਿਆ ਏਂ। ਮੈਨੂੰ ਕਿਸ ਪੱਕੇ ਬੰਦੇ ਨੇ ਦੱਸਿਆ ਏ। ਉਹ ਸਾਰਾ ਟੱਬਰ ਵਿਚੇ ਵਿੱਚ ਮਤੇ ਪਕਾਈ ਬੈਠਾ ਈ। ਅੱਲ੍ਹਾ ਉਹਦੀਆਂ ਧੀਆਂ ਅੱਗੇ ਆਵੇ! ਉਸ ਦਲੀਪੋ ਕੁੱਤੀ ਨੇ ਆਪ ਇਹਨੂੰ ਰੋਟੀਆਂ ਦੇ ਕੇ ਘੱਲਿਆ ਈ। ਹੋਰ ਸੁਣਨਾ ਈ ? ਉਹ ਇਕ ਮੁਸਲਮਾਨ ਕੁੜੀ ਨੂੰ ਸਿੱਖਣੀ ਬਣਾ ਕੇ ਸਾਰੀ ਉੱਮਤ ਨੂੰ ਲੱਤ ਹੇਠੋਂ ਲੰਘਾਣਾ ਚਾਹੁੰਦੀ ਈ। ਤੇ ਇਹ ਹੀਰ ਅੱਲ੍ਹਾ ਦੀ ਮਾਰ-ਉਹਨਾਂ ਪਿੱਛੇ ਮਰੀ ਫਿਰਦੀ ਊ। ਤੇ ਤੂੰ ਆਹਨਾਂ ਏਂ, ਮੈਨੂੰ ਜਕੀਨ ਏ ਨੂਰਾਂ ਉੱਤੇ।” ਮਗਰਲਾ ਵਾਕ ਫ਼ਾਤਮਾ ਨੇ ਮੂੰਹ ਵਿੰਗਾ ਕਰਕੇ ਚਿੜਾਊ ਸੁਰ ਵਿੱਚ ਕਿਹਾ।
"ਜੇ ਉਹ ਵੀ ਸਾਰਾ ਟੱਬਰ ਰਾਜੀ ਨੇ, ਤੇ ਇਹ ਵੀ ਰਾਜੀ ਏ, ਤਾਂ ਤੈਨੂੰ ਮੈਨੂੰ ਕੀ।"
"ਹਾਇ ਹੈ ਹੈ ਹੈ।" ਫ਼ਾਤਮਾ ਨੇ ਢਿੱਡ ਤੇ ਦੁਹੱਥੜ ਮਾਰ ਕੇ ਕਿਹਾ, 'ਤੂੰ ਆਹਨਾਂ ਏਂ ਇਹ ਗੱਲ ? ਕਾਫ਼ਰ ਬੰਦਿਆ! ਅੱਲ੍ਹਾ ਤੈਨੂੰ ਦੋਜਕ ਢੋਈ ਨਾ ਮਿਲੇ। page-break
ਉਹਨੇ ਦੁਆ ਮੰਗਣ ਵਾਲਿਆਂ ਵਾਂਗ ਦੋਵੇਂ ਹੱਥ ਉੱਪਰ ਉਠਾ ਕੇ ਕਿਹਾ।
"ਮੈਂ ਤੇਰੇ ਅੱਲ੍ਹਾ ਦੇ ਦੋਜ਼ਖ਼ ਵੱਲ ਜਾਣਾ ਕੀ ਲੈਣ ਏਂ। ਉਹ ਤੁਹਾਨੂੰ ਈ ਮੁਬਾਰਕ ਹੋਵੇ। ਤੇ...।”
"ਤੇਰੀ ਕਾਇਆ 'ਚ ਕੀੜੇ। ਅੱਲ੍ਹਾ ਨੂੰ ਨਿੰਦਦਾ ਏਂ ? ਹੈ ਮੈਂ...।"
"ਬਕ ਬਕ ਨਾ ਕਰ ਬਹੁਤੀ। ਜਾਣਦੀ ਏਂ, ਅਸੀਂ ਮੁਸਲਮਾਨ ਕਦੋਂ ਦੇ ਬਣੇ भां? ਪੰਜਵੀਂ ਕਿ ਸੱਤਵੀਂ ਪੀਹੜੀ ਗੁਜਰੀ, ਸਾਡਾ ਵੱਡਾ ਇਕ ਔਰਤ ਪਿੱਛੇ ਮੁਸਲਮਾਨ ਹੋਇਆ ਸੀ। ਮੌਲਵੀ ਨੇ ਕੰਨ ਵਿੱਚ ਫੂਕ ਮਾਰ ਦਿੱਤੀ ਕਿ ਤੂੰ ਮੁਸਲਮਾਨ ਹੋ ਗਿਆ ਏਂ ਤੇ ਉਹਨੇ ਸ਼ਕਾਰੀਆਂ ਦੇ ਬਟੇਰੇ ਵਾਂਗ ਮਗਰ ਹਾਮੀ ਭਰ ਦਿੱਤੀ ਕਿ ਹਾਂ, ਮੈਂ ਮੁਸਲਮਾਨ ਹੋ ਗਿਆ। ਬੱਸ, ਐਸ ਤਰ੍ਹਾਂ ਦੇ ਅਸੀਂ ਮੁਸਲਮਾਨ ਹੋਏ ਈ।”
"ਆਖ, ਪਿਆਰਾ ਵੀ ਮੁਸਲਮਾਨ ਹੋ ਜੈ, ਮੈਂ ਆਪਣੇ ਹੱਥੀਂ ਨੂਰਾਂ ਦਾ ਨਕਾਹ ਉਹਦੇ ਨਾਲ ਕਰ ਦਿਆਂਗੀ।"
"ਇਹਦਾ ਮਤਲਬ ਏ, ਤੈਨੂੰ ਪਿਆਰਾ ਤਾਂ ਚੰਗਾ ਲੱਗਦਾ ਏ, ਉਹਦਾ ਧਰਮ ਨਹੀਂ।"
"ਹਾਂ। ਉਹ ਮੁਸਲਮਾਨ ਹੋ ਜੈ ਤਾਂ ਮੈਂ ਰਾਜੀ ਆਂ। ਏਸ ਤਰ੍ਹਾਂ ਆਹੰਦੇ ਨੇ, ਸਵਾਬ ਹੁੰਦਾ ਏ।"
"ਤੇ ਜੇ ਨੂਰਾਂ ਸਿੱਖ ਬਣ ਜਾਏ, ਤਾਂ ਫੇਰ ਅਸਮਾਨ ਡਿੱਗ ਪਵੇਗਾ ?"
"ਅੱਲ੍ਹਾ ਤੇਰੀ ਜਬਾਨ ਸੜ ਜੈ ਇਹ ਹੈ ਦੇਣ ਵਾਲੇ ਦੀ। ਕਾਫ਼ਰ ਬੰਦਿਆ।" ਫ਼ਾਤਮਾ ਫੇਰ ਭੜਕ ਉੱਠੀ।
“ਮੇਰੀ ਰਾਇ ਇਹ ਨਹੀਂ। ਇਹ ਤਾਂ ਤੇਰੀ ਗੱਲ ਦਾ ਜਵਾਬ ਏ। ਧੀਰਜ ਨਾਲ ਸੁਣ।” ਇਲਮਦੀਨ ਨੇ ਹੱਥ ਦੇ ਇਸ਼ਾਰੇ ਨਾਲ ਉਹਨੂੰ ਠੰਡਿਆਂ ਕਰਨ ਦਾ ਯਤਨ ਕਰਦਿਆਂ ਕਿਹਾ। "ਮੇਰੀ ਪੁੱਛਦੀ ਏਂ, ਤਾਂ ਮੈਂ ਕਹਾਂਗਾ, ਇਹ ਮੁਸਲਮਾਨ ਰਹੇ, ਉਹ ਸਿੱਖ ਰਹੇ। ਜੇ ਉਹਨਾਂ ਦੀ ਚਾਹ ਹੋਵੇ, ਤਾਂ ਦੋਵੇਂ ਵਿਆਹ ਕਰ ਲੈਣ। ਭਲਾ ਦੇ ਦਿਲਾਂ ਦੀ ਪਾਕ ਮੁਹੱਬਤ ਵਿੱਚ ਮਜ੍ਹਬ ਕਿਉਂ ਲੱਤ ਅੜਾਏ ? ਸਹਿਜ ਨਾਲ, ਸੋਚ ਸਮਝ ਕੇ ਕਿਸੇ ਦਾ ਦਿਲ ਮੰਨੇ, ਤਾਂ ਉਹ ਬੇਸ਼ੱਕ ਆਪਣਾ ਮਜ਼੍ਹਬ ਬਦਲ ਲਏ।"
"ਹੈ ਹੈ, ਅੱਲ੍ਹਾ! ਰੋਜ਼-ਕਿਆਮਤ ਕਿੱਥੇ ਮੂੰਹ ਦੇਵੇਂਗਾ ਤੂੰ ? ਠੀਕ ਆਹੰਦਾ ਸੀ ਵਚਾਰਾ ਮੌਲਵੀ, ਅਖੇ...।"
"ਹੱਛਾ! ਹੁਣ ਸਮਝ ਪਈ। ਤਾਂ ਇਹ ਸਾਰੀ ਅੱਗ ਤੇਰੇ ਮੌਲਵੀ ਦੀ ਲਾਈ ਹੋਈ ਏ।" ਇਲਮਦੀਨ ਨੇ ਘਿਰਣਾ ਨਾਲ ਕਿਹਾ। ਉਸ ਨੇਕ ਬੰਦੇ ਦੇ ਮਨ ਵਿੱਚ ਵੀ ਮੌਲਵੀ ਵਾਸਤੇ ਗੁੱਸਾ ਸੀ।
"ਮੌਲਵੀ ਤੇਰੇ ਵਰਗਾ ਕਾਫ਼ਰ ਨਹੀਂ। ਉਹ ਖ਼ੁਦਾ ਦਾ ਬੰਦਾ ਨੇਕ ਸਲਾਹ ਈ ਦੇਵੇਗਾ।" page-break
"ਖੁਦਾ ਦਾ ਬੰਦਾ ਨਹੀਂ ਉਹ।" ਇਲਮਦੀਨ ਨੇ ਜ਼ਰਾ ਓਚੇਰੀ ਵਾਜ ਵਿੱਚ ਕਿਹਾ, “ਉਹ ਸ਼ੈਤਾਨ ਏਂ, ਨੇਕੀ ਦਾ ਦੁਸ਼ਮਣ, ਸ਼ੈਤਾਨ।”
"ਹੈ ਹੈ, ਮੈਨੂੰ ...."
"ਠਹਿਰ। ਜ਼ਰਾ ਕੰਨ ਖੋਹਲ ਕੇ ਸੁਣ ਲੈ। ਉਸ ਅੱਧ ਬੁੱਧ ਭੈਂਗੇ ਮੌਲਵੀ ਦੀ ਅੱਖ ਤੇਰੀ ਨੂਰਾਂ ਉੱਤੇ ਈ। ਉਹ ਧੋਖੇਬਾਜ਼ ਏ, ਫ਼ਰੇਬੀ।”
"ਤੇਰੇ ਕਾਫ਼ਰ ਪਿਆਰੇ ਨਾਲੋਂ ਉਹ ਭੈਂਗਾ ਮੌਲਵੀ ਵੀ ਚੰਗਾ ਏ। ਉਹ ਖ਼ੁਦਾ ਪਰਸਤ ਤਾਂ ਏ ?" ਫ਼ਾਤਮਾ ਨੇ ਹੱਥ ਭੁੜਕਾਉਂਦਿਆਂ ਜੋਸ਼ ਵਿੱਚ ਕਿਹਾ।
"ਖ਼ੁਦਾ ਪਰਸਤ ? ਉਹ। ਉਹ ਸ਼ੈਤਾਨ। ਕੈਦੋਂ ਲੰਗਾ।”
ਫਿਰ ਕੀ ਸੀ। ਫ਼ਾਤਮਾ ਚੜ੍ਹ ਬੱਦਲੀ ਗਈ। ਜੋ ਉਹਦੇ ਮੂੰਹ ਆਉਂਦਾ ਕਹੀ ਜਾ ਰਹੀ ਸੀ ਉਹ। ਵਿਚੇ ਇਲਮਦੀਨ ਵਿਚੇ ਨੂਰਾਂ। ਪਿਆਰੇ ਤੇ ਪਿਆਰੇ ਦਾ ਮਾਂ ਪਿਉ ਵੀ। ਕੋਈ ਵੀ ਫ਼ਾਤਮਾ ਦੇ ਗੁੱਸੇ ਤੋਂ ਬਚਿਆ ਨਾ ਰਿਹਾ।
ਇਲਮਦੀਨ ਨੇ ਸੋਚਿਆ, "ਹੁਣ ਮਾਲੀਖੌਲੀਏ ਦਾ ਦੌਰਾ ਪੂਰੇ ਜੋਬਨ 'ਤੇ ਆ ਗਿਆ ਏ। ਹੁਣ ਚੁੱਪ ਰਹਿਣ ਵਿੱਚ ਈ ਭਲਾ ਏ। ਉਹ ਅਲਾਣੇ ਮੰਜੇ ਉੱਤੇ ਹੀ ਲੱਤਾਂ ਨਿਸਾਲ ਕੇ ਪੈ ਗਿਆ। ਫ਼ਾਤਮਾ ਵੱਲ ਕੰਡ ਕਰਕੇ ਉਹਨੇ ਜਿਵੇਂ ਕੰਨ ਵਿੱਚ ਉਂਗਲਾਂ ਦੇ ਲਈਆਂ।
"ਅੱਬਾ! ਅੱਬਾ।" ਫੱਜੇ ਨੇ ਬਾਹਰੋਂ ਆਉਂਦਿਆਂ ਪਿਉ ਦੀ ਪੈਂਦ 'ਤੇ ਬਹਿ ਕੇ ਉਹਦੀ ਲੱਤ ਹਿਲਾ ਕੇ ਪੁੱਛਿਆ, "ਪ੍ਰੀਤੂ ਆਹੰਦਾ ਸੀ, ਪਾਕਸਤਾਨ ਨਹੀਂ ਬਣੇਗਾ। ਮੈਂ ਆਹੰਦਾ ਸਾਂ, ਬਣੇਗਾ। ਤੂੰ ਦੱਸ, ਪਾਕਸਤਾਨ ਬਣੇਗਾ ਕਿ ਨਹੀਂ ?"
"ਤੇਰੀ ਮਾਂ ਨੂੰ ਪਤਾ ਏ। ਉਸ ਤੋਂ ਪੁੱਛ ਲੈ।”
੭.
"ਪਿਆਰਿਆ! ਪਿਆਰਿਆ! ਜਿਵੇਂ ਜਾਣਦਾ ਏਂ ਮੈਨੂੰ ਬਚਾ ਲੈ। ਅੱਲ੍ਹਾ ਦਾ ਵਾਸਤਾ ਈ, ਬਚਾ ਲੈ ਮੈਨੂੰ।" ਸ਼ਾਮ ਦੇ ਘੁਸਮੁਸੇ ਹਨ੍ਹੇਰੇ ਵਿੱਚ ਨੂਰਾਂ ਨੇ ਪਿਆਰੇ ਦਾ ਹੱਥ ਫੜ ਕੇ ਡਰ ਨਾਲ ਕੰਬਦੀ ਵਾਜ ਵਿੱਚ ਕਿਹਾ। ਉਹ ਬਹੁਤ ਹੀ ਘਬਰਾਈ ਹੋਈ ਸੀ। ਭੈਅ ਨਾਲ ਉਹਦੀ ਸੋਹਲ ਛਾਤੀ ਧੜਕ ਰਹੀ ਸੀ। ਉਹਦਾ ਗੋਰਾ ਰੰਗ ਪੀਲਾ ਪੈ ਕੇ ਪਤਲੇ ਹਨੇਰੇ ਵਿੱਚ ਕੁਛ ਸਾਉਲਾ ਜਾਪ ਰਿਹਾ ਸੀ।
"ਕਿਉਂ ? ਕੀ ਗੱਲ ਏ ? ਜਰਾ ਧੀਰਜ ਨਾਲ ਦੱਸੇ ਕੁਛ।" ਪਿਆਰੇ ਨੇ ਪਿਆਰ ਨਾਲ ਨੂਰਾਂ ਦੇ ਹੱਥ ਘੁਟਦਿਆਂ ਕਿਹਾ। ਨੂਰਾਂ ਦੀ ਘਬਰਾਹਟ ਨੇ ਪਿਆਰੇ ਦੇ ਅੰਦਰ ਚਿੰਤਾ ਪੈਦਾ ਕਰ ਦਿੱਤੀ ਸੀ। page-break
"ਇਹ ਗੱਲਾਂ ਕਰਨ ਸੁਣਨ ਦਾ ਵੇਲਾ ਨਹੀਂ।" ਨੂਰਾਂ ਨੇ ਜ਼ਰਾ ਹੋਰ ਨੇੜੇ ਹੋ ਕੇ ਕਿਹਾ, "ਚਲ ਏਸੇ ਵੇਲੇ ਕਿਧਰੇ ਨੱਸ ਚੱਲੀਏ। ਸੁਰ ਸਿੰਘ ਤੇਰੀ ਮਾਸੀ ਕੋਲ। ਫੇਰ ਵੇਲਾ ਹੱਥ ਨਹੀਉਂ ਔਣਾ। ਸਾਰੀ ਉਮਰ ਦੋਵੇਂ ਰੋਂਦੇ ਮਰਾਂਗੇ। ਢਿੱਲ ਨਾ ਕਰ। ਅੱਲ੍ਹਾ ਦਾ ਵਾਸਤਾ ਈ, ਛੇਤੀ ਕਰ।”
"ਪਰ ਤੂੰ ਕੋਈ ਗੱਲ ਵੀ ਦੱਸੇ? ਐਵੇਂ ਮੇਰਾ ਦਿਲ...।" ਪਿਆਰੇ ਨੂੰ ਵਾਕ ਪੂਰਾ ਕਰਨ ਵਾਸਤੇ ਅਗਾਂ ਸ਼ਬਦ ਕੋਈ ਨਾ ਮਿਲਿਆ ਕਿ ਉਹਦੇ ਦਿਲ ਨੂੰ ਕੀ ਹੋ ਰਿਹਾ ਸੀ।
"ਸੁਣ ਲੈ ਜੇ ਤੂੰ ਸੁਣ ਕੇ ਈ ਰਹਿਣਾ ਏਂ ਤਾਂ। ਭੈਂਗਾ ਮੌਲਵੀ ਮੇਰਾ ਸਾਕ ਮੰਗਦਾ ਈ। ਤੇ ਅੰਮਾ ਮੈਨੂੰ ਉਸ ਅੱਧ-ਬੁੱਢ ਲੀਚੜ ਨਾਲ ਨਰੜ ਦੇਣ ਲਈ ਰਾਜ਼ੀ ਹੋ ਗਈ ਊ। ਪਿਆਰਿਆ। ਮੈਂ ਕੁਛ ਖਾ ਕੇ ਮਰ ਜਾਵਾਂਗੀ, ਪਰ ਉਸ ਬੁੱਚੜ ਦੇ ਘਰ ਨਹੀਂ ਵੱਸਣਾ।"
"ਪਰ ਬਾਬਾ ਇਹ ਗੱਲ ਕਿਵੇਂ ਮੰਨ ਜਾਵੇਗਾ।" ਪਿਆਰੇ ਦੀ ਵਾਜ ਵਿੱਚ ਓੜਕਾਂ ਦੀ ਘਬਰਾਹਟ ਸੀ।
"ਅੱਬਾ ਨੂੰ ਕਿਸੇ ਨਹੀਂ ਪੁੱਛਣਾ। ਓਸ ਸਾਂਈ ਲੋਕ ਦੀ ਘਰ ਵਿੱਚ ਚਲਦੀ ਈ ਕਦੋਂ ਏਂ। ਕੀਤੀ ਹੁੰਦੀ ਏ ਅੰਮਾ ਦੀ ਜਾਂ ਥੋੜ੍ਹੀ ਬਹੁਤੀ ਵੱਡੇ ਮਾਮੇ ਦੀ।”
"ਪਰ ਇਹ ਸਾਕ ਤਾਂ ਤੇਰਾ ਮਾਮਾ ਵੀ ਨਹੀਂ ਮੰਨਣ ਲੱਗਾ। ਉਹਨੂੰ ਕਿਤੇ ਤੂੰ ਦੁੱਪਰਿਆਰੀ ਤਾਂ ਨਹੀਂ।”
"ਮਾਮੇ ਦੀ ਵੀ ਕੁਛ ਨਾ ਪੁੱਛ। ਆਟੇ ਦੀ ਤੌਣ ਨੂੰ ਸਾਰੇ ਝਾਟ ਮਾਰਨ ਦੀ ਕਰਦੇ ਨੇ। ਉਹ ਵੀ ਮੈਨੂੰ ਆਪਣੇ ਕਾਣੇ ਮੁੰਡੇ ਨਾਲ ਵਿਔਹਣਾ ਚਾਹੁੰਦਾ ਈ ਵੈਰੀਆ। ਸਾਰੇ ਸਾਡੇ ਲਹੂ ਦੇ ਤਿਹਾਏ ਈ। ਓਦਣ ਮਾਂ ਨੇ ਜੋ ਜੋ ਮੈਨੂੰ ਕਿਹਾ ਤੇ ਫਿਰ ਜੋ ਉਹਨੇ ਅੱਬਾ ਨਾਲ ਹੜੇ ਭਿੜੇ, ਸੁਣ ਲਿਆ ਸਈ ਨਾ । ਬੱਸ ਓਸੇ ਦਿਨ ਦੇ ਆਪਣੇ ਵਾਸਤੇ ਜਾਲ ਤਣੇ ਜਾ ਰਹੇ ਈ। ਅੱਬਾ ਵਿਚਾਰੇ ਦੇ ਵੱਸ ਹੋਵੇ ਤਾਂ ਉਹ ਬੜੀ ਖ਼ੁਸ਼ੀ ਨਾਲ ਮੇਰੀ ਬਾਂਹ ਤੇਰੇ ਹਵਾਲੇ ਕਰ ਦੇਵੇ। ਪਰ ਅੰਮਾ ਸਾਡੀ ਦੁਸ਼ਮਣ ਈਂ, ਪੱਕੀ ਵੈਰਨ। ਮੇਰੇ ਕੋਲ ਵਧੇਰੇ ਗੱਲਾਂ ਕਰਨ ਦਾ ਵਿਹਲ ਨਹੀਂ। ਨਾ ਜਾਣੀਏ ਕੋਈ ਆਪਾਂ ਨੂੰ ਵੇਖ ਲਏ। ਫੇਰ ਇਹ ਵੇਲਾ ਹੱਥ ਨਹੀਂਉਂ ਔਣਾ। ਅਖੇ ਲੰਘ ਗਏ ਸਮੇਂ ਨੂੰ ਘੋੜੇ ਨਹੀਂ ਮਿਲਦੇ। ਤੈਨੂੰ ਕੀ ਪਤਾ ਮੈਂ ਕੀ-ਕੀ ਪੰਜ ਲਾ ਕੇ ਘਰੋਂ ਆਈ ਆਂ। ਚੱਲ ਏਸ ਵੇਲੇ ਨੱਸ ਚਲੀਏ। ਮੈਨੂੰ ਕਿਥੇ ਛੱਡ ਕੇ ਤੂੰ ਭਲਕ ਆ ਕੇ ਚਾਚੇ ਚਾਚੀ ਨੂੰ ਦੱਸ ਜਾਈਂ।”
"ਨੂਰਾਂ। ਤੂੰ ਨਹੀਂ ਜਾਣਦੀ ਐਸ ਵੇਲੇ ਮੇਰੇ ਦਿਲ ਨਾਲ ਕੀ ਵਾਪਰ ਰਹੀ ਏ। ਮੈਂ ਤੈਨੂੰ ਲੈ ਕੇ ਚੋਰੀ ਨੱਸ ਜਾਵਾਂ ਤਾਂ ਜਾਣਦੀ ਏਂ ਬਾਬੇ ਦੇ ਜੀ ਵਿੱਚ ਕੀ page-break
ਆਵੇਗੀ ? ਉਹ ਕਿਤੇ ਖਲੋਣ ਜੋਗਾ ਨਹੀਂ ਰਹਿ ਜਾਵੇਗਾ ? ਸਾਰੇ ਮਿਹਣਾ ਮਾਰਨਗੇ, ਇਲਮਦੀਨ ਦੀ ਧੀ ਨਿਕਲ ਗਈ ਏ। ਆਪਣੀ ਜਾਨ 'ਤੇ ਮੈਂ ਹਜ਼ਾਰਾਂ ਦੁੱਖ ਸਹਿ ਲਵਾਂਗਾ, ਪਰ ਬਾਬੇ ਦੀ ਬੇਇੱਜ਼ਤੀ ਨਹੀਂ ਸਹਿ ਸਕਦਾ।" ਪਿਆਰੇ ਨੇ ਨਿਰਾਸਤਾ ਵਿੱਚ ਸਿਰ ਹਿਲਾ ਕੇ ਕਿਹਾ।
"ਹੱਛਾ, ਇਹ ਗੱਲ ਏ। ਮੈਂ ਨਹੀਂ ਸੀ ਜਾਣਦੀ ਕਿ ਧੋਖੇਬਾਜ਼ ਮਰਦਾਂ ਵਾਂਗ ਤੂੰ ਵੀ ਬਹਾਨੇ ਬਨੌਣਾ ਸਿੱਖ ਜਾਵੇਂਗਾ।" ਗੁੱਸੇ ਨਾਲ ਨੂਰਾਂ ਨੇ ਪਿਆਰੇ ਦੇ ਫੜੇ ਹੋਏ ਹੱਥ ਝਟਕ ਦਿੱਤੇ।
"ਨੂਰਾਂ! ਮੈਨੂੰ ਗ਼ਲਤ ਨਾ ਸਮਝ। ਧਰਤੀ ਡੋਲ ਜਾਏਗੀ, ਪਰ ਪਿਆਰਾ ਜ਼ਬਾਨੋਂ ਨਹੀਂ ਡੋਲੇਗਾ। ਮੈਂ ਤੇਰੇ ਨਾਲ ਵਿਆਹ ਕਰੌਣ ਦਾ ਕੌਲ ਦਿੱਤਾ ਹੋਇਆ ਏ। ਮੈਂ ਆਪਣੇ......।"
"ਓਸ ਤਰ੍ਹਾਂ ਅੱਬਾ ਦੀ ਬੇਇੱਜ਼ਤੀ ਨਹੀਂ ਹੋਵੇਗੀ ? ਫੇਰ ਨਾ ਲੋਕ ਆਖਣਗੇ ਕਿ ਇਲਮਦੀਨ ਦੀ ਧੀ ਨੇ ਸਿੱਖਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਏ ?"
"ਆਖਣ ਪਏ ਲੋਕ। ਓਸ ਵਿੱਚ ਪਾਪ ਤਾਂ ਨਹੀਂ ਨਾ ਕੋਈ।"
“ਚੰਗਾ, ਤੂੰ ਰਾਂਝੇ ਵਾਂਗ ਪਾਪ ਪੁੰਨ ਵਚਾਰਦਾ ਰਹੀਂ ਬੈਠਾ ਤੇ ਸਾਡਾ ਅੱਲ੍ਹਾ ਬੇਲੀ। ਡਰਾਕਲ ਕਿਸੇ ਥਾਂ ਦਾ। ਜੇ ਨੂਰਾਂ ਦਾ ਲੂੰ ਵੀ ਤੈਨੂੰ ਵਖਾ ਗਿਆ ਕੋਈ ਤਾਂ ਆਖੀਂ। ਮੈਂ ਚਲੀ ਆਂ।"
"ਨੂਰਾਂ!” ਮੁੜਦੀ ਨੂਰਾਂ ਦੀ ਛੇਤੀ ਨਾਲ ਬਾਂਹ ਫੜ ਕੇ ਪਿਆਰੇ ਨੇ ਜਿਵੇਂ ਚੀਕ ਕੇ ਕਿਹਾ, "ਮੈਂ ਡਰਾਕਲ ਨਹੀਂ। ਤੇਰੇ ਬਦਲੇ ਮੈਂ ਸਿਰ ਦੇ ਸਕਦਾਂ, ਪਰ ਬਾਬੇ ਇਲਮਦੀਨ ਦਾ ਦਿਲ ਨਹੀਂ ਦੁਖਾ ਸਕਦਾ। ਮੈਂ ਭਲਕੇ ਆਪ ਬਾਬੇ ਨਾਲ ਗੱਲ ਕਰਾਂਗਾ। ਤੂੰ ਘਬਰਾ ਨਾ। ਮੈਂ ਆਪੇ ਸਭ ਕੁਝ...।"
"ਵੇ ਛੱਡ ਜੱਟਾ ਇਹ ਮੋਮੋਠਗਣੀਆਂ। ਰਾਜੀ ਰਹੁ। ਨੂਰਾਂ ਆਪਣੇ ਬਲ ਪੁੱਜਾ ਚਲੀ ਏ। ਯਾਦ ਰਖੀਂ। ਨੂਰਾਂ ਤਾਂ ਸਾਰੀ ਉਮਰ ਦੀਵੇ ਦੀ ਵੱਟੀ ਵਾਂਗ ਸੜਦੀ ਰਹੇਗੀ, ਪਰ ਚੈਨ ਤੇਰੇ ਦਿਲ ਨੂੰ ਵੀ ਨਹੀਂ ਆਵੇਗਾ! ਚਲੋ ਮੁਹੱਬਤ ਕਰਨ ਵਾਲਿਆਂ ਦੇ ਪੱਲੇ ਰੋਣਾ ਈ ਪਿਆ ਕਰਦਾ ਏ।" ਨੂਰਾਂ ਦੂਜੇ ਹੱਥ ਨਾਲ ਬਾਂਹ ਛੁਡਾ ਕੇ ਤੁਰ ਪਈ।
"ਨੂਰਾਂ ! ਨੂਰਾਂ! ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ। ਮੈਂ ਭਲਕੇ ਈ ਸਭ ਕੁਝ ਕਰ ਲਵਾਂਗਾ, ਸਿਆਣਿਆਂ ਆਖਿਆ ਏ...।”
ਪਿਆਰਾ ਸਿਆਣਿਆਂ ਦੇ ਕਥਨਾਂ ਉੱਤੇ ਵਿਚਾਰ ਕਰਦਾ ਰਹਿ ਗਿਆ ਤੇ ਨੂਰਾਂ ਚਲੀ ਗਈ। ਉਹਨੇ ਫਿਰ ਪਿੱਛਾਂ ਭੌਂ ਕੇ ਨਹੀਂ ਵੇਖਿਆ। ਉਹਦੇ ਅੰਦਰ ਅਥਾਹ ਗੁੱਸਾ ਸੀ ਤੇ ਕੁਛ-ਕੁਛ ਘਿਰਣਾ ਵੀ। ਪਰ ਘਿਰਣਾ ਪਿਆਰ ਵਾਸਤੇ ਨਹੀਂ, page-break
ਆਪਣੇ ਆਪ ਵਾਸਤੇ ਸੀ। ਉਹ ਸੋਚਦੀ ਜਾ ਰਹੀ ਸੀ, "ਮੈਂ ਆਪਣੇ ਮੂੰਹੋਂ ਇਹ ਕੁਝ ਆਖ ਕੇ ਕਿਉਂ ਹੌਲੀ ਪਈ। ਪਿਆਰੇ ਨੇ ਮੇਰੀ ਇਸ ਗੱਲ ਦਾ ਕੀ ਮੁੱਲ ਪਾਇਆ। ਪਿਆਰਾ! ਪਿਆਰਾ ਖਵਰੇ ਉਹ ਵੀ ਆਮ ਮਰਦਾਂ ਵਾਂਗ। ਪਰ ਓਹ ਆਮ ਬੰਦਿਆਂ ਵਰਗਾ ਨਹੀਂ। ਹੋਰ ਕੋਈ ਮੁੰਡਾ ਹੁੰਦਾ ਤਾਂ ਜਿੰਨੀ ਮੈਂ ਉਹਦੇ ਉੱਤੇ ਵਿੱਸ ਗਈ ਸਾਂ, ਉਹ ਮੈਨੂੰ ਕਿਸੇ ਥਾਂ ਜੋਗਾ ਨਾ ਛੱਡਦਾ। ਨਹੀਂ ਉਹ ਦੂਜਿਆਂ ਵਾਂਗ ਨਹੀਂ। ਉਹਦੇ ਮਨ ਵਿੱਚ ਮੈਲ ਨਹੀਂ। ਉਹਦੀ ਮੁਹੱਬਤ ਪਾਕ ਸਾਫ਼ ਏ। ਫਿਰ ਉਹਨੇ ਨਾਂਹ ਕਿਉਂ ਕਰ ਦਿੱਤੀ। ਮਾਂ ਪਿਉ ਤੋਂ ਡਰਦਿਆਂ ? ਮੇਰਾ ਮਨ ਨਹੀਂ ਮੰਨਦਾ। ਉਹਦਾ ਬਾਪੂ ਵੀ ਮੇਰੇ ਅੱਬਾ ਵਾਂਗ ਚੰਗਾ ਏ। ਤੇ ਚਾਚੀ ਤਾਂ ਉਦਣ ਚੇਤਾ ਈ ਨਾ! ਲੋਕ ਲਾਜ ਤੋਂ ਡਰਦਿਆਂ ਭਾਵੇਂ ਦੋ ਚਾਰ ਦਿਨ ਨੱਕ ਮੂੰਹ ਵੱਟਦੇ ਫੇਰ ਆਪੇ ਠੀਕ ਹੋ ਜਾਂਦੇ। ਫੇਰ ਪਿਆਰਾ ਹੋਰ ਕਿਹੜੀ ਗੱਲੋਂ ਝਿਜਕ ਗਿਆ ? ਸਗੋਂ ਉਹਦਾ ਆਪਣਾ ਮਨ ਈ ਤਾਂ ਨਹੀਂ ਫਿਰ ਗਿਆ ? ਚਾਰ ਪੰਜ ਸਾਲ ਹੋਏ ਉਹਦੀ ਮੰਗਣੀ ਵੀ ਹੋ ਗਈ ਹੋਈ ਏ ਨਾ। ਖਵਰੇ ਖਵਰੇ...। ਆਹੰਦੇ ਹੁੰਦੇ ਨੇ, ਦਿਲ ਦਰਿਆ ਸਮੁੰਦਰੋਂ ਡੂੰਘੇ। ਕੀ ਦੇਰ ਲੱਗਦੀ ਏ ਕਿਸੇ ਦਾ ਦਿਲ ਫਿਰਦਿਆਂ। ਨਹੀਂ ਨਹੀਂ ਇਹ ਮੇਰਾ ਵਹਿਮ ਏਂ। ਉਹ ਉਂਞ ਈ ਡਰਾਕਲ ਏ, ਨਿਰਾ ਡਰਪੋਕ ਤੇ ਸੰਗਾਊ। ਕਿਸੇ ਕੁੜੀ ਨੂੰ ਉਹ ਸੰਗਦਾ ਬੁਲਾ ਈ ਨਹੀਂ ਸਕਦਾ। ਡਰ ਨਾਲ ਉਹਦੇ ਮੱਥੇ 'ਤੇ ਤਰੇਲੀ ਆ ਜਾਂਦੀ ਏ। ਸਾਡੀ ਮੁਹੱਬਤ ਵਿੱਚ ਵੀ ਪਹਿਲ ਮੇਰੇ ਵੱਲੋਂ ਈ ਹੋਈ ਸੀ। ਪਰ ਹੁਣ ਉਹਨੂੰ ਮੈਥੋਂ ਕਾਹਦਾ ਡਰ ਸੀ। ਕੀ ਉਹਨੇ ਸੋਚਿਆ ਹੋਵੇ ਕਿ ਪਿੱਛੋਂ ਕਿਤੇ ਨੂਰਾਂ ਡੋਲ ਨਾ ਜਾਵੇ। ਏਹੋ ਜੇਹੀਆਂ ਦੇ ਪਿੱਛੋਂ ਮੁਕੱਦਮੇ ਚਲਦੇ ਹੁੰਦੇ ਨੇ ਨਾ। ਤੇ ਫੈਸਲਾ ਓਸੇ ਪਾਸੇ ਹੁੰਦਾ ਏ ? ਵੈਰੀਆ! ਤੂੰ ਅਜ਼ਮਾ ਕੇ ਤਾਂ ਵਿਹੰਦੋਂ। ਨੂਰਾਂ ਕਦੇ ਕੌਲੋਂ ਨਾ ਹਾਰਦੀ ਭਾਵੇਂ ਉਹਨੂੰ ਜਿਊਂਦੀ ਨੂੰ ਤੇਲ ਪਾ ਕੇ ਸਾੜ ਦੇਂਦੇ : ਪਰ ਹੁਣ ਕੀ ਬਣੇਗਾ ? ਪਰਸੋਂ ਮੇਰੇ ਮਾਮੇ ਨੇ ਔਣਾ ਏਂ ਤੇ ਅੰਮਾਂ ਨੇ ਮੈਨੂੰ ਉਹਦੇ ਨਾਲ ਭੇਜ ਦੇਣਾ ਏਂ। ਤੇ ਇਕ ਵਾਰ ਗਈ ਨੂਰਾਂ ਨੇ ਫੇਰ ਏਸ ਪਿੰਡ ਵਿੱਚ ਨਹੀਂ ਔਣਾ। ਸਿਰਫ਼ ਏਨਾ ਈ ਨਹੀਂ, ਨੂਰਾਂ ਦੀ ਪਾਕ ਮੁਹੱਬਤ ਉੱਤੇ ਡਾਕਾ ਵੱਜ ਜਾਵੇਗਾ। ਦੋ ਲੁਟੇਰੇ ਤਾਕ ਲਾਈ ਬੈਠੇ ਨੇ। ਇਕ ਪਾਸੇ ਗੈਂਗਾ ਮੌਲਵੀ ਤੇ ਦੂਜੇ ਪਾਸੇ ਕਾਣਾ ਅਲੀਆ। ਯਾ ਅੱਲ੍ਹਾ। ਮੇਰੀ ਦੋਹੀਂ ਪਾਸੀਂ ਦੋਜ਼ਕ ਏ, ਬਲਦਾ ਦੋਜ਼ਕ। ਏਥੋਂ ਬਚਾ ਲਵੇਂ ਤਾਂ ਜਾਣਾ। ਮੇਰਾ ਸਿਦਕ ਮੇਰੀ ਮੁਹੱਬਤ।"
ਨੂਰਾਂ ਦੀਆਂ ਸੋਚਾਂ ਅਜੇ ਮੁੱਕੀਆਂ ਨਹੀਂ ਸਨ ਜਾਂ ਪੰਧ ਮੁੱਕ ਗਿਆ। ਘਰ ਜਾਂਦਿਆਂ ਅੱਗੋਂ ਫ਼ਾਤਮਾ ਦੇ ਮਿਹਣੇ ਤਾਹਨੇ ਸ਼ੁਰੂ ਹੋ ਗਏ। ਫੇਰ ਕੀ ਸੀ। ਆਹੁੰਦੇ ਹੁੰਦੇ ਨੇ ਰੱਬ ਦੇਵੇ ਤੇ ਬੰਦਾ ਸਹੇ।
ਦੋ ਦਿਨ ਨੂਰਾਂ ਇਹਨਾਂ ਹੀ ਘੁੰਮਣ ਘੇਰਾਂ ਵਿੱਚ ਪਈ ਰਹੀ। ਅੱਠੇ ਪਹਿਰ ਉਹ page-break
ਇਕੋ ਸੋਚ ਵਿੱਚ ਡੁੱਬੀ ਰਹਿੰਦੀ। ਪਿਆਰਾ ਕਿਉਂ ਵਿਹਰ ਗਿਆ ? ਉਹਦੇ ਦਿਲ ਵਿੱਚ ਕੀ ਹੋਵੇ ? ਹੁਣ ਕੀ ਬਣੇਗਾ? ਕੀ ਬਣੇਗਾ ?
ਤੀਸਰੇ ਦਿਨ ਨੂਰਾਂ ਦਾ ਮਾਮਾ ਆਇਆ ਤੇ ਉਹਨੂੰ ਨਾਲ ਲਾਹੌਰ ਲੈ ਗਿਆ ?
ਪਿਆਰਾ ਵੀ ਸੁੱਤਾ/ਜਾਗਦਾ ਏਹੋ ਗੱਲਾਂ ਸੋਚਦਾ ਰਹਿੰਦਾ, “ਡਰਾਕਲ ? ਤੂੰ ਮੈਨੂੰ ਡਰਾਕਲ ਸਮਝਦੀ ਏਂ ? ਡਰਾਕਲ ਤੇ ਸੂਰਮੇ ਦਾ ਪਤਾ ਲੱਗਦਾ ਏ ਮਦਾਨ ਵਿੱਚ ਜਦ ਕਿਤੇ ਮੌਕਾ ਬਣੇ ਤਾਂ ਜਵਾਨ ਦੇ ਹੱਥ ਵੇਖੇਂ। ਵਾਹਰਾਂ ਦਾ ਮੂੰਹ ਮੋੜ ਦਿਆਂ ਮੈਂ ਕੱਲਾ ਹੀ। ਸਿਰ ਦੇ ਦਿਆਂ ਪਰ ਪੈਰ ਪਿੱਛੇ ਨਾ ਧਰਾਂ । ਨੂਰਾਂ! ਤੂੰ ਮੈਨੂੰ ਗ਼ਲਤ ਸਮਝਿਆ ਏ। ਮੈਂ ਕਿਸੇ ਗੱਲੋਂ ਡਰ ਕੇ ਨਾਂਹ ਨਹੀਂ ਕੀਤੀ। ਤੂੰ ਮੇਰੇ ਵੱਲ ਏਂ, ਡਰ ਕਾਹਦਾ ? ਤੇਰੀ ਮੁਹੱਬਤ 'ਤੇ ਮੈਨੂੰ ਪੂਰਾ ਭਰੋਸਾ ਏ। ਪਰ ਮੈਂ ਬਾਬੇ ਇਲਮਦੀਨ ਦਾ ਦਿਲ ਨਹੀਂ ਦੁਖਾ ਸਕਦਾ। ਨਾਲੇ ਜਦੋਂ ਉਹ ਸਾਡੇ ਵੱਲ ਵੀ ਏ। ਤੂੰ ਨਹੀਂ ਜਾਣਦੀ ਬਾਬੇ ਦੀ ਮੇਰੇ ਦਿਲ ਵਿੱਚ ਕਿੰਨੀ ਕਦਰ ਏ। ਉਹਦਾ ਦਿਲ ਦਖੌਣ ਨਾਲੋਂ ਆਪ ਸਾਰੀ ਉਮਰ ਸੜਦੇ ਰਹਿਣਾ ਚੰਗਾ ਏ। ਤੂੰ ਡੋਲ ਨਾ, ਸਭ ਕੁਛ ਠੀਕ ਹੋ ਜਾਵੇਗਾ। ਮੈਨੂੰ ਭਰੋਸਾ ਏ ਤੂੰ ਮੇਰੀ ਏਂ ਤੇ ਮੇਰੀ ਰਹੇਂਗੀ। ਬੱਸ ਦੋ ਚਾਰ ਦਿਨ ਦੀ ਤਾਂ ਗੱਲ ਏ। ਮੈਂ ਬਾਬੇ ਨਾਲ ਗੱਲ ਕਰਾਂਗਾ। ਸੰਗਾ ? ਸੰਗਾ ਤਾਂ ਬੜੀ ਆਵੇਗੀ, ਪਰ ਕੋਈ ਹੋਰ ਚਾਰਾ ਨਹੀਂ। ਓਹ ਮੰਨ ਗਿਆ ਤਾਂ ਆਪਾਂ ਚੁੱਪ ਕਰਕੇ ਖਿਸਕ ਚੱਲਾਂਗੇ। ਸਿੱਧੇ ਚੱਲਾਂਗੇ ਅੰਮ੍ਰਿਤਸਰ। ਅਕਾਲ ਤਖਤੋਂ ਅੰਮ੍ਰਿਤ ਛਕ ਕੇ ਤੇ ਅਨੰਦ ਪੜ੍ਹਾ ਕੇ ਮੁੜਾਂਗੇ। ਫੇਰ ਕੋਈ ਪਾਪ ਨਹੀਂ। ਤੇ ਡਰ ਤਾਂ ਮੈਨੂੰ ਹੁਣ ਵੀ ਕਿਸੇ ਦਾ ਨਹੀਂ। ਤੂੰ ਤਾਂ ਥੋੜ-ਦਿਲੀ ਏਂ। ਐਵੇਂ ਘਬਰਾ ਜਾਂਦੀ ਏਂ। ਭਲਾ ਇਹਦੇ ਵਿੱਚ ਡਰਨ ਡੋਲਣ ਵਾਲੀ ਕਿਹੜੀ ਗੱਲ ਏ। ਐਡੀ ਛੇਤੀ ਤੇਰੀ ਮਾਂ ਕਿਤੇ ਤੈਨੂੰ ਖਾ ਨਹੀਂ ਚੱਲੀ। ਪਰ ਪਰ..। ਫੇਰ ਪਿਆਰਾ ਕੁਛ ਹੋਰ ਹੀ ਸੋਚਣ ਲੱਗ ਪੈਂਦਾ। ਕਿਤੇ ਨੂਰਾਂ ਦੇ ਦਿਲ ਵਿੱਚ ਕੋਈ ਹੋਰ ਵਹਿਮ ਨਾ ਬਹਿ ਜਾਂਦਾ ਹੋਵੇ। ਮਤਾਂ ਉਹ ਸੋਚਦੀ ਹੋਵੇ ਕਿ ਮੈਂ ਉਸ ਤੋਂ ਕੰਨੀ ਖਸਕੌਣ ਲੱਗ ਪਿਆਂ। ਕਦੇ ਹੋ ਸਕਦਾ ਏ ? ਇਕ ਵਾਰ ਨੂਰਾਂ ਦਿਲ ਵਿੱਚ ਵੱਸ ਗਈ ਏ, ਹੁਣ ਓਹ ਉਥੋਂ ਨਿਕਲ ਸਕਦੀ ਏ ? ਨਹੀਂ ਮਰਦ ਨਾ ਹਾਰਨ ਕੌਲ। ਪਰ ਇਹ ਵੀ ਤਾਂ ਆਹੰਦੇ ਨੇ : ਕਿਸਮਤ ਨਾਲ ਨਾ ਜ਼ੋਰ। ਕਿਤੇ ਕਿਸਮਤ ਦਗਾ ਨਾ ਦੇ ਜਾਵੇ। ਹੈਂ ? ਮੈਂ ਸਗੋਂ ਗ਼ਲਤੀ ਤਾਂ ਨਹੀਂ ਕਰ ਬੈਠਾ ? ਜਿਵੇਂ ਨੂਰਾਂ ਆਂਹਦੀ ਸੀ ਉਹਦਾ ਮਾਮਾ ਉਹਨੂੰ ਲਾਹੌਰ ਲੈ ਗਿਆ, ਤਾਂ ਫਿਰ ਕੋਈ ਚਾਰਾ ਨਹੀਂ। ਇਹ ਤਾਂ ਬਹੁਤ ਮਾੜੀ ਹੋਈ। ਮੈਨੂੰ ਉਹਦੇ ਆਖੇ ਲੱਗ ਜਾਣਾ ਚਾਹੀਦਾ ਸੀ। ਬਾਬੇ ਇਲਮਦੀਨ ਤੋਂ ਅਗਲੇ ਦਿਨ ਆ ਕੇ ਮਾਫ਼ੀ ਮੰਗ ਲੈਂਦਾ। ਮਾਫ਼ੀ ? ਕਿਹੜੇ ਮੂੰਹ ਨਾਲ ? ਇਹ ਓੜਕ ਕਰਕੇ ਮੈਂ ਉਸ ਤੋਂ ਮਾਫ਼ੀ ਕਿਵੇਂ ਮੰਗਦਾ। ਤੇ ਕਿਹੜਾ ਦਾੜੀ ਵਾਲਾ ਏਸ
ਗੱਲ ਨੂੰ ਸਹਿ ਸਕਦਾ ਏ। ਚਲੋ ਜੋ ਹੋਇਆ ਠੀਕ ਹੋਇਆ। ... ਨਹੀਂ ਬੜੀ ਵੱਡੀ ਭੁੱਲ ਹੋ ਗਈ। ਹੁਣ ਉਹ ਵੇਲਾ ਹੱਥ ਨਹੀਂ ਆ ਸਕਦਾ। ਆਪਣੇ ਹੱਥੀਂ ਆਪਣੀ ਕਿਸਮਤ ਤਬਾਹ ਕਰ ਲਈ। ਪਰ ਅਜੇ ਕੀ ਵਿਗੜਿਆ ਏ ? ਭਲਕੇ ਪ੍ਰੀਤੂ ਨੂੰ ਘੱਲਾਂਗਾ। ਪ੍ਰੀਤੂ ਤੇ ਨੂਰਾਂ ਮੇਰੇ ਨਾਲ ਹੋਣ ਫੇਰ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਮੈਂ ਵਿਗੜੀ ਹੋਈ ਕਿਸਮਤ ਫੇਰ।" ਇਕ ਰਾਤ ਨਹੀਂ, ਕਈ ਦਿਨ ਤੇ ਰਾਤਾਂ ਪਿਆਰਾ ਇਹਨਾਂ ਹੀ ਸੋਚਾਂ ਵਿੱਚ ਘਿਰਿਆ ਰਿਹਾ।
ਅਗਲੇ ਦਿਨ, ਅਗਲੇਰੇ ਦਿਨ ਤੇ ਉਸ ਤੋਂ ਅਗਲੇ ਦਿਨ ਪਿਆਰਾ ਇਲਮਦੀਨ ਨਾਲ ਗੱਲ ਕਰਨ ਬਾਰੇ ਸੋਚਦਾ ਰਿਹਾ, ਪਰ ਉਹਦਾ ਹੌਸਲਾ ਨਾ ਪਿਆ।
ਚੌਥੇ ਦਿਨ ਨੂਰਾਂ ਲਾਹੌਰ ਭੇਜ ਦਿੱਤੀ ਗਈ।
੮.
੧੮੮੫ ਈ. ਵਿੱਚ 'ਇੰਡੀਅਨ ਨੈਸ਼ਨਲ ਕਾਂਗਰਸ' ਦੀ ਨੀਂਹ ਰੱਖੀ ਗਈ। ਪਹਿਲਾਂ ਉਸ ਦਾ ਨਿਸ਼ਾਨਾ ਕੇਵਲ ਪਰਚਲਤ ਕਾਨੂੰਨ ਵਿੱਚ ਕੁਛ ਸੁਧਾਰ ਕਰਨਾ ਹੀ ਸੀ, ਫਿਰ ਉਹਨੇ ਸਹਿਜ-ਸਹਿਜ ਅੰਗਰੇਜ਼ੀ ਸਰਕਾਰ ਦੀ ਵਿਰੋਧਤਾ ਸ਼ੁਰੂ ਕੀਤੀ, ਪਰ ਬੜੇ ਸੁਖਾਵੇਂ ਸ਼ਬਦਾਂ ਵਿੱਚ। ਇਸ ਤਰ੍ਹਾਂ ਸਰਕਾਰ ਹਿੰਦ ਤੇ ਕਾਂਗਰਸ ਵਿੱਚ ਕੁਝ ਪਾੜ ਵਧਣਾ ਸ਼ੁਰੂ ਹੋ ਗਿਆ। ਜਿਉਂ-ਜਿਉਂ ਕਾਂਗਰਸ, ਸਰਕਾਰ ਤੋਂ ਦੂਰ ਹੁੰਦੀ ਗਈ, ਦੇਸ਼ ਦੀ ਸਤਾਈ ਹੋਈ ਗ਼ਰੀਬ ਜਨਤਾ ਉਸ ਵੱਲ ਝੁਕਦੀ ਗਈ। ੧੯੦੫ ਈ. ਵਿੱਚ ਕਾਂਗਰਸ ਨੇ ਬਦੇਸ਼ੀ ਮਾਲ ਦੇ ਬਾਈਕਾਟ ਦਾ ਕੰਮ ਆਰੰਭ ਕੀਤਾ। ਅੰਗਰੇਜ਼ੀ ਸਰਕਾਰ ਓਸੇ ਦਿਨ ਤੋਂ ਕਾਂਗਰਸ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਈ।
ਅੰਗਰੇਜ਼ ਨੀਤੀ ਦੇ ਧਨੀ ਸਨ। ਉਹਨਾਂ ਨੇ ਕਿਸੇ ਅਜੇਹੀ ਜਥੇਬੰਦੀ ਦੀ ਲੋੜ ਮਹਿਸੂਸ ਕੀਤੀ, ਜਿਸ ਨੂੰ ਉਹ ਕਾਂਗਰਸ ਦੇ ਵਿਰੁੱਧ ਵਰਤ ਸਕਣ। ਅੰਗਰੇਜ਼ੀ ਕਰਮਚਾਰੀਆਂ ਨੇ ਏਸ ਮਤਲਬ ਵਾਸਤੇ 'ਆਲ ਇੰਡੀਆ ਮੁਸਲਮ ਲੀਗ' ਦੀ ਨੀਂਹ ਰਖਵਾਈ। ਮੁਸਲਮ ਲੀਗ ਦਾ ਪਹਿਲਾ ਜਲਸਾ ੧੯੦੬ ਈ: ਨੂੰ ਢਾਕੇ ਵਿੱਚ ਹੋਇਆ। ਓਸੇ ਜਲਸੇ ਵਿੱਚ ਮੁਸਲਮ ਲੀਗ ਨੇ ਮਜ਼ਹਬ ਦੇ ਨਾਂ ਉੱਤੇ ਵੱਖਰੀਆਂ ਚੋਣਾਂ ਤੇ ਵੱਖਰੇ ਹੱਕਾਂ ਦੀ ਮੰਗ ਕਰ ਦਿੱਤੀ। ਅਗਲੇ ਸਾਲ ਹਿੰਦ ਦੇ ਵਾਇਸਰਾਏ ਲਾਰਡ ਮਿੰਟੋ (Minto) ਨੇ ਮੁਸਲਮ ਲੀਗ ਦੀ ਇਹ ਮੰਗ ਪ੍ਰਵਾਨ ਕਰ ਲਈ।
ਅੰਗਰੇਜ਼ ਕਰਮਚਾਰੀਆਂ ਦੀ ਸ਼ਹਿ ਉੱਤੇ ਮੁਸਲਮ ਲੀਗ ਦੀਆਂ ਮੰਗਾਂ ਦਿਨ ਦਿਨ ਵਧਦੀਆਂ ਗਈਆਂ। ਅੰਤ ੧੯੪੦ ਈ: ਨੂੰ ਲਾਹੌਰ ਦੇ ਇਜਲਾਸ ਵਿੱਚ
ਮੁਸਲਮ ਲੀਗ ਨੇ ਖੁੱਲ੍ਹੇ ਸ਼ਬਦਾਂ ਵਿੱਚ ਕਹਿ ਦਿੱਤਾ ਕਿ "ਮੁਸਲਮਾਨ ਇਕ ਵੱਖਰੀ ਕੌਮ ਹਨ। ਬਾਕੀ ਹਿੰਦੁਸਤਾਨੀਆਂ ਨਾਲ ਉਹਨਾਂ ਦੀ ਕੋਈ ਸਾਂਝ ਨਹੀਂ। ਮੁਸਲਮਾਨਾਂ ਵਾਸਤੇ ਵੱਖਰਾ ਮੁਲਕ ਪਾਕਿਸਤਾਨ ਬਣਨਾ ਚਾਹੀਦਾ ਹੈ। ਜਿਨ੍ਹਾਂ ਸੂਬਿਆਂ ਵਿੱਚ ਮੁਸਲਮਾਨਾਂ ਦੀ ਬਹੁ-ਗਿਣਤੀ ਹੈ, ਉਹ ਪਾਕਿਸਤਾਨ ਵਿੱਚ ਸ਼ਾਮਲ ਕੀਤੇ ਜਾਣ।"
ਗੱਲ ਸਾਫ਼ ਹੋ ਗਈ। ਨਿਸ਼ਾਨੇ ਮਿਥ ਲਏ ਗਏ। ਰਾਹ ਵੱਖਰੇ ਹੋ ਗਏ। ਕਾਂਗਰਸ ਨੇ ਅਜ਼ਾਦੀ ਹਾਸਲ ਕਰਨ ਵਾਸਤੇ ਅੰਗੇਰਜ਼ੀ ਸਰਕਾਰ ਨਾਲ ਲੜਾਈ ਗਰਮ ਕਰ ਦਿੱਤੀ ਤੇ ਮੁਸਲਮ ਲੀਗ ਕਾਂਗਰਸ ਨਾਲ ਲੜਨ ਦੀ ਤਿਆਰੀ ਵਿੱਚ ਰੁੱਝ ਗਈ। ਅੰਗਰੇਜ਼ ਕਰਮਚਾਰੀ ਉੱਪਰੋਂ-ਉੱਪਰੋਂ ਦੋਹਾਂ ਧੜਿਆਂ ਵਿੱਚ ਸੁਲ੍ਹਾ ਕਰਾਉਣ ਦਾ ਯਤਨ ਕਰਦੇ, ਪਰ ਅੰਦਰੋਂ-ਅੰਦਰ ਮੁਸਲਮ ਲੀਗ ਨੂੰ ਚੁੱਕ ਕੇ ਪਾੜ ਵਧਾਉਂਦੇ ਜਾਂਦੇ।
ਜੁਲਾਈ ੧੯੪੬ ਈ: ਵਿੱਚ ਮੁਸਲਮ ਲੀਗ ਨੇ ਡਾਇਰੈਕਟ ਐਕਸ਼ਨ (ਸਿੱਧੀ ਟੱਕਰ) ਦਾ ਐਲਾਨ ਕੀਤਾ ਤੇ ਇਸ ਕੰਮ ਵਾਸਤੇ ਸੋਲਾਂ ਅਗਸਤ ਦਾ ਦਿਨ ਨਿਯਤ ਕਰ ਦਿੱਤਾ। ਸੋਲਾਂ ਅਗਸਤ ਦੇ ਦਿਨ ਮਾਰੂ ਹਥਿਆਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਮੁਸਲਮ ਲੀਗੀਆਂ ਨੇ ਕਲਕੱਤੇ ਵਿੱਚ ਜਲੂਸ ਕੱਢਿਆ। ਉਹਨਾਂ ਦੀ ਗਿਣੀ ਮਿੱਥੀ ਗੋਂਦ ਅਨੁਸਾਰ ਭੜਕਾਊ ਨਾਹਰਿਆਂ ਦੇ ਕਾਰਣ ਕਲਕੱਤੇ ਵਿੱਚ ਹਿੰਦੂ- ਮੁਸਲਮ ਫ਼ਸਾਦ ਹੋ ਗਿਆ । ਦਸਾਂ-ਬਾਰਾਂ ਦਿਨਾਂ ਦੇ ਅੰਦਰ ਕਲਕੱਤੇ ਵਿੱਚ ਲਗਭਗ ਵੀਹ ਹਜ਼ਾਰ ਆਦਮੀ ਮਾਰੇ ਗਏ, ਸੱਤਰ ਅੱਸੀ ਹਜ਼ਾਰ ਘਰਾਂ ਤੋਂ ਉੱਜੜ ਗਏ ਤੇ ਕਰੋੜਾਂ ਰੁਪਏ ਦੇ ਮਾਲ ਅਸਬਾਬ ਤੇ ਮਕਾਨਾਂ ਦਾ ਨੁਕਸਾਨ ਹੋ ਗਿਆ। ਇਹ ਹਿਸਾਬ ਕੌਣ ਲਾਉਂਦਾ ਕਿ ਵਧੇਰੇ ਨੁਕਸਾਨ ਹਿੰਦੂਆਂ ਦਾ ਹੋਇਆ ਜਾਂ ਮੁਸਲਮਾਨਾਂ ਦਾ। ਲੋਕਾਂ ਦੀ ਰਾਇ ਹੈ ਕਿ ਇਹ ਲਹੂ ਅੱਗ ਦੀ ਹੋਲੀ ਆਰੰਭ ਕਰਨ ਵਾਲਿਆਂ ਦਾ ਹੀ ਵਧੇਰੇ ਨੁਕਸਾਨ ਹੋਇਆ।
ਲੱਗੀ ਅੱਗ ਬੁਝਦੀ ਨਹੀਂ, ਜੇ ਉਸ ਨੂੰ ਬਾਲਣ ਮਿਲਦਾ ਜਾਏ। ਅਕਤੂਬਰ ਵਿੱਚ ਨਵਾਖਲੀ ਤੇ ਬਿਹਾਰ ਅੰਦਰ ਫਸਾਦ ਹੋਏ, ਜਿਸ ਦਾ ਫਲ ਹਜ਼ਾਰਾਂ ਬੰਦੇ ਮਾਰੇ ਗਏ ਤੇ ਉਸ ਤੋਂ ਕਈ ਗੁਣਾ ਬੇਘਰ ਹੋ ਗਏ। ਚੜ੍ਹਦੇ ਪਾਸੇ ਲੱਗੀ ਅੰਤ ਲਹਿੰਦੇ ਪਾਸੇ ਵੀ ਆ ਗਈ। ਸੰਨ ਛਿਤਾਲੀ ਦੇ ਮੁੱਕਣ ਤੋਂ ਪਹਿਲਾਂ ਹੀ ਹਜ਼ਾਰੇ ਵਿੱਚ ਫ਼ਸਾਦ ਸ਼ੁਰੂ ਹੋ ਗਏ।
ਫ਼ਰਵਰੀ ੧੯੪੭ ਈ: ਨੂੰ ਅੰਗਰੇਜ਼ਾਂ ਨੇ ਐਲਾਨ ਕੀਤਾ ਕਿ ਜੇ ਕਾਂਗਰਸ ਤੇ ਮੁਸਲਮ ਲੀਗ ਵਿੱਚ ਕੋਈ ਸਮਝੌਤਾ ਹੋਇਆ ਤਾਂ ੧੯੪੮ ਦੇ ਜੂਨ ਵਿੱਚ ਅੰਗਰੇਜ਼ ਸੂਬਕ ਵਜ਼ਾਰਤਾਂ ਨੂੰ ਪੂਰੇ ਅਖ਼ਤਿਆਰ ਸੌਂਪ ਕੇ ਚਲੇ ਜਾਣਗੇ।
ਏਸੇ ਐਲਾਨ ਨੇ ਮੁਸਲਮ ਲੀਗ ਨੂੰ ਸੂਬਕ ਵਜ਼ਾਰਤਾਂ ਉੱਤੇ ਕਬਜ਼ਾ ਕਰਨ
ਵੱਲ ਪ੍ਰੇਰਿਆ। ਪੰਜਾਬ ਵਿੱਚ ਉਸ ਵੇਲੇ ਸਾਂਝੀ ਵਜ਼ਾਰਤ ਸੀ ਤੇ ਉਸ ਦਾ ਮੁੱਖ ਮੰਤਰੀ ਸੀ ਖ਼ਿਜ਼ਰ ਹਯਾਤ ਖ਼ਾਂ। ਮੁਸਲਮ ਲੀਗੀਆਂ ਨੇ ਜਲਸੇ ਜਲੂਸਾਂ ਰਾਹੀਂ ਤੇ ਗਲੀ ਬਜ਼ਾਰਾਂ ਵਿੱਚ ਸਿਆਪੇ ਕਰਕੇ ਖ਼ਿਜ਼ਰ ਹਯਾਤ ਖ਼ਾਂ ਦਾ ਨੱਕ ਵਿੱਚ ਦਮ ਕਰ ਦਿੱਤਾ। ਤੰਗ ਪੈ ਕੇ ਖਿਜ਼ਰ ਹਯਾਤ ਖਾਂ ਨੇ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ। ਪੰਜਾਬ ਦੇ ਗਵਰਨਰ ਨੇ ਵੀ ਨਵੀਂ ਵਜ਼ਾਰਤ ਬਣਾਉਣ ਵਾਸਤੇ ਮੁਸਲਮ ਲੀਗੀਆਂ ਨੂੰ ਸੱਦਾ ਦਿੱਤਾ। ਕਾਂਗਰਸੀਆਂ ਤੇ ਅਕਾਲੀਆਂ ਦੇ ਵਿਰੋਧ ਕਰਕੇ ਮੁਸਲਮ ਲੀਗ ਪੰਜਾਬ ਵਿੱਚ ਵਜ਼ਾਰਤ ਨਾ ਬਣਾ ਸਕੀ। ਸਿੱਟਾ ਇਹ ਨਿਕਲਿਆ ਕਿ ਛਿੱਥੇ ਪੈ ਕੇ ਅਗਲੇ ਦਿਨ ਹੀ ਮੁਸਲਮ ਲੀਗੀਆਂ ਨੇ ਲਾਹੌਰ ਵਿੱਚ ਫ਼ਸਾਦ ਸ਼ੁਰੂ ਕਰ ਦਿੱਤਾ। ਏਥੇ ਹੀ ਬੱਸ ਨਹੀਂ, ਪੰਜ ਮਾਰਚ ਨੂੰ ਉਹਨਾਂ ਅੰਮ੍ਰਿਤਸਰ ਵਿੱਚ ਵੀ ਲਹੂ ਦੀ ਹੋਲੀ ਆਰੰਭ ਕਰ ਦਿੱਤੀ। ਪੰਜਾਬ ਦੇ ਸਾਰੇ ਹੀ ਵੱਡੇ-ਵੱਡੇ ਸ਼ਹਿਰਾਂ ਵਿੱਚ ਫ਼ਿਰਕੂ ਫ਼ਸਾਦ ਸ਼ੁਰੂ ਹੋ ਗਏ। ਪੱਛਮੀ ਪੰਜਾਬ ਵਿੱਚ ਦੀ ਅੱਗ ਪਿੰਡਾਂ ਤੱਕ ਵੀ ਅੱਪੜ ਗਈ। ਪੀਹੜੀਆਂ ਦੀਆਂ ਸਾਂਝਾਂ ਟੁੱਟ ਗਈਆਂ। ਪੱਗਾਂ ਵਟੀਆਂ ਦੇ ਭਾਈਚਾਰੇ ਦੁਸ਼ਮਣੀ ਵਿੱਚ ਬਦਲ ਗਏ। ਜਿਨ੍ਹਾਂ ਕਦੇ ਸਿਰ ਨਾਲ ਨਿਭਾਉਣ ਦੇ ਕੌਲ ਇਕਰਾਰ ਕੀਤੇ ਸਨ, ਉਹ ਇਕ ਦੂਜੇ ਦੀ ਰੱਤ ਦੇ ਪਿਆਸੇ ਬਣ ਗਏ। ਗਵਾਂਢੀ ਗਵਾਂਢੀ ਦੇ ਬੁਰੇ 'ਤੇ ਉੱਤਰ ਆਇਆ। ਟਕੂਏ, ਕੁਹਾੜੀਆਂ, ਛੁਰੇ, ਕਿਰਪਾਨਾਂ, ਬਰਛੇ ਤੇ ਤਰਸੂਲ ਭਰਾਵਾਂ ਦੀ ਰੁੱਤ ਵਿੱਚ ਰੰਗੇ ਜਾਣ ਲੱਗਾ। ਚਾਰ ਚੁਫੇਰੇ ਅੱਗ ਦੇ ਭਾਂਬੜ ਸਭ ਕੁਛ, ਭਸਮ ਕਰਨ ਲੱਗੇ। ਮੁਸਲਮਾਨ ਤੇ ਗ਼ੈਰ ਮੁਸਲਮਾਨ ਵਿੱਚ ਲਹੂ ਦੀ ਲਕੀਰ ਖਿੱਚ ਦਿੱਤੀ ਗਈ। ਦੇਸ਼ ਦਾ ਅਮਨ ਖੰਭ ਲਾ ਕੇ ਉੱਡ ਗਿਆ।
ਇਸ ਖੂਨ ਖ਼ਰਾਬੇ ਦਾ ਸਿੱਟਾ, ਸਦੀਆਂ ਤੋਂ ਵਸਦੇ ਤੇ ਕੁਦਰਤ ਵੱਲੋਂ ਇਕ ਬਣਾਏ ਦੇਸ਼ ਨੂੰ ਗ਼ੈਰ ਕੁਦਰਤੀ ਢੰਗ ਨਾਲ ਵੰਡਣ ਦਾ ਫ਼ੈਸਲਾ ਹੋ ਗਿਆ। ਤਿੰਨ ਜੂਨ ੧੯੪੭ ਈ: ਨੂੰ ਪਾਕਿਸਤਾਨ ਬਣਾਏ ਜਾਣ ਦਾ ਐਲਾਨ ਹੋ ਗਿਆ। ਸ਼ਾਇਦ ਇਸ ਦਿਨ ਦੇਸ਼ ਦੇ ਵੱਡੇ ਬੰਦਿਆਂ ਨੇ ਸੋਚਿਆ ਹੋਵੇਗਾ ਕਿ ਇਸ ਤਰ੍ਹਾਂ ਫ਼ਿਰਕਾ- ਦਾਰਾਨਾ ਝਗੜੇ ਸਦਾ ਵਾਸਤੇ ਮੁੱਕ ਜਾਣਗੇ, ਪਰ ਉਹਨਾਂ ਇਹ ਨਾ ਸੋਚਿਆ ਕਿ ਕਿਸੇ ਤੀਜੇ ਦੇ ਇਸ਼ਾਰੇ 'ਤੇ ਇਹਨਾਂ ਛੋਟੇ-ਮੋਟੇ ਝਗੜਿਆਂ ਦੀ ਥਾਂ ਇਕ ਬਹੁਤ ਵੱਡੇ ਝਗੜੇ ਦੀ ਨੀਂਹ ਧਰ ਦਿੱਤੀ ਗਈ ਹੈ।
ਸਮੁੱਚੇ ਦੇਸ਼ ਦੇ ਬਟਵਾਰੇ ਦੇ ਨਾਲ ਬੰਗਾਲ ਤੇ ਪੰਜਾਬ ਦੇ ਵੀ ਟੁਕੜੇ ਕਰ ਦਿੱਤੇ ਗਏ। ਆਜ਼ਾਦੀ ਆ ਗਈ, ਪਰ ਬਹੁਤੇ ਮਹਿੰਗੇ ਮੁੱਲ। ਪੰਜਾਬ ਦਾ ਸਭ ਤੋਂ ਬਦਕਿਸਮਤ ਜ਼ਿਲ੍ਹਾ ਲਾਹੌਰ ਸੀ। ਬਾਕੀ ਜ਼ਿਲ੍ਹਿਆਂ ਦਾ ਫ਼ੈਸਲਾ ਹੋ ਗਿਆ। ਲਾਹੌਰ ਦਾ ਫੈਸਲਾ ਹੱਦ ਬੰਦੀ ਕਮਿਸ਼ਨ ਨੇ ਕਰਨਾ ਸੀ। ਉਹਨੇ ਆਪਣੇ ਫ਼ੈਸਲੇ ਦਾ ਐਲਾਨ ਦੋ ਦਿਨ ਪਿੱਛੇ ਪਾ ਦਿੱਤਾ। ਇਹ ਦੋ ਦਿਨ ਉਹਨਾਂ ਲੋਕਾਂ ਵਾਸਤੇ ਦੋ ਸਾਲਾਂ ਵਾਂਗ