ਇੱਕ ਸਧੀ ਹੋਈ ਅਤੇ ਜ਼ੋਰਦਾਰ ਵਾਛੜ ਵਿੱਚ ਡੁੱਬ ਗਈ। ਸਾਂ ਸਾਂ ਕਰਦੀਆਂ ਹੋਈਆਂ ਗੋਲੀਆਂ ਕਤੂਰਿਆਂ ਵਾਂਗ ਭੌਂਕ ਰਹੀਆਂ ਸਨ। ਯੇਵਸੂਕੋਵ ਦੇ ਕੋਲ ਹੀ ਕੋਈ ਹੱਥ ਫੈਲਾ ਕੇ ਰੇਤ 'ਤੇ ਡਿੱਗਿਆ।
"ਲੇਟ ਜਾਓ! ਅਕਲ ਠਿਕਾਣੇ ਲਿਆ ਦਿਓ ਇਹਨਾਂ ਸ਼ੈਤਾਨਾਂ ਦੀ!"
ਟਿੱਲੇ ਦੀ ਓਟ ਵਿੱਚ ਹੁੰਦੇ ਹੋਏ ਯੇਵਸੂਕੋਵ ਨੇ ਚੀਕ ਨੇ ਕਿਹਾ। ਗੋਲੀਆਂ ਹੋਰ ਤੇਜ਼ੀ ਨਾਲ ਆਉਣ ਲੱਗੀਆਂ।
ਜ਼ਮੀਨ 'ਤੇ ਬਿਠਾਏ ਹੋਏ ਊਠਾਂ ਦੇ ਪਿੱਛਿਓਂ ਗੋਲੀਆਂ ਆ ਰਹੀਆਂ ਸਨ। ਗੋਲੀਆਂ ਚਲਾਉਣ ਵਾਲੇ ਨਜ਼ਰ ਨਹੀਂ ਸਨ ਆ ਰਹੇ।
ਗੋਲੀਆਂ ਸਿੱਧੀਆਂ ਨਿਸ਼ਾਨੇ 'ਤੇ ਆ ਰਹੀਆਂ ਸਨ। ਕਿਰਗਿਜ਼ ਏਨੇ ਵਧੀਆ ਨਿਸ਼ਾਨੇਬਾਜ਼ ਨਹੀਂ ਹੁੰਦੇ। ਇਸ ਲਈ ਇਹ ਉਹਨਾਂ ਦਾ ਕੰਮ ਨਹੀਂ ਸੀ।
ਲਾਲ ਫੌਜ ਦੇ ਲੇਟੇ ਹੋਏ ਜਵਾਨਾਂ ਦੇ ਚਾਰੇ ਪਾਸੇ ਗੋਲੀਆਂ ਵਰ੍ਹ ਰਹੀਆਂ ਸਨ।
ਮਾਰੂਥਲ ਗੂੰਜ ਰਿਹਾ ਸੀ। ਪਰ ਹੌਲੀ ਹੌਲੀ ਕਾਫ਼ਲੇ ਵੱਲੋਂ ਗੋਲੀਆਂ ਆਉਣੀਆਂ ਬੰਦ ਹੋ ਗਈਆਂ।
ਜਦੋਂ ਕੋਈ ਤੀਹ ਕੁ ਕਦਮ ਦਾ ਫਾਸਲਾ ਰਹਿ ਗਿਆ ਤਾਂ ਯੇਵਸੂਕੋਵ ਨੂੰ ਊਠ ਦੇ ਪਿੱਛੇ ਫਰ ਦੀ ਟੋਪੀ ਦੇ ਉੱਪਰ ਸਫੇਦ ਕੰਨਟੋਪ ਵਾਲਾ ਸਿਰ ਦਿਖਾਈ ਦਿੱਤਾ। ਫਿਰ ਮੋਢਿਆਂ 'ਤੇ ਸੁਨਹਿਰੀ ਫੀਤੀਆਂ ਵੀ ਨਜ਼ਰ ਆਈਆਂ।
"ਮਰਿਊਤਕਾ! ਉਹ ਦੇਖ ਅਫ਼ਸਰ" ਯੇਵਸੂਕੋਵ ਨੇ ਆਪਣੇ ਪਿੱਛੇ ਰੀਂਘਦੀ ਹੋਈ ਆਉਂਦੀ ਮਰਿਊਤਕਾ ਵੱਲ ਗਰਦਨ ਘੁਮਾ ਕੇ ਕਿਹਾ।
"ਦੇਖ ਰਹੀ ਹਾਂ ।"
ਉਸਨੇ ਪੂਰੇ ਠਰੰਮੇ ਨਾਲ ਨਿਸ਼ਾਨਾ ਬੰਨਿਆ ਅਤੇ ਗੋਲੀ ਚਲਾਈ। ਸ਼ਾਇਦ ਇਸ ਲਈ ਕਿ ਮਰਿਊਤਕਾ ਦੀਆਂ ਉਂਗਲਾਂ ਬਿਲਕੁਲ ਜੰਮੀਆਂ ਪਈਆਂ ਸਨ, ਜਾਂ ਇਸ ਲਈ ਕਿ ਉਤੇਜਨਾ ਅਤੇ ਭੱਜ-ਨੱਠ ਕਾਰਨ ਕੰਬ ਰਹੀਆਂ ਸਨ, ਉਸ ਦਾ ਨਿਸ਼ਾਨਾ ਖੁੰਝ ਗਿਆ। ਉਸਨੇ ਅਜੇ "ਇਕਤਾਲੀਵਾਂ, ਮੱਛੀ ਦਾ ਹੈਜ਼ਾ" ਕਿਹਾ ਹੀ ਸੀ ਕਿ ਊਠ ਦੇ ਪਿੱਛਿਓਂ ਸਫੇਦ ਕੰਨਟੋਪ ਅਤੇ ਨੀਲੇ ਕੋਟ ਵਾਲਾ ਵਿਅਕਤੀ ਉੱਠ ਕੇ ਖੜਾ ਹੋ ਗਿਆ ਅਤੇ ਉਸ ਨੇ ਆਪਣੀ ਬੰਦੂਕ ਉੱਚੀ ਉਠਾਈ। ਬੰਦੂਕ ਦੀ ਸੰਗੀਨ ਨਾਲ ਚਿੱਟਾ ਰੁਮਾਲ ਲਹਿਰਾ ਰਿਹਾ ਸੀ।
ਮਰਿਊਤਕਾ ਨੇ ਆਪਣੀ ਬੰਦੂਕ ਰੇਤ 'ਤੇ ਸੁੱਟ ਦਿੱਤੀ ਅਤੇ ਭੁੱਬੀਂ ਰੋ ਪਈ। ਉਹ ਆਪਣੇ ਗੰਦੇ ਅਤੇ ਹਵਾ ਨਾਲ ਝੁਲਸੇ ਹੋਏ ਚਿਹਰੇ ਉੱਤੇ ਹੰਝੂ ਮਲਦੀ ਜਾ ਰਹੀ ਸੀ।
ਯੇਵਸੂਕੋਵ ਅਫ਼ਸਰ ਵੱਲ ਭੱਜਿਆ। ਲਾਲ ਫ਼ੌਜ ਦਾ ਇੱਕ ਸਿਪਾਹੀ ਯੇਵਸੂਕੋਵ ਤੋਂ ਵੀ ਅੱਗੇ ਨਿਕਲ ਗਿਆ ਅਤੇ ਦੌੜਦੇ ਹੋਏ ਉਹਨੇ ਆਪਣੀ ਸੰਗੀਨ ਵੀ ਸਿੱਧੀ ਕਰ ਲਈ ਸੀ ਤਾਂ ਕਿ ਅਫ਼ਸਰ ਦੀ ਛਾਤੀ 'ਤੇ ਜ਼ੋਰਦਾਰ ਹਮਲਾ ਕਰ ਸਕੇ।
"ਮਾਰਨਾ ਨਹੀਂ। ਜਿਊਂਦਾ ਫੜੋ", ਕਮੀਸਾਰ ਚੀਕਿਆ।
ਨੀਲੇ ਕੋਟ ਵਾਲੇ ਨੂੰ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ ਗਿਆ।