ਬਸ ਖ਼ਤਮ!"
ਜਦੋਂ ਉਹ ਘੁੰਮਿਆ ਤਾਂ ਮਰਿਊਤਕਾ 'ਤੇ ਨਜ਼ਰ ਪਈ।
"ਸੁਣ, ਮਰਿਊਤਕਾ। ਇਹ ਅਫ਼ਸਰ ਤੇਰੀ ਦੇਖ ਰੇਖ ਹੇਠ ਰਹੇਗਾ। ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੀ। ਜੇ ਇਹ ਭੱਜ ਗਿਆ ਤਾਂ ਤੇਰੀ ਚਮੜੀ ਉਧੇੜ ਦਊਗਾਂ।"
ਮਰਿਊਤਕਾ ਨੇ ਚੁੱਪ-ਚਾਪ ਬੰਦੂਕ ਮੋਢੇ 'ਤੇ ਰੱਖ ਲਈ।
ਉਹ ਕੈਦੀ ਕੋਲ ਗਈ।
"ਇੱਧਰ ਆ ਜਰਾ ! ਮੇਰੀ ਨਿਗਰਾਨੀ ਵਿੱਚ ਰਹੇਗਾ। ਪਰ ਇਸ ਭੁਲੇਖੇ ਵਿੱਚ ਨਾ ਰਹੀ ਕਿ ਮੈਂ ਔਰਤ ਹਾਂ, ਇਸ ਲਈ ਨਿਕਲ ਜਾਏਗਾ। ਤੇਰੇ ਭੱਜਣ 'ਤੇ ਮੈਂ ਤਿੰਨ ਸੌ ਗਜ਼ ਦੀ ਦੂਰੀ ਤੋਂ ਵੀ ਗੋਲੀ ਮਾਰ ਸਕਦੀ ਹਾਂ। ਇੱਕ ਵਾਰ ਨਿਸ਼ਾਨਾ ਖੁੰਝ ਗਿਆ, ਦੁਬਾਰਾ ਨਹੀਂ ਖੁੰਝਣਾ, ਮੱਛੀ ਦਾ ਹੈਜ਼ਾ।"
ਲੈਫਟੀਨੈਂਟ ਨੇ ਟੇਢਾ ਜਿਹਾ ਉਸ ਨੂੰ ਤੱਕਿਆ। ਹਾਸੇ ਨਾਲ ਉਸ ਦੇ ਮੋਢੇ ਹਿੱਲ ਰਹੇ ਸਨ। ਉਹ ਨੇ ਨਿਮਰਤਾ ਨਾਲ ਸਿਰ ਝੁਕਾ ਕੇ ਕਿਹਾ:
"ਅਜਿਹੀ ਸੁੰਦਰੀ ਦਾ ਕੈਦੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।"
"ਕੀ ? ਕੀ ਬਕ ਰਿਹਾ ਹੈ ?" ਉਸ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਦੇ ਹੋਏ ਮਰਿਊਤਕਾ ਨੇ ਪੁੱਛਿਆ। "ਬਦਮਾਸ਼ ਮਾਜੂਰਕਾ ਨਾਚ ਨੱਚਣ ਤੋਂ ਬਿਨਾਂ ਲੱਗਦੈ ਕੁਝ ਹੋਰ ਨਹੀਂ ਜਾਣਦਾ! ਬਿਨਾਂ ਮਤਲਬ ਬਕ ਬਕ ਨਾ ਕਰ। ਜੁਬਾਨ ਬੰਦ ਕਰ ਤੇ ਤੁਰ।"
ਉਹਨਾਂ ਨੇ ਇੱਕ ਛੋਟੀ ਜਿਹੀ ਝੀਲ ਕਿਨਾਰੇ ਰਾਤ ਗੁਜ਼ਾਰੀ।
ਬਰਫ਼ ਦੀ ਤਹਿ ਹੇਠਾਂ ਖਾਰੇ ਪਾਣੀ ਵਿੱਚੋਂ ਆਇਓਡੀਨ ਅਤੇ ਗਲਣ-ਸੜਨ ਵੀ ਬਦਬੂ ਆ ਰਹੀ ਸੀ।
ਇਹ ਲੋਕ ਬੜੇ ਹੀ ਮਜ਼ੇ ਦੀ ਨੀਂਦਰ ਸੁੱਤੇ। ਕਿਰਗਿਜ਼ਾ ਦੇ ਊਠਾਂ ਤੋਂ ਉਹਨਾਂ ਨੇ ਗਲੀਚੇ ਅਤੇ ਨਮਦੇ ਉਤਾਰ ਕੇ ਆਪਣੇ ਆਲੇ ਦੁਆਲੇ ਲਪੇਟ ਲਏ ਸਨ । ਮੁਰਦਿਆਂ ਵਾਂਗ ਸੁੱਤੇ।
ਰਾਤ ਦੇ ਸਮੇਂ ਮਰਿਊਤਕਾ ਨੇ ਰੱਸੀ ਨਾਲ ਗਾਰਡ ਦੇ ਲੈਫਟੀਨੈਂਟ ਦੇ ਹੱਥ ਪੈਰ ਕੱਸ ਕੇ ਬੰਨ੍ਹ ਦਿੱਤੇ। ਰੱਸੀ ਉਸ ਦੀ ਪਿੱਠ ਦੁਆਲੇ ਲਪੇਟ ਕੇ ਉਸ ਨੇ ਦੂਜੇ ਸਿਰੇ ਨੂੰ ਆਪਣੇ ਹੱਥ ਨਾਲ ਬੰਨ੍ਹ ਲਿਆ। ਸਿਪਾਹੀਆਂ ਨੇ ਜੀਅ ਭਰ ਕੇ ਮਖੌਲ ਉਡਾਇਆ। ਫੁੱਲੀਆਂ ਅੱਖਾਂ ਵਾਲਾ ਸੇਮਆਨੀ ਚੀਕਿਆ:
"ਭਰਾਵੋ, ਮਰਿਊਤਕਾ ਨੇ ਆਪਣੇ ਪ੍ਰੇਮੀ ਨੂੰ ਜਾਦੂ ਦੀ ਡੋਰ ਨਾਲ ਬੰਨ੍ਹ ਲਿਆ ਹੈ। ਹੁਣ ਉਸ ਨੂੰ ਐਸੀ ਗੁੜ੍ਹਤੀ ਪਿਲਾਊਗੀ ਕਿ ਉਹ ਲੱਟੂ ਹੋ ਜਾਏਗਾ।"
ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮਰਿਊਤਕਾ ਨੇ ਕਿਹਾ:
"ਭੌਂਕੀ ਜਾਓ ਜਿੰਨਾਂ ਜੀਅ ਕਰੇ, ਮੱਛੀ ਦਾ ਹੈਜ਼ਾ! ਤੁਹਾਨੂੰ ਹਾਸਾ ਆ ਰਿਹਾ ਹੈ ... ਜੇ ਭੱਜ ਗਿਆ ਤਾਂ ?"
"ਉੱਲੂ ਹੈਂ ਤੂੰ! ਉਸ ਦਾ ਦਿਮਾਗ ਖ਼ਰਾਬ ਹੈ? ਇਸ ਮਾਰੂਥਲ ਵਿੱਚ ਭੱਜ ਕੇ