ਲੋਕਾਂ ਦੀਆਂ ਜੈਕਟਾਂ ਅਤੇ ਪਤਲੂਣਾਂ ਲੀਰ ਲੀਰ ਹੋ ਚੁੱਕੀਆਂ ਸਨ। ਬੂਟ ਟੁੱਟ ਕੇ ਰਾਹ ਵਿੱਚ ਡਿੱਗ ਗਏ ਸਨ। ਉਹਨਾਂ ਨੇ ਪੈਰਾਂ 'ਤੇ ਨਮਦੇ ਦੇ ਟੁਕੜੇ ਅਤੇ ਠੰਢ ਨਾਲ ਸੁੰਨ ਹੋਈਆਂ ਉਂਗਲਾਂ 'ਤੇ ਚੀਥੜੇ ਲਪੇਟ ਲਏ ਸਨ।
ਹੁਣ ਦਸ ਆਦਮੀ ਲੜਖੜਾਉਂਦੇ, ਹਵਾ ਦੇ ਬੁੱਲਿਆਂ ਵਿੱਚ ਡਗਮਗਾਉਂਦੇ ਹੋਏ ਅੱਗੇ ਵੱਧ ਰਹੇ ਸਨ।
ਹਾਂ, ਇੱਕ ਆਦਮੀ ਸੀ ਜੋ ਬਹੁਤ ਸ਼ਾਂਤ ਭਾਵ ਨਾਲ ਤਣ ਕੇ ਚੱਲ ਰਿਹਾ ਸੀ।
ਇਹ ਸੀ ਗਾਰਡ ਦਾ ਲੈਫਟੀਨੈਂਟ ਗੋਵੋਰੂਖਾ ਓਤ੍ਰੇਕ।
ਲਾਲ ਸੈਨਕਾਂ ਨੇ ਕਈ ਵਾਰ ਯੇਵਸੂਕੋਵ ਨੂੰ ਕਿਹਾ:
"ਸਾਥੀ ਕਮੀਸਾਰ ਕਦੋਂ ਤੱਕ ਇਸੇ ਤਰ੍ਹਾਂ ਇਹਨੂੰ ਨਾਲ ਨਾਲ ਲਟਕਾਈ ਫਿਰਾਂਗੇ ? ਬੇਕਾਰ ਹੀ ਇਸ ਨੂੰ ਵੀ ਖਵਾਉਣਾ ਪੈ ਰਿਹਾ ਹੈ। ਫਿਰ ਇਸ ਦੇ ਕੱਪੜੇ, ਇਸ ਦੇ ਬੂਟ ਵੀ ਵਧੀਆ ਹਨ, ਉਹਨਾਂ ਨੂੰ ਵੰਡਿਆ ਜਾ ਸਕਦਾ ਹੈ।"
ਪਰ ਯੇਵਸੂਕੋਵ ਨੇ ਬਹੁਤ ਸਖ਼ਤੀ ਨਾਲ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। "ਇਸ ਨੂੰ ਜਾਂ ਤਾਂ ਹੈੱਡ ਕੁਆਰਟਰ ਪਹੁੰਚਾਊਂਗਾ ਜਾਂ ਫਿਰ ਖੁਦ ਵੀ ਇਸ ਦੇ ਨਾਲ ਹੀ ਖਤਮ ਹੋ ਜਾਊਂਗਾ। ਉਹ ਬਹੁਤ ਸਾਰੀਆਂ ਗੱਲਾਂ ਦੱਸ ਸਕਦਾ ਹੈ। ਅਜਿਹੇ ਆਦਮੀ ਨੂੰ ਐਵੇਂ ਹੀ ਖਤਮ ਕਰ ਦੇਣਾ ਠੀਕ ਨਹੀਂ ਹੈ। ਉਸ ਨੂੰ ਜਾਇਜ਼ ਸਜ਼ਾ ਮਿਲੇਗੀ।"
ਲੈਫਟੀਨੈਂਟ ਦੀਆਂ ਕੂਹਣੀਆਂ ਰੱਸੀ ਨਾਲ ਬੰਨ੍ਹੀਆਂ ਹੋਈਆਂ ਸਨ ਅਤੇ ਰੱਸੀ ਦਾ ਦੂਜਾ ਸਿਰਾ ਮਰਿਊਤਕਾ ਦੇ ਲੱਕ ਨਾਲ। ਮਰਿਊਤਕਾ ਬਹੁਤ ਮੁਸ਼ਕਿਲ ਨਾਲ ਘਿਸੜਦੀ ਹੋਈ ਚੱਲ ਰਹੀ ਸੀ। ਉਸ ਦੇ ਲਹੂ-ਵਿਹੂਣੇ ਚਿਹਰੇ 'ਤੇ ਬਿੱਲੀ ਵਰਗੀਆਂ ਪੀਲੀਆਂ ਅਤੇ ਚਮਕਦੀਆਂ ਅੱਖਾਂ ਹੁਣ ਹੋਰ ਵੀ ਜ਼ਿਆਦਾ ਵੱਡੀਆਂ ਵੱਡੀਆਂ ਨਜ਼ਰ ਆਉਣ ਲੱਗ ਪਈਆਂ ਸਨ।
ਪਰ ਲੈਫਟੀਨੈਂਟ ਇਸ ਤੋਂ ਬੇਖ਼ਬਰ ਸੀ। ਹਾਂ ਉਸ ਦੇ ਚਿਹਰੇ ਦਾ ਰੰਗ ਜ਼ਰੂਰ ਕੁਝ ਫਿੱਕਾ ਪੈ ਗਿਆ ਸੀ। ਯੇਵਸੂਕੋਵ ਇੱਕ ਦਿਨ ਲੈਫਟੀਨੈਂਟ ਕੋਲ ਗਿਆ। ਉਸ ਨੇ ਉਸ ਦੀਆਂ ਡੂੰਘੀਆਂ ਨੀਲੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਅਤੇ ਬੜੀ ਮੁਸ਼ਕਿਲ ਨਾਲ ਕਿਹਾ: "ਸ਼ੈਤਾਨ ਹੀ ਜਾਣਦਾ ਹੈ ਤੈਨੂੰ! ਤੂੰ ਆਦਮੀ ਹੈ ਜਾਂ ਕੁਝ ਹੋਰ ? ਸਰੀਰ 'ਤੇ ਮਾਸ ਨਹੀਂ ਪਰ ਤਾਕਤ ਦੋ ਦੇ ਬਰਾਬਰ। ਕਿੱਥੋਂ ਆਈ ਤੇਰੇ 'ਚ ਐਨੀ ਤਾਕਤ ?"
ਲੈਫਟੀਨੈਂਟ ਦੇ ਬੁੱਲ੍ਹਾਂ 'ਤੇ ਹਮੇਸ਼ਾ ਵਾਂਗ ਖਿਝਾਉਣ ਵਾਲੀ ਮੁਸਕਾਨ ਫੈਲ ਗਈ। ਉਸ ਨੇ ਸ਼ਾਂਤ ਭਾਵ ਨਾਲ ਜਵਾਬ ਦਿੱਤਾ:
"ਤੇਰੇ ਸਮਝ 'ਚ ਨਹੀਂ ਆਉਣੀ ਇਹ ਗੱਲ। ਸੱਭਿਆਚਾਰ ਦਾ ਫ਼ਰਕ ਹੈ । ਤੁਹਾਡੀ ਆਤਮਾ ਤੁਹਾਡੇ ਸਰੀਰ ਦੀ ਗੁਲਾਮ ਹੈ ਅਤੇ ਮੇਰਾ ਸਰੀਰ ਮੇਰੀ ਆਤਮਾ ਦੇ ਇਸ਼ਾਰੇ 'ਤੇ ਚੱਲਦਾ ਹੈ। ਮੈਂ ਆਪਣੇ ਸਰੀਰ ਨੂੰ ਸਭ ਕੁਝ ਸਹਿਣ ਕਰਨ ਦਾ ਹੁਕਮ ਦੇ ਸਕਦਾ ਹਾਂ।"
"ਤਾਂ ਇਹ ਗੱਲ ਹੈ।" ਕਮੀਸਾਰ ਨੇ ਸ਼ਬਦਾਂ 'ਤੇ ਜ਼ੋਰ ਦੇ ਕੇ ਕਿਹਾ।