ਪੰਜਵਾਂ ਕਾਂਡ
ਇਹ ਸਾਰਾ ਕਾਂਡ ਡੈਨਿਅਲ ਡੇਫੋ ਦੇ ਨਾਵਲ 'ਰਾਬਿਨਸਨ ਕਰੂਸੋ' ਤੋਂ ਚੋਰੀ ਕੀਤਾ ਗਿਆ ਹੈ...
ਹਾਂ, ਇੰਨਾ ਫ਼ਰਕ ਜ਼ਰੂਰ ਹੈ ਕਿ ਇਸ ਵਿੱਚ ਰਾਬਿਨਸਨ ਨੂੰ ਫ਼ਰਾਇਡੇ ਲਈ ਬਹੁਤ ਦੇਰ ਤੱਕ ਉਡੀਕ ਨਹੀਂ ਕਰਨੀ ਪੈਂਦੀ।
ਅਰਾਲ ਦਿਲਕਸ਼ ਸਾਗਰ ਨਹੀਂ ਹੈ।
ਤੱਟ ਬਿਲਕੁਲ ਪੱਧਰਾ ਹੈ, ਜਿਸ 'ਤੇ ਘਾਹ ਉੱਗਿਆ ਹੈ, ਰੇਤ ਅਤੇ ਰੇਤ ਦੀਆਂ ਚੱਲਦੀਆਂ ਫਿਰਦੀਆਂ ਪਹਾੜੀਆਂ ਹਨ।
ਅਰਾਲ ਦੇ ਟਾਪੂ ਕੜਾਹੀ ਵਿੱਚ ਪਈ ਰੋਟੀ ਵਰਗੇ ਨਜ਼ਰ ਆਉਂਦੇ ਹਨ। ਉਹ ਐਨੇ ਪੱਧਰੇ ਹਨ ਜਿਵੇਂ ਉਹਨਾਂ 'ਤੇ ਪਾਲਿਸ਼ ਕਰ ਦਿੱਤੀ ਗਈ ਹੋਵੇ। ਉਹ ਬਿਲਕੁਲ ਨਿਰਜੀਵ ਜਾਪਦੇ ਹਨ।
ਇੱਥੇ ਨਾ ਹਰਿਆਲੀ ਹੈ, ਨਾ ਪੰਛੀ ਅਤੇ ਨਾ ਕੋਈ ਦੂਜੇ ਜੀਵ-ਜੰਤੂ। ਇਨਸਾਨ ਇੱਥੇ ਸਿਰਫ਼ ਗਰਮੀਆਂ ਵਿੱਚ ਹੀ ਨਜ਼ਰ ਆਉਂਦੇ ਹਨ।
ਅਰਾਲ ਦਾ ਸਭ ਤੋਂ ਵੱਡਾ ਟਾਪੂ ਹੈ ਬਰਸਾ-ਕੇਲਮੇਸ।
ਇਸ ਦਾ ਕੀ ਮਤਲਬ ਹੈ, ਕੋਈ ਨਹੀਂ ਜਾਣਦਾ। ਪਰ ਕਿਰਗਿਜ਼ ਇਸ ਦਾ ਅਰਥ 'ਇਨਸਾਨ ਦੀ ਮੌਤ' ਦੱਸਦੇ ਹਨ।
ਗਰਮੀਆਂ ਵਿੱਚ ਆਰਾਲਸਕ ਦੀ ਬਸਤੀ ਤੋਂ ਮਛੇਰੇ ਇਸ ਟਾਪੂ ਉੱਤੇ ਆਉਂਦੇ ਹਨ। ਬਰਸਾ-ਕੇਲਮੇਸ ਵਿੱਚ ਖੂਬ ਸਾਰੀਆਂ ਮੱਛੀਆਂ ਹੱਥ ਲੱਗ ਜਾਂਦੀਆਂ ਹਨ, ਸਮੁੰਦਰ ਮੱਛੀਆਂ ਨਾਲ ਭਰਿਆ ਰਹਿੰਦਾ ਹੈ।
ਪਰ ਪੱਤਝੜ ਵਿੱਚ ਜਿਉਂ ਹੀ ਸਮੁੰਦਰ ਦੀ ਸਤ੍ਹਾ 'ਤੇ ਚਿੱਟੀਆਂ ਝੰਗ ਦੀਆਂ ਟੋਪੀਆਂ ਦਿਖਾਈ ਦੇਣ ਲੱਗ ਪੈਂਦੀਆਂ ਹਨ, ਮਛੇਰੇ ਆਰਾਲਸਕ ਬਸਤੀ ਦੀ ਸ਼ਾਂਤ ਖਾੜੀ ਵਿੱਚ ਵਾਪਸ ਪਰਤ ਜਾਂਦੇ ਹਨ ਅਤੇ ਫਿਰ ਬਸੰਤ ਤੱਕ ਉਹ ਨਜ਼ਰ ਹੀ ਨਹੀਂ ਆਉਂਦੇ।
ਜੇ ਤੂਫ਼ਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਛੇਰੇ ਸਾਰੀਆਂ ਮੱਛੀਆਂ ਤੱਟ ਤੱਕ ਲੈ ਜਾਣ ਵਿੱਚ ਸਫਲ ਨਹੀਂ ਹੁੰਦੇ ਤਾਂ ਉਹ ਲੂਣ-ਲੱਗੀਆਂ ਮੱਛੀਆਂ ਨੂੰ ਪੂਰੀਆਂ ਸਰਦੀਆਂ ਲਈ ਲੱਕੜ ਦੇ ਢਾਰਿਆਂ ਵਿੱਚ ਟਾਪੂ 'ਤੇ ਛੱਡ ਦਿੰਦੇ ਹਨ।
ਸਖ਼ਤ ਸਿਆਲ ਵਿੱਚ ਜਦੋਂ ਸਮੁੰਦਰ ਚੇਰਨਿਸ਼ੇਵ ਖਲੀਜ ਤੋਂ ਬਰਸਾ ਕੇਲਮੇਸ ਟਾਪੂ ਤੱਕ ਜੰਮ ਜਾਂਦਾ ਹੈ, ਤਾਂ ਗਿੱਦੜਾਂ ਦੀ ਤਾਂ ਖੂਬ ਮੌਜ ਬਣ ਜਾਂਦੀ ਹੈ। ਉਹ ਦੌੜਦੇ ਹੋਏ ਟਾਪੂ 'ਤੇ ਪਹੁੰਚਦੇ ਅਤੇ ਇੰਨੀਆਂ ਜ਼ਿਆਦਾ ਨਮਕੀਨ ਮੱਛੀਆਂ ਖਾ ਲੈਂਦੇ ਕਿ ਉੱਥੇ ਹੀ ਉਹਨਾਂ ਦੀ