"ਕੀ ?" ਮਰਿਊਤਕਾ ਚੌਂਕੀ ਤੇ ਉਸ ਵੱਲ ਮੁੜੀ।
"ਇਹ ਤਾਂ ਮੈਂ ਖੁਦ ਨੂੰ ਹੀ ਕਹਿ ਰਿਹਾ ਸੀ। ਪਾਣੀ ਬਾਰੇ। ਮੈਂ ਹਾਈਡਰੋਗ੍ਰਾਫ਼ੀ ਦੀ ਇੱਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਇਸ ਸਮੁੰਦਰ ਦਾ ਪਾਣੀ ਬਹੁਤ ਚਮਕਦਾਰ ਨੀਲਾ ਹੈ। ਫੋਰੇਲ ਨਾਮੀ ਇੱਕ ਵਿਗਿਆਨਕ ਨੇ ਵੱਖ ਵੱਖ ਸਮੁੰਦਰਾਂ ਦੇ ਪਾਣੀ ਦੀ ਇੱਕ ਸੂਚੀ ਬਣਾਈ ਹੈ। ਸਭ ਤੋਂ ਜ਼ਿਆਦਾ ਨੀਲਾ ਪਾਣੀ ਸ਼ਾਂਤ ਮਹਾਂਸਾਗਰ ਦਾ ਹੈ। ਇਸ ਸੂਚੀ ਮੁਤਾਬਿਕ ਇਸ ਸਮੁੰਦਰ ਦਾ ਤੀਜਾ ਨੰਬਰ ਹੈ।"
ਮਰਿਊਤਕਾ ਨੇ ਆਪਣੀਆਂ ਅੱਖਾਂ ਮੀਚ ਲਈਆਂ ਜਿਵੇਂ ਪਾਣੀ ਦੀ ਨਿਲੱਤਣ ਦੱਸਣ ਵਾਲੀ ਸੂਚੀ ਨੂੰ ਆਪਣੀ ਕਲਪਨਾ ਵਿੱਚ ਵੇਖ ਰਹੀ ਹੋਵੇ।
"ਬਹੁਤ ਹੀ ਨੀਲਾ ਹੈ ਇਹ ਪਾਣੀ। ਕਿਸੇ ਦੂਜੀ ਚੀਜ਼ ਨਾਲ ਇਸ ਦੀ ਤੁਲਨਾ ਕਰਨਾ ਸੰਭਵ ਨਹੀਂ। ਇਹ ਅਜਿਹਾ ਨੀਲਾ ਹੈ ਜਿਵੇਂ ਕਿ ਅਚਾਨਕ ਉਸ ਦੀਆਂ ਬਿੱਲੀ ਵਰਗੀਆਂ ਪੀਲੀਆਂ ਅੱਖਾਂ ਲੈਫਟੀਨੈਂਟ ਦੀਆਂ ਨੀਲੀਆਂ ਅੱਖਾਂ ਉੱਤੇ ਟਿਕ ਗਈਆਂ। ਉਹ ਅੱਗੇ ਵੱਲ ਝੁਕੀ ਉਸ ਦਾ ਪੂਰਾ ਸਰੀਰ ਇਸ ਤਰ੍ਹਾਂ ਕੰਬਿਆ ਜਿਵੇਂ ਉਸ ਨੇ ਕੋਈ ਅਸਾਧਾਰਨ ਚੀਜ਼ ਖੋਜ ਲਈ ਹੋਵੇ। ਉਸ ਦੇ ਬੁੱਲ੍ਹ ਹੈਰਾਨੀ ਨਾਲ ਖੁੱਲ੍ਹੇ ਹੀ ਰਹਿ ਗਏ। ਉਹ ਬੁੜਬੜਾਈ "ਉਹ ਮਾਂ ਤੇਰੀਆਂ ਅੱਖਾਂ ਵੀ ਤਾਂ ਬਿਲਕੁਲ ਅਜਿਹੀਆਂ ਹੀ ਨੀਲੀਆਂ ਨੇ। ਇਸ ਪਾਣੀ ਵਰਗੀਆਂ! ਇਹੀ ਤਾਂ ਮੈਂ ਸੋਚ ਰਹੀ ਸੀ ਕਿ ਇਸ ਵਿੱਚ ਕੋਈ ਜਾਣੀ-ਪਹਿਚਾਣੀ ਗੱਲ ਹੈ, ਮੱਛੀ ਦਾ ਹੈਜ਼ਾ।"
ਲੈਫਟੀਨੈਂਟ ਖਾਮੋਸ਼ ਰਿਹਾ।
ਦੁਮੇਲ ਸੰਗਤਰੀ ਰੰਗ ਵਿੱਚ ਡੁੱਬ ਗਿਆ। ਦੂਰ ਕਿਤੇ ਪਾਣੀ ਵਿੱਚ ਸਿਆਹੀ ਦੇ ਧੱਬੇ ਨਜ਼ਰ ਆ ਰਹੇ ਸਨ । ਬਰਫੀਲੀ ਹਵਾ ਸਾਗਰ ਦੇ ਤਲ 'ਤੇ ਹਲਚਲ ਪੈਦਾ ਕਰਨ ਲੱਗੀ ਸੀ।
"ਪੂਰਬੀ ਹਵਾ ਹੈ, ਸੈਮਯਾਨੀ ਨੇ ਆਪਣੀ ਫਟੀ ਹੋਈ ਵਰਦੀ ਲਪੇਟਦੇ ਹੋਏ ਕਿਹਾ।
"ਸ਼ਾਇਦ ਤੂਫ਼ਾਨ ਆਏਗਾ।" ਵਯਾਖਿਰ ਬੋਲਿਆ।
"ਆ ਜਾਵੇ ਦੋ ਘੰਟੇ ਹੋਰ ਕਿਸ਼ਤੀ ਚਲਾਵਾਂਗੇ ਤਾਂ ਬਰਸਾ ਨਜ਼ਰ ਆਉਣ ਲੱਗੇਗਾ। ਹਵਾ ਚੱਲੀ ਤਾਂ ਰਾਤ ਉੱਥੇ ਹੀ ਰੁੱਕ ਜਾਵਾਂਗੇ।"
ਚੁੱਪ ਛਾ ਗਈ। ਉੱਠਦੀਆਂ ਹੋਈਆਂ ਕਾਲੀਆਂ ਕਾਲੀਆਂ ਲਹਿਰਾਂ 'ਤੇ ਕਿਸ਼ਤੀ ਡਿੱਕ ਡੋਲੇ ਖਾਣ ਲੱਗੀ।
ਅਸਮਾਨ ਵਿੱਚ ਵੱਡੇ ਵੱਡੇ ਕਾਲੇ ਬੱਦਲ ਦਿਖਾਈ ਦੇਣ ਲੱਗੇ।
"ਬੇਸ਼ੱਕ ਅਜਿਹਾ ਹੀ ਹੈ। ਤੂਫ਼ਾਨ ਆ ਰਿਹਾ ਹੈ।"
"ਬਰਸਾ ਟਾਪੂ ਜਲਦੀ ਹੀ ਨਜ਼ਰ ਆਵੇਗਾ। ਖੱਬੇ ਪਾਸੇ ਨੂੰ ਹੋਵੇਗਾ ਉਹ। ਪੁੱਠੀ ਜਿਹੀ ਥਾਂ ਹੈ ਇਹ ਬਰਸਾ ਵੀ । ਉੱਥੇ ਚਾਹੇ ਜਿੱਥੇ ਵੀ ਚਲੇ ਜਾਓ ਹਰ ਥਾਂ ਰੇਤ ਹੀ ਰੇਤ ਹੈ। ਬਸ ਹਵਾ ਫਰਾਟੇ ਮਾਰਦੀ ਰਹਿੰਦੀ ਹੈ।... ਓਏ ਬਾਦਬਾਨ ਢਿੱਲਾ ਕਰੋ, ਜਲਦੀ। ਇਹ ਤੇਰੇ ਜਨਰਲ