ਦੀ ਪਤਲੂਣ ਨਹੀਂ ਹੈ।" ਲੈਫਟੀਨੈਂਟ ਸਮੇਂ 'ਤੇ ਬਾਦਬਾਨ ਢਿੱਲਾ ਨਾ ਕਰ ਸਕਿਆ। ਕਿਸ਼ਤੀ ਨੇ ਇੱਕ ਪਾਸੇ ਨੂੰ ਝਟਕਾ ਖਾਧਾ ਅਤੇ ਝੱਗ ਉਹਨਾਂ ਸਾਰਿਆਂ ਦੇ ਮੂੰਹਾਂ 'ਤੇ ਵਿਛ ਗਈ।
"ਮੇਰੇ 'ਤੇ ਕਿਉਂ ਬਰਸ ਰਹੇ ਹੋ ? ਮਰੀਆ ਫਿਲਾਤੋਵਨਾ ਤੋਂ ਗਲਤੀ ਹੋ ਗਈ ਸੀ।"
"ਮੇਰੇ ਤੋਂ ਭੁੱਲ ਹੋਈ ਸੀ ? ਕੀ ਕਹਿ ਰਿਹਾ ਹੈ, ਮੱਛੀ ਦਾ ਹੈਜ਼ਾ। ਪੰਜ ਸਾਲ ਦੀ ਉਮਰ ਤੋਂ ਚੱਪੂ 'ਤੇ ਮੇਰਾ ਹੱਥ ਰਿਹਾ ਹੈ।"
ਉੱਚੀਆਂ ਉੱਚੀਆਂ ਕਾਲੀਆਂ ਲਹਿਰਾਂ ਕਿਸ਼ਤੀ ਦਾ ਪਿੱਛਾ ਕਰ ਰਹੀਆਂ ਸਨ। ਉਹ ਮੂੰਹ ਖੋਲ੍ਹੀ ਅਜਗਰਾਂ ਵਰਗੀਆਂ ਦਿਖਾਈ ਦੇ ਰਹੀਆਂ ਸਨ। ਉਹ ਕਿਸ਼ਤੀ ਦੇ ਪਾਸਿਆਂ 'ਤੇ ਟੁੱਟ ਕੇ ਪੈ ਰਹੀਆਂ ਸਨ।
"ਹਾਏ ਮਾਂ! ਕਦੋਂ ਆਏਗਾ ਇਹ ਕੰਬਖਤ ਬਰਸਾ! ਹਨੇਰਾ ਕਿੰਨਾ ਹੈ; ਹੱਥ ਨੂੰ ਹੱਥ ਮਾਰਿਆ ਨਹੀਂ ਦਿੱਸਦਾ।"
ਵਯਾਖਿਰ ਨੇ ਖੱਬੇ ਪਾਸੇ ਨਜ਼ਰ ਮਾਰੀ। ਉਹ ਖੁਸ਼ੀ ਨਾਲ ਚੀਕ ਉੱਠਿਆ:
"ਉਹ ਰਿਹਾ, ਕੰਬਖਤ ਕਿਸੇ ਥਾਂ ਦਾ।"
ਝੱਗ ਅਤੇ ਧੁੰਦ ਵਿਚਾਲੇ ਇੱਕ ਸਫੇਦ ਲੀਕ ਸਾਫ਼ ਚਮਕ ਰਹੀ ਸੀ।
"ਵਧਾਓ ਤਟ ਵੱਲ," ਸੇਮਯਾਨੀ ਚੀਕਿਆ।"ਰੱਬ ਨੇ ਚਾਹਿਆ ਤਾਂ ਉੱਥੇ ਪਹੁੰਚ ਜਾਵਾਂਗੇ।"
ਕਿਸ਼ਤੀ ਦਾ ਪਿਛਲਾ ਹਿੱਸਾ ਚਰਮਰਾਇਆ, ਬੱਲੀਆਂ ਵੀ ਹਿੱਲੀਆਂ। ਇੱਕ ਲਹਿਰ ਤਾਂ ਉੱਛਲ ਕੇ ਕਿਸ਼ਤੀ ਦੇ ਅੰਦਰ ਗਿੱਟਿਆਂ ਤੱਕ ਆ ਵੜੀ।
"ਪਾਣੀ ਬਾਹਰ ਕੱਢੋ।" ਮਰਿਊਤਕਾ ਉੱਛਲ ਕੇ ਖੜ੍ਹੀ ਹੋ ਗਈ ਅਤੇ ਚੀਕੀ।
"ਪਾਣੀ ਕੱਢੀਏ ? ਪਰ ਕਾਹਦੇ ਨਾਲ, ਆਪਣੇ ਸਿਰ ਨਾਲ ?"
"ਟੋਪੀਆਂ ਨਾਲ।"
ਸੇਮਯਾਨੀ ਅਤੇ ਵਯਾਖਿਰ ਨੇ ਝਟਪਟ ਟੋਪੀਆਂ ਉਤਾਰੀਆਂ ਅਤੇ ਤੇਜ਼ੀ ਨਾਲ ਪਾਣੀ ਬਾਹਰ ਕੱਢਣ ਲੱਗੇ।
ਲੈਫਟੀਨੈਂਟ ਪਲ ਭਰ ਲਈ ਤਾਂ ਝਿਜਕਿਆ, ਫਿਰ ਉਸ ਨੇ ਵੀ ਆਪਣੀ ਫ਼ਰ ਵਾਲੀ ਟੋਪੀ ਲਾਹੀ ਅਤੇ ਪਾਣੀ ਕੱਢਣ ਵਿੱਚ ਉਹਨਾਂ ਦਾ ਸਾਥ ਦੇਣ ਲੱਗਿਆ।
ਨੀਵੀਂ ਅਤੇ ਸਫ਼ੈਦ ਰੇਖਾ ਤੇਜ਼ੀ ਨਾਲ ਕਿਸ਼ਤੀ ਦੇ ਨਜ਼ਦੀਕ ਆ ਰਹੀ ਸੀ, ਬਰਫ਼ ਨਾਲ ਢੱਕੇ ਹੋਏ ਤਟ ਦਾ ਰੂਪ ਲੈਂਦੀ ਜਾ ਰਹੀ ਸੀ। ਉੱਬਲਦੀ ਹੋਈ ਝੱਗ ਕਾਰਨ ਉਹ ਹੋਰ ਵੀ ਜ਼ਿਆਦਾ ਸਫੈਦ ਦਿਖਾਈ ਦੇ ਰਹੀ ਸੀ।
ਹਵਾ ਗਰਜਦੀ ਅਤੇ ਫੁੰਕਾਰਦੀ ਹੋਈ ਆਉਂਦੀ ਅਤੇ ਲਹਿਰਾਂ ਨੂੰ ਹੋਰ ਉੱਚਾ ਚੁੱਕ ਦਿੰਦੀ।
ਇੱਕ ਤੂਫ਼ਾਨੀ ਬੁੱਲ੍ਹਾ ਬਾਦਬਾਨ 'ਤੇ ਝਪਟਿਆ, ਜੋ ਫੁੱਲੇ ਹੋਏ ਢਿੱਡ ਵਾਂਗ ਬਾਹਰ ਨੂੰ ਨਿਕਲ ਗਿਆ।