ਛੇਵਾਂ ਕਾਂਡ
ਜਿਸ ਵਿੱਚ ਦੂਜੀ ਵਾਰ ਗੱਲਬਾਤ ਹੁੰਦੀ ਹੈ ਅਤੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਿਫ਼ਰ ਤੋਂ ਦੋ ਦਰਜੇ ਉੱਪਰ ਸੈਂਟੀਗ੍ਰੇਡ ਵਾਲੇ ਸਮੁੰਦਰੀ ਪਾਣੀ ਵਿੱਚ ਨਹਾਉਣ ਨਾਲ ਕੀ ਹੁੰਦਾ ਹੈ।
ਲੈਫਟੀਨੈਂਟ ਨੇ ਮਰਿਊਤਕਾ ਦਾ ਮੋਢਾ ਹਲੂਣਿਆ।
ਉਸਨੇ ਕਈ ਵਾਰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਬੁਰੀ ਤਰ੍ਹਾਂ ਵੱਜ ਰਹੇ ਉਸਦੇ ਜਬਾੜੇ ਨੇ ਉਸ ਨੂੰ ਕੁਝ ਕਹਿਣ ਨਾ ਦਿੱਤਾ।
ਉਸਨੇ ਮੁੱਠੀ ਰੱਖ ਕੇ ਜਬਾੜੇ ਨੂੰ ਜ਼ੋਰ ਨਾਲ ਦਬਾਇਆ ਅਤੇ ਆਪਣੀ ਗੱਲ ਕਹੀ:
"ਰੋਣ ਨਾਲ ਕੁਝ ਹਾਸਿਲ ਨਹੀਂ ਹੋਣਾ। ਚੱਲਣਾ ਚਾਹੀਦਾ ਹੈ। ਇੱਥੇ ਬੈਠੇ ਬੈਠੇ ਮਰਨਾ ਤਾਂ ਨਹੀਂ ਹੈ। ਜੰਮ ਜਾਵਾਂਗੇ।"
ਮਰਿਊਤਕਾ ਨੇ ਸਿਰ ਉੱਪਰ ਚੁੱਕਿਆ। ਨਿਰਾਸ਼ ਹੁੰਦੇ ਹੋਏ ਕਿਹਾ: "ਜਾਵਾਂਗੇ ਵੀ ਤਾਂ ਕਿੱਥੇ ? ਆਪਾਂ ਟਾਪੂ 'ਤੇ ਹਾਂ। ਹਰ ਪਾਸੇ ਪਾਣੀ ਹੈ।"
ਫਿਰ ਵੀ ਚੱਲਣਾ ਚਾਹੀਦਾ ਹੈ। ਮੈਂ ਜਾਣਦਾ ਹਾਂ ਕਿ ਇੱਥੇ ਲੱਕੜ ਦੇ ਢਾਰੇ ਹਨ।
"ਤੈਨੂੰ ਕਿਵੇਂ ਪਤਾ? ਤੂੰ ਕਦੇ ਇੱਥੇ ਆਇਆ ਹੈ।"
"ਨਹੀਂ, ਆਇਆ ਤਾਂ ਕਦੇ ਨਹੀਂ। ਜਦੋਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਹਨਾਂ ਦਿਨਾਂ ਵਿੱਚ ਮੈਂ ਪੜ੍ਹਿਆ ਸੀ ਕਿ ਮਛੇਰੇ ਮੱਛੀਆਂ ਰੱਖਣ ਲਈ ਇੱਥੇ ਢਾਰੇ ਬਣਾਉਂਦੇ ਹਨ। ਸਾਨੂੰ ਇਹੋ ਜਿਹਾ ਕੋਈ ਢਾਰਾ ਲੱਭਣਾ ਚਾਹੀਦਾ ਹੈ।"
"ਚਲੋ ਮੰਨ ਲਓ ਕਿ ਦਾਰਾ ਮਿਲ ਗਿਆ। ਫਿਰ ਅੱਗੇ ਕੀ ?"
"ਇਹ ਸਵੇਰੇ ਦੇਖਾਂਗੇ। ਉੱਠੋ, ਫਰਾਇਡੇ!"
ਮਰਿਊਤਕਾ ਨੇ ਸਹਿਮ ਕੇ ਲੈਫਟੀਨੈਂਟ ਵੱਲ ਦੇਖਿਆ।
''ਤੇਰਾ ਦਿਮਾਗ ਤਾਂ ਨਹੀਂ ਫਿਰ ਗਿਆ ? ਹਾਏ ਰੱਬਾ! ਕੀ ਕਰੂੰਗੀ ਮੈਂ ਤੇਰਾ? ਅੱਜ ਫਰਾਇਡੇ ਨਹੀਂ, ਬੁੱਧਵਾਰ ਹੈ।"
"ਖੈਰ, ਸਭ ਠੀਕ ਹੈ। ਤੂੰ ਮੇਰੀਆਂ ਗੱਲਾਂ ਵੱਲ ਧਿਆਨ ਨਾ ਦੇ। ਆਪਾਂ ਇਸ ਬਾਰੇ ਫਿਰ ਚਰਚਾ ਕਰਾਂਗੇ। ਹੁਣ ਉੱਠੋ!"
ਮਰਿਊਤਕਾ ਉਸ ਦੀ ਗੱਲ ਮੰਨਦੇ ਹੋਏ ਚੁੱਪ-ਚਾਪ ਖੜ੍ਹੀ ਹੋ ਗਈ।
ਲੈਫਟੀਨੈਂਟ ਬੰਦੂਕਾਂ ਚੁੱਕਣ ਲਈ ਝੁਕਿਆ, ਪਰ ਮਰਿਊਤਕਾ ਨੇ ਉਸ ਦਾ ਹੱਥ ਫੜ ਲਿਆ।
"ਰੁਕ ਗੜਬੜ ਨਹੀਂ ਕਰਨੀ। ਤੂੰ ਵਚਨ ਦਿੱਤਾ ਹੈ ਕਿ ਭੱਜੇਂਗਾ ਨਹੀਂ।"