ਲੈਫਟੀਨੈਂਟ ਨੇ ਹੱਥ ਪਿੱਛੇ ਕਰ ਲਿਆ ਅਤੇ ਜ਼ੋਰ ਨਾਲ ਠਹਾਕੇ ਮਾਰਨ ਲੱਗਿਆ।
"ਲੱਗਦਾ ਹੈ ਦਿਮਾਗ ਮੇਰਾ ਨਹੀਂ, ਤੇਰਾ ਦਿਮਾਗ਼ ਫਿਰ ਗਿਆ ਹੈ। ਜਰਾ ਸੋਚ ਤਾਂ ਕੀ ਮੈਂ ਇਸ ਸਮੇਂ ਭੱਜਣ ਦੀ ਗੱਲ ਸੋਚ ਸਕਦਾ ਹਾਂ ? ਬੰਦੂਕਾਂ ਇਸ ਲਈ ਚੁੱਕਣ ਲੱਗਿਆ ਸਾਂ ਕਿ ਤੈਨੂੰ ਚੁੱਕਣ ਵਿੱਚ ਤਕਲੀਫ਼ ਹੋਵੇਗੀ।"
ਮਰਿਊਤਕਾ ਸ਼ਾਂਤ ਹੋ ਗਈ, ਪਰ ਮਿੱਠੇ ਅਤੇ ਗੰਭੀਰ ਢੰਗ ਨਾਲ ਉਸ ਨੇ ਕਿਹਾ
"ਮੱਦਦ ਲਈ ਸ਼ੁਕਰੀਆ। ਪਰ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਤੈਨੂੰ ਹੈੱਡ- ਕੁਆਰਟਰ ਤੱਕ ਪਹੁੰਚਾ ਦਿਆਂ... ਇਸ ਲਈ ਸਾਫ਼ ਹੈ ਤੈਨੂੰ ਬੰਦੂਕਾਂ ਨਹੀਂ ਦੇ ਸਕਦੀ, ਮੇਰੇ ਉੱਤੇ ਤੇਰੀ ਜ਼ਿੰਮੇਵਾਰੀ ਜੋ ਹੈ।"
ਲੈਫਟੀਨੈਂਟ ਨੇ ਮੋਢੇ ਝਟਕੇ ਅਤੇ ਬੋਰੇ ਚੁੱਕ ਕੇ ਅੱਗੇ ਅੱਗੇ ਤੁਰ ਪਿਆ।
ਰੇਤ, ਜਿਸ ਵਿੱਚ ਬਰਫ਼ ਰਲੀ ਹੋਈ ਸੀ, ਪੈਰਾਂ ਥੱਲੇ ਚਰਮਰਾ ਰਹੀ ਸੀ। ਥੱਲੇ, ਸੁੰਨਸਾਨ ਅਤੇ ਸਮਤਲ ਤਟ ਦਾ ਕੋਈ ਅੰਤ ਨਹੀਂ ਸੀ । ਦੂਰ ਕੋਈ ਭਾਰੀ ਚੀਜ਼ ਬਰਫ਼ ਨਾਲ ਢੱਕੀ ਹੋਈ ਨਜ਼ਰ ਆਈ।
ਮਰਿਊਤਕਾ ਤਿੰਨ ਬੰਦੂਕਾਂ ਦੇ ਭਾਰ ਨਾਲ ਦੱਬੀ ਜਾ ਰਹੀ ਸੀ।
"ਕਈ ਗੱਲ ਨਹੀਂ, ਮਰੀਆ ਫਿਲਾਤੋਵਨਾ, ਥੋੜ੍ਹੀ ਹੋਰ ਹਿੰਮਤ ਰੱਖੋ। ਜ਼ਰੂਰ ਇਹ ਢਾਰਾ ਹੀ ਹੈ!"
"ਕਾਸ਼ ਕਿ ਢਾਰਾ ਹੀ ਹੋਵੇ । ਮੇਰਾ ਤਾਂ ਦਮ ਨਿਕਲਦਾ ਜਾ ਰਿਹਾ ਹੈ। ਠੰਢ ਨਾਲ ਬਿਲਕੁਲ ਆਕੜ ਗਈ ਹਾਂ ।" ਉਹ ਢਾਰੇ ਅੰਦਰ ਦਾਖਲ ਹੋਏ। ਅੰਦਰ ਘੁੱਪ ਹਨ੍ਹੇਰਾ ਸੀ । ਹਰ ਪਾਸੇ ਲੂਣ ਲੱਗੀਆਂ ਮੱਛੀਆਂ ਅਤੇ ਜੰਗ ਲੱਗੇ ਲੂਣ ਦੀ ਸੜਾਂਦ ਫੈਲੀ ਹੋਈ ਸੀ।
ਲੈਫਟੀਨੈਂਟ ਨੇ ਮੱਛੀਆਂ ਦੇ ਢੇਰ ਨੂੰ ਹੱਥ ਨਾਲ ਛੂਹਿਆ।
"ਉਹ ਮੱਛੀ! ਚੱਲੋ ਭੁੱਖੇ ਮਰਨ ਦੀ ਨੌਬਤ ਤਾਂ ਨਹੀਂ ਆਏਗੀ।"
"ਕਾਸ਼ ! ਰੌਸ਼ਨੀ ਹੁੰਦੀ! ਚਾਰੇ ਪਾਸੇ ਦੇਖਣਾ ਚਾਹੀਦਾ। ਸ਼ਾਇਦ ਹਵਾ ਤੋਂ ਬਚਣ ਲਈ ਕੋਈ ਖੂੰਜਾ ਹੀ ਮਿਲ ਜਾਵੇ ।" ਮਰਿਊਤਕਾ ਨੇ ਹੌਂਕਾ ਭਰ ਕੇ ਕਿਹਾ।
"ਬਿਜਲੀ ਦੀ ਉਮੀਦ ਤਾਂ ਇੱਥੇ ਨਹੀਂ ਕੀਤੀ ਜਾ ਸਕਦੀ।"
"ਮੱਛੀ ਬਾਲੀ ਜਾਵੇ.... ਦੇਖ ਤਾਂ ਇਸ ਵਿੱਚ ਕਿੰਨੀ ਚਰਬੀ ਹੈ।" ਲੈਫਟੀਨੈਂਟ ਨੇ ਫਿਰ ਠਹਾਕਾ ਮਾਰਿਆ।
"ਮੱਛੀ ਬਾਲੀ ਜਾਵੇ ? ਤੂੰ ਤਾਂ ਸਚਮੁਚ ਪਾਗਲ ਹੋ ਗਈ ਹੈ।"
"ਉਹ ਕਿਉਂ ?" ਮਰਿਊਤਕਾ ਨੇ ਖਿਝ ਕੇ ਕਿਹਾ। "ਵੋਲਗਾ ਤੱਟ 'ਤੇ ਸਾਡੇ ਉੱਥੇ ਤਾਂ ਬਹੁਤ ਬਾਲੀਆਂ ਜਾਂਦੀਆਂ ਨੇ। ਲੱਕੜੀਆਂ ਤੋਂ ਵੀ ਵਧੀਆ ਜਲਦੀਆਂ ਨੇ !"
"ਪਹਿਲੀ ਵਾਰ ਸੁਣ ਰਿਹਾ ਹਾਂ - ਪਰ ਬਾਲਾਂਗੇ ਕਿਵੇਂ ? ਮੇਰੇ ਕੋਲ ਚਕਮਕ ਤਾਂ ਹੈ ਪਰ ਸੱਕੜ ਕਿੱਥੋਂ...?"
“ਵਾਹ ਉਏ ਸੂਰਮਿਆਂ। ਸਮਝ ਗਈ ਕਿ ਮਾਂ ਦੀ ਘੱਗਰੀ ਦੀ ਛਾਵੇਂ ਹੀ ਉਮਰ ਗੁਜ਼ਾਰੀ ਹੈ। ਲੈ ਇਹ ਕਾਰਤੂਸ ਪਾੜ ਅਤੇ ਮੈਂ ਕੰਧ ਤੋਂ ਕੁਝ ਸੱਕੜ ਲਾਹੁੰਦੀ ਹਾਂ ।"