"ਉਹ, ਮੱਛੀ ਦਾ ਹੇਜ਼ਾ ! ਸਾਥੀਆਂ ਦਾ ਅਫ਼ਸੋਸ ਹੁੰਦਾ ਹੈ। ਐਵੇਂ ਹੀ ਡੁੱਬ ਗਏ।"
"ਚੰਗਾ ਹੋਵੇ ਕਿ ਅਸੀਂ ਕੱਪੜੇ ਸੁਕਾ ਲਈਏ। ਨਹੀਂ ਤਾਂ ਠੰਢ ਲੱਗ ਜਾਵੇਗੀ।"
"ਤਾਂ ਸੁਕਾਉਂਦਾ ਕਿਉਂ ਨਹੀਂ ? ਮੱਛੀ ਦੀ ਅੱਗ ਬਥੇਰੀ ਤੇਜ਼ ਹੈ। ਉਤਾਰ ਕੱਪੜੇ, ਸੁਕਾ।“
ਲੈਫਟੀਨੈਂਟ ਝਿਜਕਿਆ।
"ਪਹਿਲਾਂ ਤੂੰ ਸੁਕਾ ਲੈ, ਮਰੀਆ ਫਿਲਾਤੋਵਨਾ। ਮੈਂ ਤਦ ਤੱਕ ਉੱਥੇ ਉਡੀਕ ਕਰਦਾ ਹਾਂ । ਫਿਰ ਮੈਂ ਆਪਣੇ ਕੱਪੜੇ ਸੁਕਾ ਲਵਾਂਗਾ।"
ਲੈਫਟੀਨੈਂਟ ਦਾ ਕੰਬਦਾ ਚਿਹਰਾ ਵੇਖ ਕੇ ਮਰਿਊਤਕਾ ਨੂੰ ਉਸ 'ਤੇ ਤਰਸ ਆਇਆ।
"ਦੇਖ ਰਹੀ ਹਾਂ ਕਿ ਤੂੰ ਬਿਲਕੁਲ ਬੁੱਧੂ ਹੈ। ਅਸਲੀ ਅਮੀਰਜ਼ਾਦਾ ਹੈ। ਤੈਨੂੰ ਡਰ ਕਾਹਦਾ ਹੈ ? ਕਦੇ ਕੋਈ ਨੰਗੀ ਔਰਤ ਨਹੀਂ ਦੇਖੀ ?"
"ਨਹੀਂ, ਇਹ ਗੱਲ ਨਹੀਂ ਹੈ... ਮੈਂ ਸੋਚਿਆ ਕਿ ਸ਼ਾਇਦ ਤੈਨੂੰ ਚੰਗਾ ਨਾ ਲੱਗੇ।"
"ਬਕਵਾਸ ਹੈ! ਆਪਾਂ ਸਾਰੇ ਇੱਕੋ ਜਿਹੇ ਹੱਡ ਮਾਸ ਦੇ ਬਣੇ ਹੋਏ ਹਾਂ। ਫਰਕ ਹੀ ਕੀ ਹੈ। ਕੱਪੜੇ ਉਤਾਰ, ਬੁੱਧੂ!"
ਉਹ ਚੀਕ ਪਈ, ਤੇਰੇ ਦੰਦ ਤਾਂ ਮਸ਼ੀਨਗੰਨ ਵਾਂਗੂ ਵੱਜ ਰਹੇ ਨੇ । ਤੂੰ ਤਾਂ ਮੇਰੇ ਲਈ ਪੂਰੀ ਮੁਸੀਬਤ ਹੈਂ!"
ਬੰਦੂਕਾਂ 'ਤੇ ਲਟਕੇ ਹੋਏ ਕੱਪੜਿਆਂ 'ਚੋਂ ਭਾਫ਼ ਉੱਠ ਰਹੀ ਸੀ।
ਲੈਫਟੀਨੈਂਟ ਅਤੇ ਮਰਿਊਤਕਾ ਅੰਗ ਸਾਹਮਣੇ, ਇੱਕ ਦੂਸਰੇ ਦੇ ਆਹਮੋ-ਸਾਹਮਣੇ ਬੈਠੇ ਸਨ ਅਤੇ ਆਪਣੇ ਆਪ ਨੂੰ ਗਰਮਾ ਰਹੇ ਸਨ।
ਮਰਿਊਤਕਾ ਲੈਫਟੀਨੈਂਟ ਦੀ ਗੋਰੀ ਗੋਰੀ, ਕੋਮਲ ਅਤੇ ਪਤਲੀ ਜਿਹੀ ਪਿੱਠ ਨੂੰ ਬਹੁਤ ਧਿਆਨ ਨਾਲ ਅਤੇ ਟਿਕਟਿਕੀ ਬੰਨ੍ਹ ਕੇ ਦੇਖ ਰਹੀ ਸੀ। ਉਹ ਬੋਲੀ।
"ਤੂੰ ਐਨਾ ਗੋਰਾ ਕਿਵੇਂ ਹੈ ? ਮੱਛੀ ਦਾ ਹੈਜ਼ਾ! ਲੱਗਦਾ ਹੈ ਤੈਨੂੰ ਮਲਾਈ ਨਾਲ ਮਲ ਮਲ ਕੇ ਨਹਾਉਂਦੇ ਰਹੇ ਨੇ।"
ਲੈਫਟੀਨੈਂਟ ਦਾ ਮੂੰਹ ਸ਼ਰਮ ਨਾਲ ਲਾਲ ਹੋ ਗਿਆ। ਉਸ ਨੇ ਮਰਿਊਤਕਾ ਵੱਲ ਦੇਖਿਆ। ਕੁਝ ਕਹਿਣਾ ਚਾਹਿਆ, ਪਰ ਮਰਿਊਤਕਾ ਦੀ ਗੋਲ ਗੋਲ ਛਾਤੀ 'ਤੇ ਅੰਗ ਦੇ ਪੀਲੇ ਪਰਛਾਵੇਂ ਨੱਚਦੇ ਵੇਖ ਕੇ ਉਸ ਨੇ ਆਪਣੀਆਂ ਨੀਲੀਆਂ ਨੀਲੀਆਂ ਅੱਖਾਂ ਝੁਕਾ ਲਈਆਂ।
ਕੱਪੜੇ ਸੁੱਕ ਗਏ। ਮਰਿਊਤਕਾ ਨੇ ਮੋਢੇ 'ਤੇ ਚਮੜੇ ਦੀ ਜੈਕਟ ਰੱਖ ਲਈ।
"ਹੁਣ ਸੌਂਣਾ ਚਾਹੀਦਾ ਹੈ। ਹੋ ਸਕਦਾ ਹੈ ਕੱਲ੍ਹ ਤੱਕ ਤੂਫ਼ਾਨ ਥੰਮ ਜਾਵੇ। ਇਹੀ ਚੰਗੀ ਕਿਸਮਤ ਹੈ ਕਿ ਕਿਸ਼ਤੀ ਨਹੀਂ ਡੁੱਬੀ। ਸ਼ਾਇਦ ਕਦੇ ਨਾ ਕਦੇ ਸੀਰ ਦਰਿਆ ਤੱਕ ਪਹੁੰਚ ਹੀ ਜਾਵਾਂਗੇ। ਉੱਥੇ ਮਛੇਰੇ ਮਿਲ ਜਾਣਗੇ । ਤੂੰ ਸੌਂ ਜਾ, ਮੈਂ ਅੱਗ ਦੀ ਦੇਖਭਾਲ ਕਰਾਂਗੀ। ਜਦੋਂ ਨੀਂਦ ਨਾਲ ਮੇਰੀਆਂ ਅੱਖਾਂ ਬੰਦ ਹੋਣ ਲੱਗੀਆਂ ਤਾਂ ਮੈਂ ਤੈਨੂੰ ਜਗਾ ਦਿਆਂਗੀ। ਇਸ ਤਰ੍ਹਾਂ ਆਪਾਂ ਵਾਰੀ ਵਾਰੀ ਅੱਗ ਦੀ ਰਖਵਾਲੀ ਕਰਾਂਗੇ।"