ਲੈਫਟੀਨੈਂਟ ਨੇ ਆਪਣੇ ਕੱਪੜੇ ਥੱਲੇ ਵਿਛਾਏ ਅਤੇ ਉੱਪਰ ਕੋਟ ਲੈ ਲਿਆ। ਉਹ ਸੌਂ ਤਾਂ ਗਿਆ, ਪਰ ਬੇਚੈਨੀ ਭਰੀ ਨੀਂਦ ਵਿੱਚ ਉਹ ਬੁੜਬੜਾਉਂਦਾ ਰਿਹਾ। ਮਰਿਊਤਕਾ ਉਸ ਨੂੰ ਟਿਕਟਿਕੀ ਬੰਨ੍ਹ ਕੇ ਦੇਖਦੀ ਰਹੀ।
ਫਿਰ ਉਸਨੇ ਮੋਢੇ ਝਟਕੇ।
"ਇਹ ਤਾਂ ਮੇਰੇ ਗਲ ਪੈ ਗਿਆ । ਬੜਾ ਹੀ ਨਾਜ਼ੁਕ ਹੈ। ਕਿਤੇ ਠੰਢ ਨਾ ਲੱਗ ਗਈ ਹੋਵੇ ਇਹਨੂੰ! ਆਪਣੇ ਘਰ ਤਾਂ ਸ਼ਾਇਦ ਮਖਮਲ ਵਿੱਚ ਹੀ ਲਿਪਟਿਆ ਰਹਿੰਦਾ ਹੋਵੇਗਾ। ਆਹ, ਕੀ ਚੀਜ਼ ਹੈ ਇਹ ਜ਼ਿੰਦਗੀ, ਮੱਛੀ ਦਾ ਹੈਜ਼ਾ।"
ਸਵੇਰੇ ਜਦੋਂ ਛੱਤ ਦੀਆਂ ਤ੍ਰੇੜਾਂ ਵਿੱਚੋਂ ਚਾਨਣ ਝਾਕਣ ਲੱਗਿਆ ਤਾਂ ਮਰਿਊਤਕਾ ਨੇ ਲੈਫਟੀਨੈਂਟ ਨੂੰ ਜਗਾਇਆ।
"ਦੇਖ, ਤੂੰ ਅੱਗ ਦਾ ਧਿਆਨ ਰੱਖ ਅਤੇ ਮੈਂ ਤਟ ਵੱਲ ਜਾ ਕੇ ਆਉਂਦੀ ਹਾਂ। ਦੇਖ ਕੇ ਆਉਂਦੀ ਹਾਂ ਕਿ ਕਿਤੇ ਆਪਣੇ ਸਾਥੀ ਤੈਰ ਕੇ ਨਿਕਲ ਹੀ ਨਾ ਆਏ ਹੋਣ ਅਤੇ ਤਟ 'ਤੇ ਬੈਠੇ ਹੋਣ।"
ਲੈਫਟੀਨੈਂਟ ਬੜੀ ਮੁਸ਼ਕਿਲ ਨਾਲ ਉੱਠਿਆ। ਸਿਰ ਹੱਥਾਂ ਵਿੱਚ ਫੜ ਕੇ ਉਸ ਨੇ ਡੁੱਬਦੀ ਜਿਹੀ ਅਵਾਜ਼ ਵਿੱਚ ਕਿਹਾ: "ਸਿਰ ਦਰਦ ਕਰ ਰਿਹਾ ਹੈ।"
"ਕੋਈ ਗੱਲ ਨਹੀਂ... ਇਹ ਤਾਂ ਧੂੰਏ ਅਤੇ ਥਕਾਵਟ ਦਾ ਨਤੀਜਾ ਹੈ। ਠੀਕ ਹੋ ਜਾਏਗਾ। ਬੋਰੇ 'ਚੋਂ ਰੋਟੀ ਕੱਢ ਲੈ, ਮੱਛੀ ਭੁੰਨ ਲੈ ਅਤੇ ਖਾ ਲੈ।"
ਮਰਿਊਤਕਾ ਨੇ ਬੰਦੂਕ ਚੁੱਕੀ, ਜੈਕਟ ਨਾਲ ਸਾਫ਼ ਕੀਤੀ ਅਤੇ ਤੁਰ ਪਈ।
ਲੈਫਟੀਨੈਂਟ ਗੋਡਿਆਂ ਭਾਰ ਰੀਂਗ ਕੇ ਅੱਗ ਕੋਲ ਪਹੁੰਚਿਆ। ਉਹਨੇ ਬੋਰੇ ਵਿੱਚੋਂ ਭਿੱਜੀ ਹੋਈ ਰੋਟੀ ਕੱਢੀ, ਰੋਟੀ ਦੀ ਬੁਰਕੀ ਤੋੜੀ, ਥੋੜ੍ਹੀ ਜਿਹੀ ਚਬਾਈ, ਅਤੇ ਬਾਕੀ ਉਸਦੇ ਹੱਥਾਂ 'ਚੋਂ ਥੱਲੇ ਡਿੱਗ ਪਈ। ਫਿਰ ਉਹ ਅੱਗ ਦੇ ਕੋਲ ਫਰਸ਼ 'ਤੇ ਹੀ ਢਹਿ ਗਿਆ।
ਮਰਿਊਤਕਾ ਨੇ ਲੈਫਟੀਨੈਂਟ ਦਾ ਮੋਢਾ ਝੰਜੋੜਿਆ ਅਤੇ ਬੇਬਸੀ ਵਿੱਚ ਚੀਕ ਕੇ ਕਿਹਾ
"ਉੱਠ! ਬੇੜਾ ਗਰਕ! ਮੁਸੀਬਤ!"
ਲੈਫਟੀਨੈਂਟ ਦੀਆਂ ਅੱਖਾਂ ਫੈਲ ਗਈਆਂ, ਬੁੱਲ ਖੁੱਲ੍ਹੇ ਰਹਿ ਗਏ।
"ਉੱਠ, ਕਹਿ ਰਹੀ ਆਂ। ਮੁਸੀਬਤ ਆ ਗਈ। ਲਹਿਰਾਂ ਕਿਸ਼ਤੀ ਵਹਾ ਕੇ ਲੈ ਗਈਆਂ। ਆਪਾਂ ਤਾਂ ਹੁਣ ਕਿਤੋਂ ਦੇ ਨਹੀਂ, ਰਹੇ।"
ਲੈਫਟੀਨੈਂਟ ਉਹਦਾ ਮੂੰਹ ਤੱਕਦਾ ਹੋਇਆ ਖਾਮੋਸ਼ ਰਿਹਾ।
ਮਰਿਊਤਕਾ ਨੇ ਉਸ ਨੂੰ ਧਿਆਨ ਨਾਲ ਦੇਖਿਆ ਅਤੇ ਹੌਂਕਾ ਭਰਿਆ।
ਲੈਫਟੀਨੈਂਟ ਦੀਆਂ ਨੀਲੀਆਂ ਅੱਖਾਂ ਧੁੰਦਲੀਆਂ ਧੁੰਦਲੀਆਂ ਅਤੇ ਖਾਲੀ ਖਾਲੀ ਜਿਹੀਆਂ ਨਜ਼ਰ ਆ ਰਹੀਆਂ ਸਨ। ਬਦਹਵਾਸੀ ਵਿੱਚ ਉਸ ਦੀ ਗੱਲ੍ਹ ਮਰਿਊਤਕਾ ਦੇ ਹੱਥ 'ਤੇ ਆ ਪਈ। ਉਹ ਅੰਗਾਰਿਆਂ ਵਾਂਗ ਤਪ ਰਹੀ ਸੀ।