“ਉਏ, ਹਿੰਮਤ ਹਾਰਨ ਵਾਲੇ, ਤਾਂ ਤੈਨੂੰ ਠੰਢ ਲੱਗ ਹੀ ਗਈ। ਹੁਣ ਮੈਂ ਕਰਾਂ ਤਾਂ ਕੀ ਕਰਾਂ?"
ਲੈਫਟੀਨੈਂਟ ਦੇ ਬੁੱਲ੍ਹ ਕੁਝ ਹਿੱਲੇ।
ਮਰਿਊਤਕਾ ਝੁਕ ਕੇ ਸੁਣਨ ਲੱਗੀ:
"ਮਿਖਾਇਲ ਈਵਾਨੋਵਿਚ -ਮੈਨੂੰ ਨੰਬਰ ਘੱਟ ਨਾ ਦਿਓ... ਮੈਂ ਪਾਠ ਯਾਦ ਨਹੀਂ ਕਰ ਸਕਿਆ... ਕੱਲ੍ਹ ਨੂੰ ਤਿਆਰ ਕਰ ਲਵਾਂਗਾ।"
“ਇਹ ਤੂੰ ਕੀ ਬਕ ਰਿਹਾ ਹੈ ?" ਮਰਿਊਤਕਾ ਨੇ ਥੋੜ੍ਹਾ ਖਿਝਦੇ ਹੋਏ ਪੁੱਛਿਆ।
"ਉਏ... ਲੈ ਲੈ ਇਸ ਨੂੰ ਜੰਗਲੀ ਮੁਰਗਾ... " ਲੈਫਟੀਨੈਂਟ ਅਚਾਨਕ ਚੀਕਿਆ ਅਤੇ ਇੱਕ ਵਾਰ ਤਾਂ ਉੱਛਲ ਪਿਆ।
ਲੈਫਟੀਨੈਂਟ ਫਿਰ ਡਿੱਗ ਗਿਆ ਅਤੇ ਉਂਗਲਾਂ ਨਾਲ ਰੇਤ ਖੁਰਚਣ ਲੱਗਿਆ।
ਮਰਿਊਤਕਾ ਪਿੱਛੇ ਹਟ ਗਈ ਅਤੇ ਉਸ ਨੇ ਹੱਥਾਂ ਨਾਲ ਮੂੰਹ ਢੱਕ ਲਿਆ।
ਉਹ ਜਲਦੀ ਜਲਦੀ ਕੁਝ ਊਟ-ਪਟਾਂਗ ਬਕੀ ਜਾ ਰਿਹਾ ਸੀ।
ਮਰਿਊਤਕਾ ਨੇ ਨਿਰਾਸ਼ਾ ਵਿੱਚ ਚਾਰੇ ਪਾਸੇ ਨਜ਼ਰ ਦੌੜਾਈ।
ਉਸਨੇ ਜੈਕਟ ਉਤਾਰ ਕੇ ਜ਼ਮੀਨ 'ਤੇ ਸੁੱਟ ਦਿੱਤੀ ਅਤੇ ਲੈਫਟੀਨੈਂਟ ਦੇ ਬੇਹੋਸ਼ ਸਰੀਰ ਨੂੰ ਬੜੀ ਮੁਸ਼ਕਿਲ ਨਾਲ ਖਿੱਚ ਕੇ ਉਸ 'ਤੇ ਲੈ ਆਈ। ਫਿਰ ਉਸ ਨੂੰ ਕੋਟ ਨਾਲ ਢੱਕ ਦਿੱਤਾ।
ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਲਾਚਾਰ ਮਹਿਸੂਸ ਕਰਦੀ ਹੋਈ ਝੁਕ ਕੇ ਉਸ ਦੇ ਨੇੜੇ ਬੈਠ ਗਈ। ਉਸ ਦੀਆਂ ਦੁਬਲੀਆਂ ਪਤਲੀਆਂ ਗੱਲ੍ਹਾਂ 'ਤੇ ਧੁੰਦਲੀਆਂ ਹੋਈਆਂ ਅੱਖਾਂ ਵਿੱਚੋਂ ਹੌਲੀ ਹੌਲੀ ਹੰਝੂ ਲੁੜਕਣ ਲੱਗੇ।
ਲੈਫਟੀਨੈਂਟ ਪਾਸੇ ਮਾਰਦਾ ਹੋਇਆ ਕੋਟ ਨੂੰ ਵਾਰ ਵਾਰ ਉਤਾਰ ਕੇ ਸੁੱਟ ਦਿੰਦਾ ਸੀ। ਪਰ ਮਰਿਊਤਕਾ ਉਸ ਨੂੰ ਹਰ ਵਾਰ ਠੋਡੀ ਤੱਕ ਢੱਕ ਦਿੰਦੀ ਸੀ।
ਮਰਿਊਤਕਾ ਨੇ ਦੇਖਿਆ ਕਿ ਲੈਫਟੀਨੈਂਟ ਦਾ ਸਿਰ ਇੱਕ ਪਾਸੇ ਨੂੰ ਲੁੜਕ ਗਿਆ ਹੈ। ਉਸ ਨੇ ਉਸ ਦੇ ਸਿਰ ਥੱਲੇ ਬੋਰੇ ਰੱਖ ਦਿੱਤੇ। ਉਸ ਨੇ ਉੱਪਰ, ਜਿਵੇਂ ਅਸਮਾਨ ਨੂੰ ਸੰਬੋਧਨ ਕਰਦੇ ਹੋਏ ਦਰਦ ਭਰੀ ਅਵਾਜ਼ ਵਿੱਚ ਕਿਹਾ: "ਜੇਕਰ ਇਹ ਮਰ ਗਿਆ... ਤਾਂ ਮੈਂ ਯੇਵਸੂਕੋਵ ਨੂੰ ਕੀ ਜਵਾਬ ਦੇਵਾਂਗੀ? ਹਾਏ, ਕੀ ਮੁਸੀਬਤ ਹੈ।"
ਉਹ ਬੁਖਾਰ ਨਾਲ ਤਪ ਰਹੇ ਲੈਫਟੀਨੈਂਟ ਦੇ ਸਰੀਰ 'ਤੇ ਝੁਕੀ ਅਤੇ ਉਸਨੇ ਉਸ ਦੀਆਂ ਧੁੰਦਲੀਆਂ ਹੋਈਆਂ ਨੀਲੀਆਂ ਅੱਖਾਂ ਵਿੱਚ ਝਾਕਿਆ।
ਮਰਿਊਤਕਾ ਦੇ ਦਿਲ ਨੂੰ ਠੇਸ ਲੱਗੀ। ਉਸ ਨੇ ਹੱਥ ਵਧਾ ਕੇ ਲੈਫਟੀਨੈਂਟ ਦੇ ਉਲਝੇ ਹੋਏ ਘੁੰਗਰਾਲੇ ਵਾਲਾਂ ਨੂੰ ਹੌਲੀ ਜਿਹੇ ਸਹਿਲਾਇਆ। ਉਸ ਦਾ ਸਿਰ ਆਪਣੇ ਹੱਥਾਂ ’ਚ ਲੈ ਕੇ ਉਹ ਕੋਮਲਤਾ ਨਾਲ ਬੋਲੀ:
"ਨੀਲੀਆਂ ਅੱਖਾਂ ਵਾਲੇ ਮੇਰੇ ਬੁੱਧੂ।"