"ਅਤੇ ਜੇ ਕਿਸੇ ਦੂਜੇ ਟਾਪੂ ਵੱਲ ਮੁੜ ਗਏ ਤਾਂ ? ਕਿਰਗਿਜ਼ਾਂ ਨੇ ਤਾਂ ਕਿਹਾ ਸੀ ਕਿ ਇੱਥੇ ਅਣਗਿਣਤ ਟਾਪੂ ਹਨ। ਹੋ ਸਕਦਾ ਹੈ ਕਿ ਸਾਡੇ ਕੋਲੋਂ ਹੀ ਨਿੱਕਲ ਜਾਣ। ਜਾ ਝੋਪੜੀ 'ਚੋਂ ਬੰਦੂਕ ਚੁੱਕ ਕੇ ਲਿਆ ।"
ਲੈਫਟੀਨੈਂਟ ਝਪਟ ਕੇ ਝੋਪੜੀ ਵਿੱਚ ਗਿਆ। ਉਹ ਬੰਦੂਕ ਨੂੰ ਹਵਾ ਵਿੱਚ ਉੱਚਾ ਉਛਾਲਦਾ ਹੋਇਆ ਫੌਰਨ ਵਾਪਸ ਆਇਆ।
"ਇਹ ਖੇਡ ਬੰਦ ਕਰ।" ਮਰਿਊਤਕਾ ਚਿੱਲਾਈ, "ਤਿੰਨ ਗੋਲੀਆਂ ਦਾਗ ਦੇ।"
ਲੈਫਟੀਨੈਂਟ ਨੇ ਬੰਦੂਕ ਦਾ ਬੱਟ ਮੋਢੇ ਨਾਲ ਲਾਇਆ। ਸ਼ੀਸ਼ੇ ਵਰਗੀ ਖਾਮੋਸ਼ੀ ਨੂੰ ਚੀਰਦੀਆਂ ਤਿੰਨ ਗੋਲੀਆਂ ਚੱਲਣ ਦੀ ਅਵਾਜ਼ ਹਵਾ ਵਿੱਚ ਗੂੰਜ ਗਈ। ਹਰ ਗੋਲੀ ਚੱਲਣ 'ਤੇ ਲੈਫਟੀਨੈਂਟ ਲੜਖੜਾਇਆ। ਹੁਣ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਬਹੁਤ ਕਮਜ਼ੋਰ ਹੋ ਗਿਆ ਹੈ।
ਬਾਦਬਾਨ ਹੁਣ ਸਾਫ਼ ਨਜ਼ਰ ਆਉਣ ਲੱਗਿਆ ਸੀ । ਉਹ ਵੱਡਾ ਕੁਝ ਗੁਲਾਬੀ ਅਤੇ ਪੀਲਾ ਸੀ। ਉਹ ਸ਼ੁਭ ਸਗਨ ਸੂਚਕ ਪੰਛੀ ਵਾਂਗੂੰ ਪਾਣੀ ਵਿੱਚ ਤਿਲਕਦਾ ਜਿਹਾ ਵਧਿਆ ਆ ਰਿਹਾ ਸੀ।
"ਇਹ ਕੀ ਬਲਾ ਹੈ?" ਕਿਸ਼ਤੀ ਨੂੰ ਧਿਆਨ ਨਾਲ ਦੇਖਦੇ ਹੋਏ ਮਰਿਊਤਕਾ ਬੁੜਬੜਾਈ। ਕਿਹੋ ਜਿਹੀ ਕਿਸ਼ਤੀ ਹੈ ਇਹ ? ਮਛੇਰਿਆਂ ਦੀ ਕਿਸ਼ਤੀ ਵਰਗੀ ਤਾਂ ਬਿਲਕੁਲ ਨਹੀਂ। ਉਸ ਤੋਂ ਤਾਂ ਬਹੁਤ ਵੱਡੀ ਹੈ।"
ਕਿਸ਼ਤੀ ਵਾਲਿਆਂ ਨੇ ਗੋਲੀਆਂ ਦੀ ਅਵਾਜ਼ ਸੁਣ ਲਈ ਸੀ। ਬਾਦਬਾਨ ਲਹਿਰਾ ਕੇ ਦੂਜੇ ਪਾਸੇ ਝੁਕ ਗਿਆ ਅਤੇ ਕਿਸ਼ਤੀ ਮੁੜ ਕੇ ਸਿੱਧੀ ਤੱਟ ਵੱਲ ਆਉਣ ਲੱਗੀ।
ਗੁਲਾਬੀ-ਪੀਲੇ ਬਾਦਬਾਨ ਹੇਠਾਂ ਨੀਲੇ ਸਾਗਰ ਦੀ ਪਿੱਠਭੂਮੀ ਵਿੱਚ ਇਹ ਕਿਸ਼ਤੀ ਕਾਲੇ ਧੱਬੇ ਵਰਗੀ ਦਿਖਾਈ ਦੇ ਰਹੀ ਸੀ।
“ਇਹ ਕਿਸ਼ਤੀ ਤਾਂ ਮਛੇਰੇ ਵਿਭਾਗ ਦੇ ਇੰਸਪੈਕਟਰ ਦੀ ਕਿਸ਼ਤੀ ਵਰਗੀ ਲੱਗਦੀ ਹੈ। ਪਰ ਉਹ ਅੱਜ ਕੱਲ੍ਹ ਇੱਥੇ ਕੀ ਕਰਨ ਆਏ ਹਨ। ਸਮਝ ਨਹੀਂ ਆ ਰਿਹਾ", ਮਰਿਊਤਕਾ ਹੌਲੀ ਹੌਲੀ ਬੜਬੜਾਈ।
ਕਿਸ਼ਤੀ ਜਦ ਕੋਈ ਸੌ ਮੀਟਰ ਦੀ ਦੂਰੀ 'ਤੇ ਰਹਿ ਗਈ ਤਾਂ ਉਹ ਖੱਬੇ ਪਾਸੇ ਘੁੰਮੀ। ਉਸ 'ਤੇ ਇੱਕ ਆਦਮੀ ਦਿਖਾਈ ਦਿੱਤਾ। ਉਸ ਨੇ ਆਪਣੇ ਦੋਵੇਂ ਹੱਥ ਮੂੰਹ ਦੇ ਸਾਹਮਣੇ ਲਿਆਂਦੇ ਅਤੇ ਜ਼ੋਰ ਨਾਲ ਪੁਕਾਰ ਕੇ ਕੁਝ ਚਿੱਲਾਇਆ।
ਲੈਫਟੀਨੈਂਟ ਚੁਕੰਨਾ ਹੋਇਆ। ਉਹ ਅੱਗੇ ਵੱਲ ਝੁਕਿਆ। ਉਸਨੇ ਬੰਦੂਕ ਰੇਤ ਉੱਪਰ ਸੁੱਟ ਦਿੱਤੀ ਅਤੇ ਦੋ ਹੀ ਛਾਲਾਂ ਮਾਰ ਪਾਣੀ ਤੱਕ ਜਾ ਪਹੁੰਚਿਆ। ਉਸਨੇ ਆਪਣੇ ਹੱਥ ਫੈਲਾਏ ਅਤੇ ਖੁਸ਼ੀ ਵਿੱਚ ਮਸਤ ਹੋ ਕੇ ਚੀਕ ਉੱਠਿਆ
"ਹੁਰਰਾ! ਇਹ ਤਾਂ ਸਾਡੇ ਆਦਮੀ ਨੇ। ਜਲਦੀ ਕਰੋ ਸ਼੍ਰੀਮਾਨ । ਜਲਦੀ ਕਰੋ।"
ਮਰਿਊਤਕਾ ਨੇ ਆਪਣੀਆਂ ਅੱਖਾਂ ਕਿਸ਼ਤੀ ਉੱਤੇ ਗੱਡ ਦਿੱਤੀਆਂ। ਉਸ ਨੂੰ ਚੱਪੂ ਚਲਾ ਰਹੇ ਵਿਅਕਤੀ ਦੇ ਮੋਢਿਆਂ 'ਤੇ ਸੁਨਹਿਰੇ ਫੀਤੇ ਝਿਲਮਿਲਾਉਂਦੇ ਹੋਏ ਨਜ਼ਰ ਆਏ।