ਜਨਮ ਤੋਂ ਹੀ ਸਾਡਾ ਪਿੱਛਾ ਕਰਨ ਲੱਗਦੀ ਹੈ ਤੇ ਪੰਜਾਬ ਤੱਕ ਪਹੁੰਚਦੇ-ਪਹੁੰਚਦੇ ਹਰ ਕਿਸੇ ਨੂੰ ਦਬੋਚ ਲੈਂਦੀ ਹੈ। ਪੰਨਾ 31 ਉੱਪਰ ਤਾਂ ਕੇਸਾ, ਲੇਖਕ ਦੁਆਰਾ ਆਦਿਵਾਸੀ ਜੀਵਨ ਦੀ ਖਿੱਚੀ ਦਿਲਕਸ਼ ਤਸਵੀਰ ਨੂੰ ਲੀਰੋ-ਲੀਰ ਕਰ ਦਿੰਦਾ ਹੈ। ਉਹ ਕਹਿੰਦਾ ਹੈ, 'ਜਿਸ ਨੂੰ ਤੁਸੀਂ ਕੁਦਰਤੀ ਜੀਵਨ ਦਾ ਨਾਂਅ ਦਿੰਦੇ ਹੈ, ਉਹ ਪਸ਼ੂ ਜੀਵਨ ਹੈ, ਪਸ਼ੂਆਂ ਤੋਂ ਵੀ ਬਦਤਰ। ਅਸੀਂ ਜੰਗਲ ਦੇ ਇਨਸਾਨ ਪਸ਼ੂਆਂ ਤੋਂ ਵੀ ਹੀਣੇ ਬਣਾ ਦਿੱਤੇ ਗਏ ਹਾਂ।'
ਇਨ੍ਹਾਂ ਕਬਾਇਲੀ ਲੋਕਾਂ ਦੇ ਰਹਿਣ-ਸਹਿਣ ਨੂੰ ਅਜੋਕੇ ਮਨੁੱਖ ਅੱਗੇ ਇਕ ਮਿਸਾਲ ਦੇ ਤੌਰ 'ਤੇ ਪੇਸ਼ ਕਰਨਾ ਲੇਖਕ ਦੀ ਆਧੁਨਿਕਤਾ ਵਿਰੋਧੀ ਮਨੁੱਖੀ ਸੱਭਿਅਤਾ ਦੇ ਵਿਕਾਸ ਵਿਰੋਧੀ ਸੋਚ ਦਾ ਹੀ ਪ੍ਰਗਟਾਅ ਹੈ। ਆਓ ਹੁਣ ਇਸ ਪੁਸਤਕ ਵਿਚ ਉੱਠਦੇ ਕੁਝ ਹੋਰ ਸਵਾਲਾਂ ਵੱਲ ਪਰਤਦੇ ਹਾਂ। ਪੰਨਾ 104 ਉੱਪਰ ਲੇਖਕ ਲਿਖਦਾ ਹੈ, 'ਨਾਰੰਗ ਕਬਾਇਲੀ ਜ਼ਿੰਦਗੀ ਵਿਚ ਹੋਣ ਵਾਲੀ ਉਸ ਹਲਚਲ ਨੂੰ ਹੀ ਜੀ ਆਇਆ ਕਹਿੰਦਾ ਹੈ, ਜਿਹੜੀ ਉਨ੍ਹਾਂ ਨੂੰ ਵਿਕਾਸ ਦੇ ਉੱਚੇਰੇ ਪੜਾਅ ਉੱਤੇ ਲੈ ਕੇ ਜਾਵੇ, ਨਾ ਕਿ ਉਸ ਹਲਚਲ ਨੂੰ ਜਿਹੜੀ ਇਕ ਭੈੜੀ ਕਿਸਮ ਦੀ ਲੁੱਟ-ਖਸੁੱਟ ਨੂੰ ਜਨਮ ਦੇਵੇ ਅਤੇ ਉਨ੍ਹਾਂ ਨੂੰ ਜਾਨਵਰਾਂ ਤੋਂ ਵੀ ਬਦਤਰ ਸਥਿਤੀ ਵਿਚ ਸੁੱਟ ਦੇਵੇ। ਦੂਜੀ ਕਿਸਮ ਦੀ ਹਲਚਲ ਤੋਂ ਉਹ ਭੈਅ ਖਾਂਦਾ ਹੈ ਅਤੇ ਇਸ ਨਾਲੋਂ ਸੈਂਕੜੇ ਸਾਲਾਂ ਤੋਂ ਚੱਲੀ ਆ ਠਹਿਰਾਓ ਵਾਲੀ ਜ਼ਿੰਦਗੀ ਨੂੰ ਪਹਿਲ ਦਿੰਦਾ ਹੈ।
ਬੇਸ਼ੱਕ ਨਾਰੰਗ ਜਿਹੇ ਲੋਕ ਜਿਸ ਤਰ੍ਹਾਂ ਦੀ ਜ਼ਿੰਦਗੀ ਉਸਾਰਨਾ ਚਾਹੁੰਦੇ ਹਨ, ਇਸ ਤਰ੍ਹਾਂ ਦੀ ਹਲਚਲ ਦਾ ਸਵਾਗਤ ਕਰਨਾ ਬਣਦਾ ਹੈ। ਪਰ ਇਸ ਦੀ ਗੈਰ- ਹਾਜ਼ਰੀ ਵਿਚ ਦੂਜੀ ਕਿਸਮ ਦੀ ਹਲਚਲ ਦੇ ਮੁਕਾਬਲੇ ਸੈਂਕੜੇ ਸਾਲਾਂ ਤੋਂ ਚੱਲੀ ਆ ਰਹੀ ਠਹਿਰਾਓ ਵਾਲੀ ਜ਼ਿੰਦਗੀ ਨੂੰ ਪਹਿਲ ਦੇਣਾ ਕਿਵੇਂ ਵੀ ਵਾਜਿਬ ਨਹੀਂ ਹੈ। ਲੁੱਟ ਹਮੇਸ਼ਾ ਭੈੜੀ ਕਿਸਮ ਦੀ ਹੀ ਹੁੰਦੀ ਹੈ। ਲੁੱਟ ਦੀ ਕੋਈ ਚੰਗੀ ਕਿਸਮ ਨਹੀਂ ਹੁੰਦੀ। ਬੇਸ਼ੱਕ ਵਿਕਾਸ (ਪੂੰਜੀਵਾਦੀ) ਨਾਲ ਖੜ੍ਹਤ ਮਾਰੇ ਆਦਿਵਾਸੀ ਜੀਵਨ ਵਿਚ ਜੋ ਹਲਚਲ ਹੋਵੇਗੀ, ਉਸ ਨਾਲ ਜਨਤਾ ਦੀ ਲੁੱਟ-ਖਸੁੱਟ ਖ਼ਤਮ ਨਹੀਂ ਹੋਣ ਲੱਗੀ, ਪਰ ਇਸ ਵਿਕਾਸ ਦੇ ਸਿੱਟੇ ਵਜੋਂ ਸ਼ਹਿਰਾਂ ਵਿਚ ਲੋਕਾਂ ਦਾ ਜਮਘਟ ਪੇਂਡੂ ਜੀਵਨ ਦੀ ਅਲਹਿਦਗੀ ਅਤੇ ਪੱਛੜੇਪਣ ਤੋਂ ਕਿਤੇ ਬਿਹਤਰ ਹੈ। ਲੋਕਾਂ ਦਾ ਪ੍ਰਵਾਸ ਉਨ੍ਹਾਂ ਦੀ ਚੇਤਨਾ ਦੀ ਧਾਰ ਨੂੰ ਤਿੱਖਾ ਕਰਦਾ ਹੈ, ਖੂਹ ਦਾ ਡੱਡੂਪੁਣਾ ਟੁੱਟਦਾ ਹੈ ਅਤੇ ਲੋਕਾਂ ਨੂੰ ਵਿਕਸਿਤ ਪੈਦਾਵਾਰੀ ਸ਼ਕਤੀਆਂ ਦੇ ਸੰਪਰਕ ਵਿਚ ਲੈ ਆਉਂਦਾ ਹੈ। ਜੋ ਕਿ ਮੌਜੂਦਾ ਲੋਕ ਦੇਖੀ ਪ੍ਰਬੰਧ ਨੂੰ ਖਤਮ ਕਰਕੇ ਇਕ ਨਵਾਂ-ਨਰੋਆ ਉੱਨਤ ਸਮਾਜ ਸਿਰਜਣ ਵਾਸਤੇ ਪਦਾਰਥਕ ਅਤੇ ਸੱਭਿਆਚਾਰਕ ਜ਼ਮੀਨ ਤਿਆਰ ਕਰਦਾ ਹੈ।