

ਦੇਖਦੇ ਹਨ। ਉਹਨਾਂ ਦਾ ਯਕੀਨ ਹੈ ਕਿ ਓਪਰੇ ਬੰਦੇ ਉਹਨਾਂ ਦੇ ਜੀਵਨ ਨੂੰ ਬਰਬਾਦ ਕਰਨ ਹੀ ਆਉਂਦੇ ਹਨ। ਇਸ ਵਿਸ਼ਵਾਸ ਵਿਚ ਅਜਨਬੀਆਂ ਦੇ ਉਹਨਾਂ ਪ੍ਰਤੀ ਵਤੀਰੇ ਸੰਬੰਧੀ ਸੱਚ ਦਾ ਵੱਡਾ ਅੰਸ਼ ਮੌਜੂਦ ਹੈ। ਪਰ ਹੁਣ ਇਨਕਲਾਬੀ ਲਹਿਰ ਨੇ ਨਰ ਬਲੀ ਦੀ ਇਸ ਭਿਆਨਕ ਰਵਾਇਤ ਨੂੰ ਰੋਕਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਆਦਿਵਾਸੀਆਂ ਨੂੰ ਆਪਣੇ ਹੱਕਾਂ ਅਤੇ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਦਾ ਇਨਕਲਾਬੀ ਰਸਤਾ ਮਿਲ ਗਿਆ ਹੈ। ਨਹੀਂ ਤਾਂ ਉਹ ਨੌਜਵਾਨ ਫੜੇ ਜਾਣ ਸਾਰ ਹੀ ਨਰ ਬਲੀ ਦੀ ਰਸਮ ਦਾ ਸ਼ਿਕਾਰ ਹੋ ਗਿਆ ਹੁੰਦਾ। ਪਿਛਲੇ ਪੰਜ-ਛੇ ਸਾਲਾਂ ਤੋਂ ਇਨਕਲਾਬੀ ਲਹਿਰ ਦੇ ਖੇਤਰਾਂ ਵਿਚ ਨਰ ਬਲੀ ਦੀ ਇਕ ਵੀ ਘਟਨਾ ਨਹੀਂ ਘਟੀ। ਆਦਿਵਾਸੀਆਂ ਨੂੰ ਚੇਤਨਾ ਦੀ ਇਸ ਪੱਧਰ ਉੱਤੇ ਪਹੁੰਚਦਿਆਂ ਕਈ ਸਾਲ ਲੱਗੇ ਹਨ। ਕੋਈ ਵੀ ਵਿਅਕਤੀ ਉਸ ਜੰਗਲ ਵਿਚ ਇਕੱਲਿਆਂ ਨਹੀਂ ਜਾ ਸਕਦਾ। ਜੇ ਉਹ ਪੁਲਿਸ ਦੇ ਅੜਿੱਕੇ ਆ ਗਿਆ ਤਾਂ ਪੁਲਿਸ ਉਹਨੂੰ ਅੱਤਵਾਦੀ ਕਹਿ ਕੇ ਮਾਰ ਦੇਵੇਗੀ ਅਤੇ ਜੇ ਲੋਕਾਂ ਦੇ ਹੱਥ ਆ ਗਿਆ ਤਾਂ ਉਹ ਉਸ ਨੂੰ ਪੁਲਿਸ ਦਾ ਏਜੰਟ ਸਮਝ ਕੇ ਮਾਰ ਦੇਣਗੇ। ਆਪਣੀ ਖੋਜ-ਪੜਤਾਲ ਦੇ ਕੰਮ ਨੂੰ ਮੈਂ ਇਕੱਲਿਆਂ ਘੁੰਮ ਕੇ ਕਰਨਾ ਚਾਹੁੰਦਾ ਸਾਂ ਪਰ ਮੈਨੂੰ ਇਹ ਵਿਚਾਰ ਤਿਆਗਣਾ ਪਿਆ ਸੀ।
ਉਸ ਨੌਜਵਾਨ ਬਾਰੇ ਜਾਣਕਾਰੀ ਨੂੰ ਸਾਰੇ ਸਰੋਤਾਂ ਤੋਂ ਯਕੀਨੀ ਬਣਾਕੇ ਉਸ ਦੇ ਘਰ ਦਿਆਂ ਨੂੰ ਸੱਦਣ ਤੇ ਉਹਨਾਂ ਨਾਲ ਵਾਪਸ ਤੋਰ ਦੇਣ ਦਾ ਫ਼ੈਸਲਾ ਹੋਇਆ। ਉਸ ਨੂੰ ਕਹਿ ਦਿੱਤਾ ਗਿਆ ਕਿ ਜਿੱਥੇ ਉਹ ਰਹਿੰਦਾ ਹੈ ਓਥੋਂ ਦੀਆਂ ਜਨਤਕ ਜਥੇਬੰਦੀਆਂ ਵਿਚ ਕੰਮ ਕਰੇ। ਭਰਤੀ ਦਾ ਕੋਈ ਸਿਸਟਮ ਅਜਿਹਾ ਨਹੀਂ ਹੈ ਜਿਹੜਾ ਇਸ ਤਰ੍ਹਾਂ ਪਹੁੰਚੇ ਨੌਜਵਾਨਾਂ ਨੂੰ ਲੈ ਲਵੋ। ਇਲਾਕੇ ਦੇ ਬੁਰਜੂਆ ਅਖ਼ਬਾਰਾਂ ਵਿਚ ਮੈਨੂੰ ਉਹ ਖ਼ਬਰਾਂ ਪੜ੍ਹਣ ਦਾ ਮੌਕਾ ਮਿਲਿਆ ਜਿਹਨਾਂ ਵਿਚ ਕਿਹਾ ਗਿਆ ਸੀ ਕਿ ਗੁਰੀਲਾ ਸਫ਼ਾ ਅੰਦਰ ਅਨਪੜ੍ਹਾਂ, ਜਾਹਲਾਂ, ਤੇ ਬੇਰੁਜ਼ਗਾਰਾਂ ਨੂੰ ਪੈਸੇ ਦੇ ਕੇ ਭਰਤੀ ਕਰ ਲਿਆ ਜਾਂਦਾ ਹੈ। ਗੁਰੀਲੇ ਅਨਪੜ੍ਹ ਹੋ ਸਕਦੇ ਹਨ, ਕ੍ਰਿਕਟਰਾਂ ਤੇ ਫਿਲਮੀ ਕਲਾਕਾਰਾਂ ਦੇ ਨਾਂਅ ਨਾ ਜਾਨਣ ਵਾਲੇ ਜਾਹਲ ਹੋ ਸਕਦੇ ਹਨ, ਇਸ ਢਾਂਚੇ ਵੱਲੋਂ ਰੱਦ ਕੀਤੇ ਗਏ ਰੋਟੀ ਰੋਜ਼ੀ ਲਈ ਠੋਕਰਾਂ ਖਾਂਦੇ ਬੇਰੁਜ਼ਗਾਰ ਹੋ ਸਕਦੇ ਹਨ, ਪਰ ਭਾੜੇ ਦੇ ਟੱਟੂ ਉਹਨਾਂ ਵਿਚ ਭਰਤੀ ਨਹੀਂ ਕੀਤੇ ਜਾਂਦੇ। ਜਨਤਾ-ਵਿਰੋਧੀਆਂ, ਨਿੱਘਰੇ-ਤੱਤਾਂ, ਕਰੀਅਰਵਾਦੀਆਂ ਵਾਸਤੇ ਉਹਨਾਂ ਦੀਆਂ ਸਫ਼ਾ ਅੰਦਰ ਕੋਈ ਥਾਂ ਨਹੀਂ ਹੈ। ਮਹੀਨੇ ਦੀ ਅੱਧੀ ਟਿੱਕੀ ਨਹਾਉਣ ਵਾਲਾ ਅਤੇ ਅੱਧੀ ਟਿੱਕੀ ਕੱਪੜੇ ਧੋਣ ਵਾਲਾ ਸਾਬਣ, ਵਰਦੀ, ਅਤੇ ਅੱਧ-ਪਚੱਧ ਫ਼ਾਕਿਆਂ ਸਮੇਤ ਖਾਣਾ ਹੀ ਉਹਨਾਂ ਦੀ ਤਨਖ਼ਾਹ ਹੈ, ਜਦਕਿ ਲੋਕਾਂ ਲਈ ਕਰਬਾਨ ਹੋ ਜਾਣ ਦਾ ਜਜ਼ਬਾ ਉਹਨਾਂ ਦੀ ਯੋਗਤਾ ਗਿਣੀ ਜਾਂਦੀ ਹੈ। ਅਨਪੜ੍ਹਾਂ ਨੂੰ ਕਾਇਦੇ ਕਾਪੀਆਂ, ਪੜ੍ਹਿਆ ਲਿਖਿਆਂ ਨੂੰ ਕਿਤਾਬਾਂ, 'ਜਾਹਲਾਂ' ਨੂੰ ਗਿਆਨ, ਬੇਰੁਜ਼ਗਾਰਾਂ ਨੂੰ ਦੁਨੀਆਂ ਬਦਲਣ ਦਾ ਕੰਮ ਅਤੇ ਉੱਚ-ਆਦਰਸ਼ਾਂ ਵਾਲਿਆਂ ਨੂੰ ਲੋਕ-ਸੇਵਾ ਦਾ ਮੌਕਾ, ਇਹੋ ਕੁਝ ਹੈ ਜੋ ਓਥੇ ਕਿਸੇ ਨੂੰ ਹਾਸਲ ਹੁੰਦਾ ਹੈ। ਇਕ ਚੀਜ਼ ਜੋ ਓਥੇ ਹਰ ਕਿਸੇ ਵਿਚ ਸਾਂਝੀ ਹੈ ਉਹ ਹੈ ਆਜ਼ਾਦ ਅਤੇ ਮੁਕਤ ਹੋਏ ਹੋਣ ਦਾ ਅਹਿਸਾਸ ਜਿਸ ਨੂੰ ਬਰਕਰਾਰ ਰੱਖਣ ਵਾਸਤੇ ਉਹ ਜਾਨ ਦੇਣ ਲਈ ਵੀ ਤਿਆਰ ਰਹਿੰਦੇ ਹਨ।
ਜੰਗਲ ਤੋਂ ਬਾਹਰ ਆ ਕੇ ਇਕ ਖ਼ਬਰ ਮੇਰੀਆਂ ਨਜ਼ਰਾਂ ਹੇਠ ਗੁਜ਼ਰੀ ਕਿ ਗੁਰੀਲਿਆਂ ਨੇ ਆਪਣੀ ਇਕ ਬਹੁਤ ਬਿਮਾਰ ਸਾਬਣ ਨੂੰ ਪਿੰਡ ਵਾਲਿਆਂ ਦੇ ਹਵਾਲੇ ਕਰ ਦਿੱਤਾ