

ਪੂੰਨੀਆਂ ਭਾਈਚਾਰੇ ਦੇ ਲੋਕ ਬਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਇਹ ਬਹੁਤ ਸ਼ਕਤੀਸ਼ਾਲੀ ਜੱਟ ਹਨ। ਉੱਤਰੀ ਭਾਰਤ ਦੇ ਸਾਰੇ ਖੇਤਰਾਂ ਵਿੱਚ ਜੱਟਾਂ ਦੇ ਬਹੁਤ ਗੋਤ ਸਾਂਝੇ ਹਨ। ਜੱਟ ਵਿਰਸਾ ਵੀ ਸਾਂਝਾ ਹੈ। ਅਸਲ ਵਿੱਚ ਪੂਨੀਆਂ ਨਾਗਬੰਸੀ ਤੇ ਸ਼ਿਵ ਗੋਤਰੀ ਗੋਤ ਹੈ। ਪੂੰਨੀਏ ਦਲਿਤ ਵੀ ਹਨ। ਦਲਿਤ ਜਾਤੀਆਂ ਦੇ ਗੋਤਾਂ ਬਾਰੇ ਵੀ ਇਤਿਹਾਸਕਾਰਾਂ ਨੂੰ ਖੋਜ ਕਰਨੀ ਚਾਹੀਦੀ ਹੈ। ਜੱਟਾਂ ਦੇ ਕਾਫ਼ੀ ਗੋਤ ਦਲਿਤਾਂ ਨਾਲ ਰਲਦੇ ਹਨ। ਬੁੱਟਰ : ਇਹ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਹ ਬਹੁਤੇ ਸਤਲੁਜ ਦੇ ਉੱਪਰਲੇ ਖੇਤਰਾਂ ਵਿੱਚ ਹੀ ਹਨ। ਇਹ ਲੱਖੀ ਜੰਗਲ ਤੋਂ ਉੱਠ ਕੇ ਦੂਰ ਦੁਜਰਾਂਵਾਲਾ ਤੇ ਮਿੰਟਗੁੰਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ। ਅਸਲ ਵਿੱਚ ਬੁੱਟਰ ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ। ਲਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ ਚੌੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉਸ ਸਮੇਂ ਇਸ ਜੰਗਲ ਵਿੱਚ ਇੱਕ ਲੱਖ ਦੇ ਲਗਭਗ ਰੁੱਖ ਸਨ। ਇਸ ਲਈ ਇਸ ਜੰਗਲ ਨੂੰ ਲਖੀ ਜੰਗਲ ਕਹਿੰਦੇ ਸਨ। ਇਸ ਵਿੱਚ ਮੁਕਤਸਰ, ਬਠਿੰਡਾ, ਮੋਗਾ, ਫਰੀਦਕੋਟ ਆਦਿ ਦੇ ਖੇਤਰ ਸ਼ਾਮਿਲ ਸਨ। ਮੁਕਤਸਰ ਜ਼ਿਲ੍ਹੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ। ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ ਬੁੱਟਰ ਵਖੂਆ ਬੁੱਟਰ ਸਰੀਂਹ, ਆਸਾ ਬੁੱਟਰ ਤੇ ਚਿੱਤਰਾ ਆਦਿ ਹਨ। ਬੁੱਟਰ ਵਖੂਆ ਦੇ ਲੋਕ ਬਾਬਾ ਸਿੱਧ ਦੀ ਮਾਨਤਾ ਕਰਦੇ ਹਨ। ਬਠਿੰਡੇ ਵਿੱਚ ਗਹਿਰੀ ਬੁੱਟਰ ਵੀ ਇਸ ਭਾਈਚਾਰੇ ਦਾ ਪਿੰਡ ਹੈ। ਫਰੀਦਕੋਟ ਦੇ ਖੇਤਰ ਵਿੱਚ ਇੱਕ ਬੁੱਟਰ ਪਿੰਡ ਹੈ। ਬੁੱਟਰ ਸ਼ਾਹੀ ਵੀ ਬੁੱਟਰਾਂ ਦਾ ਹੀ ਪਿੰਡ ਹੈ। ਮੋਗੇ ਖੇਤਰ ਵਿੱਚ ਬੁੱਟਰ ਕਲਾਂ ਤੇ ਬੁੱਟਰਾਂ ਦੀ ਕੋਕਰੀ ਬਹੁਤ ਪ੍ਰਸਿੱਧ ਪਿੰਡ ਹਨ। ਲੁਧਿਆਣੇ ਖੇਤਰ ਵਿੱਚ ਰਾਏਕੋਟ ਦੇ ਨਜ਼ਦੀਕ ਨਥੋਵਾਲ ਬੁੱਟਰਾਂ ਦਾ ਪੁਰਾਣਾ ਪਿੰਡ ਹੈ। ਮਾਝੇ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਹਨ। ਇੱਕ ਬੁੱਟਰ ਕਲਾਂਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਵੀਆਂ ਤੇ ਵਾਂ ਆਦਿ ਵੀ ਬੁੱਟਰ ਭਾਈਚਾਰੇ ਦੇ ਉੱਘੇ ਪਿੰਡ ਹਨ। ਬਟਾਲਾ ਤਹਿਸੀਲ ਵਿੱਚ ਸੇਖਵਾਂ ਪਿੰਡ ਦੇ ਪਾਸ ਇੱਕ ਪਿੰਡ ਨੰਗਰ ਬੁੱਟਰ ਵੀ ਹੈ। ਮਾਝੇ ਵਿੱਚ ਬੁੱਟਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ ਬੁੱਟਰਾਂ ਦੀ ਗਿਣਤੀ ਘੱਟ ਹੈ। ਪਟਿਆਲੇ ਖੇਤਰ ਵਿੱਚ ਬੁੱਟਰ ਮਾਝੇ ਦੇ ਪਿੰਡਵਾਂ ਤੋਂ ਆਕੇ ਮਾਝਾ, ਮਾਝੀ ਤੇ ਥੂਹੀ ਆਦਿ ਪਿੰਡਾਂ ਵਿੱਚ ਆਬਾਦ ਹੋਏ ਹਨ। ਨਾਭੇ ਦੇ ਖੇਤਰ ਵਿੱਚ ਵੀ ਕੁਝ ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ। ਜਲੰਧਰ ਜ਼ਿਲ੍ਹੇ ਵਿੱਚ ਬੁੱਟਰ ਗੋਤ ਦਾ ਬੁੱਟਰਾਂ ਪਿੰਡ ਬਹੁਤ ਪ੍ਰਸਿੱਧ ਹੈ।
ਗੁਰਦਾਸਪੁਰ ਖੇਤਰ ਵਿੱਚ ਕਾਦੀਆਂ ਦੇ ਨਜ਼ਦੀਕ ਵੀ ਬੁੱਟਰ ਕਲਾਂ ਪਿੰਡ ਬੁੱਟਰ ਗੋਤ ਦੇ ਜੱਟਾਂ ਦਾ ਹੈ। ਬੁੱਟਰ, ਦੁਲੇਹ, ਦਿਉਲ, ਸੇਖੋਂ ਆਦਿ ਜੱਟ ਪੰਵਾਰਾਂ ਦੀ ਭੁੱਟੇ ਸ਼ਾਖਾ ਵਿਚੋਂ ਹਨ। ਇੱਕ ਲੋਕ ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ਜਰਗ ਤੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਪੱਵਾਰਾਂ ਨੂੰ ਚੁਣ ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਆਦਿ ਦੱਸਕੇ ਕਿਲ੍ਹੇ ਤੋਂ ਬਾਹਰ ਨਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ: ਨੁਕਸਾਨ ਭੁੱਟੇ ਗੋਤ ਵਾਲੇ ਲੋਕਾਂ ਦਾ ਹੋਇਆ। ਇਸ ਸਮੇਂ ਤੋਟਾ ਹੋਣ ਕਾਰਨ ਬੁੱਟਰ ਆਪਣੇ ਨਾਨਕੇ ਰਹਿ ਰਿਹਾ ਸੀ। ਇਸ ਘਟਨਾ ਤੋਂ ਮਗਰੋਂ ਬੁੱਟਰ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪ੍ਰਚਲਿਤ ਕਰ ਲਿਆ। ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ ਇਸ ਲਈ ਅਜੇ ਵੀ ਦਲੇਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਬੁੱਟਰਾਂ ਨੂੰ ਸੂਰਜਬੰਸੀ ਰਾਜਪੂਤ ਮੰਨਦਾ ਹੈ।
ਕੁਝ ਬੁੱਟਰ ਜੱਟ ਹਿੱਸਾਰ, ਸਿਰਸਾ ਤੇ ਅੰਬਾਲਾ ਦੇ ਰੋਪੜ ਤੇ ਖਰੜ ਖੇਤਰਾਂ ਵਿੱਚ ਵੀ ਵਸਦੇ ਹਨ। ਸਿਆਲਕੋਟ ਤੇ ਲਾਹੌਰ ਆਦਿ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਸਨ। ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਬੁੱਟਰ ਸਿੱਖ ਹਨ।
1881 ਈਸਵੀਂ ਵਿੱਚ ਸਾਂਝੇ ਪੰਜਾਬ ਵਿੱਚ ਬੁੱਟਰਾਂ ਦੀ ਗਿਣਤੀ ਕੇਵਲ 10833 ਹੀ ਸੀ। ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦਾ ਬੁੱਟਰ ਜੱਟ ਸੀ। ਬੁੱਟਰ ਜੱਟਾਂ ਦਾ ਬਹੁਤ ਹੀ ਛੋਟਾ ਪਰ ਉੱਘਾ ਗੋਤ ਹੈ। ਬੁੱਟਰਾਂ ਦਾ ਮੁੱਢ ਵੀ ਲੁਧਿਆਣੇ ਦਾ ਨਥੋਵਾਲ ਖੇਤਰ ਹੈ। ਇਸ ਗੋਤ ਦੇ ਲੋਕ ਬੇਸ਼ੱਕ ਘੱਟ ਗਿਣਤੀ ਵਿੱਚ ਹਨ ਪਰ ਇਹ ਟਾਵੇਂ ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ।
ਜੱਟਾਂ ਦਾ ਇਤਿਹਾਸ 15
ਬੱਲ : ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਸ਼ਕਤੀਸ਼ਾਲੀ ਕਬੀਲਾ ਸੀ। ਬੱਲ ਜੱਟ ਪ੍ਰਹਲਾਦ ਭਗਤ ਦੇ ਪੋਤੇ ਬੱਲ ਦੀ ਬੰਸ ਵਿਚੋਂ ਹਨ। ਕਰਨਲ ਟਾਡ ਨੇ ਇਸ ਬੰਸ ਨੂੰ ਵੀ 36 ਰਾਜ ਬੰਸਾਂ ਵਿੱਚ ਗਿਣਿਆ ਹੈ। ਗੁਪਤ ਰਾਜ ਦੇ ਅੰਤਲੇ ਦਿਨਾਂ ਵਿੱਚ 527 ਈਸਵੀਂ ਵਿੱਚ ਸੈਨਾਪਤੀ ਭਟਾਰਕ ਨੇ ਕੱਛ ਕਾਠੀਆਵਾੜ ਖੇਤਰ ਵਿੱਚ ਬਲਬੀਪੁਰ ਰਾਜ ਕਾਇਮ ਕੀਤਾ। ਸਿੰਧ ਦੇ ਅਰਬ ਸੈਨਾਪਤੀ ਅਬਰੂ ਬਿਨ ਜਮਾਲ ਨੇ 757 ਈਸਵੀ ਵਿੱਚ ਗੁਜਰਾਤ ਕਾਠੀਆਵਾੜ ਦੇ ਚੜ੍ਹਾਈ ਕਰਕੇ ਬੱਲ ਬੰਸ ਦੇ ਬਲਭੀ ਰਾਜ ਨੂੰ ਖਤਮ ਕਰ ਦਿੱਤਾ। ਇਸ ਬੰਸ ਦੇ ਕਈ ਰਾਜੇ ਹੋਏ ਬੱਲ ਜੱਟ ਬੱਲਭੀ ਖੇਤਰ ਛੱਡ ਕੇ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣੇ ਤੇ ਪੰਜਾਬ ਵੱਲ ਆ ਗਏ। ਜਿਹੜੇ ਬੱਲ ਜੱਟ ਮੁਸਲਮਾਨ ਬਣ ਗਏ, ਉਨ੍ਹਾਂ ਨੂੰ ਬਲੋਚ ਕਿਹਾ ਜਾਂਦਾ ਹੈ। ਬੱਲ ਗੋਤ ਦੇ ਹਿੰਦੂ ਜਾਟ ਅੰਬਾਲਾ, ਕਰਨਾਲ, ਹਿੱਸਾਰ ਵਿੱਚ ਵੀ ਕਾਫ਼ੀ ਆਬਾਦ ਸਨ।
ਉੱਤਰ ਪ੍ਰਦੇਸ਼ ਵਿੱਚ ਬੱਲਾਂ ਨੂੰ ਬਲਾਇਨ ਕਿਹਾ ਜਾਂਦਾ ਹੈ। ਸਿਸੌਲੀ ਦੇ ਖੇਤਰ ਵਿੱਚ ਇਨ੍ਹਾਂ ਦੇ 100 ਦੇ ਲਗਭਗ ਪਿੰਡ ਹਨ। ਬੱਲ ਆਪਣਾ ਸੰਬੰਧ ਰਾਜਪੂਤਾਂ ਨਾਲ ਜੋੜਦੇ ਹਨ। ਗਹਿਲੋਤ ਤੇ ਸਿਸੋਦੀਆ ਵੀ ਬੱਲਾ ਦੇ ਸ਼ਾਖਾ ਗੋਤਰ ਹਨ।