

ਬੱਲਾਂ ਦਾ ਵਡੇਰਾ ਬਾਇਆਬਲ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਤੋਂ ਆਪਣੇ ਪਰਮਾਰ ਭਾਈਚਾਰੇ ਨਾਲ ਪੰਜਾਬ ਵਿੱਚ ਆਇਆ ਕਿਉਂਕਿ ਪਰਮਾਰ ਮੁਲਤਾਨ ਤੋਂ ਮਾਲਵੇ ਵੱਲ ਆਉਂਦੇ ਜਾਂਦੇ ਰਹਿੰਦੇ ਸਨ। ਬੱਲ ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਬੱਲਾਂ ਦੇ ਬਹੁਤੇ ਪਿੰਡ ਸਤਲੁਜ ਦੇ ਉਪਰਲੇ ਖੇਤਰ ਅਤੇ ਬਿਆਸ ਦੇ ਇਲਾਕੇ ਵਿੱਚ ਵੀ ਕਾਫ਼ੀ ਹਨ। ਬੱਲ ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਤੇ ਸੰਗਰੂਰ ਵਿੱਚ ਵੀ ਕਾਫ਼ੀ ਹਨ। ਬੱਲ ਲੁਧਿਆਣੇ ਤੋਂ ਅੱਗੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਦੁਆਬੇ ਵਿੱਚ ਭੋਗਪੁਰ ਦੇ ਪਾਸ ਬੱਲਾਂ ਪਿੰਡ ਬੱਲ ਜੱਟਾਂ ਦਾ ਹੀ ਹੈ। ਰੋਪੜ ਦੇ ਇਲਾਕੇ ਵਿੱਚ ਵੀ ਬੱਲਾਂ ਦੇ ਕੁਝ ਪਿੰਡ ਹਨ। ਮਾਝੇ ਦੇ ਬੱਲ ਕਹਿੰਦੇ ਹਨ ਕਿ ਉਨ੍ਹਾਂ ਦਾ ਪਿਛਲਾ ਪਿੰਡ ਬਲਮਗੜ੍ਹ ਸੀ। ਮਾਲਵੇ ਦੇ ਸੰਗਰੂਰ ਖੇਤਰ ਵਿੱਚ ਬਲਮਗੜ੍ਹ ਬਹੁਤ ਉੱਘਾ ਪਿੰਡ ਹੈ। ਅੰਮ੍ਰਿਤਸਰ ਦੇ ਅਜਨਾਲੇ ਖੇਤਰ ਵਿੱਚ ਵੀ ਬੱਲਾਂ ਦਾ ਪ੍ਰਸਿੱਧ ਪਿੰਡ ਬੱਲ ਹੈ। ਇਸ ਤੋਂ ਇਲਾਵਾ ਬੁਡਾਲਾ, ਸੱਠਿਆਲਾ, ਬੱਲ ਸਹਾਏ, ਜੋਧੇ, ਝਲੜੀ, ਛੱਜਲਵਡੀ, ਬੁਡਾਲਾ (ਕਪੂਰਥਲਾ) ਆਦਿ ਕਈ ਪਿੰਡ ਬੱਲ ਭਾਈਚਾਰੇ ਦੇ ਹਨ। ਪੱਛਮੀ ਪੰਜਾਬ ਵਿੱਚ ਨੈਸ਼ਹਿਰੇ ਦੇ ਪਾਸ ਵੀ ਇੱਕ ਬੱਲ ਪਿੰਡ ਹੈ। ਗੁਰਦਾਸਪੁਰ ਵਿੱਚ ਵੀ ਬੱਲ ਜੱਟ ਕਾਫ਼ੀ ਹਨ। ਪੱਛਮੀ ਪੰਜਾਬ ਵਿੱਚ ਵੀ ਬੱਲ ਜੱਟ ਕਾਫ਼ੀ ਸਨ। ਇਨ੍ਹਾਂ ਵਿਚੋਂ ਬਹੁਤੇ ਮੁਸਲਮਾਨ ਬਣ ਗਏ ਸਨ। ਬੱਲ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਵਿੱਚ ਸਾਰੇ ਬੱਲ ਸਿੱਖ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬੱਲ ਜੱਟਾਂ ਦੀ ਗਿਣਤੀ 9721 ਸੀ। ਵੀਰ ਸਿੰਘ ਬੱਲ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੰਘ ਸਾਗਰ, ਗੁਰਕੀਰਤ ਪ੍ਰਕਾਸ਼ ਆਦਿ ਪੁਸਤਕਾਂ ਲਿਖੀਆਂ ਹਨ। ਬੱਲ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਬੀ. ਐੱਸ. ਦਾਹੀਆ ਵੀ ਬੱਲਾਂ ਨੂੰ ਬਲਭੀਪੁਰ ਦੇ ਪ੍ਰਾਚੀਨ ਰਾਜ ਘਰਾਣੇ ਵਿਚੋਂ ਮੰਨਦਾ ਹੈ।
ਬੋਲੇ ਖੋਖਰ : ਖੋਖਰਾਂ ਦਾ ਉਪਗੋਤ ਹੈ। ਖੋਖਰ ਜੱਟ ਵੀ ਹੁੰਦੇ ਹਨ ਅਤੇ ਤਖਾਣ ਵੀ ਹੁੰਦੇ ਹਨ। ਖੋਖਰ ਬਹੁਤ ਹੀ ਪੁਰਾਣਾ ਤੇ ਲੜਾਕੂ ਜੱਟ ਕਬੀਲਾ ਹੈ। ਖੋਖਰਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਹਮੇਸ਼ਾ ਡਟ ਕੇ ਟਾਕਰਾ ਕੀਤਾ। ਵਿਦੇਸ਼ੀ ਹਮਲਾਵਰਾਂ ਨੇ ਵੀ ਖੋਖਰਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਜੱਟਾਂ ਦੇ ਕਈ ਗੋਤ ਉਨ੍ਹਾਂ ਦੀ ਕੋਈ ਨਵੀਂ ਅੱਲ ਪੈਣ ਕਾਰਨ ਵੀ ਪ੍ਰਚਲਿਤ ਹੋ ਗਏ ਹਨ। ਬੋਲਾ ਗੋਤ ਵੀ ਅੱਲ ਪੈਣ ਕਾਰਨ ਪ੍ਰਚਲਿਤ ਹੋਇਆ ਹੈ। ਬੋਲੇ ਜੱਟ ਸਾਰੇ ਸਿੱਖ ਹਨ। ਪੂਰਬੀ ਪੰਜਾਬ ਵਿੱਚ ਸਾਰੇ ਖੋਖਰ ਸਿੱਖ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਖੋਖਰ ਮੁਸਲਮਾਨ ਬਣ ਗਏ ਸਨ। ਖੋਖਰ ਗੋਤ ਜੱਟਾਂ ਤੇ ਰਾਜਪੂਤਾਂ ਦਾ ਸਾਂਝਾ ਗੋਤ ਹੈ। ਬੋਲੇ ਉਪਗੋਤ ਦੇ ਖੋਖਰ ਜੱਟ ਬਹੁਤੇ ਮਾਲਵੇ ਵਿੱਚ ਵੀ ਆਬਾਦ ਹਨ। ਖੋਖਰਾਂ ਦੀਆਂ ਕਈ ਮੂੰਹੀਆਂ ਹਨ। ਕੁਝ ਖੋਖਰ ਮੀਆਂਵਾਲੀ, ਜੇਹਲਮ ਤੇ ਮੁਲਤਾਨ ਆਦਿ ਖੇਤਰਾਂ ਤੋਂ ਉੱਠਕੇ ਘੱਗਰ ਨਾਲੀ ਵੱਲ ਆ ਗਏ। ਫਿਰ ਹੌਲੀ ਹੌਲੀ ਰਾਜਸਥਾਨ ਦੇ ਗੜ੍ਹਗਜ਼ਨੀ ਖੇਤਰ ਵਿੱਚ ਆਬਾਦ ਹੋ ਗਏ। ਜੱਟਾਂ ਦੇ ਕੁਝ ਕਬੀਲੇ ਪੰਜਾਬ ਵਿੱਚ ਪੱਛਮ ਵੱਲੋਂ ਆਏ ਹਨ ਅਤੇ ਕੁਝ ਕਬੀਲੇ ਪੂਰਬ ਵੱਲੋਂ ਆਏ ਹਨ। ਪੁਰਾਣੇ ਸਮੇਂ ਵਿੱਚ ਵੀ ਕਾਲ ਪੈਣ ਜਾਂ ਬਦੇਸ਼ੀ ਹਮਲਿਆਂ ਕਾਰਨ ਜੱਟ ਕਬੀਲੇ ਇੱਕ ਜਗ੍ਹਾ ਤੋਂ ਉੱਠਕੇ ਮਹਿਮੜੇ ਦੀ ਰੋਹੀ ਵਿੱਚ ਆਕੇ ਆਬਾਦ ਹੋ ਗਏ। ਕਾਫ਼ੀ ਸਮੇਂ ਪਿਛੋਂ ਇੱਕ ਪ੍ਰਸਿੱਧ ਖੋਖਰ ਜੱਟ ਚੌਧਰੀ ਰੱਤੀ ਰਾਮ ਨੇ ਰੱਤੀਆ ਬੋਲਾ ਕਸਬੇ ਦਾ ਮੁੱਢ ਬੰਨਿਆ। ਹੁਣ ਰਤੀਆ ਖੇਤਰ ਹਰਿਆਣੇ ਵਿੱਚ ਮਹਾਨ ਅਕਬਰ ਬਾਦਸ਼ਾਹ ਵਿਆਹਿਆ ਸੀ। ਇਸ ਕਾਰਨ ਉਹ ਅਕਬਰ ਦਾ ਸਾਢੂ ਸੀ। ਅਕਬਰ ਆਪਣੇ ਸਾਢੂ ਨੂੰ ਬਹੁਤ ਇਮਾਨਦਾਰ ਸਮਝਦਾ ਸੀ। ਉਸ ਉੱਤੇ ਬਹੁਤ ਭਰੋਸਾ ਕਰਦਾ ਸੀ। ਇੱਕ ਵਾਰੀ ਅਕਬਰ ਖ਼ੁਦ ਕਿਸੇ ਲੜਾਈ ਵਿੱਚ ਭਾਗ ਲੈਣ ਲਈ ਜਾ ਰਿਹਾ ਸੀ। ਉਸ ਨੇ ਆਪਣੇ ਸਾਦੂ ਨੂੰ ਪੱਟਾ ਲਿਖਕੇ ਦਿੱਤਾ ਕਿ ਜੇ ਮੈਂ ਮਰ ਗਿਆ ਤਾਂ ਦਿੱਲੀ ਦਾ ਰਾਜ ਤੇਰਾ?ਅੱਜ ਤੋਂ ਦਿੱਲੀ ਦਾ ਰਾਜ ਤੇਰਾ। ਅਕਬਰ ਦਾ ਸਾਢੂ ਅਕਬਰ ਬਾਦਸ਼ਾਹ ਦੀ ਬਾਤ ਨੂੰ ਸਮਝ ਨਾ ਸਕਿਆ ਕੁਝ ਸਮੇਂ ਮਗਰੋਂ ਜਦ ਅਕਬਰ ਬਾਦਸ਼ਾਹ ਵਾਪਿਸ ਆ ਗਿਆ ਤਾਂ ਉਸ ਦੇ ਸਾਢੂ ਨੇ ਉਹ ਪੱਟਾ ਅਕਬਰ ਨੂੰ ਵਾਪਿਸ ਕਰ ਦਿੱਤਾ। ਕੁਝ ਲੋਕਾਂ ਨੇ ਮਖੌਲ ਵਜੋਂ ਕਿਹਾ ਕਿ ਜੱਟ ਬੋਲੇ ਹੀ ਨਿਕਲੇ, ਮੁਸਮਲਮਾਨਾਂ ਦਾ ਹੱਥ ਆਇਆ ਰਾਜ ਮੋੜ ਕੇ ਉਨ੍ਹਾਂ ਨੂੰ ਹੀ ਦੇ ਦਿੱਤਾ। ਇਸ ਤਰ੍ਹਾਂ ਹੌਲੀ ਹੌਲੀ ਬੋਲੇ ਸ਼ਬਦ ਬਦਲਦੇ ਬਦਲਦੇ ਬੋਲੇ ਬਣ ਗਿਆ। ਬੋਲਾ ਅੱਲ ਪੈਣ ਤੇ ਇਸ ਕਬੀਲੇ ਦਾ ਗੋਤ ਬੋਲਾ ਹੀ ਪ੍ਰਚਲਿਤ ਹੋ ਗਿਆ। ਇਹ ਮਿਥਿਹਾਸਕ ਘਟਨਾ ਲਗਦੀ ਹੈ। ਇਸ ਗੋਤ ਦੇ ਲੋਕਾਂ ਬਾਰੇ ਇੱਕ ਹੋਰ ਦੰਦ ਕਥਾ ਵੀ ਅਕਬਰ ਨਾਲ ਹੀ ਸੰਬੰਧਿਤ ਹੈ। ਕਹਿੰਦੇ ਹਨ ਕਿ ਬੋਲਿਆਂ ਦੇ ਵਡੇਰੇ ਨੂੰ ਉਸਦੇ ਪਿਉ ਦੀ ਮੌਤ ਮਗਰੋਂ ਸਾਢੂ ਦੇ ਨਾਤੇ ਅਕਬਰ ਬਾਦਸ਼ਾਹ ਨੇ ਆਪਣੇ ਹੱਥੀ ਆਪ ਪੱਗ ਬੰਨੀ ਅਤੇ ਆਖਿਆ ਕਿ ਅੱਗੇ ਤੋਂ ਤੁਸੀਂ ਕਿਸੇ ਜੱਟ ਨੂੰ ਖੁਸ਼ੀ ਜਾਂ ਗ਼ਮੀ ਮੌਕੇ ਪੱਗ ਨਹੀਂ ਦੇਣੀ। ਮੈਂ ਤੁਹਾਨੂੰ ਸ਼ਾਹੀ ਪੱਗ ਦੇ ਦਿੱਤੀ ਹੈ। ਬੋਲੇ ਗੋਤ ਦੇ ਜੱਟ ਕਿਸੇ ਨੂੰ ਪੱਗ ਨਹੀਂ ਦਿੰਦੇ। ਬੋਲੇ ਜੱਟ ਆਪਣੇ ਜੁਆਈ ਨੂੰ ਵੀ ਪੱਗ ਨਹੀਂ ਦਿੰਦੇ। ਅਕਬਰ ਦੇ ਸਮੇਂ ਅਕਬਰ ਦੇ ਰਿਸ਼ਤੇਦਾਰ ਜੱਟ ਵੀ ਆਪਣੇ ਆਪ ਨੂੰ ਜੱਟਾਂ ਨਾਲੋਂ ਉੱਚਾ ਸਮਝਦੇ ਸਨ। ਬੋਲੇ ਜੱਟਾਂ ਬਾਰੇ ਕਈ ਲੋਕ ਕਥਾਵਾਂ ਤੇ ਲੋਕ ਗੀਤ ਪ੍ਰਚਲਿਤ ਹਨ। ਬੋਲੇ ਭਾਈਚਾਰੇ ਦੇ ਬਹੁਤੇ ਪਿੰਡ ਹਰਿਆਣੇ ਦੇ ਸਿਰਸਾ, ਹਿੱਸਾਰ ਅਤੇ ਪੰਜਾਬ ਦੇ ਮਾਨਸਾ, ਬਠਿੰਡਾ ਖੇਤਰਾਂ ਵਿੱਚ ਹਨ। ਇਨ੍ਹਾਂ ਦੇ ਪ੍ਰਸਿੱਧ ਪਿੰਡ ਰਤੀਆ, ਰਤਨਗੜ੍ਹ, ਕਮਾਣਾ, ਸਿਵਾਣਾ, ਦਾਤੇਵਾਸ, ਕੁਲਾਣਾ ਆਦਿ ਹਨ। ਖੋਖਰ ਗੋਤ ਦੇ ਲੋਕ ਰਾਜਪੂਤ, ਜੱਟ ਤਖਾਣ ਤੇ ਮਜ਼੍ਹਬੀ ਸਿੱਖ ਵੀ ਹੁੰਦੇ ਹਨ। ਬੋਲੇ ਜੱਟ ਸਿੱਖ ਹੀ ਹੁੰਦੇ ਹਨ।
ਪੰਜਾਬ ਵਿੱਚ ਬੋਲੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਂਝੇ ਪੰਜਾਬ ਵਿੱਚ ਖੋਖਰਾਂ ਦੀ ਗਿਣਤੀ ਬਹੁਤ ਸੀ। ਖੋਖਰ ਰਾਜਪੂਤ 55380 ਅਤੇ ਜੱਟ 12331 ਸੀ। ਅੰਗਰੇਜ਼ਾਂ ਦੇ ਰਾਜ ਸਮੇਂ 1881 ਈਸਵੀਂ ਦੀ ਜਨਸੰਖਿਆ ਸਮੇਂ ਜਾਤੀਆਂ ਅਤੇ ਗੋਤ ਵੀ ਲਿਖੇ ਗਏ ਸਨ। ਇਸ ਸਮੇਂ ਪਟਵਾਰੀਆਂ ਨੇ ਵੀ ਵੱਖ ਵੱਖ ਜਾਤੀਆਂ ਦੇ ਗੋਤਾਂ ਤੇ ਆਮ ਰਿਵਾਜ਼ਾਂ ਬਾਰੇ ਸੰਬੰਧਿਤ ਅਧਿਕਾਰੀਆਂ ਨੂੰ ਕਾਫ਼ੀ ਜਾਣਕਾਰੀ ਆਪਣੇ ਮਾਲ ਮਹਿਕਮੇ ਰਾਹੀਂ ਭੇਜੀ ਸੀ ਜਿਸ ਦੇ ਆਧਾਰ ਤੇ ਹੀ ਸਰ ਇੱਬਟਸਨ ਨੇ ਮਹਾਨ ਖੋਜ ਪੁਸਤਕ 'ਪੰਜਾਬ ਕਾਸਟਸ' ਲਿਖੀ। ਸੈਣੀਆਂ ਵਿੱਚ ਵੀ ਬੋਲਾ ਗੋਤ ਹੁੰਦਾ ਹੈ। ਜੱਟਾਂ ਤੇ ਸੈਣੀਆਂ ਦੇ ਕਈ ਗੋਤ ਰਲਦੇ ਹਨ। ਸੋਹੀ ਜੱਟ ਵੀ ਹਨ ਅਤੇ ਸੈਣੀ ਵੀ ਹਨ। ਬੋਲਾ ਖੋਖਰਾਂ ਦਾ ਉੱਘਾ ਤੇ ਬਹੁਤ ਹੀ ਛੋਟਾ ਗੋਤ ਹੈ। ਖੋਖਰ ਪ੍ਰਾਚੀਨ ਤੇ ਦੇਸ਼ ਭਗਤ ਖਾੜਕੂ ਜੱਟ ਸਨ।
ਬੈਂਸ : ਈਸਾ ਤੋਂ ਅੱਠ ਸੌ ਸਾਲ ਪਹਿਲਾਂ ਜੱਟ ਕਬੀਲੇ ਮੱਧ ਏਸ਼ੀਆ ਤੇ ਕੈਸਪੀਅਨ ਸਾਗਰ ਤੋਂ ਲੈ ਕੇ ਇਰਾਨ, ਸਿੰਧ ਤੇ ਮੁਲਤਾਨ ਦੇ ਖੇਤਰਾਂ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਸਨ। ਰਿੱਗਵੇਦਾਂ ਦੇ ਸਮੇਂ ਵੀ ਭਾਰਤ ਵਿੱਚ ਕਈ ਜੱਟ ਕਬੀਲੇ ਵਸਦੇ ਸਨ। ਮਹਾਭਾਰਤ ਵਿੱਚ ਰਾਜਪੂਤਾਂ ਦਾ ਕੋਈ ਜ਼ਿਕਰ