ਇਹ ਮੈਂ ਨਹੀਂ, ਮਿੱਟੀ ਤੋਂ ਉੱਪਰ ਸਾਈਂ ਦੀ ਜੋਤ ਦਾ ਚੁਬਾਰਾ ਹੈ, ਫ਼ਕੀਰ ਉਸ ਵਿਚ ਜਾ ਟਿਕਾਣਾ ਕਰਦਾ ਹੈ। ਉਠਦਾ, ਬਹਿੰਦਾ, ਟੁਰਦਾ, ਉਨਮਨ ਵਿਚ ਰਹਿੰਦਾ ਹੈ, ਫ਼ਕੀਰ ਇਸ ਚੁਬਾਰੇ ਖੇਡਦਾ ਹੈ। ਮਿੱਟੀ ਦਾ ਪਿਆਰ ਮਿੱਟੀ ਵਿਚ ਲੈ ਜਾਂਦਾ ਹੈ। ਚੁਬਾਰੇ ਉਲਟਕੇ ਮੜ੍ਹੀਆਂ, ਗੋਰਾਂ, ਕਬਰਾਂ ਬਣ ਜਾਂਦੇ ਹਨ। ਮਿੱਟੀ ਦਾ ਪਯਾਰ ਮਿੱਟੀ ਵਿਚ ਰੱਖਸੀ।
35.
ਤੁਸਾਡੇ ਹੱਥ ਮਾਲਾ ਦਾ ਮਣਕਾ ਹੈ, ਪਰ ਮਨ ਸਿਮਰ ਰਿਹਾ ਹੈ ਇਸਤ੍ਰੀ, ਪੁੱਤ੍ਰ, ਧਨ ਧਾਮ, ਵਿਹਾਰਕਾਰ, ਘਰ ਬਾਰ, ਅਨੇਕ ਧੰਦੇ। ਮਨ ਜਾਏਗਾ ਓਥੇ ਜਿੱਥੇ ਇਸਦੀ ਤਾਰ ਲੱਗ ਰਹੀ ਹੈ, ਹਾਂ ਜਿਨ੍ਹਾਂ ਸੰਕਲਪਾਂ ਦੀ ਲਿਵ ਵਿਚ ਮਨ ਹੈ ਓਥੇ ਜਾ ਪ੍ਰਾਪਤ ਹੋਵੇਗਾ।
36.
ਇਕ ਵਾਹਿਗੁਰੂ ਜੀ ਨਾਲ ਲਿਵ ਦਾ ਮਾਰਗ ਸਮਝਾਇਆ ਕਿ ਇਹ ਰਸਤਾ ਹੈ, ਨਾਮ ਜਪੋ, ਹਜ਼ੂਰੀ ਵਿਚ ਵੱਸੋ, ਉਠਦੇ ਬਹਿੰਦੇ ਟੁਰਦੇ ਫਿਰਦੇ ਉਸ ਮਾਲਕ ਦੀ ਹਜ਼ੂਰੀ ਵਿਚ ਰਹੋ, ਉਸ ਪਿਆਰ ਤੇ ਰਸਭਰੀ ਹਜ਼ੂਰੀ ਤੋਂ ਉਹਲੇ ਨਾ ਹੋਵੋ, ਐਉਂ ਜਾਣੋਂ ਕਿ ਜਿਸ ਦਾ ਨਾਮ ਰਸਨਾਂ ਤੇ ਹੈ ਉਹ ਹਾਜ਼ਰ ਹੈ ਤੇ ਅਸੀਂ ਹਜ਼ੂਰੀ ਵਿਚ ਹਾਂ। ਪੌਣ ਜੀਕੂੰ ਅੰਗ ਸੰਗ ਹੈ, ਜਿੱਥੇ ਜਾਓ ਸਵੇਂ ਟੁਰੋ, ਬਹੋ, ਸਦਾ ਅੰਗ ਸੰਗ ਹੈ, ਦੀਹਦੀ ਨਹੀਂ ਪਰ ਹੈ, ਤਿਵੇਂ ਓਹ ਪੌਣ ਤੋਂ ਬੀ ਸੂਖਮ ਪਰਮਤੱਤ ਅੰਗ ਸੰਗ ਹੈ, ਪਯਾਰ, ਰਸ ਤੇ ਆਨੰਦ ਉਸ ਤੋਂ ਹਰ ਵੇਲੇ ਫੁਹਾਰੇ ਵਾਂਙੂ ਛੁਟਦਾ ਹੈ, ਉਸਦੀ ਹਜ਼ੂਰੀ ਵਿਚ ਰਹਿਣ ਨਾਲ ਉਹ ਸੁਆਦ ਸਾਨੂੰ ਵੀ ਆਵੇਗਾ ਜੇ ਉਹ ਸਦਾ ਜਾਗਦੀ ਹੋਂਦ ਵਿਚ, ਉਸ ਅੰਗ ਸੰਗ 'ਸਤਯਾ' ਦੇ ਵਿਚ ਸਾਡਾ ਮਨ ਰਹੇਗਾ ਤਾਂ ਮਰਕੇ ਬੀ ਅਸੀਂ ਉੱਥੇ ਹੀ ਜਾਵਾਂਗੇ। ਹਾਂ, ਕਾਰ ਵਿਹਾਰ ਕਰੋ, ਬਈ ਕਾਰ ਵਿਹਾਰ, ਕੋਈ ਕਿੱਤਾ, ਕੋਈ ਰੋਜ਼ੀ ਕਰਕੇ-ਕਮਾਕੇ-ਰੋਟੀ ਖਾਓ। ਕਮਾਕੇ ਫਿਰ ਵੰਡ ਕੇ ਖਾਓ। ਕਿਰਤ ਕਮਾਈ ਵਿਚੋਂ ਦੇਕੇ ਭਲਾ ਮਨਾਓ।