ਸਕਦਾ ਹੈ, ਲਿਵ ਵਿਚ ਉੱਚਾ ਹੋ ਸਕਦਾ ਹੈ। ਇਹ ਸਭ ਕੁਛ ਭੁਲਾਕੇ ਤੁਸੀਂ ਨਿਰੇ ਤਪ ਬ੍ਰਤ ਆਦਿ ਕਠਨਾਈਆਂ, ਦਿਲਗੀਰੀ ਵਾਲੀਆਂ ਉਦਾਸੀਆਂ ਤੇ ਸਰੀਰ ਦੀ ਪਾਲਨਾ ਕਰਨ ਵਾਲੀਆਂ ਸ਼ੈਆਂ ਦਾ ਤਿਆਗ ਕਰਕੇ ਮਾਨੋ ਖੱਟੇ ਦੇ ਬੂਟੇ ਨੂੰ ਕੱਟਣ ਦਾ ਜਤਨ ਕਰਦੇ ਹੈ। ਪਰ ਮਨ ਓਥੇ ਦਾ ਓਥੇ ਉਦਾਸੀ ਵਿਚ, ਗਿਣਤੀਆਂ ਵਿਚ ਤੇ ਕਰਮ ਕਾਂਡ ਕਰਦਿਆਂ ਜ਼ੋਰ ਲਾਉਂਦਿਆਂ ਸਰੀਰ ਦੇ ਪਸ਼ੂ ਸੁਭਾਵਾਂ ਵਿਚ ਮਾਨੋ ਖੱਟੇ ਦਾ ਖੱਟਾ ਹੀ ਰਹਿੰਦਾ ਹੈ।
43.
ਹਰ ਪ੍ਰਾਣੀ ਦਾ ਮਨ ਦਿਨੇ ਰਾਤ, ਜਾਗਦੇ ਸੁੱਤੇ, ਕੰਮ ਕਿ ਵਿਹਲੇ ਹਰ ਹਾਲ ਸੋਚਾਂ ਵਿਚ ਹੈ, 'ਅਨੇਕ-ਚਿੰਤਨ ਮਨ ਦਾ ਖਿੰਡਾਉ ਹੈ। ਮਨ ਦਾ ਖਿੰਡਾਉ ਕਮਜ਼ੋਰੀ ਹੈ। ਜੁੜਨਾ, ਇਕਾਗਰ ਹੋਣਾ ਇਹ ਸਤਯਾ ਹੈ ਮਨ ਦੀ। ਜੋ ਮਨ ਜੁੜਦਾ ਹੈ ਉਹ ਸਤਯਾਵਾਨ ਹੁੰਦਾ ਹੈ, ਜੋ ਸਤਯਾਵਾਨ ਹੁੰਦਾ ਹੈ ਉਹੋ ਉਤਾਂਹਾਂ ਨੂੰ ਉਠਦਾ ਹੈ। ਜੁੜਨ ਵਾਲਾ ਮਨ ਨਿਰਮਲ ਬੀ ਹੋਣਾ ਚਾਹੀਏ, ਜੋ ਨਿਰਮਲ ਹੈ ਤੇ ਜੋ ਉੱਚਾ ਉਠਦਾ ਹੈ ਉਹ ਮਨ ਤੋਂ ਨਿਰਮਲ ਬੁੱਧੀ ਵਿਚ ਤੇ ਨਿਰਮਲ ਬੁੱਧੀ ਤੋਂ ਸੁਧਿ ਵਿਚ ਅੱਪੜਦਾ ਹੈ। ਸ਼ੁੱਧਿ ਵਾਲੇ ਨੂੰ ਸਗਲ ਭਵਨ ਦੀ ਸ਼ੁੱਧ ਪ੍ਰਾਪਤ ਹੁੰਦੀ ਹੈ।
44.
ਜਗਤ ਦਾ ਮੇਲ ਜਿਸਦਾ ਇਹ ਸਾਰਾ ਖੇਲ ਹੈ-ਸਾਈਂ ਮਾਲਕ ਆਤਮ ਸੱਤਯਾ ਜੋ ਹੈ-ਸੋ ਅੱਖਾਂ ਦਾ ਵਿਸ਼ਾ ਨਹੀਂ; ਪਰ ਸਾਡੇ ਆਪੇ ਦੇ ਸੁਧਿ ਮੰਡਲ ਦੇ ਦ੍ਰਿਸ਼ਟਾ ਪਾਸੇ ਵਲ ਅਨੁਭਵ ਨਾਲ ਪ੍ਰਤੀਤ ਹੁੰਦਾ ਹੈ। ਸੋ ਇਸ ਸਰੀਰ ਦਾ ਤਿਆਗ, ਇਸਦੀਆਂ ਕੁਦਰਤੀ ਤੇ ਵਿਹਤ ਭੁੱਖਾਂ ਦਾ ਤਿਆਗ ਉਸਦਾ ਮਾਰਗ ਨਹੀਂ, ਨਾ ਹੀ ਫੋਕੇ ਜਪ ਤਪ ਤਿਆਗ ਸੰਨਯਾਸ ਆਦਿ ਦਿਲਗੀਰੀ ਤੇ ਦਿਲ ਢਾਹੁਣ ਵਾਲੇ ਕਰਮ ਵਿਚ ਪੈਕੇ ਇਸ ਨਾਲ ਰੁੱਸਣਾ ਮਾਰਗ ਹੈ।
45.
ਪਸ਼ੂ ਦੀ ਮਤ ਵਾਂਙੂ ਨਹੀਂ ਜੋ ਬੇਵਸਾ ਅਪਣੀ ਚੰਗੀ ਲਗੀ ਵੱਲ ਉਠ ਦੌੜਦਾ ਹੈ, ਪਰ ਬੁੱਧੀ ਨਾਲ ਇਨ੍ਹਾਂ ਭੁਖਾਂ ਨੂੰ ਵਿਹਤ ਤਰੀਕੇ ਨਾਲ ਪੂਰਾ ਕਰੀਏ। ਬੁੱਧੀ ਨੂੰ ਪੁੱਛੋ, ਸਚ ਮੁਚ ਚੰਗਾ ਕੀ ਹੈ ਸੋ ਕਰੋ। ਫਿਰ ਨਾਮ ਜਪੋ।