ਸਹਾਰਨ ਦੀ ਰੀਤਿ ਧਾਰਨ ਕਰੇ। ਕੋਈ ਕੱਟੇ, ਕੋਈ ਪੱਟੇ ਬਿੱਛ ਵਾਂਙੂ ਸਭ ਕੁਝ ਸਹਾਰੇ, ਪਰ ਰੋਸ ਨਾ ਕਰੇ, ਹਾਂ ਰੁੱਖਾਂ ਵਾਲੀ ਜੀਰਾਂਦ ਧਾਰਨ ਕਰੇ, ਸਹੇ ਪਰ ਆਪ ਕਿਸੇ ਦਾ ਬੁਰਾ ਨਾ ਕਰੇ। ਦਰਯਾਉ ਦੇ ਪਾਣੀ ਦੀ ਰੀਤਿ ਧਾਰਨ ਕਰੇ : ਕੋਈ ਪਿਆਰ ਨਾਲ ਜਲ ਲਵੇ, ਕੋਈ ਦੁਪ੍ਰਿਆਰ ਨਾਲ, ਉਹ ਨੇਕੀ ਹੀ ਕਰਦਾ ਤੁਰਿਆ ਜਾਂਦਾ ਹੈ। ਇਸ ਤਰ੍ਹਾ ਦਾ ਦਹੀ ਵਾਂਙੂ ਰਿੜਕੇ ਜਾਣ ਵਾਲਾ ਜੀਵਨ ਧਾਰਨ ਕਰਕੇ ਫੇਰ ਉਪਰਾਮ ਰਹੇ, ਤਾਂ ਸਹਜ ਵਿਚ ਉਸਦੇ ਪੈਰ ਟਿਕ ਜਾਣਗੇ, ਬ੍ਰਹਮ ਵਿਚ ਵਾਸਾ ਪਾਏਗਾ।
50.
ਦਰਵੇਸ਼ੀ ਗਾਖੜੀ ਸ਼ੈ ਹੈ। ਪਹਿਰਾਵਿਆਂ ਤੇ ਵੇਸਾਂ ਵਿਚ ਨਹੀਂ ਧਰੀ ਪਈ, ਜੀਉਂਦਾ ਮਰੇ, ਸੰਸਾਰ ਵਿਚ ਜੋ ਵੈਰ ਵਿਰੋਧ ਮੋਹ ਮਾਯਾ ਵਿਚ ਫਾਥਾ ਪਿਆ ਹੈ ਇਸ ਵਿਚੋਂ ਨਿਕਲੇ ਤੇ ਅੰਦਰਲੇ ਵਿਚ ਜੀਉ ਪਵੇ, ਫੇਰ ਜੋ ਵਿਸ਼ੇ ਵਿਕਾਰਾਂ ਵਿਚ ਮਨ ਜਾਗ ਰਿਹਾ ਹੈ ਇਸ ਨੂੰ ਸੁਆ ਦੇਵੇ। ਲੋਕ ਇਸ ਨੂੰ ਠੱਗਣ, ਮਾੜਾ ਮਾੜਾ ਸਲੂਕ ਕਰਨ ਪਰ ਇਹ ਸਿਰੇ ਨਾ ਆਵੇ, ਜਾਣ ਬੁੱਝ ਕੇ ਆਪਣੇ ਆਪ ਨੂੰ ਪਿਆ ਠਗਾਵੇ। ਅੰਦਰੋਂ ਬਾਹਰੋਂ ਸਾਫ਼ ਹੋਕੇ ਪਰਮੇਸ਼ਰ ਨੂੰ ਮਿਲੇ। ਹੇ ਪਰਮੇਸ਼ੁਰ! ਐਸਾ ਕੋਈ ਦਿਲੋਂ ਤੇਰੀਆਂ ਦਲੀਜਾਂ ਨਾਲ ਚੰਮੜ ਰਿਹਾ ਦਰਵੇਸ਼ ਹੋਵੇ ਤਾਂ ਜਗਤ ਨੂੰ ਠਾਰੇ, ਹਾਂ, ਜਿਸ ਨੂੰ ਖੁਸ਼ੀ ਨਹੀਂ, ਗ਼ਮੀ ਨਹੀਂ, ਗੁੱਸਾ ਨਹੀਂ, ਤਮਕ ਨਹੀਂ, ਖੁਦੀ ਨਹੀਂ, ਹਿਰਸ ਨਹੀਂ, ਹਾਂ ਜੋ ਲੋਹੇ ਤੇ ਮਿੱਟੀ ਨੂੰ ਇਕ ਤੁਲ ਜਾਣੇ, ਫੇਰ ਹੱਕ ਨਾਹੱਕ, ਹਲਾਲ ਤੇ ਹਰਾਮ ਦੀ ਸੋਝੀ ਰੱਖੇ, ਇਕ ਆਪਣੇ ਪਰਮੇਸ਼ੁਰ ਦੀ ਕਾਣ ਰੱਖੇ, ਹੋਰ ਕਿਸੇ ਕਾਣ ਹੇਠ ਨਾ ਰਹੇ, ਦਿਲ ਜੁੜਿਆ ਹੋਸੁ, ਅੰਦਰ ਦਾ ਕਵਲ ਪ੍ਰਕਾਸ਼ ਵਿਚ ਹੋਵੇ, ਦਸਮ ਦੁਆਰ ਵਿਚ ਟਿਕਾਉ ਰੱਖਦਾ ਹੋਵੇ ਤੇ ਸਾਈਂ ਦੇ ਨਾਦ ਦਾ ਮਹਿਰਮ ਹੋਵੇ, ਐਸੇ ਸਾਧੂ ਦੀ ਮਹਿਮਾਂ ਕੋਈ ਨਹੀਂ ਲਿਖ ਸਕਿਆ ਤੇ ਕੋਈ ਨਹੀਂ ਕਹਿ ਸਕਿਆ।
51.
ਸਾਨੂੰ ਇਕ ਰੱਬ ਦੀ ਮੰਗ ਹੈ, ਉਸਦੀ ਭੁੱਖ ਹੈ, ਉਸ ਦੀ ਲੋੜ ਹੈ ਹੋਰ ਭੁੱਖਾਂ ਮਰ ਗਈਆਂ ਹਨ, ਤਲਬ ਹੋਰ ਕੋਈ ਨਹੀਂ, ਇਕ ਮੌਲਾ ਦੇ ਦੀਦਾਰ ਦੀ ਤਲਬ ਹੈ।