Back ArrowLogo
Info
Profile

52.

ਕਰਮ ਜੀਵ ਨੇ ਦੇਹ ਧਾਰ ਕੇ ਕੀਤੇ ਹੈਨ ਅਤੇ ਜੋ ਸ਼ੈ ਆਦਿ ਰਖਦੀ ਹੈ ਉਸ ਦਾ ਅੰਤ ਬੀ ਹੈ। ਸੋ ਕਰਮ ਮਿਟਦੇ ਬੀ ਹੈਨ, ਜਿਵੇਂ ਅੱਗ ਲਾਣ ਨਾਲ ਲੱਕੜਾਂ ਦੇ ਢੇਰ ਸੜ ਜਾਂਦੇ ਹਨ। ਤਿਵੇਂ ਸਾਈਂ ਪ੍ਰੇਮ ਨਾਲ ਕਰਮ। ਜੇ ਬੰਦਾ ਪਰਮੇਸ਼ੁਰ ਵਿਚ ਲਿਵ ਲਾਵੇ, ਅਪਣੇ ਧਿਆਨ ਵਿਚ ਕਰਤਾ ਪੁਰਖ ਨੂੰ ਰਖੇ ਤਾਂ ਅੰਦਰ ਪਈਆਂ ਕਰਮਾਂ ਦੀਆਂ ਸੰਸਕਾਰੀ ਰੇਖਾਂ ਧੋ ਹੋ ਜਾਂਦੀਆਂ ਹਨ। ਸੁਖ, ਦੁਖ, ਦੇਹ, ਜਨਮ ਮਰਨ ਕਰਮਾਂ ਅਨੁਸਾਰ ਹਨ, ਪਰ ਮੁਕਤੀ ਪਰਮੇਸ਼ੁਰ ਦੀ ਨਦਰ ਉਤੇ ਹੈ। ਨਦਰ ਉਨ੍ਹਾਂ ਤੇ ਹੁੰਦੀ ਹੈ ਜੋ ਨਦਰ ਨੂੰ ਖਿੱਚਦੇ ਹੈਨ। ਨਦਰ ਨੂੰ ਕੌਣ ਖਿੱਚ ਸਕਦਾ ਹੈ? ਜੋ ਨਦਰੀ ਨਾਲ ਪਿਆਰ ਕਰਦਾ ਹੈ, ਪ੍ਰੇਮ ਦੀ ਲਗਨ ਖਿੱਚ ਹੈ ਜੋ ਪ੍ਰੀਤਮ ਨੂੰ ਬੀ ਜਾ ਖਿੱਚਦੀ ਹੈ।

53.

ਮਿਹਰ ਉਸ ਦੀ ਸ੍ਵੈਛੰਦ ਵਿਚਰਦੀ ਹੈ, ਪਰ ਰਾਹ ਇਹ ਹੈ: ਕਰਤਾਰ ਦੀ ਯਾਦ ਵਿਚ ਰਹਿਣਾ, ਪਯਾਰ ਵਿਚ ਰਹਿਣਾ, ਜਗਤ ਵਿਚ ਲਗਦੇ ਤਾਣ ਸ਼ੁਭ ਕਰਮ ਕਰਨੇ, ਨੇਕੀ ਕਰਨੀ, ਭਲਿਆਈ ਵੰਡਣੀ, ਬਦੀ ਤੋਂ ਸੰਕੋਚਣਾ।

54.

ਅੱਗ ਤੋਂ ਦੂਰ ਗਿਆ ਪਾਲਾ ਲਗਦਾ ਹੈ। ਅੱਗ ਦੇ ਨੇੜੇ ਹੋਇਆਂ ਨਿੱਘ ਆਉਂਦੀ ਹੈ। ਪਰਮੇਸ਼ਵਰ ਤੋਂ ਮਾੜੇ ਕਰਮਾਂ ਨਾਲ ਤੇ ਭੁੱਲ ਨਾਲ ਵਿਛੁੜੀਦਾ ਹੈ, ਦੂਰ ਜਾ ਪਈਦਾ ਹੈ। ਭਲੇ ਕਰਕੇ ਤੇ ਯਾਦ ਕਰਕੇ ਨੇੜੇ ਹੋਈਦਾ ਹੈ। ਨੇੜੇ ਹੋਕੇ ਸੁਖੀ ਹੋਈਦਾ ਹੈ।

55.

ਉਸ ਦੀ ਯਾਦ ਦਾ ਅਭਯਾਸ ਉਸ ਦੇ ਨਾਮ ਨਾਲ ਕਰੀਦਾ ਹੈ। ਨਾਮ ਜਪੀਦਾ ਹੈ ਤੇ ਮਨ ਨੂੰ ਉਸਦੀ ਹਜ਼ੂਰੀ ਵਿਚ ਪ੍ਰਤੀਤ ਕਰਨ ਦੇ ਜਤਨ ਵਿਚ ਰਖੀਦਾ ਹੈ- 'ਹੈ ਹਜੂਰਿ ਹਾਜਰੁ ਅਰਦਾਸਿ॥ ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ॥' (ਪੰਨਾ-੩੫੨)

21 / 57
Previous
Next