ਬਲਣ ਦੀ ਕ੍ਰਿਆ ਹੋ ਰਹੀ ਹੈ ਤਿਵੇਂ ਸਰੀਰ ਵਿਚ ਅੰਨ ਦੇ ਬਲਣ ਦੀ ਕ੍ਰਿਯਾ ਹੈ। ਨਿਰਾ ਬਲਣਾ ਧਰਤੀ ਦੇ ਅੰਦਰ ਹੋ ਰਿਹਾ ਹੈ।
59.
ਸੁਹਾਣ ਤੇਰੀ ਮਿਹਰ ਦੇ। 'ਸਤਿ ਸੁਹਾਣ ਸਦਾ ਮਨਿ ਚਾਉ' ਤੁਸਾਂ ਕਿੰਨੀ ਵੇਰੀ ਫੁਰਮਾਇਆ ਹੈ, ਪਰ ਅੱਲ੍ਹੜ ਦੇ ਲੜ ਨਹੀਂ ਬੱਝਦਾ ਇਹ ਨੁਕਤਾ।
60.
ਸੁਰਤੇ ਪੁਰਖ ਨਾਮ ਵਿਚ ਜੀਉਂਦੇ ਹਨ। ਉਨ੍ਹਾਂ ਦੇ ਅੰਦਰ ਅਪਣੇ ਨਾਮ ਰੰਗ ਨਾਲ ਚਾਉ ਉਪਜਦਾ ਹੈ। ਇਹ ਚਾਉ ਜਰਨਾ ਕਠਨ ਹੈ, ਅਜਰ ਵਸਤੂ ਹੈ। ਨਾ ਜਰ ਸਕਣ ਕਰਕੇ ਭੁੱਲਾਂ ਹੋ ਜਾਂਦੀਆਂ ਹਨ। ਭੁੰਲਾਂ ਦਾ ਫਲ 'ਬੱਝ' ਆ ਜਾਂਦੀ ਹੈ। ਅੰਦਰ ਘੁੱਟ ਹੋ ਜਾਂਦਾ ਹੈ। ਨੱਪੇ ਆਵੇ ਵਾਂਙੂ ਘੁੱਟਿਆ ਮਨ ਆਪੇ ਨੂੰ ਖਾਂਦਾ ਹੈ। ਜਦੋਂ ਸੁਰਤੇ ਪੁਰਖਾਂ ਦੀ 'ਬੱਝ ਖੁੱਲ੍ਹੇ, ਨਾਮ ਦੀ ਅਮਰੀ ਰੌ ਰੁਮਕੇ ਤੇ ਖੇੜੇ ਨੂੰ ਮੋੜੇ ਪੈਣ, ਉਸ ਵੇਲੇ ਮਰਦਾਨਿਆਂ! ਸੁਰਤ ਮਾਨੋਂ ਪਰਬਤਾਂ ਦੇ ਭਾਰ ਹੇਠੋਂ ਨਿਕਲਦੀ ਹੈ ਤੇ ਸੁਖ ਦੇ ਸਾਹ ਲੈਂਦੀ ਹੈ। ਓਹ ਠੰਢੇ ਸਾਹ ਸੁੱਖ ਦੇ ਤੇ ਮੁੜਕੇ ਠੰਢ ਵਰਤਣ ਦੇ ਸਾਹ ਹੁੰਦੇ ਹਨ, ਓਹ ਅੰਦਰ ਸਹੂਲਤ ਵਰਤਾਉਂਦੇ ਹਨ ਤੇ ਉਨ੍ਹਾਂ ਦੇ ਨਾਲ ਨਾਲ ਫੇਰ ਖੇੜੇ ਦੇ ਜੀਵਨ ਦੀ ਰੌ ਸਾਫ ਟੁਰ ਪੈਂਦੀ ਹੈ। ਸਾਵਧਾਨ ਰਿਹਾ ਕਰ।
61.
ਇਕ ਪਲ ਲਈ ਹੋੜਦੇ ਫੁਰਨੇ ਨੂੰ, ਆ ਜਾ ਸਿਮਰਣ ਦੇ ਘਰ, ਤੱਕ ਅੰਦਰ ਨੂੰ ਫੁਰਨਾ ਰੋਕ, ਲੈ ਨਾਮ ਸਾਈਂ ਦਾ। ਪ੍ਰਤੀਤ ਕਰ ਕਿ ਉਸ ਨਾਲ ਲੱਗ ਰਿਹਾ ਹਾਂ ਜਿਸ ਦਾ ਨਾਮ ਰਸਨਾ ਪਰ ਹੈ। ਅਪਣੇ ਅੰਦਰ ਆ ਜਾ, ਇਕ ਦਮ ਲਈ ਹੀ ਆ ਜਾ, ਹਾਂ ਟਿਕ ਜਾ, ਆਪੇ ਵਿਚ। ਦੇਖ ਹੁਣ ਜੋ ਤੂੰ 'ਹੈਂ' ਮਾਤ੍ਰ ਹੈਂ, ਸੋ ਸਾਈਂ ਦੀ 'ਹੈ' ਨਾਲ ਲਗ ਰਿਹਾ ਹੈਂ। ਇਸ ਰੰਗ ਵਿਚ ਰਹਿਣ ਦੇਹ ਆਪ ਨੂੰ, ਸੋਚਾਂ ਨੂੰ ਹੋੜ ਦੇਹ, ਹੰਭਲਾ ਮਾਰ, ਰਾਤ ਆਪੇ ਬੀਤ ਜਾਏਗੀ। ਇਹ ਹੈ 'ਮੇਲਾ' ਇਹ ਹੈ 'ਜੋਗ ਸਾਈਂ ਨਾਲ', ਇਹ ਹੈ 'ਸਿਦਕ ਯਕੀਨ ਰੱਬ ਵਿਚ’-'ਗਲ ਚੰਬੜ ਸਾਈਂ ਜੀ ਨਾਲ'।