ਵੱਸਣਗੇ। ਫੇਰ ਸਾਡਾ ਆਪਾ, ਜੀਵਤ ਆਪਾ ਹੋਵੇਗਾ ਤੇ ਜੀਵਨ ਮੁਕਤੀ ਦੇ ਸੁਖ ਪਾਏਗਾ। ਇਸ ਤਰ੍ਹਾਂ ਸਾਰਾ ਆਪਾ ਅਪਣੇ ਸਾਰੇ ਤਾਣ ਨਾਲ ਜਦ ਸਦਾ ਲਗਾ ਰਹੇਗਾ 'ਇਕ' ਵਿਚ ਤਾਂ 'ਇਕ ਵਿਚ ਸਮਾਇਆ' ਸਫਲ ਤੇ ਸੁਰਜੀਤ ਗਯਾਨ ਵਾਲਾ ਰਹੇਗਾ। ਇਹ ਆਪਾ-ਇਹ ਆਤਮਾ-ਸ਼ੁਧ ਆਤਮਾ ਹੈ ਤੇ ਇਹ ਕਾਰ ਸਿਰੇ ਚੜ੍ਹਦੀ ਹੈ ਗੁਰ ਸ਼ਬਦ ਦੀ ਕਮਾਈ ਨਾਲ। ਫਿਰ ਇਹ ਸਾਰਾ ਕੁਛ ਸਹਿਜ ਨਾਲ ਪ੍ਰਾਪਤ ਕਰਨਾ ਹੈ। ਸਹਿੰਦੇ ਸਹਿੰਦੇ ਹਠ, ਮਨ ਤੇ ਕੁੰਡਾ, ਤੇ ਆਪਾ ਨਿਵਾਰਨ ਦੇ ਸਾਰੇ ਦੇ ਸਾਰੇ ਕੰਮ ਕਰਨੇ ਹਨ, ਪਰ ਅੰਦਰ ਟੇਕ ਸਾਈਂ ਦੀ ਧਾਰਕੇ ਤੇ ਉਸਦੇ ਸਿਮਰਨ ਦੇ ਆਸਰੇ। ਜਦੋਂ ਅੰਦਰ ਠੰਢ ਵਰਤਣੀ ਹੈ ਤਾਂ 'ਸਹਿਜ' ਦਾ ਭਾ ਆ ਜਾਣਾ ਹੈ, ਸਹਿਜ ਅਨੰਦ ਨੇ ਅੰਦਰ ਟਿਕ ਜਾਣਾ ਹੈ।
69.
ਮਰਦਾਨਾ-ਸੁਹਾਣ ਤੇਰੀ ਚਾਕਰੀ ਨੂੰ, ਸੁਹਾਣ ਤੇਰੇ ਸਾਹਿਬ ਨੂੰ, ਸੁਹਾਣ ਤੁਧੇ ਨੂੰ (ਹੱਸਕੇ) ਤੇ ਰੁਵਾਲ ਕੁ ਸੁਹਾਣ ਤੇਰੇ ਢਾਡੀ ਨੂੰ ਬੀ। ਪਾਤਸ਼ਾਹ! ਤੇਰੇ ਤਨ ਤਾਣ ਹੈ, ਅਰਸ਼ਾਂ ਦਾ, ਪਰ ਮੇਰੇ ਤਨ ਨਿਤਾਣਪਨ ਹੈ ਕਚੇ ਸ਼ੀਰ ਦਾ, ਜੋ ਮੈਂ ਲੋਕਾਂ ਨਾਲੋਂ ਬਹੁਤ ਪੀਤਾ ਹੈ।
70.
ਅਸੀਂ ਜੋ ਕਝ ਕਰਦੇ ਹਾਂ ਓਹ ਦੋ ਪ੍ਰਕਾਰ ਦਾ ਹੈ : ਭਲਾ ਤੇ ਬੁਰਾ। ਇਹ ਜੋ ਕੁਛ ਕਰਦੇ ਹਾਂ ਇਸ ਨਾਲ ਰੁਚੀ ਬਣਦੀ ਹੈ, ਰੁਚੀ ਪੱਕ ਪੱਕ ਕੇ ਸੁਭਾਵ ਬਣਦਾ ਹੈ, ਇਸ ਸਾਡੀ ਕਿਰਤ (ਕਰਨੀ) ਦਾ ਫਲ ਸਾਨੂੰ ਫੇਰ ਅੰਦਰੋਂ ਭਲੇ ਬੁਰੇ ਵੱਲ ਟੋਰਦਾ ਹੈ। ਮਾੜੇ ਕਰਮਾਂ ਵਿਚ ਜੋ ਸੁਆਦ ਹੈ, ਉਹ ਮਾਨੋ ਚੋਗ ਹੈ ਜੋ ਸਾਨੂੰ ਫਸਾਉਂਦੀ ਹੈ ਪੰਛੀ ਵਾਂਗੂੰ। ਅੰਦਰੋਂ ਸੁਭਾਵ ਮਾੜੇ ਪਾਸੇ ਵਲ ਰੁਚੀ ਕਰਾਉਂਦਾ ਹੈ, ਬਾਹਰੋਂ ਰਸਦਾਇਕ ਭੋਗ ਆਪਣੇ ਵਿਚ ਖਿੱਚਦੇ ਹਨ, ਇਉਂ ਜੀਵ ਫਸਦਾ ਜਾਂਦਾ ਹੈ, ਮਨ ਮਨੂਰ ਹੁੰਦਾ ਜਾਂਦਾ ਹੈ, ਅਰਥਾਤ ਉੱਚੇ ਰਸਾਂ ਵਲੋਂ ਮਰਦਾ ਜਾਂਦਾ ਹੈ ਤੇ ਨੀਵੇਂ ਰਸਾਂ ਵਿਚ ਮਨ ਖੱਚਤ ਹੋ ਜਾਵੇ ਤਾਂ ਸਾਈਂ ਯਾਦ ਨਹੀਂ ਆ ਸਕਦਾ ਤੇ ਵਿਸਾਰੇ ਵਿਚ ਜੋ ਕੋਈ ਸ਼ੁਭਗੁਣ ਪੱਲੇ ਹੁੰਦੇ ਹਨ ਉਹ ਸਹਾਇਤਾ ਨਹੀਂ ਕਰ ਸਕਦੇ। ਉਹ