ਮਨ `ਭਾਉ' ਬਿਨਾਂ, ਕੀਹ ਸਾਰੇਗਾ? ਏਕਾਗ੍ਰਤਾ ਨਾਲ ਕੁਛ ਸ਼ਕਤੀ ਵਧ ਜਾਏ, ਪਰ ਜੀਵਨ ਦਾ ਪਰੋਜਨ ਤਾਂ ਹੈ 'ਜੀਵਨ ਦਾਤਾ ਨਾਲ ਮੇਲ'। ਜੀਵਨ ਦਾਤਾ ਹੈ ਚੇਤਨ, ਜਿਉਂਦੀ ਜਾਗਦੀ ਹੋਂਦ, ਸਰਬ ਗੁਣਾਂ ਦੀ ਖਾਣ, ਸਰਬ ਦੀ ਜਿੰਦ ਦੀ ਜਿੰਦ, ਅਸੀਂ ਬੀ ਹੋਏ ਰੂਹ, ਜਿੰਦ। ਜਿੰਦ ਨੇ ਜਿੰਦ ਨੂੰ ਮਿਲਣਾ ਹੈ। ਨਿਕੀ ਜਿਹੀ ਜਿੰਦੜੀ ਨੇ ਵਿਸ਼ਾਲ ਤੇ ਅਮਿੱਤ ਜਿੰਦ ਨੂੰ ਮਿਲਨਾ ਹੈ। ਦੁੱਖਾਂ ਨਾਲ ਵਿਹੜੀ ਜਿੰਦ ਨੇ ਸਦਾ ਸੁਖੀ ਜਿੰਦ ਨਾਲ ਵਸਲ ਪ੍ਰਾਪਤ ਕਰਨਾ ਹੈ। ਦੋ ਜਿੰਦਾਂ ਨੂੰ ਜੋੜਨਹਾਰ ਵਸਤੂ 'ਪਿਆਰ' ਹੈ। ਹਾਂ ਜਿੰਦੜੀ ਨੂੰ ਜਿੰਦ ਨਾਲ ਮੇਲਦਾ ਹੈ 'ਪ੍ਯਾਰ'।
4.
ਮਨ ਵਿਚੋਂ ਪਹਿਲਾਂ ਵਿਕਾਰਾਂ ਦਾ ਕਬਜ਼ਾ ਛੁੱਟਾ। ਵਿਕਾਰ ਸਾਨੂੰ ਸੰਸਾਰ ਨਾਲ ਬੰਨ੍ਹਦੇ ਹਨ। ਵਿਕਾਰ ਹਨ ਮਨ ਦੀ ਇੱਕ ਗਤੀ-ਮਨ ਦੇ ਪਦਾਰਥਾਂ ਵਲ ਖਿੱਚ ਖਾਕੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਤੇ ਪ੍ਰਾਪਤ ਕਰਕੇ ਭੋਗਣ ਦੀ। ਭੋਗਣ ਨਾਲ ਭੋਗ ਸਮੇਂ ਰਸ ਪ੍ਰਾਪਤ ਹੁੰਦਾ ਹੈ, ਪਰ ਸਰੀਰ ਦਾ ਬਲ ਖਰਚ ਹੋਕੇ ਮਗਰੋਂ ਨਿਤਾਣਪੁਣਾ ਆਉਂਦਾ ਹੈ ਤੇ ਬਹੁਤੇ ਭੋਗਾਂ ਮਗਰੋਂ ਰੋਗ ਉਪਜਦੇ ਹਨ। ਭੋਗਾਂ ਦਾ ਰਸ ਹੈ ਹੀ ਆਪੇ ਦੇ ਖਰਚ ਹੋਣ ਦੀ ਕ੍ਰਿਯਾ ਦਾ ਫਲ। ਜਿਵੇਂ ਆਤਸ਼ਬਾਜ਼ੀ ਦਾ ਚਮਤਕਾਰ ਅਪਣੀ ਲੁਭਾਇਮਾਨਤਾ ਵਿਖਾਉਣ ਤੇ ਚਮਤਕਾਰ ਸਾਰਨ ਵਿਚ ਆਪਣੇ ਆਪ ਨੂੰ ਖਰਚ ਕਰਦਾ ਹੈ। ਕੁਛ ਉਸ ਤਰ੍ਹਾਂ ਦਾ ਭੋਗ ਰਸ ਵਿਚ ਆਪਾ ਖਰਚ ਹੁੰਦਾ ਹੈ ਤੇ ਮਨ ਜੋ ਆਪਣੇ ਵਿਚ ਬਾਹਰਲੇ ਅਕਸ ਲੈਂਦਾ ਹੈ, ਭੋਗ ਵੇਲੇ ਡੂੰਘੇ ਅਕਸ ਲੈਂਦਾ ਹੈ। ਉਹ ਅਕਸ ਉਸਦੇ ਅੰਦਰ ਬਹਿ ਕੇ ਛਾਈਆਂ ਪਾਕੇ ਉਸਤੇ ਮਾਨੋ ਮੈਲ ਲਾਉਂਦੇ ਹਨ। ਇਸ ਤਰ੍ਹਾਂ ਮਨ ਮੈਲਾ ਜਿਹਾ ਹੋ ਜਾਂਦਾ ਹੈ ਤੇ ਉਸ ਵਿਚ ਭੋਗਾਂ ਦੇ ਅਕਸਾਂ ਦੀਆਂ ਝਰੀਟਾਂ ਦੀ ਧੁੰਦ ਛਾਈ ਰਹਿੰਦੀ ਹੈ। ਉਸ ਧੁੰਦ ਵਿਚ ਨਿੱਤ ਦੇ 'ਭੋਗ-ਅਭਯਾਸ' ਕਰਕੇ ਭੋਗਾਂ ਦੀ ਰੁਚੀ ਇੰਨੀ ਵਧ ਜਾਂਦੀ ਹੈ ਕਿ ਫਿਰ ਬਿਰਤੀ ਬਾਹਰ ਮੁਖ ਹੀ ਹੋਈ ਰਹਿੰਦੀ ਹੈ। ਇਹ ਅਵਸਥਾ ਹੈ ਜਿਸਨੂੰ ਕਹੀਦਾ ਹੈ ਕਿ ਮਨ ਵਿਕਾਰਾਂ ਦੇ ਕਬਜ਼ੇ ਵਿਚ ਹੈ। ਮਨ ਤੋਂ ਇਹ ਕਬਜ਼ਾ ਤਾਂ ਉਠਦਾ ਹੈ ਜੇ ਕੋਈ ਉਪਰਾਲਾ ਕੀਤਾ ਜਾਏ।